.

ਦਮਦਮੀ ਟਕਸਾਲ ਦੇ ਪ੍ਰਵਾਨਤ 25 ਬ੍ਰਾਹਮਣਾਂ ਵਾਲਾ ਅਖੰਡ ਪਾਠ

ਮ: ੩।।

ਅੰਤਰਿ ਕਪਟੁ ਭਗਉਤੀ ਕਹਾਏ ॥ ਪਾਖੰਡਿ ਪਾਰਬ੍ਰਹਮੁ ਕਦੇ ਨ ਪਾਏ ॥ ਪਰ ਨਿੰਦਾ ਕਰੇ ਅੰਤਰਿ ਮਲੁ ਲਾਏ ॥ ਬਾਹਰਿ ਮਲੁ ਧੋਵੈ ਮਨ ਕੀ ਜੂਠਿ ਨ ਜਾਏ ॥ ਸਤਸੰਗਤਿ ਸਿਉ ਬਾਦੁ ਰਚਾਏ ॥ ਅਨਦਿਨੁ ਦੁਖੀਆ ਦੂਜੈ ਭਾਇ ਰਚਾਏ ॥ ਹਰਿ ਨਾਮੁ ਨ ਚੇਤੈ ਬਹੁ ਕਰਮ ਕਮਾਏ ॥ ਪੂਰਬ ਲਿਖਿਆ ਸੁ ਮੇਟਣਾ ਨ ਜਾਏ ॥ ਨਾਨਕ ਬਿਨੁ ਸਤਿਗੁਰ ਸੇਵੇ ਮੋਖੁ ਨ ਪਾਏ ॥੩॥ {ਪੰਨਾ 88}
20 ਵਰੇ ਦੀ ਉਮਰ ਵਿੱਚ ਸੰਨ 2000 ਨੂੰ ਖੰਡੇ ਦੀ ਪਾਹੁਲ ਪ੍ਰਾਪਤ ਕੀਤੀ ਸੀ, ਇੱਕ ਸਿੰਘ ਨੇ ਬੜੀ ਪ੍ਰੇਰਨਾ ਦਿੱਤੀ ਸੀ ਤੇ ਮੇਰੇ ਮਨ ਵਿੱਚ ਉਨਾਂ ਦੀ ਬਹੁਤ ਇੱਜ਼ਤ ਸੀ ਤੇ ਅੱਜ ਵੀ ਹੈ। ਥੋੜੇ ਸਮੇਂ ਬਾਅਦ ਉਨਾਂ ਦਾ ਸੁਨੇਹਾ ਆਇਆ ਕਿ ਓਲੀਵਰ, ਬੀ. ਸੀ. (ਕਨੇਡਾ) ਵਿਖੇ ਕਿਸੇ ਪਰਵਾਰ ਨੇ ਅਖੰਡ ਪਾਠ ਦੀ ਸੇਵਾ ਕਰਵਾਉਣੀ ਹੈ ਤੇ 25 ਸਿੰਘ ਇਸ ਸੇਵਾ ਲਈ ਚਾਹੀਦੇ ਹਨ। ਸਾਨੂੰ ਇਸ 25 ਸਿੰਘਾਂ ਵਾਲੇ ਅਖੰਡ ਪਾਠ ਬਾਰੇ ਥੋੜੀ-ਥੋੜੀ ਜਾਣਕਾਰੀ ਸੀ, ਮਨ ਬਣਾਇਆ ਕਿ ਹੋਰ ਜਾਣਕਾਰੀ ਪ੍ਰਾਪਤ ਕੀਤੀ ਜਾਵੇ। ਮੈ ਅਤੇ ਕਲੋਨੇ ਦੇ ਰਹਿਣ ਵਾਲੇ ਬੜੇ ਖੁੱਲੇ ਵਿਚਾਰਾਂ ਦੇ ਭਾਈ ਸੁਰਿੰਦਰ ਸਿੰਘ ਇਸ ਸੇਵਾ ਲਈ ਪਹੁੰਚ ਗਏ, ਓਥੇ ਪਹੁੰਚਕੇ ਇੱਕ ਨਵੇਂ ਢੰਗ ਦੀ ਗੁਰਮਤਿ (ਅਖੌਤੀ) ਵੇਖਕੇ ਅਸੀਂ ਹੈਰਾਨ ਹੋ ਗਏ।
