.

ਦੁਸਟ ਸਭਾ ਮਹਿ ਮੰਤ੍ਰੁ ਪਕਾਇਆ॥

ਪ੍ਰੋ: ਸੁਖਵਿੰਦਰ ਸਿੰਘ ਦਦੇਹਰ

(ਆਰ. ਐਸ. ਐਸ, ਸ਼੍ਰੋਮਣੀ ਕਮੇਟੀ, ਜਥੇਦਾਰਾਂ, ਬੂਬਨੇ ਸਾਧਾਂ, ਨਾਨਕਸ਼ਾਹੀ ਕੈਲੰਡਰ ਦਾ ਕੀਤਾ ਕਤਲ)

ਨੋਟ:- (ਹਰ ਵਾਰ ਪੰਥਕ ਫੈਸਲਿਆਂ ਦੇ ਉਲਟ ਜਾਣ ਵਾਲੇ ਇਹ ਲੋਕ ਹੁਣ ਜਦੋਂ ਨਾਨਕਸ਼ਾਹੀ ਕੈਲੰਡਰ ਨੂੰ ਬਣਾ ਕੇ ਲਾਗੂ ਕਰਕੇ ਫਿਰ ਮੁਕਰ ਗਏ ਹਨ, ਬਚਿਤਰ ਨਾਟਕ ਵਰਗੀ ਅਸ਼ਲੀਲ ਕਿਤਾਬ ਗੁਰੁ ਸਾਹਿਬ ਦੇ ਨਾਂ ਮੜ੍ਹ ਗੁਰੁ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰੀ ਜਾ ਰਹੇ ਹਨ ਤੇ ਵਾਰ ਵਾਰ ਝੂਠ ਤੇ ਝੂਠ ਬੋਲੀ ਜਾਂਦੇ ਹਨ, ਤਾਂ ਦੁਖੀ ਮਨ ਨਾਲ ਕੁੱਝ ਨਾ ਚੰਗੇ ਲਗਣ ਵਾਲੇ ਸ਼ਬਦ ਲਿਖ ਰਿਹਾ ਹਾਂ। ਆਪ ਜੀ ਦਾ ਜੇ ਮਨ ਦੁਖੀ ਹੋਵੇ ਤਾਂ ਮੈਂ ਮੁਆਫੀ ਮੰਗਦਾ ਹਾਂ।)
ਪਿੰਡਾਂ ਵਿੱਚ ਅਵਾਰਾ ਫਿਰਦੇ ਪਸ਼ੂ (ਸਾਨ੍ਹ) ਜੋ ਅਕਸਰ ਹੀ ਰਾਤ ਦੇ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਕਿਸਾਨਾਂ ਦੀਆਂ ਫਸਲਾਂ ਵਿੱਚ ਜਾ ਵੜਦੇ ਹਨ। ਮਨ ਭਾਉਂਦੇ ਹਰੇ ਹਰੇ ਖੇਤ ਉਜਾੜਦੇ ਹਨ ਕੁੱਝ ਮਿਧਦੇ ਹਨ, ਕੁੱਝ ਖਾਂਦੇ ਹਨ, ਤੇ ਦਿਨ ਚੜਦੇ ਸਾਰ ਹੀ ਪਿੰਡ ਵੱਲ ਨੂੰ ਮੁੜ ਆਉਂਦੇ ਹਨ। ਸਾਰੀ ਰਾਤ ਫਸਲਾਂ ਖਰਾਬ ਕਰਦੇ ਹਨ ਤੇ ਦਿਨੇ ਲੋਕਾਂ ਦੀਆਂ ਕੰਧਾਂ ਢਾਹੁੰਦੇ ਹਨ। ਹਰੀਆਂ ਭਰੀਆਂ ਫਸਲਾਂ ਜੱਟ ਦੀਆਂ ਖਾ ਕੇ ਤੇ ਜੱਟਾਂ ਦੀਆਂ ਹੀ ਕੰਧਾਂ ਢਾਹੁੰਦੇ ਹਨ ਵਿਹਲੇ ਅਵਾਰਾ ਸਾਨ੍ਹ ਆਦਿਕ ਪਸ਼ੂ। ਪੰਜਾਬ ਦੇ ਰਹਿਣ ਵਾਲੇ ਸਿੱਖ ਕਿਸਾਨ ਜਦੋਂ ਇਹਨਾਂ ਅਵਾਰਾ ਸਾਨ੍ਹਾਂ ਵੱਲੋਂ ਕੀਤੀ ਜਾ ਰਹੀ ਤਬਾਹੀ ਦੇਖਦੇ ਹਨ ਤਾਂ ਮਾਰ ਮਾਰ ਡਾਂਗਾਂ ਖੁੱਡੇ ਦਿੰਦੇ ਹਨ ਛਿੱਲ, ਤੇ ਗਿੱਟੇ ਦਿੰਦੇ ਹਨ ਸੁਜਾ। ਜਿੰਨਾਂ ਚਿਰ ਇਹਨਾਂ ਹੀ ਕਿਸਾਨਾਂ ਨੂੰ ਸਾਨ੍ਹਾਂ ਵੱਲੋਂ ਕੀਤੀ ਜਾਣ ਵਾਲੀ ਤਬਾਹੀ ਬਾਰੇ ਪੂਰਾ ਗਿਆਨ ਨਹੀਂ ਹੋ ਜਾਂਦਾ ਉਨਾਂ ਚਿਰ ਕੋਈ ਕਾਰਵਾਈ ਨਹੀਂ ਕਰਦੇ, ਸਗੋਂ ਦਿਨੇ ਸਾਨ੍ਹ ਦੇ ਲਾਗੋਂ ਲੰਘਦੇ ਉਹਦੇ ਖਾਣ ਲਈ ਪਠਿਆਂ ਦੇ ਰੁੱਗ ਸੁਟਦੇ ਜਾਣਗੇ। ਜਦੋਂ ਤਬਾਹੀ ਦੀ ਹੱਦ ਹੋ ਜਾਵੇ ਫਿਰ ਕੋਈ ਲਿਹਾਜ ਨਹੀਂ ਕੁੱਟ ਕੁੱਟ ਚਮੜੀ ਉਧੇੜ ਦਿਤੀ ਜਾਂਦੀ ਹੈ ਤੇ ਪਿੰਡੋਂ ਬਾਹਰ ਕੱਢ ਕੇ ਹੀ ਦੱਮ ਲੈਂਦੇ ਹਨ ਮਿਹਨਤੀ ਕਿਸਾਨ।
ਜਰਾ ਗੁਰਸਿੱਖੋ! ਧਿਆਨ ਦੇ ਕੇ ਵੇਖੋ ਗੁਰਸਿੱਖੀ ਦੀ ਖੇਤੀ ਕਿਵੇਂ ਉਜੜ ਰਹੀ ਹੈ। ਆਰ. ਐਸ. ਐਸ ਦੇ ਛੱਡੇ ਹੋਏ ਅਵਾਰਾ ਸਾਧ, ਜਥੇਦਾਰ, ਤੇ ਸ਼ਰੋਮਣੀ ਕਮੇਟੀ ਕਿਵੇਂ ਆਪ ਹੁਦਰੀਆਂ ਤੇ ਉਤਰੇ ਹੋਏ ਹਨ। ਆਰ ਐਸ ਐਸ ਦੇ ਪਾਲੇ ਹੋਏ ਅਤੇ ਸਿੱਖੀ ਦੇ ਉਜਾੜੇ ਲਈ ਅਵਾਰਾ ਛੱਡੇ ਹੋਏ ਜਥੇਦਾਰ ਤੇ ਸਾਧ ਸੰਤ ਸਿੱਖਾਂ ਦਾ ਹੀ ਖਾਂਦੇ ਹਨ ਤੇ ਸਿੱਖਾਂ ਦੀਆਂ ਹੀ ਕੰਧਾਂ ਢਾਹੀ ਜਾਂਦੇ ਹਨ। ਜਿਹੜੇ ਸਿੱਖ ਵੀ ਅਖਵਾਉਂਦੇ ਹਨ ਤੇ ਇਹਨਾਂ ਕੰਧਾਂ ਨਾਲ ਘਸਰਨ ਵਾਲੇ ਸਾਨ੍ਹਾਂ ਨੂੰ ਹੀ ਹੋਰ ਹੋਰ ਪਾਲਣਾ ਚਾਹੁੰਦੇ ਹਨ ਸ਼ੱਕ ਤਾਂ ਇਹਨਾਂ ਤੇ ਵੀ ਹੋ ਜਾਂਦਾ ਹੈ ਕਿ ਇਹ ਇਨਾਂ ਨੁਕਸਾਨ ਕਰਨ ਵਾਲੇ ਸਾਨ੍ਹਾਂ ਦੀ ਹੀ ਪੂਸ਼ ਕਿਉਂ ਫੜੀ ਰੱਖਣਾ ਚਾਹੁੰਦੇ ਹਨ। ਕਿਤੇ ਇਹ ਸਾਨ੍ਹ ਛੱਡਣ ਵਾਲਿਆਂ ਵਿੱਚੋਂ ਹੀ ਤਾਂ ਨਹੀਂ, ਤੇ ਜੇ ਉਹਨਾਂ ਵਿੱਚੋ ਨਹੀਂ ਤਾਂ ਫਿਰ ਦਲਿਦਰੀ ਆਲਸੀ ਇੰਨੇ ਹਨ ਜੋ ਕੰਧਾਂ ਨਾਲ ਘਸਰਨ ਵਾਲੇ ਇਹਨਾਂ ਸਾਨ੍ਹਾਂ ਦਾ ਵੱਖੀ ਗਿਟਾ ਵੀ ਨਹੀਂ ਸੇਕ ਸਕਦੇ ਤੇ ਹਿੱਕ ਕੇ ਅਗਾਂਹ ਕਰਨ ਦੀ ਵੀ ਸਮਰੱਥਾ ਨਹੀਂ ਰੱਖਦੇ। ਪਿੰਡਾਂ ਵਿੱਚ ਬੜੇ ਪਸ਼ੂ, ਕੁੱਤੇ ਆਦਿਕ ਅਵਾਰਾ ਫਿਰਦੇ ਜਾਂ ਅੱਗੇ ਲੰਘਦੇ ਹਨ ਕੋਈ ਕੁੱਝ ਨਹੀਂ ਕਹਿੰਦਾ ਆਮ ਚਾਲ ਵਿੱਚ ਜਿੰਦਗੀ ਚਲਦੀ ਰਹਿੰਦੀ ਹੈ। ਪਰ ਜਦੋਂ ਕੋਈ ਇਹ ਕਹੇ ਜਾਂ ਆਪਣੀਆਂ ਅੱਖਾਂ ਨਾਲ ਦੇਖ ਲਵੇ ਕਿ ਇਹ ਅਵਾਰਾ ਪਸ਼ੂ ਮਾਰਦਾ ਹੈ ਤੇ ਖੇਤੀ ਵੀ ਉਜਾੜਦਾ ਹੈ ਤਾਂ ਇੱਕ ਮਤ ਹੋ ਕੇ ਸਾਰੇ ਖਤਰੇ ਮੁੱਲ ਲੈ ਕੇ ਵੀ ਉਸ ਅਵਾਰਾ ਪਸ਼ੂ ਨੂੰ ਕਾਬੂ ਕਰਕੇ ਟਿਕਾਣੇ ਲਾਇਆ ਜਾਂਦਾ ਹੈ। ਜਦੋਂ ਕੋਈ ਪਤਾ ਲਗੇ ਇਹ ਪਿੰਡ ਵਿੱਚ ਫਿਰਦਾ ਕੁੱਤਾ ਹਲਕਾ ਹੈ ਤਾਂ ਬੱਚੇ ਬੁਢੇ ਜਵਾਨ ਸਭ ਇਸਤਰੀਆਂ ਮਰਦ ਇੱਕ ਜ਼ੁਬਾਨ ਬੋਲਦੇ ਨ ਕਿ ਇਹ ਤਾਂ ਕਿਸੇ ਲਈ ਵੀ ਖਤਰਾ ਬਣ ਸਕਦਾ ਹੈ ਇਸ ਤੋਂ ਪਹਿਲਾਂ ਕਿ ਇਹ ਕੋਈ ਨੁਕਸਾਨ ਕਰੇ ਇਸ ਹਲਕੇ ਨੂੰ ਟਿਕਾਣੇ ਲਾ ਦੇਣਾ ਚਾਹੀਦਾ ਹੈ। ਡਾਂਗਾਂ ਫੜੀ ਲਾ ਲਾ ਕਰਦੇ ਮਾਰ ਦਿਓ ਮਾਰ ਦਿਓ ਕਰਦੇ, ਫਿਰ ਗਲੀਆਂ ਵਿੱਚ ਦੇਖੇ ਜਾ ਸਕਦੇ ਹਨ।
੧. ਗੁਰੁ ਗ੍ਰੰਥ ਸਾਹਿਬ ਜੀ ਦੇ ਬਰਾਬਰ ਗੱਦੀਆਂ ਲਾ ਕੇ ਬਰਾਬਰ ਤੇ ਆਪਣੇ ਪੈਰਾਂ ਤੇ ਮੱਥੇ ਟਿਕਵਾਂਉਦੇ ਹਨ।
੨. ਵੱਡੇ ਮਰੇ ਸਾਧ ਦਾ ਸਸਕਾਰ ਗੁਰਦੁਵਾਰੇ ਦੇ ਵਿੱਚ ਹੀ ਕਰਕੇ ਨਿਸ਼ਾਨ ਜਾਂ ਥੜਾ ਬਣਾ ਕੇ ਮੜੀ ਪੂਜਾ ਕਰਵਾਉਂਦੇ ਹਨ।
੩. ਗੁਰਬਾਣੀ ਤੋਂ ਉਲਟ ਦਿਨ ਵਾਰ ਮੱਸਿਆ ਸੰਗਰਾਂਦ ਪੂਰਨਮਾਸ਼ੀ ਆਦਿਕ ਦੇ ਭਰਮ ਇਹ ਕਰਦੇ ਤੇ ਵੰਡਦੇ ਹਨ।
੪. ਸਿੱਖ ਰਹਿਤ ਮਰਿਯਾਦਾ ਮੰਨਣ ਤੋਂ ਇਹ ਇਨਕਾਰੀ ਹੋਏ ਹਨ। ਬ੍ਰਾਹਮਣੀ ਮਰਿਯਾਦਾ ਦੇ ਹਾਮੀ ਹਨ।
੫. ਬਚਿਤਰ ਨਾਟਕ (ਦਸਮ ਗ੍ਰੰਥ) ਗੁਰੁ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਇਹ ਕਰੀ ਜਾਂਦੇ ਹਨ।
੬. ਲਵ ਕੁਸ਼ ਦੀ ਔਲਾਦ ਸਿਖਾਂ ਨੂੰ ਇਹ ਬਣਾਈ ਜਾਂਦੇ ਹਨ।
੭. ਬ੍ਰਾਹਮਣੀ ਰੰਗਤ ਵਿੱਚ ਰੰਗਿਆ ਇਤਿਹਾਸ ਇਹ ਪ੍ਰਚਾਰਦੇ ਹਨ।
੮. ਸਿੱਖੀ ਦੀ ਨਿਆਰੀ ਹੋਂਦ ਦਾ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਮੰਨਣ ਤੋਂ ਇਹ ਇਨਕਾਰੀ ਹੋਏ ਹਨ।
