ਹੇ ਮੇਰੇ ਮਨ, ਰਾਮ ਦਾ ਨਾਮ ਜਪਿਆ ਕਰ, ਇਹ ਨਾਮ ਹੀ ਸਾਰੇ ਸੁਖ ਦੇਣ ਵਾਲਾ
ਹੈ। ਜਿਸ ਮਨੁੱਖ ਨੇ ਗੁਰੂ ਦੇ ਗਿਆਨ ਆਸਰੇ ਬ੍ਰਹਮ, ਪਰਮਾਤਮਾ ਦੀ ਰਚਨਾ ਦੀ ਸੋਝੀ ਹਾਸਲ ਕਰ ਲਈ, ਉਸ
ਨੇ ਸਤਸੰਗਤ ਵਿੱਚ ਜੁੜ ਕੇ ਪ੍ਰਭੂ ਦੇ ਨਾਮ, ਪ੍ਰਭੂ ਦੇ ਹੁਕਮ ਦਾ ਆਨੰਦ ਮਾਣਿਆ ਹੈ। ਅਤੇ
ਜਪਿ ਮਨ ਰਾਮੈ ਨਾਮੁ ਹਰਿ ਜਸੁ ਊਤਮ ਕਾਮ॥
ਜੋ ਗਾਵਹਿ ਸੁਣਹਿ ਤੇਰਾ ਜਸੁ ਸੁਆਮੀ ਹਉ ਤਿਨ ਕੈ ਸਦ ਬਲਿਹਾਰੈ ਜਾਉ॥ ਰਹਾਉ॥
(੬੬੯)
ਹੇ ਮੇਰੇ ਮਨ, ਪ੍ਰਭੂ ਦਾ ਨਾਮ ਹੀ ਜਪਿਆ ਕਰ, ਹਰੀ ਦੀ ਵਡਿਆਈ ਕਰਨੀ ਹੀ ਸਭ
ਕਰਮਾ ਤੋਂ ਸ੍ਰੇਸ਼ਟ ਕੰਮ ਹੈ। ਹੇ ਕਰਤਾਰ, ਜੇਹੜੇ ਬੰਦੇ ਤੇਰੀ ਸਿਫਤ ਸਾਲਾਹ ਗਾਉਂਦੇ ਹਨ, ਸੁਣਦੇ ਹਨ
ਮੈਂ ਉਨ੍ਹਾਂ ਤੋਂ ਸਦਾ ਕੁਰਬਾਨ ਜਾਂਦਾ ਹਾਂ। ਅਤੇ
ਜਪਿ ਮਨ ਰਾਮ ਨਾਮੁ ਸੁਖੁ ਪਾਵੈਗੋ॥
ਜਿਉ ਜਿਉ ਜਪੈ ਤਿਵੈ ਸੁਖੁ ਪਾਵੈ ਸਤਿਗੁਰੁ ਸੇਵਿ ਸਮਾਵੈਗੋ॥ ੧॥ ਰਹਾਉ॥
(੧੩੦੮)
ਹੇ ਮੇਰੇ ਮਨ, ਸਦਾ ਵਾਹਿਗੁਰੂ ਦਾ ਨਾਮ ਜਪਿਆ ਕਰ, ਉਸ ਦੇ ਹੁਕਮ ਵਿੱਚ ਚਲਿਆ
ਕਰ, ਜਿਹੜਾ ਮਨੁੱਖ ਅਕਾਲ ਦੀ ਰਜ਼ਾ ਵਿੱਚ ਚਲਦਾ ਹੈ, ਉਹ ਸੁਖ ਪਾਉਂਦਾ ਹੈ। ਜਿਉਂ ਜਿਉਂ ਬੰਦਾ ਅਲ੍ਹਾ
ਦੀ ਰਜ਼ਾ ਵਿੱਚ ਚਲਦਾ ਹੈ, ਤਿਉਂ ਤਿਉਂ ਆਨੰਦ ਮਾਣਦਾ ਹੈ, ਕਰਤਾਰ ਦੀ ਸੇਵਾ ਕਰ ਕੇ ਉਸ ਵਿੱਚ ਹੀ ਲੀਨ
