.

ਅੰਤ੍ਰਰਾਸ਼ਟਰੀ ਧਰਮ ਹੈ, ਸਿੱਖ ਧਰਮ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

“ਅੰਤ੍ਰਰਾਸ਼ਟਰੀ ਧਰਮ” ਦੀ ਰੂਪ ਰੇਖਾ-ਅੰਤ੍ਰਰਾਸ਼ਟਰੀ ਧਰਮ ਕੇਵਲ ਉਹੀ ਧਰਮ ਹੋ ਸਕਦਾ ਹੈ ਜੋ ਸੰਸਾਰ ਭਰ ਦੇ ਮਨੁੱਖ ਮਾਤ੍ਰ ਨੂੰ, ਜੀਵਨ ਦੇ ਮੂਲ ਸਰੋਤ ਪਰਮ ਪਿਤਾ ਅਕਾਲਪੁਰਖ ਦੀ ਸੋਝੀ ਦੇ ਸਕੇ ਅਤੇ ਲੋਕਾਈ ਦੇ ਜੀਵਨ `ਚ ਪ੍ਰਭੂ ਗੁਣਾਂ ਦਾ ਸੰਚਾਰ ਕਰ ਸਕੇ। ਉਹ ਧਰਮ, ਜੋ ਬਿਨਾ ਵਿਤਕਰਾ ਹਰੇਕ ਸਮੇਂ ਹਰੇਕ ਮਨੁੱਖ ਦੇ ਜੀਵਨ ਨੂੰ ਉਚੇਰਾ, ਆਦਰਸ਼ਕ ਤੇ ਸਦਾਚਾਰਕ ਜੀਵਨ ਬਨਾਉਣ ਲਈ ਸਹਾਈ ਹੋਵੇ। ਉਹ ਧਰਮ, ਜੋ ਅਜਿਹੇ ਜੀਵਨ ਘੜਣ ਦੀ ਸਮ੍ਰਥਾ ਰਖਦਾ ਹੋਵੇ ਜਿੱਥੇ ਕਦੇ ਕਿਸੇ ਨਾਲ ਜ਼ਿਆਦਤੀ, ਧੱਕਾ, ਜ਼ੁਲਮ, ਬੇਇਨਸਾਫ਼ੀ, ਠੱਗੀ ਆਦਿ ਨਾ ਹੋਵੇ। ਹੋਰ ਤਾਂ ਹੋਰ ਜੇ ਕਿਧਰੇ ਅਜਿਹੇ ਹਾਲਾਤ ਪਣਪਦੇ ਵੀ ਹੋਣ ਤਾਂ ਉਨ੍ਹਾਂ ਦਾ ਟਾਕਰਾ ਕਰਣ ਦੀ ਹਿੰਮਤ ਰਖਦਾ ਹੋਵੇ। ਸਮੇਂ ਸਮੇਂ ਪੈਦਾ ਹੋਣ ਵਾਲੀਆਂ ਸਾਮਾਜਿਕ ਬੁਰਾਈਆਂ ਦੇ ਉਭਰਣ ਤੋਂ ਸੁਚੇਤ ਰਵੇ, ਬਲਕਿ ਉਨ੍ਹਾਂ ਨੂੰ ਉਭਰਣ ਤੋਂ ਪਹਿਲਾਂ ਹੀ ਦਬੋਚ ਦੇਵੇ। ਕੁਦਰਤੀ ਆਫ਼ਤਾਂ ਸਮੇਂ ਬਿਨਾ ਵਿਤਕਰਾ ਮਨੁੱਖ ਮਾਤ੍ਰ ਦੀ ਸੰਭਾਲ ਕਰੇ ਅਤੇ ਉਸ ਕਾਰਜ ਲਈ ਲੋਕਾਈ ਨੂੰ ਸਹਾਈ ਹੋਵੇ। ਇਸ ਤਰ੍ਹਾਂ ਗੁਰਬਾਣੀ ਰਾਹੀਂ ਪ੍ਰਗਟ ਅਜਿਹੇ ਸੁਚੱਜੇ ਗੁਣਵਾਣ ਜੀਵਨ ਲਈ ਸਦੈਵਕਾਲੀਨ ਸਿਧਾਂਤ ਦੇ ਸਕੇ।

ਇਹੀ ਕਾਰਨ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦਾ ਪ੍ਰਕਾਸ਼ ਸੰਸਾਰ ਦੇ ਭਾਵੇਂ ਕਿਸੇ ਵੀ ਕੋਨੇ-ਨੁੱਕਰ `ਚ ਕਿਉਂ ਨਾ ਕਰ ਦਿੱਤਾ ਜਾਵੇ; ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਬਿਨਾ ਵਿਤਕਰਾ ਜਾਤ, ਧਰਮ, ਕੁਲ, ਵਰਣ, ਦੇਸ਼, ਲਿੰਗ, ਕਾਲਾ-ਗੋਰਾ, ਬੱਚਾ-ਬਿਰਧ ਹਰੇਕ ਨੂੰ ਰੱਬੀ ਤੇ ਇਲਾਹੀ ਸਦ ਗੁਣਾਂ ਨਾਲ ਭਰਪੂਰ ‘ਸੱਚ ਧਰਮ’ ਨਾਲ ਜੋੜਦੇ ਹਨ। ਉਸ ‘ਸੱਚ ਧਰਮ’ ਨਾਲ ਜਿਸ ਧਰਮ ਦੀ ਸਹੀ ਅਰਥਾਂ `ਚ ਆਦਿ ਕਾਲ ਤੋਂ ਹੀ ਮਨੁੱਖ ਨੂੰ ਲੋੜ ਸੀ, ਅੱਜ ਵੀ ਹੈ ਤੇ ਜਦੋਂ ਤੀਕ ਮਨੁੱਖ ਦੀ ਨਸਲ ਕਾਇਮ ਹੈ ਸਦਾ ਰਵੇਗੀ ਵੀ। ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਮਨੁੱਖ ਨੂੰ ਅਜਿਹੇ ‘ਸੱਚ ਧਰਮ’ ਨਾਲ ਜੋੜਦੇ ਹਨ, ਜਿਸ ਰਾਹੀਂ ਮਨੁੱਖ ਨੂੰ ਸਾਰੀ ਰਚਨਾ ਦੇ ਇੱਕੋ ਇੱਕ ਪਰਮ ਪਿਤਾ ਪ੍ਰਮਾਤਮਾ ਅਕਾਲਪੁਰਖ ਦੀ ਸੋਝੀ ਹੁੰਦੀ ਹੈ। ਸੰਸਾਰ ਭਰ ਦੇ ਇੱਕੋ ਇੱਕ ‘ਆਤਮਿਕ ਗੁਰੂ’ - ‘ਸ਼ਬਦ’ ਅਥਵਾ ‘ਗੁਰਬਾਣੀ-ਗੁਰੂ’ ਦੀ ਪਹਿਚਾਣ ਆਉਂਦੀ ਹੈ। ਬਲਕਿ ਉਸ ਸਦਾ ਥਿਰ ਸਤਿਗੁਰੂ’ ਦੀ ਪਹਿਚਾਣ ਆਉਂਦੀ ਹੈ ਜੋ ਸਰੀਰ ਨਹੀਂ ਬਲਕਿ “ਤਤੁ ਨਿਰੰਜਨੁ ਜੋਤਿ ਸਬਾਈ, ਸੋਹੰ ਭੇਦੁ ਨ ਕੋਈ ਜੀਉ॥ ਅਪਰੰਪਰ ਪਾਰਬ੍ਰਹਮੁ ਪਰਮੇਸਰੁ, ਨਾਨਕ ਗੁਰੁ ਮਿਲਿਆ ਸੋਈ ਜੀਉ” (ਪੰ: ੫੯੯) ਅਤੇ “ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨ ਜਾਇ॥ ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ” (ਪੰ: ੭੫੯) ਅਨੁਸਾਰ ਹਰੇਕ ਮਨੁੱਖ ਦੇ ਹਿਰਦੇ `ਚ ਵੱਸ ਰਿਹਾ ਹੈ। ਉਹ ਸਤਿਗੁਰੂ ਜੋ ਪ੍ਰਭੂ ਪ੍ਰਮਾਤਮਾ ਤੋਂ ਭਿੰਨ ਹਸਤੀ ਨਹੀਂ ਅਤੇ ਮਨੁੱਖਾ ਜੀਵਨ `ਚ ਜਿਸ ਗੁਰੂ ਦੇ ਪ੍ਰਕਾਸ਼ ਬਿਨਾ, ਮਨੁੱਖ ਕੁਰਾਹੇ ਪਿਆ ਰਹਿ ਕੇ ਆਪਣਾ ਜਨਮ ਵਿਅਰਥ ਗੁਆ ਦਿੰਦਾ ਹੈ। ਅਜਿਹਾ ਮਨਮੁਖ ਧਾਰਮਿਕ ਠੱਗਾਂ ਦੀ ਤਾਂ ਖਾਸ ਤੌਰ `ਤੇ ਖੁਰਾਕ ਹੁੰਦਾ ਹੈ ਜੋ ਇਸ ਨੂੰ ਵੱਧ ਤੋਂ ਵੱਧ ਆਸ਼ਾ ਤ੍ਰਿਸ਼ਨਾ ਦੇ ਜਾਲ `ਚ ਫ਼ਸਾ ਕੇ ਲੁੱਟਦੇ ਹਨ। ਹੋਰ ਤਾਂ ਹੋਰ, ਅਜਿਹੇ ਮਨਮੁਖ ਹੀ ਹੁੰਦੇ ਹਨ ਜੋ ਜੀਵਨ ਅੰਦਰ ਸਤਿਗੁਰੂ ਦਾ ਪ੍ਰਕਾਸ਼ ਨਾ ਹੋਣ ਕਾਰਨ, ਬਹੁਤ ਵਾਰੀ ਤਾਂ ਅਜਿਹੇ ਅਉਗੁਣਾਂ, ਗੁਣਾਹਾਂ, ਜੁਰਮਾਂ ਦੀ ਖਾਣ ਬਣ ਜਾਂਦੇ ਹਨ; ਭਰਾ ਮਾਰੂ, ਸੁਆਰਥੀ ਤੇ ਹਉਮੈ ਆਦਿ ਵਿਕਾਰਾਂ ਦਾ ਖਾਜ ਹੁੰਦੇ ਹਨ ਕਿ ਜਿਨ੍ਹਾਂ ਦਾ ਜੀਵਨ ਹੀ ਮਨੁੱਖ ਸਮਾਜ ਲਈ ਕਿਸੇ ਅਭਿਸ਼ਾਪ ਤੋਂ ਘੱਟ ਨਹੀਂ ਹੁੰਦਾ।

‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਜੀਵਨ ਅੰਦਰ ਉਸ ਸੱਚੇ ਭਰਾਤ੍ਰੀਭਾਵ ਨੂੰ ਜਨਮ ਦਿੰਦੇ ਹਨ ਜਿੱਥੇ ਵਿਤਕਰੇ, ਠੱਗੀਆਂ, ਹੇਰਾ-ਫ਼ੇਰੀਆਂ, ਜਹਾਲਤਾਂ, ਸੰਕੀਰਣਤਾ, ਧਾਰਮਿਕ ਆਡੰਬਰਾਂ, ਦੁਰਮੱਤਾਂ, ਹੂੜਮੱਤਾਂ, ਆਪਸੀ ਲੜਾਈ ਝਗੜਿਆਂ ਆਦਿ ਲਈ ਕੋਈ ਥਾਂ ਹੀ ਨਹੀਂ ਰਹਿ ਜਾਂਦੀ। ਸਿੱਟਾ ਇਹ ਕਿ ਜੀਵਨ ਦੇ ਜਿਸ ਪੜਾਅ `ਤੇ ਪੁੱਜ ਕੇ ਸਾਰੇ ਸੰਸਾਰ ਦੇ ਇਕੋ ਇੱਕ ਅਕਾਲਪੁਰਖ, ਇੱਕੋ ਇੱਕ ਅਤਿਮਕ ਗੁਰੂ, ਇੱਕੋ ਦਿਕ ਇਲਾਹੀ ‘ਸੱਚ ਧਰਮ’ ਤੇ ਇੱਕੋ ਇੱਕ ਮਨੁੱਖੀ ਭਾਈਚਾਰੇ ਵਾਲੀ ਸੋਝੀ ਹੋ ਜਾਂਦੀ ਹੈ। ਦਰਅਸਲ ਜੀਵਨ ਦੀ ਇਹ ਉਹ ਅਵਸਥਾ ਹੈ ਜਿੱਥੇ ਪੁੱਜੇ ਬਿਨਾ ਪਤਾ ਹੀ ਨਹੀਂ ਲਗ ਸਕਦਾ ਕਿ “ਅੰਤ੍ਰਰਾਸ਼ਟਰੀ ਧਰਮ” ਹੁੰਦਾ ਕੀ ਹੈ? ਜਦਕਿ ਇਸ ਸੱਚ ਧਰਮ ਭਾਵ “ਅੰਤ੍ਰਰਾਸ਼ਟਰੀ ਧਰਮ” ਨੇ ਪ੍ਰਗਟ ਹੋਣਾ ਹੈ ਜੁਗੋ ਜੁਗ ਅਟੱਲ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਵਿਚਾਰਧਾਰਾ ਤੋਂ ਪ੍ਰਗਟ ਹੋਈ ਜੀਵਨ ਜਾਚ ਤੇ ਉਸ `ਤੇ ਅਮਲ ਵਿੱਚੋਂ। ਦਰਅਸਲ ਇਸੇ “ਅੰਤ੍ਰਰਾਸ਼ਟਰੀ” ਰੂਪ `ਚ ਪਣਪਣ ਵਾਲੇ ਧਰਮ ਨੂੰ ਗੁਰਦੇਵ ਨੇ ਨਾਮ ਬਖਸ਼ਿਆ ਹੈ ‘ਸਿੱਖ ਧਰਮ’ ਜਿਸ ਦਾ ਅਰਥ ਗੁਰਬਾਣੀ ਆਦੇਸ਼ਾਂ-ਸਿੱਖਿਆ `ਤੇ ਚਲਣ ਵਾਲਿਆਂ ਦਾ ਟੋਲਾ ਤੇ ਲਹਿਰ।

ਸਿੱਖ ਦਾ ਸੁਭਾਅ (ਸੀਰਤ) - ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਅੰਦਰ ਕਿਧਰੇ ਵੀ ਕਿਸੇ ਮਨੁੱਖ ਨੂੰ ਸਿੱਖ ਤਾਂ ਹੀ ਪ੍ਰਵਾਣ ਕੀਤਾ ਹੈ, ਜਦੋਂ ਉਸ ਕੋਲ ਗੁਰਬਾਣੀ ਸਿੱਖਿਆ ਵਾਲਾ ਜੀਵਨ ਵੀ ਹੋਵੇ। ਫ਼ੁਰਮਾਨ ਹੈ- “ਸਿਖੀ ਸਿਖਿਆ ਗੁਰ ਵੀਚਾਰਿ॥ ਨਦਰੀ ਕਰਮਿ ਲਘਾਏ ਪਾਰਿ” (ਪੰ: ੪੬੫)। ਇਹ ਵੀ ਸੱਚ ਹੈ ਕਿ ਜਿਉਂ-ਜਿਉਂ ਇਨਸਾਨ ਰੱਬੀ ਸੱਚ ਦੇ ਨੇੜੇ ਆਉਂਦਾ ਹੈ ਉਸ ਦੇ ਸੁਭਾਅ ਵਿਚਲੀ ਕਰੂਪਤਾ ਮੁੱਕਦੀ ਜਾਂਦੀ ਹੈ। “ਮੰਨੈ ਮਗੁ ਨ ਚਲੈ ਪੰਥੁ॥ ਮੰਨੈ ਧਰਮ ਸੇਤੀ ਸਨਬੰਧੁ” (ਬਾਣੀ ਜਪੁ) ਅਨੁਸਾਰ ਅਜਿਹਾ ਮਨੁੱਖ ਦਿਖਾਵੇ ਦੇ ਤੇ ਆਪ ਮਿਥੇ ਧਰਮਾਂ, ਇਸ਼ਟਾਂ, ਭਗਵਾਨਾਂ ਤੋਂ ਬਹੁਤ ਉੱਚਾ ਉਠ ਪੈਂਦਾ ਹੈ। ਉਸ ਅੰਦਰ ਗੁਰੂ-ਗੁਰਬਾਣੀ ਦੀ ਭੈ-ਭਾਵਨੀ ਉਗਮ ਆਉਂਦੀ ਹੈ। “ਓਨੀੑ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ” (ਪੰ: ੪੬੭) ਅਨੁਸਾਰ ਕਿਸੇ ਵੀ ਮਾੜੀ ਕਰਣੀ ਵਿਰੁੱਧ ਉਸ ਦੀ ਜ਼ਮੀਰ ਉਸ ਨੂੰ ਰੋਕਾਂ ਪਾਉਂਦੀ ਹੈ। ਸੰਤੋਖ, ਪਰਉਪਕਾਰ, ਉੱਚਾ ਆਚਰਨ, ਦਇਆ ਆਦਿ ਰੱਬੀ ਗੁਣ, ਉਸ ਦਾ ਜੀਵਨ ਬਣਦੇ ਜਾਂਦੇ ਹਨ। ਇਹ ਉਹੀ ਗੁਣ ਹੁੰਦੇ ਹਨ ਜਿਨ੍ਹਾਂ ਨੂੰ ਅਪਨਾਉਣ ਲਈ ਪਾਤਸ਼ਾਹ ਨੇ ਹਰੇਕ ਧਰਮ `ਚ ਵਿਚਰਨ ਵਾਲੇ ਬ੍ਰਾਹਮਣ, ਕਾਜ਼ੀ, ਜੋਗੀ, ਸਰੇਵੜੇ ਆਦਿ ਨੂੰ ਤਾਕੀਦ ਕੀਤੀ ਹੈ। ਇਸੇ ‘ਸੱਚ ਧਰਮ’ ਨੂੰ ਹੀ ਗੁਰਬਾਣੀ `ਚ ਮਨੁੱਖ ਲਈ ਇਕੋ ਇੱਕ ਧਰਮ ਦਸਿਆ ਹੈ। ਇਨ੍ਹਾਂ ਇਲਾਹੀ ਗੁਣਾਂ ਦੀ ਪ੍ਰਾਪਤੀ ਲਈ ਹੀ “ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵਿਚਾਰੁ” (ਜਪੁ ਪੰ: ੨) ਭਾਵ “ਪ੍ਰਭੂ ਦੀ ਸਿਫ਼ਤ ਸਲਾਹ ਦਾ ਇਕੋ ਇੱਕ ਸਮਾਂ ‘ਮਨੁੱਖਾ ਜਨਮ’ ਨੂੰ ਹੀ ਗੁਰਬਾਣੀ `ਚ ਅਨੇਕਾਂ ਵਾਰੀ ਬਿਆਣਿਆ ਹੈ। ਅਜਿਹਾ ਮਨੁੱਖ ਹੀ ਹੁੰਦਾ ਹੈ ਅੰਤਰ-ਰਾਸ਼ਟਰੀ ਪੱਧਰ `ਤੇ ਮਨੁਖਤਾ ਦਾ ਪਹਿਰੇਦਾਰ। ਇਹੀ ਹੈ ਮਨੁੱਖ ਮਾਤ੍ਰ ਦਾ ਕੇਵਲ ਅੱਜ ਤੋਂ ਨਹੀਂ ਬਲਕਿ ਅਦਿ ਕਾਲ ਤੋਂ ਮੂਲ, ਇਲਾਹੀ ਤੇ ਰੱਬੀ ਧਰਮ॥

ਮਨੁੱਖ ਦੀ ਕਰੂਪਤਾ- ਅੱਜ ਸੰਸਾਰ ਤੱਲ ਦੇ ਜਿਨੇਂ ਵੀ ਮਸਲੇ ਹਨ ਉਨ੍ਹ੍ਹ੍ਹ੍ਹਾਂ ਦਾ ਮੁੱਖ ਕਾਰਨ ਮਨੁੱਖ ਦੇ ਸੁਭਾਅ `ਚ ਵਿਗਾੜ ਹੈ। ਭਾਰਤ ਸਮੇਤ ਵਿਸ਼ਵ ਤੱਲ `ਤੇ ਮਨੁੱਖ ਦੀ ਜੜ੍ਹ `ਚ ਘੁਣ ਲੱਗ ਚੁੱਕਾ ਹੈ। ਹਜ਼ਾਰਾਂ ਧਰਮ ਤਾਂ ਮੌਜੂਦ ਹਨ ਪਰ ਇੱਕ ਇਲਾਹੀ ਧਰਮ ਦੀ ਅਨਹੋਂਦ ਜਾਂ ਪ੍ਰਭਾਵੀ ਨਾ ਹੋਣ ਦਾ ਹੀ ਨਤੀਜਾ ਹੈ ਜੋ ਫ਼ਿਰ ਵੀ ਸੂਝਵਾਨ ਚਿੰਤਤ ਹੈ ਕਿ ਮਨੁੱਖ ਦਾ ਭਵਿੱਖ ਕੀ ਹੋਵੇਗਾ? ਇਸ ਧਰਤੀ `ਤੇ ਮਨੁੱਖ ਦੀ ਨਸਲ ਬਚੇਗੀ ਵੀ ਜਾਂ ਨਹੀਂ? ਅਜਿਹੇ ਆਸਾਰ ਬਣ ਚੁੱਕੇ ਹਨ ਕਿ ਕੁੱਝ ਸਮਾਂ ਬਾਅਦ ਜਿਹੜੇ ਬੱਚੇ ਪੈਦਾ ਹੋਣਗੇ, ਹੋ ਸਕਦਾ ਹੈ ਉਹ ਜਨਮ ਤੋਂ ਹੀ ਲੰਗੜੇ, ਲੂਲੇ, ਬੌਨੇ, ਅੰਨ੍ਹੇ, ਏਡਜ਼, ਕੈਂਸਰ ਆਦਿ ਲਾ-ਇਲਾਜ ਰੋਗਾਂ ਦੀ ਜਕੜ `ਚ ਜਾਂ ਫ਼ਿਰ ਗੁਰਦੇ, ਹਿਰਦਾ, ਜਿਗਰ ਆਦਿ ਰੋਗਾਂ ਨੂੰ ਨਾਲ ਲੈ ਕੇ ਹੀ ਪੈਦਾ ਹੋਣ? ਇੱਕ ਪ੍ਰਭੂ ਨੂੰ ਵਿਸਾਰ ਕੇ ਅਨੇਕਾਂ ਦੇਵੀ-ਦੇਵਤਿਆਂ, ਆਪ ਮਿਥੇ ਭਗਵਾਨਾਂ-ਇਸ਼ਟਾਂ ਦੀ ਪੂਜਾ `ਚ ਉਲਝਿਆ ਮਨੁੱਖ- ਫ਼ਿਰ ਇਨ੍ਹਾਂ ਅਨੇਕਾਂ ਦੀ ਪੂਜਾ ਤੋਂ ਪੈਦਾ ਹੋਏ ਵਹਿਮ-ਸਹਿਮ-ਭਰਮ-ਭੁਲੇਖੇ, ਸ਼ਗਨ-ਰੀਤਾਂ, ਟੂਣੇ-ਪ੍ਰਛਾਵੇਂ, ਜਹਾਲਤਾਂ-ਬਲੀਆਂ, ਥਿੱਤ-ਵਾਰ, ਭਰੂਣ-ਹੱਤਿਆ, ਇਸਤ੍ਰੀ-ਪੁਰਖ ਵਿਤਕਰੇ, ਜਨਮ ਪਤ੍ਰੀਆਂ-ਮਹੂਰਤ, ਰਾਸ਼ੀਫਲ, ਕੁੰਡਲੀਆਂ, ਹਾਰੋਸਕੋਪ, ਹੇਰਾ ਫੇਰੀਆਂ, ਠੱਗੀਆਂ-ਚਤੁਰਾਈਆਂ, ਬੇਅੰਤ ਕਰਮਕਾਂਡ, ਹਰ ਪਾਸੇ ਅਸ਼ਾਂਤੀ, ਤਬਾਹੀ, ਲੜਾਈਆਂ-ਝਗੜੇ, ਸਰੀਰਕ-ਮਾਨਸਕ ਰੋਗ, ਐਕਸੀਡੈਂਟਾਂ ਦੀ ਭਰਮਾਰ, ਮੁਕਦਮੇਬਾਜ਼ੀਆਂ, ਆਤਮ-ਹੱਤਿਆਵਾਂ, ਭੁਖਮਰੀ, ਜ਼ਿੰਦਗੀਆਂ `ਚ ਬੇਰਸੀ-ਬੇਬਸੀ, ਨਸ਼ਿਆਂ ਜੁਰਮਾਂ ਦੀ ਭਰਮਾਰ ਆਦਿ ਮਨੁੱਖ ਦੇ ਵਿਗੜ ਚੁੱਕੇ ਸੁਭਾਅ ਦੀ ਹੀ ਉਪਜ ਹਨ।।

ਮਨੁੱਖ ਆਪਣੇ ਬਹੁਮੁਲੇ ਜਨਮ ਨੂੰ ਕਲੱਬਾਂ, ਤਾਸ਼ਾਂ, ਜੂਏ, ਕੈਸੀਨੋ, ਨਾਵਲਾਂ, ਸੈਕਸ, ਡਰੱਗਜ਼, ਜੁਰਮਾਂ ਆਦਿ ਨਾਲ ਧੱਕਾ ਦੇ ਦੇ ਕੇ ਇਸ ਤਰ੍ਹਾਂ ਮੁਕਾਅ ਤੇ ਵੱਕਤ-ਕੱਟੀ ਕਰ ਰਿਹਾ ਹੈ-ਜਿਵੇਂ ਖ਼ਰਾਬ ਗੱਡੀ ਨੂੰ ਧੱਕੇ ਦੇ-ਦੇ ਕੇ ਚਲਾਇਆ ਜਾਂਦਾ ਹੈ। ਹਰ ਸਮੇਂ ਰੋ ਰਿਹਾ ਹੈ, ਫ਼ਿਰ ਵੀ ਅਗਿਆਣਤਾ ਵੱਸ ਆਪਣੇ ਸੁਭਾਅ ਦੇ ਇਸ ਵਿਗਾੜ ਨੂੰ ਗੁਰਬਾਣੀ-ਗੁਰੂ ਦੇ ਗਿਆਨ ਬਿਨਾ ਕਦੇ ਨਹੀਂ ਪਹਿਚਾਣ ਪਾਏਗਾ। ਆਪਣੇ ਇਸੇ ਲਈ ਆਪਣੇ ਜੀਵਨ ਦੀ ਇਸ ਬੇਰਸੀ ਤੇ ਉਖਾੜ ਨੂੰ ਨਾਮ ਦੇ ਰਿਹਾ ਹੈ ਹਾਲਾਤ ਦੀ ਮਜਬੂਰੀ ਦਾ ਤੇ ਕਿਸਮਤ ਆਦਿ ਦਾ। ਅਸਲ `ਚ ਵਿਗੜੇ ਸੁਭਾਅ ਕਰ ਕੇ ਹੀ ਮਨੁੱਖ ਅੱਜ ਪਸ਼ੂ ਤੋਂ ਵੀ ਨੀਵਾਂ ਜਾ ਚੁੱਕਾ ਹੈ। ਮਨੁੱਖ ਹਰ ਸਮੇਂ ਤ੍ਰਿਸ਼ਨਾ, ਭਟਕਣਾ, ਘਬਰਾਹਟ, ਦੌੜ ਭੱਜ, ਨਿਰਾਸ਼ਾ, ਘੁਟਣ ਦੀ ਖੱਡ `ਚ ਡਿੱਗਾ ਪਿਆ ਹੈ। ਇਸ ਤੋਂ ਬਚਣ ਤੇ ਜੀਵਨ ਨੂੰ ਕੁੱਝ ਰਸੀਲਾ, ਸੁਆਦਲਾ ਬਨਉਣ ਲਈ ਹੀ ਨਿੱਤ ਨਵੇਂ ਮਨੋਰੰਜਨ ਦੇ ਸਾਧਨਾਂ ਲਈ ਦੌੜ ਭਜ ਕਰ ਰਿਹਾ ਹੈ; ਪਰ ਸ਼ਾਂਤੀ ਤੇ ਟਿਕਾਅ ਉਥੋਂ ਵੀ ਨਹੀਂ ਮਿਲ ਰਿਹਾ ਅਤੇ ਮਿਲੇ ਗਾ ਵੀ ਨਹੀਂ। ਕਿਉਂਕਿ ਇਸ ਸਾਰੇ ਦਾ ਹੱਲ ਸੀ ਕੇਵਲ ਤੇ ਕੇਵਲ ਸੰਸਾਰ ਤੱਲ ਦੇ ਇਕੋ ਇਕ, ਜੁਗੋ ਜੁਗ ਅਟੱਲ ਗੁਰੂ-ਗੁਰਬਾਣੀ ਦੇ ਸੰਪੂਰਣ ਸਰੂਪ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਕੋਲ। ਯਕੀਨਣ ਅੱਜ ਵੀ ਜੇਕਰ ਸੰਸਾਰ ਭਰ ਦਾ ਮਨੁੱਖ ਸਿਦਕ ਦਿਲੀ ਨਾਲ ‘ਸਾਹਿਬ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ ਚਰਨਾਂ ਆ ਜਾਵੇ ਤਾਂ ਸਹਿਜੇ ਹੀ ਇਸ ਸਾਰੇ ਦਾ ਹੱਲ ਨਿਕਲ ਸਕਦਾ ਹੈ। ਇਸ ਨਾਲ ਕੇਵਲ ਕੁੱਝ ਮਨੁੱਖਾਂ ਜਾਂ ਕਿਸੇ ਖਾਸ ਸਮਾਜ ਦਾ ਹੀ ਨਹੀਂ ਬਲਕਿ ਅੰਤਰ-ਰਾਸ਼ਟਰੀ ਪੱਧਰ `ਤੇ ਠੰਡ ਪੈ ਸਕਦੀ ਹੈ।

