.

ਕੀ ਸਿੱਖ ਅਕਾਲ ਪੁਰਖ ਦੇ ਪੁਜਾਰੀ ਹਨ ਜਾਂ ਸੂਰਜ ਦੇ?

ਗੁਰਸ਼ਰਨ ਸਿੰਘ ਕਸੇਲ

ਅੱਜ ਦੇ ਸਮੇਂ ਸਿੱਖੀ ਰੂਪ ਵਿੱਚ ਆਮ ਲੋਕਾਂ ਨਾਲੋਂ ਵੱਖਰਾ ਪਹਿਰਾਵਾ ਪਾ ਕੇ ਕੁੱਝ ਵਿਹਲੜ ਲੋਕ ਆਪਣੇ ਆਪ ਨੂੰ ਬਹੁਤ ਸੱਚੇ ਸੁਚੇ ਰੱਬ ਵਰਗੇ ਸਮਝਦੇ ਹਨ। ਉਂਝ ਉਹ ਲੋਕ ਸਿੱਖਾਂ ਨੂੰ ਇੱਕ ਅਕਾਲ ਪੁਰਖ ਦੇ ਉਪਾਸ਼ਕ ਬਣਨ ਦੀ ਬਜਾਏ ਹਿੰਦੂ ਧਰਮ ਦੇ ਮੰਨੇ ਜਾਂਦੇ ਦੇਵਤਿਆਂ ਸੂਰਜ, ਚੰਦ ਦੀ ਪੂਜਾ ਕਰਾਉਣ ਵਿੱਚ ਆਪਣਾ ਪੂਰਾ ਤਨ, ਮਨ ਅਤੇ ਲੋਕਾਂ ਤੋਂ ਇੱਕਠਾਂ ਕੀਤਾ ਧਨ ਗੁਰਮਤਿ ਦਾ ਵਿਰੋਧ ਕਰਨ ਲਈ ਲਾ ਰਹੇ ਹਨ। ਇਸ ਤਰ੍ਹਾਂ ਉਹ ਲੋਕ ਸਿੱਖੀ ਸਰੂਪ ਦੀ ਆੜ ਹੇਠ ਗੁਰਮਤਿ ਸਿਧਾਂਤ ਨੂੰ ਖੋਰਾ ਲਾਉਣ ਵਾਲੇ ਬੁਕਲ ਦੇ ਸੱਪ ਬਣੇ ਹੋਏ ਹਨ। ਜਦੋਂ ਤੋਂ ਸਿੱਖਾਂ ਦਾ ਆਪਣਾ ਕੈਲੰਡਰ ਨਾਨਕਸ਼ਾਹੀ ਹੋਂਦ ਵਿੱਚ ਆਇਆ ਸੀ ਉਸ ਦਿਨ ਤੋਂ ਹੀ ਸਿੱਖ ਕੌਮ ਨੂੰ ਹਿੰਦੂ ਧਰਮ ਵਿੱਚ ਮਿਲਗੋਭਾ ਕਰਨ ਵਾਲੇ ਆਪੇ ਬਣੇ ਸੰਤ ਯੂਨੀਅਨ ਦੇ ਨਾਂਅ ਹੇਠ ਐਸ਼ਾਂ ਕਰਨ ਵਾਲੇ ਇਹ ਲੋਕ ਇਸਦਾ ਵਿਰੋਧ ਕਰ ਰਹਿ ਸਨ। ਹੁਣ ਅਖੀਰ ਸਿੱਖ ਧਰਮ/ ਕੌਮ ਦੇ ਅਜਿਹੇ ਦੁਸ਼ਮਨ ਆਪਣੀ ਸਾਜਸ਼ ਵਿੱਚ ਕਾਮਜ਼ਾਬ ਹੋ ਗਏ ਹਨ। ਪਰ ਅਫਸੋਸ ਇਸ ਗੱਲ ਦਾ ਹੈ ਕਿ ਸਿੱਖ ਕੌਮ ਅਜੇ ਵੀ ਅਜਿਹੇ ਲੋਕਾਂ ਨੂੰ ਸੰਤ, ਬ੍ਰਹਗਿਆਨੀ ਅਤੇ ਮਾਹਪੁਰਖਾਂ ਵਰਗੇ ਸਤਿਕਾਰ ਯੋਗ ਨਾਂਵਾਂ ਨਾਲ ਬੁਲਾ ਰਹੀ ਹੈ। ਜਿਸ ਨਾਲ ਅਜਿਹੇ ਕੌਮ ਮਾਰੂ ਸ਼ਕਸਾਂ ਨੂੰ ਸਗੋਂ ਹੋਰ ਸ਼ਹਿ ਮਿਲ ਰਹੀ ਹੈ।