ਹੋ ਜਾਂਦਾ ਹੈ। (ਇਹ ਆਪਾਂ ਪਹਿਲਾਂ ਵਿਚਾਰ ਚੁਕੇ ਹਾਂ ਕਿ ਕਰਤਾਰ ਦੀ ਸੇਵਾ, ਉਸ ਦੇ ਹੁਕਮ ਵਿੱਚ
ਚਲਣਾਂ ਹੀ ਹੈ)
ਜਪਿ ਮਨ ਰਾਮ ਨਾਮੁ ਅਰਧਾਂਭਾ॥
ਉਪਜੰਪਿ ਉਪਾਇ ਨ ਪਾਈਐ ਕਤਹੂ ਗੁਰਿ ਪੂਰੈ ਹਰਿ ਪ੍ਰਭੁ ਲਾਭਾ॥ ੧॥ ਰਹਾਉ॥
(੧੩੩੭)
ਹੇ ਮੇਰੇ ਮਨ, ਅਕਾਲ ਦਾ ਨਾਮ ਜਪਿਆ ਕਰ, ਇਹੀ ਜਪਣ ਜੋਗ ਚੀਜ਼ ਹੈ। ਕੰਨਾ
ਵਿੱਚ ਗੁਪਤ ਮੰਤਰ ਦੇਣ ਦੇ ਢੰਗ ਆਦ, ਨਾਮ ਜਪਣ ਦਾ ਢੰਗ ਨਹੀਂ ਹਨ, ਇਨ੍ਹਾਂ ਤਰੀਕਿਆਂ ਨਾਲ ਪਰਮਾਤਮਾ
ਨਹੀਂ ਮਿਲਦਾ। ਪੂਰੇ ਗੁਰੂ (ਸ਼ਬਦ ਵਿਚਾਰ) ਦੀ ਸਿਖਿਆ ਤੇ ਚਲਿਆਂ ਹੀ ਰੱਬ ਮਿਲਦਾ ਹੈ। ਅਤੇ
ਜਪਿ ਮਨ ਸਿਰੀ ਰਾਮੁ॥ ਰਾਮ ਰਮਤ ਰਾਮੁ॥ ਸਤਿ ਸਤਿ ਰਾਮੁ॥ (੧੨੦੨)
ਹੇ ਮਨ ਸ੍ਰੀ ਰਾਮ ਦਾ ਨਾਮ ਜਪਿਆ ਕਰ, ਉਸ ਰਾਮ ਦਾ ਨਾਮ ਜੋ ਸਭ ਥਾਈਂ ਵਿਆਪਕ
ਹੈ, ਸਭ ਵਿੱਚ ਰਮਿਆ ਹੋਇਆ ਹੈ। ਉਸ ਰਾਮ ਦਾ ਜੋ ਸਦਾ ਹੀ ਸਦਾ ਕਾਇਮ ਰਹਿਣ ਵਾਲਾ ਹੈ। ਅਤੇ
ਨਾਨਕ ਰਾਮ ਨਾਮੁ ਜਪਿ ਚੀਤ।। ਸਿਮਰ ਸੁਆਮੀ ਹਰਿ ਸਾ ਮੀਤ॥ (੧੯੮)
ਹੇ ਨਾਨਕ ਰਾਮ ਦਾ ਨਾਮ ਅਪਣੇ ਮਨ ਵਿੱਚ ਜਪਿਆ ਕਰ, ਹਰੀ ਵਰਗੇ ਮਾਲਕ ਤੇ
ਮਿੱਤਰ ਦਾ ਸਿਮਰਨ ਕਰਿਆ ਕਰ। ਅਤੇ
ਜਪਿ ਮਨ ਮੇਰੇ ਤੂ ਏਕੋ ਨਾਮੁ॥ ਸਤਗੁਰਿ ਦੀਆ ਮੋ ਕਉ ਏਹੁ ਨਿਧਾਨੁ॥ ੧॥
ਰਹਾਉ॥ (੫੫੮)
ਹੇ ਮੇਰੇ ਮਨ, ਤੂੰ ਸਿਰਫ ਵਾਹਿਗੁਰੂ ਦਾ ਨਾਮ ਜਪਿਆ ਕਰ। ਇਹ ਨਾਮ ਦਾ ਖਜ਼ਾਨਾ
ਮੈਨੂੰ ਸ਼ਬਦ ਗੁਰੂ ਨੇ ਬਖਸ਼ਿਆ ਹੈ। ਅਤੇ
ਪ੍ਰੀਤਿ ਪ੍ਰੀਤਿ ਗੁਰੀਆ ਮੋਹਨ ਲਾਲਨਾ॥
ਜਪਿ ਮਨ ਗੋਬਿੰਦ ਏਕੈ ਅਵਰ ਨਹੀ ਕੋ ਲੇਖੈ
ਸੰਤ ਲਾਗੁ ਮਨਹਿ ਛਾਡੁ ਦੁਬਿਧਾ ਕੀ ਕੁਰੀਆ॥ ੧॥ ਰਹਾਉ॥ (੭੪੬)
ਹੇ ਭਾਈ, ਸਾਰੀਆਂ ਪ੍ਰੀਤਾਂ ਵਿਚੋਂ ਉੱਤਮ ਪ੍ਰੀਤ ਮਨ ਨੂੰ ਮੋਹਣ ਵਾਲੇ ਲਾਲ
ਪ੍ਰਭੂ ਦੀ ਪ੍ਰੀਤ ਹੈ। ਹੇ ਮਨ, ਕੇਵਲ ਉਸ, ਇਕੋ ਇੱਕ ਗੋਬਿੰਦ ਦਾ ਨਾਮ ਜਪਿਆ ਕਰ। ਹੋਰ ਕੋਈ ਉੱਦਮ
ਉਸ ਦੀ ਦਰਗਾਹ ਵਿੱਚ ਕਬੂਲ ਨਹੀਂ ਹੁੰਦਾ। ਹੇ ਭਾਈ ਸਤਸੰਗਤ ਵਿੱਚ ਜੁੜਿਆ ਰਹੁ, ਅਤੇ ਅਪਣੇ ਮਨ
ਵਿਚੋਂ ਦੁਬਿਧਾ ਦਾ ਰਾਹ ਦੂਰ ਕਰ।
ਇਸ ਤੋਂ ਅਗਲੀ ਪਉੜੀ ਹੈ ਮੰਨਣ ਦੀ, ਅਰਥਾਤ ਪ੍ਰਭੂ ਦੇ ਨਾਮ, ਰਜ਼ਾ, ਹੁਕਮ,
ਨਿਯਮ ਕਾਨੂਨ ਨੂੰ ਮੰਨਦਿਆਂ, ਉਸ ਅਨੁਸਾਰ ਜੀਵਨ ਜੀਉਣ ਦੀ। ਇਸ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ
ਸੇਧ ਦਿਤੀ ਹੈ,
ਇਹੀ ਅਚਾਰ ਇਹੀ ਬਿਉਹਾਰਾ ਆਗਿਆ ਮਾਨਿ ਭਗਤਿ ਹੋਇ ਤੁਮਾੑਰੀ॥
ਜੋ ਇਹ ਮੰਤ੍ਰ ਕਮਾਵੈ ਨਾਨਕ ਸੋ ਭਉਜਲੁ ਪਾਰਿ ਉਤਾਰੀ॥ (੩੭੭)
ਹੇ ਜੀਵ ਇਸਤ੍ਰੀ ਇਹੀ ਕੁੱਝ ਤੇਰੇ ਵਾਸਤੇ ਧਾਰਮਿਕ ਰਸਮਾਂ ਦਾ ਕਰਨਾ ਹੈ,
