| . |
|
ਇਕਾ ਬਾਣੀ ਇਕੁ ਗੁਰੁ ਇਕੋ ਸ਼ਬਦੁ ਵੀਚਾਰਿ॥
ਅਮੂੰਮਨ ਮੈਂ ਗੁਰਦੁਆਰੇ ਨਾਲ ਸਬੰਧਤ ਸਿੱਖ ਵੀਰਾਂ ਦੀ ਇੱਕਤ੍ਰਤਾ ਵਿੱਚ ਭਾਗ
ਲੈਣ ਤੋਂ ਗੁਰੇਜ਼ ਹੀ ਕਰਦਾ ਹਾਂ ਕਿਉਂ ਕਿ ਇਹਨਾਂ ਵਿੱਚ ਮਿਥੇ ਹੋਏ ਏਜੰਡੇ ਨੂੰ ਛੱਡ ਕੇ ਰਾਮਰੌਲ੍ਹਾ
ਜ਼ਿਆਦਾ ਪੈਂਦਾ ਹੈ। ਖੈਰ ਪਿਛਲੇ ਦਿਨੀਂ ਇੱਕ ਅਜ਼ੀਜ਼ ਗੁਰਸਿੱਖ ਦੇ ਕਹਿਣ ਤੇ ਮੈਂਨੂੰ ਉਹਨਾਂ ਨਾਲ ਜਾਣ
ਦਾ ਮੌਕਾ ਮਿਲਿਆ। ਇਸ ਮਿਲਣੀ ਵਿੱਚ ਜੋ ਹੋਇਆ ਸੋ ਹੋਇਆ ਪਰ ਇਸ ਤੋਂ ਬਾਅਦ ਇੱਕ ਐਸਾ ਲਫਜ਼ੀ ਬਾਣ
ਸੁਣਨ ਦਾ ਤਲਖ਼ ਤਜ਼ਰਬਾ ਹੋਇਆ ਜਿਸ ਨਾਲ ਕਈ ਦਿਨਾਂ ਤਿੱਕਰ ਉੱਪਰਾਮਤਾ ਬਣੀ ਰਹੀ। ਇਸ ਵਿੱਚੋਂ ਅਜੇ
ਮੈਂ ਨਿਕਲਿਆ ਭੀ ਨਹੀਂ ਸਾਂ ਕਿ ਮੇਰੇ ਅਜ਼ੀਜ਼ ਵੀਰ, ਜੋ ਆਪਣੀ ਦਾਅੜੀ ਸੁਆਰ ਕੇ ਬੰਨ੍ਹਦੇ ਹਨ, ਵਲੋਂ
ਫਾਰਵਰਡ ਕੀਤੀ ਹੋਈ ਈ-ਮੇਲ ਆਈ ਜਿਸ ਵਿੱਚ ਫਿਰ ਓਹੀ ਲਫਜ਼ – ਤੁੰਨੀ ਮੁੰਨੀ ਇੱਕ ਬਰਾਬਰ- ਲਿਖਿਆ
ਹੋਇਆ ਪੜ੍ਹਿਆ, ਜਿਸਨੇ ਇਸ ਜ਼ਹਿਰੀ ਬਾਣ ਦੀ ਅਸਲੀਅਤ ਜਾਣਨ ਲਈ ਸੋਚਣ ਦੇ ਘੋੜੇ ਦੜ੍ਹੌਨ ਲਗਾ ਦਿੱਤਾ।
ਦਰਅਸਲ ਇਹ ਲਫਜ਼ ਕਹਿਣ ਅਤੇ ਲਿਖਣ ਵਾਲਾ ਵੀਰ ਆਪ ਪਹਿਲਾਂ ਕਲੀਨਸ਼ੇਵ ਹੋਇਆ ਕਰਦਾ ਸੀ ਅਤੇ ਜਿਸ ਦਾ
ਪਿਛਲਾ ਜੀਵਨ ਧੁੰਦਲਾ ਹੀ ਕਿਹਾ ਜਾ ਸਕਦਾ ਹੈ। ਜਿਸਨੂੰ ਮੈਂ ਬਹੁਤ ਅਰਸੇ ਬਾਅਦ ਇਸ ਮਿਲਣੀ ਵਿੱਚ
