.

ਮੇਰੀ ਪਟੀਆ ਲਿਖਹੁ ਹਰਿ ਗੋਵਿੰਦ ਗੋਪਾਲਾ

ਭੈਰਉ ਮਹਲਾ 3॥
ਮੇਰੀ ਪਟੀਆ ਲਿਖਹੁ ਹਰਿ ਗੋਵਿੰਦ ਗੋਪਾਲਾ॥
ਦੂਜੈ ਭਾਇ ਫਾਥੇ ਜਮ ਜਾਲਾ॥
ਗੁਰੂ ਗ੍ਰੰਥ ਸਾਹਿਬ, ਪੰਨਾ 1133

ਇਥੇ ਪਾਠਕਾਂ ਲਈ ਬੇਨਤੀ ਹੈ ਕਿ ਗੁਰਬਾਣੀ ਅੰਦਰ ਪ੍ਰਹਿਲਾਦ ਜੀ ਦਾ ਜੋ ਜੀਵਣ ਸਾਡੇ ਲਈ ਮਾਰਗ ਦਰਸ਼ਕ ਗੁਰੂ ਪਾਤਸ਼ਾਹ ਵਲੋਂ ਦਰਸਾਇਆ ਹੈ, ਅਸੀਂ ਗੁਰਮਤਿ ਦੇ ਚਸ਼ਮੇ ਲਾਕੇ ਤੱਕਣਾ ਹੈ। ਕਰਮਕਾਂਡੀ ਚਸ਼ਮੇ ਉਤਾਰ ਦੇਣੇ ਹਨ, ਜੋ ਸਾਨੂੰ ਕਰਮਕਾਂਡਾਂ ਦੀ ਖੱਡ ਵਿੱਚ ਮੁੜ-ਮੁੜ ਡਿਗਣ ਲਈ ਪ੍ਰੇਰਦੇ ਹਨ। ਗੁਰਮਤਿ ਦੇ ਚਸ਼ਮੇ ਲਗਾਕੇ ਗੁਰਬਾਣੀ-ਸੱਚ ਦੇ ਅਸਲ ਮਾਰਗ ਤੇ ਤੁਰਨ ਦਾ ਯਤਨ ਕਰਨਾ ਹੈ, ਤਾਂ ਕਿ ਅਸੀਂ ਕਰਮਕਾਂਡਾਂ ਦੀ ਖੱਡ ਵਿੱਚ ਡਿਗਣ ਤੋਂ ਬਚ ਸਕੀਏ। ਗੁਰਮਤਿ ਸਾਨੂੰ ਕਰਮਕਾਂਡੀ ਕਹਾਣੀਆਂ ਵਲੋਂ ਮੌੜ ਕੋ ਸੱਚ ਦੇ ਮਾਰਗ ਉੱਪਰ ਚੱਲਣ ਲਈ ਪ੍ਰੇਰਦੀ ਹੈ। ਗੁਰਬਾਣੀ ਰਚਣਹਾਰਿਆਂ ਨੇ ਕਰਮਕਾਂਡੀ ਦਾ ਲਿਖਿਆ ਹੋਇਆ ਅਗਿਆਨ, ਦੂਜੇ ਭਾਇ ਵਾਲਾ - ਰੱਦ ਕਰ ਦਿੱਤਾ ਸੀ।
ਪੰਡਿਤ ਮੁਲਾਂ ਜੋ ਲਿਖਿ ਦੀਆ॥ ਛਾਡਿ ਚਲੇ ਹਮ ਕਛੂ ਨ ਲੀਆ॥ 3॥
ਗੁਰੂ ਗ੍ਰੰਥ ਸਾਹਿਬ, ਪੰਨਾ 1158॥
ਨਾਨਕ ਸੋਧੇ ਸਿੰਮ੍ਰਿਤਿ ਬੇਦ॥ ਪਾਰਬ੍ਰਹਮ ਗੁਰ ਨਾਹੀ ਭੇਦ॥ 4॥ 11॥ 24॥
ਗੁਰੂ ਗ੍ਰੰਥ ਸਾਹਿਬ, ਪੰਨਾ 1142

ਇਸ ਦਾ ਮਤਲਬ ਇਹ ਹੈ ਕਿ ਬੇਦ ਸਿਮ੍ਰਿਤੀਆਂ ਸਾਰਾ ਕੁੱਝ ਗੁਰਬਾਣੀ ਰਚਨਹਾਰਿਆਂ ਅਧਿਐਨ ਕਰਕੇ ਰੱਦ ਕੀਤਾ ਹੈ, ਐਵੇਂ ਨਹੀਂ। ਉਹ ਲਲਕਾਰ ਕੇ ਕਹਿ ਰਹੇ ਹਨ ‘ਛਾਡਿ ਚਲੇ ਹਮ’ ਅਸੀਂ ਛੱਡ ਦਿੱਤਾ ਹੈ। ਪਰ ਅਫ਼ਸੋਸ ਅਸੀਂ ਬਦੋ-ਬਦੀ, ਜ਼ਬਰਦਸਤੀ ਉਨ੍ਹਾਂ ਗੁਰਬਾਣੀ ਰਚਣਹਾਰਿਆਂ ਨਾਲ ਹੀ ਕਰਮਕਾਂਡ ਜੋੜੀ ਜਾ ਰਹੇ ਹਾਂ, ਜਦ ਕਿ ਉੱਪਰ ਦਿਤੇ ਪ੍ਰਮਾਣ ਤੋਂ ਸੁਤੇ ਸਿੱਧ ਹੀ ਸਪਸ਼ਟ ਹੋ ਜਾਂਦਾ ਹੈ ਕਿ ਕਰਮਕਾਂਡ ਦਾ ਗੁਰਮਤਿ ਨਾਲ ਕੋਈ ਦੂਰ ਦਾ ਰਿਸ਼ਤਾ ਵੀ ਨਹੀਂ।