ਇਹੀ ਤੇਰਾ ਨਿਤ ਦਾ ਵਿਹਾਰ (ਨਿਤ ਨੇਮ) ਹੋਣਾ ਚਾਹੀਦਾ ਹੈ ਕਿ ਤੂੰ ਪਰਮਾਤਮਾ ਦਾ ਹੁਕਮ ਸਿਰ ਮੱਥੇ
ਤੇ ਮੰਨ। ਇਸ ਤਰ੍ਹਾਂ ਕੀਤੀ ਤੇਰੀ ਭਗਤੀ ਪ੍ਰਭੂ ਦੇ ਦਰ ਤੇ ਪਰਵਾਨ ਹੋ ਜਾਵੇ ਗੀ। ਹੇ ਨਾਨਕ ਜਿਹੜਾ
ਮਨੁੱਖ ਵੀ ਇਸ ਉਪਦੇਸ਼ ਨੂੰ ਕਮਾਉਂਦਾ ਹੈ, ਇਸ ਅਨੁਸਾਰ ਜੀਵਨ ਢਾਲਦਾ ਹੈ, ਉਹ ਸੰਸਾਰ ਦੀ ਘੁਮਣ ਘੇਰੀ
ਤੋਂ ਪਾਰ ਹੋ ਜਾਂਦਾ ਹੈ।
ਹੁਕਮੁ ਮੰਨੇ ਸੋ ਜਨੁ ਪਰਵਾਣੁ॥ (੧੧੭੫)
ਕਰਤਾਰ ਦਾ ਹੁਕਮ ਮੰਨਣ ਵਾਲਾ ਹੀ ਵਾਹਿਗੁਰੂ ਦੇ ਦਰ ਤੇ, ਅਕਾਲ ਪੁਰਖ ਦੇ
ਦਰਬਾਰ ਵਿੱਚ ਇਜ਼ਤ ਵਾਲਾ ਹੈ। ਅਤੇ
ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ॥ (੪੭੧)
ਕਰਤਾਰ ਦਾ ਹੁਕਮ ਮੰਨਣ ਵਾਲਾ ਬੰਦਾ, ਪ੍ਰਭੂ ਦੇ ਦਰ ਤੇ ਪਰਵਾਨ ਹੋ ਜਾਂਦਾ
ਹੈ, ਅਤੇ ਮਾਲਕ ਪ੍ਰਭੂ ਦਾ ਘਰ ਲੱਭ ਲੈਂਦਾ ਹੈ।
ਅਤੇ
ਨਾਇ ਮੰਨਿਐ ਕੁਲੁ ਉਧਰੈ ਸਭ ਕੁਟੰਬੁ ਸਬਾਇਆ॥
ਨਾਇ ਮੰਨਅਿੈ ਸੰਗਤਿ ਉਧਰੈ ਜਿਨੑ ਰਿਦੈ ਵਸਾਇਆ॥ (੧੨੪੧)
ਜਿਸ ਬੰਦੇ ਦਾ ਮਨ ਨਾਮ ਨੂੰ, ਮੰਨ ਲਵੇ, ਉਸ ਦੀ ਸਾਰੀ ਕੁਲ, ਉਸ ਦੇ ਸਾਰੇ
ਕੁਟੰਬ ਦਾ ਉੱਧਾਰ ਹੋ ਜਾਂਦਾ ਹੈ। ਏਥੇ ਇੱਕ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਕਿ ਕੁਲ ਕੀ ਹੈ? ਕੁਟੰਬ
ਕੀ ਹੈ? ਇਸ ਨੂੰ ਅਗਲੀ ਹੀ ਤੁਕ ਵਿੱਚ ਸਮਝਾਇਆ ਹੈ, ਕਿ ਜਿਹੜੇ ਸਤਸੰਗੀ, ਸੰਗਤ ਵਿੱਚ ਜੁੜ ਕੇ,
