.

ਗਲ ਚਲੀ ਏ ਪੰਜਾਬ ਦੇ ਮਾਹੌਲ ਨੂੰ ਮੁੜ ਵਿਗਾੜਨ ਦੀ
-ਜਸਵੰਤ ਸਿੰਘ ‘ਅਜੀਤ’

ਬੀਤੇ ਦਿਨੀਂ ਸਿੱਖਾਂ ਵਲੋਂ, ਆਪਣੇ ਵਿਰੋਧ ਨੂੰ ਨਜ਼ਰ-ਅੰਦਾਜ਼ ਕਰਦਿਆਂ ਪੰਜਾਬ ਸਰਕਾਰ ਵਲੋਂ ਆਸ਼ੂਤੋਸ਼ ਨੂੰ ਲੁਧਿਆਣਾ ਵਿਖੇ ਸਮਾਗਮ ਕਰਨ ਦੀ ਇਜਾਜ਼ਤ ਦਿਤੇ ਜਾਣ ਦੇ ਵਿਰੁਧ ਕੀਤੇ ਰੋਸ-ਪ੍ਰਦਰਸ਼ਨ ਪੁਰ, ਪੰਜਾਬ ਪੁਲਿਸ ਵਲੋਂ ਬਿਨਾਂ ਚਿਤਾਵਨੀ ਦੇਣ ਦੇ ਹੀ ਪਹਿਲੇ ਹਥਿਆਰ ਵਜੋਂ ਗੋਲੀ ਚਲਾਏ ਜਾਣ ਦੇ ਫ਼ਲਸਰੂਪ ਵਾਪਰੇ ਲੁਧਿਆਣਾ-ਕਾਂਡ ਦੇ ਬਾਅਦ ਸਭ ਤੋਂ ਪਹਿਲਾਂ ਪੰਜਾਬ ਦੇ ਮੁਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਪਤ੍ਰਕਾਰਾਂ ਦੇ ਨਾਲ ਗਲਬਾਤ ਕਰਦਿਆਂ, ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਦਿੱਲੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪੁਰ ਇਹ ਦੋਸ਼ ਲਾਇਆ ਗਿਆ ਕਿ ਉਹ ਸਰਕਾਰ-ਵਿਰੋਧੀ ਅਨਸਰ ਨੂੰ ਉਤਸਾਹਿਤ ਕਰ ਕੇ ਪੰਜਾਬ ਦੇ ਮਾਹੌਲ ਨੂੰ ਖ਼ਰਾਬ ਕਰ ਰਹੇ ਹਨ। ਉਨ੍ਹਾਂ ਤੋਂ ਤੁਰੰਤ ਬਾਅਦ ਹੀ ਪੰਜਾਬ ਕਾਂਗ੍ਰਸ ਵਿਧਾਇਕ ਪਾਰਟੀ ਦੀ ਨੇਤਾ ਬੀਬੀ ਰਾਜਿੰਦਰ ਕੌਰ ਭੱਠਲ ਨੇ ਵੀ ਇਹੀ ਦੋਸ਼ ਸ. ਸਰਨਾ ਪੁਰ ਲਾਇਆ ਅਤੇ ਕਿਹਾ ਕਿ ਸ. ਸਰਨਾ ਕਟੜ-ਪੰਥੀਆਂ ਦਾ ਪੱਖ ਪੂਰ ਕੇ ਪੰਜਾਬ ਨੂੰ ਮੁੜ ਸੰਤਾਪ ਦੀਆਂ ਗਲੀਆਂ ਵਿੱਚ ਧੱਕ ਰਹੇ ਹਨ। ਇਸਤੋਂ ਬਾਅਦ ਕਥਤ ਅੱਤਵਾਦ ਵਿਰੋਧੀ ਫਰੰਟ ਦੇ ਮੁਖੀ ਸ. ਐਮ ਐਸ ਬਿੱਟਾ, ਜੋ ਅਜਿਹੇ ਬਿਆਨਾਂ ਦਾ ਹੀ ਖੱਟਿਆ ਖਾ ਰਹੇ ਹਨ, ਕਿਵੇਂ ਪਿਛੇ ਰਹਿ ਜਾਂਦੇ, ਉਨ੍ਹਾਂ ਨੇ ਵੀ ਸ. ਸਰਨਾ ਪੁਰ ਦੋਸ਼ ਲਾਇਆ ਕਿ ਉਹ ਅੱਤਵਾਦੀਆਂ ਦਾ ਸਾਥ ਦੇ ਕੇ ਪੰਜਾਬ ਦਾ ਮਾਹੌਲ ਵਿਗਾੜ ਕਰ ਰਹੇ ਹਨ।
ਜੇ ਇਨ੍ਹਾਂ ਤਿੰਨਾਂ ਬਿਆਨਾਂ ਦੀ ਤੁਲਨਾ ਕੀਤੀ ਜਾਏ ਤਾਂ ਇਊਂ ਜਾਪਦਾ ਹੈ ਕਿ ਭਾਵੇਂ ਇਨ੍ਹਾਂ ਬਿਆਨਾਂ ਦੀ ਭਾਸ਼ਾ ਅਤੇ ਇਨ੍ਹਾਂ ਦਾ ਕਹਿਣ ਢੰਗ ਵਖੋ-ਵਖ ਹੈ, ਪਰ ਇਨ੍ਹਾਂ ਦਾ ਉਦੇਸ਼ ਇਕੋ ਹੀ ਹੈ, ਉਹ ਇਹ ਕਿ ਸ. ਪਰਜੀਤ ਸਿੰਘ ਸਰਨਾ ਪੁਰ ਇਹ ਦੋਸ਼ ਲਾਇਆ ਜਾਣਾ ਕਿ ਉਹ ਪੰਜਾਬ ਦਾ ਮਾਹੌਲ ਖ਼ਰਾਬ ਕਰ ਰਹੇ ਹਨ।
ਜਿਥੋਂ ਤਕ ਸ. ਬਾਦਲ ਦਾ ਸਬੰਧ ਹੈ, ਉਨ੍ਹਾਂ ਨੂੰ ਸ. ਸਰਨਾ ਦੇ ਨਾਲ ਸ਼ਿਕਾਇਤ ਹੈ ਕਿ ਉਨ੍ਹਾਂ ਨੇ ਨੇੜ-ਭਵਿਖ ਵਿੱਚ ਸ਼੍ਰੋਮਣੀ ਕਮੇਟੀ ਦੀਆਂ ਹੋਣ ਵਾਲੀਆਂ ਚੋਣਾਂ ਵਿਚ, ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਚੁਨੌਤੀ ਦੇਣ ਦੀ ਜੋ ਮੁਹਿੰਮ ਪੰਜਾਬ ਵਿੱਚ ਛੇੜੀ ਹੋਈ ਹੈ, ਉਸ ਕਾਰਣ ਉਨ੍ਹਾਂ ਦੇ ਵਿਰੋਧੀ ਤਾਕਤ ਪਕੜਦੇ ਜਾ ਰਹੇ ਹਨ ਅਤੇ ਪੰਜਾਬ ਦੇ ਸਿੱਖਾਂ ਵਲੋਂ ਵੀ ਉਨ੍ਹਾਂ ਨੂੰ ਚੰਗਾ ਹੁੰਗਾਰਾ ਮਿਲਣਾ ਸ਼ੁਰੂ ਹੋ ਗਿਆ ਹੈ, ਜਿਸ ਕਾਰਣ ਬਾਦਲ ਦਲ ਨੂੰ ਮੁੜ ਸ਼੍ਰੋਮਣੀ ਕਮੇਟੀ ਪੁਰ ਕਾਬਜ਼ ਹੋਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਹਾਲਤ ਵਿੱਚ ਉਨ੍ਹਾਂ ਦੀ ਪ੍ਰੇਸ਼ਾਨੀ ਵਧਣੀ ਸੁਭਾਵਕ ਹੈ। ਇਹੀ ਕਾਰਣ ਹੈ ਕਿ ਕਲ ਤਕ ਜੋ ਸ. ਬਾਦਲ, ਇਹ ਸ਼ਿਕਾਇਤ ਕਰ ਰਹੇ ਸਨ ਕਿ ਉਨ੍ਹਾਂ ਨੇ ਤਾਂ ਸ. ਸਰਨਾ ਦੇ ਵਿਰੁਧ ਕਦੀ ਕੁੱਝ ਨਹੀਂ ਕਿਹਾ ਫਿਰ ਵੀ ਪਤਾ ਨਹੀਂ ਕਿਉਂ ਉਹ ਉਨ੍ਹਾਂ ਪੁਰ ਜ਼ਾਤੀ ਹਮਲੇ ਕਰ ਰਹੇ ਹਨ, ਦੋ ਦਿਨ ਬਾਅਦ ਹੀ, ਸ. ਸਰਨਾ ਦਾ ਨਾਂ ਲੈ ਕੇ ਉਨ੍ਹਾਂ ਪੁਰ ਹਮਲੇ ਕਰਨ ਤੇ ਮਜਬੂਰ ਹੋ ਗਏ। ਕੀ ਇਹ ਇਸ ਗਲ ਦਾ ਸੰਕੇਤ ਨਹੀਂ ਕਿ ਸ. ਸਰਨਾ ਦੀ ਰਣਨੀਤੀ ਉਨ੍ਹਾਂ ਲਈ ਬਰਾਬਰ ਦੀ ਚੁਨੌਤੀ ਬਣ, ਉਨ੍ਹਾਂ ਦੀ ਪ੍ਰੇਸ਼ਾਨੀ ਵਧਾਉਣ ਦਾ ਕਾਰਣ ਬਣਦੀ ਜਾ ਰਹੀ ਹੈ।
ਬੀਬੀ ਭੱਠਲ ਦਾ ਸ਼ਿਕਵਾ ਇਹ ਹੈ ਕਿ ਸ. ਸਰਨਾ, ਪੰਜਾਬ ਕਾਂਗ੍ਰਸ ਵਲੋਂ ਪੰਜਾਬ ਦੇ ਮੁਖ ਮੰਤਰੀ ਪਦ ਦੇ ਲਈ ਉਨ੍ਹਾਂ ਦੇ ਤਾਕਤਵਰ ਵਿਰੋਧੀ ਦਾਅਵੇਦਾਰ, ਕੈਪਟਨ ਅਮਰਿੰਦਰ ਸਿੰਘ ਦੇ ਨਾਲ ਅਪਣੇ ਡੂੰਘੇ ਸਬੰਧ ਹੋਣ ਕਾਰਣ, ਦਿੱਲੀ ਵਿੱਚ ਉਨ੍ਹਾਂ ਦੇ ਹਕ ਵਿੱਚ ਲਾਬੀ ਕਰ ਰਹੇ ਹਨ। ਉਧਰ ਸ. ਬਾਦਲ ਵੀ ਇਹੀ ਸਮਝਦੇ ਹਨ ਕਿ ਜੇ ਕੈਪਟਨ ਨੇ ਜ਼ੋਰ ਪਕੜ ਲਿਆ ਅਤੇ ਕਾਂਗ੍ਰਸ ਹਾਈ ਕਮਾਨ ਵਲੋਂ ਉਸਨੂੰ ਉਨ੍ਹਾਂ ਦੇ ਵਿਰੋਧ ਦੀ ਕਮਾਨ ਸੌਂਪ ਦਿਤੀ ਗਈ, ਤਾਂ ਉਹ ਉਨ੍ਹਾਂ ਦੇ ਸਾਹਮਣੇ ਭਾਰੀ ਚੁਨੌਤੀ ਬਣ ਸਕਦੇ ਹਨ। ਇਸ ਹਾਲਤ ਵਿੱਚ ਜੇ ਕੈਪਟਨ ਦੇ ਵਿਰੁਧ ਸ. ਬਾਦਲ ਅਤੇ ਬੀਬੀ ਭੱਠਲ ਨੇ ਪਰਦੇ ਦੇ ਪਿਛੇ ਆਪੋ ਵਿੱਚ ਹਥ ਮਿਲਾ ਲਿਆ ਹੋਵੇ ਤਾਂ ਇਸ ਪੁਰ ਕਿਸੇ ਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ, ਕਿਉਂਕਿ ਲੜਾਈ `ਚ ਦੁਸ਼ਮਣ ਦੇ ਦੁਸ਼ਮਣ ਨੂੰ ਦੋਸਤ ਬਣਾ ਕੇ ਵਰਤਣਾ ਜਾਇਜ਼ ਹੁੰਦਾ ਹੈ।