ਸਿੱਖੀ ਜੀਵਨ ਤੇ ਸਰੂਪ ਵਿਚਾਲੇ ਆਪਸੀ ਸਾਂਝ - ਕੁੱਝ ਲੋਕ ਸੁਆਲ ਕਰਦੇ ਹਨ ਕਿ ਅੰਤਰ ਰਾਸ਼ਟਰੀ ‘ਸੱਚ ਧਰਮ’ ਨਾਲ ਸੰਪੂਰਣ ਕੇਸਾਧਾਰੀ ਸਰੂਪ ਦੀ ਕੀ ਸਾਂਝ? ਸਮਝਣ ਦਾ ਵਿਸ਼ਾ ਹੈ ਕਿ ਜਦੋਂ ਮਨੁੱਖ ਅੰਦਰ ਰੱਬੀ ਗੁਣ ਪੈਦਾ ਹੁੰਦੇ ਹਨ ਤਾਂ ਕਰਤੇ ਰਾਹੀਂ ਬਖਸ਼ੇ ਕੇਸਾਧਾਰੀ ਸੰਪੂਰਣ ਸਰੂਪ ਨਾਲ ਉਸ ਦੀ ਸਾਂਝ ਤੇ ਪਿਆਰ ਵੀ ਆਪਣੇ ਆਪ ਵਧਦਾ ਹੈ। ਜਿਹੜੇ ਮਨੁੱਖ ਜੀਵਨ ਕਰਕੇ ਭਾਣੇ-ਰਜ਼ਾ ਦੀ ਅਵਸਥਾ ਨੂੰ ਪ੍ਰਾਪਤ ਕਰ ਲੈਂਦੇ ਹਨ, ਅਜਿਹੇ ਲੋਕਾਂ ਦੇ “ਪੰਚਾ ਕਾ ਗੁਰੁ ਏਕੁ ਧਿਆਨੁ” (ਜਪੁ ਪਉ: 16) ਅਨੁਸਾਰ ਨਾ ਗੁਰੂ ਵੱਖ ਵੱਖ ਰਹਿ ਜਾਂਦੇ ਹਨ ਤੇ ਨਾ ਪ੍ਰਭੂ ਬਖਸ਼ੇ ਮਨੁੱਖੀ ਸਰੂਪ ਲਈ ਵੀ ਉਨ੍ਹਾਂ ਅੰਦਰ ਕਿੰਤੂ-ਪ੍ਰੰਤੂ ਰਹਿ ਜਾਂਦਾ ਹੈ। ਅਜਿਹੇ ਲੋਕ ਕਿਸੇ ਸਰੀਰ, ਮੂਰਤੀ ਜਾਂ ਪੱਥਰ ਦੇ ਪੂਜਾਰੀ ਨਹੀਂ ਰਹਿ ਜਾਂਦੇ ਬਲਕਿ ਜੀਵਨ ਜਾਚ ਵਾਲਾ ਰੱਬੀ ਗਿਆਨ ਹੀ ਉਨ੍ਹ੍ਹਾਂ ਦਾ ਇਕੋ ਇੱਕ ਗੁਰੂ ਹੁੰਦਾ ਹੈ। ਇਸੇ ਤਰ੍ਹਾਂ ਰੱਬ ਜੀ ਦਾ ਬਖਸ਼ਿਆ ਮਨੁੱਖੀ ਸਰੂਪ ਹੀ ਉਨ੍ਹ੍ਹਾਂ ਦਾ ਸਰੂਪ ਹੁੰਦਾ ਹੈ ਜਿਸ `ਚ ਨਾ ਕੋਈ ਕੱਟ-ਵਢ ਹੁੰਦੀ ਹੈ ਤੇ ਨਾ ਉਨ੍ਹਾਂ ਨੂੰ ਇਸ ਦੇ ਲਈ ਕਿਸੇ ਭੇਖ ਦੀ ਲੋੜ ਹੀ ਹੁੰਦੀ ਹੈ। ਰੱਬੀ ਆਸ਼ਿਕਾਂ ਦਾ ਜੀਵਨ, ਰਹਿਨੀ, ਸੋਚਨੀ, ਸਰੂਪ ਵੱਖ ਵੱਖ ਨਹੀਂ ਰਹਿ ਜਾਂਦੇ।

ਇਸ ਇਲਾਹੀ ਸੱਚ ਨੂੰ ਪਹਿਚਾਨਣ ਲਈ ਸਾਡੇ ਕੋਲ ਵੱਡਾ ਸਬੂਤ ਹਨ, ਗੁਰਬਾਣੀ ਵਿਚਲੇ 15 ਭਗਤ ਜੋ ਸਾਰੇ ਦੇ ਸਾਰੇ ਗੁਰੂ ਨਾਨਕ ਪਾਤਸ਼ਾਹ ਤੋਂ ਬਹੁਤ ਪਹਿਲਾਂ, ਇਸ ਸੰਸਾਰ `ਚ ਆਏ। ਇਹ ਭਗਤ ਤਾਂ ਮੁਸਲਮਾਨਾਂ, ਅਖੌਤੀ ਸ਼ੂਦਰਾਂ, ਜਾਤ ਪਾਤ ਦੇ ਮੁਦਈ ਬ੍ਰਾਹਮਣਾਂ ਉਪ੍ਰੰਤ ਭਿੰਨ ਭਿੰਨ ਦੇਸ਼ਾਂ, ਪ੍ਰਾਂਤਾਂ, ਪ੍ਰਵਾਰਾਂ, ਜਾਤੀਆਂ `ਚ ਜਨਮੇ। ਫ਼ਿਰ ਵੀ ਜੀਵਨ ਸਫਲਤਾ ਦੀਆਂ ਉਚਾਈਆਂ `ਤੇ ਪੁੱਜ ਕੇ “ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ” (ਪੰ: ੬੪੬) ਅਨੁਸਾਰ ਉਨ੍ਹਾਂ ਦੀ ਜੀਵਨ ਰਹਿਣੀ, ਵਿਚਾਰਧਾਰਾ `ਚ ਵੀ ਅੰਤਰ ਨਹੀਂ ਸੀ ਰਹਿ ਚੁੱਕਾ। ਇਥੋਂ ਤੀਕ ਕਿ ਇਹ ਸਾਰੇ ਭਗਤ ਕੇਸਾਧਾਰੀ ਸਨ ਜਿਵੇਂ ਕੇਸਾਂ ਬਾਰੇ ਕਬੀਰ ਸਾਹਿਬ ਨੇ ਤਾਂ ਇਥੋਂ ਤੀਕ ਫ਼ੁਰਮਾਇਆ, “ਕਬੀਰ ਮਨੁ ਮੂੰਡਿਆ ਨਹੀ ਕੇਸ ਮੁੰਡਾਏ ਕਾਂਇ॥ ਜੋ ਕਿਛੁ ਕੀਆ ਸੋ ਮਨ ਕੀਆ ਮੂੰਡਾ ਮੂੰਡੁ ਅਜਾਂਇ” (ਪੰ: 1369) ਅਤੇ “ਬੰਕੇ ਬਾਲ ਪਾਗ ਸਿਰਿ ਡੇਰੀ॥ ਇਹੁ ਤਨੁ ਹੋਇਗੋ ਭਸਮ ਕੀ ਢੇਰੀ” (ਰਵਦਿਾਸ ਪੰ: ੬੮੦) “ਭਏ ਕੇਸ ਦੁਧਵਾਨੀ॥” (ਭੀਖਨ ਪੰ: 659) “ਕੇਸ ਜਲੇ ਜੈਸੇ ਘਾਸ ਕਾ ਪੂਲਾ” (ਕਬੀਰ ਪੰ: 870) ਸਪਸ਼ਟ ਹੈ ਅਜਿਹੀਆਂ ਮਿਸਾਲਾਂ ਕੇਸਾਧਾਰੀ ਹੀ ਦੇ ਸਕਦੇ ਹਨ, ਕੇਸਹੀਣ ਨਹੀਂ। ਇਸੇ ਸਚਾਈ ਨੂੰ ਅੱਜ ਵੀ ਸੰਸਾਰ ਪੱਧਰ `ਤੇ ਦੇਖਿਆ ਜਾ ਸਕਦਾ ਹੈ ਕਿ ਜੀਵਨ `ਚ ਜਿਉਂ ਜਿਉਂ ਉੱਚਤਾ ਆਉਂਦੀ ਹੈ ਰੱਬੀ ਸਰੂਪ ਨਾਲ ਮਨੁੱਖ ਦੀ ਸਾਂਝ ਆਪਣੇ ਆਪ ਵਧਦੀ ਜਾਂਦੀ ਹੈ। ਕੇਵਲ ਭਾਰਤ `ਚ ਹੀ ਅੱਜ ਦੇ ਸਮੇਂ, ‘ਵਿਨੋਬਾ ਭਾਵੇ’ ਜੋ ਸਿੱਖ ਤਾਂ ਨਹੀਂ ਸਨ ਪਰ ਜੀਵਨ `ਚ ਉੱਚਤਾ ਆਉਣ `ਤੇ ਸਰੂਪ ਦੀ ਸੰਭਾਲ ਵੀ ਆਪਣੇ ਆਪ ਹੀ ਹੋ ਗਈ। ਗੁਰਬਾਣੀ ਦੀ ਸਾਂਝ ਕਾਰਨ, ਜਦੋਂ ਰਬਿੰਦਰਨਾਥ ਟੈਗੋਰ ਦੇ ਜੀਵਨ `ਚ ਕੁੱਝ ਉੱਚਤਾ ਆਈ ਤਾਂ ਉਸ ਨੇ ਪਹਿਲਾ ਕੰਮ ਕੀਤਾ ਜੋ ਸ਼ੇਵ ਦਾ ਸਾਮਾਨ ਚੁੱਕ ਕੇ ਸਮੁੰਦ੍ਰ `ਚ ਸਿੱਟ ਦਿੱਤਾ।

