ਗੁਰਮਤਿ
ਜਦੋਂ ਗੁਰਦੁਵਾਰੇ ਨਹੀਂ ਸਨ ਹੁੰਦੇ
ਤੇ ਜਥੇਬੰਦੀ ਇੱਕ ਹੀ ਹੁੰਦੀ ਸੀ, ਉਦੋ ਗੁਰਮਤਿ ਹਰ ਹਿਰਦੇ ਵਿੱਚ ਵਸਦੀ ਸੀ।
ਗੁਰੂ ਗ੍ਰੰਥ ਸਾਹਿਬ ਅੰਕ 1188 `ਤੇ ਗੁਰਬਾਣੀ ਪੜ੍ਹ ਕੇ ਪਤਾ ਚਲਦਾ ਹੈ ਕਿ ਉਹ ਅਨਾਦੀ ਸੱਚ
(Absolute Truth) ਸਾਰੇ
ਬ੍ਰਹਿਮੰਡ ਦਾ ਸਿਰਜਨਹਾਰ ਅਤੇ ਨਾਸ਼ ਕਰਨ ਵਾਲਾ ਹੈ। ਜੋ ਵੀ ਵਿਅਕਤੀ ਇਸ ਸੱਚ ਨੂੰ ਆਪਣੇ ਜੀਵਨ ਅੰਦਰ
ਦ੍ਰਿੜ ਕਰ ਲੈਂਦਾ ਹੈ, ਉਹ ਇੱਕ ਮਨੁੱਖੀ ਧਰਮ ਨੂੰ ਮੰਨਣ ਵਾਲਾ, ਜਾਨਣ ਵਾਲਾ ਤੇ ਗੁਰਮਤਿ ਦੇ ਭੇਦਾਂ
ਦਾ ਜਾਣੂ ਅਤੇ ਗੁਰਮਤਿ ਵਿੱਚ ਪੂਰਾ ਕਿਹਾ ਜਾ ਸਕਦਾ ਹੈ।
ਗੁਰਮਤਿ ਅਨਾਦੀ ਗਿਆਨ, ਬ੍ਰਹਿਮੰਡ ਦਾ ਵਿਧਾਨ, ਕਾਨੂੰਨ ਹੈ ਜਿਸ ਅੰਦਰ ਰਹਿ ਕੇ ਅਸੀ ਬਹੁਤ ਚੰਗੇ ਤੇ
ਸੁਚੱਜੇ ਢੰਗ ਨਾਲ ਮਨੁੱਖੀ ਜੀਵਨ ਜੀਅ ਕੇ ਉਸ ਵਾਹਿਗੁਰੂ ਅੰਦਰ ਸਮਾ ਸਕਦੇ ਹਾਂ। ਬ੍ਰਹਿਮੰਡ ਦੇ ਇਸ
ਵਿਧਾਨ (Cosmic Order)
ਅਧੀਨ ਆ ਜਾਣ ਤੇ ਕਿਸੇ ਵੀ ਫ਼ਿਰਕੇ ਦਾ ਆਪਸ ਵਿੱਚ ਝਗੜਾ ਨਹੀਂ ਹੋ ਸਕਦਾ ਕਿਉਂਕਿ ਗੁਰਮਤਿ ਇੱਕ ਹੈ,
ਸਾਰਿਆਂ ਨੂੰ ਇੱਕ ਕਰਨ ਦੀ ਸਮੱਰਥਾ ਰਖਦੀ ਹੈ ਤੇ ਇੱਕ ਕਰਦੀ ਹੈ।
ਗੁਰਮਤਿ ਉਸ ਅਨਾਦੀ ਸੱਚ ਦੇ ਭੇਤਾਂ ਦੀ ਵਿਸਤਰਿਤ ਵਿਆਖਿਆ ਕਰਦੀ ਹੈ, ਇਹ ਕਿਸੇ ਵਿਅਕਤੀ ਦੀ ਮਤਿ
ਨਹੀਂ। ਇਹ ਵਿਅਕਤੀ ਦੇ ਅੰਦਰ ਦੀ ਉਹ ਅਵਸਥਾ ਹੈ ਜਦੋਂ ਉਹ ਸੰਸਾਰ ਵਿੱਚ ਰਹਿੰਦਾ ਹੋਇਆ, ਸੰਸਾਰੀ
ਫੁਰਨਿਆਂ, ਵਾਸ਼ਨਾਵਾਂ, ਪਕੜਾਂ, ਹੰਕਾਰ ਤੋਂ ਰਹਿਤ ਹੋਵੇ। ਜਦੋਂ ਉਸ ਦੇ ਅੰਦਰ ਦੀ ਜੋਤ ਪਰਮ ਜੋਤ
ਨਾਲ ਇਕਮਿਕ ਹੋਵੇ, ਉਦੋਂ ਅਨਾਦੀ ਸ਼ਕਤੀ ਦੇ ਭੇਤ ਮਨੁੱਖ ਦੇ ਅੰਦਰੋਂ ਪੈਂਦਾ ਹੁੰਦੇ ਹਨ। ਕੇਵਲ
ਅਜਿਹਾ ਵਿਅਕਤੀ ਹੀ ਗੁਰਮਤਿ ਵਾਲਾ ਜੀਵਨ ਜਿਉਂਦਾ ਹੈ। ਬ੍ਰਹਿਮੰਡ ਦੇ ਵਿਧਾਨ ਅਤੇ ਗੁਰਮਤਿ ਦੀ ਸਾਰੀ
ਦੀ ਸਾਰੀ ਜਾਣਕਾਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬਹੁਤ ਸੁਚੱਜੇ ਢੰਗ ਨਾਲ ਬਾਣੀ ਰਾਹੀਂ
ਵਿਸਤਰਿਤ ਕੀਤੀ ਹੋਈ ਹੈ।
ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ਰਧਾ ਨਾਲ ਮੰਨਣ ਵਾਲੇ ਵਿਅਕਤੀ ਨੂੰ, ਪਿਆਰ ਨਾਲ ਬਾਣੀ ਪੜ੍ਹਦੇ
ਹੋਇਆਂ ਗੁਰੂ ਜੋਤਿ ਰਾਹੀਂ ਸਮਝ ਆ ਜਾਂਦੀ ਹੈ ਇਸ ਲਈ ਕਿਸੇ ਵਿਅਕਤੀ ਵਿਸ਼ੇਸ਼ ਦੀ ਲੋੜ ਨਹੀਂ ਪੈਂਦੀ।
ਜਿਸ ਕਿਸੇ ਨੂੰ ਇਨ੍ਹਾਂ ਗੱਲਾਂ’ ਤੇ ਭਰੋਸਾ ਨਾ ਹੋਵੇ, ਉਹ ਵੀਰ ਅਠਾਰਵੀਂ ਸਦੀ (1708 ਤੋਂ 1800)
ਤੱਕ ਦੇ ਸਿੱਖਾਂ ਦੀਆਂ ਕੁਰਬਾਨੀਆਂ ਲੋਕ ਹਿਤ ਵਾਸਤੇ, ਪੜ੍ਹ ਕੇ ਵੇਖ ਲੈਣ। ਇਨ੍ਹਾਂ ਗੁਰਸਿੱਖਾਂ ਦਾ
ਆਸਰਾ ਕੇਵਲ ਗੁਰਬਾਣੀ ਤੇ ਗੁਰਮਤਿ ਸੀ। ਬਾਣੀ ਸਦਕਾ ਇਨਾਂ ਅੰਦਰ ਗੁਰਮਤਿ ਦੇ ਦੈਵੀ ਗੁਣ, ਬਿਬੇਕ
ਬੁੱਧ, ਸਹਿਜ, ਧਰਮ, ਦਯਾ, ਸੱਤ, ਸੰਤੋਖ, ਸਮਦ੍ਰਿਸ਼ਟਤਾ, ਨਿਰਵੈਰਤਾ, ਨਿਰਭੈਤਾ, ਸ਼ਾਂਤੀ, ਆਤਮਕ ਬਲ,
ਆਤਮਕ ਗਿਆਨ, ਇਤਿਆਦਿ ਅੰਦਰੋਂ ਸੋਮੇ ਦੀ ਤਰ੍ਹਾਂ ਫੁਟਦੇ ਸਨ। ਇਨ੍ਹਾਂ ਗੁਣਾਂ ਵਾਲੇ ਜੀਵਨ ਦੇ ਕਾਰਨ
ਹੀ ਸਮੇਂ ਦੀਆਂ ਹਕੂਮਤਾਂ ਇਨ੍ਹਾਂ ਗੁਰਸਿੱਖਾਂ ਦਾ ਲੋਹਾਂ ਮੰਨਦੀਆਂ ਸਨ। ਇਹ ਗੱਲ ਧਿਆਨ ਨਾਲ ਵੇਖਣ
ਵਾਲੀ ਹੈ ਕਿ 1708 ਤੋਂ 1800 ਈ: ਤਕ ਨਾ ਬਹੁਤੇ ਗੁਰਦੁਵਾਰੇ ਹੀ ਸਨ ਅਤੇ ਨਾ ਹੀ ਅਖੌਤੀ
