.

“ਬਾਬਾ ਬੋਲਤੇ ਤੇ ਕਹਾ ਗਏ. .”

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਅਜੋਕੇ ਸਮੇਂ ਇੱਕ ਹਵਾ ਜਹੀ ਚੱਲ ਪਈ ਹੈ ਅਤੇ ਉਹ ਹਵਾ ਹੈ ਕਿ ਜਦੋਂ ਵੀ ਕੋਈ ਸੱਜਨ ਕਿਧਰੇ ਚਲਾਣਾ ਕਰਦਾ ਹੈ, ਦੂਜਿਆਂ ਨੂੰ ਕੀ ਕਹੀਏ, ਸਾਡੇ ਨਾਮਵਰ ਰਾਗੀ ਤੇ ਕੀਰਤਨੀ ਸੱਜਨਾਂ ਨੇ ਵੀ ਜਿਵੇਂ ਗਿਣੇ-ਚੁਣੇ ਤਿੰਨ-ਚਾਰ ਅਜਿਹੇ ਸ਼ਬਦਾਂ ਦੇ ਪੜ੍ਹਣ ਤੇ ਗਾਇਣ ਕਰਣ ਦਾ ਨਿਯਮ ਬਣਾ ਲਿਆ ਹੋਵੇ। ਹੋਰ ਤਾਂ ਹੋਰ ਇਥੋਂ ਤੀਕ ਹੋ ਚੁੱਕਾ ਹੈ ਕਿ ਵੱਡੇ ਵੱਡੇ ਇਤਿਹਾਸਿਕ ਗੁਰਦੁਆਰਿਆਂ `ਚ ਵੀ ਇਹੀ ਰੁਝਾਣ ਦੇਖਿਆ-ਸੁਣਿਆ ਜਾ ਸਕਦਾ ਹੈ ਅਤੇ ਇਹ ਸ਼ਬਦ ਹਨ:

(੧) “ਬਾਬਾ ਬੋਲਤੇ ਤੇ ਕਹਾ ਗਏ, ਦੇਹੀ ਕੇ ਸੰਗਿ ਰਹਤੇ॥ ਸੁਰਤਿ ਮਾਹਿ ਜੋ ਨਿਰਤੇ ਕਰਤੇ, ਕਥਾ ਬਾਰਤਾ ਕਹਤੇ” (ਪੰ: ੪੮੦)

(੨) “ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ॥ ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ” (ਪੰ: ੮੪੬) ਅਤੇ

(੩) “ਜਿਉ ਜਲ ਮਹਿ ਜਲੁ ਆਇ ਖਟਾਨਾ॥ ਤਿਉ ਜੋਤੀ ਸੰਗਿ ਜੋਤਿ ਸਮਾਨਾ” (ਪੰ: ੨੭੮)

ਜਦਕਿ ਇਹਨਾ `ਚੋਂ ਕਿਸੇ ਵੀ ਸ਼ਬਦ ਦਾ ਸਬੰਧ ਸਰੀਰ ਦੇ ਤਿਆਗਣ ਨਾਲ ਹੈ ਹੀ ਨਹੀਂ। ਬਲਕਿ ਇਹਨਾ ਸ਼ਬਦਾਂ ਦਾ ਸਬੰਧ ਜੀਵਨਮੁਕੱਤ ਅਵਸਥਾ ਨਾਲ ਹੈ। ਫ਼ਿਰ ਇਨਾਂ ਹੀ ਨਹੀਂ ਇੱਕ ਹੋਰ ਗੱਲ ਵੀ ਹੈ, ਜਿਸ ਦੇ ਲਈ ਵੀ ਉਸੇ ਤਰ੍ਹਾਂ ਹੀ ਸਾਧਾਰਣ ਕੀਰਤਨੀਆਂ ਦੀ ਹੀ ਗੱਲ ਨਹੀਂ, ਨਾਮਵਰ ਰਾਗੀ-ਕੀਰਤਨੀਏ ਸੱਜਨ ਤੀਕ ਸਮਾਗਮ ਸਮੇਂ ਸੰਗਤਾਂ ਨੂੰ ਸੰਬੋਧਨ ਕਰਕੇ ਕਹਿਂਦੇ ਸੁਣੇ ਜਾਂਦੇ ਹਨ, “ਆਓ ਸਾਧ ਸੰਗਤ ਜੀ! ਹੁਣ ਸਾਰੇ ਮਿਲ ਕੇ ਵਿਛੜੀ ਆਤਮਾ ਲਈ ਅਕਾਲਪੁਰਖ ਦੇ ਚਰਨਾਂ `ਚ ਅਰਦਾਸ ਕਰੀਏ”। ਉਪ੍ਰੰਤ ਪੜ੍ਹਦੇ ਹਨ “ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ” (ਪੰ: ੧੨)। ਜਦਕਿ ਬਾਣੀ ਸੋਹਿਲੇ ਦੀਆਂ ਇਹ ਪੰਕਤੀਆਂ ਤੇ ਸਬੰਧਤ ਸ਼ਬਦ ਹੀ ਨਹੀਂ ਬਲਕਿ ਬਾਣੀ ਸੋਹਿਲੇ ਦੇ ਪੰਜੇ ਸ਼ਬਦ ਉਤੱਮ ਪੁਰਖ `ਚ ਹਨ। ਇਹ ਸਾਰੇ ਸ਼ਬਦ ਜੀਵ ਵਲੋਂ ਆਪਣੇ ਲਈ ਸਤਿਗੁਰਾਂ ਦੇ ਚਰਨਾਂ `ਚ ਅਰਦਾਸ ਰੂਪ ਹਨ, ਨਾ ਕਿ ਦੂਜਿਆਂ ਵਲੋਂ ਕਿਸੇ ਦੂਜੇ ਲਈ ਅਰਦਾਸ ਕਰਣ ਲਈ, ਅੰਨ ਪੁਰਖ `ਚ।

ਫ਼ਿਰ ਵੀ ਹੱਥਲੇ ਗੁਰਮਤਿ ਪਾਠ ਦਾ ਸਬੰਧ ਕੇਵਲ “ਬਾਬਾ ਬੋਲਤੇ ਤੇ ਕਹਾ ਗਏ, ਦੇਹੀ ਕੇ ਸੰਗਿ ਰਹਤੇ” ਵਾਲੇ ਸ਼ਬਦ ਤੀਕ ਹੀ ਸੀਮਤ ਹੈ ਇਸ ਤੋਂ ਵੱਧ ਨਹੀਂ। ਇਸ ਲਈ ਪਹਿਲਾਂ ਦਰਸ਼ਨ ਕਰੀਏ ਸਬੰਧਤ ਸ਼ਬਦ ਦੇ, ਇਹ ਸ਼ਬਦ ਹੈ”

ਆਸਾ॥” ਗਗਨ ਨਗਰਿ ਇੱਕ ਬੂੰਦ ਨ ਬਰਖੈ, ਨਾਦੁ ਕਹਾ ਜੁ ਸਮਾਨਾ॥ ਪਾਰਬ੍ਰਹਮ ਪਰਮੇਸੁਰ ਮਾਧੋ, ਪਰਮ ਹੰਸੁ ਲੇ ਸਿਧਾਨਾ॥ ੧॥ ਬਾਬਾ ਬੋਲਤੇ ਤੇ ਕਹਾ ਗਏ ਦੇਹੀ ਕੇ ਸੰਗਿ ਰਹਤੇ॥ ਸੁਰਤਿ ਮਾਹਿ ਜੋ ਨਿਰਤੇ ਕਰਤੇ, ਕਥਾ ਬਾਰਤਾ ਕਹਤੇ॥ ੧॥ ਰਹਾਉ॥ ਬਜਾਵਨਹਾਰੋ ਕਹਾ ਗਇਓ, ਜਿਨਿ ਇਹੁ ਮੰਦਰੁ ਕੀਨਾੑ॥ ਸਾਖੀ ਸਬਦੁ ਸੁਰਤਿ ਨਹੀਂ ਉਪਜੈ, ਖਿੰਚਿ ਤੇਜੁ ਸਭੁ ਲੀਨਾੑ॥ ੨॥ ਸ੍ਰਵਨਨ ਬਿਕਲ ਭਏ ਸੰਗਿ ਤੇਰੇ, ਇੰਦ੍ਰੀ ਕਾ ਬਲੁ ਥਾਕਾ॥ ਚਰਨ ਰਹੇ ਕਰ ਢਰਕਿ ਪਰੇ ਹੈ, ਮੁਖਹੁ ਨ ਨਿਕਸੈ ਬਾਤਾ॥ ੩॥ ਥਾਕੇ ਪੰਚ ਦੂਤ ਸਭ ਤਸਕਰ, ਆਪ ਆਪਣੈ ਭ੍ਰਮਤੇ॥ ਥਾਕਾ ਮਨੁ ਕੁੰਚਰ, ਉਰੁ ਥਾਕਾ, ਤੇਜੁ ਸੂਤੁ ਧਰਿ ਰਮਤੇ॥ ੪॥ ਮਿਰਤਕ ਭਏ ਦਸੈ ਬੰਦ ਛੂਟੇ, ਮਿਤ੍ਰ ਭਾਈ ਸਭ ਛੋਰੇ॥ ਕਹਤ ਕਬੀਰਾ ਜੋ ਹਰਿ ਧਿਆਵੈ, ਜੀਵਤ ਬੰਧਨ ਤੋਰੇ॥ ੫॥ ੫॥ ੧੮॥” {ਪੰਨਾ ੪੮੦}

ਖੂਬੀ ਇਹ ਕਿ ਇਥੇ ਸਾਰੀ ਗੱਲ ਹੀ . . ਜੋ ਹਰਿ ਧਿਆਵੈ, ਜੀਵਤ ਬੰਧਨ ਤੋਰੇ” ਵਾਲੀ ਚੱਲ ਰਹੀ ਹੈ ਸਰੀਰ ਦੇ ਬਿਨਸਨ ਜਾਂ ਤਿਆਗਣ ਦੀ ਗੱਲ ਇਥੇ ਹੈ ਹੀ ਨਹੀਂ। ਇਸ ਲਈ ਪਹਿਲਾਂ ਇਸ ਸ਼ਬਦ ਦੇ ਅਰਥ ਸਮਝਣੇ ਹਨ:

“ਗਗਨ ਨਗਰਿ ਇੱਕ ਬੂੰਦ ਨ ਬਰਖੈ, ਨਾਦੁ ਕਹਾ ਜੁ ਸਮਾਨਾ॥ ਪਾਰਬ੍ਰਹਮ ਪਰਮੇਸੁਰ ਮਾਧੋ, ਪਰਮ ਹੰਸੁ ਲੇ ਸਿਧਾਨਾ॥ ੧॥” ਅਰਥ-ਹੇ ਭਾਈ! ਸਰੀਰਕ ਮੋਹ, ਵਿਸ਼ੇ-ਵਿਕਾਰਾਂ ਤੇ ਆਸ਼ਾ ਤ੍ਰਿਸ਼ਨਾ ਆਦਿ ਵਾਲਾ ਉਹ ਸਾਰਾ ਸ਼ੋਰ, ਜੋ ਹਰ ਸਮੇਂ ਮੇਰੇ ਦਿਮਾਗ਼ (ਗਗਨ ਨਗਰਿ) `ਚ ਰਹਿੰਦਾ ਸੀ, ਹੁਣ ਕਿੱਥੇ ਚਲਾ ਗਿਆ ਹੈ? ਹੁਣ ਤਾਂ ਉਥੇ ਅਜਿਹਾ ਇੱਕ ਫੁਰਨਾ ਤੀਕ ਵੀ ਨਹੀਂ, ਮੇਰੇ ਜੀਵਨ `ਚ ਪੂਰਣ ਟਿਕਾਅ ਆ ਗਿਆ ਹੈ।

