.

ਧੀਏ ਗੱਲ ਸੁਣ, ਨੂਹੇਂ ਕੰਨ ਕਰ
(ਡਾ ਗੁਰਮੀਤ ਸਿੰਘ ਬਰਸਾਲ) ਕੈਲੇਫੋਰਨੀਆਂ

ਪੰਜਾਬੀ ਸਭਿਆਚਾਰ ਦੇ ਇਸ ਅਖਾਣ ਅਨੁਸਾਰ ਅਕਸਰ ਸਿਆਣੀਆਂ ਮਾਂਵਾਂ ਆਪਣੀਆਂ ਨੂਹਾਂ ਨੂੰ ਕੋਈ ਗੱਲ ਸਮਝਾਉਣ ਲਈ, ਬਿਨਾਂ ਨੂਂਹ ਨੂੰ ਚੁਭਾਏ, ਸਮਝਦਾਰੀ ਨਾਲ, ਆਪਣੀ ਨੂੰਹ-ਧੀ ਨੂੰ ਅਸਿੱਧੇ ਰੂਪ ਵਿੱਚ ਕਹਿ, ਸਮੱਸਿਆ ਹੱਲ ਕਰ ਲੈਂਦੀਆਂ ਹਨ। ਪਰ ਅਫਸੋਸ ਕਿ ਸਾਡੇ ਅਧੁਨਿਕ ਲਿਖਾਰੀ ਵੀਰ ਅਜਿਹੇ ਮੌਕੇ ਇੱਕ ਦੂਜੇ ਨੂੰ ਇਸ਼ਾਰੇ ਦੀ ਜਗਾਹ ਸਿੱਧਾ ਹੀ ਨਾਮ ਲਿਖਕੇ ਅਕਸਰ ਸਮੱਸਿਆ ਵਧਾ ਲੈਂਦੇ ਹਨ।
ਜਿਵੇਂ ਕਿ ਅਸੀਂ ਸਭ ਜਾਣਦੇ ਹਾਂ ਕਿ ਸਿੱਖ ਕੌਮ ਅੱਜ ਪੁਨਰ ਜਾਗ੍ਰਿਤੀ ਦੇ ਦੌਰ ਵਿੱਚੋਂ ਲੰਘ ਰਹੀ ਹੈ। ਸਾਰੇ ਵਿਦਵਾਨ ਵੀਰ ਆਪੋ ਆਪਣੀ ਯੋਗਤਾ ਅਨੁਸਾਰ ਪੁਣ-ਛਾਣ ਵਿੱਚ ਬਣਦਾ ਹਿੱਸਾ ਪਾ ਰਹੇ ਹਨ। ਸਾਡੇ ਕੋਲ ਕਸਵੱਟੀ ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਜੀ ਹਨ। ਕੁੱਝ ਵੀਰਾਂ ਦੀ ਵਿਚਾਰਧਾਰਾ ਦਾ ਵਖਰੇਵਾਂ ਕੇਵਲ ਉਦੋਂ ਹੀ ਹੁੰਦਾ ਹੈ ਜਦੋਂ ਅਸੀਂ ਸਿੱਖੀ ਪਰੰਪਰਾਂਵਾਂ (ਗੁਰਮਤਿ ਵਰੋਧੀ), ਸਿੱਖ ਇਤਿਹਾਸ (ਜਿਆਦਾ ਮਿਥਿਹਾਸ) ਗੁਰਮਤਿ ਵਿਆਖਿਆ (ਵੇਦ ਪੁਰਾਣਾਂ ਵੇਲੇ ਦੇ ਸ਼ਾਬਦਿਕ ਅਰਥਾਂ ਵਾਲੀ), ਨੂੰ ਕਸਵੱਟੀ ਬਣਾ ਬੈਠਦੇ ਹਾਂ। ਅਜਿਹੇ ਸਮੇ ਤੱਤ ਗੁਰਮਤਿ ਨੂੰ ਪ੍ਰਣਾਏ ਵੀਰਾਂ ਦੀ ਵਿਆਖਿਆ ਪ੍ਰਣਾਲੀ ਨਾਲ ਭਿੰਨਤਾ ਸੁਭਾਵਿਕ ਹੈ।