ਕਰਤਾਰ ਦੇ ਹੁਕਮ ਨੂੰ ਮਨ ਵਿੱਚ ਵਸਾਉਂਦੇ ਹਨ, ਮੰਨਦੇ ਹਨ, ਉਨ੍ਹਾਂ ਦਾ ਹੀ ਉੱਧਾਰ ਹੁੰਦਾ ਹੈ, ਉਹੀ
ਕੁਟੰਬ ਹੈ, ਉਹੀ ਕੁਲ ਹੈ। ਇਸ ਨੂੰ ਗੁਰਬਾਣੀ ਦੀ ਇਸ ਤੁਕ ਆਸਰੇ ਸੌਖਿਆਂ ਸਮਝਿਆ ਜਾ ਸਕਦਾ ਹੈ।
ਸਚੁ ਜਿ ਗੁਰਿ ਫੁਰਮਾਇਆ ਕਿਉ ਏਦੂ ਬੋਲਹੁ ਹਟੀਐ॥
ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨੑ ਮੁਰਟੀਐ॥ (੯੬੬)
ਹੇ ਗੁਰੂ ਅੰਗਦ ਸਾਹਿਬ ਜੀ, ਗੁਰੂ ਨਾਨਕ ਜੀ ਨੇ ਜੋ ਵੀ ਬਚਨ ਕੀਤਾ, ਆਪ ਨੇ
ਉਸ ਨੂੰ ਸੱਚ ਕਰ ਕੇ ਮੰਨਿਆ, ਉਸ ਦੇ ਮੰਨਣ ਤੋਂ ਨਾਂਹ ਨਹੀਂ ਕੀਤੀ। (ਇਸ ਕਰ ਕੇ ਹੀ ਆਪ ਪਰਵਾਨ ਹੋ
ਗਏ) ਬਾਬਾ ਨਾਨਕ ਜੀ ਦੇ ਪੁਤ੍ਰਾਂ ਨੇ ਬਚਨ ਨਾ ਮੰਨਿਆ, ਉਹ ਪੀਰ (ਧਾਰਮਿਕ ਵਿਅਕਤੀ) ਵਲ ਪਿੱਠ ਕਰ
ਕੇ ਹੀ ਹੁਕਮ ਮੋੜਦੇ ਰਹੇ। (ਅਜਿਹੀ ਹਾਲਤ ਵਿੱਚ ਉਹ ਪਰਵਾਨ ਨਾ ਹੋ ਸਕੇ} ਬਾਬਾ ਨਾਨਕ ਜੀ ਦੇ
ਪੁਤ੍ਰ, ਉਨ੍ਹਾਂ ਦਾ ਕੁਟੰਬ ਵੀ ਸੀ ਅਤੇ ਕੁਲ ਵੀ ਸੀ। ਗੁਰਬਾਣੀ ਫੁਰਮਾਨ ਹੈ,
ਜੈਸਾ ਕਰੇ ਸੁ ਤੈਸਾ ਪਾਵੈ॥ ਆਪਿ ਬੀਜਿ ਆਪੇ ਹੀ ਖਾਵੈ॥ (੬੬੨)
ਮਨੁੱਖ ਜੈਸਾ ਕੰਮ ਕਰਦਾ ਹੈ, ਉਹ ਵੈਸਾ ਹੈ ਫਲ ਪਾਉਂਦਾ ਹੈ। ਹਰ ਕੋਈ ਆਪ
ਕਰਮਾਂ ਦੇ ਬੀਜ, ਬੀਜ ਕੇ, ਉਸ ਦਾ ਫਲ ਆਪ ਹੀ ਖਾਂਦਾ ਹੈ। ਇਹ ਸੰਭਵ ਨਹੀਂ ਕਿ ਭਗਤੀ ਕੋਈ ਕਰੇ, ਉਸ
