ੴ
ਸਤਿ ਗੁਰ ਪ੍ਰਸਾਦਿ
ਬੱਗੇ ਸਿੰਘ ਸਾਹਿਬਾਂ ਦੇ ਕਾਲੇ ਕਾਰ ਨਾਮੇ
ਦੁਨੀਆ ਵਿਚਲੇ ਬਹੁਤ ਸਾਰੇ ਗੁਰਮੁਖ
ਸੱਜਣਾ ਨੂੰ ਇਹ ਸਿਰਲੇਖ ਪੜ੍ਹ ਕੇ, ਮੇਰੇ ਤੇ ਗੁੱਸਾ ਜ਼ਰੂਰ ਆਵੇਗਾ। ਉਨ੍ਹਾਂ ਨਾਲ ਮੇਰਾ ਪ੍ਰੱਣ ਹੈ
ਕਿ ਜੇ ਉਹ ਇਹ ਲੇਖ ਪੜ੍ਹਨ ਮਗਰੋਂ, ਇਨ੍ਹਾਂ ਅਖੌਤੀ ਸਿੰਘ ਸਾਹਿਬਾਂ ਨੂੰ, ਆਮ ਸਿੱਖਾਂ ਦੀ ਕਤਾਰ
ਵਿੱਚ ਵੀ ਥਾਂ ਦੇ ਦੇਣ, ਤਾਂ ਮੈ ਉਨ੍ਹਾਂ ਕੋਲੋਂ ਮੁਆਫੀ ਮੰਗਾਂ ਗਾ, ਜੋ ਸਜ਼ਾ ਉਹ ਲਾਉਣ, ਮੈਨੂੰ
ਬਿਨਾ ਕਿਸੇ ਉਜ਼ਰ ਦੇ ਪ੍ਰਵਾਨ ਹੋਵੇਗੀ। ਬਸ਼ਰਤੇ ਕਿ ਉਹ ਸੱਜਣ ਮੇਰੇ ਲਿਖੇ ਅਨੁਸਾਰ ਗੁਰਮੁਖ ਹੋਣ।
ਵੈਸੇ ਤਾਂ ਇਹ ਗੁਰਬਿਲਾਸ ਪਾਤਸ਼ਾਹੀ ੬, ਹੈ ਹੀ ਸ਼ਰਾਰਤ ਭਰਪੂਰ, ਸਿੱਖ ਗੁਰੂਆਂ ਦਾ ਅਕਸ ਵਿਗਾੜਨ
ਵਾਲੀ, ਪਰ ਇਸ ਦੀ ਇਹ ਸਾਖੀ ਅਜਿਹੀ ਹੈ, ਜੋ ਸਿੱਖਾਂ ਦੇ ਗੌਰਵ ਮਈ ਵਿਰਸੇ ਦੀਆਂ ਜੜ੍ਹਾਂ ਵਿੱਚ ਹੀ
ਤੇਲ ਦਿੰਦੀ ਹੈ।
ਪੰਜਵੇਂ ਨਾਨਕ ਦੀ ਸ਼ਹਾਦਤ ਸਿੱਖ ਵਿਰਸੇ ਦਾ ਧਰੂ ਹੈ, ਜਿਸ ਦੁਆਲੇ ਸਿੱਖ ਸ਼ਹੀਦਾਂ ਦੇ ਦੂਸਰੇ ਤਾਰੇ
ਘੁੰਮਦੇ ਹਨ। ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ, ਮਨੁਖੀ ਅਧਿਕਾਰਾਂ ਦੀ ਰਾਖੀ ਲਈ ਦਿੱਤੀ, ਦੁਨੀਆਂ
ਦੀ ਪਹਿਲੀ ਸ਼ਹਾਦਤ ਹੈ। ਜੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਨਿੱਕੀ ਉਮਰ ਵਿੱਚ ਬਹਾਦਰੀ ਦਾ ਸਿਖਰ
ਹੈ ਤਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਸਿੱਖੀ ਦਾ ਉਹ ਸੂਰਜ ਹੈ, ਜਿਸ ਨੇ ਹਰ ਸਿੱਖ ਹੀ ਨਹੀਂ,
ਹਰ ਇੰਸਾਨ ਦਾ ਮਨ ਰੌਸ਼ਨਾ ਦਿੱਤਾ। ਜਿਸ ਆਸਰੇ ਸਿੱਖਾਂ ਨੇ ਥੋੜੇ ਸਮੇ ਵਿੱਚ ਹੀ, ਵਿਸ਼ਾਲ ਮੁਗਲ
ਹਕੂਮਤ ਦਾ ਭੋਗ ਪਾ ਦਿੱਤਾ। ਮਾਤਾ ਗੁਜਰੀ ਜੀ ਦੀ ਸ਼ਹਾਦਤ, ਜਬਰ ਤੇ ਸਿਦਕ ਦੀ ਫਤਿਹ ਸੀ, ਜਿਸ ਆਸਰੇ
ਦਸਵੇਂ ਨਾਨਕ ਨੇ ਔਰੰਗਜ਼ੇਬ ਨੂੰ ਜ਼ਫਰ ਨਾਮਾ (ਫਤਿਹ ਦਾ ਖਤ) ਲਿਖਿਆ ਸੀ।)
ਅਕਾਲ ਤਖਤ ਦੇ ਜਥੇਦਾਰ, ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ ਅਤੇ ਐਸ, ਜੀ, ਪੀ, ਸੀ, ਵਲੋਂ ਸ਼ਹੀਦ
ਸਿੱਖਾਂ ਦੇ ਨਾਮ ਤੇ ਚਲਾਏ ਜਾਂਦੇ ਮਿਸ਼ਨਰੀ ਕਾਲਜ ਦੇ ਆਦਰ ਯੋਗ ਪ੍ਰੋਫੈਸਰ ਅਮਰ ਜੀਤ ਸਿੰਘ ਵਲੋਂ
ਸੰਪਾਦਿਤ, ਸਿੱਖਾਂ ਦੇ ਦਸਵੰਧ ਨਾਲ, ਸ਼੍ਰੋਮਣੀ ਕਮੇਟੀ ਵਲੋਂ ਛਾਪੀ ਪੰਥ ਲਈ ਸੌਗਾਤ ਵਿੱਚ ਇਨ੍ਹਾਂ
ਸ਼ਹਾਦਤਾਂ ਬਾਰੇ ਕੀ ਲਿਖਿਆ ਹੈ? ਉਸ ਕਿਤਾਬ ਦੀ ਜ਼ਬਾਨੀ ਹੀ ਸੁਣੋ;
ਗੁਰੁ ਅਰਜਨ ਪਾਤਸ਼ਾਹ ਲਾਹੌਰ ਨੂੰ ਜਾਣ ਲੱਗੇ, ਬਾਬਾ ਬੁੱਢਾ ਜੀ ਨੂੰ ਅਪਣੀ ਸ਼ਹਾਦਤ ਦਾ ਕਾਰਨ ਦੱਸਦੇ
ਹਨ।
ਦੋਹਰਾ। ਸ੍ਰੀ ਗੁਰ ਅਰਜਨ ਤਬ ਕਹਾ ਸੀਸ ਹੇਤ ਇਹ ਜਾਇ।
ਗੁਰ ਨਾਨਕ ਮੁਖ ਕਮਲ ਤੇ ਏਕ ਸਮੇ ਪ੍ਰਗਟਾਇ। (੧੫
ਅਰਜਨ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੂੰ ਕਿਹਾ ਕਿ ਮੇਰੇ ਸੀਸ ਦੇਣ ਦਾ
ਕਾਰਨ ਇਹ ਹੈ ਕਿ ਇੱਕ ਵੇਲੇ, ਬਾਬਾ ਨਾਨਕ ਨੇ ਅਪਣੇ ਕਮਲ ਵਰਗੇ ਮੁਖੜੇ ਤੋਂ ਅਜਿਹਾ ਕਿਹਾ ਸੀ।
ਚੌਪਈ। ਇਹ ਕਾਰਨ ਕੀ ਗਾਥ ਅਗੰਮ। ਪੜ੍ਹਤ ਸੁਨਤ ਜਿਹ ਮਿਟੈ ਜਨੰਮ।
ਏਕ ਸਮੇ ਗੁਰ ਨਾਨਕ ਦੇਵ। ਪ੍ਰਭ ਅਬਿਨਾਸੀ ਅਲਖ ਅਭੇਵ। (੧੫੮)
ਕਾਰਨ ਕਰਨ ਜਗਤ ਕੇ ਤਾਰਨ। ਮੋਹ ਮੱਧ ਬਾਧੇ ਜੀਵ ਉਭਾਰਨ।
ਮੱਕੇ ਗਏ ਚਰਿਤ ਬਹੁ ਕਰੇ। ਕੌਨ ਕਵੀ ਜੋ ਮੁਖ ਤੇ ਰਰੇ। (੧੫੯)
ਇਸ ਸੀਸ ਦੇਣ ਦੇ ਕਾਰਨ ਦੀ ਕਹਾਣੀ ਪਹੁੰਚ ਤੋਂ ਪਰੇ ਦੀ ਹੈ, ਜਿਸ ਨੂੰ ਪੜ੍ਹਨ ਸੁਨਣ ਵਾਲੇ ਦਾ ਜਨਮ
ਮਰਨ ਦਾ ਗੇੜ ਕੱਟਿਆ ਜਾਂਦਾ ਹੈ। ਇੱਕ ਸਮੇ, ਪ੍ਰਭੂ ਅਬਿਨਾਸੀ, ਜਿਨ੍ਹਾਂ ਬਾਰੇ ਕੁੱਝ ਕਿਹਾ ਨਹੀਂ
ਜਾ ਸਕਦਾ, ਜਿਨ੍ਹਾਂ ਦਾ ਕੋਈ ਭੇਦ ਨਹੀਂ ਪਾ ਸਕਦਾ, ਗੁਰੂ ਨਾਨਕ ਜੀ, ਸਭ ਕਾਰਨ ਕਰਨ ਵਾਲੇ, ਜਗਤ
ਨੂੰ ਤਾਰਨ ਵਾਲੇ, ਮੋਹ ਵਿੱਚ ਫਸੇ ਜੀਵਾਂ ਨੂੰ ਉਬਾਰਨ ਵਾਲੇ, ਮੱਕੇ ਗਏ ਅਤੇ ਬਹੁਤ ਸਾਰੇ ਕੌਤਕ
ਵਿਖਾਏ। ਕੌਣ ਕਵੀ ਹੈ ਜੋ ਉਨ੍ਹਾਂ ਨੂੰ ਬਿਆਨ ਕਰ ਸਕੇ?