ਕਿਸੇ ਮੰਜ਼ਿਲ ਤੇ ਪਹੁੰਚਣ ਲਈ ਕੋਈ ਰਸਤਾ ਅਪਣਾਉਣਾਂ ਪੈਂਦਾ ਹੈ। ਰਸਤਾ ਉਹੀ ਅਪਣਾਇਆ ਜਾਣਾ ਚਾਹੀਦਾ ਹੈ ਜਿਹੜਾ ਮੰਜ਼ਿਲ ਵਲ ਲੈ ਕੇ ਜਾਂਦਾ ਹੋਵੇ। ਜਿਹੜਾ ਮੰਜ਼ਿਲ ਤੋਂ ਦੂਸਰੇ ਪਾਸੇ ਜਾਂਦਾ ਹੋਵੇ, ਉਸ ਰਸਤੇ ਉੱਪਰ ਤੁਰਨ ਨਾਲ ਮੰਜ਼ਿਲ ਦੀ ਦੂਰੀ ਘਟਣ ਦੀ ਬਜਾਏ ਵੱਧਦੀ ਹੀ ਚਲੀ ਜਾਵੇਗੀ। ਗੁਰਮਤਿ ਦੇ ਮਾਰਗ ਤੇ ਚੱਲਕੇ ਹੀ ਮੰਜ਼ਿਲ ਵਲ ਵਧ ਸਕਦੇ ਹਾਂ। ਇਸ ਕਰਕੇ ਸਿੱਖ ਨੂੰ ਦੁਬਿਧਾ ਵਿੱਚ ਨਹੀਂ ਪੈਣਾ ਚਾਹੀਦਾ। ਦੁਬਿਧਾ ਵਿੱਚ ਪੈਣ ਨਾਲ ਆਪਣੀ ਅਸਲੀ ਮੰਜ਼ਿਲ ਦੇ ਮਾਰਗ ਤੋਂ ਖੁੰਝ ਕੇ ਜੀਵਨ ਦੇ ਟੇਡੇ-ਮੇਡੇ ਰਸਤਿਆਂ ਵਿੱਚ ਤੁਰਦਾ ਤੁਰਦਾ ਰਾਹ ਵਿੱਚ ਹੀ ਆਪਣਾ ਜੀਵਣ ਗੁਆ ਜਾਵੇਗਾ, ਅਤੇ ਅਸਲੀ ਮੰਜ਼ਿਲ ਤੇ ਨਹੀਂ ਪਹੁੰਚੇਗਾ। ਗੁਰਬਾਣੀ ਨੇ ਸਪਸ਼ਟ ਕੀਤਾ ਹੈ, ਕਿ ਜੋ ਇੱਕ ਸੱਚ ਨੂੰ ਛੱਡ ਕੇ ਦੁਬਿਧਾ ਵਿੱਚ ਪੈਂਦੇ ਹਨ, ਆਪਣਾ ਜੀਵਣ ਅਜਾਈਂ ਹੀ ਗਵਾ ਜਾਂਦੇ ਹਨ।
ਭੈਰਉ ਮਹਲਾ 3 ਘਰੁ 2
ੴਸਤਿਗੁਰ ਪ੍ਰਸਾਦਿ॥
ਦੁਬਿਧਾ ਮਨਮੁਖ ਰੋਗਿ ਵਿਆਪੇ ਤ੍ਰਿਸਨਾ ਜਲਹਿ ਅਧਿਕਾਈ॥
ਮਰਿ ਮਰਿ ਜੰਮਹਿ ਠਉਰ ਨ ਪਾਵਹਿ ਬਿਰਥਾ ਜਨਮੁ ਗਵਾਈ॥ 1॥
ਗੁਰੂ ਗ੍ਰੰਥ ਸਾਹਿਬ, ਪੰਨਾ 30

ਆਉ ਦੁਬਿਧਾ ਨੂੰ ਛੱਡਕੇ ਗੁਰਮਤਿ ਸੱਚ ਨੂੰ ਜਾਨਣ ਲਈ ਇਸ ਸ਼ਬਦ ਉੱਪਰ ਵੀ ਗੁਰਮਤਿ ਦੀ ਕਸਵੱਟੀ ਅਨੁਸਾਰ ਵਿਆਖਿਆ ਕਰਨ ਦੀ ਕੋਸ਼ਿਸ਼ ਕਰੀਏ:
ਭੈਰਉ ਮਹਲਾ 3॥
ਮੇਰੀ ਪਟੀਆ ਲਿਖਹੁ ਹਰਿ ਗੋਵਿੰਦ ਗੋਪਾਲਾ॥ ਦੂਜੈ ਭਾਇ ਫਾਥੇ ਜਮ ਜਾਲਾ॥
ਸਤਿਗੁਰੁ ਕਰੇ ਮੇਰੀ ਪ੍ਰਤਿਪਾਲਾ॥ ਹਰਿ ਸੁਖਦਾਤਾ ਮੇਰੈ ਨਾਲਾ॥ 1॥
ਗੁਰ ਉਪਦੇਸਿ ਪ੍ਰਹਿਲਾਦੁ ਹਰਿ ਉਚਰੈ॥
ਸਾਸਨਾ ਤੇ ਬਾਲਕੁ ਗਮੁ ਨ ਕਰੈ॥ 1॥ ਰਹਾਉ॥
ਮਾਤਾ ਉਪਦੇਸੈ ਪ੍ਰਹਿਲਾਦ ਪਿਆਰੇ॥
ਪੁਤ੍ਰ ਰਾਮ ਨਾਮੁ ਛੋਡਹੁ ਜੀਉ ਲੇਹੁ ਉਬਾਰੇ॥
ਪ੍ਰਹਿਲਾਦੁ ਕਹੈ ਸੁਨਹੁ ਮੇਰੀ ਮਾਇ॥
ਰਾਮ ਨਾਮੁ ਨ ਛੋਡਾ ਗੁਰਿ ਦੀਆ ਬੁਝਾਇ॥ 2॥
ਸੰਡਾ ਮਰਕਾ ਸਭਿ ਜਾਇ ਪੁਕਾਰੇ॥
ਪ੍ਰਹਿਲਾਦੁ ਆਪਿ ਵਿਗੜਿਆ ਸਭਿ ਚਾਟੜੇ ਵਿਗਾੜੇ॥
ਦੁਸਟ ਸਭਾ ਮਹਿ ਮੰਤ੍ਰੁ ਪਕਾਇਆ॥
ਪ੍ਰਹਲਾਦ ਕਾ ਰਾਖਾ ਹੋਇ ਰਘੁਰਾਇਆ॥ 3॥
ਹਾਥਿ ਖੜਗੁ ਕਰਿ ਧਾਇਆ ਅਤਿ ਅਹੰਕਾਰਿ॥
ਹਰਿ ਤੇਰਾ ਕਹਾ ਤੁਝੁ ਲਏ ਉਬਾਰਿ॥
ਖਨ ਮਹਿ ਭੈਆਨ ਰੂਪੁ ਨਿਕਸਿਆ ਥੰਮੑ ਉਪਾੜਿ॥
ਹਰਣਾਖਸੁ ਨਖੀ ਬਿਦਾਰਿਆ ਪ੍ਰਹਲਾਦੁ ਲੀਆ ਉਬਾਰਿ॥ 4॥
ਸੰਤ ਜਨਾ ਕੇ ਹਰਿ ਜੀਉ ਕਾਰਜ ਸਵਾਰੇ॥
ਪ੍ਰਹਲਾਦ ਜਨ ਕੇ ਇਕੀਹ ਕੁਲ ਉਧਾਰੇ॥ ਗੁਰ ਕੈ ਸਬਦਿ ਹਉਮੈ ਬਿਖੁ ਮਾਰੇ॥
ਨਾਨਕ ਰਾਮ ਨਾਮਿ ਸੰਤ ਨਿਸਤਾਰੇ॥ 5॥ 10॥ 20॥