ਬ੍ਰਾਹਮਣਵਾਦ ਨੇ ਹੁਣ ਤੱਕ ਸਿੱਖੀ ਨੂੰ ਹਿੰਦੂ ਧਰਮ ਤੋਂ ਨਿਆਰਾ ਨਹੀਂ ਮੰਨਿਆਂ। ਸਿੱਖੀ ਨੂੰ ਬ੍ਰਾਹਮਣਵਾਦ ਵਿੱਚ ਹੀ ਮਿਲਗੋਭਾ ਕਰਨ ਲਈ ਤਰਲੋ ਮਛੀ ਹੋ ਰਹੇ ਹਨ। ਗੁਰੁ ਸਾਹਿਬ ਜੀ ਨੂੰ ਦੇਵੀ ਦੇਵਤਿਆਂ ਦੇ ਅਵਤਾਰ ਮੰਨਣਾ ਤੇ ਪੂਜਾਰੀ ਦੱਸਣਾ ਇਹ ਇਹਨਾਂ ਦਾ ਨਿਤ ਦਾ ਕਰਮ ਹੈ। ਗੁਰਸਿੱਖਾਂ ਦੀਆਂ ਸ਼ਹੀਦੀਆਂ ਦੇ ਇਤਿਹਾਸ ਨੂੰ ਬ੍ਰਾਹਮਣਵਾਦ ਦੀ ਪੁੱਠ ਦੇਣੀ ਹਿੰਦੂ ਸੰਸਕ੍ਰਿਤੀ ਦਾ ਪਰਮ ਧਰਮ ਹੈ। ਗੁਰੁ ਗ੍ਰੰਥ ਸਾਹਿਬ ਜੀ ਦੀ ਨਿਆਰੀ ਤੇ ਪਵਿਤਰ ਹੋਂਦ ਬ੍ਰਾਹਮਣਵਾਦ ਨੂੰ ਚੁੱਭਦੀ ਹੈ ਉਹ ਵੀ ਦਾਅ ਤੇ ਲਾ ਦਿਤੀ ਦਸਮ ਗ੍ਰੰਥ ਬਰਾਬਰ ਤੇ ਲਿਆ ਕੇ। ਗੁਰੁ ਸਾਹਿਬ ਜੀ ਦੀ ਸਿੱਖਿਆ ਤੇ ਚੱਲਣ ਵਾਲੇ ਹਰ ਗੁਰਸਿੱਖ ਨੇ ਸਿੱਖੀ ਦੇ ਵਿਹੜੇ ਵਿੱਚੋਂ ਬ੍ਰਾਹਮਣ ਨੂੰ ਬੁਰੀ ਤਰਾਂ ਬਾਹਰ ਕੱਢ ਸੁਟਿਆ। ਪਰ ਬ੍ਰਾਹਮਣ ਪਿਛਾ ਛੱਡਣ ਵਾਲਾ ਕਿਥੇ ਨਵੇਂ ਨਵੇਂ ਭੇਖ ਬਣਾ ਕੇ ਸਿੱਖੀ ਦੇ ਵਿਹੜੇ ਵਿੱਚ ਵੜਦਾ ਗਿਆ ਤੇ ਆਪਣੀ ਥਾਂ ਪੱਕੀ ਕਰਦਾ ਗਿਆ। ਜਿਨਾਂ ਸਿਖਾਂ ਨੇ ਬ੍ਰਾਹਮਣ ਦੇ ਮੱਥੇ ਲਗਣਾ ਵੀ ਮਾੜਾ ਸਮਝਿਆ ਸੀ ਉਹੀ ਸਿਖ ਨਵੇਂ ਭੇਖ ਵਿੱਚ ਆਏ ਬ੍ਰਾਹਮਣ ਨੂੰ ਆਪ ਮੱਥੇ ਟੇਕਣ ਲਗ ਪਏ। ਬ੍ਰਾਹਮਣਵਾਦ ਦੇ ਅਵਾਰਾ ਕੀਤੇ ਠੱਪੇ ਲਾ ਕੇ ਮਾਨਤਾ ਪ੍ਰਾਪਤ ਸਾਨ੍ਹ ਸਰਸੇ ਵਾਲਾ, ਨੂਰਮਹਿਲੀਆ, ਭਨਿਆਰਾ, ਬਿਆਸੀਆ, ਨਿਰੰਕਰੀਆ, ਨਾਮਧਾਰੀਆ, ਸਿੱਖੀ ਦੀ ਵਾੜ ਟੱਪ ਕੇ ਸਿਰਫ ਉਜਾੜਨ ਹੀ ਆਏ ਹਨ ਹੋਰ ਕੋਈ ਮਨਸ਼ਾ ਨਹੀਂ। ਆਰ ਐਸ ਐਸ ਨੇ ਸਿੱਖੀ ਦੇ ਨਿਆਰੇਪਨ ਨੂੰ ਪ੍ਰਵਾਨ ਨਹੀਂ ਕੀਤਾ। ਗੁਰਦਵਾਰਿਆਂ ਦੀ ਗੁਰਮਤਿ ਅਨੁਸਾਰੀ ਦਿਖ ਬਣਾਈ ਰੱਖਣ ਲਈ ਬਣੀ ਸਿੱਖ ਰਹਿਤ ਮਰਿਯਾਦਾ ਆਰ ਐਸ ਐਸ ਨੂੰ ਨਹੀਂ ਪ੍ਰਵਾਨ, ਨਾਨਕਸ਼ਾਹੀ ਕੈਲੰਡਰ ਨਹੀਂ ਪ੍ਰਵਾਨ, ਦਸਮ ਗ੍ਰੰਥ ਗੁਰੁ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਵਾਨ ਹੈ। ਹੁਣ ਧਿਆਨ ਨਾਲ ਦੇਖੋ ਸਿਖ ਰਹਿਤ ਮਰਿਯਾਦਾ ਜਥੇਦਾਰਾਂ, ਸਾਧਾਂ ਸੰਤਾਂ ਨੂੰ ਵੀ ਨਹੀਂ ਪ੍ਰਵਾਨ, ਨਾਨਕਸ਼ਾਹੀ ਕੈਲੰਡਰ ਵੀ ਨਹੀਂ ਪ੍ਰਵਾਨ, ਤੇ ਦਸਮ ਗ੍ਰੰਥ ਨੂੰ ਹਰ ਗੁਰਦਵਾਰੇ ਵਿੱਚ ਪ੍ਰਕਾਸ਼ ਕਰਨ ਲਈ ਇਹ ਸਾਧ ਸੰਤ ਤੇ ਜਥੇਦਾਰ ਵੀ ਕਾਹਲੇ ਹਨ। ਜਿਹੜੀ ਗੱਲ ਨਾਲ ਆਰ ਐਸ ਐਸ ਭਾਵ ਬ੍ਰਾਹਮਣਵਾਦ ਖੁਸ਼ ਹੈ ਉਹੀ ਗੱਲ ਜਥੇਦਾਰ ਤੇ ਸਾਧ ਸੰਤ ਕਰਦੇ ਤੇ ਖੁਸ਼ ਹੁੰਦੇ ਹਨ। ਆਰ ਐਸ ਐਸ ਜਿਹੜੀਆਂ ਗੱਲਾਂ ਨਾਲ ਸਿੱਖੀ ਨੂੰ ਗੁਲਾਮ ਕਰ ਰਹੀ ਹੈ ਉਹੀ ਕਾਲੀਆਂ ਕਰਤੂਤਾਂ ਸਾਡੇ ਸਿਖੀ ਵਿਹੜੇ ਦੇ ਅਵਾਰਾ ਸਾਨ੍ਹ ਕਰਦੇ ਹਨ। ਬਲਾਤਕਾਰੀ, ਬੇਈਮਾਨ, ਠੱਗ, ਚੋਰ, ਵਿਹਲੜ, ਕਰਮਕਾਂਡੀ, ਪਾਖੰਡੀ, ਅਗਿਆਨੀ, ਜਥੇਦਾਰਾਂ ਅਤੇ ਸਾਧਾਂ ਨੂੰ ਨੱਥ ਪਾ ਕੇ ਗਿੱਟੇ ਸੇਕ ਕੇ ਪਿੰਡੋਂ ਬਾਹਰ ਕਰ ਦੇਣ ਦਾ ਸਮਾਂ ਆ ਗਿਆ ਹੈ।
