.

ਸ੍ਰੀ ਗੁਰੂ ਗੋਬਿੰਦ ਸਿੰਘ ਜੀ

ਰਾਮ ਸਿੰਘ, ਗ੍ਰੇਵਜ਼ੈਂਡ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬਹੁ ਪਖੀ ਜੀਵਨ ਉਹ ਮਾਹਨ ਸ਼ਕਤੀ ਦਾ ਸੋਮਾ ਹੈ ਜੋ ਕੋਮ ਦੀ ਸਦਾ ਅਗਵਾਈ ਕਰਦਾ ਰਿਹਾ ਹੈ ਤੇ ਕਰਦਾ ਰਹੇਗਾ ਜਿਵੇਂ ਪ੍ਰਮਾਤਮਾ ਦੇ ਅਣਗਿਣਤ ਗੁਣਾਂ ਨੂੰ “ਤੂੰ ਬੇਅਤ ਤੂੰ ਬੇਅੰਤ” ਕਹਿਕੇ ਹੀ ਅਲਪਗ ਜੀਵ ਪ੍ਰਮਾਤਮਾ ਦਾ ਧੰਨਵਾਦ ਕਰਕੇ ਉਸਦੀਆਂ ਖੁਸ਼ੀਆਂ ਪ੍ਰਾਪਤ ਕਰਦਾ ਹੈ ਉਸੇ ਤਰ੍ਹਾਂ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਅਦੁਤੀ ਲਾਸਾਨੀ ਤੇ ਮਹਾਨ ਸ਼ਖਸ਼ੀਅਤ ਦੇ ਗੁਣਾਂ ਦਾ ਵਰਨਣ “ਤੂੰ ਬੇਅੰਤ ਤੂੰ ਬੇਅੰਤ” ਕਹਿ ਕੇ ਹੀ ਕੀਤੀ ਜਾ ਸਕਦਾ ਹੈ ਕਿਉਂਕਿ ਉਮਰ ਦੇ ਇਤਨੇ ਥੋਹੜੇ ਸਮੇ ਵਿੱਚ ਇਤਨੇ ਮਹਾਨ ਕੰਮ ਕਰ ਵਿਖਾਉਣੇ ਇੱਕ ਕਰਾਮਾਤ ਹੀ ਤਾਂ ਲਗਦੇ ਹਨ ਅਤੇ ਉਸ ਕਰਾਮਾਤੀ ਜੀਵਨ ਦੌਰਾਨ ਜੋ ਭੀ ਗੁਰੂ ਜੀ ਨੇ ਬੋਲਿਆ ਉਹ ਗੁਰਬਾਣੀ ਹੋ ਨਿਬੜਿਆ, ਜਿਸ ਵਸਤੂ ਨੂੰ ਵੀ ਉਹਨਾਂ ਦੇ ਹੱਥਾਂ ਦੀ ਛੋਹ ਪ੍ਰਾਪਤ ਹੋਈ ਉਹ ਹੀ ਪ੍ਰਸ਼ਾਦ ਹੋ ਨਿਬੜੀ, ਜਿਧਰ ਭੀ ਉਹਨਾਂ ਦੀ ਮਿਕਨਾਤੀਸੀ ਨਜ਼ਰ ਨੇ ਤੱਕਿਆ ਉਸ ਦੁਆਰਾ ਲੱਖਾਂ ਹੀ ਲੋਕਾਂ ਦੇ ਮੁਰਝਾਏ ਹੋਏ ਦਿਲ ਤਾਜ਼ੇ ਫੁੱਲਾਂ ਵਾਂਗ ਖਿੜ ਪਏ ਤੇ ਨਿਰਾਸ਼ਾਵਾਦੀ ਆਸ਼ਾਵਾਦੀ ਹੋ ਨਿਬੜੇ। ਜਿਥੇ ਵੀ ਗੁਰੂ ਜੀ ਨੇ ਆਪਣੇ ਪਵਿੱਤਰ ਚਰਨ ਧਰੇ ਉਥੋਂ ਕਰੋੜਾਂ ਹੀ ਲੋਕੀ ੳ+ਸ ਧਰਤੀ ਦੀ ਧੂੜ ਆਪਣੇ ਮੱਥੇ ਨੂੰ ਲਾ ਕੇ ਨਿਹਾਲ ਹੋ ਰਹੇ ਹਨ।
ਗੁਰੂ ਸਾਹਿਬ ਦੇ ਜਦੋ ਜਹਿਦ ਭਰੇ ਜੀਵਨ ਵਿਚੋਂ ਜੋ ਕਰਾਮਾਤੀ ਨਤੀਜੇ ਉਤਪਨ ਹੋਏ ਅਤੇ ਜਿਹਨਾਂ ਬੇਅੰਤ ਹੈਰਾਨਕੁੰਨ ਗੁਣਾਂ ਨੇ ਦੁਨੀਆਂ ਦੇ ਮਹਾਨ ਲਿਖਾਰੀਆਂ, ਇਤਿਹਾਸਕਾਰਾਂ, ਧਾਰਮਿਕ ਹਸਤੀਆਂ ਅਦਿ ਨੂੰ ਚਕਾਚੌਂਧ ਕਰ ਦਿੱਤਾ ਉਹਨਾਂ ਦੇ ਵਿਚਾਰਾਂ ਦੀ ਵਰਨਣ ਹੀ ਇਸ ਲੇਖ ਦਾ ਮੁੱਦਾ ਹੈ ਕਿਉਂਕਿ ਉਹਨਾਂ ਵਿਚਾਰਵਾਨਾਂ ਨੇ ਆਪਣੀ ਸ਼ਰਧਾ ਦੇ ਫੁੱਲ ਆਪਣੇ ਆਪਣੇ ਦਿਲਾਂ ਦੀਆਂ ਡੂੰਘਾਈਆਂ ਵਿਚੋਂ ਗੁਰੂ ਜੀ ਦੀ ਸਤਿਕਾਰ ਭਰੀ ਸ਼ਖਸੀਅਤ ਨੂੰ ਅਰਪਨ ਕੀਤੇ ਹਨ।
ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਅੰਗਰੇਜ਼ਾਂ ਤੇ ਸਿੱਖਾਂ ਦੌਰਾਨ ਹੋਈ ਜੰਗ ਵਿੱਚ ਲੜਨ ਵਾਲਾ ਅੰਗਰੇਜ਼ ਅਫਸਰ ਡੇਵਿਡ ਕਨਿੰਘਮ, ਜੋ ਗੁਰੂ ਜੀ ਵਲੋਂ ਸਿੰਘ ਸੂਰਮਿਆਂ ਨੂੰ ਬਖਸ਼ੀ ਸੰਤ ਸਿਪਾਹੀਆਂ ਵਾਲੀ ਸ਼ਕਤੀ ਦਾ ਦਿਲੋਂ ਕਾਇਲ ਹੋ ਗਿਆ ਸੀ, ਲਿਖਦਾ ਹੈ “ਇਹ ਗੁਰੂ ਨਾਨਕ ਦੇ ਹੀ ਹਿੱਸੇ ਆਇਆ ਸੀ ਕਿ ਉਹ ਐਸੇ ਮੁੱਖ ਅਸੂਲ ਅਪਨਾਉਣ ਜਿਹਨਾਂ ਰਾਹੀਂ ਨੀਂਵੇਂ ਉਚੇ ਅਤੇ ਜਾਤ ਪਾਤ ਦੇ ਵਖੇਵਿਆਂ ਦਾ ਅਸੂਲ ਖਤਮ ਹੋ ਜਾਵੇ। ਉਹਨਾਂ ਮੁੱਖ ਅਸੂਲਾਂ ਤੇ ਹੀ ਗੁਰੂ ਗੋਬਿੰਦ ਸਿੰਘ ਨੇ ਐਸੀ ਕੌਮ ਖਾਲਸਾ ਤਿਆਰ ਕੀਤੀ ਜੋ ਨੀਂਵੇਂ, ਉਚੇ ਦਾ ਭੇਦ ਮਿਟਾ ਕੇ ਸਭ ਨੂੰ ਇਕੋ ਪੱਧਰ ਭਾਵੇਂ ਉਹ ਧਾਰਮਿਕ ਸੀ ਜਾਂ ਰਾਜਨੀਤਕ ਉਤੇ ਲੈ ਆਈ … ਗੁਰੂ ਜੀ ਨੇ ਮੁਰਦਾ ਤੇ ਨਿਰਜਿੰਦ ਲੋਕਾਂ ਦੀਆਂ ਬੁੱਝੀਆਂ ਕਲਾਂ ਜਗਾ ਕੇ ਉਹਨਾਂ ਦੇ ਮਨਾਂ ਵਿੱਚ ਸਮਾਜਿਕ ਸੁਤੰਤਰਤਾ ਅਤੇ ਰਾਜਨੀਤਕ ਵਿਲੱਖਣਤਾ ਪੈਦਾ ਕਰਨ ਲਈ ਗੁਰੂ ਨਾਨਕ ਦੇ ਦੱਸੇ ਪਵਿੱਤਰ ਭਗਤੀ ਆਸ਼ੇ ਲਈ ਸਦੀਵੀ ਚਾਅ ਭਰਿਆ।”
ਇਬਟਸਨ ਅਨੁਸਾਰ, “ਹਿੰਦੋਸਤਾਨ ਦੇ ਇਤਿਹਾਸ ਵਿੱਚ ਪਹਿਲੀ ਵਾਰ ਕੋਈ ਧਰਮ ਸਿਆਸੀ ਤਾਕਤ ਬਣਿਆ ਅਤੇ ਐਸੀ ਕੌਮ ਦਾ ਜਨਮ ਹੋਇਆ ਜੋ ਆਪਣੇ ਆਪ ਵਿੱਚ ਇੱਕ ਵਖਰੀ ਕਿਸਮ ਦੀ ਸੀ। ਹਿੰਦੋਸਤਾਨ ਨੇ ਐਸੀ ਕੌਮ ਨਹੀ ਦੇਖੀ ਸੀ। ਨੀਂਵੀਂ ਜਾਤ ਵਾਲੇ ਚੂਹੜੇ, ਚਮਿਆਰ, ਜੱਟ, ਨਾਈ, ਛੀਬਿਆਂ, ਜਿਹਨਾਂ ਨੇ ਕਦੀ ਸ਼ਸ਼ਤਰਾਂ ਨੂੰ ਹੱਥ ਤੱਕ ਨਹੀ ਸੀ ਲਾਈਆ ਅਤੇ ਜੋ ਉਚੀਆਂ ਜਾਤਾ ਦੇ ਪੈਰਾਂ ਥੱਲੇ ਲਿਤਾੜੇ ਜਾਂਦੇ ਰਹੇ ਸਨ, ਨੇ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਹੇਠ ਨਿਰੇ ਬਹਾਦਰੀ ਦੇ ਗੁਣ ਹੀ ਨਾ ਗ੍ਰਹਿਣ ਕੀਤੇ ਸਗੋਂ ਉਹ ਦੁੱਖੀ ਇਨਸਾਨ ਵਾਸਤੇ ਆਪਾ ਵਾਰਨ ਲਈ ਤਿਆਰ ਹੋਏ।” ਇਹ ਕਿਉਂ? ਕਿਉਕਿ ਗੁਰੂ ਜੀ ਨੇ ਸਿੱਖਾਂ ਵਿਚੋਂ ਵਿਅਕਤੀਗਤ (ਜਿਸਦਾ ਅੱਜ ਸਿੱਖ ਜਗਤ ਬੁਰੀ ਤਰ੍ਹਾਂ ਸ਼ਿਕਾਰ ਹੈ) ਖਤਮ ਕਰਕੇ ਦੂਜੇ ਲਈ ਮਰਨ ਦਾ ਚਾਅ ਪੈਦਾ ਕੀਤਾ। ਪ੍ਰਿੰਸੀਪਲ ਸਤਿਬੀਰ ਸਿੰਘ ਜੀ ਅਨੁਸਾਰ “ਰੋਂਦੂ, ਮੁਰਦਾ ਤੇ ਨਿਰਾਸ਼ਾਵਾਦੀ ਪੁਰਸ਼ਾਂ ਨੂੰ ਗੁਰੂ ਜੀ ਨੇ ਖੁਸ਼ ਰਹਿਣਾ, ਆਸ਼ਾਵਾਦੀ ਤੇ ਜੁਰਅੱਤ ਵਾਲਾ ਪੁਰਸ਼ ਬਣਾ ਦਿੱਤਾ। ਸਿੱਖ ਵਿੱਚ ਐਸਾ ਗੁਣ ਪੈਦਾ ਕੀਤਾ ਹੈ ਕਿ ਉਹ ਟੁੱਟ ਭਾਵੇਂ ਜਾਵੇ ਪਰ ਲਿਫੇਗਾ ਨਹੀਂ। ਜੋ ਜ਼ੁਲਮ ਦੀ ਵੱਧਦੀ ਲਹਿਰ ਅੱਗੇ ਚਟਾਨ ਬਣਕੇ ਖੜ੍ਹਾ ਹੋ ਜਾਵੇਗਾ, ਬੰਦ ਬੰਦ ਕਟਾ ਲਵੇਗਾ ਪਰ ਅਦਰਸ਼ ਤੋ ਕਦੀ ਨਹੀਂ ਡਿੱਗੇਗਾ।”
ਗੋਕਲ ਚੰਦ ਨਾਰੰਗ ਜੀ ਲਿਖਦੇ ਹਨ ‘ਜਿਸ ਤੇਗ ਨੇ ਖਾਲਸੇ ਦੀ ਸ਼ਾਨ ਫੈਲਾਈ ਸੀ ਇਹ ਜ਼ਰੂਰੀ ਹੈ ਕਿ ਉਸਨੂੰ ਤਿਆਰ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਪਰ ਫੌਲਾਦ ਗੁਰੂ ਨਾਨਕ ਦੇਵ ਜੀ ਕਮਾ ਕੇ ਦੇ ਗਏ ਸਨ। ਜਿਸ ਬੂਟੇ ਨੇ ਗੁਰੂ ਗੋਬਿੰਦ ਸਿੰਘ ਜੀ ਵੇਲੇ ਫਲ ਦਿੱਤਾ ਉਸਦੀ ਬਿਜਾਈ ਗੁਰੂ ਨਾਨਕ ਜੀ ਨੇ ਕੀਤੀ ਸੀ ਤੇ ਬਾਕੀ ਗੁਰੂ ਸਾਹਿਬਾਨ ਨੇ ਉਸਨੂੰ ਸਿੰਚਿਆ ਸੀ।” ਇਹ ਬਿਲਕੁਲ ਠੀਕ ਹੈ ਕਿ ਖਾਲਸੇ ਦੀ ਸਾਜਨਾ ਪਹਿਲਾਂ ਤੋਂ ਹੀ ਚਲ ਰਹੀ ਲਹਿਰ ਦੀ ਉਤਪਤੀ ਸੀ। ਗੁਰੂ ਨਾਨਕ ਦੇਵ ਜੀ ਤੇ ਹੋਰ ਗੁਰੂ ਸਾਹਿਬਾਨ ਨੇ ਬਾਣੀ ਵਿਚਾਰ ਵਿਵੇਕ, ਸੇਵਾ, ਸੁੱਚੀ ਕਿਰਤ, ਨਿਰਮਲ ਕਰਮ, ਸਿਮਰਨ, ਮਨੁੱਖੀ ਅਧਿਕਾਰਾਂ ਦੀ ਮਹੱਤਤਾ, ਅਤੇ ਸਰਬ ਸਾਂਝੀਵਾਲਤਾ ਦੇ ਆਦਰਸ਼ਾਂ ਨੂੰ ਚੰਗੀ ਤਰ੍ਹਾਂ ਪਰਪੱਕ ਕਰ ਦਿੱਤਾ ਸੀ। ਐਸੀਆਂ ਪਵਿੱਤਰ ਤੇ ਆਰਰਸ਼ਕ ਸ਼ਖਸੀਅਤਾਂ ਨੂੰ ਜੀਵਨ ਸੰਗਰਾਮ ਵਿੱਚ ਧਰਮ ਯੁੱਧ ਵਰਗੀ ਖੇਡ ਖੇਡਣ ਲਈ ਭਗਤੀ ਨਾਲ ਸ਼ਕਤੀ, ਸ਼ਾਸਤਰ ਨਾਲ ਸ਼ਸਤਰ ਆਦਿ ਨਾਲ ਲੈਸ ਕਰਕੇ ਐਸੇ ਆਦਰਸ਼ਾਂ ਤੇ ਕੁਰਬਾਨ ਹੋਣ ਵਾਲੇ ਧਰਮੀ ਯੋਧਿਆਂ ਦੀ ਲਾਸਾਨੀ ਜਮਾਤ (ਖਾਲਸਾ ਪੰਥ) ਦਾ ਨਿਰਮਾਣ ਕਰ ਦਿੱਤਾ। ਲੈਪਲ ਗ੍ਰਿਫਨ ਦੇ ਸ਼ਬਦਾਂ ਵਿੱਚ “ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ, ਜੁਪੀਟਰ ਵਾਂਗੂ ਆਪਣੇ ਸਰੀਰ ਵਿਚੋਂ ਪੈਦਾ ਕੀਤਾ। ਖਾਲਸੇ ਦੀ ਸਾਜਨਾ ਆਪਣੀ ਮਿਸਾਲ ਆਪ ਹੈ!” ਗਾਰਡਨ ਦੇ ਕਥਨ ਅਨੁਸਾਰ, “ਗੁਰੂ ਜੀ ਨੇ ਸਿੱਖਾਂ ਨੂੰ ਇੱਕ ਪਹਿਰਾਵਾ ਅਤੇ ਇਕੋ ਨਾਂ ਦਿੱਤਾ। ਇਕੋ ਨਾਹਰਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ਅਤੇ ਮੁਕਤੀ ਲਈ ਇਕੋ ਪੰਥ ਦੱਸਿਆ।”
ਮੈਕਾਲਫ ਗੁਰੂ ਸਾਹਿਬ ਜੀ ਦੀ ਸਰਬ ਗੁਣ ਸੰਪੂਰਨ ਸ਼ਖਸੀਅਤ ਵੱਲੋਂ ਆਪਣੇ ਖਾਲਸੇ ਲਈ ਦਿੱਤੇ ਉਪਦੇਸ਼ਾਂ ਸੰਬੰਧੀ ਕਿੰਨਾ ਸੁੰਦਰ ਲਿਖਦਾ ਹੈ ਜੋ ਕਿ ਅੱਜ ਦੀ ਸਿੱਖ ਲੀਡਰਸ਼ਿਪ ਦੀ ਢੁਕਵੀਂ, ਹਾਂ ਜੀ ਇਸ ਨਾਜ਼ੁਕ ਸਮੇਂ ਢੁਕਵੀਂ ਅਗਵਾਈ ਕਰ ਸਕਦੇ ਹਨ “ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਹਦਾਇਤ ਕੀਤੀ ਕਿ ਉਹ ਘਰਾਂ ਵਿੱਚ ਹੀ ਉਦਾਸੀਆਂ ਵਾਲੀ ਅਵਸਥਾ ਬਣਾਉਣ, ਘਰਾਂ ਨੂੰ ਹੀ ਜੰਗਲ ਸਮਝਣ ਤੇ ਦਿਲੋਂ ਸਾਧੂ ਬਣਨ, ਘੱਟ ਨੀਂਦ ਲੈਣ ਤੇ ਘੱਟ ਖਾਣ ਅਤੇ ਦਇਆ, ਨਿਮਰਤਾ, ਖਿਮਾ ਸੰਤੋਖ ਦੀ ਵਰਤੋ ਕਰਨ। ਵਾਹਿਗੁਰੂ ਨੂੰ ਲੱਭਣ ਤੇ ਪ੍ਰਪਤੀ ਲਈ ਉਹਨਾਂ ਨੂੰ ਆਪਣੇ ਮਨਾਂ ਵਿਚੋਂ ਕਾਮ ਕਰੋਧ ਅਦਿ ਕੱਢਣੇ ਪੈਣਗੇ। ਗੁਰੂ ਸਹਿਬ ਨੇ ਇਸ ਗੱਲ ਦੀ ਵੀ ਚਿਤਾਵਨੀ ਦਿੱਤੀ ਕਿ ਜੇ ਉਹ ਗਿਆਨ ਤੇ ਭਗਤੀ ਦੇ ਮਾਰਗ ਤੋ ਖੁੰਝ ਗਏ ਤਾਂ ਵੱਧ ਤੋਂ ਵੱਧ ਰਾਜਨੀਤਕ ਤੇ ਫੌਜੀ ਸ਼ਕਤੀ ਵੀ ਉਹਨਾਂ ਦੀ ਰੱਖਿਆ ਨਹੀ ਕਰ ਸਕੇਗੀ।” ਮੈਕਲਾਫ ਅੱਗੇ ਹੋਰ ਵੀ ਸੁੰਦਰ ਸ਼ਬਦਾਂ ਵਿੱਚ ਲਿਖਦਾ ਹੈ “ਗੁਰੂ ਵਿੱਚ ਜਾਦੂਈ ਤਾਕਤ ਸੀ, ਉਹਨਾਂ ਦੇ ਉਪਦੇਸ਼ਾਂ ਦਾ ਜਾਦੂਈ ਅਸਰ ਆਮ ਲੋਕਾਂ ਤੇ ਹੋਇਆ, ਜਿਸਨੇ ਲਿਤਾੜੇ ਹੋਏ ਲੋਕਾਂ ਨੂੰ ਸੰਸਾਰ ਦੇ ਪ੍ਰਸਿੱਧ ਯੋਧੇ ਬਣਾ ਦਿੱਤਾ। ਸਿੱਖ ਗੁਰੂਆਂ ਤੋਂ ਪਹਿਲਾਂ ਦੁਨੀਆਂ ਦੇ ਕਿਸੇ ਵੀ ਜਰਨੈਲ ਨੇ ਉਹਨਾਂ ਆਦਮੀਆਂ ਨੂੰ ਜਥੇਬੰਦ ਕਰਨ ਦਾ ਖਿਆਲ ਤੱਕ ਨਹੀ ਸੀ ਕੀਤਾ ਜਿਹਨਾਂ ਨੂੰ ਗਵਾਂਢੀ ਜਨਮ ਤੋਂ ਦੁਰੇ ਦੁਰੇ ਕਰਕੇ ਦੁਰਕਾਰ ਰਹੇ ਸਨ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਅਖੌਤੀ ਨਾਪਾਕਾਂ ਵਿੱਚ ਜਿਹਨਾਂ ਨੂੰ ਸੰਸਾਰ ਦੀ ਰਹਿੰਦ ਖੂਹੰਦ ਕਿਹਾ ਜ਼ਾਂਦਾ ਸੀ, ਐਸੀ ਸ਼ਕਤੀ ਭਰੀ ਕਿ ਉਹ ਯੋਧੇ ਹੋ ਨਿਬੜੇ ਤੇ ਫਿਰ ਯੋਧੇ ਭੀ ਐਸੇ ਜਿਹਨਾਂ ਦੀ ਦ੍ਰਿੜਤਾ ਦਲੇਰੀ ਤੇ ਵਫਾਦਾਰੀ ਨੇ ਆਗੂ ਨੂੰ ਕਦੇ ਮਾਯੂਸ ਨਾ ਕੀਤਾ।” ਪਰ ਇਸ ਸਦੀ ਦੇ ਆਗੂਆਂ ਨੇ ਕੌਮ ਨੂੰਸਦਾ ਮਾਯਸੂ ਕੀਤਾ ਹੈ ਤੇ ਨਮੋਸ਼ੀ ਹੱਦਾ ਹੀ ਟੱਪ ਗਈ ਹੈ ਇਹਨਾਂ ਕੁਰਸੀ ਦੇ ਭੁੱਖੇ ਅਗੂਆਂ ਹੱਥੋ।
ਲਾਲਾ ਦੋਲਤ ਰਾਏ ਜੀ ਲਿਖਦੇ ਹਨ “ਜਿਹਨਾ ਸ਼ੂਦਰਾਂ ਦੀ ਬਾਤ ਕੋਈ ਨਹੀ ਸੀ ਪੁੱਛਦਾ, ਜਿਹਨਾਂ ਨੂੰ ਦੁਰਕਾਰਿਆਂ ਤੇ ਫਿਟਕਾਰਿਆਂ ਵਾਰ ਵੀ ਨਹੀ ਸੀ ਆਉਂਦੀ, ਜੋ ਜ਼ਿਲਤ ਦੀ ਗੁਲਾਮੀ ਵਿੱਚ ਜੀਵਨ ਗੁਜ਼ਾਰ ਰਹੇ ਸਨ ਉਹਨਾ ਨੂੰ ਸੰਸਾਰ ਦੇ ਯੋਧਿਆਂ ਦੇ ਟਾਕਰੇ ਉੱਤੇ ਖੜ੍ਹਾ ਕਰਨਾ ਨਿਰੋਲ ਤੇ ਇੱਕ ਮਾਤਰ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਕੰਮ ਸੀ। ਜੋ ਰਾਮ ਚੰਦਰ ਜੀ ਨਾ ਕਰ ਸਕੇ, ਜਿਸ ਪਾਸੇ ਸੋਚਣ ਲਈ ਕ੍ਰਿਸ਼ਨ ਜੀ ਨੂੰ ਖਿਆਲ ਤੱਕ ਨਾ ਆਇਆਂ, ਜਿਹੜਾ ਸ਼ੰਕਰ ਦੀ ਨਜ਼ਰ ਵਿੱਚ ਨੀਵਾਂ ਸੀ, ਜਿਹੜਾ ਕੰਮ ਸੂਰਜ ਤੇ ਚੰਦਰ ਵੰਸੀ ਰਾਜਿਆਂ ਦੇ ਬਾਹਦਰਾਂ ਨੂੰ ਨਾਂ ਸੁਝਿਆ, ਉਸਨੂੰ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਕਮਰਕੱਸ ਲਈ ਤੇ ਪੂਰਾ ਕਰ ਦਿਖਾਇਆ। ਹਜ਼ਰਤ ਮੁਹੰਮਦ ਸਾਹਿਬ ਨੇ ਕੁੱਝ ਉਪਰਾਲੇ ਤਾਂ ਕੀਤੇ ਪਰ ਉਹ ਵੀ ਮੁਸਲਮਾਨਾਂ ਵਿਚੋਂ ਗੁਲਾਮੀ ਦੀ ਬਦ-ਆਦਤ ਨਾ ਕੱਫ ਸਕੇ। ਇੱਕ ਮੁਸਲਮਾਨ ਦੂਜੇ ਮੁਸਲਮਾਨ ਦਾ ਉਸੇ ਤਰ੍ਰਾਂ ਹੀ ਗੁਲਾਮ ਹੁੰਦਾ ਸੀ ਜਿਵੇਂ ਕਿਸੇ ਹੋਰ ਕੋਮ ਦਾ ਕਾਫਰ। ਪਰ ਗੁਰੂ ਗੋਬਿੰਦ ਸਿੰਘ ਜੀ ਨੇ ਸਭ ਨੂੰ ਪਹਿਲਾਂ ਭਾਈ ਤੇ ਫਿਰ ਸਰਦਾਰ ਬਣਾ ਕੇ ਆਖਰੀ ਇੱਟ ਰੱਖ ਦਿੱਤੀ”।
ਸਾਧੂ ਟੀ. ਐਲ. ਵਾਸਵਾਨੀ ਇਸ ਸਬੰਧ ਵਿੱਚ ਲਿਖਦੇ ਹਨ “ਕਿ ਜੋ ਕੰਮ ਹਜ਼ਾਰਾਂ ਰਲ ਕੇ ਵੀ ਨਾ ਕਰ ਸਕੇ ਉਹ ਇਕੋ (ਗੁਰੂ ਗੋਬਿੰਦ ਸਿੰਘ ਜੀ) ਨੇ ਹੀ ਕਰ ਵਿਖਾਇਆ। ਜੋ ਪੀਸ ਕੇ ਮਿੱਟੀ ਵਿੱਚ ਰਲਾਏ ਜਾ ਰਹੇ ਸਨ ਤੇ ਹੀਣਿਆਂ ਵਾਂਗੂੰ ਰਹਿਣ ਲਈ ਮਜਬੂਰ ਕੀਤੇ ਜਾਦੇ ਸਨ, ਉਹਨਾਂ ਨੂੰ ਆਪਣੇ ਪੈਰਾਂ ਤੇ ਖੜ੍ਹਾਂ ਕੀਤਾ, ਗਲ ਨਾਲ ਲਾਗਈਆ ਤੇ ਗੁਰੂ ਕੇ ਬੇਟੇ ਆਖਿਆ, ਉਹਨਾਂ ਨੂੰ ਅੰਮ੍ਰਿਤ ਨਾਲ ਨਿਵਾਜ਼ਿਆਂ, ਸਰਾਦਰ ਬਣਾਇਆ।” ਤੇ ਸਾਧੂ ਜੀ ਗੁਰੂ ਜੀ ਦੀ ਸ਼ਖਸੀਅਤ ਨੂੰ ਸਤਰੰਗੀ ਨਾਲ ਤੁਲਨਾ ਦੇ ਕੇ ਕਹਿੰਦੇ ਹਨ ਕਿ ਕਲਗੀਆਂ ਵਾਲੇ ਦੁਨੀਆਂ ਵਿੱਚ ਹੋ ਚੁੱਕੇ ਪਹਿਲੇ ਸਾਰੇ ਪੈਗੰਬਰਾਂ ਵਿੱਚ ਪਾਏ ਜਾਣ ਵਾਲੇ ਸ਼ੁਭ ਗੁਣਾਂ ਦਾ ਸੰਗ੍ਰਹਿ ਸਨ।
ਬੈਨਰਜੀ ਮੁਤਾਬਕ “ਜੇ ਕੋਈ ਕਹਿੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਧਾਰਮਿਕ ਲਹਿਰ ਨੂੰ ਛੁਟਿਆ ਕੇ ਰਾਜਨੀਤਕ ਉਨਤੀ ਦਾ ਸਾਧਨ ਬਣਾ ਲਿਆ ਉਹ ਆਪਣੇ ਸਾਹਮਣੇ ਇੱਕ ਗਲਤ ਸਵਾਲ ਰੱਖਦਾ ਹੈ ਕਿ ਰਾਜਨੀਤਕ ਆਜ਼ਾਦੀ ਤੇ ਸਿਪਾਹੀਆਨਾ ਜ਼ਿੰਗਦੀ ਦਾ ਧਰਮ ਨਾਲ ਅਜੋੜ ਹੈ। ਧਰਮ ਦੀ ਰਾਹ ਤੇ ਚਲਦਿਆਂ ਵੀ ਰਾਜਨੀਤਕ ਘੋਲ ਘੁਲੇ ਜਾ ਸਕਦੇ ਹਨ।” ਇਹਨਾਂ ਵਿਚਾਰਾਂ ਵੱਲ ਦੁਨੀਆਂ ਦੇ ਅਜੋਕੇ ਸਾਰੇ ਹੁਕਮਰਾਨਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਤੇ ਸਗੋਂ ਰਾਜਨੀਤੀ ਵਿੱਚ ਅਮਨ ਕਾਇਮ ਕਰਨ ਤੇ ਇੰਨਸਾਫ ਦੇ ਆਧਾਰ ਉੱਤੇ ਰਾਜ ਕਰਨ ਦੀ ਸਿੱਖਿਆ ਲੈਣੀ ਚਾਹੀਦੀ ਹੈ।