ਖੁੱਲ੍ਹੀ ਦਾਅ੍ਹੜੀ ਨਾਲ ਵੇਖਿਆ ਸੀ। ਗੁਰਬਾਣੀ ਵਿੱਚੋਂ ਇਸ ਬਾਰੇ ਸੇਧ ਲੈਣ ਦੀ ਕੋਸ਼ਿਸ਼ ਕੀਤੀ ਪਰ
ਇਹਨਾਂ ਦੋ ਲਫਜ਼ਾਂ ਤੋਂ ਬਗੈਰ ਕੁੱਝ ਹੱਥ ਪਲੇ ਨਾਂਹ ਪਿਆ - ਸਾਬਤ
ਸੂਰਤਿ (ਪੰਨਾ ੧੦੮੪)। ਇਸ ਦੇ ਅੱਖਰੀ ਅਰਥ ਵੀ
ਲਈਏ ਤਾਂ ਵੀ ਕੁੱਝ ਸਮਝ ਨਹੀਂ ਲਗਦਾ ਜਿਸ ਨਾਲ ਦਾਅ੍ਹੜੀ ਸੁਆਰ ਕੇ ਬੰਨ੍ਹਣ ਦੀ ਮਨਾਹੀ ਹੋਵੇ। ਵੈਸੇ
ਅਸੀਂ ਸਿਰ ਦੇ ਕੇਸ ਵੀ ਤਾਂ ਸੁਆਰ ਕੇ ਹੀ ਬੰਨ੍ਹਦੇ ਹਾਂ ਅਗਰ ਇਸ ਵਿੱਚ ਕੋਈ ਖੁਨਾਮੀ ਨਹੀਂ ਤਾਂ
ਦਾਅ੍ਹੜੀ ਬੰਨ੍ਹਣ ਲਈ ਏਨੇ ਹਕਾਰਤ ਭਰੇ ਲਫਜ਼ ਕਿਉਂ? ਗੁਰਬਾਣੀ ਤਾਂ ਸਾਨੂੰ ਮਿੱਠਾ ਬੋਲਣ ਦੀ
ਪ੍ਰੇਰਨਾਂ ਕਰਦੀ ਹੈ ਪਰਮੇਸ਼ਰ ਤਾਂ ਆਪ ਮਿਠ ਬੋਲੜਾ ਹੈ ਹਾਲਾਂ ਕਿ ਉਹ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ
ਅਤੇ ਉਸਨੂੰ ਕਿਸੇ ਦਾ ਡਰਦਾ ਨਹੀਂ –
ਕਾਉੜਾ ਬੋਲਿ ਨ ਜਾਨੇ
(ਪੰਨਾ ੭੮੪)। ਇਸ ਵਾਸਤੇ ਸਾਨੂੰ ਸਿੱਖ ਦੇ ਪਹਿਰਾਵੇ, ਦਾਅ੍ਹੜੀ ਦੇ ਬ੍ਹੰਨੇ ਜਾਂ ਪ੍ਰਕਾਸ਼ ਹੋਣਾ,
ਬਾਣੀ ਦੇ ਕਿੰਨੇ ਪਾਠ ਕਰਨ ਜਾਂ ਪੈਸੇ ਦੇ ਕੇ ਕਰਵਾਉਣ ਵਾਲਾ ਪੈਮਾਨਾ (ਕਿਸੇ ਸਿੱਖ ਦੇ ਚੰਗਾ ਜਾਂ
ਮਾੜਾ ਹੋਣ ਦਾ) ਮਿਥਣਾ ਠੀਕ ਨਹੀਂ। ਹਾਂ ਇਹ ਦੇਖੋ ਕਿ ਉਹ ਗੁਰਬਾਣੀ ਦੇ ਦਰਸਾਏ ਹੋਏ ਮਾਰਗ ਉੱਪਰ
ਅਮਲੀ ਜੀਵਨ ਵਿੱਚ ਕਿੰਨਾ ਕੁ ਨਿਪੁੰਨ ਹੈ ਕਿਉਂ ਕਿ ਜੋ ਗੁਰਬਾਣੀ ਨੂੰ ਸਮਝਣ ਦੀ ਸਮਰੱਥਾ ਰੱਖਦਾ ਹੈ
