.

ਦਸਮ ਗ੍ਰੰਥ ਵਿਚਾਰ ਗੋਸ਼ਟੀ ਲਈ ਮੂਲ ਤਥ ਤੇ ਪੇਸ਼ਕਾਰੀ

(ਇਸ ਪਰਚੇ ਵਿੱਚ ਸਰਬ ਲੋਹ ਗ੍ਰੰਥ, ਰਤਿਨਾਮਿਆਂ ਤੇ ਪੁਰਾਤਨ ਸਿਖ ਇਤਿਹਾਸ ਦੀ ਵਿਚਾਰ ਵੀ ਸ਼ਾਮਲ ਹੈ

ਭੂਮਿਕਾ

ਦਾਸ ਨੇਂ ਮਾਰਚ ੨੦੦੮ ਵਿੱਚ ਪੁਸਤਕ “ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਆਧਾਰ ਤੇ ਦਸਮ ਗ੍ਰੰਥ ਦੀ ਵਿਚਾਰ”, ਸਿਖ ਅਦਾਰਿਆਂ ਤੇ ਸੰਗਤਾਂ ਦੇ ਵਿਚਾਰ ਤੇ ਨਿਰਣੇ ਕਰਨ ਲਈ ਪੇਸ਼ ਕੀਤੀ ਸੀ। ਇਹ ਪੁਸਤਕ Website sikhpanth.org ਤੇ sikhmarg ਤੇ ਉਪਲਬਧ ਹੈ।

ਦਾਸ ਨੇ ਦਸਮ ਗ੍ਰੰਥ ਦੀ ਅਸਲੀਅਤ ਦੀ ਪੂਰੀ ਵਿਚਾਰ ਇਸ ਪੁਸਤਕ ਵਿੱਚ ਕੀਤੀ ਸੀ। ਨਿਰਣਾ ਇਹ ਸੀ ਕਿ ਦਸਮ ਗ੍ਰੰਥ ਦੀਆਂ ਰਚਨਾਵਾਂ ਸਿਖ ਵਿਰੋਧੀ ਦੇਵੀ ਦੇਵਤਿਆਂ ਨੂੰ ਮੰਣਨ ਵਾਲੇ ਅਦਾਰਿਆਂ ਨੇ ਸਿਖ ਧਰਮ ਨੂੰ ੰਿਹੰਦੂ ਧਰਮ ਵਿੱਚ ਰਲਾਨ ਲਈ ਲਿਖਵਾਈਆਂ, ਇਸ ਗ੍ਰੰਥ ਵਿੱਚ ਪਾ: ੧੦ ਦੀ ਕੋਈ ਰਚਨਾ ਨਹੀਂ।

ਸਰਦਾਰ ਦਲਬੀਰ ਸਿੰਘ Msc ਦੀ ਪੁਸਤਕ ‘ਦਸਮ ਗ੍ਰੰਥ ਦੀ ਅਸਲੀਯਤ’ ਅਗਸਤ ੨੦੦੯ ਵਿੱਚ ਛਪੀ। ਇਸ ਪੁਸਤਕ ਵਿੱਚ ਵਿਸਥਾਰ ਨਾਲ ਦਸਿਆ ਗਿਆ ਹੈ ਕਿ ਦਸਮ ਗ੍ਰੰਥ ਦੀਆਂ ਰਚਨਾਵਾਂ ਬੇਦ ਮਤ ਦੇ ਗ੍ਰੰਥਾਂ ਦਾ ਅਨੁਵਾਦ ਹਨ ਤੇ ਇਹਨਾਂ ਪੁਸਤਕਾਂ ਤੇ ਆਧਾਰਿਤ ਹਨ, ਕੋਈ ਵੀ ਰਚਨਾ ਪਾ; ੧੦ ਕ੍ਰਿਤ ਨਹੀਂ।

“ਦਸਮ ਗ੍ਰੰਥ ਦਾ ਲਿਖਾਰੀ ਕੋਣ” ਨਾਮ ਦੀ ਪੁਸਤਕ ਸਰਦਾਰ ਜਸਬਿੰਦਰ ਸਿੰਘ ਖਾਲਸਾ ਨੇ ਲਿਖ ਕੇ ਸਾਬਤ ਕੀਤਾ ਕਿ ਦਸਮ ਗ੍ਰੰਥ ਪ: ੧੦ ਕ੍ਰਿਤ ਨਹੀਂ। ਇਸ ਦੀ ਪ੍ਰੋੜਤਾ ਕਰਨ ਵਾਲੀਆਂ ਦਸਮ ਗ੍ਰੰਥ ਬਾਰੇ ਹੋਰ ਕਈ ਪੁਸਤਕਾਂ ਤੇ ਲੇਖ ਇਸੀ ਸਮੇਂ ਵਿੱਚ ਛਪੇ ਜੋ ਵੈਬਸਾਈਟ ਸਿਖ ਮਾਰਗ ਤੇ ਦੇਖੇ ਜਾ ਸਕਦੇ ਹਨ।

ਪਾ ੧੦: ਸਨ ੧੭੦੮ ਵਿੱਚ ਜੋਤੀ ਜੋਤਿ ਸਮਾਏ ਸਨ। ਦਸਮ ਗ੍ਰੰਥ, ਸਰਬ ਲੋਹ ਗ੍ਰੰਥ ਤੇ ਹੋਰ ਅਨੇਕਾਂ ਰਹਿਤਨਾਮੇ ਤੇ ਪੁਰਾਤਨ ਜਨਮ ਸਾਖੀਆਂ ਇਸ ਤੋਂ ੫੦/੬੦ ਸਾਲ ਬਾਦ ਲਿਖੀਆਂ ਗਈਆਂ, ਇਹ ਪਾ: ੧੦ ਕ੍ਰਿਤ ਨਹੀਂ ਸਨ ਤੇ ਇਨ੍ਹਾਂ ਨੂੰ ਲਿਖਨ ਵਾਲੇ ਸਿਖ ਨਹੀਂ ਸਨ।

ਵਿਚਾਰ ਗੋਸ਼ਟੀ ਲਈ ਤਥ

ਅਜਕਲ, (੧) ਦਸਮ ਗ੍ਰੰਥ ਨੂੰ ਪਾ: ੧੦ ਦੀ ਬਾਣੀ ਮੰਣਨ ਵਾਲੇ ਗੁਰਸਿਖਾਂ ਤੇ

(੨) ਦਸਮ ਗ੍ਰੰਥ ਨੂੰ ਬੇਦ ਬਾਣੀ ਤੇ ਅਧਾਰਿਤ ਤੇ ਦੇਵੀ ਦੇਵਤਿਆਂ ਦੀ ਅਰਾਧਨਾਂ ਵਾਲਾ ਗ੍ਰੰਥ ਸਾਬਤ ਕਰਨ ਵਾਲੇ ਬੁਧੀ ਜੀਵਿਆਂ ਦੀ ਵਿਚਾਰ ਗੋਸ਼ਟੀ ਲਈ ਦੋਵੇਂ ਧਿਰਾਂ ਰਾਜ਼ੀ ਹਨ।

ਇਹ ਪਰਚਾ ਦਾਸ ਨੇ ਦੋਹਾਂ ਧਿਰਾਂ ਨੂੰ ਤਥਾਂ ਦੀ ਜਾਣਕਾਰੀ ਦੇਨ ਲਈ ਲਿਖਿਆ ਹੈ। ਆਸ ਕਰਦਾ ਹਾਂ ਦੋਨੋਂ ਧਿਰਾਂ ਇਸ ਗਲ ਤੇ ਸਹਮਤ ਹਨ ਕਿ ਨਿਰਣਿਆਂ ਦਾ ਅਧਾਰ ਗੁਰਬਾਣੀ ਉਪਦੇਸ਼ ਨੂੰ ਬਨਾਉਣਾ ਹੈ, ਸਿਖ ਇਤਿਹਾਸ ਤੇ ਸਾਡੀ ਅਜ ਦੀ ਰਹਿਤ ਮਰਯਾਦਾ ਨਿਰਣਿਆਂ ਦਾ ਅਧਾਰ ਨਹੀਂ ਹੋ ਸਕਦੀ।

ਜੇ ਅਸੀਂ ਦਸਮ ਗ੍ਰੰਥ ਦੀ ਅਸਲੀਅਤ ਸਭ ਗੁਰਸਿਖਾਂ ਨੂੰ ਸਮਝਾ ਦੇਈਏ ਤੇ ਇਸ ਗ੍ਰੰਥ ਨੂੰ ਸਿਖ ਪੰਥ ਤੋਂ ਖਾਰਜ ਵੀ ਕਰ ਦੇਈਏ, ਤਾਂ ਭੀ ਸਰਬ ਲੋਹ ਗ੍ਰੰਥ, ਰਹਿਤਨਾਮੇਂ ਤੇ ਜਨਮ ਸਾਖੀਆਂ ਸਿਖ ਧਰਮ ਨਾਲ ਜੁੜੀਆਂ ਰਹਿਨ ਕਰਕੇ ਗੁਰਸਿਖ, ਰਹਿਤ ਮਰਯਾਦਾ ਸਦਕਾ, ਬੇਦ ਮਤ ਦੀਆਂ ਬਾਣੀਆਂ ਪੜ੍ਹਦੇ ਰਹਿਣਗੇ ਤੇ ਦੇਵੀ ਦੇਵਤਿਆਂ ਦੀ ਅਰਾਧਨਾਂ ਕਰਦੇ ਰਹਿਣਗੇ। ਇਸ ਲਈ ਸਮੁਚੇ ਅਖੌਤੀ ਸਿਖ ਇਤਿਹਾਸ ਦੀ ਅਸਲੀਅਤ ਨੂੰ ਸਮਝਨਾਂ ਗੁਰਸਿਖਾਂ ਲਈ ਜ਼ਰੂਰੀ ਹੈ।

ਗੁਰਸਿਖਾਂ ਦੇ ਅਜ ਦੇ ਵਿਸ਼ਵਾਸ

ਇਸ ਸਮੇਂ ੧੯੩੬ ਦੀ ਰਹਿਤ ਮਰਯਾਦਾ ਤੇ ਖੰਡੇ ਦੀ ਪਾਹੁਲ ਬਹੁਤ ਚਰਚਾ ਵਿੱਚ ਹਨ।

੯੯ਵੇਂ ਫੀ ਸਦੀ ਤੋਂ ਵਧ ਸਿਖ ਸੰਪਰਦਾਵਾਂ ਤੇ ਸੰਤ ਸਮਾਜ ਅਜੇ ਤਕ ਦਸਮ ਗ੍ਰੰਥ ਨੂੰ ਪਾ ੧੦ ਕ੍ਰਿਤ ਮੰਨਦੇ ਹਨ, ਤੇ ਸਮਝਦੇ ਹਨ ਕਿ ੧੯੩੬ ਵਿੱਚ ਬਣੀਂ ਸਿਖ ਰਹਿਤ ਮਰਯਾਦਾ ਵਿੱਚ ਪਾ: ੧੦ ਦੇ ਹੁਕਮ ਹਨ, ਇਸ ਲਈ ਇਸ ਰਹਿਤ ਮਰਯਾਦਾ ਤੇ ਚਲਨਾਂ, ਸਿਖਾਂ ਲਈ ਜ਼ਰੂਰੀ ਹੈ। ਅਸਲੀਅਤ ਇਹ ਹੈ ਕਿ ਸਾਡੀ ਰਹਿਤ ਮਰਯਾਦਾ ਦਾ ਸਿਰਫ ਉਹ ਹਿਸਾ ਗੁਰੂ ਹੁਕਮਾਂ ਅਨੁਸਾਰ ਹੈ ਜੋ ਗੁਰਬਾਣੀ ਦੇ ਹੁਕਮਾਂ ਤੋਂ ਲਿਆ ਹੈ, ਬਾਕੀ ਹਿਸਾ ਸਿਖ ਧਰਮ ਦੇ ਵਿਰੋਧੀ ਬੇਦ ਮਤ ਤੇ ਅਧਾਰਿਤ ਅਖੌਤੀ ਪੁਰਾਤਨ ਸਿਖ ਇਤਿਹਾਸ ਤੋਂ ਲਿਆ ਗਿਆ ਹੈ। ਗੁਰੂ ਜੀ ਦੀ ਕਿਰਪਾ ਨਾਲ ਜਿਉਂ ਜਿਉਂ ਗੁਰਸਿਖ ਨਵੀਂ ਖੋਜ ਤੇ ਤਥਾਂ ਨੂੰ ਗੁਰਬਾਣੀ ਦੀ ਕਸੌਟੀ ਤੇ ਪਰਖ ਰਹੇ ਹਨ, ਉਹ ਭੀ ਇਹਨਾਂ, ਸਿਖ ਮਤ ਵਿਰੁਧ ਲਿਖਵਾਈਆਂ ਕੂੜੀਆਂ ਪੁਸਤਕਾਂ ਦੀ ਅਸਲੀਅਤ ਨੂੰ ਸਮਝਨ ਲਗੇ ਹਨ।

ਭਵਿਖ ਵਿੱਚ ਸਿਖਾਂ ਦੇ ਦੋ ਧੜਿਆਂ ਵਿੱਚ ਵੰਡੇ ਜਾਣ ਦਾ ਖਦਸ਼ਾ

ਪਹਿਲਾ ਧੜਾ ਉਹ ਹੋਵੇਗਾ ਜੋ ਕੇਵਲ ਗੁਰੂ ਨਾਨਕ ਸਾਹਿਬ ਤੋਂ ਲੈਕੇ ਗੁਰੂ ਗੋਬਿੰਦ ਸਿੰਘ ਤਕ, ਤੇ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਰਹਿਣਗੇ ਤੇ ਕਿਸੇ ਹੋਰ ਗ੍ਰੰਥ ਨੂੰ ਮਾਨਿਅਤਾ ਨਹੀਂ ਦੇਣਗੇ।

ਦੂਜਾ ਧੜਾ ਉਹ ਹੋਵੇਗਾ ਜੋ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ, ਦਸਮ ਗ੍ਰੰਥ ਤੇ ਸਰਬ ਲੋਹ ਗ੍ਰੰਥ ਨੂੰ ਵੀ ਗੁਰੂ ਮੰਨੇਗਾ। ਦਾਸ ਤੁਹਾਡਾ ਧਿਆਨ ਵੈਬਸਾਈਟ www.sarabloh.info ਵਲ ਦੁਆਉਣਾ ਚਾਹੁੰਦਾ ਹੈ। ਇਸ ਵੈਬਸਾੲਟਿ ਅਨੁਸਾਰ ਸਿਖਾਂ ਦੇ ਤਿੰਨ ਪੂਜਨੀਕ ਗ੍ਰੰਥ ਹਨ, ਆਦਿ ਗੁਰੂ ਦਰਬਾਰ, ਦਸਮ ਗੁਰੂ ਦਰਬਾਰ ਤੇ ਸਰਬ ਲੋਹ ਦਰਬਾਰ। ਇਹ ਅਪਨੇ ਆਪ ਨੂੰ ਸਨਾਤਨੀਂ ਸਿਖ ਕਹਿੰਦੇ ਹਨ ਤੇ ਸਨਾਤਨੀਂ ਸਿਖਾਂ ਵਿੱਚ ਉਦਾਸੀਆਂ, ਨਿਰਮਲਿਆਂ, ਸੇਵਾ ਪੰਥੀਆਂ ਤੇ ਨਿਹੰਗਾਂ ਨੂੰ ਗਿਣਦੇ ਹਨ।

ਆਰ ਸੈਸ ਐਸ ਦੀ ਬਣਾਈ ਰਾਸ਼ਟ੍ਰੀਆ ਸਿਖ ਸੰਗਤ ਵੀ ਇਸ ਧੜੇ ਵਿੱਚ ਸ਼ਾਮਲ ਹੈ। ਹਿੰਦੂ ਧਰਮ ਦੀ ਆਰ ਐਸ ਐਸ RSS ਗੁਰਸਿਖਾਂ ਨੂੰ ਗੁਮਰਾਹ ਕਰ ਰਹੀ ਹੈ ਤੇ ਕਹਿ ਰਹੀ ਹੈ ਕਿ ਸਿਖ ਭੀ ਹਿੰਦੂ ਹਨ। ਗੁਰਰਸਿਖਾਂ ਲਈ ਨਿਰਣਾਂ ਗੁਰਬਾਣੀ ਕਰਦੀ ਹੈ। ਗੁਰਬਾਣੀ ਕਹਿੰਦੀ ਹੈ “ਹਿੰਦੂ ਮੂਲੇ ਭੂਲੇ ਅਖੁਟੀ ਜਾਂਹੀ॥ ਨਾਰਦਿ ਕਹਿਆ ਸਿ ਪੂਜ ਕਰਾਂਹੀ॥ ਅੰਧੇ ਗੁੰਗੇ ਅੰਧ ਅੰਧਾਰੁ॥ ਪਾਥਰ ਲੇ ਪੂਜਹਿ ਮੁਗਧ ਗਵਾਰ॥ ਓਹਿ ਜਾ ਆਪਿ ਡੁਬੇ ਤੁਮ ਕਹਾ ਤਰਣਹਾਰੁ॥ ਪੰਨਾ ੫੫੬॥ ਕੀ ਅਸੀਂ ਗੁਰਬਾਣੀ ਹੁਕਮਾਂ ਅਨੁਸਾਰ ਸੁਤੰਤਰ ਸਿਖ ਧਰਮ ਵਿੱਚ ਰਹੀਏ ਜਾਂ ਹਿੰਦੂ ਕਹਾਈਏ?

ਗੁਰਬਾਣੀ ਹਿੰਦੂ ਧਰਮ ਗ੍ਰੰਥਾਂ ਬਾਰੇ ਕਹਿੰਦੀ ਹੈ ਬੇਦ ਬਾਣੀ ਨੂੰ ਅਕਾਲ ਪੁਰਖ ਪਾਰਬ੍ਰਹਮ ਦਾ ਗਿਆਨ ਨਹੀਂ, ਬੇਦ ਬਾਣੀ ਕੇਵਲ ਤ੍ਰੈ ਗੁਣ ਮਾਇਆ ਦੀ ਵਿਚਾਰ ਕਰਦੀ ਹੈ, ਬੇਦਬਾਣੀ ਨੂੰ ਮੰਣਨ ਵਾਲੇ ਜਨਮ ਮਰਨ ਦੇ ਗੇੜ ਵਿੱਚ ਰਹਿੰਦੇ ਹਨ। “ਤ੍ਰੈ ਗੁਣ ਬਾਣੀ ਬ੍ਰਹਮ ਜੰਜਾਲਾ॥ ਪੜਿ ਵਾਦ ਵਖਾਣਹਿ ਸਿਰਿ ਮਾਰੇ ਜਮਕਾਲਾ॥ ਤਤੁ ਨ ਚੀਨਹਿ ਬੰਨਹਿ ਪੰਡ ਪਰਾਲਾ”॥ ਪਨਾ ੨੩੦॥ ਸਿਮ੍ਰਿਤ ਸਾਸਤ ਅੰਤੁ ਜਾਣੈ॥ ਮੂਰਖ ਅੰਧਾ ਤਤੁ ਨ ਪਛਾਣੈ॥ ਪਨਾ ੧੦੬੧॥ (ਸਿਮ੍ਰਿਤ ਸਾਸਤਰ ਮੂਰਖ ਅੰਧਾ ਹੈ ਇਸ ਨੂੰ ਤਤੁ ਅਸਲੀਅਤ, ਅਕਾਲ ਪੁਰਖ ਦੀ ਪਛਾਣ ਨਹੀਂ)

ਗੁਰਬਾਣੀ ਉਪਦੇਸ਼ ਉਤੇ ਅਮਲ ਕਰਨ ਵਾਲੇ ਗੁਰਸਿਖ ਜਨਮ ਮਰਨ ਦੇ ਗੇੜ ਵਿਚੋਂ ਨਿਕਲ ਜਾਂਦੇ ਹਨ, ‘॥ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ’॥ ਪਨਾ ੨੭੩॥

ਗੁਰਬਾਣੀ ਗੁਰਸਿਖਾਂ ਨੂੰ, ਬੇਦ ਬਾਣੀ ਨੂੰ ਮੰਨਨ ਤੇ ਦੇਵੀ ਦੇਵਤਿਆਂ ਦੀ ਪੂਜਾ ਅਰਾਧਨਾਂ ਕਰਨ ਤੋਂ ਵਰਜਦੀ ਹੈ। ‘ਮਾਈ ਰੀ ਆਨ ਸਿਮਰਿ ਮਰਿ ਜਾਹਿ’॥ ਪਨਾ ੧੨੨੫॥” ਹਰਿ ਇਕੋ ਦਾਤਾ ਸੇਵੀਐ ਹਰਿ ਇਕੁ ਧਿਆਈਐ॥ ਹਰਿ ਇਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ॥ ਜੇ ਦੂਜੇ ਪਾਸਹੁ ਮੰਗੀਐ ਤਾ ਲਾਜ ਮਰਾਈਐ”॥ ਪਨਾ ੫੯੦॥

ਗੁਰੂ ਜੀ ਵੀ ਬੇਦ ਬਾਣੀ ਤੇ ਦੇਵੀ ਦੇਵਤਿਆਂ ਨੂੰ ਅਰਾਧਨ ਵਾਲੇ ਸਿਖਾਂ ਨੂੰ ਅਪਨੇ ਸਿਖ ਨਹੀਂ ਮੰਨਦੇ। ਗੁਰਬਾਣੀ ਅਨੁਸਾਰ ਦੇਵੀ ਦੇਵਤਿਆਂ ਨੂੰ ਮਣਨ ਵਾਲੇ ਜਨਮ ਮਰਨ ਦੇ ਗੇੜ ਵਿਚੋਂ ਨਹੀਂ ਨਿਕਲ ਸਕਦੇ।

ਅਸੀਂ ਹਰ ਕੋਸ਼ਿਸ਼ ਕਰਾਂਗੇ ਕਿ ਵਿਚਾਰ ਗੋਸ਼ਟੀਆਂ ਕਰ ਕੇ ਦੂਜੇ ਧੜੇ ਨੂੰ ਅਸਲੀਅਤ ਦੀ ਪਛਾਣ ਕਰਾ ਸਕੀਏ।

੧੯੩੬ ਵਾਲੀ ਸਿਖ ਰਹਿਤ ਮਰਯਾਦਾ

੧੯੩੬ ਵਾਲੀ ਰਹਿਤ ਮਰਯਾਦਾ ਸਾਡੇ ਬਜ਼ੁਰਗ ਬੁਧੀ ਜੀਵਿਆਂ ਨੇ ਇਸ ਗ਼ਲਤ ਵਿਸ਼ਵਾਸ਼ ਵਿੱਚ ਬਣਾਈ ਕਿ ਉਪਰ ਲਿਖੇ ਗ੍ਰੰਥ ਤੇ ਪੁਸਤਕਾਂ ਪਾ: ੧੦ ਕ੍ਰਿਤ ਹਨ ਜਾਂ ਗੁਰਸਿਖਾਂ ਨੇ ਲਿਖੇ ਹਨ। ਇਸ ਰਹਿਤ ਮਰਯਾਦਾ ਸਦਕਾ ਅਜ ਗੁਰਸਿਖ ਪ੍ਰਿਥਮ ਭਗਉਤੀ ਸਿਮਰ ਕੈ ਵਾਲੀ ਅਰਦਾਸ ਕਰਦੇ ਹਨ, ਤੇ ਭਗਉਤੀ ਦੇਵੀ ਨੂੰ ਸਿਮਰਦੇ ਹਨ, ਨਿਤ ਨੇਮ ਦੀਆ ਬਾਣੀਆਂ ਤੇ ਕੀਰਤਨੀ ਪੋਥੀਆਂ ਰਾਹੀਂ ਗੁਰਬਾਣੀ ਹੁਕਮਾਂ ਵਿਰੁਧ, ਦੇਵੀ ਦੇਵਤਿਆਂ ਦੀ ਉਸਤਤ ਤੇ ਆਰਾਧਨਾਂ ਕਰ ਰਹੇ ਹਨ। ਇਹ ਬੇਮੁਖਤਾਈ ਦੀਆਂ ਨਿਸ਼ਾਨੀਆਂ ਹਨ। ਸਚਾਈ ਪਛਾਣੀਏ ਤਾਂ ਅਜ ਸਭ ਗੁਰਸਿਖਾਂ ਨੂੰ ਰਹਿਤ ਮਰਯਾਦਾ ਨੇਂ ਸਨਾਤਨੀਂ ਸਿਖ ਬਣਾ ਦਿਤਾ ਹੈ।

ਦਸਮ ਗ੍ਰੰਥ, ਤੇ ਸਰਬ ਲੋਹ ਗ੍ਰੰਥ ਨੇ ਬ੍ਰਾਹਮਨੀ ਕਲਪਨਾਂ ਤੋਂ ਗੁਰੂ ਗੋਬਿੰਦ ਸਿੰਘ ਜੀ ਦਾ ਮਿਥਿਆ ਸਰੂਪ ਘੜਿਆ ਜੋ ਕਾਲ, ਮਹਾਂਕਾਲ, ਭਗਉਤੀ, ਦੁਰਗਾ, ਚੰਡੀ, ਤੇ ਦੇਵੀ ਦੇਵਤਿਆਂ ਦੇ ਹੋਰ ਰੂਪਾਂ ਖੰਡਾ, ਕਿਰਪਾਨ, ਤੇ ਅਸਤਰਾਂ ਸ਼ਸਤਰਾਂ ਦੀ ਪੂਜਾ ਅਰਾਧਨਾਂ, ਗੁਰੂ ਪੀਰ ਸਮਝ ਕੇ ਕਰਨ ਵਾਲਾ ਹੈ। ਗੁਰਸਿਖਾਂ ਦੇ ਗੁਰੂ, “ਦਸ ਗੁਰੂ ਸਾਹਿਬਾਨ ਤੇ ਗੁਰੂ ਗ੍ਰੰਥ ਸਾਹਿਬ” ਹਨ। ਅਸਤਰ ਸ਼ਸਤਰ ਸਚੇ ਗੁਰੂ ਗੋਬਿੰਦ ਸਿੰਘ ਦੇ ਗੁਰੂ ਪੀਰ ਨਹੀਂ। ਬੇਦ ਬਾਣੀ ਅਨੁਸਾਰ ਖੰਡਾ ਦੇਵੀ ਦਾ ਰੂਪ ਹੈ ਤੇ ਪੂਜਨ ਯੋਗ ਹੈ। ਖਤਰੀ ਅਸਤ੍ਰਾਂ ਸ਼ਸਤਰਾਂ ਦੀ ਪੂਜਾ ਕਰਦੇ ਹਨ। ਗੁਰਬਾਣੀ ਅਸਤਰਾਂ ਸ਼ਸਤਰਾਂ ਦੀ ਪੂਜਾ ਦਾ ਉਪਦੇਸ਼ ਨਹੀਂ ਦਿੰਦੀ, ਕੇਵਲ ਪੂਰੇ ਸਤਿਗੁਰੂ ਤੇ ਅਕਾਲ ਪੁਰਖ ਦੀ ਸਿਫਤ ਸਾਲਾਹ ਦਾ ਉਪਦੇਸ਼ ਦਿੰਦੀ ਹੈ। ਸਾਡੇ ਸਚੇ ਗੁਰੂ ਗੋਬਿੰਦ ਸਿੰਘ ਨੇ ਗੁਰਗਦੀ ਗੁਰੂ ਗ੍ਰੰਥ ਸਾਹਿਬ ਨੂੰ ਸਉਂਪੀ ਤੇ ਆਪ ਗੁਰਬਾਣੀ ਹੁਕਮਾਂ ਵਿਰੁਧ ਕੋਈ ਕਮ ਨਹੀਂ ਕਰ ਸਕਦੇ ਸਨ।।

ਦਸਮ ਗ੍ਰੰਥ ਨੂੰ ਪਾ: ੧੦ ਕ੍ਰਿਤ ਨਾ ਮੰਨਣ ਵਾਲੇ ਸਿਖ ਲੀਡਰਾਂ ਅਗੇ ਦਾਸ ਦੀ ਬੇਨਤੀ ਹੈ ਕਿ ਉਹ ਗ਼ਲਤੀ ਵਿੱਚ ਬਣੀਂ ਸਿਖ ਰਹਿਤ ਮਰਯਾਦਾ ਨੂੰ ਮਾਨਿਅਤਾ ਨਾਂ ਦੇਣ। ਅਸੀਂ ਉਪਰ ਵਿਚਾਰ ਕਰ ਚੁਕੇ ਹਾਂ ਕਿ ਇਹ ਰਹਿਤ ਮਰਯਾਦਾ ਸਿਖਾਂ ਕੋਲੋਂ ਦੇਵੀ ਦੇਵਤਿਆਂ ਦੀ ਪੂਜਾ ਕਰਾਉਂਦੀ ਹੈ। ਸਾਡੀ ਵਿਚਾਰ ਦਾ ਆਧਾਰ ਸਚੀ ਗੁਰਬਾਣੀ ਹੈ।

੧੨ ਦਿਸੰਬਰ ੨੦੦੯ ਨੂੰ ਅਮ੍ਰਿਤਸਰ ਵਿੱਚ ਸੰਤ ਸਮਾਜ, ਭਿੰਡਰਾਂਵਾਲਿਆਂ, ਤਖਤਾਂ ਦੇ ਜਥੇਦਾਰਾਂ ਆਦਿ ਨੇ ਇੱਕ ਬੈਠਕ ਕਰਕੇ ਐਲਾਨ ਕੀਤਾ ਕਿ ਸਾਰਾ ਦਸਮ ਗ੍ਰੰਥ ਪਾ: ੧੦ ਕ੍ਰਿਤ ਹੈ। ਉਹਨਾਂ ਇਹ ਵੀ ਕਿਹਾ ਕਿ ਦੂਜੀ ਧਿਰ ੩੦ ਦਿਨ ਦੇ ਅੰਦਰ ਅਸਥਾਨ ਤੇ ਤਾਰੀਖ ਮੁਕਰਰ ਕਰੇ, ਸਭ ਧਿਰਾਂ ਨੂੰ ਬੁਲਾ ਕੇ ਵਿਚਾਰ ਗੋਸ਼ਟੀ ਕਰੇ ਜੋ ਅਪਨਾ ਅਪਨਾ ਪਖ ਪੇਸ਼ ਕਰਨ।

ਪਰਧਾਨ ਦਿਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਚਾਰ ਗੋਸ਼ਟੀ ਦਾ ਪ੍ਰਬੰਧ ਕਰਨ ਦੀ ਜ਼ਿਮੇਵਾਰੀ ਲੈਨ ਦਾ ਐਲਾਨ ਕਰ ਦਿਤਾ ਹੈ, ਉਮੀਦ ਹੈ ਉਹ ਜਲਦੀ ਤਾਰੀਖ ਮੁਕਰਰ ਦੇਣਗੇ।

੧੯੩੬ ਵਿੱਚ ਬਣੀਂ ਰਹਿਤ ਮਰਯਾਦਾ ਦੇ ਸ੍ਰੋਤ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਹੇਠ ਲਿਖੇ ਗ੍ਰੰਥ ਵੀ ਸਨ

ਦਸਮ ਗ੍ਰੰਥ

ਸਰਬ ਲੋਹ ਗ੍ਰੰਥ ਸ੍ਰੀ ਮੁਖਵਾਕ ਪਾ: ੧੦

ਅਨੇਕਾਂ ਰਹਿਤ ਨਾਮੇ ਤੇ

ਪੁਰਾਤਨ ਜਨਮ ਸਾਖੀਆਂ

ਇਹ ਸਭ ਅਖੌਤੀ ਸਿਖ ਇਤਿਹਾਸਕ ਪੁਸਤਕਾਂ ਪਾ ੧੦: ਦੇ ਜੋਤੀ ਜੋਤਿ ਸਮਾਉਨ ਤੋਂ ੬੦/੭੦ ਸਾਲ ਬਾਦ ਵਜੂਦ ਵਿੱਚ ਆਈਆਂ। ਇਹਨਾਂ ਪੁਸਤਕਾਂ ਦੇ ਲਿਖਾਰੀ, ਪਾ: ੧੦ ਜਾਂ ਗੁਰਸਿਖ ਨਹੀਂ ਸਨ।

ਖੰਡੇ ਦੀ ਪਾਹੁਲ ਦਾ ਪਿਛੋਕੜ ਤੇ ਬ੍ਰਿਤਾਂਤ ਅਸੀਂ ਰਹਿਤਨਾਮਾ ਭਾਈ ਦਯਾ ਸਿੰਘ ਤੇ ਸਰਬ ਲੋਹ ਗ੍ਰੰਥ ਤੌਂ ਲੈਂਦੇ ਹਾਂ।