ਗੁਰੂ ਗ੍ਰੰਥ ਸਾਹਿਬ, ਪੰਨਾ 1133

ਪਦ ਅਰਥ
ਮੇਰੀ ਪਟੀਆ - ਮੇਰੀ ਹਿਰਦੈ ਰੂਪੀ ਪੱਟੀਆਂ
ਲਿਖਹੁ - ਲਿਖ ਦੇਹੁ
ਹਰਿ - ਹਰੀ ਪਰਮੇਸ਼ਰ
ਹਰਿ ਗੋਵਿੰਦ ਗੋਪਾਲਾ - ਪ੍ਰਮੇਸ਼ਰ ਪਾਲਕ ਅਤੇ ਰੱਖਿਅਕ
ਦੂਜੈ ਭਾਇ - ਗੁਰਮਤਿ ਮਾਰਗ ਛੱਡਕੇ ਕੋਈ ਹੋਰ ਰਸਤਾ ਅਪਣਾਉਣਾਂ, ਪਰਮੇਸ਼ਰ ਦੇ ਤੁਲ ਕਿਸੇ ਹੋਰ ਨੂੰ ਸਮਝਣਾਂ
ਫਾਥੇ - ਫਸ ਜਾਣਾਂ
ਜਮ ਜਾਲਾ - ਵਿਕਾਰਾ ਦੇ ਚੱਕ੍ਰ ਵਿੱਚ ਫਸ ਜਾਣਾਂ
ਸਾਸਨਾ - ਸੰ: ਤਾੜਨਾਂ
ਗੁਰ ਉਪਦੇਸਿ - ਗੁਰ ਸਿੱਖਯਾ
ਬਾਲਕੁ - ਮਨ ਰੂਪੀ ਬਾਲਕੁ
ਗਮੁ - ਚਿੰਤਾ
ਨੋਟ- ਗੁਰੂ ਪਾਤਸ਼ਾਹ ਸਾਨੂੰੂ ਸਮਝਾਉਣ ਵਾਸਤੇ ਪ੍ਰਹਿਲਾਦ ਦਾ ਇਕੁ ਪ੍ਰਭੂ ਉੱਪਰ ਦ੍ਰਿੜ੍ਹ ਵਿਸ਼ਵਾਸ ਹੋਣ ਦੀ ਮਿਸਾਲ ਦੇ ਰਹੇ ਹਨ।
ਅਰਥ
ਹੇ ਵਾਹਿਗੁਰੂ ਮੇਰੀ ਹਿਰਦੇ ਰੂਪੀ ਪੱਟੀਆਂ ਉੱਪਰ ਆਪਣਾ ਨਾਮ ਲਿਖ ਦੇ, ਭਾਵ ਆਪਣੇ ਨਾਮ ਦੀ ਸਿਮਰਨ ਰੂਪੀ ਮੋਹਰ ਲਗਾ ਦੇਵੋ ਤਾਂ ਜੋ ਮੈਂ ਤੇਰਾ ਹੀ ਹੋ ਜਾਵਾਂ। ਦੂਜਾ ਭਾਉ ਮੈਂ ਅਪਣਾਵਾਂ ਹੀ ਨਾਂਹ। ਜੇਕਰ ਤੂੰ ਆਪਣੇ ਨਾਮ ਦੀ ਸਿਮਰਨ ਰੂਪੀ ਬਖ਼ਸ਼ਿਸ਼ ਦੀ ਮੋਹਰ ਨਾਂਹ ਲਾਈ ਤਾਂ ‘ਦੂਜੈ ਭਾਇ’ ਕਰਮਕਾਂਡਾਂ ਦੇ ਜਾਲ ਵਿੱਚ ਫਸ ਜਾਵਾਂਗਾ। ਜਦੋਂ ਤੇਰੇ ਨਾਮ ਦੀ ਮੋਹਰ ਮੇਰੀ ਹਿਰਦੈ ਰੂਪੀ ਪੱਟੀਆਂ ਉੱਪਰ ਲੱਗ ਜਾਵੇਗੀ ਤਾਂ ਆਤਮਿਕ ਗਿਆਨ ਦੀ ਸੂਝ ਨਾਲ ਇਹ ਪਤਾ ਚੱਲ ਜਾਵੇਗਾ ਕਿ ਸਾਰਿਆਂ ਸੁੱਖਾਂ ਦਾ ਦਾਤਾ ਹਰ ਵੇਲੇ ਮੇਰੇ ਨਾਲ ਹੈ, ਅਤੇ ਮੇਰੀ ਪ੍ਰਤਿਪਾਲਣਾਂ ਕਰ ਰਿਹਾ ਹੈ। ਫਿਰ ਮਾਇਆ ਆਪਣਾ ਪ੍ਰਭਾਵ ਪਾ ਨਹੀਂ ਸਕੇਗੀ, ਦੂਜਾ ਭਾਉ ਸਤਾਏਗਾ ਹੀ ਨਹੀਂ। ਇਸ ਤਰ੍ਹਾਂ ਦਾ ਪ੍ਰਹਿਲਾਦ ਦਾ ਦ੍ਰਿੜ੍ਹ ਵਿਸ਼ਵਾਸ ਪ੍ਰਮਾਤਮਾ ਉੱਪਰ ਸੀ।
ਇਸ ਦ੍ਰਿੜ੍ਹ ਵਿਸ਼ਵਾਸ ਕਰਕੇ ਗੁਰ ਸਿੱਖਯਾ ਰਾਹੀਂ ਹਰੀ ਨਾਮ ਸਿਮਰਨ ਉਚਾਰਨ ਨਾਲ ਪ੍ਰਹਿਲਾਦ ਨੂੰ ਆਤਮਿਕ ਗਿਆਨ ਦੀ ਸੂਝ ਪ੍ਰਾਪਤ ਹੋਈ। ਪ੍ਰਹਿਲਾਦ ਦਾ ਮਨ ਰੂਪੀ ਬਾਲਕੁ ਚਿੰਤਾ ਮੁਕਤ ਹੋ ਗਿਆ, ਕਿਸੇ ਦੀ ਤਾੜਨਾਂ ਦੀ ਕੋਈ ਚਿੰਤਾ ਹੀ ਨਹੀਂ ਰਹੀ।
ਮਾਤਾ ਉਪਦੇਸੈ ਪ੍ਰਹਿਲਾਦ ਪਿਆਰੇ॥
ਪੁਤ੍ਰ ਰਾਮ ਨਾਮੁ ਛੋਡਹੁ ਜੀਉ ਲੇਹੁ ਉਬਾਰੇ॥
ਪ੍ਰਹਿਲਾਦੁ ਕਹੈ ਸੁਨਹੁ ਮੇਰੀ ਮਾਇ॥
