.

ਬਿਬੇਕੀ ਕੌਣ ਹੈ?

ਜੁੱਗੋ ਜੁੱਗ ਅਟੱਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੀ ਬਖਸ਼ਿਸ਼ ਕਰਕੇ ਸਿੱਖ ਗੁਰੂ ਸਾਹਿਬਾਨ ਨੇ ਇਹ ਸਾਬਤ ਕਰ ਦਿਤਾ ਸੀ ਕਿ ਸਿੱਖਾਂ ਦਾ ਗੁਰੂ ‘ਸ਼ਬਦ’ ਹੈ ਅਤੇ ਸਿੱਖ ਨੇ ਆਪਣੇ ਜੀਵਨ ਲਈ ਅਗਵਾਈ ਇਸ ‘ਸ਼ਬਦ’ ਤੋਂ ਹੀ ਲੈਣੀ ਹੈ! “ਸ਼ਬਦ” ਦੇ ਪ੍ਰਕਾਸ਼ ਲਈ ਸਭ ਤੋਂ ਪ੍ਰਮੁੱਖ ਅਸਥਾਨ ਹੈ ‘ਗੁਰਦੁਆਰਾ!’ ਇਸ ਲਈ ਗੁਰਦੁਆਰੇ ਸ਼ਬਦ ਗੁਰੂ ਬਾਰੇ ਸੋਝੀ ਦੇਣ ਵਾਲੇ ਅਸਥਾਨ ਹਨ। ਗੁਰਬਾਣੀ ਵਿੱਚ ਵੀ ਆਉਂਦਾ ਹੈ ਕਿ “ਗੁਰੂ ਦੁਆਰੈ ਹੋਇ ਸੋਝੀ ਪਾਇਸੀ॥” ਕਹਿਣ ਤੋਂ ਭਾਵ ਇਹ ਕਿ ਗੁਰੂ ਦੇ ਦੁਆਰੇ ਤੇ ਜਾ ਕੇ ਮਨੁੱਖ ਸੋਝੀ ਪ੍ਰਾਪਤ ਕਰਦਾ ਹੈ ਅਤੇ ਸੂਝਵਾਨ ਬਣਦਾ ਹੈ।
ਗੁਰਦੁਆਰੇ ਵਿੱਚ ਗੁਰੂ ਦੇ ‘ਸ਼ਬਦ’ ਰਾਹੀਂ ਮਨੁੱਖ ਨੂੰ ਬਿਬੇਕ ਬੁੱਧੀ ਪ੍ਰਾਪਤ ਹੁੰਦੀ ਹੈ। ਅਜਿਹੇ ਗੁਰਸਿੱਖ ਨੂੰ ਗੁਰਬਾਣੀ ਵਿੱਚ ‘ਬਿਬੇਕੀ’ ਕਿਹਾ ਗਿਆ ਹੈ। ਜਿਵੇਂ ਗੁਰਬਾਣੀ ਦਾ ਪਵਿੱਤਰ ਫੁਰਮਾਨ ਹੈ:
-ਤੇਰੀ ਨਿਰਗੁਨ ਕਥਾ ਕਾਇ ਸਿਉ ਕਹੀਐ
ਐਸਾ ਕੋਇ ਬਿਬੇਕੀ॥ (ਪੰਨਾ 333)
-ਜੇ ਕੋ ਗੁਰ ਤੇ ਬੇਮੁਖ ਹੋਵੈ ਬਿਨੁ ਸਤਿਗੁਰ ਮੁਕਤਿ ਨ ਪਾਵੈ॥
ਪਾਵੈ ਮੁਕਤਿ ਨ ਹੋਰਥੈ ਕੋਈ ਪੂਛਹੁ ਬਿਬੇਕੀਆ ਜਾਇ॥
(ਅਨੰਦ ਸਾਹਿਬ)

ਪਰ ਇਥੇ ਸੁਆਲ ਇਹ ਹੈ ਕਿ ਕੀ ਅਸੀਂ ਗੁਰਦੁਆਰੇ ਜਾਂਦੇ ਹੋਏ, ਗੁਰੂ ਦੀ ਸੰਗਤ ਕਰਦੇ ਹੋਏ ਤੇ ਵਾਹਿਗੁਰੂ ਦਾ ਨਾਮ ਜਪਦੇ ਹੋਏ ‘ਬਿਬੇਕ ਬੁੱਧੀ’ ਦੇ ਮਾਲਕ ਬਣ ਗਏ ਹਾਂ? ਪਹਿਲਾਂ ਤਾਂ ਅਫਸੋਸ ਦੀ ਗੱਲ ਇਹ ਹੈ ਕਿ ਅਸੀਂ ‘ਗੁਰੂ’ ਨੂੰ ‘ਸ਼ਬਦ ਰੂਪ’ ਰਹਿਣ ਹੀ ਨਹੀਂ ਦਿਤਾ, ਸਗੋਂ ਉਸਨੂੰ ‘ਸਰੀਰਕ ਰੂਪ’ ਬਣਾ ਦਿਤਾ ਹੈ। ਇਹੋ ਕਾਰਣ ਹੈ ਕਿ ਜਿਵੇਂ ਹਿੰਦੂ ਲੋਕ ਦੇਵੀ-ਦੇਵਤਿਆਂ ਦੀ ਪੂਜਾ-ਅਰਚਨਾ ਕਰਦੇ ਹਨ; ਉਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ‘ਪੂਜਾ’ ਕਰਨ ਲੱਗ ਪਏ ਹਾਂ! ਅਸੀਂ ਦਸ ਗੁਰੂ ਸਾਹਿਬਾਨ ਦੀਆਂ ਫੋਟੋਆਂ ਬਣਾ ਛੱਡੀਆਂ ਹਨ (ਨਾਨਕਸਰ ਵਾਲਿਆਂ ਨੇ ਤਾਂ ਗੁਰੂ ਨਾਨਕ ਸਾਹਿਬ ਦੀ ਵੱਖਰੀ ਜਿਹੀ ਫੋਟੋ ਹੀ ਬਣਾ ਛੱਡੀ ਹੈ, ਜਿਸ ਵਿਚੋਂ ਬਾਬਾ ਨੰਦ ਸਿੰਘ ਦਾ ਝਲਕਾਰਾ ਵੀ ਪੈਂਦਾ ਰਵ੍ਹੇ)! ਇਥੇ ਹੀ ਬੱਸ ਨਹੀਂ, ਅਸੀਂ ਗੁਰੂ ਸਾਹਿਬਾਨ ਦੀਆਂ ਮਨੋਕਲਪਤ ਤਸਵੀਰਾਂ ਨੂੰ ਆਪਣੇ ਘਰਾਂ ਵਿਚ, ਆਪਣੀਆਂ ਦੁਕਾਨਾਂ ਵਿਚ, ਆਪਣੇ ਦਫਤਰਾਂ ਵਿੱਚ ਰੱਖਕੇ ