.

ਗੁਰਬਾਣੀ ਦਾ ਸੱਚ

(ਕਿਸ਼ਤ ਨੰ: 16)

ਗੁਰਬਾਣੀ ਦਾ ਸੱਚ (ਸੱਚ-ਖੰਡ)

ਜਪੁਜੀ ਦੀ 37ਵੀਂ ਪਉੜੀ ਵਿੱਚ ਆਈ ਇਸ ਪੰਗਤੀ ਨੂੰ “ਸਚ ਖੰਡਿ ਵਸੈ ਨਿਰੰਕਾਰੁ” ਨੂੰ ਆਧਾਰ ਬਣਾ ਕੇ ਕਈ ਸੱਜਣ ਇਹ ਕਹਿੰਦੇ ਹਨ ਕਿ ਗੁਰੂ ਨਾਨਕ ਸਾਹਿਬ ਨੇ ‘ਸਚਖੰਡ’ ਵਿੱਚ ਨਿਰੰਕਾਰ ਦੇ ਟਿਕਾਣੇ ਦਾ ਆਪ ਪਤਾ ਦਿੱਤਾ ਹੈ। ਪਰੰਤੂ ਇਸ ਪਉੜੀ ਵਿੱਚ ਗੁਰੂ ਨਾਨਕ ਸਾਹਿਬ ਨੇ ਅਕਾਲ ਪੁਰਖ ਦੇ ਟਿਕਾਣੇ ਦਾ ਨਹੀਂ ਸਗੋਂ ਆਤਮਕ ਅਵਸਥਾ ਦੀ ਉਚਤਮ ਦਸ਼ਾ ਦਾ ਵਰਣਨ ਕਰਦਿਆਂ ਹੋਇਆਂ ਇਸ ਨੂੰ ਹੀ ਸੱਚਖੰਡ ਆਖਿਆ ਹੈ। ਇਸ ਗੱਲ ਨਾਲ ਲਗਭਗ ਸਾਰੇ ਹੀ ਟੀਕਾਕਾਰ ਸਹਿਮਤ ਹਨ ਕਿ ਜਪੁ ਬਾਣੀ ਦੀਆਂ ਇਨ੍ਹਾਂ ਚਾਰ ਪਉੜੀਆਂ (34 ਤੋਂ 37 ਤਕ) ਵਿੱਚ ਗੁਰੂ ਨਾਨਕ ਸਾਹਿਬ ਨੇ ਆਤਮਕ ਚੜ੍ਹਾਈ ਦੀਆਂ ਪੰਜ ਅਵੱਸਥਾਵਾਂ ਦਾ ਵਰਣਨ ਕੀਤਾ ਹੈ। ਇਨ੍ਹਾਂ ਆਤਮਕ ਅਵਸਥਾਵਾਂ ਨੂੰ ਖੰਡ ਆਖਿਆ ਹੈ। ਇਹ ਖੰਡ ਹਨ: ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ ਅਤੇ ਸੱਚ-ਖੰਡ। ਸੱਚ-ਖੰਡ ਨੂੰ ਆਤਮਕ ਅਵਸਥਾ ਦੇ ਰੂਪ ਵਿੱਚ ਦਰਸਾਇਆ ਹੈ ਨਾ ਕਿ ਕਿਸੇ ਸਥਾਨ ਦੇ ਰੂਪ ਵਿਚ। ਪਾਠਕਾਂ ਦੇ ਗਿਆਤ ਲਈ ਕੁੱਝ ਕੁ ਵਿਦਵਾਨਾਂ ਵਲੋਂ ਇਸ ਪੰਗਤੀ ਦੇ ਕੀਤੇ ਹੋਏ ਅਰਥ ਲਿਖ ਰਹੇ ਹਾਂ, ਤਾਂ ਕਿ ਪਾਠਕ ਇਸ ਗੱਲ ਤੋਂ ਭਲੀ ਪ੍ਰਕਾਰ ਜਾਣੂੰ ਹੋ ਸਕਣ।
ਭਾਈ ਵੀਰ ਸਿੰਘ ਜੀ ਇਸ ਪੰਗਤੀ ਦੇ ਅਰਥ ਕਰਦੇ ਹੋਏ ਲਿਖਦੇ ਹਨ, “ਸਚ ਖੰਡ ਵਿੱਚ ਆਕਾਰ ਤੋ ਰਹਿਤ (ਅਕਾਲ ਪੁਰਖ ਆਪ) ਵਸਦਾ ਹੈ (ਜੋ) ਰਚੀ ਹੋਈ ਨੂੰ ਵੇਖਦਾ ਸੰਭਾਲਦਾ ਹੈ ਤੇ ਕ੍ਰਿਪਾ ਦ੍ਰਿਸ਼ਟੀ ਨਾਲ ਨਿਹਾਲ ਕਰਦਾ ਹੈ।” ਭਾਈ ਸਾਹਿਬ ਸੱਚ-ਖੰਡ ਬਾਰੇ ਫੁਟ ਨੋਟ ਵਿੱਚ ਲਿਖਦੇ ਹਨ, “ਨਿਰੰਕਾਰ ਸਾਰੇ ਹੈ, ਨਿਰੰਕਾਰ ਅਨੰਤ ਹੈ, ਅਨੰਤ ਹਰ ਥਾਂ ਹੈ। ਸੋ ਉਸ ਦਾ ਸਚਖੰਡ ਵਖਰੇ ਦੇਸ ਵਿੱਚ ਨਹੀਂ, ਉਸ ਦੇ ਸਚਖੰਡ ਵਿੱਚ ਹੈਨ ਸਾਰੇ ਖੰਡ, ਮੰਡਲ, ਬ੍ਰਹਮੰਡ, ਲੋਕ ਤੇ ਆਕਾਰ।” (ਪੰਜ ਗ੍ਰੰਥੀ ਸਟੀਕ-ਭਾਈ ਸਾਹਿਬ ਭਾਈ ਵੀਰ ਸਿੰਘ ਜੀ)
ਪ੍ਰਿੰਸੀਪਲ ਸਤਿਬੀਰ ਸਿੰਘ ਹੁਰਾਂ ਨੇ ਇਸ ਸਬੰਧ ਵਿੱਚ ਲਿਖਿਆ ਹੈ: ਸੱਚ ਖੰਡ, ਉਸ ਦੀ ਹੋਂਦ ਨੂੰ ਅੰਦਰ ਦੇਖ ਲੈਣ ਵਾਲੀ ਅਵੱਸਥਾ ਹੈ। ਉਸ ਦਾ ਨਿਰਆਕਾਰ ਰੂਪ ਅੰਦਰ ਟਿਕ ਜਾਂਦਾ ਹੈ। ਇਹ ਪ੍ਰਤੱਖ ਦਿੱਸ ਜਾਂਦਾ ਹੈ ਕਿ ਵਾਹਿਗੁਰੂ ਸ੍ਰਿਸ਼ਟੀ ਦੀ ਰਚਨਾ ਕਰ ਕੇ ਉਸ ਦੀ ਸੰਭਾਲ ਵੀ ਚਾਅ ਨਾਲ ਕਰਦਾ ਹੈ। (ਅਨਾਦਿ ਅਨਾਹਤਿ-ਜਪੁ ਤੇ ਉਹਦੇ ਪੱਖ)