ਦੋਹਰਾ। ਐਸੇ ਭਾਰਤ ਜਗਤ ਕੌ ਵਿਚਰਤ ਦੀਪ ਮਝਾਰਿ।
ਕਾਬਲ ਕੀ ਧਰਤੀ ਆਏ ਗੁਰ ਨਾਨਕ ਕਰਤਾਰ। (੧੬੦)
ਇਸ ਤਰ੍ਹਾਂ ਭਾਰਤ ਉਪ ਮਹਾਂ ਦੀਪ ਵਿੱਚ ਵਿਚਰਦੇ ਕਰਤਾਰ ਰੂਪ, ਗੁਰੂ ਨਾਨਕ ਸਾਹਿਬ ਕਾਬਲ ਪੁੱਜੇ।
ਚੌਪਈ। ਗਰੀਬ ਨਿਵਾਜ ਤਾਹਿ ਕੋ ਜਾਨੋ। ਕੌਡੀ ਜੀਵ ਪਦਮ ਜੋ ਠਾਨੋ।
ਐਸੇ ਗੁਰ ਨਾਨਕ ਕਿਰਪਾਲਾ। ਲਖੇ ਨ ਜਾਹੀ ਜਾਹਿ ਖਿਆਲਾ। (੧੬੧)
ਰਹਹਿ ਨਿਚਿੰਤ ਸਦਾ ਸੁਖ ਸਾਗਰ। ਅਹੈ ਸੂਰ ਸਮ ਜਗਤ ਉਜਾਗਰੁ।
ਨਿਜ ਇੱਛਾ ਬਿਚਰਤ ਬਨ ਮਾਹੀ। ਮਰਦਾਨਾ ਸੰਗਿ ਬਾਲ ਸੁਹਾਹੀ। (੧੬੨)
ਗੁਰੂ ਨਾਨਕ ਐਸੇ ਕਿਰਪਾਲੂ ਹਨ, ਜਿਨ੍ਹਾਂ ਦੇ ਵਿਚਾਰ, ਜਾਣੇ ਨਹੀਂ ਜਾ ਸਕਦੇ। ਉਂਨ੍ਹਾਂ ਨੂੰ ਐਸੇ
ਗਰੀਬ ਨਿਵਾਜ ਜਾਨੋ, ਜੋ ਕੌਡੀ ਵਰਗੇ ਸਸਤੇ ਜੀਵ ਨੂੰ, ਪਦਮ ਵਰਗਾ ਅਮੁਲਾ ਕਰ ਸਕਦੇ ਹਨ। ਉਹ ਸੁੱਖਾਂ
ਦੇ ਸਮੁੰਦਰ ਹਨ, ਹਮੇਸ਼ਾ ਚਿੰਤਾ ਰਹਿਤ ਰਹਿੰਦੇ ਹਨ, ਸੰਸਾਰ ਵਿੱਚ ਸੂਰਜ ਸਮਾਨ ਪ੍ਰਕਾਸ਼ਮਾਨ ਹਨ। ਉਹ
ਅਪਣੀ ਇੱਛਾ ਅਨੁਸਾਰ ਜੰਗਲ ਵਿੱਚ ਵਿਚਰ ਰਹੇ ਸਨ। ਮਰਦਾਨਾ ਅਤੇ ਬਾਲਾ ਉਨ੍ਹਾਂ ਦੇ ਨਾਲ ਸਨ।
ਦੋਹਰਾ। ਅਜਾਲੀ ਤਬ ਚਾਰਤ ਫਿਰੈ ਗਾਡਰ ਅਗਨ ਅਪਾਰ।
ਤਾ ਸੋ ਗੁਰ ਪੂਛਤ ਭਏ ਲੀਨੋ ਨਿਕਟਿ ਹਕਾਰ। (੧੬੩)
ਸੰਘਣੇ ਜੰਗਲ ਵਿੱਚ ਇੱਕ ਆਜੜੀ ਭੇਡਾਂ ਚਾਰ ਰਿਹਾ ਸੀ, ਗੁਰੂ ਜੀ ਨੇ ਉਸ ਨੂੰ ਅਪਣੇ ਕੋਲ ਸੱਦ ਕੇ
ਪੁਛਿਆ।
ਚੌਪਈ। ਹੇ ਨਰ ਅਪਨਾ ਨਾਮ ਸੁਨਾਵੋ। ਕਿਹ ਠਾਂ ਰਹੋ ਸੁ ਕੈਸ ਕਰਾਵੋ।
ਅਜਾਲੀ ਪ੍ਰਥਮੇ ਬੰਦਨ ਕੀਨੀ। ਖੁਲੇ ਕਪਾਟ ਦਰਸ ਜਬ ਕੀਨੀ। (੧੬੪)
ਭਾਖਿਯੋ ਪ੍ਰਭ ਜੀ ਨਾਮ ਅਲਾਹੀ। ਨਾਮ ਸੰਤ ਜੋ ਤਾ ਕੋ ਆਹੀ।
ਨਾਮ ਤੁਮਾਰੋ ਪੀਰ ਫਕੀਰਾ। ਕਿਆ ਮਮ ਨਾਮ ਤੁਛ ਜਗੁ ਕੀਰਾ। (੧੬੫)
ਹੇ ਬੰਦੇ ਤੇਰਾ ਨਾਮ ਕੀ ਹੈ? ਤੂੰ ਕਿੱਥੈ ਰਹਿੰਦਾ ਹੈਂ ਤੇ ਕੀ ਕਰਦਾ ਹੈਂ? ਆਜੜੀ ਨੇ ਆ ਕੇ
ਪਹਿਲਾਂ, ਗੁਰੂ ਸਾਹਿਬ ਨੂੰ ਬੰਦਨਾ (ਸਲਾਮ) ਕੀਤੀ ਅਤੇ ਜਦੋਂ ਉਸ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ
ਤਾਂ ਉਸ ਦੇ ਕਪਾਟ ਖੁਲ੍ਹ ਗਏ। ਫਿਰ ਇਵੇਂ ਬੋਲਿਆ, ਹੇ ਪ੍ਰਭੂ ਜੀ ਨਾਮ ਤਾਂ ਅਲ੍ਹਾ ਦਾ ਹੁੰਦਾ ਹੈ,
ਜਾਂ ਉਸ ਦੇ ਸੰਤਾਂ ਦਾ ਹੁੰਦਾ ਹੈ। ਜਾਂ ਫਿਰ ਤੁਹਾਡੇ ਵਰਗੇ ਪੀਰਾਂ ਫਕੀਰਾਂ ਦਾ ਹੁੰਦਾ ਹੈ, ਮੇਰੇ
ਵਰਗੇ ਦਾ ਕੀ ਨਾਮ ਹੋ ਸਕਦਾ ਹੈ? ਮੈ ਤਾਂ ਜਗਤ ਵਿੱਚ ਕੀੜੇ ਸਮਾਨ ਹਾਂ।
ਦੋਹਰਾ। ਤਿਮਰ ਨਾਮ ਮੇਰੋ ਪ੍ਰਭ ਕਾਬਲ ਮਾਹਿ ਬਸਾਉਂ।
ਗਾਡਰ ਚਾਰੋਂ ਨਗਰ ਕੀ ਸੁਖ ਸਿਉਂ ਕਾਲ ਬਿਤਾਉਂ। (੧੬੬)
ਮੇਰਾ ਨਾਮ ਤੈਮੂਰ ਹੈ, ਮੈ ਕਾਬਲ ਵਿੱਚ ਰਹਿੰਦਾ ਹਾਂ, ਸਾਰੇ ਪਿੰਡ ਦੀਆਂ ਭੇਡਾਂ ਚਾਰਦਾ ਹਾਂ ਅਤੇ
ਸੁਖ ਨਾਲ ਸਮਾ ਬਤੀਤ ਕਰਦਾ ਹਾਂ।
ਚੌਪਈ। ਸੁਨਿ ਗੁਰ ਨਾਨਕ ਭਏ ਕਿਰਪਾਲ। ਐਸੇ ਭਾਖੇ ਬਚਨ ਦਯਾਲ।
ਕਛੂ ਭਾਂਗ ਹਮ ਕੋ ਅਬ ਦੇਵੋ। ਪਾਛੇ ਜੋ ਮਾਂਗੋ ਸੋ ਲੇਵੋ। (੧੬੭)
ਉਸ ਦੀ ਇਹ ਗਲ ਸੁਣ ਕੇ ਗੁਰ ਨਾਨਕ ਉਸ ਤੇ ਕਿਰਪਾਲ ਹੋਏ, ਕਿਰਪਾ ਦੇ ਘਰ ਆਏ, ਅਤੇ ਇਹ ਬਚਨ ਆਖੇ,
ਹੁਣ ਸਾਨੂੰ ਕੁਛ ਭੰਗ ਦੇਵੋ, ਫਿਰ ਜੋ ਤੇਰੀ ਇੱਛਾ ਹੋਵੇ ਲੈ ਲੈਣਾ।
ਦੇਵੋਂ ਭਾਂਗ ਮੋਹਿ ਕਿਆ ਦੀਜੈ। ਭਾਖੋ ਪ੍ਰਭ ਨਹਿ ਬਿਲਮ ਕਰੀਜੈ।
ਸ੍ਰੀ ਮੁਖ ਕਹਾ ਇਛ ਜੋ ਤੇਰੀ। ਦੇਵੋਂ ਸੋਇ ਨ ਸੰਸਾ ਹੇਰੀ। (੧੬੮)
ਇਹ ਸੁਣ ਕੇ ਤੈਮੂਰ ਨੇ ਕਿਹਾ, ਹੇ ਪ੍ਰਭੂ ਦੇਰ ਨਾ ਕਰੋ, ਛੇਤੀ ਦੱਸੋ ਕਿ ਜੇ ਮੈ ਤੁਹਾਨੂੰ ਭੰਗ
ਦੇਵਾਂ ਤਾਂ ਤੁਸੀਂ ਮੈਨੂੰ ਕੀ ਦੇਵੋਗੇ? ਤਾਂ ਗੁਰੂ ਨਾਨਕ ਸਾਹਿਬ ਨੇ ਕਿਹਾ, ਭਰਮ ਨਾ ਕਰ ਜੋ ਤੇਰੀ
ਇੱਛਾ ਹੋਵੇ ਗੀ, ਮੈ ਤੈਨੂੰ ਉਹੀ ਕੁੱਝ ਦੇਵਾਂਗਾ।
ਦੋਹਰਾ। ਤਬੈ ਤਿਮਰ ਐਸੇ ਕਹਾ ਇਹ ਠਾਂ ਆਪ ਬਿਠਾਇ।
ਨਗਰ ਜਾਇ ਮੈ ਲਯਾਇ ਹੌਂ ਸੁੰਦਰ ਭਾਂਗ ਬਨਾਇ। (੧੬੯)
ਤੈਮੂਰ ਨੇ ਬਾਬੇ ਨੂੰ ਕਿਹਾ, ਤੁਸੀਂ ਇਸ ਥਾਂ ਤੇ ਬੈਠੋ, ਮੈਂ ਹੁਣੇ ਨਗਰ (ਪਿੰਡ) ਜਾ ਕੇ, ਵਧੀਆ
ਭੰਗ ਬਣਾ ਕੇ ਲਿਆਉਂਦਾ ਹਾਂ।
ਚੌਪਈ। ਐਸੇ ਕਹਿ ਤਬ ਤਿਮਰ ਸਿਧਾਯੋ। ਨਗਰ ਜਾਇ ਕੈ ਭਾਂਗ ਲਿਆਯੋ।
ਦੇਖ ਭਾਂਗ ਗੁਰ ਆਨੰਦੁ ਠਾਨਾ। ਨਿਜ ਪੱਲਾ ਤਿਹ ਅਗਰ ਧਰਾਨਾ। (੧੭੦)
ਮੁਸ਼ਟ ਭਾਂਗ ਇੱਕ ਜਬ ਡਾਰੀ। ਗੁਰ ਨਾਨਕ ਇਹ ਬਚਨ ਉਚਾਰੀ।
ਇੱਕ ਪਾਤਿਸ਼ਾਹੀ ਤੋ ਕੌ ਦਈ। ਤਿਮਰ ਸੁਨਤ ਮਨ ਮੈ ਸੁਖੁ ਪਈ। (੧੭੧)
ਤੈਮੂਰ ਪਿੰਡ ਜਾ ਕੇ ਭੰਗ ਲਿਆਇਆ, ਭੰਗ ਵੇਖ ਕੇ ਬਾਬੇ ਨੂੰ ਬੜਾ ਆਨੰਦ ਆਇਆ, ਅਤੇ ਉਸ ਨੇ ਅਪਣਾ
ਪੱਲਾ ਤੈਮੂਰ ਦੇ ਅੱਗੇ ਕਰ ਦਿੱਤਾ। ਜਦ ਤੈਮੂਰ ਨੇ ਬਾਬਾ ਨਾਨਕ ਦੇ ਪੱਲੇ ਵਿੱਚ ਭੰਗ ਦੀ ਇੱਕ ਮੁੱਠ
ਪਾਈ, ਤਾਂ ਬਾਬੇ ਨਾਨਕ ਨੇ ਇਹ ਬਚਨ ਕੀਤਾ, ਤੈਨੂੰ ਇੱਕ ਬਾਦਸ਼ਾਹਤ ਦਾ ਰਾਜ ਦਿੱਤਾ। ਜਿਸ ਨੂੰ ਸੁਣ
ਕੇ ਤੈਮੂਰ ਨੇ ਮਨ ਵਿੱਚ ਬੜਾ ਸੁਖ ਮਹਿਸੂਸ ਕੀਤਾ।
ਦੋਹਰਾ। ਐਸੀ ਮੁਸ਼ਟਾਂ ਭਾਂਗ ਕੀ ਤਿਮਰ ਸਾਤ ਜਬ ਪਾਇ।
ਸਤਿ ਪਾਤਸ਼ਾਹੀ ਸਾਥ ਹੀ ਸ੍ਰੀ ਗੁਰ ਮੁਖੋਂ ਅਲਾਇ। (੧੭੨)
ਜਦ ਤੈਮੂਰ ਨੇ ਅਜਿਹੀਆਂ ਸੱਤ ਮੁਠਾਂ ਭੰਗ ਦੀਆਂ ਗੁਰੂ ਨਾਨਕ ਦੇ ਪੱਲੇ ਵਿੱਚ ਪਾਈਆਂ, ਤਾਂ ਨਾਲ ਹੀ
ਗੁਰੂ ਨਾਨਕ ਨੇ ਮੂੰਹ ਤੋਂ ਸੱਤ ਪਾਤਸ਼ਾਹੀਆਂ ਕਹਿ ਦਿੱਤਾ।
ਇਸ ਪਿੱਛੋਂ ਕਵੀ ਨੇ ਕੁੱਝ ਵਾਕ ਜਾਲ ਬੁਣ ਕੇ, ਫਿਰ ਬਾਲੇ ਕੋਲੋਂ ਬਾਬੇ ਨਾਨਕ ਨੂੰ ਅਖਵਾਇਆ ਹੈ,
ਦੋਹਰਾ। ਕਬ ਕਬ ਸ੍ਰੀ ਮੁਖ ਸੋਂ ਕਹੈ ਧਰਨੇ ਦਸ ਅਵਤਾਰ।
ਪ੍ਰਗਟ ਪੰਥ ਪਾਛੈ ਕਰੋਂ ਦੇਵੋਂ ਰਾਜ ਅਪਾਰ। (੧੮੪)
ਗੁਰੂ ਜੀ ਕਦੇ ਕਦੇ ਤੁਸੀਂ ਕਹਿੰਦੇ ਹੋ ਕਿ ਤੁਸੀਂ ਦਸ ਅਵਤਾਰ ਧਾਰਨੇ ਹਨ। ਉਸ ਪਿਛੋਂ ਪੰਥ ਪ੍ਰਗਟ
ਕਰਨਾ ਹੈ, ਅਤੇ ਉਸ ਪੰਥ ਨੂੰ ਅਪਾਰ ਰਾਜ ਦੇਣਾ ਹੈ।
ਚੌਪਈ। ਪੰਥ ਪ੍ਰਗਟ ਪ੍ਰਭ ਕੈਸੇ ਕਰਿਹੋ। ਤਾਹਿ ਰਾਜ ਦੈ ਕਸ ਹਰਖ ਰਹੋ।
ਤੁਮ ਪਾਤਿਸ਼ਾਹੀ ਇਨ ਕੋ ਦੀਨੀ। ਸ੍ਰੀ ਮੁਖਿ ਸਤ ਹਰਖ ਤਿਹ ਦੀਨੀ। (੧੮੫)
ਬਾਲੇ ਨੇ ਕਿਹਾ, ਬਾਬਾ ਤੂੰ ਪੰਥ ਕਿਵੇਂ ਪ੍ਰਗਟ ਕਰੇਂਗਾ? ਅਤੇ ਉਸ ਨੂੰ ਰਾਜ ਕਿਵੇਂ ਦੇਵੇਂਗਾ? ਤੂੰ
ਤਾਂ ਇਸ ਨੂੰ ਪਾਤਸ਼ਾਹੀ ਦੇ ਦਿੱਤੀ। ਸੁਭਾਇਮਾਨ ਮੁਖ ਤੋਂ, ਇਸ ਨੂੰ ਖੁਸ਼ੀ ਨਾਲ ਸੱਤ ਪਾਤਸ਼ਾਂਹੀਆਂ ਦਾ
