.

ਅਨੰਦਪੁਰ ਅਤੇ ਉਸ ਦਾ ਰਾਜਾ

ਸਰਵਜੀਤ ਸਿੰਘ

ਦਸਮ ਗ੍ਰੰਥ ਵਿਚ ਅਨੰਦਪੁਰ ਅਤੇ ਉਸ ਦੇ ਰਾਜੇ ਦਾ ਹਵਾਲਾ ਕਈ ਥਾਂਈ ਮਿਲਦਾ ਹੈ। ਜਦੋਂ ਦਸਮ ਗ੍ਰੰਥ ਦੇ ਹਮਾਇਤੀ ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਨਾਲ ਹੀ ਜੋੜਦੇ ਹਨ ਤਾਂ ਕਿਸੇ ਨੂੰ ਵੀ ਕੋਈ ਇਤਰਾਜ ਨਹੀਂ ਹੁੰਦਾ। ਦਸਮ ਗ੍ਰੰਥ ਦੇ ਵਿਰੋਧੀ ਜਦੋਂ ਇਸ ਸਬੰਧੀ ਸ਼ੰਕੇ ਕਰਦੇ ਹਨ ਤਾਂ ਇਸ ਦੇ ਹਮਾਈਤੀ ਕੱਚੀਆਂ-ਪਿੱਲੀਆਂ ਦਲੀਲਾਂ ਦੇ ਕੇ ਇਹ ਸਾਬਤ ਕਰਨ ਦਾ ਅਸਫਲ ਯਤਨ ਕਰਦੇ ਹਨ ਕਿ ਇਹ ਤਾਂ ਕੋਈ ਹੋਰ ਅਨੰਦ ਪੁਰ ਹੈ। ਰਾਜੇ ਬਾਰੇ ਵੀ ਇਹ ਕਿਹਾ ਜਾਂਦਾ ਹੈ ਕਿ ਇਹ ਤਾਂ ਚਿਤ੍ਰਵਤੀ ਨਗਰੀ ਦਾ ਰਾਜਾ ਚਿਤ੍ਰ ਸਿੰਘ ਹੈ। ਇਹ ਤਾਂ ਮੰਤ੍ਰੀ ਭੂਪ ਸੰਬਾਦ ਹੈ। ਰਾਜੇ ਦਾ ਵਜੀਰ ਵਿਭਚਾਰਨ ਔਰਤਾਂ ਦੀਆਂ ਕਹਾਣੀਆਂ ਰਾਜੇ ਨੂੰ ਸਣਾਉਂਦਾ ਹੈ। ਇਹ ਕਹਾਣੀਆਂ ਤਾਂ ਰਿਗਵੇਦ ਵਿੱਚ ਵੀ ਦਰਜ ਹਨ। ਇਹ ਤਾਂ ਜੱਮ-ਜੱਮੀ ਸੰਬਾਦ ਹੈ ਵਗੈਰਾ–ਵਗੈਰਾ। ਇਸ ਗ੍ਰੰਥ ਦੇ ਹਮਾਇਤੀ ਇਹ ਵੀ ਪ੍ਰਚਾਰ ਕਰਦੇ ਹਨ ਕਿ ਪਖਯਾਨ ਦਾ ਤਾਂ ਅਰਥ ਹੀ ਇਹ ਹੁੰਦਾ ਹੈ ਕਿ ਜੋ ਪਹਿਲਂ ਵਾਪਰ ਚੁੱਕਾ ਹੈ। ਚਰਿਤ੍ਰੋ ਪਖਯਾਨ, ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੁੰ ਸਮਝਾਉਣ ਲਈ ਹੀ ਲਿਖੀਆਂ ਹਨ।
ਨੂਪ ਕੌਰ ਦੇ ਨਾਮ ਨਾਲ ਜਾਣੀ ਜਾਂਦੀ ਕਹਾਣੀ ਜੋ ਅੱਜ-ਕੱਲ ਬੁਹਤ ਹੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਆਖੇ ਜਾਂਦੇ ਦਸਮ ਗ੍ਰੰਥ ਵਿੱਚ 21, 22 ਅਤੇ 23 ਨੰ: ਚਰਿਤ੍ਰਾਂ ‘ਚ ਅਤੇ ਛਜੀਆ ਦੇ ਨਾਮ ਨਾਲ ਜਾਣੀ ਜਾਂਦੀ ਕਹਾਣੀ ਚਰਿਤ੍ਰ ਨੰ: 16 ‘ਚ ਦਰਜ ਹੈ। ਪ੍ਰੋ. ਦਰਸ਼ਨ ਸਿੰਘ ਜੀ, ਇਨ੍ਹਾਂ ਕਹਾਣੀਆਂ ਦੇ ਹਵਾਲੇ ਦੇਣ ਕਾਰਨ ਹੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਹ ਦੋਵੇ ਕਹਾਣੀਆਂ ਅਨੰਦਪੁਰ ਨਾਮ ਦੇ ਨਗਰ ਵਿੱਚ ਵਾਪਰੀਆਂ ਹਨ। ਇਹ ਵੀ ਸੱਚ ਹੈ ਕਿ ਇਨ੍ਹਾਂ ਕਹਾਣੀਆਂ ਵਿੱਚ ਕਿਤੇ ਵੀ ਗੂਰੁ ਗੋਬਿੰਦ ਸਿੰਘ ਜੀ ਦਾ ਸਿੱਧੇ ਤੌਰ ਨਾਮ ਨਹੀ ਆਉਂਦਾ ਅਤੇ ਇਨ੍ਹਾਂ ਕਹਾਣੀਆਂ ਤੋਂ ਇਸ ਦੇ ਲੇਖਕ ਬਾਰੇ ਵੀ ਕੋਈ ਸਕੇਤ ਨਿਹੀ ਮਿਲਦਾ। ਦਸਮ ਗ੍ਰੰਥ ਦੇ ਹਮਾਇਤੀ ਇਹ ਮੰਨਦੇ ਹਨ ਕਿ ਇਹ ਗੁਰੂ ਜੀ ਦੀ ਲਿਖਤ ਹੈ।
ਦਸਮ ਗ੍ਰੰਥ ਦੇ ਹਮਾਇਤੀਆਂ ਨੂੰ ਜਦੋ ਇਨ੍ਹਾਂ ਦੇ ਹੀ ਵਿਦਵਾਨਾਂ ਦੀਆਂ ਲਿਖਤਾਂ ਦਾ ਹਵਾਲਾ ਦੇ ਕਿ ਇਹ ਸਮਝਾਉਣ ਦਾ ਯਤਨ ਕੀਤਾ ਜਾਂਦਾ ਹੈ ਕਿ ਆਹ ਪੜ੍ਹੋ ਗਿਆਨੀ ਹਰਬੰਸ ਸਿੰਘ ਕੀ ਲਿਖਦਾ ਹੈ? ਜਾਂ ਭਾਈ ਰਣਧੀਰ ਸਿੰਘ ਜੀ ਕੀ ਲਿਖਦੇ ਹਨ? ਤਾਂ ਵੀ ਇਹ ਮੰਨਣ ਲਈ ਤਿਆਰ ਨਹੀ ਹੁੰਦੇ। ਗਿਆਨੀ ਸਵਿੰਦਰ ਸਿੰਘ ਸਾਬਕਾ ਮੁਖ ਸੇਵਾਦਾਰ, ਤਖਤ ਸ੍ਰੀ ਕੇਸਗੜ ਸਾਹਿਬ ਭਾਂਵੇ ਸਟੇਜ ਤੋਂ ਇਹ ਆਖਣ ਕਿ ਇਹ ਗੁਰੂ ਜੀ ਦਾ ਆਪਣਾ ਚਿਰਤ੍ਰ ਹੈ ਤਾਂ ਵੀ ਮੈ ਨਾ ਮਾਨੂੰ ਵਿਰਤੀ ਵਾਲੇ ਦਸਮ ਗ੍ਰੰਥ ਦੇ ਉਪਾਸ਼ਕਾ ਦੇ ਸੈਹੇ (ਖਰਗੋਸ਼) ਦੀਆਂ ਲੱਤਾਂ ਤਿੰਨ ਹੀ ਰਹਿੰਦੀਆ ਹਨ ਅਤੇ ਸਵਾਲ ਕਰਦੇ ਹਨ ਕਿ ਦਿਖਾਓ ਦਸਮ ਗ੍ਰੰਥ ਵਿਚ ਕਿਥੇ ਲਿਖਿਆ ਹੋਇਆ ਹੈ? ਆਓ ਦਸਮ ਗ੍ਰੰਥ ਦੀ ਲਿਖਤ ਤੋਂ ਹੀ ਅਨੰਦ ਪੁਰ ਅਤੇ ਇਸ ਦੇ ਰਾਜੇ ਬਾਰੇ ਵਿਚਾਰ ਕਰੀਏ।
ਦੋਹਰਾ॥ ਤੀਰ ਸਤੁਦ੍ਰਵ ਕੇ ਹੁਤੋ ਰਹਤ ਰਾਇ ਸੁਖ ਪਾਇ॥
ਦਰਬ ਹੇਤ ਤਿਹ ਠੌਰ ਹੀ ਰਾਮਜਨੀ ਇਕ ਆਇ॥ 1॥ (ਚਰਿਤ੍ਰ ਨੰ: 16, ਪੰਨਾ 829)
