ੴ
ਸਤਿ ਗੁਰ ਪ੍ਰਸਾਦਿ
ਕਦੋਂ ਤੱਕ ਊਠ ਦਾ ਬੁਲ੍ਹ ਡਿਗਣ ਦੀ ਉਡੀਕ ਕਰਾਂਗੇ?
ਮੇਰਾ ਖਿਆਲ ਹੈ ਕਿ ਹੁਣ ਤੱਕ ਆਮ
ਸਿੱਖ ਸਮਝ ਚੁੱਕਾ ਹੈ ਕਿ, ਸਿੱਖੀ ਵਿੱਚ ਅਸਲ ਪੁਆੜੇ ਦੀ ਜੜ੍ਹ ਕੌਣ ਹੈ?
ਸਿੱਖੀ ਤੇ ਬ੍ਰਾਹਮਣਵਾਦ ਥੋਪਣ ਦੇ ਚਾਹਵਾਨ, ਆਰ, ਐਸ, ਐਸ, ਦੀ ਨਜਾਇਜ਼ ਔਲਾਦ, ਰਾਸ਼ਟ੍ਰੀਯ ਸਿੱਖ
ਸੰਗਤ, (ਆਰ, ਐਸ, ਐਸ,) ? ਜਦ ਕਿ ਬਾਬਾ ਨਾਨਕ ਜੀ ਨੇ ਸਿੱਖ ਨੂੰ ਹਰ ਧਰਮ, ਹਰ ਖਿੱਤੇ, ਹਰ ਨਸਲ,
ਹਰ ਲਿੰਗ ਦੇ ਵਿਤਕਰੇ ਤੋਂ ਬਚਣ ਦੀ ਤਾਕੀਦ ਕੀਤੀ ਹੈ। ਆਰ, ਐਸ, ਐਸ, ਨਾਲ ਵਿਆਹੀ, ਉਸ ਦੀ ਵਹੁਟੀ
ਅਕਾਲੀ ਪਾਰਟੀ? ਅਖੌਤੀ ਅਕਾਲੀ ਪਾਰਟੀ ਦੇ ਪ੍ਰਧਾਨ ਦੇ ਲਫਾਫਿਆਂ ਵਿਚੋਂ ਨਿਕਲੇ, ਸ਼ਰੋਮਣੀ ਕਮੇਟੀ ਦੇ
ਪ੍ਰਧਾਨ? ਆਰ, ਐਸ, ਐਸ, ਦੇ ਖਰੀਦੇ ਹੋਏ, ਅਖੌਤੀ ਤਖਤਾਂ ਦੇ ਅਖੌਤੀ ਜਥੇਦਾਰ, ਜੋ ਅਪਣੇ ਆਪ ਨੂੰ,
ਸਿੰਘ ਸਾਹਿਬ, ਸਿੰਘਾਂ ਦੇ ਮਾਲਕ ਅਖਵਾਉਂਦੇ ਹਨ? ਬਟੇਰਿਆਂ ਵਾਙ, ਅਪਣੇ ਭਰਾਵਾਂ ਨੂੰ ਜਾਲ ਵਿੱਚ
ਫਸਾਉਣ ਲਈ, ਅਪਣੇ ਮਾਲਕਾਂ ਦੀ ਬੋਲੀ ਬੋਲਦੇ ਵਿਕਰੀ ਦੇ ਮਹਾਨ ਬੁਧੀ ਜੀਵੀ? ਸੰਤਾਂ ਦੀ ਯੂਨੀਅਨ ਦੇ
ਮੈਂਬਰ, ਗੋਲ ਪੱਗੇ ਸੰਤ ਬ੍ਰਹਮਗਿਆਨੀ, ਮਹਾਂਪੁਰਸ਼? ਜਿਨ੍ਹਾਂ ਨੂੰ, ਸਿੱਖ ਹਰ ਸਾਲ ਅਰਬਾਂ ਰੁਪਏ
ਦਿੰਦੇ ਹਨ।
ਜਾਂ,
ਉਹ ਸਿੱਖ ਬੁਧੀ ਜੀਵੀ, ਉਹ ਸੰਸਥਾਵਾਂ ਜੋ ਅਪਣੇ ਦਸਾਂ ਨੌਹਾਂ ਦੀ ਕਮਾਈ ਵਿਚੋਂ ਖਰਚ ਕਰ ਕੇ,
ਸਿੱਖਾਂ ਨੂੰ, ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਅਨੁਸਾਰ ਸੋਝੀ ਦੇ ਕੇ ਜਾਗ੍ਰਤ ਕਰਨ ਦਾ
ਉਪ੍ਰਾਲਾ ਕਰਦੇ ਹਨ?