ਰਾਜ ਦੇ ਦਿੱਤਾ ਹੈ।
ਸੁਨਿ ਗੁਰ ਨਾਨਕ ਐਸ ਅਲਾਈ। ਭਲੀ ਬਾਤ ਤੁਮ ਯਾਦ ਕਰਾਈ।
ਇਹ ਤੋ ਅਬ ਨਹਿ ਕੈਸ ਮੁੜਾਇ। ਕਹੋਂ ਯਤਨ ਔਰੇ ਪ੍ਰਗਟਾਏ। (੧੮੬)
ਇਹ ਸੁਣ ਕੇ ਬਾਬੇ ਨਾਨਕ ਨੇ ਇਵੇਂ ਕਿਹਾ, ਤੂੰ ਬੜੀ ਚੰਗੀ ਗੱਲ ਕੀਤੀ ਹੈ ਕਿ ਜੋ ਯਾਦ ਕਰਵਾ ਦਿੱਤਾ
ਹੈ। ਹੁਣ ਜੋ ਹੋ ਗਿਆ ਉਹ ਤਾਂ ਮੋੜਿਆ ਨਹੀਂ ਜਾ ਸਕਦਾ। ਹੁਣ ਮੈ ਹੋਰ ਕੋਈ ਯਤਨ ਕਰ ਕੇ ਪੰਥ ਪ੍ਰਗਟ
ਕਰਾਂਗਾ।
ਸਾਤ ਮੁਸ਼ਟ ਭਾਂਗ ਇਨ ਦੈ ਕੈ। ਸਤ ਪਾਤਿਸ਼ਾਹੀ ਲੈ ਸੁਖ ਪੈ ਕੈ।
ਤੈਸੋ ਸਾਤ ਸੀਸ ਨਿਜ ਦੇਵੋਂ। ਤੌ ਪਤਿਸ਼ਾਹੀ ਇਨ ਤੇ ਲੇਵੋਂ। (੧੮੭)
ਜਿਵੇਂ ਇਨ੍ਹਾਂ ਨੇ ਸੱਤ ਮੁੱਠਾਂ ਭੰਗ ਦੀਆਂ ਦੇ ਕੇ, ਸੱਤ ਪਾਤਸ਼ਾਹੀਆਂ ਦਾ ਰਾਜ ਲੈ ਕੇ ਸੁਖ ਪਾਇਆ
ਹੈ, ਤਿਵੇਂ ਹੀ ਮੈਂ ਅਪਣੈ ਸੱਤ ਸੀਸ ਦੇ ਕੇ, ਇਨ੍ਹਾਂ ਕੋਲੋਂ ਰਾਜ ਵਾਪਸ ਲੈ ਲਵਾਂ ਗਾ।
ਦਸਮ ਰੂਪ ਧਾਰੋਂ ਬਲਿਕਾਰੀ। ਪ੍ਰਗਟ ਪੰਥ ਇਨ ਕਰੋਂ ਸੰਘਾਰੀ।
ਮਰਦਾਨੇ ਪੁਨਿ ਬਿਨਤਿ ਅਲਾਈ। ਹੇ ਪ੍ਰਭ ਕੋ ਕੋ ਸੀਸ ਦਿਵਾਈ। (੧੮੮)
ਮੈਂ ਅਪਣਾ ਦਸਵਾਂ ਰੂਪ ਬੜਾ ਬਲ ਵਾਲਾ ਧਾਰੂਂਗਾ, ਫਿਰ ਪੰਥ ਪ੍ਰਗਟ ਕਰ ਕੇ ਇਨ੍ਹਾਂ ਦਾ ਨਾਸ
ਕਰਾਂਗਾ। ਫਿਰ ਮਰਦਾਨੇ ਨੇ ਬੇਨਤੀ ਕੀਤੀ, ਹੇ ਪ੍ਰਭੂ ਕਿਸ ਕਿਸ ਦਾ ਸੀਸ ਦੇਵੋਗੇ?
ਸ੍ਰੀ ਗੁਰ ਕਹਾ ਪੰਚਮ ਬਪੁ ਲੇਵੋਂ। ਪ੍ਰਿਥਮ ਸੀਸ ਇਸ ਕੇ ਹਿਤ ਦੇਵੋਂ। (੧੮੯)
ਬਾਬਾ ਨਾਨਕ ਜੀ ਨੇ ਕਿਹਾ, ਪੰਜਵਾਂ ਜਾਮਾ ਧਾਰਨ ਕਰ ਕੇ (ਅਰਜਨ ਪਾਤਸ਼ਾਹ ਦੇ ਰੂਪ ਵਿਚ) ਇਸ ਵਾਸਤੇ
ਪਹਿਲਾ ਸੀਸ ਦੇਵਾਂਗਾ।
ਦੋਹਰਾ। ਖਸ਼ਟਮ ਗ੍ਰਿਹਿ ਤਬ ਧਾਰਿ ਬਪੁ ਦੇਵੋਂ ਸੀਸ ਉਤਾਰ।
ਦਸਮ ਰੂਪ ਕੋ ਚਾਰਿ ਸੁਤ ਇਸ ਕੇ ਹੇਤ ਸੰਘਾਰ। (੧੯੦)
ਛੇਵੇਂ ਰੂਪ (ਗੁਰੂ ਹਰਿਗੋਬਿੰਦ ਸਾਹਿਬ ਜੀ) ਦੇ ਘਰ ਜਨਮ ਲੈ ਕੇ, ਫਿਰ ਸੀਸ ਦੇਵਾਂਗਾ। ਦਸਵੇਂ ਰੂਪ
ਵਿਚ, ਮੇਰੇ ਚਾਰ ਸਪੁਤ੍ਰ ਫਿਰ ਸੀਸ ਵਾਰਨਗੇ।
ਚੌਪਈ। ਗੁਰ ਨਾਨਕ ਕੇ ਬਚ ਇਹ ਭਾਂਤਾ। ਮਰਦਾਨੇ ਸੁਨਿ ਬਾਲ ਬਿਖਯਾਤਾ। (੧੯੧)
ਗੁਰੂ ਨਾਨਕ ਦੇ ਇਸ ਤ੍ਰ੍ਹਾਂ ਦੇ ਬਚਨ, ਮਰਦਾਨੇ ਅਤੇ ਬਾਲੇ ਨੇ ਪ੍ਰਗਟ ਤੌਰ ਤੇ ਸੁਣੇ।
ਇਸ ਤੋਂ ਅੱਗੇ, ਇਸ ਚੌਪਈ ਵਿੱਚ ਤੈਮੂਰ ਦੀ ਗਾਥਾ, ਬਾਲੇ ਦੀ ਵਡਿਆਈ, ਭਗਤ ਦੇ ਬਚਨ ਨਾ ਟਲਣ ਵਾਲੇ,
ਅਤੇ ਮਾਲਕ ਪ੍ਰਭੂ ਅਪਣੇ ਸੇਵਕਾਂ ਦੇ ਵੱਸ ਵਿੱਚ ਹੋਣ ਦੀ ਗੱਲ ਆਖੀ ਹੈ।
ਦੋਹਰਾ। ਇਸੀ ਹੇਤਿ ਭਾਈ ਸੁਨੋ ਅਬ ਹਮ ਚਲੈਂ ਲਾਹੌਰ।
ਪ੍ਰਿਥਮ ਸੀਸ ਤਹ ਦੇਵ ਹੋਂ ਆਵੋਂ ਨਾਹਿ ਬਹੋਰ। (੨੦੨)
ਹੇ ਭਾਈ ਬੁੱਢਾ ਅਤੇ ਭਾਈ ਗੁਰਦਾਸ ਸੁਣੋ, ਇਸ ਵਾਸਤੇ ਅਸੀਂ ਲਾਹੌਰ ਜਾ ਰਹੇ ਹਾਂ, ਮੁੜ ਕੇ ਵਾਪਸ
ਨ੍ਹੀਂ ਆਵਾਂਗੇ।
ਇਸ ਤੋਂ ਅਗਲੀ ਚੌਪਈ ਵਿੱਚ ਯਭਲੀਆਂ ਮਾਰ ਕੇ ਅਗਲਾ ਦੋਹਰਾ ਹੈ,
ਦੋਹਰਾ। ਗੁਰ ਨਾਨਕ ਅੰਗਦ ਕਹੀ ਅੰਗਦ ਅਮਰ ਬਖਾਨ।
ਅਮਰਦਾਸ ਰਾਮਦਾਸ ਕੌ ਸਿਖਯਾ ਦੀਨ ਮਹਾਨ। (੨੦
ਇਹ ਗਾਥਾ ਬਾਬਾ ਨਾਨਕ ਨੇ ਬਾਬਾ ਅੰਗਦ ਜੀ ਨੂੰ ਕਹੀ, ਅੰਗਦ ਸਾਹਿਬ ਨੇ ਇਹ ਅਮਰ (ਦਾਸ) ਨੂੰ ਕਹੀ,