ਛਜੀਆ ਦੇ ਨਾਮ ਨਾਲ ਜਾਣੀ ਜਾਂਦੀ ਕਹਾਣੀ (ਚਰਿਤ੍ਰ ਨੰ: 16) ਦੇ ਅਰੰਭ ਵਿਚ ਹੀ ਇਹ ਦਰਜ ਹੈ ਕਿ ਸਤਲੁਜ ਨਦੀ ਦੇ ਕੰਢੇ ਇਕ ਰਾਜਾ ਰਹਿੰਦਾ ਸੀ ਉਥੇ ਇੱਕ ਵੇਸਵਾ ਆ ਗਈ। ਇਸ ਹਵਾਲੇ ਤੋ ਤਾਂ ਸਿਰਫ ਇਹ ਹੀ ਸਾਬਤ ਹੁੰਦਾ ਕਿ ਸਤਲੁਜ ਦੇ ਕੰਢੇ ਇੱਕ ਰਾਜਾ ਰਹਿੰਦਾ ਸੀ । ਉਹ ਰਾਜਾ ਕੌਣ ਸੀ ਜਾਂ ਕਿਸ ਸਹਿਰ ਦਾ ਸੀ? ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ। ਆਓ ਹੁਣ ਨੂਪ ਕੌਰ ਦੀ ਕਹਾਣੀ ਤੋਂ ਅਨੰਦਪੁਰ ਦੀ ਪੈੜ ਕੱਢੀਏ।
ਤੀਰ ਸਤੁੱਦ੍ਰਵ ਕੇ ਹੁਤੋ ਪੁਰ ਅਨੰਦ ਇਕ ਗਾਂਉ॥
ਨੇਤ੍ਰ ਤੁੰਗ ਕੇ ਢਿਗ ਬਸਤ ਕਾਹਲੂਰ ਕੇ ਠਾਉ॥3॥ (ਚਰਿਤ੍ਰ ਨੰ: 21, ਪੰਨਾ 838)
ਸਤਲੁਜ ਨਦੀ ਦੇ ਕੰਢੇ, ਨੈਣਾ ਦੇਵੀ ਪਰਬਤ ਦੇ ਨੇੜੈ ਕਹਿਲੂਰ ਰਿਆਸਤ ਵਿੱਚ ਅਨੰਦਪੁਰ ਨਾਮ ਦਾ ਇੱਕ ਪਿੰਡ ਸੀ। ਇਥੋਂ ਇਹ ਸਾਬਤ ਹੁੰਦਾ ਹੈ ਕਿ ਚਰਿਤ੍ਰ 16 ਵਿੱਚ ਆਏ, ‘ਤੀਰ ਸਤੁਦ੍ਰਵ ਕੇ ਹੁਤੋ’ ਅਤੇ ਚਰਿਤ੍ਰ 21 ਵਿੱਚ ਆਏ ‘ਤੀਰ ਸਤੁੱਦ੍ਰਵ ਕੇ ਹੁਤੋ’ ਦੋਵੇਂ ਇੱਕ ਹੀ ਪਿੰਡ ਦੀ ਨਿਸ਼ਾਨ ਦੇਹੀ ਕਰਦੇ ਹਨ। ਹੁਣ ਇਹ ਸਵਾਲ ਪੈਦਾ ਹੁੰਦਾ ਹੈ ਕਿ ਇਹ ਪਿੰਡ ਕਿਹੜਾ ਹੈ? ਇਹ ਪਿੰਡ ਹੈ ਅਨੰਦ ਪੁਰ ਜਿਸ ਦਾ ਜਿਕਰ ਚਰਿਤ੍ਰ 21 ਵਿਚ ਦਰਜ ਹੈ। ‘ਤੀਰ ਸਤੁੱਦ੍ਰਵ ਕੇ ਹੁਤੋ ਪੁਰ ਅਨੰਦ ਇਕ ਗਾਂਉ॥’ ਇੰਗਲੈਂਡ ਤੋਂ ਚਲਦੇ ਇੱਕ ਰੇਡੀਓ ਤੋਂ ਇਕ ਵਿਦਵਾਨ ਨੇ ਇਹ ਵੀ ਸਵਾਲ ਕੀਤਾ ਸੀ ਕਿ ਅਸਲ ਲਿਖਤ ਵਿਚ ਤਾਂ ਪਿੰਡ ਦਾ ਨਾਮ ‘ਪੁਰ ਅਨੰਦ’ ਹੈ ਇਸ ਨੂੰ ਅਨੰਦਪੁਰ ਕਿਵੇ ਕਿਹਾ ਜਾਂ ਸਕਦਾ ਹੈ? ਉਹ ਪ੍ਰਜੈਂਟਰ ਇਹ ਭੁਲ ਹੀ ਗਿਆ ਸੀ ਕਿ ਜਿਸ ਟੀਕੇ ਤੋਂ ਉਹ ਪੜ੍ਹ ਕੇ ਸੁਣਾ ਰਿਹਾ ਸੀ ਉਹ ਟੀਕਾ ਕਿਸੇ ਹੋਰ ਕੋਲ ਵੀ ਹੋ ਸਕਦਾ ਹੈ। ਉਸ ਟੀਕੇ ਵਿੱਚ ਵੀ ਪੰਡਿਤ ਨਰੈਣ ਸਿੰਘ ਮੁਜੰਗਾ ਵਾਲਿਆਂ ਨੇ ‘ਪੁਰ ਅਨੰਦ’ ਦੇ ਅਰਥ ‘ਅਨੰਦਪੁਰ’ ਹੀ ਕੀਤੇ ਹਨ। (ਜਿਲਦ ਛੇਵੀਂ, ਪੰਨਾ 97)
ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਇਹ ਵਾਰਤਾ ਅਨੰਦਪੁਰ ਦੀ ਹੈ ਅਤੇ ਇਹ ਅਨੰਦਪੁਰ, ਨੈਣਾ ਦੇਵੀ ਪਰਬਤ ਦੇ ਨੇੜੇ ਕਹਿਲੂਰ ਰਿਆਸਤ ਵਿਚ ਹੈ। ਜੇ ਹਾਲੇ ਵੀ ਕਿਸੇ ਨੂੰ ਅਨੰਦਪੁਰ ਬਾਰੇ ਕੋਈ ਸ਼ੰਕਾ ਹੋਵੇ ਕਿ ਇਹ ਕੋਈ ਹੋਰ ਪਿੰਡ ਵੀ ਹੋ ਸਕਦਾ ਹੈ ਤਾਂ ਆਓ ਹੁਣ ਇਹ ਦੇਖੀਏ ਕਿ ਇਸ ਅਨੰਦਪੁਰ ਨੂੰ ਵਸਾਇਆ ਕਿਸ ਨੇ ਸੀ। ਦਸਮ ਗ੍ਰੰਥ ਵਿੱਚ ਦਰਜ ਬਚਿਤ੍ਰ ਨਾਟਕ, ਜਿਸ ਨੂੰ ਬਿਨਾ ਪੜ੍ਹੇ ਹੀ ਬੁਹਗਿਣਤੀ ਵਲੋਂ ਗੁਰੂ ਗੋਬਿੰਦ ਸਿੰਘ ਜੀ ਦੀ ਆਤਮ ਕਥਾ ਮੰਨ ਲਿਆ ਗਿਆ ਹੈ, ਉਸ ਦੇ ਅੱਠਵੇਂ ਅਧਿਆਏ ਵਿੱਚ ਇਹ ਦਰਜ ਹੈ-
ਜੁਧ ਜੀਤ ਆਏ ਜਬੈ ਟਿਕੈ ਨ ਤਿਨ ਪੁਰ ਪਾਵ॥
ਕਾਹਲੂਰ ਮੈ ਬਾਧਿਯੋ ਆਨਿ ਅਨੰਦਪੁਰ ਗਾਵ॥36॥ (ਪੰਨਾ 62)
ਇਸ ਅਧਿਆਏ ਦੇ ਅੰਤ ਵਿੱਚ ਜੋ ਲਿਖਿਆ ਹੋਇਆ ਹੈ ਉਸ ਦੇ ਵੀ ਦਰਸ਼ਨ ਕਰੋ ਜੀ। ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਰਾਜ ਸਾਜ ਕਥਨ ਭੰਗਾਣੀ ਜੁਧ ਬਰਨਨੰ ਨਾਮ ਅਸਟਮੋ ਧਿਆਇ ਸਮਾਪਤੰ ਸਤੁ ਸੁਭਮ ਸੁਤ। 8। 320।
ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਇਹ ਅਨੰਦਪੁਰ ਅੱਜ ਵਾਲਾ ਅਨੰਦਪੁਰ ਹੀ ਹੈ ਜਿਸ ਨੂੰ ਬਚਿਤ੍ਰ ਨਾਟਕ ਦਾ ਕਰਤਾ ਖੁਦ ਕਹਿ ਰਿਹਾ ਹੈ ਕਿ ਇਸ ਅਨੰਦਪੁਰ ਨੂੰ ਮੈ ਹੀ ਵਸਾਇਆ ਸੀ। ਸਿਆਣਿਆਂ ਲਈ ਤਾਂ ਇਸ਼ਾਰਾ ਹੀ ਕਾਫੀ ਹੈ ਕਿ ਜਦੋ ਇਹ ਸਾਬਤ ਹੋ ਗਿਆ ਹੈ ਕਿ ਇਹ ਓਹੀ ਅਨੰਦ ਪੁਰ ਹੈ ਜਿਸ ਨੂੰ ਬਚਿਤ੍ਰ ਨਾਟਕ ਦੇ ਕਰਤਾ ਨੇ ਵਸਾਇਆ ਸੀ ਤਾਂ ਉਥੇ ਦਾ ਰਾਜਾ ਵੀ ਬਚਿਤ੍ਰ ਨਾਟਕ ਦਾ ਮੁਖ ਪਾਤਰ ਹੀ ਹੋਵੇਗਾ। ਜਿਹੜੇ ਇਹ ਕਹਿੰਦੇ ਹਨ ਕਿ ਚਰਿਤ੍ਰਾਂ ਦੇ ਅਰੰਭ ਵਿੱਚ ਹੀ ਰਾਜਾ ਚਿਤ੍ਰ ਸਿੰਘ ਦਾ ਜਿਕਰ ਆਇਆ ਸੀ ਇਸ ਲਈ ਇਹ ਕਹਾਣੀਆਂ ਤਾਂ ਰਾਜਾ ਚਿਤ੍ਰ ਸਿੰਘ ਦੀਆਂ ਹਨ, ਉਨ੍ਹਾਂ ਦੀ ਜਾਣਕਾਰੀ ਲਈ ਆਓ ਇਨ੍ਹਾਂ ਚਰਿਤ੍ਰਾਂ ਵਿੱਚੋਂ ਹੀ ਰਾਜੇ ਬਾਰੇ ਵੀ ਜਾਣਕਾਰੀ ਹਾਸਲ ਕਰੀਏ।
ਦਿਸਨ ਦਿਸਨ ਕੇ ਲੋਗ ਤਿਹਾਰੇ ਆਵਹੀ।
ਮਨ ਬਾਛਤ ਜੋ ਬਾਤ ਉਹੈ ਬਰ ਪਾਵਹੀ।
ਖਵਨ ਅਵਗੑਯਾ ਮੋਰਿ ਨ ਤੁਮ ਕਹ ਪਾਇਯੈ।
ਹੋ ਦਾਸਨ ਦਾਸੀ ਹ੍ਵੈ ਹੌ ਸੇਜ ਸੁਹਾਇਯੈ। 28।( ਚਰਿਤ੍ਰ 16 ਪੰਨਾ 831)
ਛਜੀਆ ਰਾਜੇ ਨੂੰ ਕਹਿ ਰਹੀ ਹੈ ਕਿ ਹਰ ਦਿਸ਼ਾ ਤੋ ਲੋਕ ਆਉਂਦੇ ਹਨ ਅਤੇ ਇਛਾ ਪੁਰਤੀ ਦਾ ਵਰ ਮੰਗਦੇ ਹਨ। ਮੇਰੇ ਤੋਂ ਕੀ ਖੁਨਾਮੀ ਹੋਈ ਹੈ ਜੋ ਤੁਸੀਂ ਮੇਰੀ ਇਛਾ ਪੂਰੀ ਨਹੀਂ ਕਰਦੇ। ਇਥੇ ਸਵਾਲ ਪੈਦਾ ਹੁੰਦਾ ਹੈ ਕਿ ਅਨੰਦਪੁਰ ਵਿੱਚ ਅਜੇਹਾ ਕਿਹੜਾ ਰਾਜਾ ਸੀ ਜਿਸ ਤੋ ਲੋਕੀਂ ਆ ਕੇ ਵਰ ਮੰਗਦੇ ਸਨ?
ਤਹਾ ਸਿਖ ਸਾਖਾ ਬੁਹਤ ਆਵਤ ਮੋਦ ਬਢਾਇ।
ਮਨ ਬਾਛਤ ਮੁਖਿ ਮਾਗ ਬਰ ਜਾਤ ਗ੍ਰਿਹਨ ਸੁਖ ਪਾਇ। 4। (ਚਰਿਤ੍ਰ 21 ਪੰਨਾ 838)
ਉਥੇ ਸਿੱਖ ਫ਼ਿਰਕੇ ਦੇ ਬੁਹਤ ਲੋਕ ਖੁਸ਼ੀ ਖੁਸ਼ੀ ਆਉਂਦੇ ਅਤੇ ਮੂੰਹ ਮੰਗੇ ਵਰ ਪ੍ਰਾਪਤ ਕਰਕੇ ਘਰਾਂ ਨੂੰ ਪਰਤਦ ਜਾਂਦੇ। ਇਥੇ ਫਿਰ ਓਹੀ ਸਵਾਲ ਪੈਦਾ ਹੁੰਦਾ ਹੈ ਕਿ ਅਨੰਦਪੁਰ ਵਿਚ ਅਜੇਹਾ ਕਿਹੜਾ ਰਾਜਾ ਸੀ ਜਿਸ ਤੋ ਲੋਕੀਂ ਆ ਕੇ ਵਰ ਮੰਗਦੇ ਸਨ? ਅੱਗੇ ਨੂਪ ਕੌਰ ਰਾਜੇ ਨੂੰ ਕਹਿੰਦੀ ਹੈ, “ਭਏ ਪੂਜ ਤੋ ਕਹਾ ਗੁਮਾਨ ਨ ਕੀਜਿਯੈ” (15) ਜਾਂ ਅਨੰਦਪੁਰ ਵਿਚ ਉਹ ਕਿਹੜਾ ਰਾਜਾ ਸੀ ਜਿਸ ਪੂਜਾ ਦੀ ਸੀ?
