.

ਸੰਖ ਚਕ੍ਰ ਮਾਲਾ ਤਿਲਕੁ ਬਿਰਾਜਿਤ ਦੇਖਿ ਪ੍ਰਤਾਪੁ ਜਮੁ ਡਰਿਓ

ੴਸਤਿਗੁਰ ਪ੍ਰਸਾਦਿ॥

ਚਾਰਿ ਮੁਕਤਿ ਚਾਰੈ ਸਿਧਿ ਮਿਲਿ ਕੈ ਦੂਲਹ ਪ੍ਰਭ ਕੀ ਸਰਨਿ ਪਰਿਓ॥
ਮੁਕਤਿ ਭਇਓ ਚਉਹੂੰ ਜੁਗ ਜਾਨਿਓ ਜਸੁ ਕੀਰਤਿ ਮਾਥੈ ਛਤ੍ਰੁ ਧਰਿਓ॥ 1॥
ਰਾਜਾ ਰਾਮ ਜਪਤ ਕੋ ਕੋ ਨ ਤਰਿਓ॥
ਗੁਰ ਉਪਦੇਸਿ ਸਾਧ ਕੀ ਸੰਗਤਿ ਭਗਤੁ ਭਗਤੁ ਤਾ ਕੋ ਨਾਮੁ ਪਰਿਓ॥ 1॥ ਰਹਾਉ॥
ਸੰਖ ਚਕ੍ਰ ਮਾਲਾ ਤਿਲਕੁ ਬਿਰਾਜਿਤ ਦੇਖਿ ਪ੍ਰਤਾਪੁ ਜਮੁ ਡਰਿਓ॥
ਨਿਰਭਉ ਭਏ ਰਾਮ ਬਲ ਗਰਜਿਤ ਜਨਮ ਮਰਨ ਸੰਤਾਪ ਹਿਰਿਓ॥ 2॥
ਅੰਬਰੀਕ ਕਉ ਦੀਓ ਅਭੈ ਪਦੁ ਰਾਜੁ ਭਭੀਖਨ ਅਧਿਕ ਕਰਿਓ॥
ਨਉ ਨਿਧਿ ਠਾਕੁਰਿ ਦਈ ਸੁਦਾਮੈ ਧ੍ਰ¨ਅ ਅਟਲੁ ਅਜਹੂ ਨ ਟਰਿਓ॥ 3॥
ਭਗਤ ਹੇਤਿ ਮਾਰਿਓ ਹਰਨਾਖਸੁ ਨਰਸਿੰਘ ਰੂਪ ਹੋਇ ਦੇਹ ਧਰਿਓ॥
ਨਾਮਾ ਕਹੈ ਭਗਤਿ ਬਸਿ ਕੇਸਵ ਅਜਹੂੰ ਬਲਿ ਕੇ ਦੁਆਰ ਖਰੋ॥ 4॥ 1॥
ਗੁਰੂ ਗ੍ਰੰਥ ਸਾਹਿਬ, ਪੰਨਾ 1105

ਪਦ ਅਰਥ
ਚਾਰਿ ਮੁਕਤਿ: - ਚਾਰ ਗੁਰਮੁਖ ਜਿਨ੍ਹਾਂ ਦਾ ਇਸ ਸ਼ਬਦ ਅੰਦਰ ਜ਼ਿਕਰ ਹੈ (ਸੁਦਾਮਾ, ਅੰਬਰੀਕ, ਭਭੀਖਣ, ਧ੍ਰੂ)
ਸਿਧਿ ਮਿਲਿ ਕੈ – ਸਫਲਤਾ ਪ੍ਰਾਪਤ ਕਰ ਲੈਣੀ
ਚਾਰੈ ਸਿਧਿ ਮਿਲਿ ਕੈ – ਕਰਮਕਾਂਡੀਆਂ ਵਲੋਂ ਚਾਰ ਕਿਸਮ ਦੀਆਂ ਮੁਕਤੀਆਂ ਮੰਨੀਆਂ ਗਈਆਂ ਹਨ। ਪ੍ਰਭੂ ਦੀ ਸ਼ਰਨ ਆਉਣ ਨਾਲ ਇਨ੍ਹਾਂ ਤੋਂ ਉੱਪਰ ਉੱਠ ਜਾਣਾ ਸਫਲਤਾ ਪ੍ਰਾਪਤ ਕਰ ਲੈਣੀ।