25 ਸਿੰਘਾਂ ਦੀਆਂ ਡਿਊਟੀਆਂ ਹੇਠ ਲਿਖੇ ਅਨੁਸਾਰ ਸਨ:-
5 ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠੀ
5 ਜਪੁਜੀ ਸਾਹਿਬ ਦੀ ਪੋਥੀ ਦੇ ਪਾਠੀ
5 ਦੇਗ ਅਤੇ ਧੂਫ (ਹਵਨ ਸਮੱਗਰੀ) ਲਈ
5 ਨੰਗੀੰ ਕਿਰਪਾਨ ਵਾਲੇ ਪਹਿਰੇਦਾਰ
5 ਲੰਗਰ ਤਿਆਰ ਕਰਨ ਲਈ
ਸਾਰੇ ਸਿੰਘਾਂ ਨੇ ਹਰ ਵਾਰ ਡਿਊਟੀ ਸ਼ੁਰੂ ਤੋਂ ਪਹਿਲਾਂ ਕੇਸੀ ਇਸ਼ਨਾਨ ਕਰਨਾ ਸੀ। ਪਾਠੀਆਂ ਤੋ ਬਿਨਾਂ ਸਾਰੇ ਸਿੰਘਾਂ ਨੇ ਸਵਾਸ-ਸਵਾਸ ਵਾਹਿਗੁਰੂ ਜਾਪ ਕਰਨਾ ਸੀ। ਬੀਬੀਆਂ ਇਸ ਸਮੁੱਚੀ ਸੇਵਾ ਤੋਂ ਦੂਰ ਰੱਖੀਆਂ ਗਈਆਂ ਸੀ, ਲੰਗਰ ਤੋਂ ਵੀ, ਪਰ ਜਿਹੜੇ ਪਕੌੜੇ ਤੇ ਚਾਹ ਛਕਕੇ ਸਿੰਘਾਂ ਨੇ ਅਖੰਡ ਪਾਠ ਸ਼ੁਰੂ ਕੀਤਾ ਉਹ ਬੀਬੀਆਂ ਨੇ ਹੀ ਤਿਆਰ ਕੀਤੇ ਸਨ ਤੇ ਸਿੰਘਾਂ ਦੇ ਕੱਪੜੇ ਵੀ ਤਿੰਨ ਦਿਨ ਬੀਬੀਆਂ ਨੇ ਹੀ ਧੋਣੇ ਸੀ।
ਸਭ ਤੋਂ ਪਹਿਲਾਂ ਸਾਹਿਬ ਸਿੰਘ ਕਥਾਵਾਚਕ (ਅੱਜਕੱਲ ਇਹ ਨਾਨਕਸਰ ਵਾਲੇ ਬੁਲੰਦਪੁਰੀ ਸਾਧ ਦਾ ਪ੍ਰਚਾਰਕ ਹੈ) ਨਾਲ ਮਿਲਾਪ ਹੋਇਆ, ਅੰਦਰ ਗਏ ਤਾਂ ਦੇਖਿਆ ਗੁਰੂ ਸਾਹਿਬਾਨਾਂ ਦੀਆਂ ਵੱਡ ਆਕਾਰੀ ਤਸਵੀਰਾਂ ਅਖੰਡ ਪਾਠ ਵਾਲੇ ਕਮਰੇ ਵਿੱਚ ਲੱਗੀਆਂ ਸਨ, ਸਾਹਿਬ ਸਿੰਘ ਦਾ ਧਿਆਨ ਤਸਵੀਰਾਂ ਵੱਲ ਦਿਵਾਇਆ ਤਾਂ ਪੁਜਾਰੀ ਸੁਰ ਵਾਲਾ ਢਿੱਲਾ ਜਿਹਾ ਜੁਆਬ ਮਿਲਿਆ। ਭਾਈ ਸੁਰਿਦਰ ਸਿੰਘ ਕਹਿਣ ਲੱਗੇ ਕਿ ਤੁਹਾਡੇ ਵਰਗੇ ਟੁੱਕੜਬੋਚ ਪ੍ਰਚਾਰਕਾਂ ਕਰਕੇ ਹੀ ਸਿੱਖ ਧਰਮ ਦਾ ਬੁਰਾ ਹਾਲ ਹੈ। ਟਕਸਾਲ ਦੇ ਇੱਕ ਮੁਖੀ ਗੁਰਬਚਨ ਸਿੰਘ ਗੁਰਬਾਣੀ ਪਾਠ ਦਰਪਣ ਵਿੱਚ ਅਖੰਡ ਪਾਠ ਵਾਲੇ ਕਮਰੇ ਵਿੱਚ ਗੁਰੂ ਸਾਹਿਬ ਅਤੇ ਭਗਤਾਂ ਦੀਆਂ ਤਸਵੀਰਾਂ ਲਾਉਣ ਨੂੰ ਮਰਯਾਦਾ ਦੱਸਦੇ ਹਨ ਪਰ ਬੜੀ ਹਾਸੋਹੀਣੀ ਗੱਲ ਹੈ ਕਿ 14ਵਾਂ ਮੁਖੀ ਜਰਨੈਲ ਸਿੰਘ ਮੰਜੀ ਸਾਹਿਬ ਤੋਂ ਕੀਤੇ ਭਾਸ਼ਣਾਂ ਵਿੱਚ ਤਸਵੀਰਾਂ ਦਾ ਵਿਰੋਧ ਕਰਦੇ ਹਨ। ਟਕਸਾਲ ਦਾ ਹਵਾਲਾ ਇਸ ਕਰਕੇ ਦਿੱਤਾ ਹੈ ਕਿਉਂਕਿ 25 ਵਿਚੋਂ ਬਹੁਤੇ ਟਕਸਾਲੀ ਹੀ ਅਖਵਉਦੇਂ ਸਨ ਤੇ ਇਨਾਂ ਸਰੀ, ਕਨੇਡਾ ਵਿੱਚ ਸੁੰਦਰ ਸਿੰਘ ਭਿੰਡਰਾਂ ਵਾਲੇ ਦੀ ਯਾਦਗਾਰ ਵੀ ਬਣਾਈ ਹੋਈ ਹੈ ਤੇ ਦਾਸ ਨੇ ਖੰਡੇ ਦੀ ਪਾਹੁਲ ਵੀ ਇਨਾਂ ਦੇ ਜੱਥੇ ਤੋਂ ਲਈ ਸੀ। ਮੈ ਵੀ ਚੋਲਾ ਪਹਿਨਦਾ ਤੇ ਦੁਮਾਲਾ ਬੰਨਦਾ ਹਾਂ (ਖਾਸ ਪਹਿਰਾਵਾ ਸਮਝਕੇ ਨਹੀਂ) ਪਰ ਮੇਰੇ ਚੋਲੇ ਨਾਲ ਪਜਾਮਾ ਪਾਇਆ ਦੇਖਕੇ ਉਨਾਂ ਦੇ ਰਾਸ ਨਾ ਆਇਆ ਤੇ ਮੈ ਸਾਰਾ ਤਮਾਸ਼ਾ ਦੇਖਣਾ ਚਾਹੁੰਦਾ ਸੀ ਇਸ ਲਈ ਪਜਾਮੇ ਤੋਂ ਬਗੈਰ ਟਕਸਾਲੀ ਚੋਲਾ ਪਹਿਨ ਲਿਆ। ਦੁਮਾਲੇ ਦੀ ਥਾਂ ਗੋਲ ਦਸਤਾਰ ਚਾਹੁੰਦੇ ਸੀ ਪਰ ਮੈ ਉਹ ਨਾ ਬਦਲਿਆ ਤੇ ਪਹਿਲੀ ਪਹਿਰੇਦਾਰ ਦੀ ਡਿਊਟੀ ਤੇ ਹੱਥ ਵਿੱਚ ਨੰਗੀ ਕਿਰਪਾਨ ਫੜਕੇ ਗੁਰੂ ਗ੍ਰੰਥ ਸਾਹਿਬ ਜੀ ਤੋਂ 5 ਕੁ ਫੁੱਟ ਦੀ ਦੂਰੀ ਤੇ ਦਰਵਾਜ਼ੇ ਵਿੱਚ ਖੜ ਗਿਆ। ਸਪੀਕਰ ਵਿੱਚ ਪਾਠ ਚੱਲ ਰਿਹਾ ਸੀ, ਸਾਰੇ ਘਰ ਵਿੱਚ ਅਜੀਬ ਜਿਹੀ ਘਬਰਾਹਟ ਤੇ ਚੁੱਪ ਸੀ ਤਾਂਕਿ ਕੋਈ ਗਲਤੀ ਨਾ ਹੋ ਜਾਵੇ। ਜੇ ਕੋਈ ਮੋਨਾ ਵੀਰ ਮੱਥਾ ਟੇਕਣ ਆਉਦਾਂ ਤਾਂ ਉਸਦੇ ਮੂੰਹ ਤੇ ਗੁਰੂ ਸਾਹਿਬ ਨੂੰ ਮੱਥਾ ਟੇਕਣ ਵਾਲੀ ਖੁਸ਼ੀ ਨਹੀਂ ਬਲਕਿ ਥਾਣੇ ਆਉਣ ਵਰਗਾ ਭੈਅ ਸੀ, ਉਹ ਵਿਚਾਰਾ ਪੱਗਾਂ ਵਾਲੇ ਬ੍ਰਹਾਮਣਾਂ ਤੋਂ ਭੈ-ਭੀਤ ਆਲੇ ਦੁਆਲੇ ਵੇਖਦਾ। 25 ਸਿੰਘਾਂ ਦੇ ਜਥੇਦਾਰ ਮੇਰੇ ਕੋਲ ਆਇਆ ਤੇ ਕਹਿਣ ਲੱਗਾ ਤੁਸੀਂ ਖੜੇ-ਖੜੇ ਮੂਲਮੰਤਰ ਵੀ ਪੜਨਾ ਹੈ ਤਾਂ ਮੈ ਕਿਹਾ ਆਪਾਂ ਅਖੰਡ ਪਾਠ ਕਰਨ ਆਏ ਹਾਂ ਜਾਂ ਮੂਲਮੰਤਰ ਪੜਨ, ਉਸਨੇ ਕਿਹਾ ਅਖੰਡ ਪਾਠ ਕਰਨ, ਮੈ ਕਿਹਾ ਫਿਰ ਮੈਨੂੰ ਅਖੰਡ ਪਾਠ ਸੁਨਣ ਦਿਓ ਕਿਉਂਕਿ ਅਖੰਡ ਪਾਠ ਸਪੀਕਰ ਵਿਚ ਉੱਚੀ ਚੱਲ ਰਿਹਾ ਸੀ। ਉਹ ਮੈਨੂੰ ਮੂਰਖ ਸਮਝਕੇ ਸਿਰ ਹਿਲਾਉਂਦਾ ਹੋਇਆ ਚਲਾ ਗਿਆ। 2 ਘੰਟੇ ਦੀ ਡਿਊਟੀ ਪੂਰੀ ਹੋ ਗਈ ਤੇ ਮੇਰੇ ਨਾਲ ਗਏ ਵੀਰ ਨੇ ਵੀ ਹੋ ਰਹੇ ਪਖੰਡ ਦਾ ਸਾਰਾ ਜਾਇਜ਼ਾ ਲੈ ਲਿਆ। ਜਿਹੜੇ ਸਿੰਘ ਨੇ ਸਾਨੂੰ ਬੁਲਾਇਆ ਸੀ ਅਸੀ ਉਸਨੂੰ ਬੇਨਤੀ ਕੀਤੀ ਕਿ ਸਾਨੂੰ ਬਖਸ਼ੋ ਅਸੀਂ ਇਸ ਗੁਰਮਤਿ ਵਿਰੋਧੀ ਕੰਮ ਵਿੱਚ ਹਿੱਸਾ ਨਹੀਂ ਲੈ ਸਕਦੇ। ਇਹ ਕਹਿਣ ਦੀ ਦੇਰ ਸੀ ਉਹ ਗੁਰਮੁਖ ਭੜਕ ਪਿਆ ਤੇ ਕਹਿਣ ਲੱਗਾ ਕਿ ਗੁਰਬਚਨ ਸਿੰਘ ਭਿੰਡਰਾਂਵਾਲੇ ਆਖਦੇ ਸੀ ਇਹ ਮਰਯਾਦਾ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਦਮਦਮਾ ਸਾਹਿਬ ਚਲਾਈ ਸੀ ਤੇ ਇਹੀ ਅਖੰਡ ਪਾਠ ਸ਼ੁੱਧ ਅਤੇ ਪ੍ਰਵਾਨ ਹੈ। ਮੈ ਪੁੱਛਿਆ ਬੀਬੀਆਂ ਇਸ ਵਿੱਚ ਕਿਉਂ ਹਿੱਸਾ ਨਹੀਂ ਲੈ ਸਕਦੀਆਂ ਤੇ ਜਿਹੜੇ ਅਖੰਡ ਪਾਠ ਬੀਬੀਆਂ ਗੁਰਦੁਵਾਰਿਆਂ ਵਿੱਚ ਕਰਦੀਆਂ ਨੇ ਕਿ ਉਹ ਪ੍ਰਵਾਨ ਨਹੀਂ। ਜੇਕਰ ਮਾਤਾ ਭਾਗ ਕੌਰ ਮੁਕਤਸਰ ਦੀ ਢਾਬ ਵਾਲੀ ਜੰਗ ਵਿੱਚ ਹਿੱਸਾ ਲੈਕੇ ਸਿੰਘਾਂ ਦੇ ਬਰਾਬਰ ਬੀਰਤਾ ਨਾਲ ਲੜ ਸਕਦੀ ਹੈ ਤਾਂ ਤਲਵੰਡੀ ਸਾਬੋ ਹੋਏ ਅਖੌਤੀ ਸ਼ੁਧ ਅਖੰਡ ਪਾਠ ਵਿੱਚ ਹਿੱਸਾ ਕਿਉਂ ਨਹੀਂਂ ਲੈ ਸਕਦੀ ਸੀ ਕਿ ਗੁਰੂ ਸਾਹਿਬ ਨੇ ਵੀ ਭੇਦਭਾਵ ਕੀਤਾ ਹੋਵੇਗਾ, ਅਸਲ ਵਿੱਚ ਇਹ ਸੰਪਰਦਾਈ ਪਖੰਡੀ ਆਪੋ ਆਪਣੀ ਮਰਯਾਦਾ ਬਣਾਕੇ ਲੋਕਾਂ ਉਤੇ ਠੋਸ ਚੁੱਕੇ ਨੇ ਤੇ ਆਮ ਲੋਕੀਂ ਭੁੱਲ ਹੋਣ ਦੇ ਡਰ ਤੋਂ ਇਨਾਂ ਦੇ ਢਿੱਡ ਭਰ ਰਹੇ ਹਨ। ਇਹ ਪਖੰਡੀ ਸਾਧ ਦਿਮਾਗ ਤੋਂ ਸੱਖਣੇ ਸਿੱਖ ਧਰਮ ਨੂੰ ਉਲਟਾ ਗੇੜਾ ਦੇ ਰਹੇ ਹਨ, ਸਾਡੇ ਦੇਖਦਿਆਂ ਇਹਨਾਂ ਦੇ ਫੈਲਾਏ ਅਖੌਤੀ ਜ਼ਾਤ-ਪਾਤ ਦੇ ਭੇਦਭਾਵ ਤੋ ਤੰਗ ਆਕੇ ਕਈਆਂ ਨੇ ਸਿੱਖ ਧਰਮ ਤੋਂ ਕਿਨਾਰਾ ਕਰ ਲਿਆ ਹੈ।
ਜਦੋਂ ਅਸੀਂ ਇਹ ਗੁਰਮਤਿ ਵਿਰੋਧੀ ਕੰਮ ਵਿਚਾਲੇ ਛੱਡਕੇ ਤੁਰਨ ਲੱਗੇ ਤਾਂ ਪਾਠ ਭੰਗ ਕਰਨ ਦਾ ਆਖਰੀ ਪੈਂਤੜਾਂ ਮਾਰ ਕੇ ਡਰ ਦਿੱਤਾ ਗਿਆ, ਅਸੀਂ ਕਿਹਾ ਕਿ ਪਾਠ ਲਈ ਤੁਹਾਡੇ ਕੋਲੇ ਪਾਠੀ ਹਨ ਤੇ ਬਾਕੀ ਦਾ ਤੁਹਾਡਾ ਪਖੰਡ ਭੰਗ ਕਰਕੇ ਸਾਨੂੰ ਬਹੁਤ ਖੁਸ਼ੀ ਹੈ। ਅਸੀਂ ਪੰਥ ਦੀ ਅਖੌਤੀ ਯੂਨੀਵਰਸਿਟੀ ਦਮਦਮੀ ਟਕਸਾਲ ਦੇ ਪੂਰਨ ਰਹਿਤੀਏ ਪਖੰਡੀਆਂ ਦਾ ਸਰਾਪ ਲੈਕੇ ਗਿਣਤੀ 25 ਤੋਂ 23 ਕਰਕੇ ਵਾਪਸ ਆ ਗਏ।
