.

ਕਾਮ ਦਾ

ਆਦਰਸ਼ਕ ਅਤੇ ਵਿਭਚਾਰਕ ਪੱਖ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਸੰਸਾਰ ਪੱਧਰ `ਤੇ ਸਭ ਤੋਂ ਪਹਿਲਾਂ ਜੇਕਰ ਕਾਮ ਦੇ ਆਦਰਸ਼ਕ ਤੇ ਵਿਭਚਾਰਕ ਦੋ ਭਿੰਨ ਭਿੰਨ ਪਹਿਲੂਆਂ ਨੂੰ ਕਿਸੇ ਨਿਖੇੜ ਕੇ ਪੇਸ਼ ਕੀਤਾ ਹੈ ਤਾਂ ਇਹ ਮਾਣ ਗੁਰੂ ਨਾਨਕ ਪਾਤਸ਼ਾਹ ਨੂੰ ਹੀ ਜਾਂਦਾ ਹੈ। ਇਥੋਂ ਤੀਕ ਕਿ ਗੁਰਬਾਣੀ ਦੀਆਂ ੯੦% ਤੋਂ ਉਪਰ ਮਿਸਾਲਾਂ ਹੀ ਪਤੀ-ਪਤਨੀ ਦੇ ਪਵਿਤ੍ਰ ਰਿਸ਼ਤੇ ਭਾਵ ਕਾਮ ਦੇ ਆਦਰਸ਼ਕ ਤੇ ਸਦਾਚਾਰਕ ਪਹਿਲੂ ਨਾਲ ਸਬੰਧਿਤ ਹਨ। ਜੀਵ ਨੂੰ ਉਸ ਦੇ ਅਸਲੇ ਪ੍ਰਭੂ ਨਾਲ ਮਿਲਾਉਣ ਦਾ ਸਾਧਨ ਹੀ ਗੁਰਦੇਵ ਨੇ ਪਤੀ-ਪਤਨੀ ਦੇ ਆਦਰਸ਼ਕ ਸਬੰਧਾਂ ਨੂੰ ਬਨਾਇਆ ਹੈ। ਇਸ ਦੇ ਨਾਲ ਕਾਮ ਦੇ ਵਿਭਚਾਰਕ ਪੱਖ ਨੂੰ ਉਘਾੜਣ ਤੇ ਉਸ ਨੂੰ ਮਨੁੱਖਾ ਜੀਵਨ ਦੀ ਅਤਿ ਦਰਜੇ ਦੀ ਨੀਚਤਾ, ਕਰੂਪਤਾ, ਮਨੁੱਖ ਸਮਾਜ ਦੀ ਗਿਰਾਵਟ ਤੇ ਤਬਾਹੀ ਦਾ ਕਾਰਨ ਦੱਸਣ `ਚ ਵੀ ਲਿਹਾਜ਼ ਨਹੀਂ ਕੀਤਾ। ਜਦਕਿ ਗੁਰੂ ਸਾਹਿਬ ਤੋਂ ਪਹਿਲਾਂ ਇਸ ਵਿਸ਼ੇ `ਤੇ ਜਿਤਣੀਆਂ ਵੀ ਕਾਮ ਨਾਲ ਸਬੰਧਤ ਲਿਖਤਾਂ ਮਿਲਦੀਆਂ ਹਨ, ਧਾਰਮਿਕ ਹਨ ਜਾਂ ਸਮਾਜਕ, ਸਾਰੀਆਂ ਕਾਮ ਭੁੱਖ ਦੇ ਵਿਭਚਾਰਕ ਪੱਖ ਨਾਲ ਹੀ ਉਤ-ਪ੍ਰੋਤ, ਸਮਾਜ ਨੂੰ ਤਬਾਹੀ ਵੱਲ ਲਿਜਾਉਣ ਵਾਲੀਆਂ, ਇੱਕ ਪਾਸੜ ਤੇ ਮਨੁੱਖ ਨੂੰ ਕੁਰਾਹੇ ਪਾਉਣ ਵਾਲੀਆਂ ਹੀ ਹਨ।

ਉਚੇਚੇ ਕਾਮ ਦੇ ਵਿਸ਼ੇ `ਤੇ ਹੀ ਕਿਉਂ? - ਬੇਸ਼ੱਕ ਕਾਮ ਦੇ ਹੋਰ ਵੀ ਪਹਿਲੂ ਹਨ ਜਿਵੇਂ ਸਕੂਲਾਂ-ਕਾਲਿਜਾਂ `ਚ ਇਸ ਦੀ ਪੜ੍ਹਾਈ (ਯੌਣ ਸਿਖਿਆ), ਡਾਕਟਰਾਂ-ਨਰਸਾਂ ਦੇ ਟ੍ਰੇਨਿੰਗ ਸੈਂਟਰ, ਉਪ੍ਰੰਤ ਕਲੀਨਕਾਂ ਤੇ ਹਸਪਤਾਲਾਂ `ਚ ਇਲਾਜ ਪਖੋਂ ਤੇ ਹੋਰ। ਇਸ ਸਾਰੇ ਦੇ ਬਾਵਜੂਦ, ਆਮ ਜੀਵਨ `ਚ ਮਨੁੱਖ ਲਈ ਇਸ ਦੇ ਦੋ ਹੀ ਮੁੱਖ ਪਹਿਲੂ ਹਨ, ਪ੍ਰਵਾਰਿਕ ਤੇ ਵਿਭਚਾਰਕ। ਦੂਜੇ ਲਫ਼ਜ਼ਾਂ `ਚ ਸਦਾਚਾਰਕ ਤੇ ਵਿਭਚਾਰਕ। ਇਸ ਵਿਸ਼ੇ `ਤੇ ਉਚੇਚੇ ਕਲਮ ਚੁੱਕਣ ਦੀ ਲੋੜ ਪਈ, ਕਿਉਂਕਿ ਅੱਜ ਪੰਥ `ਚ ਜਾਣੇ ਅਣਜਾਣੇ ਜਾਂ ਬਾਹਰਲੀਆਂ ਤਾਕਤਾਂ ਦੇ ਜ਼ਰਖਰੀਦਾਂ ਵਲੋਂ ਨਵਾਂ ਸ਼ੋਸ਼ਾ ਉਠਿਆ ਹੈ। ਅਜਿਹੇ ਲੋਕ ਵੀ ਉਭਰ ਰਹੇ ਹਨ ਜਿਨ੍ਹਾਂ ਨੂੰ ਜੁਗੋ ਜੁਗ ਅਟੱਲ, ਗੁਰਬਾਣੀ ਜੀਵਨ-ਜਾਚ ਦੇ ਖਜ਼ਾਨੇ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ” ਜੀ ਅੰਦਰ ਮਿਸਾਲਾਂ ਵਜੋਂ ਵਰਤੇ ਇਸ ਪੱਖ ਦੀ ਉੱਚਤਾ ਵਾਲੇ ਰੱਬੀ ਸੱਚ ਦੀ ਵੀ ਪਹਿਚਾਣ ਨਹੀਂ। ਉਹਨਾਂ ਨੂੰ ਜਿਵੇਂ ਗੁਰਬਾਣੀ `ਚ ਵਰਤੇ ਗਏ ਇਸ ਦੇ ਮਹਾਨ ਉੱਚਤਾ ਵਾਲੇ ਪੱਖ ਅਤੇ ਦੂਜੇ ਪਾਸੇ ਇਸ ਵਿਸ਼ੇ `ਤੇ ਵਰਤੀ ਜਾਂਦੀ ਬਾਜ਼ਾਰੀ ਤੇ ਵਿਭਚਾਰਕ ਵਰਤੋਂ ਵੀ ਬਰਾਬਰ ਹੀ ਦਿੱਸਦੀ ਹੈ; ਉਹ ਫ਼ਰਕ ਜਿਹੜਾ ਕਿ ਹਰੇਕ ਗ੍ਰਿਹਸਥੀ ਦੇ ਜੀਵਨ `ਚ ਤੇ ਵਿਭਚਾਰ ਕੇਂਦਰਾਂ `ਚ ਦਿਨ-ਰਾਤ ਚਲਦਾ ਹੈ ਅਤੇ ਜਿਸ ਨੂੰ ਹਰੇਕ ਮਨੁੱਖ ਚੰਗੀ ਤਰ੍ਹਾਂ ਜਾਣਦਾ-ਪਛਾਣਦਾ ਵੀ ਹੈ।

ਮੋਟੇ ਤੌਰ `ਤੇ ਇਹ ਲੋਕ ਉਹ ਹਨ ਜੋ ਅਜੋਕੇ ‘ਦਸਮ ਗ੍ਰੰਥ’ (ਬਚਿਤ੍ਰ ਨਾਟਕ) ਦੇ ਉਪਾਸ਼ਕ ਹਨ। ਪਹਿਲਾਂ ਤਾਂ ਇਹ ਲੋਕ ਆਪ ਹੀ ਇਸ ਵਿਸ਼ੇ ਨੂੰ ਦੋ ਤਰ੍ਹਾਂ ਨਾਲ ਪੇਸ਼ ਕਰ ਰਹੇ ਹੈ। ਉਹਨਾਂ `ਚੋਂ ਇੱਕ ਹਨ ਜੋ ਕਹਿੰਦੇ ਹਨ ਕਿ, “ਭਾਰਤ `ਚ ਪੰਜ ਵਿਕਾਰਾਂ ਵਿਚੋਂ ਚਾਰ ਵਿਕਾਰਾਂ ਵਾਲਾ ਪਹਿਲੂ ਤਾਂ ਬਹੁਤੇ ਮਹਾਪੁਰਸ਼ਾਂ ਨੇ ਲਿਆ ਪਰ ਪੰਜਵਾਂ ਕਾਮ ਵਾਲਾ ਪਹਿਲੂ ਹੈ ਜਿਸ ਨੂੰ ਜਾਂ ਤਾਂ ਵਾਤਸਲਿਯ ਰਿਸ਼ੀ ਨੇ ਲਿਆ ਤੇ ਦੂਜਾ ਇਸ ਵਿਸ਼ੇ `ਤੇ ਜੇ ਕਿਸੇ ਹਿੰਮਤ ਕਰਕੇ ਕਲਮ ਚੁੱਕੀ ਤਾਂ ‘ਦਸਮਗ੍ਰੰਥ’ ਦੇ ਲਿਖਾਰੀ … …. ਨੇ।