ਜਿਵੇਂ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾਇਆ ਹੈ, ਓਸੇ ਤਰ੍ਹਾਂ ਇੱਕ ਦਿਨ, ਭਰਮ ਗ੍ਰੰਥ ਰੂਪੀ ਲੱਚਰ
ਕਿਤਾਬ ਨੂੰ ਗੁਰੂ ਗ੍ਰੰਥ ਸਾਹਿਬ ਜੀ ਉਪਰ ਥੋਪ ਦਿੱਤਾ ਜਾਵੇਗਾ, ਉਸ ਮਗਰੋਂ ਸਰਬਲੋਹ ਗ੍ਰੰਥ ਤਿਆਰ
ਹੈ, ਇਵੇਂ ਹੀ ਪੰਜਾਂ ਤਖਤਾਂ ਵਾਙ ਪੰਜ ਗਰੰਥ ਸਥਾਪਤ ਕਰ ਦਿਤੇ ਜਾਣਗੇ। ਅਤੇ ਸਿੱਖ ਇਨ੍ਹਾਂ, ਸਿੱਖੀ
ਦੀਆਂ ਜੜ੍ਹਾਂ ਵਿੱਚ ਤੇਲ ਦੇਣ ਵਾਲਿਆਂ, ਸਿੱਖ ਬੱਚੀਆਂ ਦੇ ਬਲਾਤਕਾਰੀਆਂ ਨੂੰ ਅਕਾਲ ਤਖਤ ਤੋਂ ੭੦
ਹਜ਼ਾਰ ਰੁਪਏ ਲੈ ਕੇ ਬਰੀ ਕਰਨ ਵਾਲਿਆਂ, ੮੪ ਦੀਆਂ ਵਿਧਵਾਵਾਂ ਨੂੰ ਖੇਖਨ ਕਰਦੀਆਂ ਦੱਸਣ ਵਾਲਿਆਂ
ਨੂੰ, ਦਿੱਲੀ ਵਿੱਚ ਹੋਈ ਨਸਲ ਕੁਸ਼ੀ ਅਤੇ ਸਮੂਹਕ ਬਲਾਤਕਾਰਾਂ ਲਈ ਜ਼ਿਮੇਵਾਰ ਵਿਅਕਤੀਆਂ ਨੂੰ ਬਚਾਉਣ
ਲਈ ਭੁਗਤ ਭੋਗੀ ਬੱਚੀਆਂ ਨੂੰ ਗਵਾਹੀ ਤੋਂ ਮੁਕਰਾਉਣ ਲਈ, ਗੁਰਦਵਾਰਿਆਂ ਦੇ ਦਫਤਰਾਂ ਵਿੱਚ ਡਾਂਗਾਂ
ਨਾਲ ਕੁੱਟਣ ਵਾਲਿਆਂ, ਟਾਈਟਲਰ ਵਰਗੇ ਨੂੰ ਬਚਾਉਣ ਲਈ, ਵਕੀਲ ਨੂੰ ਰਿਸ਼ਵਤ ਦੇ ਕੇ, ਗਵਾਹਾਂ ਦੇ ਬਿਆਨ
ਖੁਰਦ ਬੁਰਦ ਕਰਨ ਵਾਲੇ ਅਵਤਾਰ ਸਿੰਘ ਹਿੱਤ ਵਰਗਿਆਂ, ਪੰਜਾਬ ਦੇ ਬਚਿਆਂ, ਬੱਚੀਆਂ ਦੀ ਪਨੀਰੀ ਖਤਮ
ਕਰਨ ਵਾਲੇ ਪੁਲਸੀਆਂ ਦਾ ਪੱਖ ਪੂਰਨ ਵਾਲੇ ਬਾਦਲ ਵਰਗਿਆਂ, ਟਾਈਟਲਰ ਵਰਗੇ ਦੁਸਟ ਨੂੰ ਸਰੋਪੇ ਦੇਣ
ਵਾਲੇ ਚੰਡੋਕ ਵਰਗਿਆਂ ਅੱਗੇ ਕਦ ਤੱਕ ਬੇਨਤੀਆਂ ਕਰਦੇ ਉਨ੍ਹਾਂ ਦੇ ਸੁਧਰਨ ਦਾ ਇੰਤਜ਼ਾਰ ਕਰਨਗੇ?
ਦੋ ਸਦੀਆਂ ਤੋਂ ਚਲੀ ਆ ਰਹੀ ਨਿਘਾਰ ਵਾਲੀ ਹਾਲਤ ਇਵੇਂ ਹੀ ਨਿਘਾਰ ਵੱਲ ਚਲਦੀ ਰਹੇ ਗੀ, ਇਸ ਹਾਲਤ
ਵਿੱਚ ਵੀ ਤੁਸੀਂ ਸੋਚਦੇ ਹੋ ਕਿ ਸਿੱਖ ਬੱਚੇ ਬੱਚੀਆਂ ਸਿੱਖੀ ਤੋਂ ਕਿਉਂ ਦੂਰ ਜਾ ਰਹੇ ਹਨ? ਸ਼ੁਕਰ
ਕਰੋ ਕਿ ਉਹ ਇਹ ਸਾਰਾ ਕੁੱਝ ਅਪਣੇ ਸਰੀਰ ਤੇ ਜ਼ੁਲਮ ਕਰ ਕੇ ਵੀ ਚੁੱਪ ਹਨ, ਜਿਸ ਦਿਨ ਤੁਹਾਡੀਆਂ
ਕਰਤੂਤਾਂ ਕਾਰਨ ਉਨ੍ਹਾਂ ਦਾ ਰੋਹ ਜਾਗ ਪਿਆ ਉਸ ਦਿਨ ਕੀ ਹੋਵੇਗਾ? ਇਹ ਤਾਂ ਤੁਸੀਂ ਸੁਪਨੇ ਵਿੱਚ ਵੀ
ਨਹੀਂ ਸੋਚਿਆ ਹੋਵੇ ਗਾ। ਸਮਾ ਰਹਿੰਦਿਆਂ ਸੁਚੇਤ ਹੋਵੋ, ਇਨ੍ਹਾਂ ਲਹੂ ਪੀਣੀਆਂ ਜੋਕਾਂ ਨੂੰ, ਇਨ੍ਹਾਂ
ਬੁੱਕਲ ਦੇ ਸੱਪਾਂ ਨੂੰ ਸਮੇ ਸਿਰ ਕਾਬੂ ਕਰੋ, ਤਾਂ ਜੋ ਪੰਥ ਵੀ ਦੁਨੀਆ ਵਿੱਚ ਸਿਰ ਉੱਚਾ ਕਰ ਕੇ
ਚੱਲਣ ਜੋਗਾ ਹੋ ਜਾਵੇ।
ਪਾਲ ਸਿੰਘ ਜੀ ਪੁਰੇਵਾਲ ਨੂੰ ਵਿੱਚ ਬਿਠਾਉ, ਨਾਨਕਸ਼ਾਹੀ ਕੈਲੰਡਰ ਵਿੱਚ ਬਾਬਾ ਨਾਨਕ ਦਾ ਪ੍ਰਕਾਸ਼
ਦਿਹਾੜਾ, ਬੰਦੀ ਛੋੜ ਦਿਹਾੜਾ, ਆਦਿ ਵੀ ਬ੍ਰਾਹਮਣੀ ਪ੍ਰਭਾਵ ਤੋਂ ਮੁਕਤ ਕਰ ਕੇ, ਜਿਹੜੇ ਇੱਕ ਇੱਕ
ਦਿਨ ਵਿੱਚ ਚਾਰ ਚਾਰ ਗੁਰ ਪੁਰਬ ਪੈਂਦੇ ਹਨ ਉਨ੍ਹਾਂ ਦੀਆਂ ਤਰੀਕਾਂ ਵੀ ਸਹੀ ਤ੍ਰੀਕਾਂ ਅਨੁਸਾਰ ਮਿੱਥ
ਕੇ, ਕੈਲੰਡਰ ਨੂੰ ਸਿੱਖੀ ਸਿਧਾਂਤਾਂ ਨਾਲ ਸ਼ੰਗਾਰ ਕੇ, ਲਾਗੂ ਕਰਨ ਦਾ ਉਪਰਾਲਾ ਕਰ ਲਈਏ। ਇਸ ਮਗਰੋਂ