ਬਹੁਰਿ ਸਭਨ ਮੈ ਬੈਠਿ ਆਪੁ ਕੋ ਪੂਜ ਕਹਾਊ।
ਹੋ ਰਮੋ ਤੁਹਾਰੇ ਸਾਥ ਨੀਚ ਕੁਲ ਜਨਮਹਿ ਪਾਊ। 32।
ਰਾਜੇ ਵਲੋਂ ਇਹ ਕਹਿਣ ਤੇ ਕਿ ਮੈ ਹੁਣ ਸਾਰਿਆਂ ਵਿੱਚ ਪੂਜਣ ਯੋਗ ਅਖਵਾਉਂਦਾ ਹਾਂ ਤੇਰੇ ਨਾਲ ਕਾਮ-ਕ੍ਰੀੜਾ ਕਰਕੇ ਮੈ ਨੀਵੀ ਕੁਲ ਵਿੱਚ ਜਨਮ ਪਾਵਾਂਗਾ। ਇਹ ਸੁਣ ਕੇ ਨੂਪ ਕੌਰ ਨੇ ਕਿਹਾ, “ਕਹਾ ਜਨਮ ਕੀ ਬਾਤ ਜਨਮ ਸਭ ਕਰੇ ਤਿਹਾਰੇ। (33) ਜਨਮ ਦੀ ਕੀ ਗੱਲ ਹੈ ਇਹ ਜਨਮ ਤਾਂ ਤੁਹਾਡੇ ਹੀ ਬਣਾਏ ਹੋਏ ਹਨ। ਤਾਂ ਰਾਜੇ ਨੇ ਕਿਹਾ, ਜੋ ਵੀ ਇਸਤਰੀ ਮੈਨੂੰ ਪੁਜਣ ਯੋਗ ਸਮਝ ਕੇ ਮੇਰੇ ਪਾਸ ਆਉਂਦੀ ਹੈ ਉਹ ਤਾਂ ਮੇਰੀ ਧੀ ਦੇ ਸਮਾਨ ਹੁੰਦੀ ਹੈ।
ਪੂਜ ਜਾਨਿ ਕਰ ਜੋ ਤਰੁਨਿ ਮੁਰਿ ਕੈ ਕਰਤ ਪਯਾਨਾ।
ਤਵਨਿ ਤਰੁਨਿ ਗੁਰ ਤਵਨ ਕੀ ਲਾਗਤ ਸੁਤਾ ਸਮਾਨ। 38।
ਹੁਣ ਰਾਜਾ ਨੂਪ ਕੌਰ ਨੂੰ ਉਹ ਉਪਦੇਸ਼ ਦਿੰਦਾ ਹੈ ਜੋ ਅਨੰਦ ਕਾਰਜ ਵੇਲੇ ਸਟੇਜ ਤੋ ਅੱਡੀਆਂ ਚੁਕ-ਚੁਕ ਕੇ ਅਕਸਰ ਹੀ ਸਾਨੂੰ ਸੁਣਾਇਆ ਜਾਂਦਾ ਹੈ ਕਿ ਮੈ ਜਦੋਂ ਤੋਂ ਹੋਸ਼ ਸੰਭਾਲੀ ਹੈ ਤਦੋਂ ਤੋਂ ਹੀ ਮੈਨੂੰ ਮੇਰੇ ਪਿਤਾ ਨੇ ਇਹ ਸਿਖਿਆ ਦਿੱਤੀ ਹੈ।
ਸੁਧਿ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ। ਪੁਤ ਇਹੈ ਪ੍ਰਨ ਤੋਹਿ ਪ੍ਰਾਨ ਜਬ ਲਗ ਘਟ ਥਾਰੇ।
ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿਤ ਬਢੈਯਹੁ। ਪਰ ਨਾਰੀ ਕੀ ਸੇਜ ਭੂਲਿ ਸੁਪਨੇ ਹੂੰ ਨ ਜੈਯਹੁ ।51।
ਇਥੇ ਫਿਰ ਓਹੀ ਸਵਾਲ ਸਾਹਮਣੇ ਆ ਖਲੋਤਾ ਕਿ ਉਹ ਰਾਜਾ ਕੌਣ ਹੋ ਸਕਦਾ ਹੈ?
ਬਾਲ ਹਮਾਰੇ ਪਾਸ ਦੇਸ ਦੇਸਨ ਤ੍ਰਿਯਾ ਆਵਹਿ।
ਮਨ ਬਾਛਤ ਬਰ ਮਾਗਿ ਜਾਨਿ ਗੁਰ ਸੀਸ ਝੁਕਾਵਹਿ।
ਸਿਖੑਯ ਪੁਤ੍ਰ ਤ੍ਰਿਯਾ ਸੁਤਾ ਜਾਨਿ ਅਪਨੇ ਚਿਤ ਧਰਿਯੈ।
ਹੋ ਕਹੁ ਸੁੰਦਰਿ ਤਿਹ ਸਾਥ ਗਵਨ ਕੈਸੇ ਕਰਿ ਕਰਿਯੈ। 54।