ਕਈ ਲੋਕ ਸ਼ਰਾਰਤ ਜਾਂ ਭੁਲੇਖੇ ਰਾਹੀ ਗੁਰੂ ਸਹਿਬ ਦੀ ਤੁਲਨਾ ਮਹਾਰਾਣਾ ਪ੍ਰਤਾਪ ਸਿੰਘ ਅਤੇ ਸ਼ਿਵਾ ਜੀ ਨਾਲ ਕਰਦੇ ਹਨ। ਉਹਨਾਂ ਨੂੰ ਬਹੁਤ ਢੁਕਵਾਂ ਤੇ ਮੂੰਹ ਤੋੜਵਾਂ ਜਵਾਬ ਅਰਬਿੰਦੂ ਘੋਸ਼ ਨੇ ਆਪਣੀ ਪੁਸਤਕ “ਫਾਊਂਡੇਸ਼ਨ ਆਫ ਇੰਡੀਅਨ ਕਲਚਰ” ਵਿੱਚ ਦਿੱਤਾ ਹੈ ਕਿ “ਪ੍ਰਤਾਪ ਤੇ ਸ਼ਿਵਾ ਜੀ ਦਾ ਨਿਸ਼ਾਨਾ ਸੀਮਤ ਤੇ ਕਰਤਵ ਨਿੱਜੀ ਸੀ। ਦੂਜੇ ਪਾਸੇ ਖਾਲਸਾ ਅਸਚਰਜਮਈ ਅਨੋਖੀ ਤੇ ਨਿਰਾਲੀ ਸਿਰਜਨਾ ਸੀ। ਅਤੇ ਇਸਦਾ ਮੂੰਹ ਪਿਛੇ ਵੱਲ ਨਾ ਹੋ ਕੇ ਅਗਾਂਹ ਵੱਲ ਸੀ। ਸੀ. ਐਚ. ਪੇਨ ਲਿਖਦਾ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਹੀ ਹਨ ਜਿਹਨਾਂ ਜਾਤ ਪਾਤ ਦੇ ਦੈਂਤ ਨੂੰ ਸਿੰਙਾਂ ਤੋਂ ਪਕੜ ਕੇ ਕਾਬੂ ਕੀਤਾ। ਜਾਤ ਦੀਆਂ ਜੜ੍ਹਾਂ ਉੱਤੇ ਕੁਲਹਾੜਾ ਮਾਰਿਆ ਅਤੇ ਐਸੀ ਕੌਮ ਬਣਾਉਣ ਦਾ ਫੈਸਲਾ ਕੀਤਾ ਜੋ ਖਿਆਲੀ ਅਤੇ ਅਮਲੀ ਤੌਰ ਤੇ ਇੱਕ ਹੋਵੇ। ਵਾਹਿਗੁਰੂ ਜੀ ਦੀ ਨਜ਼ਰ ਵਿੱਚ ਸਾਰੇ ਇਕੋ ਜਿਹੇ ਹਨ, ਇਸ ਖਿਆਲ ਉੱਤੇ ਮੋਹਰ ਲਗਾਈ। ਇਸ ਕਦਮ ਨੇ ਉਹਨਾਂ ਲੋਕਾਂ ਨੂੰ ਦੁੱਖੀ ਕੀਤਾ ਜੋ ਅਜੇ ਭੀ ਜਾਤ ਅਭਿਮਾਨ ਵਿੱਚ ਰਹਿੰਦੇ ਸਨ।” ਆਰਚਰ ਬੰਗਲੇ ਤੇ ਗਾਰਡਨ ਵੀ ਲਿਖਦੇ ਹਨ ਕਿ “ਗੁਰੂ ਜੀ ਦਾ ਸਭ ਜਾਤਾਂ ਨੂੰ ਇੱਕ ਕਰਨਾ ਮਹਾਨ ਕੰਮ ਸੀ।”
ਲਤੀਫ ਲਿਖਦਾ ਹੈ ਕਿ ਗੁਰੂ ਜੀ ਦਾ ਨਿਸ਼ਾਨਾ ਉੱਚਾ ਸੀ, ਇਹ ਸਭ ਉਹਨਾ ਦੀ ਬਰਕਤ ਹੀ ਹੈ ਕਿ ਮੁਰਦਾ ਤੇ ਲਿਤਾੜੇ ਹੋਏ ਪੁਰਸ਼ਾਂ ਨੇ ਹੀ ਰਾਜਨੀਤਕ ਪ੍ਰਭੁਤਾ ਅਤੇ ਅਜ਼ਾਦੀ ਪ੍ਰਾਪਤੀ ਕੀਤੀ। ਖਤਰੇ ਤੇ ਤਬਾਹੀ ਦੇ ਵਿਚਕਾਰ ਵੀ ਗੁਰੂ ਜੀ ਨੇ ਇਸਤਕਬਾਲ ਦਾ ਪੱਲਾ ਨਾ ਛੱਡਿਆ। ਜੰਗ ਦੇ ਮੈਦਾਨ ਵਿੱਚ ਉਹਨਾ ਦੀ ਜੁਅਰਤ ਤੇ ਬਹਦਰੀ ਦੇਖਣ ਲਾਇਕ ਸੀ। ਇਹ ਗੱਲ ਵੀ ਮੰਨੀ ਪ੍ਰਮੰਨੀ ਹੈ ਕਿ ਉਹਨਾ ਦੀ ਕ੍ਰਿਪਾ ਨਾਲ ਹੀ ਬੇ-ਲਾਗਮੇ ਲੋਕ ਇੱਕ ਲੜੀ ਵਿੱਚ ਪਰੋਏ ਗਏ ਤੇ ਯੋਧੇ ਬਣੇ।” ਹੁਣ ਅਸੀ ਫਿਰ ਬੇਲਾਗਮੇ ਹੋਏ ਫਿਰਦੇ ਹਾਂ ਬੜੇ ਸੰਜਮ ਦੀ ਲੋੜ ਹੈ।
ਸਕਾਟ ਦੇ ਸ਼ਬਦਾਂ ਵਿੱਚ “ਗੁਰੂ ਨਾਨਕ ਦੀ ਜੋਤ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਜੋਤ ਨੂੰ ਉਸੇ ਤਰ੍ਹਾਂ ਪ੍ਰਜਵਲਤ ਕੀਤਾ ਜਿਵੇ ਇੱਕ ਸ਼ਮਾਂ ਦੂਜੀ ਸ਼ਮ੍ਹਾ ਨੂੰ ਕਰਦੀ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੀ ਇਸੇ ਕਰਕੇ ਹੋਇਆ ਕਿ “ਧਰਮ ਚਲਾਵਨ, ਸੰਤ ਉਬਾਰਨ, ਦੁਸਟ ਦੋਖੀਅਨ ਕੋ ਮੂਲ ਉਪਾਰਨ।” ਸਰ ਚਾਰਲਸ ਗਫ ਅਨੁਸਾਰ “ਗੁਰੂ ਗੋਬਿੰਦ ਸਿੰਘ ਨੇ ਅੰਮ੍ਰਿਤ ਦੇ ਛਿੱਟੇ ਮਾਰ ਕੇ ਨਵੀ ਕੌਮ ਦੀ ਉਸਾਰੀ ਕੀਤੀ।” ਬਰਨਜ ਅਤੇ ਐਲਫਿਨ ਸਟੋਨ ਗੁਰੂ ਜੀ ਨੂੰ ਇੱਕ ਨਵੀ ਕੌਮ ਦਾ ਸਿਰਜਨਹਾਰ ਲਿਖਦੇ ਹਨ ਅਤੇ ਗੁਰੂ ਜੀ ਨੂੰ ਮੈਦਾਨ ਦਾ ਸੂਰਮਾ, ਮਸਨਦ ਦਾ ਸ਼ਾਹ ਅਤੇ ਸਿੱਖ ਸੰਗਤ ਵਿੱਚ ਫਕੀਰ ਕਹਿੰਦੇ ਹਨ।