ਸਾਧਾਂ-ਸੰਤਾਂ ਦੇ ਡੇਰੇ ਸਨ। ਨਾ ਹੀ ਸਾਡੇ ਕੋਲ ਬਹੁਤੀਆਂ ਧਾਰਮਕ ਜਥੇਬੰਦੀਆਂ ਸਨ। ਤਦ ਵੀ ਇਹ
ਗੁਰਸਿੱਖ ਪੂਰਨ ਤੌਰ’ ਤੇ ਹਊਮੈ ਵਾਲੀ ਮੱਤ ਤੋਂ ਦੂਰ ਰਹਿ ਕੇ ਗੁਰਮਤਿ ਦੇ ਧਾਰਨੀ ਬਣੇ ਤੇ ਉਨ੍ਹਾਂ
ਨੇ ਜੋ ਕਾਰਨਾਮੇ ਕਰ ਕੇ ਵਿਖਾਏ, ਉਹ ਰਹਿੰਦੀ ਦੁਨੀਆਂ ਤਕ ਯਾਦ ਰਹਿਣਗੇ। ਉਸ ਸਮੇਂ ਬੱਚੇ ਤੇ
ਬੀਬੀਆਂ ਵੀ ਇਸ ਉਚਾਈ ਨੁੰ ਛੂਹਣ ਤੋਂ ਪਿੱਛੇ ਨਹੀਂ ਰਹੇ। ਉਨ੍ਹਾਂ ਨੇ ਵੀ ਕਮਾਲ ਦਾ ਭਰੋਸਾ
ਸ਼ਬਦ-ਗੁਰੂ ਵਿੱਚ ਦਰਸਾਇਆ। ਗੁਰਮਤਿ ਧਾਰਨੀ ਇਨ੍ਹਾਂ ਗੁਰਸਿੱਖਾਂ ਦੀ ਇੱਕ ਹੋਰ ਵਿਲੱਖਣਤਾ ਵਾਲੀ ਗੱਲ
ਇਹ ਸੀ ਉਹ ਆਪਸੀ ਮੱਤਭੇਦ, ਜੇ ਕਦੇ ਪੈਦਾ ਹੁੰਦੇ ਵੀ, ਤਾਂ ਇਕੱਠੇ ਬੈਠ ਕੇ ਗੁਰਮਤੇ ਰਾਹੀਂ ਹੱਲ ਕਰ
ਲੈਂਦੇ ਸਨ। ਇਸ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਇਨ੍ਹਾਂ ਨੇ ਗੁਰੂ ਤੇ ਗੁਰਮਤਿ ਨੁੰ ਮੁੱਖ ਰੱਖਿਆ
ਹੋਇਆ ਸੀ। ਅੱਜ ਅਸੀਂ ਹਊਮੈ ਅਧੀਨ ਹੋਣ ਕਾਰਨ ਆਪਣੇ ਮਸਲੇ ਅਤੇ ਗੁਰਦਵਾਰਿਆਂ ਦੇ ਮਸਲੇ ਵੀ ਕੋਰਟ
ਕਚਿਹਰੀਆਂ ਵਿੱਚ ਲੈ ਜਾਂਦੇ ਹਾਂ ਜੋ ਕਿ ਗੁਰਮਤਿ ਤੋਂ ਉਲਟ ਹੈ।
18ਵੀਂ ਸਦੀ ਵਿੱਚ ਗੁਰਮਤਿ ਦੇ ਧਾਰਨੀ ਇਨ੍ਹਾਂ ਗੁਰਸਿੱਖਾਂ ਦੀ ਗਿਣਤੀ 50ਫ਼ੀ ਸਦੀ ਤੋਂ ਵੀ ਵੱਧ ਸੀ।
19ਵੀਂ ਸਦੀ ਵਿੱਚ ਇਹ ਕਰੀਬ-ਕਰੀਬ 10 ਤੋਂ 15ਫ਼ੀ ਸਦੀ ਰਹਿ ਗਈ ਅਤੇ 20ਵੀਂ ਸਦੀ ਦੇ ਅੰਤ ਤਕ
ਗੁਰਮਤਿ ਧਾਰਨੀ ਗੁਰਸਿੱਖਾਂ ਦੀ ਗਿਣਤੀ ਗੁਰਮਤਿ ਤੱਤ ਗਿਆਨ ਅਤੇ ਦੈਵੀ ਗੁਣਾਂ ਤੋਂ ਸਖਣੀ ਕੇਵਲ
ਬਾਹਰੀ ਭੇਖ ਵਿੱਚ ਹੀ ਵੇਖਣ ਨੂੰ ਮਿਲਦੀ ਹੈ।
ਇਸ ਦਾ ਮੁਖ ਕਾਰਨ ਸਾਡਾ ਸ਼ਬਦ ਗੁਰੂ `ਤੇ ਵਿਸ਼ਵਾਸ਼ ਨਾ ਹੋਣਾ ਹੀ ਹੈ। ਡੇਰਿਆਂ ਦੇ ਪਸਾਰੇ ਦੇ ਕਾਰਨ