ਪਰੋਫੈਸਰ ਸਾਹਿਬ ਸਿੰਘ ਹੁਰਾਂ ਨੇ ਇਸ ਪੰਗਤੀ ਦਾ ਅਰਥ ਇਸ ਤਰ੍ਹਾਂ ਕੀਤਾ ਹੈ: ਸੱਚ ਖੰਡ ਵਿੱਚ (ਭਾਵ, ਅਕਾਲ ਪੁਰਖ ਨਾਲ ਇੱਕ ਰੂਪ ਹੋਣ ਵਾਲੀ ਅਵਸਥਾ ਵਿਚ) ਮਨੁੱਖ ਦੇ ਅੰਦਰ ਉਹ ਅਕਾਲ ਪੁਰਖ ਆਪ ਹੀ ਵੱਸਦਾ ਹੈ।
ਸੰਪਰਦਾਈ ਵਿਦਵਾਨ ਇਸ ਪੰਗਤੀ ਦਾ ਅਰਥ ਕਰਦੇ ਹਨ, “ਹੇ ਸਿੱਧੋ! ਉਹ ਨਿਰੰਕਾਰ ਪਰਮਾਤਮਾ ਪ੍ਰਤੱਖ ਸੱਚ ਖੰਡ, ਵਾ-ਸਤਿਸੰਗ ਰੂਪ ਸੱਚਖੰਡ ਵਿੱਚ ਵਸਦਾ ਹੈ।
ਦੂਜਾ ਅਰਥ: ਸੱਚਾ ਜੋ ਨਿਰੰਕਾਰ ਹੈ ਖੰਡਿ=ਭੇਦ ਤੋਂ ਰਹਿਤ, ਉਸ ਵਿਖੇ ਵੱਡੇ ਵੱਡੇ ਭਗਤ ਲੋਕ ਵਸਦੇ ਹਨ। (ਸੰਪਰਦਾਈ ਟੀਕਾ ਆਦਿ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ –ਟੀਕਾਕਾਰ –ਸੰਤ ਕਿਰਪਾਲ ਸਿੰਘ ਜੀ)
ਭਾਂਵੇ ਗੁਰੂ ਗ੍ਰੰਥ ਸਾਹਿਬ ਵਿੱਚ ‘ਸੱਚ-ਖੰਡ’ ਸ਼ਬਦ ਸੁਰਗ ਆਦਿ ਦਾ ਸਮਾਨਾਰਥ/ਪ੍ਰਯਾਯਵਾਚੀ ਦੇ ਰੂਪ ਵਿੱਚ ਨਹੀਂ ਆਇਆ ਹੈ ਪਰੰਤੂ ਫਿਰ ਵੀ ਕਈ ਸਿੱਖ ਵਿਦਵਾਨ ‘ਸਚ-ਖੰਡ’ ਦੀ ਸੁਰਗ ਆਦਿ ਵਾਂਗ ਭੂਗੋਲਿਕ ਹੋਂਦ ਮੰਨਦੇ ਹਨ। ਹਾਂ, ਇਹ ਗੱਲ ਜ਼ਰੂਰ ਹੈ ਕਿ ‘ਸੱਚਖੰਡ’ ਦੀ ਸਥਾਨਗਤ ਹੋਂਦ ਮੰਨਣ ਵਾਲੇ’ ‘ਸੱਚਖੰਡ’ ਵਿੱਚ ‘ਸੁਰਗ ਲੋਕ’ ਵਾਂਙ ਨਾਨਾ ਪ੍ਰਕਾਰ ਦੇ ਐਸ਼-ਅਰਾਮ ਆਦਿ ਬਾਰੇ ਚਰਚਾ ਨਹੀਂ ਕਰਦੇ। ਜਨਮ ਸਾਖੀਆਂ ਅਤੇ ਇਨ੍ਹਾਂ ਸਾਖੀਆਂ ਨੂੰ ਆਧਾਰ ਬਣਾਉਣ ਵਾਲੇ ਲੇਖਕਾਂ (ਸੂਰਜ ਪ੍ਰਕਾਸ਼ ਆਦਿ) ਦੀਆਂ ਲਿਖਤਾਂ ਵਿੱਚ ‘ਸੱਚਖੰਡ’ ਬਾਰੇ ਵੇਰਵੇ ਮਿਲਦੇ ਹਨ। ਇਨ੍ਹਾਂ ਲੇਖਕਾਂ ਨੇ ‘ਸੱਚ-ਖੰਡ’ ਸਬੰਧੀ ਜੋ ਵੇਰਵਾ ਦਿੱਤਾ ਹੈ, ਉਹ ਇਨ੍ਹਾਂ ਲੇਖਕਾਂ ਦੀ ਆਪਣੀ ਹੀ ਕਲਪਣਾ ਦੇ ਸਿੱਟੇ `ਤੇ ਆਧਾਰਤ ਹੈ। ‘ਕਲਪਣਾ’ ਸ਼ਬਦ ਇਸ ਲਈ ਲਿਖਣ ਦੀ ਗ਼ੁਸਤਾਖੀ ਕਰ ਰਹੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ‘ਸੱਚ-ਖੰਡ’ ਬਾਰੇ ਅਜਿਹਾ ਕਿਧਰੇ ਵੀ ਵਰਣਨ ਨਹੀਂ ਕੀਤਾ ਹੋਇਆ ਹੈ। ਜਨਮ ਸਾਖੀਆਂ ਆਦਿ ਵਿੱਚ ‘ਸੱਚ-ਖੰਡ’ ਦੀ ਭੂਗੋਲਿਕ ਕਲਪਣਾ ਕਰ ਕੇ, ਜਿਹੋ ਜੇਹਾ ਅਕਾਲ ਪੁਰਖ ਦਾ ਸਰੂਪ ਦਰਸਾਇਆ ਹੈ, ਗੁਰਬਾਣੀ ਦਾ ਸੱਚ ਉਸ ਦੀ ਪ੍ਰੋੜਤਾ ਨਹੀਂ ਕਰਦਾ।
