.

ਸਿੱਖ ਦੀ ਕਲਾਈ `ਚ ਪਿਆ ਕੜਾ

ਸਿੱਖਾਂ ਲਈ ਭਾਰੀ ਚੇਤਾਵਣੀ ਹੈ

(ਸਿੰਹ ਨਹੀਂ, ਸਿੰਘ) - (ਸਮਅਰਥੀ ਹਨ-ਸਿੱਖ, ਸਿੰਘ ਤੇ ਖਾਲਸਾ) - (ਕੜੇ ਤੇ ਮੌਲੀ `ਚ ਫ਼ਰਕ?)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਨਾਂਵਾਂ ਪਿਛੇ ‘ਸਿੰਘ ਤੇ ਕੌਰ’, ਇਸੇ ਤਰ੍ਹਾਂ ਸਿੱਖ ਦੀ ਕਲਾਈ `ਚ ਪਿਆ ਕੜਾ, ਸਿੱਖ ਦੇ ਕੋਲ ਗੁਰਦੇਵ ਤੋਂ ਪ੍ਰਾਪਤ ਇਹ ਦੋ ਵਰਦਾਨ ਹਨ। ਸਿੱਖ ਨੂੰ ਇਹ ਅਤੇ ਤੀਜਾ ਇੱਕ ਹੋਰ ਵਰਦਾਨ ਬਖਸ਼ਿਆ ਤਾਂ ਉਹ ਸੀ ਕਿ ਸਿੱਖਾਂ ਨੂੰ ‘ਖੰਡੇ ਦੀ ਪਾਹੁਲ’ ਛਕਾਉਣ ਅਤੇ ਆਪਸੀ ਮਿਲਾਪ ਲਈ ਬੋਲਾ ਬਖਸ਼ਿਆ ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫ਼ਤਹਿ। ਇਸ ਤਰ੍ਹਾਂ ਸਿੱਖ ਨੂੰ ਗੁਰੂ ਪਾਤਸ਼ਾਹ ਵਲੋਂ ਇਹ ਤਿੰਨੇ ਵਰਦਾਨ ਪ੍ਰਾਪਤ ਹੋਏ ਵਿਸਾਖੀ ਸੰਨ ੧੬੯੯ ਨੂੰ। ਦਸਮੇਸ਼ ਜੀ ਨੇ ਵਿਸਾਖੀ ਸੰਨ ੧੬੯੯ ਨੂੰ, ਸਿੱਖ ਧਰਮ `ਚ ਪ੍ਰਵੇਸ਼ ਲਈ ਪਹਿਲੇ ਪਾਤਸ਼ਾਹ ਤੋਂ ਚਲਦੇ ਆ ਰਹੇ ਚਰਨਪਾਹੁਲ ਵਾਲੇ ਢੰਗ ਨੂੰ ‘ਖੰਡੇ ਦੀ ਪਾਹੁਲ’ `ਚ ਬਦਲਿਆ। ਉਸ ਦਿਨ ਦਸਮੇਸ਼ ਜੀ ਨੇ ਇਸ ਪਧਤੀ ਨੂੰ ਇੱਕ ਗੁਰੂ ਵਿਅਕਤੀ ਤੋਂ ਬਦਲ ਕੇ ਸਮੂਹਕ ਪਾਹੁਲ ਪ੍ਰਾਪਤ ਪੰਜਾਂ ਦੇ ਰੂਪ `ਚ ਪੰਥ ਦੇ ਸਪੁਰਦ ਕਰ ਦਿੱਤਾ। ਇਸੇ ਲਈ ਇਸ ਇਤਿਹਾਸਕ ਦਿਹਾੜੇ ਨੂੰ ‘ਪੰਥ ਸਾਜਨਾ ਦਿਵਸ’ ਜਾਂ ‘ਪੰਥ ਸਾਜਿਆ’ ਵੀ ਕਿਹਾ ਜਾਂਦਾ ਹੈ।

ਸਿੰਹ ਨਹੀਂ, ਸਿੰਘ- ਜਦੋਂ ਗੁਰਦੇਵ ਨੇ ਆਪ ਬਖ਼ਸ਼ਿਸ਼ ਕਰ ਕੇ ਸਾਡੇ ਨਾਵਾਂ ਪਿਛੇ ਲਫਜ਼ ‘ਸਿੰਘ ਤੇ ਕੌਰ’ ਪੱਕੇ ਕਰ ਦਿੱਤੇ ਤਾਂ ਇਸ ਤੋਂ ਬਾਅਦ ਇਨ੍ਹਾਂ ਲਫ਼ਜ਼ਾਂ `ਚ ਕਦੇ ਤੇ ਕਿਸੇ ਤਰ੍ਹਾਂ ਦੀ ਵੀ ਅਦਲਾ ਬਦਲੀ ਜਾਂ ਤਬਦੀਲੀ ਸੰਭਵ ਹੀ ਨਹੀਂ। ਸਿੱਖ ਵੀਰਾਂ ਲਈ ਸਿੰਘਤੇ ਬੀਬੀਆਂ ਲਈ ‘ਕੌਰ’, ਇਹ ਦੋਵੇਂ ਲਫ਼ਜ਼ ਹਰੇਕ ਸਿੱਖ ਦੀ ਪ੍ਰਵਾਰਕ ਇਕਾਈ ਦੇ ਸੂਚਕ ਹਨ। ਇਹੀ ਕਾਰਨ ਹੈ ਕਿ ਲਫ਼ਜ਼ ‘ਸਿੰਘ’ ਦੇ ਬਦਲੇ ‘ਸਿੰਹ’, ‘ਟਾਈਗਰ’, ‘ਲਾਇਨ’ ਆਦਿ ਕੋਈ ਵੀ ਲਫ਼ਜ਼ ਨਹੀਂ ਵਰਤਿਆ ਜਾ ਸਕਦਾ। ਦਰਅਸਲ ਇਸ ਬਾਰੇ ਇਹ ਫ਼ੈਸਲਾ ‘ਸ਼੍ਰੋ: ਗੁ: ਪ੍ਰ: ਕਮੇਟੀ’ ਸ੍ਰੀ ਅੰਮ੍ਰਿਤਸਰ ਅਤੇ ‘ਦਿ: ਸਿ: ਪ੍ਰ: ਕਮੇਟੀ’ ਦਾ ਵੀ ਹੈ। ਇਹ ਗੱਲ ਇਸ ਤਰ੍ਹਾਂ ਹੈ, ਜਿਵੇਂ ਕੁੱਝ ਸੱਜਨਾਂ ਨਾਮ ‘ਪ੍ਰਦੀਪ ਸਿੰਘ’ ‘ਜਗਜੀਤ ਸਿੰਘ’ ਜਾਂ ‘ਹਰਨਾਮ ਸਿੰਘ’ ਆਦਿ ਹਨ, ਤਾਂ ਉਨ੍ਹਾਂ ਦੇ ਨਾਮ ਬਦਲ ਕੇ ‘ਪ੍ਰਦੀਪ ਸਿੰਹ’, ‘ਜਗਜੀਤ ਸਿੰਹ’, ‘ਹਰਨਾਮ ਸਿੰਹ’ ਆਦਿ ਨਹੀਂ ਕੀਤੇ ਜਾ ਸਕਦੇ। ਇਸ ਦੇ ਬਾਵਜੂਦ ਅੱਜ ਬਹੁਤਾ ਕਰਕੇ ਇਹੀ ਹੋ ਰਿਹਾ ਹੈ ਜਾਂ ਕੀਤਾ ਤੇ ਕਰਵਾਇਆ ਜਾ ਰਿਹਾ ਹੈ। ਜਦਕਿ ਉਂਝ ਵੀ ਸਿਧਾਂਤਕ ਪੱਖੋਂ ਜਦੋਂ ਕੋਈ ਲਫ਼ਜ਼ ਆਪਣੀ ਖਾਸ ਜਗ੍ਹਾ ਲੈ ਲੈਂਦਾ ਹੈ ਜਾਂ ਉਸ ਨੂੰ ਮਿਲ ਜਾਂਦੀ ਹੈ ਤਾਂ ਉਸ ਦੇ ਕੋਈ ਵੀ ਬਦਲਵੇਂ ਅਰਥ ਨਹੀਂ ਰਹਿ ਜਾਂਦੇ ਤੇ ਨਾ ਹੀ ਉਸ ਦੀ ਦੂਜੇ ਲਫ਼ਜ਼ਾਂ ਨਾਲ ਅਦਲਾ ਬਦਲੀ ਹੀ ਹੋ ਸਕਦੀ ਹੈ।

ਇਹ ਦੋਵੇਂ ਲਫ਼ਜ਼ ਸਿੱਖਾਂ ਦੀ ਕੇਵਲ ਪ੍ਰਵਾਰਕ ਇਕਾਈ ਦੇ ਸੂਚਕ ਹੀ ਨਹੀਂ ਹਨ ਬਲਕਿ ਸਿੱਖਾਂ ਦੀ ਵਿਰਾਸਤ ਨਾਲ ਵੀ ਸਬੰਧਤ ਹਨ। ਇਸ ਤੋਂ ਇਲਾਵਾ, ‘ਸਿੰਘ ਤੇ ਕੌਰ’, ਦੋਵੇਂ ਲਫ਼ਜ਼ ਸਿੱਖ ਲਈ, ਗੁਰੂ ਸਾਹਿਬ ਵਲੋਂ ਚੇਤਾਵਣੀ ਮਾਤ੍ਰ ਵੀ ਹਨ ਕਿ ‘ਗੁਰੂ ਕੇ ਸਿੱਖਾਂ’ ਨੇ, ਆਪਣੇ ਨਾਵਾਂ ਪਿਛੇ ‘ਸਿੰਘ ਤੇ ਕੌਰ ਤੋਂ ਬਾਅਦ ਕਿਸੇ ਪ੍ਰਕਾਰ ਦੀ ਵੀ ਜਾਤ-ਪਾਤ-ਗੋਤ ਵਾਲੀ ਪੂਛਲ ਨਹੀਂ ਲਗਾਉਣੀ। ਚੇਤੇ ਰਹੇ ਕਿ ਅਜਿਹਾ ਕਰਣਾ ਆਪਣੇ ਆਪ `ਚ ਕਿਸੇ ਸਿੱਖ ਦਾ ਬ੍ਰਾਹਮਣੀਕਰਣ ਕਰਣਾ ਵੀ ਹੈ। ਇਸ ਦੇ ਬਾਵਜੂਦ ਜੋ ਲੋਕ, ਸਿੱਖ ਹੁੰਦੇ ਹੋਏ ਵੀ ਆਪਣੇ ਨਾਵਾਂ ਨਾਲ ਬੇਦੀ, ਸੋਢੀ, ਜੁਨੇਜਾ, ਖਰਬੰਦਾ ਆਦਿ ਜਾਤੀ ਬੋਧਕ ਲਫ਼ਜ਼ ਜਾਂ ਬਰਾਦਰੀਆਂ ਜਿਵੇਂ ਜੱਟ, ਭਾਪਾ, ਮਜ਼ਹਬੀ ਆਦਿ ਲਗਾਉਂਦੇ ਹਨ; ਸਾਬਤ ਕਰਦੇ ਹਨ ਕਿ ਉਹ ਸੱਜਨ ਆਪਣੀ ਵਿਰਾਸਤ ਬਾਰੇ ਅਣਜਾਣ ਹਨ। ਜੇ ਅਜਿਹਾ ਨਹੀਂ ਤਾਂ ਇਸ ਪੱਖੋਂ ਲਾਪਰਵਾਹ ਜ਼ਰੂਰ ਹਨ। ਇਸ ਲਈ ਅਜਿਹੇ ਸੱਜਨਾਂ ਨੂੰ ਇਸ ਪਖੋਂ ਵਧੇਰੇ ਸੁਚੇਤ ਹੋਣ ਦੀ ਲੋੜ ਹੈ। ਹੋਰ ਤਾਂ ਹੋਰ ਅਜਿਹੇ ਸੱਜਨ, ਬੇਸ਼ਕ ਅਨਜਾਣੇ `ਚ ਹੀ, ਪਰ ਸਿੱਖ ਪੰਥ ਤੇ ਸਿੱਖੀ ਪ੍ਰਵਾਰ `ਚ ਤ੍ਰੇੜਾਂ ਪਾਉਣ ਲਈ ਵੀ ਬਰਾਬਰ ਦੇ ਹਿੱਸੇਦਾਰ ਹਨ।