ਅਮਰਦਾਸ ਨੇ, ਇਹ ਮਹਾਨ ਸਿਖਿਆ ਰਾਮਦਾਸ ਨੂੰ ਦਿੱਤੀ।
ਚੌਪਈ। ਰਾਮਦਾਸ ਗੁਰ ਭਏ ਕ੍ਰਿਪਾਲ। ਦੈ ਸਿਖਿਆ ਮੁਹਿ ਕੀਨੁ ਨਿਹਾਲੁ।
ਸੋ ਸਿਖਯਾ ਸੁਨਿਹੋ ਮਨੁ ਲਾਈ। ਰਿਦ ਮਹਿ ਧਾਰੋ ਬਹੁ ਸੁਖ ਪਾਈ। (੨੦੭)
ਜਦ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ ਤਾਂ ਇਹ ਸਿਖਿਆ, ਮੈਨੂੰ ਦੇ ਕੇ ਨਿਹਾਲ ਕੀਤਾ। ਇਹ ਸਿਖਿਆ,
ਹੁਣ ਤੁਸੀਂ ਮੇਰੇ ਕੋਲੋਂ ਮਨ ਲਾ ਕੇ ਸੁਣੋ, ਤੁਸੀ ਹੁਣ ਇਸ ਨੂੰ ਹਿਰਦੇ ਵਿੱਚ ਦ੍ਰਿੜ੍ਹ (ਪਕਿਆਂ)
ਕਰ ਲਵੋ। ਇਸ ਨਾਲ ਤੁਹਾਨੂੰ ਸੁਖ ਮਿਲੇਗਾ।
ਇਸ ਤੋਂ ਅੱਗੇ ਪੰਜਵੇਂ ਨਾਨਕ ਨੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੂੰ ਕੁੱਝ ਨਹੀਂ ਦੱਸਿਆ,
ਨਾ ਹੀ ਇਸ ਬਾਰੇ, ਗੁਰ ਬਿਲਾਸ ਵਿੱਚ ਇਸ ਤੋਂ ਅੱਗੇ ਕੁੱਝ ਹੋਰ ਲਿਖਿਆ ਹੈ। ਵਿਚਾਰਿਆਂ ਇਹੀ ਸਮਝ
ਆਉਂਦੀ ਹੈ ਕਿ, ਸਤਵੀਂ ਸ਼ਹਾਦਤ ਮਾਤਾ ਗੁਜਰੀ ਜੀ ਦੀ ਹੀ ਹੋ ਸਕਦੀ ਹੈ।
ਇਸ ਨੂੰ ਵਿਚਾਰਿਆਂ ਕੁੱਝ ਗੱਲਾਂ ਸਾਮ੍ਹਣੇ ਆਉਂਦੀਆਂ ਹਨ, ਜਿਵੇਂ,
੧, ਇਹ ਕਹਾਣੀ ਪੰਜਵੇਂ ਨਾਨਕ ਜੀ ਨੇ, ਸ਼ਹਾਦਤ ਦੇਣ ਲਈ ਲਾਹੌਰ ਜਾਣ ਸਮੇ, ਹਰਿਗੋਬਿੰਦ ਪਾਤਸ਼ਾਹ,
ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੂੰ ਸੁਣਾਈ।
ਪੰਜਵੇਂ ਨਾਨਕ ਜੀ ਦੇ ਕਹਿਣ ਅਨੁਸਾਰ, ਇਹ ਕਹਾਣੀ, ਬਾਬਾ ਨਾਨਕ ਜੀ ਨੇ ਬਾਬਾ ਅੰਗਦ ਜੀ ਨੂੰ ਸੁਣਾਈ
ਸੀ, ਫਿਰ ਇਹ ਕਹਾਣੀ ਬਾਬਾ ਅੰਗਦ ਜੀ ਨੇ, ਬਾਬਾ ਅਮਰਦਾਸ ਜੀ ਨੂੰ ਸੁਣਾਈ ਸੀ। ਸਮਾ ਆਉਣ ਤੇ ਬਾਬਾ
ਅਮਰਦਾਸ ਜੀ ਨੇ ਇਹ ਕਹਾਣੀ, ਬਾਬਾ ਰਾਮਦਾਸ ਜੀ ਨੂੰ ਸੁਣਾਈ। ਅਤੇ ਜਦ ਬਾਬਾ ਰਾਮਦਾਸ ਜੀ ਕ੍ਰਿਪਾ ਦੇ
ਘਰ ਵਿਹ ਆਏ ਤਾਂ ਉਨ੍ਹਾਂ ਨੇ, ਇਹ ਕਹਾਣੀ ਰੂਪੀ ਸਿਖਿਆ ਮੈਨੂੰ ਦੇ ਕੇ ਨਿਹਾਲ ਕੀਤਾ।
(ਕਵੀ ਦੇ ਕਹਣ ਅਨੁਸਾਰ, ਇਸ ਕਹਾਣੀ ਦੀ ਪ੍ਰੋੜ੍ਹਤਾ, ਪਹਿਲੇ ਪੰਜੇ ਨਾਨਕ ਕਰਦੇ ਹਨ।)
ਫੇਰ ਬਾਬਾ ਨਾਨਕ ਜੀ ਦੇ ਇਹ ਬਚਨ, ੧੯੧ ਨੰਬਰ ਦੀ ਚੌਪਈ ਵਿੱਚ ਭਾਈ ਬਾਲਾ ਅਤੇ ਭਾਈ, ਮਰਦਾਨਾ ਜੀ ਨੇ
ਵੀ ਪ੍ਰਗਟ ਰੂਪ ਵਿੱਚ ਸੁਣੇ ਸਨ। ਹੁਣ ਇਹ ਬਚਨ ਪੰਜਵੇਂ ਨਾਨਕ ਆਪ ਪਾਤਸ਼ਾਹ ਹਰਗੋਬਿੰਦ ਸਾਹਿਬ, ਬਾਬਾ
ਬੁੱਢਾ ਜੀ ਅਤੇ ਭਾਈ ਗੁਰਦਾਸ ਨੂੰ ਵੀ ਸੁਣਾ ਰਹੇ ਹਨ।)
੨, ਇਹ ਕਹਾਣੀ ਆਮ ਬੰਦੇ ਦੀ ਸਮਝ ਤੋਂ ਬਾਹਰ ਹੈ, ਇਸ ਨੂੰ ਜੋ ਪੜ੍ਹੇਗਾ ਜਾਂ ਸੁਣੇਗਾ, ਉਸ ਦਾ ਜਨਮ
ਮਰਨ ਦਾ ਗੇੜ ਕਟਿਆ ਜਾਵੇਗਾ, ਉਹ ਭਵਜਲ ਤੋਂ ਪਾਰ ਹੋ ਕੇ ਪਰਮਾਤਮਾ ਵਿੱਚ ਵਿਲੀਨ ਹੋ ਜਾਵੇ ਗਾ।
(ਹੁਣ ਇਸ ਕਹਾਣੀ ਨੂੰ ਵਿਚਾਰਨ ਤੇ ਰੋਕ ਲਗਾ ਕੇ, ਇਸ ਨੂੰ ਪੜ੍ਹਨ ਅਤੇ ਸੁਣਨ ਬਾਰੇ ਤਾਕੀਦ ਕੀਤੀ
ਹੈ, ਮੁਕਤੀ ਦਾ ਲਾਲਚ ਵੀ ਦਿੱਤਾ ਹੈ)
੩, ਬਾਬਾ ਨਾਨਕ ਨੇ (ਨਸ਼ਈਆਂ ਵਾਙ) ਆਜੜੀ ਕੋਲ ਭੰਗ ਦੀ ਫਰਿਆਦ ਕੀਤੀ। ਉਸ ਨਾਲ ਭੰਗ ਲੈਣ ਦੇਣ ਦਾ
ਸੌਦਾ ਵੀ ਕੀਤਾ। ਜਦ ਆਜੜੀ ਭੰਗ ਲੈ ਆਇਆ ਤਾਂ ਬਾਬਾ ਨਾਨਕ ਬਹੁਤ ਆਨੰਦਤ ਹੋਇਆ ਅਤੇ ਆਜੜੀ ਦੇ ਅੱਗੇ