ਰਾਮ ਨਾਮੁ ਨ ਛੋਡਾ ਗੁਰਿ ਦੀਆ ਬੁਝਾਇ॥ 2॥
ਗੁਰੂ ਗ੍ਰੰਥ ਸਾਹਿਬ, ਪੰਨਾ 1133

ਪਦ ਅਰਥ
ਮਾਤਾ – ਮਾਤਾ, ਮੱਤ ਰੂਪ ਮਾਇਆ ਰੂਪ ਮਾਂ
ਮਾਤਾ ਉਪਦੇਸੈ - ਅੰਦਰਲੇ ਮਾਇਆ ਰੂਪੀ ਮੱਤ ਦੇ ਫੁਰਨੇ ਮਾਇਆ ਰੂਪੀ ਮੱਤ ਦਾ ਉਪਦੇਸ਼
ਅਰਥ
ਮਾਇਆ ਰੂਪੀ ਮੱਤ ਜਿਵੇਂ ਆਪਣਾ ਪਰਭਾਵ ਹਰੇਕ ਮਨੁੱਖ ਤੇ ਪਾਉਣਾ ਚਾਹੁੰਦੀ ਹੈ, ਇਸੇ ਤਰ੍ਹਾਂ ਪ੍ਰਹਿਲਾਦ ਉੱਪਰ ਵੀ ਮਾਇਆ ਰੂਪੀ ਮੱਤ ਨੇ ਆਪਣਾ ਪਰਭਾਵ ਪਾਉਣਾਂ ਚਾਹਿਆ ਕਿ ਰਾਮ ਨਾਮ ਛੱਡ, ਮੇਰੇ ਨਾਲ ਜੁੜ ਕੇ ਆਪਣਾ ਚਿੱਤ ਉਬਾਰ ਲੈ।
ਨੋਟ- ਕੋਈ ਮਨੁੱਖ ਇਸ ਪਾਸੇ ਤੁਰਨ ਦਾ ਯਤਨ ਕਰਦਾ ਹੈ, ਤਾਂ ਮਨ ਅੰਦਰ ਕਈ ਤਰ੍ਹਾਂ ਦੇ ਪ੍ਰਭਾਵਾਂ ਦੇ ਫੁਰਨੇ ਪੈਦਾ ਹੁੰਦੇ ਹਨ। ਕਈ ਵਾਰ ਮਨੁੱਖ ਸੋਚਦਾ ਹੈ ਕਿ ਕੰਮ ਔਖਾ ਹੈ। ਇਹ ਅੰਦਰੋਂ ਮੱਤ ਰੂਪੀ ਮਾਂ ਹੀ ਪ੍ਰੇਰਦੀ ਹੈ।
ਪ੍ਰਹਿਲਾਦ ਨੇ ਦ੍ਰਿੜ੍ਹ ਵਿਸ਼ਵਾਸ ਹੋਣ ਕਾਰਨ ਰਾਮ ਨਾਮ ਨਹੀਂ ਛੱਡਿਆ ਸੀ, ਕਿਉਂਕਿ ਪ੍ਰਹਿਲਾਦ ਜੀ ਨੂੰ ‘ਗੁਿਰ ਦੀਆ ਬੁਝਾਇ’ ਭਾਵ ਆਤਮਿਕ ਗਿਆਨ ਸੂਝ ਪ੍ਰਾਪਤ ਹੋ ਚੁੱਕੀ ਸੀ। ਪ੍ਰਹਿਲਾਦ ਜੀ ਨੇ ਆਪਣੀ ਮੱਤ ਦੀ ਨਹੀਂ ਸੁਣੀ, ‘ਗੁਰਿ ਦੀਆ ਬੁਝਾਇ’ ਗੁਰਮਤਿ ਦੀ ਸੂਝ ਪੈ ਚੁੱਕੀ ਸੀ। ਇਸੇ ਕਰਕੇ ਪ੍ਰਹਿਲਾਦ ਜੀ ਹੋਰਨਾਂ ਨੂੰ ਵੀ ਗੁਰਮਤਿ ਵੀਚਾਰਧਾਰਾ ਨਾਲ ਜੁੜਨ ਦੀ ਪ੍ਰੇਰਣਾ ਕਰਦੇ ਸਨ।
ਸੰਡਾ ਮਰਕਾ ਸਭਿ ਜਾਇ ਪੁਕਾਰੇ॥
ਪ੍ਰਹਿਲਾਦੁ ਆਪਿ ਵਿਗੜਿਆ ਸਭਿ ਚਾਟੜੇ ਵਿਗਾੜੇ॥
ਗੁਰੂ ਗ੍ਰੰਥ ਸਾਹਿਬ, ਪੰਨਾ 1133
ਨੋਟ- ਇਥੇ ਇੱਕ ਸੰਡੇ ਮਰਕੇ ਦੀ ਗੱਲ ਨਹੀਂ, ਗੁਰੂ ਸਾਹਿਬ ਨੇ ਭੇਤ ਖੋਲਿਆ ਹੈ ਕਿ ਸਭ ਸੰਡੇ ਮਰਕੇ ਜੋ ਦੁਨੀਆਂ ਨੂੰ ਊਲ ਜਲੂਲ ਪੜ੍ਹਾ ਕੇ ਕੁਰਾਹੇ ਪਾ ਕੇ ਲੁੱਟ ਰਹੇ ਸਨ, ਪਿੱਟ ਉੱਠੇ। ਇਥੇ ਵੀਚਾਰਨ ਵਾਲੀ ਗੱਲ ਇਹ ਕਿ ਬਿਪਰਵਾਦੀ, ਕਰਮਕਾਂਡੀ ਕਹਾਣੀ ਅਨੁਸਾਰ ਸੰਡਾ ਅਤੇ ਮਰਕਾ ਦੋ ਵਿਅਕਤੀ ਸਨ, ਅਤੇ ਗੁਰੂ ਪਾਤਸ਼ਾਹ ਨੇ ਸੰਡਾ ਮਰਕਾ ਦੇ ਨਾਲ ਸ਼ਬਦ ਵਰਤਿਆ ਹੈ ‘ਸਭਿ’, ਜਿਸਦਾ ਅਰਥ ਹੈ ਤਮਾਮ ਸੰਮੂਹ, ਜੋ ਬਿਪਰਵਾਦੀ ਸੋਚ ਦੇ ਧਾਰਨੀ ਸਨ। ਹਰਣਾਖਸ਼ੀ ਬਿਰਤੀ ਦੇ ਜੋ ਮਾਲਕ ਸਨ, ਗਾਇਤ੍ਰੀ ਤਰਪਣ ਨੂੰੂ ਹੀ ਧਰਮ ਕਰਮ ਸਮਝਦੇ ਸਨ, ਜਦ ਕਿ ਪ੍ਰਹਿਲਾਦ ਨੇ ਅਜਿਹਾ ਕਰਮਕਾਂਡੀ ਧਰਮ ਕਰਮ ਰੱਦ ਕਰ ਦਿੱਤਾ ਸੀ।