ਕੜਾ ਤੇ ਸਿੱਖ-ਸਿੱਖ ਛੇਵੇਂ ਜਾਮੇ ਤੀਕ ਚਾਰ ਕਕਾਰਾਂ ਦਾ ਧਾਰਨੀ ਹੋ ਚੁੱਕਾ ਸੀ। ਉਸ ਦੇ ਨਾਵਾਂ ਨਾਲ ਸਿੰਘ-ਕੌਰ ਤੋਂ ਇਲਾਵਾ ਉਸ ਦਿਨ ਭਾਵ ਵਿਸਾਖੀ ਸੰਨ ੧੬੯੯ ਨੂੰ ਹੀ, ਗੁਰਦੇਵ ਨੇ ਸਿੱਖ ਨੂੰ ਪੰਜਵਾਂ ਕਕਾਰ ‘ਕੜਾ’ ਵੀ ਬਖ਼ਸ਼ਿਆ। ਇਸ ਤਰ੍ਹਾਂ ਉਸ ਦਿਨ ਸਿੱਖ ਲਈ ਉਸ ਦੇ ਪੰਜ ਕਕਾਰ ਵੀ ਸਦੀਵ ਕਾਲ ਲਈ ਨਿਯਤ ਕਰ ਦਿੱਤੇ ਗਏ। ਇਹ ਪੰਜਵਾਂ ਕਕਾਰ ‘ਕੜਾ’ ਸਿੱਖ ਨੂੰ ਸ਼ਾਬਾਸੀ ਦਾ ਤਗ਼ਮਾ ਤੇ ਉਸ ਲਈ ਇਸ ਸਚਾਈ ਦਾ ਸੂਚਕ ਵੀ ਸੀ ਕਿ ਇਸ ਕੜੇ ਦੀ ਅਟੁੱਟ ਗੋਲਾਈ ਵਾਂਗ ਸਿੱਖ ਦਾ ਜੀਵਨ ਵੀ ਪੂਰੀ ਤਰ੍ਹਾਂ ਗੁਰਬਾਣੀ ਸਿੱਖਿਆ ਦਾਇਰੇ `ਚ ਆ ਚੁੱਕਾ ਹੈ। ਮਤਲਬ ਕਿ ਗੁਰਬਾਣੀ ਸਿੱਖਿਆ ਤੇ ਜੀਵਨਜਾਚ ਦੇ ਦਾਇਰੇ `ਚੋਂ ਬਾਹਿਰ ਜਾਣ ਵਾਲਾ ਨਹੀਂ। ਇਸ ਦੇ ਨਾਲ, ਉਸ ਦਿਨ ਗੁਰਦੇਵ ਨੇ ਪੰਥ `ਚ ਜੋ ਤੀਸਰਾ ਅਤੇ ਇੱਕ ਹੋਰ ਵਾਧਾ ਕੀਤਾ ਤਾਂ ਉਹ ਸੀ ਸਿੱਖਾਂ ਨੂੰ ‘ਖੰਡੇ ਦੀ ਪਾਹੁਲ’ ਛਕਾਉਣ ਅਤੇ ਆਪਸੀ ਮਿਲਾਪ ਲਈ ਬੋਲਾ ਵੀ ਬਖਸ਼ਿਆ ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫ਼ਤਹਿ

ਇਸ ਤਰ੍ਹਾਂ ਇਸ ਬੋਲੇ ਰਾਹੀਂ, ਸਿੱਖ ਨੂੰ ‘ਖਾਲਸੇ’ ਵਾਲਾ ਉਹ ਖਿਤਾਬ ਵੀ ਪ੍ਰਾਪਤ ਹੋ ਗਿਆ, ਜੋ ਇਸ ਦੇ ਲਈ ਗੁਰਦੇਵ ਨੇ ਕਬੀਰ ਸਾਹਿਬ ਦੀ ਬਾਣੀ ਰਾਹੀਂ ਕਹੁ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤਿ ਜਿਹ ਜਾਨੀ(ਪੰ: ੬੫੫) ਅਨੁਸਾਰ ਪਹਿਲੇ ਜਾਮੇ `ਚ ਹੀ ਨੀਯਤ ਕਰ ਦਿੱਤਾ ਸੀ। ‘ਖਾਲਸਾ’ ਵਾਲੇ ਸੰਬੋਧਨ ਦਾ ਅਰਥ ਵੀ ਉਹੀ ਸੀ, ਜੋ ਕੜੇ ਵਾਲੇ ਕਕਾਰ ਦਾ ਸੀ ਭਾਵ ਸਿੱਖ ਅਖਵਾਉਣ ਵਾਲੇ ਦੇ ਜੀਵਨ ਦੀ ਘਾੜਤ ਗੁਰਬਾਣੀ ਦੇ ਦਾਇਰੇ `ਚ ਹੀ ਰਹਿਣੀ ਹੈ। ਇਹੀ ਮੂਲ ਅਰਥ ਹਨ ੴ ਦੇ ਭਾਵ ਗੁਰਬਾਣੀ ਸਿੱਖਿਆ ਦੀ ਸੀਮਾ `ਚ ਬੱਝਾ ਹੋਇਆ ਜੀਵਨ। ਇਸ ਤਰ੍ਹਾਂ, ਵਿਸਾਖੀ ਸੰਨ ੧੬੯੯ ਨੂੰ ਛੇਵੇਂ ਜਾਮੇ ਤੀਕ ਚਲਦੇ ਆ ਰਹੇ ਸਿੱਖ ਦੇ ਚਾਰ ਕਕਾਰਾਂ `ਚ ਪੰਜਵਾਂ ਕਕਾਰਾਂ `ਚ ਕੜਾ ਵੀ ਸਿੱਖ ਦੀ ਸਤਿਗੁਰਾਂ ਵਲੋਂ ਇਸੇ ਸ਼ਾਬਾਸ਼ੀ ਦੀ ਹੀ ਪ੍ਰਗਟਾਵਾ ਸੀ ਕਿ ਹੁਣ ਸਿੱਖ ਦਾ ਜੀਵਨ ਕੜੇ ਵਾਂਙ ਹੀ, ਗੁਰਬਾਣੀ ਸਿਖਿਆ ਦੇ ਦਾਇਰੇ `ਚ ਬੱਝ ਚੁੱਕਾ ਹੈ ਪਰ ਅੱਜ ਕਿੱਥੇ ਖੜੇ ਹਾਂ?

ਕੜੇ ਦਾ ਪਿਛੌਕੜ- ਇਤਿਹਾਸ ਦੀ ਗਹਿਰਾਈ `ਚ ਜਾਵੀਏ ਤਾਂ ਸਮਝਦੇ ਦੇਰ ਨਹੀਂ ਲਗਦੀ ਕਿ ਸਿੱਖ ਦੀ ਕਲਾਈ `ਚ ਪਏ ਕੜੇ ਦਾ ਪਿਛੌਕੜ ਆਖਿਰ ਹੈ ਕੀ? ਦਰਅਸਲ ਬ੍ਰਾਹਮਣ ਮੱਤ `ਚ ਭਿੰਨ-ਭਿੰਨ ਫ਼ਿਰਕੇ ਹਨ ਜਿਵੇਂ ਧਰਮ-ਉਪਦੇਸ਼ ਲਈ ਪਾਂਡੇ, ਮਰਨ-ਕਿਰਿਆ ਲਈ ਅਚਾਰਜੀ, ਸਨਿਚਰ-ਮੰਗਲ ਦਾ ਦਾਨ ਲੈਣ ਲਈ ਵੇਦਵੇ। ਇਤਿਹਾਸ `ਚ ਜ਼ਿਕਰ ਆਉਂਦਾ ਹੈ ਕਿ ਇੱਕ ਵਾਰੀ ਦਸਮੇਸ਼ ਪਿਤਾ ਦੇ ਦਰਬਾਰ `ਚ ਇੱਕ ਵੇਦਵਾ ਆਇਆ। ਸੰਗਤਾਂ ਅੰਦਰ ਗੁਰੂ ਲਈ ਬੇਅੰਤ ਸ਼ਰਧਾ-ਸਤਿਕਾਰ ਤੇ ਭੇਟਾ ਭਾਵਣਾ ਦੇਖ, ਉਸ ਦੇ ਮਨ `ਚ ਆਇਆ, ਜੇ ਮੈਂ ਵੀ ਗੁਰੂ ਜੀ ਨੂੰ ਪ੍ਰਭਾਵਤ ਕਰ ਲਿਆ ਤਾਂ ਇਸ ਦਰ ਤੋਂ ਸਨਿਚਰ ਦਾ ਇਤਨਾ ਵੱਧ ਦਾਨ ਮਿਲ ਜਾਵੇਗਾ ਕਿ ਸਾਰੀ ਉਮਰ ਕੰਮ ਹੀ ਨਹੀਂ ਕਰਣਾ ਪਵੇਗਾ। ਉਹ ਮੂਰਖ ਕੀ ਜਾਣੇ, ਗੁਰੂਦਰ ਤਾਂ ਲੋਕਾਂ ਨੂੰ ਇਨ੍ਹਾਂ ਥਿੱਤਾਂ-ਵਾਰਾਂ ਦੇ ਵਹਿਮਾਂ-ਭਰਮਾਂ ਚੋਂ ਕੱਢ ਕੇ, ਲੋਕਾਈ ਦੇ ਜੀਵਨ ਨੂੰ ਸਾਫ਼ ਸੁਥਰਾ ਕਰਦਾ ਹੈ।