ਅਸੀ ਵਿਅਕਤੀ ਜਾਂ ਮੰਤਰ ਪਾਠਾਂ ਤੇ ਟੇਕ ਰਖਣੀ ਸ਼ੁਰੂ ਕਰ ਦਿੱਤੀ। ਗੁਰਮਤਿ ਧਾਰਨੀ ਜੀਵਨ ਇਨ੍ਹਾਂ
ਦੋਹਾਂ ਧਾਰਮਕ ਕਰਮਾਂ ਵਿੱਚੋਂ ਨਹੀਂ ਮਿਲਦਾ।
ਡੇਰੇਦਾਰਾਂ ਨੇ ਮਨਮਤ ਦਾ ਜ਼ਿਆਦਾ ਪਸਾਰ ਕਰ ਕੇ ਸਿੱਖਾਂ ਨੂੰ ਗੁਰਬਾਣੀ ਦੇ ਅਮਲੀ ਜੀਵਨ ਤੇ ਗੁਰਮਤਿ
ਦੇ ਗੁਣਾਂ ਤੋਂ, ਦੂਰ ਕਰ ਦਿਤਾ ਜੋ ਇਨ੍ਹਾਂ ਨੂੰ ਸ਼ਬਦ ਗੁਰੂ ਦੇ ਵਿਸ਼ਵਾਸ਼ ਤੇ ਵਿਚਾਰ ਨਾਲ ਮਿਲਣਾ
ਸੀ। ਜੇ ਕਿਸੇ ਨੂੰ ਇਸ ਵਿਚਾਰ ਪ੍ਰਤੀ ਕੋਈ ਸ਼ੱਕ ਹੋਵੇ ਤਾਂ ਸੋਰਠ ਰਾਗ ਵਾਰ ਪਉੜੀ 18ਵੀਂ ਪੜ੍ਹ ਕੇ
ਵੇਖ ਲਵੋ, ਜਿਸ ਅੰਦਰ ਭਗਤਾਂ, ਸਾਧਾਂ-ਸੰਤਾਂ, ਗੁਰਮੁੱਖਾਂ, ਇਨ੍ਹਾਂ ਸਾਰਿਆ ਨਾਲੋਂ ਗੁਰਸਿੱਖ ਨੁੰ
ਬੜਾਂ ਵੱਡਭਾਗੀ ਗਿਣਿਆ ਗਿਆ ਹੈ ਕਿਉਂਕਿ ਗੁਰਸਿੱਖ ਹੀ ਗੁਰੂ ਦੀ ਸ਼ਰਨ ਵਿੱਚ ਰਹਿੰਦਾ ਹੈ। ਗੁਰਮਤਿ
ਅੰਦਰ ਇਹ ਸਾਰੇ ਉਪਰੋਕਤ ਵਿਸ਼ੇਸ਼ ਨਾਮ ਇੱਕੋ ਇੱਕ ਗੁਰਮਤਿ ਧਾਰਨੀ ਅੰਤਰੀਵ ਆਤਮਕ ਅਵੱਸਥਾ ਦੇ ਵਾਚਕ
ਹਨ ਤੇ ਕਿਸੇ ਨੁੰ ਕੋਈ ਖ਼ਾਸ ਵਿਸ਼ੇਸ਼ਤਾ ਨਹੀਂ ਦਿਤੀ ਗਈ।
ਅੰਤ ਵਿੱਚ ਦਾਸ ਦੀ ਇਹ ਸਨਿਮਰ ਬੇਨਤੀ ਹੈ ਕਿ ਅਸੀ ਬਹੁਤੀਆਂ ਜਥੇਬੰਦੀਆਂ ਨਾ ਬਣਾਈਏ, ਡੇਰੇਦਾਰਾਂ
ਤੇ ਭਰੋਸਾ ਨਾ ਕਰੀਏ ਤੇ ਕੇਵਲ ਗੁਰਬਾਣੀ ਦੀ ਵਿਚਾਰ ਨੁੰ ਗੁਰਦੁਆਰਿਆਂ ਅਤੇ ਘਰਾਂ ਵਿਚ, ਵਿਸ਼ੇਸ਼ ਥਾਂ
ਦਈਏ। ਇਸ ਕੰਮ ਵਾਸਤੇ ਗੁਰਬਾਣੀ ਤੋ ਬਿਨਾਂ ਕਿਸੇ ਦੀ ਲੋੜ ਨਹੀਂ, ਕੇਵਲ ਸ਼ਬਦ ਗੁਰੂ’ ਤੇ ਸ਼ਰਧਾ ਤੇ
ਭਰੋਸੇ ਦੀ ਲੋੜ ਹੈ। ਇਸ ਨਾਲ ਅਸੀ ਗੁਰਮਤਿ ਦੇ ਧਾਰਨੀ ਬਣ ਸਕਾਂਗੇ।
ਗੁਰਬਖਸ ਸਿੰਘ 094172-31762