.

ਗੁਰਮਤਿ ਪ੍ਰਚਾਰ ਦੇ ਰਾਹ ਵਿੱਚ ਰੁਕਾਵਟ ਪਾਉਣ ਵਾਲੇ ਅਸਲ ਲੋਗ ਕਉਣ

(ਭਾਗ-੫)

ਪਿਛਲੇ ਲੇਖ ਵਿੱਚ ਅਖੋਤੀ ਦਸਮ ਗ੍ਰੰਥ ਦੇ ਪੰਨਾ ੮੪੨-੪੩ `ਤੇ ਦਰਜ਼ ਚਰਿੱਤਰ ਨੰਬਰ ੨੧, ੨੨ ਅਤੇ ੨੩ ਵਿੱਚ ਲਿਖੀ ਕਹਾਣੀ ਨੂੰ ਜਿਸ ਤਰ੍ਹਾਂ ਅੰਕਿਤ ਕੀਤਾ ਗਿਆ ਹੈ ਉਸ ਨੂੰ ਇਹ ਪੂਜਾਰੀ ਅਤੇ ਪ੍ਰਬੰਧਕ ਦਸਵੇਂ ਸਰੂਪ ਨਾਲ ਜੋੜ ਕੇ ਉਨ੍ਹਾਂ ਦੇ ਚਰਿੱਤਰ ਉਪਰ ਸਵਾਲੀਆ ਚਿੰਨ ਲਗਉਣ ਵਿੱਚ ਕੋਈ ਕਸਰ ਨਹੀਂ ਛਡੀ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਸਵਿੰਦਰ ਸਿੰਘ ਜੀ ਇੰਟਰਨੈਟ ਤੇ ਇੱਕ ਵੀਡੀਉ ਕਲਿਪ ਵਿੱਚ ਹੇਠ ਲਿਖੇ ਅਨੁਸਾਰ ਬਿਆਨ ਕਰ ਸੰਗਤ ਨੂੰ ਗੁਮਰਾਹ ਕਰਨ ਦਾ ਬੇਲੋੜਾ ਯਤਨ ਕਰ ਰਹੇ ਹਨ:

1. ਸਾਧ ਸੰਗਤ ਗੁਰੁ ਮਹਾਰਾਜ ਨੇ ਚਲਿਤ੍ਰਾਂ ਵਿੱਚ, ਆਪਨਾ ਚਲਿਤ੍ਰ ਲਿਖਿਆ ਹੈ ਜੇ ਕੋਈ ਕਹੇ, ਕਿ ਕਵੀਆਂ ਨੇ ਲਿਖਿਆ ਹੈ, ਤਾਂ ਗੁਰੁ ਗੋਬਿੰਦ ਸਿੰਘ ਜੀ ਦਾ ਚਲਿਤ੍ਰ ਕਿਦਾ ਆ ਗਿਆ ਉਸ ਵਿੱਚ, ਗੁਰੁ ਸਾਹਿਬ ਨੇ ਆਪ ਲਿਖਿਆ ਹੈ, ਅਨੂਪ ਕੋਰ ਨੇ ਗੁਰੁ ਸਾਹਿਬ ਨੂੰ ਛਲਣ ਦੀ ਕੋਸ਼ਿਸ਼ ਕੀਤੀ, ਕਿ ਗੁਰੁ ਗੋਬਿੰਦ ਸਿੰਘ ਕਹਿੰਦਾ ਹੈ, ਕਿ ਮੈਂ ਬੜਾ ਬਲੀ ਯੋਧਾ ਹਾਂ, ਮੈ ਉਹਨੂੰ ਛੱਲ ਕੇ ਵਿਖਾਉਦੀ ਹਾਂ, ਔਰਤ ਨੇ ਇੱਕ ਬੰਦੇ ਦਾ ਰੂਪ ਧਾਰ ਕੇ, ਇੱਕ ਯੋਗੀ ਦਾ ਰੂਪ ਵੱਟਾ ਕੇ ਆਪਣੇ ਨਾਲ ਚੇਲੇ ਚਾਟੜੇ ਬਣਾ ਕੇ, ਆਪਣੇ ਆਪ ਵਿੱਚ ਯੋਗੀ ਮਹਾਤਮਾ ਬਣ ਕੇ ਗੁਰੁ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸੁਨੇਹਾ ਭੇਜਿਆ ਹੈ ਕਿ ਮਹਾਰਾਜ ਸਾਡੇ ਗੁਰੁ ਨੇ ਤੁਹਾਡੇ ਨਾਲ ਬਚਨ ਬਿਲਾਸ ਕਰਨੇ ਹਨ ਗੁਰੁ ਜਾਣੀ ਜਾਣ ਸਨ ਪਤਾ ਸੀ ਕੀ ਹੈ? ਛੱਲ ਹੈ ਧੋਖਾ ਹੈ, ਸਭ ਜਾਣਦੇ ਸਨ ਪਰ ਕਿਉਂਕਿ ਸਾਨੂੰ ਸਮਝਾਉਣ ਲਈ ਕੁੱਝ ਤਾਂ ਕਰਨਾ ਸੀ ਨਾ, ਸੋ ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਕਬੂਲ ਕੀਤਾ ਗੁਰੁ ਸਾਹਿਬ ਜੀ ਦੇ ਨਾਲ ਉਸਨੇ ਇਕੱਲੀ ਨੇ ਯੋਗੀ ਦੇ ਰੂਪ ਵਿੱਚ, ਕਹਿਣ ਲਗੀ ਸਿਰਫ ਤੁਹਾਡੇ ਇਕੱਲਿਆ ਨਾਲ ਮੈ ਬਚਨ ਕਰਨਾ ਹੈ ਗੁਰੁ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਇਕੱਲਿਆ ਨਾਲ ਹੋ ਕਰਕੇ ਜਦੋਂ ਹਜੂਰ ਨਾਲ ਬਚਨ ਕੀਤੇ ਤੇ ਉਸ ਨੇ ਫਿਰ ਗੁਰੁ ਸਾਹਿਬ ਤੇ ਆਪਣੇ ਛੱਲ ਵਰਤਾਉਣ ਦੀ ਕੋਸ਼ਿਸ਼ ਕੀਤੀ ਗੁਰੁ ਸਾਹਿਬ ਨੇ ਸਪਸ਼ਟ ਲਿਖਿਐ ਸਾਧ ਸੰਗਤ, ਗੱਲ ਇਹ ਹੈ ਜੇ ਸਿਖ ਹੋ ਕਰ ਕੇ ਗੁਰੁ ਲੁਕਾਵੇਂ ਤੇ ਜਿਹੜਾ ਸਿਖ ਸਿਖ ਨਹੀਂ ਤੇ ਫਿਰ ਜਿਹੜਾ ਗੁਰੁ ਹੋ ਕਰ ਕੇ ਸਿਖ ਦੀ ਪੈਜ ਨਾ ਰੱਖੇ, ਸਹੀ ਉਪਦੇਸ਼ ਨਾ ਦੇਵੇ, ਤਾਂ ਫਿਰ ਉਹ ਗੁਰੁ ਵੀ ਪੂਰਾ ਨਹੀਂ ਇਸ ਲਈ ਸਾਹਿਬ ਗੁਰੁ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਕਿ ਉਸਨੇ ਜਦੋਂ ਸਾਨੂੰ ਪਰੇਰਿਆ ਅਸੀਂ ਜਦੋਂ ਉਸਨੂੰ ਮਨ੍ਹਾਂ ਕੀਤਾ, ਉਸਨੇ ਅਨੇਕ ਤਰ੍ਹਾਂ ਦੀਆਂ ਟਾਂਚਾਂ ਕੀਤੀਆਂ, ਤਾਨ੍ਹੇ ਮਾਰੇ ਐਸਾ ਵੀ ਲਿਖਿਆ ਕਿ ਵਡਾ ਸੂਰਮਾ ਕਹਾਉਨਾ ਹੈਂ, ਜਾ ਮੇਰੀ ਲੱਤ ਥੱਲੋਂ ਲੰਗ ਜਾ, ਜਾਂ ਮੇਰੀ ਗੱਲ ਮੰਨ ਲੈ, ਮੈ ਇਥੇ ਬੇਨਤੀ ਕਰਾਂ ਗੁਰੁ ਗੋਬਿੰਦ ਸਿੰਘ ਜੀ ਮਹਾਰਾਜ ਨੂੰ, ਜ਼ਰਾ ਸਮਰੱਥ ਸਤਿਗੁਰੁ ਜੀ ਨੂੰ, ਸਮਝਣ ਦੀ ਕੋਸ਼ਿਸ਼ ਕਰੀਏ ਸਾਹਿਬ ਸ੍ਰੀ ਗੁਰੁ ਮਹਾਰਾਜ ਦੇ ਜਦੋਂ ਚਾਰ ਸਾਹਿਬਜਾਦੇ ਹੋ ਗਏ, ਜਦੋਂ ਸਾਡੇ ਪੰਥ ਮਾਤਾ ਸਾਹਿਬ ਦੇਵਾਂ ਜੀ ਦਾ ਡੋਲਾ ਆਇਆ, ਤੇ ਅਰਜ਼ ਕੀਤੀ ਹੇ ਸਤਿਗੁਰ ਜੀ, ਇਹ ਅਸੀਂ ਬਚਪਨ ਤੋਂ ਲੈ ਕਰ ਕੇ ਆਪ ਜੀ ਵਾਸਤੇ ਹੀ ਇਸਦੀ ਪਰਵਰਿਸ਼ ਹੋ ਰਹੀ ਹੈ, ਇਹ ਆਪ ਜੀ ਦੀ ਮਹਿਲ ਹੈ ਇਸਨੂੰ ਸਾਰੇ ਲੋਕ ਮਾਤਾ ਕਹਿਕੇ ਪੂਜਦੇ ਨਮਸ਼ਕਾਰਾਂ ਕਰਦੇ ਨੇ, ਤੇ ਕ੍ਰਿਪਾ ਕਰਕੇ ਇਹ ਡੋਲਾ ਕਬੂਲ ਕਰੋ ਤੇ ਗੁਰੁ ਗੋਬਿੰਦ ਪਾਤਸ਼ਾਹ ਨੇ ਜਵਾਬ ਪਤਾ ਕੀ ਦਿੱਤਾ? ਹਜੂਰ ਕਹਿੰਦੇ ਨੇ ਕਿ ਭਾਈ ਹੁਣ ਅਸੀਂ ਜਤ ਸਤ ਧਾਰ ਲਿਆ ਹੈ ਗ੍ਰਿਹਸਤ ਤਿਆਗਿਆ ਹੋਇਆ ਹੈ, ਜ਼ਰਾ ਧਿਆਨ ਕਰੋ, ਹਜ਼ੂਰ ਨੇ ਚਾਰ ਸਾਹਿਬਜ਼ਾਦੇ ਪ੍ਰਗਟ ਕਰ ਲਏ ਨੇ, ਧਨੀ ਯੋਧੇ, ਹਜ਼ੂਰ ਕਹਿੰਦੇ ਨੇ ਹੁਣ ਅਸੀਂ ਜਤ ਸਤ ਧਾਰ ਲਿਆ ਹੈ ਇਸ ਵਾਸਤੇ ਹੁਣ ਅਸੀਂ ਗ੍ਰਿਹਸਤ ਵਿੱਚ ਨਹੀਂ ਪੈਂਦੇ, ਅਸੀਂ ਸ਼ਾਦੀ ਨਹੀਂ ਕਰਨੀ, ਜਦੋਂ ਬਾਰ –ਬਾਰ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਇਹ ਤਾਂ ਜਗਤ ਮਾਤਾ ਹੋਣ ਕਰਕੇ, ਦੁਨੀਆਂ ਵਿੱਚ ਸ਼ਰਧਾ ਬਣ ਗਈ ਹੈ, ਇਸਨੂੰ ਹੁਣ ਵਰਨਾ ਨਹੀਂ ਕਿਸੇ ਨੇ, ਇਹ ਤੁਹਾਡੇ ਚਰਣਾਂ ਦੀ ਦਾਸੀ ਬਣੀ ਰਹੇਗੀ, ਫਿਰ ਹਜੂਰ ਕਹਿੰਦੇ ਨੇ, ਇਹ ਰਵੇਗੀ ਚਰਣਾਂ ਦੀ ਦਾਸੀ ਪਰ ਅਸੀਂ ਗ੍ਰਿਹਸਤ ਨਹੀਂ ਕਰਾਂਗੇ, ਐਸੇ ਜਤੀ ਗੁਰੁ ਗੁਬਿੰਦ ਸਿੰਘ ਮਹਾਰਾਜ ਜੀ, ਸਾਧ ਸੰਗਤ ਜਿਨ੍ਹਾਂ ਦੇ ਮੰਨ ਵਿੱਚ ਕੱਚਿਆਈ ਹੁੰਦੀਂ ਹੈ ਨਾ, ਚਲਿਤ੍ਰ ਪੜ੍ਹ ਕੇ ਮਨ ਉਨ੍ਹਾਂ ਦੇ ਡੋਲਦੇ ਨੇ, ਆ ਸਾਡੇ ਭੈਣ ਜੀ ਬੈਠੇ ਨੇ, ਕਹਿੰਦੇ ਨੇ ਮੈਂ ਸਾਰਾ ਹੀ ਦਸਮ ਗ੍ਰੰਥ ਪੜਿਆ ਨੇ, ਕਿਹੜਾ ਕਹਿੰਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਨਹੀਂ। ਸਾਧ ਸੰਗਤ ਅੰਦਰੋਂ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੋਵੇ, ਤਾਂ ਫਿਰ ਆਹ ਬਚਨ ਲਿਖੇ ਪੜ੍ਹ ਲੋਉ, ਬਚਨ ਕੀਤੇ ਹੈ ਨਾ, ਜਿਹੜੇ ਕਾਇਰ ਬੁਜ਼ਦਿਲ ਨੇ ਉਹ ਨਹੀਂ ਬਾਣੀ ਪੜ੍ਹ ਸਕਦੇ, ਜਿਹੜੇ ਸੂਰਮੇ ਯੋਧੇ ਨੇ, ਉਹੀ ਦਸਮ ਪਾਤਸ਼ਾਹ ਦੀ ਬਾਣੀ ਪੜ੍ਹ ਸਕਦੇ ਹਨ, ਇਸ ਵਾਸਤੇ ਸਾਹਿਬ ਗੁਰੁ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ, ਜਿਸ ਵੇਲੇ ਅਨੂਪ ਕੋਰ ਨੇ ਚਲਿਤ੍ਰ ਵਰਤੇ ਫਿਰ ਦਸਮ ਪਾਤਸ਼ਾਹ ਜੀ ਨੇ ਉਸਨੂੰ ਉਪਦੇਸ਼ ਦਿੱਤਾ ਹੈ, ਹੈ ਨਾ ਪੂਰਾ ਗੁਰੁ ਇੱਕ ਔਰਤ ਹੋਵੇ, ਅਤੇ ਜਿਥੇ ਕੋਈ ਦੇਖਦਾ ਨਾ ਹੋਵੇ, ਕਿਸੇ ਦਾ ਡਰ ਨਾ ਹੋਵੇ, ਉਹਦੇ ਕੋਲ ਸਾਬਤ ਰਹਿਣਾ, ਤੇ ਫਿਰ ਉਹਨੂੰ ਵੀ ਸਿਖਿਆ ਦੇਣੀ ਉਥੇ ਦਸਮ ਪਾਤਸ਼ਾਹ ਜੀ ਨੇ ਕਿਹਾ “ਸੁਧ ਜਬ ਤੇ ਹਮ ਧਰੀ ਬਚਨ ਗੁਰਿ ਦਏ ਹਮਾਰ। ਪੂਤ ਇਹੈ ਪ੍ਰਣ ਤੋਹਿ ਪਰਾਣ ਜਬ ਲਗ ਘਟਿ ਥਾਰੇ। ਨਿਜ ਨਾਰੀ ਕੇ ਸੰਗ ਨੇਹੁ ਤੁਮ ਨਿਤ ਬੜੈਯਹੁ। ਪਰ ਨਾਰੀ ਕੀ ਸੇਜ ਭੂਲਿ ਸੁਪਨੇ ਹੂ ਨਾ ਜਯੀਹੁ”। ਜ਼ਰਾ ਖਿਆਲ ਕਰੋ ਗੁਰੁ ਗੋਬਿੰਦ ਸਿੰਘ ਕਹਿੰਦੇ ਨੇ, ਅਨੂਪ ਕੋਰੇ ਮੇਰੇ ਪਿਤਾ ਗੁਰ ਤੇਗ ਬਹਾਦਰ ਸਾਹਿਬ ਨੇ ਮੈਨੂੰ ਆਹ ਗੱਲ ਕਹੀ ਹੋਈ ਐ, ਇਜਦਾ ਮਤਲਬ ਗੁਰੁ ਤੇਗ ਬਹਾਦਰ ਜੀ ਨੇ ਕਿਹਾ ਸੀ ਕਿ ਤੁਸੀਂ ਆਪਣੇ ਏਕਾ ਨਾਰੀ ਜਤੀ ਵਿੱਚ ਰਹਿਣਾ ਹੈ। ਉਪਰੋਕਤ ਬਿਆਨ ਕੀਤੀ ਗਈ ਕਹਾਣੀ ਨੂੰ ਪੜ੍ਹਕੇ ਸੰਗਤ ਇਹ ਭਲੀ ਭਾਂਤ ਸਮਝ ਸਕਦੀ ਹੈ ਕਿ ਕਉਣ ਗਲਤ ਬਿਆਨੀ ਕਰ ਰਿਹਾ ਹੈ? ਅਖੋਤੀ ਦਸਮ ਗ੍ਰੰਥ ਦੇ ਵਿਰੋਧੀ ਜਾਂ ਹਿਮਾਇਤੀ। ਇਸ ਲਈ ਹਰ ਗੁਰਸਿਖ ਨੂੰ ਇਸ ਅਖੋਤੀ ਗ੍ਰੰਥ ਨੂੰ ਪੜ੍ਹਕੇ ਆਪ ਵਿਚਾਰ ਕਰਨੀ ਚਾਹੀਦੀ ਹੈ ਤਾਂ ਕਿ ਗੁਰੁ ਦੇ ਸਿਖਾਂ ਨੂੰ ਕੋਈ ਵੀ ਗੁਮਰਾਹ ਨਾ ਕਰ ਸਕੇ।

2. ਸਿਖ ਰਹਿਤ ਮਰਿਆਦਾ ਦੀ ਮਦ ‘ਜਨਮ ਤੇ ਨਾਮ ਸੰਸਕਾਰ` ਦੇ ਭਾਗ ‘ਅ` ਵਿੱਚ ਅੰਕਿਤ ਹੈ ਕਿ ਜਨਮ ਦੇ ਸਬੰਧ ਵਿੱਚ ਖਾਣ-ਪੀਣ ਵਿੱਚ ਕੋਈ ਸੂਤਕ ਦਾ ਭਰਮ ਨਹੀਂ ਕਰਨਾ, ਕਿਉਕਿ “ਜੰਮਣ ਮਰਣਾ ਹੁਕਮ ਹੈ ਭਾਣੈ ਆਵੈ ਜਾਇ।। ਖਾਣਾ ਪੀਣਾ ਪਵਿਤ੍ਰ ਹੈ ਦਿਤੋਨੁ ਰਿਜਕੁ ਸੰਬਾਹਿ।। ਹਿੰਦੂ ਧਰਮ ਦੇ ਸ਼ਾਸਤ੍ਰਾਂ ਵਿੱਚ ਜੀਵ ਦੇ ਜਨਮ ਕਾਰਣ ਅਸ਼ੁੱਧੀ ਭਾਵ ਭਿੱਟ ਵਾਪਰ ਜਾਂਦੀ ਹੈ ਜਿਸ ਨੂੰ ਸੂਤਕ ਮੰਨਿਆ ਜਾਂਦਾ ਹੈ ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਵਿੱਚ ਸੂਤਕ ਦੀ ਪ੍ਰਥਾਏ ਇਸ ਤਰ੍ਹਾਂ ਲਿਖਿਆ ਹੈ ਹਿੰਦੂ ਧਰਮ ਦੇ ਸ਼ਾਸਤ੍ਰਾਂ ਅਨੁਸਾਰ ਸੂਤਕ ਭਾਵ ਅਸ਼ੁੱਧੀ ਬ੍ਰਾਹਮਣ ਦੇ ਘਰ ੧੧ ਦਿਨ, ਛਤ੍ਰੀ ਦੇ ਘਰ ੧੩ ਦਿਨ, ਵੈਸ਼ ਦੇ ਘਰ ੧੭ ਦਿਨ ਅਤੇ ਸ਼ੂਦ੍ਰ ਦੇ ਘਰ ੩੦ ਦਿਨ ਤੱਕ ਰਹਿੰਦੀ ਹੈ ਹਿੰਦੂ ਸ਼ਾਸਤ੍ਰਾਂ ਵਿੱਚ ਵਿਸ਼ਵਾਸ ਰਖਣ ਵਾਲੇ ਤਕਰੀਬਨ ਸਾਰੇ ਹੀ ਹਿੰਦੂ ਪਰਿਵਾਰ ਸੂਤਕ ਦੇ ਦਿਨਾਂ ਵਿੱਚ ਉਸ ਘਰ ਨਾਲ ਖਾਣ ਪੀਣ ਦੀ ਵਰਤੋਂ ਬੰਦ ਰਖਦੇ ਹਨ, ਇਥੋਂ ਤੱਕ ਕਿ ਬ੍ਰਾਹਮਣ ਦੇ ਘਰ ਨਾਲੋਂ ਵੀ ੧੧ ਦਿਨਾਂ ਲਈ ਖਾਣ ਪੀਣ ਦੀ ਸਾਂਝ ਤੋੜਨ ਦਾ ਰਿਵਾਜ ਪ੍ਰਚਲਿਤ ਸੀ। ਜੋ ਕਿ ਜਨਮ ਸਬੰਧੀ ਅਟੱਲ ਰੱਬੀ ਨਿਯਮਾਂ ਦੇ ਖਿਲਾਫ ਬ੍ਰਾਹਮਣ ਵਲੋਂ ਨਾ ਕੇਵਲ ਬਗਾਵਤ ਦਾ ਐਲਾਨ ਸੀ ਬਲਕਿ ਬੱਚੇ ਨੂੰ ਜਨਮ ਦੇਣ ਵਾਲੀ ਇਸਤ੍ਰੀ ਸੂਤਕ ਦੀ ਭਿੱਟ ਕਾਰਨ ਰਸੋਈ ਦੇ ਨੇੜੇ ਨਹੀਂ ਸੀ ਜਾ ਸਕਦੀ ਅਤੇ ਉਸ ਨਾਲ ਸ਼ੂਦਰਾਂ ਵਰਗਾ ਸਲੂਕ ਵੀ ਕੀਤਾ ਜਾਂਦਾ ਸੀ ਅਤੇ ਕੀਤਾ ਜਾਂਦਾ ਹੈ। ਪਰ ਨਾਨਕ ਪਾਤਸ਼ਾਹ ਜੀ ਨੇ ਲੋਕਾਈ ਨੂੰ ਐਸੇ ਭਰਮਾਂ ਵਿੱਚੋਂ ਕਢਣ ਲਈ ਬੜੇ ਹੀ ਸੁਚੱਜੇ ਤਰੀਕੇ ਨਾਲ ਸਮਝਾਇਆ ਹੈ ਕਿ, ਜੇ ਜੀਵਾਂ ਦੇ ਪੈਦਾ ਹੋਣ ਤੋਂ ਭਿਟ ਵਾਪਰ ਜਾਂਦੀ ਹੈ ਤਾਂ ਫਿਰ ਹਰ ਸਮੇਂ ਹਰ ਥਾਂ ਲੱਖਾਂ ਜੀਵ ਜੰਮਦੇ ਮਰਦੇ ਰਹਿੰਦੇ ਹਨ, ਦਾਣਿਆਂ ਸਹਿਤ ਸਾਰੀ ਹੀ ਬਨਸਪਤੀ ਵਿੱਚ ਜਾਨ ਹੈ, ਦੁੱਧ, ਪਾਣੀ, ਦਹੀਂ ਅੱਗ ਅਤੇ ਹਵਾ ਵਿੱਚ ਬੇਅੰਤ ਜੀਵ ਹਨ। ਗੋਹੇ ਅਤੇ ਬਾਲਣ ਦੇ ਕੰਮ ਆਉਣ ਵਾਲੀ ਲੱਕੜੀ ਵਿੱਚ ਵੀ ਬੇਅੰਤ ਜੀਵ ਜੰਮਦੇ ਅਤੇ ਅੱਗ ਨਾਲ ਮਰਦੇ ਰਹਿੰਦੇ ਹਨ ਜਿਸ ਕਾਰਣ ਰਸੋਈ ਵਿੱਚ ਤਾਂ ਹਮੇਸ਼ਾਂ ਹੀ ਐਸੀ ਭਿੱਟ ਵਾਪਰਦੀ ਰਹਿੰਦੀ ਹੈ ਤੇ ਗੁਰਬਾਣੀ ਰਾਹੀਂ ਸਮਝਾ ਰਹੇ ਹਨ: ਜੇ ਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ।। ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇ।। ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ।। ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ।। ਸੂਤਕੁ ਕਿਉ ਕਰਿ ਰਖੀਐ ਸੂਤਕੁ ਪਵੈ ਰਸੋਇ।। ਨਾਨਕ ਸੂਤਕੁ ਏਵ ਨ ਉਤਰੈ ਗਿਆਨੁ ਉਤਾਰੇ ਧੋਇ।। ੧।। ਤੇ ਮਨੁੱਖੀ ਸਮਾਜ ਨੂੰ ਇਸ ਸੂਤਕ ਤੋਂ ਬਚਣ ਦੇ ਤਰੀਕੇ ਵੀ ਸਮਝਾ ਰਹੇ ਹਨ ਕਿ ਕਿਸ ਸੰਜਮ ਨਾਲ ਇਨ੍ਹਾਂ ਤੋਂ ਬਚਿਆ ਜਾ ਸਕਦਾ ਹੈ: ਮਨ ਕਾ ਸੂਤਕੁ ਲੋਭੁ ਹੈ ਜਿਹਵਾ ਸੂਤਕੁ ਕੂੜੁ।। ਅਖੀ ਸੂਤਕੁ ਵੇਖਣਾ ਪਰ ਤ੍ਰਿਅ ਪਰ ਧਨ ਰੂਪੁ।। ਕੰਨੀ ਸੂਤਕੁ ਕੰਨਿ ਪੈ ਲਾਇਤਬਾਰੀ ਖਾਹਿ।। ਨਾਨਕ ਹੰਸਾ ਆਦਮੀ ਬਧੇ ਜਮ ਪੁਰਿ ਜਾਹਿ।। ੨।। ਅਰਥ: ਮਨ ਦਾ ਸੂਤਕ ਲੋਭ ਹੈ ਭਾਵ ਜਿਨ੍ਹਾਂ ਮਨੁੱਖਾਂ ਦੇ ਮਨ ਨੂੰ ਲੋਭ ਰੂਪੀ ਸੂਤਕ ਚੰਬੜਿਆ ਹੋਇਆ ਹੈ; ਉਨ੍ਹਾਂ ਦੀ ਜੀਭ ਦਾ ਸੂਤਕ ਹੈ ਝੂਠ ਬੋਲਣਾ, ਭਾਵ ਜਿਨ੍ਹਾਂ ਮਨੁੱਖਾਂ ਦੀ ਜੀਭ ਨੂੰ ਝੂਠ ਰੂਪੀ ਸੂਤਕ ਚੰਬੜਿਆ ਹੋਇਆ ਹੈ, ਜਿਨ੍ਹਾਂ ਮਨੁੱਖਾਂ ਦੀਆਂ ਅੱਖਾਂ ਨੂੰ ਪਰਾਇਆ ਧਨ ਅਤੇ ਪਰਾਈਆਂ ਇਸਤ੍ਰੀਆਂ ਦਾ ਰੂਪ ਤੱਕਣ ਦਾ ਸੂਤਕ ਚੰਬੜਿਆਂ ਹੋਇਆ ਹੈ; ਜਿਨ੍ਹਾਂ ਮਨੁੱਖਾਂ ਦੇ ਕੰਨ ਵਿੱਚ ਭੀ ਸੂਤਕ ਚੰਬੜਿਆ ਹੋਇਆ ਹੈ ਅਤੇ ਕੰਨ ਨਾਲ ਬੇਫਿਕਰ ਹੋਕੇ ਚੁਗਲੀ ਸੁਣਦੇ ਹਨ; ਹੇ ਨਾਨਕ ਇਹੋ ਜਿਹੇ ਮਨੁੱਖ ਵੇਖਣ ਨੂੰ ਭਾਂਵੇ ਹੰਸਾਂ ਵਰਗੇ ਸੋਹਣੇ ਹੋਣ ਦੇ ਬਾਵਜੂਦ ਭੀ ਬੱਧੇ ਹੋਏ ਨਰਕ ਵਿੱਚ ਜਾਂਦੇ ਹਨ। ਅਕਾਲ ਪੁਰਖ ਦੇ ਹੁਕਮ ਅਨੁਸਾਰ ਪੈਦਾ ਹੋਣ ਅਤੇ ਮਰਨ ਦੇ ਨਿਯਮ ਨੂੰ ਸੂਤਕ ਪਾਤਕ ਮੰਨਣ ਵਾਲੀ ਵਿਚਾਰਧਾਰਾ ਨੂੰ ਨਾਨਕ ਪਾਤਸ਼ਾਹ ਜੀ ਨਿਰਾ ਭਰਮ ਹੀ ਫੁਰਮਾਨ ਕਰਦੇ ਹੋਏ ਸਮਝਾ ਰਹੇ ਹਨ: ਸਭੋ ਸੂਤਕੁ ਭਰਮੁ ਹੈ ਦੂਜੈ ਲਗੈ ਜਾਇ।। ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ।। ਖਾਣਾ ਪੀਣਾ ਪਵਿਤ੍ਰੁ ਹੈ ਦਿਤੋਨੁ ਰਿਜਕੁ ਸੰਬਾਹਿ।। ਨਾਨਕ ਜਿਨੀੑ ਗੁਰਮੁਖਿ ਬੁਝਿਆ ਤਿਨਾੑ ਸੂਤਕੁ ਨਾਹਿ।। ੩।। ਅਰਥ: ਸੂਤਕ ਨਿਰਾ ਭਰਮ ਹੀ ਹੈ ਇਹ ਸੂਤਕ ਰੂਪ ਭਰਮ ਮਾਇਆ ਵਿੱਚ ਫਸੇ ਮਨੁੱਖਾਂ ਨੂੰ ਆ ਚੰਬੜਦਾ ਹੈ, ਨਹੀਂ ਤਾਂ ਜੀਵਾਂ ਦਾ ਜੰਮਣਾ ਮਰਨਾ ਪ੍ਰਭੂ ਦਾ ਹੁਕਮ ਹੀ ਹੈ, ਪ੍ਰਭੂ ਦੀ ਰਜ਼ਾ ਵਿੱਚ ਹੀ ਜੀਵ ਜੰਮਦੇ ਅਤੇ ਮਰਦੇ ਰਹਿੰਦੇ ਹਨ। ਪਦਾਰਥਾਂ ਦਾ ਖਾਣਾ ਪੀਣਾ ਭੀ ਪਵਿਤੱਰ ਹੈ ਭਾਵ ਮਾੜਾ ਨਹੀਂ, ਕਿਉਕਿ ਪ੍ਰਭੂ ਨੇ ਆਪ ਹੀ ਇਕੱਠਾ ਕਰਕੇ ਜੀਵਾਂ ਨੂੰ ਦਿੱਤਾ ਹੈ। ਹੇ ਨਾਨਕ, ਜਿਨ੍ਹਾਂ ਗੁਰਮੁਖਾਂ ਨੇ ਇਹ ਗੱਲ ਸਮਝ ਲਈ ਹੈ ਉਨ੍ਹਾਂ ਨੂੰ ਸੂਤਕ ਨਹੀਂ ਚੰਬੜਦਾ। ਪਰ ਰਹਿਤ ਮਰਿਆਦਾ ਅਤੇ ਗੁਰਬਾਣੀ ਵਿੱਚ ਬਖਸ਼ੇ ਇਸ ਗਿਆਨ ਨੂੰ ਇਨ੍ਹਾਂ ਆਗੂਆਂ ਅਤੇ ਪ੍ਰਬੰਧਕਾਂ ਨੇ ਠੀਕ ਤਰ੍ਹਾਂ ਨਾਲ ਪ੍ਰਚਾਰਿਆ ਹੀ ਨਹੀਂ, ਜਿਸ ਕਾਰਣ ਅੱਜ ਵੀ ਬਹੁਤਾਤ ਸਿਖ ਪਰਿਵਾਰਾਂ ਵਿੱਚ ਸ਼ੂਦਰ ਤੋਂ ਵੀ ਜਿਆਦਾ ਦਿਨ ਭਾਵ ੪੦ ਦਿਨਾਂ ਤੱਕ ਇਸਤ੍ਰੀ ਦੇ ਉਠਣ ਬੈਠਣ, ਖਾਣ ਪੀਣ, ਅੰਦਰ ਬਾਹਰ ਆਉਣ ਜਾਣ ਲਈ ਬੰਧੇਜ ਰਖਿਆ ਜਾਂਦਾ ਹੈ। ਕੀ ਇਹ ਆਗੂ ਅਤੇ ਪ੍ਰਬੰਧਕ ਰਹਿਤ ਮਰਿਆਦਾ ਦੀ ਇਸ ਮਦ ਨੂੰ ਸਮਾਜ ਵਿੱਚ ਪ੍ਰਚਾਰਨ ਲਈ ਕੋਈ ਸੁਹਿਰਦ ਉਪਰਾਲੇ ਕਰਣਗੇ?