ਸਮਾ ਵਿਚਾਰ ਕੇ, ਇਕੱਠੇ ਬੈਠ ਕੇ ਕੋਈ ਇੱਕ ਦਿਹਾੜਾ ਸ਼ਹੀਦਾਂ ਦਾ, ਇੱਕ ਦਿਹਾੜਾ ਗੁਰਤਾ ਗੱਦੀ ਦਾ,
ਇੱਕ ਦਿਹਾੜਾ ਪ੍ਰਕਾਸ਼ ਦਿਵਸ ਦਾ ਮਿੱਥ ਕੇ, ਸਿੱਖਾਂ ਦੇ ਗੁਰਦਵਾਰਿਆਂ ਵਿਚ, ਬ੍ਰਾਹਮਣਾਂ ਵਾਙ ਰੋਜ਼
ਰੋਜ਼ ਮਨਾਏ ਜਾਣ ਵਾਲੇ ਦਿਹਾੜਿਆਂ (ਜਿਨ੍ਹਾਂ ਆਸਰੇ ਪੁਜਾਰੀ ਲਾਣਾ ਸਿੱਖਾਂ ਨੂੰ ਲੁੱਟਦਾ ਹੈ) ਤੇ
ਰੋਕ ਲਾਈ ਜਾਵੇ। ਸਿੱਖਾਂ ਨੂੰ ਵੀ ਨਵੀਂ ਪੀੜ੍ਹੀ ਦੀ ਪੜ੍ਹਾਈ, ਆਰਥਿਕ ਹਾਲਤ ਸੁਧਾਰਨ ਦਾ ਮੌਕਾ
ਮਿਲੇ। ਸਾਧ ਬਹੁਤ ਪਾਲ ਲਏ ਹਨ, ਅਪਣੇ ਬੱਚਿਆਂ ਵੱਲ ਧਿਆਨ ਦੇ ਕੇ, ਉਨ੍ਹਾਂ ਨੂੰ ਨਸ਼ਿਆਂ, ਲੱਚਰਤਾ
ਤੋਂ ਬਚਾਉਣ ਦਾ ਉਪਰਾਲਾ ਰਲ ਮਿਲ ਕੇ ਕਰ ਲਈਏ।
ਮਿਲ ਜੁਲ ਕੇ ਵਿਚਾਰ ਵਟਾਂਦਰੇ ਆਸਰੇ, ਸਿੱਖੀ ਵਿੱਚ ਪਾੜਾ ਪਾਉਂਦੀਆਂ ਕੰਧਾਂ ਢਾਅ ਕੇ, ਆਪਸੀ
ਭਾਈਚਾਰੇ, ਚੰਗੇ ਸਮਾਜ ਦੀ ਸਿਰਜਣਾ ਵੱਲ ਧਿਆਨ ਕਰੀਏ।
ਸਿੱਖੀ ਦਾ ਕੇਂਦਰ ਉਹੀ ਹੈ, ਜਿੱਥੇ ਸਿੱਖ ਜੁੜ ਬੈਠ ਕੇ, ਇੱਕ ਦੂਸਰੇ ਦੇ ਭਲੇ ਦੀਆਂ ਵਿਉਂਤਾਂ
ਬਣਾਉਨ, ਉਨ੍ਹਾਂ ਨੂੰ ਲਾਗੂ ਕਰਨ। ਇਮਾਰਤਾਂ ਨੂੰ ਨਹੀਂ ਸਿਧਾਂਤਾਂ ਨੂੰ ਮੰਨਣ ਦੀ ਲੋੜ ਹੈ।
ਉਹ ਨਹੀਂ ਜਿੱਥੇ ਕਬਜ਼ਾ ਕਰ ਕੇ, ਦੋ ਚਾਰ ਹਜ਼ਾਰ, ਲੋਭੀ ਲਾਲਚੀ ਬੰਦੇ, ਸਿੱਖਾਂ ਨੂੰ ਲੁੱਟਦੇ ਹੋਏ,
ਉਨ੍ਹਾਂ ਨੂੰ ਕੁਰਾਹੇ ਪਾਉਣ ਦੀਆਂ ਗੋਂਦਾਂ ਗੁੰਦਦੇ ਹੋਣ।