ਦਰਅਸਲ ਇਹ ਸਭ ਮਿਹਰ ਹੋਈ ਹੈ ਉਸ ਪਾਰਬ੍ਰਹਮ ਪ੍ਰਮੇਸ਼ਵਰ, ਮਾਇਆ ਤੋਂ ਨਿਰਲੇਪ ਪ੍ਰਭੂ (ਮਾਧੋ) ਦੀ ਜੋ ਉੱਚੇ ਤੋਂ ਉੱਚਾ ਹੈ ਤੇ ਜਿਸ ਅੰਦਰ ਕੋਈ ਉਣਤਾਈ ਜਾਂ ਖੋਟ ਵੀ ਨਹੀਂ (ਪਰਮ ਹੰਸ) ਤੇ ਜਿਸ ਨੇ ਆਪ ਮੇਰੇ ਮਨ `ਚੋਂ ਇਸ ਸਾਰੇ ਮਾਇਕ ਸ਼ੋਰ ਨੂੰ ਖਤਮ ਕਰ ਦਿੱਤਾ ਹੈ (ਲੇ ਸਿਧਾਨਾ)। ੧।

ਬਾਬਾ ਬੋਲਤੇ ਤੇ ਕਹਾ ਗਏ ਦੇਹੀ ਕੇ ਸੰਗਿ ਰਹਤੇ॥ ਸੁਰਤਿ ਮਾਹਿ ਜੋ ਨਿਰਤੇ ਕਰਤੇ, ਕਥਾ ਬਾਰਤਾ ਕਹਤੇ॥ ੧॥ ਰਹਾਉ॥ ਅਰਥ- (ਇਸ ਤਰ੍ਹਾਂ ਉਸ ਪ੍ਰਭੂ ਦੀ ਹੋ ਚੁੱਕੀ ਮਿਹਰ ਨਾਲ) ਮੇਰੇ ਅੰਦਰ ਹੈਰਾਣ ਕੁਨ ਤਬਦੀਲੀ ਆ ਗਈ ਹੈ। ਮੇਰੇ ਜੀਵਨ ਤੇ ਮੇਰੀ ਸੁਰਤ ਅੰਦਰੋਂ ਭਾਵ ਸਰੀਰ `ਚ ਹੁੰਦੇ ਹੋਏ ਵੀ (ਦੇਹੀ ਕੇ ਸੰਗਿ ਰਹਤੇ) ਮੇਰੇ ਅੰਦਰੋਂ ਆਸ਼ਾ-ਤ੍ਰਿਸ਼ਨਾ ਆਦਿ ਵਾਲੀ ਸਾਰੀ ਨੱਚ-ਟੱਪ ਤੇ ਸ਼ੋਰ-ਸ਼ਰਾਬਾ (ਕਥਾ ਬਾਰਤਾ) ਹੀ ਮੁੱਕ ਗਿਆ ਹੈ। ਉਹ ਸ਼ੋਰ-ਸ਼ਰਾਬਾ ਜਿਸ ਦਾ ਸਬੰਧ ਮੇਰੇ ਸਰੀਰ ਦੀ ਸੀਮਾ ਅਥਵਾ ਦੇਹ ਅਧਿਆਸ ਤੀਕ ਹੀ ਸੀਮਤ ਸੀ, ਉਹ ਹੁਣ ਉੱਕਾ ਨਹੀਂ ਰਿਹਾ। ਦੂਜੇ ਲਫ਼ਜ਼ਾਂ `ਚ ਕਦੇ ਉਹ ਸਮਾਂ ਵੀ ਸੀ ਜਦੋਂ ਮੇਰੀਆਂ ਸਾਰੀਆਂ ਗੱਲਾਂ-ਬਾਤਾਂ ਸਰੀਰਕ ਮੋਹ ਦੀ ਸੀਮਾ ਤੀਕ ਹੀ ਸਨ, ਮਨ `ਚ ਕੇਵਲ ਮਾਇਕ ਫ਼ੁਰਨੇ ਹੀ ਨਾਚ ਕਰਦੇ ਸਨ। ਪਤਾ ਨਹੀਂ, ਅਚਾਨਕ ਉਹ ਸਭ ਕਿੱਥੇ ਅਲੋਪ ਹੋ ਗਏ। ੧। ਰਹਾਉ।

ਬਜਾਵਨਹਾਰੋ ਕਹਾ ਗਇਓ, ਜਿਨਿ ਇਹੁ ਮੰਦਰੁ ਕੀਨਾੑ॥ ਸਾਖੀ ਸਬਦੁ ਸੁਰਤਿ ਨਹੀਂ ਉਪਜੈ, ਖਿੰਚਿ ਤੇਜੁ ਸਭੁ ਲੀਨਾੑ॥ ੨॥ ਅਰਥ- (ਸੱਚ ਵੀ ਇਹੀ ਹੈ ਕਿ ਸਰੀਰਕ ਮੋਹ ਵਾਲੇ ਉਹ ਸਾਰੇ ਫ਼ੁਰਨੇ, ਹੁਣ ਮੇਰੇ ਅੰਦਰ ਟਿੱਕ ਵੀ ਕਿਵੇਂ ਸਕਦੇ ਹਨ? ਕਿਉਂਕਿ ਹਰ ਸਮੇਂ ਆਸ਼ਾ, ਤ੍ਰਿਸ਼ਨਾ, ਫ਼ੁਰਨਿਆਂ ਨੂੰ ਘੜਣ ਵਾਲਾ ਮੇਰਾ ਪਹਿਲਾਂ ਵਾਲਾ ਮਨ ਤੇ ਸੁਰਤ (ਬਜਾਵਨਹਾਰੋ) ਹੀ ਨਹੀਂ ਰਹੇ; ਜਿਨ੍ਹਾਂ ਨੇ ਕਿ ਮੇਰੇ ਸਰੀਰ ਨੂੰ ਮੋਹ ਦੀ ਢੋਲਕੀ (ਮੰਦਰੁ) ਬਣਾ ਰਖਿਆ ਸੀ। ਮੇਰੇ ਸਰੀਰ ਨੂੰ ਹਰ ਸਮੇਂ ਮਾਇਕ ਭੁਖਾਂ, ਦਿਖਾਵਿਆਂ ਤੇ ਆਡੰਬਰਾਂ ਦਾ ਗ਼ੁਲਾਮ ਬਣਾ ਰਖਿਆ ਸੀ। ਹੋਇਆ ਇਹ ਕਿ ਮਾਇਕ ਮੋਹ ਵਾਲੀ ਉਸ ਢੋਲਕੀ ਦੀ ਸਾਰੀ ਤਾਣ (ਤਾਕਤ) ਤੇ ਤੇਜ-ਪ੍ਰਤਾਪ ਨੂੰ ਪਹਿਲਾਂ ਹੀ “ਪਾਰਬ੍ਰਹਮ ਪਰਮੇਸੁਰ ਮਾਧੋ, ਪਰਮ ਹੰਸੁ” ਨੇ ਖਿੱਚ ਲਿਆ ਹੈ (ਲੇ ਸਿਧਾਨਾ) ਇਸ ਲਈ ਪਹਿਲਾਂ ਵਾਲੇ ਬੋਲ, ਫੁਰਨੇ ਹੁਣ ਉਥੇ ਪੈਦਾ ਹੀ ਨਹੀਂ ਹੁੰਦੇ। ੨।

“ਸ੍ਰਵਨਨ ਬਿਕਲ ਭਏ ਸੰਗਿ ਤੇਰੇ, ਇੰਦ੍ਰੀ ਕਾ ਬਲੁ ਥਾਕਾ॥ ਚਰਨ ਰਹੇ ਕਰ ਢਰਕਿ ਪਰੇ ਹੈ, ਮੁਖਹੁ ਨ ਨਿਕਸੈ ਬਾਤਾ॥ ੩॥” ਅਰਥ- (ਕਮਾਲ ਤਾਂ ਇਹ ਕਿ ਇਥੇ ਵੀ ਜ਼ਿਕਰ ਕੇਵਲ ਕੰਨਾਂ ਦਾ, ਕਾਮ ਭੁੱਖ, ਪੈਰਾਂ ਦਾ (ਚਰਨ) ਤੇ ਕਰ (ਹੱਥਾਂ) ਦੇ ਢਿੱਲੇ ਪੈ ਜਾਣ ਤੇ ਮੂੰਹ ਤੋਂ ਹਉਮੈ ਆਦਿ (ਦੇਹ ਅਧਿਆਸ) ਦੀਆਂ ਗੱਲਾਂ ਦਾ ਨਿਕਲਣਾ ਬੰਦ ਹੋਣ ਦਾ ਹੈ। ਇਸ ਤਰ੍ਹਾਂ ਕਿਸੇ ਇੱਕ ਵੀ ਅੰਗ ਦੇ ਮੁਰਦਾ ਹੋਣ ਦੀ ਗੱਲ ਤਾਂ ਹੈ ਹੀ ਨਹੀਂ। ਇਥੇ ਗੱਲ ਹੈ ਤਾਂ ਜੀਵਨ ਚ ਆ ਚੁੱਕੀ ਤਬਦੀਲੀ ਦੀ ਤੇ ਅੰਦਰੋਂ ਆਸ਼ਾ-ਤ੍ਰਿਸ਼ਨਾਂ ਦੇ ਮੁੱਕਣ ਕਾਰਨ ਇਹਨਾ ਅੰਗਾਂ ਦੇ ਉਸ ਪਾਸਿਓਂ ਕਮਜ਼ੋਰ ਹੋ ਜਾਣ ਦੀ। ਇਸ ਤਰ੍ਹਾਂ, ਇਸ ਬੰਦ ਨੰਬਰ ਤਿੰਨ `ਚ ਕਬੀਰ ਜੀ ਫ਼ੁਰਮਾਅ ਰਹੇ ਹਨ)

ਮੇਰੇ ਉਹ ਕੰਨ ਕਿੱਥੇ ਗਏ ਜੋ ਪਹਿਲਾਂ ਸਰੀਰਕ ਮੋਹ `ਚ ਫਸੇ ਸਦਾ ਵਿਆਕੁਲ (ਬਿਕਲ) ਰਹਿੰਦੇ ਸਨ? ਮੇਰੀ ਕਾਮ ਭੁੱਖ `ਚ ਵੀ ਤੇਜ਼ੀ ਨਹੀਂ ਰਹਿ ਗਈ। ਹੁਣ ਨਾ ਉਹ ਪੈਰ ਹਨ ਤੇ ਨਾ ਹੀ ਉਹ ਹੱਥ ਹਨ ਜੋ ਸਦਾ ਦੇਹ-ਅੱਧਿਆਸ ਦੀ ਦੌੜ-ਭੱਜ `ਚ ਪੁਠੇ ਪਾਸੇ ਹੀ ਲੱਗੇ ਰਹਿੰਦੇ ਸਨ। ਹੁਣ ਤਾਂ ਮੂੰਹ ਤੋਂ ਵੀ ਸੰਸਾਰਿਕ ਮੋਹ ਦੀਆਂ ਗੱਲਾਂ ਨਹੀਂ ਨਿਕਲਦੀਆਂ। ੩।

