.

ਸਿੱਖ ਰਹਿਤ ਮਰਿਯਾਦਾ ਅਤੇ ਸਾਡੇ ਕਿਰਦਾਰ ਤੇ ਕੁੱਝ ਪ੍ਰਸ਼ਨ

ਅੱਜ ਸਾਡੇ ਕੌਮੀ ਹਾਲਾਤ ਬੜੇ ਹੀ ਨਾਜ਼ਕ ਅਤੇ ਗੁੰਝਲਦਾਰ ਹੋ ਗਏ ਹਨ। ਹਰ ਇੱਕ ਪੰਥਕ ਦਿਸਣ ਵਾਲਾ, ਆਪਣੀ ਰੋਟੀ ਸੇਕਣ ਲਈ ਪੰਥਕ ਬਣਿਆ ਹੋਇਆ ਹੈ। ਕਿਸੀ ਨੂੰ ਗੁਰੂ ਦੀ ਗੋਲਕ ਨਾਲ ਪ੍ਰੀਤ ਹੈ ਤੇ ਕਿਸੀ ਨੂੰ ਆਪਣੀ ਚੌਧਰ ਦੀ ਭੁੱਖ ਲਈ ਰੋਟੀ ਦੀ ਲੋੜ ਹੈ। ਕੋਈ ਵੋਟਾਂ ਲਈ ਸਿੱਖੀ ਵੇਚ ਰਹਿਆ ਹੈ ਤੇ ਕੋਈ ਨਿਜੀ ਹਿਤਾਂ ਲਈ। ਮੁੱਕਦੀ ਗੱਲ ਇਨ੍ਹਾਂ ਪੰਥਕ ਚੇਹਰਿਆਂ ਦੇ ਪਿਛੇ ਦੀ ਕਹਾਣੀ ਬੜੀ ਹੀ ਅਜੀਬ ਹੈ ਤੇ ਹਰ ਇੱਕ ਦੀ ਆਪੋ ਆਪਣੀ ਹੈ ਤੇ ਕਰੀਬ ਕਰੀਬ ਸਭ ਦੇ ਨਤੀਜੇ ਇਕੋ ਹੀ ਹਨ। ਉਹ ਹੈ ਕੇਵਲ ਸਿੱਖੀ ਦਾ ਨੁਕਸਾਨ ਹੀ, ਹੋਰ ਕੂਝ ਵੀ ਨਹੀਂ। ਖੈਰ! ਕਹਾਣੀ ਕੁਛ ਵੀ ਹੋਵੇ, ਪਰ ਸਿੱਖੀ ਬੜੀ ਤਕਲੀਫ ਵਿੱਚ ਹੈ। ਅਸੀਂ ਸਾਰੇ ਪੰਥ ਦਰਦੀ ਬੇਹੱਦ ਹੀ ਨਿਕੰਮੇ ਤੇ ਖੁਦਗਰਜ ਹੋ ਗਏ ਹਾਂ। ਬਹੁਮੁਲੀ ਸਿੱਖੀ ਨੂੰ ਆਪਣੀ ਖੁਦਗਰਜੀ ਲਈ ਕੋਡੀਆਂ ਦੇ ਭਾ ਵੇਚੀ ਫਿਰਦੇ ਹਾਂ। ਦੋਸ਼ ਸਾਡਾ ਸਾਰਿਆਂ ਦਾ ਬਰਾਬਰ ਹੈ।
ਸਿੱਖ ਇਤਿਹਾਸ ਵਿਚੋਂ ਅਸੀਂ ਸਾਰੇ ਜਾਣਦੇ ਹਾਂ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜੋਤਿ ਜੋਤ ਸਮਾਉਣ ਤੌਂ ਬਾਦ ਜੋ ਸ਼ਹਾਦਤ ਦਾ ਦੌਰ ਚਲਿਆ, ਉਹ ਲਗਭਗ 80 ਸਾਲਾਂ ਦੇ ਪਿਛੋਂ ਹੀ ਜਾ ਕੇ ਰੁਕਿਆ। ਉਸ ਸ਼ਹਾਦਤ ਦੇ ਦੌਰ ਦਾ ਸਿੱਖ ਸ਼ਰੀਰਿਕ ਅਤੇ ਬੋਧਿਕ ਤੌਰ ਤੇ ਬੜਾ ਹੀ ਮਜਬੂਤ ਸੀ, ਪਰ ਆਪਣੇ ਬਹੂਮੁਲੇ ਵਿਰਸੇ ਅਤੇ ਇਤਿਹਾਸ ਨੂੰ ਨਾ ਸੰਭਾਲ ਸਕਿਆ। ਉਸ ਦਾ ਕਾਰਣ ਭੀ ਬੜਾ ਸਪਸ਼ਟ ਹੈ। ਉਸ ਸਮੇ, ਉਹ ਸਿਧਾਂਤਕ ਅਤੇ ਕੌਮੀ ਲੜਾਈਆ ਨੂੰ ਕਿਰਪਾਨ ਨਾਲ ਲੜ ਕੇ ਸੰਭਾਲਣ ਵਿੱਚ ਰੁਝਿਆ ਹੋਇਆ ਸੀ। ਉਸ ਪਾਸ ਇਤਿਹਾਸ ਨੂੰ ਲਿਖਣ ਦਾ ਸਮਾਂ ਹੀ ਨਹੀਂ ਸੀ। ਲੜੀ ਜਾਣ ਵਾਲੀਆਂ ਲੜਾਇਆਂ ਨਾਲ ਹੀ ਉਹ ਆਪਣੇ ਵਿਰਸੇ ਨੂੰ ਸੰਭਾਲ ਕੇ ਨਵਾਂ ਇਤਿਹਾਸ ਸਿਰਜ ਰਿਹਾ ਸੀ। ਸਿੱਖਾਂ ਦੇ ਅਤਿ ਦੇ ਰੁਝੇਵਿਆਂ ਕਰਕੇ, ਗੁਰਦੁਆਰਾ ਸਾਹਿਬਾਨ ਦੀ ਸੰਭਾਲ ਦੀ ਸੇਵਾ ਅਨਮਤੀਆਂ (ਬ੍ਰਾਹਮਣਾਂ) ਪਾਸ ਆ ਗਈ। ਜਿਸ ਦੇ ਨਤੀਜੇ ਇਹ ਹੋਏ ਕਿ ਗੁਰਦੁਆਰਿਆਂ ਵਿੱਚ ਹੌਲੀ ਹੌਲੀ ਅਨਮਤ ਅਤੇ ਮਨਮਤ ਦੀਆਂ ਪਰੰਪਰਾਵਾਂ ਆਉਣੀਆਂ ਚਾਲੂ ਹੋ ਗਈਆਂ ਅਤੇ ਇਹ ਹੀ ਉਹ ਵੇਲਾ ਸੀ ਜਦੋਂ ਸਿੱਖ ਸਾਹਿਤ ਅਤੇ ਇਤਿਹਾਸ ਵਿੱਚ ਅਨਮਤਿ ਪ੍ਰਭਾਵ ਹੇਠਾਂ ਘੋਲ ਮਚੌਲ ਹੋਣੀ ਸ਼ੁਰੂ ਹੋ ਗਈ।
ਸਿੱਖ ਰਾਜ ਦੇ ਸਮੇਂ ਵੀ ਸਿੱਖ ਸਾਹਿਤ ਦਾ ਬਹੁਤ ਕੁੱਝ ਨਾ ਸਵਰ ਸਕਿਆ। ਜਿਸਦਾ ਕਾਰਣ ਭੀ ਬੜਾ ਸਾਦਾ ਹੋਣ ਦੇ ਨਾਲ ਹੀ ਵਿਚਾਰਕ ਹੈ। ਉਸ ਸਮੇਂ ਦੀ ਸਾਰੀ ਸਿੱਖ ਤਾਕਤ, ਸਿੱਖ ਰਾਜ ਦੀਆਂ ਫੌਜਾਂ ਵਿੱਚ ਹੀ ਸ਼ਾਮਲ ਹੋ ਗਈ। ਜੋ ਸਮੇਂ ਦੀ ਜਰੂਰਤ ਮੁਤਾਬਿਕ ਰਾਜ ਦੀਆਂ ਸੀਮਾਵਾਂ ਵੱਧਾਉਣ ਅਤੇ ਉਨ੍ਹਾਂ ਦੀ ਸੁਰੱਖਿਆਂ ਵਿੱਚ ਹੀ ਲਗੀ ਰਹੀ। ਅੰਤ ਨੂੰ ਉਹ ਸਿੱਖ ਰਾਜ ਭੀ ਜਾਂਦਾ ਗਿਆ। ਸਿੱਖ ਰਾਜ ਭੀ ਸਿੱਖ ਸਾਹਿਤ ਅਤੇ ਇਤਿਹਾਸ ਲਈ ਕੇਵਲ ਨਾਂ ਦਾ ਹੀ ਸਿੱਖ ਰਾਜ ਸਾਬਿਤ ਹੋਇਆ। ਰਾਜ ਦੇ ਸਮੇਂ ਤੇ ਜੈਸੀਆਂ ਪ੍ਰਾਪਤੀਆਂ ਹੋਣੀਆਂ ਚਾਹੀਦੀਆਂ ਸਨ, ਵੈਸਾ ਕੂਝ ਹੋ ਨਾ ਸਕਿਆ।
ਸਿੱਖ ਰਾਜ ਦਾ ਸੂਰਜ ਡੂਬ ਗਿਆ ਤਾਂ ਸਾਰਾ ਪੰਜਾਬ ਬਰਤਾਨਵੀਂ ਬੂਟਾਂ ਦੇ ਹੇਠਾਂ ਆ ਚੁਕਾ ਸੀ। ਇਹ ਸਮਾਂ ਪੰਜਾਬ ਲਈ ਬੜਾ ਓਖਾ ਤੇ ਭਿਆਨਕ ਸੀ। ਲਗਭਗ 50 ਸਾਲਾਂ ਦੇ ਰਾਜ ਤੌਂ ਬਾਦ ਫਿਰ ਹਰ ਪਾਸੇ ਗੁਲਾਮੀ ਦੀ ਰਾਹ ਕੇਵਲ ਨਿਰਾਸਤਾ ਹੀ ਦਿਖਾਂਦੀ ਸੀ। ਲੇਕਿਨ ਸਿੱਖਾਂ ਦਾ ਉੱਚਾ ਅਤੇ ਸੁਚਾ ਅਚਾਰ, ਉਨ੍ਹਾਂ ਤੋ ਕੋਈ ਵੀ ਨਹੀਂ ਸੀ ਖੋਹ ਸਕਿਆ।
ਇਕ ਪਾਸੇ ਅੱਧੇ ਤੋਂ ਵੱਧ ਸੰਸਾਰ ਵਿੱਚ ਆਪਣਿਆਂ ਕੂਟਿਲ ਚਤੁਰਤਇਆ ਨਾਲ ਰਾਜ ਕਰਣ ਵਾਲੇ ਅੰਗਰੇਜ ਸਨ ਤੇ ਦੂਜੇ ਪਾਸੇ ਗੁਰੁ ਦੇ ਸਿੱਦਕੀ ਭੋਲੇ ਭਾਲੇ ਸਿੱਖ। ਸਿੱਖਾਂ ਦੇ ਜੱਜਬੇ ਅਗੇ ਉਹ ਸਿਆਣੇ ਕੇਵਲ ਸਿਆਣੇ ਹੀ ਸਾਬਤ ਹੋਏ। ਉਨ੍ਹਾਂ ਨੇ ਆਪਣੀ ਸਿਆਣਪ ਨਾਲ ਸਿੱਖਾ ਦੇ ਸਿਧਾਂਤਾਂ ਵਿੱਚ ਮਿਲਾਵਟ ਪਾਉਣੀ ਸ਼ੁਰੂ ਕਰਵਾ ਦਿਤੀ। ਜੋ ਉਨ੍ਹਾਂ ਲਈ ਬੇਹੱਦ ਆਸਾਨ ਸੀ। ਕਿਉਂ ਜੁ ਸਿੱਖਾਂ ਦੇ ਜਿਆਦਾਤਰ ਧਰਮ ਆਸਥਾਨ ਹਾਲੇ ਭੀ ਅਨਮਤੀਆਂ ਦੇ ਹੱਥਾਂ ਵਿੱਚ ਸਨ। ਇਹ ਉਹ ਕਾਲਾ ਵੱਕਤ ਸੀ ਜਦੋਂ ਗੁਰੂ ਦਾ ਭੋਲਾ ਭਾਲਾ ਸਾਧਾਰਨ ਸਿੱਖ, ਆਪਣੇ ਗੁਰੂ ਦੇ ਬਖਸ਼ੇ ਉੱਚੇ ਤੇ ਸੁਚੇ ਸਿਧਾਂਤ ਤੋ ਦੂਰ ਹੋ ਕੇ ਅਨਮਤਿਆਂ ਦੇ ਬਣਾਏ ਚੱਕਰਵਿਉ ਵਿੱਚ ਫੱਸਦਾ ਜਾ ਰਿਹਾ ਸੀ। ਸਿੱਖ ਹਰ ਪਾਸੋਂ ਦੁਖਾਂ ਵਿੱਚ ਘਿਰ ਕੇ ਆਪਣੀ ਵੱਖਰੀ ਹੋਂਦ ਤੇ ਪਹਿਚਾਣ ਨੂੰ ਗੁਆਂਦਾ ਜਾ ਰਿਹਾ ਸੀ। ਸਿੱਖ ਪਰੰਪਰਾਵਾਂ ਅਤੇ ਸਿਧਾਂਤ ਪੂਰੇ ਤਰੀਕੇ ਨਾਲ ਅਨਮਤ ਵਿੱਚ ਜੱਜਬ ਹੋ ਰਹੇ ਸਨ।
ਆਖਿਰ ਕਾਰ ਨਿਰਸ਼ਾ ਦੇ ਇਸ਼ ਦੌਰ ਦਾ ਅੰਤ ਭੀ ਹੋਣਾ ਸੀ ਕਿਊ ਜੁ ਅਕਾਲ ਪੁਰਖ ਭੀ ਆਪਣੇ ਖਾਲਸੇ ਪੰਥ ਨੂੰ ਕਿਵੇਂ ਧੁੰਧਲਾ ਹੋਣ ਦੇਂਦਾ। ਸੰਸਾਰ ਵਿੱਚ ਸੱਚੇ ਪਾਤਸ਼ਾਹ ਨੇ ਪ੍ਰੋ: ਗੁਰਮੁਖ ਸਿੰਘ, ਗਿ: ਦਿੱਤ ਸਿੰਘ ਅਤੇ ਭਾਈ ਕਾਹਨ ਸਿੰਘ ਨਾਭਾ ਵਰਗੇ ਉੱਘੇ ਵਿਦਵਾਨ ਸਿੱਖ ਭੇਜੇ, ਜਿਨ੍ਹਾਂ ਨੇ ਸਾਰੇ ਸੰਸਾਰ ਵਿੱਚ ਕੇਸਰੀ ਨਿਸ਼ਾਨ ਝੁਲਾ ਦਿੱਤਾ। ਇਨ੍ਹਾਂ ਪਿਆਰਿਆਂ ਦੇ ਗੁਰੁ ਨੂੰ ਸਮਰਪਿਤ ਵਿਚਾਰਾਂ ਨੇ ਹੀ ਸਿੰਘ ਸਭਾ ਲਹਿਰ ਪੈਦਾ ਕੀਤੀ ਤੇ ਸਾਰੇ ਸੰਸਾਰ ਵਿੱਚ ਸਿੰਘ ਸਭਾਵਾਂ ਸਥਾਪਿਤ ਹੋਈਆ। ਅਗੇ ਚਲਕੇ ਇਨ੍ਹਾਂ ਸਿੰਘਾਂ ਸਭਾਵਾਂ ਦੇ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਅਣਥੱਕ ਸੇਵਾਵਾਂ ਕਰਕੇ ਹੀ 1936 ਵਿੱਚ ਸਿੱਖ ਰਹਿਤ ਮਰਿਆਦਾ ਹੋਂਦ ਵਿੱਚ ਆਈ।