ਉਹ ਕੁਦਰਤੀ ਗੁਰਬਾਣੀ ਨਾਲ ਜ਼ਰੂਰ ਜੁੜਿਆ ਹੋਇਆ ਹੋਵੇਗਾ ਭਾਵ ਗੁਰਬਾਣੀ ਨੂੰ ਪੜ੍ਹਦਾ ਅਤੇ ਵੀਚਾਰਦਾ
ਹੋਵੇਗਾ।
ਮੇਰਾ ਆਪਣਾ ਵਿਚਾਰ ਇਹ ਹੈ ਕਿ ਅਸੀਂ ਗੁਰਬਾਣੀ ਦੀ ਸਿਰਲੇਖ ਵਾਲੀ ਸਤਰ ਦੇ
ਅਰਥ ਸਮਝਣ ਵਿੱਚ ਨਾਕਾਮ ਰਹੇ ਹਾਂ ਜਿਸ ਕਾਰਨ ਅਸੀਂ ਛੋਟੀ ਜਿੰਨੀ ਗਲ ਲਈ ਭੀ ਭੰਬਲ ਭੂਸਿਆਂ ਦਾ
ਜ਼ਹਿਰ ਭਰਿਆ ਤਾਣਾਬਾਣਾ ਆਪਣੇ ਇਰਦ-ਗਿਰਦ ਬੁਣ ਲੈਂਦੇ ਹਾਂ ਜੋ ਸਾਨੂੰ ਅਕਸਰ ਡੰਗਦਾ ਰਹਿੰਦਾ ਹੈ। ਇਸ
ਵਾਸਤੇ ਹਰ ਗੁਰਸਿੱਖ ਵੀਰ ਨੂੰ ਬੇਨਤੀ ਹੈ ਕਿ ਆਪਣਾ ਹਰ ਤਰਾਂ ਦਾ ਸ਼ੱਕ ਦੂਰ ਕਰਨ ਲਈ ਗੁਰਬਾਣੀ ਤੋਂ
ਸੇਧ ਲੈਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੇ ਮੁਸ਼ਕਲ ਆਵੇ ਤਾਂ ਗੁਰੂ ਗ੍ਰੰਥ ਦਰਪਣ ਦੀ ਵਰਤੋਂ ਕਰ
ਲੈਣੀ ਚਾਹੀਦੀ ਹੈ ਜ਼ਰੂਰ ਕਿਸੇ ਚਾਹਤ ਨਤੀਜੇ ਤੇ ਪਹੁੰਚ ਸਕੋਗੇ।
ਗੁਰਬਾਣੀ ਦੇ ਏਕੇ ਵਾਲੇ ਸਿਧਾਂਤ ਨੂੰ ਅਸੀਂ ਅਕਸਰ ਅੱਖੋਂ ਪਰੋਖੇ ਕਰ ਦਿੰਦੇ
ਹਾਂ ਇਸੇ ਕਾਰਨ ਅਸੀਂ:
੧) ਇੱਕ
ਗੁਰੂ-ਜੋਤ (ਬਾਣੀ ਰੂਪੀ ਸਿਰਫ ਸ਼ਬਦ ਗੁਰੂ –ਬਾਣੀ
ਗੁਰੂ ਗੁਰੂ ਹੈ ਬਾਣੀ - ਪੰਨਾ ੯੮੨ -
ਜੋ ਹਮੇਸ਼ਾਂ ਵਾਸਤੇ ਗੁਰੂ ਗ੍ਰੰਥ ਸਹਿਬ ਵਿੱਚ ਮੌਜੂਦ ਹੈ) ਨੂੰ ਸਮਝਣ ਵਿੱਚ ਅਸੀਂ ਸਿੱਖ
ਕੁਤਾਹੀ ਕਰ ਰਹੇ ਹਾਂ। ਇਸੇ ਕਰਕੇ ਅਸੀਂ ਦਸ ਗੁਰੂ ਜੀ ਦੇ ਸਰੀਰਾਂ ਨੂੰ ਜ਼ਿਆਦਾ ਮਹੱਤਵ ਦੇ