ਵੇਦਵੇ ਨੇ ਪਾਤਸ਼ਾਹ ਤੀਕ ਪਹੁੰਚ ਕੀਤੀ ਤੇ ਆਪਣੀ ਕੁਟਿਲ ਨੀਤੀ ਅਨੁਸਾਰ ਕਹਿਣ ਲੱਗਾ “ਪਾਤਸ਼ਾਹ! ਆਪ ਉਪਰ ਹਰ ਸਮੇਂ ਜੰਗਾਂ-ਜੁੱਧਾਂ ਦੇ ਬੱਦਲ ਛਾਏ ਰਹਿੰਦੇ ਹਨ, ਇਹ ਸਭ ਸ਼ਨੀ ਦੇਵਤੇ ਦੀ ਕ੍ਰੋਪੀ ਕਾਰਨ ਹਨ। ਜੇ ਆਪ ‘ਸ਼ਨੀ ਦੇਵਤੇ’ ਨੂੰ ਖੁਸ਼ ਕਰ ਦੇਵੋ ਤਾਂ ਇਹ ਸਾਰੇ ਜੰਗ ਜੁੱਧ ਟਲ ਜਾਣਗੇ”। ਨਾਸਮਝ ਵੇਦਵਾ ਕੀ ਜਾਣੇ ‘ਗੁਰੂਦਰ ਦੀਆਂ ਸਿਫ਼ਤਾਂ ਨੂੰ। ਇਹ ਯੁੱਧ, ਜਿਨ੍ਹਾਂ ਦੀ ਵੇਦਵਾ ਗੱਲ ਕਰ ਰਿਹਾ ਸੀ, ਇਹ ਤਾਂ ਮਜ਼ਲੂਮਾਂ ਦੀ ਬਾਂਹ ਫ਼ੜਣ ਲਈ ਗੁਰੂ ਜੀ ਨੇ ਆਪ ਸਹੇੜੇ ਹੋਏ ਹਨ। ਦੂਜੇ ਪਾਸੇ, ਦੇਖਿਆ ਜਾਵੇ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਹੀ ਗੁਰਮੱਤ ਦੀ ਤਿਆਰੀ ਪਖੋਂ ਸਮੇਂ ਸਮੇਂ ਨਾਲ ਸਿੱਖ-ਸੰਗਤਾਂ ਦੀ ਪਰਖ ਵੀ ਹੁੰਦੀ ਆ ਰਹੀ ਸੀ। ਇਸ `ਤੇ ਗੁਰੂ ਜੀ ਮੁਸਕਰਾਏ, ਸੋਚਿਆ! ਚਲੋ ਇਸੇ ਬਹਾਨੇ ਸਿੱਖਾਂ ਦਾ ਇਮਤਿਹਾਨ ਵੀ ਹੋ ਜਾਵੇਗਾ।

ਗੁਰੂ ਜੀ ਨੇ ਲੰਗਰ ਇੰਚਾਰਜ ਨੂੰ ਬੁਲਾਇਆ ਤੇ ਵੇਦਵੇ ਦੀ ਗੱਲ ਨੂੰ ਦੋਹਰਾ ਕੇ ਹੁਕਮ ਕੀਤਾ “ਵੇਦਵਾ ਜੋ ਮੰਗਦਾ ਹੈ ਇਸ ਨੂੰ ਦੇ ਦਿੱਤਾ ਜਾਵੇ”। ਸਿੱਖ ਚੇਤੰਨ ਹੋ ਗਏ, ਸਮਝ ਗਏ ਅੱਜ ਕਲਗੀਧਰ ਜੀ ਜ਼ਰੂਰ ਕੋਈ ਖੇਡ ਵਰਤਾ ਰਹੇ ਨੇ। ਉਸ ਸਮੇਂ ਸੰਗਤਾਂ ਦੀ ਹਾਲਤ ਗੁਰਬਾਣੀ ਜੀਵਨ-ਸੋਝੀ ਪੱਖੋਂ ਅੱਜ ਵਾਂਗ ਪੱਤਲੀ ਨਹੀਂ ਸੀ। ਅਜ ਤਾਂ ਜੇ ਕੋਈ ਵੇਦਵਾ, ਘਰ-ਦੁਕਾਨ-ਫੈਕਟਰੀ ਦੇ ਬਾਹਰ ਆ ਜਾਵੇ ਤਾਂ ਕਈ ਸੱਜਨਾਂ ਨੂੰ ਇਹ ਵੀ ਹੋਸ਼ ਨਹੀਂ ਹੁੰਦੀ, ਜੋ ਕਿ ਸਿਰ `ਤੇ ਦਸਤਾਰ ਜਾਂ ਕਲਾਈ `ਚ ਕੜਾ ਵੀ ਹੈ ਜਾਂ ਨਹੀਂ। ਉਲਟਾ ਘਬਰਾਹਟ ਹੁੰਦੀ ਹੈ, ਕਿਧਰੇ ਸਨੀਚਰੀਆ ਤੇਲ ਲੈਣ ਤੋਂ ਬਿਨਾ ਹੀ ਨਾ ਚਲਾ ਜਾਵੇ। ਜੇ ਕਰ ਖਾਲੀ ਚਲਾ ਗਿਆ ਤਾਂ ਪਤਾ ਨਹੀਂ ਕਿਹੜੀ ਆਫ਼ਤ ਆ ਜਾਵੇਗੀ? ਸ਼ਾਇਦ ਇਸੇ ਸਨੀਚਰ ਦੀ ਕਰੋਪੀ ਤੋਂ ਡਰਦੇ ਅੱਜ ਕਈ ਅਗਿਆਨੀ ਸਿੱਖ ਕਿਸੇ ਹੋਰ ਦਿਨ ਨਹੀਂ ਬਲਕਿ ਉਚੇਚੇ ਸਨੀਚਰ ਵਾਰ ਨੂੰ ਮੰਦਿਰਾਂ `ਚ ਵਰਤਿਆ ਜਾਣ ਵਾਲਾ ਛੋਲਿਆਂ ਦਾ ਪ੍ਰਸ਼ਾਦ ਲੈ ਕੇ ਗੁਰਦੁਆਰਿਆਂ `ਚ ਵੀ ਜਾ ਪੁੱਜਦੇ ਹਨ।

ਇਸੇ ਤਰ੍ਹਾਂ ਜੇ ਵਿਦੇਸ਼ਾਂ ਦੀ ਗੱਲ ਕਰੀਏ! ਉਥੇ ਵੀ ਕੇਵਲ ਤਰੀਕੇ ਦਾ ਹੀ ਫ਼ਰਕ ਹੈ ਜਦਕਿ ਅਜਿਹੇ ਸੱਜਨਾਂ ਦੀ ਸੋਚ ਦਾ ਪੱਧਰ ਉਥੇ ਵੀ ਉਹੀ ਹੈ, ਜੋ ਭਾਰਤ `ਚ ਹੈ। ਉਥੇ ਵੇਦਵੇ ਘਰਾਂ-ਦੁਕਾਨਾਂ `ਤੇ ਤੇਲ ਮੰਗਣ ਨਹੀਂ ਆਉਂਦੇ ਅਤੇ ਨਾ ਹੀ ਸੜਕਾਂ `ਤੇ ਲੋਹੇ ਦੇ ਸਨੀਚਰ ਬਣਾ ਕੇ ਰਖੇ ਹੁੰਦੇ ਨੇ। ਫ਼ਿਰ ਵੀ ਗੁਰਬਾਣੀ ਸੋਝੀ ਦੇ ਦਾਇਰੇ `ਚ ਚਲਣ ਵਾਲੇ ਸਿੱਖੀ ਜੀਵਨ ਤੋਂ ਅਨਜਾਣ, ਉਥੇ ਵੀ ਅਜਿਹੇ ਅਗਿਆਣੀ ਸਿੱਖ, ਆਪ ਹੀ ਸਿੱਖ-ਧਰਮ ਦਾ ਮਜ਼ਾਕ ਬਣੇ ਹੁੰਦੇ ਨੇ। ਉਹ ਲੋਕ ਜਦੋਂ ਗੁਰਦੁਆਰਿਆਂ `ਚ ਆਉਂਦੇ ਹਨ ਤਾਂ ਆਪਣੇ ਨਾਲ ਮਾਂਹ ਦੀ ਦਾਲ, ਸਰਸੋਂ ਦੇ ਤੇਲ ਦੇ ਟੀਨ ਤੇ ਨਾਲ ਨਾਲ ਲੋਹੇ ਵਾਲੀ ਗੱਲ ਪੂਰੀ ਕਰਣ ਲਈ ਵੀ, ਦਾਲ ਵਾਲੇ ਪਾਲੀ-ਪੈਕਾਂ `ਚ ਦੋ-ਚਾਰ ਲੋਹੇ ਦੇ ਕਿੱਲ ਪਾ ਲਿਆਉਂਦੇ ਹਨ। ਇਹ ਤਾਂ ਹੈ ਅਜੋਕੇ ਗੁਰਬਾਣੀ ਜੀਵਨ ਤੋਂ ਪੱਛੜ ਚੁੱਕੇ ਭਾਰਤੀ ਤੇ ਭਾਵੇਂ ਵਿਦੇਸ਼ੀ ਸਿੱਖਾਂ ਦੀ ਮਾਨਸਿਕ ਦਸ਼ਾ ਹੈ। ਪਰ ਦਸਾਂ ਜਾਮਿਆਂ ਸਮੇਂ ਸਿੱਖਾਂ ਦੀ ਇਹ ਹਾਲਤ ਨਹੀਂ ਸੀ ਕਿਉਂਕਿ ਸਿੱਖ ਗੁਰਬਾਣੀ ਜੀਵਨ ਪੱਖੋਂ ਜਾਗਦੇ ਸਨ।

ਖੈਰ! ਕਲਗੀਧਰ ਜੀ ਦਾ ਹੁਕਮ ਸੀ, ਪਾਲਣਾ ਤਾਂ ਹੋਣੀ ਹੀ ਸੀ। ਵੇਦਵਾ ਸਮਝੀ ਬੈਠਾ ਸੀ ਕਿ ਅੱਜ ਉਸ ਨੇ ਵੱਡੀ ਮੱਲ ਮਾਰ ਲਈ ਹੈ। ਸਾਮਾਨ ਲੱਦਣ ਲਈ ਖੋਤੇ ਵੀ ਲੈ ਆਇਆ। ਗੁਰੂ ਦਰਬਾਰ ਤੋਂ ਉਸ ਨੂੰ ਜੋ ਵੱਡੀ ਸੇਵਾ ਮਿਲੀ, ਉਹ ਸੀ ਮਾਂਹ ਦੀ ਦਾਲ ਦੇ ਬੋਰੇ, ਸਰਸੋਂ ਵਾਲੇ ਤੇਲ ਦੇ ਟੀਨ ਤੇ ਖੂਬ ਸਾਰਾ ਲੋਹਾ। ਬਹੁਤ ਸਾਰਾ ਲੋਹਾ ਵੀ ਇਸ ਲਈ, ਕਿਉਂਕਿ ਉੱਥੇ ਹਥਿਆਰਾਂ ਦੀਆਂ ਫ਼ੈਕਟਰੀਆਂ ਤਾਂ ਹੈ ਹੀ ਸਨ ਇਸ ਲਈ ਗੁਰੂ ਦਰਬਾਰ `ਚ ਲੋਹੇ ਦਾ ਵੀ ਘਾਟਾ ਨਹੀਂ ਸੀ।