ਮੈਕਰੈਗਰ ਨੇ ਲਿਖਿਆ ਹੈ ਜੇਕਰ ਗੁਰੂ ਗੋਬਿੰਦ ਸਿੰਘ ਜੀ ਦੇ ਕੀਤੇ ਕੰਮਾ ਨੂੰ ਵਾਚੀਏ, ਉਹਨਾਂ ਦੇ ਧਾਰਮਿਕ ਸੁਧਾਰਾਂ ਅਤੇ ਕੌਮੀ ਕੰਮਾ ਨੂੰ ਦੇਖੀਏ ਨਾਲ ਹੀ ਉਹਨਾਂ ਦੀ ਨਿੱਜੀ ਬਹਾਦਰੀ ਅਤੇ ਦੁੱਖਾਂ ਵਿੱਚ ਇਸਤਕਲਾਲ ਦੀ ਕਹਾਣੀ ਪੜ੍ਹੀਏ ਤਾ ਉਹਨਾਂ ਨੂੰ ਦੁੱਖਾ ਦਾ ਟਾਕਰਾ ਕਰਦੇ ਦੇਖੀਏ ਅਤੇ ਅੰਤ ਵਿੱਚ ਦੁਸ਼ਮਣਾਂ ਦੇ ਮੁਕਬਲੇ ਉੱਤੇ ਉਹਨਾਂ ਨੂੰ ਜਿਤਂ ਪ੍ਰਪਤ ਕਰਦੇ ਦੇਖੀਏ ਤਾ ਸਾਨੂੰ ਗੁਰੂ ਜੀ ਨੂੰ ਉਚਾ ਗਿਣਨ ਤੇ ਮੰਨਣ ਵਿੱਚ ਕੋਈ ਹੈਰਾਨੀ ਨਹੀ ਹੋਵੇਗੀ। ਅਸੀ ਸਮਝ ਜਾਵਂਗੇ ਕਿ ਸਿੱਖ ਕਿਉਂ ਅੱਜ ਤੱਕ ਗੁਰੂ ਗੋਬਿੰਦ ਸਿੰਘ ਜੀ ਦੀ ਸਨਮਾਨ ਵਜੋਂ ਯਾਦ ਮਨਾਉਂਦੇ ਹਨ।
ਐਡਮੰਡ ਚੈਂਡਲਰ ਕਿੰਨੇ ਸੁੰਦਰ ਸ਼ਬਦਾਂ ਵਿੱਚ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ, ਉਸ ਅਨੁਸਾਰ “ਗੁਰੂ ਗੋਬਿੰਦ ਸਿੰਘ ਜੀ ਫਿਲਾਸਫਰ ਅਤੇ ਮਨੋਵਿਗਿਆਨੀ ਸਨ। ਹਿੰਦੋਸਤਾਨ ਵਿੱਚ ਇਹ ਪਹਿਲੇ ਅਤੇ ਅਖੀਰਲੇ ਗੁਰੂ ਸਨ ਜਿਹਨਾਂ ਨੇ ਫੌਲਾਦ ਦੀ ਠੀਕ ਵਰਤੋ ਕੀਤੀ। ਸਿੱਖਾਂ ਨੂੰ ਰਹਿਤ ਦੇਣੀ ਅਤੇ ਉਸ ਲਈ ਪੰਜ ਕੱਕੇ ਚੁਣਨੇ, ਉਹਨਾ ਦੇ ਅਮਲੀ ਫਿਲਾਸਫਰ ਹੋਣ ਦਾ ਇੱਕ ਜਿਊਂਦਾ ਸਬੂਤ ਹੈ। ਉਸ ਅਮਲੀ ਫਿਲਾਸਫਰ ਨੇ ਜਿਥੇ ਅਕਲ ਬਦਲੀ, ਉਥੇ ਸ਼ਕਲ ਵੀ ਬਦਲਾ ਦਿੱਤੀ। ਪੰਜ ਚਿੰਨ੍ਹਾਂ ਦੇ ਦੇਣ ਦਾ ਭਾਵ ਹੀ ਇਹ ਸੀ ਕਿ ਸਿੱਖ ਇੱਕ ਅਮਲੀ ਫਿਲਾਸਫਰ ਬਣ ਜਾਏ। ਕੇਸ ਜਥੇਬੰਦੀ ਲਈ, ਕੜਾ ਵਹਿਮਾਂ ਨੂੰ ਤੋੜਨ ਲਈ ਤੇ ਵਿਸ਼ਵ ਦਾ ਸ਼ਹਿਰੀ ਬਣਾਉਣ ਲਈ, ਕਛਹਿਰਾ ਬ੍ਰਾਹਮਣਵਾਦ ਉੱਤੇ ਇੱਕ ਚੋਟ ਸੀ ਅਤੇ ਸੱਭਯ ਹੋਣ ਦੇ ਚਿੰਨ੍ਹ ਸਨ, ਕਿਰਪਾਨ ਸੁਤੰਤਰ ਸਿਆਸਤ ਲਈ ਤੇ ਕੰਘਾ ਸਫਾਈ ਤੇ ਸੰਸਾਰੀ ਜੀਵ ਬਣਾਉਣ ਲਈ।”
ਕਵੀ ਲਖਣ ਰਾਇ ਅਨੁਸਾਰ “ਗੁਰੂ ਗੋਬਿੰਦ ਸਿੰਘ ਜੀ, ਗੁਰੂ ਨਾਨਕ ਦੀ ਚਲਾਈ ਲਹਿਰ ਦੀ ਰੱਖਿਆ ਕਲਮ ਤੇ ਤੇਗ ਨਾਲ ਕਰ ਰਹੇ ਹਨ।” ਅਹਿਮਦ ਸ਼ਾਹ ਬਟਾਲਵੀ ਲਿਖਦਾ ਹੈ ਕਿ “ਗੁਰੂ ਨਾਨਕ ਨੇ ਧਰਮ ਦੀ ਨੀਂਹ ਰੱਬ ਦੀ ਏਕਤਾ ਵਾਲੇ ਸਿਧਾਂਤ ਤੇ ਰੱਖੀ ਹੈ। ਕਿਸੇ ਧਰਮ ਦੀ ਨਕਲ ਨਹੀ ਕੀਤੀ ਅਤੇ ਨਾ ਮਰਯਾਦਾ ਅਪਨਾਈ ਹੈ,” ਇਹ ਖਿਆਲ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫਰਨਾਮੇ ਵਿੱਚ ਲਿਖੇ ਹਨ।”
