.

ਬੁੱਧ ਮੱਤ `ਤੇ ਹੁਣ

ਉਹੀ ਕਦਮ ਸਿੱਖ ਮੱਤ ਵਲ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿੰਸੀਪਲ ਗੁਰਮਤਿ ਐਜੂਕੇਸ਼ਨ ਸੈਂਟਰ, ਦਿੱਲੀ

ਮੈਬਰ, ਧਰਮ ਪ੍ਰਚਾਰ ਕਮੇਟੀ, ਦਿ: ਸਿ: ਗੁ: ਪ੍ਰ: ਕ: ਦਿੱਲੀ: ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਬੁੱਧ ਮੱਤ ਦਾ ਜਨਮ ਇਸੇ ਭਾਰਤ ਦੇਸ਼ `ਚ ਈਸਵੀ ਸੰਨ ਤੋਂ 600 ਸਾਲ ਪਹਿਲਾਂ ਹੋਇਆ, ਭਾਵ ਸੰਨ 600 B.D `ਚ। ਉਪ੍ਰੰਤ ਮਹਾਰਾਜਾ ਅਸ਼ੋਕ `ਤੇ ਹਰਸ਼ਵਰਧਨ ਦੇ ਸ਼ਾਸਨ ਕਾਲ ਸਮੇਂ ਇਹ ਧਰਮ ਭਾਰਤ ਦਾ ਰਾਜਸੀ ਧਰਮ ਵੀ ਬਣ ਚੁੱਕਾ ਸੀ। ਇਸ ਤਰ੍ਹਾਂ ਭਾਰਤ `ਚ ਹੀ ਪੈਦਾ ਹੋਏ, ਪ੍ਰਵਾਣ ਚੜ੍ਹੇ ਇਸ ਧਰਮ ਨੂੰ ਲਗਾਤਾਰ ਤੇਰ੍ਹਾਂ-ਚੌਦਾ ਸੌ ਸਾਲ ਆਪਣੀਆਂ ਜੜ੍ਹਾਂ ਭਾਰਤ `ਚ ਮਜ਼ਬੂਤ ਕਰਣ ਦਾ ਪੂਰਾ-ਪੂਰਾ ਮੌਕਾ ਵੀ ਮਿਲਿਆ। ਆਖਿਰ ਰਾਜ ਪਾਟ ਦਾ ਵੀ ਮਾਲਿਕ ਬਣ ਜਾਣ ਤੋਂ ਬਾਅਦ, ਕਿਸੇ ਧਰਮ ਦੇ ਵਧਣ-ਫੁਲਣ ਲਈ ਤੇਰ੍ਹਾਂ-ਚੌਦਾ ਸੌ ਸਾਲ ਦਾ ਸਮਾਂ ਘਟ ਨਹੀਂ ਹੁੰਦਾ। ਇਸ ਲਈ ਇਹਨਾ ਤੇਰ੍ਹਾਂ-ਚੌਦਾ ਸੌ ਸਾਲਾਂ ਦੌਰਾਨ ਬੁਧ ਧਰਮ ਚੰਗਾ ਵੱਧਿਆ-ਫੁਲਿਆ ਤੇ ਇਸ ਦਾ ਭਰਵਾਂ ਵਿਕਾਸ ਵੀ ਹੋਇਆ। ਫ਼ਿਰ ਕੇਵਲ ਭਾਰਤ ਹੀ ਨਹੀਂ, ਵਿਦੇਸ਼ਾਂ `ਚ ਵੀ ਇਸ ਦੇ ਪ੍ਰਚਾਰ ਲਈ ਰਾਜਸੀ ਪੱਧਰ `ਤੇ ਭਿਕਸ਼ੂ ਵੀ ਭੇਜੇ ਗਏ। ਉਸੇ ਲੰਮੇਂ ਚੌੜੇ ਪ੍ਰਚਾਰ ਦਾ ਹੀ ਨਤੀਜਾ ਹੈ ਕਿ ਅੱਜ ਵੀ ਲੰਕਾ, ਬਰਮਾ, ਤਿੱਬਤ, ਚੀਨ, ਜਾਪਾਨ, ਥਾਈਲੈਂਡ, ਸਿੰਘਾਪੁਰ, ਮਲੇਸ਼ੀਆ, ਜਰਮਨ ਆਦਿ ਕਈ ਦੇਸ਼ ਬੁਧ ਧਰਮ ਦੇ ਕੇਂਦਰ ਹਨ। ਜਦਕਿ ਇਸ ਸਾਰੇ ਦੇ ਉਲਟ, ਇਸ ਦੀ ਆਪਣੀ ਜਨਮਭੂਮੀ ਭਾਰਤ ਵਿਚੋਂ ਤਾਂ ਹੀ ਇਸ ਦੀਆਂ ਜੜ੍ਹਾਂ ਵੀ ਪੁੱਟੀਆਂ ਜਾ ਚੁੱਕੀਆਂ ਹਨ, ਪਰ ਕਿਉਂ ਤੇ ਕਿਵੇਂ?

ਭਾਰਤ ਵਿਚੋਂ ਇਸ ਦੀਆਂ ਜੜ੍ਹਾਂ ਕੱਟਣ ਵਾਲੀ ਕੋਈ ਹੋਰ ਸ਼ਕਤੀ ਨਹੀਂ ਸੀ, ਇਹ ਕੇਵਲ ਬ੍ਰਾਹਮਣੀ ਸੋਚ ਹੀ ਸੀ, ਜਿਸ ਕੋਲ ਨਾ ਆਪਣੀ ਕੋਈ ਦਲੀਲ ਹੈ ਨਾ ਸਿਧਾਂਤ। ਬ੍ਰਾਹਮਣ ਮੱਤ ਦਾ ਤਾਂ ਆਧਾਰ ਹੀ ਅੰਨ੍ਹੀ ਸ਼ਰਧਾ ਭਾਵ ਜਿਸ ਸ਼ਰਧਾ `ਚ ਕਿਸੇ ਦਲੀਲ ਜਾਂ ਬੁਧੀ ਦੀ ਵਰਤੋਂ ਨਾ ਕਰਣੀ ਹੋਵੇ। ਜਿਵੇਂ ਬ੍ਰਾਹਮਣ ਮੱਤ ਅਨੁਸਾਰ ਹਨੁਮਾਨ ਰਾਹੀਂ ਸੂਰਜ ਦੇਵਤੇ ਨੂੰ ਨਿਗ਼ਲ ਜਾਣਾ ਜਿਸ ਤੋਂ ਸਾਰੇ ਪਾਸੇ ਹਨੇਰਾ ਦਾ ਛਾ ਜਾਣਾ। ਇਸੇ ਤਰ੍ਹਾਂ ਅਗਸਤ ਰਿਸ਼ੀ ਨੂੰ ਸਮੁੰਦਰ `ਤੇ ਗੁੱਸਾ ਆਉਣ ਕਾਰਨ ਉਸ ਨੂੰ ਇੱਕ ਸਾਹ ਪੀ ਜਾਣਾ ਉਪ੍ਰੰਤ ਆਪਣੇ ਪੇਸ਼ਾਬ ਰਾਹੀਂ ਉਸ ਨੂੰ ਫ਼ਿਰ ਤੋਂ ਭਰ ਵੀ ਦੇਣਾ ਆਦਿ। ਇਹ ਕੇਵਲ ਇੱਖ ਦੋ ਮਿਸਾਲਾਂ ਹਨ ਅਤੇ ਅਜਿਹੀਆਂ ਇੱਕ ਦੋ ਹੀ ਨਹੀਂ ਬਲਕਿ ਹਜ਼ਾਰਹਾਂ ਵਿਸ਼ਵਾਸ ਅਤੇ ਕਹਾਣੀਆਂ ਬ੍ਰਾਹਮਣੀ ਵਿਸ਼ਵਾਸਾਂ ਦਾ ਹਿੱਸਾ ਹਨ। ਇਸ ਤੋਂ ਇਲਾਵਾ ਅਣਗਿਣਤ ਕਰਮਕਾਂਡ, ਅੰਧ ਵਿਸ਼ਵਾਸ ਜਿਨ੍ਹਾਂ ਦਾ ਆਧਾਰ ਹਨ ਵਹਿਮ-ਸਹਿਮ ਫ਼ਿਰ ਵਰਣ-ਵੰਡ ਵਾਲਾ ਜਾਲ ਤੇ ਹੋਰ ਬਹੁਤ ਕੁਝ। ਦਰਅਸਲ ਬ੍ਰਾਹਮਣੀ ਵਿਚਾਰ ਧਾਰਾ ਦਾ ਤਾਂ ਸਾਰਾ ਰਸਤਾ ਹੀ ਰੱਬ ਦਾ ਭੁਲੇਖਾ ਦੇ ਕੇ ਬ੍ਰਾਹਮਣ ਦੇ ਰੂਪ `ਚ ਉਸ ਦੇ ਸਰੀਰ ਦੀ ਪੂਜਾ ਹੈ। ਇਹੀ ਕਾਰਨ ਹੈ ਕਿ ਇਸ ਸੋਚਣੀ ਨੂੰ ਕੋਈ ਵੀ ਦਲੀਲ਼ ਭਰਪੂਰ ਸੱਚੀ-ਸ਼ਰਧਾ, ਅਕੱਟ ਵਿਸ਼ਵਾਸ ਤੇ ਸੋਝੀ ਵਾਲੀ ਗੱਲ ਰਾਸ ਹੀ ਨਹੀਂ ਅਉਂਦੀ।

ਆਖਿਰ ਕੀ ਤੇ ਕਿਵੇਂ ਹੋਇਆ ਬੁੱਧ ਧਰਮ ਨਾਲ? -ਜਿਹੜਾ ਬੁਧ ਧਰਮ ਭਾਰਤ `ਚ ਹੀ ਜੰਮਿਆ, ਪ੍ਰਵਾਣ ਚੜ੍ਹਿਆ ਅਤੇ ਰਾਜ-ਪਾਟ ਦਾ ਮਾਲਕ ਤੀਕ ਬਣਿਆ। ਵਿਦੇਸ਼ਾਂ `ਚ ਅੱਜ ਵੀ ਜਿਸ ਦੀਆਂ ਜੜ੍ਹਾਂ ਪਾਤਾਲ ਤੀਕ ਗਹਿਰੀਆਂ ਹਨ, ਪਰ ਇਸ ਸਾਰੇ ਦੇ ਉਲਟ ਆਪਣੀ ਹੀ ਜਨਮ ਭੂਮੀ `ਚ ਇਸ ਦਾ ਲਗਭਗ ਬੀਜ ਵੀ ਨਾਸ ਵੀ ਹੋ ਚੁੱਕਾ ਹੈ। ਇਤਿਹਾਸਕ ਗਹਿਰਾਈ `ਚ ਜਾਵੀਏ ਤਾਂ ਇਸ ਸੱਚ ਨੂੰ ਪਹਿਚਾਣਦੇ ਦੇਰ ਨਹੀਂ ਲਗਦੀ। ਇਥੇ ਇਸ ਨੂੰ ਨਿਗਲਣ ਵਾਲਾ ਕੋਈ ਹੋਰ ਨਹੀਂ ਬਲਕਿ ਬ੍ਰਾਹਮਣਵਾਦ ਦਾ ‘ਖੀਰ ਸਮੁੰਦਰ’ ਹੀ ਸੀ।