ਜਨਮ ਸਾਖੀ ਸਾਹਿਤ ਦੀਆਂ ਜਿਵੇਂ ਬਹੁਤ ਸਾਰੀਆਂ ਉਨ੍ਹਾਂ ਗੱਲਾਂ ਨੂੰ ਵੀ ਅਸੀਂ ਚੇਤ-ਅਚੇਤ ਰੂਪ ਵਿੱਚ ਸਵੀਕਾਰ ਕਰ ਲਿਆ ਹੈ, ਜਿਨ੍ਹਾਂ ਵਿੱਚ ਗੁਰਮਤਿ ਸਿਧਾਂਤਾਂ ਦੀ ਘੋਰ ਉਲੰਘਣਾ ਕੀਤੀ ਹੋਈ ਹੈ, ਉਸੇ ਤਰ੍ਹਾਂ ‘ਸੱਚ-ਖੰਡ’ ਵਾਲੀ ਧਾਰਨਾ ਨੂੰ ਵੀ ਪ੍ਰਵਾਨ ਕਰ ਲਿਆ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸੱਚ ਨੂੰ ਮੰਨਨਾ ਹੈ ਨਾ ਕਿ ਜਨਮ ਸਾਖੀਆਂ ਅਤੇ ਇਨ੍ਹਾਂ ਦੀ ਹੀ ਤਰਜ਼ `ਤੇ ਲਿਖੀਆਂ ਹੋਈਆਂ ਲੇਖਕਾਂ ਦੀਆਂ ਲਿਖਤਾਂ ਨੂੰ। ਹੇਠਾਂ ‘ਸੱਚਖੰਡ’ ਬਾਰੇ ਜਨਮ ਸਾਖੀਆਂ ਅਤੇ ਇਨ੍ਹਾਂ ਜਨਮ ਸਾਖੀਆਂ ਨੂੰ ਆਧਾਰ ਬਣਾ ਕੇ ਲਿਖੀਆਂ ਹੋਈਆਂ ਪੁਸਤਕਾਂ ਵਿਚੋਂ ਟੂਕ-ਮਾਤਰ ਲਿਖਤਾਂ ਦਾ ਵਰਣਨ ਕਰ ਰਹੇ ਹਾਂ। ਇਹ ਵਰਣਨ ਕੇਵਲ ਇਸ ਖ਼ਿਆਲ ਨਾਲ ਕਰ ਰਹੇ ਹਾਂ ਤਾਂ ਕਿ ਪਾਠਕ ਇਹ ਦੇਖ ਸਕਣ ਕਿ ਪੁਰਾਣ ਲੇਖਕਾਂ ਵਾਂਙ ਸਾਡੇ ਇਨ੍ਹਾਂ ਲੇਖਕਾਂ ਨੇ ਵੀ ਕਿਸ ਤਰ੍ਹਾਂ ਕਲਪਣਾ ਦੀਆਂ ਉਡਾਰੀਆਂ ਮਾਰਦਿਆਂ ਹੋਇਆਂ ‘ਸੱਚ-ਖੰਡ’ ਅਤੇ ਅਕਾਲ ਪੁਰਖ ਦੇ ਸਰੂਪ ਬਾਰੇ ਆਪਣੀਆਂ ਲਿਖਤਾਂ ਵਿੱਚ ਵੇਰਵੇ ਦਿੱਤੇ ਹੋੲੋੇ ਹਨ।
ਭਾਈ ਬਾਲੇ ਵਾਲੀ ਜਨਮ ਸਾਖੀ ਦਾ ਲੇਖਕ ਇਸ ਸਬੰਧ ਵਿੱਚ ਲਿਖਦਾ ਹੈ, “ਤਾਂ ਗੁਰੁ ਨਾਨਕ ਜੀ ਧੁਰ ਸੱਚਖੰਡ ਦਰਬਾਰ ਮੇਂ ਜਾਇ ਪਹੁੰਚੇ ਜਹਾਂ ਬਡਾ ਪ੍ਰਕਾਸ਼ ਹੈ ਪ੍ਰਕਾਸ਼ ਰੂਪ ਤਖਤ ਕੇ ਉਪਰ ਸਤ ਨਿਰੰਕਾਰ ਜੋਤੀ ਸਰੂਪ ਬੈਠੇ ਹੈਂ ਸੰਪੂਰਨ ਭਗਤ ਅਵਤਾਰ ਹਾਥ ਜੋੜਕੇ ਕਰ ਖੜੇ ਹੈਂ ਅਤੇ ਬਾਬਾ ਨਾਨਕ ਜੀ ਨੇ ਓਹ ਜੋ ਕੋਟਾਨ ਸੂਰਜ ਕੇ ਸਮਾਨ ਪ੍ਰਕਾਸ਼ ਹੈ ਕੋਟਾਨ ਚੰਦ੍ਰਮਾਂ ਜੈਸਾ ਸੀਤਲ ਇਸ ਕਾ ਪ੍ਰਕਾਸ਼ ਹੈ ਉਸ ਸਚੇ ਪ੍ਰਕਾਸ਼ ਵਿਖੇ ਪਰਵੇਸ਼ ਕੀਆ ਉਸ ਜੋਤ ਰੂਪ ਭਗਵਾਨ ਕੀ ਉਸਤਤ ਕਰੀ ਔਰ ਆਗੇ ਸਤ ਸਰੂਪ ਨਿਰੰਕਾਰ ਵਿਸ਼ਨੂੰ ਜੀ ਬਿਰਾਜਮਾਨ ਹੈਂ. .
ਮਰਦਾਨੇ ਕਹਿਆ ਸੁਆਮੀ ਜੀ ਅਸੀਂ ਪ੍ਰਿਥਵੀ ਤੋਂ ਕਿਤਨੇ ਜੋਜਨ (ਚਾਰ ਕੋਹ ਪ੍ਰਮਾਣ) ਆਏ ਹਾਂ ਤਾਂ ਗੁਰੁ ਨਾਨਕ ਜੀ ਕਹਿਆ ਮਰਦਾਨਾ ਚਾਲੀ ਲੱਖ ਜੋਜਨ ਉਚੇ ਆਏ ਹਾਂ ਤੇ ਧ੍ਰੂਅ ਭਗਤ ਉਨਤਾਲੀ ਲੱਖ ਜੋਜਨ ਹੈ ਅਤੇ ਸ੍ਰੀ ਨਿਰੰਕਾਰ ਜੀ ਕਾ ਆਸਨ ਇੱਕ ਲੱਖ ਜੋਜਨ ਧ੍ਰੂਅ ਸੇ ਪਰੇ ਹੈ ਫੇਰ ਮਰਦਾਨੇ ਕਹਿਆ ਜੀ ਉਸ ਤੋਂ ਪਰੇ ਵੀ ਕੁਛ ਹੈ ਤਾਂ ਸ੍ਰੀ ਗੁਰੁ ਜੀ ਕਹਿਆ ਮਰਦਾਨਾ ਪਰਮੇਸ਼ਰ ਦਾ ਸ਼ੁਮਾਰ ਨਹੀਂ ਹੈ ਓਹ ਬੇਸ਼ੁਮਾਰ ਹੈ ਅਤੇ ਜੋ ਕਰਤਾਰ ਸਾਨੂੰ ਦਿਖਾਯਾ ਹੈ ਸੋ ਕੁਛ ਦੇਖਿਆ ਹੈ। (ਜਨਮ ਸਾਖੀ ਭਾਈ ਬਾਲੇ ਵਾਲੀ?)
ਪੁਰਾਤਨ ਜਨਮ ਸਾਖੀ ਅਨੁਸਾਰ, “ਤਿਉ ਆਗਿਆ ਪਰਮੇਸਰ ਦੀ ਹੋਈ ਜੁ ਸੇਵਕੁ ਹੁਕਮੁ ਨਾਲ ਦਰਗਾਹਿ ਲੈ ਗਏ। ਸੇਵਕਾਂ (ਨਿਰੰਕਾਰ ਅਗੇ) ਜਾਇ ਅਰਜ ਕੀਤਾ ਜੋ, “ਨਾਨਕ ਹਾਜਰ ਹੈ।” ਤਬ ਸਚੀ ਦਰਗਾਹਿ ਦਰਸਨ ਹੋਇਆ। …ਆਗਿਆ ਪਰਮੇਸਰ ਕੀ ਹੋਈ। ਤਬ ਬਾਬਾ ਨਾਨਕ ਦਰੀਆਉ ਵਿੱਚ ਪਇਆ ਆਹਾ। ਸੇਵਕਾਂ ਅਰਜ ਕੀਤਾ ਜੁ “ਨਾਨਕੁ ਸੇਵਕੁ ਹਾਜਰ ਹੈ।” ਤਬ ਦੁਧੁ ਕਾ ਕਟੋਰਾ ਭਰਿ ਕਰਿ ਮਿਲਿਆ,’ ‘ਏਹੁ ਦੁਧੁ ਨਾਹੀ ਮੇਰੇ ਨਾਮੁ ਕਾ ਪਿਆਲਾ ਹੈ। ਤੂੰ ਪੀਉ।” ਤਬ ਬਾਬੇ ਤਸਲੀਮੁ ਕੀਤੀ। ਅਤੇ ਪਿਆਲਾ ਪੀਤਾ।”
“ਜਦ ਗੁਰੁ ਜੀ ਨੇ ਵੇਈਂ ਵਿੱਚ ਡੁਬਕੀ ਲਾਈ ਤਦ ਵਰੁਣ ਦਿਉਤਾ ਉਨ੍ਹਾਂ ਨੂੰ ਵਾਹਿਗੁਰੂ ਦੇ ਹੁਕਮ ਅਨੁਸਾਰ ਸਚਖੰਡ ਵਿੱਚ ਲੈ ਗਿਆ ਜਿੱਥੇ ਬ੍ਰਹਮਾ, ਬਿਸ਼ਨ, ਸ਼ਿਵ, ਇੰਦਰ, ਕੁਬੇਰ, ਬਯਾਸ ਨਾਰਦ, ਸਨਕਾਦਿਕ, ਰਾਮ ਕ੍ਰਿਸ਼ਨ, ਜਰਦਸਤ, ਈਸਾ, ਮੁਸਾ, ਮੁਹੰਮਦ ਆਦਿਕ ਅਨੇਕਾਂ ਹੀ ਮੰਗਤਿਆਂ ਵਾਂਗ ਖਲੋਤੇ ਹੈਨ ਅਤੇ ਇੱਕ ਮਹਾਂ ਪੁਰਖ ਅੰਦਰੋਂ ਆਇਆ ਅਤੇ ਬਾਬਾ ਜੀ ਨੂੰ ਅਕਾਲ ਪੁਰਖ ਦੇ ਹਜ਼ੂਰ ਲੈ ਗਿਆ ਤਾਂ ਕ੍ਰੋੜਾਂ ਹੀ ਬਿਜਲੀਆਂ ਨਾਲੋਂ ਵਧ ਤੇਜ ਨੂਰ ਹੀ ਨੂਰ ਦਿਸਿਆ।” (ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਨਿਰੰਕਾਰੀ ਚਮਤਕਾਰ-ਪ੍ਰਕਾਸ਼ਕ ਭਾਈ ਉਤਮ ਸਿੰਘ ਗੁਰਬਚਨ ਸਿੰਘ)
ਭਾਈ ਸੰਤੋਖ ਸਿੰਘ ਸ਼੍ਰੀ ਗੁਰ ਨਾਨਕ ਪ੍ਰਕਾਸ਼ ਵਿੱਚ ਇਸ ਸਬੰਧ ਵਿੱਚ ਚਰਚਾ ਕਰਦਿਆਂ ਹੋਇਆਂ ਲਿਖਦੇ ਹਨ:
“ਏਕ ਸਮੈ ਜਲਈਸ਼ੁਰ (ਵਰੁਣ ਦੇਵਤਾ) ਕੋ ਸੁਖਰਾਸ ਅਕਾਸ਼ ਭਈ ਬਾਨੀ॥’ ਨਾਨਕ ਪਾਸ ਹੁਲਾਸਯ ਸੋਂ ਪਠਵੋ ਤੁਮ ਜਾ ਸੁ ਰਿਦੇ ਸੁਖ ਦਾਨੀ’ ਕਾਨ ਸੁਨੀ ਮਨ ਮਾਨ ਗੁਨੀ ਭਈ ਦੇਹਿ ਦੁਨੀ ਤਰੁ ਜਯੋਂ ਮਿਲਪਾਨੀ॥ ਦੇਹਿ ਧਰੀ ਕਰਤਾਰ ਹਰੀ ਬਿਧਿ ਹੋਇ ਖਰੀ ਪਰਸੋਂ ਗਤਿਦਾਨੀ (ਗੁਰੂ ਨਾਨਕ ਸਾਹਿਬ)॥ …ਬਾਰਿ ਵਿਖੇ ਇੱਕ ਬਾਰ ਕਿਯੋ ਬਪੁ ਆਨਿ ਪਤਿਬਾਰਿ ਅਗਾਰੀ॥ ਆਨਂਦ ਕੰਦ ਪਦੰ ਅਰਬਿੰਦ ਦੁਊ ਕਰ ਬੰਦਿ ਹੈ ਬੰਦਨ ਧਾਰੀ॥ . . ਬਾਨੀ ਅਕਾਸ਼ ਭਈ ਸੁਖਰਾਸ ਕੀ ਜਾਵਹੁ ਪਾਸ ਅਬੈ ਕਰਤਾਰਾ॥ ਸ਼੍ਰੀ ਸਚੁ ਖੰਡ ਅਖੰਡ ਸਦਾ ਭਵ ਮੰਡਨ ਬਾਸ ਜਹਾਂ ਸੁਖ ਭਾਰਾ॥ . . ਯੌਂ ਕਹਿ ਬੈਨ ਗਏ ਗਤਿ ਦੈਨ ਗੁਰੂ ਗੁਨ ਐਨ ਜਹਾਂ ਦਰਬਾਰਾ॥” (ਪੁਰਬਾਰਧ ਅਧਯਾਯ 28)
ਭਾਈ ਸੰਤੋਖ ਸਿੰਘ ਜੀ ਜਦ ਗੁਰੂ ਨਾਨਕ ਸਾਹਿਬ ਜੀ ਦੇ ਦੂਜੀ ਵਾਰ (ਉਦਾਸੀਆਂ ਦੇ ਸਮੇਂ) ‘ਸੱਚ-ਖੰਡ’ ਜਾਣ ਦਾ ਵਰਣਨ ਕਰਦੇ ਹਨ, ਤਦ ਕਿਸੇ ਵਰੁਣ ਦੇਵਤੇ ਦਾ ਵਰਣਨ ਨਹੀਂ ਕਰਦੇ। ਭਾਈ ਸਾਹਿਬ ਅਨੁਸਾਰ ਇਸ ਸਮੇਂ ਹਜ਼ੂਰ ਅਕਾਲ ਪੁਰਖ ਦੇ ਬੁਲਾਵੇ ਤਾਂ ਨਹੀਂ ਸਗੋਂ ਆਪ ਹੀ ਪ੍ਰਭੂ ਨੂੰ ਮਿਲਣ ਲਈ ‘ਸੱਚ-ਖੰਡ’ ਗਏ। ਭਾਈ ਸੰਤੋਖ ਸਿੰਘ ਹੁਰਾਂ ਨੇ ਭਾਈ ਬਾਲੇ ਵਾਲੀ (?) ਜਨਮ ਸਾਖੀ ਦੇ ਆਧਾਰਤ ਹੀ ‘ਸੱਚ-ਖੰਡ’ ਦਾ ਵੇਰਵਾ ਦਿੱਤਾ ਹੈ। ਭਾਈ ਸੰਤੋਖ ਸਿੰਘ ਲਿਖਦੇ ਹਨ, “ਪੁਨ ਆਵਾ ਸ਼੍ਰੀ ਪ੍ਰਭੁ ਦਰਬਾਰਾ। ਕੋਟ ਸੂਰ ਸਮ ਜਗਮਗਕਾਰਾ। ਮਰਕਤਿ (ਪੰਨੇ; ਨੀਲਮ) ਪਦਮਰਾਗ (ਲਾਲ ਮਣੀਆਂ) ਬਿਭਾਰੀ। ਮੀਨਾਕਾਰ ਜਹਾਂ ਗਚਕਾਰੀ। 17. ਹਾਟਕ (ਸੋਨੇ) ਫਟਕ (ਬਿਲੌਰ) ਪ੍ਰਵਾਲਨ (ਗੁਲੀਆਂ ਦੇ) ਥੰਭਾ। ਜਿਨ ਬਿਲੋਕਿ ਮਨ ਹੋਤਿ ਅਚੰਭਾ। ਹਰਿਤ ਮਣਿਨ ਮਾਣਿਕ ਬਿਚਿ ਹੀਰੇ। ਬਿਰਚੇ (ਬਣਾਏ) ਕੋਰ ਕਾਢਿ ਸੁਠ ਚੀਰੇ। 18. ਮੁਕਤਾ ਮਾਲਨ ਝਾਲਰ ਝਾਈ। ਦੂਸਰ ਦਿਪਹਿ ਤਿਨਹਿ ਕੀ ਨਯਾਈ। ਚੀਰ ਪਰੋਜਨ ਰਚੇ ਸਰੋਜਾ। ਜਿਨਹਿਂ ਬਿਲੋਕਿ ਲਜਾਇ ਮਨੋਜਾ (ਕਾਮਦੇਵ)। 19. ਮੇਚਕ ਮਣਿ ਕੇ ਭ੍ਰਿੰਗੁ ਬਨਾਏ। ਰਚੇ ਰੁਚਿਰ ਛਬਿ ਕੌਨ ਗਨਾਏ। ਬੀਚ ਬਚਿੱਤ੍ਰ ਬਿਤਾਨ ਬਨਾਵਾ। ਲਗੀ ਡੋਰ ਮਖ਼ਤੂਲ ਸੁਹਾਵਾ। 20. ਸੱਚਖੰਡ ਕੀ ਉਪਮਾ ਜੋਈ। ਉਚਰਿ ਸਕੇ ਅਸ ਕਵਿ ਨਹਿਂ ਕੋਈ। ਜਹਿਂ ਕੁੰਠਤਿ (ਸੰਕੁਚਿਤ) ਹੁਵੈ ਹੈ ਮਨ ਬਾਨੀ। ਕੈਸੇ ਪਰੈ ਤਾਸ ਗਤਿ ਜਾਨੀ। 21.
ਇਸੇ ਪ੍ਰਸੰਗ ਵਿੱਚ ਫਿਰ ਆਪ ਲਿਖਦੇ ਹਨ, “ਮਨ ਠਹਿਰਾਵਨ ਹੇਤੁ ਸੁਖਾਰੇ। ਕਹੌਂ ਰੁਚਿਰਤਾ ਕਛੁਕ ਸੁਧਾਰੇ। ਸਬਜ਼ ਸ਼ਯਾਮ ਮਣਿ ਰੰਗ ਅਨੇਕਾ। ਪਦਮਰਾਗ (ਲਾਲ ਮਣੀਆਂ) ਕੋ ਕਰੈ ਬਿਬੇਕਾ। 22. ਫਰਸ਼ ਰੁਚਿਰ ਕਿਯ ਅਜਰ ਮਝਾਰੀ। ਅਦਭੁਤ ਦੇਖਤਿ ਹੀ ਮਨੁਹਾਰੀ। ਮੱਧ ਸਿੰਘਾਸਨ ਸੁੰਦਰ ਸੋਹੈ। ਭਾਨੁ ਅਨਿਕ ਨ ਪਟੰਤਰ ਕੋ ਹੈ। 23. ਸਦਾ ਸੱਚਦਾ ਨੰਦ ਕ੍ਰਿਪਾਲਾ। ਜਨੁ ਸੋਹੈ ਘਨ ਸੁਖਦ ਅਕਾਲਾ. .
