.

ਬਿਕ੍ਰਮੀ +ਤਿੱਥੀਆਂ ਬਿਕ੍ਰਮੀ = ਧੁਮੱਕੜ ਬਿਕ੍ਰਮੀ

ਸਰਵਜੀਤ ਸਿੰਘ

ਕੁਦਰਤ ਦੇ ਬਣਾਏ ਹੋਏ ਨਿਯਮ ਅਨੂਸਾਰ ਧਰਤੀ ਆਪਣੇ ਧੁਰੇ ਦੇ ਦੁਆਲੇ ਬਿਨਾਂ ਰੁਕੇ ਘੁਮ ਰਹੀ ਹੈ। ਇਸ ਰਫਤਾਰ ਨਾਲ ਧਰਤੀ ਇੱਕ ਚੱਕਰ ਨੂੰ 24 ਘੰਟੇ ਵਿੱਚ ਪੂਰਾ ਕਰਦੀ ਹੈ। ਜਿਸ ਨੂੰ ਇੱਕ ਦਿਨ ਅਤੇ ਰਾਤ ਕਿਹਾ ਜਾਂਦਾ ਹੈ। ਧਰਤੀ ਸੂਰਜ ਦਆਲੇ 107218 ਕਿਲੋ ਮੀਟਰ (ਲੱਗਭਗ) ਪ੍ਰਤੀ ਘੰਟਾ ਦੀ ਰਫਤਾਰ ਨਾਲ ਘੁਮ ਰਹੀ ਹੈ। ਇਹ ਚੱਕਰ 365 ਦਿਨ 5 ਘੰਟੇ 48 ਮਿੰਟ 45 ਸੈਕਿੰਡ (365. 24219) ਵਿੱਚ ਪੂਰਾ ਕਰਦੀ ਹੈ। ਇਸ ਨੂੰ ਮੌਸਮੀੰ ਸਾਲ ਕਿਹਾ ਜਾਂਦਾ ਹੈ। ਚੰਦ ਧਰਤੀ ਦੁਆਲੇ ਘੁੰਮਦਾ ਹੈ। ਜਦ ਚੰਦ, ਸੂਰਜ ਅਤੇ ਧਰਤੀ ਦੇ ਵਿਚਕਾਰ ਹੁੰਦਾ ਹੈ ਉਸ ਸਮੇਂ ਮਸਿੱਆ ਹੁੰਦੀ ਹੈ। ਮਸਿੱਆ ਤੋਂ ਮੱਿਸਆ ਤੱਕ ਚੰਦ ਦਾ ਧਰਤੀ ਦੁਆਲੇ ਇੱਕ ਚੱਕਰ 29 ਦਿਨ 12 ਘੰਟੇ 44 ਮਿੰਟ ਵਿੱਚ ਪੂਰਾ ਹੁੰਦਾ ਹੈ।
ਸੀ ਈ (ਕੌਮਨ ਐਰਾ) ਕੈਲੰਡਰ, ਜੋ ਅੱਜ ਸਾਰੀ ਦੁਨੀਆ ਵਿੱਚ ਪ੍ਰਚੱਲਤ ਹੈ ਇਹ ਗੈਗੋਰੀਅਨ ਕੈਲੰਡਰ ਦਾ ਹੀ ਪ੍ਰਚਲਤ ਨਾਮ ਹੈ। ਗੈਗੋਰੀਅਨ ਕੈਲੰਡਰ ਤੋਂ ਪਹਿਲਾਂ ਹੁੰਦਾ ਸੀ ਜੂਲੀਅਨ ਕੈਲੰਡਰ, ਜਿਸ ਵਿੱਚ ਵਿਗਿਆਨੀਆਂ ਵਲੋਂ ਕਹਿਣ ਤੇ ਸੋਧ ਕਰਕੇ ਪੋਪ ਗਰੈਗਰੀ ਨੇ ਹੁਕਮਨਾਮਾਂ ਜਾਰੀ ਕਰਕੇ ਇਸ ਨੂੰ 1582 ਵਿੱਚ ਲਾਗੂ ਕੀਤਾ ਸੀ। ਜੂਲੀਅਨ ਕੈਲੰਡਰ ਮੁਤਾਬਕ ਸਾਲ ਦੀ ਲੰਬਾਈ 365. 