ਰਹਿਤਨਾਮਾ ਭਾਈ ਦਯਾ ਸਿੰਘ

(ਲਿਖਣ ਵਾਲਾ ਭਾਈ ਦਯਾ ਸਿੰਘ ਦੀ ਥਾਂ ਕੋਈ ਬੇਨਾਮ ਲਿਖਾਰੀ ਹੈ)।

ਲਿਖਣ ਵਾਲਾ ਕਵੀ ਖੰਡੇ ਦੀ ਪਾਹੁਲ ਤਿਆਰ ਕਰਨ ਦਾ ਬ੍ਰਿਤਾਂਤ ਸੁਣਾਉਂਦਾ ਹੈ।

ਸ੍ਰੀ ਦਸਵੀਂ ਪਾਤਸ਼ਾਹੀ ਅਨੰਦ ਪੁਰ ਮੈਂ ਬੈਠੇ ਥੇ, ਦਯਾ ਸਿੰਘ ਪ੍ਰਸ਼ਨ ਕੀਆ ਜੁ ਮਹਾਰਾਜ ਜੀ, ਰਹਿਤਨਾਮਾ ਕਹੀਏ ਜਿਸ ਕੇ ਸੁਨਨੇ ਸੇ ਮੁਕਤਿ ਹੋਇ।

ਪਾ: ੧੦, ਦਾ ਉਤਰ - – ਜਬ ਦੇਵੀ ਪ੍ਰਗਟ ਭਈ ਔਰ ਪਾਂਚ ਪਿਆਰੇ ਸਾਵਧਾਨ ਹੂਏ, ਤਬ ਸਬ ਦੇਵਤਾ ਆਏ। ੴ ਸਤ ਨਾਮ ਉਪਦੇਸ਼ ਮੰਤ੍ਰ ਸ੍ਰੀ ਗੁਰੂ ਨਾਨਕ ਜੀ ਕੀ ਸ਼ਕਤਿ ਨੇ ਦੀਆ ਅਰ ਜੰਤ੍ਰ ਵਾਹਿਗੁਰੂ ਮੋਹਨ ਬਸੀਕਰਨ ਨੇ ਦੀਆ, ਤੰਤ੍ਰ ਜਲ ਅਮਰ ਬਰੁਣ ਵਾਸਤੇ ਚਿਤ ਦ੍ਰਿੜਤਾ ਦੇ ਦੀਆ, ਮਿਸ਼ਟਾਨ ਇੰਦਰ ਨੇ ਦੀਆ ਬੁਧੀ ਮੀਠੀ ਰਹਨ ਨਮਿਤ, ਅਰ ਲੋਹ ਪਾਤਰ ਯਮਰਾਜ ਅੰਮ੍ਰਿਤ ਪਾਵਣੇ ਨਿਮਿਤ ਦੀਆ, ਸਰਬ ਲੋਹ ਕੀ ਕਰਦ ਕਾਲ ਜੀ ਦਈ, ਯੁਧ ਕੇ ਵਾਸਤੇ, ਕੇਸ ਚੰਡੀ ਜੀ ਦੀਏ, ਬਾਹਨੀ ਕਛ ਹਨੂ ਜੀ ਦਈ, ਜਪੁਜੀ ਮੁਕਤਿ ਕੋ ਪਾਠ ਦੀਆ, ਅਨੰਦ, ਚਿਤ ਸ਼ਾਤ ਲੀਏ ਗੁਰੂ ਅਮਰ ਜੀ ਦੀਨਾ,

ਅਕਾਲ ਪੁਰਖ ਕਾ ਅਵਤਾਰ ਪ੍ਰਗਟ ਕੀਆ ਖਾਲਸਾ। ਪੰਜ ਭੁਜੰਗੀ ਹੈ ਮਹਾ ਮੁਕਤੇ ਨਾਮ- ਰਾਮ ਸਿੰਘ, ਫਤਿਹ ਸਿੰਘ ਦੇਵਾ ਸਿੰਘ, ਟਹਿਲ ਸਿੰਘ, ਈਸ਼ਰ ਸਿੰਘ, ਇਨਹੋਂ ਪਾਂਚੋਂ ਸਿੰਘੋਂ ਨੇ ਹਾਥ ਸੇ ਅੰਮ੍ਰਿਤ ਛਕਾ ਥਾ। ਜੋ ਗੁਰਦੇਵ ਅਮ੍ਰਿਤ ਛਕਾਨੇ ਵਾਲਾ ੧ ਸਤਗੁਣੀ ਨਿਰਲੋਭੀ ਸੁਕਦੇਵ ਹੈ, ਤਮਗੁਣੀ ਦੁਰਬਾਸਾ ਸਮ, ਕਾਮੀ ਰਾਜਨੀਤੀ ਕ੍ਰਿਸ਼ਨ ਤੁਲ਼, ੪ ਮੋਹ ਜੁਗ ਕਰ ਵਸ਼ਿਸ਼ਟ ਸਰੂਪ, ਹੰਕਾਰੀ ਵਿਸ਼ਵਾ ਮਿਤ੍ਰ ੬, ਆਚਾਰੀ ਬਿਆਸ, ੭ ਸਮਾਧਿ ਸਿਥਿਤ ਕਪਿਲ ੮ ਭਿਖੁਯਕ ਜਾਗਵਲਿਕ, ੯ ਕਰਮਕਾਂਡੀ ਜੈਮਨਿ ਤੁਲ ੧੦, ਪਾਤੰਜਲੀ ਸ਼ੇਸ਼ ਤੁਲ। (ਅਸੀਂ ਦੇਖਦੇ ਹਾਂ ਕਿ ਇਸ ਤਰੀਕੇ ਨਾਲ ਸਨਾਤਨ ਧਰਮ ਦੇ ਤਮੋਗੁਣੀ, ਕਾਮੀ, ਹੰਕਾਰੀ ਪਾਤਰ ਖੰਡੇ ਦੀ ਪਹੁਲ ਵਿੱਚ ਸ਼ਾਮਲ ਕੀਤੇ ਗਏ ਤੇ ਸਿਖਾਂ ਨੂੰ ਸਨਾਤਨੀ ਮਿਥਿਹਾਸ ਵਿੱਚ ਜੋੜਿਆ ਗਿਆ)

ਇਸੀ ਰਹਿਤਨਾਮੇ ਵਿੱਚ ਅੰਮ੍ਰਿਤ ਛਕਾਉਨ ਦੀ ਵਿਧੀ ਲਿਖੀ ਹੈ। -- ਪੁਨਹ ਏਕ ਸਿੰਘ ਸਰਬਤ੍ਰ ਆਗਿਆ ਲੈ, ਹਥਿ ਮੈ ਕਟੋਰਾ, ਬਾਂਏਂ ਹਾਥ ਪਰ ਦਾਇਆਂ ਰਖ ਕੈ ਛਕੈ। ਵਹ ਕਹੈ- ਬੋਲੋ ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹ। ਗੁਰਮੰਤ੍ਰ ਸਤਨਾਮ ਦੇ, ਰਹਿਤ ਦਸਨੀ ਨਾਮ ਰਖਨਾ (੧) ਸਵਾ ਰੁਪਯਾ ਤਨਖਾਹ, ਅਰਦਾਸ ਕਰਨੀ, ਉਸ ਕਾਲ ਸਭ ਰਲ ਕਰਿ ਛਕੈ ਪ੍ਰਸਾਦ ਕੜਾਹ, ਪੀਛੈ ਅਪਨੇ ਅਪਨੇ ਬਰਤਨ ਮੈਂ ਛਕੈ, ਅੰਮ੍ਰਿਤ ਛਕਾਵਨ ਵਾਲੇ ਗੁਰਦੇਵ ਕੋ ਬਸਤਰ ਸ਼ਸਤਰ ਕਰ ਪੂਜੇ। (ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਸਿਖਾਂ ਨੂੰ ਕੇਸ ਅਕਾਲ ਪੁਰਖ ਦੀ ਦੇਨ ਹਨ ਸਿਖਾਂ ਨੂੰ ਕੇਸ ਚੰਡੀ ਨੇ ਨਹੀਂ ਦਿਤੇ।)

ਗੁਰੂ ਗ੍ਰੰਥ ਸਾਹਿਬ ਵਿੱਚ ਖਾਲਸਾ ਅਖਰ ਸਿਰਫ ਇੱਕ ਬਾਰ ਭਗਤ ਕਬੀਰ ਨੇਂ ਪ੍ਰੇਮਾ ਭਗਤੀ ਕਰਕੇ ਮੁਕਤਿ ਹੋਇ ਗੁਰਸਿਖ ਲਈ ਵਰਤਿਆ ਹੈ।

ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ॥ ੬੫੪

ਕੀ ਗੁਰੂ ਗ੍ਰੰਥ ਸਾਹਿਬ ਨੂ ਗੁਰੂ ਮੰਨਣ ਵਾਲੇ,” ਪੂਰੇ ਗੁਰੂ ਤੇ ਅਕਾਲ ਪੁਰਖ ਪਾਰਬ੍ਰਹਮ” ਦੀ ਅਰਾਧਨਾਂ ਕਰਨ ਵਾਲੇ ਗੁਰਸਿਖ, ਰਹਿਤ ਨਾਮਿਆਂ ਨੂੰ ਪਾ ੧੦ ਦੇ ਹੁਕਮ ਮੰਨਣਗੇ? । ਕੀ ਗੁਰਸਿਖ ਇਹਨਾਂ ਸ੍ਰੋਤਾਂ ਤੋਂ ਬਣੀ ਰਹਿਤ ਮਰਯਾਦਾ ਦੇ ਧਾਰਨੀਂ ਰਹਣਗੇ?

ਇਸ ਸਮੇ ਤਕ ਬੁਧੀ ਜੀਵਿਆਂ ਦੀ ਇਹ ਵਿਚਾਰ ਕਾਇਮ ਹੈ ਕਿ ਸਿਖੀ ਵਿੱਚ ਪਰਵੇਸ਼ ਕਰਨ ਲਈ ਖੰਡੇ ਦੀ ਪਾਹੁਲ ਬਨਾਉਣ ਦਾ ਵਿਧਾਨ ਕਾਇਮ ਰਖਿਆ ਜਾਵੇ ਪਰ ਪੜ੍ਹਨ ਵਾਲੀਆਂ ਬਾਣੀਆਂ ਗੁਰਬਾਣੀਂ ਤੋਂ ਲਈਆਂ ਜਾਣ। ਇਹ ਵਿਚਾਰ ਇਸ ਲਈ ਸਹੀ ਨਹੀਂ, ਕਿ ਸਾਡੇ ਬੁਧੀ ਜੀਵਿਆਂ ਨੇ ਨਹੀਂ ਪਛਾਣਿਆਂ ਕਿ ਖੰਡੇ ਦੀ ਪਾਹੁਲ ਦਾ ਮੂਲ ਦੇਵੀ ਪੂਜਨ ਹੈ। ਇਸ ਤਰ੍ਹਾਂ ਤਿਆਰ ਕੀਤੀ ਪਾਹੁਲ ਵਿੱਚ ਦੇਵਤਿਆਂ ਦੀ ਬਿਖ ਹਮੇਸ਼ਾ ਰਹੇਗੀ ਤੇ ਸਿਖੀ ਵਿੱਚ ਪਰਵੇਸ਼ ਸਮੇਂ ਹੀ ਸਿਖਾਂ ਦੀ ਚੇਤਨਾਂ ਵਿੱਚ ਦੇਵਤੇ ਘੁਸ ਜਾਣਗੇ, ਇਸ ਤਰ੍ਹਾਂ ਸਿਖ ਅਣਜਾਣੇਂ ਹੀ ਸਨਾਤਨੀਂ ਬਣਦੇ ਰਹਿਣਗੇ। ਇਹ ਸਿਖੀ ਵਿੱਚ ਪਰਵੇਸ਼ ਦਾ ਵਿਧਾਨ ਗੁਰਬਾਣੀ ਅਨੁਸਾਰ ਨਹੀਂ। ਸਿਖੀ ਵਿੱਚ ਪਰਵੇਸ਼ ਦੀ ਗੁਰਮਤਿ ਅਨੁਸਾਰ ਵਿਧੀ ਅਸੀਂ ਗੁਰਬਾਣੀਂ ਤੋਂ ਬਣਾ ਸਕਦੇ ਹਾਂ। ਇਸ ਦਾ ਖਰੜਾ ਦਾਸ ਨੇ ਅਗੇ ਦਿਤਾ ਹੈ।

ਖੰਡੇ ਦੀ ਪਾਹੁਲ ਦਾ ਮੂਲ ਦਸਮ ਗ੍ਰੰਥ ਤੋਂ ਇਲਾਵਾ, ਸਰਬ ਲੋਹ ਗ੍ਰੰਥ, ਰਹਿਤਾਮੇਂ ਤੇ ਜਨਮ ਸਾਖੀਆਂ ਵੀ ਹਣ ਇਸ ਲਈ ਇਹਨਾਂ ਸਭ ਦੀ ਜਾਣਕਾਰੀ ਹੋਣੀ ਲਾਜ਼ਮੀ ਹੈ। ਇਹਨਾਂ ਪੁਸਤਕਾਂ ਨੂੰ ਲਿਖਨ ਵਾਲੇ ਨਿਰਮਲੇ, ਉਦਾਸੀ ਤੇ ਹਿੰਦੂ ਸੰਸਥਾਵਾਂ ਦੇ ਇਸ਼ਾਰੇ ਤੇ ਲਿਖਣ ਵਾਲੇ ਲਿਖਾਰੀ ਸਨ। ਇਹ ਬੇਦ ਬਾਣੀ ਨੂੰ ਮੰਣਨ ਵਾਲੇ ਸਨ। ਇਹਨਾਂ ਨੇ ਕਿਹਾ ਗੁਰਬਾਣੀ ਦਾ ਮੂਲ ਬੇਦ ਬਾਣੀ ਹੈ, ਜਦਕਿ ਗੁਰਬਾਣੀ ਬੇਦ ਬਾਣੀ ਦਾ ਖੰਡਨ ਕਰਦੀ ਹੈ “ਚਾਰੇ ਵੇਦ ਬ੍ਰਹਮ ਕਉ ਦੀਏ ਪੜਿ ਪੜਿ ਕਰੇ ਵੀਚਾਰੀ॥ ਤਾ ਕਾ ਹੁਕਮੁ ਨ ਬੂਝੈ ਬਪੁੜਾ ਨਰਕਿ ਸੁਰਗਿ ਅਵਤਾਰੀ॥” ਪਨਾ ੪੨੩।

ਬ੍ਰਾਹਮਨ ਗੁਰੂ ਸ਼ੁਰੂ ਤੋਂ ਹੀ ਸਿਖ ਮਤ ਦਾ ਵਿਰੌਧੀ ਸੀ ਤੇ ਚਾਹੁੰਦਾ ਸੀ ਕਿ ਸਿਖ ਮਤ ਨੂੰ ਵੇਦ ਮਤ ਵਿੱਚ ਰਲਾ ਕੇ ਸਿਖੀ ਦਾ ਸੁਤੰਤਰ ਵਜੂਦ ਮਿਟਾ ਦਿਤਾ ਜਾਵੇ। ਹਿੰਦੂ ਸੰਸਥਾਵਾਂ ਅਜ ਵੀ ਸਿਖ ਧਰਮ ਨੂੰ ਹਿੰਦੂ ਧਰਮ ਦਾ ਵਰਗ ਬਣਾਉਣ ਦੀ ਕੋਸਿਸ਼ ਵਿੱਚ ਲਗੀਆਂ ਹਨ।