ਦੈਤ ਪੁਤ੍ਰੁ ਪ੍ਰਹਲਾਦੁ ਗਾਇਤ੍ਰੀ ਤਰਪਣੁ ਕਿਛੂ ਨ ਜਾਣੈ
ਸਬਦੇ ਮੇਲਿ ਮਿਲਾਇਆ॥ 1॥ ਰਹਾਉ॥
ਗੁਰੂ ਗ੍ਰੰਥ ਸਾਹਿਬ, ਪੰਨਾ 1133
ਕਰਮਕਾਂਡੀ ਪਿੱਟ ਉੱਠੇ ਕਿ ਪ੍ਰਹਿਲਾਦ ਆਪ ਤਾਂ ਵਿਗੜਿਆ ਹੀ ਹੈ। ਉਸ ਨੇ ਪਿੱਛੇ ਲੱਗਣ ਵਾਲੇ ਭਾਵ ਉਸਦੀ ਸੋਚ ਦੇ ਮਗਰ ਚੱਲਣ ਵਾਲੇ, ਜੋ ਚੇਲੇ ਚਾਟੜੇ ਸਨ, ਉਹ ਵੀ ਉਸ ਨੇ ਵਿਗਾੜ ਦਿੱਤੇ ਹਨ।
ਅਰਥ
ਤਮਾਮ ਸੰਡੇ ਮਰਕੇ ਪਿੱਟ ਉਠੇ ਜੋ ਸਮੁੱਚੀ ਮਨੁੱਖਤਾ ਨੂੰ ਆਤਮਿਕ ਤੌਰ ਤੇ ਨਿਗਲ ਜਾਣ ਵਾਲੇ, ਜੋ ਦੈਤ ਰੂਪ ਸੰਡੇ ਮਰਕੇ ਸਨ। ਕਹਿਣ ਲੱਗੇ ਪ੍ਰਹਿਲਾਦ ਆਪ ਤਾਂ ਵਿਗੜਿਆ ਹੀ ਸੀ ਸਭ ਚਾਟੜੇ ਵੀ ਵਿਗਾੜ ਦਿੱਤੇ ਹਨ। ਚਾਟੜੇ - ਭਾਵ ਪਿੱਛੇ ਲੱਗਣ ਵਾਲੇ ਲੋਕ, ਉਹ ਸਾਰੇ ਜੋ ਪ੍ਰਹਿਲਾਦ ਜੀ ਦੀ ਆਤਮਿਕ ਗਿਆਨ ਰੂਪੀ ਵਿਚਾਰਧਾਰਾ ਦੇ ਹਾਮੀ ਸਨ, ਪਿੱਛੇ ਲੱਗਣ ਵਾਲੇ ਸਨ, ਅਤੇ ਜਿਨ੍ਹਾਂ ਨੇ ਕਰਮਕਾਂਡੀ ਵੀਚਾਰਧਾਰਾ ਤਿਆਗ ਦਿੱਤੀ ਸੀ।
ਤੌਖਲੇ ਹੋਏ ਕਰਮਕਾਂਡੀਆਂ ਨੇ ਪ੍ਰਹਿਲਾਦ ਅਤੇ ਉਸਦੇ ਸਾਥੀਆਂ ਨੂੰ ‘ਦੁਸਟ ਸਭਾ’ ਕਹਿਣਾ ਸ਼ੁਰੂ ਕਰ ਦਿੱਤਾ। ਪ੍ਰਹਿਲਾਦ ਜੀ ਨਾਲ ਵੀਚਾਰ ਗੋਸਟੀ ਤੋਂ ਬਾਅਦ ਸੰਡੇ ਮਰਕੇ ਨੇ ਆਪਣੀ ਕਰਮਕਾਂਡੀ ਸਭਾ ਵਿੱਚ ਵਾਪਸ ਆ ਕੇ ਇਹ ਕਿਹਾ: -
ਦੁਸਟ ਸਭਾ ਮਹਿ ਮੰਤ੍ਰੁ ਪਕਾਇਆ॥
ਪ੍ਰਹਲਾਦ ਕਾ ਰਾਖਾ ਹੋਇ ਰਘੁਰਾਇਆ॥ 3॥
ਗੁਰੂ ਗ੍ਰੰਥ ਸਾਹਿਬ, ਪੰਨਾ 1133
ਪਦ ਅਰਥ
ਦੁਸਟ ਸਭਾ – ਕਰਮਕਾਂਡੀਆਂ ਵਲੋਂ ਪ੍ਰਹਿਲਾਦ ਅਤੇ ਪ੍ਰਹਿਲਾਦ ਜੀ ਦੇ ਸਾਥੀਆਂ ਨੂੰ ਦਿੱਤਾ ਹੋਇਆ ਨਾਮ
ਮੰਤ੍ਰੁ - ਮਤਾ
ਮੰਤ੍ਰੁ ਪਕਾਇਆ - ਮਤਾ ਪਾਸ ਕਰ ਦਿੱਤਾ ਹੈ
ਰਘੁਰਾਇਆ - ਪਾਲਕ ਅਤੇ ਰੱਖਿਅਕ ਵਾਹਿਗੁਰੂ ਜੋ ਆਪਣੇ ਆਪ ਤੋਂ ਸੁਤੇ ਸਿੱਧ ਪ੍ਰਕਾਸ਼ਮਾਨ ਹੈ।
ਅਰਥ
ਕਰਮਕਾਂਡੀਆਂ ਪ੍ਰਹਿਲਾਦ ਅਤੇ ਪ੍ਰਹਿਲਾਦ ਜੀ ਦੀ ਸੱਚੀ ਸੁੱਚੀ ਸੋਚ ਦੇ ਹਾਮੀਆਂ ਉੱਪਰ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ ਕਿ ਦੁਸ਼ਟਾਂ ਦੀ ਸਭਾ ਨੇ ਇੱਕ ਮਤਾ ਪਾਸ ਕਰ ਦਿੱਤਾ ਹੈ ਕਿ ‘ਪ੍ਰਹਿਲਾਦ ਕਾ ਰਾਖਾ’ ਉਹ ਹੈ ਜੋ ਸਾਰਿਆ ਦਾ ਪਾਲਕ ਅਤੇ ਰੱਖਿਅਕ ਹੈ, ਜੋ ਅਪਣੇ ਆਪ ਤੋਂ ਸੁਤੇ ਸਿੱਧ ਪ੍ਰਕਾਸ਼ਮਾਨ ਹੈ।
ਉਹ ਮਤਾ ਕੀ ਸੀ?
