ੴ ਸਤਿ ਗੁਰ
ਪ੍ਰਸਾਦਿ
ਨਾਮ, ਕੀਰਤਨ, ਸਿਮਰਨ ਅਤੇ ਜਪ
(ਕਿਸ਼ਤ ਨੰ: 02)
ਕੀਰਤਨ
ਕੀਰਤਨ ਲਫ਼ਜ਼, ਕੀਰਤਿ (ਵਡਿਆਈ) ਤੋਂ
ਬਣਿਆ ਹੈ, ਜਿਸ ਦਾ ਗੁਰਮੁਖੀ ਲਫਜ਼ ਹੈ ਕੀਰਤੀ ਅਰਥ ਹੈ ਵਡਿਆਈ। ਕੀਰਤਨ ਕਰਨ ਦਾ ਅਰਥ ਹੈ ਵਡਿਆਈ
ਕਰਨੀ। ਵਡਿਆਈ ਕਰਨ ਵਾਲੇ ਨੂੰ ਕੀਰਤਨੀਆ ਕਿਹਾ ਜਾਂਦਾ ਹੈ। ਵਡਿਆਈ ਗੁਣਾਂ ਤੇ ਅਧਾਰਿਤ ਹੁੰਦੀ ਹੈ।
ਸੋ ਕਿਸੇ ਦੀ ਵੀ ਵਡਿਆਈ ਕਰਨ ਤੋਂ ਪਹਿਲਾਂ, ਉਸ ਦੇ ਗੁਣਾਂ ਦੀ ਸੋਝੀ ਹੋਣੀ ਬਹੁਤ ਜ਼ਰੂਰੀ ਹੈ।
ਗੁਣਾਂ ਨੂੰ ਜਾਣੇ ਬਗੈਰ ਕੀਤੀ ਵਡਿਆਈ, ਕੀਰਤਨ ਨਹੀਂ, ਚਾਪਲੂਸੀ ਹੈ। ਅਕਾਲ ਪੁਰਖ ਦੀ ਵਡਿਆਈ,
ਕੀਰਤਨ, ਵਾਹਿਗੁਰੂ ਬਾਰੇ ਸ਼ਬਦ ਵਿਚਾਰ ਨਾਲ, ਉਸ ਦੇ ਗੁਣਾਂ, ਉਸ ਦੇ ਨਾਮ, ਉਸ ਦੇ ਹੁਕਮ ਬਾਰੇ ਸੋਝੀ
ਹੋਣ ਮਗਰੋਂ ਹੀ ਸ਼ੁਰੂ ਹੁੰਦੀ ਹੈ। ਜਿਵੇਂ
ਹਰਿ ਕੀਰਤਿ ਉਤਮ ਨਾਮੁ ਹੈ ਵਿਚਿ ਕਲਜੁਗ ਕਰਣੀ ਸਾਰੁ॥
ਮਤਿ ਗੁਰਮਤਿ ਕੀਰਤਿ ਪਾਈਐ ਹਰਿ ਨਾਮਾ ਹਰਿ ਉਰਿ ਹਾਰੁ॥
ਵਡਭਾਗੀ ਜਿਨ ਹਰਿ ਧਿਆਇਆ ਤਿਨ ਸਉਪਿਆ ਹਰਿ ਭੰਡਾਰੁ॥
ਬਿਨੁ ਨਾਵੈ ਜਿ ਕਰਮ ਕਮਾਵਣੇ ਨਿਤ ਹਉਮੈ ਹੋਇ ਖੁਆਰੁ॥
ਜਲਿ ਹਸਤੀ ਮਲਿ ਨਾਵਾਲੀਐ ਸਿਰਿ ਭੀ ਫਿਰਿ ਪਾਵੈ ਛਾਰੁ॥
ਹਰਿ ਮੇਲਹੁ ਸਤਿਗੁਰ ਦਇਆ ਕਰਿ ਮਨਿ ਵਸੈ ਏਕੰਕਾਰੁ॥
ਜਿਨ ਗੁਰਮੁਖਿ ਸੁਣਿ ਹਰਿ ਮੰਨਿਆ ਜਨ ਨਾਨਕ ਤਿਨ ਜੈਕਾਰੁ॥ (੧੩੧੪)
ਅਰਥਾਤ,
ਕਲਜੁਗ ਵਿੱਚ ਸ੍ਰੇਸ਼ਟ ਕਰਨੀ ਇਹ ਹੈ ਕਿ ਬੰਦਾ ਹਰੀ ਦੀ ਉਤਮ ਵਡਿਆਈ ਕਰੇ ਅਤੇ ਹਰੀ ਦੀ ਉਤਮ ਵਡਿਆਈ,
ਉਸ ਦਾ ਉਤਮ ਨਾਮ ਹੀ ਹੈ, ਉਸ ਦੀ ਰਜ਼ਾ ਵਿੱਚ ਚਲਣਾ ਹੀ ਹੈ।
ਇਹ ਵਡਿਆਈ, ਗੁਰ (ਸ਼ਬਦ) ਦੀ ਵਿਚਾਰ ਨਾਲ ਪਰਾਪਤ ਹੋਈ ਮੱਤ ਆਸਰੇ ਹੀ ਜਾਣੀ ਜਾਂਦੀ ਹੈ, ਉਸ ਵਡਿਆਈ
ਨੂੰ ਮਨ ਵਿੱਚ ਇਵੇਂ ਧਾਰਨ ਕਰਨਾ ਚਾਹੀਦਾ ਹੈ, ਜਿਵੇਂ ਗਲ ਵਿੱਚ ਹਾਰ ਪਾਈਦਾ ਹੈ। ਗਲ ਵਿੱਚ ਪਾਇਆ
ਹਾਰ, ਆਪ ਲਾਹਿਆਂ ਹੀ ਲੱਥਦਾ ਹੈ, ਅਪਣੇ ਆਪ ਨਹੀਂ ਲੱਥਦਾ।
ਵਡੇ ਭਾਗਾਂ ਵਾਲੇ ਹਨ ਉਹ ਲੋਕ, ਜਿਨ੍ਹਾਂ ਹਰੀ ਨੂੰ ਹਰ ਵੇਲੇ ਧਿਆਨ ਵਿੱਚ ਰੱਖਿਆ ਹੈ, ਯਾਦ ਰੱਖਿਆ
ਹੈ। ਉਨ੍ਹਾਂ ਨੂੰ ਗੁਰੂ ਨੇ ਨਾਮ ਦਾ ਖਜ਼ਾਨਾ ਬਖਸ਼ ਦਿੱਤਾ ਹੈ।
ਹਰੀ ਦਾ ਨਾਮ ਸਿਮਰੇ ਬਗੈਰ, ਹਰੀ ਦੇ ਹੁਕਮ ਵਿੱਚ ਚਲੇ ਬਗੈਰ, ਕੀਤੇ ਸਾਰੇ ਕਰਮ, ਹਮੇਸ਼ਾ ਹਉਮੈ ਦਾ
ਕਾਰਨ ਬਣਦੇ ਹਨ, ਜਿਨ੍ਹਾਂ ਕਾਰਨ ਬੰਦਾ ਹਮੇਸ਼ਾ ਖੁਆਰ ਹੁੰਦਾ ਹੈ।
ਇਹ ਕਰਮ ਇਵੇਂ ਹੀ ਹਨ, ਜਿਵੇਂ ਕਿਸੇ ਹਾਥੀ ਨੂੰ ਮਲ ਮਲ ਕੇ ਪਾਣੀ ਨਾਲ ਇਸ਼ਨਾਨ ਕਰਵਾਈਏ, ਉਹ ਮੌਕਾ
ਮਿਲਦੇ ਹੀ ਅਪਣੇ ਸਿਰ ਵਿੱਚ ਸੁਆਹ ਪਾ ਲੈਂਦਾ ਹੈ।
ਹੇ ਸ਼ਬਦ ਗੁਰੂ ਮੇਰੇ ਤੇ ਦਇਆ ਕਰ ਕੇ ਮੈਨੂੰ ਹਰੀ ਨਾਲ ਮੇਲ ਦੇਉ, ਤਾਂ ਜੋ ਮੇਰੇ ਮਨ ਵਿੱਚ ਉਹ ਵੱਸ
ਜਾਵੇ, ਜੋ ਮੂਲ ਰੂਪ ਵਿੱਚ ਇਕੋ ਇੱਕ ਹੈ ਅਤੇ ਇਹ ਸਾਰਾ ਦਿਸਦਾ ਪਸਾਰਾ, ਉਸ ਦਾ ਅਪਣਾ ਹੀ ਆਕਾਰ ਹੈ,
ਉਸ ਦਾ ਅਪਣਾ ਹੀ ਰੂਪ ਹੈ।
ਹੇ ਨਾਨਕ, ਜਿਨ੍ਹਾਂ ਬੰਦਿਆਂ ਨੇ ਸ਼ਬਦ ਗੁਰੂ ਦਾ ਉਪਦੇਸ਼ ਸੁਣ ਕੇ, ਉਸ ਅਨੁਸਾਰ ਹੀ ਹਰੀ ਨੂੰ ਮੰਨਿਆ
ਹੈ, ਉਸ ਦੀ ਰਜ਼ਾ ਵਿੱਚ ਚਲੇ ਹਨ, ਉਨ੍ਹਾਂ ਦੀ ਹਰ ਵੇਲੇ ਜੈ ਜੈ ਕਾਰ ਹੁੰਦੀ ਹੈ।
ਸਵਾਲ ਪੈਦਾ ਹੁੰਦਾ ਹੈ ਕਿ ਸ਼ਬਦ ਗੁਰੂ ਦੀ ਕਿਹੜੀ ਵਿਚਾਰ ਨੂੰ, ਉਤਮ ਮੰਨਿਆ ਜਾ ਸਕਦਾ ਹੈ? ਹਰ
ਬੰਦਾ, ਹਰ (ਅਖੌਤੀ) ਸੰਤ, ਹਰ ਉਹ ਬੰਦਾ, ਜੋ ਅਪਣੇ ਆਪ ਨੂੰ ਬ੍ਰਹਮ ਗਿਆਨੀ ਅਖਵਾਉਂਦਾ ਹੈ, ਹਰ
ਡੇਰੇਦਾਰ, ਹਰ ਟਕਸਾਲੀਆ, ਅਪਣੇ ਢੰਗ ਨਾਲ ਹੀ ਸ਼ਬਦ ਦੀ ਵਿਚਾਰ, ਸਿੱਖਾਂ ਸਾਮ੍ਹਣੇ ਪੇਸ਼ ਕਰਦਾ ਹੈ।
ਨਤੀਜਾ ਇਹ ਹੈ ਕਿ ਹਰ ਉਸ ਥਾਂ, ਜਿਥੋਂ ਸਿੱਖੀ ਦਾ ਪਰਚਾਰ ਹੁੰਦਾ ਪਰਚਾਰਿਆ ਜਾਂਦਾ ਹੈ, ਤੇ ੯੦ %