ਦੂਲਹ – ਜਗਯਾਸੂ, ਜੀਵ (ਮਹਾਨ ਕੋਸ਼)
ਮੁਕਤਿ ਭਇਓ – ਮੁਕਤੀ ਨੂੰ ਪ੍ਰਾਪਤ ਹੋ ਜਾਣਾ, ਕਰਮਕਾਂਡਾਂ ਤੋਂ ਮੁਕਤ ਹੋ ਜਾਣਾ
ਚਉਹੂੰ ਜੁਗ ਜਾਨਿਓ – ਹਰ ਸਮੇ ਅੰਦਰ ਜਾਣੇ ਜਾਣਾ, ਸਦੀਵੀ
ਜਸੁ ਕੀਰਤਿ – ਕੀਰਤੀ ਦਾ ਜਸ
ਮਾਥੈ ਛਤ੍ਰੁ ਧਰਿਓ – ਸਦੀਵੀ ਬਖ਼ਸ਼ਿਸ਼ ਦਾ ਛਤ੍ਰ। ਉਸ ਵਾਹਿਗੁਰੂ ਦਾ ਸਿਮਰਨ ਕਰਨ ਵਾਲਿਆਂ ਦੇ ਸਿਰ ਵਾਹਿਗੁਰੂ ਆਪਣੀ ਬਖ਼ਸ਼ਿਸ਼ ਦਾ ਛਤ੍ਰ ਰੱਖਦਾ ਹੈ।
ਰਾਜਾ ਰਾਮ – ਜੋ ਸਦੀਵੀ ਰਾਜਾ ਰਾਮ ਹੈ ਭਾਵ ਪਾਰਬ੍ਰਹਮ ਕਰਤਾਰ
ਸੰਖ, ਚੱਕਰ, ਮਾਲਾ, ਤਿਲਕੁ – ਕਰਮਕਾਂਡੀ ਲੋਕ ਇਹ ਮੰਨਦੇ ਹਨ ਕਿ ਅਜਿਹੇ ਚਿੰਨ ਧਾਰਨ ਕਰਨ ਨਾਲ ਜਮ ਡਰ ਜਾਂਦਾ ਹੈ।
ਸੰਖ – ਵਿਸ਼ਨੂੰ ਦੇ ਸੰਖ ਦਾ ਚੰਦਨ ਨਾਲ ਸਰੀਰ ਤੇ ਵੈਸ਼ਨਵ ਲੋਕਾਂ ਵਲੋਂ ਬਣਾਇਆ ਚਿੰਨ
ਚਕ੍ਰ – ਗਣੇਸ਼ ਚਕ੍ਰ ਸਰੀਰ ਤੇ ਬਣਾਉਣੇ
ਕਰਿ ਇਸਨਾਨੁ ਤਨਿ ਚਕ੍ਰ ਬਣਾਏ॥
ਅੰਤਰ ਕੀ ਮਲੁ ਕਬ ਹੀ ਨ ਜਾਏ॥ 1॥
ਗੁਰੂ ਗ੍ਰੰਥ ਸਾਹਿਬ, ਪੰਨਾ 1348
ਸਿਲ ਪੂਜਸਿ ਚਕ੍ਰ ਗਣੇਸੰ॥
ਨਿਸਿ ਜਾਗਸਿ ਭਗਤਿ ਪ੍ਰਵੇਸੰ॥
ਗੁਰੂ ਗ੍ਰੰਥ ਸਾਹਿਬ, ਪੰਨਾ 1351
ਮਾਲਾ – ਫੁੱਲਾਂ ਦੀ ਮਾਲਾ ਜਿਹੜੀਂ ਵਿਸ਼ਨੂੰ ਦੇ ਪੁਜਾਰੀ ਪਾਉਂਦੇ ਹਨ।
ਗਲਿ ਮਾਲਾ ਤਿਲਕੁ ਲਿਲਾਟੰ॥ ਦੁਇ ਧੋਤੀ ਬਸਤ੍ਰ ਕਪਾਟੰ॥