ਇਵੇਂ ਹੀ ਅਕਾਲ ਤਖਤ, ਉਸ ਅਕਾਲ ਦੀ ਕਾਇਨਾਤ ਦਾ ਹਰ ਜ਼ੱਰਾ ਹੈ, ਜਿੱਥੇ ਬੈਠ ਕੇ ਅਸੀਂ ਅਕਾਲ ਦੇ
ਹੁਕਮ ਦੀ ਵਿਚਾਰ, ਕੇਵਲ ਉਸ ਨੂੰ ਹੀ ਮੰਨਣ ਦਾ ਪ੍ਰੱਣ ਕਰਾਂਗੇ, ਉਹੀ ਅਕਾਲ ਤਖਤ ਹੋ ਜਾਵੇਗਾ।
ਉਹ ਨਹੀਂ ਜਿੱਥੇ ਕਬਜ਼ਾ ਕਰ ਕੇ, ਹਉਮੈ ਵਿੱਚ ਗ੍ਰੱਸੇ, ਦੁਸ਼ਮਣਾਂ ਹੱਥ ਵਿਕੇ ਲੋਕ, ਅਸਲੀ ਸਿੱਖਾਂ
ਨੂੰ ਹੀ ਪੰਥ ਵਿਚੋਂ ਛੇਕਣ ਦੇ ਕੁਕਰਮ ਕਰਦੇ ਹੋਣ।
ਫਿਲਹਾਲ ਭੁੱਲ ਜਾਵੋ ਇਨ੍ਹਾਂ ਥਾਵਾਂ ਨੂੰ, ਇਨ੍ਹਾਂ ਨੂੰ ਆਜ਼ਾਦ ਕਰਵਾਉਣ ਦੇ ਚੱਕਰ ਵਿਚ, ਅਪਣਾ ਸਮਾ,
ਅਪਣਾ ਪੈਸਾ ਬਰਬਾਦ ਕਰਦੇ ਹੋਏ, ਪੰਥ ਨੂੰ ਖਾਨਾ ਜੰਗੀ ਵੱਲ ਨਾ ਲਿਜਾਉ। ਇਹ ਸਾਰਾ ਉਪ੍ਰਾਲਾ ਏਸੇ ਲਈ
ਕੀਤਾ ਜਾ ਰਿਹਾ ਹੈ, ੨੫ ਸਾਲ ਇੰਸਾਫ ਦੀ ਉਮੀਦ ਵਿੱਚ ਜੋ ਬੱਚੇ ਜਵਾਨ ਹੋਏ ਹਨ, ਜੋ ਗੁਰੂ ਗ੍ਰੰਥ
ਸਾਹਿਬ ਜੀ ਦੀ ਸਿੱਖਿਆ ਅਨੁਸਾਰ ਸੋਝੀ ਹਾਸਲ ਕਰਦੇ, ਅਣਖ ਨਾਲ ਜ਼ਿੰਦਗੀ ਜੀਉਣ ਬਾਰੇ, ਕਰਮ ਕਾਂਡਾਂ
ਤੋਂ ਬਚਦੇ, ਪੁਜਾਰੀਆਂ ਦੀ ਲੁੱਟ ਤੋਂ ਬਚਣ ਦੇ ਚਾਹਵਾਨ, ਨਸ਼ਿਆਂ ਨੂੰ, ਲੱਚਰਤਾ ਨੂੰ ਸਿੱਖੀ ਲਈ
ਮਾਰੂ ਸਮਝਣ ਵਾਲਿਆਂ ਨੂੰ ਚੁਣ ਲਿਆ ਜਾਵੇ।
ਯਾਦ ਰੱਖੋ ਸਾਡਾ ਇੱਕ ਇੱਕ ਗੁਰਸਿੱਖ ਬੱਚਾ, ਬੱਚੀ, ਦੂਸਰਿਆਂ ਦੇ ਲੱਖਾਂ ਨਾਲੋਂ ਵੀ ਜ਼ਿਆਦਾ ਕੀਮਤੀ