25 ਦਿਨ ਸੀ। . 25 ਦਿਨ ਨੂੰ ਹੀ ਹਰ ਚੌਥੇ ਸਾਲ ਫਰਵਰੀ ਦੇ ਮਹੀਨੇ ਵਿੱਚ ਇੱਕ ਪੂਰਾ ਦਿਨ ਜੋੜ ਕੇ ਹਿਸਾਬ ਬਰਾਬਰ ਕਰ ਲਿਆ ਜਾਂਦਾ ਸੀ। ਇਹ ਫਰਵਰੀ 29 ਦਿਨਾਂ ਦੀ ਹੁੰਦੀ ਹੈ। ਇਸ ਨੂੰ ਲੀਪ ਦਾ ਸਾਲ ਕਿਹਾ ਜਾਂਦਾ ਹੈ। ਦੂਜੇ ਸਬਦਾਂ ਵਿੱਚ ਉਹ ਸਾਲ ਜਿਸ ਨੂੰ 4 ਨਾਲ ਤਕਸੀਮ ਕੀਤਾ ਜਾਂ ਸਕੇ ਉਹ ਲੀਪ ਦਾ ਸਾਲ ਹੁੰਦਾ ਹੈ। ਇਸ ਦਾ ਭਾਵ ਹੈ 400 ਸਾਲ ਵਿੱਚ 100 ਸਾਲ ਲੀਪ ਦੇ। ਪਰ ਗੈਗੋਰੀਅਨ ਕੈਲੰਡਰ ਮੁਤਾਬਕ ਸਦੀ ਸਾਲ (ਜੋ ਸਾਲ 100 ਨਾਲ ਤਕਸੀਮ ਹੁੰਦਾ ਹੈ) 400 ਨਾਲ ਤਕਸੀਮ ਹੋਵੇ ਉਹ ਸਦੀ ਸਾਲ ਹੀ ਲੀਪ ਹੋਣਾ ਚਾਹੀਦਾ ਹੈ। ਜਿਵੇ ਕਿ 2000 ਲੀਪ ਦਾ ਸਾਲ ਸੀ ਪਰ 2100 ਲੀਪ ਦਾ ਸਾਲ ਨਹੀਂ ਹੋਵੇਗਾ ਭਾਵੇਂ ਕਿ ਉਹ ਵੀ 4 ਨਾਲ ਤਕਸੀਮ ਹੁੰਦਾ ਹੈ ਪਰ 400 ਨਾਲ ਤਕਸੀਮ ਨਹੀਂ ਹੁੰਦਾ। ਇਹ ਹੀ ਫਰਕ ਹੈ ਜੂਲੀਅਨ ਅਤੇ ਗੈਗੋਰਅਿਨ ਕੈਲੰਡਰ ਵਿਚ। ਜੂਲੀਅਨ ਕੈਲੰਡਰ ਮੁਤਾਬਕ 400 ਸਾਲ ਦੇ ਵਿੱਚ ਲੀਪ ਦੇ 100 ਸਾਲ ਸਨ ਪਰ ਗੈਗੋਰੀਅਨ ਕੈਲੰਡਰ ਮੁਤਾਬਤ 400 ਸਾਲ ਵਿੱਚ 97 ਸਾਲ ਲੀਪ ਦੇ ਹਨ। ਇਸ ਨੂੰ ਕਹਿੰਦੇ ਨੇ ਸੋਧ!
