.

ਚੱਲ ਚੱਲੀਏ ਜਰਗ ਦੇ ਮੇਲੇ, ਕਿ ਡੇਰੇ!

ਜ਼ਿਲੇ ਲੁਧਿਆਣੇ ਦਾ ਇੱਕ ਪਿੰਡ ਜਰਗ ਹੈ, ਉੱਥੇ ਦੇਵੀ ਦੇ ਮੰਦਰ ਵਿੱਚ ਲੱਗਣ ਵਾਲੇ ਅੰਧਵਿਸ਼ਵਾਸੀ ਮੇਲੇ ਕਰਕੇ ਪਿੰਡ ਬੜਾ ਮਸ਼ਹੂਰ ਸੀ, ਮੇਲਾ ਸ਼ੁਰੂ ਹੋਣ ਤੋਂ ਪਹਿਲਾਂ ਖੋਤੇ ਨੂੰ ਗੁਲਗੁਲਿਆਂ ਦਾ ਪ੍ਰਸ਼ਾਦ ਖਵਾਕੇ ਤੇ ਫਿਰ ਮੇਲਾ ਸ਼ੁਰੂ ਕੀਤਾ ਜਾਂਦਾ ਹੈ। ਕਈ ਵਰਿਆਂ ਤੋਂ ਇਹ ਮੇਲਾ ਬਹੁਤ ਭਰਦਾ ਰਿਹਾ ਹੈ ਤੇ ਪੰਜਾਬੀ ਦੀ ਇੱਕ ਮਸ਼ਹੂਰ ਲੋਕ ਬੋਲੀ ਵੀ ਇਸੇ ਮੇਲੇ ਤੇ ਆਧਾਰਿਤ ਹੈ:-
“ਚੱਲ ਚੱਲੀਏ ਜਰਗ ਦੇ ਮੇਲੇ ਮੁੰਡਾ ਤੇਰਾ ਮੈਂ ਚੱਕ ਲਊਂ”
1990 ਦੇ ਦਹਾਕੇ ਦੇ ਅੱਧ ਵਿੱਚ ਇਸੇ ਪਿੰਡ ਤੋਂ ਇੱਕ ਹੋਰ ਪਾਖੰਡ ਸ਼ੁਰੂ ਹੋਇਆ, ਜਿਸਦਾ ਪਿਛੋਕੜ ਪੰਜਾਬ ਦੇ ਕਹਿੰਦੇ ਕਹਾਉਂਦੇ ਰਾੜੇ (ਲੁਧਿਆਣਾ) ਦੇ ਅਖੌਤੀ ਬ੍ਰਹਮਗਿਆਨੀਆਂ ਦੇ ਡੇਰੇ ਨਾਲ ਜੁੜਦਾ ਹੈ। ਸ: ਕੁਲਬੀਰ ਸਿੰਘ ਕੌੜਾ ਵੀ ਆਪਣੀ ਕਿਤਾਬ “ਤੇ ਸਿੱਖ ਵੀ ਨਿਗਲਿਆ ਗਿਆ” ਵਿੱਚ ਇਸ ਗੱਲ ਦੀ ਪ੍ਰੋੜਤਾ ਕਰਦੇ ਹਨ ਕਿ ਭੁਪਿੰਦਰ ਸਿੰਘ ਨਾਂ ਦੇ ਇਸ ਸਾਧ ਨੇ ਰਾੜੇ ਡੇਰੇ ਤੋਂ ਮਾਇਆ ਦਾ ਹਿੱਸਾ ਵੰਡਾ ਲਿਆ ਅਤੇ ਵੱਡੇ ਸਾਧ ਈਸ਼ਰ ਸਿੰਘ ਦੀਆਂ ਜੁੱਤੀਆਂ ਲੈ ਕੇ ਜਰਗ ਵਿੱਚ ਆਪਣਾ ਡੇਰਾ ਖੋਲ ਲਿਆ। ਈਸ਼ਰ ਸਿੰਘ ਦੀਆਂ ਜੁੱਤੀਆਂ ਨੂੰ ਰਾੜੇ ਵੀ ਮੱਥੇ ਟੇਕੇ ਜਾਂਦੇ ਹਨ, ਸੋ ਇਸਨੇ ਜੁੱਤੀਆਂ ਦੀ ਯਾਦਗਾਰ ਲੈਕੇ ਆਪਣੇ ਡੇਰੇ ਦਾ ਨਾਂ ਰੱਖਿਆ “ਗੁਰਦੁਵਾਰਾ ਯਾਦਗਾਰ ਸੰਤ ਈਸ਼ਰ ਸਿੰਘ ਜੀ”। 