ਉਹਨਾਂ `ਚ ਹੀ ਦੂਜੇ ਹਨ ਜੋ ਸੰਗਤਾਂ ਨੂੰ ਜਾਣ ਬੁੱਝ ਕੇ ਭਮਲਭੂਸੇ `ਚ ਪਾਉਣ ਤੇ ਉਲਝਾਉਣ ਲਈ ਗੁਰਬਾਣੀ `ਚੋਂ ਪੰਕਤੀਆਂ ਜਿਵੇਂ “ਗਿਆਨ ਰਾਉ ਜਬ ਸੇਜੈ ਆਵੈ ਤ ਨਾਨਕ ਭੋਗੁ ਕਰੇਈ” (ਪੰ: ੩੫੯) ਜਾਂ “ਅਜੁ ਨ ਸੁਤੀ ਕੰਤ ਸਿਉ ਅੰਗੁ ਮੁੜੇ ਮੁੜਿ ਜਾਇ” (ਪੰ: ੧੩੭੯) ਆਦਿ ਲੈ ਕੇ, ਫ਼ਿਰ ਉਹਨਾਂ ਨੂੰ ਅਜੋਕੇ ਅਚਣਚੇਤ ਪੈਦਾ ਕੀਤੇ ਇਸ ‘ਦਸਮ ਗ੍ਰੰਥ’ (ਬਚਿਤ੍ਰਨਾਟਕ) ਦੀਆਂ ਲੱਚਰ ਤੇ ਅਸ਼ਲੀਲ ਲਿਖਤਾਂ ਨੂੰ ਵੀ ਗੁਰਬਾਣੀ ਦੀ ਬਰਾਬਰੀ `ਤੇ ਦੱਸਣ ਵਾਲਾ ਅਤਿ ਘਟੀਆ ਕੁਕਰਮ ਕਰ ਰਹੇ ਹਨ। ਭੋਲੀਆਂ ਭਾਲੀਆਂ ਤੇ ਸੱਚ ਨੂੰ ਜਾਨਣ ਦੀਆਂ ਅਭਿਲਾਸ਼ੀ ਪਰ ਇਸ ਪੱਖੋਂ ਗੁਮਰਾਹ ਸੰਗਤਾਂ ਲਈ ਤਾਂ ਨਹੀਂ ਪਰ ਵਿਸ਼ੇ ਨਾਲ ਸਬੰਧਤ ਉਹਨਾਂ ਸ਼ਾਤਰ ਲੋਕਾਂ ਲਈ ਜੋ ਅਜੋਕੇ ਦਸਮਗ੍ਰੰਥ (ਬਚਿਤ੍ਰਨਾਟਕ) ਵਿਚਲੀਆਂ ਲੱਚਰ ਤੇ ਅਸ਼ਲੀਲ ਲਿਖਤਾਂ ਨੂੰ ਜਾਣ ਬੁਝ ਕੇ ਜੁਗੋ ਜੁਗ ਅਟੱਲ, ਮਨੁੱਖਾ ਜੀਵਨ ਦੇ ਸਦੀਵੀ ਸੱਚ ‘ਗੁਰਬਾਣੀ’ ਦੀ ਬਰਾਬਰੀ `ਤੇ ਦੱਸਣ ਵਾਲਾ ਕੋਝਾ ਯਤਨ ਕਰਦੇ ਹਨ। ਇਸ ਲਈ ਖਾਸ ਤੌਰ `ਤੇ ਅਜਿਹੇ ਲੋਕਾਂ ਲਈ ਕਹਿਣਾ ਪਵੇਗਾ ਕਿ ਉਹਨਾਂ ਰਾਹੀਂ ਕੀਤਾ ਜਾ ਰਿਹਾ ਇਹ ਬਜਰ ਗੁਨਾਹ ਤਿੰਨ ਕਾਲ ਵੀ ਮੁਆਫ਼ੀ ਦੇ ਲਾਇਕ ਨਹੀਂ। ਹੋਰ ਤਾਂ ਹੋਰ, ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਉਹਨਾਂ ਰਾਹੀਂ ਕੀਤੇ ਜਾ ਰਹੇ ਇਸ ਗੁਨਾਹ ਲਈ ਤਾਂ ਉਹਨਾਂ ਨੂੰ ਕਰਤੇ ਦੇ ਦਰ `ਤੇ ਵੀ ਢੋਈ ਨਹੀਂ ਮਿਲੇਗੀ।

ਸੂਝਵਾਨ ਸੰਗਤਾਂ ਦੇ ਚਰਨਾਂ `ਚ- ਜਦਕਿ ਇਸ ਦੇ ਨਾਲ ਇਹ ਵੀ ਲੋੜ ਹੈ ਕਿ ਘਟੋਘਟ ਸੂਝਵਾਨ ਸੰਗਤਾਂ ਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਅੰਦਰ ਕਾਮ ਦਾ ਵਰਨਣ ਸਤੱਰ ਬਹੁਤ ਉੱਚਾ ਤੇ ਸਦਾਚਾਰਕ ਹੈ ਅਤੇ ਇਸ ਬਾਰੇ ਕੁੱਝ ਵੇਰਵਾ ਅੱਗੇ ਚੱਲ ਕੇ ਦੇਵਾਂਗੇ ਵੀ। ਫ਼ਿਰ ਵੀ ਦੂਜੇ ਪਾਸੇ ਅਜੋਕੇ ‘ਦਸਮ ਗ੍ਰੰਥ’ (ਬਚਿਤ੍ਰ ਨਾਟਕ) ਜਿੱਥੇ ਕਿ ਇਹ ਕਾਮ ਵਾਲਾ ਵਿਸ਼ਾ ਗੰਦਗੀ ਦੀ ਉਸ ਨੀਵੀਂ ਖੱਡ `ਚ ਹੈ, ਜਿਸ ਨੂੰ ਕਲਮ `ਤੇ ਲਿਆਉਣਾ ਵੀ ਸੌਖਾ ਨਹੀਂ। ਇਸ ਲਈ ਇਹ ਵੀ ਸੱਚ ਹੈ ਕਿ ਵਿਭਚਾਰਕ ਪੱਖੋਂ ਜਿਸ ਕਾਮ ਨੂੰ ਅਜੋਕੇ ‘ਦਸਮ ਗ੍ਰੰਥ’ (ਬਚਿਤ੍ਰ ਨਾਟਕ) `ਚ ਬਿਆਨਿਆ ਗਿਆ ਹੈ, ਕਾਮ ਦੇ ਉਸੇ ਵਿਭਚਾਰਕ ਪੱਖ ਨੂੰ ਵਰਤ ਕੇ ਇਸ ਦੇਸ਼ `ਚ ਪਹਿਲਾਂ ਤੋਂ ਹੀ ਅਨੇਕਾਂ ਲਿਖਤਾਂ ਅਤੇ ਇਸੇ ਬਚਿਤ੍ਰਨਾਟਕ ਵਿਚਲੇ ਚਰਿਤ੍ਰੋਪਾਖਿਆਨ ਵਰਗੇ ਹੋਰ ਵੀ ਚਰਿਤ੍ਰੋਪਾਖਿਆਣ ਮਿਲਦੇ ਹਨ। ਇਥੋਂ ਤੀਕ ਕਿ ਧਾਰਮਿਕ ਮੰਨੀਆਂ ਜਾਂਦੀਆਂ ਮਿਥਿਹਾਸਿਕ ਰਚਨਾਵਾਂ `ਚ ਵੀ ਅਜਿਹੀਆਂ ਕਹਾਣੀਆਂ ਬੇਅੰਤ ਹਨ ਜਿਨ੍ਹਾਂ ਦਾ ਸਬੰਧ ਬ੍ਰਹਮਾ, ਵਿਸ਼ਨੂੰ, ਮਹੇਸ਼, ਇੰਦਰ ਦੇਵਤੇ ਅਦਿ ਨਾਲ ਜੋੜਿਆ ਹੋਇਆ ਹੈ, ਤਾਂ ਵੀ ਉਹ ਇੱਕ ਵੱਖਰਾ ਪੱਖ ਹੈ। ਦੂਜਾ, ਜਿਥੋਂ ਤੀਕ ਵਾਤਸਲਿਯ ਰਿਸ਼ੀ ਦੀ ਗੱਲ ਹੈ, ਕਹਿਣਾ ਪਵੇਗਾ ਕਿ ਉਹਨਾਂ ਲੋਕਾਂ ਨੂੰ ਸ਼ਾਇਦ ਇਹ ਵੀ ਦੱਸਣ ਦੀ ਲੋੜ ਹੈ ਕਿ ਵਾਤਸਲਿਯ ਰਿਸ਼ੀ ਦੇ ਜਿਸ ਕੋਕਸ਼ਾਸ਼ਤ੍ਰ ਦੀ ਉਹ ਗੱਲ ਕਰਦੇ ਹਨ, ਪਹਿਲਾਂ ਤਾਂ ਉਸ ਦਾ ਅਸਲ ਪ੍ਰਾਪਤ ਹੀ ਨਹੀਂ। ਫ਼ਿਰ ਉਸ ਦੇ ਨਾਮ `ਤੇ ਜੋ ਕੋਕ ਸ਼ਾਸਤ੍ਰ ਮਿਲਦੇ ਹਨ ਉਹਨਾਂ ਦਾ ਆਧਾਰ ਵੀ ਕਾਮ ਦਾ ਅਜੋਕੇ ‘ਦਸਮ ਗ੍ਰੰਥ’ ਭਾਵ ਬਚਿਤ੍ਰ ਨਾਟਕ ਵਾਲਾ ਵਿਭਚਾਰਕ ਵਰਨਣ ਨਹੀਂ ਬਲਕਿ ਉਹ ਵੀ ‘ਕਾਮ ਗਿਆਨ’ ਤੀਕ ਹੀ ਸੀਮਤ ਹੈ।

ਕੁਝ ਅਜੋਕੇ ‘ਦਸਮ ਗ੍ਰੰਥ’ ਬਾਰੇ- ਅਜੋਕੇ ‘ਦਸਮ ਗ੍ਰੰਥ’ ਬਾਰੇ ਕੋਈ ਵੀ ਗੱਲ ਕਰਣ ਤੇ ਜਾਨਣ ਤੋਂ ਪਹਿਲਾਂ, ਸਾਧਾਰਣ ਸੰਗਤਾਂ ਦੀ ਜਾਣਕਾਰੀ ਲਈ ਇਸ ਨੂੰ ਉਘਾੜਣਾ ਬਹੁਤ ਜ਼ਰੂਰੀ ਹੈ ਕਿ ਆਖਿਰ ਸੰਗਤਾਂ ਵਿਚਕਾਰ ਅਚਾਨਕ ਤੇ ਅਚਣਚੇਤ ਪੈਦਾ ਕੀਤਾ ਗਿਆ, ਇਹ ‘ਦਸਮ ਗ੍ਰੰਥ’ ਹੈ ਕੀ? ਦਰਅਸਲ ਦਸਮੇਸ਼ ਪਿਤਾ ਦੇ ਜੋਤੀ ਜੋਤ ਸਮਾਉਣ ਸਮੇਂ ਅਜਿਹੀ ਕੋਈ ਵੀ ਰਚਨਾ ਮੌਜੂਦ ਹੀ ਨਹੀਂ ਸੀ। ਇਸੇ ਤਰ੍ਰ੍ਹਾਂ ਇਹ ਵੀ ਸੱਚ ਹੈ ਕਿ ਦਸਮੇਸ਼ ਜੀ ਨੇ ਪੰਥ ਨੂੰ ਕੇਵਕ ਤੇ ਕੇਵਲ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ ਲੜ ਹੀ ਲਗਾਇਆ ਹੈ ਕਿਸੇ ਵੀ ਹੋਰ ਗ੍ਰੰਥ ਜਾਂ ਰਚਨਾ ਦੇ ਨਹੀਂ। ਇਹ ਤਾਂ ਗੁਰਦੇਵ ਦੇ ਜੋਤੀ ਸਜੋਤ ਸਮਾਉਣ ਤੋਂ ਲਗਭਗ ੩੮-੪੦ ਸਾਲ ਬਾਅਦ ‘ਬਚਿਤ੍ਰਨਾਟਕ’ ਨਾਮ ਦਾ ਇੱਕ ਗ੍ਰੰਥ ਪੈਦਾ ਕੀਤਾ ਗਿਆ। ਉਪ੍ਰੰਤ ਉਸੇ ਬਚਿਤ੍ਰਨਾਟਕ ਦੇ ਸਮੇਂ ਸਮੇਂ ਨਾਲ ਕਈ ਰੂਪ ਬਦਲੇ ਤੇ ਈ: ਸੰਨ ੧੮੬੦ ਦੇ ਆਸਪਾਸ ਉਸੇ ਨੂੰ ਨਾਮ ਦਿੱਤਾ ਗਿਆ ‘ਦਸਮਗ੍ਰੰਥ’। ਇਸ ਤਰ੍ਹਾਂ ‘ਬਚਿਤ੍ਰਨਾਟਕ’ ਦੇ ਚਲਦੇ ਆ ਰਹੇ ਨਾਮ ਨੂੰ ਖਤਮ ਕਰਣ ਦੀ ਬਜਾਇ, ਇਸ ਨਵੇਂ ਪ੍ਰਗਟ ਕੀਤੇ ‘ਦਸਮਗ੍ਰੰਥ’ ਦੇ ਹੀ ਇੱਕ ਭਾਗ ਨੂੰ ‘ਬਚਿਤ੍ਰਨਾਟਕ’ ਵਾਲਾ ਨਾਮ ਵੀ ਦੇ ਦਿੱਤਾ ਗਿਆ।

ਖੂਬੀ ਇਹ ਕਿ ਸੰਗਤਾਂ ਨੂੰ ਟਪਲਾ ਦੇਣ ਲਈ ਇਸ ਗ੍ਰੰਥ ਦਾ ਆਕਾਰ ਤੇ ਪੰਨੇ ਵੀ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ” ਜੀ ਦੇ ਬਰਾਬਰ ਰਖੇ ਗਏ, ਭਾਵ ੧੪੩੦ ਪੰਨਿਆਂ ਦੀ ਬਜਾਏ ੧੪੨੮ ਪੰਨੇ। ਇਸ ‘ਦਸਮਗ੍ਰੰਥ’ (ਬਚਿਤ੍ਰਨਾਟਕ) ਦੇ ਆਰੰਭ `ਚ ਲਗਭਗ ੬੦-੭੦ ਪੰਨੇ ਅਜਿਹੇ ਜੋੜੇ ਗਏ ਜਿਹੜੇ ਕਿ ਗੁਰਬਾਣੀ ਵਿਚਾਰਧਾਰਾ ਦੇ ਨੇੜੇ ਹਨ ਤੇ ਪੰਥ ਦਾ ਇੱਕ ਹਿੱਸਾ ਉਹਨਾਂ ਨੂੰ ਦਸਮੇਸ਼ ਰਚਨਾਵਾਂ ਹੀ ਮੰਨ ਰਿਹਾ ਹੈ ਬਲਕਿ ਉਹਨਾਂ ਚੋਂ ਕੁੱਝ ਲਿਖਤਾਂ ‘ਸਿੱਖ ਰਹਿਤ ਮਰਿਆਦਾ ਸੰਨ ੧੯੪੫’ ਦਾ ਵੀ ਹਿੱਸਾ ਹਨ। ਜਦਕਿ ਇਸ ਗ੍ਰੰਥ ਦੇ ਕੁਲ ੧੪੨੮ ਪੰਨਿਆਂ `ਚੋਂ ੧੩੫੦ ਤੋਂ ਉਪਰ ਉਹ ਹਨ ਜਿਨ੍ਹਾਂ ਦੀ ਭਾਸ਼ਾ ਪੂਰਣ ਤੌਰ `ਤੇ ਵਿਭਚਾਰਕ, ਅਸ਼ਲੀਲ ਤੇ ਬਹੁਤਾ ਕਰਕੇ ਖੁੱਲੀ-ਨੰਗੀ ਹੈ। ਇਥੋਂ ਤੀਕ ਕਿ ਉਥੇ ਇੱਕ ਇੱਕ ਇਸਤ੍ਰੀ ਰਾਹੀਂ ਕਈ ਕਈ ਮਰਦਾਂ ਨਾਲ ਸੰਭੋਗ ਦੀਆਂ ਕਹਾਣੀਆਂ ਭਰੀਆਂ ਪਈਆਂ ਹਨ। ਅਨੇਕਾਂ ਵਾਰ ਤਾਂ ਉਥੇ ਸ਼ਬਦਾਵਲੀ ਵੀ ਹੈ ਕਿ ‘ਇਸਤ੍ਰੀ ਜਾਤਿ `ਤੇ ਭੁੱਲ ਕੇ ਵੀ ਵਿਸ਼ਵਾਸ ਨਹੀਂ ਕਰਣਾ ਚਾਹੀਦਾ’। ਇਸ ਤਰ੍ਹਾਂ ਗੁਰਬਾਣੀ ਵਿਚਾਰਧਾਰਾ ਦੇ ਪੂਰੀ ਤਰ੍ਹਾਂ ਵਿਰੁਧ ਉਥੇ ਇਸਤ੍ਰੀ ਵਰਗ ਨੂੰ ਜ਼ਲੀਲ ਤੇ ਨੀਵਾਂ ਦੱਸਣ ਵਾਲੀਆਂ ਕਹਾਣੀਆਂ ਤੋਂ ਇਲਾਵਾ, ਨਸ਼ਿਆਂ ਦੀ ਵਰਤੋਂ ਲਈ ਉਤੇਜਿਤ ਕਰਣਾ, ਰੋਮਾਂ-ਕੇਸਾਂ ਦੀ ਕੱਟ ਵੱਡ, ਦੇਵੀ ਦੇਵਤਿਆਂ ਤੇ ਮਿਥੇ ਭਗਵਾਨਾਂ ਦੀ ਪੂਜਾ, ਤੀਰਥ ਇਸ਼ਨਾਨ, ਬ੍ਰਾਹਮਣੀ ਤਪ ਤੇ ਉਹਨਾਂ ਨੂੰ ਹੀ ਦਾਨ-ਪੁੰਨ ਆਦਿ ਵਾਲੇ ਕਰਮਕਾਂਡੀ ਉਪਦੇਸ਼ ਉਪ੍ਰੰਤ ਕਾਲ ਭੰਗ ਦੋਸ਼ ਨਾਲ ਭਰਪੂਰ ਲਿਖਤਾਂ ਵੀ ਇਸ ‘ਦਸਮਗ੍ਰੰਥ’ `ਚ ਮੋਜੂਦ ਹਨ। ਇਥੇ ਬਹੁਤ ਵੱਡਾ ਗੁਨਾਹ ਇਹ ਵੀ ਹੈ ਦਸਵੇਂ ਪਾਤਸ਼ਾਹ ਨੂੰ ਪਹਿਲੇ ਪਾਤਸ਼ਾਹ ਤੋਂ ਵੱਖ ਕਰਕੇ ਪੇਸ਼ ਕਰਣ ਵਾਲਾ।

ਇਥੇ ਹੀ ਬੱਸ ਨਹੀਂ, ਸੰਨ ੧੮੬੦ `ਚ ਪ੍ਰਗਟ ਕੀਤੀ ਰਚਨਾ ਜਿਸ ਨੂੰ ਜੋ ‘ਦਸਮਗ੍ਰੰਥ’ ਵਾਲਾ ਨਾਮ ਦਿੱਤਾ ਗਿਆ, ਤਾਂ ਉਸ ਦਾ ਆਧਾਰ ਵੀ ਇਸ ਗ੍ਰੰਥ `ਚ ਦਰਜ ਚੌਵੀ ਅਵਤਾਰਾਂ ਵਾਲੀ ਰਚਨਾ `ਚੋਂ ਹੀ ‘ਕ੍ਰਿਸ਼ਨਾ ਅਵਤਾਰ’ ਹੈ। ‘ਕ੍ਰਿਸ਼ਨਾ ਅਵਤਾਰ’ ਦੇ ਅੰਤ `ਚ ਲਫ਼ਜ਼ ਹਨ ‘ਦਸਮ ਕਥਾ ਭਗੌਤ ਕੀ ਭਾਖਾ ਕਰੀ ਬਣਾਏ. .’। ਇਸੇ ਹੀ ‘ਦਸਮ’ ਵਾਲੇ ਲਫ਼ਜ਼ ਤੋਂ ਗ੍ਰੰਥ ਨੂੰ ਨਾਮ ਦਿੱਤਾ ਗਿਆ ‘ਦਸਮਗ੍ਰੰਥ’ ਤਾ ਕਿ ਸੰਗਤਾਂ ਨੂੰ ਦਸਮ ਪਿਤਾ ਵਾਲਾ ਭੁਲੇਖਾ ਦਿੱਤਾ ਜਾ ਸਕੇ ਅਤੇ ਅੱਜ ਹੋ ਵੀ ਇਹੀ ਰਿਹਾ ਹੈ। ਇਸ ਤੋਂ ਵੱਧ ‘ਸਿੱਖ ਰਹਿਤ ਮਰਿਆਦਾ ਸੰਨ ੧੯੪੫’ ਦੇ ਉਲਟ, ਅੱਜ ਹਾਲਤ ਇਥੋਂ ਤੀਕ ਪੁੱਜ ਚੁੱਕੀ ਹੈ ਕਿ ‘ਦਸਮਗ੍ਰੰਥ’ ਦੇ ਉਪਾਸ਼ਕ ਸਾਡੇ ਦੋ ਤਖਤਾਂ ‘ਹਜ਼ੂਰ ਸਾਹਿਬ’ ਤੇ ‘ਪਟਨਾ ਸਾਹਿਬ’ `ਤੇ ਇਸ ਦਾ ਪ੍ਰਕਾਸ਼ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੀ ਬਰਾਬਰੀ `ਤੇ ਕਰਵਾਉਣ `ਚ ਵੀ ਸਫ਼ਲ ਹੋ ਚੁੱਕੇ ਹਨ। ਉਥੇ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਵਾਕਣ ‘ਦਸਮਗ੍ਰੰਥ’ ਅੱਗੇ ਵੀ ਸੰਗਤਾਂ ਤੋਂ ਮੱਥੇ ਟਿਕਵਾਏ ਜਾ ਰਹੇ ਹਨ। ਬੇ ਸ਼ੱਕ ਇਸ ‘ਉੱਤਮ’ ਕਾਰਜ ਲਈ ਇਸ `ਚ ਜਗ੍ਹਾ-ਜਗ੍ਹਾ `ਤੇ ਪਰਚੀਆਂ ਰਖ ਕੇ ਸਹੀ ਪਰ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਵਾਕਣ ਉਸ ਚੋਂ ਹੁਕਮਨਾਮੇ ਤੇ ਉਸ ਦੇ ਅਖੰਡਪਾਠ ਬੁੱਕ ਕੀਤੇ ਜਾ ਰਹੇ ਹਨ। ਉਪ੍ਰੰਤ ਉਸ `ਤੇ ਚੰਦੋਆ, ਕਟੋਰੀ `ਚ ਪ੍ਰਸ਼ਾਦਿ ਭਾਵ ਹਰੇਕ ਉਹ ਕੰਮ ਜੋ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ ਸਤਿਕਾਰ ਤੇ ਸੇਵਾ-ਸੰਭਾਲ ਨਾਲ ਸਬੰਧਤ ਹੈ, ਹੋ ਰਹੇ ਹਨ। ਇਥੋਂ ਤੀਕ ਕਿ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੀ ਬਰਾਬਰੀ `ਤੇ ਉਸ ਲਈ ਲਫ਼ਜ਼ ‘ਗੁਰੂ’ ਵੀ ਵਰਤਿਆ ਜਾ ਰਿਹਾ ਹੈ। ਜਦਕਿ ਰਾਮ, ਸ਼ਿਆਮ ਤੇ ਸੂਮ ਆਦਿ ਲਿਖਾਰੀਆਂ ਨੇ ਇਸ ਗ੍ਰੰਥ ਦੀਆਂ ਲਿਖਤਾਂ `ਚ ਲਗਭਗ ੪੦੦ ਤੋਂ ਵੱਧ ਵਾਰੀ ਆਪਣਾ ਨਾਮ ਵੀ ਦਿੱਤਾ ਹੋਇਆ ਹੈ; ਫ਼ਿਰ ਵੀ ਇਹ ਸਭ ਕੁੱਝ ਹੋ ਰਿਹਾ ਹੈ।