ਇਸ ਤੋਂ ਅੱਗੇ ਭਾਈ ਸੰਤੋਖ ਸਿੰਘ ਨੇ ਅਕਾਲ ਪੁਰਖ ਦੀ ਸਰੀਰਕ ਡੀਲ-ਡੌਲ ਦਾ ਵਰਣਨ ਕੀਤਾ ਹੈ ਕਿ ਉਸ ਪ੍ਰਭੂ ਦੀਆਂ, “ਸੁੰਦਰ ਜੰਘ ਸਰਸ ਕਦਲੀ ਕੀ (ਕੇਲੇ ਵਰਗੀਆਂ)। ਚਲਿਤ ਲਲਿਤ ਗਤਿ ਭਾਵਤਿ ਜੀ ਕੀ। ਪ੍ਰਿਥੁਲ (ਚੌੜੇ) ਨਿਤੰਬ (ਪੱਟ) ਪੀਤ ਕਟ (ਲੱਕ ਨਾਲ) ਧੋਤੀ। ਛੁਦ੍ਰ ਘੰਟਿਕਾ (ਤੜਾਗੀ) ਮਣਿਮਯ ਜੋਤੀ। ਆਦਿ
ਭਾਈ ਸਾਹਿਬ ਦਾ ਪ੍ਰਭੂ ਦੀ ਸਰੀਰਕ ਬਣਤਰ ਬਾਰੇ ਇਹ ਵਰਣਨ ਕਿੰਨਾ ਕੁ ਗੁਰਬਾਣੀ ਦੇ ਆਸ਼ੇ ਦੇ ਅਨੁਕੂਲ ਹੈ, ਪਾਠਕ ਜਨ ਖ਼ੁਦ ਹੀ ਅੰਦਾਜ਼ਾ ਲਗਾ ਸਕਦੇ ਹਨ।
ਭਾਈ ਸੰਤੋਖ ਸਿੰਘ ਹੁਰਾਂ ਨੇ ਜਨਮ ਸਾਖੀਆਂ ਤੋਂ ਭਿੰਨ ਇੱਕ ਹੋਰ ਗੱਲ ਦਾ ਵਰਣਨ ਵੀ ਕੀਤਾ ਹੈ। ਉਹ ਇਹ ਕਿ ਅਕਾਲ ਪੁਰਖ ਨੇ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਕਿ, “ਜਗ ਪ੍ਰਗਟੇ ਤੁਮ ਦੰਭ ਬਿਦਾਰਨ। ਸੋ ਕਾਰਜ ਸਭਿ ਹੀ ਕਰਿ ਆਏ। ਕਿਧੋਂ ਰਹਯੋ ਕਰਨੋ ਕਿਤ ਥਾਏ?” ਗੁਰੂ ਨਾਨਕ ਸਾਹਿਬ ਉੱਤਰ ਵਿੱਚ ਕਹਿੰਦੇ ਹਨ, “ਸ੍ਰੀ ਅਕਾਲ ਤੇ ਅਸ ਪ੍ਰਕਾਰ ਕੇ ਬੈਨ। ਬੋਲੇ ਸ਼੍ਰੀ ਨਾਨਕ ਤਬੈ ਜੇ ਸਿੱਖਨ ਸੁਖ ਦੈਨ। 46. ਹੁਤੇ ਅਠਾਰਹ ਸਾਗਰ ਟਾਪੂ। ਪਸਰ ਰਹਯੋ ਤਹਿਂ ਨਾਮ ਪ੍ਰਤਾਪੂ। ਜੰਬੂ ਦੀਪ ਬਿਖੈ ਬਹੁ ਥਾਈਂ। ਪਸਰੀ ਭਗਤਿ ਮਹਾਂ ਸੁਖਦਾਈ। 47. ਅਬ ਨਵ ਖੰਡਨ ਜਾਇ ਬਹੋਰੀ। ਦੈ ਉਪਦੇਸ਼ ਕਟੌਂ ਦੁਖ ਘੋਰੀ। ਸਪਤ ਦੀਪ ਮਹਿਂ ਨਾਮ ਪ੍ਰਤਾਪਾ। ਸੁਨਿ ਕਰਿ ਸ਼ਬਦਿ ਕਰਹਿਂਗੇ ਜਾਪਾ। 48.” (ਸ਼੍ਰੀ ਗੁਰ ਨਾਨਕ ਪ੍ਰਕਾਸ਼-ਪੂਰਬਾਰਧ ਅਧਯਾਯ 73)
ਸ੍ਰੀ ਗੁਰ ਪੁਰ ਪ੍ਰਕਾਸ਼ ਗ੍ਰੰਥ ਦੇ ਲੇਖਕ ਕਵਿ ਸੰਤ ਰੇਣ ਪ੍ਰੇਮ ਸਿੰਘ ਨੇ ਵੇਈਂ ਨਦੀ ਦੀ ਘਟਨਾ ਦਾ ਵਰਣਨ ਕਰਦੇ ਹੋਏ ਲਿਖਦੇ ਹਨ ਕਿ ਗੁਰੂ ਨਾਨਕ ਸਾਹਿਬ ਨੂੰ ਪਾਣੀ ਦਾ ਦੇਵਤਾ (ਵਰਣ) ਵਿਸ਼ਨੂੰ ਦੇ ਨਿਵਾਸ ਸਥਾਨ `ਤੇ ਲੈ ਕੇ ਗਏ। ਵਿਸ਼ਨੂੰ ਜੀ ਨੂੰ ਜਦ ਗੁਰੂ ਨਾਨਕ ਸਾਹਿਬ ਦੇ ਆਗਮਨ ਦਾ ਪਤਾ ਲੱਗਾ ਤਾਂ ਉਹ, “ਲਛਮੀ ਯੁਤ ਆਵਤ ਭਯੋ ਦਰਸੇ ਕਰਨਾ ਭਵਨ। ਮਿਲੇ ਪਰਸਪਰ ਕੀਨ ਪ੍ਰਨਾਮੂ। ਪੁਨ ਲੇ ਚਲੇ ਬਿਸ਼ਨ ਨਿਜ ਧਾਮੂ। ਸੇਸ ਸੇਜ ਪਰ ਗੁਰ ਬੈਠਾਏ। ਬਹੁ ਬਿਧ ਉਸਤਤ ਮੁਖਹੁ ਅਲਾਏ। ਗੁਰੂ ਰੂਪ ਤੁਮ ਕੀਨੋ ਧਾਰਨ। ਕਾਰਨ ਜਗ ਕੇ ਹੇਤ ਸੁਧਾਰਨ। ਕ੍ਰਿਪਾ ਕੀਨ ਨਿਜ ਦਰਸ਼ਨ ਦੀਨਾ। ਮੈਂ ਹੋ ਰਾਵਰ ਸਦਾ ਅਧੀਨਾ। ਸੁਨ ਸ੍ਰੀ ਸਤਿਗੁਰ ਬਚਨ ਉਚਾਰੇ। ਨਿਰੰਕਾਰ ਹਮ ਸਭ ਆਧਾਰੇ। ਹਮ ਤੁਮ ਸੇਵਕ ਸਭੈ ਤਿਸੀ ਕੇ। ਕਰੈਂ ਜੋਊ ਆਗਯਾ ਹਵੈ ਨੀਕੇ। ਕਿਤਕ ਕਾਲ ਬੈਠੇ ਹਰ ਪਾਸ। ਬਹੁ ਬਿਧ ਕੀਨੇ ਬਚਨ ਬਿਲਾਸ. . ਕਹੇਂ ਗੁਰੁ ਹੇ ਪਤ (ਵਿਸ਼ਨੂੰ) ਅਬ ਜਾਵੈਂ। ਪ੍ਰੇਮ ਵਸੀ ਅਬ ਰਹਿ ਨ ਸਕਾਵੈਂ। ਅਸ ਕਹਿ ਬਰਨ ਬੁਲਾਯੋ ਪਾਸ। ਮਿਲ ਹਰ ਸੋਂ ਚਢ ਵਾਹਿਨ ਖਾਸ।
ਉਪਰੋਕਤ ਲੇਖਕਾਂ ਦੀਆਂ ਲਿਖਤਾਂ ਵਿੱਚ ਇੱਕੋ ਘਟਨਾ ਦੇ ਸਬੰਧ ਵਿੱਚ ਵੱਖ ਵੱਖ ਵਿਚਾਰ ਪ੍ਰਗਟ ਕੀਤੇ ਗਏ ਹਨ। ਕਿਸੇ ਨੇ ਵੇਈਂ ਨਦੀ `ਚ ਇਸ਼ਨਾਨ ਕਰਨ ਸਮੇਂ ਵਰੁਣ ਦੇਵਤੇ ਨਾਲ, ਕਿਸੇ ਨੇ ਉਦਾਸੀਆਂ ਦੇ ਸਮੇਂ, ਕਿਸੇ ਨੇ ਦੋ ਵਾਰੀ ਗੁਰੂ ਸਾਹਿਬ ਨੂੰ ‘ਸੱਚ-ਖੰਡ ਜਾਂਦੇ ਦਿਖਾਇਆ ਹੈ। ਵੇਈਂ ਨਦੀ ਵਿੱਚ ਇਸ਼ਨਾਨ ਕਰਨ ਵੇਲੇ ਜਿਨ੍ਹਾਂ ਲੇਖਕਾਂ ਨੇ ਗੁਰਦੇਵ ਦੇ ‘ਸੱਚ-ਖੰਡ’ ਜਾਣ ਦਾ ਵਰਣਨ ਕੀਤਾ ਹੈ, ਉਨ੍ਹਾਂ ਦਾ ਇਸ ਗੱਲ ਵਿੱਚ ਮੱਤ-ਭੇਦ ਹੈ ਕਿ ਗੁਰੂ ਸਾਹਿਬ ਇੱਕਲੇ ਗਏ ਸਨ ਜਾਂ ਵਰੁਣ ਦੇਵਤੇ ਨਾਲ। ਫਿਰ ਜਿਨ੍ਹਾਂ ਨੇ ਵਰੁਣ ਦੇਵਤੇ ਦਾ ਵਰਣਨ ਕੀਤਾ ਹੈ ਉਨ੍ਹਾਂ ਦਾ ਇਸ ਗੱਲ ਵਿੱਚ ਇੱਕ ਮੱਤ ਨਹੀਂ ਹੈ ਕਿ ਵਰੁਣ ਦੇਵਤਾ ਆਪਣੀ ਮਰਜ਼ੀ ਨਾਲ ਹਜ਼ੂਰ ਨੂੰ ‘ਸੱਚ-ਖੰਡ’ ਲੈ ਕੇ ਗਿਆ ਜਾਂ ਨਿਰੰਕਾਰ ਜੀ ਦੀ ਆਗਿਆ ਨਾਲ। ਇਸ ਤੋਂ ਇਲਾਵਾ ਕਈਆਂ ਨੇ ਇੱਕ ਸੇਵਕ ਦਾ ਨਹੀਂ ਬਲਕਿ ਕਈਆਂ ਸੇਵਕਾਂ ਦਾ ਵਰਣਨ ਕੀਤਾ ਹੈ ਜੇਹੜੇ ਗੁਰੂ ਸਾਹਿਬ ਨੂੰ ‘ਸੱਚ-ਖੰਡ’ ਲੈ ਕੇ ਗਏ ਹਨ। ਵੇਈਂ ਨਦੀ `ਚ ਇਸ਼ਨਾਨ ਕਰਨ ਸਮੇਂ ਸਤਿਗੁਰੂ ਜੀ ਅਕਾਲ ਪੁਰਖ ਨੂੰ ਮਿਲੇ ਜਾਂ ਵਿਸ਼ਨੂੰ ਨੂੰ, ਇਸ ਬਾਰੇ ਵੀ ਇਨ੍ਹਾਂ ਲੇਖਕਾਂ ਦੀ ਆਪਸ ਵਿੱਚ ਸਹਿਮਤੀ ਨਹੀਂ ਹੈ।
ਇਸੇ ਤਰ੍ਹਾਂ ਜਿਨ੍ਹਾਂ ਲੇਖਕਾਂ ਨੇ ਉਦਾਸੀਆਂ ਦੇ ਸਮੇਂ ਗੁਰੂ ਨਾਨਕ ਪਾਤਸ਼ਾਹ ਜੀ ਦੇ ‘ਸੱਚ-ਖੰਡ’ ਜਾਣ ਦਾ ਜ਼ਿਕਰ ਕੀਤਾ ਹੈ, ਉਨ੍ਹਾਂ ਵਿੱਚ ਵੀ ਆਪਸ ਵਿੱਚ ਮੱਤ-ਭੇਦ ਹਨ। ਕਈਆਂ ਨੇ ਦੋਵੇਂ ਵਾਰ (ਵੇਈ ਨਦੀ `ਚ ਇਸ਼ਨਾਨ ਕਰਨ ਸਮੇਂ ਅਤੇ ਉਦਾਸੀਆਂ ਦੇ ਸਮੇਂ) ਹੀ ਗੁਰੂ ਸਾਹਿਬ ਦੇ ‘ਸੱਚ-ਖੰਡ’ ਜਾਣ ਦਾ ਜ਼ਿਕਰ ਕੀਤਾ ਹੈ।