ਰਹੇ ਹਾਂ ਜੋ ਨਾਸ਼ਵਾਨ ਹੋਣ ਕਾਰਨ ਅਹਿਮ ਨਹੀਂ ਹੈ ਕਿਉਂ ਕਿ ਸਾਰੇ ਗੁਰੂਆਂ ਵਿੱਚ ਇੱਕੋ
ਨਾਨਕ ਜੋਤ ਭਾਵ ਇੱਕੋ ਸੋਚ ਵਿਚਰ ਰਹੀ ਸੀ। ਇਸ ਲਈ ਗੁਰੂ ਨਾਨਕ ਜੀ ਤੋਂ ਸਿਵਾ ਹੋਰ ਕਿਸੇ
ਗੁਰੂ ਜੋਤ ਦਾ ਜਨਮ ਦਿਨ ਮਨਾਉਣਾ ਵਾਜਿਬ ਨਹੀਂ ਕਿਉਂ ਕਿ ਗੁਰੂ ਨਾਨਕ ਜੀ ਤੋਂ ਇਲਾਵਾ ਕੋਈ
ਵੀ ਪਦਾਇਸ਼ੀ ਗੁਰੂ ਨਹੀਂ ਹੋਇਆ। ਹਾਂ ਹਰ ਗੁਰੂ ਸਹਿਬਾਂਨ ਦਾ ਗੁਰਗੱਦੀ ਦਿਵਸ ਮਨਾਉਣਾ
ਜ਼ਰੂਰ ਸੋਭਦਾ ਹੈ ਜਿਸ ਤੋਂ ਅਸੀਂ ਹਰ ਹਾਲਤ ਵਿੱਚ ਸਿੱਖਿਆ ਹਾਸਿਲ ਕਰਕੇ ਆਪਣੇ ਅਮਲੀ ਜੀਵਨ
ਵਿੱਚ ਢਾਲਣੀ ਹੈ।
੨) ਇੱਕੋ ਗੁਰੂ,
ਗੁਰੂ ਗ੍ਰੰਥ ਸਹਿਬ ਜੀ, ਨੂੰ ਛਡ ਕੇ ਅਸੀਂ ਸਾਕਤੀ ਲਿਖਤ ਅਖੌਤੀ ਦਸਮ ਗ੍ਰੰਥ ਦੇ ਲੜ ਲਗ
ਕੇ ਪੰਥ ਵਿਰੋਧੀਆਂ ਦੇ ਹੱਥਾਂ ਵਿੱਚ ਖੇਡਦੇ ਹੋਏ ਗੁਰਸਿੱਖਾਂ ਨੂੰ ਹੀ ਗੁਰਸਿੱਖੀ ਤੋਂ
ਪਰ੍ਹੇ ਧੱਕ, ਆਪਸ ਵਿੱਚ ਵੰਡੀਆਂ ਪਾ ਕੇ ਪੰਥਕ ਸ਼ਕਤੀ ਨਸ਼ਟ ਕਰਨ ਦਾ ਮਨਮੁਖੀਆਂ ਵਾਲਾ ਕਾਰਾ
ਕਰ ਰਹੇ ਹਾਂ - ਸਾਕਤ ਸਚੁ ਨ ਭਾਵਈ ਕੂੜੈ ਕੂੜੀ ਪਾਇ॥
(ਪੰਨਾ-੨੨)। ਜੋ ਗੁਰੂ ਗ੍ਰੰਥ ਸਹਿਬ ਜੀ ਨੂੰ ਗੁਰੂ ਨਾਨਕ ਜੀ ਦੀ ਦਸਵੀਂ ਜੋਤ ਵਲੋਂ
ਗੁਰਿਆਈ ਦੇਣ ਉਪ੍ਰੰਤ ਸਾਕਤ ਮਤੀ ਲਿਖਾਰੀਆਂ ਵਲੋਂ ਕੋਈ ਪੈਂਤੀ ਸਾਲ ਬਾਅਦ ਲਿਖਿਆ ਗਿਆ
ਅਤੇ ਸਾਨੂੰ ਗੁਰਬਾਣੀ ਤੋਂ ਤੋੜਨ ਦਾ ਹੁਣ ਕਾਰਨ ਬਣਾਇਆ ਜਾ ਰਿਹਾ ਹੈ।