ਤੋਂ ਵੱਧ ਉਹ ਕਰਮ ਹੁੰਦੇ ਹਨ, ਜਿਨ੍ਹਾਂ ਤੋਂ ਗੁਰਬਾਣੀ ਵਰਜਦੀ ਹੈ। ਜਿਵੇਂ ਗੁਰਬਾਣੀ ਕਹਿੰਦੀ ਹੈ,
ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ॥ ਅਰਥਾਤ,
ਜੇ ਬੰਦਾ ਲੱਖਾਂ ਢੰਗਾਂ ਨਾਲ ਵੀ ਇਹ ਕੋਸ਼ਿਸ਼ ਕਰੇ ਕਿ ਸਰੀਰਕ ਸੁਚਮ ਲਈ ਵਰਤੇ ਜਾਂਦੇ ਢੰਗ ਵਰਤ ਕੇ,
ਮਨ ਦੀ ਸੁਚਮ ਹੋ ਜਾਵੇ ਤਾਂ ਇਹ ਸੰਭਵ ਨਹੀਂ। ਇਸ ਨੂੰ ਹੋਰ ਵਿਸਤਾਰ ਨਾਲ ਇਵੇਂ ਸਮਝਾਇਆ ਹੈ,
ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨਾ ਹੋਇ॥
ਇਹ ਜਗਤੁ ਭਰਮਿ ਭਲਾਇਆ ਵਿਰਲਾ ਬੂਝੈ ਕੋਇ॥ (੫੫੮)
ਹੇ ਭਾਈ, ਇਹ ਸਾਰਾ ਸੰਸਾਰ, ਭਰਮ ਭੁਲੇਖਿਆਂ ਵਿੱਚ ਫਸਿਆ, ਕਿ ਸਰੀਰਕ ਕੰਮਾਂ ਨਾਲ, ਆਤਮਕ ਲਾਭ ਹੋ
ਜਾਂਦਾ ਹੈ, ਸਰੀਰਕ ਕਰਮ ਕਾਂਡ ਕਰੀ ਜਾਂਦਾ ਹੈ। ਕੋਈ ਵਿਰਲਾ ਹੀ ਇਸ ਗੱਲ ਨੂੰ ਸਮਝਦਾ ਹੈ ਕਿ ਤਨ ਦੇ
ਸਾਫ ਕਰਨ ਨਾਲ ਮਨ ਸਾਫ ਨਹੀਂ ਹੁੰਦਾ, ਅਤੇ ਮਨ ਮੈਲਾ ਹੋਣ ਨਾਲ, ਮਨ ਵਿੱਚ ਵਿਕਾਰ ਹੋਣ ਕਾਰਨ, ਸਰੀਰ
ਨਾਲ ਕੀਤੇ ਸਾਰੇ ਕਰਮ, ਵਿਕਾਰ ਭਰਪੂਰ ਹੁੰਦੇ ਹਨ।
ਮਨ ਨੂੰ ਸਾਫ ਕਰਨ ਦੀ ਵਿਧੀ ਗੁਰੂ ਸਾਹਿਬ ਨੇ ਇਵੇਂ ਦੱਸੀ ਹੈ,
ਭਰੀਐ ਹਥੁ ਪੈਰੁ ਤਨੁ ਦੇਹ॥ ਪਾਣੀ ਧੋਤੈ ਉਤਰਸੁ ਖੇਹ॥
ਮੂਤ ਪਲੀਤੀ ਕਪੜੁ ਹੋਇ॥ ਦੇ ਸਾਬੂਣੁ ਲਈਐ ਓਹੁ ਧੋਇ॥
ਭਰੀਐ ਮਤਿ ਪਾਪਾ ਕੈ ਸੰਗਿ॥ ਓਹੁ ਧੋਪੈ ਨਾਵੈ ਕੈ ਰੰਗਿ॥ (੪)
ਜੇ ਬੰਦੇ ਦੇ ਹੱਥ, ਪੈਰ, ਸਰੀਰ ਆਦਿ, ਮਿੱਟੀ ਨਾਲ ਭਰੇ ਹੋਏ ਹੋਣ, ਤਾਂ ਪਾਣੀ ਨਾਲ
ਧੋਤਿਆਂ, (ਭਾਵੇਂ ਉਹ ਪਾਣੀ ਕਸੇ ਨਦੀ, ਦਰਿਆ, ਸਮੁੰਦਰ, ਕਿਸੇ ਝਰਨੇ, ਖੂਹ, ਨਲਕੇ, ਬੋਰਿੰਗ ਜਾਂ
ਕਿਸੇ ਤਾਲਾਬ ਦਾ ਹੀ ਹੋਵੈ) ਉਹ ਮਿੱਟੀ ਸਾਫ ਹੋ ਜਾਂਦੀ ਹੈ। ਜੇ ਬੰਦੇ ਦੇ ਕਪੜੇ ਪਿਸ਼ਾਬ ਆਦਿ ਨਾਲ