ਵਿਚਾਰਨ ਦੀ ਗੱਲ ਇਹ ਹੈ ਕਿ ਪਹਿਲਾਂ ਬ੍ਰਾਹਮਣ ਪੁਜਾਰੀ ਨੇ ਲੋਕਾਈ ਨੂੰ ਦੋਵੇਂ ਹੱਥੀਂ ਲੁੱਟਿਆ ਤੇ ਹੁਣ ਸਾਡੀ ਕੌਮ ਅਤੇ ਧਰਤੀ ਤੇ ਭਾਰ ਇਹ ਅਖੌਤੀ ਸਿੱਖ ਬ੍ਰਾਹਮਣਾਂ ਨੇ ਸਿੱਖ ਕੌਮ ਨੂੰ ਰਸਾਤਲ ਵੱਲ ਧੱਕ ਦਿੱਤਾ ਹੈ। ਗੁਰਬਾਣੀ ਨੂੰ ਜੰਤਰ-ਮੰਤਰ ਬਣਾਕੇ ਇਹ ਗੁਰੂ ਸਾਹਿਬਾਨ ਨਾਲ ਅਕ੍ਰਿਤਘਣਤਾ ਕਰ ਰਹੇ ਹਨ। ਪੰਥ ਪ੍ਰਾਵਣਤ ਮਰਯਾਦਾ ਦੀਆਂ ਧੱਜੀਆਂ ਉਡਾਉਦੇਂ ਇਹਨਾਂ ਸਾਧਾਂ ਨੂੰ ਕਦੇ ਅਕਾਲ ਤਖਤ ਤੇ ਤਲਬ ਨਹੀਂ ਕੀਤਾ ਜਾਦਾਂ, ਸ਼ਾਇਦ ਜਥੇਦਾਰਾਂ ਨੂੰ ਵੀ ਇਸ ਮਾਫੀਏ ਤੋਂ ਗੱਫੇ ਮਿਲਦੇ ਹੋਣਗੇ। ਸਾਡੀ ਕੌਮ ਦੀ ਵਡਮੁੱਲੀ ਪੂੰਜੀ ਦਾ ਉਜਾੜਾ ਬਹੁਤ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਹੈ, ਪਰ ਆਸ ਹੈ ਅੱਜ ਦਾ ਸਿੱਖ ਵਿੱਦਿਅਕ ਹੋਕੇ ਪਖੰਡੀ ਪੁਜਾਰੀ ਨੂੰ ਭਾਜੜ ਜ਼ਰੂਰ ਪਾਵੇਗਾ।
ਸਿੱਖ ਕੌਮ ਅਣਖੀਲੇ ਯੋਧਿਆਂ ਦੀ, ਸਾਨੂੰ ਠੱਗਿਆ ਸਾਧਾਂ ਪਖੰਡੀਆਂ ਨੇ
ਇੱਕੋ ਪੰਗਤੇ ਬੈਠਕੇ ਛਕਣ ਵਾਲੇ, ਅੱਜ ਲੁੱਟਿਆ ਵਰਣਾਂ ਤੇ ਵੰਡੀਆਂ ਨੇ
ਮੱਤ ਆਪਣੀ ਸਿੱਖਾਂ ਤੇ ਠੋਸ ਦਿੱਤੀ, ਝੂਠ ਵੇਚਦੇ ਚੋਰਾਂ ਦੀਆਂ ਮੰਡੀਆਂ ਨੇ
ਕਿਰਤ ਸਾਡੀ, ਮੌਜਾਂ ਸਾਧ ਲੈਦੇਂ, ਟੇਕ ਰੱਖਦੇ ‘ਕਾਲ’ ਤੇ `ਚੰਡੀਆਂ’ ਤੇ
ਸਿੱਖੀ ਰਾਹ ਸੀ ੴ ਵਾਲਾ, ਅਸੀਂ ਨਿਕਲ ਗਏ ਹੋਰਾਂ ਪਗਡੰਡੀਆਂ ਤੇ
ਮਨਦੀਪ ਸਿੰਘ ਵਰਨਨ, ਬੀ. ਸੀ. ਕਨੇਡਾ।
250-307-4894
.