ਅਪਣਾ ਪੱਲਾ ਵਿਛਾ ਦਿੱਤਾ। ਬਾਬਾ ਨਾਨਕ ਜੀ ਲਈ ਭੰਗ ਏਨੀ ਕੀਮਤੀ ਸੀ ਕਿ, ਭੰਗ ਦੀਆਂ ਸੱਤ ਮੁੱਠਾਂ
ਲਈ ਸੱਤ ਪਾਤਸ਼ਾਹੀਆਂ ਦਾ ਰਾਜ ਦੇ ਦਿੱਤਾ। ਫਿਰ ਬਾਲੇ ਦੇ ਯਾਦ ਕਰਾਉਣ ਤੇ, ਭੰਗ ਦੀਆਂ ਸੱਤ ਮੁੱਠਾਂ
ਬਦਲੇ ਦਿੱਤੀ ਚੀਜ਼, (ਬਾਦਸ਼ਾਹਤ) ਵਾਪਸ ਲੈਣ ਲਈ, ਸੱਤ ਸ਼ਹਾਦਤਾਂ ਦੇਣ ਦੀ ਭਵਿੱਖਬਾਣੀ ਵੀ ਕਰ ਦਿੱਤੀ।
੪, ਬਾਬਾ ਨਾਨਕ ਜੀ ਨੇ ਹੀ ਬਾਲੇ ਕੋਲ ਅਪਣੇ ਦਸ ਅਵਤਾਰ ਧਾਰਨ ਦੀ, ਅਤੇ ਦਸਵੇਂ ਜਾਮੇ ਵਿੱਚ ਪੰਥ
ਪ੍ਰਗਟ ਕਰਨ ਦੀ ਭਵਿੱਖਬਾਣੀ ਕਰ ਦਿੱਤੀ ਸੀ।
ਇਸ ਕਹਾਣੀ ਦੇ ਸੁਣਨ ਨਾਲ, ਦਿਮਾਗ ਵਿੱਚ ਜੋ ਸ਼ੰਕੇ ਉੱਠਦੇ ਹਨ, ਉਹ ਇਵੇਂ ਹਨ,
੧, ਗੁਰ ਬਿਲਾਸ ਪਾਤਸ਼ਾਹੀ ੬, ਅਨੁਸਾਰ, ਜਿਸ ਕਹਾਣੀ ਦੀ ਪ੍ਰੋੜ੍ਹਤਾ, ਛੇ ਨਾਨਕ ਜਾਮੇ ਕਰਦੇ ਹੋਣ।
ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਬਾਲਾ ਜੀ, ਭਾਈ ਮਰਦਾਨਾ ਜੀ ਵਰਗੇ ਗੁਰਸਿੱਖਾਂ ਦੀ ਜਿਸ
ਤੇ ਗਵਾਹੀ ਪਈ ਹੋਵੇ। ਭਾਈ ਮਨੀ ਸਿੰਘ ਵਰਗੇ ਸ਼ਹੀਦ ਦੇ ਮੁੱਖ ਤੋਂ ਸੁਣ ਕੇ ਇਹ ਕਥਾ, ਭਗਤ ਸਿੰਘ
ਵਰਗਾ ਗੁਰਸਿੱਖ ਸੁਣਾ ਰਿਹਾ ਹੋਵੇ, ਅਕਾਲਤਖਤ ਸਾਹਿਬ ਦਾ ਜਥੇਦਾਰ, ਸਿੰਘ ਸਾਹਿਬ, ਗਿਆਨੀ ਜੋਗਿੰਦਰ
ਸਿੰਘ ਵੇਦਾਂਤੀ ਅਤੇ ਡਾ, ਅਮਰਜੀਤ ਸਿੰਘ, ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ ਜਿਹੇ ਵਿਦਵਾਨ
ਜਿਸ ਦੀ ਸੰਪਾਦਨਾ ਕਰ ਰਹੇ ਹੋਣ, ਪੰਥ ਰਤਨ, ਸ੍ਰ, ਗੁਰਚਰਨ ਸਿੰਘ ਟੌਹੜਾ ਅਤੇ ਪੰਥ ਰਤਨ ਸ੍ਰ, ਸੰਤ
ਸਿੰਘ ਮਸਕੀਨ ਵਰਗੇ ਦਸ ਹੋਰ ਵਿਦਵਾਨ ਉਸ ਦੇ ਕਸੀਦੇ ਕੱਢ ਰਹੇ ਹੋਣ, ਉਸ ਨੂੰ ਪੰਥ ਲਈ ਮਹਾਨ ਸੌਗਾਤ
ਦੱਸ ਰਹੇ ਹੋਣ, ਤਾਂ ਕੀ ਇਸ ਕਹਾਣੀ ਤੇ ਕੁੱਝ ਸ਼ੱਕ ਹੋ ਸਕਦਾ ਹੈ?
(ਜੇ ਅਸੀਂ ਪੁਜਾਰੀ ਜਮਾਤ ਦੀ ਸਿਖਿਆ ਅਨੁਸਾਰ, ਸ਼ਰਧਾਵਾਨ ਸਿੱਖ ਹਾਂ ਤਾਂ ਸਾਨੂੰ ਇਸ ਕਹਾਣੀ ਬਾਰੇ
ਕੋਈ ਸ਼ੱਕ ਨਹੀਂ ਹੋਣਾ ਚਾਹੀਦਾ।)
ਪਰ ਜਦ ਇੱਕ ਛੋਟੀ ਜਿਹੀ ਗੱਲ ਜਿਸ ਦਾ ਸ਼ਰਧਾ ਨਾਲ ਕੋਈ ਸਬੰਧ ਨਹੀਂ ਹੈ (ਇਤਿਹਾਸ) ਨੂੰ ਵਿਚਾਰਿਆ
ਤਾਂ, ਉਸ ਮੁਤਾਬਕ ਇਸ ਕਹਾਣੀ ਤੇ ਵਿਸ਼ਵਾਸ ਕਰਨਾ ਮੁਸ਼ਕਲ ਹੋ ਰਿਹਾ ਹੈ। ਇਤਿਹਾਸ ਮੁਤਾਬਕ ਤੈਮੂਰ
ਲਿੰਗ ਦਾ ਜਨਮ, ੯ ਅਪ੍ਰੈਲ, ੧੩੩੬ ਈਸਵੀ ਵਿੱਚ ਹੋਇਆ ਸੀ, ਉਸ ਦੀ ਮੌਤ ੨੮ ਫਰਵਰੀ, ੧੪੦੫ ਚਿਣ ਹੋ
ਗਈ ਸੀ। ਬਾਬਾ ਨਾਨਕ ਜੀ ਦਾ ਜਨਮ ੧੪੬੯ ਵਿੱਚ ਹੋਇਆ। (ਤਾਰੀਖ ਇਸ ਕਰ ਕੇ ਨਹੀਂ ਲਿਖ ਰਿਹਾ, ਕਿਉਂਕਿ
ਪੁਜਾਰੀਆਂ ਦੇ ਗਧੀ ਗੇੜ ਵਿੱਚ ਪਏ ਸਿੱਖ, ਪੰਜ ਸਦੀਆਂ ਵਿੱਚ ਵੀ ਇਹ ਫੈਸਲਾ ਨਹੀਂ ਕਰ ਸਕੇ ਕਿ ਬਾਬਾ
ਨਾਨਕ ਜੀ ਦੀ ਜਨਮ ਤਾਰੀਖ ਕੀ ਹੈ?) ਖੈਰ ਕੁੱਝ ਵੀ ਹੋਵੇ, ਇਹ ਸਾਰੇ ਮੰਨਦੇ ਹਨ ਕਿ ਬਾਬਾ ਨਾਨਕ ਜੀ
ਦੀ ਪੈਦਾਇਸ਼ ੧੪੬੯ ਵਿੱਚ ਹੋਈ ਸੀ। ਚਲੋ ਪਹਿਲੇ ਨਾਨਕ ਬਾਰੇ ਤਾਂ ਦਿਨ, ਮਹੀਨੇ ਦਾ ਹੀ ਰੌਲਾ ਹੈ, ਪਰ
ਦਸਵੇਂ ਨਾਨਕ ਬਾਰੇ ਤਾਂ ਸਾਲ ਦਾ ਵੀ ਕੋਈ ਫੈਸਲਾ ਨਹੀਂ ਹੋ ਸਕਿਆ।