3. ਸਿਖ ਰਹਿਤ ਮਰਿਆਦਾ ਦੇ ਸਿਰਲੇਖ “ਅਨੰਦ ਸੰਸਕਾਰ” ਦੇ ਭਾਗ ‘ੳ` ਵਿੱਚ ਅੰਕਿਤ ਹੈ ਕਿ ਸਿੱਖ ਸਿੱਖਣੀ ਦਾ ਵਿਆਹ, ਬਿਨਾ ਜਾਤ ਪਾਤ, ਗੋਤ ਵਿਚਾਰੇ ਦੇ ਹੋਣਾ ਚਾਹੀਏ। ਪਰ ਇਸ ਮੱਦ ਨੂੰ ਵੀ ਪ੍ਰਬੰਧਕਾਂ ਵਲੋਂ ਘੱਟ ਪਰਚਾਰੇ ਜਾਣ ਕਾਰਣ ਵਿਆਹ, ਦੇ ਸਮੇਂ ਜਾਤ ਪਾਤ ਅਤੇ ਗੋਤ ਦੀ ਵਿਚਾਰ, ਕਿਸੇ ਵਿਰਲੇ ਸਿਖ ਨੂੰ ਛੱਡ ਕੇ, ਤਕਰੀਬਨ ਸਾਰੇ ਹੀ ਕਰਦੇ ਦੇਖੇ ਜਾ ਸਕਦੇ ਹਨ। ਇਨ੍ਹਾਂ ਵਿਆਹਾਂ ਉਪਰ ਵੀ ਬੇਲੋੜੇ ਖਰਚ ਕੇਵਲ ਦਿਖਾਵੇ ਮਾਤਰ ਹੀ ਕੀਤੇ ਜਾਂਦੇ ਹਨ, ਐਸੇ ਸਮਿਆਂ ਉਪਰ ਗੁਰੁ ਦੀ ਗੱਲ ਸੁਨਣ ਅਤੇ ਸਮਝਣ ਦਾ ਸਮਾਂ ਕਿਸੇ ਵਿਰਲੇ ਨੂੰ ਹੀ ਨਸੀਬ ਹੁੰਦਾ ਹੈ। ਐਸੇ ਸਮੇਂ ਜੇ ਕਿਸੇ ਨੂੰ ਗੁਰਮਤਿ ਦੀ ਗੱਲ ਸਮਝਾਉਣ ਬਾਰੇ ਚਰਚਾ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਏ ਤਾਂ ਬਚਿਆਂ ਦੇ ਸ਼ੋਂਕ ਉਪਰੋਂ ਗੁਰਮਤਿ ਨੂੰ ਕੁਰਬਾਣ ਕਰਨ ਵਿੱਚ ਇੱਕ ਮਿੰਟ ਵੀ ਨਹੀਂ ਲਗਾਇਆ ਜਾਂਦਾ, ਬਲਕਿ ਅੱਜ ਦੇ ਇਸ ਪੜ੍ਹੇ ਲਿਖੇ ਯੁਗ ਵਿੱਚ ਸਿਆਣੇ ਕਹੇ ਜਾਂਦੇ ਨੋਜਵਾਨਾਂ ਅੰਦਰ ਗੁਰਮਤਿ ਪ੍ਰਤੀ ਇਤਨਾਂ ਨਿਰਾਸ਼ਾ ਜਨਕ ਰਵਈਆ ਵੇਖਕੇ ਪੰਥ ਨੂੰ ਚੜ੍ਹਦੀ ਕਲਾ ਵਿੱਚ ਦੇਖਣ ਵਾਲੇ ਚਾਹਵਾਨਾਂ ਦਾ ਸੋਂਚਾਂ ਵਿੱਚ ਡੁੱਬ ਜਾਣਾ ਸੁਭਾਵਕ ਹੈ। ਉਨ੍ਹਾਂ ਨੂੰ ਕਉਣ ਦਸੇ ਕਿ ਸਿਖ ਇਤਿਹਾਸ ਦੇ ਸੁਨਹਰੀ ਪੰਨਿਆਂ ਉਪਰ ਇਸ ਮੱਦ ਨੂੰ ਰੁਸ਼ਨਾਉਦੀ ਭਾਈ ਮਥੋ ਮੁਰਾਰੀ ਦੀ ਕਹਾਣੀ ਭਾਈ ਵੀਰ ਸਿੰਘ ਜੀ ਨੇ ਕੁੱਝ ਇਸ ਤਰ੍ਹਾਂ ਦਰਜ ਕੀਤੀ ਹੈ: ਪ੍ਰੇਮਾ ਨਾਮੀ ਇੱਕ ਯਤੀਮ ਜਿਸ ਨੂੰ ਬਾਲ ਉਮਰ ਵਿੱਚ ਹੀ ਕੋਹੜ ਦੀ ਭੈੜੀ ਬਿਮਾਰੀ ਹੋ ਗਈ। ਲੋਕਾਂ ਵਲੋਂ ਦੁਰਕਾਰਿਆ ਪ੍ਰੇਮਾ ਦੁਖਿਆਰਾ ਅਤੇ ਨਿਆਸਰਾ ਸਤਿਗੁਰਾਂ ਦੀ ਸੋਭਾ ਸੁਣਕੇ ਰੁਲਦਾ ਢਹਿਦਾ ਸ੍ਰੀ ਗੋਬਿੰਦਵਾਲ ਸਾਹਿਬ ਪੁਜ ਗਿਆ। ਅਤੇ ਦੀਵਾਨ ਵਾਲੀ ਜਗ੍ਹਾ ਤੋਂ ਬਾਹਰ ਸਾਹਮਣੇ ਕੋਹੜੀ ਬਾਲਕ ਪ੍ਰੇਮਾ ਡੇਰੇ ਲਾ ਬੈਠਾ। ਕੋਈ ਪ੍ਰੇਮੀ ਗੁਰੁ ਕੇ ਲੰਗਰ ਵਿੱਚੋਂ ਪ੍ਰਸ਼ਾਦ ਦੇ ਜਾਂਦਾ ਅਤੇ ਕਿਸੇ ਗੁਰੁ ਸਵਾਰੇ ਕੋਲੋਂ ਪ੍ਰੇਮਾ ਗੁਰਬਾਣੀ ਸਿਖਦਾ ਹੋਲੀ-ਹੋਲੀ ਭਾਈ ਪ੍ਰੇਮਾ ਗੁਰਮਤਿ ਦਾ ਗਿਆਤਾ ਬਣਦਾ ਗਿਆ ਅਤੇ ਸੱਚੀ ਪ੍ਰੇਮਾ ਭਗਤੀ ਤੋਂ ਸਤਿਗੁਰਾਂ ਦੀ ਮੇਹਰ ਦਾ ਪਾਤਰ ਬਣ ਗਿਆ। ਇੱਕ ਦਿਨ ਸਤਿਗੁਰਾਂ ਨੇ ਆਪਣੇ ਲਈ ਆਏ ਇਸ਼ਨਾਨ ਵਾਲੇ ਜਲ ਨਾਲ ਪ੍ਰੇਮੇ ਨੂੰ ਇਸ਼ਨਾਨ ਕਰਾਉਣ ਦੀ ਆਗਿਆ ਦਿੱਤੀ। ਸਤਿਗੁਰਾਂ ਦੀ ਕ੍ਰਿਪਾ ਦ੍ਰਿਸ਼ਟੀ ਨਾਲ ਪ੍ਰੇਮਾ ਅਰੋਗ ਹੋ ਗਿਆ ਅਤੇ ਸਤਿਗੁਰਾਂ ਦੇ ਭੇਜੇ ਸੁੰਦਰ ਸਵੱਛ ਪੁਸ਼ਾਕੇ ਪਹਿਨ ਕੇ ਦਰਬਾਰ ਵਿੱਚ ਸਤਿਗੁਰਾਂ ਦੇ ਚਰਨੀ ਆ ਲੱਗਾ, ਸੁੰਦਰ ਸੁਡੋਲ ਸ਼ਰੀਰ ਵੇਖਕੇ ਸਤਿਗੁਰਾਂ ਨੇ ਉਸਦਾ ਨਾਂ ਮੁਰਾਰੀ ਰੱਖਕੇ ਸੰਗਤ ਵਿੱਚੋਂ ਕਿਸੇ ਵਰ ਦੀ ਮੰਗ ਕੀਤੀ। ਭਾਈ ਸ਼ੀਹਾਂ ਉਪੱਲ ਘਰੋਂ ਆਪਣੀ ਸਪੁੱਤਰੀ ਬੀਬੀ ‘ਮਥੋ` ਨੂੰ ਲੈ ਆਇਆਂ ਸਤਿਗੁਰਾਂ ਨੇ ਉਸ ਵੇਲੇ ਗ੍ਰਹਿਸਤ ਜੀਵਨ ਬਾਰੇ ਲਾਹੇਵੰਦਾ ਉਪਦੇਸ਼ ਦੇ ਕੇ ‘ਮਥੋ` ਤੇ ‘ਮੁਰਾਰੀ` ਨੂੰ ਪਤੀ ਪਤਨੀ ਬਣਾ ਦਿੱਤਾ। ਯੋਗ ਗੁਰਮਤਿ ਉਪਦੇਸ਼ ਦੇਣ ਉਪਰੰਤ ਉਨ੍ਹਾਂ ਨੂੰ ਮੰਜੀ ਸੌਂਪ ਕੇ ਗੁਰਮਤਿ ਦੇ ਪ੍ਰਚਾਰਕ ਥਾਪਿਆ। ‘ਮਥੋ ਮੁਰਾਰੀ` ਦੀ ਇਸ ਕਹਾਣੀ ਦਾ ਸੰਖੇਪ ਮਹਾਨ ਕੋਸ਼ ਦੇ ਪੰਨਾ ੯੪੫ ਤੇ ਇਸ ਤਰ੍ਹਾਂ ਦਰਜ ਹੈ: “ਜਿਲਾ ਲਾਹੋਰ ਦੇ ਖਾਈ ਪਿੰਡ ਦਾ ਵਸਨੀਕ ਪ੍ਰੇਮਾ ਖਤ੍ਰੀ, ਜੋ ਕੋਹੜੀ ਹੋ ਗਿਆ ਸੀ, ਸ੍ਰੀ ਗੁਰੂ ਅਮਰਦਾਸ ਜੀ ਦੀ ਕ੍ਰਿਪਾ ਨਾਲ ਅਰੋਗ ਹੋਇਆ, ਸਤਿਗੁਰੂ ਨੇ ਇਸਦਾ ਨਾਮ ਮੁਰਾਰੀ ਰੱਖਿਆ, ਸੀਂਹੇ ਉੱਪਲ ਖੱਤ੍ਰੀ ਨੇ ਗੁਰੂ ਸਾਹਿਬ ਦੀ ਆਗਿਆ ਅਨੁਸਾਰ ਮੁਰਾਰੀ ਨੂੰ ਆਪਣੀ ਪੁੱਤਰੀ ਮਥੋ ਵਿਆਹ ਦਿੱਤੀ, ਇਸ ਉਤੱਮ ਜੋੜੀ ਨੇ ਗੁਰਮਤਿ ਦਾ ਭਾਰੀ ਪ੍ਰਚਾਰ ਕੀਤਾ, ਅਰ ਦੋਹਾਂ ਦਾ ਸੰਮਿਲਤ ਨਾਮ ਇਤਿਹਾਸ ਵਿੱਚ ਪ੍ਰਸਿੱਧ ਹੋ ਗਿਆ, ਗੁਰੁ ਸਾਹਿਬ ਨੇ ‘ਮਥੋ ਮੁਰਾਰੀ` ਨੂੰ ਪ੍ਰਚਾਰਕ ਦੀ ਮੰਜੀ ਬਖਸ਼ੀ”। ਇਸ ਕਹਾਣੀ ਤੋਂ ਇੱਕ ਗੱਲ ਤਾਂ ਬਿਲਕੁੱਲ ਹੀ ਸਪਸ਼ਟ ਹੈ ਕਿ ਗੁਰੁ ਅਮਰਦਾਸ ਜੀ ਨੇ ਬਿਨਾਂ ਕਿਸੇ ਕੁੜਮਾਈ, ਮੰਗਣੇ, ਮਿਲਣੀ ਆਦਿ ਤੋਂ ਦੋ ਪਰਿਵਾਰਾਂ ਵਿੱਚ ਨਾਤਾ ਜੋੜਨ ਦੀ ਰੀਤ ਤੋਰੀ ਸੀ ਜਿਸ ਵਿੱਚ ਬੱਚਿਆਂ ਨੂੰ ਗੁਰਮੁਖਾਂ ਵਾਲੇ ਗ੍ਰਿਹਸਤੀ ਜੀਵਨ ਵਿੱਚ ਸੁਖੀ ਰਹਿਣ ਦਾ ਉਪਦੇਸ਼ ਸਮਝਾਉਣ ਵਿੱਚ ਪਤੀ ਪਤਨੀ ਐਲਾਣਨ ਦੀ ਨਿਆਰੀ ਰਸਮ ਚਲਾਈ ਗਈ ਸੀ ਜਿਸ ਨੂੰ ਸਿਖ ਸਮਾਜ ਵਿੱਚ ਪ੍ਰਚਾਰਣ ਵਿੱਚ ਸਾਡੇ ਆਗੂ ਅਤੇ ਪ੍ਰਚਾਰਕ ਬੁਰੀ ਤਰ੍ਹਾਂ ਨਾਲ ਫੇਲ ਹੋਏ ਹਨ। ਇਨ੍ਹਾਂ ਨੂੰ ਇਸ ਗੱਲ ਦੀ ਸਮਝ ਪਤਾ ਨਹੀਂ ਕਦੋਂ ਆਵੇਗੀ?