ਬ੍ਰਾਹਮਣ ਮੱਤ ਦੇ ਦੇਵੀਆਂ ਦੇਵਤੇ? -ਸਚਾਈ ਇਹ ਕਿ ਬ੍ਰਾਹਮਣ ਨੇ ਜਿਨੇਂ ਵੀ ਦੇਵੀਆਂ-ਦੇਵਤੇ ਘੜੇ ਹਨ-ਸਾਰਿਆਂ ਕੋਲੋਂ ਮੰਗਾਂ ਵੀ ਵੱਖੋ ਵੱਖ ਹਨ। ਸਾਰਿਆਂ ਦੀ ਪਸੰਦ ਵੱਖੋ-ਵੱਖ ਹੈ, ਉਨ੍ਹਾਂ ਦਾ ਸੁਭਾਅ, ਸ਼ਕਲਾਂ ਤੇ ਉਨ੍ਹਾਂ ਦੇ ਵਾਹਨ (ਸੁਆਰੀਆਂ) ਵੀ ਵੱਖ-ਵੱਖ ਹਨ। ਉਨ੍ਹਾਂ ਦੀ ਪੂਜਾ-ਮਾਨਤਾ ਦਾ ਦਿਨ, ਉਨ੍ਹਾਂ ਦੀਆਂ ਕ੍ਰੋਪੀਆਂ, ਸ਼ਾਪ, ਉਨ੍ਹਾਂ ਤੋਂ ਮੰਗਾਂ ਤੇ ਵਰਦਾਨ-ਸਭ ਵੱਖ-ਵੱਖ ਦਸੇ ਹਨ। ਕਿਸੇ ਤੋਂ ਰੂਪ ਮੰਗਣਾ ਹੈ, ਕਿਸੇ ਤੋਂ ਤਾਕਤ, ਕਿਸੇ ਤੋਂ ਪੈਸਾ, ਕਿਸੇ ਤੋਂ ਔਲਾਦ. . । ਖੈਰ ਇਨ੍ਹਾਂ ਤੇਤੀ ਕਰੋੜ ਦੇਵੀ-ਦੇਵਤਿਆਂ `ਚੋਂ ਹੀ ਇੱਕ ਹੈ ਸਨੀਚਰ ਦੇਵਤਾ। ਇਸ ਸਾਰੇ ਦੇ ਉਲਟ, ਇਧਰ ਗੁਰਬਾਣੀ ਅਨੁਸਾਰ “ਕੋਟਿ ਸੂਰ ਜਾ ਕੈ ਪਰਗਾਸ॥ ਕੋਟਿ ਮਹਾਦੇਵ ਅਰੁ ਕਬਿਲਾਸ॥ ਦੁਰਗਾ ਕੋਟਿ ਜਾ ਕੈ ਮਰਦਨੁ ਕਰੈ॥ ਬ੍ਰਹਮਾ ਕੋਟਿ ਬੇਦ ਉਚਰੈ॥   ॥ ਜਉ ਜਾਚਉ ਤਉ ਕੇਵਲ ਰਾਮ॥ ਆਨ ਦੇਵ ਸਿਉ ਨਾਹੀ ਕਾਮ (ਪੰ: ੧੧੬੨) ਹੋਰ “ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ॥ ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੁਡਹਿ ਤੇਹਿ” (ਪੰ: 637) ਅਰਥ ਹਨ ਐ ਭਾਈ! ਤੂੰ ਦੇਵੀ-ਦੇਵਤਿਆਂ ਦੀ ਪੂਜਾ ਕਰਦਾ ਹੈਂ। ਤੂੰ ਉਨ੍ਹਾਂ ਤੋ ਮੰਗਦਾ ਕੁੱਝ ਹੈਂ ਤੇ ਬਦਲੇ `ਚ ਤੈਨੂੰ ਮਿਲਦਾ ਕੁੱਝ ਹੋਰ ਹੈ। ਤੈਨੂੰ ਫਿਰ ਵੀ ਆਪਣੀ ਕਰਣੀ ਜਾਂ ਇਨ੍ਹਾਂ ਦੀ ਹੋਂਦ ਦੀ ਸਚਾਈ ਬਾਰੇ ਸਮਝ ਨਹੀਂ ਆਉਂਦੀ। ਇਸੇ ਤਰ੍ਹਾਂ ਗੁਰਬਾਣੀ ਦਾ ਹੀ ਫ਼ੁਰਮਾਨ ਹੈ “ਦੇਵੀ ਦੇਵਾ ਪੂਜਹਿ ਡੋਲਹਿ ਪਾਰਬ੍ਰਹਮ ਨਹੀਂ ਜਾਨਾ॥ ਕਹਤ ਕਬੀਰ ਅਕੁਲੁ ਨਹੀ ਚੇਤਿਆ ਬਿਖਿਆ ਸਿਉ ਲਪਟਾਨਾ” (ਪੰ: 332) ਭਾਵ ਦੇਵੀ-ਦੇਵਤਿਆਂ ਦੀ ਆਪਣੀ ਕੋਈ ਹੋਂਦ ਨਹੀਂ। ਅਸਲ `ਚ ਅਜੂਨੀ, ਸੈਭੰ ਪ੍ਰਭੂ ਦੀ ਸਮਝ ਨਾ ਹੋਣ ਕਾਰਨ ਹੀ ਮਨੁੱਖ ਕੇਵਲ ਝੂਠ (ਬਿਖਿਆ) ਨਾਲ ਹੀ ਚਿੱਪਕਿਆ (ਲਪਟਾਣਾ) ਰਹਿੰਦਾ ਹੈ। ਇਹੀ ਕਾਰਨ ਹੈ ਕਿ ਇਹ ਸਭ ਕੁੱਝ ਕਰ-ਕਰ ਕੇ ਮਨ ਕਰਕੇ ਉਖੜਿਆ ਹੀ ਰਹਿੰਦਾ ਹੈ, ਇਸ ਦੇ ਮਨ `ਚ ਟਿਕਾਅ ਤੇ ਸ਼ਾਂਤੀ ਨਹੀਂ ਆਉਂਦੀ।

ਗੁਰਬਾਣੀ ਦਾ ਫ਼ੈਸਲਾ ਹੈ “ਦੇਵੀ ਦੇਵਾ ਮੂਲੁ ਹੈ ਮਾਇਆ॥ ਸਿੰਮ੍ਰਿਤਿ ਸਾਸਤ ਜਿੰਨਿ ਉਪਾਇਆ” (ਪੰ: ੧੨੯) ਭਾਵ ਇਹ ਸਾਰੇ ਦੇਵੀਆਂ-ਦੇਵਤੇ ਕੇਵਲ ਬ੍ਰਾਹਮਣ ਦੇ ਦਿਮਾਗ਼ ਦੀ ਉਪਜ ਤੇ ਉਸ ਦੀ ਉਦਰ ਪੂਰਤੀ ਦਾ ਸਾਧਨ ਹਨ। ਗੁਰਬਾਣੀ ਮੁਤਾਬਕ ਇਨ੍ਹਾਂ ਦਾ ਨਾ ਕੋਈ ਵਜੂਦ ਹੈ ਤੇ ਨਾ ਇਨ੍ਹਾਂ ਦੀ ਹੋਂਦ। ਇਸ ਲਈ ਇਨ੍ਹਾਂ ਤੋਂ ਡਰ, ਸ਼ਾਪ, ਵਰ, ਕ੍ਰੋਪੀ ਜਾਂ ਸਹਿਮ ਵਾਲੀ ਉੱਕਾ ਕੋਈ ਗੱਲ ਨਹੀਂ। ਬਲਕਿ ਇਨ੍ਹਾਂ ਦੇ ਭੁਲੇਖੇ ਬੰਦਾ, ਰੱਬ ਤੋਂ ਹੀ ਟੁੱਟਾ ਰਹਿੰਦਾ ਹੈ। ਇਸ ਤਰ੍ਹਾਂ ਮਨੁੱਖ, ਧਰਮੀ ਨਹੀਂ ਬਲਕਿ ਅਸਲ `ਚ ਪ੍ਰਮਾਤਮਾ ਤੋਂ ਅਨਜਾਣ ਹੋਣ ਕਾਰਨ, ਗੁਰਬਾਣੀ ਮੁਤਾਬਕ ਸ਼ਕਤੀ (ਸਾਕਤ) ਦਾ ਪੁਜਾਰੀ ਅਥਵਾ ਨਾਸਤਿਕ ਹੀ ਰਹਿ ਜਾਂਦਾ ਹੈ।

ਗੁਰਬਾਣੀ ਦੀ ਸਿਖਿਆ ਤੇ ਉਦੋਂ ਦਾ ਸਿੱਖ- ਇੱਕ ਪਾਸੇ ਤਾਂ ਵੇਦਵਾ ਮਨ ਹੀ ਮਨ ਬੜਾ ਖੁਸ਼ ਸੀ ਕਿ ਅੱਜ ਉਸ ਨੂੰ ਗੁਰੂ ਦਰਬਾਰ ਤੋਂ ਤਾਂ ਅੰਦਾਜ਼ੇ ਤੋਂ ਵੀ ਕਈ ਗੁਣਾਂ ਵੱਧ ਦਾਨ (ਮਾਲ) ਮਿਲ ਗਿਆ ਹੈ। ਇਹ ਸਾਰਾ ਸਾਮਾਨ ਲੈ ਕੇ ਖੁਸ਼ੀ ਖੁਸ਼ੀ ਵੇਦਵਾ ਉਥੋਂ ਟੁਰ ਪਿਆ। ਜਿਉਂ ਹੀ ਵੇਦਵਾ ਦਰਬਾਰ ਤੋਂ ਕੁੱਝ ਅੱਗੇ ਵਧਿਆ ਤਾਂ ਸਿੱਖਾਂ ਨੇ ਵੀ ਅੱਗੇ ਹੋ ਕੇ ਉਸ ਤੋਂ ਉਹ ਸਾਰਾ ਸਾਮਾਨ ਵਾਪਸ ਖੋਹ ਲਿਆ। ਵੇਦਵਾ ਚਿਲਾਇਆ ਕਿ ‘ਇਹ ਸਾਰਾ ਤਾਂ ਤੁਹਾਡੇ ਗੁਰੁ ਜੀ ਨੇ, ਸਨੀਚਰ ਦੀ ਕ੍ਰੋਪੀ ਟਾਲਣ ਲਈ ਦਾਨ ਦਿੱਤਾ ਹੈ’। ਸਿੱਖਾਂ ਨੇ ਵੀ ਗੁਰਬਾਣੀ ਉਪਦੇਸ਼ਾਂ ਰਾਹੀਂ ਵੇਦਵੇ ਨੂੰ ਸਾਰੀ ਗੱਲ ਸਮਝਾ ਦਿੱਤੀ। ਉਸ ਨੂੰ ਇਹ ਵੀ ਦੱਸ ਦਿੱਤਾ ਕਿ ਗੁਰੂ ਦੇ ਸਿੱਖ ਹੁਣ ਇਸ ਬ੍ਰਾਹਮਣੀ ਜੂਲੇ `ਚੋਂ ਪੂਰੀ ਤਰ੍ਹਾਂ ਨਿਕਲ ਚੁੱਕੇ ਹਨ। ਉਨ੍ਹਾਂ ਨੇ ਕਿਹਾ, ਕਿ ਇਹ ਸਾਰਾ ਸਾਮਾਨ, ਜਿਹੜਾ ਤੈਨੂੰ ਦਿੱਤਾ ਤਾਂ ਉਹ ਵੀ ਸਤਿਗੁਰਾਂ ਦੇ ਹੁਕਮ ਦੀ ਤਾਮੀਲ ਸੀ। ਇਸੇ ਤਰ੍ਹਾਂ ਹੁਣ ਜੋ ਵਾਪਸ ਲਿਆ ਹੈ ਤਾਂ ਇਹ ਵੀ ਸਤਿਗੁਰਾਂ ਦੇ ਹੁਕਮ ਦੀ ਹੀ ਤਾਮੀਲ ਹੈ।