ਇਸ ਹਿਸਾਬ ਬਾਬਾ ਨਾਨਕ ਜੀ ਦੇ ਦੁਨੀਆ ਵਿੱਚ ਆਉਣ ਤੋਂ ਲਗ ਭਗ ੬੪ ਸਾਲ ਪਹਿਲਾਂ, ਤੈਮੂਰ ਲਿੰਗ ਇਸ
ਜਹਾਨ ਤੋਂ ਜਾ ਚੁੱਕਾ ਸੀ। ਗੁਰ ਬਿਲਾਸ ਮੁਤਾਬਕ ਤੈਮੂਰ ਲਿੰਗ ਬਾਬਾ ਨਾਨਕ ਜੀ ਨਾਲੋਂ ਛੋਟਾ ਸੀ। ਇਹ
ਗੱਲ ਲੁਕੀ ਵੀ ਰਹਿ ਜਾਂਦੀ, ਜੇ ਵਿਚਾਰਾ ਗੁਰਬਿਲਾਸ ਦਾ ਲਿਖਾਰੀ, ਉਸ ਨੂੰ ਖਾਲੀ ਤੈਮੂਰ ਹੀ ਲਿਖ
ਦਿੰਦਾ, ਪਰ ਉਹ ਵਿਚਾਰਾ ਇੱਕ ਮਨ ਘੜਤ ਪਾਤ੍ਰ, ਬਾਲੇ ਨੂੰ ਬਾਬਾ ਨਾਨਕ ਜੀ ਨਾਲੋਂ ਸਿਆਣਾ ਦਰਸਾਉਣ
ਦੇ ਚੱਕਰ ਵਿਚ, ਸੰਨ੍ਹ ਤੋਂ ਫੜੇ ਚੋਰ ਵਾਙ ਫੜਿਆ ਗਿਆ। ਦੂਸਰੇ ਪਾਸੇ ਪੁਜਾਰੀ ਲਾਣਾ ਅਕਲ ਦੀ ਘਾਟ
ਕਾਰਨ ਠੀਕ ਢੰਗ ਨਾਲ ਨਕਲ ਵੀ ਨਹੀਂ ਮਾਰ ਸਕਿਆ। (ਕਿਉਂਕਿ ਸਿਆਣੇ ਕਹਿੰਦੇ ਹਨ, ਨਕਲ ਵੀ ਅਕਲ ਨਾਲ
ਹੀ ਮਾਰ ਹੁੰਦੀ ਹੈ।) ਜੇ ਉਹ ਤੈਮੂਰ ਦੇ ਲਿੰਗ ਵਾਲੀ ਗੱਲ ਗੋਲ ਕਰ ਜਾਂਦੇ ਤਾਂ, ਕੁੱਝ ਭਰਮ ਬਣ
ਜਾਂਦਾ। ਇਸ ਗਲਤੀ ਤੋਂ ਅਗਾਂਹ ਸ਼ੰਕੇ ਉਠਣੇ ਸੁਭਾਵਕ ਸਨ। ਬਾਬਾ ਨਾਨਕ ਜੀ ਦਾ ਵੀ ਕਥਨ ਹੈ ਕਿ ਹਰ
ਕੰਮ ਕਰਨ ਲਗਿਆਂ ਉਸ ਨੂੰ ਅਕਲ ਨਾਲ ਵਿਚਾਰ ਲੈਣਾ ਚਾਹੀਦਾ ਹੈ। ਸੋ ਅਕਲ ਨਾਲ ਵਿਚਾਰਿਆਂ ਇਹ ਸ਼ੰਕੇ
ਸਾਮ੍ਹਣੇ ਆਉਂਦੇ ਹਨ,
(ੳ) ਜਿਸ ਬਾਰੇ ਗੁਰਬਿਲਾਸ ਦਾ ਲਿਖਾਰੀ, ਪ੍ਰਭੂ ਅਬਿਨਾਸੀ, ਅਲਖ, ਕਾਰਨ ਕਰਨ, ਜਿਨ੍ਹਾਂ ਦਾ ਕੋਈ
ਭੇਦ ਨਹੀਂ ਪਾ ਸਕਦਾ, ਕਰਤਾਰ, ਨਿਚਿੰਤ ਰਹਿਣ ਵਾਲੇ, ਸੁਖ ਦੇ ਸਾਗਰ, ਸੂਰਜ ਸਮਾਨ ਪ੍ਰਕਾਸ਼ਮਾਨ, ਜਿਸ
ਦੇ ਦਰਸ਼ਨ ਕਰਨ ਨਾਲ ਕਪਾਟ ਖੁਲ੍ਹ ਜਾਂਦੇ ਹੋਣ, ਕਹਿ ਰਿਹਾ ਹੈ, ਕੀ ਉਹ ਬਾਬਾ ਨਾਨਕ ਨਸ਼ਈ ਸੀ? ਜਦ ਕਿ
ਬਾਬਾ ਨਾਨਕ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਸਿੱਖਾਂ ਨੂੰ ਕਿਸੇ ਵੀ ਨਸ਼ੇ ਤੋਂ ਬਚਣ ਦੀ ਤਾਕੀਦ ਕਰਦੇ
ਹਨ?
(ਅ) ਕੀ ਪੰਜਵੇਂ ਨਾਨਕ, ਨੌਵੇਂ ਨਾਨਕ, ਚਾਰ ਸਾਹਿਬਜ਼ਾਦਿਆਂ ਦੀ, ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ,
ਕਿਸੇ ਮਕਸਦ ਨੂੰ ਲੈ ਕੇ ਨਹੀਂ ਸੀ ਹੋਈ? ਸਿਰਫ ਭੰਗ ਦੀਆਂ ਸੱਤ ਮੁੱਠਾਂ ਪਿਛੇ ਹੋਈ ਸੀ?
(ੲ) ਕੀ ਅਜਿਹੀ ਕੋਈ ਕਹਾਣੀ ਸੁਣਨ ਨਾਲ ਕਿਸੇ ਦਾ ਜਨਮ ਮਰਨ ਦਾ ਗੇੜ ਕੱਟਿਆ ਜਾਣਾ, ਗੁਰੂ ਗ੍ਰੰਥ
ਸਾਹਿਬ ਜੀ ਦੀ ਸਿਖਿਆ ਅਨੁਸਾਰ ਸੰਭਵ ਹੈ? ਜੇ ਅਜਿਹਾ ਸੰਭਵ ਹੁੰਦਾ ਤਾਂ ਗੁਰੂ ਗ੍ਰੰਥ ਸਾਹਿਬ ਲਿਖਣ
ਦੀ ਕੀ ਲੋੜ ਸੀ?
(ਸ) ਕੀ ਗੁਰਬਾਣੀ ਕਿਸੇ ਵਰ ਸਰਾਪ ਦੀ ਪ੍ਰੋੜ੍ਹਤਾ ਕਰਦੀ ਹੈ, ਜੋ ਬਾਬਾ ਨਾਨਕ ਜੀ ਵਲੋਂ ਵਰ ਦੇਣ ਦੀ
ਗੱਲ ਮੰਨੀ ਜਾ ਸਕੇ?
(ਹ) ਕੀ ਗੁਰਬਾਣੀ ਅਵਤਾਰ ਵਾਦ ਨੂੰ ਮਾਨਤਾ ਦਿੰਦੀ ਹੈ? ਜੋ ਮੰਨਿਆ ਜਾ ਸਕੇ ਕਿ ਬਾਬਾ ਨਾਨਕ ਜੀ ਨੇ
ਕਿਸੇ ਬਾਲੇ ਨਾਮ ਦੇ ਬੰਦੇ ਨੂੰ, ਅਪਣੇ ਦਸ ਅਵਤਾਰ ਧਾਰਨ ਦੀ ਗੱਲ ਕਹੀ ਹੋਵੇਗੀ?
(ਕ) ਕੀ ਪੰਜਵੇਂ ਨਾਨਕ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਅਤੇ ਹੋਣ ਵਾਲੇ ਛੇਵੇਂ ਨਾਨਕ ਨੂੰ ਇਹ
ਕਹਾਣੀ ਸੁਣਾ ਕੇ ਕਹਿ ਸਕਦੇ ਹਨ ਕਿ ਇਸ ਨੂੰ ਸੁਣਨ ਨਾਲ ਤੁਹਾਨੂੰ, ਮਨ ਵਿੱਚ ਸੁਖ ਮਿਲੇਗਾ?