ਅਸੀਂ ਸਭ ਨਾਨਕ ਵਿਚਾਰਧਾਰਾ ਦੀ ਸਮੁੱਚੇ ਵਿਸ਼ਵ ਵਿੱਚ ਪ੍ਰਫੁੱਲਤਾ ਦੇ ਚਾਹਵਾਨ ਹਾਂ, ਗੁਰੂ ਨਾਨਕ ਸਾਹਿਬ ਦਾ ਪਰਚਾਰ ਤਰੀਕਾ ਜੋ ਉਹਨਾਂ ਵਰੋਧੀਆਂ ਦੇ ਖੇਮੇ ਵਿੱਚ ਜਾਕੇ ਵੀ ਪਿਆਰ ਅਤੇ ਹਲੀਮੀ ਨਾਲ ਵਰਤਿਆ ਅੱਜ ਵੀ ਵਿਚਾਰ ਵਿਟਾਂਦਰੇ ਵਿੱਚ ਬੇ-ਅਸਰ ਨਹੀਂ ਹੈ। ਘੱਟੋ -ਘੱਟ ਲਿਖਾਰੀ, ਚਿੰਤਕ, ਖੋਜੀ ਅਤੇ ਵਿਦਵਾਨ ਆਪਸ ਵਿੱਚ ਵਿਚਾਰਾਂ ਲਈ ਇਹ ਤਰੀਕਾ ਅਪਣਾਅ ਸਕਦੇ ਹਨ। ਵਿਚਾਰਧਾਰਕ ਵਖਰੇਵਿਆਂ ਨੂੰ ਇੱਕ ਸੁਰ ਕਰਨ ਲਈ ਹੀ ਇੱਕ ਕਿਰਤੀ ਸਿੱਖ ਦੀ ਚਲਾਈ ਬੈੱਬ ਸਾਈਟ (ਸਿੱਖ ਮਾਰਗ) ਇੱਕ ਸਰਬ ਸਾਂਝਾ ਪਲੇਟਫਾਰਮ ਅਤੇ ਮਾਰਗ ਦਰਸ਼ਕ ਬਣੀਂ ਹੋਈ ਹੈ। ਅੱਜ ਦੁਨੀਆਂ ਦੇ ਕੋਨੇ ਕੋਨੇ ਤੋਂ ਤੱਤ ਗੁਰਮਤਿ ਨੂੰ ਪ੍ਰਣਾਏ ਜਗਿਆਸੂ ਜਿੱਥੇ ਸਪੋਕਸਮੈਨ ਪੜ੍ਹਦੇ ਹਨ, ਉੱਥੇ ਸਿੱਖ ਮਾਰਗ ਦਾ ਨਿੱਤ ਨੇਮ ਵੀ ਨਹੀਂ ਭੁਲਦੇ। ਇਸ ਲਈ ਸਾਡੇ ਸਭ ਲਈ ਹੋਰ ਵੀ ਜਰੂਰੀ ਹੋ ਜਾਂਦਾ ਹੈ ਕਿ ਕਲਮ ਚਲਾਉਣ ਵੇਲੇ ਨਿਮਰਤਾ, ਸੰਜਮ ਤੇ ਹਲੀਮੀ ਦਾ ਪੱਲਾ ਨਾ ਛੱਡੀਏ। ਜੇ ਵਿਚਾਰਾਂ ਵਿੱਚ ਸਾਂਝ ਨਹੀਂ ਬਣਦੀ ਤਾਂ ਅੱਕ ਕੇ ਇੱਕ ਦੂਜੇ ਦੀ ਨਿੱਜੀ ਜਿੰਦਗੀ ਤੇ ਹਮਲੇ ਨਾ ਕਰੀਏ। ਇੱਕੋ ਰਸਤੇ ਦੇ ਪਾਧੀਆਂ ਵਿੱਚ ਵੱਡੇ ਛੋਟੇ ਦਾ ਅੰਤਰ ਨਾਂ ਕਰੀਏ। ਜਦੋਂ ਅੱਖ ਖੁੱਲੇ ਉਦੋਂ ਹੀ ਸਵੇਰਾ ਹੋਇਆ ਜਾਣੀਏਂ।
ਸਾਡੇ ਲਈ ਸਭ ਵਿਦਵਾਨ ਸਤਿਕਾਰ ਯੋਗ ਹਨ। ਹਰ ਵਿਦਵਾਨ ਦੀ ਕਿਸੇ ਨਾ ਕਿਸੇ ਖੇਤਰ ਵਿੱਚ ਮੁਹਾਰਤ ਹੁੰਦੀ ਹੈ। ਕੋਈ ਲਿਖ ਵਧੀਆ ਲੈਂਦਾ ਹੈ। ਕੋਈ ਬੋਲਦਾ ਵਧੀਆ ਹੈ। ਕੋਈ ਕਥਾ ਜਾਂ ਕੀਰਤਨ ਵਧੀਆ ਕਰਦਾ ਹੈ। ਪ੍ਰੋ ਗੁਰਮੁਖ ਸਿੰਘ ਅਤੇ ਗਿ ਦਿੱਤ ਸਿੰਘ ਦੀ ਜਗਾਈ ਮਿਸ਼ਾਲ ਸਦਾ ਲਈ ਇੰਕਲਾਬੀਆਂ ਲਈ ਚਾਨਣ ਮੁਨਾਰਾ ਬਣ ਚੁੱਕੀ ਹੈ। ਸੱਚ ਦੇ ਸੂਰਜ ਤੋਂ ਕੂੜ ਦੇ ਬੱਦਲਾਂ ਨੂੰ ਹਟਾਉਣ ਦੀ ਗਿ ਭਾਗ ਸਿੰਘ ਅੰਬਾਲਾ ਦੀ ਕਲਮ ਦੀ ਕੋਸ਼ਿਸ਼ ਆਪਣੀ ਮਿਸਾਲ ਆਪ ਬਣ ਨਿਬੜਦੀ ਹੈ। ਏਸੇ ਤਰਾਂ ਜਦੋਂ ਕੂੜ ਦੇ ਅੰਧਕਾਰ ਨੂੰ ਭਾਂਪ ਪੁਲੀਸ ਮਹਿਕਮੇ ਦਾ ਅੜਬ ਠਾਣੇਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਤੇ ਸੱਚ ਬਿਆਨਣ ਲਈ ੳਹੀ ਕਲਮ ਚੁਕਦਾ ਹੈ ਤਾਂ ਬਿਪਰਨ ਦੀ ਰੀਤ ਤੋਂ ਸੱਚ ਦਾ ਮਾਰਗ ਸਪਸ਼ਟ ਝਲਕਾਰੇ ਮਾਰਦਾ ਨਜਰ ਆਉਦਾ ਹੈ। ਜਦੋਂ ਜੋਗਿਂਦਰ ਸਿੰਘ ਸੱਚ ਦਾ ਸਪੋਕਸਮੈਨ ਬਣ ਓਸੇ ਸੱਚ ਨੂੰ ਘਰ ਘਰ ਪਹੁੰਚਾਉਣ ਦਾ ਬੀੜਾ ਚੁਕਦਾ ਹੈ ਤਾਂ ਬਿਪਰਨ ਦੀ ਰੀਤ ਨੂੰ ਭਾਜੜ ਪਈ ਜੱਗ ਜਾਹਰ ਹੋ ਜਾਂਦੀ ਹੈ। ੳਸੇ ਸੱਚ ਦੀ ਆਵਾਜ ਨੂੰ ਜਦੋਂ ਪ੍ਰੋ ਦਰਸ਼ਨ ਸਿੰਘ ਸਟੇਜ ਤੋਂ ਸਟੇਜ ਤੱਕ ਆਪਣੀ ਕੀਰਤਨ ਵਿਧੀ ਰਾਹੀਂ ਆਮ ਲੋਕਾਂ ਦੇ ਦਿਲਾਂ ਤੱਕ ਲੈ ਜਾਂਦਾ ਹੈ ਤਾਂ ਅੰਧਕਾਰ ਵੀ ਪਰਭਾਵਿਤ ਹੋਏ ਬਿਨਾ ਨਹੀਂ ਰਹਿੰਦਾ। ਅਗਿਆਨਤਾ, ਅੰਧਵਿਸਵਾਸ ਅਤੇ ਕਰਮਕਾਂਡੀ ਭਰਮਜਾਲ ਨੂੰ ਤੜਨ ਲਈ ਸੱਚ ਹਮੇਸਾਂ ਸੰਘਰਸਸ਼ੀਲ ਰਹਿੰਦਾ ਹੈ।
ਸਿੱਖ ਮਾਰਗ ਤੇ ਲਿਖਣ ਵਾਲੀਆਂ ਸਭ ਕਲਮਾਂ ਦਾ ਯੋਗਦਾਨ ਅਹਿਮ ਹੈ। ਇਸੇ ਸਟੇਜ ਦੀ ਇੱਕ ਕਲਮ ਗੁਰਚਰਨ ਸਿੰਘ ਜਿਓਣਵਾਲਾ ਜਦ ਸਿੰਘ ਸਭਾ ਇੰਟਰਨੈਸ਼ਨਲ ਦੇ ਝੰਡੇ ਥੱਲੇ ਹਮਖਿਆਲੀ ਸਾਥੀਆਂ ਸਮੇਤ ਸੈਮੀਨਾਰਾਂ ਦੇ ਮਾਧਿਅਮ ਨਾਲ ਬਿਪਰਨ ਦੀ ਰੀਤ ਤੋਂ ਸੰਗਤ ਨੂੰ ਆਗਾਹ ਕਰਨ ਨਿਕਲਦਾ ਹੈ ਤਾਂ ਅੰਧਕਾਰ ਵਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਉਸ ਨੂੰ ਜਾਨ ਹਥੇਲੀ ਤੇ ਰੱਖ ਕੇ ਵਿਚਰਨ ਲਈ ਪ੍ਰੇਰਦੀਆਂ ਹਨ। ਕਲਮਾਂ ਦੀਆਂ ਲਿਖਤਾਂ ਨੂੰ ਸਾਰਥਕ ਕਰਦਿਆਂ ਪਿੰਡਾਂ ਵਿੱਚ ਗੁਰਮਤਿ ਗਿਆਂਨ ਦੇ ਪ੍ਰਕਾਸ਼ ਲਈ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਸਹਿਯੋਗ ਨਾਲ ਸੈਂਕੜੇ ਪਿੰਡਾ ਦੀ ਸਹੂਲਤ ਜੋਗੇ ਸੈਂਟਰ ਜਾ ਖੋਲਦਾ ਹੈ। ਇਹ ਕਰਿਸ਼ਮਾਂ ਹੈ ਬਾਬੇ ਨਾਨਕ ਦੇ ਸੱਚ ਦੇ ਇੱਕ ਝਲਕਾਰੇ ਨੂੰ ਸਮਝਣ ਦਾ।
ਅੰਧਕਾਰ ਨੂੰ ਸਦਾ ਲਈ ਖਤਮ ਕਰਨ ਲਈ ਆਓ ਮਿਲ ਬੈਠਣਾ ਸਿਖੀਏ। ਜਿਵੇਂ ਆਹਮਣੇ-ਸਾਹਮਣੇ ਦੀ ਵਿਚਾਰ -ਚਰਚਾ ਵਿੱਚ ਉੱਚੀ ਬੋਲਕੇ ਦੂਜੇ ਤੇ ਆਪਣਾ ਪ੍ਰਭਾਵ ਪਾਉਣ ਵਾਲੇ ਦੀ ਹਾਰ ਸਮਝੀ ਜਾਂਦੀ ਹੈ ਇਸੇ ਤਰਾਂ ਕਲਮਾਂ ਦੇ ਵਿਚਾਰ-ਵਿਟਾਂਦਰੇ ਵਿੱਚ ਵੀ ਵਿਚਾਰਾਂ ਤੋਂ ਪਰਾਂ ਜਾਕੇ ਵਰੋਧੀ ਦੀ ਨਿੱਜੀ ਜਿੰਦਗੀ ਤੇ ਹਮਲਾ ਕਰਨ ਵਾਲਾ ਵੀ ਹਾਰੇ ਹੋਇਆਂ ਵਿੱਚ ਗਿਣਿਆਂ ਜਾਦਾ ਹੈ ਦੂਸਰੇ ਉਸਦੇ ਵਿਚਾਰਾਂ ਨਾਲ ਸਹਿਮਤ ਵੀ ਨਹੀਂ ਹੁੰਦੇ। ਵਿਚਾਰਾਂ ਵਿੱਚ ਭਿੰਨਤਾ ਸਮੱਸਿਆ ਨਹੀਂ ਹੁੰਦੀ ਸਗੋਂ ਭਿਨਤਾ ਕਾਰਣ ਹੀ ਵਿਚਾਰ ਵਟਾਂਦਰੇ ਹੁੰਦੇ ਹਨ। ਮੰਤਵ ਇੱਕ ਸੁਰ ਹੋਣਾ ਹੁੰਦਾ ਹੈ।