ਹਾਥਿ ਖੜਗੁ ਕਰਿ ਧਾਇਆ ਅਤਿ ਅਹੰਕਾਰਿ॥
ਹਰਿ ਤੇਰਾ ਕਹਾ ਤੁਝੁ ਲਏ ਉਬਾਰਿ॥
ਖਨ ਮਹਿ ਭੈਆਨ ਰੂਪੁ ਨਿਕਸਿਆ ਥੰਮੑ ਉਪਾੜਿ॥
ਹਰਣਾਖਸੁ ਨਖੀ ਬਿਦਾਰਿਆ ਪ੍ਰਹਲਾਦੁ ਲੀਆ ਉਬਾਰਿ॥ 4॥
ਸੰਤ ਜਨਾ ਕੇ ਹਰਿ ਜੀਉ ਕਾਰਜ ਸਵਾਰੇ॥
ਪ੍ਰਹਲਾਦ ਜਨ ਕੇ ਇਕੀਹ ਕੁਲ ਉਧਾਰੇ॥ ਗੁਰ ਕੈ ਸਬਦਿ ਹਉਮੈ ਬਿਖੁ ਮਾਰੇ॥
ਨਾਨਕ ਰਾਮ ਨਾਮਿ ਸੰਤ ਨਿਸਤਾਰੇ॥ 5॥ 10॥ 20॥
ਗੁਰੂ ਗ੍ਰੰਥ ਸਾਹਿਬ, ਪੰਨਾ 1133
ਪਦ ਅਰਥ
ਖੜਗੁ - ਆਤਮਿਕ ਗਿਆਨ ਦੀ ਸੂਝ ਦਾ ਖੰਡਾ
ਹਾਥਿ ਖੜਗੁ ਕਰਿ ਧਾਇਆ - ਆਤਮਿਕ ਗਿਆਨ ਸੂਝ ਦਾ ਖੰਡਾ ਲੈ ਕਰ ਅਤਿ ਦੇ ਹੰਕਾਰ ਉੱਪਰ ਟੁਟ ਪੈਣਾ
ਹਰਿ - ਹਰੀ
ਹਰਿ ਤੇਰਾ ਕਹਾ - ਤੇਰਾ ਹਰੀ ਸਿਮਰਨ ਕੀਤਾ
ਤੁਝੁ ਲਏ ਉਬਾਰਿ - ਤੈਨੂੰ ਉਬਾਰਿ ਸਕਦਾ ਹੈ।
ਉਬਾਰਿ - ਮੁਕਤ ਕਰਨਾ, ਰੱਖਯਾ ਕਰਨਾ, ਬਚਾਉਣਾ
ਖਿਨ ਮਹਿ - ਖਿਨ ਵਿੱਚ
ਭੈਆਨ - ਡਰਾਉਣਾ, ਭਯੰਕਰ
ਥੰਮੑ - ਹਿਰਦੇ ਅੰਦਰ ਜੋ ਹੰਕਾਰ ਰੂਪੀ ਥੰਮ ਹੈ।
ਉਪਾੜਿ – ਪੁੱਟ ਦੇਣਾ, ਪੁੱਟਿਆ ਜਾਣਾ
ਹਰਣਾਖਸੁ - ਹੰਕਾਰੀ ਬਿਰਤੀ ਆਤਮਿਕ ਤੋਰ ਤੇ ਖਤਮ ਕਰ ਦੇਣ ਵਾਲੀ ਵੀਚਾਰਧਾਰਾ; ਉਚੀ ਕੁਲ ਦਾ ਭਰਮ
ਨਖੀ - ਨਖ-ਉੱਚੀ ਕੁੱਲ ਵਾਲਾ, ਨਖ ਦੇ ਅਰਥ ਪੰਜਾਬੀ ਯੂਨੀਵਰਸਿਟੀ ਪਟਿਅਲਾ ਦੀ ਭਾਸ਼ਾ ਵਿਭਾਗ ਡਿਕਸ਼ਨਰੀ। ਪੰਜਾਬੀ ਤੋਂ ਇੰਗਲਿਸ਼ ਵਿੱਚੋਂ ਲਏ ਹਨ, ਪੰਨਾ 795 ਉੱਪਰ ਨਖ ਦੇ ਅਰਥ ਹਨ -:
A person of high family. National Book Depot (ਦਿੱਲੀ, ਭਾਈ ਮਾਯਾ ਸਿੰਘ) ਵਲੋਂ ਛਾਪੀ ਪੰਜਾਬੀ ਰੋਮਨ ਅੰਗਰੇਜ਼ੀ ਵਿੱਚ ਵੀ ਇਹੀ ਅਰਥ ਹਨ।
ਹਰਣਾਖਸੁ ਨਖੀ - ਅਖੌਤੀ ਉੱਚੀ ਕੁੱਲ ਦਾ ਭਰਮ ਜੋ ਆਤਮਿਕ ਤੌਰ ਤੇ ਮਨੁੱਖ ਨੂੰ ਖ਼ਤਮ ਕਰ ਦਿੰਦਾ ਹੈ।
ਬਿਦਾਰਿਆ - ਖ਼ਤਮ ਕਰ ਦੇਣਾ
ਉਬਾਰਿ - ਮੁਕਤੀ ਛੁਟਕਾਰਾ, ਉੱਚਾ ਚੁੱਕ ਲੈਣਾ
ਇਕੀਹ - ਇਕੀਸ ਤੋਂ ਭਾਵ ਹੈ ਇਕ-ਮਿਕ ਹੋ ਜਾਣਾ, ਲੀਨ ਹੋ ਜਾਣਾ, ਮੁਕਤਿ, ਨਿਜਾਤ ਪ੍ਰਾਪਤ ਕਰ ਲੈਣੀ। ਮਹਾਨ ਕੌਸ਼ ਭਾਈ ਕਾਨ੍ਹ ਸਿੰਘ ਜੀ ਨਾਭਾ ਅਨੁਸਾਰ ਇਕੀਹ ਕੁਲ ਦਾਤ ਭਾਵ ਇਹ ਹੈ ਕਿ ਤੱਤਗਯਾਨ ਦੀ ਸੰਗਤਿ ਕਰਨ ਵਾਲੇ ਮੁਕਤਿ ਨਿਜਾਤ ਪਾਉਂਦੇ ਹਨ।
ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ॥
ਗੁਰੂ ਗ੍ਰੰਥ ਸਾਹਿਬ, ਪੰਨਾ 7
ਨੋਟ - ਇਸ ਸ਼ਬਦ ਦੇ ਅਰਥਾਂ ਤੋਂ ਬਾਅਦ ਇੱਕੀ ਕੁਲਾਂ ਵਾਲੇ ਭਰਮ ਦਾ ਸ਼ੰਕਾ ਗੁਰਮੁਤਿ ਅਨੁਸਾਰ ਨਵਿਰਤ ਕਰਾਂਗੇ।
ਉਹ ਮਤਾ ਕੀ ਸੀ ਜੋ ਪ੍ਰਹਿਲਾਦ ਜੀ ਅਤੇ ਉਨ੍ਹਾਂ ਦੇ ਹਮ-ਖ਼ਿਆਲੀਆਂ ਵਲੋਂ ਪਾਸ ਕੀਤਾ ਸੀ? ਉਹ ਮਤਾ ਇਹ ਸੀ:
ਅਰਥ
ਹੇ ਮਨੁੱਖ ਤੇਰਾ ਕੀਤਾ ਹਰੀ ਸਿਮਰਨ ਹੀ ਤੈਨੂੰ ਅਤਿ ਦੇ ਅਹੰਕਾਰ ਤੋਂ ਨਿਜਾਤ (ਛੁਟਕਾਰਾ) ਦਿਵਾ ਸਕਦਾ ਹੈ। ਸਿਮਰਨ ਰੂਪੀ ਆਤਮਿਕ ਗਿਆਨ ਦੀ ਸੂਝ ਦਾ ਖੰਡਾ ਲੈ ਕਰ ਹੀ ਆਤਮਿਕ ਤੌਰ ਤੇ ਮਾਰ ਮੁਕਾਉਣ ਵਾਲੇ ਅਤਿ ਦੇ ਹੰਕਾਰ ਤੇ ਧਾਇਆ ਜਾ ਸਕਦਾ ਹੈ। ਪ੍ਰਹਿਲਾਦ ਜੀ ਵਲੋਂ ਇਸ ਮਤੇ ਉੱਪਰ ਸਹੀ ਪਾਈ ਗਈ ਸੀ ਕਿ ਜੋ ਮੇਰਾ ਆਤਮਿਕ ਤੌਰ ਮਾਰ ਮੁਕਾਉਣ ਵਾਲਾ ਉੱਚੀ ਕੁਲ ਦਾ ਪਿਤਾ ਪੁਰਖੀ ਜੋ ਭਰਮ ਰੂਪੀ ਭਿਆਨਕ ਥੰਮ ਸੀ, ਆਤਮਿਕ ਗਿਆਨ ਦੀ ਸੂਝ ਨਾਲ ਇੱਕ ਖਿਨ ਵਿੱਚ ਪੁੱਟਿਆ ਗਿਆ ਹੈ। ਪ੍ਰਹਿਲਾਦ ਨੂੰ ਉੱਚੀ ਕੁੱਲ ਦੀ ਹਰਨਾਖਸ਼ ਬਿਰਤੀ ਦੇ ਭਰਮ ਤੋਂ ਆਤਮਿਕ ਗਿਆਨ ਦੀ ਸੂਝ ਨਾਲ ਮੁਕਤੀ ਮਿਲੀ ਹੈ।
ਗੁਰੂ ਨਾਨਕ ਵੀ ਇਸ ਮਤੇ ਉੱਪਰ ਆਪਣੀ ਮੋਹਰ ਲਾਉਂਦੇ ਹਨ। ਇਸੇ ਤਰ੍ਹਾਂ ਤਤਗਯਾਨੀਆਂ ਦੇ ਕਾਰਜ ਵਿੱਚ ਵਾਹਿਗੁਰੂ ਆਪ ਸਹਾਈ ਹੁੰਦਾ ਹੈ। ਪ੍ਰਹਿਲਾਦ ਜਨ ਵਰਗੇ ਜਾਂ ਹੋਰ ਸੰਮੂਹ ਜੋ ਤਤਗਯਾਨੀ ਹਨ, ਉਨ੍ਹਾਂ ਨੂੰ ਈਸ਼ਵਰ ਦੇ ਤਤਗਯਾਨ ਭਾਵ ਆਤਮਿਕ ਗਿਆਨ ਵਿੱਚ ਲੀਨ ਹੋਣ, ਇੱਕ-ਮਿਕ ਹੋਣ ਨਾਲ ਹੀ ਮੁਕਤੀ ਮਿਲੀ ਹੈ ਅਤੇ ਮਿਲਦੀ ਰਹੇਗੀ। ‘ਗੁਰ ਕੈ ਸਬਦਿ’ - ਆਤਮਿਕ ਗਿਆਨ ਦੀ ਸੂਝ ਰਾਹੀਂ ਆਤਮਿਕ ਤੌਰ ਤੇ ਮਾਰ ਮੁਕਾਣ ਵਾਲੀ ਮਾਇਆ ਦੇ ਮੋਹ ਦੀ ਜ਼ਹਿਰ ਨੂੰ ਖ਼ਤਮ ਕਰਕੇ ਹੀ, ਮਾਇਆ ਦੇ ਮੋਹ ਤੋਂ ਮੁਕਤੀ ਦਿਵਾਉਣ ਵਾਲੇ ਰਾਮ ਨਾਮ ਦੇ ਸਿਮਰਨ ਰਾਹੀਂ, ਆਤਮਿਕ ਗਿਆਨ ਦੀ ਸੂਝ ਪ੍ਰਾਪਤ ਕਰਕੇ ਹੀ, ਤਤਗਯਾਨ ਤੱਕ ਪਹੁੰਚਿਆ ਜਾ ਸਕਦਾ ਹੈ, ਅਤੇ ਤਾਂ ਹੀ ਨਿਸਤਾਰਾ ਹੁੰਦਾ ਹੈ।