ਪਰ ਅਫਸੋਸ ਅਜ ਲਗਭਗ 73 ਵਰ੍ਹੇ ਗੁਜਰ ਜਾਣ ਤੋ ਬਾਦ ਭੀ ਸਿੱਖ ਰਹਿਤ ਮਰਿਆਦਾ ਪੂਰੇ ਸਿੱਖ ਸਮਾਜ ਵਿੱਚ ਕਿ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੀ ਲਾਗੂ ਨਹੀਂ ਹੋ ਸਕੀ। ਇਤਨੇ ਲੰਮੇ ਸਮੇਂ ਵਿੱਚ ਅਨਮਤ ਦਾ ਐਸਾ ਪ੍ਰਭਾਵ ਪੈ ਜਾਣ ਕਰਕੇ, ਕੋਈ ਭੀ ਐਸਾ ਕੌਮੀ ਸੁਰਮਾਂ ਅਗੇ ਨਹੀਂ ਆਇਆ ਜੋ ਸਿੱਖ ਰਹਿਤ ਮਰਿਆਦਾ ਲਾਗੂ ਕਰਾਉਣ ਵਿੱਚ ਤੱਤਪਰ ਹੋਇਆ ਹੋਵੇ। ਜੇ ਕਦੀ ਕਦਾਈ ਸਿੱਖ ਸੰਗਤਾਂ ਜਾ ਵਿਰਲੇ ਪੰਥਕ ਚਿੰਤਕਾਂ ਵਲੋਂ ਕੋਈ ਉਪਰਾਲੇ ਕੀਤੇ ਜਾਂਦੇ ਹਨ ਤਾਂ ਇਹ ਸਭ ਆਟੇ ਵਿੱਚ ਲੂਣ ਵਾਂਗੂ ਹੀ ਸਾਬਤ ਹੁੰਦਾ ਹੈ, ਕਿੳਂ ਜੁ ਆਪਣੀ ਖੁਦਗਰਜੀ ਕਰਕੇ ਵਿਰੋਧ ਕਰਣ ਵਾਲਿਆਂ ਦੀ ਗਿਣਤੀ ਵੱਧ ਜਾਂਦੀ ਹੈ। ਜੋ ਬੜੀ ਹੀ ਹੈਰਤਅੰਗੇਜ ਅਤੇ ਨਿੰਦਣ ਜੋਗ ਹੁੰਦੀ ਹੈ। ਇਥੇਂ ਇਹ ਸਵਾਲ ਬਣੇ ਹੀ ਮਹੱਵਪੂਰਣ ਹਨ:-
1. ਆਖਿਰ ਕਾਰ ਇਹ ਪੰਥਕ ਆਗੂ ਗੁਰਦੁਆਰੇ ਕੀ ਕਰਣ ਆੰਦੇ ਹਨ ਜਾਂ ਗੁਰੂ ਉਨ੍ਹਾਂ ਵਲੋਂ ਦੁਜਿਆਂ ਦੀ ਰਾਹ ਵਿੱਚ ਕੰਡੇ ਬੀਜਣ ਦੇ ਕੰਮ ਨੂੰ ਨਹੀਂ ਦੇਖ ਰਹਿਆ ਹੁੰਦਾ ਹੈ?
2. ਆਖਿਰ ਇਹ ਸਭ ਕਿਸ ਖੁਦਗਰਜੀ ਅਧੀਨ ਗੁਰੂ ਪੰਥ ਵਲੋਂ ਬਣਾਈ ਮਰਿਆਦਾ ਨੂੰ ਪਿੱਠ ਵੱਖਾ ਕੇ, ਸਿੱਖ ਰਹਿਤ ਮਰਿਆਦਾ ਦਾ ਮਖੌਲ ਬਨਾਉਣ ਲਈ ਆਪਣੇ ਜੱਥੇਂ (ਧੱੜੇ) ਦੀ ਮਰਿਆਦਾ ਦੀ ਪੈਰੋਕਾਰੀ ਕਰਦੇ ਨਹੀਂ ਥੱਕਦੇ?