ਸਿੱਖਾਂ ਨੇ, ਉਸ ਦਿਨ ਅਨੰਦਪੁਰ ਸਾਹਿਬ, ਆਪਣੀ ਹਥਿਆਰਾਂ ਦੀ ਫ਼ੈਕਟਰੀ `ਚ ਉਸੇ ਲੋਹੇ ਤੋਂ ਸੋਹਣੇ-ਸੋਹਣੇ ਕੜੇ ਬਣਵਾ ਲਏ ਤੇ ਕੜੇ ਹਰੇਕ ਲੰਗਰ ਵਰਤਾੳੇੁਣ ਵਾਲੇ ਦੀ ਕਲਾਈ `ਚ ਪਾ ਦਿੱਤੇ। ਉਸੇ ਮਾਂਹ ਦੀ ਦਾਲ ਤੇ ਤੇਲ ਤੋਂ ਵੱੜੇ ਤੱਲ ਕੇ ਲੰਗਰ `ਚ ਵਰਤਾਏ। ਜਦੋਂ ਦਸਮੇਸ਼ ਜੀ ਨੇ ਸਾਰਾ ਮਾਜਰਾ ਦੇਖਿਆ ਤਾਂ ਮੁਸਕਰਾ ਕੇ ਲੰਗਰ `ਚ ਤਬਦੀਲੀ ਦਾ ਕਾਰਨ ਪੁਛਿਆ। ਸਿੱਖਾਂ ਨੇ ਵੀ ਸਾਰੀ ਵਿਥਿਆ ਕਹਿ ਸੁਣਾਈ। ਗੁਰੂ ਜੀ ਨੇ, ਸਿੱਖਾਂ ਨੂੰ ਉਨ੍ਹਾਂ ਦੀ ਇਸ ਸਫ਼ਲਤਾ `ਤੇ ਸ਼ਾਬਾਸ਼ੀ ਦਿੱਤੀ। ਉਪ੍ਰੰਤ ਵਿਸਾਖੀ 1699 ਨੂੰ, ਜਦੋਂ ਨੰਗੀ ਤਲਵਾਰ ਦੀ ਧਾਰ ਵਾਲੇ ਇਮਤਿਹਾਨ ਚੋਂ ਪੰਥ ੧੦੦% ਨੰਬਰ ਲੈ ਕੇ ਪਾਸ ਹੋਇਆ ਤਾਂ ਪਹਿਲਾਂ ਤੋਂ ਚਲਦੇ ਆ ਰਹੇ ਚਾਰ ਕਕਾਰਾਂ `ਚ ਗੁਰੂ ਜੀ ਨੇ, ਪੰਜਵਾਂ ਕਕਾਰ ‘ਕੜਾ’ ਵੀ ਜੋੜ ਦਿੱਤਾ।

ਹੋ ਸਕਦਾ ਹੈ ਕਿ ਇਸ `ਤੇ ਕੁੱਝ ਸੱਜਨ ਹੈਰਾਨ ਹੋਵਣ ਕਿ ਵਿਸਾਖੀ ਸੰਨ ੧੯੯੯ ਤੋਂ ਪਹਿਲਾਂ ਤੀਕ ਸਿੱਖ ਦੇ ਚਲਦੇ ਆ ਰਹੇ ਚਾਰ ਕਕਾਰ ਕਿਹੜੇ ਸਨ। ਚੇਤੇ ਰਖਣਾ ਹੈ ਕਿ ਸਿੱਖ ਕੇਸਾਧਾਰੀ ਪਹਿਲੇ ਜਾਮੇ ਤੋਂ ਹੀ ਸੀ। ਉਪ੍ਰੰਤ ਕੇਸਾਂ ਦੀ ਸਫ਼ਾਈ ਲਈ ਇਹ ਕੰਘਾ ਧਾਰੀ ਵੀ ਪਹਿਲੇ ਜਾਮੇ ਤੋਂ ਹੀ ਸੀ। ਜੰਜੂ ਵਾਲੀ ਘਟਨਾ ਤੋਂ ਬਾਅਦ ਇਸ ਦਾ ਬ੍ਰਾਹਮਣ ਤੋਂ ਖਹਿੜਾ ਛੁਡਾਉਣ ਲਈ ਇਸ ਨੂੰ ਕਛਹਿਰਾ ਧਾਰੀ ਵੀ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਹੀ ਕਰ ਦਿੱਤਾ ਗਿਆ ਸੀ। “ਬ੍ਰਾਹਮਣ ਤੋਂ ਖਹਿੜਾ ਛੁਡਾਉਣ” ਤੋਂ ਭਾਵ ਹੈ ਕਿ ਬ੍ਰਾਹਮਣ ਮੱਤ ਦੇ ਸੋਲ੍ਹਾ ਸੰਸਕਾਰ ਹਨ ਜੋ ਬ੍ਰਾਹਮਣ ਨੇ ਆਪ ਕਰਵਾਉਣੇ ਹੁੰਦੇ ਹਨ ਅਤੇ ਨਾਲ ਹੀ ਜਜਮਾਨ ਨੂੰ ਉਸ ਦੋਹਰਾਣ ਬਿਨਾ ਸਿਲਾਈ ਤੇੜ ਇੱਕ ਧੋਤੀ ਹੀ ਲਪੇਟਣੀ ਹੁੰਦੀ ਹੈ। ਅਜਿਹੇ ਸਮੇਂ ਉਹ ਤਨ ਤੇ ਸੀਤਾ ਕਪੜਾ ਨਹੀਂ ਪਾ ਸਕਦਾ। ਜਦਕਿ ਸਿੱਖ ਦਾ ਕਛਿਹਰਾ ਹੁੰਦਾ ਹੀ ਰੇਬਦਾਰ ਹੈ ਅਤੇ ਨਾ ਹੀ ਸਿੱਖ ਨੇ ਇਸ ਨੂੰ ਉਤਰਣਾ ਹੀ ਹੁੰਦਾ ਹੈ। ਸਪਸ਼ਟ ਹੈ ਕਿ ਨਾ ਸਿੱਖ ਕਛਿਹਿਰਾ ਉਤਾਰੇਗਾ ਤੇ ਨਾ ਬ੍ਰਾਹਮਣ ਉਸ ਨੂੰ ਪ੍ਰਵਾਣ ਹੀ ਕਰੇਗਾ। ਇਸ ਤਰ੍ਹਾਂ ਸਿੱਖ ਕਛਿਹਰਾਧਾਰੀ ਵੀ ਪਹਿਲੇ ਜਾਮੇ ਤੋਂ ਹੀ ਸੀ। ਇਸ ਤੋਂ ਬਾਅਦ ਛੇਵੇਂ ਜਾਮੇ `ਚ ਸਿੱਖ ਸ਼ਸਤ੍ਰ ਧਾਰੀ ਵੀ ਹੋ ਗਏ ਸਨ। ਇਸ ਦਾ ਵੱਡਾ ਸਬੂਤ ਹੈ ਕਿ ਛੇਵੇਂ ਜਾਮੇ ਸਮੇਂ ਸਿੱਖਾਂ ਨੇ ਚਾਰ ਜੰਗਾਂ ਲੜੀਆਂ ਜਿਨ੍ਹਾਂ `ਚ ਇਨ੍ਹਾਂ ਨੇ ਜਿੱਤ ਵੀ ਪ੍ਰਾਪਤ ਕੀਤੀ। ਆਖਿਰ ਇਹ ਜੰਗਾਂ ਸ਼ਸਤ੍ਰਾਂ ਤੋਨ ਬਿਨਾ ਤਾਂ ਲੜੀਆਂ ਹੀ ਨਹੀਂ ਸਨ ਗਈਆਂ।

ਤਾਂ ਤੇ ਇਥੇ ਇਹ ਦੋਹਰਾ ਦੇਣਾ ਚਾਹੁੰਦੇ ਹਾਂ ਕਿ ਸਾਡਾ ਪੰਜਵਾਂ ਕਕਾਰ ਕੜਾ, ਕੇਵਲ ਸਾਡਾ ਕਕਾਰ ਹੀ ਨਹੀਂ, ਬਲਕਿ ਸਿੱਖਾਂ ਨੂੰ ਸਤਿਗੁਰਾਂ ਵਲੋਂ ਸ਼ਾਬਾਸ਼ੀ ਦਾ ਚਿੰਨ੍ਹ ਤੇ ਤਗ਼ਮਾ ਵੀ ਹੈ। ਸਾਡੀ ਕਲਾਈ `ਚ ਪਿਆ ਕੜਾ ਸਾਨੂੰ ਹਰ ਸਮੇਂ ਚੇਤਾ ਕਰਵਾਉਂਦਾ ਹੈ “ਸਿੱਖਾਂ ਨੇ ਸਦਾ ਇਸ ਕੜੇ ਦੀ ਗੋਲਾਈ ਵਾਂਙ, ਗੁਰਬਾਣੀ ਦੀ ਆਗਿਆ ਦੇ ਦਾਇਰੇ `ਚ ਹੀ ਵਿਚਰਣਾ ਹੈ। ਸਿੱਖਾਂ ਨੇ ਮੰਗਲਾਂ-ਸਨੀਚਰਾਂ ਅਤੇ ਕਿਸੇ ਤਰ੍ਹਾਂ ਦੇ ਵੀ ਬ੍ਰਾਹਮਣੀ ਕਰਮਕਾਂਡਾਂ `ਚ ਵਿਸ਼ਵਾਸ ਨਹੀਂ ਰਖਣਾ”। ਸੁਆਲ ਫ਼ਿਰ ਉਹੀ ਪੈਦਾ ਹੁੰਦਾ ਹੈ, ਕੀ ਸਚਮੁਚ ਅੱਜ ਅਸੀਂ, ਸਾਡੀ ਕਲਾਈ `ਚ ਪਏ ਤੇ ਗੁਰਦੇਵ ਵਲੋਂ ਪੁਆਏ ਗਏ ਕੜੇ ਵਾਂਙ ਗੁਰਬਾਣੀ ਸਿੱਖਿਆ ਦੇ ਦਾਇਰੇ ਚੱਲ ਰਹੇ ਹਾਂ ਜਾਂ ਫ਼ਿਰ ……?