“ਇਸੁ ਜਗ ਮਹਿ ਪੁਰਖੁ ਏਕੁ ਹੈ” - ਚਲਦੇ ਵਿਸ਼ੇ `ਤੇ ਕੋਈ ਵੀ ਗੱਲ ਜਾਂ ਉਟੰਕਣ ਕਰਣ ਤੋਂ ਪਹਿਲਾਂ, ਹਰੇਕ ਲਈ ਜ਼ਰੂਰੀ ਹੈ ਇਸ ਪੱਖੋਂ ਗੁਰਬਾਣੀ ਰਚਨਾ ਦੇ ਆਧਾਰ ਨੂੰ ਸਮਝਣਾ। ਗੁਰਦੇਵ ਨੇ ਤਾਂ ਪਤੀ-ਪਤਨੀ ਵਾਲੇ ਰਿਸ਼ਤੇ ਦੀਆਂ ਉਚਾਈਆਂ ਨੂੰ ਆਧਾਰ ਬਣਾ ਕੇ ਜੀਵ ਨੂੰ ਆਤਮਕ ਪੱਖੋਂ ਅਕਾਲਪੁਰਖ ਨਾਲ ਜੋੜਿਆ ਹੈ, ਪਰ ਅਜਿਹੀ ਸੋਚਣੀ ਵਾਲੇ ਲੋਕ ਆਖਿਰ ਖੜੇ ਕਿੱਥੇ ਹਨ? ਗੁਰਬਾਣੀ ਵਾਲੇ ਸਦੀਵੀ ਤੇ ਇਲਾਹੀ ਸੱਚ ਦੇ ਖਜ਼ਾਨੇ `ਚੋਂ ਕੇਵਲ ਕੋਈ ਪੰਕਤੀ ਚੁੱਕ ਕੇ ਤੇ ਉਸ ਨੂੰ ਬਾਜ਼ਾਰੀ ਪੰਕਤੀਆਂ ਨਾਲ ਜੋੜ ਕੇ ਪੇਸ਼ ਜਾਂ ਸਾਬਤ ਕਰਣ ਵਾਲਿਆਂ ਦੀ ਤਾਂ ਆਤਮਾ ਕੰਬ ਉਠਣੀ ਚਾਹੀਦੀ ਸੀ। ਇਸ ਦੇ ਉਲਟ, ਜੇ ਅਜਿਹਾ ਨਹੀਂ ਹੁੰਦਾ ਤਾਂ ਯਕੀਨਣ ਅਜਿਹੇ ਲੋਕਾਂ ਦਾ ਗੁਰਬਾਣੀ ਪ੍ਰਤੀ ਪਿਆਰ-ਸਤਿਕਾਰ, ਉਪ੍ਰੰਤ ਇਸ ਤੋਂ ਵੱਧ ਜੇਕਰ ਉਹ ਸਿੱਖੀ ਸਰੂਪ `ਚ ਵੀ ਹਨ ਤਾਂ ਉਹਨਾਂ ਦਾ ਗੁਰਬਾਣੀ ਪਿਆਰ ਤੇ ਸਰੂਪ, ਦੋਵੇਂ ਦਿਖਾਵਾ ਹੀ ਬਣ ਕੇ ਹੀ ਰਹਿ ਜਾਂਦੇ ਹਨ। ਬਲਕਿ ਆਪਣੇ ਆਪ ਨੂੰ ਗੁਰਬਾਣੀ ਦੇ ਸਿੱਖ ਜਾਂ ਸ਼ਰਧਾਲੂ ਅਖਵਾ ਕੇ ਅਜਿਹੇ ਲੋਕ, ਦੂਜਿਆਂ ਨਾਲ ਧੋਖਾ ਕਰਣ ਵਾਲਾ ਗੁਣਾਹ ਵੀ ਰਹੇ ਹਨ। ਇਸ ਤਰ੍ਹਾਂ ਇਹਨਾ ਆਸਤੀਨ ਦੇ ਸੱਪਾਂ ਤੋਂ ਤਾਂ ਹੋਰ ਵੀ ਸਾਵਧਾਨ ਰਹਿਣ ਦੀ ਲੋੜ ਹੈ। ਗੁਰਬਾਣੀ ਦਾ ਆਸ਼ਿਕ ਤਾਂ ਗੁਰਬਾਣੀ ਸਤਿਕਾਰ ਵਿਰੁਧ ਇੱਕ ਲਫ਼ਜ਼ ਵੀ ਨਹੀਂ ਸੁਣ ਸਕਦਾ, ਗੁਰਬਾਣੀ ਵਾਲੀ ਆਤਮਿਕ ਉੱਚਤਾ ਨੂੰ ਇਨੇਂ ਹਲਕੇ ਪ੍ਰਭਾਵ `ਚ ਲੈਣਾ ਦਾ ਆਪਣੇ ਆਪ ਨੂੰ ਘੋਖਣਾ ਜ਼ਰੂਰੀ ਹੈ।

ਗੁਰਬਾਣੀ `ਚ ਇੱਕ ਨਹੀਂ, ਹਜ਼ਾਰਾਂ ਪ੍ਰਮਾਣ ਹਨ ਜਿਨ੍ਹਾਂ ਦਾ ਆਧਾਰ ਹੀ ਜੀਵ ਇਸਤ੍ਰੀ ਹੈ ਅਤੇ ਅਕਾਲਪੁਰਖ ਉਹਨਾਂ ਦਾ ਪਤੀ। ਇਸ ਤਰ੍ਹਾਂ ਹਰੇਕ ਜੀਵ ਨਰ ਹੈ ਚਾਹੇ ਮਾਦਾ, ਉਹ ਪਤੀ ਪ੍ਰਮੇਸ਼ਵਰ ਦੀ ਪਤਨੀ ਹੀ ਹੈ। ਫ਼ੁਰਮਾਨ ਹੈ “ਇਸੁ ਜਗ ਮਹਿ ਪੁਰਖੁ ਏਕੁ ਹੈ, ਹੋਰ ਸਗਲੀ ਨਾਰਿ ਸਬਾਈ” (ਪੰ: ੫੯੧)। ਇਸ ਤਰ੍ਹਾਂ ਜੀਵ ਇਸਤ੍ਰੀ ਦਾ ਪ੍ਰਭੂ ਪਤੀ ਨਾਲ ਸੇਜਾ ਦੇ ਅਰਥ ਕੀ ਹਨ ਅਤੇ ਪ੍ਰਭੂ ਪਤੀ ਨੂੰ ਪ੍ਰਸੰਨ ਕਰਣ ਲਈ ਜੀਵ ਇਸਤ੍ਰੀ ਦਾ ਸ਼ਿੰਗਾਰ ਕੀ ਹੈ ਗੁਰਬਾਣੀ ਵਾਲੇ ਸਦੀਵੀ ਸੱਚ `ਚੋਂ ਹੀ ਪਹਿਚਾਨਣ ਦੀ ਲੋੜ ਹੈ। ਫ਼ੁਰਮਾਨ ਹੈ “ਭਰਤਾ ਕਹੈ ਸੁ ਮਾਨੀਐ, ਏਹੁ ਸੀਗਾਰੁ ਬਣਾਇ ਰੀ॥ ਦੂਜਾ ਭਾਉ ਵਿਸਾਰੀਐ, ਏਹੁ ਤੰਬੋਲਾ ਖਾਇ ਰੀ॥   ॥ ਗੁਰ ਕਾ ਸਬਦੁ ਕਰਿ ਦੀਪਕੋ, ਇਹ ਸਤ ਕੀ ਸੇਜ ਬਿਛਾਇ ਰੀ॥ ਆਠ ਪਹਰ ਕਰ ਜੋੜਿ ਰਹੁ, ਤਉ ਭੇਟੈ ਹਰਿ ਰਾਇ ਰੀ॥   ॥ ਤਿਸ ਹੀ ਚਜੁ ਸੀਗਾਰੁ ਸਭੁ, ਸਾਈ ਰੂਪਿ ਅਪਾਰਿ ਰੀ॥ ਸਾਈ ਸ+ਹਾਗਣਿ ਨਾਨਕਾ ਜੋ ਭਾਣੀ ਕਰਤਾਰਿ ਰੀ” (ਪੰ: ੪੦੦)। ਇਸੇ ਆਧਾਰ `ਤੇ ਗੁਰਬਾਣੀ `ਚ ਪ੍ਰਭੂ ਮਿਲਾਪ ਦੀਆਂ ੯੦% ਤੋਂ ਉਪਰ ਮਿਸਾਲਾਂ ਹੀ ਪਤੀ-ਪਤਨੀ ਦੇ ਪਵਿਤ੍ਰ ਰਿਸ਼ਤੇ `ਤੇ ਆਧਾਰਿਤ ਹਨ। ਇਥੋਂ ਤੀਕ ਕਿ ਗੁਰਬਾਣੀ `ਚ ਪਤੀ ਪਤਨੀ ਦੇ ਰਿਸ਼ਤੇ ਨੂੰ ਵੀ ਸੰਸਾਰ ਭਰ ਦੇ ਸਭ ਰਿਸ਼ਤਿਆਂ ਤੋਂ ਉੱਤੇ ਦਸਿਆ ਹੈ। ਉਪ੍ਰੰਤ ਜੇਕਰ ਇਸ ਪੱਖੋਂ ਗੁਰਬਾਣੀ ਦੀ ਗਹਿਰਾਈ `ਚ ਜਾਵੀਏ ਤਾਂ ਇਸ ਸੱਚ ਨੂੰ ਪਹਿਚਾਨਣ `ਚ ਵੀ ਦੇਰ ਨਹੀਂ ਲਗਦੀ। ਪ੍ਰਭੂ ਦੇ ਉਟ ਆਸਰੇ ਅਤੇ ਗੁਰਬਾਣੀ ਆਗਿਆ `ਚ ਜਦੋਂ ਇਸਤ੍ਰੀ-ਪੁਰਖ ਵਾਲੇ ਇਸ ਰਿਸ਼ਤੇ ਨੂੰ ਨਿਭਾਇਆ ਜਾਵੇ ਤਾਂ ਸੰਸਾਰ ਭਰ ਦੇ ਗੁਣ, ਖਿੱਚਾਂ, ਸੁਹੱਪਣ ਤੇ ਆਕਰਸ਼ਣ ਉਸੇ ਇਕੋ ਪਤੀ ਪਤਨੀ ਵਾਲੇ ਸੀਮਤ ਜੀਵਨ `ਚੋਂ ਹੀ ਪ੍ਰਗਟ ਜਾਂਦੇ ਹਨ। ਇਸ ਦੇ ਉਲਟ, ਇਸ ਪ੍ਰਵਾਰਿਕ ਸੀਮਾਂ ਦਾ ਉਲੰਘਣ ਕਰਣ ਵਾਲੇ ਲੋਕ, ਜਦੋਂ ਇਸੇ ਕਾਮ ਭੁਖ ਦੇ ਗ਼ੁਲਾਮ ਹੋ ਕੇ ਵਿਚਰਦੇ ਹਨ ਤਾਂ ਇਸ ਵਿਭਚਾਰਕ ਜੀਵਨ ਲਈ ਵੀ ਗੁਰਦੇਵ ਨੇ ਮਨੁੱਖ ਦੀ ਗੁਰਬਾਣੀ `ਚ ਭਰਵੀਂ ਖਿਚਾਈ ਕੀਤੀ ਹੈ।