ਗੈਗੋਰੀਅਨ ਕੈਲੰਡਰ ਦੇ ਸਾਲ ਦੀ ਲੰਬਾਈ; 365*400+100-3/400 = 365. 2425 ਦਿਨ
ਮੌਸਮੀ ਸਾਲ ਦੀ ਲੰਬਾਈ 365. 24219 ਦਿਨ
ਬਿਕ੍ਰਮੀ ਸਾਲ ਦੀ ਲੰਬਾਈ 365. 25636 ਦਿਨ
ਚੰਦ ਦੇ ਸਾਲ ਦੀ ਲੰਬਾਈ 354 ਦਿਨ
ਬਿਕ੍ਰਮੀ ਅਤੇ ਮੌਸਮੀ ਸਾਲ ਦਾ ਫਰਕ 365. 25636-365. 24219=. 1417 ਦਿਨ
. 01417*24*60*60=1224. 288 ਸੈਕੰਡ
24*60*60=86400 (ਇਕ ਦਿਨ ਵਿੱਚ ਸੈਕੰਡ)
86400/1224. 288= 70. 57163 ਜਾਂ ਲੱਗਭੱਗ 71 ਸਾਲ ਵਿੱਚ ਇੱਕ ਦਿਨ ਦਾ ਵਾਧਾ।
ਗੈਗੋਰੀਅਨ ਅਤੇ ਮੌਸਮੀ ਸਾਲ ਦਾ ਫਰਕ
365. 2425-365. 24219=. 00031 ਦਿਨ
. 00031*24*60*60= 26. 748 ਸੈਕੰਡ
86400/ 26. 748= 3225. 806452 ਜਾਂ ਲੱਗਭੱਗ 3200 ਸਾਲ ਵਿੱਚ ਇੱਕ ਦਿਨ ਦਾ ਵਾਧਾ।
ਚੰਦ ਅਤੇ ਮੌਸਮੀ ਸਾਲ ਦਾ ਫਰਕ 365-354=11 ਭਾਵ ਇੱਕ ਸਾਲ ਵਿੱਚ ਹੀ 11 ਦਿਨਾਂ ਦਾ ਘਾਟਾ।
ਤੀਜੇ ਸਾਲ ਚੰਦ ਦੇ ਸਾਲ ਨੂੰ ਸੂਰਜੀ ਸਾਲ ਦੇ ਨੇੜੇ-ਤੇੜੇ ਕਰਨ ਲਈ ਇੱਕ ਹੋਰ ਮਹੀਨਾਂ (ਇਕ ਹੀ ਨਾਮ ਦੇ ਦੋ ਮਹੀਨੇ) ਜੋੜ ਦਿੱਤਾ ਜਾਂਦਾ ਹੈ। 2010 ਵਿੱਚ ਚੰਦ ਦੇ ਸਾਲ ਦੇ 13 ਮਹੀਨੇ ਹਨ। ਇਸ ਸਾਲ ਦੋ ਵੈਸਾਖ ਹਨ। ਚੰਦ ਦੇ ਸਾਲ ਦੇ ਕੁਲ 354+29=383 ਦਿਨ। ਭਾਵ 2010 ਵਿੱਚ ਚੰਦ ਦਾ ਇੱਕ ਸਾਲ ਮੌਸਮੀ ਸਾਲ ਨਾਲੋਂ 18 ਦਿਨ ਵੱਡਾ ਹੈ ਜਦੋਂ ਕਿ 2009 ਵਿੱਚ ਇਹ 11 ਦਿਨ ਛੋਟਾ ਸੀ ਅਤੇ 2011 ਵਿੱਚ ਵੀ 11 ਦਿਨ ਛੋਟਾ ਹੋਵੇਗਾ।
ੳਪ੍ਰੋਕਤ ਹਿਸਾਬ ਨਾਲ ਗੈਗੋਰੀਅਨ ਜਾਂ ਸੀ ਈ ਸਾਲ ਦੀ ਲੰਬਾਈ ਮੌਸਮੀ ਸਾਲ ਦੀ ਲੰਬਾਈ ਦੇ ਬੁਹਤ ਹੀ ਨੇੜੈ ਹੈ ਜਿਸ ਮੁਤਾਬਕ ਲੱਗਭੱਗ 3200 ਸਾਲ ਵਿੱਚ 1 ਦਿਨ ਦਾ ਫਰਕ ਪਵੇਗਾ। ਉਸ ਸਾਲ ਸੀ ਈ ਕੈਲੰਡਰ ਵਿੱਚ ਇੱਕ ਦਿਨ ਘਟਾ ਕੇ ਮੌਸਮੀ ਸਾਲ ਦੇ ਬਰਾਬਰ ਕੀਤਾ ਜਾ ਸਕੇਗਾ। ਜਦੋ ਕਿ ਬਿਕ੍ਰਮੀ ਸਾਲ ਨਾਲ 71 ਸਾਲ ਵਿੱਚ ਹੀ ਇੱਕ ਦਿਨ ਦਾ ਵਾਧਾ ਹੋ ਜਾਂਦਾ ਹੈ ਹੁਣ ਅਸੀ ਧਰਤੀ ਦੀ ਰਫਤਾਰ ਨੂੰ ਘੱਟ ਨਹੀ ਕਰ ਸਕਦੇ। ਇਸ ਲਈ ਇਹ ਵਾਧਾ (71 ਸਾਲ ਵਿੱਚ 1 ਦਿਨ ਦਾ ਵਾਧਾ) ਲਗਾਤਾਰ ਹੀ ਚਲਦਾ ਰਹੇਗਾ। ਭਾਵ 3200 ਸਾਲ ਵਿੱਚ ਹੀ ਬਿਕ੍ਰਮੀ ਕੈਲੰਡਰ 45 ਦਿਨ (ਲੱਗਭਗ) ਅੱਗੇ ਚਲੇ ਜਾਵੇਗਾ। ਅੱਜ 1 ਵੈਸਾਖ 14 ਅਪਰੈਲ ਨੂੰ ਹੈ ਤਾਂ 5210 ਵਿੱਚ 1 ਵੈਸਾਖ ਤਕਰੀਬਨ 29 ਮਈ ਨੂੰ ਹੋਵੇਗਾ। ਚੰਦ ਦੇ ਸਾਲ ਦੀ ਤਾਂ ਗੱਲ ਹੀ ਛੱਡੋ! ਨਾਨਕਸ਼ਾਹੀ ਕੈਲੰਡਰ ਵਿੱਚ ਸਾਰੇ ਦਿਹਾੜੇ, ਪੁਰਾਣੀਆ ਤਰੀਖਾਂ ਦੇ ਮੁਤਾਬਕ ਹੀ ਸੀ ਈ ਕੈਲੰਡਰ ਵਿੱਚ ਪੱਕੀਆ ਤਰੀਖਾਂ ਨੂੰ ਕਰ ਦਿੱਤੇ ਗਏ ਸਨ। ਜਿਸ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 23 ਪੋਹ, 5 ਜਨਵਰੀ ਨੂੰ ਹੀ ਆਵੇਗਾ। ਹਾਂ, ਜੇ ਕਰ ਕੋਈ ਵਿਦਵਾਨ ਇਹ ਕਹਿੰਦਾ ਹੈ ਕਿ ਇਹ 4 ਜਾਂ 6 ਜਨਵਰੀ ਨੂੰ ਆਵੇਗਾ ਤਾਂ ਇਸ ਤੇ ਵਿਚਾਰ ਜਰੂਰ ਹੋਣੀ ਚਾਹੀਦੀ ਹੈ।
3 ਜਨਵਰੀ ਦੀ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਬੈਠਕ ਵਿੱਚ ਬੁਹ-ਸੰਮਤੀ ਨਾਲ (ਤਿੰਨ ਮੈਂਬਰ ਸੋਧਾਂ ਦੇ ਮਤੇ ਨਾਲ ਅਸਹਿਮਤੀ ਪ੍ਰਗਟ ਕਰਦਿਆਂ ਮੀਟਿੰਗ ਨੂੰ ਅੱਧ-ਵਿਚਾਲੇ ਹੀ ਛੱਡ ਕੇ ਬਾਹਰ ਆ ਗਏ ਸਨ) ਸੰਗਰਾਂਦਾਂ ਅਤੇ ਗੁਰਪੁਰਬ ਪੁਰਾਤਨ ਤਿੱਥੀਆਂ ਬਿਕ੍ਰਮੀ ਕੈਲੰਡਰ ਅਨੁਸਾਰ ਮਨਾਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਉਸ ਤੋਂ ਅਗਲੇ ਦਿਨ ਹੀ ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਜੀ ਨੇ ਦਰਬਾਰ ਸਾਹਿਬ ਦੇ 4 ਗ੍ਰੰਥੀ ਸਿੰਘਾਂ ਨੂੰ ਨਾਲ ਲੈ ਕੇ ਉਸ ਮਤੇ ਨੂੰ ਅੰਤਮ ਮਨਜੂਰੀ ਵੀ ਦੇ ਦਿੱਤੀ ਹੈ। ਹੁਣ ਜੋ ਕੈਲੰਡਰ 1 ਚੇਤ (14 ਮਾਰਚ 2010) ਲਾਗੂ ਕੀਤਾ ਜਾਵੇਗਾ ਉਸ ਵਿੱਚ ਸੰਗਰਾਦ (ਸੰਕ੍ਰਾਤ-ਸੂਰਜ ਦਾ ਇੱਕ ਰਾਸ਼ੀ ਤੋ ਦੂਜੀ ਰਾਸ਼ੀ ਵਿੱਚ ਪ੍ਰਵੇਸ਼) ਜੋ ਹੈ ਹੀ ਸੂਰਜ ਦਾ ਦਿਨ, ਵੈਸਾਖੀ 1 ਵੈਸਾਖ, ਗੁਰੂ ਅਰਜਨ ਦੇਵ ਜੀ ਦਾ ਵਿਵਾਹ ਪੁਰਵ ਹਾੜ 21 ਆਦਿ ਤਾਂ ਸੂਰਜੀ ਬਿਕ੍ਰਮੀ ਸਾਲ ਮੁਤਾਬਕ ਮਨਾਏ ਜਾਣਗੇ। ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਜੇਠ ਸੁਦੀ 4, ਗੂਰੁ ਨਾਨਕ ਦੇਵ ਸਾਹਿਬ ਜੀ ਦਾ ਆਗਮਨ ਦਿਵਸ ਕੱਤਕ ਦੀ ਪੂਰਨਮਾਸ਼ੀ, (ਯਾਦ ਰਹੇ ਗੁਰੂ ਨਾਨਕ ਜੀ ਦਾ ਆਗਮਨ ਦਿਵਸ 1 ਵੈਸਾਖ ਦਾ ਹੈ) ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪੁਰਬ ਪੋਹ ਸੁਦੀ 7, ਗੁਰੂ ਗੋਬਿੰਦ ਸਿੰਘ ਜੀ ਦਾ ਜੋਤੀ ਜੋਤਿ ਦਿਵਸ ਕੱਤਕ ਸੁਦੀ 5, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾਗੱਦੀ ਦਿਵਸ ਕੱਤਕ ਸੁਦੀ 2, ਅਤੇ ਹੋਲਾ ਚੇਤ ਵਦੀ 1 ਆਦਿ ਦਿਹਾੜੇ ਚੰਦ ਦੇ ਸਾਲ (ਤਿੱਥੀਆਂ ਬਿਕ੍ਰਮੀ) ਮੁਤਾਬਕ ਮਨਾਏ ਜਾਣਗੇ। ਹੁਣ ਇਸ ਕੈਲੰਡਰ ਨੂੰ ਕਿਹੜਾ ਕੈਲੰਡਰ ਕਿਹਾ ਜਾਵੇ?