ਮੌਲੀ ਨਹੀਂ, ਕੜਾ - ਹੋਰ ਤਾਂ ਹੋਰ, ਗੁਰਬਾਣੀ ਜੀਵਨ ਬਾਰੇ ਅਗਿਆਣਤਾ ਦਾ ਹੀ ਨਤੀਜਾ ਹੈ ਕਿ ਅੱਜ ਕੌਮ ਅੰਦਰ ਛੂਤ ਦੀ ਬਿਮਾਰੀ ਵਾਂਙ ਹੀ ਇੱਕ ਨਵੀਂ ਬਿਮਾਰੀ ਆਪਣੇ ਪੈਰ ਪਸਾਰ ਰਹੀ ਹੈ। ਬੇਸ਼ੱਕ ਜੇ ਬਹੁਤੇ ਨਹੀਂ ਪਰ ਫ਼ਿਰ ਵੀ ਬਹੁਤੇਰੇ ਸਿੱਖ ਅਜਿਹੇ ਮਿਲ ਜਾਂਦੇ ਹਨ ਜਿਨ੍ਹਾਂ ਦੀ ਕਲਾਈ `ਚ ਕੜਾ ਤਾਂ ਪਿਆ ਹੁੰਦਾ ਹੈ, ਕਿਉਂਕਿ ਉਹ ਸਿੱਖ ਧਰਮ ਨਾਲ ਸਬੰਧਤ ਹਨ। ਫ਼ਿਰ ਉਸ ਕੜੇ ਦੇ ਨਾਲ ਹੀ ਉਨ੍ਹਾਂ ਦੀ ਕਲਾਈ `ਚ ਮੌਲੀ ਵੀ ਬੱਝੀ ਹੁੰਦੀ ਹੈ। ਇਸ ਅਜੀਬੋ ਗ਼ਰੀਬ ਤਾਲ ਮੇਲ ਤੋਂ ਸਮਝ ਆਉਂਦੇ ਦੇਰ ਨਹੀਂ ਲਗਦੀ ਕਿ ਅਜਿਹੇ ਸਿੱਖ ਅਖਵਾਉਣ ਵਾਲਿਆਂ ਨੂੰ ਅਸਲ `ਚ ਨਾ ਮੌਲੀ ਦੇ ਅਰਥ ਪਤਾ ਹਨ ਤੇ ਨਾ ਕੜੇ ਦੇ। ਉਹ ਗੈਰ ਸਿੱਖ ਵੀਰ, ਜੋ ਹੈਣ ਹੀ ਅਣਮੱਤੀ ਜਾਂ ਦੇਵੀ-ਦੇਵਤਿਆਂ ਦੇ ਪੁਜਾਰੀ, ਉਹ ਭਾਵੇਂ ਜੰਮ-ਜੰਮ ਮਉਲੀਆਂ ਬੰਨਣ ਕਿਸੇ ਨੂੰ ਕੋਈ ਇਤਰਾਜ਼ ਨਹੀਂ। ਪਰ ਦੂਜੇ ਪਾਸੇ ਆਪਣੇ ਆਪ ਨੂੰ ਗੁਰੂ ਨਾਨਕ ਦਾ ਸਿੱਖ ਅਖਵਉਣ ਵਾਲਾ ਤੇ “ਗੁਰੂ ਗ੍ਰੰਥ ਸਾਹਿਬ” ਭਾਵ ੴ ਦੀ ਤਾਬਿਆ ਜੀਵਨ ਨੂੰ ਚਲਾਉਣ ਦਾ ਦਾਅਵੇਦਾਰ ਸਿੱਖ ਵੀ ਜੇ ਕਰ ਕਲਾਈ `ਚ ਕੜੇ ਦੇ ਨਾਲ ਮੌਲੀ ਵੀ ਬੰਨੀ ਬੈਠਾ ਹੋਵੇ ਤਾਂ ਉਸ ਦੀ ਇਸ ਪਖੋਂ ਸੋਝੀ ਬਾਰੇ ਸਮਝ ਆਉਂਦੇ ਦੇਰ ਨਹੀਂ ਲਗਦੀ।

ਕੜਾ-ਇਕ ਮੈਡਲ, ਇੱਕ ਤਗ਼ਮਾ- ਦੇਖ ਚੁੱਕੇ ਹਾਂ ਕਿ ਕਲਾਈ `ਚ ਲੋਹੇ ਦਾ ਕੜਾ, ਗੁਰੂਦਰ ਤੇ ਗੁਰਬਾਣੀ ਸਿਖਿਆ `ਚ ਵਿਸ਼ਵਾਸ ਰੱਖਣ ਵਾਲਿਆਂ ਲਈ, ਜਿੱਤੇ ਹੋਏ ਮੈਡਲ ਤੋਂ ਇਲਾਵਾ ਪੰਜਵਾਂ ਕੱਕਾਰ ਵੀ ਹੈ। ਦਸਮੇਸ਼ ਜੀ ਨੇ, ਵੇਦਵੇ ਵਾਲੀ ਇਤਿਹਾਸਕ ਸਾਖੀ ਜਿਸ ਦਾ ਵੇਰਵਾ ਆ ਚੁੱਕਾ ਹੈ, ਉਸ ਸਾਖੀ ਅਨੁਸਾਰ, ਸਿੱਖਾਂ ਦਾ ਇਮਿਤਿਹਾਨ ਲਿਆ। ਸਿੱਖ ਇਮਤਿਹਾਨ `ਚ ੧੦੦% ਨੰਬਰ ਲੈ ਕੇ ਪਾਸ ਹੋਏ। ਸਿੱਖਾਂ ਨੇ ਸਾਬਤ ਕਰ ਦਿੱਤਾ ਕਿ ਉਹ ਹੁਣ ਕਿਸੇ ਜਾਤ-ਗੋਤ, ਵਰਣ-ਵੰਡ, ਦੇਵੀ ਦੇਵਤਿਆਂ ਆਦਿ ਦੀ ਪੂਜਾ ਤੋਂ ਪੈਦਾ ਹੋਏ ਸਨੀਚਰਾਂ-ਮੰਗਲਾਂ-ਸੰਗ੍ਰਾਂਦਾਂ-ਪੂਰਨਮਾਸ਼ੀਆਂ-ਮਸਿਆਵਾਂ, ਥਿੱਤਾਂ-ਵਾਰਾਂ, ਜਨਮਕੁੰਡਲੀਆਂ, ਟੇਵੇ-ਮਹੂਰਤਾਂ ਸਗਨਾਂ-ਰੀਤਾਂ, ਸੁੱਚਾਂ-ਭਿੱਟਾਂ, ਗ੍ਰਿਹ-ਨਖਤ੍ਰਾਂ ਆਦਿ ਕਿਸੇ ਵੀ ਤਰ੍ਹਾਂ ਦੇ ਬ੍ਰਾਹਮਣੀ ਜਾਂ ਅਨਮੱਤੀ ਵਿਸ਼ਵਾਸਾਂ ਜਾਂ ਕਰਮਾਂ `ਚ ਵਿਸ਼ਵਾਸ ਨਹੀਂ ਰਖਦੇ ਤੇ ਨਾ ਹੀ ਉਨ੍ਹਾਂ ਨੂੰ ਮੰਣਦੇ ਹੀ ਹਨ। ਸਿੱਖ ਕੇਵਲ ਤੇ ਕੇਵਲ ਇੱਕ ਅਕਾਲਪੁਰਖ ਭਾਵ ਗੁਰਬਾਣੀ ਸਿਖਿਆ ਦੇ ਦਾਇਰੇ `ਚ ਇਸ ਤਰ੍ਹਾਂ ਚਲਦੇ ਹਨ ਜਿਵੇਂ ਉਨ੍ਹਾਂ ਦੀ ਕਲਾਈ `ਚ ਪਿਆ ਹੋਇਆ ਸਟੀਲ ਦਾ ਕੜਾ। ਸਿਖਾਂ ਦੀ ਇਸੇ ਜਿੱਤ ਦੀ ਖੁਸ਼ੀ `ਚ ਹੀ ਤਾਂ ਵਿਸਾਖੀ ੧੬੯੯ ਦੀ ਇਤਿਹਾਸਕ ਘਟਣਾ ਸਮੇਂ ਕੜੇ ਨੂੰ ਪੰਜ ਕਕਾਰਾਂ `ਚ ਜੋੜ ਕੇ ਗੁਰੂ ਜੀ ਨੇ ਸਿੱਖ ਸੰਗਤਾਂ ਨੂੰ ‘ਕੜਾ’ ਬਖਸ਼ਿਸ਼ ਰੂਪ ਮੈਡਲ ਦੇ ਤੋਰ ਤੇ ਬਖਸ਼ਿਆ। ਸਿੱਖ ਦਾ ਆਪਣੇ ਧਰਮ ਪ੍ਰਤੀ ਜਾਗਦੇ ਹੋਣ ਲਈ ਤਗ਼ਮਾ (Momento) ਹੈ ਇਹ ਕੜਾ। ਚੇਤੇ ਰਹੇ! ਇਹ ਕੜਾ ਸਟੀਲ ਅਥਵਾ ਸਰਬਲੋਹ ਦਾ ਹੀ ਹੋਣਾ ਹੈ। ਸੋਨਾ, ਚਾਂਦੀ, ਪਿੱਤਲ ਜਾਂ ਤਾਂਬਾ ਆਦਿ ਕਿਸੇ ਵੀ ਹੋਰ ਧਾਤੂ ਦਾ ਨਹੀਂ, ਅਜਿਹਾ ਕਰਣਾ ਸਿੱਖੀ ਅਨੁਸ਼ਾਸਨ ਤੇ ਸਿਧਾਤਾਂ ਦੇ ਵਿਰੁਧ ਹੈ।