ਰਾਜੇ ਨੇ ਉਸ ਔਰਤ ਨੂੰ ਕਿਹਾ ਕਿ ਹੇ ਬਾਲਾ! ਸਾਡੇ ਕੋਲ ਤਾਂ ਦੇਸ ਦੇਸਾਂਤਰਾਂ ਤੋਂ ਨਾਰੀਆਂ ਆਉਂਦੀਆਂ ਹਨ, ਮਨ ਦੀਆਂ ਮੁਰਾਦਾਂ ਪੁਰੀਆਂ ਕਰ, ਗੂਰੁ ਮੰਨਦੀਆਂ ਹੋਈਆ ਸੀਸ ਝੁਕਾਉਂਦੀਆਂ ਹਨ।ਮੈ ਸਿੱਖਾਂ ਨੂੰ ਆਪਣੇ ਪੁੱਤਰ ਅਤੇ ਇਸਤਰੀਆਂ ਨੂੰ ਆਪਣੀਆ ਧੀਆਂ ਸਮਝਦਾ ਹਾਂ। ਮੈ ਉਨ੍ਹਾਂ ਨਾਲ ਗਵਨ ਕਿਵੇਂ ਕਰ ਸਕਦਾ ਹਾਂ? ਵਾਰ-ਵਾਰ ਇਕ ਹੀ ਸਵਾਲ ਸਾਹਮਣੇ ਆ ਰਿਹਾ ਹੈ ਕਿ ਅਨੰਦਪੁਰ ਵਿਚ ਅਜੇਹਾ ਕਿਹੜਾ ਰਾਜਾ ਸੀ ਜਿਸ ਅੱਗੇ ਲੋਕੀ ਸੀਸ ਝੂਕਾਉਂਦੇ ਸਨ ਅਤੇ ਮੁੰਹ ਮੰਗੀਆਂ ਮੁਰਾਦਾਂ ਪਾਉਂਦੇ ਸਨ? ਜਦੋਂ ਮੈਂ ਇਹ ਸਵਾਲ ਪਿਆਰਾ ਸਿੰਘ ਪਦਮ ਪੁਛਿਆ ਤਾਂ ਉਨ੍ਹਾਂ ਨੇ ਕਿਹਾ, “ ਕੀ ਕੋਈ ਅਨੰਦਪੁਰ ਵਿਚ ਇਸ ਸਮੇਂ ਦਸਮੇਸ਼ ਜੀ ਤੋਂ ਸਿਵਾ ਹੋਰ ਵੀ ਅਜੇਹੀ ਪ੍ਰਸਿੱਧ ਹਸਤੀ ਸੀ ਜਿਸ ਪਾਸ ਇਉਂ ਦੇਸਾਂ ਦੇਸਾਂ ਤੋਂ ਭੇਟਾ ਚੜ੍ਹਦੀਆਂ ਤੇ ਸ਼ਰਧਾਲੂ ਸੁੰਦਰੀਆਂ ਦਰਸ਼ਣਾ ਲਈ ਆਉਂਦੀਆ ਸਨ? ਇਸ ਦਾ ਜਵਾਬ ਹੈ ਨਹੀਂ।” (ਦਸਮ ਗ੍ਰੰਥ ਦਰਸ਼ਨ, ਪੰਨਾ 44)
ਇਹ ਹੈ ਅਖੌਤੀ ਦਸਮ ਗ੍ਰੰਥ ਦੇ ਲੇਖਕ ਦੀ ਕਰਾਮਾਤ! ਬਿਨਾ ਨਾਮ ਲਏ ਅਜੇਹੀ ਕਹਾਣੀ ਲਿਖੀ ਕਿ ਇਹ ਗੁਰੁ ਜੀ ਦੀ ਆਪ ਬੀਤੀ ਹੀ ਬਣ ਜਾਵੇ। ਕਈ ਵਿਦਵਾਨ (ਪਿਆਰਾ ਸਿੰਘ ਪਦਮ, ਭਾਈ ਰਣਧੀਰ ਸਿੰਘ, ਗਿਆਨੀ ਹਰਬੰਸ ਸਿੰਘ, ਪ੍ਰੋ ਰਾਮ ਪ੍ਰਕਾਸ਼ ਸਿੰਘ, ਈਸ਼ਰ ਸਿੰਘ ਨਾਰਾ, ਗਿਆਨੀ ਮਹਾਂ ਸਿੰਘ, ਸਾਬਕਾ ਜਥੇਦਾਰ ਗਿਆਨੀ ਸ਼ਵਿੰਦਰ ਸਿੰਘ) ਇਸ ਨੂੰ ਗੂਰੁ ਜੀ ਦੀ ਆਪ ਬੀਤੀ ਸਮਝ ਬੈਠੇ। “ਇਸ ਤੋ ਅਗਲੀ ਗਵਾਹੀ ਚਰਿਤ੍ਰ 21 ਵਿਚ ਹੈ ਜਿਸ ਦੇ ਨਾਇਕ ਸਾਹਿਬ ਆਪ ਹਨ। ‘ਅਨੂਪ ਕੁਅਰਿ’ ਦੇ ਬੁਹਤ ਜੋਰ ਦੇਣ ਤੇ ਵੀ ਨਾਇਕ ਉਸ ਨਾਲ ਭੋਗ ਕਰਨ ਨੂੰ ਤਿਆਰ ਨਹੀਂ ਹੁੰਦਾ ਅਰ ਉਸ ਨੂੰ ਉਤਰ ਦਿੰਦਾ ਹੈ:-
ਬਾਲ ਹਮਾਰੇ ਪਾਸ ਦੇਸ ਦੇਸਨ ਤ੍ਰਿਯਾ ਆਵਹਿ…। ਹੋ ਕੁਹ ਸੁੰਦਰਿ ਤਿਹ ਸਾਥ ਗਵਨ ਕੈਸੇ ਕਰਿ ਕਰਿਯੈ।