ਅੱਠਵੀਂ ਸ਼ੱਤਾਬਦੀ ਦੇ ਅਰੰਭ `ਚ ਭਾਰਤ `ਚ ਸ਼ੰਕਰਾਚਾਰੀਆ ਦਾ ਜਨਮ ਹੋਇਆ। ਉਹਨਾਂ ਲੋਕਾਂ ਰਾਹੀਂ ਬੁੱਧ ਮੱਤ `ਤੇ ਕਾਮ-ਦਾਮ-ਸਾਮ ਦੰਡ ਨਾਲ ਹਰ ਪਾਸਿਉਂ ਬ੍ਰਾਹਮਣੀ ਕੁਟਲਨੀਤੀ ਦੇ ਹਥਿਆਰ ਨਾਲ ਤਾਬੜ ਤੋੜ ਹਮਲੇ ਕੀਤੇ ਗਏ। ਵਿਚਾਰਣ ਦਾ ਵਿਸ਼ਾ ਇਹ ਵੀ ਹੈ ਕਿ ਆਖਿਰ ਇਹ ਕਾਮ-ਦਾਮ-ਸਾਮ ਦੰਡ ਹੈਣ ਕੀ? ਦਰਅਸਲ ਇਹੀ ਕਾਮ-ਦਾਮ-ਸਾਮ ਦੰਡ ਹੀ ਆਧਾਰ ਹੈ, ਸੰਪੂਰਣ ਬ੍ਰਾਹਮਣ ਮੱਤ ਦੇ ਫੈਲਾਅ ਦਾ। ਇਸ ਦੇ ਨੰਬਰਵਾਰ ਅਰਥ ਹਨ ਪਹਿਲਾਂ ਆਪਣੀਆਂ ਮੋਮੋਠਗਣੀਆਂ ਚਾਲਬਾਜ਼ੀਆਂ ਨਾਲ ਦੂਜੇ ਮੱਤ ਵਾਲੇ ਨੂੰ ਆਪਣੇ ਜਾਲ `ਚ ਫ਼ਸਾਉਣਾ, ਆਪਣੇ ਆਪ ਨੂੰ ਉਸ ਦਾ ਸੱਕਾ ਤੇ ਹਮਦਰਦ ਸਾਬਤ ਕਰਕੇ ਉਸ ਦੀ ਜੜ੍ਹਾਂ ਕੱਟਣੀਆਂ। ਇਸ ਤਰ੍ਹਾਂ ਜੇ ਇਥੋਂ ਸਫ਼ਲਤਾ ਨਾ ਮਿਲੇ ਅਤੇ ਜਿੱਥੇ ਇਹ ਹਥਿਆਰ ਚਲਦਾ ਨਜ਼ਰ ਨਾ ਆਵੇ ਤਾਂ ਮਾਇਆ ਦੇ ਖੁੱਲੇ ਗਫੇ ਵਰਤ ਕੇ ਉਪ੍ਰੰਤ ਜੇ ਸੰਭਵ ਹੋਵੇ ਤਾਂ ਉਹਦੇ-ਪਦਵੀਆਂ ਆਦਿ ਦੀ ਨਿਵਾਜ਼ਿਸ਼ ਕਰਕੇ ਵਿਰੋਧੀਆਂ `ਚੋਂ ਵਧ ਤੋਂ ਵਧ ਆਪਣੇ ਟਾਊਟ ਤੇ ਟੁਕੜਬੋਚ ਪੈਦਾ ਕਰਣੇ। ਫ਼ਿਰ ਇਹਨਾ ਟਾਊਟਾਂ ਤੇ ਟੁਕੜਬੋਚਾਂ ਨੂੰ ਵਰਤ ਕੇ ਦੂਜੇ ਦੇ ਧਰਮ ਵਿਸ਼ਵਾਸਾਂ ਵਾਲੇ ਕਿਲੇ `ਚ ਸੰਨ ਮਾਰਣੀ ਬਲਕਿ ਉਸ ਨੂੰ ਢਾਊਣ ਤੋਂ ਵੀ ਗ਼ਰੇਜ਼ ਨਾ ਕਰਣਾ; ਇਹ ਹੈ ਉਸ ਰਾਹੀਂ ਵਰਤਿਆਂ ਜਾਂਦਾ ਦਾਮ ਦੰਡ ਵਾਲਾ ਰਸਤਾ। ਉਸ ਦਾ ਤੀਜਾ ਹਥਿਆਰ ਹੈ ਸਾਮ ਦੰਡ। ਇਹ ਸਾਮ ਦੰਡ ਹੋੲ ਵੀ ਖਤਰਨਾਕ ਹੈ। ਇਹ ਹਥਿਆਰ ਹੈ ਕਿ ਵਿਰੋਧੀ ਦੀ ਹਰੇਕ ਰਹਿਣੀ, ਸੋਚਣੀ, ਆਚਾਰ, ਵਿਹਾਰ, ਮਰਿਆਦਾ, ਵਿਸ਼ਵਾਸ ਨੂੰ ਆਪਣੀ ਸਮਾਨਤਾ ਵਾਲਾ ਰੰਗ ਦੇ ਕੇ ਆਪਣੇ ਅੰਦਰ ਖਲਤ-ਮਲਤ ਤੇ ਜਜ਼ਬ ਤੀਕ ਕਰਣਾ।

ਇਸ ਤਰੀਕੇ ਬ੍ਰਾਹਮਣ ਮੱਤ ਨੇ ਸਮੇਂ ਦੇ ਆਪਣੇ ਵਿਰੋਧੀਆਂ ਭਾਵ ਬੁਧ ਮੱਤ ਦੇ ਵੱਡੇ ਵੱਡੇ ਧਰਮ-ਸਥਾਨ ਕਬਜ਼ੇ `ਚ ਕਰ ਕੇ ਉਹਨਾਂ ਦੇ ਰੂਪ-ਇਤਿਹਾਸ-ਨਾਮ ਤੀਕ ਬਦਲ ਦਿੱਤੇ ਜਾਂ ਸਾੜ ਕੇ ਖਤਮ ਕਰ ਦਿੱਤੇ। ਇਸ ਤਰ੍ਹਾਂ ਉਹਨਾਂ ਦੇ ਤਬਾਹ ਹੋਣ ਦੇ ਬੱਚ ਗਏ ਧਰਮ-ਸਥਾਨਾਂ ਦੇ ਨਾਲ ਹੀ ਆਪਣੇ ਧਰਮਸਥਾਨ ਖੜੇ ਕਰ ਕੇ ਉਹਨਾਂ ਦੇ ਧਰਮ ਸਥਾਨਾਂ ਨੂੰ ਝਗੜਿਆਂ ਖਿਚਾਤਾਣੀਆਂ `ਚ ਉਲਝਾ ਦਿੱਤਾ ਗਿਆ। ਜਿਵੇਂ ਕਿ ਮਹਾਤਮਾ ਬੁਧ ਦਾ ਤੱਪ ਸਥਾਨ ਗਿਆ ਦਾ ਵੱਟ ਵਰਿਕਸ਼ ਇਸ ਦੀ ਸਪਸ਼ਟ ਮਿਸਾਲ ਹੈ। ਉਪ੍ਰੰਤ ਲੱਖਾਂ ਬੋਧੀਆਂ ਦਾ ਕਤਲੇਆਮ ਹੋਇਆ ਜਾਂ ਉਹ ਲੋਕ ਆਪਣੀਆਂ ਜਾਨਾਂ ਬਚਾਉਣ ਲਈ ਦੇਸ਼ ਛੱਡਣ ਲਈ ਮਜਬੂਰ ਹੋ ਗਏ। ਇਸ ਤੋਂ ਬਾਅਦ ਤੀਜਾ ਆਉਂਦਾ ਹੈ ਸਾਮ ਦੰਡ ਵਾਲਾ ਹਥਿਆਰ। ਇਸ ਹਥਿਆਰ ਅਧੀਨ, ਜ਼ਾਹਿਰਾ ਤੌਰ `ਤੇ ਤਾਂ ਬ੍ਰਾਹਮਣ ਵਰਗ, ਮਹਾਤਮਾ ਬੁੱਧ ਦਾ ਵੱਡਾ ਉਪਾਸ਼ਕ ਤੇ ਪ੍ਰਸ਼ੰਸਕ ਬਣ ਬੈਠਾ। ਕੇਵਲ ਇਸ ਲਈ ਕਿ ਬੋਧੀਆਂ ਦੀ ਵਿਚਾਰਧਾਰਾ, ਰਹਿਤ ਮਰਿਆਦਾ ਨੂੰ ਸੌਖੇ ਤਰੀਕੇ ਨੇਸਤੋ ਨਾਬੂਦ ਕੀਤਾ ਜਾ ਸਕੇ। ਮਹਾਤਮਾ ਬੁੱਧ ਨੂੰ ਵਿਸ਼ਨੂੰ ਦਾ ਦਸਵਾਂ ਅਵਤਾਰ ਘੋਸ਼ਤ ਕਰ ਕੇ; ਮਹਾਤਮਤ ਬੁੱਧ ਦੀਆਂ ਮੂਰਤੀਆਂ ਨੂੰ ਮੰਦਰਾਂ `ਚ ਟਿਕਾਅ ਦਿੱਤਾ ਗਿਆ। ਉਹਨਾਂ ਦੀ ਰਹਿਤ ਮਰਿਆਦਾ ਤੇ ਇਤਿਹਾਸ `ਚ ਆਪਣੇ ਢੰਗ ਦੀ ਭਰਵੀਂ ਰੱਲ-ਗੱਢ ਕੀਤੀ ਗਈ। ਆਬਾਦੀਆਂ `ਚ ਬਚੇ-ਖੁਚੇ ਬੋਧੀਆਂ ਲਈ ਵੱਡੀ ਗਿਣਤੀ `ਚ ਰੱਲ-ਗੱਡ ਵਾਲਾ ਬੋਧੀ ਸਾਹਿਤ (Litrature) ਦਾ ਜਾਲ ਵਿਛਾਅ ਦਿੱਤਾ ਗਿਆ। ਭਾਵ ਆਮ ਬੋਧੀਆਂ ਨੂੰ ਬ੍ਰਾਹਮਣੀ ਰੰਗ `ਚ ਰੰਗਣ ਲਈ ਕਿਸੇ ਤਰ੍ਹਾਂ ਦੀ ਕੋਈ ਵੀ ਕੱਸਰ ਨਹੀਂ ਰਹਿਣ ਦਿੱਤੀ। ਇਸੇ ਤਰ੍ਹਾਂ ਕੇਵਲ ਬੁਧ ਧਰਮ ਹੀ ਨਹੀਂ ਬਲਕਿ ਇਤਿਹਾਸ ਫ਼ਰੋਲਿਆ ਜਾਵੇ ਤਾ ਜਿਸ ਵੀ ਛੋਟੇ ਮੌਟੇ ਧਰਮ ਜਾਂ ਵਿਚਾਰਧਾਰਾ ਨੇ ਭਾਰਤ `ਚ ਕਦੇ ਵੀ ਸਿਰ ਚੁੱਕਿਆ ਜਾਂ ਜਨਮ ਲਿਆ ਉਸ ਦਾ ਵੀ ਇਹੀ ਹਸ਼ਰ ਹੋਇਆ ਅਤੇ ਇਹਨਾ ਹੀ ਤਰੀਕਿਆਂ ਨਾਲ।