ਦਾ ਫਲ ਕਿਸੇ ਹੋਰ ਨੂੰ ਮਿਲ ਜਾਵੇ। ਪਾਠ ਕੋਈ ਕਰੇ, ਉਸ ਦਾ ਪੁੰਨ ਕਿਸੇ, ਪੈਸੇ ਦੇਣ ਵਾਲੇ ਨੂੰ ਮਿਲ
ਜਾਵੈ। ਇਹ ਸਿਰਫ ਪੁਜਾਰੀਆਂ ਵਲੋਂ ਆਮ ਲੋਕਾਂ ਨੂੰ ਲੁੱਟਣ ਦੇ ਢਕਵੰਜ ਹਨ। ਗੁਰਬਾਣੀ ਤਾਂ ਇਹ ਵੀ
ਸਮਝਾਉਂਦੀ ਹੈ ਕਿ ਇਸ ਦੁਨੀਆਂ ਵਿਚਲੀਆਂ ਰਿਸ਼ਤੇਦਾਰੀਆਂ, ਪਿਛਲੇ ਜਨਮ ਦੇ ਲਹਿਣੇ ਦੇਣੇ ਦੇ ਆਧਾਰ ਤੇ
ਬਣੇ ਸੰਜੋਗਾਂ ਕਾਰਨ ਬਣਦੀਆਂ ਹਨ, ਅਤੇ ਅੰਤ ਵੇਲੇ ਕੋਈ ਕਿਸੇ ਦਾ ਮਦਦਗਾਰ ਨਹੀਂ ਹੁੰਦਾ,
ਹੇ ਭਾਈ, ਮਾਤਾ, ਪਿਤਾ, ਇਸਤ੍ਰੀ, ਪੁੱਤਰ, ਰਿਸ਼ਤੇਦਾਰ, ਪਿਆਰੇ ਮਿੱਤਰ ਅਤੇ
ਭਰਾ, ਇਨ੍ਹਾਂ ਸਾਰਿਆਂ ਦਾ ਪਿਛਲੇ ਜਨਮ ਦੇ ਸੰਜੋਗਾਂ ਕਰਕੇ ਏਥੇ ਮਿਲਾਪ ਹੋ ਗਿਆ ਹੈ। ਅੰਤ ਵੇਲੇ
ਇਨ੍ਹਾਂ ਵਿਚੋਂ ਕੋਈ ਵੀ ਕਿਸੇ ਦਾ ਸਹਾਈ ਨਹੀਂ ਹੁੰਦਾ। ਅਜਿਹੀ ਹਾਲਤ ਵਿੱਚ ਇਹ ਕਿਵੇਂ ਸੰਭਵ ਹੈ ਕਿ
ਇੱਕ ਬੰਦਾ ਭਗਤੀ ਕਰੇ ਅਤੇ ਉਸ ਦੀ ਕੁਲ, ਉਸ ਦੇ ਕੁਟੰਬ ਦਾ ਉੱਧਾਰ ਬਿਨਾ ਭਗਤੀ ਕੀਤਿਆਂ ਹੀ ਹੋ
ਜਾਵੇ। ਜਦ ਬਾਬੇ ਨਾਨਕ ਜਿਹੇ ਮਹਾਨਤਮ ਵਿਅਕਤੀ ਦੀ ਕੁਲ ਵਿਚੋਂ, ਉਨ੍ਹਾਂ ਦੇ ਪੁਤਰ, ਇਸ ਰਿਸ਼ਤੇਦਾਰੀ
ਆਸਾਰੇ ਇਸ ਸੰਸਾਰ ਵਿੱਚ ਹੀ ਕਬੂਲ ਨਾ ਹੋ ਸਕੇ ਤਾਂ ਹੋਰ ਕਿਸੇ ਬਾਰੇ ਇਹ ਗੱਲ ਕਿਵੇਂ ਮੰਨੀ ਜਾ
ਸਕਦੀ ਹੈ?