ਮੌਲੀ ਦੇਵੀ ਪੂਜਾ ਦਾ ਚਿੰਨ੍ਹ- ਦਰਅਸਲ ਮੌਲੀ ਦੇਵੀ ਪੂਜਾ ਦਾ ਚਿੰਨ੍ਹ ਹੈ। ਦੇਵੀ-ਦੇਵਤਿਆਂ ਦੇ ਪੂਜਾਰੀ; ਕੰਜਕਾਂ, ਜਗ੍ਰਾਤਿਆਂ ਅਤੇ ਆਪਣੇ ਹਰੇਕ ਖੁਸ਼ੀ-ਗ਼ਮੀਂ ਦੇ ਮੌਕਿਆਂ, ਤਿਉਹਾਰਾਂ ਸਮੇਂ ਮੌਲੀ ਨੂੰ ਆਪਣੀਆਂ ਕਲਾਈਆਂ `ਤੇ ਬੰਨ੍ਹਦੇ ਤੇ ਬੰਨਵਾਉਂਦੇ ਹਨ। ਗੁਜ਼ਰੇ ਪ੍ਰਾਣੀ ਦੀ ਅਰਥੀ ਨੂੰ ਬੰਨ੍ਹਣ ਸਮੇਂ ਵੀ ਸੂਤਲੀ ਦੇ ਨਾਲ, ਮੌਲੀ ਅਤੇ ਇਸ ਦੀ ਹੋਰ ਵੀ ਕਈ ਢੰਗਾਂ ਨਾਲ ਵਰਤੋਂ ਕਰਦੇ ਹਨ। ਦਰਅਸਲ ਮੌਲੀ ਇੱਕ ਅਕਾਲਪੁਰਖ ਬਾਰੇ ਅਗਿਆਨਤਾ ਦੀ ਸੂਚਕ ਅਤੇ ਦੇਵੀ-ਦੇਵਤਿਆਂ ਦੀ ਪੂਜਾ ਦਾ ਪ੍ਰਗਟਾਵਾ ਹੈ। ਇਹ ਲੋਕ ਆਪਣੇ ਰਖੜੀ (ਰਕਸ਼ਾਬੰਧਨ) ਦੇ ਤਿਉਹਾਰ ਸਮੇਂ ਵੀ ਰਖੜੀ ਬਦਲੇ ਮੋਲੀ ਦੀ ਵਰਤੋਂ ਕਰਦੇ ਹਨ। ਇਸ ਤਰ੍ਹਾਂ ਦੇਵੀ ਦੇਵਤਿਆਂ ਦੇ ਪੂਜਾਰੀ ਭਾਵ ਕਿ ਉਹ ਲੋਕ ਮੌਲੀ ਜਾਂ ਰਖੜੀ-ਕੰਜਕਾਂ ਆਦਿ ਜਿਨ੍ਹਾਂ ਦੇ ਅਜਿਹੇ ਵਿਸ਼ਵਾਸ ਜਾਂ ਤਿਉਹਾਰ ਹਨ, ਇਸ ਦੀ ਜੰਮ ਜੰਮ ਵਰਤੋਂ ਕਰਣ, ਕਿਸੇ ਨੂੰ ਇਸ `ਤੇ ਕੋਈ ਇਤਰਾਜ਼ ਨਹੀਂ ਹੋ ਸਕਦਾ। ਪਰ ਮੌਲੀ ਦਾ ਗੁਰਮੱਤ ਸਿਧਾਂਤ ਨਾਲ ਉੱਕਾ ਮੇਲ ਨਹੀਂ ਬਲਕਿ ਗੁਰਮੱਤ ਵਿਰੋਧੀ ਵਸਤ ਹੈ। ਕੇਵਲ ਵਿਸ਼ੇ ਨਾਲ ਸਬੰਧਤ ਹੋ ਕਰਕੇ ਇਥੇ ਟੂਕ ਹੀ ਦੇਣੀ ਚਾਹਾਂਗੇ ਕਿ ਬ੍ਰਾਹਮਣੀ ਤਿਉਹਾਰ ਰਖੜੀ ਦੇ ਦਿਨਾਂ `ਚ ਪੰਡਤ ਲੋਕ ਹੱਥਾਂ `ਚ ਮੌਲੀ ਲਈ ਜਜਮਾਨਾਂ ਕੋਲ ਜਾਂਦੇ ਹਨ। ਉਨਾਂ ਦੀਆਂ ਕਲਾਈਆਂ `ਤੇ ਮੌਲੀ ਬੰਨ ਕੇ ਆਪਣੀ ਦਾਨ-ਦੱਛਣਾ ਲੈਂਦੇ ਹਨ।

ਇਸ ਤਰ੍ਹਾਂ ਰਖੜੀ ਜਾਂ ਦੇਵੀ ਦੀ ਪੂਜਾ, ਕੰਜਕਾਂ ਵਾਲੇ ਤਿਉਹਾਰਾਂ ਸਮੇਂ ਤਾਂ ਮੌਲੀ ਵਾਲੀ ਸੱਚਾਈ ਨੂੰ ਸਮਝਣ `ਚ ਭੁਲੇਖਾ ਰਹਿਣਾ ਹੀ ਨਹੀਂ ਚਾਹੀਦਾ। ਇਸ ਵੇਰਵੇ ਤੋਂ ਬਾਅਦ ਤਾਂ ਗੁਰੂ ਕੀਆਂ ਸੰਗਤਾਂ ਲਈ ਮੋਲੀ ਦੀ ਲੋੜ ਆਪੇ ਹੀ ਮੁੱਕ ਜਾਂਦੀ ਹੈ। ਜਿਸ ਮਨੁੱਖ ਨੂੰ ਰੂਪ ਰੰਗ ਰੇਖ ਤੋਂ ਨਿਆਰੇ, ਸਦਾ ਥਿਰ, ਸੰਪੂਰਣ ਰਚਨਾ `ਚ ਵੱਸ ਰਹੇ, ਇਕੋ ਇੱਕ ਕਰਤਾ-ਧਰਤਾ ਅਕਾਲਪੁਰਖ ਦੀ ਸਮਝ ਆ ਜਾਂਦੀ ਹੈ ਤਾਂ ਉਸ ਲਈ ਦੇਵੀ-ਦੇਵਤਿਆਂ, ਮਿਥੇ ਭਗਵਾਨਾਂ, ਕੱਬਰਾਂ-ਮੜ੍ਹੀਆਂ ਵਾਲੇ ਸਾਰੇ ਵਿਸ਼ਵਾਸਾਂ ਵਾਲੀ ਗੱਲ ਆਪਣੇ ਆਪ ਹੀ ਮੁੱਕ ਜਾਂਦੀ ਹੈ। ਜਦੋ ਮਨੁੱਖ ਆਤਮਕ ਪਖੋਂ ਗੁਰਬਾਣੀ ਦਾ ਸਾਰ ਤੇ ਮੂਲ ੴ ਬਾਰੇ ਜਾਗ੍ਰਿਤ ਹੋ ਜਾਂਦਾ ਹੈ ਤਾਂ ਉਸ ਅੰਦਰੋਂ ਮੋਲੀ ਅਥਵਾ ਦੇਵੀ-ਦੇਵਤਿਆਂ ਆਦਿ ਵਾਲੇ ਅਜਿਹੇ ਵਿਸ਼ਵਾਸ ਆਪਣੇ ਆਪ ਖੰਬ ਲਾ ਕੇ ਉੱਡ ਜਾਂਦੇ ਹਨ। ਇਸ ਤਰ੍ਹਾਂ ਗੁਰੂ ਦੀ ਬਖਸ਼ਿਸ਼, ਕਲਾਈ `ਚ ਪਏ ਹੋਏ ਕੜੇ ਵਾਲੇ ਕਕਾਰ ਦੇ ਨਾਲ ਕਲਾਈ `ਚ ਮੌਲੀ ਵਾਲੀ ਅਗਿਆਣਤਾ ਬਾਰੇ ਸਮਝ ਵੀ ਆਪਣੇ ਆਪ ਹੀ ਆ ਜਾਂਦੀ ਹੈ।

ਇਕੋ ਕਲਾਈ `ਚ ਮੌਲੀ ਵੀ ਤੇ ਕੜਾ ਵੀ- ਇਸ ਤਰ੍ਹਾਂ ਅਜਿਹੇ ਸੱਜਣ ਜਿਹੜੇ ਕਿ ਇੱਕ ਪਾਸੇ ਤਾਂ ਆਪਣੇ ਆਪ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਵੀ ਅਖਵਾਉਣਾ ਚਾਹੁੰਦੇ ਹਨ। ਦੂਜੇ ਪਾਸੇ ਉਨ੍ਹਾਂ ਨੇ ਕੜਾ ਵੀ ਪਾਇਆ ਤੇ ਕਲਾਈ `ਚ ਮੌਲੀ ਵੀ ਬੰਨੀ ਹੁੰਦਾ ਹੈ; ਆਪਣੇ ਆਪ ਹਿਸਾਬ ਲਗਾ ਸਕਦੇ ਹਨ ਕਿ ਆਖਿਰ ਉਹ ਖੜੇ ਕਿੱਥੇ ਹਨ? ਸੂਝਵਾਨ ਸੱਜਨ ਉਨ੍ਹਾਂ ਬਾਰੇ ਕੀ ਸੋਚ ਰਹੇ ਹਨ? ਜੇ ਕਰ ਫ਼ਿਰ ਵੀ ਅਜਿਹੇ ਲੋਕਾਂ `ਚੋਂ ਕੁੱਝ ‘ਲਿੱਬਰਲ’ ਹੋਣ ਦਾ ਬਿਰਥਾ ਹੱਠ ਕਰਣ ਤਾਂ ਵੀ ਇਹ ਉਨ੍ਹਾਂ ਰਾਹੀਂ ਸਪਸ਼ਟ ਤੌਰ `ਤੇ ਗੁਰੂ ਵਲੋਂ ਬੇਮੁੱਖ ਹੋਣਾ ਤਾਂ ਹੈ ਹੀ, ਜਿਸ ਤੋਂ ਕਿਸੇ ਤਰ੍ਹਾਂ ਵੀ ਨਹੀਂ ਬਚਿਆ ਜਾ ਸਕਦਾ। ਪੰਥਕ ਤੌਰ `ਤੇ ਵੀ ਇੱਕ ਤਰੀਕੇ ਉਨ੍ਹਾਂ ਰਾਹੀਂ ਅਜਿਹਾ ਕਰਣਾ ਇਹ ਸਾਬਤ ਕਰਣਾ ਹੈ ਕਿ ਅਜਿਹੇ ਸੱਜਨ ਕੇਵਲ ਸ਼ਕਲ-ਸੂਰਤ ਤੋਂ ਹੀ ਸਿੱਖ ਹਨ, ਜਦਕਿ ਉਨ੍ਹਾਂ ਦਾ ਗੁਰੂ ਜਾਂ ਸਿੱਖੀ ਤੋਂ ਵੀ ਕੁੱਝ ਲੈਣਾ ਦੇਣਾ ਨਹੀਂ। ਜੇਕਰ ਅਜਿਹੀ ਗੱਲ ਨਹੀਂ ਤਾਂ ਉਨ੍ਹਾਂ ਨੂੰ ਇਸ ਪਖੋਂ ਬਿਨਾ ਢਿਲ, ਸੰਭਲਣ ਦੀ ਲੋੜ ਹੈ। ਜਿੱਥੇ ਪਾਤਸ਼ਾਹ ਦੀ ਸਿੱਖ ਨੂੰ ਬਖਸ਼ਿਸ਼ ਦੀ ਪਹਿਚਾਣ ਕਲਾਈ `ਚ ਪਿਆ ਹੋਇਆਂ ‘ਕੜਾ’ ਹੋਵੇ ਉਥੇ ਮੌਲੀ ਨੂੰ ਕੋਈ ਥਾਂ ਨਹੀਂ। ‘ਸਿੱਖ’ ਕਹਿਲਵਾਉਣ ਜਾਂ ਹੋਣ ਦਾ ਇਕੋ ਹੀ ਮੱਤਲਬ ਹੈ ‘ਗੁਰਬਾਣੀ ਦੀ ਸਿਖਿਆ ਦੇ ਦਾਇਰੇ `ਚ ਚਲਣ ਵਾਲਾ ਮਨੁੱਖ’ ਕਲਾਈ `ਚ ਪਿਆ ਕੜਾ ਵੀ, ਸਿੱਖ ਨੂੰ ਇਸੇ ਪੱਖ `ਤੇ ਚੇਤਾਵਣੀ ਹੈ।