੩) ਗੁਰਮਤਿ
ਰਹਿਤ ਮਰਿਯਾਦਾ ਤੋਂ ਵੱਖਰੀ ਭਾਂਤ ਭਾਂਤ, ਜ਼ਿਆਦਾਤਰ ਨਿਰਮਲੇ ਪ੍ਰਭਾਵ ਵਾਲੇ, ਸਿੱਖਾਂ ਦੇ
ਆਖੇ ਲਗ ਕੇ ਵੱਖਰੀ ਸਿੱਖ ਰਹਿਤ ਮਰਿਯਾਦਾ (ਗੁਰਮਤਿ ਮਰਿਯਾਦਾ ਨਹੀਂ) ਬਣਾ ਲਈ ਹੋਈ ਹੈ।
ਦਰਅਸਲ ਇਸ ਦੀ ਬਣਤਰ ਵੇਲੇ ਜ਼ਿੰਮੇਵਾਰ ਮੁਖੀ-ਸਿੱਖਾਂ ਵਲੋਂ ਅਗਰ ਸਿਰਫ
ਇਕਾ ਬਾਣੀ ਇਕੁ ਗੁਰੁ
ਦੇ ਸਿਧਾਂਤ ਨੂੰ ਮੁੱਖ ਰਖਦੇ ਹੋਏ ਗੁਰੂ ਗ੍ਰੰਥ ਸਹਿਬ ਜੀ ਤੋਂ ਹੀ ਅਗਵਾਈ ਲਈ ਜਾਂਦੀ,
ਭਾਵ ਗੁਰਬਾਣੀ ਨੂੰ ਹੀ ਆਧਾਰ ਬਣਾਇਆ ਜਾਂਦਾ, ਨਾਂਹ ਕਿ ਹੋਰ ਲਿਖਤਾਂ ਨੂੰ ਤਾਂ ਮੌਜੂਦਾ
ਹਾਲਾਤ ਪੈਦਾ ਹੋਣੇ ਹੀ ਨਹੀਂ ਸਨ। ਇਸ ਅਵੱਗਿਆ ਕਾਰਨ ਹੀ ਕਈ ਤਰਾਂ ਦੀ ਦੁਬਿਧਾ ਅਤੇ
ਭੰਬਲਭੂਸੇ ਦੀ ਗ਼ਹਿਰੀ ਧੁੰਦ ਵਿੱਚ ਪੂਰੀ ਸਿੱਖ ਕੌਮ ਫਸੀ ਪਈ ਹੈ।
੪) ਗੁਰੂ ਜੀ ਵਲੋਂ ਬਣਾਏ ਹੋਏ ਇੱਕੋ ਇੱਕ ਤਖ਼ਤ ਤੋਂ ਇਲਾਵਾ ਹਉਮੈ
ਵਸ ਅਣਭੋਲ ਸਿੱਖਾਂ ਵਲੋਂ ਹੋਰ ਫਰਜ਼ੀ ਤਖ਼ਤ ਬਣਾ ਕੇ ਅਨੇਕਾਂ ਬਖ਼ਰੇਵੇਂ ਸਹੇੜ ਲਏ ਗਏ ਹਨ,
ਇਸ ਕਰਕੇ ਸਿੱਖਾਂ ਨੂੰ ਇਸ ਗ਼ਲਤੀ ਨੂੰ ਸੁਧਾਰਨਾਂ ਚਾਹੀਦਾ ਹੈ ਉਹ ਭੀ ਜਿੰਨੀ ਜਲਦੀ ਹੋ
ਸਕੇ। ਯਾਦ ਰਹੇ ਕਿ ਗੁਰੂ ਨਾਨਕ ਸਹਿਬ ਦੀ ਛੇਵੀਂ ਜੋਤ ਗੁਰੂ ਹਰਗੋਬਿੰਦ ਜੀ ਨੇ ਸਿਰਫ
ਦਰਬਾਰ ਸਹਿਬ ਦੇ ਸਨਮੁੱਖ ਸਿਰਫ ਥੜਾ ਸਹਿਬ ਬਣਾਇਆ ਸੀ ਜਿਸ ਉੱਪਰ ਬੈਠ ਕੇ ਗੁਰੂ ਜੀ