“ਥਾਕੇ ਪੰਚ ਦੂਤ ਸਭ ਤਸਕਰ, ਆਪ ਆਪਣੈ ਭ੍ਰਮਤੇ॥ ਥਾਕਾ ਮਨੁ ਕੁੰਚਰ, ਉਰੁ ਥਾਕਾ, ਤੇਜੁ ਸੂਤੁ ਧਰਿ ਰਮਤੇ॥ ੪॥” ਅਰਥ- (ਇਸੇ ਤਰ੍ਹਾਂ ਬੰਦ ਨੰਬਰ ਤਿੰਨ ਦੀ ਵਿਚਾਰ ਨੂੰ ਅੱਗੇ ਚਲਾਉਂਦੇ ਹੋਏ ਕਬੀਰ ਸਾਹਿਬ ਫ਼ੁਰਮਾਉਂਦੇ ਹਨ) ਕਾਮਾਦਿਕ ਮੇਰੇ ਪੰਜੇ ਵੈਰੀ ਥੱਕ ਚੁੱਕੇ ਹਨ, ਉਹ ਸਾਰੇ ਚੋਰ (ਤਸਕਰ) ਆਪੋ ਆਪਣੀ ਭਟਕਣਾ ਤੋਂ ਹੱਟ ਗਏ ਹਨ (ਆਪ ਆਪਣੈ ਭਰਮਤੇ)। (ਕਿਉਂਕਿ ਜਿਸ ਕੁਰਾਹੇ ਪਏ ਮਨ ਦਾ ਤੇਜ ਤੇ ਆਸਰਾ ਵਰਤ ਕੇ ਇਹ ਪੰਜੇ ਕਾਮਾਦਿਕ) ਦੌੜ-ਭੱਜ ਕਰ ਰਹੇ ਸਨ, ਹੁਣ ਉਹਨਾਂ ਕੋਲ ਹਾਥੀ ਦੇ ਸੁਭਾਅ ਵਾਲਾ ਉਹ ਪਹਿਲਾਂ ਵਾਲਾ ਮਨ ਰਿਹਾ ਹੀ ਨਹੀਂ। ਕਾਰਨ ਇਕੋ ਹੈ ਕਿ ਹੁਨ ਉਹੀ ਮਨ ਜੋ ਪਹਿਲਾਂ ਦੇਹ ਅਧਿਆਸ ਤੀਕ ਸੀਮਤ ਸੀ ਹੁਣ ਪ੍ਰਭੂ ਦੇ ਪਿਆਰ ਵਾਲੇ ਰੰਗ `ਚ ਰੰਗਿਆ ਜਾ ਚੁੱਕਾ ਹੈ। ਇਸੇ ਤਰ੍ਹਾਂ ਨਾ ਵਿਕਾਰਾਂ `ਚ ਡੁੱਬਿਆ ਉਹ ਹਿਰਦਾ ਰਹਿ ਚੁੱਕਾ ਹੈ ਜਿਹੜਾ ਕਿ ਇਹਨਾ ਸਾਰੇ ਵਿਕਾਰਾਂ ਦੇ ਬੋਝ ਨੂੰ ਢੋਅ ਰਿਹਾ ਸੀ। ਕਿਉਂਕਿ ਇਸੇ ਬਦਲਾਵ ਕਾਰਨ ਇਸ ਹਿਰਦੇ ਨੂੰ ਵੀ ਪ੍ਰਭੂ ਪਿਆਰ ਵਾਲਾ ਉਹੀ ਰੰਗ ਚੜ੍ਹ ਚੁੱਕਾ ਹੈ। ੪।

“ਮਿਰਤਕ ਭਏ ਦਸੈ ਬੰਦ ਛੂਟੇ, ਮਿਤ੍ਰ ਭਾਈ ਸਭ ਛੋਰੇ॥ ਕਹਤ ਕਬੀਰਾ ਜੋ ਹਰਿ ਧਿਆਵੈ, ਜੀਵਤ ਬੰਧਨ ਤੋਰੇ॥ ੫॥ ੫॥ ੧੮॥” ਅਰਥ- (ਹਿਰਦੇ `ਚ ਪ੍ਰਭੂ ਵਾਲੀ ਸਾਂਝ ਬਣ ਜਾਣ ਕਾਰਨ) ਮਨੁੱਖ ਦੇ ਪੰਜ ਗਿਆਨ ਇੰਦਰੇ ਤੇ ਪੰਜ ਕਰਮ ਇੰਦਰੇ, ਭਾਵ ਦਸੇ ਹੀ ਗਿਆਨ ਤੇ ਕਰਮ ਇੰਦ੍ਰੇ ਸਰੀਰਕ ਮੋਹ ਵਲੋਂ ਹੱਟ ਗਏ ਹਨ (ਦਸੈ ਬੰਦ ਛੁਟੇ), ਸਰੀਰਕ ਮੋਹ ਨੂੰ ਤਿਆਗ ਚੁੱਕੇ ਹਨ। ਜੀਵਨ ਦੀ ਅਜਿਹੀ ਤਬਦੀਲੀ ਕਾਰਨ ਉਹਨਾਂ ਦਸੋਂ ਗਿਆਨ ਤੇ ਕਰਮ ਇੰਦਰਿਆਂ ਅੰਦਰੋਂ ਆਸ਼ਾ-ਤ੍ਰਿਸ਼ਨਾ ਆਦਿ ਮਰ ਚੁੱਕੇ ਹਨ (ਮਿਰਤਕ ਭਏ) ਭਾਵ ਉਨਾਂ ਨੇ ਪਹਿਲਾਂ ਤੋਂ ਬਣੇ ਆਸ਼ਾ-ਤ੍ਰਿਸ਼ਨਾ ਆਦਿ ਆਪਣੇ ਇਹਨਾ ਸਾਰੇ ਮਿੱਤਰਾਂ-ਭਾਈਆਂ ਦਾ ਤਿਆਗ ਕਰ ਦਿੱਤਾ ਹੈ (ਮਿਤ੍ਰ ਭਾਈ ਸਭ ਛੋਰੇ)।

ਜੀਵਨ ਦੀ ਇਸ ਤਬਦੀਲੀ ਲਈ ਕਬੀਰ ਸਾਹਿਬ ਦ੍ਰਿੜਤਾ ਨਾਲ ਫ਼ੁਰਮਾਉਂਦੇ ਹਨ ਕਿ ਜੋ ਮਨੁੱਖ, ਪ੍ਰਭੂ ਨੂੰ ਸਿਮਰਦਾ ਤੇ ਆਤਮਿਕ ਪੱਖੋਂ ਪ੍ਰਭੂ ਨਾਲ ਇਕ-ਮਿੱਕ ਹੋ ਜਾਂਦਾ ਹੈ ਉਹ (ਦੁਨੀਆਵੀ ਤੌਰ `ਤੇ ਕਿਰਤ-ਕਾਰ ਕਰਦਾ, ਸੰਸਾਰਿਕ-ਪ੍ਰੀਵਾਰਿਕ, ਸਮਾਜਕ ਸਾਰੇ ਫ਼ਰਜ਼ਾਂ ਨੂੰ ਨਿਭਾਉਂਦਾ ਹੋਇਆ) ਜੀਊਂਦੇ ਜੀਅ ਮੋਹ ਮਾਇਆ ਦੀ ਪੱਕੜ `ਚੋਂ ਆਜ਼ਾਦ ਹੋ ਜਾਂਦਾ ਹੈ। ੫। ੫। ੧੮।

ਸ਼ਬਦ ਦੀ ਵਰਤੋਂ ਗ਼ਲਤ ਅਰਥਾਂ ਤੇ ਪ੍ਰਭਾਵ `ਚ ਕਿਉਂ? - ਯਕੀਨਣ ਜੇਕਰ ਥੋੜਾ ਧਿਆਨ ਦੇ ਕੇ ਅਰਥ ਕੀਤੇ ਜਾਣ ਤਾਂ ਅਜਿਹੀ ਕੋਤਾਹੀ ਸੰਭਵ ਹੀ ਨਹੀਂ। ਇਸ ਤੋਂ ਇਲਾਵਾ ਇਹ ਵੀ ਸੱਚ ਹੈ ਕਿ ਸਾਰੇ ਪੰਥ `ਚ ਅੱਜ ਜੋ ਗੁਰਬਾਣੀ ਦੀ ਕਥਾ ਵਾਲੀ ਲਹਿਰ ਹੈ, ਬੇਸ਼ੱਕ ਉਥੇ ਕੋਈ ਪ੍ਰਚਾਰਕ ਉਸ ਦਾ ਲਾਭ ਲਵੇ ਜਾਂ ਮਨਮਾਣੀ ਨੂੰ ਹੀ ਉਪਰ ਰੱਖ ਕੇ ਸੰਗਤਾਂ `ਚ ਕਥਾ ਕਰੇ ਪਰ ਸਾਰੇ ਪਾਸੇ ਵਰਤੀਆਂ ਤਾਂ, ਪ੍ਰਫ਼ੈਸਰ ਸਾਹਿਬ ਜੀ ਰਾਹੀਂ ਲਿਖਤ “ਗੁਰੂ ਗ੍ਰੰਥ ਦਰਪਣ” ਵਾਲੀਆਂ ਸਟੀਕਾਂ ਹੀ ਹਨ। ਦੇਖਿਆ ਜਾਵੇ ਤਾਂ ਪੰਥ ਦੀ ਚਲਦੀ ਫ਼ਿਰਦੀ ਯੂਨੀਵਰਸਿਟੀ ਪ੍ਰੋਫ਼ੈਸਰ ਸਾਹਿਬ ਜੀ ਨੇ ਹੱਥਲੇ ਸ਼ਬਦ ਦੇ ਅਰਥਾਂ ਨੂੰ ਕਾਫ਼ੀ ਹੱਦ ਤੀਕ ਖੋਲਿਆ ਵੀ ਹੈ। ਇਸ ਦੇ ਬਾਵਜੂਦ ਜੇ ਕਰ ਚੰਗੇ ਚੰਗੇ ਨਾਮਵਰ ਰਾਗੀ-ਕੀਰਤਣੀ ਸੱਜਨਾਂ ਵਲੋਂ ਹੱਥਲੇ ਸ਼ਬਦ “ਬਾਬਾ ਬੋਲਤੇ ਤੇ ਕਹਾ ਗਏ” ਜਾਂ ਬਾਕੀ ਉਪਰ ਵਰਣਿਤ ਸ਼ਬਦਾਂ ਦਾ ਮੂਲੋਂ ਹੀ ਗ਼ਲਤ ਪ੍ਰਭਾਵ ਦੇ ਕੇ ਅਤੇ ਉਹਨਾਂ ਨੂੰ ਗ਼ਲਤ ਅਰਥਾਂ `ਚ ਵਰਤਿਆ ਜਾ ਰਿਹਾ ਹੁੰਦਾ ਹੈ ਤਾਂ ਸਮਝਦੇ ਦੇਰ ਨਹੀਂ ਲਗਦੀ ਕਿ ਆਖਿਰ ਅੱਜ ਕੌਮ ਤੇ ਖਾਸਕਰ ਕੌਮ ਦੇ ਪ੍ਰਚਾਰਕ, ਗੁਰਬਾਣੀ ਸੋਝੀ ਪੱਖੋਂ ਖੜੇ ਕਿੱਥੇ ਹਨ?

ਇਨਾਂ ਹੀ ਨਹੀਂ ਜਦੋਂ ਕੁੱਝ ਨਾਮਵਰ ਸੱਜਨਾਂ ਤੇ ਜਥਿਆਂ ਨਾਲ ਇਸ ਵਿਸ਼ੇ `ਤੇ ਗੱਲ ਕਰਣ ਦਾ ਸਮਾਂ ਬਣਿਆ ਤਾਂ ਉਹਨਾਂ `ਚੋਂ ਕਦੇ ਕਿਸੇ ਨਹੀਂ ਕਿਹਾ ਕਿ ਪ੍ਰੋਫ਼ੈਸਰ ਸਾਹਿਬ ਸਿੰਘ ਜੀ ਨੇ ਇਸ ਦੇ ਅਰਥ ਠੀਕ ਨਹੀਂ ਕੀਤੇ। ਬਲਕਿ ਉਹਨਾਂ ਦੀ ਗਲਬਾਤ ਤੋਂ ਹੀ ਸਾਬਿਤ ਹੋ ਜਾਂਦਾ ਹੈ ਕਿ ਉਹਨਾਂ ਨੇ ਕਦੇ ਇਸ ਪਾਸੇ ਉੱਦਮ ਹੀ ਨਹੀਂ ਕੀਤਾ ਹੁੰਦਾ। ਸਪਸ਼ਟ ਹੈ ਕਿ ਇਸ ਤਰ੍ਹਾਂ ਉਹਨਾਂ ਦੀ ਸ਼ਬਦ ਗਾਇਣ ਦੀ ਸੀਮਾ ਕੇਵਲ ਕਲਾ ਜਾਂ ਤੱਬਲੇ ਵਾਜੇ ਤੀਕ ਹੀ ਕੇਵਲ ਵੱਕਤ ਟਪਾਊ ਹੁੰਦੀ ਹੈ, ਇਸ ਤੋਂ ਵੱਧ ਨਹੀਂ। ਦੂਜਾ, ਉਹਨਾਂ ਨੇ ਇਸ ਸ਼ਬਦ ਦੇ ਅਰਥਾਂ ਲਈ ਜੋ ਗ਼ਲਤ ਪ੍ਰਭਾਵ ਲਿਆ ਹੁੰਦਾ ਹੈ ਜਾਂ ਗ਼ਲਤ ਪ੍ਰਭਾਵ ਦੇ ਕੇ ਸੰਗਤਾਂ `ਚ ਪੜ੍ਹਦੇ ਹਨ ਤਾਂ ਮੁੜ-ਤੁੜ ਕੇ ਉਹਨਾਂ ਦੀ ਸੋਚਣੀ ਦਾ ਮੂਲ, ਸ਼ਬਦ ਵਿਚਲੀਆਂ ਕੁੱਝ ਪੰਕਤੀਆਂ ਹੀ ਹੁਂਦੀਆਂ ਹਨ ਜਿੱਥੋਂ ਕਿ ਉਹ ਗ਼ਲਤ ਤੇ ਮਨਮਰਜ਼ੀ ਦੇ ਅਰਥ ਘੜ ਲੈਂਦੇ ਹਨ। ਇਸ ਤਰ੍ਹਾਂ ਇਹ ਪੰਕਤੀਆਂ ਹਨ:-

(੧) “ਬਾਬਾ ਬੋਲਤੇ ਤੇ ਕਹਾ ਗਏ, ਦੇਹੀ ਕੇ ਸੰਗਿ ਰਹਤੇ” (੨) “ਬਜਾਵਨਹਾਰੋ ਕਹਾ ਗਇਓ, ਜਿਨਿ ਇਹੁ ਮੰਦਰੁ ਕੀਨਾੑ” ਅਤੇ (੩) “ਮਿਰਤਕ ਭਏ ਦਸੈ ਬੰਦ ਛੁਟੇ” (੪) “ਮਿਤ੍ਰ ਭਾਈ ਸਭ ਛੋਰੇ”।

ਜਦਕਿ ਦੇਖ ਵੀ ਚੁੱਕੇ ਹਾਂ ਕਿ ਇਹਨਾ ਪੰਕਤੀਆਂ `ਚ “ਬਾਬਾ ਬੋਲਤੇ ਤੇ ਕਹਾ ਗਏ” ਵਾਲੀ ਪੰਕਤੀ `ਚ ਸਾਡੇ ਮਨ-ਸੁਰਤ `ਚੋਂ ਆਸ਼ਾ-ਤ੍ਰਿਸ਼ਨਾ ਆਦਿ ਦੇ ਸ਼ੋਰ ਦੀ ਗੱਲ ਖ਼ਤਮ ਹੋਣ ਦੀ ਗੱਲ ਹੈ। ਫ਼ਿਰ “ਬਜਾਵਨਹਾਰੋ” ਇਹ ਲਫ਼ਜ਼ ਵੀ ਕੁਰਾਹੇ ਪਿਆ ਸਾਡਾ ਮਨ ਹੀ ਸੀ ਜੋ ਪ੍ਰਭੂ ਵੱਲੋਂ ਟੁੱਟਾ ਹੋਣ ਕਰਕੇ, ਸਾਡੇ ਜੀਵਨ ਨੂੰ ਆਪਣੇ ਇਸ਼ਾਰਿਆਂ `ਤੇ ਨਚਾਅ ਰਿਹਾ ਸੀ। ਉਪ੍ਰੰਤ “ਮੰਦਰ” ਵੀ ਇਥੇ ਮਨੁੱਖਾ ਸਰੀਰ ਨਹੀਂ। ਇਥੇ ਇਸ ਦੇ ਅਰਥ ਹਨ ‘ਢੋਲ’ ਜੋ ਅਗਿਆਣਤਾ ਵੱਸ ਮਨੁੱਖ, ਪ੍ਰਭੂ ਤੋਂ ਟੁੱਟਾ ਰਹਿ ਕੇ ਆਪਣਾ ਜਨਮ ਆਸ਼ਾਵਾਂ-ਤ੍ਰਿਸ਼ਨਾਵਾਂ-ਕਾਮਨਾਵਾਂ ਅਧੀਨ ਦਿਖਾਵਿਆਂ, ਮਨਮੱਤਾਂ, ਹੂੜਮੱਤਾ, ਅਣਮੱਤਾਂ ਨਾਲ ਭਰਪੂਰ ਕਰਕੇ ਵਜਾਉਂਦਾ ਹੈ। ਇਸੇ ਤਰ੍ਹਾਂ “ਮਿਰਤਕ ਭਏ ਦਸੈ ਬੰਦ ਛੁਟੇ” `ਚ ਵੀ ਸਾਡੇ ਗਿਆਨ ਤੇ ਕਰਮ ਇੰਦ੍ਰਿਆਂ ਦੇ ਵਿਕਾਰਾਂ ਵੱਲੋਂ ਮਰਣ ਦੀ ਗੱਲ ਹੈ। ਅੰਤ “ਮਿਤ੍ਰ ਭਾਈ ਸਭ ਛੋਰੇ” `ਚ ਵੀ ਜੀਵਨ ਦੇ ਤਬਦੀਲ ਹੋ ਜਾਣ ਬਾਅਦ, ਜੀਵਨ `ਚੋਂ ਆਸ਼ਾਵਾਂ-ਤ੍ਰਿਸ਼ਣਾਵਾਂ-ਕਾਮਨਾਵਾਂ ਆਦਿ ਖ਼ਤਮ ਹੋਣ `ਤੇ ਉਹਨਾਂ ਦਾ ਸਾਥ ਛਡਣ ਦੀ ਗੱਲ ਹੈ।

ਇਸ ਤੋਂ ਇਲਾਵਾ ਸਾਰੇ ਸ਼ਬਦ `ਚ ਸਪਸ਼ਟ ਤੌਰ `ਤੇ ਲਫ਼ਜ਼ ‘ਬਿਕਲ ਭਏ’ ਵਿਆਕੁਲ ਹੋ ਜਾਣਾ, ਬਲੁ ਥਾਕਾ’ ਥੱਕ ਜਾਣਾ, ‘ਢਰਕਿ ਪਰੇ’ ਢਿਲਕ ਜਾਣਾ; ਇਹਨਾ ਸਾਰੀਆਂ ਗੱਲਾਂ ਦਾ ਸਬੰਧ ਵੀ ਮਿਰਤਕ ਸਰੀਰ ਨਾਲ ਨਹੀਂ ਬਲਕਿ ਜੀਵਤ ਸਰੀਰ `ਚ ਸੁਭਾਅ ਦੇ ਤਬਦੀਲ ਹੋਣ ਤੇ ਉਸ ਦੇ ਪ੍ਰਭੂ ਰੰਗ `ਚ ਰੰਗੇ ਜਾਣ ਦੀ ਗੱਲ ਹੈ।

ਇਸੇ ਤਰ੍ਹਾਂ …. ਜੋ ਹਰਿ ਧਿਆਵੈ, ਜੀਵਤ ਬੰਧਨ ਤੋਰੇ” ਪੜ੍ਹਣ ਤੋਂ ਬਾਅਦ ਵੀ ਇਹੀ ਸਮਝਦੇ ਜਾਂ ਮੰਣਦੇ ਜਾਣਾ ਕਿ ਸ਼ਬਦ ਦਾ ਸਬੰਧ ਮਿਰਤਕ ਸਰੀਰ ਅਤੇ ਕਿਸੇ ਦੇ ਚਲਾਣੇ ਤੋਂ ਬਾਅਦ ਪੜ੍ਹਣ ਵਾਲਾ ਹੈ ਇਹ ਸ਼ਬਦ। ਤਾਂ ਅਜਿਹੇ ਸੱਜਨਾਂ ਬਾਰੇ ਕੀ ਕਿਹਾ ਜਾਵੇ। ਉਹਨਾਂ ਦੀ ਗੁਰਮਤਿ ਪੱਖੋਂ ਤਿਆਰੀ ਬਾਰੇ ਤਾਂ ਆਪੇ ਹੀ ਹਿਸਾਬ ਲੱਗ ਸਕਦਾ ਹੈ।

ਗੁਰਬਾਣੀ ਅਰਥਾਂ ਲਈ ਕੁੱਝ ਖਾਸ ਨੀਯਮ- ਗੁਰਬਾਣੀ ਅਰਥਾਂ ਲਈ ਖਾਸ ਨੀਯਮ ਹਨ ਜਿਨ੍ਹਾਂ `ਚੋਂ ਕੁੱਝ ਇਸ ਤਰ੍ਹਾਂ ਹਨ (੧) ਗੁਰਬਾਣੀ ਦੇ ਮੂਲ ਸਿਧਾਂਤ, ਜਿਨ੍ਹਾਂ ਤੋਂ ਗੁਰਬਾਣੀ ਦੀ ਅਰਥ-ਵਿਆਖਿਆ ਬਾਹਿਰ ਹੀ ਨਹੀਂ ਜਾ ਸਕਦੀ। (੨) ਗੁਰਬਾਣੀ ਦਾ ਆਪਣਾ ਵਿਆਕਰਣ ਹੈ, ਅਰਥ ਕਰਣ ਸਮੇਂ ਇਸ ਦਾ ਬੋਧ ਹੋਣਾ ਜ਼ਰੂਰੀ ਹੈ। (੩) ਭਗਤ ਬਾਣੀ, ਭੱਟਾਂ ਦੇ ਸਵੇਯੈ ਅਤੇ ਤਿੰਨ ਸਿੱਖਾਂ ਦੀਆਂ ਰਚਨਾਵਾਂ `ਚੋਂ ਜੇਕਰ ਗੁਰਬਾਣੀ ਅਰਥ, ਸਿਧਾਂਤ ਮੁਤਾਬਿਕ ਕਿਧਰੇ ਉਘੜਦੇ ਨਜ਼ਰ ਨਾ ਆਉਣ ਤਾਂ-ਜਗਿਆਸੂ ਲਈ ਜ਼ਰੂਰੀ ਹੁੰਦਾ ਹੈ, ਪਹਿਲਾਂ ਉਸੇ ਲਿਖਾਰੀ ਦੀ ਬਾਕੀ ਰਚਨਾ `ਚੋਂ ਦੇਖਣਾ, ਵਿਚਾਰਣਾ ਹੈ ਕਿ ਜਿਸ ਸ਼ਬਦਾਵਲੀ ਕਾਰਨ ਭੁਲੇਖਾ ਪੈ ਰਿਹਾ ਹੈ, ਕੀ ਉਸੇ ਲਿਖਾਰੀ ਦੇ ਆਪਣੇ ਪ੍ਰਵਾਣਿਤ ਦੂਜੇ ਸ਼ਬਦਾਂ `ਚ ਵੀ ਉਹ ਸ਼ਬਦਾਵਲੀ ਕਿਸੇ ਦੂਜੀ ਜਗ੍ਹਾ `ਤੇ ਵਰਤੀ ਗਈ ਹੈ ਜਾਂ ਨਹੀਂ? ਉਪ੍ਰੰਤ ਜੇ ਵਰਤੀ ਗਈ ਹੈ ਤਾਂ ਕਿਨ੍ਹਾਂ ਅਰਥਾਂ `ਚ?