ਗੁਰਬਾਣੀ ਦਾ ਇਹ ਸ਼ਬਦ, ਨਾਮ ਨੂੰ ਮੰਨਣ ਦੇ ਫਾਇਦੇ ਸਮਝਾਉਂਦਾ, ਹੁਕਮ ਮੰਨਣ
ਦੀ ਤਾਕੀਦ ਕਰਦਾ ਹੈ।
ਨਾਇ ਮੰਨਿਐ ਦੁਰਮਤਿ ਗਈ ਮਤਿ ਪਰਗਟੀ ਆਇਆ॥
ਨਾਉ ਮੰਨਿਐ ਹਉਮੈ ਗਈ ਸਭਿ ਰੋਗ ਗਵਾਇਆ॥
ਨਾਇ ਮੰਨਿਐ ਨਾਮੁ ਉਪਜੈ ਸਹਜੇ ਸੁਖੁ ਪਾਇਆ॥
ਨਾਇ ਮੰਨਿਐ ਸਾਂਤਿ ਊਪਜੈ ਹਰਿ ਮੰਨਿ ਵਸਾਇਆ॥
ਨਾਨਕ ਨਾਮੁ ਰਤੰਨੁ ਹੈ ਗੁਮੁਖਿ ਹਰਿ ਧਿਆਇਆ॥ (੧੨੪੨)
ਇਸ ਨਾਲ ਸਪਸ਼ਟ ਹੁੰਦਾ ਹੈ ਕਿ ਪ੍ਰਭੂ ਦੀ ਰਜ਼ਾ, ਪ੍ਰਭੂ ਦਾ ਹੁਕਮ, ਪ੍ਰਭੂ
ਵਲੋਂ ਬਣਾਏ ਨਿਯਮ ਕਾਨੂਨ, ਪ੍ਰਭੂ ਦਾ ਨਾਮ ਇਕੋ ਚੀਜ਼ ਹਨ। ਉਨ੍ਹਾਂ ਨੂੰ ਮੰਨਣਾ ਬੰਦੇ ਦੀ ਜ਼ਿੰਦਗੀ
ਦਾ ਉਚਤਮ ਆਦਰਸ਼ ਹੈ। ਗੁਰ ਫ਼ੁਰਮਾਨ ਹੈ,
ਨਾਇ ਮੰਨਿਐ ਪਤਿ ਪਾਈਐ ਹਿਰਦੇ ਹਰਿ ਸੋਈ॥ (੧੨੪੨)
ਨਾਮ ਮੰਨਣ ਨਾਲ ਬੰਦੇ ਨੂੰ ਇਜ਼ਤ ਮਿਲਦੀ ਹੈ ਅਤੇ ਹਿਰਦੇ ਵਿੱਚ ਵਸਦੇ ਹਰੀ ਦੀ
ਸੋਝੀ ਹੁੰਦੀ ਹੈ।
ਗੁਰੂ ਸਾਹਿਬ ਦਾ ਫੈਸਲਾ ਹੈ,
ਹਿਰਦੇ ਸਚੁ ਇਹ ਕਰਣੀ ਸਾਰੁ।। ਹੋਰੁ ਸਭੁ ਪਾਖੰਡੁ ਪੂਜ ਖੁਆਰੁ॥ (੧੩੪੩)
ਬੰਦੇ ਦੀ ਜ਼ਿੰਦਗੀ ਦੀ ਸਭ ਤੋਂ ਸ੍ਰੇਸਟ ਕਰਨੀ ਇਹੀ ਹੈ ਕਿ ਉਸ ਦੇ ਹਿਰਦੇ
ਵਿੱਚ ਸੱਚ ਦਾ, ਪ੍ਰਭੂ ਦਾ ਨਿਵਾਸ ਹੋਵੇ। ਇਸ ਤੋਂ ਇਲਾਵਾ ਪੂਜਾ ਦੀਆਂ ਸਭ ਵਿੱਧੀਆਂ, ਪਖੰਡ ਤੋਂ
ਵੱਧ ਕੁੱਝ ਵੀ ਨਹੀਂ। ਜਿਨ੍ਹਾਂ ਆਸਰੇ ਕੀਤੀ ਪੂਜਾ ਬੰਦੇ ਦੀ ਖੁਆਰੀ ਦਾ ਕਾਰਨ ਬਣਦੀ ਹੈ।