ਅਜਿਹੇ ਕੁਰਾਹੇ ਪਏ ਵਿਭਚਾਰੀ ਲਈ ਹੀ ਫ਼ੁਰਮਾਇਆ ਹੈ “ਘਰ ਕੀ ਨਾਰਿ ਤਿਆਗੈ ਅੰਧਾ॥ ਪਰ ਨਾਰੀ ਸਿਉ ਘਾਲੈ ਧੰਧਾ” (ਪੰ: ੧੧੬੪)। ਇਸੇ ਤਰ੍ਹਾਂ ਜਦੋਂ ਇਸਤ੍ਰੀ ਕਾਮੀ ਤੇ ਵਿਭਚਾਰਣ ਹੈ ਤਾਂ ਵੀ “ਪਿਰ ਕੀ ਸਾਰ ਨ ਜਾਣਈ, ਦੂਜੈ ਭਾਇ ਪਿਆਰੁ॥ ਸਾ ਕੁਸੁਧ ਸਾ ਕੁਲਖਣੀ, ਨਾਨਕ ਨਾਰੀ ਵਿਚਿ ਕੁਨਾਰਿ (ਪੰ: ੬੫੨)। ਇਸ ਲਈ ਗੁਰਬਾਣੀ `ਚੋਂ ਕਾਮ ਸਬੰਧੀ ਮਿਸਾਲਾਂ ਨੂੰ ਆਪ ਮਿੱਥੇ ਅਰਥਾਂ `ਚ ਵਰਤਣ ਤੋਂ ਪਹਿਲਾਂ, ਅਜਿਹੇ ਸੱਜਨਾਂ ਨੂੰ, ਇਸ ਪੱਖੋਂ ਗੁਰਬਾਣੀ ਦੀਆਂ ਆਦਰਸ਼ਕ ਤੇ ਸਦਾਚਾਰਕ ਉਚਾਈਆਂ ਨੂੰ ਸਮਝਣ, ਪਹਿਚਾਨਣ ਦੀ ਲੋੜ ਹੈ। ਇਸ ਤੋਂ ਇਲਾਵਾ ਉਹਨਾਂ ਨੂੰ ਪ੍ਰਭੂ ਬਖਸ਼ੇ ਆਪਣੇ ਪ੍ਰਵਾਰਾਂ ਦੀਆਂ ਖੁਸ਼ੀਆਂ, ਸਾਝਾਂ ਤੇ ਫੁਲਵਾੜੀ ਵਾਲੀ ਸੀਮਾ ਨੂੰ ਵੀ ਧਿਆਣ `ਚ ਰਖਦੇ ਹੋਏ ਇਸ ਰੱਬੀ ਸੱਚ ਦੀ ਪਹਿਚਾਣ ਕਰਣੀ ਚਾਹੀਦੀ ਹੈ। ਇਸ ਤੋਂ ਉਹਨਾਂ ਨੂੰ ਕਾਮ ਦੀ ਯੋਗ ਤੇ ਅਯੋਗ ਵਰਤੋਂ ਵਾਲਾ ਫ਼ਰਕ ਵੀ ਆਪਣੇ ਆਪ ਸਮਝ `ਚ ਆ ਜਾਵੇਗਾ। ਨਹੀਂ ਤਾਂ, ਪਿਛਲੇ ਦਰਵਾਜ਼ੇ ਤੋਂ ਪੈਦਾ ਕੀਤੇ ਇਸ ‘ਦਸਮ ਗ੍ਰੰਥ’ (ਬਚਿਤ੍ਰਨਾਟਕ) ਦੀਆਂ ਕਾਮ ਦੀ ਅਯੋਗ ਵਰਤੋਂ `ਤੇ ਆਧਾਰਿਤ ਬੇਸਿਰਪੈਰ ਬਾਜ਼ਾਰੀ ਕਹਾਣੀਆਂ `ਚੋਂ ਇਸ ਰੱਬੀ ਸੱਚ ਦੀ ਵੀ ਕਦੇ ਪਹਿਚਾਣ ਨਹੀਂ ਆ ਸਕੇਗੀ।

ਚੇਤੇ ਰਹੇ! ਕਾਮ ਦੇ ਅਦਰਸ਼ਕ ਪਹਿਲੂ “ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ” (ਪੰ: ੪੭੩) `ਤੇ ਆਧਾਰਤ ਕੇਵਲ ਕੁੱਝ ਲੋਕਾਂ ਦੇ ਨਹੀਂ ਬਲਕਿ ਸੰਸਾਰ ਭਰ ਦੇ ਪ੍ਰਵਾਰਾਂ ਦੀ ਸਿਰਜਨਾ ਤੇ ਉਹਨਾਂ ਦੀ ਸੰਭਾਲ, ਇਜ਼ਤ, ਮਾਨ ਤੇ ਸਤਿਕਾਰ ਹੁੰਦਾ ਹੈ। ਇਸ ਤੋਂ ਬਾਅਦ ਇਸੇ ਕਾਮ ਦਾ ਹੀ ਵਿਭਚਾਰਕ ਪੱਖ ਹੈ, ਜੋ ਕੇਵਲ ਕੁੱਝ ਲੋਕਾਂ ਦਾ ਨਹੀਂ ਬਲਕਿ ਪ੍ਰਵਾਰਕ-ਸਮਾਜਕ ਤੇ ਦੇਸ਼ਾਂ ਤੀਕ ਦੀ ਤੱਬਾਹੀ ਦਾ ਕਾਰਨ ਵੀ ਬਣ ਜਾਂਦਾ ਹੈ। ਜੇ ਫ਼ਿਰ ਵੀ ਸਮਝ ਨਾ ਆਵੇ ਤਾਂ ਸਰਕਾਰੀ ਜੇਲਾਂ `ਚ, ਕਾਮ ਭੁੱਖ ਪੱਖੋਂ ਅਜਿਹੇ ਅਨੇਕਾਂ ਕੁਕਰਮੀਆਂ-ਵਿਭਚਾਰੀਆਂ ਦੀਆਂ ਸੜ ਰਹੀਆਂ ਜਿੰਦਗੀਆਂ ਵੱਲ ਝਾਤ ਮਾਰ ਲੈਣੀ ਚਾਹੀਦੀ ਹੈ; ਕਾਮ ਦੇ ਆਦਰਸ਼ਕ ਤੇ ਵਿਭਚਾਰਕ ਪਹਿਲੂ ਵਿਚਲੇ ਫ਼ਰਕ ਨੂੰ ਪਹਿਚਾਨਣ `ਚ ਦੇਰ ਨਹੀਂ ਲਗੇਗੀ। ਇਸ ਲਈ ਬਾਕੀ ਹਿਸਾਬ ਜੇਕਰ ਅਜੋਕੇ ‘ਦਸਮਗ੍ਰੰਥ’ (ਬਚਿਤ੍ਰਨਾਟਕ) ਦੇ ਉਪਾਸ਼ਕ ਆਪ ਵੀ ਲਗਾ ਸਕਣ ਤਾਂ ਉਹਨਾਂ ਦਾ ਅਜਿਹਾ ਕਰਣਾ ਕੇਵਲ ਉਹਨਾਂ ਲਈ ਹੀ ਨਹੀਂ ਬਲਕਿ ਸਮੂਚੇ ਪੰਥ ਦੇ ਵੀ ਵੱਡੇ ਲਾਭਾਂ `ਚ ਹੋਵੇਗਾ। ਉਂਝ ਵੀ ਨਰ-ਮਾਦਾ ਵਾਲਾ ਪ੍ਰਭੂ ਰਾਹੀਂ ਕਾਇਮ ਕੀਤਾ ਇਹ ਨਿਯਮ ਕੇਵਲ ਮਨੁੱਖ ਜਾਤੀ ਤੀਕ ਹੀ ਸੀਮਤ ਨਹੀਂ ਬਲਕਿ ਹਰੇਕ ਜੀਵ ਸ਼੍ਰੇਣੀ `ਤੇ ਲਾਗੂ ਹੁੰਦਾ ਹੈ। “ਭਈ ਪਰਾਪਤਿ ਮਾਨੁਖ ਦੇਹੁਰੀਆ” (ਪੰ: ੧੨) ਅਨੁਸਾਰ ਬੇਸ਼ਕ ਕਰਤੇ ਨੇ ਬਖਸ਼ਿਸ਼ ਕਰਕੇ ਸਾਨੂੰ ਤਾਂ ਮਨੁੱਖ ਦੀ ਜੂਨ ਬਖ਼ਸ਼ੀ ਹੈ ਅਤੇ ਫ਼ਿਰ ਵੀ ਅਸੀਂ ਇਹਨਾ ਵਾਧੂ ਚੱਕਰਾਂ `ਚ ਫ਼ਸੇ ਪਏ ਹਾਂ, ਇਸ ਦੇ ਉਲਟ ਜੇ ਕਰ ਇਸ ਪੱਖੋਂ ਅਸਾਂ ਕਿਸੇ ਮੋਰ-ਮੋਰਣੀ, ਕੌਵਾ-ਕੌਵੀ, ਤੋਤਾ-ਤੋਤੀ, ਸ਼ੇਰ-ਸ਼ੇਰਨੀ, ਚਿੱੜਾ-ਚਿੱੜੀ ਆਦਿ ਵੱਲ ਹੀ ਝਾਤ ਮਾਰ ਲਈ ਹੁੰਦੀ ਤਾਂ ਵੀ “ਸਾਹਿਬ ਸ੍ਰੀ ਗ੍ਰੰਥ ਜੀ” ਜੀ ਵੱਲ ਉਂਗਲੀ ਕਰਣ ਵਾਲਾ ਅਜਿਹਾ ਬਜਰ ਗੁਣਾਹ ਕਦੇ ਨਾ ਕਰਦੇ।

“ਸਭਨਾ ਕਾ ਪਿਰੁ ਏਕੋ ਸੋਇ” - ਸਮਝਣਾ ਇਹ ਹੈ ਕਿ ਗੁਰਬਾਣੀ `ਚ ਗੁਰਦੇਵ ਨੇ ਜਿਨੀਆਂ ਵੀ ਮਿਸਾਲਾਂ ਵਰਤੀਆਂ ਹਨ ਉਹ ਮਨੁੱਖ ਦੀ ਸਾਧਾਰਣ ਤੇ ਨਿਤਾ ਪ੍ਰਤ ਜ਼ਿੰਦਗੀ ਤੋਂ ਹੀ ਲਈਆਂ ਹਨ। ਇਸੇ ਤਰ੍ਹਾਂ ਗੁਰਬਾਣੀ `ਚ ਮਨੁੱਖ ਨੂੰ ਜੀਵ ਇਸਤ੍ਰੀ ਦੱਸ ਕੇ, ਉਸ ਦਾ ਪਤੀ ਪ੍ਰਮੇਸ਼ਵਰ ਨੂੰ ਹੀ ਦੱਸਿਆ ਹੈ। ਉਪ੍ਰੰਤ ਇਥੋਂ ਹੀ ਗੱਲ ਸ਼ੁਰੂ ਹੁੰਦੀ ਹੈ ਜੀਵ ਇਸਤ੍ਰੀ ਅਤੇ ਪ੍ਰਭੂ ਪਤੀ ਵਾਲੀ ਅਤੇ ਇਸ ਨਾਲ ਅਕਾਲਪੁਰਖ ਦੇ ਮਿਲਾਪ ਦੀ। ਉਹ ਅਕਾਲਪੁਰਖ ਜੋ ਆਪ ਹੀ ਆਪ ਹੈ, ਅਜੂਨੀ ਹੈ, ਸੈਭੰ ਤੇ ਰੂਪ ਰੇਖ ਰੰਗ ਤੋਂ ਨਿਆਰਾ ਹੈ। ਉਸ ਕਰਤੇ ਨੂੰ ਹੀ ਗੁਰਦੇਵ ਨੇ ਸੰਸਾਰ ਭਰ ਦੀਆਂ ਜੀਵ ਇਸਤ੍ਰੀਆਂ ਦਾ ਇਕੋ ਇੱਕ ਪਤੀ ਕਿਹਾ ਹੈ। ਫ਼ੁਰਮਾਨ ਹੈ “ਭਨਤਿ ਨਾਨਕੁ ਸਭਨਾ ਕਾ ਪਿਰੁ ਏਕੋ ਸੋਇ॥ ਜਿਸ ਨੋ ਨਦਰਿ ਕਰੇ ਸਾ ਸੋਹਾਗਣਿ ਹੋਇ” (ਪੰ: ੩੫੧) ਉਸੇ ਜੀਵ ਇਸਤ੍ਰੀ ਨੂੰ ਗੁਰਦੇਵ ਇਸੇ ਜਨਮ `ਚ ਪ੍ਰਭੂ ਪਤੀ ਦੀ ਪ੍ਰਾਪਤੀ ਵਾਲੇ ਮਕਸਦ ਦੀ ਗੱਲ ਸਮਝਾਉਂਦੇ ਹਨ ਜਿਵੇਂ “ਜਿਨਿ ਤੁਮ ਭੇਜੇ ਤਿਨਹਿ ਬੁਲਾਏ, ਸੁਖ ਸਹਜ ਸੇਤੀ ਘਰਿ ਆਉ” (ਪੰ: ੬੭੮)। ਇਸ ਲਈ ਗੁਰਬਾਣੀ ਅਨੁਸਾਰ ਜਦੋਂ ਸਾਰੀਆਂ ਜੀਵ ਇਸਤ੍ਰੀਆਂ ਦਾ ਇਕੋ ਇੱਕ ਪਤੀ, ਅਕਾਲਪੁਰਖ ਹੀ ਹੈ ਜਿਸ ਨਾਲ ਮਿਲਾਪ ਹੋਣਾ ਹੈ ਤਾਂ ਉਥੋਂ ਹੀ ਗੱਲ ਸ਼ੂਰੂ ਹੁੰਦੀ ਹੈ ਜੀਵ ਇਸਤ੍ਰੀ ਦੇ ਸੁਹਾਗਣ ਅਤੇ ਦੁਹਾਗਣ ਹੋਣ ਦੀ। ਇਸ ਲਈ ਜੀਵ ਚਾਹੇ ਕਿਨੀਆਂ ਵੀ ਜੂਨਾਂ `ਚ ਭਟਕ ਕੇ ਆਇਆ ਹੋਵੇ ਅੰਤ ਉਸ ਦੀ ਗਤੀ ਤੇ ਬਾਰ ਦੇ ਬਾਰ ਦੇ ਜਨਮ-ਮਰਨ ਦੇ ਗੇੜ ਤੋਂ ਛੁਟਕਾਰਾ, ਅਸਲੇ ਪ੍ਰਭੂ `ਚ ਅਭੇਦ ਹੋ ਕੇ ਹੀ ਹੋਣਾ ਹੈ ਉਂਝ ਨਹੀਂ। ਉਪ੍ਰੰਤ ਇਹ ਵੀ ਗੁਰਬਾਣੀ ਦਾ ਹੀ ਸੱਚ ਹੈ ਕਿ ਇਸ ਜਨਮ ਮਰਣ ਦੇ ਗੇੜ ਤੋਂ ਛੁਟਕਾਰੇ ਲਈ “ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ” (ਪੰ: ੧੨) ਅਨੁਸਾਰ ਕੇਵਲ ਮਨੁੱਖਾ ਜੂਨ ਹੀ ਇਕੋ ਇੱਕ ਅਵਸਰ ਹੈ ਜਦਕਿ ਬਾਕੀ ਸਾਰੀਆਂ ਜੂਨਾਂ ਪਿਛਲੇ ਪ੍ਰਾਪਤ ਤੇ ਅਸਫ਼ਲ ਹੋ ਚੁੱਕੇ ਮਨੁੱਖਾ ਜਨਮ ਸਮੇਂ ਕੀਤੇ ਚੰਗੇ-ਮੰਦੇ ਕਰਮਾ ਦਾ ਲੇਖਾ ਜੋਖਾ ਹੀ ਹੁੰਦੀਆਂ ਹਨ।