ਮਿਸਾਲ ਵਜੋਂ ਸੰਪੂਰਣ ਗੁਰਬਾਣੀ `ਚ ਲਫ਼ਜ਼ ‘ਠਾਕੁਰ’ ਅਕਾਲਪੁਰਖ ਲਈ ਬਹੁਤ ਵਾਰੀ ਆਇਆ ਹੈ। ਗੁਰਬਾਣੀ `ਚ ਹੀ ਭਗਤ ਨਾਮਦੇਵ ਜੀ ਦੇ ੬੧ ਸ਼ਬਦ ਹਨ। ਕਮਾਲ ਤਾਂ ਇਹ ਹੈ ਕਿ ਉਥੇ ਉਹਨਾਂ ਨੇ ਆਪਣੇ ਸਾਰੇ ਸ਼ਬਦਾਂ `ਚ ਜਿੱਥੇ ਵੀ ਲਫ਼ਜ਼ ਠਾਕੁਰ ਵਰਤਿਆ ਹੈ ਤਾਂ ਉਹ ਕੇਵਲ ਪੱਥਰ ਪੂਜਾ ਦੇ ਅਰਥਾਂ `ਚ, ਅਕਾਲਪੁਰਖ ਲਈ ਇੱਕ ਵਾਰੀ ਵੀ ਨਹੀਂ ਵਰਤਿਆ। ਇਸੇ ਤਰ੍ਹਾਂ ਲਫ਼ਜ਼ ਮੰਦਰ ਗੁਰਬਾਣੀ `ਚ ਸਰੀਰ ਲਈ ਵੀ ਆਇਆ ਹੈ। ਜਦਕਿ ਕਬੀਰ ਸਾਹਿਬ ਦੇ ਕੁੱਝ ਸ਼ਬਦਾਂ `ਚ ਲਫ਼ਜ਼ ਮੰਦਰ ‘ਢੋਲ’ ਵਾਸਤੇ ਵੀ ਆਇਆ ਹੈ। ਜਿਸ ਬਾਰੇ ਉਹਨਾਂ ਦੇ ਹੱਥਲੇ ਸ਼ਬਦ `ਚ ਵੀ ਦੇਖ ਚੁੱਕੇ ਹਾਂ ਅਤੇ ਇਸ ਦੀ ਪ੍ਰੌੜਤਾ ਲਈ ਉਹਨਾਂ ਦੇ ਹੀ ਕੁੱਝ ਹੋਰ ਸ਼ਬਦਾਂ `ਚੋਂ ਵੀ ਦੇਖਾਂਗੇ। ਇਸੇ ਤਰ੍ਹਾਂ (੪) ਗੁਰਬਾਣੀ ਅਰਥ ਬੋਧ ਲਈ ਜੇਕਰ ਕੋਈ ਸ਼ਬਦ ਭਗਤਾਂ, ਭੱਟਾਂ ਜਾਂ ਪ੍ਰਵਾਣਿਤ ਸਿੱਖਾਂ ਦੀਆਂ ਰਚਨਾਵਾਂ `ਚੋਂ ਨਾ ਉਘੜਦਾ ਹੋਵੇ ਤਾਂ ਉਪਰ ਦਿੱਤੀ ਸੇਧ ਨੰਬਰ ਤਿੰਨ ਤੋਂ ਬਾਅਦ ਅਸਾਂ ਉਸ ਰਚਨਾ ਨੂੰ, ਗੁਰਬਾਣੀ ਰਚਨਹਾਰੇ ਛੇ ਗੁਰੂ ਵਿਅਕਤੀਆਂ ਦੀਆਂ ਰਚਨਾਂਵਾਂ `ਚੋਂ ਦੇਖਣਾ ਹੁੰਦਾ ਹੈ। (੫) ਜੇ ਫ਼ਿਰ ਵੀ ਗੱਲ ਨਾ ਬਣੇ ਤੇ ਉਥੋਂ ਵੀ ਤਸੱਲੀ ਨਾ ਹੁੰਦੀ ਹੋਵੇ ਤਾਂ ਪਹਿਲੇ ਮਹਲੇ ਦੀ ਬਾਣੀ `ਚੋਂ ਫ਼ੈਸਲਾ ਲੈਣਾ ਹੁੰਦਾ ਹੈ। ਜਦਕਿ ਇਸੇ ਤਰ੍ਹਾਂ ਗੁਰਬਾਣੀ ਅਰਥਾਵਲੀ ਲਈ ਹੋਰ ਗੁਰਬਾਣੀ ਸਿਧਾਂਤ ਵੀ ਹਨ ਜਿਨ੍ਹਾਂ ਦੇ ਜ਼ਿਕਰ ਦੀ ਇਥੇ ਲੋੜ ਨਹੀਂ।

ਸ਼ਬਦ `ਚ ਵਰਤੀ ਗਈ ਸ਼ਬਦਾਵਲੀ ਬਾਰੇ- “ਬਾਬਾ ਬੋਲਤੇ ਤੇ ਕਹਾ ਗਏ” ਵਾਲੇ ਸ਼ਬਦ ਨੂੰ ਹੋਰ ਖੋਲਣ ਤੇ ਸਪਸ਼ਟ ਕਰਣ ਲਈ ਸ਼ਬਦ ਦੀ ਇਸੇ ਸ਼ਬਦਾਵਲੀ ਤੇ ਅਰਥ ਵਿਚਾਰਾਂ ਨਾਲ ਮਿਲਦੇ ਜੁਲਦੇ ਕਬੀਰ ਸਾਹਿਬ ਦੇ ਹੀ ਦੋ ਹੋਰ ਸ਼ਬਦਾਂ ਨੂੰ ਲੈਣ ਦਾ ਯਤਨ ਕਰਾਂਗੇ। ਜਿਨ੍ਹਾਂ `ਚੋਂ ਪਹਿਲਾਂ ਲੈ ਰਹੇ ਹਾਂ:

ਰਾਗੁ ਗਉੜੀ ਪੂਰਬੀ ਕਬੀਰ ਜੀ॥ ਜਹ ਕਛੁ ਅਹਾ ਤਹਾ ਕਿਛੁ ਨਾਹੀ, ਪੰਚ ਤਤੁ ਤਹ ਨਾਹੀ॥ ਇੜਾ ਪਿੰਗੁਲਾ ਸੁਖਮਨ ਬੰਦੇ, ਏ ਅਵਗਨ ਕਤ ਜਾਹੀ॥ ੧॥ ਤਾਗਾ ਤੂਟਾ, ਗਗਨੁ ਬਿਨਸਿ ਗਇਆ, ਤੇਰਾ ਬੋਲਤੁ ਕਹਾ ਸਮਾਈ॥ ਏਹੁ ਸੰਸਾ ਮੋ ਕਉ ਅਨਦਿਨੁ ਬਿਆਪੈ, ਮੋ ਕਉ ਕੋ ਨ ਕਹੈ ਸਮਝਾਈ॥ ੧॥ ਰਹਾਉ॥ ਜਹ ਬਰਭੰਡੁ, ਪਿੰਡੁ ਤਹ ਨਾਹੀ, ਰਚਨਹਾਰੁ ਤਹ ਨਾਹੀ॥ ਜੋੜਨਹਾਰੋ ਸਦਾ ਅਤੀਤਾ, ਇਹ ਕਹੀਐ ਕਿਸੁ ਮਾਹੀ॥ ੨॥ ਜੋੜੀ ਜੁੜੈ ਨ ਤੋੜੀ ਤੂਟੈ ਜਬ ਲਗੁ ਹੋਇ ਬਿਨਾਸੀ॥ ਕਾ ਕੋ ਠਾਕੁਰੁ, ਕਾ ਕੋ ਸੇਵਕੁ ਕੋ ਕਾਹੂ ਕੈ ਜਾਸੀ॥ ੩॥ ਕਹੁ ਕਬੀਰ ਲਿਵ ਲਾਗਿ ਰਹੀ ਹੈ, ਜਹਾ ਬਸੇ ਦਿਨ ਰਾਤੀ॥ ਉਆ ਕਾ ਮਰਮੁ ਓਹੀ ਪਰੁ ਜਾਨੈ, ਓਹੁ ਤਉ ਸਦਾ ਅਬਿਨਾਸੀ॥ ੪॥ ੧॥ ੫੨॥ {ਪੰਨਾ ੩੩੪}

ਇਸ ਸ਼ਬਦ `ਚ ਕਬੀਰ ਸਾਹਿਬ ਫ਼ਰਮਾਉਂਦੇ ਹਨ: “ਮੇਰੀ ਲਿਵ ਪ੍ਰਭੂ-ਚਰਨਾਂ `ਚ ਲੱਗ ਗਈ ਹੈ। ਮੇਰਾ ਮਨ ਜਿਸ `ਚ ਪਹਿਲਾਂ ਸੰਸਾਰਿਕ ਮੋਹ ਮਮਤਾ ਤੇ ਪਕੜ ਸੀ, ਹੁਣ ਪ੍ਰਭੂ ਚਰਨਾਂ `ਚ ਲਿਵ ਜੁੜਣ ਦੀ ਬਰਕਤ ਨਾਲ ਉਸ `ਚ ਸੰਸਾਰਿਕ ਮੋਹ ਮਾਇਆ ਤੇ ਪਕੜ ਮੁੱਕ ਗਈ ਹੈ ਜਿਸ ਕਾਰਨ ਮੇਰੇ ਅੰਦਰ ਹੁਣ ‘ਪੰਚ ਤਤੁ ਤਹ ਨਾਹੀ’ ਭਾਵ ਆਪਣੇ ਸਰੀਰ ਦਾ ਮੋਹ ਭੀ ਨਹੀਂ ਰਹਿ ਗਿਆ।

ਇੜਾ-ਪਿੰਗਲਾ-ਸੁਖਮਨਾ ਭਾਵ ਪ੍ਰਾਣ ਚਾੜ੍ਹਣ, ਰੋਕਣ ਤੇ ਟਿਕਾਉਣ ਆਦਿ ਦੇ ਕੰਮ ਤਾਂ ਪਤਾ ਨਹੀਂ ਕਿੱਥੇ ਚਲੇ ਗਏ ਹਨ। ਭਾਵ, ਜਿਸ ਮਨੁੱਖ ਦੀ ਸੁਰਤ ਪ੍ਰਭੂ-ਚਰਨਾਂ `ਚ ਜੁੜ ਜਾਂਦੀ ਹੈ, ਉਸ ਨੂੰ ਪ੍ਰਾਣਾਯਾਮ ਆਦਿ ਦੇ ਸਾਧਨ ਤੇ ਢੰਗ ਮੂਲੋਂ ਹੀ ਬੇਲੋੜਵੇਂ ਤੇ ਕੋਝੇ ਮਹਿਸੂਸ ਹੁੰਦੇ ਹਨ। ੧।

ਪ੍ਰਭੂ-ਚਰਨਾਂ `ਚ ਲਿਵ ਜੁੜਣ ਦੀ ਬਰਕਤ ਨਾਲ ਹੀ ਹੁਣ ਮੇਰਾ ਮਾਇਕ ਮੋਹ ਵਾਲਾ ਧਾਗਾ ਟੁੱਟ ਗਿਆ ਹੈ, ਮੇਰੇ ਅੰਦਰੋਂ ਹੁਣ ਸੰਸਰਿਕ ਮੋਹ ਵਾਲਾ ਪਸਾਰਾ ਮੁੱਕ ਗਿਆ ਹੈ, ਵਿਤਕਰਿਆਂ ਵਾਲੇ ਸੁਭਾਵ ਦਾ ਵੀ ਨਾਮ-ਨਿਸ਼ਾਨ ਨਹੀਂ ਰਿਹਾ। ਇਸ ਤਬਦੀਲੀ ਲਈ ਮੈਨੂੰ ਹਰ ਰੋਜ਼ ਹੈਰਾਨੀ ਹੁੰਦੀ ਹੈ ਕਿ ਆਖਿਰ ਇਹ ਹੋ ਕਿਵੇਂ ਗਿਆ, ਜਦਕਿ ਕੋਈ ਵੀ ਮੈਨੂੰ ਇਹ ਨਹੀਂ ਸਮਝਾ ਸਕਦਾ। ਭਾਵ ਜੀਵਨ `ਚ ਇਹ ਤਬਦੀਲੀ ਤਾਂ ਕਰਤੇ ਦੀ ਬਖਸ਼ਿਸ਼ ਨਾਲ ਹੀ ਆਉਂਦੀ ਹੈ ਤੇ ਇਸ ਨੂੰ ਸਮਝਾਇਆ ਜਾਂ ਬਿਆਣਿਆ ਨਹੀਂ ਜਾ ਸਕਦਾ; ਇਸ ਨੂੰ ਤਾਂ ਕੇਵਲ ਅਨੁਭਵ ਹੀ ਕੀਤਾ ਜਾ ਸਕਦਾ ਹੈ। ੧। ਰਹਾਉ।