ਨੋਟ-ਗੁਰਮਤਿ ਵੀਚਾਰਧਾਰਾ ਅਨੁਸਾਰ ਇੱਕ ਗੱਲ ਬੜੀ ਸਪਸ਼ਟ ਹੈ ਕਿ ਜਿਹੜਾ ਮਨੁੱਖ ਆਤਮਿਕ ਗਿਆਨ ਰੂਪੀ ਅੰਮ੍ਰਿਤ ਪੀਏਗਾ, ਪਿਆਸ ਉਸੇ ਦੀ ਮਿਟੇਗੀ। ਇਹ ਕਦੀ ਨਹੀਂ ਵਾਪਰਦਾ ਜਾ ਵਾਪਰਿਆ ਕਿ ਰੋਟੀ ਕੋਈ ਖਾਵੇ ਪਰ ਭੁੱਖ ਕਿਸੇ ਦੂਸਰੇ ਦੀ ਮਿਟ ਜਾਵੇ। ਜੇਕਰ ਪਿਤਾ ਦੇ ਰੋਟੀ ਖਾਣ ਨਾਲ ਪੁੱਤਰ ਨਹੀਂ ਰੱਜ ਸਕਦਾ, ਤਾਂ ਇੱਕੀ ਕੁੱਲਾਂ ਦੀ ਗੱਲ ਕਿਵੇਂ ਕਰ ਸਕਦੇ ਹਾਂ ਕਿ ਸਿਮਰਨ ਕਰਨ ਵਾਲੇ ਦੀਆਂ 21 ਕੁਲਾਂ ਤਰ ਜਾਂਦੀਆਂ ਹਨ। ਪ੍ਰਹਿਲਾਦ ਜੀ ਦੀਆਂ ਇੱਕੀ ਕੁੱਲਾਂ ਬਾਰੇ ਜੋ ਗੁਰਮਤਿ ਦਾ ਨਿਰਣਾ ਹੈ ਵੀਚਾਰ ਕਰੀਏ, ਕਿਉਂਕਿ ਗੁਰਮਤਿ ਦਾ ਫ਼ੈਸਲਾ ਬੜਾ ਸਪਸ਼ਟ ਹੈ।
ਜਿਸਹਿ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ॥
ਗੁਰੂ ਗ੍ਰੰਥ ਸਾਹਿਬ, ਪੰਨਾ 13
ਇਹ ਨਹੀਂ ਹੋ ਸਕਦਾ ਅੰਮ੍ਰਿਤ ਕੋਈ ਹੋਰ ਪੀਵੈ ਤੇ ਪਿਆਸ ਕੋਈ ਹੋਰ ਬੁਝਾਹ ਜਾਵੇ।
ਬਲ ਰਾਜਾ ਭਾਈ ਗੁਰਦਾਸ ਅਨੁਸਾਰ ਪ੍ਰਹਿਲਾਦ ਜੀ ਦਾ ਪੋਤਾ ਹੈ। ਭਾਈ ਸਾਹਿਬ ਫਰਮਾਉਂਦੇ ਹਨ:
ਬਲਿ ਪੋਤਾ ਪ੍ਰਹਿਲਾਦ ਦਾ ਇੰਦਰ ਪੁਰੀ ਦੀ ਇਛ ਇਛੰਦਾ॥
ਭਾਈ ਗੁਰਦਾਸ, ਵਾਰ 24
ਗੁਰੁ ਗ੍ਰੰਥ ਸਾਹਿਬ ਫੁਰਮਾਉਂਦੇ ਹਨ ਕਿ ਬਲ ਰਾਜਾ ਹੰਕਾਰੀ ਸੀ।
ਬਲਿ ਰਾਜਾ ਮਾਇਆ ਅਹੰਕਾਰੀ॥
ਗੁਰੂ ਗ੍ਰੰਥ ਸਾਹਿਬ, ਪੰਨਾ 224
ਜੇ ਬਲ ਪ੍ਰਹਿਲਾਦ ਜੀ ਦਾ ਪੋਤਾ ਹੈ, ਪਰ ਗੁਰੂ ਗ੍ਰੰਥ ਸਾਹਿਬ ਅੰਦਰ ਬਲ ਰਾਜੇ ਦਾ ਕੋਈ ਆਦਰਸ਼ ਜੀਵਨ ਹੀ ਨਹੀਂ ਹੈ। ਉੱਪਰ ਲਿਖੀ ਹੋਈ ਪੰਗਤੀ ਅਨੁਸਾਰ ਬਲ ਰਾਜਾ ਮਾਇਆ ਦੇ ਮਦ ਦੇ ਹੰਕਾਰ ਵਿੱਚ ਗ਼ਰਕ ਹੋ ਚੁੱਕਾ ਸੀ। ਗੁਰਬਾਣੀ ਅਨੁਸਾਰ ਮਾਇਆ ਹੰਕਾਰੀ ਕਦੇ ਤਰ ਹੀ ਨਹੀਂ ਸਕਦਾ। ਜੇਕਰ ਪ੍ਰਹਿਲਾਦ ਜੀ ਦਾ ਪੋਤਾ ਹੀ ਨਹੀਂ ਤਰਿਆ ਤਾਂ 21 ਕੁੱਲਾਂ ਤਾਂ ਬਹੁਤ ਦੂਰ ਦੀ ਗੱਲ ਹੈ। 21 ਕੁੱਲਾਂ ਦੇ ਤਰਨ ਵਾਲਾ ਭਰਮ ਕਰਮਕਾਂਡੀਆ ਦੇ ਘਰੋਂ ਉਤਪੰਨ ਹੁੰਦਾ ਹੈ। ਸੋ ਸਾਨੂੰ ਗੁਰਮਤਿ ਸਿਧਾਂਤ ਨਾਲ ਇਹ ਭਰਮ ਜੋੜ ਕੇ ਗੁਰਮਤਿ ਸਿਧਾਂਤ ਨਾਲ ਅਨਯਾਇ ਨਹੀਂ ਕਰਨਾ ਚਾਹੀਦਾ।
ਸੋ ਇਕਹੀ ਤੋਂ ਭਾਵ ਇੱਕ-ਮਿੱਕ ਹੋ ਜਾਣਾ, ਭਾਵ ਇੱਕ ਹੀ ਕੁਲ ਹੈ ਤਤਗਯਾਨੀਆ ਦੀ, ਜੋ ਇੱਕ ਦਾ ਆਸਰਾ ਲੈ ਕੇ ਇੱਕ ਨਾਲ ਇੱਕ-ਮਿੱਕ ਹੋ ਜਾਂਦੇ ਹਨ, ਉਹ ਸੰਮੂਹ ਤਤਗਯਾਨੀ ਹੀ ਤਰਦੇ ਹਨ, ਕਰਮਕਾਂਡੀ ਨਹੀਂ।
ਬਲਦੇਵ ਸਿੰਘ ਟੋਰਾਂਟੋ
.