3. ਆਖਿਰ ਕਿ ਐਸਾ ਭੀ ਕੋਈ ਸਿੱਖ ਹੈ ਜਿਸ ਨੂੰ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਸਨਮਾਨ ਤੋ ਭੀ ਪਿਆਰਾ ਕਿਸੀ ਹੋਰ (ਗ੍ਰੰਥ ਜਾਂ ਮਨੁਖ) ਦਾ ਸਨਮਾਨ ਹੋਵੇਗਾ?
4. ਆਖਿਰ ਜੇ ਉਸ ਨੂੰ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੇ ਸਨਮਾਨ ਤੋ ਜਿਆਦਾ ਪਿਆਰਾ ਕਿਸੀ ਹੋਰ ਗ੍ਰੰਥ ਜਾਂ ਮਨੁਖ ਦਾ ਸਨਮਾਨ ਹੈ ਤੇ ਕਿ ਉਹ ਮਨੁਖ ਸਿੱਖ ਹੈ?
5. ਆਖਿਰ ਸਾਡੇ ਮਹਾਨ ਤਖਤ ਸਾਹਿਬਾਨ ਦੇ ਪ੍ਰਬੰਥਕ ਅਤੇ ਜਿੱਮੇਦਾਰ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੇ ਸਾਹਮਨੇ ਹੀ ਕਿਸੀ ਹੋਰ ਗ੍ਰੰਥ ਨੂੰ ਸਥਾਪਿਤ ਕਰਣ ਲਈ ਅੜੇ ਹੋਣ ਤਾਂ ਕਿ ਉਹ ਸਿੱਖ ਹੋ ਕੇ ਸਿੱਖਾਂ ਦੇ ਆਗੂ ਹਨ?
6. ਆਖਿਰ ਜੇ ਉਹ ਸਿੱਖ ਰਹਿਤ ਮਰਿਆਦਾ ਦੇ ਵਿਰੋਧ ਵਿੱਚ ਹੀ ਸੇਵਾ ਕਰਨਾ ਪਸੰਦ ਕਰਦੇ ਹਨ ਤਾਂ ਉਹ ਤਖਤ ਸਾਹਿਬਾਨ ਲਈ ਜਿੱਮੇਦਾਰ ਹਨ ਜਾਂ ਕਿਸੀ ਹੋਰ ਲਈ?
ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮਾਨ ਲਈ ਨਿਰਣਾਂ ਭੀ ਅਸੀਂ ਆਪ (ਸਰਬੱਤ ਖਾਲਸਾ) ਹੀ ਕਰਣਾ ਹੈ ਤੇ ਉਦਮ ਭੀ ਆਪੇ ਹੀ ਕਰਣਾ ਹੈ। ਸਮਾਂ ਪੁਕਾਰਦਾ ਹੈ ਕਿ ਅਸੀਂ ਪੰਥਕ ਹਿਤਾਂ ਲਈ ਸਿੱਖ ਰਹਿਤ ਮਰਿਆਦਾ ਨੂੰ ਲਾਗੂ ਕਰਣ ਕਰਾਉਣ ਲਈ ਤੱਤਪਰ ਹੋਈਏ ਨਹੀਂ ਤਾਂ ਇਤਿਹਾਸ ਸਾਡੇ ਤੋ ਜਵਾਬ ਜਰੂਰ ਮੰਗੇਗਾ ਕਿ ਅਸੀਂ ਆਪਣੀ ਕਿਹੜੀ ਖੁਦਗਰਜੀ ਲਈ ਪੰਥਕ ਹਿੱਤਾਂ ਨੂੰ ਗਿਰਵੀ ਰੱਖ ਦਿੱਤਾ?
ਮਨਮੀਤ ਸਿੰਘ




.