ਇਨ੍ਹਾਂ ਗੱਲਾਂ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਨ੍ਹਾਂ ਲੇਖਕਾਂ ਨੇ ਵੀ ਪੁਰਾਣ ਸਾਹਿਤ ਦੇ ਲੇਖਕਾਂ ਵਾਂਙ ਕਿਆਸ-ਅਰਾਈਆਂ ਹੀ ਲਗਾਈਆਂ ਹਨ। ਇਨ੍ਹਾਂ ਲੇਖਕਾਂ ਨੇ ਸਤਿਗੁਰੂ ਜੀ ਦੇ ਆਪਣੇ ਮੁਖ਼ਾਰਬਿੰਦ `ਚੋਂ ਨਿਕਲੇ ਬਚਨਾਂ/ਗੁਰਬਾਣੀ ਨੂੰ ਆਧਾਰ ਬਣਾਉਣ ਦੀ ਖੇਚਲ ਨਹੀਂ ਕੀਤੀ। ਜੇਕਰ ਇਨ੍ਹਾਂ ਲਿਖਾਰੀਆਂ ਨੇ ਗੁਰੂ ਸਾਹਿਬ ਦੇ ਬਚਨਾਂ ਨੂੰ ਆਧਾਰ ਬਣਾਇਆ ਹੁੰਦਾ ਤਾਂ ਨਿਰਸੰਦੇਹ ਇਸ ਤਰ੍ਹਾਂ ਦੀਆਂ ਕਿਆਸ-ਅਰਾਈਆਂ ਕਰਨ ਦੀ, ਇਨ੍ਹਾਂ ਨੂੰ ਲੋੜ ਹੀ ਨਾ ਭਾਸਦੀ।। (ਨੋਟ: ਜੇਕਰ ਇਨ੍ਹਾਂ ਲੇਖਕਾਂ ਦੀਆਂ ਇਨ੍ਹਾਂ ਲਿਖਤਾਂ ਵਿੱਚ ਮੱਤ-ਭੇਦ ਨਾ ਵੀ ਹੁੰਦੇ, ਤਾਂ ਵੀ ਜਿਸ ਤਰ੍ਹਾਂ ਇਨ੍ਹਾਂ ਲੇਖਕਾਂ ਨੇ ‘ਸੱਚ-ਖੰਡ’ ਦਾ ਵੇਰਵਾ ਦਿੱਤਾ ਹੈ, ਉਹ ਮੰਨਣ ਜੋਗ ਨਹੀਂ ਹੈ। ਚੂੰਕਿ ਗੁਰਬਾਣੀ ਦਾ ਸੱਚ ਨਾ ਤਾਂ ਕਿਸੇ ਇਹੋ ਜੇਹੇ ਲੋਕ ਦੀ ਇਸ ਤਰ੍ਹਾਂ ਦੀ ਕਿਸੇ ਭੂਗੋਲਿਕ ਹੋਂਦ ਨੂੰ ਸਵੀਕਾਰ ਕਰਦਾ ਹੈ ਅਤੇ ਨਾ ਹੀ ਨਿਰੰਕਾਰ ਦੇ ਅਜਿਹੇ ਸਰੂਪ ਨੂੰ।)
ਭਾਈ ਕਾਨ੍ਹ ਸਿੰਘ ਨਾਭਾ ਗੁਰੁਮਤ ਮਾਰਤੰਡ ਵਿੱਚ ‘ਸੱਚ-ਖੰਡ’ ਸਬੰਧੀ ਲਿਖਦੇ ਹਨ, “ਅਨੇਕ ਮਤਾਂ ਵਾਲੇ ਪਰਮੇਸ਼ਵਰ ਦੇ ਅਨੇਕ ਭੇਦ ਅਰ ਸਰੂਪ ਕਲਪ ਕੇ ਉਸ ਦੇ ਰਹਿਣ ਦੇ ਖ਼ਾਸ ਲੋਕ ਮੰਨਦੇ ਹਨ, ਪਰ ਗੁਰਮਤ ਵਿੱਚ ਕਰਤਾਰ ਨੂੰ ਇੱਕ ਦੇਸੀ ਨਹੀਂ ਮੰਨਿਆ, ਉਸ ਸਰਵ ਵਿਯਾਪੀ ਨੂੰ ਸਾਮਾਨਯ ਰੀਤੀ ਕਰਕੇ – ‘ਸਭ ਮਧੇ ਰਵਿਆ ਮੇਰਾ ਠਾਕੁਰੁ’ ਕਥਨ ਕਰਕੇ, ਵਿਸ਼ੇਸ਼ ਰੀਤੀ ਕਰਕੇ ਉਸਦਾ ਨਿਵਾਸ ‘ਸੱਚ ਖੰਡ’ ਵਿੱਚ ਕਥਨ ਕੀਤਾ ਹੈ, ‘ਆਪਿ ਸਤਿ ਕੀਆ ਸਭ ਸਤਿ’ -ਬਚਨ ਅਨੁਸਾਰ ਸਭ ਵਿਸ਼ਵ ਸੱਚ ਖੰਡ ਹੈ, ਪਰ ਖ਼ਾਸ ਕਰਕੇ ਸਤਸੰਗ ਅਤੇ ਆਤਮ ਅਭਆਸੀ ਦਾ ਨਿਰਮਲ ਅੰਤਹਕਰਣ ਗੁਰੂ ਸਾਹਿਬ ਨੇ ਸੱਚ ਖੰਡ ਵਰਣਨ ਕੀਤਾ ਹੈ। ਕਿਤੇ ਤੁਰੀਯ ਪਦ (ਨਿਰਬਾਣ) ਦਾ ਨਾਉਂ ਭੀ ਸੱਚ ਖੰਡ ਆਉਂਦਾ ਹੈ।”
(ਨੋਟ: ਖ਼ਾਲਸਈ ਬੋਲਿਆਂ ਵਿੱਚ ‘ਸੱਚ-ਖੰਡ’ ਗੁਰਪੁਰ ਅਤੇ ਖ਼ਾਲਸਾ ਦੀਵਾਨ ਨੂੰ ਕਹਿੰਦੇ ਹਨ, ਅਤੇ ‘ਸੱਚਖੰਡ ਵਾਸਾ’ ਗੁਰਪੁਰ ਵਿੱਚ ਨਿਵਾਸ; ਪਰਲੋਕ ਗਮਨ ਨੂੰ ਗਿਆ ਹੈ।)
ਭਾਈ ਗੁਰਦਾਸ ਜੀ ਗੁਰਮਤਿ ਦੀ ਇਸ ਧਾਰਨਾ ਨੂੰ ਸਪਸ਼ਟ ਕਰਦਿਆਂ ਹੋਇਆਂ ਕਹਿੰਦੇ ਹਨ:-ਧਰਮਸਾਲ ਕਰਤਾਰ ਪੁਰੁ ਸਾਧੁ ਸੰਗਤਿ ਸਚਖੰਡ ਵਸਾਇਆ॥ (ਵਾਰ 24, ਪਉੜੀ 1) ਅਰਥ: ਧਰਮਸਾਲਾ ਕਰਤਾਰ ਪੁਰ ਵਿਖੇ ਬਣਾਕੇ ਸਾਧ ਸੰਗਤ ਰੂਪੀ ਸਚਖੰਡ ਵਸਾ ਦਿੱਤਾ।
ਜਸਬੀਰ ਸਿੰਘ ਵੈਨਕੂਵਰ
.