ਖੰਡੇ ਦੀ ਪਾਹੁਲ ਤੇ ਸਿੱਖ ਧਰਮ? -ਬਾਹਰੋਂ ਸਰੂਪ, ਅੰਦਰੋਂ ਗੁਰਬਾਣੀ ਸਿੱਖਿਆ ਰਾਹੀਂ ਸੁਭਾਅ ਦੀ ਘਾੜਤ, ਇਹੀ ਹੈ ਮਨੁੱਖ ਦਾ ਮੂਲ, ਅਸਲ ਤੇ ਸੱਚਾ ਸਰੂਪ ਵੀ ਅਤੇ ਇਹੀ ਹੈ ‘ਸਿੱਖ’ ਦਾ ਜੀਵਨ ਜਾਂ ਗੁਰਬਾਣੀ-ਗੁਰੂ ਦਾ ਸਿੱਖ ਹੋਣਾ। ਆਪਣੇ ਆਪ ਸਮਝ ਆ ਜਾਂਦੀ ਹੈ ਕਿ ਸਿੱਖ ਲਈ ‘ਖੰਡੇ ਬਾਟੇ ਦੀ ਪਾਹੁਲ’ ਜ਼ਰੂਰੀ ਕਿਉਂ ਹੈ? ਖੰਡੇ ਦੀ ਪਾਹੁਲ ਦਾ ਮਕਸਦ ਹੀ-ਬਾਣੀ ਅੰਮ੍ਰਿਤ ਨੂੰ ਆਪਣਾ ਜੀਵਨ ਭੇਟ ਕਰਣਾ ਹੈ। ਉਪ੍ਰੰਤ ‘ਖੰਡੇ ਬਾਟੇ ਦੀ ਪਾਹੁਲ’ ਲੈਣ ਲਈ, ਪਹਿਲੀ ਸ਼ਰਤ ਹੀ ਹੈ ਪ੍ਰਭੂ ਬਖਸ਼ੇ ਸਰੂਪ `ਚ ਕੱਟ-ਵੱਢ ਨਹੀਂ ਕਰਣੀ। ਪ੍ਰਭੂ ਦੀ ਰਜ਼ਾ `ਚ ਮਿਲੇ ਸਰੂਪ ਦੀ ਸੰਭਾਲ ਕਰਦੇ ‘ਗੁਰੂ ਗ੍ਰੰਥ ਸਾਹਿਬ ਜੀ’ ਦੀ ਆਗਿਆ `ਚ ਜੀਵਨ ਨੂੰ ਤਿਆਰ ਕਰਣਾ। ਦੂਜੇ ਪਾਸੇ, ਜੇ ਕਿਸੇ ਸੁਆਰਥ ਵਸ, ਲੋਕਾਚਾਰੀ ਜਾਂ ਕਿਸੇ ਹੋਰ ਕਾਰਨ ‘ਗੁਰੂ ਗ੍ਰੰਥ ਸਾਹਿਬ’ ਜੀ ਨੂੰ ਗੁਰੂ ਤਾਂ ਧਾਰਨ ਕਰ ਲਿਆ ਭਾਵ ਖੰਡੇ ਦੀ ਪਾਹੁਲ ਤਾਂ ਲੈ ਲਈ ਪਰ ਗੁਰਬਾਣੀ ਆਦੇਸ਼ਾਂ `ਤੇ ਅਮਲ ਨਹੀਂ ਕੀਤਾ ਤਾਂ ਜੀਵਨ `ਚ ਸੁਧਾਰ ਆਵੇਗਾ ਕਿਵੇਂ? ਇਸ `ਚ ਦੋਸ਼ ਖੰਡੇ ਦੀ ਪਾਹੁਲ ਦਾ ਨਹੀਂ ਬਲਕਿ ਦੋਸ਼ ਹੈ ਤਾਂ ਪਾਹੁਲ ਲੈਣ ਵਾਲੇ ਦਾ। ਜਿਸ ਨੇ ਪਾਹੁਲ ਤਾਂ ਲਈ ਪਰ ਪਾਹੁਲ ਲੈਣ ਦੇ ਮਕਸਦ ਵੱਲ ਨਹੀਂ ਵਧਿਆ।

ਸੰਸਾਰ ਤੱਲ `ਤੇ ਹੀ ਦੇਖ ਲਵੀਏ, ਜੇਕਰ ਅਸਾਂ ਕੋਈ ਛੋਟੇ ਤੋਂ ਛੋਟਾ ਕੰਮ ਕਰਣਾ ਹੈ ਤਾਂ ਉਸ ਲਈ ਵੀ ਮਨ ਨੂੰ ਦ੍ਰਿੜ (Concentrated & Determined Mind) ਕਰਣਾ ਹੁੰਦਾ ਹੈ। ਮਨ ਪੱਕਾ ਕੀਤੇ ਬਿਨਾ ਤਾਂ ਮਨੁੱਖ ਦੋ ਵੱਕਤ ਦੀ ਰੋਟੀ ਵੀ ਨਹੀਂ ਕਮਾ ਸਕਦਾ। ਕਾਰ-ਵਿਹਾਰ, ਦਫ਼ਤਰ-ਸਕੂਲ ਜਾਣ ਲਈ ਵੀ ਮਨ ਨੂੰ ਪੱਕਾ ਕਰਣਾ ਪੈਂਦਾ ਹੈ। ਫਿਰ ਜੇ ਮਨੁੱਖ ਨੇ ਆਪਣੇ ਜਨਮ ਦੀ ਸੰਭਾਲ ਕਰਣੀ ਹੈ, ਇਸ ਨੂੰ ਅਉਗੁਣਾਂ-ਵਿਕਾਰਾਂ ਤੋਂ ਬਚਾਉਣਾ ਹੈ, ਸੱਚਾ-ਸੁੱਚਾ ਆਦਰਸ਼ਕ ਜੀਵਨ ਹਾਸਲ ਕਰਣਾ ਹੈ ਤਾਂ ਕੀ ਇਸ ਨੂੰ ਰੱਬੀ ‘ਸੱਚ ਧਰਮ’ ਦੇ ਰਸਤੇ ਟੋਰਣ ਲਈ ਲਗਾਮ ਦੇਣ ਦੀ ਲੋੜ ਨਹੀਂ? ਗੁਰਬਾਣੀ ਹੁਕਮਾਂ `ਤੇ ਚੱਲ ਕੇ, ਅਸੀਂ ਸੱਚੇ ਇਨਸਾਨ ਬਣਦੇ ਹਾਂ। ਗੁਰਬਾਣੀ `ਚ ਪਾਤਸ਼ਾਹ ਨੇ ਬਾਰ ਬਾਰ ਸਮਝਾਇਆ ਹੈ, ਕਿ ਮਨ ਨੂੰ ਇਸ ਤਰ੍ਹਾਂ ਬੰਨ੍ਹ੍ਹਣ ਦੀ ਲੋੜ ਹੈ, ਜਿਵੇਂ ਪਾਨੀ ਨੂੰ ਢਲਾਣ ਤੋਂ ਬਚਾਉਣ ਲਈ। ਦਰਅਸਲ `ਚਰਨਪਾਹੁਲ’ ਰਾਹੀਂ ਮਨ ਨੂੰ ਗੁਰੂ ਦੇ ਹਵਾਲੇ ਕਰਣ ਵਾਲਾ ਨਿਯਮ ਗੁਰਦੇਵ ਨੇ ਪਹਿਲੇ ਜਾਮੇ `ਚ ਹੀ ਲਾਗੂ ਕਰ ਦਿੱਤਾ ਸੀ। ਮਨੁੱਖ ਕੇਸਾਧਾਰੀ, ਕੰਘਾ ਧਾਰੀ, ਕਛਿਹਰਾਧਾਰੀ ਪਹਿਲੇ ਜਾਮੇ ਤੋਂ ਹੀ ਸੀ। ਛੇਵੇਂ ਜਾਮੇ `ਚ ਸਿੱਖ ਨੂੰ ਸ਼ਸਤ੍ਰ ਧਾਰੀ ਵੀ ਬਣਾ ਦਿੱਤਾ। ਗੁਰਦੇਵ ਨੇ ਵਿਸਾਖੀ ਸੰਨ 1699 ਨੂੰ `ਚਰਨਪਾਹੁਲ’ ਵਾਲੇ ਇਸ ਚਲਦੇ ਆ ਰਹੇ ਢੰਗ ਨੂੰ ਹੀ ਜਦੋਂ ਪੰਜ ਪਿਆਰਿਆ ਦੇ ਰੂਪ `ਚ ਪੰਥ ਦੇ ਸਪੁਰਦ ਕੀਤਾ ਤਾਂ ਇਸ ਨੂੰ ‘ਖੰਡੇ ਦੀ ਪਾਹੁਲ’ `ਚ ਬਦਲ ਦਿੱਤਾ। ਪਹਿਲਾਂ ਤੋਂ ਚਲਦੇ ਆ ਰਹੇ `ਚਰਨ ਪਾਹੁਲ’ ਵਾਲੇ ਨਿਯਮ ਅਤੇ ‘ਖੰਡੇ ਦੀ ਪਾਹੁਲ’ ਦਾ ਮਤਲਬ ਇਕੋ ਹੀ ਸੀ, ਜੀਵਨ ਨੂੰ ਗੁਰਬਾਣੀ ਦੇ ਚਰਨਾਂ ਨਾਲ ਜੋੜਣਾ ਤੇ ਸਤਿਗੁਰਾਂ ਦੇ ਆਦੇਸ਼ਾਂ ਅਨੁਸਾਰ ਸੁਆਰਣਾ।

ਸਿੱਖ ਤੇ ਕ੍ਰਿਪਾਨ- ਗੁਰੂ ਨਾਨਕ ਪਾਤਸ਼ਾਹ ਨੇ ੨੩੯ ਵਰ੍ਹੇ ਲਗਾ ਕੇ ਅਤੇ ਦਸ ਜਾਮੇ ਧਾਰਨ ਕਰਕੇ ਬਲਕਿ ਆਪਣੇ ਸਰੀਰਾਂ `ਤੇ ਅਨੇਕਾਂ ਤਸੀਹੇ ਝੱਲ ਕੇ, ਬੇਅੰਤ ਕਸ਼ਟ ਸਹਿ ਕੇ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਜੀ ਦੇ ਰੂਪ `ਚ ਜਿਸ ‘ਸੱਚ ਧਰਮ’ ਨੂੰ ਉਜਾਗਰ ਕੀਤਾ ਉਸੇ ਨੂੰ ਨਾਮ ਦਿੱਤਾ ‘ਸਿੱਖ’ ਅਥਵਾ ਸਮੂਹਿਕ ਤੌਰ `ਤੇ ‘ਸਿੱਖ ਧਰਮ’। ਸਚਮੁਚ ਇਹ ਇੱਕ ਅਜਿਹਾ ਇਲਾਹੀ ਤੇ ਅੰਤਰ-ਰਾਸ਼ਟਰੀ ‘ਸੱਚ ਧਰਮ’ ਹੈ ਜਿਸ `ਚ ਨਾ ਕੋਈ ਭੇਖ ਹੈ ਨਾ ਬਨਾਵਟ। ਫਿਰ ਇਸ ਦੇ ਪੰਜ ਕਕਾਰੀ ਸਰੂਪ `ਚ ਕੇਸ, ਕੰਘਾਂ, ਕੜਾ, ਕਛਿਹਰਾ ਤੋਂ ਇਲਾਵਾ ਕ੍ਰਿਪਾਨ ਵੀ ਹੈ। ਜਿਵੇਂ ਕਿ ਕੇਸ ਤਾਂ ਸਰੀਰ ਦਾ ਅਣਿਖੜਵਾਂ ਅੰਗ ਹੈਣ ਹੀ ਤੇ ਬਾਕੀ ਕਕਾਰ ਵੀ ਪਹਿਰਾਵੇ ਦੀ ਸੀਮਾਂ ਤੀਕ ਹੀ ਹਨ। ਇਸ ਤੋਂ ਬਾਅਦ ਕ੍ਰਿਪਾਨ ਤਾਂ ਸਰੀਰ ਦਾ ਅੰਗ ਵੀ ਨਹੀਂ ਅਤੇ ਪਹਿਰਾਵੇ ਦੀ ਸੀਮਾ `ਚ ਵੀ ਨਹੀਂ। ਇਸ ਲਈ ਕੁੱਝ ਲੋਕ ਸੁਆਲ ਕਰਦੇ ਹਨ ਕਿ ਕ੍ਰਿਪਾਨ ਸਿੱਖ ਲਈ ਜ਼ਰੂਰੀ ਕਿਉਂ ਹੈ ਅਤੇ ਕਿਸੇ ਅੰਤਰ-ਰਾਸ਼ਟਰੀ ਧਰਮ ਦੀ ਹੋਂਦ ਲਈ ਇਸ ਦਾ ਸਬੰਧ ਕੀ ਹੈ? ਸੰਖੇਪ ਉੱਤਰ ਅਤੇ ਸੱਚ ਵੀ ਇਹੀ ਹੈ ਕਿ ਕਿਸੇ ਮਨੁੱਖ ਨੂੰ ਚੰਗਾ, ਸਦਾਚਾਰੀ, ਚੰਗੇ ਸੰਸਕਾਰਾਂ ਤੇ ਉੱਚੇ ਆਚਰਣ ਵਾਲਾ ਹੋ ਕੇ ਜੀਵਨ ਜਿਊਣ ਲਈ ਵੀ ਅਨੇਕਾਂ ਰੁਕਾਵਟਾਂ ਦਾ ਸਾਹਮਣਾ ਕਰਣਾ ਹੁੰਦਾ ਹੈ। ਇਤਿਹਾਸ ਗਵਾਹ ਹੈ ਕਿ ਸੱਚ ਧਰਮ ਭਾਵ ਸਿੱਖ ਧਰਮ ਦੀ ਹੋਂਦ ਨੂੰ ਕਾਇਮ ਰੱਖਣ ਲਈ ਵੀ ਇਸ ਦੇ ਪ੍ਰਚਾਰ, ਪ੍ਰਸਾਰ ਲਈ ਸਿੱਖ ਨੂੰ ਅਨੇਕਾਂ ਆਸੁਰੀ, ਦਾਨਵੀ ਤਾਕਤਾਂ ਨਾਲ ਟਾਕਰਾ ਲੈਣਾ ਪਿਆ। ਇਤਨਾ ਹੀ ਨਹੀਂ ਬਲਕਿ ਦਸ ਪਾਤਸ਼ਾਹੀਆਂ ਤੋਂ ਬਾਅਦ ਦਾ ਸਮਾਂ ਵੀ ਸਿੱਖਾਂ ਲਈ ਇਸ ਪੱਖੋਂ ਸੌਖਾ ਨਹੀਂ ਰਿਹਾ। ਹੋਰ ਤਾਂ ਹੋ ਇਹ ਅੱਜ ਵੀ ਸੌਖਾ ਨਹੀਂ ਤੇ ਸ਼ਾਇਦ ਅਜੇ ਵੀ ਲੰਮਾਂ ਸਮਾਂ ਇਹੀ ਕੁੱਝ ਚਲੇ। ਇਹ ਗੱਲ ਠੀਕ ਉਸੇ ਤਰ੍ਹਾਂ ਹੈ ਜਿਵੇਂ ਕਿਸੇ ਪੌਦੇ ਦੀ ਪ੍ਰਫੁੱਲਤਾ ਲਈ, ਉਸ ਨੂੰ ਵਾਧੂ ਘਾਹ-ਬੂਟ ਤੋਂ ਬਚਾਅ ਕੇ ਰੱਖਣ ਦੀ ਲੋੜ ਹੁੰਦੀ ਹੈ ਅਤੇ ਉਸ ਬਿਨਾ ਪੌਦਾ ਵੱਧ ਫੁਲ ਨਹੀਂ ਸਕਦਾ। ਸੱਚ ਧਰਮ ਅਥਵਾ ਸਿੱਖ ਧਰਮ ਜਾਂ ਸਿੱਖ ਲਈ ਕ੍ਰਿਪਾਨ ਵਾਲੇ ਵਿਸ਼ੇ ਨੂੰ ਤਾਂ ਅਸੀਂ ਹੋਰ ਵੀ ਸੁਖੱਲੇ ਢੰਗ ਨਾਲ ਦੇਖ ਤੇ ਸਮਝ ਸਕਦੇ ਹਾਂ।