ਜਿਥੋਂ ਤਕ ਸ. ਬਿੱਟਾ ਦੀ ਗਲ ਹੈ, ਉਹ ਬਦਲਦੇ ਸਮੇਂ ਦੇ ਨਾਲ ਬਦਲਦੇ ਹੋੲ, ੇ ਇਸ ਸਮੇਂ ਸ. ਬਾਦਲ ਦੇ ਨਾਲ ਹਨ, ਇਸ ਕਰਕੇ ਇੱਕ ਤਾਂ ਸ. ਬਾਦਲ ਦਾ ਪੱਖ ਪੂਰਨ ਲਈ ਉਨ੍ਹਾਂ ਦੇ ਵਿਰੋਧੀ ਦੇ ਵਿਰੁਧ ਉਨ੍ਹਾਂ ਦਾ ਬਿਆਨ ਦੇਣਾ ਬਣਦਾ ਹੀ ਹੈ, ਦੂਜਾ ਉਹ ਸ. ਸਰਨਾ ਦੇ ਵਿਰੁਧ ਇਸ ਕਰਕੇ ਵੀ ਭੜਾਸ ਕਢਦੇ ਰਹਿੰਦੇ ਹਨ, ਕਿਉਂਕਿ ਜਿਸ ਪ੍ਰੋ. ਦਵਿੰਦਰਪਾਲ ਸਿੰਘ ਭੁਲਰ ਨੂੰ ਉਹ ਫਾਂਸੀ ਦੇ ਫੰਦੇ ਪੁਰ ਝੂਲਦਿਆਂ ਵੇਖਣਾ ਚਾਹੁੰਦੇ ਹਨ, ਉਸਦੀ ਫਾਂਸੀ ਦੀ ਸਜ਼ਾ ਮਾਫ ਕਰਵਾਉਣ ਦੇ ਲਈ ਸ. ਪਰਮਜੀਤ ਸਿੰਘ ਸਰਨਾ ਸਰਗਰਮ ਭੂਮਿਕਾ ਨਿਭਾ ਰਹੇ ਹਨ
ਗਲ ਪੰਜਾਬ ਦਾ ਮਾਹੌਲ਼ ਖ਼ਰਾਬ ਕਰਨ ਦੀ: ਜਿਥੋਂ ਤਕ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦਾ ਸੁਆਲ ਹੈ, ਜੇ ਸਾਰੀ ਸਥਿਤੀ ਨੂੰ ਗੰਭੀਰਤਾ ਨਾਲ ਘੋਖਿਆ ਜਾਏ ਤਾਂ ਸੱਚਾਈ ਸਮਝਣ ਵਿੱਚ ਕੋਈ ਮੁਸ਼ਕਲ ਪੇਸ਼ ਨਹੀਂ ਆ ਸਕਦੀ। ਇਸਦਾ ਜਾਇਜ਼ਾ ਲੈਣ ਦੇ ਲਈ ਜ਼ਰੂਰੀ ਹੈ ਕਿ ਇੱਕ ਝਾਤ, ਕੁੱਝ ਪਿਛੇ ਵਲ ਵੀ ਮਾਰ ਲਈ ਜਾਏ। ਸੰਨ 1978 ਵਿਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇੱਕ ਸਾਕਾ ਵਾਪਰਿਆ ਸੀ, ਜਿਸ ਵਿੱਚ ਕੁੱਝ ਸਿੱਖ ਸ਼ਹੀਦ ਅਤੇ ਕੁੱਝ ਜ਼ਖ਼ਮੀ ਹੋ ਗਏ ਸਨ, ਜੇ ਉਸ ਸਮੇਂ ਦੀ ਬਾਦਲ-ਸਰਕਾਰ ਜ਼ਿਮੇਂਦਾਰੀ ਤੋਂ ਕੰਮ ਲੈਂਦੀ ਅਤੇ ਵੋਟ-ਰਾਜਨੀਤੀ ਤੋਂ ਉਪਰ ਉਠ ਕੇ ਸਿੱਖਾਂ ਦੇ ਕਤਲ ਲਈ ਜ਼ਿਮੇਂਦਾਰ ਦੋਸ਼ੀਆਂ ਦੇ ਵਿਰੁਧ ਇਮਾਨਦਾਰੀ ਨਾਲ ਕਾਰਵਾਈ ਕਰਦੀ ਤਾਂ ਸ਼ਾਇਦ ਪੰਜਾਬ ਅਤੇ ਖ਼ਾਸ ਕਰਕੇ ਸਿੱਖਾਂ ਨੇ ਸਮੁਚੇ ਰੂਪ ਵਿੱਚ ਜੋ ਲੰਬਾ ਸੰਤਾਪ ਭੋਗਿਆ ਹੈ, ਉਹ ਨਾ ਭੋਗਣਾ ਪੈਂਦਾ।
ਹੁਣ ਵੀ ਜੇ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ. ਵੋਟ-ਰਾਜਨੀਤੀ ਦੇ ਸੁਆਰਥ ਤੋਂ ਉਪਰ ਉਠ ਕੇ ਪੰਜਾਬ ਅਤੇ ਦੇਸ਼ ਦੇ ਵਡੇ ਹਿਤਾਂ ਨੂੰ ਮੁਖ ਰਖਦਿਆਂ ਸਿੱਖਾਂ ਦੇ ਰੋਸ-ਪੂਰਣ ਵਿਰੋਧ ਦੀ ਭਾਵਨਾ ਨੂੰ ਸਮਝਦਿਆਂ ਹੋਇਆਂ, ਉਸ ਆਸ਼ੂਤੋਸ਼ ਨੂੰ ਸਮਾਗਮ ਕਰਨ ਦੀ ਇਜਾਜ਼ਤ ਨਾ ਦਿੰਦੀ, ਜਿਸ ਪੁਰ ਸਿੱਖ ਗੁਰੂ ਸਾਹਿਬਾਨ ਦੀ ਬਰਾਬਰੀ ਕਰਨ ਅਤੇ ਸਿੱਖੀ ਦੇ ਵਿਰੁਧ ਪ੍ਰਚਾਰ ਕਰਨ ਦੇ ਦੋਸ਼ ਲਗਦੇ ਚਲੇ ਆ ਰਹੇ ਹਨ ਅਤੇ ਇਸ ਗਲ ਦਾ ਖ਼ਿਆਲ ਰਖਦੀ ਕਿ ਬੀਤੇ ਸਮੇਂ ਵਿੱਚ ਆਸ਼ੂਤੋਸ਼ ਵਲੋਂ ਕੀਤੇ ਜਾਂਦੇ ਰਹੇ ਸਮਾਗਮਾਂ ਦੇ ਦੌਰਾਨ ਵੀ ਸਿੱਖਾਂ ਅਤੇ ਉਸਦੇ ਪੈਰੋਕਾਰਾਂ ਦਰਮਿਆਨ ਜੋ ਝੜਪਾਂ ਹੁੰਦੀਆਂ ਚਲੀਆਂ ਆ ਰਹੀਆਂ ਹਨ, ਉਨ੍ਹਾਂ ਨੂੰ ਵੇਖਦਿਆਂ ਲੁਧਿਆਣਾ ਵਿਖੇ ਵੀ ਤਿੱਖੀ ਝੜਪ ਹੋਣ ਦੀ ਸੰਭਾਵਨਾ ਹੋ ਸਕਦੀ ਹੈ, ਤਾਂ ਲੁਧਿਆਣਾ-ਕਾਂਡ ਨਾ ਵਾਪਰਦਾ। ਪਰ ਜਿਸ ਤਰ੍ਹਾਂ ਸਿੱਖ ਭਾਈਚਾਰੇ ਵਲੋਂ ਵਿਰੋਧ ਕਰਨ ਦੇ ਬਾਵਜੂਦ ਆਸ਼ੂਤੋਸ਼ ਨੂੰ ਸਮਾਗਮ ਕਰਨ ਦੀ ਇਜਾਜ਼ਤ ਦਿਤੀ ਗਈ ਅਤੇ ਇਸਦੇ ਨਾਲ ਹੀ ਇੱਕ ਪਾਸੇ ਆਪਣੀ ਸੁਰਖਿਆ ਵਿੱਚ ਉਸਦਾ ਸਮਾਗਮ ਕਰਵਾਇਆ ਗਿਆ ਅਤੇ ਦੂਜੇ ਪਾਸੇ ਰੋਸ-ਪ੍ਰਦਰਸ਼ਨ ਕਰ ਰਹੇ ਸਿੱਖਾਂ ਪੁਰ ਗੋਲੀ ਚਲਵਾਈ ਗਈ, ਉਸਦੇ ਕਾਰਣ ਸਿੱਖਾਂ ਵਿੱਚ ਇਹ ਸੁਨੇਹਾ ਜਾਣਾ ਕੁਦਰਤੀ ਹੈ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਕੁਚਲਣਾ ਅਤੇ ਸਿੱਖੀ ਦੇ ਵਿਰੋਧੀਆਂ ਨੂੰ ਉਭਾਰਨਾ ਚਾਹੁੰਦੀ ਹੈ।
ਇਹ ਗਲ ਸਪਸ਼ਟ ਰੂਪ ਵਿੱਚ ਸਮਝ ਲੈਣੀ ਚਾਹੀਦੀ ਹੈ ਕਿ ਭਾਰਤੀ ਸੰਵਿਧਾਨ ਰਾਹੀਂ ਆਪਣੇ ਧਾਰਮਕ ਵਿਸ਼ਵਾਸ ਦਾ ਪ੍ਰਚਾਰ ਕਰਨ ਦੀ ਆਜ਼ਾਦੀ ਤਾਂ ਦਿਤੀ ਗਈ ਹੋਈ ਹੈ, ਪਰ ਕਿਸੇ ਦੇ ਧਾਰਮਕ ਵਿਸ਼ਵਾਸ ਵਿਰੁਧ ਪ੍ਰਚਾਰ ਕਰਨ ਦੀ ਆਣਾਦੀ ਨਹੀਂ ਦਿਤੀ ਗਈ ਹੋਈ। ਪਰ ਜਾਪਦਾ ਹੈ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵੋਟ-ਰਾਜਨੀਤੀ ਦੇ ਸੁਆਰਥ ਦਾ ਸ਼ਿਕਾਰ ਹੋ ਕੇ ਆਪਣੇ ਰਾਜਸੀ ਹਿਤਾਂ ਅਨੁਸਾਰ ਉਸਦੀ ਵਿਆਖਿਆ ਕਰ ਉਸ ਪੁਰ ਅਮਲ ਕਰ ਰਹੀ ਹੈ, ਜੋ ਕਿਸੇ ਵੀ ਤਰ੍ਹਾਂ ਨਾ ਤਾਂ ਪੰਜਾਬ ਦੇ ਹਿਤ ਵਿੱਚ ਹੈ ਅਤੇ ਨਾ ਹੀ ਸਮੁਚੇ ਦੇਸ਼ ਦੇ ਵਡੇ ਹਿਤਾਂ ਵਿਚ।
ਸ. ਪ੍ਰਕਾਸ਼ ਸਿੰਘ ਬਾਦਲ ਅਤੇ ਦੂਸਰੇ ਅਕਾਲੀ ਆਗੂਆਂ ਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ ਪੰਜਾਬ ਦੇ ਸੰਤਾਪ ਦੇ ਦਿਨਾਂ ਵਿੱਚ ਬੇਗੁਨਾਹਵਾਂ ਦੇ ਜੋ ਕਤਲ ਹੋ ਰਹੇ ਸਨ, ਉਨ੍ਹਾਂ ਦੇ ਵਿਰੁਧ ਜ਼ਬਾਨ ਨਾ ਖੋਲ਼੍ਹ ਕੇ, ਉਹ ਵੀ ਉਨ੍ਹਾਂ ਵਿੱਚ ਭਾਈਵਾਲ ਬਣਦੇ ਰਹੇ ਹਨ। ਫਿਰ ਜਦੋਂ ਸ੍ਰੀ ਦਰਬਾਰ ਸਾਹਿਬ ਪੁਰ ਹੋਈ ਸ਼ੈਨਿਕ ਕਾਰਵਾਈ ਦੇ ਸਮੇਂ, ਉਨ੍ਹਾਂ ਆਪ ਤਾਂ ਆਪਣੀਆਂ ਜਾਨਾਂ ਬਚਾਣ ਲਈ ਹਥ ਖੜੇ ਕਰ ਸਮਰਪਣ ਕਰ ਦਿਤਾ ਸੀ, ਪਰ ਬੇਗੁਨਾਹਵਾਂ ਨੂੰ ਸੈਨਾ ਦੀਆਂ ਤੋਪਾਂ ਅਤੇ ਗੋਲੀਆਂ ਦਾ ਸ਼ਿਕਾਰ ਹੋਣ ਲਈ ਬੇ-ਸਹਾਰਾ ਛੱਡ ਆਏ ਸਨ।
ਅਜ ਉਨ੍ਹਾਂ ਜਿਸ ਭਾਜਪਾ ਦੇ ਨਾਲ ਗਲਵਕੜੀ ਪਾਈ ਹੋਈ ਹੈ, ਉਸਦੇ ਮੁਖੀ ਤੇ ਸਾਬਕਾ ਉਪ-ਪ੍ਰਧਾਨ ਮੰਤਰੀ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਆਪ ਆਪਣੀ ਜੀਵਨੀ ਵਿੱਚ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਨੇ ਅਤੇ ਉਨ੍ਹਾਂ ਦੀ ਪਾਰਟੀ (ਭਾਜਪਾ) ਨੇ ਸਮੇਂ ਦੀ ਪ੍ਰਧਾਨ ਮੰਤਰੀ ਨੂੰ ਸ੍ਰੀ ਦਰਬਾਰ ਸਾਹਿਬ ਪੁਰ ਸੈਨਿਕ ਕਾਰਵਾਈ ਕਰਨ ਦੇ ਲਈ ਮਜਬੂਰ ਕਰ ਦਿਤਾ ਸੀ। ਜੇ ਅਜ ਅਕਾਲੀ ਆਗੂਆਂ ਨੇ ਆਪਣੀ ਸੱਤਾ ਲਾਲਸਾ ਨੂੰ ਪੂਰਿਆਂ ਕਰਨ ਲਈ, ਉਨ੍ਹਾਂ ਗੁਨਾਹਗਾਰਾਂ ਦੇ ਨਾਲ ਸਾਂਝ ਪਾ ਲਈ ਹੈ ਤਾਂ ਉਹ ਆਪ ਉਸ ਸੰਤਾਪ ਦੇ ਗੁਨਾਹ ਵਿੱਚ ਭਾਈਵਾਲ ਹੋਣ ਦੇ ਦੋਸ਼ ਤੋਂ ਕਿਵੇਂ ਮੁਕਤ ਹੋ ਸਕਦੇ ਹਨ, ਜੋ ਸ੍ਰੀ ਦਰਬਾਰ ਸਾਹਿਬ ਪੁਰ ਸੈਨਿਕ ਕਾਰਵਾਈ ਹੋਣ ਤੋਂ ਬਾਅਦ ਵਾਪਰਿਆ ਹੈ। ਅਜ ਫਿਰ ਉਹ ਉਨ੍ਹਾਂ ਦੇ ਇਸ਼ਾਰਿਆਂ ਪੁਰ ਚਲ ਕੇ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਦੇ ਨਾਲ ਖਿਲਵਾੜ ਕਰਕੇ ਆਪ ਹੀ ਪੰਜਾਬ ਦਾ ਮਾਹੌਲ ਵਿਗਾੜਨ ਦੇ ਰਾਹ ਪੁਰ ਤੁਰ ਪਏ ਹੋਏ ਹਨ।