ਅਪਣੇ ਨੀਚ ਤੇ ਸ਼ਰਾਰਤੀ ਮਨਸੂਬਿਆਂ ਨੂੰ ਸਰੰਜਾਮ ਦੇਣ ਲਈ ਬ੍ਰਾਹਮਨ ਲਿਖਾਰੀਆਂ ਨੇ ਗੁਰੂ ਗੋਬਿੰਦ ਸਿੰਘ ਦਾ ਝੂਠਾ ਵਜੂਦ ਦੇਵੀ ਦੇਵਤਿਆਂ ਨੂੰ ਆਰਾਧਨ ਵਾਲਾ ਘੜਿਆ। ਐਸੇ ਗੁਰੂ ਗੋਬਿੰਦ ਸਿੰਘ ਨੇ ਦੇਵੀ ਨੂੰ ਮਨਾ ਕੇ ਤੇ ਉਸ ਤੋਂ ਅਭੈ ਦਾਨ ਲੈਕੇ ਖੰਡੇ ਦੀ ਪਾਹੁਲ ਬਣਾਈ। ਕੀ ਗੁਰਸਿਖ ਇਸ ਝੂਠੀ ਕਹਾਣੀਂ ਤੇ ਅਜੇ ਵੀ ਭਰੋਸਾ ਕਰਣਗੇ। ਐਸੇ ਬ੍ਰਾਹਮਨ ਦੇ ਮਨਘੜਤ ਪਾ: ੧੦ ਨੇ ਸਿਖਾਂ ਵਿੱਚ ਖਾਲਸਾ ਸਾਜਿਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਦਾ ਸਿਖਾਂ ਲਈ ਜੰਗੀ ਨਾਰ੍ਹਾ ਘੜਿਆ, ਸਿਖਾਂ ਨੂੰ ਕਾਲ ਉਪਾਸ਼ਕ ਬਨਾਇਆ, ਸਿਖਾਂ ਵਿੱਚ ਵਖਰਾ ਛਤਰੀ ਧਰਮ ਬਣਾਇਆ ਭਗਉਤੀ ਨੂੰ ਸਿਖਾਂ ਦੀ ਮਾਤਾ ਬਣਾਇਆ ਆਦਿ। ਇਸ ਸੰਦਰਵ ਵਿੱਚ ਦਾਸ ਨੇਂ ਸਰਬ ਲੋਹ ਗ੍ਰੰਥ ਵਿਚੋਂ ਹੇਠਾਂ ਉਧਾਰਨ ਦਿਤੇ ਹਨ।

ਸਰਬ ਲੋਹ ਗ੍ਰੰਥ ਸ੍ਰੀ ਮੁਖਵਾਕ ਪਾ: ੧੦ ਵਿਚੋਂ ਉਧਾਰਨ।

ਇਸ ਗ੍ਰੰਥ ਨੂੰ ਪਾ: ੧੦ ਕ੍ਰਿਤ ਮੰਨਿਆ ਜਾਂਦਾ ਹੈ। ਇਸ ਗ੍ਰੰਥ ਵਿੱਚ ਗੁਰੂ ਜੀ ਨੂੰ ਦੇਵੀ ਦੇਵਤਿਆਂ ਦਾ ਉਪਾਸ਼ਕ ਜਣਾਇਆ ਗਿਆ ਹੈ। ਇਸ ਵਡੇ ਆਕਾਰ ਦੇ ਗ੍ਰੰਥ ਵਿੱਚ ਦੇਵੀ ਦੇਵਤਿਆਂ ਦੀ ਉਸਤਤਿ, ਤੇ ਦੈਂਤਾਂ ਨਾਲ ਯੁਧਾਂ ਦਾ ਵਰਣਨ ਹੈ। ਇਸੀ ਗ੍ਰੰਥ ਵਿੱਚ ਖਾਲਸਾ ਸਾਜਨ ਦੀ ਕਹਾਨੀ ਬਣਾਈ ਗਈ ਹੈ। ਅਸੀਂ ਗ੍ਰੰਥ ਦੇ ਮੰਗਲਾਚਰਣ ਤੋਂ ਸ਼ੁਰੂ ਕਰਦੇ ਹਾਂ ਜਿਸ ਵਿੱਚ ਦਰਸਾਇਆ ਗਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇਵੀ ਦੇਵਤਿਆਂ ਦੀ ਆਰਾਧਨਾਂ ਕਰ ਰਹੇ ਹਨ।

ਸ੍ਰੀ ਵਾਹਿਗੁਰੂ ਜੀ ਕੀ ਫਤਹਿ॥

ਸ੍ਰੀ ਭਵਾਨੀ ਜੀ ਸਹਾਇ, ਸ੍ਰੀ ਮਾਯਾ ਲਛਮੀ ਜੀ ਸਹਾਇ॥

ਉਸਤਤਿ ਸ੍ਰੀ ਮਾਇਆ ਲਛਮੀ ਜੀ ਕੀ॥

ਸ੍ਰੀ ਮੁਖਿਵਾਕ ਪਾਤਿਸ਼ਾਹੀ ੧੦॥

(ਇਸ ਸਾਰੇ ਗ੍ਰੰਥ ਵਿੱਚ ਦੇਵੀ ਦੇਵਤਿਆਂ ਦੀ ਉਸਤਤਿ ਹੈ, ਸੋਚੋ ਕੀ ਇਹ ਬਾਣੀ ਪਾ: ੧੦ ਰਚਿਤ ਹੈ?)

ਦੋਹਿਰਾ॥ ਛਾਯਾ ਰੂਪੀ ਹੋਇ ਕੈ ਬਿਚਰਤ ਸ੍ਰੀ ਗੋਪਾਲ॥ ਆਪਹਿ ਲਛਮੀ ਬਪੁ ਧਰੇ, ਜਉ ਜੰਤੁ ਪ੍ਰਤਿਪਾਲ॥ ਸ੍ਰੀ ਮਾਇਆ ਮੁਖ ਕਰੋ ਉਚਾਰ॥ ਦਰਿਦਰ ਸਗਲ ਤੇ ਲੇਹੁ ਉਬਾਰਿ॥

(ਪਾ: ੧੦ ਦੇ ਮੁਖ ਤੋਂ ਅਖਵਾਇਆ ਗਿਆ ਹੈ ਮੈ ਸ੍ਰੀ ਮਾਯਾ ਦਾ ਨਾਮ ਮੁਖ ਤੋਂ ਉਚਾਰਦਾ ਹਾਂ, ਤੁਸੀਂ ਅਪਨੇ ਸੇਵਕਾਂ ਨੂੰ ਸਭ ਦੁਖਾਂ ਤੋਂ ਉਬਾਰਿ ਲੈਂਦੇ ਹੋ।)

ਦੋਹਿਰਾ॥ ਆਦਿ ਭਵਾਨੀ ਈਸੁਰੀ ਮਾਯਾ ਜਾ ਕੋ ਨਾਮ॥

ਇਨ ਬਿਨ ਸਰੈ ਨ ਏਕ ਛਿਨ ਪੂਰਨ ਹੋਤ ਨ ਕਾਮ॥

ਸੁਖਦਾਇਕ ਮੰਗਲਕਰਨ, ਪ੍ਰਤਿਪਾਲੇ ਬਹੁ ਭਾਂਤਿ॥

ਸੁਬੁਧਿ ਦੈਨ ਜੈ ਜੈ ਕਰਨਿ ਮਾਯਾ ਸ੍ਰੀ ਜਗਮਾਤਿ॥

(ਪਾ: ੧੦ ਦੇ ਮੁਖ ਤੋਂ ਅਖਵਾਇਆ ਹੈ, ਆਦਿ ਭਵਾਨੀ ਈਸਰੀ ਦਾ ਨਾਮ ਮਾਯਾ ਹੈ। ਇਸ ਤੋਂ ਬਿਨਾ ਮੈ ਇੱਕ ਛਿਨ ਨਹੀ ਰਹਿ ਸਕਦਾ ਤੇ ਕੋਈ ਕਮ ਪੂਰਾ ਨਹੀਂ ਹੁੰਦਾ। ਤੁਸੀਂ ਸੁਖ ਦਿੰਦੇ ਹੋ, ਹਰ ਤਰਾਂ ਪ੍ਰਤਿਪਾਲਨਾ ਕਰਦੇ ਹੋ ਤੁਹਾਡੀ ਜੈ ਜੈ ਕਾਰ ਹੋਵੇ, ਤੁਸੀਂ ਜਗਤ ਦੀ ਮਾਤਾ ਹੋ।)

ਛਮੋ ਨਾਥ ਹਮਰੀ ਢੀਠਾਈ॥ ਹਮ ਲਹੁਰੇ ਤੁਮ ਅਤਿ ਗੁਰੂਆਈ॥

ਜੰਹ ਬਿਧਿ ਰਖਯਾ ਦੇਵਨ ਕਰੇ॥ ਅਭਯ ਦਾਨ ਦੇ ਅਸੁਰਨ ਮਰੇ॥

ਤਿਮ ਮੁਰ ਰਖਯਾ ਕਰਹੁ ਗੁਸਾਈਂ। ਮੈਂ ਆਯੋ ਤੁਮਰੀ ਸਰਨਾਈ॥

ਦਾਸ ਗੁਬਿੰਦ ਫਤਹ ਨਰਹਰੀ॥ ਸਰਬ ਲੋਹ ਉਚਰਹੁ ਪਲ ਘਰੀ॥

(ਪਾ; ੧੦ ਦੇ ਮੁਖੋਂ ਸਰਬਲੋਹ ਦੇਵਤਾ ਨੂੰ ਕਿਹਾ ਜਾ ਰਿਹਾ ਹੈ ਮੈਂ ਛੋਟਾ ਹਾਂ ਤੁਸੀਂ ਵਡੇ ਉਚੇ ਹੋ ਜਿਸਤਰਾਂ ਤੁਸੀਂ ਦੇਵਤਿਆਂ ਦੀ ਰਖਿਆ ਕੀਤੀ ਉਹਨਾਂ ਨੂੰ ਅਭਯ ਦਾਨ ਦਿਤਾ, ਜਿਸ ਨਿਡਰਤਾ ਕਰ ਕੇ ਦੇਵਤਿਆਂ ਨੇ ਅਸੁਰ ਮਾਰ ਦਿਤੇ, ਇਸ ਤਰਾਂ ਤੁਸੀਂ ਮੇਰੀ ਰਖਿਆ ਵੀ ਕਰੋ, ਮੈਨੂੰ ਅਭਯ ਦਾਨ ਦਿਉ, ਮੈ ਤੁਹਾਡੀ ਸਰਨ ਆਇਆ ਹਾਂ। ਦਾਸ ਗੁਬਿੰਦ ਨਰਹਰੀ ਦੀ ਫਤਹ ਕਹਿੰਦਾ ਹੈ ਸਰਬ ਲੋਹ ਦਾ ਨਾਮ ਹਰ ਵੇਲੇ ਉਚਾਰੋ।)

ਕੀ ਗੁਰਸਿਖ ਇਸ ਰਚਨਾਂ ਨੂੰ ਸਚੇ ਗੁਰੂ ਗੋਬਿੰਦ ਸਿੰਘ ਦੀ ਲਿਖਤ ਮੰਨਣਗੇ?

ਇਸ ਰਚਨਾਂ ਅਨੁਸਾਰ ਤਤ ਖਾਲਸੇ ਦੀ ਸਾਜਨਾਂ ਕਿਵੇਂ ਹੋਈ?

ਜੇ ਜੇ ਅਸੁਰ ਪ੍ਰਭੁ ਸੰਤਨ ਦ੍ਰੋਹੀ, ਹਰਿ ਮਾਰਗ ਮਹਿ ਬਿਘਨ ਕਰੰਤੇ॥

ਤੇ ਤੇ ਦੁਸਟ ਪਛਾਰੇ ਸਤਿਗੁਰ, ਮਨਾਇ ਭਗਵਤੀ ਅਰੁ ਭਗਵੰਤੇ॥

ਭੂਸਰ ਗੋ ਦ੍ਰੋਹੀ ਜੇ ਦੁਸਟਨ ਧਰਮ ਜੁਧ ਕਰ ਅਸੁਰ ਦਲ਼ੰਤੇ॥

ਸੋਧ ਸੁਧਾਰ ਬਰਣ ਆਸਰਮ ਕਓ, ਮਥ ਕਰਿ ਤਤ ਖਾਲਸੇ ਮੰਤੇ॥

(ਜੋ ਜੋ ਅਸੁਰ ਭਾਵ ਮੁਸਲਮਾਨ ਸੰਤਾਂ ਦੇ ਦ੍ਰੋਹੀ ਸਨ, ਜੋ ਭਗਤੀ ਵਿੱਚ ਵਿਘਨ ਪਾਉਂਦੇ ਸਨ ਸਤਿਗੁਰ ਨੇ ਭਗਵਤੀ ਨੂੰ ਮਨਾ ਕੇ ਜਾਨੀ ਆਰਾਧਨਾਂ ਕਰਕੇ ਤੇ ਦੇਵੀ ਤੋਂ ਬਲ ਪ੍ਰਾਪਤ ਕੀਤਾ ਤੇ ਦੁਸਟ ਮੁਗਲਾਂ ਨੂੰ ਹਰਾ ਦਿਤਾ। ਸਤਿਗੁਰ ਨੇ ਗਊਆਂ ਦੇ ਦ੍ਰੋਹੀ ਅਸੁਰਾਂ ਨੂੰ ਧਰਮ ਯੁਧ ਕਰ ਕੇ ਦਲ ਦਿਤਾ। ਇਸਤਰਾਂ ਹਿੰਦੂਆਂ ਦੇ ਬਰਣ ਆਸਰਮ ਨੂੰ ਸੋਧ ਕੇ ਸਿਖਾਂ ਵਿੱਚ ਤਤ ਖਾਲਸਾ ਸਾਜਿਆ। ਤਤ ਖਾਲਸਾ ਹਿੰਦੂਆਂ ਦਾ ਖਤਰੀ ਵਰਗ ਹੈ)

ਪੰਥ ਖਾਲਸਾ ਭਯੋ ਪੁਨੀਤਾ, ਪ੍ਰਭ ਆਗਯਾ ਕਰਿ ਉਦਿਤ ਭਏ॥

ਮਿਟਯੋ ਦਵੈਤ ਸੰਜੁਗਤਿ ਉਪਾਧਿਨਿ ਅਸੁਰ ਮਲੇਛਨ ਮੂਲ ਗਏ॥

ਧਰਮ ਪੰਥ ਖਾਲਸ ਪ੍ਰਚੁਰ ਭਯੋ, ਸਤਿ ਸਿਵੰ ਪੁਨਯ ਰੂਪ ਜਏ॥

ਕਛ ਕੇਸ ਕ੍ਰਿਪਾਨਨ ਮੁਦ੍ਰਿਤ ਗੁਰ ਭਗਤਾ ਰਾਮਦਾਸ ਭਏ॥

ਕਾਲ ਉਪਾਸਕ ਛਤ੍ਰਿਯ ਧਰਮਾ, ਰਣ ਕਟਿ ਕਰਿ ਪ੍ਰਦਾਨ ਅਏ॥

ਤਾ ਮਹਿ ਪੰਚ ਚਾਲਿਸ ਪ੍ਰਵਾਨਾਂ ਪੰਚ ਪ੍ਰਧਾਨ ਖਾਲਸਹਿ ਠਏ॥

ਸ੍ਰੀ ਅਜੀਤ ਸਿੰਘ ਜੁਝਾਰ ਸਿੰਘ ਫਤਹ ਸਿੰਘ ਜੋਰਾਵਰ ਸਿੰਘ ਪ੍ਰਿਏ॥

ਪੰਚਮ ਖਾਲਸਹ ਸਤਿਗੁਰ ਪੂਰਾ ਜਿਨ ਏ ਪੰਥ ਸੁਪੰਕ ਪ੍ਰਟਗਏ॥

ਚਾਲਿਸ ਲਰ ਏ ਬੀਜ ਖਾਲ਼ਸਹ, ਮੁਕਤੇ ਪਾਵਨ ਸਿੰਘ ਬਲੀ॥

ਮਾਤ ਭਗਵਤੀ ਪਿਤਾ ਕਾਲ ਪੁਰਖ, ਗੋਦ ਲਿਯੋ ਦੈ ਖਾਲ਼ ਪਲੀ॥

(ਸਿਖ ਕਛ ਕੇਸ ਕ੍ਰਿਪਾਨ ਨਾਲ ਸਜੇ ਹਨ, (ਰਹਿਤ ਨਾਮਾ ਭਾਈ ਦਯਾ ਸਿੰਘ ਅਨੁਸਾਰ ਖੰਡੇ ਦੀ ਪਹੁਲ ਤਿਆਰ ਕਰਨ ਸਮੇ; ਹਾਜ਼ਰ ਦੇਵੀ ਦੇਵਤਿਆਂ ਨੇ ਸਿਖਾਂ ਨੂੰ ਕਕਾਰ ਦਿਤੇ ਸਨ), ਖਾਲਸਾ ਕਾਲ/ਮਹਾਕਾਲ ਉਪਸ਼ਕ ਹੈ, ਖਾਲਸੇ ਦਾ ਛਤ੍ਰਿਯ ਧਰਮ ਹੈ ਖਾਲਸੇ ਦੀ ਮਾਤਾ ਭਗਵਤੀ ਹੈ ਪਿਤਾ ਕਾਲ ਪੁਰਖ ਹੈ। ਕੀ ਗੁਰਸਿਖ ਇਹਨਾਂ ਖਾਲਸੇ ਦੇ ਲਛਣਾਂ ਨੂੰ ਸਹੀ ਸਮਝਦੇ ਹਨ?

ਜੋ ਗੁਰਸਿਖ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਨ ਉਹਨਾਂ ਲਈ ਜ਼ਰੂਰੀ ਹੈ ਸਾਰੇ ਅਖੌਤੀ ਸਿਖ ਇਤਿਹਾਸ ਦੀ ਅਸਲੀਅਤ ਨੂੰ ਸਮਝਣ। ਇਸ ਸਮੇ ਗੁਰਸਿਖ ਬੇਦ ਬਾਣੀ ਦੇਵੀ ਦੇਵਤਿਆਂ ਤੇ, ਹਿੰਦੂ ਸੰਸਕ੍ਰਿਤੀ ਦੀ ਦਲਦਲ ਵਿੱਚ ਧਸੇ ਹਨ। ਸਿਖੀ ਦਾ ਪੁਨਰਨਿਰਮਾਣ ਕੇਵਲ ਗੁਰੂ ਗ੍ਰੰਥ ਸਾਹਿਬ ਉਤੇ ਪੂਰਨ ਵਿਸ਼ਵਾਸ ਲਿਆ ਕੀ ਹੀ ਹੋ ਸਕਦਾ ਹੈ। ਅਸੀਂ ਗੁਰਸਿਖ ਹੀ ਰਹੀਏ ਤਾਂ ਅਸੀਂ ਸਿਖ ਮਤ ਵਿੱਚ ਜੀਉਂ ਸਕਦੇ ਹਾਂ। ਸਿਖਾਂ ਵਿੱਚ ਖਾਲਸਾ ਕੂੜੇ ਅਖੌਤੀ ਸਿਖ ਇਤਹਾਸ ਦੀ ਦੇਨ ਹੈ। ਸਾਡੇ ਸਚੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਨਹੀਂ ਸਾਜਿਆ

ਏਹਨਾਂ ਸਿਖ ਮਤ ਵਿਰੋਧੀ ਇਤਿਹਾਸਕ ਪੁਸਤਕਾਂ ਤੋਂ ਖੰਡੇ ਦੀ ਪਹੁਲ ਦਾ ਬ੍ਰਿਤਾਂਤ ਅਸੀਂ ਮੁੜ ਲਿਖਦੇ ਹਾਂ।

ਗੁਰੂ ਗੋਬਿੰਦ ਸਿੰਘ ਨੇ ਨੈਣਾ ਦੇਵੀ ਦੇ ਮੰਦਰ ਵਿੱਚ ਦੇਵੀ ਪੂਜਾ ਕਰਕੇ, ਦੇਵੀ ਤੋਂ ਅਭਯ ਦਾਨ ਲਿਆ ਤੇ ਸ਼ਕਤੀ ਪ੍ਰਾਪਤ ਕੀਤੀ। ਇਸ ਤੋਂ ਬਾਦ ਹੁਕਮ ਨਾਮੇ ਭੇਜ ਕੇ ਸਿਖਾਂ ਨੂੰ ਭਾਰਤ ਦੇ ਕੋਣੇ ਕੋਣੇ ਤੋਂ ਵਿਸਾਖੀ ੧੬੯੯ ਵਾਲੇ ਦਿਨ ਪੁਜਨ ਦਾ ਆਦੇਸ਼ ਦਿਤਾ। ਉਚੀ ਥਾਂ ਤੇ ਸ਼ਾਹਾਨਾਂ ਤੰਬੂ ਸਜਾਇਆ ਗਿਆ, ਨਾਲ ਹੀ ਬੜੀ ਸੁੰਦਰ ਸਟੇਜ ਸਜ ਰਹੀ ਸੀ। ੮੦, ੦੦੦ ਤੋਂ ਵਧ ਸਿਖ ਗੁਰੂ ਜੀ ਦੇ ਦਰਸ਼ਨ ਲਈ ਬੇਤਾਬ ਸਨ। ਅਚਾਨਕ ਨੰਗੀ ਤਲਵਾਰ ਲੈ ਕੇ ਗੁਰੂ ਜੀ ਸਟੇਜ ਤੇ ਆਏ ਤੇ ਇੱਕ ਸਿਰ ਦੀ ਮੰਗ ਕੀਤੀ। ਇੱਕ ਸਿਖ ਨੇ ਗੁਰੂ ਜੀ ਵਿੱਚ ਸ਼ਰਧਾ ਤੇ ਹੁਕਮ ਮੰਨਣ ਦਾ ਸਬੂਤ ਦਿਤਾ। ਗੁਰੂ ਜੀ ਉਸ ਨੂੰ ਤੰਬੂ ਵਿੱਚ ਲੈ ਗਏ, ਤੇ ਮੁੜ ਲਹੂ ਨਾਲ ਲਿਬੜੀ ਤਲਵਾਰ ਲਿਸ਼ਕਾਉਂਦੇ ਹੋਏ ਆ ਕੇ ਵਾਰੀ ਵਾਰੀ ਪੰਜ ਸਿਰਾਂ ਦੀ ਮੰਗ ਕੀਤੀ। ਇਹ ਨਹੀਂ ਕਿਹਾ ਜਾ ਸਕਦਾ ਕਿ ਗੁਰੂ ਜੀ ਨੇ ਸਿਖਾਂ ਦੇ ਸਿਰ ਕਟ ਕੇ ਉਹਨਾਂ ਨੂੰ ਦੁਰਗਾ ਦੀ ਸ਼ਕਤੀ ਨਾਲ ਜਾਂ ਅਪਨੀਂ ਸ਼ਕਤੀ ਨਾਲ ਮੁੜ ਜਿਵਾਇਆ ਜਾਂ ਉਹਨਾਂ ਨੇ ਪੰਜ ਬਕਰੇ ਝਟਕਾਏ। (ਬਲੀਆਂ ਦੇਨਾਂ ਸਨਾਤਨ ਧਰਮ ਦਾ ਅੰਗ ਹੈ, ਇਸ ਸਮੇਂ ਵਿੱਚ ਵੀ ਦੇਵੀ ਦੇ ਮੰਦਰਾਂ ਤੇ ਜਾਨਵਰਾਂ ਜਾਂ ਮਨੁਖ ਦੀਆਂ ਬਲੀਆਂ ਦਿਤੀਆਂ ਜਾਂਦੀਆਂ ਹਨ।) ਪੁਸਤਕਾਂ ਤੋਂ ਉਪਜੇ ਗੁਰੂ ਗੋਬਿੰਦ ਸਿੰਘ ਬਲੀਆਂ ਦੇਨਾ, ਧਰਮ ਦਾ ਅੰਗ ਮੰਨਦੇ ਸਨ। ਜ਼ਾਹਰ ਹੈ ਬ੍ਰਾਹਮਨ ਚਾਹੁੰਦਾ ਸੀ ਕਿ ਗੁਰਸਿਖ ਵੀ ਹਿੰਦੂਆਂ ਵਰਗੇ ਕਰਮ ਕਰਨ ਤੇ ਸਨਾਤਨ ਸੰਸਕ੍ਰਿਤੀ ਵਿੱਚ ਸ਼ਾਮਲ ਹੋ ਜਾਨ।

ਅਸੀਂ ਹੁਣ ਪੂਰਨ ਵਿਸ਼ਵਾਸ਼ ਨਾਲ ਕਹ ਸਕਦੇ ਹਾਂ ਕਿ ਸਾਡੇ ਸਚੇ ਗੁਰੂ ਗੋਬਿੰਦ ਸਿੰਘ ਨੇ ਪਹਿਲੀਆਂ ਨੋਂ ਪਾਤਸ਼ਾਹੀਆਂ ਤੇ ਗੁਰੂ ਗ੍ਰੁੰਥ ਸਾਹਿਬ ਦੇ ਹੁਕਮਾਂ ਵਿਰੁਧ ਕੋਈ ਨਵੀਂ ਰਹਿਤ ਮਰਯਾਦਾ ਨਹੀਂ ਬਣਾਈ।

ਖੰਡੇ ਦੀ ਪਹੁਲ, ਕਕਾਰ, ਪੰਜ ਪਿਆਰੇ, ਇਹਨਾਂ ਨੂੰ ਗੁਰੂ ਰੂਪ ਜਾਨ ਕੇ ਪੂਜਨਾਂ ਇਹਨਾਂ ਨੂੰ ਮਥੇ ਟੇਕਨਾਂ ਤੇ ਇਹਨਾਂ ਨੂੰ ਬਸਤਰ ਅਸਤਰ ਦੇ ਕੇ ਨਿਵਾਜਨਾਂ ਇਸ ਝੂਠੇ ਬ੍ਰਾਹਮਨੀ ਇਤਿਹਾਸ ਦੀ ਦੇਨ ਹੈ। ਇਹ ਸਭ ਗੁਰਮਤਿ ਵਿਰੁਧ ਕਮ ਅਜ ਸਿਖ ਕਰ ਰਹੇ ਹਨ। ਕੀ ਇਸ ਕੂੜੇ ਇਤਿਹਾਸ ਦੀ ਅਸਲ਼ੀਅਤ ਨੂੰ ਗੁਰਸਿਖ ਸਮਝਣਗੇ?

ਇਹ ਸਾਰਾ ਕੂੜਾ ਇਤਿਹਾਸ ਗੁਰਸਿਖਾਂ ਨੇਂ ਦਸਮ ਗ੍ਰੰਥ, ਸਰਬ ਲੋਹ ਗ੍ਰੰਥ, ਰਹਿਤ ਨਾਮਿਆਂ ਤੇ ਪੁਰਾਤਨ ਜਨਮ ਸਾਖੀਆਂ ਤੋਂ ਇਸ ਗ਼ਲਤ ਵਿਸ਼ਵਾਸ ਵਿੱਚ ਲਿਆ ਕਿ ਇਹ ਸਾਰੀਆਂ ਪੁਸਤਕਾਂ ਗੁਰੂ ਗੋਬਿੰਦ ਸਿੰਘ ਜੀ ਰਚਿਤ ਹਨ ਜਾਂ ਗੁਰਸਿਖਾਂ ਨੇਂ ਲਿਖੀਆਂ ਹਨ। ਸਾਡੇ ਬਜ਼ੁਰਗ ਬੁਧੀ ਜੀਵਿਆਂ ਤੇ ਪੰਥਕ ਸੰਸਥਾਂਵਾਂ ਨੇ ਵੀ ਸਾਡੀ ਰਹਿਤ ਮਰਯਾਦਾ ਇਸੇ ਗ਼ਲਤ ਵਿਸ਼ਵਾਸ ਵਿੱਚ ਬਨਾਈ ਸੀ। ਇਸ ਵਡੀ ਗ਼ਲਤੀ ਦਾ ਸੁਧਾਰ ਕਰਨਾ ਸਾਡਾ ਫਰਜ਼ ਹੈ। ਜੇ ਅਸੀਂ ਸੁਧਾਰ ਨਾਂ ਕਰਾਂਗੇ ਤਾਂ ਸਿਖ ਪੰਥ ਬੇਦ ਮਤ ਦੀ ਦਲਦਲ ਵਿੱਚ ਹੋਰ ਧਸ ਜਾਵੇਗਾ, ਤੇ ਕੁੱਝ ਬੁਧੀ ਜੀਵਿਆਂ ਦੀ ਪੇਸ਼ੀਨ ਗੋਈ ਕਿ ੧੦ ਸਾਲ ਬਾਦ ਕੋਈ ਸਿਖ ਨਹੀਂ ਰਹੇਗਾ ਸਚ ਹੋ ਜਾਵੇਗੀ।

ਖੰਡੇ ਦੀ ਪਾਹੁਲ ਦੇ ਨਾਲ ਹੀ ਬ੍ਰਾਹਮਨ ਦੇ ਮਨ ਘੜਤ ਗੁਰੂ ਗੋਬਿੰਦ ਸਿੰਘ ਦੇ ਹੁਕਮ ਜੁੜੇ ਹਨ ਜਿਸਤਰਾਂ ਕਛ, ਕੰਘਾ, ਕੜਾ ਤੇ ਕਿਰਪਾਨ ਤੇ ਹੋਰ ਰਹਿਤਾਂ। ਇਹਨਾਂ ਪੁਸਤਕਾਂ ਅਨੁਸਾਰ, ਨਾਮ ਬਦਲ ਕੇ ਸਿੰਘ ਵੀ ਉਦੋਂ ਹੀ ਰਖੇ ਗਏ।

ਇਹਨਾਂ ਪੁਸਤਕਾਂ ਅਨੁਸਾਰ ਖੰਡੇ ਦੀ ਪਾਹੁਲ ਪੰਜ ਭੁਜੰਗੀਆਂ ਜਾਂ ਪੰਜਾਂ ਪਿਆਰਿਆਂ ਨੂੰ ਛਕਾ ਕੇ, ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਂ ਪਿਆਰਿਆਂ ਤੋਂ ਪਹੁਲ ਲਈ ਤੇ ਨਾਮ ਗੋਬਿੰਦ ਸਿੰਘ ਰਖਾਇਆ।

ਇਹ ਅਖੌਤੀ ਪੁਰਾਤਨ ਸਿਖ ਇਤਹਿਾਸ ਗੁਰੂ ਗੋਬਿੰਦ ਸਿੰਘ ਜੀ ਦੇ ੧੭੦੮ ਵਿੱਚ ਜੋਤੀ ਜੋਤਿ ਸਮਾਉਣ ਤੋਂ ਬਾਦ ਰਚਿਆ ਗਿਆ। ਪਿਆਰਾ ਸਿੰਘ ਪਦਮ ਦੀ ਪੁਸਤਕ ਰਤਿਨਾਮੇ ਵਿੱਚ ਇਹ ਸਾਰੀ ਜਾਣਕਾਰੀ ਦੇਖੀ ਜਾ ਸਕਦੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਗੁਰਬਾਣੀ ਵਿੱਚ ਦਿਤੀ ਰਹਿਤ ਮਰਯਾਦਾ ਤੋਂ ਅਡ ਕੋਈ ਰਹਿਤ ਮਰਯਾਦਾ ਨਹੀਂ ਬਣਾਈ। ਇਹਨਾਂ ਗ੍ਰੰਥਾ ਪੁਸਤਕਾਂ ਤੋਂ ਬਣੀਂ ਰਹਿਤ ਮਰਯਾਦਾ ਤੇ ਅਮਲ ਕਰ ਕੇ ਗੁਰਸਿਖ ਪਿਛਲੇ ੧੦੦ ਸਾਲ ਤੋਂ ਦੇਵੀ ਦੇਵਤਿਆਂ ਦੀ ਆਰਾਧਨਾਂ ਕਰ ਰਹੇ ਹਨ। ਇਸ ਸਮੇਂ ਗੁਰਬਾਣੀਂ ਉਪਦੇਸ਼ ਹੁੰਦਿਆਂ ਵੀ ਸਿਖਾਂ ਦੇ ਮਨ ਚਿਤ ਵਿੱਚ ਦੇਵੀ ਦੇਵਤੇ ਤੇ ਵੈਦਕ ਸੰਸਕ੍ਰਤੀ ਕਮ ਕਰ ਰਹੀ ਹੈ। ਸਿਖ ਇਸ ਸਮੇਂ ਗੁਰੂ ਗ੍ਰੰਥ ਸਾਹਿਬ ਦੇ ਹੁਕਮਾਂ ਵਿਰੁਧ, ਦੋ ਬੇੜੀਆਂ ਵਿੱਚ ਪੈਰ ਰਖੀ ਬੈਠੇ ਹਨ ਤੇ ਸੰਸਾਰ ਸਾਗਰ ਤੋਂ ਪਾਰ ਹੋਨ ਦਾ ਕੋਈ ਰਾਹ ਨਹੀਂ ਬਚਿਆ। ਕੋਈ ਇਹਨਾਂ ਕੂੜੀਆਂ ਪੁਸਤਕਾਂ ਦੀ ਸਚਾਈ ਨੂੰ ਸਮਝਣ ਲਈ ਤਿਆਰ ਨਹੀਂ। ਸਿਖਾਂ ਦੀ brain washing ਦਾ ਇਲਾਜ ਕੇਵਲ ਗੁਰਬਾਣੀ ਨੂੰ ਗੁਰੂ ਮੰਨ ਕੇ ਤੇ ਗੁਰਬਾਣੀ ਤੋਂ ਸੇਧ ਲੈ ਕੇ ਹੀ ਕੀਤਾ ਜਾ ਸਕਦਾ ਹੈ।