ਗੰਦੇ ਹੋ ਜਾਣ ਤਾਂ ਉਹ ਕਪੜੇ ਸਾਬਣ ਦੀ ਵਰਤੋਂ ਨਾਲ ਸਾਫ ਹੋ ਜਾਂਦੇ ਹਨ। ਜੇ ਬੰਦੇ ਦੀ ਮੱਤ ਵਿਚ,
ਮਨ ਵਿੱਚ ਵਿਕਾਰਾਂ ਦੀ ਮੈਲ ਹੋਵੇ ਤਾਂ ਉਸ ਦਾ ਮਨ, ਪ੍ਰਭੂ ਦੇ ਨਾਮ, ਉਸ ਦੀ ਰਜ਼ਾ ਵਿੱਚ ਰੰਗ ਹੋ
ਕੇ, ਉਸ ਦੀ ਰਜ਼ਾ ਵਿਚ, ਉਸ ਦੇ ਹੁਕਮ ਵਿੱਚ ਚੱਲਣ ਨਾਲ ਹੀ ਸਾਫ ਹੁੰਦਾ ਹੈ।
ਏਨਾ ਹੋਣ ਤੇ ਵੀ ੮੦ % ਤੋਂ ਵੱਧ ਬੰਦਿਆਂ ਦੇ ਦਿਮਾਗ ਵਿਚ, ਸੋਚੈ ਸੋਚ ਨ ਹੋਵਈ, ਦਾ ਅਰਥ ਹੈ, ਸੋਚਣ
ਨਾਲ ਕੁੱਝ ਨਹੀਂ ਹੁੰਦਾ, ਭਾਵੇਂ ਲੱਖਾਂ ਵਾਰੀ ਸੋਚੀ ਜਾਵੋ। ਕਿਉਂ?
ਸਿਰਫ ਸ਼ਬਦ ਦੀ ਗਲਤ ਵਿਆਖਿਆ ਆਸਰੇ, (ਕਿਉਂਕਿ ਪੁਜਾਰੀ ਜਮਾਤ ਚਾਹੁੰਦੀ ਹੈ ਕਿ ਸਿੱਖ, ਸੋਚਣ ਦੀ
ਕਿਰਿਆ ਤੋਂ ਦੂਰ ਹੋਕੇ ਅੰਧ ਵਿਸ਼ਵਾਸੀ ਬਣਨ) ਗੁਰਬਾਣੀ ਇਸ ਨੂੰ ਹੋਰ ਵਿਸਤਾਰ ਨਾਲ ਸਮਝਾਉਂਦੀ ਹੈ,
ਸੋਚ ਕਰੈ ਦਿਨਸੁ ਅਰੁ ਰਾਤਿ॥ ਮਨ ਕੀ ਮੈਲੁ ਨ ਤਨ ਤੇ ਜਾਤਿ॥ (੨੬੫)
ਬੰਦਾ ਦਿਨ ਰਾਤ ਸਰੀਰਕ ਸੁਚਮ ਦੇ ਕੰਮ ਕਰਦਾ ਰਹੇ, ਪਰ ਮਨ ਦੀ ਮੈਲ, ਸਰੀਰ ਦੀ ਸਫਾਈ ਨਾਲ
ਦੂਰ ਨਹੀਂ ਹੁੰਦੀ।
ਗੁਰੂ ਸਾਹਿਬ ਹਰ ਕੰਮ, ਅਕਲ ਦੀ ਕਸਵੱਟੀ ਤੇ ਪਰਖ ਕੇ ਕਰਨ ਲਈ ਕਹਿੰਦੇ ਹਨ। ਇਹ ਵੀ ਤਾੜਨਾ ਕਰਦੇ ਹਨ
ਕਿ ਅਕਲ ਦੀ ਪਰਖ ਦੇ ਅਧਾਰ ਤੇ ਕੰਮ ਕਰਨੇ ਹੀ ਠੀਕ ਰਸਤਾ ਹੈ। ਅਕਲ ਦੀ ਪਰਖ ਤੋਂ ਬਗੈਰ ਕੀਤੇ ਸਾਰੇ
ਕੰਮ, ਸ਼ੈਤਾਨਾਂ ਦੇ ਕੰਮ ਹਨ।
ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ॥
ਅਕਲੀ ਪੜਿੑ ਕੈ ਬੁਝੀਐ ਅਕਲੀ ਕੀਚੈ ਦਾਨੁ॥
ਨਾਨਕ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ॥ (੧੨੪੫)
ਏਨਾ ਕੁੱਝ ਹੋਣ ਤੇ ਵੀ ਸ਼ਬਦ ਦੇ ਗਲਤ ਅਰਥ ਕਰਨ ਸਦਕੇ, ਸਿੱਖੀ ਵਿੱਚ ਡੇਰਿਆਂ, ਟਕਸਾਲਾਂ,
ਗੁਰਦਵਾਰਿਆਂ ਦੇ ਸਰੋਵਰਾਂ ਦੇ ਇਸ਼ਨਾਨ, ਖਾਸ ਕਰ ਕੇ ਮੱਸਿਆ ਵਾਲੇ ਦਿਨ। ਖਾਸ ਖਾਸ ਦਿਨਾਂ ਤੇ, ਖਾਸ