ਸਿੱਖਾਂ ਨੂੰ ਸੰਬੋਧਨ ਹੁੰਦੇ, ਰੁਹਾਨੀਅਤ ਤੇ ਦੁਨੀਆਂਚਾਰੀ ਤੋਂ ਵਾਕਿਫ ਕਰਾਉਂਦੇ ਅਤੇ
ਸਿੱਖਾਂ ਦੇ ਫੈਸਲੇ ਕਰਦੇ ਸਨ। ਬਾਅਦ ਵਿੱਚ ਇਸ ਨੂੰ ਅਕਾਲ ਬੂੰਗਾ ਆਖਿਆ ਜਾਣ ਲੱਗਿਆ। ਸਾਲ
ਵਿੱਚ ਦੋ ਵਾਰੀ ਸਿੱਖ ਇਥੇ, ਕਈ ਤਰਾਂ ਦੇ ਵਖ਼ਰੇਵਿਆਂ ਦੇ ਬਾਵਜ਼ੂਦ, ਇੱਕਠੇ ਸਿਰ ਜੋੜ ਕੇ
ਬੈਠਦੇ, ਕੌਮੀ ਮਸਲੇ ਵਿਚਾਰਦੇ ਅਤੇ ਭਵਿੱਖ ਬਾਰੇ ਫੈਸਲੇ ਕਰਦੇ ਸਨ। ਇਸਦਾ ਕੋਈ ਜਥੇਦਾਰ
ਨਹੀਂ ਸੀ ਹੁੰਦਾ ਸੇਵਾਦਾਰ ਜ਼ਰੂਰ ਹੁੰਦੇ ਸਨ ਸੰਭਾਲ ਵਾਸਤੇ। ਇਸੇ ਅਕਾਲ ਬੁੰਗੇ ਨੂੰ ਅੱਜ
ਕਲ ਅਕਾਲ ਤਖ਼ਤ ਸਹਿਬ ਵਜੋਂ ਜਾਣਿਆਂ ਜਾਂਦਾ ਹੈ।
੫) ਗੁਰੂ ਨਾਨਕ ਬਾਬੇ ਨੇ ਤਾਂ ਸਾਨੂੰ ਧਰਮਸਾਲ ਦਾ ਫਲਸਫਾ ਦਿੱਤਾ
ਸੀ ਜਿਸ ਵਿੱਚ ਧਰਮ ਦੀ ਅਸਲ ਸਿੱਖਿਆ: ਕਿਰਤ ਵਿਰਤ ਕਰਦਿਆਂ ਵੰਡ ਕੇ ਛਕਦਿਆਂ ਅਤੇ ਪਰਮੇਸ਼ਰ
ਦੀ ਯਾਦ ਨਾਲ ਸੁਆਸ ਸੁਆਸ ਜੁੜ ਕੇ ਰਹਿੰਦਿਆਂ ਜੀਵਨ ਜਿਊਣ ਦੀ ਸੇਧ ਦਿੱਤੀ ਸੀ। ਪਰ ਅਸੀਂ
ਇਸਨੂੰ ਗੁਰਦੁਆਰਿਆਂ ਦਾ ਨਾਮ ਦੇ ਕੇ, ਗ੍ਰੰਥੀਆਂ ਦੀ ਪ੍ਰਥਾ ਚਲਾ ਕੇ ਭਰਿਸ਼ਟ ਸੰਸਥਾ ਦਾ
ਰੂਪ ਸਨਾਤਨੀ-ਮੰਦਰ ਦੀ ਤਰਜ਼ ਉੱਪਰ ਦੇ ਦਿੱਤਾ ਹੈ। ਇਸ ਸਿਸਟਮ ਨੇ ਅੱਗੋਂ ਪੁਜਾਰੀਵਾਦ ਦੀ
ਐਸੀ ਹਰਾਮੀਂ ਔਲਾਦ ਪੈਦਾ ਕੀਤੀ ਹੈ ਜੋ ਅਨੇਕਾਂ ਡੇਰੇ, ਟਕਸਾਲਾਂ, ਜਥੇ, ਠਾਠ ਵਗੈਰਾ ਬਣਾ
ਕੇ ਭੋਲੇ-ਭਾਲੇ ਸਿੱਖਾਂ ਨੂੰ ਠਗ ਰਹੇ ਹਨ ਅਤੇ ਗੁਰੂ ਨਾਨਕ ਦੇ ਸੱਚੇ-ਸੁੱਚੇ ਕਿਰਤੀ