ਆਵਾਜ ਉੱਚੀ ਨਾਂ ਹੋਵੇ ਸਗੋਂ ਵਿਚਾਰ ਵਿੱਚ ਉਚਾਈ ਹੋਵੇ। ਅਲੋਚਨਾ ਉਸਾਰੂ ਹੋਣੀ ਚਾਹੀਦੀ ਹੈ। ਦੂਜੇ ਦੇ ਕਹੇ ਸ਼ਬਦਾਂ ਦੀ ਚੀਰਫਾੜ ਕਰਨ ਦੀ ਥਾਂ ਉਸਦੀ ਭਾਵਨਾ ਨੂੰ ਸਮਝੀਏ। ਦੂਸ਼ਣਬਾਜੀ ਤੋਂ ਉੱਪਰ ਉੱਠੀਏ। ਨਿੱਜੀ ਵਿਰੋਧਤਾ ਦਾ ਪ੍ਰਗਟਾਵਾ ਨਾਂ ਕਰੀਏ। ਹ੍ਹਰ ਤਰਾਂ ਦੀ ਲਿਖਤ ਵਿੱਚ ਸਮਾਜ ਸੁਧਾਰ ਦੀ ਮਨਸ਼ਾ ਜਰੂਰ ਰੱਖੀਏ। ਲਿਖਣ ਵੇਲੇ ਧਿਆਨ ਵਿੱਚ ਰੱਖੀਏ ਕਿ ਅਸੀਂ ਸਿਰਫ ਕਿਸੇ ਇੱਕ ਲਈ ਹੀ ਨਹੀਂ ਲਿੱਖ ਰਹੇ ਬਲਕਿ ਸੰਸਾਰ ਦੇ ਕੋਨੇ ਕੋਨੇ ਵਿੱਚ ਬੈਠੇ ਪਾਠਕ ਇਸ ਨੂੰ ਪੜ੍ਹ ਰਹੇ ਹਨ। ਦੂਜੇ ਨੂੰ ਮਾਫ ਕਰਨਾ ਸਿਖੀਏ। ਅਲੋਚਨਾਂ ਇਸ ਤਰਾਂ ਕਰੀਏ ਕਿ ਵਿਰੋਧੀ ਵੀ ਤੁਹਾਡੇ ਨਾਲ ਹੋ ਤੁਰੇ ਨਾ ਕਿ ਖਿਝ ਕੇ ਤੁਹਾਤੋਂ ਦੂਰ ਹੀ ਹੋ ਜਾਵੇ। ਪਾਣੀ ਦੇ ਅੱਧੇ ਭਰੇ ਗਿਲਾਸਾਂ ਨੂੰ ਪੂਰੇ ਹੋਣ ਦੀ ਭਾਵਨਾਂ ਵੱਲ ਤੋਰੀਏ ਨਾਂ ਕਿ ਅਧੂਰੇ ਹੋਣ ਦਾ ਅਹਿਸਾਸ ਕਰਵਾ ਹੀਣ ਭਾਵਨਾ ਵੱਲ। ਸਿੱਖੀ ਮਾਰਗ ਤੇ ਤੁਰਕੇ ‘ਸਿੱਖ ਮਾਰਗ’ ਦਾ ਨਾ ਸਾਕਾਰ ਕਰੀਏ। ਇਸ ਵੈੱਬ ਸਾਈਟ ਨੂੰ ਦੁਨੀਆਂ ਦੀ ਸਰਵੋਤਮ ਵਿਚਾਰ ਵਿਟਾਂਦਰੇ ਦੀ ਸਟੇਜ ਬਣਨ ਵਿੱਚ ਮਦਦਗਾਰ ਸਾਬਤ ਹੋਈਏ। ਸਿੱਖ ਮਾਰਗ ਦਾ ਇੱਕ ਨਿਮਾਣਾ ਜਿਹਾ ਪਾਠਕ ਹੋਣ ਕਾਰਨ ਦਿਲ ਆਈ ਲਿਖ ਦਿੱਤੀ ਹੈ ਤਾਂ ਕਿ ਵਿਚਾਰ ਧਾਰਕ ਇੱਕਸੁਰਤਾ ਵਿੱਚ ਸਮੱਸਿਆਵਾਂ ਘੱਟ ਆਉਣ ਫਿਰ ਵੀ ਜੇ ਕਿਸੇ ਵੀਰ ਨੂੰ ਠੀਕ ਨਾ ਲੱਗੇ ਤਾਂ ਮਾਫ਼ੀ ਮੰਗਦਾਂ ਹੋਇਆ ‘ਅਜਾਇਬ ਚਿਤਰਕਾਰ’ ਦੀਆਂ ਇਹਨਾਂ ਸਤਰਾਂ ਨਾਲ ਬੰਦ ਕਰਦਾਂ ਹਾਂ।
ਹੋਣ ਹੀ ਵਾਲਾ ਹੈ ਚਾਨਣ ਸੂਝ ਦਾ, ਹੋਇਆ ਨਹੀਂ:
ਪਹੁ-ਫੁਟਾਲਾ ਹੋ ਰਿਹਾ, ਜਾਗਣਗੇ ਹੁਣ ਜਾਗਣਗੇ ਲੋਗ।।
(408)209-7072
.