ਜੇ ਨਹੀਂ ਤਾਂ ਕੀ ਇਸ ਨਾਲ ਇਨ੍ਹਾਂ ਗੱਲਾਂ ਦੀ ਪੁਸ਼ਟੀ ਨਹੀਂ ਹੁੰਦੀ ਕਿ,
੧, ਗੁਰਬਿਲਾਸ ਦਾ ਲਿਖਾਰੀ, ਕੋਈ ਝੂੱਠਾ, ਫਰੇਬੀ, ਮੱਕਾਰੀ ਸੀ, ਜਿਸ ਨੇ ਇਹ ਕਿਤਾਬ ਗੁਰ ਵਿਅਕਤੀਆਂ
ਦੀ ਛਵੀ ਵਿਗਾੜਨ ਦੀ ਨੀਅਤ ਨਾਲ ਹੀ ਲਿਖੀ ਸੀ।
੨, ਜਦ ਸਿੱਖਾਂ ਨੇ ਇਸ ਕਿਤਾਬ ਨੂੰ, ੧੯੨੦ ਵਿੱਚ ਹੀ ਰੱਦ ਕਰ ਕੇ, ਕੂੜੇ ਦੇ ਢੇਰ ਤੇ ਸੁੱਟ ਦਿੱਤਾ
ਸੀ, ਤਾਂ ਬੱਗੇ ਵੇਦਾਂਤੀ ਨੇ ਇਸ ਨੂੰ ਕੂੜੇ ਵਿਚੋਂ ਚੁਕ ਕੇ ਬਣਾ ਸ਼ੰਗਾਰ ਕੇ, ਸਿੱਖਾਂ ਦੇ ਵੇਹੜੇ
ਵਿੱਚ ਗੰਦ ਪਾਉਣ ਦਾ ਕੰਮ, ਪੈਸੇ ਦੇ ਲਾਲਚ ਵਿਚ, ਆਰ, ਐਸ, ਐਸ, ਦੇ ਇਸ਼ਾਰੇ ਤੇ ਕੀਤਾ ਹੈ।
੩, ਐਸ, ਜੀ, ਪੀ, ਸੀ, ਅਤੇ ਅਖੌਤੀ ਤਖਤਾਂ ਤੇ ਸਾਰੇ ਕੰਮ ਅੰਨ੍ਹਿਆਂ ਵਾਙ, ਪੈਸੇ ਦੇ ਲਾਲਚ ਪਿੱਛੇ,
ਆਰ, ਐਸ, ਐਸ, ਦੇ ਇਸ਼ਾਰੇ ਤੇ ਕੀਤੇ ਜਾਂਦੇ ਹਨ, ਅਤੇ ਕਾਮਨਾ ਕੀਤੀ ਜਾਂਦੀ ਹੈ ਕਿ ਅਜਿਹੀਆਂ ਕਿਤਾਬਾਂ
ਦਾ ਪਰਚਾਰ ਗੁਰਵਾਰਿਆਂ ਵਿੱਚ ਪਹਿਲਾਂ ਵਾਙ ਹੋਵੇ, ਤਾਂ ਜੋ ਸਿੱਖ ਬਾਬੇ ਨਾਨਕ ਜੀ ਦੀ ਸਿਖਿਆ ਤੋਂ
ਏਨੇ ਦੂਰ ਹੋ ਜਾਣ, ਜੋ ਉਨ੍ਹਾਂ ਨੂੰ ਪੁਜਾਰੀਆਂ ਵਲੋਂ ਕਹੀ ਹਰ ਗੱਲ, ਇਲਾਹੀ ਫੁਰਮਾਨ ਜਾਪੇ।
੪, ਬੱਗੇ ਸਿੰਘ ਸਾਹਿਬਾਂ ਨੇ ਬਾਬੇ ਨਾਨਕ ਦਾ ਅਕਸ ਵਿਗਾੜਦੇ ਇਸ ਝੂਠ ਨੂੰ ਸੱਚ ਸਾਬਤ ਕਰਨ ਲਈ,
ਪਹਿਲੇ ਛੇ ਨਾਨਕਾਂ, ਬਾਬਾ ਬੁਢਾ ਜੀ, ਭਾਈ ਮਰਦਾਨਾ ਜੀ, ਭਾਈ ਗੁਰਦਾਸ ਜੀ, ਭਾਈ ਮਨੀ ਸਿੰਘ ਜੀ ਦੇ
ਨਾਮ ਦਾ ਦੁਰਉਪਯੋਗ ਕੀਤਾ ਹੈ, ਅਕਾਲ ਤਖਤ ਸਾਹਿਬ, ਜਥੇਦਾਰ ਅਕਾਲ ਤਖਤ, ਸ਼ਹੀਦ ਸਿੱਖਾਂ ਦੇ ਨਾਮ ਤੇ
ਚਲਦੇ ਮਿਸ਼ਨਰੀ ਕਾਲਜ ਦੇ ਰੁਤਬਿਆਂ ਨੂੰ ਕਲੰਕਤ ਕਰਨ ਦਾ ਕੁਕਰਮ ਕਰਨ ਦੇ ਨਾਲ ਨਾਲ ਐਸ, ਜੀ, ਪੀ,
ਸੀ, ਦੇ ਪ੍ਰਧਾਨ ਦੇ ਰੁਤਬੇ, ਸਿੱਖਾਂ ਦੀ ਦਸਵੰਧ ਦੀ ਮਾਇਆ ਦਾ ਦੁਰ ਉਪਯੋਗ ਕੀਤਾ ਹੈ।
੫, ਸਭ ਤੋਂ ਵੱਡੀ ਗੱਲ ਗੁਰੂ ਸਾਹਿਬਾਂ, ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਭੰਗ ਦੇ
ਭਾੜੇ ਰੋੜ੍ਹ ਕੇ, ਨਾ ਮੁਆਫ ਕੀਤਾ ਜਾਣ ਵਾਲਾ ਕੁਕਰਮ ਕੀਤਾ ਹੈ।
੬, ਇਸ ਸਚਾਈ ਨੂੰ ਜ਼ਾਹਰ ਕਰਨ ਵਾਲਿਆਂ ਨੂੰ ਅਣਅਧਿਕਾਰਤ ਤੌਰ ਤੈ ਪੰਥ ਚੋਂ ਛੇਕ ਕੇ ਉਨ੍ਹਾਂ ਨੂੰ
ਪੰਥ ਵਿੱਚ ਬਦਨਾਮ ਕੀਤਾ ਹੈ।
ਇਨ੍ਹਾਂ ਨਾਲ ਕੀ ਹੋਣਾ ਚਾਹੀਦਾ ਹੈ?
ਮੇਰੇ ਹਿਸਾਬ ਨਾਲ ਤਾਂ ਇਨ੍ਹਾਂ ਦਾ ਹਾਲ ਵੀ ਮਸੰਦਾਂ ਨਾਲੋਂ ਕੁੱਝ ਵੱਖਰਾ ਨਹੀਂ ਹੋਣਾ ਚਾਹੀਦਾ
ਕਿਉਂਕਿ, ਅੱਜ ਇਨ੍ਹਾਂ ਦਾ ਰੁਤਬਾ ਵੀ ਉਸ ਵੇਲੇ ਦੇ ਮਸੰਦਾਂ ਵਾਲਾ ਹੀ ਹੈ। ਤਾਂ ਜੋ ਆਉਣ ਵਾਲੇ ਸਮੇ
ਵਿੱਚ ਅਜਿਹੀ ਹਰਕਤ ਕਰਨ ਦੀ ਹਿੱਮਤ ਕਿਸੇ ਨੂੰ ਨਾ ਪਵੇ। ਬਾਕੀ ਜੋ ਫੈਸਲਾ ਗੁਰਮੁਖ ਇਕੱਠੇ ਹੋ ਕੇ
ਕਰਨ, ਮੈਨੂੰ ਉਸ ਤੇ ਵੀ ਕੋਈ ਇਤਰਾਜ਼ ਨਹੀਂ ਹੈ।
ਅਮਰ ਜੀਤ ਸਿੰਘ ਚੰਦੀ
ਫੋਨ: ੯੭੫੬੨ ੬੪੬੨੧
(ਨੋਟ:- ‘ਸਿੱਖ ਮਾਰਗ’ ਦੇ
ਨਵੇਂ ਪਾਠਕਾਂ ਲਈ ਇਹ ਜਾਣਕਾਰੀ ਹਿਤ ਅਸੀਂ ਲਿਖ ਰਹੇ ਹਾਂ ਕਿ ਅਮਰ ਜੀਤ ਸਿੰਘ ਚੰਦੀ ਨੇ ਸਿਰਫ
ਕਿਨਕਾ ਮਾਤਰ ਹੀ ਜ਼ਿਕਰ ਕੀਤਾ ਹੈ। ਇਹ ਕਿਤਾਬ ਤਾਂ ਇਸ ਤਰ੍ਹਾਂ ਦੀਆਂ ਯਬਲੀਆਂ ਨਾਲ ਭਰੀ ਪਈ ਹੈ।
ਗੁਰਬਖ਼ਸ਼ ਸਿੰਘ ਕਾਲਾ ਅਫਗਾਨਾ ਨੇ ਜੋ ਇਸ ਸਾਰੀ ਦੀ ਚੀਰ ਫਾੜ ਕੀਤੀ ਸੀ ਉਹ ਅਸੀਂ ਕੋਈ 6-7 ਸਾਲ
ਪਹਿਲਾਂ ਲੜੀਵਾਰ ‘ਸਿੱਖ ਮਾਰਗ’ ਤੇ ਸਾਰੀ ਹੀ ਛਾਪੀ ਸੀ। ਪਰ ਉਸ ਸਮੇਂ ਸਾਡੇ ਕੋਲ ਸਰਵਰ ਤੇ ਬਹੁਤੀ
ਥਾਂ ਨਹੀਂ ਸੀ ਇਸ ਕਰਕੇ ਅਸੀਂ ਉਸ ਨੂੰ ‘ਸਿੱਖ ਮਾਰਗ’ ਤੇ ਸਾਂਭ ਨਹੀਂ ਸਕੇ। ਚੰਗਾ ਤਾਂ ਇਹ ਹੈ ਕਿ ਪਾਠਕ, ਇਹ ਕਿਤਾਬ ਜੋ ਕਿ ਪਰਿੰਟ ਹੋ ਚੁੱਕੀ ਹੈ ਉਸ ਨੂੰ
ਖਰੀਦ ਕੇ ਆਪ ਪੜ੍ਹਨ-ਸੰਪਾਦਕ)