ਮੁਗਲ ਜਰਨੈਲ ਸੈਦ ਖਾਨ ਗੁਰੂ ਜੀ ਦੇ ਦਰਸ਼ਨ ਕਰਕੇ ਪਪੀਹੇ ਵਾਂਗ ਪੁਕਾਰ ਉਠਿਆ ਤੇ ਬੋਲਿਆ, “ਲੋਕੋ ਰੱਬ ਆਇਆ ਹੈ, ਕਿ ਰੱਬ ਦਾ ਬੰਦਾ ਆਇਆ ਹੈ, ਰੱਬੀ ਨੂਰ ਸਰੀਰਕ ਜਾਮੇ ਵਿੱਚ ਆ ਗਿਆ ਹੈ ਜਿਸਨੇ ਮੈਨੂੰ ਮੁਰਦੇ ਨੂੰ ਜਿਵਾਲ ਦਿੱਤਾ ਹੈ।”
ਹਰੀ ਰਾਮ ਗੁਪਤਾ ਲਿਖਦਾ ਹੈ, “ਕਿ ਗੁਰੂ ਗੋਬਿੰਦ ਸਿੰਘ ਜੀ ਨੇ ਲਿਤਾੜੇ ਲੋਕਾਂ ਨੂੰ ਸਰਦਾਰ ਤੇ ਸੂਰਮੇ ਬਣਾ ਦਿੱਤਾ।” ਜੋ ਬਿਲਕੁਲ ਠੀਕ ਹੈ ਕਿਉਕਿ ਇਹਨਾਂ ਲਿਤਾੜੇ ਲੋਕਾ ਨੇ ਅੰਮ੍ਰਿਤ ਦੀ ਦਾਤ ਪ੍ਰਪਤ ਕਰਕੇ ਤੇ ਸ਼ਬਦ ਰਾਹੀ ਐਸੀ ਸ਼ਕਤੀ ਪ੍ਰਪਤ ਕਰ ਲਈ ਕਿ ਇਹ ਲੋਕ ਗੁਰੂ ਜੀ ਦੀ ਆਵਾਜ ਤੇ ਬੂਦਕਾਂ ਅੱਗੇ ਪੈਲਾਂ ਪਉਂਦੇ ਸਨ।” ਡੱਲੇ ਵਾਲੀ ਸਾਖੀ ਦਾ ਸਭ ਨੂੰ ਪਤਾ ਹੈ ਕਿ ਗੁਰੂ ਜੀ ਦੀ ਗੋਲੀ ਦਾ ਨਿਸ਼ਾਨਾ ਬਣਨ ਲਈ ਸਿੱਖ ਇੱਕ ਦੂਜੇ ਤੋਂ ਮੂਹਰੇ ਹੋਣ ਲਈ ਝਗੜਦੇ ਸਨ। ਮੋਰ ਬੱਦਲ ਦੇਖ ਕੇ ਪੈਲਾਂ ਪਾਉਂਦੇ, ਸੱਪ ਬੀਨ ਦੀ ਮਧੁਰ ਧੁਨੀ ਸੁਣ ਕੇ ਮਸਤ ਹੁੰਦੇ, ਬੰਸਰੀ ਦੀ ਸੁਰੀਲੀ ਆਵਾਜ਼ ਤੇ ਪੰਛੀ ਮੋਹਤ ਹੁੰਦੇ ਤਾਂ ਸਾਰੀ ਦੁਨੀਆਂ ਨੇ ਸੁਣੇ ਸਨ, ਪਰ ਬੰਦੂਕ ਦੀ ਗੋਲੀ ਜਿਸ ਵਿਚੋਂ ਸਿਰਫ ਮੌਤ ਦਾ ਹੀ ਸੁਨੇਹਾ ਨਿਕਲਦਾ ਹੋਵੇ, ਉਸ ਅੱਗੇ ਪੈਲਾਂ ਪਾਉਂਦੇ ਆਉਣ ਤੇ ਇੱਕ ਦੁਏ ਤੋਂ ਅੱਗੇ ਹੋ ਕੇ ਸ਼ਹੀਦੀ ਦਾ ਜਾਮ ਪੀਣ ਲਈ ਝਗੜਨਾ ਦੁਨੀਆ ਨੇ ਕਲਗੀਧਰ ਦੀ ਮਿਕਨਾਤੀਸੀ ਦੇ ਕਰਾਮਾਤੀ ਜੌਹਰ ਰਾਹੀ ਸਿਰਫ ਉਸ ਦਿਨ ਹੀ ਤੱਕਿਆ ਸੀ ਜਿਹੜਾ ਕਿ ਸੈਦ ਖਾਨ ਦੇ ਲਫਜਾਂ ਨੂੰ ਸੱਚ ਦੀ ਸਹੀ ਸ਼ਕਲ ਦੇ ਰਿਹਾ ਸੀ।
ਅੰਤ ਵਿੱਚ ਡਾਕਟਰ ਆਰ. ਸੀ. ਮਜੂਮਦਾਰ ਵੱਲੋਂ ਗੁਰੂ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਹੋਏ ਪੇਸ਼ ਕਰਨਾ ਉਚਿਤ ਸਮਝਾਂਗੇ ਉਹ ਲਿਖਦੇ ਹਨ “ਮੈ ਪਹਿਲਾਂ ਤੋ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੋ ਬਹੁਤ ਪ੍ਰਭਾਵਿਤ ਸੀ। ਜਿਥੇ ਮੈ ਉਹਨਾਂ ਦੀ ਦੇਸ਼ ਭਗਤੀ ਦੇ ਜਜ਼ਬੇ, ਦਲੇਰੀ ਤੇ ਧਾਰਮਿਕ ਉਚਤਾ ਦਾ ਪ੍ਰਸੰਸਕ ਸੀ ਉਥੇ ਮੈ ਖਾਸਕਰਕੇ ਸਿਆਸੀ ਸੂਝ ਬੂਝ ਤੇ ਜਥੇਬੰਦਕ ਤੇ ਪ੍ਰਬੰਧਕ ਸ਼ਕਤੀ ਜਿਸ ਦੁਆਰਾ ਉਹਨਾਂ ਨੇ ਵੰਨ ਸੁਵੰਨੇ ਜਾਤੀ ਦੇ ਲੋਕਾਂ ਵਿਚੋਂ ਇੱਕ ਨਵੀ ਕੌਮ ਦੀ ਸਿਰਜਨਾ ਕੀਤੀ, ਦਾ ਪੁਜਾਰੀ ਬਣ ਗਿਆ। ਇਸ ਤੋ ਪਹਿਲਾਂ ਜਾ ਬਾਅਦ ਇਸ ਤਰ੍ਹਾਂ ਜਾਤਾ ਦੇ ਭੇਦਭਾਵ ਮਿਟਕੇ ਕਿਸੇ ਨੇ ਵੀ ਹਿੰਦੂ ਅਤੇ ਮੁਸਲਮਾਨਾਂ ਨੂੰ ਇੱਕ ਲੜੀ ਵਿੱਚ ਪਰੋਣ ਦਾ ਕੰਮ ਨਹੀ ਸੀ ਕੀਤਾ ਜੋ ਗੁਰੂ ਜੀ ਨੇ ਖਾਲਸਾ ਸਾਜ ਕੇ ਕਰ ਵਿਖਾਇਆ। ਭਾਰਤੀ ਇਤਿਹਾਸ ਵਿੱਚ ਇਹ ਇੱਕ ਲਾਸਾਨੀ ਤੇ ਅਦੁੱਤੀ ਮਿਸਾਲ ਹੈ ਜਿਸ ਵਾਸਤੇ ਸਾਰੇ ਭਾਰਤੀਆਂ ਨੂੰ ਗੁਰੂ ਜੀ ਦੇ ਅਹਿਸਾਨਮੰਦ ਹੋ ਕੇ ਉਹਨਾਂ ਦੀ ਵੱਧ ਤੋ ਵੱਧ ਪ੍ਰਸੰਸਾ ਕਰਨੀ ਚਾਹਦੀ ਹੈ। ਜਿਥੇ ਅਕਬਰ ਵਰਗਾ ਸਮਰਾਟ ਫੇਲ੍ਹ ਹੋ ਗਿਆ ਉਥੇ ਗੁਰੂ ਜੀ ਸਫਲ ਹੋ ਗਏ। ਇਤਿਹਾਸ ਦਾ ਵਿਦਿਆਰਥੀ ਹੋਣ ਕਰਕੇ ਮੈ ਸਦਾ ਹੀ ਗੁਰੂ ਜੀ ਦਾ ਪ੍ਰਸੰਸਕ ਰਿਹਾ ਹਾਂ ਜਿਹਨਾਂ ਨੇ ਮਹਾਨ ਸਿੱਖ ਕੌਮ ਪੈਦਾ ਕੀਤੀ ਤੇ ਜਿਸ ਕੌਮ ਨੇ 18 ਵੀ ਤੇ ਉਨੀਵੀਂ ਸਦੀ ਵਿੱਚ ਭਾਰਤ ਦੇ ਇਤਿਹਾਸ ਵਿੱਚ ਇੱਕ ਅਹਿਮ ਤੇ ਜ਼ਰੂਰੀ ਫਰਜ਼ ਅਦਾ ਕੀਤਾ।”