ਅੱਜ ਸਿੱਖ ਧਰਮ ਨਾਲ ਕੀ ਹੋ ਰਿਹਾ ਹੈ? - ‘ਨਾਨਕ ਦੀਆਂ ਮਝੀਆਂ ਮੇਰਾ ਖੇਤ ਉਜਾੜ ਗਈਆਂ ਹਨ’ ਅਜਿਹੀਆਂ ਬੇਸਿਰਪੈਰ ਦੀਆਂ ਸ਼ਿਕਾਇਤਾਂ ਤੇ ਗੁਰੂ ਦਰਬਾਰ ਵਿਰੁਧ ਹਮਲੇ ਤਾਂ ਇਹਨਾ ਜਾਤ ਅਭਿਮਾਨੀਆਂ ਤੇ ਵਰਣ ਵੰਡ, ਸੁੱਚ-ਭਿੱਟ ਦੇ ਮੁਦਇਆਂ ਵੱਲੋਂ, ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦੇ ਨਾਲ ਹੀ ਅਰੰਭ ਹੋ ਚੁੱਕੇ ਸਨ। ਉਪ੍ਰੰਤ ਦੂਜੇ ਤੇ ਤੀਜੇ ਪਾਤਸ਼ਾਹ ਸਮੇਂ ਗੁਰੂ ਕੇ ਲੰਗਰਾਂ `ਚ ਰੁਕਾਵਟਾਂ ਪਾਉਣੀਆਂ, ਸਮੇਂ ਸਮੇਂ ਦੀਆਂ ਸਰਕਾਰਾਂ `ਚੋਂ ਆਪਣੇ ਹੱਥ ਠੋਕਿਆਂ ਨੂੰ ਢੂੰਡਣਾ ਤੇ ਉਹਨਾਂ ਨੂੰ ਆਪਣੇ ਹੱਕ `ਚ ਵਰਤਣਾ, ਸਰਕਾਰੀ ਦਰਬਾਰੇ ਸ਼ਿਕਾਇਤਾਂ ਤਾਂ ਇਹਨਾ ਲੋਕਾਂ ਦੇ ਨਿੱਤ ਦੇ ਹੀ ਕਾਰੇ ਸਨ। ਅਦਿ ਬੀੜ ਦੀ ਸੰਪਾਦਨਾ `ਚ ਬੇਅੰਤ ਰੁਕਾਵਟਾਂ ਪਾਉਣੀਆਂ, ਅੰਤ ਪੰਜਵੇਂ ਪਾਤਸ਼ਾਹ ਦੀ ਤਸੀਹੇ ਭਰਪੂਰ ਸ਼ਹੀਦੀ ਇਸੇ ਲੜੀ `ਚ ਇਹਨਾ ਲੋਕਾਂ ਦੇ ਹਮਲਿਆਂ ਦੀ ਚਰਮ ਸੀਮਾਂ ਸੀ। ਗੁਰੂ ਪ੍ਰਵਾਰਾਂ ਚੋਂ ਟਾਉਟ ਢੂੰਡਣੇ, ਸਮੇਂ ਸਮੇਂ ਦੀ ਰਾਜ ਸੱਤਾ `ਚ ਘੁਸਪੈਠ ਕਰ ਕੇ, ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ `ਚ ਰੁਕਾਵਟਾਂ ਪਾਉਣ ਵਾਲਾ ਸਿਲਸਿਲਾ ਤਾਂ ਦਸਮ ਪਿਤਾ ਤੀਕ ਚਲਿਆ। ਇਹ ਸਭ ਹੋਣ ਦੇ ਬਾਵਜੂਦ ਦਸਵੇਂ ਪਾਤਸ਼ਾਹ ਤੀਕ ਸਿੱਖੀ ਦੇ ਮਜ਼ਬੂਤ ਕਿਲੇ `ਚ ਇਹ ਵਰੋਧੀ ਤਾਕਤਾਂ ਇੱਕ ਵੀ ਸੁਰਾਖ ਨਾ ਕਰ ਸਕੀਆਂ; ਉਲਟਾ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ `ਚ ਦਿਨ ਦੀਵੀਂ ਵਾਧਾ ਹੋਇਆ।

ਆਖਿਰ ਸਿੱਖ ਧਰਮ ਅੰਦਰ ਪ੍ਰਵੇਸ਼ ਕਰ ਕੇ ਸਿੱਖੀ ਨੂੰ ਨਕਸਾਨ ਪਹੁੰਚਾਉਣ ਵਾਲਾ ਇਸ ਰਾਹੀਂ ਸਿਲਸਿਲਾ ਸ਼ੁਰੂ ਹੋਇਆ ਤਾਂ ਸੰਨ 1716 ਭਾਵ ਬਾਬਾ ਬੰਦਾ ਸਿੰਘ ਜੀ ਬਹਾਦੁਰ ਦੀ ਸ਼ਹਾਦਤ ਤੋਂ ਬਾਅਦ। ਇਸ ਤਰ੍ਹਾਂ ਕਹਿਣਾ ਪਵੇਗਾ ਕਿ ਇਸ ਪੱਖੋਂ ਜੇਕਰ ਬ੍ਰਾਹਮਣ ਮੱਤ ਦਾ ਸਿੱਖ ਧਰਮ `ਤੇ ਤੀਰ ਚਲਿਆ ਵੀ ਤਾਂ ਸੰਨ 1716 ਭਾਵ ਬਾਬਾ ਬੰਦਾ ਸਿੰਘ ਜੀ ਬਹਾਦੁਰ ਦੀ ਸ਼ਹਾਦਤ ਤੋਂ ਬਾਅਦ, ਉਸ ਤੋਂ ਪਹਿਲਾਂ ਨਹੀਂ ਉਪ੍ਰੰਤ ਉਸ ਦਾ ਇਹ ਹਮਲਾ ਅੱਜ ਤੀਕ ਅਰੁੱਕ ਚਾਲੂ ਹੈ। ਕੁੱਝ ਹੋਰ ਗੁਰਮਤਿ ਪਾਠਾਂ `ਚ ਤਾਂ ਲੋੜ ਅਨੁਸਾਰ ਪਰ ਖਾਸ ਤੌਰ `ਤੇ ਸਬੰਧਤ ਵੇਰਵੇ ਲਈ ਗੁਰਮਤਿ ਪਾਠ ਨੰ: 77 ‘ਗੁਰਬਾਣੀ ਤੋਂ ਫ਼ਾਸਲਾ, ਕਿਉਂ ਤੇ ਕਿਵੇਂ?’ ਅਤੇ ਗੁਰਮਤਿ ਪਾਠ ਨੰ: ੭੫ “ਦਸਮੇਸ਼ ਪਿਤਾ ਤੇ ਇਤਿਹਾਸ `ਚ ਰਲ ਗਡ” `ਚ ਇਸ ਵਿਸ਼ਾ ਵਿਸ਼ੇਸ਼ ਤੌਰ `ਤੇ ਲਿਆ ਗਿਆ ਹੈ। ਇਸ ਲਈ ਜੇ ਗਹਿਰਾਈ ਨਾਲ ਦੇਖਿਆ ਜਾਵੇ ਤਾਂ ਜੋ ਬੁਧ ਮੱਤ ਨਾਲ ਹੋਇਆ, ਠੀਕ ਉਸੇ ਤਰ੍ਹਾਂ ਬਲਕਿ ਉਸ ਤੋਂ ਵੀ ਕੁੱਝ ਵੱਧ ਅੱਜ ਸਿੱਖ ਧਰਮ ਨਾਲ ਵੀ ਹੋ ਰਿਹਾ ਹੈ।

ਇਸੇ ਸਾਰੇ ਦਾ ਨਤੀਜਾ, ਇਸ ਸਮੇਂ ਸਿੱਖ ਸੰਗਤਾਂ ਨੂੰ ਜੋ ਸਿੱਖ ਇਤਿਹਾਸ ਮਿਲ ਰਿਹਾ ਹੈ ਉਹ ਗੁਰਮਤਿ ਦੀ ਚਾਸ਼ਨੀ ਚੜ੍ਹਿਆ ਬਹੁਤਾ ਕਰਕੇ ਬ੍ਰਾਹਮਣੀ ਵਿਚਾਰਧਾਰਾ ਹੀ ਹੈ। ਇਸ ਤੋਂ ਵੱਧ ਇਸ ਸਮੇਂ ਸਿੱਖ ਧਰਮ ਦੇ ਬਹੁਤੇ ਪ੍ਰਚਾਰਕ, ਪ੍ਰਬੰਧਕ, ਗੁਰਦੁਆਰੇ, ਕੀਰਤਨ ਦਰਬਾਰ, ਸ਼ਤਾਬਦੀਆਂ ਉਪ੍ਰੰਤ ਪੰਥ `ਚ ਆਪਣੀਆਂ ਜੜਾਂ ਜਮਾ ਚੁੱਕਾ ਤੇ ਕੌੜੀ ਵੇਲ ਵਾਂਗ ਵਧ ਰਿਹਾ ਡੇਰ੍ਹਾਵਾਦ, ਪੁਜਾਰੀਵਾਦ; ਸਿੱਖ ਧਰਮ ਦੇ ਹੀ ਅਜੋਕੇ ਬਹੁਤੇ ਲਿਖਾਰੀ ਤੇ ਉਹਨਾਂ ਦੀਆਂ ਲਿਖਤਾਂ ਪੂਰੀ ਤਰ੍ਹਾਂ ਬ੍ਰਹਮਣੀ ਰੰਗ `ਚ ਓਤ-ਪ੍ਰੋਤ ਹਨ। ਅੱਜ ਸਿੱਖ ਧਰਮ ਦੀਆਂ ਉੱਚਤਮ ਸੰਸਥਾਵਾਂ ਵੀ ਇਸ ਵਿਰੋਧੀ ਵਾਰ ਤੋਂ ਨਹੀਂ ਬਚੀਆਂ ਹੋਈਆਂ। ਹੋਰ ਤਾਂ ਹੋਰ ਸਿੱਖ ਧਰਮ ਦਾ ਮੂਲ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਜੀ ਦੇ ਸ਼੍ਰੀਕ ਵੀ ਨਿੱਤ ਪੈਦਾ ਕੀਤੇ ਜਾ ਰਹੇ ਹਨ ਤਾ ਕਿ ਸਿੱਖ ਧਰਮ ਦੀ ਅਸਲੀਅਤ ਹੀ ਨਜ਼ਰ ਨਾ ਆਵੇ। ਇਹਨਾ ਰਚਨਤਵਾਂ `ਚੋਂ ਹੀ ਸਭ ਤੋਂ ਅਗਲੀ ਕਤਾਰ `ਚ ਵਰਤਿਆ ਜਾ ਰਿਹਾ ਹੈ-ਦਸਮੇਸ਼ ਪਿਤਾ ਦੇ ਪਵਿਤ੍ਰ ਨਾਮ ਨੂੰ ਵਰਤ ਕੇ ਸੰਨ ੧੮੬੦ ਦੇ ਆਸਪਾਸ ਪੈਦਾ ਕੀਤੇ ਗਏ ਅਖੌਤੀ ‘ਦਸਮ ਗ੍ਰੰਥ’ ਮੂਲੋਂ ਬਚਿਤ੍ਰ ਨਾਟਕ ਨੂੰ। ਇਸ ਪ੍ਰਚਲਤ ਕੀਤੇ ਗਏ ‘ਦਸਮ ਗ੍ਰੰਥ’ ਅਤੇ ਅਸਲੋਂ ਬਚਿਤ੍ਰ ਨਾਟਕ `ਚ ਕੇਵਲ ਦੋ-ਚਾਰ ਰਚਨਾਵਾਂ ਉਹ ਹਨ ਜਿਨ੍ਹਾਂ ਨੂੰ ਪੰਥ ਦਾ ਇੱਕ ਹਿੱਸਾ ਦਸਮੇਸ਼ ਜੀ ਦੀਆਂ ਰਚਨਾਵਾਂ ਮੰਣਦਾ ਹੈ ਅਤੇ ਸੰਨ ੧੯੪੫ ਦੀ ਰਹਿਤ ਮਰਿਆਦਾ ਅਨੁਸਾਰ ਨਿਤਨੇਮ ਦਾ ਹਿੱਸਾ ਵੀ ਹਨ। ਜਦਕਿ ੧੪੨੮ ਪੀਨਿਆਂ ਦੇ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਬਰਾਬਰ ਵਾਲੇ ਆਕਾਰ ਦਾ ਤਿਆਰ ਕੀਤਾ ਗਿਆ ਇਹ ਗ੍ਰੰਥ ਇਸਤ੍ਰੀ ਵਰਗ ਦੀ ਅਵਹੇਲਣਾ, ਦੇਵੀ ਦੇਵ ਤੇ ਅਵਤਾਰ ਪੂਜਾ, ਨੰਗੇਜਵਾਰ, ਅਸ਼ਲੀਲਤਾ, ਨਸ਼ਿਆਂ ਦਾ ਸੇਵਨ, ਰੋਮਾਂ ਦੀ ਕੱਟ-ਵੱਡ ਆਦਿ ਸਿੱਖ ਧਰਮ ਵਿਰੋਧੀ ਵਿਚਾਰਧਾਰਾਵਾਂ ਨਾਲ ਭਰਿਆ ਪਿਆ ਹੈ। ਖੂਬੀ ਇਹ ਕਿ ਵਿਰੋਧੀ ਅਨਸਰ ਅੱਜ ਖੁਲ੍ਹੇਆਮ ਦੋ ਤਖਤਾਂ `ਤੇ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਬਰਾਬਰੀ `ਤੇ ਇਸ ਦਾ ਪ੍ਰਕਾਸ਼ ਕਰਵਾਉਣ `ਚ ਵੀ ਸਫ਼ਲ ਹੋ ਚੁੱਕਾ ਹੈ। ਇਸ ਖੇਡ `ਚ ਸਭ ਤੋਂ ਅੱਗੇ ਵਰਤੇ ਜਾ ਰਹੇ ਸਿੱਖ ਧਰਮ `ਚੋਂ ਹੀ ਪ੍ਰਭਾਵਸ਼ਾਲੀ ਸਿੱਖੀ ਬਾਣੇ `ਚ ਵਿਚਰ ਰਹੇ, ਜ਼ਰ ਖਰੀਦ।

ਇਸ ਤੋਂ ਇਲਾਵਾ ਸੰਨ ੧੯੮੪ ਜਦੋਂ ਕਿ ਦਿਨ ਦੀਵੀਂ ਹਜ਼ਾਰਹਾਂ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਇਹ ਤਾਂ ਅਜੇ ਹੈ ਹੀ ਕਲ ਦੀ ਗੱਲ। ਸਿੱਖਾਂ ਦੀਆਂ ਜਾਇਦਾਦਾਂ ਲੁੱਟੀਆਂ-ਸਾੜੀਆਂ ਗਈਂਆਂ। ਗੁਰਦੁਆਰੇ ਸਾੜੇ ਤੇ ਤਬਾਹ ਕੀਤੇ ਗਏ। ਕਈ ਇਤਿਹਾਸਕ ਗੁਰਦੁਆਰਿਆਂ ਦੀਆਂ ਜ਼ਮੀਨਾਂ `ਤੇ ਕਬਜ਼ੇ ਕਰ ਲਏ ਗਏ ਜਾਂ ਉਹਨਾਂ ਨੂੰ ਝਗੜਿਆਂ `ਚ ਉਲਝਾ ਦਿੱਤਾ ਗਿਆ। ਪੰਜਾਬ ਵਿਚੋਂ ਸਿੱਖੀ ਦੀ ਜੁਆਨੀ ਨੂੰ ਜਾਂ ਤਾਂ ਖਤਮ ਕਰ ਦਿੱਤਾ ਗਿਆ ਨਹੀਂ ਤਾਂ ਬਹੁਤੇ ਆਪਣੀਆਂ ਜਾਨਾਂ ਬਚਾਉਣ ਲਈ ਵਿਦੇਸ਼ਾਂ ਵੱਲ ਦੌੜਣ ਨੂੰ ਮਜਬੂਰ ਹੋ ਗਏ। ਕਿਆ ਖੂਬ! ਹਜ਼ਾਰਾਂ ਦੇ ਕਤਲ ਅਤੇ ਅਰਬਾਂ-ਖਰਬਾਂ ਦੀ ਸੰਪਤੀ ਦੀ ਤਬਾਹੀ ਪਰ ਮੁਲਜ਼ਮ ਇੱਕ ਵੀ ਨਹੀਂ। ਸਿੱਖਾਂ ਦੀ ਹੀ ਜਨਮ ਭੂਮੀ ਪੰਜਾਬ `ਚ ਨਸ਼ਿਆਂ ਅਤੇ ਸੈਕਸ ਨੂੰ ਹਵਾ ਦਿੱਤੀ ਜਾ ਰਹੀ ਹੈ। ਲੱਚਰ ਤੇ ਅਸ਼ਲੀਲ ਗਵਈਆਂ ਨੂੰ ਚੁੱਕਿਆ `ਤੇ ਉਹਨਾਂ ਲਈ ਵਿਦੇਸ਼ਾਂ ਦੇ ਸੌਖੇ ਵੀਜ਼ੇ ਲਗਵਾਏ ਜਾ ਰਹੇ ਹਨ, ਕਿਉਂਕਿ ਇਸ ਤੋਂ ਵੱਧ ਤੋਂ ਵੱਧ ਰਸਤਾ ਮਿਲ ਜਾਂਦਾ ਹੈ ਪਤਿਤਪੁਣੇ ਨੂੰ।