ਇਹ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਤੋਂ ਬਿਨਾਂ ਹੋਰ ਕੌਣ ਲਿਖ ਸਕਦਾ ਹੈ? ਅਜਿਹੇ ਬਚਨ ਪਵਿਤਰ ਆਤਮਾ ਤੋਂ ਬਿਨਾ ਕੋਈ ਕਹਿ ਹੀ ਨਹੀਂ ਸਕਦਾ। ਉਪਰੋਕਤ ਸਾਰੀਆਂ ਦਲੀਲਾਂ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਚਰਿਤ੍ਰਾਂ ਦੇ ਕਰਤਾ ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਹਨ ਜਿਨ੍ਹਾਂ ਨੇ ਇਕ ਵਿਸ਼ੇਸ਼ ਉਦੇਸ਼ ਸਾਹਮਣੇ ਰਖ ਕੇ ਇਨ੍ਹਾਂ ਚਰਿਤ੍ਰਾਂ ਦੀ ਰਚਨਾ ਕੀਤੀ। ( ਗਿਆਨੀ ਹਰਬੰਸ ਸਿੰਘ, ਸ੍ਰੀ ਦਸਮ ਗ੍ਰੰਥ ਦਰਪਣ, ਪੰਨਾ 303,)
“ ਜੇ ਕੋਈ ਕਹੇ ਕਵੀਆਂ ਨੇ ਲਿਖੇ ਨੇ, ਗੁਰੂ ਗੋਬਿੰਦ ਸਿੰਘ ਦਾ ਅਨੂਪ ਕੌਰ ਦਾ ਚਤ੍ਰਿਰ ਕਿੱਦਾ ਆ ਗਿਆ ਉਹਦੇ ਵਿਚ? ਇਸ ਕਰਕੇ ਆਪ ਲਿਖੇ ਨੇ ।… ਗੁਰੂ ਜਾਣੀ ਜਾਣ ਸਨ, ਪਤਾ ਸੀ ਕੀ ਹੈ ਛਲ ਹੈ ਧੋਖਾ ਹੈ, ਸਭ ਕੁੱਝ ਜਾਣਦੇ ਨੇ, ਪਰ ਕਿਉਂਕਿ ਸਾਨੂੰ ਸਮਝਾਉਣ ਲਈ ਕੋਈ ਯਤਨ ਤਾਂ ਕਰਨਾ ਸੀ ਨਾ।… ਇਸ ਲਈ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਉਸ ਨੇ ਜਦੋ ਫੇਰ ਸਾਨੂੰ ਪ੍ਰੇਰਿਆ, ਅਸੀ ਉਸ ਨੂੰ ਮਨ੍ਹਾਂ ਕੀਤਾ, ਉਸ ਨੇ ਅਨੇਕ ਪ੍ਰਕਾਰ ਦੀਆ ਟਾਂਚਾ ਕੀਤੀਆਂ, ਤਾਨ੍ਹੇ ਮਾਰੇ, ਐਸਾ ਵੀ ਲਿਖਿਆ, ਕੇ ਵੱਡਾ ਸੂਰਮਾ ਅਖਵਾਉਨਾ ਜਾਂ ਮੇਰੀ ਲੱਤ ਥੱਲੋ ਲੱਘ ਜਾਹ ਨਹੀਂ ਤੇ ਮੇਰੀ ਗੱਲ ਮੰਨਲਾ। (ਸਾਬਕਾ ਜਥੇਦਾਰ ਗਿਆਨੀ ਸ਼ਵਿੰਦਰ ਸਿੰਘ)
ਹੁਣ ਜਦੋ ਇਸ ਗ੍ਰੰਥ ਦੀ ਅਸਲੀਅਤ ਸੰਗਤਾਂ ਦੇ ਸਾਹਮਣੇ ਆ ਰਹੀ ਹੈ ਤਾਂ ਦਸਮ ਗ੍ਰੰਥ ਦੇ ਹਮਾਇਤੀ ਆਪਣੀ ਅਤੇ ਅਖੌਤੀ ਦਸਮ ਗ੍ਰੰਥ ਦੀ ਹੋਦ ਨੁੰ ਬਚਾਉਣ ਲਈ ਤਰਲੋ-ਮੱਛੀ ਹੋ ਹਰੇ ਹਨ। ਉਨ੍ਹਾਂ ਵਲੋਂ ਇਹ ਯਤਨ ਕੀਤੇ ਜਾ ਰਹੇ ਹਨ ਕਿ ਜੋ ਵੀ ਵਿਦਵਾਨ ਸੰਗਤਾਂ ਨੂੰ ਇਹ ਜਾਣਕਾਰੀ ਦੇਵੇ ਕਿ ਦੋਖੋ ਅਖੌਤੀ ਦਸਮ ਗ੍ਰੰਥ ਵਿਚ ਗੂਰੁ ਜੀ ਬਾਰੇ ਕੀ ਲਿਖਿਆ ਹੋਇਆ ਹੈ ਤਾਂ ਅਕਾਲ ਤਖਤ ਸਾਹਿਬ ਦਾ ਨਾਮ ਵਰਤ ਕੇ ਉਸ ਦੇ ਬੋਲਣ ਤੇ ਹੀ ਪਾਬੰਦੀ ਲਗਾ ਦਿੱਤੀ ਜਾਵੇ। ਖਾਲਸਾ ਜੀ ਜਾਗੋ!




.