ਖਾਸ ਤੀਰਥਾਂ ਦੇ ਇਸ਼ਨਾਨ ਬੜੇ ਪੁੰਨ ਦੇ ਰੂਪ ਵਿੱਚ ਪਰਚਲਤ ਹਨ। ਕੀ ਇਹ ਸਾਰਾ ਕੁੱਝ ਗੁਰੂ ਗ੍ਰੰਥ
ਸਾਹਿਬ ਜੀ ਦੀ ਸਿਖਿਆ ਅਨੁਸਾਰ ਹੈ?
ਇਵੇਂ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਸੇਧ ਹੈ,
ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ॥ (੧)
ਚੁਪ ਧਾਰਨ ਕਰਨ ਨਾਲ, ਚੁਪ ਧਾਰ ਕੇ ਇੱਕ ਟਕ ਧਿਆਨ ਜਮਾਉਣ ਨਾਲ ਵੀ ਮਨ ਚੁਪ ਨਹੀਂ ਹੁੰਦਾ,
ਉਸ ਦੀ ਭਟਕਣਾ ਨਹੀਂ ਮੁਕਦੀ। ਯਾਨੀ ਗੁਰਮਤ ਵਿੱਚ ਵੇਹਲਿਆਂ ਬੈਠ ਕੇ, ਇਕਾਂਤ ਵਿੱਚ ਬੈਠ ਕੇ,
ਭੋਰਿਆਂ ਵਿੱਚ ਵੜ ਕੇ, ਧਿਆਨ ਟਿਕਾਉਣ ਨੂੰ ਮਨ ਦੀ ਭਟਕਣਾ ਰੋਕਣ ਦਾ ਸਾਧਨ ਨਹੀਂ ਮੰਨਿਆ। ਪਤਾ
ਨਹੀਂ ਗੁਰਬਾਣੀ ਦੀ ਕਿਹੜੀ ਤੁਕ ਦੀ ਵਿਆਖਿਆ ਅਨੁਸਾਰ, ਗੁਰੂ ਤੇਗ ਬਹਾਦਰ ਜੀ ਨੂੰ ੨੭ ਸਾਲ ਤੋਂ
ਉਪਰ, ਭੋਰੇ ਵਿੱਚ ਵੜ ਕੇ, ਇਕਾਂਤ ਵਿੱਚ ਤਪੱਸਿਆ ਕਰਦੇ ਪਰਚਾਰਿਆ ਜਾਂਦਾ ਹੈ? ਇਸੇ ਅਧਾਰ ਤੇ ਸੰਤਾਂ
ਦੇ ਸਭ ਡੇਰਿਆਂ ਵਿਚਲੇ ਭੋਰੇ (ਵਿਭਚਾਰ ਦੇ ਅੱਡੇ) ਨੂੰ ਤਪ ਅਸਥਾਨ ਬਣਾ ਦਿੱਤਾ ਹੈ।
ਗੁਰਦਵਾਰਿਆਂ ਵਿੱਚ ਪਰਚਾਰਿਆ ਜਾਂਦਾ ਹੈ, ਅਤੇ ੯੦ % ਤੋਂ ਵੱਧ ਸਿੱਖ ਮੰਨਦੇ ਹਨ ਕਿ ਭਗਤ ਧੰਨਾ ਜੀ
ਨੇ ਪੱਥਰ ਵਿਚੋਂ ਰੱਬ ਲੱਭਾ ਸੀ। ਜਦ ਕਿ ਭਗਤ ਧੰਨਾ ਜੀ ਅਪਣੇ ਬਾਰੇ ਲਿਖਦੇ ਹਨ,
ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ॥ (੪੮੭)
ਮੈਨੂੰ ਧੰਨੇ ਨੂੰ, ਸੰਤਾਂ ਦੀ, ਸਤਸੰਗੀਆਂ ਦੀ ਸੰਗਤ ਵਿਚੋਂ ਧਰਣੀਧਰ, ਪਰਮਾਤਮਾ ਲੱਭਾ ਹੈ,
ਅਤੇ ਮੈਂ ਉਸ ਵਿੱਚ ਹੀ ਲੀਨ ਹੋ ਗਿਆ ਹਾਂ।
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੰਜਵੇਂ ਨਾਨਕ, ਭਗਤ ਧੰਨਾ ਜੀ ਬਾਰੇ, ਇਵੇਂ ਲਿਖਦੇ ਹਨ,
ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ॥
ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ॥ ੧॥ ਰਹਾਉ॥
ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ॥
ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ॥ ੧॥
ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ॥
ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ॥ ੨॥
ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ॥
ਹਿਰਦੇ ਵਸਿਆ ਪਾਰਬ੍ਰਹਮ ਭਗਤਾ ਮਹਿ ਗਨਿਆ॥ ੩॥
ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ॥
ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ॥ ੪॥ (੪੮੮)
ਅਰਥਾਤ ਭਗਤ ਨਾਮਦੇਉ ਜੀ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ ਅਤੇ ਭਗਤ ਸੈਨ ਜੀ ਨੇ ਪਰਮਾਤਮਾ ਦੀ
ਭਗਤੀ ਕਰ ਕੇ, ਉਸ ਨਾਲ ਸਾਂਝ ਪਾ ਕੇ ਇਜ਼ਤ ਵਾਲੀ ਥਾਂ ਹਾਸਲ ਕੀਤੀ। ਭਗਤਾਂ ਦਾ ਇਹ ਤਰੀਕਾ ਸੁਣ ਕੇ
ਧੰਨਾ ਜੱਟ ਵੀ ਭਗਤੀ ਕਰਨ ਲਗ ਪਿਆ, ਅਤੇ ਉਹ ਭਾਗਾਂ ਵਾਲਾ ਸੀ, ਉਸ ਨੂੰ ਅਪਣੇ ਹਿਰਦੇ ਵਿੱਚ ਵਸਦੇ
ਕਰਤਾਰ ਦਾ ਸਾਕਸ਼ਾਤ ਅਨੁਭਵ ਹੋਇਆ।
ਸਵਾਲ ਪੈਦਾ ਹੁੰਦਾ ਹੈ ਕਿ ਗੁਰਦਵਾਰਿਆਂ ਵਿੱਚ ਪਰਚਾਰਿਆ ਜਾਂਦਾ ਅਤੇ ੯੦ % ਸਿੱਖਾਂ ਵਲੋਂ ਮੰਨਿਆ
ਜਾਂਦਾ ਕਿ ਭਗਤ ਧੰਨਾ ਜੀ ਨੇ ਪੱਥਰ ਵਿਚੋਂ ਰੱਬ ਪਾਇਆ ਸੀ, ਠੀਕ ਹੈ? ਜਾਂ ਗੁਰੂ ਗ੍ਰੰਥ ਸਾਹਿਬ
ਵਿੱਚ ਲਿਖਿਆ ਠੀਕ ਹੈ? (ਗੁਰੂ ਗ੍ਰੰਥ ਸਾਹਿਬ ਵਿੱਚ ਲਿਖੇ ਦੇ ਗਲਤ ਹੋਣ ਦਾ ਸਵਾਲ ਹੀ ਪੈਦਾ ਨਹੀਂ
ਹੁੰਦਾ) ਇਹ ਗੱਲ ਕਿਉਂ ਪੈਦਾ ਹੋਈ?