ਸੁਹਾਗਣ ਤੇ ਦੁਹਾਗਣ- ਗੁਰਦੇਵ ਨੇ ਗੁਰਬਾਣੀ `ਚ ਇਸ ਸੰਸਾਰ ਨੂੰ ਮਨੁੱਖ ਦਾ ਪੇਕਾ ਘਰ ਵੀ ਕਿਹਾ ਹੈ ਜਿਥੇ ਇਹ ਸਦਾ ਲਈ ਰਹਿਣ ਨਹੀਂ ਆਇਆ। ਉਪ੍ਰੰਤ ਪ੍ਰਭੂ ਪ੍ਰਮੇਸ਼ਰ ਦੇ ਦਰ ਨੂੰ ਇਸ ਦਾ ਸੋਹਰਾ ਘਰ ਕਿਹਾ ਹੈ ਜੋ ਇਸ ਦਾ ਸਦੀਵ ਕਾਲ ਲਈ ਆਖਰੀ ਪੜਾਅ ਹੋਣਾ ਹੈ। ਇਸ ਦੇ ਨਾਲ ਗੁਰਬਾਣੀ `ਚ ਬਾਰ-ਬਾਰ ਪੱਕਾ ਕੀਤਾ ਹੈ ਕਿ ਸੋਹਰੇ ਘਰ ਭਾਵ ਪ੍ਰਭੂ ਪਤੀ ਪਾਸ ਪੁੱਜਣ ਲਈ ਜੀਵ ਇਸਤ੍ਰੀ ਨੇ ਤਿਆਰੀ ਇਸੇ ਜਨਮ `ਚ ਕਰਣੀ ਹੈ। ਇਸ ਲਈ ਗੁਰਬਾਣੀ ਆਧਾਰ `ਤੇ ਸੋਹਾਗਣ ਤੇ ਦੋਹਾਗਣ ਵਾਲੇ ਵਿਸ਼ੇ ਨੂੰ ਸਮਝਣ ਲਈ “ਇਹੁ ਮਨੁ ਸਬਦਿ ਨ ਭੇਦਿਓ ਕਿਉ ਹੋਵੈ ਘਰ ਵਾਸੁ॥ ਮਨਮੁਖੀਆ ਦੋਹਾਗਣੀ ਆਵਣ ਜਾਣਿ ਮੁਈਆਸੁ॥ ਗੁਰਮੁਖਿ ਨਾਮੁ ਸੁਹਾਗੁ ਹੈ ਮਸਤਕਿ ਮਣੀ ਲਿਖਿਆਸੁ॥ ਹਰਿ ਹਰਿ ਨਾਮੁ ਉਰਿ ਧਾਰਿਆ ਹਰਿ ਹਿਰਦੈ ਕਮਲ ਪ੍ਰਗਾਸੁ” (ਪੰ: ੧੪੧੬) ਸਪਸ਼ਟ ਹੈ ਕਿ ਇਲਾਹੀ ਤੇ ਸੰਸਾਰਕ ਦੋਵੇਂ ਪਾਸੇ ਅਜਿਹੀ ਮਿਸਾਲ ਦਾ ਆਧਾਰ ਇਕੋ ਹੈ। ਗੁਰਦੇਵ ਦੇ ਮਾਪਦੰਡ `ਚ ਤੇ ਸੰਸਾਰ ਤੱਲ `ਤੇ ਵੀ ਸੁਹਾਗਣ ਇਸਤ੍ਰੀ ਉਹੀ ਹੈ ਜੋ ਕੇਵਲ ਤੇ ਕੇਵਲ ਆਪਣੇ ਪਤੀ ਲਈ ਹੀ ਹੈ। ਇਸੇ ਤਰ੍ਹਾਂ ਦੁਹਾਗਣ ਉਹ ਹੈ ਜੋ ਪਤੀ ਦਾ ਲੜ ਛੱਡ ਕੇ ਇਧਰ ਉਧਰ ਭਟਕਦੀ ਹੈ।

ਇਸੇ ਤਰ੍ਹਾਂ ਪ੍ਰਭੂ ਪਤੀ ਦੇ ਦਰ `ਤੇ ਉਹੀ ਜੀਵ ਇਸਤ੍ਰੀ ਸੁਹਾਗਣ ਹੈ ਜਿਸ ਨੇ ਜੀਵਨ ਗੁਰਸ਼ਬਦ ਦੀ ਕਮਾਈ ਨੂੰ ਸਮ੍ਰਪਿਤ ਕੀਤਾ ਤੇ ਪ੍ਰਭੂ ਪਤੀ ਦੇ ਰੰਗ `ਚ ਰੰਗਿਆ ਹੈ। ਅਜਿਹੀ ਜੀਵ ਇਸਤ੍ਰੀ ਦੇ ਜੀਵਨ `ਚ ਟਿਕਾਅ ਤੇ ਪੂਰਣ ਖਿੜਾਉ ਆਉਂਦਾ ਹੈ। ਦੂਜੇ ਪਾਸੇ ਜਿਹੜੀ ਪ੍ਰਭੂ ਪਤੀ ਦਾ ਲੜ ਛੱਡ ਕੇ ਸੰਸਾਰ ਦੀ ਮੋਹ ਮਾਇਆ ਤੇ ਵਿਕਾਰਾਂ `ਚ ਖਚਤ ਰੰਹਦੀ ਹੈ ਉਹ ਦੁਹਾਗਣ ਹੈ। ਅਜਿਹੀ ਜੀਵ ਇਸਤ੍ਰੀ ਨੂੰ ਪ੍ਰਭੂ ਪਤੀ ਦੀ ਸਾਂਝ ਪ੍ਰਾਪਤ ਨਹੀਂ ਹੁੰਦੀ ਤੇ ਉਹ ਮਨਮੁਖ ਜਨਮ ਮਰਣ ਦੇ ਗੇੜ੍ਹ `ਚ ਹੀ ਫ਼ਸੀ ਰਹਿੰਦੀ ਹੈ ਜਿਵੇਂ “ਸਾਵਣੁ ਆਇਆ ਹੇ ਸਖੀ, ਕੰਤੈ ਚਿਤਿ ਕਰੇਹੁ॥ ਨਾਨਕ ਝੂਰਿ ਮਰਹਿ ਦੋਹਾਗਣੀ, ਜਿਨੑ ਅਵਰੀ ਲਾਗਾ ਨੇਹੁ” (ਪੰ: ੧੨੮੦)। ਦੇਖਣਾ ਹੈ ਕਿ ਸੰਸਾਰ ਤੱਲ `ਤੇ ਵੀ ਸਾਵਣ ਦਾ ਮਹੀਨਾ, ਇਸਤ੍ਰੀ ਦੇ ਪਤੀ ਨਾਲ ਮਿਲਾਪ ਲਈ ਖਾਸ ਮੰਨਿਆ ਜਾਂਦਾ ਹੈ। ਦੂਜੇ ਪਾਸੇ ਗੁਰਦੇਵ ਵੀ ਫ਼ੁਰਮਾਉਂਦੇ ਹਨ ਕਿ ਜਿਹੜੀ ਜੀਵ ਇਸਤ੍ਰੀ ਹਰ ਸਮੇਂ ਪ੍ਰਭੂ ਪਤੀ ਦੇ ਪਿਆਰ `ਚ ਰੰਗੀ ਰਹਿੰਦੀ ਹੈ, ਉਹ ਸਦਾ ਸਾਵਣ ਵਾਲਾ ਆਨੰਦ ਹੀ ਮਾਣਦੀ ਹੈ ਅਤੇ ਜਿਹੜੀ ਪ੍ਰਭੂ ਪਤੀ ਦਾ ਲੜ ਛੱਡ ਕੇ ਸੰਸਾਰਿਕ ਮੋਹ ਮਾਇਆ, ਵਿਕਾਰਾਂ `ਚ ਖੱਚਤ ਰਹਿੰਦੀ ਹੈ, ਉਹ ਦੋਹਾਗਣ ਹੈ ਤੇ ਉਹ ਜੀਵਨ ਭਰ ਝੂਰਦੀ ਹੀ ਰਹਿੰਦੀ ਹੈ।