ਜਿਸ ਮਨ `ਚ ਪਹਿਲਾਂ ਸਾਰੀ ਦੁਨੀਆ ਦੇ ਧਨ ਪਦਾਰਥਾਂ ਦਾ ਮੋਹ ਸੀ, ਪ੍ਰਭੂ ਨਾਲ ਲਿਵ ਜੁੜਣ ਕਰ ਕੇ ਉਸ ਮਨ `ਚ ਹੁਣ ਆਪਣੇ ਸਰੀਰ ਦਾ ਮੋਹ ਵੀ ਨਹੀਂ ਰਿਹਾ। ਕਾਰਨ ਇਹੀ ਹੈ ਕਿ ਮੋਹ ਦੇ ਤਾਣੇ ਤਨਣ ਵਾਲਾ ਜਦੋਂ ਮਨ ਦਾ ਸੁਭਾਅ ਹੀ ਬਦਲ ਗਿਆ ਹੈ ਤਾਂ ਉਹ ਰਵੇਗਾ ਵੀ ਕਿਵੇਂ? ਹੁਣ ਤਾਂ ਮਾਇਆ ਦੇ ਮੋਹ ਤੋਂ ਨਿਰਲੇਪ ਜੋੜਨਹਾਰ ਪ੍ਰਭੂ ਆਪ ਹੀ ਮਨ `ਚ ਵੱਸ ਚੁੱਕਾ ਹੈ। ਪਰ, ਜੀਵਨ ਦੀ ਅਜਿਹੀ ਅਵਸਥਾ ਕਿਸੇ ਨੂੰ ਬਿਆਨ ਨਹੀਂ ਕੀਤੀ ਜਾ ਸਕਦੀ। ੨।

ਸੱਚ ਹੈ ਕਿ ਜਦੋਂ ਤੀਕ ਮਨੁੱਖ ਦਾ ਮਨ ਨਾਸਵੰਤ ਸਰੀਰ `ਚ ਹੀ ਬੱਝਾ ਰਹਿੰਦਾ ਹੈ, ਤਦ ਤੀਕ ਇਸ ਦੀ ਪ੍ਰੀਤ ਪ੍ਰਭੂ ਨਾਲ ਨਾ ਜੋੜਿਆਂ ਜੁੜਦੀ ਹੈ ਤੇ ਨਾ ਮਾਇਆ ਤੋਂ ਤੋੜਿਆਂ ਟੁੱਟਦੀ ਹੈ। ਇਸ ਅਵਸਥਾ ਚ ਗ੍ਰਸੇ ਮਨ ਕਾਰਨ ਜੀਵ ਦਾ ਨਾ ਤਾਂ ਖਸਮ, ਪ੍ਰਭੂ ਹੀ ਹੁੰਦਾ ਹੈ ਤੇ ਨਾ ਜੀਵ ਪ੍ਰਭੂ ਦਾ ਸੇਵਕ ਹੀ ਬਣ ਪਾਂਦਾ ਹੈ। ਅਜਿਹੀ ਹਾਲਤ `ਚ ਕਿਸ ਨੇ ਕਿਸ ਪਾਸ ਜਾਣਾ ਹੁੰਦਾ ਹੈ? ਭਾਵ, ਦੇਹ-ਅੱਧਿਆਸ `ਚ ਫ਼ਸਿਆ ਮਨ ਸਰੀਰ ਦੇ ਮੋਹ ‘ਤੋਂ ਉੱਚਾ ਉੱਠ ਕੇ, ਪ੍ਰਭੂ ਚਰਨਾਂ `ਚ ਜਾਂਦਾ ਹੀ ਨਹੀਂ। ੩।

ਇਥੇ ਕਬੀਰ ਸਾਹਿਬ ਫ਼ੁਰਮਾਉਂਦੇ ਹਨ ਕਿ ਹੁਣ ਮੇਰੀ ਸੁਰਤ ਪ੍ਰਭੂ-ਚਰਨਾਂ `ਚ ਹੀ ਲੱਗੀ ਹੈ ਤੇ ਦਿਨ ਰਾਤ ਓਥੇ ਹੀ ਟਿਕੀ ਰਹਿੰਦੀ ਹੈ। ਪਰ ਇਸ ਤਰ੍ਹਾਂ ਜੇ ਕੋਈ ਇਹ ਸਮਝੇ ਕਿ ਪ੍ਰਭੂ ਦਾ ਭੇਤ ਵੀ ਪਾਇਆ ਜਾ ਸਕਦਾ ਹੈ ਤਾਂ ਇਹ ਬਿਲਕੁਲ ਅਸੰਭਵ ਹੈ। ਪ੍ਰਭੂ ਦਾ ਭੇਤ ਤਾਂ ਪ੍ਰਭੂ ਹੀ ਜਾਣਦਾ ਹੈ, ਤੇ ਉਹ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਵੀ ਹੈ। ੪। ੧। ੫੨।

ਇਸ ਤਰ੍ਹਾਂ ਸ਼ਬਦ ਦਾ ਭਾਵ ਹੈ ਕਿ ਜਿਸ ਮਨੁੱਖ ਦੀ ਲਿਵ ਪ੍ਰਭੂ-ਚਰਨਾਂ `ਚ ਲੱਗ ਜਾਂਦੀ ਹੈ, ਉਸ ਅੰਦਰੋਂ ਜਗਤ ਦਾ ਤੇ ਆਪਣੇ ਸਰੀਰ ਤੀਕ ਦਾ ਮੋਹ ਵੀ ਮਿਟ ਜਾਂਦਾ ਹੈ। ਮਨੁੱਖ ਦੇ ਮਨ ਦੀ ਇਹ ਤਾਂ ਅਜਿਹੀ ਅਵਸਥਾ ਹੈ, ਜਿਥੇ ਵਿਤਕਰੇ ਆਦਿ ਦਾ ਨਾਮ-ਨਿਸ਼ਾਨ ਵੀ ਨਹੀਂ ਰਹਿ ਜਾਂਦਾ। ਜੀਵਨ ਦੇ ਇਸ ਅਨੰਦ ਸਾਹਮਣੇ ਤਾਂ ਮਨੁੱਖ ਨੂੰ ਪ੍ਰਾਣਾਯਾਮ ਆਦਿ ਨਿਤਾਂਤ ਹੋਛੇ ਕੰਮ ਹੀ ਦਿੱਸਦੇ ਹਨ। ੫੨।

ਦੇਖਣ ਦੀ ਗੱਲ ਇਹ ਹੈ ਕਿ ਵਿਚਾਰ ਅਧੀਨ ਦੋਨਾਂ ਸ਼ਬਦਾਂ “ਬਾਬਾ ਬੋਲਤੇ ਤੇ ਕਹਾ ਗਏ ਦੇਹੀ ਕੇ ਸੰਗਿ ਰਹਤੇ” ਅਤੇ “ਜਹ ਕਛੁ ਅਹਾ ਤਹਾ ਕਿਛੁ ਨਾਹੀ, ਪੰਚ ਤਤੁ ਤਹ ਨਾਹੀ” ਦਾ ਕੇਵਲ ਭਾਵ ਹੀ ਨਹੀਂ ਕਿ ਜੀਉਂਦੇ ਜੀਅ ਪ੍ਰਭੂ `ਚ ਅਭੇਦ ਹੋਣਾ ਹੈ ਬਲਕਿ ਅਰਥਾਂ ਅਤੇ ਸ਼ਬਦਾਵਲੀ `ਚ ਵੀ ਸਾਂਝ ਹੈ ਜਿਵੇਂ “ਗਗਨ ਨਗਰਿ ਇੱਕ ਬੂੰਦ ਨ ਬਰਖੈ, ਨਾਦੁ ਕਹਾ ਜੁ ਸਮਾਨਾ” ਅਤੇ “ਬਾਬਾ ਬੋਲਤੇ ਤੇ ਕਹਾ ਗਏ ਦੇਹੀ ਕੇ ਸੰਗਿ ਰਹਤੇ॥ ਸੁਰਤਿ ਮਾਹਿ ਜੋ ਨਿਰਤੇ ਕਰਤੇ, ਕਥਾ ਬਾਰਤਾ ਕਹਤੇ॥ ੧॥ ਰਹਾਉ॥ ਬਜਾਵਨਹਾਰੋ ਕਹਾ ਗਇਓ, ਜਿਨਿ ਇਹੁ ਮੰਦਰੁ ਕੀਨਾੑ॥ ਸਾਖੀ ਸਬਦੁ ਸੁਰਤਿ ਨਹੀਂ ਉਪਜੈ, ਖਿੰਚਿ ਤੇਜੁ ਸਭੁ ਲੀਨਾੑ” ਜਾਂ “ਕਹਤ ਕਬੀਰਾ ਜੋ ਹਰਿ ਧਿਆਵੈ, ਜੀਵਤ ਬੰਧਨ ਤੋਰੇ” ਅਤੇ ਇਸ ਸ਼ਬਦ `ਚ “ਜਹ ਕਛੁ ਅਹਾ ਤਹਾ ਕਿਛੁ ਨਾਹੀ, ਪੰਚ ਤਤੁ ਤਹ ਨਾਹੀ” ਅਤੇ “ਤਾਗਾ ਤੂਟਾ, ਗਗਨੁ ਬਿਨਸਿ ਗਇਆ, ਤੇਰਾ ਬੋਲਤੁ ਕਹਾ ਸਮਾਈ ਹੋਰ “ਜਹ ਬਰਭੰਡੁ ਪਿੰਡੁ ਤਹ ਨਾਹੀ, ਰਚਨਹਾਰੁ ਤਹ ਨਾਹੀ” ਇਸੇ ਤਰ੍ਹਾਂ “ਕਹੁ ਕਬੀਰ ਲਿਵ ਲਾਗਿ ਰਹੀ ਹੈ, ਜਹਾ ਬਸੇ ਦਿਨ ਰਾਤੀ”। ਦੋਨਾਂ ਸ਼ਬਦਾਂ ਇਹਨਾ ਪੰਕਤੀਆਂ ਵਿਚਕਾਰ ਕੇਵਲ ਅਰਥਾਂ ਦੀ ਸਾਂਝ ਹੀ ਬਲਕਿ ਸ਼ਬਦਾਵਲੀ ਦੀ ਵੀ ਸਾਂਝ ਹੈ। ਇਸ ਤੋਂ ਬਾਅਦ ਇਸੇ ਵਿਸ਼ੇ ਨੂੰ ਕਬੀਰ ਸਾਹਿਬ ਦੇ ਇੱਕ ਹੋਰ ਸ਼ਬਦ `ਚ ਵੀ ਦੇਖਾਂਗੇ ਜਿਵੇਂ:-

ਆਸਾ॥ ਜਉ ਮੈ ਰੂਪ ਕੀਏ ਬਹੁਤੇਰੇ, ਅਬ ਫੁਨਿ ਰੂਪੁ ਨ ਹੋਈ॥ ਤਾਗਾ ਤੰਤੁ ਸਾਜੁ ਸਭ ਥਾਕਾ, ਰਾਮ ਨਾਮ ਬਸਿ ਹੋਈ॥ ੧॥ ਅਬ ਮੋਹਿ ਨਾਚਨੋ ਨ ਆਵੈ॥ ਮੇਰਾ ਮਨੁ, ਮੰਦਰੀਆ ਨ ਬਜਾਵੈ॥ ੧॥ ਰਹਾਉ॥ ਕਾਮ ਕ੍ਰੋਧ ਮਾਇਆ ਲੈ ਜਾਰੀ, ਤ੍ਰਿਸਨਾ ਗਾਗਰਿ ਫੂਟੀ॥ ਕਾਮ ਚੋਲਨਾ ਭਇਆ ਹੈ ਪੁਰਾਨਾ, ਗਇਆ ਭਰਮੁ, ਸਭੁ ਛੂਟੀ॥ ੨॥ ਸਰਬ ਭੂਤ ਏਕੈ ਕਰਿ ਜਾਨਿਆ, ਚੂਕੈ ਬਾਦ ਬਿਬਾਦਾ॥ ਕਹਿ ਕਬੀਰ ਮੈ ਪੂਰਾ ਪਾਇਆ, ਭਏ ਰਾਮ ਪਰਸਾਦਾ॥ ੩॥ ੬॥ ੨੮॥ {ਪੰਨਾ ੪੮੩}