4. ਰਹਿਤ ਮਰਿਆਦਾ ਦੀ ਇਸੇ ਮਦ ਦੇ ਭਾਗ ‘ਗ` ਵਿੱਚ ਅੰਕਿਤ ਹੈ ਕਿ “ਸਿਹਰਾ, ਮੁਕਟ ਜਾਂ ਗਾਨਾ ਬੰਨਣਾ, ਪਿਤੱਰ ਪੁਜਣੇ, ਕੱਚੀ ਲੱਸੀ ਵਿੱਚ ਪੈਰ ਪਾਉਣਾ, ਬੇਰੀ ਜਾਂ ਜੰਡੀ ਵੱਡਣੀ, ਘੜੋਲੀ ਭਰਨੀ, ਰੁਸ ਕੇ ਜਾਣਾ, ਛੰਦ ਪੜ੍ਹਨੇ, ਹਵਨ ਕਰਨਾ, ਵੇਦੀ ਗੱਡਣੀ, ਵੇਸਵਾ ਦਾ ਨਾਚ, ਸ਼ਰਾਬ ਆਦਿ ਮਨਮਤ ਹੈ” ਰਹਿਤ ਮਰਿਆਦਾ ਦੀ ਇਸ ਮਦ ਦਾ ਵਿਰੋਧ ਤਕਰੀਬਨ ਹਰ ਵਿਆਹ ਸ਼ਾਦੀ `ਤੇ ਹੁੰਦਾ ਦੇਖਿਆ ਜਾ ਸਕਦਾ ਹੈ। ਵਿਰਲੇ ਭਾਗਾਂ ਨਾਲ ਹੀ ਕੋਈ ਐਸਾ ਵਿਆਹ ਦੇਖਿਆ ਹੋਵੇਗਾ ਜਿਸ ਵਿੱਚ ਲਾੜੇ ਨੇ ਸਿਹਰਾ ਨਾ ਬਨ੍ਹਿਆ ਹੋਵੇ ਜਾਂ ਭੈਣਾਂ ਭਰਜਾਈਆਂ ਕੋਲੋਂ ਗਾਨਾ ਨਾ ਬਨ੍ਹਵਾਇਆ ਹੋਵੇ, ਵੇਸਵਾ ਦਾ ਨਾਚ ਅਤੇ ਸ਼ਰਾਬ ਤੋਂ ਬਿਨਾਂ ਸ਼ਾਇਦ ਹੀ ਕੋਈ ਵਿਆਹ ਹੁੰਦਾ ਹੋਵੇ। ਅੱਜਕੱਲ ਭਾਂਵੇ ਇਨ੍ਹਾਂ ਨੇ ਸਭਿਆਚਾਰਕ ਪ੍ਰੋਗਰਾਮਾਂ ਦਾ ਰੂਪ ਧਾਰਣ ਕਰ ਲਿਆ ਹੈ। ਇੱਕ ਗੱਲ ਹੋਰ ਜੋ ਸਿਖ ਮਾਪਿਆ ਨਾਲ ਸਾਂਝੀਂ ਕਰਨੀ ਜ਼ਰੂਰੀ ਸਮਝਦਾ ਹਾਂ ਕਿ ਘਰ ਵਿੱਚ ਬਰਾਤ ਢੁਕਣ ਤੋਂ ਬਾਦ ‘ਬਾਰ ਰੁਕਾਈ` ਦੇ ਸਮੇਂ ਸਾਡੀਆਂ ਹੀ ਬੱਚੀਆਂ ਨਾਲ ਸਾਡੇ ਬੱਚੇ ਭੱਦੇ ਮਜਾਕ ਕਰਦੇ ਹੋਏ ਚਾਂਬੜਾਂ ਅਤੇ ਕਿਲਕਾਰੀਆਂ ਮਾਰਦੇ ਨਹੀਂ ਸਮਾਉਦੇ। ਉਨ੍ਹਾਂ ਨੂੰ ਰੋਕਣ ਅਤੇ ਸਮਝਾਉਣ ਲਈ ਘਰ ਦੇ ਕਿਸੇ ਵਡੇਰੇ ਜਾਂ ਬਜੂਰਗ ਨੇ ਸ਼ਾਇਦ ਹੀ ਕਦੇ, ਕੋਈ ਕੋਸ਼ਿਸ਼ ਕੀਤੀ ਹੋਵੇ? ਬਲਕਿ ਇਸ ਦੇ ਉਲਟ ਉਨ੍ਹਾਂ ਦੀਆਂ ਖਰਮਸਤੀਆਂ ਨੂੰ ਵੇਖਕੇ ਖੁਸ਼ ਹੁੰਦੇ ਘਰ ਦੇ ਵਡੇਰੇ ਅਕਸਰ ਹੀ ਦੇਖੇ ਜਾ ਸਕਦੇ ਹਨ ਅਤੇ ਖੁਸ਼ੀਂ ਵਿੱਚ ਫੁੱਲੇ ਇਹ ਕਹਿਣੋ ਵੀ ਸੰਕੋਚ ਨਹੀਂ ਕਰਦੇ ਕਿ ਦੇਖੋ ਬੱਚੇ ਇਨਜੁਆਏ ਕਰ ਰਹੇ ਹਨ। ਇਸੇ ਹੀ ਸਮੇਂ ਲੜਕੀਆਂ ਵਲੋਂ ਬਰਾਤ ਨਾਲ ਆਏ ਲਾੜੇ/ਬਰਾਤੀਆਂ ਕੋਲੋਂ ਵੱਧ ਤੋਂ ਵੱਧ ਸ਼ਗਨ ਲੈਣ ਦੀ ਲਾਲਸਾ ਅਧੀਨ ਅੰਦਰ ਆਉਣ ਤੋਂ ਰੋਕਦੇ ਹੋਏ ਜਿਸ ਤਰ੍ਹਾਂ ਦਾ ਨਾਟਕ ਕੀਤਾ ਜਾਂਦਾ ਹੈ ਉਹ ਫਿਲਮੀ ਦੁਨੀਆ ਦੀ ਨਕਲ ਦਾ ਹੀ ਅਹਿਸਾਸ ਕਰਵਾਉਂਦਾ ਹੈ ਜਿਸ ਨੂੰ ਰੋਕਣ ਲਈ ਕਦੇ ਕਿਸੇ ਬਜੂਰਗ ਜਾਂ ਆਗੂ/ ਪ੍ਰਬੰਧਕਾਂ ਨੇ ਕੋਈ ਸੁਹਿਰਦ ਕੋਸ਼ਿਸ਼ ਹੀ ਨਹੀਂ ਕੀਤੀ ਅਤੇ ਨਾ ਹੀ ਇਸ ਵਿਸ਼ੇ ਤੇ ਗੱਲ ਕਰਦਿਆਂ ਕਿਸੇ ਸੁਘੜ ਸਿਆਣੇ ਨੂੰ ਦੇਖਿਆ ਅਤੇ ਸੁਣਿਆ ਹੀ ਗਿਆ ਹੈ। ਕਾਸ਼ ਸਾਡੇ ਬਜੂਰਗ ਜਾਂ ਕਹੇ ਜਾਂਦੇ ਕੋਮ ਦੇ ਪ੍ਰਬੰਧਕ ਰਹਿਤ ਮਰਿਆਦਾ ਦੀ ਇਸ ਮਦ ਨੂੰ ਲਾਗੂ ਕਰਵਾਉਣ ਦਾ ਕੋਈ ਸੁਹਿਰਦ ਉਪਰਾਲਾ ਕਰਨ ਦੀ ਖੇਚੱਲ ਕਰਣਗੇ? ਤਾਂ ਕਿ ਨੋਜਵਾਨ ਪੀੜੀ ਇਸ ਵਿਖਾਵੇ ਦੇ ਬੇਲੋੜੇ ਖਰਚੀਲੇ ਰਿਵਾਜਾਂ ਤੋਂ ਨਿਜਾਤ ਪਾਉਣ ਲਈ ਕੇਵਲ ਉਨ੍ਹਾਂ ਰਸਮਾਂ ਨੂੰ ਸਫਲਤਾ ਪੂਰਵਕ ਅਪਨਾਉਣ ਦੇ ਚਾਹਵਾਨ ਹੋਣ ਜੋ ਅਮਰਦੇਵ ਪਾਤਸ਼ਾਹ ਜੀ ਨੇ ਤੋਰੀਆਂ ਸਨ। (ਚਲਦਾ)

ਮਨਜੀਤ ਸਿੰਘ ਖਾਲਸਾ, ਮੋਹਾਲੀ।

ਮੋਬਾਈਲ ਨੰ: ੦੯੪੧੭੪੪੦੭੭੯
.