…ਅਤੇ ਅੰਤ ਵਿਚ: ਜਿਥੋਂ ਤਕ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦਾ ਸੁਆਲ ਹੈ, ਜੇ ਹਾਲਾਤ ਦੀ ਨਿਰਪੱਖਤਾ ਅਤੇ ਗੰਭੀਰਤਾ ਦੇ ਨਾਲ ਘੋਖ ਕੀਤੀ ਜਾਏ ਤਾਂ ਇਹ ਗਲ ਸਪਸ਼ਟ ਰੂਪ ਵਿੱਚ ਉਭਰ ਕੇ ਸਾਹਮਣੇ ਆਉਂਦੀ ਹੈ ਕਿ ਪੰਜਾਬ ਦਾ ਮਾਹੌਲ਼ ਉਹ ਲੋਕੀ ਖ਼ਰਾਬ ਕਰ ਰਹੇ ਹਨ, ਜੋ ਆਏ ਦਿਨ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਦੇ ਨਾਲ ਖਿਲਵਾੜ ਕਰ ਰਹੇ ਹਨ ਅਤੇ ਜੋ ਅਜਿਹੇ ਲੋਕਾਂ ਦੀ ਸਰਪ੍ਰਸਤੀ ਕਰਦੇ ਚਲੀ ਆ ਰਹੇ ਹਨ। ਕੌਣ ਨਹੀਂ ਜਾਣਦਾ ਕਿ ਬੀਤੇ ਸਮੇਂ ਵਿੱਚ ਕਈ ਡੇਰੇਦਾਰਾਂ ਨੇ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਪੁਰ ਡੂੰਘੀ ਸੱਟ ਮਾਰਨ ਦਾ ਗੁਨਾਹ ਕੀਤਾ ਹੈ। ਸਿੱਖਾਂ ਵਲੋਂ ਉਨ੍ਹਾਂ ਦਾ ਵਿਰੋਧ ਕੀਤੇ ਜਾਣ ਦੇ ਬਾਵਜੂਦ ਵੀ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵਲੋਂ ਉਨ੍ਹਾਂ ਪੁਰ ਕੁੰਡਾ ਲਾਉਣ ਦੀ ਬਜਾਏ ਉਨ੍ਹਾਂ ਦੀ ਸਰਪ੍ਰਸਤੀ ਕਰਕੇ ਅਤੇ ਪੰਜਾਬ ਕਾਂਗ੍ਰਸ ਦੇ ਇੱਕ ਵਰਗ ਵਲੋਂ ਉਨ੍ਹਾਂ ਨੂੰ ਹਲਾਸ਼ੇਰੀ ਦੇ ਕੇ ਸਿੱਖਾਂ ਨੂੰ ਚਿੜ੍ਹਾਉਣ ਵਿੱਚ ਕੋਈ ਸੰਕੋਚ ਨਹੀਂ ਕੀਤਾ ਗਿਆ।

(Mobile : +91 98 68 91 77 31)
Address : Jaswant Singh ‘Ajit’, 64-C, U&V/B, Shalimar Bagh, DELHI-110088




.