ਜਦੋਂ ਤੋਂ ਸਿੱਖਾਂ ਨੇ ਹਿੰਦੂ ਕੌਮ ਤੋਂ ਵੱਖਰਾ ਆਪਣਾ ਕੈਲੰਡਰ ਬਣਾਉਣ ਬਾਰੇ ਵਿਚਾਰਾਂ ਕੀਤੀਆਂ ਸਨ ਉਸ ਦਿਨ ਤੋਂ ਲੈਕੇ ਹੁਣ ਤੀਕਰ ਆਪੇ ਬਣੇ ਸੰਤ ਯੂਨੀਅਨ ਦਾ ਇੱਕ ਅਹੁਦੇਦਾਰ ਬੜਾ ਜ਼ੋਰ ਲਾ-ਲਾ ਕੇ ਇੱਕ ਟੀ ਵੀ ਚੈਨਲ ਅਤੇ ਗੁਰਦੁਆਰਿਆਂ ਦੀਆਂ ਸਟੇਜ਼ਾਂ `ਤੇ ਆਖ ਰਿਹਾ ਹੈ ਕਿ “ਮੈਂ ਸ੍ਰ. ਪੁਰੇਵਾਲ ਹੁਰਾਂ ਨੂੰ ਪੁੱਛਿਆ ਸੀ ਕਿ ਸੰਗਰਾਂਦ ਦਾ ਕੀ ਮਤਲਬ ਹੈ, ਉਨ੍ਹਾਂ ਕਿਹਾ, ਜਦੋਂ ਸੂਰਜ ਇੱਕ ਰਾਸ਼ੀ ਤੋਂ ਦੂਸਰੀ ਰਾਸ਼ੀ ਵਿੱਚ ਜਾਂਦਾ ਹੈ ਤਾਂ ਉਸਨੂੰ ਸੰਗਰਾਂਦ ਆਖਦੇ ਹਨ”। “ਮੈਂ ਫਿਰ ਦੂਸਰਾ ਸਵਾਲ ਕੀਤਾ, ਕਿ ਜੋ ਤੁਸੀਂ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਹੀਨੇ ਬਣਾਏ ਹਨ ਉਸ ਦਿਨ ਸੰਗਰਾਂਦ ਬਣਦੀ ਹੈ? ਪੁਰੇਵਾਲ ਹੁਰਾਂ ਕਿਹਾ, ‘ਨਹੀਂ’। ਫਿਰ ਮੈਂ ਪੁਰੇਵਾਲ ਹੁਰਾਂ ਨੂੰ ਆਖਿਆ, ਕਿ ਜੇ ਉਸ ਦਿਨ ਸੰਗਰਾਂਦ ਬਣਦੀ ਹੀ ਨਹੀਂ ਤਾਂ ਫਿਰ ਅਸੀਂ ਸੰਗਰਾਂਦ ਕਿਵੇਂ ਮਨਾਈਏ”। ਇਹਨਾ ਦੀਆਂ ਜਬਲੀਆਂ ਤੋਂ ਇੰਝ ਜਾਪਦਾ ਹੈ ਕਿ ਇਹ ਆਪੇ ਬਣੇ ਸੰਤ ਬ੍ਰਹਗਿਆਨੀ ਸਿਰਫ ਸੰਗਰਾਂਦ ਨੂੰ ਪੁਜਾਰੀਆਂ ਵਾਂਗੂ ਪੂਜਣ ਵਿੱਚ ਹੀ ਮਗਨ ਰਹਿੰਦੇ ਹਨ; ਪਰ ਗੁਰੂ ਸਹਿਬਾਨ ਵੱਲੋਂ ਲਿਖੇ ਬਾਰਾਂਮਾਹ ਦਾ ਕਦੀ ਵੀ ਧਿਆਨ ਨਾਲ ਪਾਠ ਨਹੀਂ ਕਰਦੇ। ਜੇ ਕਰਦੇ ਹੁੰਦੇ ਤਾਂ ਇਹਨਾਂ ਨੂੰ ਪਤਾ ਹੁੰਦਾ ਕਿ ਗੁਰੁ ਸਾਹਿਬਾਨ ਨੇ ਸੂਰਜ ਦੇ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਜਾਣ ਨੂੰ ਕੋਈ ਪਵਿਤਰ ਦਿਨ ਨਹੀਂ ਆਖਿਆ। ਹੁਣ ਇਹ ਸਾਧ ਦੱਸਣਗੇ ਕਿ ਜਦੋਂ ਤੁਸੀਂ ਸਾਰੀਆਂ ਸੰਗਰਾਂਦਾਂ ਅਤੇ ਕਈ ਗੁਰੁ ਸਾਹਿਬਾਨ ਨਾਲ ਸਬੰਧਤ ਦਿਹਾੜੇ ਹਿੰਦੂ ਕੈਲੰਡਰ (ਬਿਕਰਮੀ ਸੰਮਤ) ਨਾਲ ਮਨਾਉਣੇ ਹਨ ਤਾਂ ਫਿਰ ਇਹ ਕੈਲੰਡਰ “ਨਾਨਕਸ਼ਾਹੀ” ਕਿਵੇਂ ਰਹਿ ਗਿਆ?
ਇਹਨਾਂ ਸਾਧਾਂ ਨੂੰ ਗੁਰਮਤਿ ਸਿਧਾਂਤ ਦੀ ਕੋਈ ਫਿਕਰ ਨਹੀਂ ਹੈ; ਇਹਨਾ ਨੂੰ ਹਿੰਦੂ ਧਰਮ ਅਨੁਸਾਰ ਸੂਰਜ ਦੇਵਤੇ ਦੀ ਪੂਜਾ ਕਰਨ ਅਤੇ ਸਿੱਖਾਂ ਨੂੰ ਹਿੰਦੂ ਧਰਮ ਵਿੱਚ ਮਿਲਗੋਭਾ ਕਰਨ ਦੀ ਸਿਰਫ਼ ਫਿਕਰ ਹੈ। ਇੱਕ ਗਲਤੀ ਜੋ ਪਹਿਲਾਂ ਸੰਗਰਾਂਦ, ਮੱਸਿਆ, ਪੁੰਨਿਆ ਆਦਿਕ ਨਾਨਕਸ਼ਾਹੀ ਕੈਲੰਡਰ ਵਿੱਚ ਲਿੱਖਕੇ ਕੀਤੀ ਸੀ ਉਸਨੇ ਵੀ ਸਾਧਾਂ ਅਤੇ ਬਾਕੀ ਸਿੱਖ ਵਿਰੋਧੀ ਤਾਕਤਾਂ ਨੂੰ ਇਸ ਕੈਲੰਡਰ ਨੂੰ ਹੁਣ ਹਿੰਦੂ ਕੈਲੰਡਰ (ਬਿਕਰਮੀ) ਵਿੱਚ ਤਬਦੀਲ ਕਰਨ ਵਿੱਚ ਮੱਦਦ ਕੀਤੀ ਹੈ। ਜਦੋਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੰਗਰਾਂਦ ਦੀ ਕੋਈ ਮਹੱਤਤਾ ਹੈ ਹੀ ਨਹੀਂ ਤਾਂ ‘ਸੰਗਰਾਂਦ’ ਲਫ਼ਜ ਕੈਲੰਡਰ ਵਿੱਚ ਲਿੱਖਣ ਦੀ ਲੋੜ ਹੀ ਕੀ ਸੀ? ਸਿਰਫ ਹਰੇਕ ਮਹੀਨੇ ਦੀ ਇੱਕ ਤਰੀਕ ਲਿੱਖ ਦੇਂਦੇ। ਉਂਝ ਸਾਡੇ ਪ੍ਰਚਾਰਕ ਗੁਰਦੁਆਰਿਆਂ ਦੀਆਂ ਸਟੇਜਾਂ ਤੋਂ ਬੜੇ ਜ਼ੋਸ਼ ਨਾਲ ਬੋਲਦੇ ਸੁਣਦੇ ਹਾਂ: “ਸਿੰਘ ਜੀ! ਸਿੱਖਾਂ ਨੂੰ ਗੁਰੂ ਜੀ ਵੱਲੋਂ ਹੁਕਮ ਹੈ, ਪੂਜਾ ਅਕਾਲ ਕੀ, ਪ੍ਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ”। ਪਰ ਕਰਨੀ ਵਿੱਚ ਅਸੀਂ ਸੂਰਜ, ਚੰਦ ਦੀ ਪੂਜਾ ਕਰਨ ਤੋਂ ਬਿਨਾਂ ਆਪਣੇ ਆਪ ਨੂੰ ‘ਸਿੱਖ’ ਹੀ ਨਹੀਂ ਸਮਝਦੇ?
ਸਿੱਖ ਕੌਮ ਨੂੰ ਕੇਸਾਧਾਰੀ ਹਿੰਦੂ ਸਿੱਧ ਕਰਨ ਦੀ ਦੌੜ ਵਿੱਚ ਲੱਗੇ ਇਹ ਵਕਾਉ ਲੋਕ ਆਖਦੇ ਹਨ ਕਿ ਅਸੀਂ ਆਪਣੇ ਸਾਰੇ ਦਿਨ ਦਿਹਾਰ ਤਾਂ ਗਰੈਗੋਰੀਅਨ ਕੈਲੰਡਰ (ਮਜ਼ੂਦਾ ਅੰਗਰੇਜੀ ਕੈਲੰਡਰ) ਨਾਲ ਮੰਨਾਉਦੇ ਹਾਂ ਪਰ ਗੁਰੂ ਸਹਿਬਾਨ ਦੇ ਦਿਨ ਦਿਹਾਰ ਅਸੀਂ ਹਿੰਦੂ ਧਰਮ ਅਨੁਸਾਰ ਹੀ ਮੰਨਾਉਣੇ ਹਨ। ਹੈਰਾਨੀ ਵਾਲੀ ਗੱਲ ਹੈ ਕਿ ਜਦੋਂ ਅਸੀਂ ਹੋਰ ਸਾਰਾ ਨਾਪ ਤੋਲ, ਸਮੇਂ ਦੀ ਵੰਡ, ਗਿਣਤੀ ਗਿਣਤੀ ਅੱਜ ਦੇ ਪ੍ਰਚਲਤ ਪੈਮਾਨਿਆ ਨਾਲ ਕਰਦੇ ਹਾਂ ਤਾਂ ਫਿਰ ਗੁਰੂ ਸਾਹਿਬਾਨ ਦੇ ਜੀਵਨ ਵਾਲੀਆਂ ਤਰੀਕਾਂ ਨੂੰ ਅੱਜ ਦੇ ਵਰਤੇ ਜਾਂਦੇ ਸੂਰਜੀ ਕੈਲੰਡਰ ਨਾਲ ਕਿਉਂ ਨਹੀਂ ਮੰਨਾ ਸਕਦੇ? ਜਿਵੇਂ ਗੁਰਬਾਣੀ ਵਿੱਚ ਤਾਂ ਸਮੇਂ ਦੀ ਵੰਡ ਬਾਰੇ ਤਾਂ ਵਿਸੁਏ, ਚਸਿਆ, ਪਹਿਰ, ਘੜੀ, ਮੂਰਤ ਅਤੇ ਪਲ ਵੀ ਆਏ ਹਨ ਅਤੇ ਰਸਤੇ ਦੀ ਦੂਰੀ ਨਾਪਣ ਵਾਸਤੇ ਕੌਹ ਅਤੇ ਆਮ ਮਿਣਤੀ ਵਾਸਤੇ ਗੱਜ ਅਤੇ ਭਾਰ ਤੋਲਣ ਵਾਸਤੇ ਸੇਰ, ਮਣ ਵੀ ਹਨ ਪਰ ਕੀ ਇਹ ਲੋਕ ਅੱਜ ਆਪ ਉਹ ਪੈਮਾਨੇ, ਤਰੀਕਾਂ ਅਤੇ ਸਮੇਂ ਵਾਸਤੇ ਉਹੀ ਕੈਲੰਡਰ ਜਾਂ ਉਹੀ ਬਾਕੀ ਚੀਜ਼ਾਂ ਵਰਤਦੇ ਹਨ? ਉਂਝ ਵੀ ਗੁਰੁ ਸਾਹਿਬਾਨ ਦੇ ਜੀਵਨ ਕਾਲ ਸਮੇਂ ਭਾਰਤ ਵਿੱਚ ਬਿਕਰਮੀ ਕੈਲੰਡਰ ਸੀ ਤਾਂ ਗੁਰੁ ਜੀ ਨੇ ਉਸੇ ਦੀਆਂ ਤਰੀਕਾਂ ਜਾਂ ਹਵਾਲੇ ਦੇਣੇ ਸਨ। ਜਿਵੇਂ ਬਾਰਾਂਮਾਂਹ ਵਿੱਚ ਹਰ ਮਹੀਨੇ ਦੇ ਮੋਸਮ ਦਾ ਜਿਕਰ ਹੈ ਪਰ ਹੋ ਸਕਦਾ ਹੈ ਦੁਨੀਆਂ ਦੇ ਸਾਰੇ ਦੇਸ਼ਾਂ ਵਿੱਚ ਉਸ ਮਹੀਨੇ ਉਵੇਂ ਦਾ ਮੌਸਮ ਨਾ ਹੋਵੇ। ਇਹ ਤਾਂ ਸਾਧਾਂ ਅਤੇ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਬਣਾਉਣ ਵਾਲਿਆਂ ਦੇ ਢੁਚਰ ਹਨ। ਕੀ ਗੁਰੁ ਸਾਹਿਬਾਨ ਸ੍ਰੀ ਗੁਰੁ ਗ੍ਰੰਥ ਸਾਹਿਬ ਵਿੱਚ ਲਿਖ ਗਏ ਹਨ ਕਿ ਤੁਸੀਂ ਸਾਡੇ ਦਿਨ ਦਿਹਾਰ ਸਿਰਫ ਹਿੰਦੂ ਕੈਲੰਡਰ ਅਨੁਸਾਰ ਹੀ ਹਮੇਸ਼ਾਂ ਮੰਨਾਉਣੇ?
ਗੁਰੂ ਨਾਨਕ ਜੀ ਅਤੇ ਗੁਰੂ ਅਰਜਨ ਪਾਤਸ਼ਾਹ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਡੇ ਲਈ ਦੌ ਵਾਰੀ ਬਾਰਾਂ ਮਾਹ ਲਿਖੇ ਹਨ। ਪਰ ਉਹਨਾਂ ਹਿੰਦੂ ਧਰਮ ਅਨੁਸਾਰ ਮਨਾਈ ਜਾਂਦੀ ਸੰਗਰਾਂਦ ਦੀ ਗੱਲ ਨਹੀਂ ਕੀਤੀ। ਸਗੋਂ ਹਰ ਦਿਨ ਨੂੰ ਇਕੋ ਜਿਹਾ ਸਮਝਣ ਲਈ ਸਿਖਿਆ ਦਿੱਤੀ ਹੈ; ਤਾਂ ਕਿ ਸਿੱਖ ਹਿੰਦੂ ਧਰਮ ਦੇ ਲੋਕਾਂ ਵਾਂਗੂ ਸੂਰਜ ਦੀ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਜਾਣ ਨੂੰ ਕੋਈ ਖਾਸ ਜਾਂ ਪਵਿੱਤਰ ਦਿਨ ਨਾ ਸਮਝਣ। ਪਰ ਅੱਜ ਇੱਕ ਵਹਿਲੜ ਪੁਜਾਰੀ ਜਮਾਤ ਸਿੱਖਾਂ ਨੂੰ ਘੇਰ-ਘੇਰ ਕੇ ਉਸੇ ਹਿੰਦੂ ਧਰਮ ਦੇ ਜੂਲੇ ਹੇਠ ਲਿਆਉ ਲਈ ਤਤਪਰ ਹੈ ਅਤੇ ਸਿੱਖ ਤਕਰੀਬਨ ਆ ਹੀ ਚੁੱਕੇ ਹਨ।
ਗੁਰੂ ਸਾਹਿਬ ਨੇ ਕਿਸੇ ਦਿਨ ਨੂੰ ਚੰਗਾ ਅਤੇ ਕਿਸੇ ਨੂੰ ਮਾੜਾ ਸਮਝਣ ਵਾਲਿਆਂ ਦਾ ਭੁਲੇਖਾ ਦੂਰ ਕਰਨ ਲਈ ਹੀ ਤਾਂ ਬਾਰਾਂ ਮਾਹ ਦੇ ਅਖੀਰ ਤੇ ਇਹ ਸ਼ਬਦ ਲਿਖਿਆ ਹੈ: ਜਿਨਿ ਜਿਨਿ ਨਾਮੁ ਧਿਆਇਆ, ਤਿਨ ਕੇ ਕਾਜ ਸਰੇ॥ ਹਰਿ ਗੁਰੁ ਪੂਰਾ ਆਰਾਧਿਆ, ਦਰਗਹਿ ਸਚਿ ਖਰੇ॥ ਸਰਬ ਸੁਖਾ ਨਿਧਿ ਚਰਣ ਹਰਿ, ਭਉਜਲੁ ਬਿਖਮੁ ਤਰੇ॥ ਪ੍ਰੇਮ ਭਗਤਿ ਤਿਨ ਪਾਈਆ, ਬਿਖਿਆ ਨਾਹਿ ਜਰੇ॥ ਕੂੜ ਗਏ, ਦੁਬਿਧਾ ਨਸੀ, ਪੂਰਨ ਸਚਿ ਭਰੇ॥ ਪਾਰਬ੍ਰਹਮੁ ਪ੍ਰਭੁ ਸੇਵਦੇ, ਮਨ ਅੰਦਰਿ ਏਕੁ ਧਰੇ॥ ਮਾਹ ਦਿਵਸ ਮੂਰਤ ਭਲੇ, ਜਿਸ ਕਉ ਨਦਰਿ ਕਰੇ॥ ਨਾਨਕੁ ਮੰਗੈ ਦਰਸ ਦਾਨੁ ਕਿਰਪਾ ਕਰਹੁ ਹਰੇ॥ (ਮ: ੫, ਪੰਨਾ ੧੩੬)
ਅਰਥ: —ਜਿਸ ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਜਪਿਆ ਹੈ, ਉਹਨਾਂ ਦੇ ਸਾਰੇ ਕਾਰਜ ਸਫਲ ਹੋ ਜਾਂਦੇ ਹਨ, ਜਿਨ੍ਹਾਂ ਨੇ ਪ੍ਰਭੂ ਨੂੰ ਪੂਰੇ ਗੁਰੂ ਨੂੰ ਆਰਾਧਿਆ ਹੈ, ਉਹ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਹਜ਼ੂਰੀ ਵਿੱਚ ਸੁਰਖ਼ਰੂ ਹੁੰਦੇ ਹਨ। ਪ੍ਰਭੂ ਦੇ ਚਰਨ ਹੀ ਸਾਰੇ ਸੁੱਖਾਂ ਦਾ ਖ਼ਜ਼ਾਨਾ ਹਨ, (ਜਿਹੜੇ ਜੀਵ ਚਰਨੀਂ ਲੱਗਦੇ ਹਨ, ਉਹ) ਔਖੇ ਸੰਸਾਰ-ਸਮੁੰਦਰ ਵਿਚੋਂ (ਸਹੀ-ਸਲਾਮਤ) ਪਾਰ ਲੰਘ ਜਾਂਦੇ ਹਨ, ਉਹਨਾਂ ਨੂੰ ਪ੍ਰਭੂ ਦਾ ਪਿਆਰ ਪ੍ਰਭੂ ਦੀ ਭਗਤੀ ਪ੍ਰਾਪਤ ਹੁੰਦੀ ਹੈ, ਮਾਇਆ ਦੀ ਤ੍ਰਿਸ਼ਨਾ-ਅੱਗ ਵਿੱਚ ਉਹ ਨਹੀਂ ਸੜਦੇ। ਉਹਨਾਂ ਦੇ ਵਿਅਰਥ ਝੂਠੇ ਲਾਲਚ ਖ਼ਤਮ ਹੋ ਜਾਂਦੇ ਹਨ, ਉਹਨਾਂ ਦੇ ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ, ਉਹ ਮੁਕੰਮਲ ਤੌਰ ਤੇ ਸਦਾ-ਥਿਰ ਹਰੀ ਵਿੱਚ ਟਿਕੇ ਰਹਿੰਦੇ ਹਨ, ਉਹ ਆਪਣੇ ਮਨ ਵਿੱਚ ਇਕੋ ਪਰਮ ਜੋਤਿ ਪਰਮਾਤਮਾ ਨੂੰ ਵਸਾ ਕੇ ਸਦਾ ਉਸ ਨੂੰ ਸਿਮਰਦੇ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਹਫਤੇ ਦੇ ਸੱਤੇ ਵਾਰਾਂ ਦੇ ਨਾਂਅ ਵੀ ਹਨ। ਗੁਰਬਾਣੀ ਸੰਗਰਾਂਦ, ਮੱਸਿਆ ਆਦਿਕ ਜਾਂ ਦਿਨ ਵਾਰ ਦੇ ਚੱਕਰਾ ਵਿੱਚ ਪੈਣ ਤੇ ਪਾਉਣ ਵਾਲਿਆਂ ਨੂੰ ਮੂਰਖ ਆਖਦੀ ਹੈ: ਆਪੇ ਪੂਰਾ ਕਰੇ ਸੁ ਹੋਇ॥ ਏਹਿ ਥਿਤੀ ਵਾਰ ਦੂਜਾ ਦੋਇ॥ ਸਤਿਗੁਰ ਬਾਝਹੁ ਅੰਧੁ ਗੁਬਾਰੁ॥ ਥਿਤੀ ਵਾਰ ਸੇਵਹਿ ਮੁਗਧ ਗਵਾਰ॥ ਨਾਨਕ ਗੁਰਮੁਖਿ ਬੂਝੈ ਸੋਝੀ ਪਾਇ॥ ਇਕਤੁ ਨਾਮਿ ਸਦਾ ਰਹਿਆ ਸਮਾਇ॥ (ਮ: 3, ਪੰਨਾ 843)
ਪਰ ਅਸੀਂ ਇੱਕ ਅਕਾਲ ਪੁਰਖ ਦੇ ਉਪਾਸ਼ਕ ਹੋਣ ਵਾਲੇ ਪਤਾ ਨਹੀਂ ਕਿਉਂ ਅਕਾਲ ਪੁਰਖ ਦੀ ਕ੍ਰਿਤ ਸੂਰਜ, ਚੰਦ ਦੀ ਮੁੜ ਮੁੜ ਕੇ ਅਨਮੱਤੀਆਂ ਵਾਂਗੂ ਪੂਜਾ ਕਰਨੀ ਚੰਗੀ ਸਮਝਦੇ ਹਾਂ ਅਤੇ ਅਖੌਤੀ ਸਾਧਾਂ ਦੇ ਨਾਲੇ ਗੋਡੇ ਘੁਟਦੇ ਹਾਂ ਨਾਲੇ ਗੁਰੂ ਜੀ ਵੱਲੋਂ ਬੇਮੁੱਖ ਹੁੰਦੇ ਹਾਂ। ਅੱਜ ਪੜ੍ਹੇ ਲਿਖੇ ਸਮੇਂ ਵਿੱਚ ਸਾਨੂੰ ਅਜਿਹੇ ਸਿੱਖ ਕੌਮ ਨੂੰ ਗੁਮਰਾਹ ਕਰਕੇ ਆਪਣੀਆਂ ਰੋਟੀਆਂ ਸੇਕਣ ਵਾਲੇ ਬਗੁਲੇ ਭੱਗਤਾਂ ਤੋਂ ਸੁਚੇਤ ਰਹਿਣ ਦੀ ਬਹੁਤ ਲੋੜ ਹੈ; ਜੇਕਰ ਸਿੱਖ ਧਰਮ/ਕੌਮ ਦੀ ਨਿਆਰੀ ਹੋਂਦ ਨੂੰ ਬਚਾਉਣਾ ਹੈ ਤਾਂ? ਸਾਨੂੰ ਗੁਰਬਾਣੀ ਦੇ ਸ਼ਬਦਾਂ ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ ਨਾਂ ਕਿ ਅਜਿਹੇ ਆਪੇ ਬਣੇ ਮਹਾਪੁਰਖਾਂ ਦੀ ਕਰਮਕਾਂਡਾ ਵਿੱਚ ਪਾਉਣ ਵਾਲਿਆਂ ਨੂੰ ਜੋ ਆਪ ਸੂਰਜ ਚੰਦ ਦੇ ਪੁਜਾਰੀ ਹਨ। ਗੁਰਬਾਣੀ ਦਾ ਫੁਰਮਾਨ ਹੈ:
ਬੇ ਦਸ ਮਾਹ ਰੁਤੀ ਥਿਤੀ ਵਾਰ ਭਲੇ॥ ਘੜੀ ਮੂਰਤ ਪਲ, ਸਾਚੇ ਆਏ ਸਹਜਿ ਮਿਲੇ॥ ਪ੍ਰਭ ਮਿਲੇ ਪਿਆਰੇ ਕਾਰਜ ਸਾਰੇ ਕਰਤਾ ਸਭ ਬਿਧਿ ਜਾਣੈ॥ ਜਿਨਿ ਸੀਗਾਰੀ ਤਿਸਹਿ ਪਿਆਰੀ ਮੇਲੁ ਭਇਆ ਰੰਗੁ ਮਾਣੈ॥ ਘਰਿ ਸੇਜ ਸੁਹਾਵੀ ਜਾ ਪਿਰਿ ਰਾਵੀ ਗੁਰਮੁਖਿ ਮਸਤਕਿ ਭਾਗੋ॥ ਨਾਨਕ ਅਹਿਨਿਸਿ ਰਾਵੈ ਪ੍ਰੀਤਮੁ ਹਰਿ ਵਰੁ ਥਿਰੁ ਸੋਹਾਗੋ॥ (ਮ: 1, ਪੰਨਾ ੧੧੦੯)
ਭਾਵ : —ਜਿਹੜਾ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾਂਦਾ ਹੈ, ਉਸ ਨੂੰ ਕਿਸੇ ਸੰਗ੍ਰਾਂਦ ਮੱਸਿਆ ਆਦਿਕ ਦੀ ਖ਼ਾਸ ਪਵਿੱਤ੍ਰਤਾ ਦਾ ਭਰਮ-ਭੁਲੇਖਾ ਨਹੀਂ ਰਹਿੰਦਾ । ਉਹ ਮਨੁੱਖ ਕਿਸੇ ਕੰਮ ਨੂੰ ਸ਼ੁਰੂ ਕਰਨ ਵਾਸਤੇ ਕੋਈ ਖ਼ਾਸ ਮੁਹੂਰਤ ਨਹੀਂ ਭਾਲਦਾ, ਉਸ ਨੂੰ ਯਕੀਨ ਹੁੰਦਾ ਹੈ ਕਿ ਪਰਮਾਤਮਾ ਦਾ ਆਸਰਾ ਲਿਆਂ ਸਭ ਕੰਮ ਰਾਸ ਆ ਜਾਂਦੇ ਹਨ । ਟੀਕਾਕਾਰ: ਪ੍ਰੋ; ਸਾਹਿਬ ਸਿੰਘ ਜੀ
.