ਹੈ, ਅਜਿਹੀ ਹਾਲਤ ਵਿੱਚ ਅਸੀਂ ਅਪਣਾ ਇੱਕ ਬੱਚਾ ਬੱਚੀ ਵੀ ਅਜਾਈਂ ਮਰਵਾਉਣ ਦੀ ਹਾਲਤ ਵਿੱਚ ਨਹੀਂ
ਹਾਂ। ਜੋ ਮਾਹੌਲ ਪੰਜਾਬ ਵਿੱਚ ਸਿਰਜਿਆ ਜਾ ਰਿਹਾ ਹੈ, ਹਰ ਪਲ ਬੇਇੰਸਾਫੀ, ੨੫ ਸਾਲ ਤੋਂ ਜ਼ਿਆਦਾ
ਪਹਿਲਾਂ ਹੋਏ ਕਤਲੇਆਮ, ਨਸਲ ਕੁਸ਼ੀ ਬਦਲੇ ਇੱਕ ਬੰਦੇ ਨੂੰ ਵੀ ਸਜ਼ਾ ਨਾ ਹੋਣ ਤੇ ਵੀ, ਘੁੱਟ ਲਾ ਕੇ
ਬੜ੍ਹਕਾਂ ਮਾਰਦੇ ਬੱਚਿਆਂ ਨੂੰ ਸੁਚੱਜੀ ਸੇਧ ਦੇ ਕੇ, ਪੜ੍ਹਾਈ, ਕਿਰਤ, ਖੇਡਾਂ, ਗੁਰਬਾਣੀ ਨਾਲ ਜੋੜ
ਕੇ, ਚੰਗੇ ਜੀਵਨ ਵੱਲ ਮੋੜੀਏ।
ਇਸ ਲਈ ਸਾਨੂੰ ਸਾਰਿਆਂ ਨੂੰ ਰਲ ਕੇ, ਦੁਨੀਆ ਦੇ ਪੱਧਰ ਤੇ, ਲੰਮੀ ਸੋਚ ਨਾਲ ਵਿਉਂਤ ਬਨਾਉਣ ਦੀ ਲੋੜ
ਹੈ। ਆਉ ਅੱਜ ਹੀ ਇਹ ਕੰਮ ਸ਼ੁਰੂ ਕਰੀਏ, ਪਹਿਲਾਂ ਹੀ ਬਹੁਤ ਪੱਛੜ ਚੁੱਕੇ ਹਾਂ। ਇਹ ਊਠ ਦਾ ਬੁੱਲ੍ਹ
ਕਦੇ ਨਹੀਂ ਡਿਗਣਾ। ਇਹ ਵਿਕਰੀ ਦਾ ਮਾਲ ਕਦੇ ਨਹੀਂ ਸੁਧਰਨਾ, ਉਨ੍ਹਾਂ ਦੀਆ ਮਿੰਨਤਾਂ ਕਰਨ ਨਾਲੋਂ
ਅਪਣੇ ਵਿੱਚ ਸਵੈਮਾਨ ਪੈਦਾ ਕਰੋ।
ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ॥ ੨੦॥ (੪੭੪)
ਕਿਸੇ ਇੱਕ ਲੀਡਰ ਦੀ ਝਾਕ ਛੱਡ ਕੇ, ਗੁਰੂ ਸਾਹਿਬ ਵਲੋਂ ਬਖਸ਼ਿਆ ਸਮੂਹਕ ਲੀਡਰਸ਼ਿਪ ਦਾ
ਸਿਧਾਂਤ ਅਪਨਾਈਏ।
ਗੁਰੂ ਭਲੀ ਕਰੇਗਾ।
ਅਮਰ ਜੀਤ ਸਿੰਘ ਚੰਦੀ
ਫੋਨ: 9756264621.