ਇਹਨਾਂ ਗ੍ਰੰਥਾਂ ਤੇ ਪੁਸਤਕਾਂ ਰਾਹੀਂ ਬ੍ਰਾਹਮਣ ਲਿਖਾਰੀ ਨੇ ਸਿਖ ਧਾਰਮਕ ਵਿਸ਼ਵਾਸ਼ਾਂ ਤੇ ਸੰਸਕ੍ਰਿਤੀ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ। ਬਚਿਤ੍ਰ ਨਾਟਕ ਹਿੰਦੂ ਧਰਮ ਗ੍ਰੰਥ ਹੈ ਇਸ ਵਿੱਚ ਸੰਸਾਰ ਰਚਨਾਂ ਹੋਨ ਦੇ ਸਮੇਂ ਤੋਂ ਦੇਵੀ ਦੇਵਤਿਆਂ, ਤੇ ਦੇਵਤਿਆਂ ਦੇ ਅਵਤਾਰਾਂ ਦੀਆਂ, ਰਿਸ਼ੀਆਂ ਦੀਆਂ ਲਿਖੀਆਂ ਮਨੋਕਲਪਿਤ ਕਹਾਣੀਆਂ ਹਨ। ਦਸਮ ਗ੍ਰੰਥ ਸਰਬ ਲੋਹ ਗ੍ਰੰਥ, ਰਹਿਤਨਾਮਿਆਂ ਤੇ ਪੁਰਾਤਨ ਜਨਮ ਸਾਖੀਆਂ ਨੇ ਬਚਿਤਰ ਨਾਟਕ ਜਿਹੀਆਂ ਮਿਥਿਹਾਸਕ ਨਾਟਕੀ ਕਹਾਨੀਆਂ ਵਿੱਚ ਇਤਿਹਾਸਕ ਸਿਖ ਗੁਰੂਆਂ ਦੀ ਸ਼ਖਸੀਅਤ ਨੂੰ ਜੋੜ ਦਿਤਾ, ਜਿਸਤਰ੍ਹਾਂ ਪਾ: ੧੦ ਨੇ ਪਿਛਲੇ ਜਨਮਾਂ ਵਿੱਚ ਮਹਾਂਕਾਲ ਦੀ ਆਰਾਧਨਾਂ ਕੀਤੀ, ਗੁਰੂ ਨਾਨਕ ਸਾਹਿਬ ਮਹਾਂਭਾਰਤ ਦੇ ਨਾਟਕੀ ਪਾਤਰਾਂ ਲਊ ਤੇ ਕੁਸ਼ ਦੀ ਔਲਾਦ ਵਿਚੋਂ, ਬੇਦੀ ਕੁਲ਼ ਵਿਚੋਂ ਸਨ, ਆਦਿ। ਵਖ ਵਖ ਰਹਿਤਨਾਮਿਆਂ ਨੂੰ ਸਚ ਮੰਨਣ ਕਰਕੇ, ਸਿਖਾਂ ਵਿੱਚ ਉਚੇ ਬੁੰਗੇ ਵਾਲੇ ਭੰਗ ਆਦਿ, ਦਾ ਨਸ਼ਾ ਕਰਨ ਵਾਲੇ ਨਿਹੰਗ ਬਣੇ, ਪਵਿਤ੍ਰਤਾ ਰਖਣ ਵਾਲੇ ਸਰਬ ਲੋਹੀਏ ਬਣੇ, ਨੀਲੀ ਪਗ ਵਾਲੇ ਅਕਾਲੀ ਬਣੇ। ਹਰ ਇੱਕ ਫਿਰਕਾ ਕਹਿੰਦਾ ਹੈ ਅਸੀਂ ਸਭ ਤੋਂ ਵਧੀਆ ਸਿਖ ਹਾਂ। ਜਿਸ ਰਹਿਤ ਨਾਮੇਂ ਨੂੰ ਕਿਸੇ ਨੇ ਸਹੀ ਮਨ ਲਿਆ ਉਹ ਰਹਿਤ ਨਾਮੇਂ ਦਾ ਸਿਖ ਹੋ ਗਿਆ। ਸਾਡੇ ਸਚੇ ਗੁਰੂ ਗੋਬਿੰਦ ਸਿੰਘ ਨੇ ਲਿਖਨ ਵਾਲਿਆਂ ਨੂੰ ਵਖ ਵਖ ਰਹਿਤਾਂ ਨਹੀਂ ਦਸੀਆਂ।

ਇਹਨਾਂ ਸਭ ਦਾ ਸ੍ਰੋਤ ਝੂਠਾ ਪੁਰਾਤਨ ਇਤਿਹਾਸ ਹੈ, ਇਹ ਫਿਰਕੇ ਗੁਰਬਾਣੀ ਉਪਦੇਸ਼ ਵਿਰੁਧ ਕਈ ਕਰਮ ਕਰਦੇ ਹਨ। ਗੁਰਸਿਖ ਇਸ ਵਿਸ਼ਾਲ ਇਤਿਹਾਸ ਵਿਚੋਂ ਇੱਕ ਵੀ ਘਟਨਾਂ ਨੂੰ ਸਚਾ ਸਿਖ ਇਤਿਹਾਸ ਨਹੀਂ ਮਨ ਸਕਦੇ ਭਾਵੇਂ ਕੁੱਝ ਘਟਨਾਵਾਂ ਸਚਾ ਇਤਿਹਾਸ ਹੋ ਸਕਦੀਆਂ ਹਨ। ਸਿਖ ਇਤਿਹਾਸ ਲਿਖਨ ਵਾਲੇ ਮੁਸਲਮਾਨ ਜਾਂ ਬ੍ਰਾਹਮਣੀ ਵਿਸ਼ਵਾਸ਼ਾਂ ਵਾਲੇ ਸਨ। ਜੰਹਾਂਗੀਰ ਨੇ ਕਿਹਾ ਗੁਰੂ ਅਰਜਨ ਸਾਹਿਬ ਨੇ ਝੂਠ ਦੀ ਦੁਕਾਨ ਖੋਲੀ ਹੈ ਤੇ ਗੁਰੂ ਸਾਹਿਬ ਨੂੰ ਚੰਦੂ ਨੂੰ ਜ਼ਿਰੀਆ ਬਣਾ ਕੇ ਸ਼ਹੀਦ ਕਰਵਾਇਆ। ਮੁਗਲ ਬਾਦਸ਼ਾਹ ਕਹਿੰਦੇ ਸਨ ਇਸਲਾਮ ਹੀ ਇੱਕ ਸਚਾ ਧਰਮ ਹੈ ਸਿਖ ਤੇ ਹਿੰਦੂ ਇਸਲਾਮ ਧਰਮ ਵਿੱਚ ਧਕੇ ਜਾਂ ਰਿਸ਼ਵਤ ਦੇ ਕੇ ਸ਼ਾਮਲ ਕੀਤੇ ਗਏ।

ਸੰਸਾਰ ਦੇ ਧਰਮਾਂ ਦੇ ਇਤਹਾਸ ਵਿੱਚ ਕੂੜਾ ਇਤਿਹਾਸ ਰਚ ਕੇ, ਧਰਮਾਂ ਦੇ ਵਿਸ਼ਵਾਸ ਬਦਲਦੇ ਰਹੇ, ਧਰਮਾਂ ਦੀ ਸ਼ੰਸਕ੍ਰਿਤੀ ਬਦਲਦੀ ਰਹੀ ਤੇ ਧਰਮ ਪਰਿਵਰਤਨ ਜ਼ੁਲਮ ਤਸ਼ਦਦ ਨਾਲ ਵੀ ਹੁੰਦੇ ਰਹੇ। ਮਿਸਾਲ ਲਈ ਅਸ਼ੋਕ ਦੇ ਕਾਲ ਵਿੱਚ ਬੁਧ ਧਰਮ ਦਾ ਪਰਸਾਰ ਸਾਰੇ ਭਾਰਤ ਵਿੱਚ ਹੋ ਗਿਆ ਸੀ। ਅਸ਼ੋਕ ਤੋਂ ਬਾਅਦ ਬੇਦ ਮਤ ਨੂੰ ਮਨਣ ਵਾਲੇ ਸ਼ੰਕਰਾਚਾਰੀਆ ਨੇਂ ਬੋਧੀਆਂ ਨੂੰ ਜੰਗਾਂ ਕਰ ਕੇ ਮਾਰ ਦਿਤਾ ਜੋ ਬਚੇ ਸਨ ਉਹਨਾਂ ਨੇਂ ਅਪਨਾਂ ਧਰਮ ਬਦਲਿਆ ਜਾਂ ਭਾਰਤ ਵਿਚੋਂ ਨਸ ਗਏ। ਇਸੀ ਸਮੇਂ ਵਿੱਚ ਬੁਧ ਧਰਮ ਦੀਆਂ ਧਰਮ ਪੁਸਤਕਾਂ ਨੂੰ ਨਸ਼ਟ ਕੀਤਾ ਗਿਆ ਤੇ ਬੋਧਿਕ ਸੰਸਕ੍ਰਿਤੀ ਬਦਲੀ ਗਈ। ਹਿੰਦੂ ਸੰਸਥਾਵਾਂ ਇਹੀ ਕਮ ਸਿਖ ਮਤ ਵਿਰੁਧ ਕਰਦੀਆਂ ਆ ਰਹੀਆਂ ਹਨ ਤੇ ਹੁਣ ਵੀ ਕਰ ਰਹੀਆਂ ਹਨ।

ਬ੍ਰਾਹਮਣੀ ਸੰਸਥਾਵਾਂ ਸਿਖਾਂ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਰਲਾ ਨਹੀਂ ਪਾ ਸਕੀਆਂ ਪਰ ਉਹਨਾਂ ਨੇ ਗੁਰਬਾਣੀ ਦੇ ਅਰਥ ਬੇਦ ਬਾਣੀ ਅਨੁਕੂਲ ਕਰ ਦਿਤੇ। ਬ੍ਰਾਹਮਣੀਂ ਸੰਸਥਾਵਾਂ ਨੇ ਪੁਰਾਤਨ ਸਿਖ ਇਤਿਹਾਸ ਬੇਦ ਬਾਣੀ ਅਨੁਕੂਲ ਰਚਕੇ ਸਿਖਾਂ ਦੀ ਸੰਸਕ੍ਰਿਤੀ ਤੇ ਧਰਮ ਦੇ ਵਿਸ਼ਵਾਸ ਵੀ ਬਦਲਨ ਦਾ ਯਤਨ ਕੀਤਾ ਤੇ ਇਹ ਕੂੜਾ ਇਤਿਹਾਸ ਸਿਖਾਂ ਦੇ ਹਵਾਲੇ ਕੀਤਾ। ਹੁਣ ਸਮਾਂ ਆ ਗਿਆ ਹੈ ਕਿ ਗੁਰਸਿਖ ਬ੍ਰਾਹਮਣ ਦੇ ਰਚੇ ਪਰਪੰਚ ਤੇ ਉਸਦੇ ਰਚੇ ਇਤਿਹਾਸ ਨੂੰ ਉਸਦੇ ਸਪੁਰਦ ਕਰ ਦੇਣ।

ਗੁਰਬਾਣੀ ਸਚੀ ਹੈ ਤੇ ਇਸ ਵਿਚ, ਸਿਖ ਧਾਰਮਕ ਵਿਸ਼ਵਾਸ ਹਨ, ਤੇ ਕੁੱਝ ਹਦ ਤਕ ਸਿਖ ਇਤਿਹਾਸ ਵੀ ਹੈ। ਸਿਖ ਪੰਥ ਦਾ ਪੁਨਰਨਿਰਮਾਣ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਹੁਕਮ ਮੰਨ ਕੇ ਹੋ ਸਕਦਾ ਹੈ।

ਅਜ ਦਾ ਅਕਾਲ ਤਖਤ ਤੇ ਸ਼ਿਰੋਮਣੀ ਸਿਖ ਗੁਰਦਅੁਾਰਾ ਕਮੇਟੀ ਬਾਦਲ ਸਰਕਾਰ ਤੇ ਆਰ ਐਸ ਐਸ ਦੇ ਹੁਕਮ ਵਿੱਚ ਕਾਰ ਕਰਦੇ ਹਨ, ਇਹ ਇਹਨਾਂ ਦੀ ਮਜਬੂਰੀ ਹੈ। ਇਹ ਸਿਖਾਂ ਦੇ ਨੁਮਾਇੰਦੇ ਨਹੀਂ ਰਹੇ। ਇਸ ਸਚਾਈ ਨੂੰ ਬੁਧੀ ਜੀਵੇ ਜਾਣਦੇ ਹਨ ਤਾਂ ਭੀ ਕਹਿੰਦੇ ਹਨ ਅਸੀਂ ਅਕਾਲ ਤਖਤ ਨੂੰ ਮੰਨਦੇ ਰਹਾਂਗੇ।

ਸਿਖ ਪੰਥ ਦੀ ਅਗਵਾਈ ਇਸ ਸਮੇਂ ਦਿਲੀ ਸਿਖ ਗੁਰਦੁਆਰਾ ਕਮੇਟੀ ਜਾਂ ਹੋਰ ਕੋਈ ਨਵੀਂ ਸੰਸਥਾ ਕਰ ਸਕਦੀ ਹੈ, ਜੇ ਉਹ ਬ੍ਰਾਹਮਣ ਦੇ ਰਚੇ ਪਰਪੰਚ ਨੂੰ ਪਹਿਲਾਂ ਆਪ ਸਮਝਣ ਤੇ ਆਤਮ ਵਿਸ਼ਵਾਸ ਨਾਲ ਕਮ ਕਰਨ।

ਗੁਰੂ ਜੀ ਮਿਹਰ ਕਰਣ, ਸਾਰੇ ਗੁਰਸਿਖ ਅਦਾਰੇ ਸਚਾਈ ਨੂੰ ਸੁਣਨ ਤੇ ਸਮਝਨ।

੧੯੩੬ ਦੀ ਰਹਿਤ ਮਰਯਾਦਾ ਲਾਗੂ ਹੋਨ ਤੋਂ ਬਾਦ ਖੰਡੇ ਦੀ ਪਹੁਲ ਸਿਖ ਧਰਮ ਵਿੱਚ ਪਰਵੇਸ਼ ਕਰਨ ਤੇ ਗੁਰੂ ਵਾਲੇ ਬਨਣ ਦਾ ਵਿਧਾਨ ਮੰਨਿਆ ਗਿਆ। ਸਾਡੇ ਸਹਯੋਗੀਆਂ ਦਾ ਸਵਾਲ ਹੈ ਕਿ ਸਿਖੀ ਵਿੱਚ ਪਰਵੇਸ਼ ਦਾ ਸਹੀ ਵਿਧਾਨ ਕੀ ਹੋਨਾ ਚਾਹੀਦਾ ਹੈ?