ਜੇ ਜਾਣਸਿ ਬ੍ਰਹਮੰ ਕਰਮੰ॥ ਸਭਿ ਫੋਕਟ ਨਿਸਚਉ ਕਰਮੰ॥
ਗੁਰੂ ਗ੍ਰੰਥ ਸਾਹਿਬ, ਪੰਨਾ 470
ਤਿਲਕੁ – ਕੇਸਰ ਦਾ ਕਰਮਕਾਂਡੀਆਂ ਵਲੋਂ ਮੱਥੇ ਉੱਪਰ ਤਿਲਕ ਲਗਾਉਣਾ
ਗਲਿ ਮਾਲਾ ਤਿਲਕੁ ਲਿਲਾਟੰ॥ ਦੁਇ ਧੋਤੀ ਬਸਤ੍ਰ ਕਪਾਟੰ॥
ਜੇ ਜਾਣਸਿ ਬ੍ਰਹਮੰ ਕਰਮੰ॥ ਸਭਿ ਫੋਕਟ ਨਿਸਚਉ ਕਰਮੰ॥
ਗੁਰੂ ਗ੍ਰੰਥ ਸਾਹਿਬ, ਪੰਨਾ 470
ਨੋਟ – ਉੱਪਰ ਜੋ ਚਾਰ ਚਿੰਨ ਦਰਸਾਏ ਹਨ, ਕਰਮਕਾਂਡੀ ਇਨ੍ਹਾਂ ਨੂੰ ਇਸ ਕਰਕੇ ਧਾਰਨ ਕਰਦੇ ਹਨ ਕਿ ਇਨ੍ਹਾਂ ਚਿੰਨਾਂ ਦਾ ਪ੍ਰਤਾਪ ਦੇਖਕੇ ਜਮ ਡਰ ਜਾਂਦੇ ਹਨ।
ਨਿਰਭਉ ਭਏ – ਨਿਰਭਉ ਹੋ ਜਾਣਾ
ਰਾਮ ਬਲ ਗਰਜਿਤ – ਵਾਹਿਗੁਰੂ ਦੇ ਗਿਆਨ ਦੀ ਅਥਾਹ ਸ਼ਕਤੀ ਅਤੇ ਇਸ ਦੀ ਗਰਜਨਾਂ ਸ਼ਬਦ ਦੁਆਰਾ ਹੁੰਦੀ ਹੈ।
ਪੰਚੇ ਸਬਦ ਵਜੇ ਮਤਿ ਗੁਰਮਤਿ ਵਡਭਾਗੀ ਅਨਹਦੁ ਵਜਿਆ॥
ਆਨਦ ਮੂਲੁ ਰਾਮੁ ਸਭੁ ਦੇਖਿਆ ਗੁਰ ਸਬਦੀ ਗੋਵਿਦੁ ਗਜਿਆ॥
ਗੁਰੂ ਗ੍ਰੰਥ ਸਾਹਿਬ, ਪੰਨਾ 1315
ਗੋਵਿੰਦ ਗਾਜੇ ਅਨਹਦ ਵਾਜੇ ਅਚਰਜ ਸੋਭ ਬਣਾਈ॥
ਕਹੁ ਨਾਨਕ ਪਿਰੁ ਮੇਰੈ ਸੰਗੇ ਤਾ ਮੈ ਨਵ ਨਿਧਿ ਪਾਈ॥ 3॥
ਗੁਰੂ ਗ੍ਰੰਥ ਸਾਹਿਬ, ਪੰਨਾ 452
ਵਾਹਿਗੁਰੂ ਦੇ ਗਿਆਨ ਦਾ ਅਨਹਦ ਨਾਦ ਵੱਜਣਾ। ਜਿਸ ਨਾਦ ਦੀ ਸੋਭਾ ਅਤੇ ਅਸਚਰਜਤਾ ਦੱਸੀ ਨਹੀਂ ਜਾ ਸਕਦੀ, ਭਾਵ ਅਨਹਦ ਨਾਦ ਦਾ ਪ੍ਰਗਟ ਹੋ ਜਾਣਾ।
ਸੋ ਇਸ ਸ਼ਬਦ ਅੰਦਰ ਨਾਮਦੇਵ ਜੀ ਨੇ ਸਪਸ਼ਟ ਕੀਤਾ ਹੈ ਕਿ ਜਿਹੜੇ ਗੁਰਮੁਖ ਜਨ ਪ੍ਰਭੂ ਦੀ ਸ਼ਰਨ ਆ ਜਾਂਦੇ ਹਨ, ਉਹ ਅਜਿਹੇ ਕਰਮਕਾਂਡੀ ਚਿੰਨਾਂ (ਤਿਲਕੁ, ਮਾਲਾ, ਚੱਕ੍ਰ, ਸੰਖ, ਆਦਿ) ਨੂੰ ਧਾਰਨ ਕਰਨ ਦੀ ਲੋੜ ਨਹੀਂ ਸਮਝਦੇ ਅਤੇ ਉਹ ਅਜਿਹੇ ਚਿੰਨਾਂ ਦਾ ਖੰਡਨ ਕਰਦੇ ਹਨ।
ਜਨਮ ਮਰਨ ਸੰਤਾਪ ਹਿਰਿਓ – ਜਨਮ ਮਰਨ ਦਾ ਸੰਤਾਪ ਖ਼ਤਮ ਹੋ ਜਾਣਾ
ਅਭੈ ਪਦੁ – ਨਿਰਭਉ ਹੋ ਜਾਣਾ, ਅਭੈ ਪਦਵੀ ਪ੍ਰਾਪਤ ਕਰ ਲੈਣੀ
ਆਇਓ ਸਰਣਿ ਦੀਨ ਦੁਖ ਭੰਜਨ ਚਿਤਵਉ ਤੁਮੑਰੀ ਓਰਿ॥
ਅਭੈ ਪਦੁ ਦਾਨੁ ਸਿਮਰਨੁ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋਰਿ॥ 2॥ 5॥ 9॥
ਗੁਰੂ ਗ੍ਰੰਥ ਸਾਹਿਬ, ਪੰਨਾ 701-702
ਸ੍ਰੀਗੁਰ ਚਰਨ ਰੇਨ ਸ੍ਰੀਗੁਰ ਸਰਨਿ ਧੇਨ
ਕਰਮ ਭਰਮ ਕਟਿ ਅਭੈ ਪਦ ਪਾਏ ਹੈ॥ ਸ੍ਰੀਗੁਰ ਬਚਨ ਲੇਖ ਸ੍ਰੀਗੁਰ ਸੇਵਕ ਭੇਖ
ਅਛਲ ਅਲੇਖ ਪ੍ਰਭੁ ਅਲਖ ਲਖਾਏ ਹੈ॥
ਭਾਈ ਗੁਰਦਾਸ, ਕਬਿਤ 135
ਕਰਮਕਾਂਡੀ ਕਰਮ ਰੂਪੀ ਭਰਮ ਜਦੋਂ ਕੱਟਿਆ ਜਾਵੇ ਤਾਂ ਅਭੈ ਪਦੁ ਦੀ ਪ੍ਰਾਪਤੀ ਹੋ ਜਾਂਦੀ ਹੈ।
ਅਧਿਕ – ਹੱਕਦਾਰ
ਅਧਿਕ ਕਰਿਓ – ਹੱਕ ਪ੍ਰਾਪਤ ਕਰ ਲੈਣਾ, ਹੱਕਦਾਰ ਬਣਨਾ
ਅਜਹੂ – ਅਜੇ ਤੱਕ
ਭਗਤ – ਬੰਦਗੀ ਕਰਨੀ, ਸਿਫ਼ਤੋ-ਸਲਾਹ
ਹੇਤਿ – ਲੀਨ ਹੋ ਜਾਣਾ
ਭਗਤ ਹੇਤਿ – ਬੰਦਗੀ ਵਿੱਚ ਲੀਨ ਹੋ ਜਾਣਾ
ਮਾਰਿਓ – ਖ਼ਤਮ ਹੋ ਜਾਣਾ
ਮਾਰਿਓ ਹਰਨਾਖਸੁ – ਹਰਨਾਖਸ਼ੀ ਬਿਰਤੀ ਖ਼ਤਮ ਹੋ ਜਾਣੀ
ਨਰਸਿੰਘ ਰੂਪ – ਹਰਨਾਖਸ਼ੀ ਬਿਰਤੀ ਨੂੰ ਖ਼ਤਮ ਕਰ ਦੇਣ ਵਾਲਾ ਆਤਮਿਕ ਗਿਆਨ
ਦੇਹ ਧਰਿਓ – ਬਖ਼ਸ਼ਿਸ਼ ਕਰ ਦੇਣਾ
ਦੇਹ – ਦੇਣਾ
ਬਾਬਾ ਆਵਹੁ ਭਾਈਹੋ ਗਲਿ ਮਿਲਹ ਮਿਲਿ ਮਿਲਿ ਦੇਹ ਆਸੀਸਾ ਹੇ॥
ਬਾਬਾ ਸਚੜਾ ਮੇਲੁ ਨ ਚੁਕਈ ਪ੍ਰੀਤਮ ਕੀਆ ਦੇਹ ਅਸੀਸਾ ਹੇ॥
ਗੁਰੂ ਗ੍ਰੰਥ ਸਾਹਿਬ, ਪੰਨਾ 582
ਨਾਮਾ ਕਹੈ – ਨਾਮਦੇਵ ਜੀ ਇਹ ਗੱਲ ਕਹਿੰਦੇ ਹਨ
ਭਗਤਿ ਬਸਿ ਕੇਸਵ – ਭਗਤ ਕਰਨ ਵਾਲੇ ਕਰਤਾਰ ਦੇ ਵਸਿ ਹਨ
ਬਲਿ – ਫ਼ਾਰਸੀ ਦਾ ਸ਼ਬਦ ਜਿਸ ਦੇ ਅਰਥ ਹਨ ਪ੍ਰੰਤੂ ਜਾਂ ਇਸ ਦੇ ਉਲਟ
ਨੋਟ – ਪਾਠਕ ਨਰਸਿੰਘ ਰੂਪ ਅਤੇ ਹਰਨਾਖਸ਼ ਦੇ ਜਾਨਣ ਲਈ ਸਾਰੇ ਸ਼ਬਦ ਦੀ ਵਿਆਖਿਆ ਅੱਗੇ ਪੜ੍ਹਦੇ ਜਾਣ।
ਅਰਥ
ਹੇ ਭਾਈ! ਜਿਹੜੇ ਜਗਿਆਸੂ ਪ੍ਰਭੂ ਦੀ ਸ਼ਰਨ ਪੈਂਦੇ ਹਨ, ਉਹ, ਜੋ ਕਰਮਕਾਂਡੀਆਂ ਵਲੋਂ ਚਾਰ ਕਿਸਮ ਦੀ ਮੁਕਤੀ ਮੰਨੀ ਗਈ ਹੈ, ਅਜਿਹੇ ਕਰਮਕਾਂਡਾਂ ਉੱਪਰ ਜਿੱਤ ਪ੍ਰਾਪਤ ਕਰ ਲੈਂਦੇ ਹਨ, ਅਤੇ ਇਨ੍ਹਾਂ ਤੋਂ ਮੁਕਤ ਹੋ ਜਾਂਦੇ ਹਨ। ਜਿਹੜੇ ਜਗਿਆਸੂ ਕਰਮਕਾਂਡਾਂ ਤੋਂ ਮੁਕਤੀ ਪਾ ਲੈਂਦੇ ਹਨ, ਵਾਹਿਗੁਰੂ ਉਨ੍ਹਾਂ ਦੇ ਸਿਰ ਉੱਪਰ ਆਪਣੀ ਬਖ਼ਸ਼ਿਸ਼ ਦਾ ਆਤਮਿਕ ਗਿਆਨ ਰੂਪ ਛਤਰ ਰੱਖਦਾ ਹੈ। ਅਜਿਹੇ ਗੁਰਮੁਖ ਹਰ ਸਮੇਂ ਅੰਦਰ ਜਾਣੇ ਜਾਂਦੇ ਹਨ। ਅਜਿਹਾ ਕਦੀ ਨਹੀਂ ਹੋ ਸਕਦਾ ਕਿ ਜਿਸ ਜਗਿਆਸੂ ਨੇ ਸ੍ਵੈ-ਪ੍ਰਕਾਸ਼ਮਾਨ ‘ਰਾਜਾ ਰਾਮ’ ਨੂੰ ਸਿਮਰਿਆ ਹੋਵੇ, ਉਹ ਤਰ ਨਾਂ ਗਿਆ ਹੋਵੇ।