ਇਸੇ ਤਰ੍ਹਾਂ ਮਨਮੁਖ ਮੈਲੀ ਕਾਮਣੀ ਕੁਲਖਣੀ ਕੁਨਾਰਿ॥ ਪਿਰੁ ਛੋਡਿਆ ਘਰਿ ਆਪਣਾ, ਪਰ ਪੁਰਖੈ ਨਾਲਿ ਪਿਆਰੁ॥ ਤ੍ਰਿਸਨਾ ਕਦੇ ਨ ਚੁਕਈ, ਜਲਦੀ ਕਰੇ ਪੂਕਾਰ॥ ਨਾਨਕ ਬਿਨੁ ਨਾਵੈ ਕੁਰੂਪਿ ਕੁਸੋਹਣੀ, ਪਰਹਰਿ ਛੋਡੀ ਭਤਾਰਿ(ਪੰ: ੮੯) ਜਿਵੇਂ ਸੰਸਾਰ ਤੱਲ `ਤੇ ਵੀ ਜਿਹੜੀ ਇਸਤ੍ਰੀ ਆਪਣੇ ਪਤੀ ਦੀ ਨਾ ਹੋ ਕੇ ਇਧਰ ਉਧਰ ਦੀ ਖਾਕ ਛਾਣਦੀ ਹੈ ਉਸ ਨੂੰ ਸੋਹਾਗਣ ਨਹੀਂ, ਬਲਕਿ ਦੋਹਾਗਣ ਕਿਹਾ ਜਾਂਦਾ ਹੈ। ਇਸ ਲਈ ਮਨੁ ਤਨੁ ਸਉਪੇ ਕੰਤ ਕਉ, ਸਬਦੇ ਧਰੇ ਪਿਆਰੁ॥ ਬਿਨੁ ਨਾਵੈ ਕਿਨੈ ਨ ਪਾਇਆ, ਦੇਖਹੁ ਰਿਦੈ ਬੀਚਾਰਿ॥ ਨਾਨਕ ਸਾ ਸੁਆਲਿਓ ਸੁਲਖਣੀ, ਜਿ ਰਾਵੀ ਸਿਰਜਨਹਾਰਿ(ਪ: ੮੯) ਠੀਕ ਉਸੇ ਤਰ੍ਹਾਂ ਗੁਰਬਾਣੀ `ਚ ਇਸ ਵਿਸ਼ੇ ਨੂੰ ਸਮਝਣ ਲਈ ਵੀ ਅਜਿਹੇ ਹਜ਼ਾਰਾਂ ਪ੍ਰਮਾਣ ਹਨ।

“ਚਿਤੁ ਲਾਇਆ ਪਰ ਨਾਰੀ” - ਬਾਕੀ ਰਹੀ ਗੱਲ ਜਿਹੜੀ ਸੰਨ ੧੮੬੦ `ਚ ਪੈਦਾ ਕੀਤੇ ‘ਦਸਮਗ੍ਰੰਥ’ (ਬਚਿਤ੍ਰ ਨਾਟਕ) ਦੇ ਉਪਾਸ਼ਕ ਗੁਰਬਾਣੀ `ਚੋਂ ਜਿਨ੍ਹਾਂ ਪੰਕਤੀਆਂ ਦਾ ਹਵਾਲਾ ਦੇ ਕੇ, ਉਸ ਨਾਲ ਬਰਾਬਰੀ ਦਿੰਦੇ ਹਨ। ਪਹਿਲਾਂ ਤਾਂ ਕਾਮ ਸਬੰਧੀ ਉਪਰ ਦਿੱਤੇ ਵੇਰਵੇ ਨੂੰ ਪੜ੍ਹਣ ਤੇ ਆਪਣੀ ਜ਼ਮੀਰ ਕੋਲੋਂ ਪੁਛਣ। ਫ਼ਿਰ ਦੂਜਿਆਂ ਨੂੰ ਸ਼ਬਦਾਵਲੀ ਦੀ ਉਲਝਣ `ਚ ਫ਼ਸਾਉਣ ਤੋਂ ਪਹਿਲਾਂ ਆਪ ਸਮਝਣ ਦਾ ਯਤਣ ਕਰਣ ਕਿ ਜਿਸ ‘ਦਸਮਗ੍ਰੰਥ’ ਦੀ ਉਹ ਗੱਲ ਕਰ ਰਹੇ ਹਨ, ਉਥੇ ਕਾਮ ਦਾ ਸਦਾਚਾਰਕ ਪਹਿਲੂ ਪ੍ਰਧਾਨ ਹੈ ਜਾਂ ਵਿਭਚਾਰਕ। ਦੂਜਾ, ਕਾਮ ਦੇ ਜਿਸ ਵਿਭਚਾਰਕ ਪੱਖ ਨੂੰ ਉਥੇ ਬਾਰ ਬਾਰ ਚੁੱਕਿਆ ਗਇਆ ਹੈ ਗੁਰਬਾਣੀ ਨੇ ਉਸ ਨੂੰ ਨਿੰਦਿਆ ਤੇ ਕੱਟਿਆ ਹੈ ਜਾਂ ਉਸ ਦੀ ਉਸਤੱਤ ਕੀਤੀ ਹੈ? ਜੇ ਗੁਰਬਾਣੀ ਨੇ ਉਸ ਨੂੰ ਕਟਿਆ ਹੈ ਤੇ ਤੁਹਾਡੇ ਮਨਪਸੰਦ ਗ੍ਰੰਥ ਨੇ ਉਸ ਨੂੰ ਉਭਾਰਿਆ ਹੈ ਤਾਂ ਦੋਨਾਂ ਦਾ ਜੋੜ ਕਿੱਥੇ ਹੈ? ਇਸ ਦੇ ਉਲਟ ਜੇ ਵਿਰੋਧਤਾ ਤੇ ਤਾਰੀਫ਼, ਤੁਹਾਡੇ ਲਈ ਦੋਨਾਂ ਦਾ ਮਤਲਬ ਇੱਕੋ ਹੈ ਤਾਂ ਪਾਤਸ਼ਾਹ ਹੀ ਸੁਮੱਤ ਬਖਸ਼ਣ।

ਕਾਮ-ਭੋਗ ਸਬੰਧੀ ਕੁਕਰਮੀ ਜਿਨ੍ਹਾਂ ਨੂੰ ‘ਦਸਮਗ੍ਰੰਥ’ ਰਸਤਾ ਦੇ ਰਿਹਾ ਹੈ ਉਹਨਾਂ ਲਈ ਗੁਰਬਾਣੀ ਦੇ ਫ਼ੁਰਮਾਨ ਹਨ ਹਾਥ ਕਮੰਡਲੁ ਕਾਪੜੀਆ, ਮਨਿ ਤ੍ਰਿਸਨਾ ਉਪਜੀ ਭਾਰੀ॥ ਇਸਤ੍ਰੀ ਤਜਿ ਕਰਿ ਕਾਮਿ ਵਿਆਪਿਆ, ਚਿਤੁ ਲਾਇਆ ਪਰ ਨਾਰੀ॥ ਸਿਖ ਕਰੇ ਕਰਿ ਸਬਦੁ ਨ ਚੀਨੈ, ਲੰਪਟੁ ਹੈ ਬਾਜਾਰੀ॥ ਅੰਤਰਿ ਬਿਖੁ ਬਾਹਰਿ ਨਿਭਰਾਤੀ ਤਾ ਜਮੁ ਕਰੇ ਖੁਆਰੀ(ਪੰ: ੧੦੧੩) ਅਤੇ ਸਾਚੀ ਸੁਰਤਿ ਨਾਮਿ ਨਹੀਂ ਤ੍ਰਿਪਤੇ, ਹਉਮੈ ਕਰਤ ਗਵਾਇਆ॥ ਪਰ ਧਨ ਪਰ ਨਾਰੀ ਰਤੁ ਨਿੰਦਾ, ਬਿਖੁ ਖਾਈ ਦੁਖੁ ਪਾਇਆ॥ ਸਬਦੁ ਚੀਨਿ ਭੈ ਕਪਟ ਨ ਛੂਟੇ, ਮਨਿ ਮੁਖਿ ਮਾਇਆ ਮਾਇਆ॥ ਅਜਗਰਿ ਭਾਰਿ ਲਦੇ ਅਤਿ ਭਾਰੀ, ਮਰਿ ਜਨਮੇ ਜਨਮੁ ਗਵਾਇਆ” (ਪੰ: ੧੨੫੪) ਇਸੇ ਤਰ੍ਹਾਂ ਕਾਨ ਫਰਾਇ ਹਿਰਾਏ ਟੂਕਾ॥ ਘਰਿ ਘਰਿ ਮਾਂਗੈ ਤ੍ਰਿਪਤਾਵਨ ਤੇ ਚੂਕਾ॥ ਬਨਿਤਾ ਛੋਡਿ ਬਦ ਨਦਰਿ ਪਰ ਨਾਰੀ॥ ਵੇਸਿ ਨ ਪਾਈਐ ਮਹਾ ਦੁਖਿਆਰੀ (ਪੰ: ੧੩੪੮) ਹੋਰ “ਘਰ ਕੀ ਨਾਰਿ ਤਿਆਗੈ ਅੰਧਾ॥ ਪਰ ਨਾਰੀ ਸਿਉ ਘਾਲੈ ਧੰਧਾ” (ਪੰ: ੧੧੬੪)।

ਇਹ ਪ੍ਰਮਾਣ ਹਨ ਵਿਭਚਾਰੀ ਪੁਰਖ ਲਈ ਉਪ੍ਰੰਤ ਵਿਭਚਾਰਣ ਇਸਤ੍ਰੀ ਲਈ “ਪਿਰ ਕਾ ਹੁਕਮੁ ਨ ਜਾਣਈ ਭਾਈ, ਸਾ ਕੁਲਖਣੀ ਕੁਨਾਰਿ॥ ਮਨਹਠਿ ਕਾਰ ਕਮਾਵਣੀ ਭਾਈ, ਵਿਣੁ ਨਾਵੈ ਕੂੜਿਆਰਿ” (ਪੰ: ੬੩੯) ਅਦਿ ਉਸ ਲਈ ਤਾਂ ਕੁਲਖਣੀ, ਕੁਨਾਰਿ, ਦੋਹਾਗਣੀ ਆਦਿ ਗੁਰਬਾਣੀ ਦਾ ਫ਼ੈਸਲਾ ਦੇਖ ਹੀ ਚੁੱਕੇ ਹਾਂ। ਦੂਜੇ ਪਾਸੇ ਅਚਾਣਕ ਪ੍ਰਕਟ ਕੀਤੇ ਇਸ ‘ਦਸਮਗ੍ਰੰਥ’ `ਚ ਤਾਂ ਇੱਕ ਇੱਕ ਇਸਤ੍ਰੀ ਲਈ ਭਿੰਨ ਭਿੰਨ ਮਰਦਾਂ ਨਾਲ ਸੰਭੋਗ ਦਾ ਅੰਤ ਹੀ ਨਹੀਂ; ਫ਼ਿਰ ਨਾਲ-ਨਾਲ ਰੱਟ ਲੱਗ ਰਹੀ ਹੈ ਕਿ ‘ਇਸਤ੍ਰੀ ਜਾਤ `ਤੇ ਉੱਕਾ ਯਕੀਣ ਨਾ ਕਰੋ’। ਅਜਿਹੇ ਸੱਜਨ ਦੱਸਣ ਕਿ ਕੀ ਗੁਰਬਾਣੀ ਵੀ ਇਸਤ੍ਰੀ ਸਬੰਧੀ ਅਜਿਹੇ ਘਟੀਆ ਉਪਦੇਸ਼ ਦਿੰਦੀ ਹੈ? ਜੇ ਨਹੀਂ ਦਿੰਦੀ ਤਾਂ ਕੀ ਇਹਨਾ ਦਾ ਮੁਕਾਬਲਾ ਤੁਸੀਂ ਉਸ ਸੱਚੀ ਤੇ ਸਦੀਵਕਾਲੀ ਦੇਣ ਨਾਲ ਕਰਣਾ ਚਾਹੁੰਦੇ ਹੋ ਜਿੱਥੇ ਫ਼ੁਰਮਾਨ ਹਨ “ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ” ਅਤੇ “ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ॥ ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ” (ਪੰ: ੪੭੩)।