ਅਰਥ: “ਹੇ ਪ੍ਰਭੂ ਮਾਇਆ ਦੇ ਮੋਹ `ਚ ਫਸ ਕੇ ਮੈ ਕਈ ਜਨਮਾਂ `ਚ ਭਟਕਦਾ ਰਿਹਾਂ ਪਰ ਹੁਣ ਮੈ ਉਸ ਬਾਰ ਬਾਰ ਦੇ ਜਨਮ-ਮਰਨ ਵਾਲੇ ਗੇੜ ਤੋਂ ਥੱਕ ਚੁੱਕਾ ਹਾਂ। ਇਸ ਲਈ ਮੇਰੇ ਅੰਦਰੋਂ ਇਹ ਸੰਸਾਰਿਕ ਮੋਹ ਵਾਲਾ ਧਾਗਾ, ਮੋਹ ਦੀ ਤਾਰ ਅਤੇ ਮੋਹ ਦੇ ਸਾਰੇ ਆਡੰਬਰ (ਜੋ ਕਿ ਬਾਰ ਦੇ ਬਾਰ ਦੇ ਜਨਮਾਂ ਦਾ ਕਾਰਨ ਸਨ) ਮੁੱਕ ਗਏ ਹਨ; ਹੁਣ ਮੇਰਾ ਮਨ ਪ੍ਰਮਾਤਮਾ ਦੇ ਨਾਮ `ਚ ਹੀ ਵੱਸ ਗਿਆ ਹੈ। ੧।

ਪ੍ਰਭੂ ਦੀ ਬਖਸ਼ਿਸ਼ ਨਾਲ ਪ੍ਰਾਪਤ ਇਸ ਇੱਕ ਸੁਰਤਾ ਕਾਰਨ ਮੈ ਆਪਣੇ ਅੰਦਰੋਂ ਕਾਮ ਕ੍ਰੋਧ ਤੇ ਮਾਇਆ ਦੇ ਪ੍ਰਭਾਵ ਨੂੰ ਸਾੜ ਦਿੱਤਾ ਹੈ, (ਮੇਰੇ ਅੰਦਰੋਂ) ਤ੍ਰਿਸ਼ਨਾ ਦੀ ਮਟਕੀ ਟੁੱਟ ਗਈ ਹੈ, ਮੇਰਾ ਕਾਮ ਵਾਲਾ ਕੋਝਾ ਚੋਲਾ ਹੁਣ ਪੁਰਾਣਾ ਹੋ ਗਿਆ ਹੈ। ਭਾਵ ਮੇਰੇ ਅੰਦਰੋਂ ਸੰਸਾਰਿਕ ਕਾਮਨਾਵਾਂ ਮੁੱਕ ਗਈਆਂ ਹਨ ਤੇ ਇਸ ਤੋਂ ਕਿ ਮੇਰੀ ਸਾਰੀ ਭਟਕਣਾ ਵੀ ਮੁੱਕ ਗਈ ਹੈ। ਦੂਜੇ ਲਫ਼ਜ਼ਾਂ `ਚ ਮੇਰੇ ਅੰਦਰੋਂ ਮੋਹ ਮਾਇਆ ਦੀ ਪਕੜ ਵਾਲੀ ਖੇਡ ਹੀ ਖ਼ਤਮ ਹੋ ਗਈ ਹੈ। ੨।

ਕਬੀਰ ਸਾਹਿਬ ਫ਼ੁਰਮਾਉਂਦੇ ਹਨ ਕਿ ਮੇਰੇ `ਤੇ ਪਰਮਾਤਮਾ ਦੀ ਕਿਰਪਾ ਹੋ ਗਈ ਹੈ ਤੇ ਮੈਨੂੰ ਪੂਰਾ ਪ੍ਰਭੂ ਮਿਲ ਪਿਆ ਹੈ। ਉਸੇ ਦੀ ਬਰਕਤ ਨਾਲ ਹੁਣ ਮੈਨੂੰ ਸਾਰੀ ਰਚਨਾ ਵਿਚੋਂ ਉਸ ਇਕੋ ਇੱਕ ਪ੍ਰਭੂ ਦੀ ਪਹਿਚਾਣ ਹੋ ਗਈ ਹੈ, ਇਸ ਲਈ ਮੇਰੇ ਅੰਦਰੋਂ ਸਾਰੇ ਵੈਰ-ਵਿਰੋਧ ਵੀ ਮੁੱਕ ਗਏ ਹਨ। ੩। ੬। ੨੮।

ਹੁਣ ਇਸ ਸ਼ਬਦ ਨੂੰ ਕਬੀਰ ਜੀ ਦੇ ਇਸੇ ਰਾਗ ਵਿੱਚ ਦਿੱਤੇ ਸ਼ਬਦ ਨੰ: ੧੮ “ਬਾਬਾ ਬੋਲਤੇ ਤੇ ਕਹਾ ਗਏ ਦੇਹੀ ਕੇ ਸੰਗਿ ਰਹਤੇ” ਨਾਲ ਰਲਾ ਕੇ ਪੜ੍ਹੋ। ਇਸ ਤਰ੍ਹਾਂ ਸ਼ਬਦ “ਬਾਬਾ ਬੋਲਤੇ ਤੇ ਕਹਾ ਗਏ ਦੇਹੀ ਕੇ ਸੰਗਿ ਰਹਤੇ” ਨੂੰ ਸਮਝਣ `ਚ ਬਹੁਤ ਮਦਦ ਮਿਲ ਜਾਵੇਗੀ।

ਇਸ ਸ਼ਬਦ `ਚ ਕਬੀਰ ਸਾਹਿਬ ਫ਼ੁਰਮਾਉਂਦੇ ਹਨ “ਤਾਗਾ ਤੰਤੁ ਸਾਜੁ ਸਭ ਥਾਕਾ, ਰਾਮ ਨਾਮ ਬਸਿ ਹੋਈ॥ ੧॥ ਅਬ ਮੋਹਿ ਨਾਚਨੋ ਨ ਆਵੈ॥ ਮੇਰਾ ਮਨੁ, ਮੰਦਰੀਆ ਨ ਬਜਾਵੈ” ਅਤੇ ਫ਼ੈਸਲਾ ਹੈ ਕਿ “ਸਰਬ ਭੂਤ ਏਕੈ ਕਰਿ ਜਾਨਿਆ, ਚੂਕੈ ਬਾਦ ਬਿਬਾਦਾ॥ ਕਹਿ ਕਬੀਰ ਮੈ ਪੂਰਾ ਪਾਇਆ, ਭਏ ਰਾਮ ਪਰਸਾਦਾ”

ਜਦਕਿ ਵਿਚਾਰ ਅਧੀਨ ਸ਼ਬਦ ਦੀ ਸ਼ਬਦਾਵਲੀ ਹੈ “ਬਾਬਾ ਬੋਲਤੇ ਤੇ ਕਹਾ ਗਏ ਦੇਹੀ ਕੇ ਸੰਗਿ ਰਹਤੇ॥ ਸੁਰਤਿ ਮਾਹਿ ਜੋ ਨਿਰਤੇ ਕਰਤੇ, ਕਥਾ ਬਾਰਤਾ ਕਹਤੇ॥ ੧॥ ਰਹਾਉ॥ ਬਜਾਵਨਹਾਰੋ ਕਹਾ ਗਇਓ, ਜਿਨਿ ਇਹੁ ਮੰਦਰੁ ਕੀਨਾੑ॥ ਸਾਖੀ ਸਬਦੁ ਸੁਰਤਿ ਨਹੀਂ ਉਪਜੈ, ਖਿੰਚਿ ਤੇਜੁ ਸਭੁ ਲੀਨਾੑ” ਅਤੇ ਇਥੇ ਵੀ “ਮਿਰਤਕ ਭਏ ਦਸੈ ਬੰਦ ਛੂਟੇ, ਮਿਤ੍ਰ ਭਾਈ ਸਭ ਛੋਰੇ॥ ਕਹਤ ਕਬੀਰਾ ਜੋ ਹਰਿ ਧਿਆਵੈ, ਜੀਵਤ ਬੰਧਨ ਤੋਰੇ” ਹੁਣ ਇਹੀ ਵਿਸ਼ਾ ਪ੍ਰੋਫ਼ੈਸਰ ਸਾਹਿਬ ਸਿੰਘ ਜੀ ਦੇ ਆਪਣੇ ਸ਼ਬਦਾਂ `ਚ:-

ਬਾਬਾ ਬੋਲਤੇ ਤੇ ਕਹਾ ਗਏ” ਵਾਲੇ ਸ਼ਬਦ ਦਾ ਅਰਥ ਕਰਨ ਲੱਗਿਆਂ ਕਈ ਟੀਕਾਕਾਰ ਲਿਖਦੇ ਹਨ ਕਿ ਕਬੀਰ ਜੀ ਆਪਣੇ ਇੱਕ ਮਿੱਤਰ ਪਰਮਹੰਸ ਜੋਗੀ ਨੂੰ ਮਿਲਣ ਗਏ। ਅੱਗੇ ਉਸ ਨੂੰ ਕਾਲ-ਵੱਸ ਹੋਇਆ ਵੇਖ ਕੇ ਉਹਨਾਂ ਨੇ ਇਹ ਸ਼ਬਦ ਉਚਾਰਿਆ। ਪਿੱਛੇ ਰਾਗ ਗਉੜੀ `ਚ ਵੀ ਕਬੀਰ ਜੀ ਦਾ ਸ਼ਬਦ “ਜਿਹ ਕਛੁ ਅਹਾ ਤਹਾ ਕਿਛੁ ਨਾਹੀ, ਪੰਚ ਤਤੁ ਤਹ ਨਾਹੀ॥ ਇੜਾ ਪਿੰਗੁਲਾ ਸੁਖਮਨ ਬੰਦੇ, ਏ ਅਵਗਨ ਕਤ ਜਾਹੀ” ਵੇਖ ਆਏ ਹਾਂ। ਉਸ ਸਬੰਧੀ ਵੀ ਕਈ ਟੀਕਾਕਾਰਾਂ ਨੇ ਇਉਂ ਹੀ ਲਿਖਿਆ ਹੈ ਕਿ ਆਪਣੇ ਅਕਸਰ ਮਿਲਣ ਵਾਲੇ ਇੱਕ ਗੂੜ੍ਹੇ ਮਿੱਤਰ ਜੋਗੀ ਦੇ ਕੁੱਝ ਅਧਿਕ ਚਿਰ ਮਿਲਣੋਂ ਖੁੰਝਣ `ਤੇ ਭਗਤ ਜੀ ਆਪ ਉਸ ਦੇ ਆਸ਼੍ਰਮ `ਤੇ ਗਏ ਪਰ ਉਥੇ ਪਹੁੰਚ ਕੇ ਆਪ ਨੂੰ ਅਚਨਚੇਤ ਹੀ ਪਤਾ ਲੱਗਾ ਕਿ ਜੋਗੀ ਜੀ ਤਾਂ ਚਲਾਣਾ ਕਰ ਗਏ ਹਨ। ਤਾਂ ਉਸ ਸਮੇ ਪਿਆਰੇ ਮਿੱਤਰ ਦੇ ਵਿਛੋੜੇ `ਚ ਦ੍ਰਵੇ ਤੇ ਆਪ ਨੇ ਇਹ ਸ਼ਬਦ ਉਚਾਰਿਆ ਸੀ।

