.

ਕੌਮੀ ਦਿਹਾੜੇ ਤੇ ਸਾਡਾ ਮਨਾਉਣ ਢੰਗ

ਕਿਸੇ ਕੌਮ ਜਾਂ ਸਮਾਜ ਨਾਲ ਸੰਬੰਧਤ ਤਿਉਹਾਰ ਜਾਂ ਦਿਹਾੜੇ ਉਸ ਸਮਾਜ ਦੀ ਸੱਭਿਆਚਾਰਕ ਦਿੱਖ ਹੁੰਦੇ ਹਨ। ਇੱਕ ਵਿਦਵਾਨ ਮੁਤਾਬਿਕ ਤਿਉਹਾਰ ਤੇ ਮਨਾਏ ਜਾਂਦੇ ਦਿਹਾੜੇ ਕਿਸੇ ਕੌਮ ਜਾਂ ਸੱਭਿਆਚਾਰ ਦੀ ਅਸਲ ਤਸਵੀਰ ਹੁੰਦੇ ਹਨ ਭਾਵ ਇਸ ਤੋਂ ਹੀ ਕੌਮਾਂ ਦੇ ਅਗਾਂਹ ਵਧੂ ਜਾਂ ਪਛੜੂ ਹੋਣ ਦਾ ਅੰਦਾਜ਼ਾ ਲੱਗ ਜਾਂਦਾ ਹੈ। ਸਿਖ ਗੁਰੂ ਸਾਹਿਬਾਨ ਨੇ ਵੀ ਆਪਣੇ ਸਮੇਂ ਕੁੱਝ ਖਾਸ ਦਿਨ ਕੌਮੀ ਇਕੱਠਾਂ ਲਈ ਨੀਯਤ ਕੀਤੇ ਸਨ ਤਾਂ ਕਿ ਕੌਮ ਵਿੱਚ ਉਤਸ਼ਾਹ ਤੇ ਸ਼ਕਤੀ ਭਰੀ ਜਾ ਸਕੇ ਅਤੇ ਹੋਰ ਕਈ ਤਰ੍ਹਾਂ ਦੇ ਮਾਨਵੀ ਲਾਭ ਹੋ ਸਕਣ। ਜਿਉਂ ਜਿਉਂ ਸਾਡੇ ਬਜ਼ੁਰਗਾ ਨੇ ਇਤਿਹਾਸ ਸਿਰਜਿਆ ਸਾਡੇ ਕੌਮੀ ਦਿਹਾੜਿਆ ਵਿੱਚ ਵੀ ਵਾਧਾ ਹੁੰਦਾ ਗਿਆ।
ਅੱਜ ਸਾਡੇ ਕੋਲ ਗੁਰੂ ਸਾਹਿਬ ਜੀ ਦੇ ਗੁਰਪੁਰਬ ਅਤੇ ਹੋਰ ਮਹਾਨ ਸ਼ਹੀਦਾ ਦੇ ਸਹੀਦੀ ਦਿਹਾੜੇ ਮਨਾਉਣ ਦਾ ਵਿਰਸਾ ਹੈ। ਪਰ ਵੇਖਣਾ ਇਹ ਹੈ ਕਿ ਇਨ੍ਹਾ ਦਿਹਾੜਿਆਂ ਨੂੰ ਮਨਾਉਣ ਦਾ ਤਰੀਕਾ ਸਾਡੀ ਕੌਮ ਵਿੱਚ ਕਿੰਨਾਂ ਕੁ ਲਾਹੇਵੰਦਾ ਹੈ? ਅੱਜ ਜਿਸ ਢੰਗ ਨਾਲ ਸਾਡੇ ਕੌਮੀ ਦਿਨ ਮਨਾਏ ਜਾ ਰਹੇ ਹਨ ਅਤੇ ਜਿਸ ਤਰੀਕੇ ਨਾਲ ਰਾਜਨੀਤਕ ਲੋਕ ਉਨ੍ਹਾ ਦਿਹਾੜਿਆਂ ਦੀ ਅਸਲ ਦਿੱਖ ਨੂੰ ਵਿਗਾੜ ਰਹੇ ਹਨ ਆਪਣੇ ਆਪ ਵਿੱਚ ਬੜਾ ਦੁਖਦਾਈ ਹੈ। ਰਾਜਸੀ ਲੋਕ ਆਪਣੀ ਆਪਣੀ ਦੁਕਾਨ ਲਾ ਕੇ ਸਟੇਜਾਂ ਤੋਂ ਇੱਕ ਦੁਜੇ ਦੀ ਭੰਡੀ ਅਤੇ ਕੁਫਰ ਤੋਲਦੇ ਹਨ ਅਤੇ ਮਹਾਨ ਲੋਕਾਂ ਦੇ ਦਿਹਾੜਿਆਂ ਨੂੰ ਮਜ਼ਾਕ ਅਤੇ ਬੇਅਦਬੀ ਦਾ ਕਾਰਨ ਬਣਾਉਂਦੇ ਹਨ ਜੋ ਬਾਅਦ ਵਿੱਚ ਅਖਬਾਰਾਂ ਦੀਆਂ ਸੁਰਖੀਆਂ ਬਣ ਜਾਦੀਆਂ ਹਨ। ਇਨ੍ਹਾਂ ਵਲੋਂ ਵੱਡੇ ਵੱਡੇ ਲਾਏ ਜਾਂਦੇ ਹੋਰਡਿੰਗ ਅਤੇ ਬੈਨਰ ਜਿਨਾਂ ਵਿੱਚ ਸ਼ਹੀਦੀ ਦਿਹਾੜਿਆਂ ਦੀਆਂ ਵਧਾਈਆਂ ਵੀ ਦਿੱਤੀਆਂ ਹੂੰਦੀਆਂ ਹਨ ਅਤੇ ਗੁਰਬਾਣੀ ਦੀਆਂ ਤੁਕਾਂ ਵੀ ਗ਼ਲਤ ਲਿਖ ਕੇ ਬੇਅਦਬੀ ਕੀਤੀ ਹੁੰਦੀ ਹੈ। ਆਪਣੀਆਂ ਤਸਵੀਰਾਂ ਵੱਡੇ ਆਕਾਰ ਵਿੱਚ ਤੇ ਗੁਰੂ ਸਾਹਿਬਾਂ ਤੇ ਹੋਰ ਮਹਾਨ ਸਖਸ਼ੀਅਤਾਂ ਦੀਆਂ ਤਸਵੀਰਾਂ ਨੀਵੇਂ ਆਕਾਰ ਵਿੱਚ ਲਾ ਕੇ ਸਾਰੇ ਇਤਿਹਾਸ ਦਾ ਮੌਜੂ ਬਣਾਇਆ ਜਾਂਦਾ ਹੈ। ਫਿਰ ਇਨ੍ਹਂ ਵਿਚੋਂ ਬਹੁਤਿਆਂ ਨੂੰ ਤਾਂ ਉਸ ਦਿਨ ਦੀ ਮਹੱਤਤਾ ਅਤੇ ਇਤਿਹਾਸ ਵੀ ਨਹੀਂ ਪਤਾ ਹੁੰਦਾ ਕਿ ਇਹ ਦਿਨ ਕਿਉਂ ਮਨਾਇਆ ਜਾ ਰਿਹਾ ਹੈ? ਇਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਸਹੀਦੀ ਦਿਹਾੜਿਆਂ ਤੇ ਵਧਾਈ ਦੇਣ ਦਾ ਕੀ ਮਤਲਬ ਹੈ? ਕੁਲ ਮਿਲਾ ਕੇ ਇਹ ਅਧਰਮੀ ਲਾਣਾ ਆਪਣੇ ਨਿਜੀ ਸੁਆਰਥਾਂ ਅਤੇ ਸਿਆਸੀ ਰੋਟੀਆਂ ਸੇਕਣ ਦੀ ਕਸਰਤ ਕਰਨ ਤੱਕ ਹੀ ਸੀਮਿਤ ਹੁੰਦਾ ਹੈ ਅਤੇ ਗਾਲੀ ਗਲੋਚ, ਚਿੱਕੜ ਸੁੱਟਣ ਅਤੇ ਵਿਰੋਧੀ ਨੂੰ ਭੰਡਣ ਵਿੱਚ ਹੀ ਸੁਰਤ ਟਿਕਾਈ ਰੱਖਦਾ ਹੈ। ਇਹ ਤਰੀਕਾ ਤਾਂ ਰਾਜਸੀ ਲੋਕਾਂ ਦਾ ਹੈ ਇਨ੍ਹਾਂ ਗੁਰਪੁਰਬਾਂ ਅਤੇ ਸ਼ਹੀਦੀ ਦਿਹਾੜਿਆਂ ਜਾ ਕੌਮੀ ਦਿਨਾਂ ਨੂੰ ਮਨਾਉਣ ਦਾ।
ਧਰਮ ਅਸਥਾਨ ਤੇ ਆਈ ਅਨਗਿਣਤ ਸੰਗਤ ਨੂੰ ਕਿਵੇਂ ਗੁੰਮਰਾਹ ਕਰਨ ਲਈ ਇਹ ਮੁਦਾਹੀਣ ਅਤੇ ਬੇਫਾਇਦਾ ਭਾਸਨਬਾਜ਼ੀ ਕਰਦੇ ਹਨ ਇਸਦੀਆਂ ਪ੍ਰਤੱਖ ਉਦਾਹਰਣਾਂ ਚਮਕੌਰ, ਫਤਿਹਗੜ ਸਾਹਿਬ, ਮੁਕਤਸਰ, ਅਨੰਦਪੁਰ ਸਾਹਿਬ, ਜਾਂ ਹੋਰ ਧਾਰਮਕ ਅਸਥਾਨਾਂ ਤੇ ਮਿਲ ਜਾਂਦੀਆਂ ਹਨ। ਪਰ ਇਸ ਸਭ ਕੁੱਝ ਵਿੱਚ ਧਾਰਮਕ ਸ੍ਰੇਣੀ ਵੀ ਪੁਰੀ ਪੂਰੀ ਭਾਈਵਾਲ ਹੁੰਦੀ ਹੈ ਕਿਉਂਕਿ ਜੇਕਰ ਸਰੋਮਣੀ ਕਮੇਟੀ ਦੇ ਧਾਰਮਕ ਅਹੁਦੇਦਾਰ ਵੀ ਇਸ ਚਿੱਕੜ ਵਿੱਚ ਨਹਾਉਣਗੇ ਤਾਂ ਫਿਰ ਬਾਕੀਆਂ ਦੇ ਕੁੱਝ ਉਜਰ ਕਰਨ ਦਾ ਕੀ ਅਰਥ ਰਹਿ ਜਾਦਾ ਹੈ? ਸ੍ਰੋਮਣੀ ਕਮੇਟੀ ਦੇ ਮੈਂਬਰਾਂ, ਪਰਧਾਨ, ਅਤੇ ਹੋਰ ਅਹੁਦੇਦਾਰਾਂ ਦੀ ਦੌੜ ਵੀ ਰਾਜਸੀ ਲੋਕਾਂ ਦੀ ਖੁਸ਼ਨੂਦੀ ਕਰਨ ਤੋਂ ਵੱਧ ਕੁੱਝ ਨਹੀਂ ਹੁੰਦਾ (ਕੋਈ ਗੁਰੁ ਕਾ ਪਿਆਰਾ ਸ਼ਾਇਦ ਬਚਦਾ ਹੋਵੇ)। ਇਹ ਧਾਰਮਕ ਜਮਾਤ ਨਾ ਤਾਂ ਕੋਈ ਠੋਸ ਧਾਰਮਕ ਕਾਰਜ ਉਲੀਕਦੀ ਹੈ ਅਤੇ ਨਾ ਹੀ ਇੰਨੇ ਵੱਡੇ ਸੰਗਤ ਦੇ ਇਕੱਠ ਨੂੰ ਧਰਮ ਪ੍ਰਚਾਰ ਜਾਂ ਗੁਰਮਤਿ ਦੇ ਪ੍ਰਸਾਰ ਲਈ ਵਰਤਦੀ ਹੈ। ਲੋਕ ਜਿਵੇਂ ਆਉਂਦੇ ਹਨ ਉਵੇਂ ਹੀ ਚਲੇ ਜਾਂਦੇ ਹਨ ਅਤੇ ਇਹੀ ਬਾਕੀ ਰਹਿ ਜਾਂਦਾ ਹੈ ਕਿ ‘ਮੇਲਾ ਬਹੁਤ ਵੱਡਾ ਸੀ’। ਕੀ ਇਹ ਮਹਾਨ ਦਿਹਾੜੇ ਕੇਵਲ ਮੇਲੇ ਹਨ? ਕੀ ਸਹੀਦੀਆਂ ਤੇ ਘੱਲੂਘਾਰੇ ਭੀੜ ਵਿੱਚ ਜਾਣ ਤੇ ਮੇਲੇ ਲਈ ਹੀ ਸਨ? ਪਰ ਇਸ ਬਾਰੇ ਸਾਡੇ ਧਾਰਮਕ ਮੁਖੀ ਕੁੱਝ ਨਹੀਂ ਸੋਚਦੇ ਕੇਵਲ ਗੋਲਕਾਂ ਭਰਨ ਤੇ ਲੰਗਰ ਛਕਾਉਣ ਤਕ ਸੀਮਤ ਰਹਿੰਦੇ ਹਨ। ਨੌਜਵਾਨ ਪੀੜੀ ਕਿਧਰ ਜਾ ਰਹੀ ਹੈ? ਕੌਮ ਦਾ ਭਵਿੱਖ ਕੀ ਹੈ? ਕੀ ਚੁਣੌਤੀਆਂ ਹਨ? ਇਨ੍ਹਾਂ ਵਿਸ਼ਿਆਂ ਤੇ ਕੋਈ ਨਹੀਂ ਸੋਚਦਾ ਕਿਉਂਕਿ ਸਭ ‘ਮੇਲਾ ਵੇਖਣ’ ਆਏ ਹੁੰਦੇ ਹਨ। ਪੁਰਾਣੇ ਸਮੇਂ ਵਿੱਚ ਕੌਮੀ ਆਗੂ ਧਾਰਮਿਕ ਸਟੇਜ ਤੋਂ ਹੀ ਕੌਮ ਤੇ ਹੱਕ ਅਤੇ ਭਲੇ ਦੇ ਫੈਸਲੇ ਸੰਗਤੀ ਰੂਪ ਵਿੱਚ ਕਰਦੇ ਸਨ ਅਤੇ ਇਹ ਦਿਹਾੜੇ ਕੌਮੀ ਉਸਾਰੀ ਵਿੱਚ ਅਹਿਮ ਯੋਗਦਾਨ ਪਾਉਂਦੇ ਸਨ ਪਰ ਹੁਣ ਨਾ ਤਾਂ ਪੰਥ ਅਤੇ ਕੌਮ ਦੀ ਅਸਲ ਗੱਲ ਹੀ ਹੁੰਦੀ ਹੈ ਅਤੇ ਨਾ ਹੀ ਸੰਗਤ ਦੀ ਰਾਏ। ਮਹਾਨ ਸ਼ਹੀਦਾਂ ਤੇ ਗੁਰੂ ਸਾਹਿਬਾਨਾਂ ਦੀ ਬੇਅਦਬੀ ਦੇ ਵੱਡੇ ਕਾਰਨ ਬਣੇ ਰਾਜਸੀ ਤੇ ਧਾਰਮਕ ਲੋਕ ਸਿਖ ਇਤਿਹਾਸ ਅਤੇ ਸਿਧਾਤਾਂ ਨਾਲ ਕਿੰਨਾ ਵੱਡਾ ਧੋਖਾ ਕਰਦੇ ਹਨ ਇਸ ਬਾਬਤ ਸਾਰੀ ਸੰਗਤ ਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ। ਜ਼ਰੂਰਤ ਹੈ ਇਨ੍ਹਾ ਤਿਉਹਾਰਾ ਨੂੰ ਗੁਰਮਤਿ ਦੀ ਰੌਸ਼ਨੀ ਵਿਚ, ਗੁਰਬਾਣੀ ਅਤੇ ਆਪਣੇ ਸਹੀ ਇਤਿਹਾਸ ਦੀ ਸੋਝੀ ਦੇਣ ਦਾ ਜ਼ਰੀਆਂ ਬਣਾਇਆ ਜਾਵੇ ਅਤੇ ਨਾਲ ਹੀ ਕੌਮ ਦੇ ਭਵਿੱਖ ਅਤੇ ਵਰਤਮਾਨ ਚੁਣੌਤੀਆਂ ਬਾਰੇ ਸੰਗਤੀ ਵੀਚਾਰ ਕੀਤੀ ਜਾਵੇ। ਨਾਲ ਹੀ ਇਹ ਵੀ ਨਿਸਾਨਦੇਹੀ ਹੋਵੇ ਕਿ ਕੌਣ ਕੌਮ ਨੂੰ ਕਿੰਨਾ ਲਾਭ ਦੇ ਰਿਹਾ ਹੈ ਅਤੇ ਕੌਣ ਕੌਮ ਦਾ ਕਿੰਨਾ ਨੁਕਸਾਨ ਕਰ ਰਿਹਾ ਹੈ ਤਾਂ ਕਿ ਉਸਾਰੂ ਕਦਮ ਪੁੱਟ ਕੇ ਪੰਥ ਦੀਆਂ ਗੂੰਜਾਂ ਚਹੁੰ ਕੁੰਟੀਂ ਪਾਈਆਂ ਜਾ ਸਕਣ।
ਹਰਜਿੰਦਰ ਸਿੰਘ ‘ਸਭਰਾ’
.