ਆਉ ਪ੍ਰੱਣ ਕਰੀਏ ਕਿ ਆਪਾਂ ਗੁਰਬਾਣੀ ਦੇ ਨਵੇਕਲੇ ਸਿਧਾਂਤ ਨੂੰ ਗੁਰਬਾਣੀ ਦੀ
ਪਰਖ ਕਸਵੱਟੀ ਅਨੁਸਾਰ ਹੀ, ਸਮਝਣ ਦਾ ਉਪਰਾਲਾ ਕਰਨਾ ਹੈ। ਸੋਨੇ ਨੂੰ ਸੋਨੇ ਦੀ ਪਰਖ ਕਸਵੱਟੀ ਨਾਲ ਹੀ
ਪਰਖਿਆ ਜਾਂਦਾ ਹੈ, ਪਿੱਤਲ ਜਾਂ ਕੈਹੇਂ ਦੀ ਪਰਖ ਕਸਵੱਟੀ ਨਾਲ ਨਹੀਂ। ਗੁਰਬਾਣੀ ਨੂੰ ਦੂਸਰੇ ਧਰਮਾਂ
ਦੀ ਪਰਖ ਕਸਵੱਟੀ ਲਗਾ ਕੇ ਸਮਝਣਾ, ਅਤੇ ਉਸ ਅਨੁਸਾਰ ਕਰਮ ਕਾਂਡ ਕਰਨੇ ਅਪਣੇ ਆਪ ਨੂੰ ਜਨਮ ਮਰਨ ਰੂਪੀ
ਨਰਕ ਦਾ ਭਾਗੀਦਾਰ ਬਨਾਉਣਾ ਅਤੇ ਗੁਰੂ ਸਾਹਿਬ ਦੀ ਦੋ ਸਦੀਆਂ ਤੋਂ ਵੱਧ ਦੀ ਕਮਾਈ ਅਤੇ ਕੁਰਬਾਨੀਆਂ
ਤੇ ਪੋਚਾ ਫੇਰਨਾ ਹੈ।
ਜੇ ਕਰ ਸਿੱਖੀ ਦੇ ਅਖੌਤੀ ਧਾਰਮਿਕ ਅਤੇ ਰਾਜਨੀਤਕ ਆਗੂਆਂ ਨੇ ਅਪਣਾ ਫ਼ਰਜ਼ ਨਾ
ਪਛਾਣਿਆ, ਨਾ ਸੰਭਲੇ ਤਾਂ, ਗੁਰਬਾਣੀ ਦੇ ਨਿਰਮਲ ਸਿਧਾਂਤ ਵੀ ਰਹਿਣ ਗੇ, ਉਨ੍ਹਾਂ ਨੂੰ ਮੰਨਣ ਵਾਲੇ
ਸਿੱਖ ਵੀ ਰਹਿਣ ਗੇ, ਭਾਂਵੇਂ ਗੁਰਬਾਣੀ ਦੀ ਸੇਧ ਅਨੁਸਾਰ,
ਹੈਨਿ ਵਿਰਲੇ ਨਾਹੀ ਘਣੇ ਫੈਲ ਫਕੜੁ ਸੰਸਾਰੁ॥ (੧੪੧੧)
ਵਿਰਲੇ ਹੀ ਹੌਣ। ਪਰ ਇਹ ਗੁਰਮਤਿ ਦੇ ਦੋਖੀ ਸੰਤ, ਮਹਾਂਪੁਰਸ਼, ਬ੍ਰਹਮਗਿਆਨੀ,
ਡੇਰੇ ਬਣਾਈ ਬੈਠੇ ਪੁਜਾਰੀ, ਲੀਡਰੀਆਂ ਲਈ ਵਿਕੇ ਸਿਆਸੀ ਲੀਡਰ ਅਤੇ ਉਨ੍ਹਾਂ ਦੀ ਖੁਸ਼ਾਮਦ ਆਸਰੇ ਬਣੇ
ਸਿੰਘ ਸਾਹਿਬ, ਗੁਰਬਾਣੀ ਦੇ ਨਿਰਮਲ ਸਿਧਾਂਤ ਨੂੰ ਗੰਧਲਾ ਕਰਨ ਦੇ ਦੋਸ਼ ਵਿਚ, ਚੌਰਾਸੀ ਦੇ ਗੇੜ
ਵਿਚਲੇ, ਕਾਲ ਦੇ ਖਾਜੇ ਤੋਂ ਵੱਧ, ਕੁੱਝ ਨਹੀਂ ਬਣ ਸਕਣਗੇ।