ੴ ਸਤਿ ਗੁਰ
ਪ੍ਰਸਾਦਿ
ਨਾਮ, ਕੀਰਤਨ, ਸਿਮਰਨ ਅਤੇ ਜਪ
(ਕਿਸ਼ਤ ਨੰ: 03)
ਸਿਮਰਨ
ਕੀਰਤੀ, ਵਡਿਆਈ, ਗਾ ਕੇ ਵੀ ਕੀਤੀ
ਜਾ ਸਕਦੀ ਹੈ, ਅਤੇ ਮਨ ਵਿੱਚ ਵੀ ਕੀਤੀ ਜਾ ਸਕਦੀ ਹੈ। ਗਾ ਕੇ ਕੀਤੀ ਕੀਰਤੀ (ਕੀਰਤਨ) ਵੀ ਤਾਂ ਹੀ
ਲਾਹੇਵੰਦ ਹੈ, ਜੇ ਗਾਉਣ ਵੇਲੇ ਜ਼ਬਾਨ ਦੇ ਨਾਲ ਮਨ ਦਾ ਵੀ ਸੁਮੇਲ ਹੋਵੇ। ਮਨ ਦੇ ਸੁਮੇਲ ਤੋਂ ਬਗੈਰ
ਗਾਇਆ, ਕੀਰਤਨ ਨਹੀਂ, ਸਿਰਫ ਗਾਣਾ ਹੈ।
ਕੀਰਤਨ ਤੋਂ ਅਗਾਂਹ ਡੰਡਾ ਸਿਮਰਨ ਦਾ ਹੈ। ਸਿਮਰਨ ਲਫਜ਼ ਸਮਰਣ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਯਾਦ
ਕਰਨਾ, ਯਾਦ ਰਖਣਾ।
ਜਿਵੇਂ ਸਕੂਲੀ ਬੱਚੇ, ਸਕੂਲੋਂ ਮਿਲੀ ਸਿਖਿਆ ਨੂੰ ਘਰ ਆ ਕੇ ਮੁੜ ਮੁੜ ਕੇ ਯਾਦ ਕਰਦੇ ਹਨ, ਉਸੇ
ਤਰ੍ਹਾਂ ਸ਼ਬਦ ਵਿਚਾਰ ਨਾਲ ਮਿਲੇ ਗਿਆਨ ਨੂੰ ਵਾਰ-ਵਾਰ ਯਾਦ ਕਰਨ ਦੀ ਲੋੜ ਪੈਂਦੀ ਹੈ। ਇਸ ਦੇ ਹੀ
ਸਮਾਨ-ਅਰਥੀ ਲਫ਼ਜ਼ ਹਨ, ਧਿਆਉਣਾ, ਅਰਾਧਣਾ। ਇਹ ਸਿਮਰਨ, ਜ਼ਬਾਨ ਨਾਲ ਕਰਨਾ ਅਸੰਭਵ ਹੈ, ਕਿਉਂਕਿ ਇਸ ਦੀ
ਸ਼ਰਤ ਹੈ,
ਸਦਾ ਸਦਾ ਪ੍ਰਭੁ ਸਿਮਰੀਐ ਅੰਤਰਿ ਰਖੁ ਉਰ ਧਾਰਿ॥ (੪੭) ਅਤੇ
ਸਿਮਰਉ ਦਿਨੁ ਰੈਨਿ ਸਾਸ ਗਿਰਾਸਾ॥ (੧੭੭) ਅਤੇ
ਆਠ ਪਹਰ ਸਿਮਰਹੁ ਪ੍ਰਭ ਨਾਮੁ॥ ਅਨਿਕ ਤੀਰਥ ਮਜਨੁ ਇਸਨਾਨੁ॥ (੧੮੪) ਅਤੇ
ਮਰਿ ਨਾ ਜਾਹੀ ਜਿਨਾ ਬਿਸਰਤ ਰਾਮ॥ ਨਾਮ ਬਿਹੂਨ ਜੀਵਨ ਕਉਨ ਕਾਮ॥ (੧੮੮) ਅਤੇ