ਇਹ ਸਿੱਖੀ ਤੇ ਬ੍ਰਾਹਮਣ ਵਾਦ ਦੀ ਪਕੜ ਦਾ ਪਰਤੱਖ ਸਬੂਤ ਹੈ। ਇਹ ਇਸ ਚੀਜ਼ ਦਾ ਪਰਤੱਖ ਸਬੂਤ ਹੈ ਕਿ
ਕਿਵੇਂ, ਪੁਜਾਰੀਆਂ ਦੇ ਪ੍ਰਭਾਵ ਅਧੀਨ ਸਿੱਖਾਂ ਨੇ, ਅਕਲ ਦੀ ਵਰਤੋਂ ਛੱਡ ਕੇ, ਪੁਜਾਰੀਆਂ ਤੇ ਅੰਨੀ
ਸ਼ਰਧਾ ਬਣਾ ਲਈ ਹੈ। ਇਸ ਤੋਂ ਖਹਿੜਾ ਛੁਡਾਉਂਦੇ, ਅਸੀਂ ਅਕਲ ਦੀ ਵਰਤੋਂ ਨਾਲ, ਸ਼ਬਦ ਦੇ ਸਹੀ ਅਰਥ,
ਸਹੀ ਵਿਚਾਰ ਕਿਵੈਂ ਜਾਣੀਏ? ਆਉ ਵਿਚਾਰੀਏ,
ਗੁਰੂ ਸਾਹਿਬ ਸੇਧ ਦਿੰਦੇ ਹਨ,
ਹਰਿ ਹਰਿ ਅੰਮ੍ਰਿਤੁ ਨਾਮ ਰਸੁ ਹਰਿ ਅੰਮ੍ਰਿਤੁ ਹਰਿ ਉਰ ਧਾਰਿ॥
ਵਿਚਿ ਸੰਗਤਿ ਹਰਿ ਪ੍ਰਭੁ ਵਰਤਦਾ ਬੁਝਹੁ ਸਬਦ ਵੀਚਾਰਿ॥
ਮਨਿ ਹਰਿ ਹਰਿ ਨਾਮੁ ਧਿਆਇਆ ਬਿਖੁ ਹਉਮੈ ਕਢੀ ਮਾਰਿ॥ (੧੩੧੪)
ਹੇ ਭਾਈ, ਕਰਤਾਰ ਦਾ ਨਾਮ ਹੀ ਅੰਮ੍ਰਿਤ ਹੈ, ਇਹੀ ਸਦੀਵੀ ਜ਼ਿੰਦਗੀ ਦੇਣ ਵਾਲਾ ਰਸ ਹੈ, ਤੂੰ ਇਸ
ਅੰਮ੍ਰਿਤ ਨੂੰ ਅਪਣੇ ਹਿਰਦੇ ਵਿੱਚ ਸਾਂਭ ਕੇ ਰੱਖ। ਇਹ ਹਰੀ ਰੂਪੀ ਅੰਮ੍ਰਿਤ ਸੰਗਤ ਵਿੱਚ ਵਰਤਦਾ ਹੈ,
ਜਿਸ ਨੂੰ ਸ਼ਬਦ ਵਿਚਾਰ ਨਾਲ ਜਾਣਿਆ, ਬੁਝਿਆ ਜਾ ਸਕਦਾ ਹੈ। ਜਿਸ ਮਨੁੱਖ ਨੇ ਮਨ ਵਿੱਚ ਪਰਮਾਤਮਾ ਦਾ
ਨਾਮ ਸਿਮਰਨਾ ਸ਼ੁਰੂ ਕਰ ਦਿੱਤਾ, ਉਸ ਨੇ ਮਨ ਵਿਚੋਂ ਹਉਮੈ ਰੂਪੀ ਜ਼ਹਰ, ਮਾਰ ਕੇ ਬਾਹਰ ਕੱਢ ਦਿੱਤੀ।
ਸੋ ਸ਼ਬਦ ਦਾ ਉਹ ਵਿਚਾਰ ਜਿਸ ਆਸਰੇ, ਬੰਦਾ ਪ੍ਰਭੂ ਦਾ ਨਾਮ ਧਿਆਉਂਦਿਆਂ, ਅਪਣੇ ਮਨ ਵਿਚੋਂ ਹਉਮੈ ਦੀ
ਜ਼ਹਰ ਖਤਮ ਕਰ ਲੈਂਦਾ ਹੈ, ਉਹੀ ਸ਼ਬਦ ਨੂੰ ਸਮਝਣ ਦਾ ਸਹੀ ਢੰਗ ਹੈ। ਜਿਸ ਸ਼ਬਦ ਵਿਚਾਰ ਆਸਰੇ ਮਨ ਵਿਚੋਂ
ਹਉਮੈ ਖਤਮ ਨਾ ਹੋਵੇ, ਉਹ ਵਿਚਾਰ ਗਲਤ ਲੀਹਾਂ ਤੇ ਚਲ ਰਿਹਾ ਹੈ। ਜਿਸ ਵਿਚਾਰ ਆਸਰੇ, ਬੰਦੇ ਨੂੰ
ਕਰਤਾਰ ਦੇ ਗੁਣਾਂ ਦੀ ਸੋਝੀ ਹੋ ਕੇ, ਅਪਣੇ ਨਿਰਗੁਣ ਹੋਣ ਦਾ ਗਿਆਨ ਹੋਵੈ, ਉਹੀ ਵਿਚਾਰ ਸਹੀ ਲੀਹਾਂ
ਤੇ ਹੋ ਰਿਹਾ ਜਾਣੋ। ਅਜਿਹੇ ਵਿਚਾਰ ਆਸਰੇ ਹੀ ਬੰਦੇ ਨੂੰ, ਅਪਣੀ ਅਸਮਰਥਾ ਦਾ ਗਿਆਨ ਹੋ ਕੇ, ਮਨ
ਵਿਚੋਂ ਹਉਮੈ ਦੂਰ ਹੁੰਦੀ ਹੈ।
ਇਹ ਹਉਮੈ ਮਾਰਨੀ ਕਿਉਂ ਜ਼ਰੂਰੀ ਹੈ?
