.

ਮਨੁੱਖਤਾ ਦੇ ਗੁਰੂ-ਗੁਰੂ ਗ੍ਰੰਥ ਸਾਹਿਬ ਜੀ

ਗੁਰੁ ਨਾਨਕ ਸਾਹਿਬ ਜੀ ਨੇ ਮਨੁੱਖਤਾ ਦੇ ਦੁੱਖ ਦਰਦ ਨੂੰ ਆਪਣਾ ਦੁੱਖ ਦਰਦ ਮਹਿਸੂਸ ਕਰਦਿਆ ਹੋਇਆਂ ਆਪਣਾ ਸਾਰਾ ਜੀਵਨ ਸਮਾਜ ਦੀ ਸੇਵਾ ਅਤੇ ਪਰਉਪਕਾਰ ਹਿਤ ਸਮਰਪਿਤ ਕਰ ਦਿੱਤਾ। ਇਸੇ ਹੀ ਭਾਵਨਾ ਦੀ ਪੂਰਤੀ ਕਰਦਿਆਂ ਉਨਾਂ ਦੇ ਉੱਤਰਾਧਿਕਾਰੀ ਗੁਰੁ ਸਾਹਿਬਾਨਾਂ ਨੇ ਇਸ ਮਿਸ਼ਨ ਨੂੰ ਜਾਰੀ ਰੱਖਿਆ ਅਤੇ ਇਸ ਲਈ ਹਰ ਕੁਰਬਾਨੀ ਕੀਤੀ। ਗੁਰੁ ਸਾਹਿਬਾਨ ਨੇ ਮਨੁੱਖੀ ਜੀਵਨ ਦੀਆਂ ਸਾਰੀਆਂ ਰੁਕਾਵਟਾਂ, ਮੁਸ਼ਕਲਾਂ, ਅਤੇ ਕਠਿਨਾਈਆਂ ਦਾ ਕਾਰਨ ਅਗਿਆਨਤਾ ਦੱਸਿਆ ਅਤੇ ਇਸਨੂੰ ਦੂਰ ਕਰਨ ਲਈ ਜੋ ਵੀਚਾਰਧਾਰਾ ਦਿੱਤੀ ਉਸਨੂੰ ਸ਼ਬਦ ਕਹਿ ਕੇ ਸਤਿਕਾਰਿਆ ਜਾਂਦਾ ਹੈ। ਉਹੀ ਸ਼ਬਦ ਜੋ ਅੱਜ ਸਾਡੇ ਕੋਲ ਗੁਰੁ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਮੌਜੂਦ ਹੈ। ਗੁਰੁ ਗ੍ਰੰਥ ਸਾਹਿਬ ਜੀ ਵਿੱਚ ਕੁੱਲ 35 ਮਹਾਂਪੁਰਖਾਂ ਦੀ ਬਾਣੀ ਦਰਜ ਹੈ ਅਤੇ ਇਸ ਮਹਾਨ ਗ੍ਰੰਥ ਵਿੱਚ ਬਿਨਾਂ ਕਿਸੇ ਜ਼ਾਤ ਪਾਤ ਮਜ਼ਹਬ ਦੇ ਵਿਤਕਰੇ ਦੇ ਵੱਖ ਵੱਖ ਮੱਤਾਂ ਨੂੰ ਤਿਆਗ ਕੇ ਆਏ ਮਹਾਂਪੁਰਖਾਂ ਦੇ ਮਹਾਨ ਵੀਚਾਰਾਂ ਨੂੰ ਅੰਕਿਤ ਕੀਤਾ ਗਿਆ ਹੈ। ਇਸ ਵਿੱਚ ਇਹ ਸੰਦੇਸ਼ ਦਿੱਤਾ ਗਿਆ ਹੈ ਕਿ ਸਾਡਾ ਪਿਤਾ ਇੱਕ ਅਕਾਲ ਪੁਰਖ ਹੈ। ਇਹ ਜ਼ਾਤਾਂ ਪਾਤਾਂ, ਗੋਤਾਂ, ਬਿਰਾਦਰੀਆਂ ਅਤੇ ਸਮਾਜਿਕ ਵੰਡੀਆਂ ਮਨੁੱਖ ਦੀ ਸੌੜੀ ਅਤੇ ਮਨੁੱਖਤਾ ਘਾਤੀ ਸੋਚ ਦੀਆ ਨਿਸ਼ਾਨੀਆਂ ਹਨ।
“ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ॥” (605)
“ਮਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ॥
ਨਾ ਕਛੁ ਪੋਚ ਮਾਟੀ ਕੇ ਭਾਂਡੇ ਨਾ ਕਛੁ ਪੋਚ ਕੁੰਭਾਰੈ॥” (1344)

ਇਸ ਗ੍ਰੰਥ ਦੀ ਖ਼ਾਸੀਅਤ ਇਹ ਹੈ ਕਿ ਇਸ ਵਿੱਚ ਕਿਸੇ ਖ਼ਾਸ ਜ਼ਾਤ, ਮਜ਼ਹਬ, ਜਾਂ ਕੌਮ ਨੂੰ ਹੀ ਸੰਦੇਸ਼ ਨਹੀਂ ਦਿੱਤਾ ਗਿਆ ਬਲਕਿ ਸਾਰੀ ਮਾਨਵਤਾ ਨੂੰ ਹੀ ਸੰਬੋਧਨ ਕੀਤਾ ਗਿਆ ਹੈ। ਇਹ ਗ੍ਰੰਥ ਮਨੁੱਖ ਦੀ ਜ਼ਾਤੀ ਜਿੰਦਗੀ ਤੋਂ ਲੈ ਕੇ ਧਰਮ, ਰਾਜਨੀਤੀ, ਸਮਾਜ, ਪਰਿਵਾਰ, ਆਰਥਿਕਤਾ ਆਦਿ ਸਭ ਤਰਾਂ ਨਾਲ ਮਨੁੱਖ ਨੂੰ ਰਾਹ ਦੱਸਦਾ ਹੈ। ਜ਼ਾਤਾਂ, ਮਜ਼ਹਬਾਂ ਦੀਆਂ ਵੰਡਾਂ ਨੂੰ ਪ੍ਰਵਾਨ ਨਾ ਕਰਕੇ ਇਹ ਸੰਦੇਸ਼ ਦਿੱਤਾ ਗਿਆ ਹੈ:-
“ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥” (1343)

ਧਰਮ ਦੀ ਸਹੀ ਪ੍ਰੀਭਾਸ਼ਾ ਇਉਂ ਬਿਆਨ ਕੀਤੀ ਗਈ ਹੈ ਜਿਸ ਵਿੱਚ ਕਿਸੇ ਕਰਮਕਾਂਡ ਜਾਂ ਰੀਤਾਂ ਰਸਮਾਂ ਆਦਿ ਦੀ ਕੋਈ ਥਾਂ ਨਹੀ ਹੈ:-
“ਸਰਬ ਧਰਮ ਮਹਿ ਸ੍ਰੇਸਟ ਧਰਮੁ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥” (260)
ਇੱਕ ਰੱਬ ਨੂੰ ਮੰਨਣਾ, ਮਨੁੱਖਤਾ ਦੀ ਸੇਵਾ ਕਰਨੀ, ਸਾਰੀ ਮਾਨਵਤਾ ਵਿੱਚ ਰੱਬ ਨੂੰ ਵੇਖਣਾ, ਬੇਮਾਇਨਾ ਰੀਤਾਂ ਰਸਮਾਂ ਤੋ ਬਚਣਾ, ਕੁਦਰਤ ਦੀਆਂ ਸੱਚਾਈਆਂ ਨੂੰ ਸਮਝਣਾਂ, ਗ਼ਲਤ ਕੰਮਾਂ ਤੋਂ ਸੰਕੋਚ ਕਰਨਾ, ਮਨ ਦੀ ਪੱਿਵਤਰਤਾ ਕਾਇਮ ਰੱਖਣੀ, ਮਨੁੱਖਤਾ ਨਾਲ ਪਿਆਰ ਕਰਨਾ, ਸੋਚ ਵੀਚਾਰ ਨੂੰ ਉਚਾ ਰੱਖਣਾ, ਧਰਮ ਦੀ ਕਿਰਤ ਕਰਨੀ, ਵੰਡ ਕੇ ਛਕਣਾ, ਸੱਚਾਈ ਦੇ ਰਾਹ ਤੇ ਚੱਲਣਾ, ਹਰ ਤਰਾਂ ਨਾਲ ਇਨਸਾਫ ਅਤੇ ਨਿਆਂ ਦਾ ਰਾਹ ਚੁਨਣਾ, ਚੋਰੀ ਠੱਗੀ ਰਿਸ਼ਵਤ ਆਦਿ ਹਰਾਮ ਸਮਝਣਾ ਅਤੇ ਇਸ ਤੋਂ ਦੂਰ ਰਹਿਣਾ, ਔਰਤ ਨੂੰ ਮਰਦ ਵਾਂਗ ਸਤਿਕਾਰ ਅਤੇ ਅਧਿਕਾਰ ਦੇਣਾ, ਮਨ ਬਚਨ ਕਰਮ ਕਰਕੇ ਬੁਰਾ ਨਾ ਕਰਨਾ, ਸਰਬੱਤ ਦਾ ਭਲਾ ਮੰਗਣਾ, ਮਜ਼ਲੂਮ ਦੀ ਰੱਖਿਆ, ਚੰਗਾ ਰਾਜਨੀਤਿਕ ਪ੍ਰਬਂਧ ਜਿਸ ਵਿੱਚ ਨਿਆਂ ਆਜ਼ਾਦੀ ਅਤੇ ਇਨਸਾਫ਼ ਹੋਵੇ, ਆਦਿ ਜਿਹੀਆਂ ਹੋਰ ਵੀ ਕੀਮਤੀ ਸਿੱਖਿਆਵਾਂ ਦਿੱਤੀਆਂ ਗਈਆਂ ਹਨ।
ਧਰਮ ਦੇ ਨਾਂ ਤੇ ਹੁੰਦੀ ਲੁੱਟ, ਕਰਮਕਾਂਡ, ਆਦਿ ਦਾ ਭਰਪੂਰ ਖੰਡਨ ਕੀਤਾ ਗਿਆ ਹੈ। ਮਨੁੱਖ ਨੂੰ ਇੱਕ ਚੰਗੀ ਜੀਵਨ ਜਾਚ ਦੱਸੀ ਗਈ ਹੈ। ਇਸ ਦੀ ਮਹਾਨ ਬਾਣੀ ਨੂੰ ਕੋਈ ਵੀ ਬਿਨਾਂ ਭੇਦ ਭਾਵ ਦੇ ਪੜ੍ਹ ਸੁਣ ਅਤੇ ਕਮਾ ਸਕਦਾ ਹੈ। ਇਹ ਗ੍ਰੰਥ ਕਿਸੇ ਇੱਕ ਮਜ਼ਹਬ ਜਾਂ ਕੌਮ ਦਾ ਹੀ ਨਹੀਂ ਬਲਕਿ ਸਾਰੀ ਮਨੁੱਖਤਾ ਦਾ ਸਰਬ ਸਾਂਝਾ ਗ੍ਰੰਥ ਹੈ।
ਅਜੋਕੇ ਸਮੇਂ ਵਿੱਚ ਜਿਥੇ ਮਨੁੱਖ ਨੇ ਬੇਹੱਦ ਸਾਇੰਸੀ ਤਰੱਕੀ ਕੀਤੀ ਹੈ ਅਤੇ ਪਦਾਰਥਵਾਦੀ ਰੁਚੀਆਂ ਦੀ ਹੋੜ ਵਿੱਚ ਲੱਗਾ ਹੋਇਆ ਹੈ। ਇੰਨਾਂ ਕੁੱਝ ਹੋਣ ਦੇ ਬਾਵਜੂਦ ਵੀ ਮਨੁੱਖ ਦਾ ਜੀਵਨ ਭਟਕਣਾਂ ਅਤੇ ਉਲਝਣਾਂ ਦਾ ਸ਼ਿਕਾਰ ਹੈ। ਹਰ ਪਾਸੇ ਬਦਅਮਨੀ ਅਤੇ ਅਸ਼ਾਂਤੀ ਪਸਰੀ ਹੋਈ ਹੈ। ਮਨੁੱਖ ਦੀ ਆਪਣੀ ਜ਼ਿੰਦਗੀ ਤੋਂ ਲੈ ਕੇ ਘਰ ਪਰਵਾਰ ਅਤੇ ਸਮਾਜ ਤੱਕ ਸਾਰਾ ਪਸਾਰਾ ਹੀ ਇਨਾਂ ਰੋਗਾਂ ਦੀ ਸ਼ਿਕਾਰ ਹੈ। ਕੀ ਇਨਾਂ ਰੋਗਾਂ ਦਾ ਇਲਾਜ ਹੈ? ਇਕੋ ਹੀ ਹੱਲ ਹੇ ਗਿਆਨ ਦਾ ਰਾਹ ਪਕੜਨਾ।