ਨਾ ਓਹਿ ਮਰਹਿ ਨ ਠਾਗੇ ਜਾਹਿ॥ ਜਿਨ ਕੈ ਰਾਮੁ ਵਸੈ ਮਨ ਮਾਹਿ॥
ਗੁਰੂ ਗ੍ਰੰਥ ਸਾਹਿਬ, ਪੰਨਾ 8
ਰਾਜਾ ਰਾਮ ਜਪਤ ਕੋ ਕੋ ਨ ਤਰਿਓ॥
ਗੁਰ ਉਪਦੇਸਿ ਸਾਧ ਕੀ ਸੰਗਤਿ ਭਗਤੁ ਭਗਤੁ ਤਾ ਕੋ ਨਾਮੁ ਪਰਿਓ॥ 1॥
ਗੁਰੂ ਗ੍ਰੰਥ ਸਾਹਿਬ, ਪੰਨਾ 1105

ਆਵਾ ਗਉਣੁ ਤੁਧੁ ਆਪਿ ਰਚਾਇਆ॥
ਸੇਈ ਭਗਤ ਜਿਨ ਸਚਿ ਚਿਤੁ ਲਾਇਆ॥ 2॥
ਗੁਰੂ ਗ੍ਰੰਥ ਸਾਹਿਬ, ਪੰਨਾ 1342
ਸੱਚ ਨਾਲ ਜੁੜਨ ਵਾਲੇ ਦਾ ਨਾਮ ਭਗਤ ਹੈ। ਗੁਰੂ ਦੇ ਉਪਦੇਸ਼ ਦੁਆਰਾ ਸੱਚ ਨਾਲ ਜੁੜਨਾ ਹੀ ਭਗਤੀ ਹੈ। ਜਿਹੜੇ ਜਗਿਆਸੂ ਸੱਚ ਨਾਲ ਜੁੜੇ ਹਨ, ਉਨ੍ਹਾਂ ਦਾ ਨਾਮ ‘ਭਗਤ ਪਰਿਓ’, ਉਹ ਭਗਤ ਅਖਵਾਉਣ ਜੋਗ ਹਨ। ਇਹ ਕਦੇ ਨਹੀਂ ਹੋ ਸਕਦਾ ਕਿ ਸੱਚ ਨਾਲ ਜੁੜਨ ਵਾਲਾ ਭਵ-ਸਾਗਰ ਤੋਂ ਪਾਰ ਨਾਂਹ ਹੋਵੇ।
ਸੱਚ ਨਾਲ ਜੁੜਨ ਵਾਲਿਆ ਦਾ ਕਰਮ ਰੂਪੀ ਭਰਮ ਕੱਟਿਆ ਜਾਂਦਾ ਹੈ। ਸੰਖ, ਚੱਕਰ, ਤਿਲਕੁ, ਆਦਿ ਚਿੰਨ ਧਾਰਨ ਕਰਨ ਵਾਲੇ ਕਰਮਕਾਂਡੀਆਂ ਦਾ ਇਹ ਭਰਮ ਕਿ ਇਹ ਚਿੰਨ ਜਮਾਂ ਨੂੰ ਡਰਾਉਣ ਵਿੱਚ ਸਹਾਈ ਹੁੰਦੇ ਹਨ, ਟੁੱਟ ਜਾਂਦਾ ਹੈ। ਫਿਰ ਇਨ੍ਹਾਂ ਕਰਮਕਾਂਡੀ ਚਿੰਨਾਂ ਨੂੰ ਧਾਰਨ ਕਰਨ ਦੀ ਲੋੜ ਨਹੀਂ ਰਹਿੰਦੀ ਕਿਉਂਕਿ ਉਹ ਨਿਰਭਉ ਹੋ ਜਾਂਦੇ ਹਨ, ਅਤੇ ਕਿਸੇ ਤੋਂ ਡਰਨ ਦੀ ਜਾਂ ਕਿਸੇ ਨੂੰ ਡਰਾਉਣ ਦੀ ਲੋੜ ਨਹੀਂ ਭਾਸਦੇ। ਉਨ੍ਹਾਂ ਅੰਦਰ ਵਾਹਿਗੁਰੂ ਦੇ ਨਾਮ ਦੀ ਗਰਜ ਪਰਗਟ ਹੋ ਜਾਂਦੀ ਹੈ।
ਗੋਵਿੰਦ ਗਾਜੇ ਅਨਹਦ ਵਾਜੇ ਅਚਰਜ ਸੋਭ ਬਣਾਈ॥
ਕਹੁ ਨਾਨਕ ਪਿਰੁ ਮੇਰੈ ਸੰਗੇ ਤਾ ਮੈ ਨਵ ਨਿਧਿ ਪਾਈ॥ 3॥
ਗੁਰੂ ਗ੍ਰੰਥ ਸਾਹਿਬ, ਪੰਨਾ 452
ਉਹ ਅਨਹਦ ਨਾਦ ਜਿਸ ਦੀ ਅਸਚਰਜਤਾ ਦੱਸੀ ਨਹੀਂ ਜਾ ਸਕਦੀ, ਉਨ੍ਹਾਂ ਅੰਦਰ ਪਰਗਟ ਹੋ ਜਾਂਦਾ ਹੈ ਅਤੇ ਉਨ੍ਹਾਂ ਦਾ ਜਨਮ ਮਰਨ ਦੇ ਸੰਤਾਪ ਦਾ ਜਮ ਰੂਪੀ ਭਰਮ ਖ਼ਤਮ ਹੋ ਜਾਂਦਾ ਹੈ।
ਉਹ ਅਭੈਪਦ ਦੇ ਹੱਕਦਾਰ ਬਣਦੇ ਹਨ ਅਤੇ ਅਭੈ ਪਦਵੀ ਨੂੰ ਪ੍ਰਾਪਤ ਹੁੰਦੇ ਹਨ, ਕਿਉਂਕਿ ਉਨ੍ਹਾਂ ਦੇ ਹਿਰਦੇ ਅੰਦਰਲਾ ਨਾਮ ਰੂਪੀ ਧਨ, ਖਜ਼ਾਨਾ ਪਰਗਟ ਹੋ ਜਾਂਦਾ ਹੈ। ਉਹ ਬੰਦਗੀ ਵਿੱਚ ਲੀਨ ਹੋ ਜਾਂਦੇ ਹਨ ਅਤੇ ਵਾਹਿਗੁਰੂ ਉਨ੍ਹਾਂ ਨੂੰ ਆਤਮਿਕ ਗਿਆਨ (ਨਰਸਿੰਘ ਰੂਪ) ਬਖ਼ਸ਼ਦਾ ਹੈ। ਆਤਮਿਕ ਗਿਆਨ ਰੂਪੀ ਨਰਸਿੰਘ ਆਤਮਿਕ ਤੌਰ ਤੇ ਮਾਰ ਮੁਕਾਉਣ ਵਾਲੀ ਬਿਰਤੀ ਨੂੰ ਖ਼ਤਮ ਕਰ ਦਿੰਦਾ ਹੈ। ਜਿਨ੍ਹਾਂ ਨੂੰ ਵਾਹਿਗੁਰੂ ਦੀ ਨਰਸਿੰਘ ਰੂਪ ਆਤਮਿਕ ਗਿਆਨ ਦੀ ਬਖ਼ਸ਼ਿਸ਼ ਹੈ, ਉਹ ‘ਕੇਸਵ’ ਕਰਤਾਰ ਦੀ ਅਧੀਨਗੀ ਕਬੂਲਦੇ ਹਨ। ਉਹ ਕਿਸੇ ਕਰਮਕਾਂਡੀ ਦੇ ਦੁਆਰੇ ਨਹੀਂ ਖੜੋਂਦੇ। ਇਸ ਦੇ ਉਲਟ, ਉਹ ਵਾਹਿਗੁਰੂ ਦੇ ਦਰ ਤੇ ਖੜ੍ਹਦੇ ਹਨ, ਅਤੇ ਨਾਮਦੇਵ ਜੀ ਇਹੀ ਪ੍ਰੇਰਨਾ ਕਰਦੇ ਹਨ ਕਿ ਉਸ ਵਾਹਿਗੁਰੂ ਦੇ ਦਰ ਖੜ੍ਹੋ। ਹੋਰ ਕਿਸੇ ਦੇ ਦਰ ਦੇ ਭਿਖਾਰੀ ਨਹੀਂ ਬਣਨਾਂ।