ਦਰਅਸਲ ਸਿੱਖ ਧਰਮ ਉਪਰ ਵੀ ਉਸ ਦਾ ਅੱਜ ਇਹ ਵਾਰ ਕਾਮ-ਦਾਮ-ਸਾਮ ਭਾਵ ਹਰ ਪਾਸਿਉਂ ਹੋ ਰਿਹਾ ਹੈ? ਵਿਰੋਧੀ ਆਪਣੇ ਇਸ ਵਾਰ `ਚ ਇਤਨਾ ਸਫ਼ਲ ਹੋ ਚੁੱਕਾ ਹੈ ਕਿ ਇੱਕ ਅੰਦਾਜ਼ੇ ਮੁਤਾਬਿਕ ਅੱਜ ਸਾਰੇ ਨਹੀਂ ਪਰ ਬਹੁਤਾ ਕਰ ਕੇ ਸਿੱਖ ਪ੍ਰਵਾਰਾਂ ਦੀ ਨਿੱਤ ਦੀ ਚੌਵੀ ਘੰਟਿਆਂ ਦੀ ਰਹਿਣੀ-ਸੋਚਣੀ ਵਿਚੋਂ ਲਗਭਗ ਪੌਨੇ ਚੋਵੀ ਘੰਟੇ ਦੀ ਰਹਿਣੀ ਸਿੱਖੀ ਨਹੀਂ ਬਲਕਿ ਬ੍ਰਾਹਮਣੀ ਤੇ ਅਨਮਤੀ ਹੀ ਹੋ ਚੁੱਕੀ ਹੈ। ਖਾਲਸਾ ਜੀ ਵਿਚਾਰੋ ਤੇ ਸੋਚੋ! ਕੀ ਇਹ ਉਹੀ ਹੱਥਿਆਰ ਅੱਜ ਸਿੱਖਾਂ ਉਪਰ ਵੀ ਤਾਂ ਨਹੀਂ ਵਰਤੇ ਜਾ ਰਹੇ, ਜਿਹੜੇ ਕਦੇ ਬੁਧ ਧਰਮ `ਤੇ ਵਰਤੇ ਜਾ ਰਹੇ ਸਨ? ਦੂਜੇ ਪਾਸੇ ਸਿੱਖਾਂ ਦਾ ਇਸ `ਚ ਕਸੂਰ ਕੇਵਲ ਇਨਾਂ ਹੈ ਕਿ ਸਿੱਖ ਗੁਰਬਾਣੀ ਰਾਹੀਂ ਬਖਸ਼ੇ ਸਤਿਗੁਰਾਂ ਦੇ ਆਦੇਸ਼ਾ ਅਨੁਸਾਰ ਆਪਣੇ ਨਿਆਰੇਪਣ `ਚ ਜੀਊਣਾ ਚਾਹੁੰਦੇ ਹਨ। ਇਹ ਸ਼ਖਸੀ ਪੂਜਾ, ਦੇਵੀ-ਦੇਵ ਪੂਜਾ ਅਵਤਾਰ ਪੂਜਾ, ਬ੍ਰਾਹਮਣੀ ਕਾਂਡਾਂ ਤੇ ਉਸ ਦੀ ਕਾਇਮ ਕੀਤੀ ਵਰਣ-ਵੰਡ ਆਦਿ ਨੂੰ ਮਨਜ਼ੂਰ ਨਹੀਂ ਕਰਦੇ ਜਦਕਿ ਬ੍ਰਾਹਮਣ ਨੂੰ ਸਿੱਖਾਂ ਦਾ ਇਹ ਸਭ ਮਨਜ਼ੂਰ ਨਹੀਂ#027G09s.03.09s#

ਨੋਟ: ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ ਜੀ ਦੀ ਆਗਿਆ ਨਾਲ ਸਨਿਮ੍ਰ ਬੇਨਤੀ ਹੈ ਕਿ ਪ੍ਰਿੰਸੀਪਲ ਸਾਹਿਬ ਜੀ ਦਾ ਕੋਈ ਵੀ ਗੁਰਮਤਿ ਪਾਠ-ਕੋਈ ਵੀ ਪੰਥਕ ਸੱਜਣ, ਸੰਸਥਾ, ਮੈਗ਼ਜ਼ੀਨ ਅਥਵਾ ਨੀਊਜ਼ ਪੇਪਰ ਜਾਂ ਵੈਬ ਸਾਈਟ; ਬਿਨਾ ਤਬਦੀਲੀ, ਹੂ-ਬ-ਹੂ ਅਤੇ ਲੇਖਕ ਨਾਮ ਸਹਿਤ, ਕੇਵਲ ਅਤੇ ਕੇਵਲ ਗੁਰਮਤਿ ਪ੍ਰਸਾਰ ਦੇ ਆਸ਼ੇ ਨੂੰ ਮੁੱਖ ਰਖਦੇ ਹੋਏ ਬਿਨਾ ਕਿਸੇ ਹੋਰ ਆਗਿਆ ਛਾਪ ਅਤੇ ਲੋਡ ਕਰ ਸਕਦਾ ਹੈ। ਬੇਨਤੀ ਕਰਤਾ-ਗੁਰਮਤਿ ਐਜੁਕੇਸ਼ਨ ਸੈਂਟਰ, ਦਿੱਲੀ Phone 011-26236119, 9811292808 Web site gurbaniguru.org

ਹੱਥਲੇ ਵਿਸ਼ੇ ਨੂੰ ਹੋਰ ਵੇਰਵੇ ਸਹਿਤ ਪੜ੍ਹਣ ਲਈ ਗੁਰਮਤਿ ਪਾਠ ਨੰ: ੭੫ “ਦਸਮੇਸ਼ ਪਿਤਾ ਤੇ ਇਤਿਹਾਸ `ਚ ਰਲ ਗਡ” ਦਾ ਲਾਭ ਲਵੋ ਜੀ
.