ਹੋਹਿ ਅਚਿੰਤੁ ਬਸੈ ਸੁਖ ਨਾਲਿ॥ ਸਾਸਿ ਗ੍ਰਾਸਿ ਹਰਿ ਨਾਮੁ ਸਮਾਲਿ॥ (੨੮੯) ਅਤੇ
ਗੁਰ ਕਾ ਸਬਦੁ ਰਿਦੇ ਮਹਿ ਚੀਨਾ॥ ਸਗਲ ਮਨੋਰਥ ਪੂਰਨ ਆਸੀਨਾ॥ (੮੦੪) ਅਤੇ
ਕਿਆ ਸਵਣਾ ਕਿਆ ਜਾਗਣਾ ਗੁਰਮੁਖਿ ਤੇ ਪਰਵਾਣੁ॥
ਜਿਨਾ ਸਾਸਿ ਗਿਰਾਸਿ ਨ ਵਿਸਰੈ ਸੇ ਪੂਰੇ ਪੁਰਖ ਪਰਧਾਨ॥ (੩੧੩) ਅਤੇ
ਜਿਨਿ ਕੀਨੀ ਸਭ ਪੂਰਨ ਆਸਾ॥ ਸਿਮਰਉ ਦਿਨੁ ਰੈਨਿ ਸਾਸ ਗਿਰਾਸਾ॥ (੧੭੭) ਅਤੇ
ਸਾਸਿ ਸਾਸਿ ਸਿਮਰਹੁ ਗੋਬਿੰਦ॥ ਮਨ ਅੰਤਰ ਕੀ ਉਤਰੈ ਚਿੰਦ॥ (੨੯੫) ਅਤੇ
ਸੰਤਾ ਕੀ ਇਹ ਰੀਤਿ ਨਿਰਾਲੀ॥ ਪਾਰਬ੍ਰਹਮ ਕਰਿ ਦੇਖਹਿ ਨਾਲੀ॥
ਸਾਸਿ ਸਾਸਿ ਆਰਾਧਨਿ ਹਰਿ ਹਰਿ ਕਿਉ ਸਿਮਰਤ ਕੀਜੈ ਆਲਕਾ॥ (੧੦੮੫)
ਇਹ ਸਿਮਰਨ ਜ਼ਬਾਨ ਦਾ ਨਹੀਂ ਮਨ ਦਾ ਵਿਸ਼ਾ ਹੈ। ਇਸ ਬਾਰੇ ਗੁਰਬਾਣੀ ਸੇਧ ਹੈ,
ਸਿਮਰਿ ਮਨਾ ਤੂ ਸਾਚਾ ਸੋਇ॥ ਹਲਤਿ ਪਲਤਿ ਤੁਮਰੀ ਗਤਿ ਹੋਇ॥ (੧੧੪੮)
ਹੇ ਮੇਰੇ ਮਨ ਤੂੰ, ਉਸ ਸਦਾ ਕਾਇਮ ਰਹਣ ਵਾਲੇ ਨੂੰ ਸਿਮਰਿਆ ਕਰ, ਇਸ ਨਾਲ ਇਸ ਲੋਕ ਅਤੇ ਪਰਲੋਕ ਵਿੱਚ
ਤੇਰੀ ਗਤੀ ਹੋ ਜਾਵੇਗੀ।
ਗਲ ਮਨ ਨੂੰ ਸਮਬੋਧਤ, ਮਨ ਨਾਲ ਸਬੰਧਤ। ਅਤੇ,
ਸਿਮਰਿ ਮਨਾ ਦਾਮੋਦਰੁ ਦੁਖਹਰੁ ਭੈ ਭੰਜਨੁ ਹਰਿ ਰਾਇਆ॥ (੨੪੮)
ਹੇ ਮੇਰੇ ਮਨ ਤੂੰ, ਉਸ ਦਮੋਦਰ (ਪ੍ਰਭੂ) ਨੂੰ ਸਿਮਰ, ਜੋ ਦੁੱਖਾਂ ਨੂੰ ਦੂਰ ਕਰਨ ਵਾਲਾ ਹੈ, ਡਰ ਦੂਰ
ਕਰਨ ਵਾਲਾ, ਇਕੋ ਇੱਕ ਸਦੀਵੀ ਰਾਜਾ ਹੈ। ਉਹੀ ਗੱਲ, ਮਨ ਨੂੰ ਸਮਂੌਧਤ, ਮਨ ਨਾਲ ਸਬੰਧਤ। ਅਤੇ,
ਅਗਮ ਅਗੋਚਰ ਸਦਾ ਬੇਅੰਤਾ॥ ਸਿਮਰਿ ਮਨਾ ਪੂਰੇ ਗੁਰ ਮੰਤਾ॥ (੧੮੪)
ਹੇ ਮੇਰੇ ਮਨ ਤੂੰ, ਗੁਰ (ਸ਼ਬਦ) ਦੀ ਸਿਖਿਆ ਅਨੁਸਾਰ, ਉਸ ਕਰਤਾਰ ਨੂੰ ਸਿਮਰਿਆ ਕਰ, ਜੋ ਹਰ ਕਿਸੇ ਦੀ
ਪਹੁੰਚ ਤੋਂ ਬਾਹਰ ਹੈ, ਜੋ ਗਿਆਨ ਇੰਦਰੀਆਂ ਦਾ ਵਿਸ਼ਾ ਨਹੀਂ ਹੈ। ਉਹੀ ਸੰਬੋਧਨ, ਮਨ ਨੂੰ ਅਤੇ ਮਨ
ਨਾਲ ਸਬੰਧਤ। ਅਤੇ,
ਸਿਮਰਿ ਮਨਾ ਰਾਮ ਨਾਮੁ ਚਿਤਾਰੇ॥ ਬਸਿ ਰਹੇ ਹਿਰਦੈ ਗੁਰ ਚਰਨ ਪਿਆਰੇ॥ (੮੦੩)
ਹੇ ਮੇਰੇ ਮਨ ਤੂੰ, ਧਿਆਨ ਜੋੜ ਕੇ ਰਾਮ ਦਾ ਨਾਮ ਸਿਮਰਿਆ ਕਰ। ਪਰ ਇਹ ਉਹੀ ਕਰ ਸਕਦਾ ਹੈ, ਜਿਸ ਦੇ
ਹਿਰਦੇ ਵਿਚ, ਪਿਆਰੇ ਗੁਰੂ ਦੇ ਚਰਨ ਵਸ ਰਹੇ ਹੋਣ, ਜੋ ਗੁਰ (ਸ਼ਬਦ) ਦੀ ਸਿਖਿਆ ਦਾ ਪਾਲਣ ਕਰ ਰਿਹਾ
ਹੋਵੇ। ਸੋ ਹੇ ਮਨ ਤੂੰ ਵੀ ਸ਼ਬਦ ਗੁਰੂ ਦਾ ਆਸਰਾ ਲੈ ਕੇ, ਉਸ ਦੀ ਸਿਖਿਆ ਅਨੁਸਾਰ ਇਹ ਕੰਮ ਕਰਿਆ ਕਰ।
ਉਹੀ ਮਨ ਨਾਲ ਸਬੰਧਤ, ਮਨ ਨੂੰ ਸੰਬੋਧਨ। ਅਤੇ,
ਮਨ ਬਚ ਕ੍ਰਮ ਪ੍ਰਭੁ ਅਪਨਾ ਧਿਆਈ॥ ਨਾਨਕ ਦਾਸ ਤੇਰੀ ਸਰਣਾਈ॥ (੨੦੦)
ਹੇ ਨਾਨਕ ਆਖ, ਹੇ ਗੁਰੂ ਮੈਂ ਨਿਮਾਣੇ ਨੇ ਤੇਰੀ ਸਰਣ ਲਈ ਹੈ, ਮਿਹਰ ਕਰ, ਤਾਂ ਜੋ ਮੈਂ ਮਨੋਂ ਕਰਤਾਰ
ਨੂੰ ਧਿਆਉਂਦਾ ਰਹਾਂ, ਸਿਮਰਦਾ ਰਹਾਂ। ਜੇ ਕੁੱਝ ਆਖਾਂ ਤਾਂ ਉਹ ਵੀ ਪ੍ਰਭੂ ਦੀ ਸਿਫਤ ਸਲਾਹ ਹੀ ਹੋਵੇ
ਅਤੇ ਮੇਰੇ ਕਰਮ ਵੀ ਮੇਰੇ ਬਚਨਾਂ ਮੁਤਾਬਕ ਹੀ ਹੋਣ, ਦੋਵਾਂ ਵਿੱਚ ਕੋਈ ਫਰਕ ਨਾ ਹੋਵੈ।