“ਗਿਆਨ ਰਾਉ ਜਬ ਸੇਜੈ ਆਵੈ” - ਅੰਤ `ਚ ਗੱਲ ਕਰਦੇ ਹਾਂ ਤੁਹਾਡੇ ਰਾਹੀਂ ਵਰਤੀਆਂ ਜਾ ਰਹੀਆਂ ਦੋ ਤਿੰਨ ਖਾਸ ਪੰਕਤੀਆਂ ਦੀ। ਪਹਿਲਾਂ ਪੰਕਤੀ ਲੈਂਦੇ ਹਾਂ “ਗਿਆਨ ਰਾਉ ਜਬ ਸੇਜੈ ਆਵੈ ਤ ਨਾਨਕ ਭੋਗੁ ਕਰੇਈ” ਹੁਣ ਇਹ ਸਾਰਾ ਸ਼ਬਦ ਲਵੋ ਤੇ ਦੇਖੋ! “ਮਨੁ ਮੋਤੀ ਜੇ ਗਹਣਾ ਹੋਵੈ ਪਉਣੁ ਹੋਵੈ ਸੂਤ ਧਾਰੀ॥ ਖਿਮਾ ਸੀਗਾਰੁ ਕਾਮਣਿ ਤਨਿ ਪਹਿਰੈ ਰਾਵੈ ਲਾਲ ਪਿਆਰੀ॥   ॥ ਲਾਲ ਬਹੁ ਗੁਣਿ ਕਾਮਣਿ ਮੋਹੀ॥ ਤੇਰੇ ਗੁਣ ਹੋਹਿ ਨ ਅਵਰੀ॥   ॥ ਰਹਾਉ॥ ਹਰਿ ਹਰਿ ਹਾਰੁ ਕੰਠਿ ਲੇ ਪਹਿਰੈ ਦਾਮੋਦਰੁ ਦੰਤੁ ਲੇਈ॥ ਕਰ ਕਰਿ ਕਰਤਾ ਕੰਗਨ ਪਹਿਰੈ ਇਨ ਬਿਧਿ ਚਿਤੁ ਧਰੇਈ॥   ॥ ਮਧੁਸੂਦਨੁ ਕਰ ਮੁੰਦਰੀ ਪਹਿਰੈ ਪਰਮੇਸਰੁ ਪਟੁ ਲੇਈ॥ ਧੀਰਜੁ ਧੜੀ ਬੰਧਾਵੈ ਕਾਮਣਿ ਸ੍ਰੀਰੰਗੁ ਸੁਰਮਾ ਦੇਈ॥   ॥ ਮਨ ਮੰਦਰਿ ਜੇ ਦੀਪਕੁ ਜਾਲੇ ਕਾਇਆ ਸੇਜ ਕਰੇਈ॥ ਗਿਆਨ ਰਾਉ ਜਬ ਸੇਜੈ ਆਵੈ ਤ ਨਾਨਕ ਭੋਗੁ ਕਰੇਈ” (ਪੰ: ੩੫੯) ਇਥੇ ਸਾਰੇ ਸ਼ਬਦ `ਚ ਗੱਲ ਹੀ ਹੋ ਰਹੀ ਪ੍ਰ੍ਰਭੂ ਗਿਆਨ ਨਾਲ ਜੀਵਨ ਦੇ ਰੰਗੇ ਜਾਣ ਦੀ (ਸੇਜੈ ਆਵੈ)। ਅਜਿਹਾ ਜੀਵਨ ਜੋ ਇਲਾਹੀ ਗੁਣਾਂ ਨਾਲ ਭਰਪੂਰ ਹੈ ਅਤੇ ਨਾ ਹੀ ਇਥੇ ਮਨੁੱਖ ਦੀ ਸਾਂਝ ਹੈ ਇਥੇ ਤਾਂ ‘ਗਿਆਣ ਦੀ ਸਾਂਝ’ ਹੈ।

ਦੂਜਾ- “ਅਜੁ ਨ ਸੁਤੀ ਕੰਤ ਸਿਉ ਅੰਗੁ ਮੁੜੇ ਮੁੜਿ ਜਾਇ” ਹੁਣ ਇਥੇ ਵੀ ਪੂਰੀ ਪੰਕਤੀ ਪੜੋ! “ਅਜੁ ਨ ਸੁਤੀ ਕੰਤ ਸਿਉ ਅੰਗੁ ਮੁੜੇ ਮੁੜਿ ਜਾਇ”॥ ਜਾਇ ਪੁਛਹੁ ਡੋਹਾਗਣੀ ਤੁਮ ਕਿਉ ਰੈਣਿ ਵਿਹਾਇ” (ਪੰ: ੧੩੭੯) ਇਥੇ ਅਸਲ ਗੱਲ ਤਾਂ ਹੈ ਹੀ ਪਤੀ ਪ੍ਰਮੇਸ਼ਰ ਦੇ ਵਿਯੋਗ ਤੇ ਬਿਰਹਾ ਦੀ। ਉਪ੍ਰੰਤ ਜੇ ਇਸ ਨੂੰ ਦੁਨਿਆਵੀ ਤੱਲ `ਤੇ ਵੀ ਲੈ ਲਵੋ “ਤਾਂ ਵੀ ਗੱਲ ਆਪਣੇ ਕੰਤ ਨਾਲ ਸੌਣ ਤੇ ਉਸ ਦੇ ਵਿਯੋਗ-ਬਿਰਹਾ ਦੀ ਹੀ ਹੈ’। ਆਪਣੀ ਬੱਚੀ ਦੇ ਜੀਵਨ `ਚ ਜਿਸ ਸਮੇਂ ਦੀ ਪ੍ਰਾਪਤੀ ਲਈ ਤੁਸੀਂ ਵੀ ਅਰਦਾਸਾਂ ਕਰਦੇ ਹੋ। ਉਪ੍ਰੰਤ ਜਦੋਂ ਸਮਾਂ ਆ ਜਾਂਦਾ ਹੈ ਤਾਂ ਤੁਹਾਡੀਆਂ ਖੁਸ਼ੀਆਂ ਦਾ ਪਾਰਾਵਾਰ ਨਹੀਂ ਰਹਿੰਦਾ। ਉਥੇ ਤਾਂ ਤੁਸੀਂ ਗੁਰਬਾਣੀ ਆਦੇਸ਼ਾਂ ਨੂੰ ਵੀ ਵਿਸਾਰ ਕੇ ਲੋਕ-ਦਿਖਾਵੇ ਤੇ ਫੋਕੀ ਸ਼ਾਨ ਲਈ ਲਖਾਂ-ਕਰੋੜਾਂ ਉਜਾੜ ਦਿੰਦੇ ਹੋ ਅਤੇ ਸਗਨਾਂ-ਰੀਤਾਂ ਦਾ ਵੀ ਅੰਤ ਨਹੀਂ ਹੁੰਦਾ। ਕਿਉਂਕਿ ਇਥੇ ਇਹ ਤਾਂ ਪਤੀ ਦੀ ਬੇਬਹਲਤਾ `ਚ ਪਤਨੀ ਰਾਹੀਂ ਹੋ ਰਹੀ ਹੈ, ਨਾ ਕਿ ਤੁਹਾਡੇ ਅਚਾਨਕ ਪ੍ਰਕਟ ਕੀਤੇ ਉਸ ‘ਦਸਮਗ੍ਰੰਥ’ ਅਨੁਸਾਰ ਕਿਸੇ ਗ਼ੈਰਮਰਦ ਲਈ।

ਇਸ ਤੋਂ ਬਾਅਦ ਤੁਹਾਡੇ ਵਲੋਂ ਗੁਰਬਾਣੀ ਦੀ ਇੱਕ ਪੰਕਤੀ ਵਰਤੀ ਜਾਂਦੀ ਹੈ “ਗਚੁ ਜਿ ਲਗਾ ਗਿੜਵੜੀ ਸਖੀਏ ਧਉਲਹਰੀ” ਅਤੇ ਉਹ ਵੀ ਪੂਰੀ ਪੰਕਤੀ ਹੈ “ਉਤੰਗੀ ਪੈਓਹਰੀ ਗਹਿਰੀ ਗੰਭੀਰੀ॥ ਸਸੁੜਿ ਸੁਹੀਆ ਕਿਵ ਕਰੀ, ਨਿਵਣੁ ਨ ਜਾਇ ਥਣੀ॥ ਗਚੁ ਜਿ ਲਗਾ ਗਿੜਵੜੀ, ਸਖੀਏ ਧਉਲਹਰੀ॥ ਸੇ ਭੀ ਢਹਦੇ ਡਿਠੁ ਮੈ, ਮੁੰਧ ਨ ਗਰਬੁ ਥਣੀ” (ਪੰ: ੧੪੧੦) ਹੁਣ ਇਥੇ ਵੀ ਦੇਖੋ! ਇਹ ਤਾਂ ਸੰਸਾਰ ਦਾ ਅਜਿਹਾ ਸੱਚ ਹੈ ਕਿ ਜਿਉਂ ਹੀ ਬੱਚੀ ਨੂੰ ਜੁਆਨੀ ਆਉਂਦੀ ਹੈ ਤੇ ਇਸ ਨਾਲ ਜੇ ਸੁੰਦਰਤਾ ਵੀ ਹੋਵੇ ਤਾਂ ਸਾਡੇ ਸਮਾਜ ਦੀਆਂ ਬਹੁਤੀਆਂ ਬੱਚੀਆਂ ਫਿਸਲ ਜਾਂਦੀਆਂ ਹਨ; ਗੰਦਗੀ ਦੇ ਖੂਹ `ਚ ਡਿੱਗ ਪੈਂਦੀਆਂ ਹਨ ਤੇ ਇਹੀ ਹੈ ਹਰੇਕ ਸਮਾਜ ਦਾ ਵੱਡਾ ਦੁਖਾਂਤ। ਇਥੇ ਵੀ ਜੇ ਕਰ ਦੁਨਿਆਵੀ ਅਰਥਾਂ `ਚ ਹੀ ਲਵੋ ਤਾਂ ਵੀ ਗੁਰਦੇਵ ਕਹਿ ਰਹੇ ਹਨ ਕਿ ਐ ਬੱਚੀਏ! ਜੁਆਨੀ ਤੇ ਸੁੰਦਰਤਾ ਦੇ ਹੰਕਾਰ `ਚ ਜੀਵਨ ਨੂੰ ਗੰਦਾ ਨਾ ਕਰ ਕਿਉਂਕਿ ਇਹ ਯੋਵਣ ਬਹੁਤੇ ਦਿਨ ਟਿਕਣ ਵਾਲਾ ਨਹੀਂ ਬਲਕਿ ਇਸ ਤੋਂ ਤਾਂ ਉਸ ਦਾਤਾਰ ਨਾਲ ਜੁੜ ਜਿਸ ਨੇ ਤੈਨੂੰ ਜੀਵਨ ਦਾ ਇਹ ਸੁਹਾਵਣਾ ਤੇ ਮਜ਼ਬੂਤ ਸਮਾਂ ਬਖ਼ਸ਼ਿਆ ਹੈ। ਕੀ ਕ੍ਰਿਪਾ ਕਰਕੇ ਸਾਡੇ ਇਹ ‘ਦਸਮਗ੍ਰੰਥ’ ਪਰ ਮੂਲੋਂ ਬਚਿਤ੍ਰਨਾਟਕ ਦੇ ਪ੍ਰੇਮੀ ਸੱਜਨ ਦਸਣ ਗੇ ਕਿ ਇਹਨਾ `ਚੋਂ ਗੁਰਬਾਣੀ ਦੀ ਉਹ ਇੱਕ ਵੀ ਕਿਹੜੀ ਪੰਕਤੀ ਹੈ ਜਿਹੜੀ ਉੇਨ੍ਹਾਂ ਦੇ ਉਸ ਅਸ਼ਲੀਲ ਤੇ ਲੱਚਰ ਮਿਆਰ ਨਾਲ ਢੁਕਦੀ ਹੈ ਜਾਂ ਤੇ ਉਸ `ਤੇ ਪੂਰੀ ਉਤਰਦੀ ਹੋਵੇ। #185s010.02s010#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮਤਿ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਨਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 185

ਕਾਮ ਦਾ

ਆਦਰਸ਼ਕ ਅਤੇ ਵਿਭਚਾਰਕ ਪੱਖ

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org




.