ਪਰ ਗਉੜੀ ਰਾਗ ਦੇ ਸ਼ਬਦ “ਜਿਹ ਕਛੁ ਅਹਾ ਤਹਾ ਕਿਛੁ ਨਾਹੀ. .” ਦੇ ਅਰਥ ਕਰਣ ਵੇਲੇ ਵੇਖ ਆਏ ਹਾਂ ਕਿ ਉਸ ਸ਼ਬਦ ਨਾਲ ਕਿਸੇ ਜੋਗੀ ਦੇ ਮਰਨ ਦੀ ਕਹਾਣੀ ਜੋੜਨ ਦੀ ਲੋੜ ਹੀ ਨਹੀਂ ਪੈਂਦੀ। ਨਾ ਅਜਿਹੀ ਕੋਈ ਕਹਾਣੀ ਸ਼ਬਦ ਨਾਲ ਢੁਕਦੀ ਵੀ ਹੈ। ਜੇ ਉਹ ਸ਼ਬਦ ਵੀ ਕਿਸੇ ਜੋਗੀ ਦੇ ਮਰਨ `ਤੇ ਹੀ ਉਚਾਰਿਆ ਹੁੰਦਾ ਤੇ ਉਸ ਸਮੇਂ ਕਬੀਰ ਜੀ ਨੂੰ ਇਹ ਸੰਸਾ ਪੈਦਾ ਹੋਇਆ ਹੁੰਦਾ ਕਿ ਸਰੀਰ `ਚ ਬੋਲਣ ਵਾਲੀ ਜੀਵਾਤਮਾ ਕਿੱਥੇ ਚਲੀ ਗਈ ਹੈ, ਤਾਂ ਇਹ ਨਹੀਂ ਸੀ ਹੋ ਸਕਦਾ ਕਿ ਇਹ ‘ਸੰਸਾ’ ਕਬੀਰ ਜੀ ਨੂੰ ਹਰ ਰੋਜ਼ ਹੀ ਲਗਾ ਰਹਿੰਦਾ। ਜਿਨ੍ਹਾਂ ਲੋਕਾਂ ਦੇ ਪਰਮ-ਸਨੇਹੀ ਸੱਕੇ-ਸੋਦਰੇ ਮਰ ਜਾਂਦੇ ਹਨ; ਉਹ ਵੀ ਸਮਾ ਪੈਣ ਤੇ ਭੁੱਲ ਜਾਂਦੇ ਹਨ, ਪਰ ਇਨੇ ਉੱਚੇ ਜੀਵਨ ਵਾਲੇ ਬ੍ਰਹਮ-ਗਿਆਨੀ ਕਬੀਰ ਜੀ ਨੂੰ ਉਸ ਜੋਗੀ ਦੇ ਮਰਨ `ਤੇ ਹਰ ਰੋਜ਼ ਇਹ ‘ਸੰਸਾ’ ਕਿਉਂ ਰਹਿਣਾ ਸੀ? ਕਿਉਂਕਿ ਉਸ ਸ਼ਬਦ ਦੇ ‘ਰਹਾਉ’ `ਚ ਕਬੀਰ ਜੀ ਲਿਖਦੇ ਹਨ : —ਤਾਗਾ ਤੂਟਾ, ਗਗਨੁ ਬਿਨਸਿ ਗਇਆ, ਤੇਰਾ ਬੋਲਤ ਕਹਾ ਸਮਾਈ॥ ਏਹ ਸੰਸਾ ਮੋ ਕਉ ਅਨਦਿਨੁ ਬਿਆਪੈ, ਮੋ ਕਉ ਕੋ ਨ ਕਹੈ ਸਮਝਾਈ” ਉਸ ਸ਼ਬਦ `ਚ ਅਸੀਂ ਲਿਖ ਆਏ ਹਾਂ ਕਿ ਓਥੇ ਮਨ ਦੀ ਉਸ ਤਬਦੀਲੀ ਦਾ ਜ਼ਿਕਰ ਹੈ ਜੋ “ਲਿਵ ਲਾਗਿ ਰਹੀ ਹੈ” ਦੀ ਬਰਕਤ ਨਾਲ ਪੈਦਾ ਹੁੰਦੀ ਹੈ।

ਹੁਣ ਉਸ ‘ਰਹਾਉ’ ਦੀਆਂ ਤੁਕਾਂ ਨੂੰ ਇਸ ਆਸਾ ਰਾਗ ਵਾਲੇ ਸ਼ਬਦ ਦੇ ‘ਰਹਾਉ’ ਨਾਲ ਟਾਕਰਾ ਕਰ ਕੇ ਵੇਖੋ; ਲਿਖਦੇ ਹਨ : — ਬਾਬਾ ਬੋਲਤੇ ਤੇ ਕਹਾ ਗਏ॥ ਦੇਹੀ ਕੇ ਸੰਗਿ ਰਹਤੇ॥ ਸੁਰਤਿ ਮਾਹਿ ਜੋ ਨਿਰਤੇ ਕਰਤੇ, ਕਥਾ ਬਾਰਤਾ ਕਹਤੇ॥ ਰਹਾਉ॥ ਦੋਨਾਂ ਸ਼ਬਦਾਂ ਵਿਚਕਾਰ “ਤੇਰਾ ਬੋਲਤ ਕਹਾ ਸਮਾਈ” ਅਤੇ “ਬੋਲਤੇ ਤੇ ਕਹਾ ਗਏ॥ ਦੇਹੀ ਕੇ ਸੰਗਿ ਰਹਤੇ॥” ਦੋਹਾਂ ਸ਼ਬਦਾਂ `ਚ ਇੱਕੋ ਹੀ ਖ਼ਿਆਲ ਸਾਫ਼ ਦਿੱਸ ਰਿਹਾ ਹੈ। ਪਹਿਲੇ `ਚ ਆਖਦੇ ਹਨ ‘ਮੇਰ-ਤੇਰ’ ਬੋਲਣ ਵਾਲਾ ਮਨ ਮੁੱਕ ਗਿਆ ਹੈ। ਦੂਜੇ `ਚ ਆਖਦੇ ਹਨ ਕਿ ਜੋ ਸਦਾ ਸਰੀਰ ਦੀਆਂ ਹੀ ਗੱਲਾਂ ਕਰਦਾ ਸੀ ਉਹ ਕਿਤੇ ਤੁਰ ਗਿਆ ਹੈ।

ਹੁਣ ਲਵੋ ਇਸ ਸ਼ਬਦ ਦਾ ਬੰਦ ਨੰ: ੨ : — ਬਜਾਵਨਹਾਰੋ ਕਹਾ ਗਇਓ, ਜਿਨਿ ਇਹੁ ਮੰਦਰੁ ਕੀਨਾ॥” ਜਿਨ੍ਹਾਂ ਟੀਕਾਕਾਰਾਂ ਨੇ ਸ਼ਬਦ ਨਾਲ ਕਿਸੇ ਜੋਗੀ ਦੇ ਮਰਨ ਦੀ ਕਹਾਣੀ ਜੋੜ ਦਿੱਤੀ ਹੈ, ਉਹਨਾਂ ਲਫ਼ਜ਼ “ਮੰਦਰੁ” ਦਾ ਅਰਥ ਸਹਿਜੇ ਹੀ “ਸਰੀਰ” ਕਰ ਦਿੱਤਾ ਹੈ ਕਿ ਜਿਸ ਆਤਮਾ ਨੇ ਇਹ ਸਰੀਰ ਬਣਾ ਰੱਖਿਆ ਸੀ ਉਹ ਇਸ `ਚੋਂ ਚਲਾ ਗਿਆ ਹੈ।

ਪਰ ਇਸੇ ਆਸਾ ਰਾਗ ਵਿੱਚ ਕਬੀਰ ਜੀ ਦਾ ਸ਼ਬਦ ਨੰ: ੨੮ ਇਸ ਤਰਾਂ ਹੈ ਲਿਖਦੇ ਹਨ:

“ਜਉ ਮੈ ਰੂਪ ਕੀਏ ਬਹੁਤੇਰੇ, ਅਬ ਫੁਨਿ ਰੂਪੁ ਨ ਹੋਈ॥ ਤਾਗਾ ਤੰਤੁ ਸਾਜੁ ਸਭ ਥਾਕਾ, ਰਾਮ ਨਾਮ ਬਸਿ ਹੋਈ॥ ੧॥ ਅਬ ਮੋਹਿ ਨਾਚਨੋ ਨ ਆਵੈ॥ ਮੇਰਾ ਮਨੁ, ਮੰਦਰੀਆ ਨ ਬਜਾਵੈ॥ ੧॥ ਰਹਾਉ॥ ਕਾਮ ਕ੍ਰੋਧ ਮਾਇਆ ਲੈ ਜਾਰੀ, ਤ੍ਰਿਸਨਾ ਗਾਗਰਿ ਫੂਟੀ॥ ਕਾਮ ਚੋਲਨਾ ਭਇਆ ਹੈ ਪੁਰਾਨਾ, ਗਇਆ ਭਰਮੁ, ਸਭੁ ਛੂਟੀ॥ ੨॥ ਸਰਬ ਭੂਤ ਏਕੈ ਕਰਿ ਜਾਨਿਆ, ਚੂਕੈ ਬਾਦ ਬਿਬਾਦਾ॥ ਕਹਿ ਕਬੀਰ ਮੈ ਪੂਰਾ ਪਾਇਆ, ਭਏ ਰਾਮ ਪਰਸਾਦਾ॥ ੩॥ ੬॥ ੨੮॥”

ਇਸ ਸ਼ਬਦ ਨੰ: ੨੮ ਦੀ ‘ਰਹਾਉ’ ਵਾਲੀ ਤੁਕ ਨੂੰ ਧਿਆਨ ਨਾਲ ਪੜ੍ਹੋ : — “ਮੇਰਾ ਮਨੁ ਮੰਦਰੀਆ ਨ ਬਜਾਵੈ॥”

ਏਥੇ “ਮੰਦਰੀਆ” ਉਹੀ ਚੀਜ਼ ਹੈ ਜਿਸ ਨੂੰ ਸ਼ਬਦ ਨੰ: ੧੮ ਦੇ ਬੰਦ ਨੰ: ੨ ਵਿੱਚ “ਮੰਦਰੁ” ਆਖਿਆ ਹੈ। ਲਫ਼ਜ਼ “ਮੰਦਰੀਆ” ਦੇ ਨਾਲ ਇਹ ਵੀ ਸਾਫ਼ ਆਖਿਆ ਹੈ ਕਿ “ਅਬ ਮੋਹਿ ਨਾਚਨੋ ਨ ਆਵੈ।” ਨੱਚਣ ਨਾਲ ਕਿਸੇ ਢੋਲਕੀ ਦਾ ਜ਼ਿਕਰ ਹੈ। ਮਾਇਆ ਦੇ ਹੱਥਾਂ `ਤੇ ਨੱਚਣਾ ਮੁੱਕ ਗਿਆ ਹੈ, ਮੋਹ ਦੀ ਢੋਲਕੀ ਵੱਜਣੀ ਬੰਦ ਹੋ ਗਈ। ਲਫ਼ਜ਼ ‘ਮਾਂਦਲ’, ‘ਮੰਦਰ’, ‘ਮੰਦਰੀਆ’ —ਇਹ ਸਾਰੇ ਇਕੋ ਹੀ ਲਫ਼ਜ਼ ਦੇ ਵਖੋ-ਵੱਖ ਰੂਪ ਹਨ। ‘ਮਾਂਦਲ’ ਦਾ ਅਰਥ ਹੈ ‘ਢੋਲ’। ਬੰਦ ਨੰ: ੨ `ਚ ਵੀ “ਬਜਾਵਨਹਾਰੋ” ਨਾਲ “ਮੰਦਰੁ” ਦਾ ਜ਼ਿਕਰ ਹੈ। ਦੋਹਾਂ ਸ਼ਬਦਾਂ `ਚ ਸਾਂਝਾ ਖ਼ਿਆਲ ਹੈ ਕਿ ਮਨ ਨੇ ਮਾਇਆ ਦੇ ਹੱਥਾਂ `ਤੇ ਨੱਚਣਾ ਛੱਡ ਕੇ ਮੋਹ ਦੀ ਢੋਲਕੀ ਵਜਾਣੀ ਬੰਦ ਕਰ ਦਿੱਤੀ ਹੈ।

ਇਸ ਸਾਰੀ ਵਿਚਾਰ ਤੋਂ ਇਹੀ ਨਤੀਜਾ ਨਿਕਲਦਾ ਹੈ ਕਿ ਸ਼ਬਦ “ਬਾਬਾ ਬੋਲਤੇ ਤੇ ਕਹਾ ਗਏ” `ਚ ਜੋਗੀ ਦੇ ਮਰਨ `ਤੇ ਕੋਈ ਅਫਸੋਸ ਆਦਿ ਨਹੀਂ ਕੀਤਾ ਗਿਆ। ਗਉੜੀ ਰਾਗ ਦੇ ਸ਼ਬਦ ਨੰ: ੫੨ ਤੇ ਆਸਾ ਰਾਗ ਦੇ ਸ਼ਬਦ ਨੰ: ੨੮ ਵਾਂਗ, ਏਥੇ ਵੀ ਮਨ ਦੀ ਸੁਧਰੀ ਹੋਈ ਹਾਲਤ ਦਾ ਜ਼ਿਕਰ ਹੈ। #184010.02s019#0

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮਤਿ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ `ਚ ਅਰਥਾਂ ਸਹਿਤ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰੀਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਤੇ ਜੀਵਨ-ਜਾਚ ਵਾਲਾ ਬਨਾਈਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 184

“ਬਾਬਾ ਬੋਲਤੇ ਤੇ ਕਹਾ ਗਏ. .”

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org




.