ਮਨ ਦੇ ਨਾਲ, ਬਚਨ ਵੀ ਗੁਰੂ ਦੀ ਸਿਖਿਆ ਅਨੁਸਾਰ ਬੋਲਣ ਅਤੇ ਕਰਮ ਵੀ ਉਸੇ ਅਨੁਸਾਰ ਕਰਨ ਦੀ ਅਰਦਾਸ,
ਬੇਨਤੀ।
ਏਨਾ ਕੁੱਝ ਹੋਣ ਤੇ ਵੀ, ਪੁਜਾਰੀ ਲਾਣਾ, ਅਖੌਤੀ ਸੰਤ, ਪਖੰਡੀ ਬ੍ਰਹਮਗਿਆਨੀ, ਡੇਰੇਦਾਰ, ਟਕਸਾਲੀਏ,
ਸਿੱਖਾਂ ਨੂੰ ਕੁਰਾਹੇ ਪਾਉਂਦੇ ਰਹਿੰਦੇ ਹਨ। ਸਿਰਫ ਇਸ ਕਰ ਕੇ ਕਿ ਸਿੱਖ, ਆਪ ਗੁਰੂ ਗ੍ਰੰਥ ਸਾਹਿਬ
ਜੀ ਤੋਂ ਸੇਧ ਲੈਣ ਦੀ ਥਾਂ, ਇਨ੍ਹਾਂ ਦੇ ਗਪੌੜਿਆਂ ਨੂੰ ਹੀ ਅਟੱਲ ਬਚਨ ਸਮਝ ਲੈਂਦੇ ਹਨ।
ਅੱਜ ਕਲ ਸ਼ਬਦ ਵਿਚਾਰ ਦੀ ਇਸ ਸਿਖਿਆ ਨੂੰ ਨਕਾਰਦੇ, ਗੁਰਦਵਾਰਿਆਂ ਵਿੱਚ ਇੱਕ ਨਵਾਂ ਪਖੰਡ ਸ਼ੁਰੂ ਹੋ
ਗਿਆ ਹੈ। ਪਹਿਲਾਂ ਜਸਬੀਰ ਸਿੰਘ ਖੰਨੇ ਵਾਲੇ ਦੀ ਕੈਸਿਟ ਲਗਾ ਕੇ, ਕਮਰੇ ਵਿੱਚ ਹਨੇਰਾ ਕਰ ਕੇ,
ਝੁੰਬਲ ਮਾਟਾ ਕਰ ਕੇ, ਉਸ ਕੈਸਿਟ ਦੇ ਬੋਲਾਂ ਦੇ ਨਾਲ
ਨਾਲ, ਅੱਧਾ ਘੰਟਾ ਵਾਹਿਗੁਰੂ-ਵਾਹਿਗੁਰੂ ਕਰਨ ਨੂੰ ਸਿਮਰਨ ਕਿਹਾ ਜਾਂਦਾ ਸੀ। ਉਨ੍ਹਾਂ ਦੇ ਅਕਾਲ
ਚਲਾਣੇ ਮਗਰੋਂ ਅੱਜ ਕਲ, ਪਤਾ ਨਹੀਂ ਕਿਸ ਸੰਤ, ਕਿਸ ਬ੍ਰਹਮ ਗਿਆਨੀ ਦੀ ਸਿਖਿਆ ਅਨੁਸਾਰ, ਸੰਗਤ ਵਿੱਚ
ਕੁੱਝ ਲੋਕ ਗਾਉਂਦੇ ਹਨ “ਪ੍ਰਭੁ ਕਾ ਸਿਮਰਨ ਸਭ ਤੇ ਊਚਾ॥” ਅਤੇ ਬਾਕੀ ਮਗਰੋਂ ਕਹਿੰਦੇ ਹਨ
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।
ਯਾਨੀ ਪ੍ਰਭੂ ਦਾ ਜੋ ਸਿਮਰਨ ਸਭ ਤੋਂ ਉੱਤਮ ਚੀਜ਼ ਹੈ, ਉਹ ਹੈ ਢੋਲਕੀਆਂ ਛੈਣਿਆਂ ਨਾਲ ਵਾਹਿਗੁਰੂ,
ਵਾਹਿਗੁਰੂ ਰਟਣਾ।