ਅਖਬਾਰਾਂ ਦੀਆਂ ਖਬਰਾਂ ਪੜਦਿਆਂ ਕਈ ਦਰਦਨਾਕ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਜੋ ਜਨਮ ਤਾਂ ਸਾਡੀ ਅਣਗਹਿਲੀ ਚੋਂ ਹੀ ਅਕਸਰ ਲੈਂਦੀਆਂ ਹਨ। ਕਿਸੇ ਥਾਂ ਹੱਡਾਰੋੜੀ ਦੇ ਅਵਾਰਾ ਕੁਤਿਆਂ ਨੇ ਕਿਸੇ ਰਾਹਗੀਰ ਨੂੰ ਪਾੜ ਖਾਧਾ ਹੈ। ਇਹੋ ਜਿਹੀ ਘਟਨਾ ਵਾਪਰਨ ਤੋਂ ਜਿਵੇਂ ਹੀ ਕੋਈ ਉਦਮੀ ਹਰਕਤ ਵਿੱਚ ਆਉਂਦਾ ਹੈ ਤਾਂ ਇਹ ਹੱਡਾਰੋੜੀ ਦੇ ਅਵਾਰਾ ਕੁਤੇ ਉਹਨੂੰ ਵੀ ਭੱਜ ਕੇ ਪੈਂਦੇ ਹਨ। ਜੇ ਤਾਂ ਡਰ ਜਾਵੇ ਤਾਂ ਉਤੇ ਚੜਦਿਆਂ ਦੇਰ ਨਹੀਂ ਲਾਉਂਦੇ ਤੇ ਜੇ ਕੋਈ ਡਾਂਗ ਮੋਢੇ ਧਰ ਡਟ ਜਾਵੇ ਤਾਂ ਦੰਦੀਆਂ ਜਿਹੀਆਂ ਕਢਦੇ ਪੂਸ਼ ਚੱਢਿਆਂ ਵਿੱਚ ਲੈ ਕੇ ਭੱਜ ਨਿਕਲਦੇ ਹਨ। ਅਵਾਰਾ ਪਸ਼ੂ ਸਾਨ੍ਹ ਆਦਿਕ ਵੀ ਖੇਤੀ ਚੋਂ ਜਾਂ ਕੰਧਾਂ ਨਾਲ ਘਸਰਨ ਤੋਂ ਕੋਈ ਰੋਕੇ ਤਾਂ ਸਿਰ ਨੀਵਾਂ ਕਰ ਸਿੰਗਾਂ ਤੇ ਚੁੱਕਣ ਦੀ ਜੁਅਰਤ ਤਾਂ ਇੱਕ ਵਾਰ ਕਰਦੇ ਹੀ ਹਨ ਪਰ ਜਿਉਂ ਹੀ ਸਾਹਮਣੇ ਵਾਲਾ ਡਾਂਗ ਨਾਸਾਂ ਤੇ ਜੜ ਦੇਵੇ ਫਿਰ ਫੁਕਾਰੇ ਮਾਰਦਿਆਂ ਭੱਜਦੇ ਵੱਡੇ ਵੱਡੇ ਸਾਨ੍ਹ ਵੀ ਨਹੀਂ ਰੁਕਦੇ।