“ਬਿਨੁ ਸਬਦੈ ਸਭੁ ਜਗੁ ਬਉਰਾਨਾ ਬਿਰਥਾ ਜਨਮੁ ਗਵਾਇਆ॥” (638)
ਮਨੁੱਖਤਾ ਲਈ ਬਿਨਾਂ ਭੇਦ ਭਾਵ ਦੇ ਪਭੂ ਅੱਗੇ ਇਹ ਅਰਦਾਸ ਕੀਤੀ ਗਈ ਹੈ
“ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ॥ ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ॥” (847)
ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਛੇ ਗੁਰੂ ਸਾਹਿਬਾਨ 11 ਭੱਟ, 15 ਭਗਤ, 3 ਗੁਰਸਿੱਖਾਂ ਦੀ ਬਾਣੀ ਹੈ। ਕੁਲ 35 ਮਹਾਂਪੁਰਖਾਂ ਦੀ ਬਾਣੀ ਹੈ। ਇਸ ਮਹਾਨ ਗ੍ਰੰਥ ਦੇ ਕੁਲ 1430 ਅੰਕ ਹਨ ਅਤੇ ਇਸ ਵਿੱਚ 31 ਰਾਗ ਹਨ ਅਤੇ ਇਹ ਸਮੁੱਚੀ ਮਾਨਵਤਾ ਨੂੰ ਸਾਂਝਾ ਉਪਦੇਸ਼ ਦਿੰਦਾ ਹੈ ਇਸ ਦਾ ਪਹਿਲੀ ਵਾਰ ਪਰਕਾਸ਼ 1604 ਵਿੱਚ ਹਰਿਮੰਦਰ ਸਾਹਿਬ ਦੀ ਪਾਵਨ ਧਰਤੀ ਤੇ ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ ਅਤੇ ਇਸ ਦੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਸਥਾਪਿਤ ਕੀਤੇ। ਆਉ! ਇਸ ਮਹਾਨ ਗ੍ਰੰਥ ਦੇ ਵਡਮੁੱਲੇ ਵੀਚਾਰਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਕੇ ਜੀਵਨ ਨੂੰ ਸਵਰਗ ਬਣਾਈਏ।
ਹਰਜਿੰਦਰ ਸਿੰਘ ‘ਸਭਰਾ’
.