ਸੋਚ ਰਿਹਾ ਹਾਂ ਕਿ ਆਮ ਆਦਮੀ ਤਾਂ ਮਹਿੰਗਾਈ ਦੇ ਇਸ ਯੁਗ ਵਿਚ, ਬਹੁਤ ਥੋੜਾ ਵੇਹਲ ਕੱਢ ਪਾਉਂਦੇ ਹਨ।
ਉਸ ਵੇਲੇ ਵਿੱਚ ਵੀ ਉਹ ਵੇਹਲੜ ਸਾਧਾਂ ਵੱਲੋਂ ਦੱਸੇ ਕਰਮ ਕਾਂਡ ਦੇ ਬਹੁਤ ਥੋੜੇ ਹਿਸੇ ਦਾ ਹੀ ਰੱਟਾ
ਲਾ ਪਾਉਂਦੇ ਹਨ, ਗੁਰਬਾਣੀ ਵਿਚਾਰਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਪਰ ਵੇਹਲੜ ਸਾਧ ਤਾਂ
ਅਪਣੇ ਆਪ ਨੂੰ ਗੁਰਬਾਣੀ ਦਾ ਮਹਾਨ ਗਿਆਤਾ ਪਰਚਾਰਦੇ ਹਨ। ਕੀ ਉਨ੍ਹਾਂ ਨੇ ਗੁਰਬਾਣੀ ਦੀਆਂ ਇਹ ਤੁਕਾਂ
ਕਦੀ ਨਹੀਂ ਪੜ੍ਹੀਆਂ?
ਸਿਮਰੈ ਧਰਤੀ ਅਰੁ ਆਕਾਸਾ॥ ਸਿਮਰਹਿ ਚੰਦ ਸੂਰਜ ਗੁਣਤਾਸਾ॥
ਪਉਣ ਪਾਣੀ ਬੈਸੰਤਰ ਸਿਮਰਹਿ ਸਿਮਰੈ ਸਗਲ ਉਪਾਰਜਨਾ॥ ੧॥
ਸਿਮਰਹਿ ਖੰਡ ਦੀਪ ਸਭਿ ਲੋਆ॥ ਸਿਮਰਹਿ ਪਾਤਾਲ ਪੁਰੀਆ ਸਚੁ ਸੋਆ॥
ਸਿਮਰਹਿ ਖਾਣੀ ਸਿਮਰਹਿ ਬਾਣੀ ਸਿਮਰਹਿ ਸਗਲੇ ਹਰਿ ਜਨਾ॥ ੨॥
ਸਿਮਰਹਿ ਬ੍ਰਹਮਾ ਬਿਸਨ ਮਹੇਸਾ॥ ਸਿਮਰਹਿ ਦੇਵਤੇ ਕੋੜਿ ਤੇਤੀਸਾ॥
ਸਿਮਰਹਿ ਜਖ੍ਹਿ ਦੈਤ ਸਭਿ ਸਿਮਰਹਿ ਅਗਨਤੁ ਨ ਜਾਈ ਜਸੁ ਗਨਾ॥ ੩॥
ਸਿਮਰਹਿ ਪਸੁ ਪੰਖੀ ਸਭਿ ਭੂਤਾ॥ ਸਿਮਰਹਿ ਬਨ ਪਰਬਤ ਅਉਧੂਤਾ॥
ਲਤਾ ਬਲੀ ਸਾਖ ਸਭ ਸਿਮਰਹਿ ਰਵਿ ਰਹਿਆ ਸੁਆਮੀ ਸਭ ਮਨਾ॥ ੪॥
ਸਿਮਰਹਿ ਥੂਲ ਸੂਖਮ ਸਭਿ ਜੰਤਾ॥ ਸਿਮਰਹਿ ਸਿਧ ਸਾਧਿਕ ਹਰਿ ਮੰਤਾ॥
ਗੁਪਤ ਪ੍ਰਗਟ ਸਿਮਰਹਿ ਪ੍ਰਭ ਮੇਰੇ ਸਗਲ ਭਵਨ ਕਾ ਪ੍ਰਭ ਧਨਾ॥ ੫॥
ਸਿਮਰਹਿ ਨਰ ਨਾਰੀ ਆਸਰਮਾ॥ ਸਿਮਰਹਿ ਜਾਤਿ ਜੋਤਿ ਸਭਿ ਵਰਨਾ॥