ਗੁਰ ਫੁਰਮਾਨ ਹੈ,
ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇੱਕ ਠਾਇ॥ (੫੬੦)
ਹਉਮੈ ਅਤੇ ਪ੍ਰਭੂ ਦਾ ਨਾਮ, ਪ੍ਰਭੂ ਦਾ ਹੁਕਮ, ਦੋ ਵਿਰੋਧੀ ਚੀਜ਼ਾਂ ਹਨ। ਮਨ ਦੇ ਵਿੱਚ
ਦੋਵੇਂ ਇਕੱਠੀਆਂ ਨਹੀਂ ਰਹਿ ਸਕਦੀਆਂ।
ਜੇ ਬੰਦੇ ਦੇ ਮਨ ਵਿੱਚ ਹਉਮੈ ਹੈ ਤਾਂ ਉਹ ਪ੍ਰਭੂ ਦਾ ਹੁਕਮ ਨਹੀਂ ਮੰਨੇਗਾ। ਜੇ ਬੰਦੇ ਦਾ ਮਨ
ਵਾਹਿਗੁਰੂ ਦੀ ਰਜ਼ਾ ਵਿੱਚ ਚਲੇਗਾ, ਅਕਾਲ ਦਾ ਹੁਕਮ ਮੰਨੇਗਾ, ਤਾਂ ਉਸ ਵਿੱਚ ਹਉਮੈ ਨਹੀਂ ਹੋ ਸਕਦੀ।
ਜੇ ਕਰਤਾਰ ਨਾਲ ਜੁੜਨਾ ਹੈ ਤਾਂ ਮਨ ਵਿਚੋਂ ਹਉਮੈ ਦੂਰ ਕਰਨੀ ਹੀ ਪਵੇਗੀ। ਹਉਮੈ ਦੂਰ ਕਰਨ ਦਾ ਇਕੋ
ਤਰੀਕਾ ਹੈ, ਗੁਰ ਸ਼ਬਦ ਦੀ ਵਿਚਾਰ।
ਇਸ ਤਰ੍ਹਾਂ ਕੀਰਤੀ, ਕੀਰਤਨ ਤਾਂ ਹੀ ਹੋ ਸਕਦਾ ਹੈ, ਜੇ ਰਾਮ ਦੇ ਗੁਣਾਂ ਦੀ ਸੋਝੀ ਹੋਵੇ। ਇਸ ਸੋਝੀ
ਮਗਰੋਂ ਕੀਤੀ ਵਡਿਆਈ ਹੀ ਸਿਮਰਨ ਦੀ ਪਹਿਲੀ ਪੌੜੀ ਹੈ।
ਇਥੇ ਇੱਕ ਚੀਜ਼ ਜ਼ਰੂਰੀ ਸਮਝਣ ਦੀ ਹੈ ਕਿ ਕੀਰਤੀ, ਵਡਿਆਈ ਪ੍ਰਭੂ ਦੇ ਗੁਣਾਂ ਨੂੰ ਸਮਝ ਕੇ ਪਰਮਾਤਮਾ
ਦੀ ਕੀਤੀ ਜਾਂਦੀ ਹੈ। ਸ਼ਬਦ ਗੁਰੂ ਦੇ ਗੁਣਾਂ ਨੂੰ ਸਮਝ ਕੇ, ਸ਼ਬਦ ਗੁਰੂ ਦੀ ਕੀਤੀ ਜਾਂਦੀ ਹੈ। ਨਾਮ,
ਰਜ਼ਾ, ਹੁਕਮ ਦੀ ਵਡਿਆਈ ਨਹੀਂ ਕੀਤੀ ਜਾਂਦੀ ਬਲਕਿ ਇਨ੍ਹਾਂ ਨੂੰ ਮਨ ਵਿੱਚ ਵਸਾਇਆ ਜਾਂਦਾ ਹੈ,
ਇਨ੍ਹਾਂ ਦੀ ਪਾਲਣਾ ਕੀਤੀ ਜਾਂਦੀ ਹੈ।
ਅਮਰਜੀਤ ਸਿੰਘ ਚੰਦੀ
ਫੋਨ: ੯੭੫੬੨੬੪੬੨੧.