ਲੇਖ ਖਤਮ ਕਰਨ ਤੋਂ ਪਹਿਲਾਂ ਉਸ ਮਹਾਨ ਸਰਬੰਸਦਾਨੀ ਗੁਰੂ ਦੇ ਬਹੁ ਪੱਖੀ ਜੀਵਨ ਦੇ ਅਣਗਿਣਤ ਗੁਣਾਂ ਦਾ ਕੁੱਝ ਸੰਖੇਪ ਸ਼ਬਦਾਂ ਵਿੱਚ ਵਰਨਣ ਕਰਨਾ ਠੀਕ ਹੋਵੇਗਾ। ਗੁਰੂ ਜੀ ਪੈਗੰਗਰ, ਮੁਕਤੀਦਾਤਾ, ਰੱਖਿਅਕ, ਸੰਤ, ਭਗਤ, ਕਵੀ, ਲਿਖਾਰੀ, ਸਕਾਲਰ, ਸੁਧਾਰਕ, ਵਿਦਵਾਨ, ਪਰਉਪਕਾਰੀ, ਰੂਹਾਨੀ ਆਗੂ, ਵੰਡ ਛਕਣ ਵਾਲਾ, ਗੀਰਬ ਨਿਵਾਜ, ਸੱਭ ਬੋਲੀਆਂ ਦਾ ਮਾਹਰ, ਜਥੇਦਾਰ, ਜਰਨੈਲ, ਨੀਤੀਵਾਨ, ਸਹਿਨਸ਼ੀਲ, ਨਿਮਰਤਾ ਦੇ ਪੁੰਜ, ਮਰਾਯਾਦਾ ਪ੍ਰਸ਼ੋਤਮ, ਜਿੰਦਾ ਦਿਲ, ਸੰਤ ਸਿਪਾਹੀ, ਸਿਧ ਯੋਗੀ, ਤੀਰ ਅੰਦਾਜ਼, ਘੋੜ ਸਵਾਰ, ਤਲਾਵਰ ਦੇ ਧਨੀ, ਮਇਆ ਵਿੱਚ ਉਦਾਸ, ਸਫਲ ਆਗੂ, ਨਿਰਵੈਰ, ਨਿਡਰ ਅਦਿ ਕਈ ਗੁਣਾਂ ਦੇ ਮਾਲਕ ਸਨ। ਸੋ ਭਾਈ ਮਨੀ ਸਿੰਘ ਜੀ ਅਨੁਸਾਰ “ਮਨੀ ਸਿੰਘਾ ਕਾਣ ਨ ਕਾਹੂੰ ਦੀ, ਜਿਸਦੇ ਸਿਰ ਤੇ ਕਲਗੀਆਂ ਵਾਲਾ।” ਤੇ ਨਨੂਆਂ ਜੀ ਵਾਂਗ ਆਉ ਸਾਰੇ ਆਖੀਏ, “ਤੇਰੇ ਚਰਨਾ ਦੀ ਮਿੱਟੀ ਸਾਡੇ ਸਿਰ ਦਾ ਤਾਜ ਹੋ।”
ਅਖਰਿ ਵਿੱਚ ਡਾਕਟਰ ਆਰ ਸੀ ਮਜੁਮਦਾਰ ਵਲੋਂ ਜੋ “ਭਾਰਤੀਆਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਹਿਸਾਨਮੰਦ ਹੋਕੇ ਗੁਰੂ ਸਾਹਿਬ ਦੀ ਵੱਧ ਤੋਂ ਵੱਧ ਪ੍ਰਸੰਸਾ ਕਰਨੀ ਚਾਹੀਦੀ ਹੈ,” ਅਸ਼ ਦੀ ਬਿਨਾ ਤੇ ਤਾਂ ਜੋ ਗੁਰੂ ਸਾਹਿਬ ਜੀ ਨੇ ਵਾਰਿਸ ਸ਼ਾਹ ਅਨੁਸਾਰ ਭਾਰਤੀਆਂ ਦੀ ਸੁੰਨਤ ਹੋਣ ਤੋਂ ਬਚਾ ਕੇ ੳੇੁਨ੍ਹਾਂ ਦਾ ਧਰਮ ਤੇ ਸੰਸਕ੍ਰਿਤੀ ਬਚਾਏ ਸਨ, ਸਾਰੇ ਭਾਰਤੀ ਅੱਵਲ ਤਾਂ ਗੁਰੂ ਸਾਹਿਬ ਦੇ ਸਿੱਖ ਬਣ ਜਾਂਦੇ। ਜੇ ਇਹ ਨਾ ਸੀ ਕਰ ਸਕਦੇ ਤਾਂ ਗੁਰੂ ਸਾਹਿਬ ਦੇ ਅਹਿਸਾਨ ਨੂੰ ਮੁੱਖ ਰੱਖ ਕੇ ਗੁਰੂ ਜੀ ਵਲੋਂ ਸਜਾਏ ਖਾਲਸਾ ਪੰਥ ਨੇ ਜੋ ਭਾਰਤ ਲਈ ਅਠਾਰਵੀਂ ਤੇ ਉਨੀਂਵੀਂ ਸਦੀ ਵਿੱਚ ਕੁਰਬਾਨੀਆਂ ਕੀਤੀਆਂ, ਉਸ ਨੂੰ ਕਿਸੇ ਤਰਾਂ ਦਾ ਨੁਕਸਾਨ ਪੁਜਾਣ ਦੀ ਕਦੇ ਨਾ ਸੋਚਦੇ। ਪਰ ਇਸ ਤੋਂ ਉਲਟ ਖਾਲਸਾ ਪੰਥ ਨੂੰ ਹਰ ਪੱਖੋਂ ਅਤੇ ਹਰ ਪ੍ਰਾਪਤ ਹੀਲੇ ਤੇ ਵਸੀਲੇ ਨਾਲ ਖਤਮ ਕਰਨ ਦੀਆਂ ਕੋਸ਼ਿਸ਼ਾਂ ਪੂਰੇ ਤਾਨ ਨਾਲ ਹੋ ਰਹੀਆਂ ਹਨ। ਇਹ ਹੈ ਇਨ੍ਹਾਂ ਵਲੋਂ ਸਰਬੰਸ ਦਾਨੀ ਮਹਾਨ ਗੁਰੂ ਸਾਹਿਬ ਅਤੇ ਉਨ੍ਹਾਂ ਵਲੋਂ ਸਜਾਏ ਖਾਲਸਾ ਪੰਥ ਵਲੋਂ ਕੀਤੇ ਅਹਿਸਾਨਾਂ ਦੇ ਬਦਲੇ ਅਕ੍ਰਿਤਘਣਤਾ, ਜਿਸ ਬਾਰੇ ਗੁਰੂ ਸਾਹਿਬ ਕਹਿੰਦੇ ਹਨ, “ਅਕਿਰਤਘਣੈ ਕਉ ਰਖੈ ਨ ਕੋਈ ਨਰਕ ਘਰੋ ਮਹਿ ਪਾਵਣਾ॥” (ਪੰ. 1086)। ਪਰ ਗੁਰੂ ਸਾਹਿਬ ਬੰਦੇ ਨੂੰ ਅਕਿਰਤਘਣ ਬਣਨ ਤੋਂ ਸਦਾ ਹੀ ਰੋਕਦੀ ਹੈ।
.