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਗੁਰਪੁਰਬ ਚੰਦ ਦੇ ਹਿਸਾਬ (ਵਦੀ-ਸੁਦੀ) ਨਾਲ ਹੀ ਮਨਾਉਣੇ ਹਨ ਤਾਂ ਕਿਓਂ ਨਹੀਂ ਸਾਰੇ ਇਸ ਤਰਾਂ ਮਨਾਏ ਜਾਂਦੇ? ਜਿਵੇ ਕਿ ਇਸਲਾਮ ਧਰਮ ਦਾ ਹਿਜਰੀ ਕੈਲੰਡਰ। ਹੁਣ ਕਿਓਂ ਇਸ ਵਿੱਚ ਤੇਰਵਾਂ ਮਹੀਨਾ (ਮਲ ਮਾਸ) ਜੋੜ ਕੇ ਇਸ ਨੂੰ ਬਿਕ੍ਰਮੀ ਸੂਰਜੀ ਸਾਲ ਦੇ ਨੇੜੇ-ਤੇੜੇ ਕਰਨ ਦਾ ਯਤਨ ਕੀਤਾ ਜਾਂਦਾ ਹੈ? ਚੰਦ ਦੇ ਹਿਸਾਬ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪੋਹ ਸੁਦੀ 7 ਹੈ। ਇਹ ਦਿਨ 2009 ਵਿੱਚ 24 ਦਸੰਬਰ ਨੂੰ ਸੀ। 2010 ਵਿੱਚ 13 ਦਸੰਬਰ, 2011 ਵਿੱਚ 2 ਦਸੰਬਰ, 2012 ਵਿੱਚ 21 ਨਵੰਬਰ, 2013 ਵਿੱਚ 10 ਨਵੰਬਰ ਆਦਿ ਨੂੰ ਕਿਓਂ ਨਹੀਂ ਮਨਾਇਆ ਜਾ ਸਕਦਾ? ਇਸ ਤਰਾਂ ਇਹ ਗੁਰਪੁਰਬ 33 ਸਾਲ ਪਿਛੋ ਆਪਣੇ ਆਪ ਹੀ 24 ਦਸੰਬਰ ਦੇ ਨੇੜੇ ਤੇੜੇ ਫਿਰ ਆ ਜਾਵੇਗਾ। ਜੇ ਇਸ ਚੰਦ ਦੇ ਸਾਲ ਨੂੰ ਵੀ ਖਿਚ-ਧੂਹ ਕੇ ਬਿਕ੍ਰਮੀ ਸੂਰਜੀ ਸਾਲ ਦੇ ਨੇੜੇ ਤੇੜੇ ਹੀ ਰਖਣਾ ਹੈ ਤਾਂ ਨਾਨਕਸ਼ਾਹੀ ਕੈਲੰਡਰ ਜੋ ਮੌਸਮੀ ਸੂਰਜੀ ਸਾਲ ਤੇ ਅਧਾਰਤ ਹੈ, ਜਿਸ ਅਨੂਸਾਰ ਹਰ ਸਾਲ ਇੱਕ ਖਾਸ ਦਿਹਾੜਾ ਇੱਕ ਖਾਸ ਤਰੀਖ ਨੂੰ ਹੀ ਆਵੇਗਾ, ਉਹ ਕੈਲੰਡਰ ਬੁਰਾ ਕਿਵੇਂ ਹੋਇਆ ਜੋ ਮੌਸਮੀ ਸਾਲ ਦੇ ਵੱਧ ਨੇੜੇ ਹੈ? ਭਾਵ 3200 ਸਾਲ ਵਿੱਚ ਸਿਰਫ ਇੱਕ ਦਿਨ ਦਾ ਫਰਕ।
ਗੁਰੂ ਅਮਰ ਦਾਸ ਜੀ ਦਾ ਜਨਮ ਦਿਹਾੜਾ ਵੈਸਾਖ ਸੁਦੀ 14 ਹੈ। ਸੀ ਈ ਮੁਤਾਬਕ ਇਹ 27 ਅਪ੍ਰੈਲ ਨੂੰ ਜੋ ਹੈ ਪਰ ਇਹ ਪੁਰਬ ਇਸ ਦਿਨ ਨਹੀ ਮਾਨਇਆ ਜਾਵੇਗਾ ਕਿੳਂਕਿ ਚੰਦ ਦਾ ਸਾਲ ਜੋ ਮੌਸਮੀ ਸਾਲ ਤੋਂ 22 ਦਿਨ ਪਿਛੇ ਰਹਿ ਗਿਆ ਹੈ ਨੂੰ ਖਿਚ-ਧੁਹ ਕਿ ਸੂਰਜੀ ਸਾਲ ਦੇ ਬਰਾਬਰ ਕਰਨ ਲਈ ਇਸ ਵਿੱਚ ਵੈਸਾਖ ਦਾ ਇੱਕ ਹੋਰ ਮਹੀਨਾ ਜੋੜ ਦਿੱਤਾ ਜਾਵੇਗਾ। ਇਸ ਦੂਜੇ ਵੈਸਾਖ ਨੂੰ ਮਲ ਮਾਸ ਕਿਹਾ ਜਾਂਦਾ ਹੈ। ਇਹ ਮਹੀਨਾ ਹਿੰਦੂ ਮੱਤ ਅਨੁਸਾਰ ਅਸ਼ੁਭ ਹੈ। ਪਹਿਲੇ ਵੈਸਾਖ ਦਾ ਸੁਦੀ ਪੱਖ ਅਤੇ ਦੂਜੇ ਵੈਸਾਖ ਦਾ ਵਦੀ ਪੱਖ ਨੂੰ ਅਸ਼ੁਭ ਮੰਨਿਆ ਜਾਂਦਾ ਹੈ। ਇਥੇ ਇਹ ਸਵਾਲ ਪੈਦਾ ਹੁੰਦਾ ਹੈ ਕਿ ਕੀ ਗੁਰਮਿਤ ਵਿੱਚ ਕੋਈ ਦਿਨ ਸ਼ੁਭ ਜਾਂ ਅਸ਼ੁਭ ਹੁੰਦਾ ਹੈ? ਹੁਣ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਦਿਹਾੜਾ 27 ਅਪ੍ਰੈਲ ਦੀ ਬਜਾਏ 26 ਮਈ ਨੂੰ ਮਨਾਇਆ ਜਾਵੇਗਾ। ਉਸ ਦਿਨ ਦੂਜੇ ਵੈਸਾਖ ਦੀ ਸ਼ੁਭ ਸੁਦੀ 14 ਹੈ। ਯਾਦ ਰਹੇ ਇਸ ਦਿਨ ਸੁਦੀ 13 ਅਤੇ ਸੁਦੀ 14 ਦੋਵੇ ਇੱਕ ਹੀ ਦਿਨ ਹਨ। ਇਸ ਦਿਨ ਇੱਕ ਹੋਰ ਸਮੱਸਿਆ ਆ ਖੜੀ ਹੋਈ ਹੈ ਜੇ ਦੋ ਸੁਦੀਆਂ ਜਾਂ ਵਦੀਆਂ ਇਕੋ ਦਿਨ ਹੋਣ ਤਾਂ ਦੂਜੀ ਨੂੰ ਨਸਟ ਮੰਨਿਆ ਜਾਂਦਾ ਹੈ। ਕੀ ਹੁਣ ਇਹ ਪਵਿਤਰ ਦਿਹਾੜਾ ਨਸਟ ਸੁਦੀ ਵਿੱਚ ਹੀ ਮਨਾਇਆ ਜਾਂਵੇਗਾ?
ਇੰਗਲੈਡ ਤੋਂ ਚਲਦੇ ਇੱਕ ਰੇਡੀਓ ਤੋਂ 20 ਜਨਵਰੀ ਨੂੰ ਇੱਕ ਵਿਦਵਾਨ (ਭਾਰਤੀ ਫੌਜ ਦਾ ਸੇਵਾਮੁਕਤ ਉਚ ਅਧਿਕਾਰੀ) ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਨ ਦੇ ਫੈਸਲੇ ਨੂੰ ਸਹੀ ਸਾਬਤ ਕਰ ਰਿਹਾ ਸੀ। ਉਸ ਨੇ ਕਿਹਾ ਕਿ ਸਾਰੇ ਧਰਮ ਆਪਣੇ ਦਿਨ-ਤਿਉਹਾਰ ਚੰਦ ਦੇ ਹਿਸਾਬ ਨਾਲ ਹੀ ਮਨਾਉਂਦੇ ਹਨ। ਇਸ ਲਈ ਸਾਨੂੰ ਵੀ ਇਸੇ ਤਰਾਂ ਹੀ ਮਨਾਉਣੇ ਚਾਹੀਦੇ ਹਨ। ਇਸ ਕੈਲੰਡਰ ਨੂੰ ਉਸ ਵਿਦਵਾਨ ਨੇ ਧਾਰਮਿਕ ਕੈਲੰਡਰ ਦਾ ਨਾਮ ਦਿੱਤਾ ਅਤੇ ਕਿਹਾ ਕਿ ਸੀ ਈ ਕੈਲੰਡਰ ਨੂੰ ਬਿਜਨੈਸ ਕੈਲੰਡਰ ਦੇ ਤੌਰ ਤੇ ਵੱਖਰਾ ਰੱਖਣਾ ਚਾਹੀਦਾ ਹੈ। ਹੈਰਾਨੀ ਹੋਈ ਜਦੋ ਇਹ ਵਿਦਵਾਨ ਇੱਕ ਸਰੋਤੇ ਦੇ ਸਵਾਲ, “ਅੱਜ ਧਾਰਮਿਕ ਕੈਲੰਡਰ ਦੀ ਕਿੰਨੀ ਤਰੀਖ ਹੈ?” ਦਾ ਸਹੀ ਜਵਾਬ ਨਹੀਂ ਦੇ ਸਕਿਆ। ਅੱਜ ਕਿੰਨੀ ਵਦੀ ਜਾਂ ਸੁਦੀ ਹੈ, ਜੇ ਇਸ ਦਾ ਬਿਕ੍ਰਮੀ ਕੈਲੰਡਰ ਦੀ ਵਕਾਲਤ ਕਰ ਰਹੇ ਵਿਦਵਾਨਾਂ ਨੂੰ ਵੀ ਪਤਾ ਨਹੀਂ ਹੈ ਤਾਂ ਇਸ ਕੈਲੰਡਰ ਨੂੰ ਪੁਰਾਤਨਤਾ ਦਾ ਨਾਮ ਦੇ ਕਿ ਸਿੱਖ ਸੰਗਤਾਂ ਤੇ ਕਿਓਂ ਠੋਸਿਆ ਜਾ ਰਿਹਾ ਹੈ?
ਬਿਕ੍ਰਮੀ ਜੋ ਸੂਰਜ ਤੇ ਅਧਾਰਤ ਹੈ ਅਤੇ ਤਿੱਥੀਆਂ ਬਿਕ੍ਰਮੀ ਜੋ ਚੰਦ ਅਤੇ ਸੂਰਜ ਤੇ ਅਧਾਰਤ ਹੈ, ਜੇ ਇਹ ਦੋ ਕੈਲੰਡਰਾਂ ਦੀ ਸਾਂਝੀ ਵਰਤੋ ਕਰਕੇ ਵੀ ਸਾਨੂੰ ਭਵਿੱਖ ਵਿੱਚ ਆਉਣ ਵਾਲੇ ਕਿਸੇ ਵੀ ਦਿਹਾੜੇ ਸਬੰਧੀ ਇੱਕ ਖਾਸ ਤਰੀਖ ਦੀ ਜਾਣਕਾਰੀ ਨਹੀਂ ਹੈ ਤਾਂ ਇਹ ਇੱਕ ਵਧੀਆਂ ਕੈਲੰਡਰ ਕਿਵੇਂ ਹੋਇਆ? ਹੁਣ ਅਜੇਹੇ ਕੈਲੰਡਰ ਨੂੰ ਕੀ ਨਾਮ ਦਿੱਤਾ ਜਾਵੇ? ਜੇ ਕਰ ਕੋਈ ਸੱਜਣ ਇਸ ਕੈਲੰਡਰ ਦਾ ‘ਧੁਮੱਕੜ ਬਿਕ੍ਰਮੀ’ (ਧੁਮਾ+ਮੱਕੜ) ਤੋਂ ਵਧੀਆਂ ਨਾਮ ਦੇ ਦੇਵੇ ਤਾਂ ਉਸ ਦਾ ਧੰਨਵਾਦੀ ਹੋਵਾਗਾ।
.