ਸਿਧਾਂਤ ਨੂੰ ਪ੍ਰਦੂਸ਼ਿਤ ਕਰ ਰਹੇ ਹਨ। ਇਹਨਾਂ ਵਿੱਚ ਤਰਾਂ ਤਰਾਂ ਦੇ ਐਸੇ ਕਰਮਕਾਂਡ ਅਤੇ
ਕੁਕਰਮ ਹੋ ਰਹੇ ਹਨ ਜਿਹਨਾਂ ਵਿੱਚੋਂ ਗੁਰੂ ਜੋਤ ਨੇ ਸਾਨੂੰ ੨੩੯ ਸਾਲ ਦੇ ਲੰਬੇ ਸਮੇਂ ਦੀ
ਘਾਲਣਾ ਘਾਲ ਕੇ ਨਿਜਾਤ ਦੁਆਈ ਸੀ। ਗੁਰਬਾਣੀ ਵਿੱਚ ਕਿਤੇ ਵੀ ਪਹਿਰਾਵੇ ਬਾਰੇ ਨਹੀਂ ਲਿਖਿਆ
ਹੋਇਆ ਕਿ ਐਸਾ ਹੋਣਾ ਚਾਹੀਦਾ ਹੈ ਪਰ ਇਹ ਡੇਰੇਦਾਰ ਜਾਂ ਟੋਲੇ ਆਪਣੇ ਆਪ ਨੂੰ ਗੁਰੂ ਜੀ
ਤੋਂ ਸ਼ਾਇਦ ਜ਼ਿਆਦਾ ਸਿਆਣੇ ਦਰਸਾਉਣ ਲਈ ਸਿੱਖਾਂ ਉੱਤੇ ਪਹਿਰਾਵੇ ਦਾ ਆਪਣਾ ਕੋਡ ਲਾਗੂ ਕਰ
ਰਹੇ ਹਨ। ਕਈ ਬੇਅਣਖੇ ਤੇ ਅਣਭੋਲ ਸਿੱਖ ਵੀਰ ਆਪਣੇ ਆਪ ਨੂੰ ਗੁਰੂ ਗ੍ਰੰਥ ਸਹਿਬ ਜੀ ਦੇ
ਸਿੱਖ ਅਖਵਾਉਣ ਨਾਲੋਂ ਇਹਨਾਂ ਫਰੇਬੀ ਤੇ ਲੁਟੇਰੇ ਦੇਹਧਾਰੀਆਂ ਦੇ ਸਿੱਖ ਅਖਵਾਉਣ ਨੂੰ
ਤਰਜੀਅ ਦੇ ਰਹੇ ਹਨ।
ਮਨਮੁਖ ਦੂਜੈ ਭਾਇ ਲਗਿ
ਭੰਭਲਭੂਸੇ ਖਾਇ ਭਵੰਦੇ। - (ਭਾ.
ਗੁਰਦਾਸ)। ਐਸੇ ਲੋਕਾਂ ਵਿੱਚ ਨਿਘਾਰ ਏਥੋਂ ਤੱਕ ਆ ਪਹੁੰਚਿਆ ਹੈ ਕਿ ਕਈ ਆਪਣੀਆਂ ਧੀਆਂ,
ਭੈਣਾਂ ਤੇ ਵਹੁਟੀਆਂ ਇਹਨਾਂ ਡੇਰਿਆਂ ਤੇ ਚੜ੍ਹਾ ਰਹੇ ਹਨ। ਕਈ ਡੇਰਿਆਂ ਵਿੱਚ ਖੰਡੇ ਬਾਟੇ
ਦੀ ਪਹੁਲ ਛਕਾਉਣ ਦੇ ਵੀ ਵਖਰੇ ਵਖਰੇ ਢੰਗ ਅਪਣਾਏ ਜਾ ਰਹੇ ਹਨ ਤਾਂ ਕਿ ਇਸ ਨੂੰ ਨਾਜ਼ਾਰਦ
ਕੀਤਾ ਜਾ ਸਕੇ। ਮਨਮੁਖ ਹੋਇ ਬੰਦੇ ਦਾ ਬੰਦਾ - (ਭਾ.