ਸਿਮਰਹਿ ਗੁਣੀ ਚਤੁਰ ਸਭਿ ਬੇਤੇ ਸਿਮਰਹਿ ਰੈਣੀ ਅਰੁ ਦਿਨਾ॥ ੬॥
ਸਿਮਰਹਿ ਘੜੀ ਮੂਰਤ ਪਲ ਨਿਮਖਾ॥ ਸਿਮਰੈ ਕਾਲੁ ਅਕਾਲੁ ਸੁਚਿ ਸੋਚਾ॥
ਸਿਮਰਹਿ ਸਉਣ ਸਾਸਤ੍ਰ ਸੰਜੋਗਾ ਅਲਖੁ ਨ ਲਖੀਐ ਇਕੁ ਖਿਨਾ॥ ੭॥ (੧੦੭੮-੭੯)
ਜੇ ਪੜ੍ਹੀਆਂ ਹਨ ਤਾਂ ਇਹ ਸੰਗਤ ਨੂੰ ਕਿਉਂ ਨਹੀਂ ਸੁਣਾਉਂਦੇ? ਇਨ੍ਹਾਂ ਦਾ ਮਤਲਬ ਕਿਉਂ ਨਹੀਂ
ਸਮਝਾਉਂਦੇ? ਇਸ ਦੀ ਵਿਆਖਿਆ ਕਿਉਂ ਨਹੀਂ ਕਰਦੇ ਕਿ ਇਹ ਚੀਜ਼ਾਂ, ਧਰਤੀ, ਆਕਾਸ਼, ਸੂਰਜ, ਚੰਦ, ਪਉਣ
(ਹਵਾ) ਪਾਣੀ, ਬੈਸੰਤਰ (ਅੱਗ), ਖੰਡ (ਸ੍ਰਿਸ਼ਟੀ ਦੇ ਟੁਕੜੇ), ਦੀਪ (ਟਾਪੂ), ਲੋਆ (ਧਰਤੀਆਂ),
ਪਾਤਾਲ, ਪੁਰੀਆਂ (ਸ਼ਹਿਰ), ਖਾਣੀ (ਪੈਦਾਇਸ਼ ਦੇ ਸਾਧਨ), ਬਾਣੀ (ਬਣਾਵਟ, ਖਾਣੀਆਂ ਨਾਲ ਬਣੇ ਆਕਾਰ),
ਪਸੂ, ਪੰਛੀ, ਬਨ (ਜੰਗਲ), ਪਰਬਤ, ਵੇਲਾਂ, ਬੱਲੀ (ਦਰੱਖਤਾਂ ਦੇ ਤਣੇ), ਸਾਖ (ਟਾਹਣੀਆਂ) ਕਿਹੜੇ
ਸਾਜਾਂ ਦੇ ਨਾਲ ਵਾਹਿਗੁਰੂ, ਵਾਹਿਗੁਰੂ ਕਰਦੇ ਉਸ ਨੂੰ ਸਿਮਰ ਰਹੇ ਹਨ?
ਸਪਸ਼ਟ ਹੈ ਕਿ ਇਹ ਸਾਰੀਆਂ ਚੀਜ਼ਾਂ, ਕਰਤਾਰ ਦੇ ਹੁਕਮ, ਉਸ ਦੇ ਬਣਾਏ ਨਿਯਮ ਕਾਨੂਨ, ਉਸ ਦੀ ਰਜ਼ਾ ਵਿੱਚ
ਚਲ ਰਹੇ ਹਨ। ਉਸ ਦੇ ਹੁਕਮ ਵਿੱਚ ਚਲਣਾ ਹੀ, ਉਸ ਦਾ ਨਾਮ ਸਿਮਰਨ ਹੈ। ਜਿਸ ਨੂੰ ਆਪਾਂ ਨਾਮ ਵਿੱਚ
ਵਿਚਾਰ ਆਏ ਹਾਂ। ਬੰਦੇ ਲਈ ਵੀ ਇਹੀ ਸਿਮਰਨ ਹੈ ਕਿ ਉਹ, ਪ੍ਰਭੂ ਦੀ ਰਜ਼ਾ, ਉਸ ਦੇ ਹੁਕਮ ਵਿੱਚ ਚਲੇ।
ਅਮਰਜੀਤ ਸਿੰਘ ਚੰਦੀ
ਫੋਨ: ੯੭੫੬੨੬੪੬੨੧.