ਦਾਸ ਨੇ ਇਸ ਵਿਸ਼ੇ ਤੇ ਇੱਕ ਵਖਰਾ ਲੇਖ ਲਿਖਿਆ ਹੈ, ਇਸ ਨੂੰ ਧਿਆਨ ਵਿੱਚ ਰਖ ਕੇ ਅਸੀਂ ਨਵਾਂ ਵਿਧਾਨ ਬਨਾ ਸਕਦੇ ਹਾਂ। ਸਾਡੀ ਨਵੀਂ ਅਰਦਾਸ ਦਾ ਖਰੜਾ ਵੀ ਦਾਸ ਨੇ ਇੱਕ ਵਖਰੇ ਲੇਖ ਵਿੱਚ ਲਿਖਿਆ ਹੈ। ਇਹ ਦੋਨੋਂ ਲੇਖ ਵੀ ਇਸ ਲੇਖ ਨਾਲ ਜੋੜੇ ਹਨ।

ਸਿਖ ਧਰਮ ਵਿੱਚ ਪਰਵੇਸ਼ ਦੀ ਵਿਧੀ ਗੁਰਬਾਣੀ ਉਪਦੇਸਾਂ ਅਨੁਸਾਰ ਤੇ ‘ਗੁਰਬਾਣੀ ਅਧਾਰ’ ਤੇ ਸਿਖ ਦੀ ਪਛਾਨ।

ਗਰੁਬਾਣੀ ਅਨੁਸਾਰ, ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਗੁਰੂ ਗੋਬਿਂਦ ਸਿੰਘ ਜੀ ਦੇ ਸਮੇਂ ਤਕ ਸਿਖੀ ਵਿੱਚ ਪਰਵੇਸ਼ ਕਰਨ ਲਈ ਗੁਰੂ ਜੀ ਗੁਰ ਉਪਦੇਸੁ, ਗਰੁਮੰਤ੍ਰ ਨਾਮ ਕਨ ਵਿੱਚ ਦਿੰਦੇ ਸਨ। ਕੁੱਝ ਇਤਹਾਸਕਾਰਾਂ ਦੀ ਰਾਏ ਹੈ ਕਿ ਗੁਰੂ ਜੀ ਚਰਨ ਪਹੁਲ ਦੇ ਕੇ ਸੀਖਿਆ ਦੀਖਿਆ ਦਿੰਦੇ ਸਨ।

ਉਧਾਰਨ ਗੁਰਬਾਣੀ

ਗੁਰ ੳਪੁਦੇਸੁ ਮੋਹਿ ਕਾਨੀ ਸੁਨਿਆ॥ ਪ ੧੩੪੭

(ਗੁਰਉਪਦੇਸੁ ਵਿੱਚ ਗੁਰਮੰਤ੍ਰ ਨਾਮ ਸ਼ਾਮਲ ਹੈ)

ਗੁਰੂ ਜੀ ਗੁਰਮੰਤ੍ਰ ਸਬਦੁ ਸਚੁ ਗੁਰਸਿਖ ਨੂੰ ਦਿੰਦੇ ਸਨ।

ਗੁਰਮੰਤ੍ਰ = ਸਬਦੁ ਸਚੁ, =ਨਾਮ ‘ਵਾਹਿਗੁਰੂ’। ਨਾਮ ਦਾ ਜਪ, ਸਿਮਰਨ, ਅਰਾਧਨਾਂ, ਧਿਆਨ ਕਰਨ ਨਾਲ ਗੁਰਸਿਖ ਨੂੰ ਅੰਤਰਗਤ ਗੁਰਬਾਣੀ ਤੇ ਅਕਾਲ ਪੁਰਖ, ਬ੍ਰਹਮ ਦੀ ਸੋਝੀ ਤੇ ਗਿਆਨ ਪ੍ਰਾਪਤ ਹੁੰਦਾ ਹੈ। ਗੁਰਮੰਤ੍ਰ ਨਾਮੁ ਗਿਆਨ ਰਾਸਿ ਹੈ, ਜੋ ਗੁਰੂ ਜੀ ਸਿਖੀ ਪਰਵੇਸ਼ ਕਰਨ ਸਮੇਂ ਦਿਂਦੇ ਹਨ।

ਸੁਣਿ ਸਜਣ ਜੀ ਮੈਡੜੇ ਮਤਿਾ ਰਾਮ॥ ਗਰੁਮੰਤ੍ਰ ਸਬਦੁ ਸਚੁ ਦੀਤਾ ਰਾਮ॥

ਸਚੁ ਸਬਦੁ ਧਿਆਇਆ ਮੰਗਲੁ ਗਾਇਆ ਚੂਕੇ ਮਨਹੁ ਅਦੇਸਾ॥ ਪ ੫੭੬

ਗੁਰੁ ਮੰਤ੍ਰ ਦ੍ਰਿੜਾਏ ਹਰਿ ਰਸਕਿ ਰਸਾਏ ਹਰਿ ਅਮ੍ਰਿਤੁ ਮੁਖਿ ਚੋਇ ਜੳਿੁ॥ ਪ ੪੪੭

ਗੁਰ ਸਬਦੀ ਜਪੀਅੇ ਸਚੁ ਲਾਹਾ॥ ਪ ੧੨੬੧

(ਗੁਰ ਸਬਦ, ਸਚੁ ਸਬਦੁ ਤੇ ਗੁਰਮੰਤ੍ਰ ਨਾਮ ਇੱਕ ਹੀ ਹਨ)

ਮਨ ਰੇ ਸਦਾ ਭਜਹੁ ਹਰਿ ਸਰਣਾਈ॥ ਗੁਰ ਕਾ ਸਬਦੁ ਅੰਤਰਿ ਵਸੈ ਤਾ ਹਰਿ ਵਿਸਰਿ ਨ ਜਾਈ॥ ਪ ੩੧

(ਜਦੋਂ ਗੁਰਮਤਿ ਨਾਮ ਸਿਮਰਨ ਸਦਕਾ ਗੁਰ ਕਾ ਸਬਦੁ/ਗੁਰਮੰਤ੍ਰ ਨਾਮ ਹਿਰਦੇ ਵਿੱਚ ਵਸ ਜਾਏ ਤਾਂ ਹਰਿ ਵਿਸਰਦਾ ਨਹੀਂ। ਪ੍ਰਭੂ ਮਿਲਾਪ ਹੋ ਜਾਂਦਾ ਹੈ)

ਗ੍ਰੁਰੂ ਗਰ੍ਰੰਥ ਸਾਹਿਬ ਪੂਰੇ ਸਤਿਗੁਰੂ ਹਨ, ਗੁਰਬਾਣੀ ਗੁਰੂ ਹੈ॥ ਦੇਹ ਵਿੱਚ ਗੁਰੂ ਦੀ ਪ੍ਰਥਾ ਸਮਾਪਤ ਹੋਨ ਤੋਂ ਬਾਦ ਕੇਵਲ ਗੁਰੂ ਗ੍ਰੰਥ ਸਾਹਿਬ ਹੀ ਸਿਖੀ ਵਿੱਚ ਪਰਵੇਸ਼ ਲਈ, ਦੀਖਿਆ, ਗੁਰਉਪਦੇਸੁ ਗੁਰਮੰਤ੍ਰ ਨਾਮ ਦੀ ਦਾਤ ਦੇ ਸਕਦੇ ਹਨ॥

ਅਸੀਂ ਸਿਖੀ ਵਿੱਚ ਪਰਵੇਸ਼ ਲਈ ਨਵਾਂ ਵਿਧਾਨ, ਗੁਰਬਾਣੀ ਉਪਦੇਸਾਂ ਅਨੁਸਾਰ ਬਨਾਣ ਲਈ, ਹੇਠ ਲਿਖੀ ਜੁਗਤੀ ਅਪਨਾ ਸਕਦੇ ਹਾਂ। ਇਸ ਮਸਲੇ ਤੇ ਆਪਸੀ ਵਿਚਾਰ ਕਰ ਕੇ ਨਿਰਣਾ ਲਿਆ ਜਾ ਸਕਦਾ ਹੈ।

ਸਤਿ ਸੰਗਤਿ ਵਿੱਚ ਕੀਰਤਨ, ਕਥਾ ਤੋਂ ਬਾਦ ਅਰਦਾਸ ਕਰਨ ਵਾਲਾ ਗੁਰਸਿਖ ਅਖੀਰ ਵਿੱਚ ਬੇਨਤੀ ਕਰੇ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਿਖੀ ਵਿੱਚ ਪਰਵੇਸ਼ ਦੀ ਯਾਚਨਾ ਕਰਨ ਵਾਲੇ ਪ੍ਰੇਮੀ ਆਪ ਜੀ ਦੇ ਹਜ਼ੂਰ ਖੜੇ ਹੋ ਕੇ ਨਾਮ ਦੀ ਦਾਤ ਲਈ, ਅਰਦਾਸ ਬੇਨਤੀ ਕਰ ਰਹੇ ਹਨ। ਨਾਮ ਅਭਿਲਾਖੀ ਪ੍ਰੇਮੀਆਂ ਨੂੰ ਉਪਦੇਸੁ ਦਿਉ, ਗ੍ਰੁਰਮੰਤ੍ਰ ਨਾਮ ਦੀ ਦਾਤ ਬਖਸ਼ੋ॥ ਹੁਕਮ ਨਾਮਾ ਬਖਸ਼ ਕੇ ਪਰਵਾਨਗੀ ਦਿਉ।

ਹੁਕਮਨਾਮਾ ਲੈਨ ਤੋਂ ਬਾਦ ਗ੍ਰੰਥੀ ਸਿੰਘ ਸੰਗਤਿ ਵਿੱਚ ਕਹੇ, ਗੁਰਸਬਦ, ਗੁਰਮੰਤ੍ਰ ਨਾਮ, ‘ਵਾਹਿਗੁਰੂ’, ਮੇਰੇ ਨਾਲ ਪੰਜ ਵਾਰੀ ਬੋਲੋ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਗੁਰੂ ਜੀ ਗੁਰਮੰਤ੍ਰ੍ਰ ਨਾਮ ਦੇ ਜਪ ਸਿਮਰਣ, ਆਰਾਧਨਾਂ ਦਾ ਉਪਦੇਸ ਦਿੰਦੇ ਹਨ। ਗੁਰੂ ਜੀ ਦਾ ਹੁਕਮ ਹੈ ਸਿਖੀ ਵਿੱਚ ਪਰਵੇਸ਼ ਕਰਨ ਲਈ ਅਪਨੇ ਪਹਿਲੇ ਧਰਮ ਦੇ ਵਿਸ਼ਵਾਸ਼ਾਂ, ਜਿਸਤਰਾਂ ਬੇਦਬਾਣੀ ਦੇ ਉਪਦੇਸਾਂ, ਦੇਵੀ ਦੇਵਤਿਆਂ ਦੀ ਪੂਜਾ ਬੰਦਗੀ, ਤੀਰਥ ਇਸ਼ਨਾਨ ਆਦਿ ਨੂੰ ਤਿਆਗ ਕੇ ਆਓ। ਸਿਖੀ ਵਿੱਚ ਪਰਵੇਸ਼ ਤੌਂ ਪਹਿਲਾਂ ਗੁਰੂ ਅੰਗਦ ਦੇਵ ਤੇ ਗੁਰੁ ਅਮਰਦਾਸ ਜੀ ਨੇ ਇਹਨਾਂ ਹੁਕਮਾਂ ਦੀ ਤਾਮੀਲ ਕੀਤੀ ਸੀ। ਸਿਖੀ ਵਿੱਚ ਪਰਵੇਸ਼ ਤੋਂ ਬਾਦ ਵੀ ਇਹ ਹੁਕਮ ਲਾਗੂ ਹੈ।

ਆਪ ਨੇ ਸਾਬਤ ਸੂਰਤ ਕੇਸਾਧਾਰੀ ਰਹਿਨਾ ਹੈ। ਇਸ ਦੀ ਗਵਾਹੀ ਵੀ ਸਾਨੂੰ ਗੁਰਬਾਣੀ ਤੋਂ ਮਿਲਦੀ ਹੈ। ਗੁਰੁ ਜੀ ਦੇ ਹੁਕਮ ਹਨ, ਗ੍ਰਹਿਸਤ ਜੀਵਨ ਵਿੱਚ ਰਹੋ, ਧਰਮ ਦੀ ਕਿਰਤ ਕਰੋ, ਵੰਡ ਛਕੋ, ਬੁਰਿਆਈਆਂ ਤੋਂ ਬਚੋ, ਨੇਕ ਕਰਮ ਕਰੋ, ਤੇ ਨਾਮ ਜਪੋ। ਤੁਸੀਂ ਨਾਮ ਜਪੋਗੇ ਤਾਂ ਗੁਰੂ ਜੀ ਤੁਹਾਨੂੰ, ਚੰਗੇ ਆਚਾਰ ਬਿਉਹਾਰ ਵਾਲਾ ਸੁਖੀ ਜੀਵਨ ਬਖਸ਼ਨਗੇ ਤੇ ਹਰ ਥਾਂਈ ਸਹਾਈ ਹੋਣਗੇ। ਗੁਰਬਾਣੀ ਅਨੁਸਾਰ ਭਗਤ ਉਹ ਹੈ ਜੋ ਗੁਰਿਮਤਿ ਨਾਮ ਦਾ ਜਪ, ਸਿਮਰਨ, ਆਰਾਧਨਾ ਕਰਦਾ ਹੈ।

ਸਿਖ ਕੀ ਗੁਰੁ ਦੁਰਮਤਿ ਮਲੁ ਹਿਰੈ॥ ਗੁਰ ਬਚਨੀ ਹਰਿ ਨਾਮੁ ਉਚਰੈ॥ ਸਤਿਗੁਰੁ ਸਿਖ ਕੇ ਬੰਧਨ ਕਾਟੈ॥

ਗੁਰ ਕਾ ਸਿਖੁ ਬਿਕਾਰ ਤੇ ਹਾਟੈ॥ ਸਤਿਗੁਰੁ ਸਿਖ ਕਉ ਨਾਮ ਧਨੁ ਦੇਇ॥ ਗੁਰ ਕਾ ਸਿਖੁ ਵਡਭਾਗੀ ਹੇ॥ ਸਤਿਗੁਰੁ ਸਿਖ ਕਾ ਹਲਤੁ ਪਲਤੁ ਸਵਾਰੈ॥ ਨਾਨਕ ਸਿਤਿਗੁਰੁ ਸਿਖ ਕਉ ਜੀਅ ਨਾਲ ਸਮਾਰੈ॥ ਪ ੨੮੬॥ (ਗੁਰਮੰਤ੍ਰ ਨਾਮ= ਨਾਮ ਧਨੁ)

ਗੁਰਬਾਣੀ, ਸਿਖ ਅਖਵਾਉਣ ਵਾਲੇ ਦੀ ਇੱਕ ਹੋਰ ਪਛਾਣ ਦਸਦੀ ਹੈ।

ਗੁਰ ਸਤਿਗੁਰ ਕਾ ਜੋ ਸਿਖ ਅਖਾਏ ਸੁ ਭਲਕੇ ਉਠ ਹਰਿ ਨਾਮ ਧਿਆਵੈ॥

ਉਦਮ ਕਰੇ ਭਲਕੇ ਪਰਭਾਤੀ ਇਸਨਾਨ ਕਰੇ ਅਮ੍ਰਿਤ ਸਰਿ ਨਾਵੈ॥ ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲ਼ਹਿ ਜਾਵੈ॥ ਫਿਰ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ॥ ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖ ਗੁਰੂ ਮਨ ਭਾਵੈ॥ ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸ ਗੁਰਸਿਖ ਗੁਰੂ ਉਪਦੇਸੁ ਸੁਣਾਵੈ॥ ਜਨੁ ਨਾਨਕ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪ ਜਪੈ ਅਵਰਹ ਨਾਮੁ ਜਪਾਵੈ॥ ਪਨਾ ੩੦੫-੬

ਮਥਾ ਟੇਕੋ ਤੇ ਅਪਨੇ ਅਸਥਾਨ ਤੇ ਬੈਠ ਜਾਓ ਜੀ।

ਗੁਰ ਉਪਦੇਸੁ ਗੁਰਮੰਤ੍ਰ ਨਾਮ ਲੈਕੇ ਨਵੇਂ ਸਜੇ ਗੁਰਸਿਖਾਂ ਦੇ ਨਾਮ ਗ੍ਰੰਥੀ ਸਿੰਘ ਰਜਿਸਟਰ ਵਿੱਚ ਲਿਖ ਲਏ।

ਸਿਖ ਦੀ ਪਛਾਨ ਗੁਰਬਾਣੀ ਅਧਾਰ ਤੇ।

ਸਿਖ ਉਹ ਹੈ ਜਿਸ ਨੇ ਪੂਰੇ ਗੁਰੂ ਤੋਂ ਦੀਖਿਆ ਲਈ ਹੈ। ਸਿਖ ਕਿਸੇ ਹੋਰ ਧਰਮ ਦੇ ਗ੍ਰੰਥ, ਜਾਂ ਉਪਦੇਸ਼ ਨੂੰ ਨਹੀਂ ਮੰਨਦਾ। ਸਿਖ ਮੂਲ ਮੰਤ੍ਰ ਵਿੱਚ ਦਰਸਾਏ ਨਾਮ ਜੋਤਿ ਰੂਪ ਅਕਾਲ ਪੁਰਖ ਤੋਂ ਇਲਾਵਾ ਕਿਸੇ ਹੋਰ ਦੇਵੀ ਦੇਵਤੇ ਆਦਿ ਨੂੰ ਨਹੀਂ ਪੂਜਦਾ।

ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਸਿਖ ਕੇਸਾਂ ਦਾੜੀ ਵਾਲੇ ਸਾਬਤ ਸੂਰਤਿ, ਪਰਮੇਸਰ ਦੀ ਦਿਤੀ ਦਾਤ ਨੂੰ ਕਾਇਮ ਰਖਦੇ ਸਨ। ਸਭ ਗੁਰੂ ਸਾਹਿਬਾਨ ਸਾਬਤ ਸੂਰਤ ਕੇਸਾਂ ਤੇ ਦਾੜੀ ਦੇ ਧਾਰਨੀ ਸਨ, ਸਭ ਨੇ ਗ੍ਰਹਿਸਤ ਜੀਵਨ ਨਿਭਾਇਆ।

ਕੇਸਾਂ ਦਾੜੀ ਬਾਰੇ ਗੁਰਬਾਣੀ ਦੀਆਂ ਕੁੱਝ ਤੁਕਾਂ।

ਕੇਸ ਸੰਗ ਦਾਸ ਪਗ ਝਾਰਉ ਇਹੈ ਮਨੋਰਥ ਮੋਰ॥ ਪਨਾ ੫੦੦

ਕੇਸਾ ਕਰ ਚਵਰ ਢੁਲਾਵਾ, ਚਰਣ ਧੂੜ ਮੁਖ ਲਾਈ॥ ਪਨਾ ੩੪੯

ਕੇਸਾ ਕਰ ਬੀਜਨਾ ਸੰਤ ਚਉਰ ਢੁਲਾਵਉ॥ ਪਨਾ ੭੪੫

ਸੇ ਦਾੜੀਆਂ ਸਚੀਆਂ ਜਿ ਗੁਰ ਚਰਨੀ ਲਗੰਨਿੁ॥

ਅਨਦਿਨੁ ਸੇਵਨਿ ਗੁਰ ਆਪਣਾ ਅਨਦਿਨੁ ਅਨਦਿ ਰਹੰਨਿ॥

ਨਾਨਕ ਸੇ ਮੁਹ ਸੋਹਣੇ ਸਚੈ ਦਰਿ ਦਿਸੰਨਿ॥

ਮੁਖ ਸਚੇ ਸਚੁ ਦਾੜੀਆ ਸਚੁ ਬੋਲਹਿ ਸਚ ਕਮਾਹਿ॥

ਸਚਾ ਸਬਦੁ ਮਨ ਵਸਿਆ ਸਤਿਗੁਰ ਮਾਂਹਿ ਸਮਾਹਿ॥

ਨਾਨਕ ਵਿਣੁ ਸਤਿਗੁਰ ਸਚੁ ਨ ਪਾਈਐ ਮਨਮੁਖ ਭੁਲੇ ਜਾਂਹਿ॥ ਪਨਾ ੧੪੧੯

ਉਪਰ ਦਿਤੇ ਪਰਮਾਨਾਂ ਤੋਂ ਸਿਧ ਹੈ ਕਿ ਜਿਨ੍ਹਾ ਗੁਰਸਿਖਾਂ ਨੇ ਕੇਸ ਦਾੜੀ ਮੁੰਡਵਾ ਲਏ ਉਹ ਗੁਰੂ ਜੀ ਦੀਆਂ ਨਜ਼ਰਾਂ ਵਿੱਚ ਸਿਖ ਨਹੀਂ।

ਨਵੀਂ ਸਿਖ ਰਹਿਤ ਮਰਯਾਦਾ ‘ਅਰਦਾਸ’

ਭੁਮਿਕਾ

ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਲੈ ਕੇ ਗੁਰੂ ਗੋੰਿਬੰਦ ਸਿੰਘ ਤਕ, ਸਿਖ, ਅਰਦਾਸ ਗੁਰੂ ਅਗੇ ਹੀ ਕਰਦੇ ਸਨ।

ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸਿ ਕਰਿ॥ ਪੰਨਾ ੫੧੯

(ਗੁਰੂ ਜੀ ਕਹ ਰਹੇ ਹਨ ਜੋ ਅੰਦਰਿ ਦੀ ਦੁਖ ਪੀੜਾ ਹੈ, ਤੂੰ ਗੁਰੂ ਅਗੇ ਅਰਦਾਸ ਕਰ।)

ਹਰ ਗੁਰਸਿਖ ਨੂੰ ਅਪਨੇ ਅੰਦਰ ਦੀ ਪੀੜਾ ਦਾ ਆਪ ਹੀ ਪਤਾ ਹੈ ਇਸ ਲਈ ਅਰਦਾਸ ਆਪ ਹੀ ਕਰਨੀਂ ਚਾਹੀਦੀ ਹੈ। ਜੋ ਗੁਰਸਿਖ ਪਾਠ ਕਰਦਾ ਹੈ, ਕੀਰਤਨ ਸੁਨਦਾ, ਹੈ ਨਾਮ ਜਪਦਾ ਹੈ, ਉਸ ਦੇ ਦੇ ਅੰਦਰਿ ਗੁਰੂ ਵਸਦਾ ਹੈ। ਬੇਨਤੀ ਵਿੱਚ ਧਿਆਨ ਰਖ ਕੇ, ਅਰਦਾਸ ਕਰੀਏ ਤਾਂ ਅੰਦਰ ਵਸਦੇ ਗੁਰੂ ਚਰਣਾਂ ਵਿੱਚ ਪਹੁੰਚਦੀ ਹੈ ਤੇ ਅੇਸੀ ਅਰਦਾਸ ਗੁਰੂ ਜੀ ਸੁਨਦੇ ਹਨ। ਸਾਡੇ ਦੁਖ ਸੁਖ ਸਾਡੇ ਭਾਗ ਹਨ। ਗੁਰੂ ਜੀ ਨੂੰ ਭਾਵੇ ਤਾਂ ਨਦਰ ਕਰਮ ਬਖਸ਼ੀਸ਼ ਕਰ ਕੇ ਭਾਗ ਬਦਲ ਦਿੰਦੇ ਹਨ। ਅਪਨੇ ਬਚੇ ਜਾਂ, ਰਿਸ਼ਤੇਦਾਰ ਜਾਂ ਮਿਤ੍ਰ ਲਈ ਅਰਦਾਸ ਗੁਰਸਿਖ ਕਿਤੇ ਬੈਠਾ ਵੀ ਕਰ ਸਕਦਾ ਹੈ।

ਅਜਕਲ ਗ੍ਰੰਥੀ ਨੂੰ ਗੁਰਸਿਖ ਅਰਦਾਸ ਭੇਟ ਦਿੰਦੇ ਹਨ। ਐਸੀ ਮਾਇਆ ਦੀ ਅਰਦਾਸ ਧੰਦਾ ਹੈ।

ਗੁਰੂ ਅਗੇ ਅਰਦਾਸ ਪਾਰਬ੍ਰਹਮ ਅਗੇ ਵੀ ਅਰਦਾਸ ਹੈ। ਗੁਰੂ ਅਗੇ ਅਰਦਾਸ ਗੁਰਸਿਖ ਦੀ ਭਗਤੀ ਵੀ ਹੈ। ਗੁਰੂ ਨੂੰ ਧੰਨ ਕਹਨਾ ਗੁਰਸਿਖ ਦੀ ਭਗਤੀ ਹੈ।

ਗੁਰਦੇਵ ਸਤਿਗੁਰ ਪਾਰਬ੍ਰਹਮੁ ਪਰਮੇਸਰ ਗੁਰਦੇਵ ਨਾਨਕ ਹਰਿ ਨਮਸਕਰਾ॥ ਪੰਨਾ੨੫੦

ਗੁਰੁ ਸਤਿਗੁਰੁ ਪਾਰਬ੍ਰਹਮੁ ਕਰਿ ਪੂਜਹੁ ਨਿਤ ਸੇਵਹੁ ਦਿਨਸੁ ਸਭ ਰੈਨੀ॥ ਪੰਨਾ ੮੦੦

ਧੰਨੁ ਧੰਨੁ ਗੁਰੁ ਗੁਰੁ ਸਤਿਗੁਰੁ ਪਾਧਾ ਜਿਨਿ ਹਰਿ ੳਪਦੇਸੁ ਦੇ ਕੀਏ ਸਿਆਣੇ॥ ਪੰਨਾ ੧੬੮

ਧੰਨੁ ਧੰਨੁ ਗੁਰਦੇਵ ਜਿਸੁ ਸੰਗਿ ਹਰਿ ਜਪੇ॥ ਪੰਨਾ ੭੧੦

ਨਵੀਂ ਅਰਦਾਸ ਦਾ ਖਰੜਾ

ਦੁਇ ਕਰ ਜੋੜਿ ਕਰਉ ਅਰਦਾਸਿ॥ ਤੁਧੁ ਭਾਵੈ ਤਾ ਆਣਹਿ ਰਾਸਿ॥

ਕਰਿ ਕਿਰਪਾ ਅਪਨੀ ਭਗਤੀ ਲਾਏ॥ ਜਨ ਨਾਨਕ ਪ੍ਰਭੁ ਸਦਾ ਧਿਆਇ॥ ਪੰਨਾ ੭੩੭

ਧੰਨੁ ਧੰਨੁ ਗੁਰੂ ਨਾਨਕ ਦੇਵ ਸਾਹਿਬ। ਧੰਨੁ ਗੁਰੂ ਅੰਗਦ ਦੇਵ ਸਾਹਿਬ। ਧੰਨੁ ਗੁਰੂ ਅਮਰਦਾਸ ਸਾਹਿਬ।

ਧੰਨੁ ਗੁਰੂ ਰਾਮਦਾਸ ਸਾਹਿਬ। ਧੰਨੁ ਗੁਰੂ ਅਰਜਨ ਦੇਵ ਸਾਹਿਬ। ਧੰਨੁ ਗੁਰੂ ਹਰਿ ਗੋਬਿੰਦ ਸਾਹਿਬ।

ਧੰਨੁ ਗੁਰੂ ਹਰਿ ਰਾਇ ਸਾਹਿਬ। ਧੰਨੁ ਗੁਰੂ ਹਰਿ ਕ੍ਰਿਸ਼ਨ ਸਾਹਿਬ। ੍ਰ ਧੰਨੁ ਗੁਰੂ ਤੇਗ ਬਹਾਦਰ ਸਾਹਿਬ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ।

ਦਸਾਂ ਪਾਤਸ਼ਾਹੀਆਂ ਦੇ ਸਬਦ, ਬਾਣੀ ਸਰੂਪ, ਧੰਨੁ ਧੰਨੁ ਗੁਰੂ ਗ੍ਰੰਥ ਸਾਹਿਬ ਸਾਹਿਬ ਜੀ।

ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਆਸਰਿਆਂ ਦੇ ਆਸਰਾ ਗੁਰੂ ਗਰੀਬ ਨਿਵਾਜ ਜੀ ਆਪ ਜੀ ਅਗੇ ਅਰਦਾਸ ਬੇਨਤੀ ਹੈ --- (ਜੋ ਬੇਨਤੀ ਹੈ ਰਸਨਾ ਨਾਲ ਜਾਂ ਮਨ ਵਿੱਚ ਬੋਲੋ-)।

- ਸੇਈ ਗੁਰਮੁਖ ਪਿਆਰੇ ਮੇਲੋ ਜਿਨਾਂ ਡਿਠਿਆਂ ਆਪ ਜੀ ਦਾ ਨਾਮ ਚਿਤ ਆਵੇ। ਅਖਰ ਵਾਧਾ ਘਾਟਾ, ਭੁਲ਼ ਚੁਕ ਮਾਫ ਕਰਨੀ।

ਆਪ ਜੀ ਦੇ ਭਾਣੇ ਸਰਬਤ ਦਾ ਭਲਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ।

ਜੇ ਅਰਦਾਸ ਸੰਗਤਿ ਵਿੱਚ ਹੋ ਰਹੀ ਹੈ ਤਾਂ ਕਹੋ,

ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ।

ਅਰਦਾਸ ਸਵੇਰ, ਸ਼ਾਮ, ਗੁਰਦੁਆਰਿਆਂ ਵਿੱਚ ਦੀਵਾਨ ਸਮਾਪਤੀ ਵੇਲੇ ਕੀਤੀ ਜਾਂਦੀ ਹੈ, ਗੁਰੂ ਸਾਹਿਬਾਨ ਦੇ ਜਨਮ ਦਿਹਾੜਿਆਂ ਤੇ ਹੋਰ ਸਮਾਗਮਾਂ ਤੇ ਕੀਤੀ ਜਾਂਦੀ ਹੈ, ਘਰਾਂ ਵਿੱਚ ਕਾਰਜਾਂ ਦੀ ਸਫਲਤਾ ਲਈ ਕੀਤੀ ਜਾਂਦੀ ਹੈ। ਇਹਨਾਂ ਸਮਿਆਂ ਤੇ ਲੋੜ ਅਨੁਸਾਰ ਤਬਦੀਲੀਆਂ ਕਰਨੀਆਂ ਜ਼ਰੂਰੀ ਹਨ।

ਅੰਤਕਾ

ਦਾਸ ਨੇਂ ਇਸ ਲੇਖ ਰਾਹੀਂ ਸਿਖ ਪੰਥ ਦੇ ਹਾਲਾਤ ਦੀ ਗੰਭੀਰਤਾ, ਸਭ ਗੁਰਸਿਖਾਂ ਤਾਂਈਂ ਪਹਚਾਉਂਨ ਦੀ ਕੋਸ਼ਿਸ਼ ਕੀਤੀ ਹੈ। ਸਿਖ ਪੰਥ ਦੀ ਅਧੋਗਤੀ ਕਿਸੇ ਤੋਂ ਛਿਪੀ ਨਹੀਂ, ਇਹ ਪੰਥ ਦੀ ਪੀੜਾ ਹੈ। ਦਾਸ ਦੇ ਮਨ ਵਿੱਚ ਸਭ ਸਿਖ ਜਥੇ ਬੰਦੀਆਂ ਲਈ ਆਦਰ ਤੇ ਸਤਕਾਰ ਹੈ। ਸਭ ਅਪਨੇ ਅਪਨੇ ਵਿਸ਼ਵਾਸ਼ਾਂ ਦੇ ਦਾਇਰੇ ਵਿੱਚ ਬੰਦ ਹਨ। ਕਿਸੇ ਵਿਰਲੇ ਨੇਂ ਦਸਮ ਗ੍ਰੰਥ, ਸਰਬ ਲੋਹ ਗ੍ਰੰਥ ਤੇ ਰਹਿਤ ਨਾਮਿਆਂ ਨੂੰ ਪੜ੍ਰਿਆ ਤੇ ਵਿਚਾਰਿਆ ਹੈ। ਇਸ ਔਖੀ ਘੜੀ ਵਿੱਚ ਇਹਨਾਂ ਪੁਸਤਕਾਂ ਦੀ ਅਸਲੀਅਤ ਜਾਣਨਾ ਸਭ ਗੁਰਸਿਖਾਂ ਲਈ ਲਾਜ਼ਮੀ ਹੈ ਤਾ ਕਿ ਪੰਥ ਸਹੀ ਨਿਰਣੇ ਕਰ ਸਕੇ। ਜੇ ਕਿਸੇ ਗੁਰਸਿਖ ਨੂੰ ਇਸ ਪੇਸ਼ਕਾਰੀ ਤੋਂ ਦੁਖ ਹੋਇਆ ਹੋਵੇ ਤਾਂ ਦਾਸ ਖਿਮਾਂ ਮੰਗਦਾ ਹੈ।

ਦਾਸ ਦੀ ਵਿਚਾਰ ਹੈ ਕਿ ਜੇ ਸਭ ਗੁਰਸਿਖ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਸ਼ਰਣ ਵਿੱਚ ਆ ਜਾਣ ਤਾਂ ਸਾਡੇ ਸਭ ਮਸਲੇ ਗੁਰੂ ਜੀ ਹਲ ਕਰ ਦੇਣਗੇ।

੩ ਜਨਵਰੀ ੨੦੧੦

Dr Gurmukh Singh, B6/58, SafdarJang Enclave, New Delhi 110029

Tel 26102376 3 Jan 2010
.