ਗੁਰਦਾਸ) ਦਾ ਹੀ ਇਹਨਾਂ ਡੇਰਿਆਂ ਵਿੱਚ ਬੋਲਬਾਲਾ ਹੈ।
੬) ਧਾਰਮਿਕ ਪੱਖੋਂ ਔਰਤਾਂ ਨਾਲ ਵਿਤਕਰਾ ਤਾਂ ਸਿੱਖੀ ਦੇ ਕੇਂਦਰੀ
ਅਸਥਾਨ ਉੱਪਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਉਹਨਾਂ ਦੇ ਤਨਖਾਹਦਾਰ ਪੁਜਾਰੀਆਂ
ਵਲੋਂ ਸ਼ਰੇ ਆਮ ਕੀਤਾ ਜਾ ਰਿਹਾ ਹੈ ਜਿਸ ਬਾਰੇ ਗੁਰੂ ਜੀ ਦਾ ਕੀ ਸੁਨੇਹਾ ਹੈ ਅਤੇ ਉਹ ਖੁਦ
ਕਿਵੇਂ ਪੈਦਾ ਹੋਏ ਹਨ ਉਹਨਾਂ ਦੀ ਜਾਣੇ ਬਲਾਅ।
ਭੰਡਿ ਜੰਮੀਐ ਭੰਡਿ
ਨਿੰਮੀਐ ਭੰਡਿ ਮੰਗਣੁ ਵਿਆਹੁ॥ (ਪੰਨਾ-੪੭੩)
ਗੁਰਬਾਣੀ ਸਿਰਫ ਇੱਕ ਪਰਮੇਸ਼ਰ ਦੀ ਕੀਰਤੀ ਕਰਨ ਦੀ ਪ੍ਰੇਰਨਾ ਕਰਦੀ ਹੈ।
ਸਾਨੂੰ ਆਪਣੇ ਅੰਦਰ ਝਾਤੀ ਮਾਰਨੀ ਪਵੇਗੀ, ਤਾਂ ਕਿ ਸਾਨੂੰ ਪਤਾ ਲਗ ਸਕੇ ਕਿ ਅਸੀਂ ਕਿਉਂ ਖੁਆਰ ਹੋ
ਰਹੇ ਹਾਂ? ਗੁਰਬਾਣੀ ਫੁਰਮਾਣ ਹੈ –
ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ
ਰੋਗ॥ (ਪੰਨਾ ੧੩੫)। ਸਾਡੀ ਜਾਚੇ ਇਹੀ ਕਾਰਨ ਹੈ।
ਅਸੀਂ ਗੁਰੂ ਜੀ ਦੀ ਸਿੱਖਿਆ, ਜੋ ਸਿਰਫ ਇੱਕ ਦੇ ਲੜ ਲਾਉਂਦੀ ਹੈ, ਨਾਲੋਂ ਟੁੱਟ ਕੇ ਅਨੇਕਾਂ ਦੇ ਲੜ
ਲਗ ਰਹੇ ਹਾਂ ਅਤੇ ਹਰ ਉਹ ਕਾਰ ਕਰ ਰਹੇ ਹਾਂ ਜਿਸ ਤੋਂ ਸਾਨੂੰ ਗੁਰੂ ਜੀ ਨੇ ਹੋੜਿਆ ਸੀ। ਇਸੀ ਕਰਕੇ
ਅਸੀਂ ਹਰ ਮੁਹਾਜ ਤੇ ਫੇਲ੍ਹ ਹੋ ਰਹੇ ਹਾਂ। ਸਾਡੇ ਸਭ ਸਿੱਖਾਂ ਦੀ ਇੱਕ ਹੀ ਬਾਣੀ ਹੈ, ਇੱਕ ਹੀ ਗੁਰੂ
(ਸ਼ਬਦ) ਹੈ ਓਸੇ ਦੀ ਹੀ ਵੀਚਾਰ ਅਨੁਸਾਰ ਅਸੀਂ ਆਪਣਾ ਮਨੁੱਖੀ ਜੀਵਨ ਢਾਲਕੇ ਗੁਜ਼ਾਰਨਾ ਹੈ। ਇਸ ਵਿੱਚ
ਔਖੀ ਕਿਹੜੀ ਗਲ ਹੈ ਜੋ ਅਸੀਂ ਸਮਝ ਅਤੇ ਅਪਣਾ ਨਹੀਂ ਰਹੇ!
ਨਿਰਭੈ ਸਿੰਘ
|
. |