ਦੇਖਿਆ ਜਾਵੇ ਤਾਂ ਸੰਸਾਰ ਪੱਧਰ `ਤੇ ਇੱਕ ਵੀ ਦੇਸ਼ ਨਹੀਂ ਜੋ ਆਪਣੀ ਰੱਖਿਆ ਲਈ ਨਵੀਂ ਤੋਂ ਨਵੀਂ ਕਾਢ ਦੇ ਹਥਿਆਰ ਨਾ ਰੱਖਦਾ ਹੋਵੇ। ‘ਸੱਚ ਧਰਮ’ ਅਥਵਾ ਸਿੱਖ ਧਰਮ ਤਾਂ ਹੈ ਹੀ ਸੰਸਾਰ ਭਰ ਦੇ ਮਨੁੱਖ ਮਾਤ੍ਰ ਦਾ ਮੂਲ ਧਰਮ, ਜਿਸ ਦੀ ਰੱਖਿਆ ਦੀ ਲੋੜ ਵੀ ਸੰਸਾਰ ਭਰ `ਚ ਹੈ ਤੇ ਰਵੇਗੀ ਵੀ। ਵਿਸ਼ੇਸ਼ਤਾ ਇਹ, ਕਿ ਸਿੱਖ ਦਾ ਸ਼ਸਤ੍ਰ ਵੀ ਗੁਰਬਾਣੀ ਰਾਹੀਂ ਬਖਸ਼ੀ ਵਿਚਾਰਧਾਰਾ ਤੇ ਗਿਆਨ ਖਡਗ `ਤੇ ਹੀ ਆਧਾਰਤ ਹੈ। ਕਿਸੇ ਨਾਲ ਜ਼ੁਲਮ ਧੱਕਾ ਕਰਣ ਲਈ ਨਹੀਂ। ਕ੍ਰਿਪਾਨ ਵਾਲਾ ਲਫ਼ਜ਼ ਪਾਤਸ਼ਾਹ ਨੇ ਦੋ ਲਫ਼ਜ਼ਾਂ ਦੀ ਸੰਧੀ ਤੋਂ ਬਖਸ਼ਿਆ ਹੈ ਤੇ ਇਹ ਦੋ ਲਫ਼ਜ਼ ਹਨ ਕ੍ਰਿਪਾ+ਆਨ। ਸੱਚਾਈ ਹੈ ਕਿ ਇਸ ਸ਼ਸਤ੍ਰ ਲਈ ਤਾਂ ਪਹਿਲਾਂ ਤੋਂ ਹੀ ਕਈ ਨਾਮ ਪ੍ਰਚਲਤ ਸਨ ਤਲਵਾਰ, ਖਡਗ, ਸ਼ਮਸ਼ੀਰ ਆਦਿ ਇਸੇ ਨੂੰ ਹੀ ਕਿਹਾ ਜਾਂਦਾ ਸੀ ਤਾਂ ਤੇ ਗੁਰਦੇਵ ਨੂੰ ਇਸ ਦੇ ਲਈ ਇਹ ਨਵਾਂ ਲਫ਼ਜ਼ ਕ੍ਰਿ੍ਰਪਾਣ ਦੇਣ ਦੀ ਲੋੜ ਹੀ ਨਹੀਂ ਸੀ।

ਕ੍ਰਿ੍ਰਪਾਨ ਤੋਂ ਸਿੱਖ ਨੂੰ ਹਰ ਸਮੇਂ ਚੇਤਾਵਨੀ ਹੈ ਕਿ ਉਸ ਰਾਹੀਂ ਵਰਤੇ ਜਾ ਰਹੇ ਹਥਿਆਰਾਂ ਦੀ ਇੱਕ ਸੀਮਾ ਹੈ ਤੇ ਉਹ ਸੀਮਾ ਹੈ ‘ਕ੍ਰਿਪਾ+ਆਨ’। ਭਾਵ ਇਹ ਕਿ ਸਿੱਖ ਭਾਵੇਂ ਨਵੀਂ ਤੋਂ ਨਵੀਂ ਕਾਢ ਦੇ ਅਸਤ੍ਰ-ਸ਼ਸਤ੍ਰ ਵੀ ਕਿਉਂ ਨਾ ਵਰਤੇ ਪਰ ਉਸ ਦੇ ਹਥਿਆਰਾਂ ਦੀ ਵਰਤੋਂ ਮਜ਼ਲੂਮ ਕਮਜ਼ੋਰ ਦੀ ਰਖਿਆ ਭਾਵ ਦੂਜਿਆਂ `ਤੇ ਕ੍ਰਿਪਾ ਲਈ ਹੋਣੀ ਹੈ। ਦੂਜਾ, ਗੁਰਬਾਣੀ ਰਾਹੀਂ ਬਖਸ਼ੇ ਸਿੱਖੀ ਜੀਵਨ ਭਾਵ ‘ਸੱਚ ਧਰਮ’ ਦੀ ਆਨ ਤੇ ਸ਼ਾਨ ਨੂੰ ਕਾਇਮ ਰੱਖਣ ਤੇ ਇਸ ‘ਸੱਚ ਧਰਮ’ ਦੀ ਰਾਖੀ ਲਈ, ਇਸ ਦਾਇਰੇ ਤੋਂ ਬਾਹਿਰ ਜਾ ਕੇ ਸਿੱਖ ਨੇ ਹਥਿਆਰਾਂ ਦੀ ਵਰਤੋਂ ਨਹੀਂ ਕਰਣੀ। ਇਸ ਲਈ ਸਿੱਖ ਰਾਹੀਂ ਹਥਿਆਰਾਂ ਦੀ ਵਰਤੋਂ ਤਾਂ ਸੰਸਾਰ ਭਰ ਦੇ ਮਨੁੱਖ ਮਾਤ੍ਰ ਲਈ ਹਥਿਆਰਾਂ ਨਾਲੋਂ ਵੱਧ, ਮਨੁੱਖ ਸਮਾਜ ਲਈ ਵਰਦਾਨ ਵੀ ਹੈ। ਸਿੱਖ ਦੇ ਹਥਿਆਰ, ਰੱਬੀ ਰਜ਼ਾ `ਚ ਜੀਵਨ ਜੀਉਣ ਲਈ ਸਹਾਇਕ ਹਨ, ਘਾਤਕ ਜਾਂ ਦੂਜਿਆਂ ਨਾਲ ਜ਼ੁਲਮ ਧੱਕਾ ਕਰਣ ਲਈ ਨਹੀਂ। ਜੇਕਰ ਸਾਰਾ ਸੰਸਾਰ ਵੀ ਕਦੇ ‘ਸੱਚ ਧਰਮ’ ਅਥਵਾ ਗੁਰਬਾਣੀ ਜੀਵਨ ਜਾਚ ਨਾਲ ਜੁੜ ਜਾਵੇ ਤਾਂ ਇਸ ਨਾਲ ਹਥਿਆਰਾਂ ਦੀ ਲੋੜ ਘੱਟ ਤਾਂ ਸਕਦੀ ਹੈ ਪਰ ਮੁੱਕੇਗੀ ਫਿਰ ਵੀ ਨਹੀਂ।