ਸਿੱਖ, ਸਿੰਘ ਤੇ ਖਾਲਸਾ ਭਿੰਨ ਭਿੰਨ ਨਹੀਂ- ਮਨੁੱਖ ਜਦੋਂ ਸਰੂਪ `ਚ ਆਉਂਦਾ ਹੈ ਤਾਂ ਹੀ ਉਸ ਨੂੰ ਪਾਹੁਲ ਲੈਣ ਦਾ ਹੱਕ ਵੀ ਮਿਲਦਾ ਹੈ। ਇਸ ਤਰ੍ਹਾਂ ਪਾਹੁਲ ਲੈਣ ਤੋਂ ਬਾਅਦ ਹੀ ਕੋਈ ਮਨੁੱਖ ਸਿੱਖ ਧਰਮ `ਚ ਪ੍ਰਵੇਸ਼ ਕਰਦਾ ਤੇ ਸਿੱਖ ਸਜਦਾ ਹੈ। ਆਰੰਭ `ਚ ਦੇਖ ਵੀ ਚੁੱਕੇ ਹਾਂ ਕਿ ਵਿਸਾਖੀ ੧੬੯੯ ਨੂੰ ਦਸਮੇਸ਼ ਜੀ ਨੇ ਸਾਡੇ ਨਾਵਾਂ `ਚ ਤਬਦੀਲੀ ਕਰ ਕੇ ਸਾਡੇ ਨਾਵਾਂ ਨਾਲ ‘ਸਿੰਘ-ਕੌਰ’ ਲਗਾਇਆ ਤੇ ਉਸ ਦੇ ਨਾਲ ਹੀ ਸਾਨੂੰ ‘ਫ਼ਤਹਿ ਵਾਲਾ ਬੋਲਾ’ ਵੀ ਬਖਸ਼ਿਆ। ਸਾਡੇ ਨਾਵਾਂ `ਚ ਇਸੇ ਤਬਦੀਲੀ ਉਪ੍ਰੰਤ ਲੋਕਾਂ ਨੇ ਸਾਨੂੰ ‘ਸਿੰਘ ਜੀ’ ‘ਸਿੰਘ ਜੀ’ ਕਰਕੇ ਬੁਲਾਉਣਾ ਸ਼ੁਰੂ ਕਰ ਦਿੱਤਾ। ਇਸੇ ਤਰ੍ਹਾਂ ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ॥” ਵਾਲੇ ਬੋਲੇ ਕਾਰਨ ਹੀ ਅਸੀਂ ‘ਖਾਲਸਾ ਜੀ’ ਕਹਿ ਕੇ ਵੀ ਬੁਲਾਏ ਜਾਣ ਲੱਗ ਪਏ। ਸਪਸ਼ਟ ਹੈ ਕਿ ਸਿੱਖ ਨੂੰ ਹੀ ‘ਸਿੰਘ’ ਅਤੇ ‘ਖਾਲਸਾ ਜੀ’ ਵੀ ਕਿਹਾ ਜਾਂਦਾ ਹੈ ਅਤੇ ਇਹ ਕੇਵਲ ਸਮੇਂ ਸਮੇਂ ਦੇ ਵਾਧੇ ਹਨ।

ਚੇਤੇ ਰਹੇ! ਕਿਸੇ ਨੂੰ ਸਿੱਖ ਅਖਵਾਉਣ ਦਾ ਹੱਕ ਹੀ ਉਦੋ ਮਿਲਦਾ ਹੈ ਜਦੋਂ ਕੋਈ ਮਨੁੱਖ ਆਪਣਾ ‘ਤਨ ਮਨ ਧਨ’ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੀ ਸਿੱਖਿਆ ਨੂੰ ਅਰਪਣ ਕਰ ਦਿੰਦਾ ਹੈ। ਵਿਚਲੇ ਸਮੇਂ ਦੀ ਕਿਸੇ ਇਤਿਹਾਸਕ ਰੱਲਗਡ ਦਾ ਹੀ ਨਤੀਜਾ ਹੈ, ਜਦੋਂ ਕਿ ਸਿੱਖ ਧਰਮ `ਚ ਪ੍ਰਵੇਸ਼ ਦੇ ਢੰਗ ਨੂੰ ਅੱਜ ਅਸਾਂ ਨਾਮ ਦੇ ਦਿੱਤਾ ਹੈ “ਅੰਮ੍ਰਿਤ ਛਕਣਾ”। ਗਹਿਰਾਈ `ਚ ਜਾਵੀਏ ਤਾਂ ਸੰਨ 1860 ਤੋਂ ਪਹਿਲਾਂ ਦੀ ਹਰੇਕ ਲਿਖਤ `ਚ ਇਸ ਦਾ ਅਸਲ ਨਾਮ ਜੋ ਮਿਲਦਾ ਹੈ ਉਹ ਸੀ ‘ਖੰਡੇ ਦੀ ਪਾਹੁਲ’ ਲੈਣਾ। ਜਦਕਿ ਅੰਮ੍ਰਿਤ ਤਾਂ ਅਸਾਂ ਛਕਣਾ ਹੀ ਹੈ ਪਰ ਅੰਮ੍ਰਿਤ ਛਕਣ ਦਾ ਮਤਲਬ ਹੈ ਗੁਰਬਾਣੀ ਅੰਮ੍ਰਿਤ ਨੂੰ ਛਕਣਾ, ਜਿਸ ਨੂੰ ਕਿ ਅਸਾਂ ਆਖਿਰੀ ਸੁਆਸ ਤੀਕ ਛਕਣਾ ਹੈ ਤੇ ਉਸੇ ਪ੍ਰਾਪਤੀ ਲਈ ਹੀ ਅਸਾਂ ‘ਖੰਡੇ ਦੀ ਪਾਹੁਲ’ ਲੈਣੀ ਹੈ।

ਇਹੀ ਹੈ ਕਿਸੇ ਮਨੁੱਖ ਦਾ ‘ਖੰਡੇ ਦੀ ਪਾਹੁਲ’ ਲੈ ਕੇ ‘ਸਿੱਖ ਸਜ ਜਾਣਾ’। ਪਹਿਲੇ ਪਾਤਸ਼ਾਹ ਤੋਂ ਲੈ ਕੇ ਵਿਸਾਖੀ ੧੬੯੯ ਤੀਕ ‘ਖੰਡੇ ਦੀ ਪਾਹੁਲ’ ਦਾ ਹੀ ਸਰੂਪ “ਚਰਨ ਪਾਹੁਲ” ਸੀ। ਉਸ “ਚਰਨ ਪਾਹੁਲ” ਦੇ ਅਰਥ ਵੀ ਇਹੀ ਸਨ, ਪ੍ਰਭੂ ਬਖਸ਼ੀ ਮਨੁੱਖੀ ਸ਼ਕਲ ਦੇ ਵਫ਼ਾਦਾਰ ਹੋ ਕੇ, ਗੁਰਬਾਣੀ ਦੇ ਚਰਨਾਂ ਨਾਲ ਜੁੜਣ ਦਾ ਪ੍ਰਣ ਭਾਵ ਗੁਰਬਾਣੀ ਸਿੱਖਿਆ ਤੇ ਜੀਵਨ-ਜਾਚ ਨੂੰ ਆਪਣਾ ਜੀਵਨ ਅਰਪਣ ਕਰ ਦੇਣਾ। ਇਹੀ ਸੀ ਸਾਡਾ ਸਿੱਖ ਧਰਮ `ਚ ਪ੍ਰਵੇਸ਼ ਤੇ ‘ਸਿੱਖ ਸਜ ਜਾਣਾ’, ਇਸ ਤੋਂ ਪਹਿਲਾਂ ਅਸੀਂ ਕੇਵਲ ਗੁਰਬਾਣੀ ਦੇ ਪ੍ਰੇਮੀ ਜਾਂ ਸ਼ਰਧਾਲੂ ਤਾਂ ਹੋ ਸਕਦੇ ਹਾਂ ਪਰ ਸਿੱਖ ਨਹੀਂ। ਸਾਡੇ ਇਸੇ ਗ਼ਲਤ ਪ੍ਰਚਾਰ ਦਾ ਸਿੱਟਾ ਹੈ ਕਿ ਜਿਸ ਕੌਮ `ਚ ਕਦੇ ਕੋਈ ਬਿਨਾ ਮਨੁੱਖ ਪਾਹੁਲ ਹੁੰਦਾ ਹੀ ਨਹੀਂ ਸੀ, ਅੱਜ ਉਸੇ ਕੌਮ ਦਾ 95% ਤੋਂ ਉਪਰ ਹਿੱਸਾ ਬਿਨਾ ਪਾਹੁਲ ਹੈ ਤੇ ਅੱਗੇ ਆਉਣ ਵਾਲੀ ਪਨੀਰੀ ਸ਼ਾਇਦ ‘ਸਫਾ-ਚੱਟ’। ਸਮਝਣ ਦੀ ਗੱਲ ਹੈ ਕਿ ਸਿੱਖ, ਸਿੰਘ ਜਾਂ ਖਾਲਸਾ ਭਿੰਨ ਭਿੰਨ ਨਹੀਂ ਬਲਕਿ ਅਸੀਂ ਸਾਰੇ ਗੁਰੂ ਦੇ ਸਿੱਖ ਹਾਂ ਤੇ ਸਾਡਾ ਧਰਮ ਹੈ ਸਿੱਖ ਧਰਮ। ਇਸੇ ਤਰ੍ਹਾਂ ਸਿੰਘ ਜਾਂ ਖਾਲਸਾ ਲਫ਼ਜ਼ ਵੀ ਸਾਡੇ ਲਈ ਹੀ ਹਨ, ਇਨ੍ਹਾਂ `ਚ ਉੱਕਾ ਵੰਡ ਨਹੀਂ #186s010.02s010#

ਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 186

ਸਿੱਖ ਦੀ ਕਲਾਈ `ਚ ਪਿਆ ਕੜਾ

ਸਿੱਖਾਂ ਲਈ ਭਾਰੀ ਚੇਤਾਵਣੀ ਹੈ

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org

ਨੋਟ: ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ ਜੀ ਦੀ ਆਗਿਆ ਨਾਲ ਸਨਿਮ੍ਰ ਬੇਨਤੀ ਹੈ ਕਿ ਪ੍ਰਿੰਸੀਪਲ ਸਾਹਿਬ ਜੀ ਦਾ ਲਿਖਿਆ ਕੋਈ ਵੀ ਗੁਰਮੱਤ ਪਾਠ-ਕੋਈ ਵੀ ਪੰਥਕ ਸੱਜਣ, ਸੰਸਥਾ, ਮੈਗ਼ਜ਼ੀਨ ਅਥਵਾ ਨੀਊਜ਼ ਪੇਪਰ ਜਾਂ ਵੈਬ ਸਾਈਟ; ਬਿਨਾ ਤਬਦੀਲੀ, ਹੂ-ਬ-ਹੂ ਅਤੇ ਲੇਖਕ ਨਾਮ ਸਹਿਤ, ਕੇਵਲ ਅਤੇ ਕੇਵਲ ਗੁਰਮੱਤ ਪ੍ਰਸਾਰ ਦੇ ਆਸ਼ੇ ਨੂੰ ਮੁੱਖ ਰਖਦੇ ਹੋਏ ਬਿਨਾ ਕਿਸੇ ਹੋਰ ਆਗਿਆ ਛਾਪ ਅਤੇ ਲੋਡ ਕਰ ਸਕਦਾ ਹੈ। ਬੇਨਤੀ ਕਰਤਾ-ਗੁਰਮੱਤ ਐਜੁਕੇਸ਼ਨ ਸੈਂਟਰ, ਦਿੱਲੀ




.