ਅੰਬਰੀਕ, ਸੁਦਾਮਾ, ਭਭੀਖਣ, ਅਤੇ ਧਰੂ ਦਾ ਕੇਸ਼ਵ (ਕਰਤਾਰ) ਦੇ ਦਰ ਖੜ੍ਹੇ ਹੋਣ ਨਾਲ ਕਰਮ ਰੂਪੀ ਭਰਮ ਕੱਟਿਆ ਗਿਆ, ਅਤੇ ਉਨ੍ਹਾਂ ਨੂੰ ਅਭੈ ਪਦਵੀ, ਅਟੱਲ ਪਦਵੀ, ਨਉ ਨਿਧਿ ਅਤੇ ਰਾਜ ਪਦਵੀ ਪ੍ਰਾਪਤੀ ਹੋਈ।
ਨੋਟ – ਕਰਮਕਾਂਡੀ ਅੱਜ ਤੱਕ ਕਹਿੰਦੇ ਹਨ ਕਿ ‘ਅਜਹੂ ਨਾਂਹ ਟਰਿਓ’ ਭਾਵ ਅਜੇ ਤੱਕ ਤਰੇ ਹੀ ਨਹੀਂ। ਪਰ, ਇਸ ਦੇ ਉਲਟ ਨਾਮਦੇਵ ਜੀ ਨੇ ਸਪਸ਼ਟ ਕੀਤਾ ਹੈ ਕਿ ਇਹ ਗੁਰਮਤੀਏ ਸਨ, ਅਤੇ ਇਨ੍ਹਾਂ ਨੂੰ ਆਤਮਿਕ ਗਿਆਨ ਦੀ ਪ੍ਰਾਪਤੀ ਹੋਈ। ਆਤਮਿਕ ਗਿਆਨ ਰੂਪੀ ਨਰਸਿੰਘ ਦੀ ਬਖ਼ਸ਼ਿਸ਼ ਨਾਲ ਇਨ੍ਹਾਂ ਦੀ ਹਰਨਾਖਸ਼ੀ ਬਿਰਤੀ (ਅਖਾਉਤੀ ਉਚੀ ਕੁਲ ਦਾ ਭਰਮ) ਖ਼ਤਮ ਹੋ ਗਈ।
ਇਸੇ ਤਰ੍ਹਾਂ ਇੱਕ ਹੋਰ ਸ਼ਬਦ ਉੱਪਰ ਵੀ ਗੁਰਮਤਿ ਅਨੁਸਾਰ ਵਿਆਖਿਆ ਕਰਨੀ ਬਣਦੀ ਹੈ। ਉਹ ਇਸ ਲਈ ਕਿ ਉਸ ਵਾਹਿਗੁਰੂ ਦਾ ਅਵਤਾਰੀ ਸਰੂਪ ਨਹੀਂ ਹੋ ਸਕਦਾ ਪਰ ਪਰਚੱਲਤ ਵਿਆਖਿਆ ਅਨੁਸਾਰ ਗੁਰੂ ਨਾਨਕ ਜੀ ਮਹਾਰਾਜ ਰਾਹੀਂ ਰਾਗ ਵਡਹੰਸ ਅੰਦਰ ਉਚਾਰਨ ਸ਼ਬਦ ਦੀ ਵਿਆਖਿਆ ਅੰਦਰ ਵੇਖਣ ਨੂੰ ਵਾਹਿਗੁਰੂ ਦਾ ਸਰੂਪ ਬਿਆਨ ਕੀਤਾ ਗਿਆ ਹੈ।
ਬਲਦੇਵ ਸਿੰਘ ਟੋਰਾਂਟੋ
.