ਇਹਨਾਂ ਜਥੇਦਾਰਾਂ, ਸਾਧਾਂ ਸੰਤਾਂ, ਸ੍ਰੋਮਣੀ ਕਮੇਟੀ, ਪੰਥਕ ਲੀਡਰਾਂ ਦੀਆਂ ਬੇਵਕੂਫੀਆਂ ਬੇਈਮਾਨੀਆਂ, ਗਦਾਰੀਆਂ ਤੇ ਬ੍ਰਾਹਮਣਵਾਦ ਨਾਲ ਏਕਤਾ ਦੇ ਚਾਹਵਾਨਾਂ ਦੀਆਂ ਲੂੰਬੜ ਚਾਲਾਂ ਜਦੋਂ ਕੁੱਝ ਸੂਝਵਾਨ ਉਦਮੀ ਵਿਦਵਾਨ ਗੁਰਸਿਖਾਂ ਨੇ ਜੱਗ ਜਾਹਰ ਕੀਤੀਆਂ ਨੱਥ ਪਾਉਣ ਤੇ ਗਿਟੇ ਸੇਕਦਿਆਂ ਸਿੱਖੀ ਦੇ ਬਾਗ ਵਿਚੋਂ ਬਾਹਰ ਕੱਢਣ ਦੀ ਹਿੰਮਤ ਕੀਤੀ ਤਾਂ ਇਹਨਾਂ ਨੇ ਜ਼ਹਿਰੀਲੇ ਦੰਦ ਉਹਨਾਂ ਦੀਆਂ ਲੱਤਾਂ ਵਿੱਚ ਵੀ ਖੋਭ ਦਿਤੇ, ਜਾਂ ਫਿਰ ਸਿੰਗਾਂ ਤੇ ਚੁੱਕ ਲਿਆ। ਇਹ ਉਹਨਾਂ ਸੂਝਵਾਨਾਂ ਦੀ ਗੁਰੂਬਖਸ਼ੀ ਹਿੰਮਤ ਸੀ ਕਿ ਉਹ ਥੋੜੀਆਂ ਬਹੁਤ ਝਰੀਟਾਂ ਤੇ ਕੁੱਝ ਕੁ ਨਿਕੀਆਂ ਮੋਟੀਆਂ ਸੱਟਾਂ ਤੋਂ ਬਾਅਦ ਬੱਚ ਗਏ ਤੇ ਫਿਰ ਸੰਭਲ ਕੇ ਲਲਕਾਰੇ ਮਾਰੀ ਜਾਂਦੇ ਹਨ। ਇਹਨਾਂ ਜਥੇਦਾਰਾਂ ਦੀ ਸਾਧਾਂ ਸੰਤਾਂ ਦੀ ਵੀ ਹੁਣ ਕੋਈ ਪੇਸ਼ ਉਹ ਹੁਣ ਜਾਣ ਨਹੀਂ ਦਿੰਦੇ ਕਿਉਂਕਿ ਹੋਰ ਵਧੇਰੇ ਸਾਵਧਾਨ ਹੋ ਗਏ ਹਨ। ਆਉ ਗੁਰਸਿਖੋ! ਆਪਾਂ ਵੀ ਗਫਲਤਾ ਛੱਡ ਅਪਣੀ ਜ਼ਿਮੇਵਾਰੀ ਸਮਝਦਿਆਂ ਪਾਰਟੀਬਾਜ਼ੀ ਤੋਂ ਉਪਰ ਉਠਦਿਆਂ ਗੁਰੁ ਸਾਹਿਬ ਤੇ ਗੁਰਸਿਖਾਂ ਵੱਲੋਂ ਕੀਤੀਆਂ ਕੁਰਬਾਨੀਆਂ ਨੂੰ ਚੇਤੇ ਕਰਦਿਆਂ ਸਿੱਖੀ ਬਚਾਈਏ ਤੇ ਉਜਾੜੂ ਵੱਗ ਬਾਹਰ ਕੱਢ ਮਾਰੀਏ।
ਦੁਸਟ ਚਉਕੜੀ ਸਦਾ ਕੂੜੁ ਕਮਾਵਹਿ ਨਾ ਬੂਝਹਿ ਵੀਚਾਰੇ॥




.