ਸਿਖ ਧਰਮ ਅੰਤ੍ਰਰਾਸ਼ਟਰੀ ਧਰਮ ਤਾਂ ਹੈ ਪਰ ਅਸੀਂ ਕਿੱਥੇ ਖੜੇ ਹਾਂ? - ਹੁਣ ਤੀਕ ਦੀ ਵਿਚਾਰ ਤੋਂ ਇਹ ਗੱਲ ਛੁਪੀ ਗੁੱਝੀ ਨਹੀਂ ਰਹਿ ਜਾਂਦੀ ਕਿ ਸਿੱਖ ਧਰਮ ਹੀ ਪੂਰੇ ਸੰਸਾਰ ਦੇ ਮਨੁੱਖ ਮਾਤ੍ਰ ਲਈ ਇਕੋ ਇੱਕ ਇਲਾਹੀ ਤੇ ਸੱਚ ਧਰਮ ਹੈ। ਬਲਕਿ ਸਚਾਈ ਇਹ ਵੀ ਹੈ ਕਿ ਕੇਵਲ ਅੱਜ ਤੋਂ ਹੀ ਨਹੀਂ ਬਲਕਿ ਆਦਿ ਕਾਲ ਤੋਂ ਜਦ ਤੋਂ ਮਨੁੱਖ ਦੀ ਹੋਂਦ ਹੈ ਮਨੁੱਖ ਦਾ ਮੂਲ ਧਰਮ ਹੀ ਇਹੀ ਹੈ ਜਿਸ ਨੂੰ ਕਿ ਮਨੁੱਖ ਲੰਮੇਂ ਸਮੇਂ ਤੋਂ ਵਿਸਾਰ ਚੁੱਕਾ ਸੀ। ਇਸੇ ਲਈ ਇਸ ਦਾ ਅੰਤਰ-ਰਾਸ਼ਟਰੀ (International) ਮਹੱਤਵ ਵੀ ਹੈ। ਦੁਨੀਆਂ ਪੱਧਰ ਦੇ ਜਿਸ ਵਿਦਵਾਨ ਨੇ ਵੀ ਸਿੱਖ ਧਰਮ ਨੂੰ ਘੋਖਿਆ, ਇਸੇ ਸਿੱਟੇ `ਤੇ ਪੁੱਜਾ ਕਿ ਇਹ ਧਰਮ, ਜੁੱਗ-ਜੁੱਗ ਲਈ ਸੰਸਾਰ ਭਰ ਦੇ ਮਨੁੱਖਾਂ ਦਾ ਧਰਮ (Universal World Faith or Religion for the whole Mankind ) ਇਕੋ ਇੱਕ ਹੈ, ਇਹ ਧਰਮ ਵੱਕਤੀ ਜਾਂ ਖੇਤ੍ਰੀ ਧਰਮ ਨਹੀਂ। ਇਹੀ ਕਾਰਨ ਹੈ, ਕਿ ਪਾਤਸ਼ਾਹ ਨੇ ਇਸ ਦੀ ਬਾਹਰ ਮੁਖੀ ਰਹਿਨੀ ਨੂੰ ਕਿਸੇ ਛੋਟੇ ਦਾਇਰੇ, ਪਹਿਰਾਵੇ ਜਾਂ ਸੋਚਣੀ-ਰਹਿਣੀ `ਚ ਨਹੀਂ ਬੰਨ੍ਹਿਆ। ਸਾਰਾ ਜ਼ੋਰ ਗੁਰਬਾਣੀ ਆਦੇਸ਼ਾਂ-ਸਿੱਖਿਆ ਤੇ ਸੋਝੀ ਅਨੁਸਾਰ ਜੀਵਨ ਜੀਅ ਕੇ ਅੰਤਰਮੁਖੀ ਉੱਚੇ ਆਚਰਣ `ਤੇ ਹੀ ਲਗਾਇਆ ਹੈ। ਬਾਹਰਮੁਖੀ ਧਾਰਮਿਕ ਰਹਿਣੀ ਲਈ ਤਾਕੀਦ ਕੇਵਲ ਉਨੀਂ ਕੀਤੀ ਹੈ ਜਿਸ ਦਾ ਤੁਅੱਲਕ ਕੇਵਲ ਸਰੂਪ ਦੀ ਸੰਭਾਲ, ਸਿੱਖ ਲਹਿਰ ਦੀ ਪਹਿਚਾਣ ਤੇ ਸਮੂਚੇ ਤੌਰ `ਤੇ ਪੰਥਕ ਰਾਖੀ ਨਾਲ ਹੈ। ਕਿਉਂਕਿ ਮਨੁੱਖ ਦਾ ਆਚਰਣ ਜਦੋਂ ਕਰਤੇ ਦੀ ਰਜ਼ਾ `ਚ ਤਿਆਰ ਹੁੰਦਾ ਹੈ ਤਾਂ ਉਸ `ਚੋਂ ਸਰੂਪ ਵਾਲਾ ਪ੍ਰਗਟਾਵਾ ਤਾ ਆਪਣੇ ਆਪ ਹੀ ਹੋ ਜਾਂਦਾ ਹੈ। ਇਸ ਤਰ੍ਹਾਂ ਕੇਸਾਂ ਦਾੜ੍ਹੀ ਆਦਿ ਦੀ ਕੱਟ-ਵੱਢ ਜਾਂ ਦੂਜੇ ਬਨਾਵਟੀ ਭੇਖ ਆਪਣੇ ਆਪ ਹੀ ਇਸ ਦਾ ਪਿੱਛਾ ਛੱਡ ਜਾਂਦੇ ਹਨ।

ਮੂਲ ਪੰਜ ਕਕਾਰੀ ਸਰੂਪ ਤੋਂ ਬਾਅਦ, ਬਾਕੀ ਸਭ ਪਹਿਰਾਵਾ-ਰਹਿਣੀ ਤਾਂ ਪਾਤਸ਼ਾਹ ਨੇ ਸਮੇਂ, ਸਥਾਨ, ਸਮਾਜ, ਦੇਸ਼ ਦੇ ਚਲਣ `ਤੇ ਛੱਡਿਆ ਹੈ, ਉਸ ਨੂੰ ਸੀਮਤ ਨਹੀਂ ਕੀਤਾ। ਇਸ ਦੇ ਉਲਟ ਅੱਜ ਨਾ ਸਾਨੂੰ ਇਸ ਦੇ ਅੰਤਰ-ਰਾਸ਼ਟਰੀ ਮਹੱਤਵ ਦੀ ਸਮਝ ਆਈ ਹੈ ਤੇ ਨਾ ਅੰਤਰ-ਰਾਸ਼ਟਰ ਪੱਧਰ ਦੀਆਂ ਖੁੱਲ੍ਹਾਂ-ਪਾਬੰਦੀਆਂ ਬਾਰੇ ਹੀ ਸਮਝ ਸਕੇ ਹਾਂ। ਗੁਰਬਾਣੀ ਸੋਝੀ ਨਾਲ ਤਾਂ ਅਸਾਂ ਜੀਵਨ ਦੀ ਕੀ ਸੰਭਾਲ ਕਰਣੀ ਸੀ, ਜਦਕਿ ਇਸ ਸਾਰੇ ਦੇ ਉਲਟ ਅੱਜ ਸਾਡੀ ਹਾਲਤ ਤਾਂ ਇਹ ਬਣ ਚੁੱਕੀ ਹੈ ਕਿ ਅਸੀਂ ਅਜੇ ਤੀਕ ਟਾਈ-ਸਾੜ੍ਹੀ ਤੇ ਬੱਝੀ-ਖੁੱਲ੍ਹੀ ਦਾੜ੍ਹੀ ਦੀ ਸੋਚਣੀ `ਚੋਂ ਹੀ ਬਾਹਿਰ ਨਹੀਂ ਆ ਸਕੇ। ਸੰਸਾਰ ਪੱਧਰ ਦੀ ਗੱਲ ਹੋਵੇ ਤਾਂ ਛੋਟੀਆਂ ਛੋਟੀਆਂ ਹੱਦ ਬੰਦੀਆਂ, ਮਨੁੱਖ ਦਾ ਰਸਤਾ ਨਹੀਂ ਰੋਕਦੀਆਂ। ਇਹੀ ਕਾਰਨ ਹੈ ਕਿ ਪਾਤਸ਼ਾਹ ਨੇ ਸਰੂਪ ਪੱਖੋਂ ਸਾਨੂੰ ਪੰਜ ਕਕਾਰੀ ਰਹਿਤ ਤੀਕ ਪੱਕਾ ਕੀਤਾ ਹੈ ਅਤੇ ਰਹਿਣੀ ਪੱਖੋਂ ਗੁਰਬਾਣੀ ਆਦੇਸ਼ਾਂ-ਸਿੱਖਿਆ `ਚ ਜੀਵਨ ਦੀ ਸੰਭਾਲ; ਇਸ ਤੋਂ ਵੱਧ ਕੁੱਝ ਨਹੀਂ। ਇਸ ਦੇ ਉਲਟ ਉਂਝ ਵੀ ਇਹ ਠੀਕ ਹੈ ਕਿ ਜੇਕਰ ਕਿਸੇ ਅੰਤਰ-ਰਾਸ਼ਟਰੀ ਵਿਚਾਰਧਾਰਾ ਨੂੰ ਛੋਟੀਆਂ-ਛੋਟੀਆਂ ਹੱਦਬੰਦੀਆਂ `ਚ ਬੰਨ੍ਹ੍ਹਣ ਦਾ ਯਤਨ ਕੀਤਾ ਜਾਵੇ ਤਾਂ ਉਸ ਦਾ ਫੈਲਾਅ ਹੀ ਰੁੱਕ ਜਾਂਦਾ ਹੈ। ਦੇਖਿਆ ਜਾਵੇ ਤਾਂ ਅੱਜ ਇਹੀ ਗੱਲ ਸਿੱਖ ਕੌਮ ਨਾਲ ਵਾਪਰ ਰਹੀ ਹੈ। ਮਹਿਸੂਸ ਹੁੰਦਾ ਹੈ ਕਿ ਅੱਜ ਸ਼ਾਇਦ ਅਸਾਂ ਆਪਣੇ ਆਪ ਨੂੰ ਗੁਰੂ ਸਾਹਿਬ ਤੋਂ ਵੀ ਵੱਧ ਸਿਆਣਾ ਸਮਝ ਲਿਆ ਹੈ। ਆਪਣੇ ਆਸ ਪਾਸ ਫੈਲੇ ਇਲਾਕਾਈ ਤੇ ਦੇਸ਼ ਪੱਧਰ ਦੇ ਖੇਤ੍ਰੀ ਧਰਮਾਂ ਦੀ ਤਰ੍ਹਾਂ, ਸਿੱਖ ਧਰਮ ਨੂੰ ਵੀ ਸੰਕੁਚਿਤ ਕਰਣ `ਚ ਹੀ ਰੁੱਝੇ ਹਾਂ। ਕਿਸੇ ਨੇ ਸੱਚ ਕਿਹਾ ਹੈ “ਦੁਨੀਆਂ ਚੰਨ `ਤੇ ਪੁੱਜ ਚੁੱਕੀ ਹੈ ਪਰ ਅਜੋਕਾ ਸਿੱਖ ਅਜੇ ਬੱਕਰੇ ਦੀ ਪੂੰਛ ਪਕੜ ਕੇ ਹੀ ਖੜਾ ਹੈ” ਪਤਾ ਨਹੀਂ ਪਾਤਸ਼ਾਹ ਰਾਹੀਂ ਬਖਸ਼ੀ ਆਪਣੀ ਅਸਲੀਅਤ ਨੂੰ ਇਹ ਕਦੋਂ ਤੇ ਕਿਵੇਂ ਸਮਝੇਗਾ? #183s010.02s010#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਨਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 183

ਅੰਤ੍ਰਰਾਸ਼ਟਰੀ ਧਰਮ ਹੈ, ਸਿੱਖ ਧਰਮ

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org
.