13-14 ਸਾਲ ਦੀ ਉਮਰ ਵਿਚ ਮੈਂ ਕਾਫ਼ੀ ਕੁੱਝ ਇਸ ਸਾਧ ਨੂੰ ਨੇੜਿਓਂ ਦੇਖਿਆ, ਬਚਪਨ ਵਿੱਚ ਹੋਣ ਕਰਕੇ ਉਦੋਂ ਇਹ ਸਭ ਕੁੱਝ ਸਿੱਖ ਧਰਮ ਦਾ ਹਿੱਸਾ ਹੀ ਲੱਗਦਾ ਸੀ। ਡੇਰਾ ਬਣਦਿਆਂ-ਬਣਦਿਆਂ ਲੁਧਿਆਣੇ ਦੇ ਪਿੰਡਾਂ ਵਿੱਚ ਧੜਾ–ਧੜ ਇਸ ਅਖੌਤੀ ਸਾਧ ਦੇ ਦੀਵਾਨ ਲੱਗਣ ਲੱਗ ਪਏ। ਸਾਡਾ ਪਿੰਡ ਸ਼ਹਿਰ ਦੇ ਬਿਲਕੁਲ ਨਾਲ ਹੋਣ ਕਰਕੇ ਸੈਂਕੜਿਆਂ ਦੀ ਗਿਣਤੀ ਵਿੱਚ ਲੋਕੀਂ ਇਕੱਠੇ ਹੁੰਦੇ, ਬਾਬੇ ਨੇ 2-3 ਸਾਲ ਲਗਾਤਾਰ ਪੂਰਾ ਇੱਕ ਮਹੀਨਾ ਪਰੋਗਰਾਮ ਪਿੰਡ ਦੇ ਸਕੂਲ ਦੇ ਖੁੱਲੇ ਮੈਦਾਨ ਵਿੱਚ ਇੱਕ ਵੱਡ ਆਕਾਰੀ ਪੰਡਾਲ ਵਿੱਚ ਕੀਤੇ। ਰੋਜ਼ਾਨਾ ਦੀਵਾਨ ਸ਼ੁਰੂ ਹੋਣ ਤੋਂ ਪਹਿਲਾਂ ਸਾਧ ਨੇ ਚਰਨ ਕਿਸੇ ਨਾ ਕਿਸੇ ਦੇ ਘਰ ਪਾਉਣੇ ਹੁੰਦੇ ਸੀ, ਮੈਨੂੰ ਯਾਦ ਹੈ ਕਿ ਪਿੰਡ ਦੇ ਵਿਹਲੜ ਅਤੇ ਬੱਚੇ ਪਹਿਲਾਂ ਹੀ ਉੱਥੇ ਇਕੱਠੇ ਹੋ ਜਾਂਦੇ ਸੀ ਕਿਉਂਕਿ ਹਰ ਘਰ ਵਿੱਚ ਬਗਲਿਆਂ ਦੀ ਟੋਲੀ ਨੂੰ ਛੁਹਾਰਿਆਂ ਵਾਲਾ ਦੁੱਧ ਪਿਲਾਇਆਂ ਜਾਦਾਂ ਸੀ, ਪਿੰਡ ਵਿੱਚੋਂ ਹੀ ਇੱਕ ਬੰਦਾ ਘਰਾਂ ਵਾਲਿਆਂ ਨੂੰ ਸਾਰੀਆਂ ਚੀਜ਼ਾਂ ਜੋ-ਜੋ ਬਾਬੇ ਨੇ ਖਾਣੀਆਂ ਹੁੰਦੀਆਂ ਦੀ ਲਿਸਟ ਤਿਆਰ ਕਰਕੇ ਦੇ ਦਿੰਦਾਂ ਸੀ। ਸਾਧ ਜਦੋਂ ਆਪਣੇ ਮੁਸ਼ਟੰਡਿਆਂ ਦੀ ਟੋਲੀ ਨਾਲ ਘਰ ਵਿੱਚ ਵੜਦਾ ਤਾਂ ਉੱਥੇ ਹਾਜ਼ਰ ਜਨਤਾ ਧੜਾ- ਧੜ ਸਾਧ ਦੇ ਪੈਰੀਂ ਡਿੱਗਣ ਲੱਗਦੇ ਤੇ ਕਈ ਉਸਦੇ ਚੇਲਿਆਂ ਦੇ ਪੈਰੀਂ ਵੀ ਪੈ ਜਾਦੇਂ। ਫਿਰ ਸਾਧ ਨੂੰ ਸੋਫੇ ਤੇ ਵਧੀਆ ਮਹਿੰਗੀ ਮਖ਼ਮਲੀ ਚਾਦਰ ਵਿਛਾ ਕੇ ਬਿਠਾਇਆ ਜਾਦਾਂ, ਕਤਾਰ ਲਗਾਕੇ ਬਜ਼ੁਰਗ, ਜਵਾਨ, ਬੱਚੇ, ਬੀਬੀਆਂ ਸਾਰੇ ਵਾਰੀ-ਵਾਰੀ ਸਾਧ ਦੇ ਪੈਰਾਂ ਤੇ ਮੱਥੇ ਰਗੜਦੇ, ਮਾਇਆ ਵੀ ਚੜਾਉਦੇਂ ਤੇ ਮੈਂ ਵੀ ਕਈ ਵਾਰੀ ਇਸ ਵਿੱਚ ਸ਼ਾਮਿਲ ਹੁੰਦਾ ਸੀ। ਨਿੱਕੇ- ਨਿੱਕੇ ਬੱਚਿਆਂ ਦੇ ਸਿਰ ਤੇ ਹੱਥ ਰੱਖਕੇ ਉਹਨਾਂ ਨੂੰ ਵੱਡੀ ਉਮਰ ਦੀਆਂ, ਬੀਬੀਆਂ ਨੂੰ ਪੁੱਤਰਾਂ ਦੀਆਂ, ਗਰੀਬਾਂ ਨੂੰ ਅਮੀਰ ਹੋਣ ਦੀਆਂ ਅਸੀਸਾਂ ਸਾਧ ਭੁਪਿੰਦਰ ਸਿੰਉਂ ਦਿੰਦਾਂ ਸੀ। ਇਸੇ ਤਰਾਂ 30 ਦਿਨ ਲਗਾਤਾਰ ਹਰ ਰੋਜ਼ ਪਿੰਡ ਦੇ ਕਿਸੇ ਇੱਕ ਘਰ ਬਾਬੇ ਦਾ ਦਰਬਾਰ ਲੱਗਦਾ ਸੀ। ਕਦੇ–ਕਦੇ ਜੱਗੋਂ ਤੇਰਵੀਂ ਹੁੰਦੀ ਜਿਸਨੂੰ ਚੇਤੇ ਕਰਕੇ ਹੁਣ ਪਤਾ ਲੱਗਿਆ ਕਿ ਸਾਡੀ ਕੌਮ ਆਪਣੇ ਧਰਮ ਤੋਂ ਕਿੰਨੀ ਅਣਜਾਣ ਹੈ, ਉਹ ਇਹ ਕਿ ਕਿਸੇ –ਕਿਸੇ ਘਰ ਵਿੱਚ ਸਾਧ ਦੇ ਬਹੁਤੇ ਨੇੜਲੇ ਪ੍ਰੇਮੀ ਸ਼ਰਧਾਲੂ ਇਕੱਠੇ ਹੁੰਦੇ ਤੇ ਸਾਧ ਦਾ ਆਸਣ ਵਧੀਆ ਥਾਂ ਕਰਾਕੇ ਤੇ ਉਸਦੇ ਪੈਰ ਖਾਸ ਕਿਸਮ ਦੀ ਚੌਂਕੀ ਤੇ ਟਿਕਾਏ ਜਾਂਦੇ। ਪਹਿਲਾਂ ਘਰੇਲੂ ਮੈਂਬਰ ਤੇ ਫਿਰ ਹੋਰ ਸ਼ਰਧਾਲੂ ਬੀਬੀਆਂ ਮਲ- ਮਲਕੇ ਪਖੰਡੀ ਭੂਪੇ ਦੇ ਪੈਰ ਧੋਂਦੀਆਂ, ਚੰਗੀ ਰੀਝ ਲਾ ਕੇ ਮੈਲ ਉਤਾਰੀ ਜਾਂਦੀ ਤੇ ਮੈਲਾ ਪਾਣੀ ਬੋਤਲਾਂ ਵਿੱਚ ਪਾਕੇ ਬੀਬੀਆਂ ਚਰਨ ਅੰਮ੍ਰਿਤ ਕਹਿੰਦੀਆਂ ਘਰਾਂ ਨੂੰ ਲੈ ਜਾਂਦੀਆਂ। ਇਸ ਤੋਂ ਬਅਦ ਪਾਣੀ ਦਾ ਕੀ ਕਰਦੀਆਂ ਮੈਨੂੰ ਕੁੱਝ ਪਤਾ ਨਹੀਂ ਸੀ ਪਰ ਸਾਲ 2002 ਵਿੱਚ ਮੇਰਾ ਬਚਪਨ ਦਾ ਇੱਕ ਮਿੱਤਰ ਕਨੇਡਾ ਆ ਗਿਆ ਤੇ ਉਸਨੇ ਮੈਨੂੰ ਇਹ ਦੱਸਿਆ ਕਿ ਉਸਦੀ ਮਾਤਾ ਵੀ ਸਾਧ ਦੀ ਪੂਰੀ ਸ਼ਰਧਾਲੂ ਸੀ ਤੇ ਉਹ ਸਾਧ ਦੇ ਧੋਤੇ ਪੈਰਾਂ ਦਾ ਪਾਣੀ ਘਰ ਲੈਕੇ ਆਉਦੀਂ ਸੀ। ਰੋਜ਼ ਸਵੇਰੇ ਉਹ ਪਾਣੀ ਦੇ ਦੋ ਘੁੱਟ ਉਹਨਾਂ ਨੂੰ ਸਕੂਲ ਜਾਣ ਤੋਂ ਪਹਿਲਾਂ ਮਾਤਾ ਨੇ ਪਿਲਾਉਣੇ ਤੇ ਕਹਿਣਾ ਤੁਹਾਡਾ ਦਿਮਾਗ ਤੇਜ਼ ਹੋਵੇਗਾ ਤੇ ਬਾਬਾ ਜੀ ਦੀ ਮਿਹਰ ਰਹੇਗੀ। ਪਤਾ ਨਹੀਂ ਸਾਡੀ ਕੌਮ ਦੇ ਪੁੱਠੇ ਰਾਹ ਪਏ ਇਹ ਦਿਮਾਗ ਕਦੋਂ ਖੁੱਲਣਗੇ ਤੇ ਸਾਡੇ ਗਲ ਪਏ ਇਹ ਮਰੇ ਹੋਏ ਸੱਪ ਸਾਧ ਕਦੋਂ ਲੱਥਣਗੇ। ਸ਼ਾਮ ਨੂੰ ਬਾਬੇ ਦੇ ਦੀਵਾਨ ਵਿੱਚ ਪਹੁੰਚਣ ਤੋਂ ਪਹਿਲਾਂ ਰਾਗੀ ਜਥੇ ਨੇ ਕੀਰਤਨ ਕਰਨਾ ਫਿਰ ਕਵੀਸ਼ਰੀ ਹੋਣੀ ਤੇ ਫਿਰ ਬਾਬੇ ਦੇ ਕਿਸੇ ਸ਼ਗਿਰਦ ਨੇ ਕਈ ਧਾਰਨਾਂ ਪੜਨੀਆਂ ਤੇ ਜਦੋਂ ਹੀ ਬਾਬੇ ਨੇ ਪੰਡਾਲ ਵਿੱਚ ਵੜਨਾ ਤਾਂ “ਜਨ ਪਰਉਪਕਾਰੀ ਆਏ” ਧਾਰਨਾ ਲਾਈ ਜਾਦੀਂ ਤੇ ਮੂਰਖ ਲੋਕ ਗੁਰੂ ਗ੍ਰੰਥ ਸਹਿਬ ਜੀ ਦੀ ਹਜ਼ੂਰੀ ਵਿੱਚ ਸਾਧ ਦੇ ਸਵਾਗਤ ਵਿੱਚ ਖੜੇ ਹੋ ਜਾਦੇਂ। ਸਾਧ ਦੇ ਚਿੱਟੀ ਪੱਗ, ਚਿੱਟੇ ਕੱਪੜੇ, ਚਿੱਟੀ ਜੁੱਤੀ ਪਾਈ ਹੁੰਦੀ, ਚਿੱਟੀ ਹੀ ਮਰਸੀਡੀਸ ਕਾਰ ਹੁੰਦੀ ਸ਼ਾਇਦ ਤਾਹੀਂ ਇਹਨਾਂ ਨੂੰ ਬਗਲੇ ਕਿਹਾ ਜਾਦਾਂ ਹੈ। ਇਸਦੇ ਡੇਰੇ ਜਾ ਕੇ ਵੀ ਦੇਖਿਆ, ਇਸਦਾ ਨਿੱਜੀ ਅਸਥਾਨ ਬੜਾ ਆਲੀਸ਼ਾਨ ਆਧੁਨਿਕ ਸਹੂਲਤਾਂ ਵਾਲਾ ਸੀ, ਲੰਗਰ ਵਿੱਚ ਕੇਵਲ ਅਮ੍ਰਿਤਧਾਰੀ ਹੀ ਸੇਵਾ ਕਰ ਸਕਦੇ ਸਨ ਪਰ ਮਾਇਆ ਹਰ ਇੱਕ ਚੜਾ ਸਕਦਾ ਸੀ। ਕਿਸੇ ਇਤਿਹਾਸਕ ਜੋੜ ਮੇਲੇ ਤੋਂ ਵੀ ਜ਼ਿਆਦਾ ਇਕੱਠ ਡੇਰੇ ਵਿੱਚ ਹੁੰਦਾ ਸੀ ਤੇ ਦਿਨਾਂ ਵਿੱਚ ਹੀ ਇਸਨੇ ਆਲੀਸ਼ਾਨ ਡੇਰਾ ਬਣਾ ਲਿਆ, ਕਨੇਡਾ ਦੇ ਐਡਮਿੰਟਨ ਸ਼ਹਿਰ ਵਿੱਚ ਵੀ ਮੈਂ ਇਸ ਸਾਧ ਨੂੰ ਇੱਕ ਗੁਰਦੁਵਾਰੇ ਵਿੱਚ ਦੇਖਿਆ। ਇਥੋਂ ਇਹ ਪ੍ਰਤੀਤ ਹੁੰਦਾ ਕਿ ਇਸਦੇ ਪੈਰ ਬਹੁਤ ਦੂਰ ਤੱਕ ਪਸਰ ਗਏ ਹਨ ਤੇ ਇਹ ਮਾਲਦਾਰ ਸਾਧ ਬਣ ਚੁੱਕਾ ਹੈ ਤੇ ਜਰਗ ਵਿੱਚ ਇਹਦਾ ਡੇਰਾ ਖੂਬ ਚੱਲਦਾ ਹੈ। ਇਸ ਤਰਾਂ ਦੇ ਅਨੇਕਾਂ ਡੇਰੇ ਪੰਜਾਬ ਵਿੱਚ ਸਿੱਖੀ ਸਰੂਪ ਦੀ ਆੜ ਵਿੱਚ ਚਲ ਰਹੇ ਨੇ, ਆਸ ਹੈ ਕਿ ਸਿੱਖ ਵੀਰ ਆਸ਼ੂਤੋਸ਼, ਸਿਰਸਾ ਤੇ ਹੋਰ ਡੇਰਿਆਂ ਦੇ ਨਾਲ –ਨਾਲ ਇਹਨਾਂ ਬੁੱਕਲ ਦੇ ਸੱਪਾਂ ਵੱਲ ਵੀ ਧਿਆਨ ਦੇਣਗੇ।
ਲੇਖ ਦੀ ਸ਼ੁਰੂਆਤ ਵਿੱਚ ਮੈਂ ਜਰਗ ਦੇ ਮੇਲੇ ਦਾ ਇਤਿਹਾਸ ਲਿਖਿਆ ਸੀ ਪਰ ਸਾਧ ਦੇ ਪਖੰਡ ਦੇ ਸਾਹਮਣੇ ਉਹ ਮੇਲਾ ਫਿੱਕਾ ਪੈ ਗਿਆ ਹੈ ਤੇ ਸਾਧ ਦੇ ਡੇਰੇ ਜਾਣ ਲਈ ਭੁਲੜ ਲੋਕੀਂ ਤਤਪਰ ਰਹਿੰਦੇ ਹਨ। ਪਹਿਲੀ ਲੋਕ ਬੋਲੀ ਵੀ ਤਕਰੀਬਨ ਵਿਸਰ ਗਈ ਹੈ ਤੇ ਲੱਗਦਾ ਕਿ ਸ਼ਾਇਦ ਆਹ ਨਵੀਂ ਬੋਲੀ ਪ੍ਰਚੱਲਿਤ ਹੋ ਸਕਦੀ ਹੈ:-
“ਚੱਲ-ਚੱਲੀਏ ਜਰਗ ਦੇ ਡੇਰੇ ਤੇ ਮੁੰਡਾ ਤੈਨੂੰ ਸਾਧ ਦੇ ਦਊ”
ਬੇਨਤੀ:-
ਮੇਰਾ 23 (25) ਬ੍ਰਾਹਮਣਾਂ ਵਾਲਾ ਲੇਖ ਪੜਕੇ ਕਈ ਸੁਹਿਰਦ ਵੀਰਾਂ ਦੇ ਫੋਨ ਆਏ ਤੇ ਉਤਸ਼ਾਹ ਮਿਲਿਆ ਸਾਰਿਆਂ ਦਾ ਧੰਨਵਾਦ। ਇੱਕ ਇਗਲੈਂਡ ਤੋਂ ਕਿਸੇ ਸੁੱਖਾ ਸਿੰਘ (ਟਕਸਾਲੀ) ਵੀਰ ਦਾ ਬਿਨਾਂ ਨੰਬਰ ਤੋਂ ਫੋਨ ਆਇਆ ਸੀ ਤੇ ਕਿਸੇ ਕਾਰਨ ਫੋਨ ਕਟਿਆ ਗਿਆ ਤੇ ਉਸ ਗੁਰਸਿੱਖ ਨੇ ਵਾਇਸ ਮਸ਼ੀਨ ਤੇ ਆਪਣੀ ਗੁਰਮੁਖਤਾਈ ਦਿਖਾਉਦਿਆਂ ਗਾਲਾਂ ਭਰ ਦਿੱਤੀਆਂ। ਉਸ ਵੀਰ ਨੂੰ ਬੇਨਤੀ ਹੈ ਕਿ ਉਸ ਕੋਲ ਮੇਰਾ ਨੰਬਰ ਹੈ ਕਿਰਪਾ ਕਰਕੇ ਫੋਨ ਕਰੇ (ਬਿਨਾਂ ਨੰਬਰ ਤੋਂ ਨਹੀਂ) ਤਾਂ ਕਿ ਦੁਬਿਧਾ ਦੂਰ ਹੋ ਸਕੇ।
ਮਨਦੀਪ ਸਿੰਘ
ਵਰਨਨ




.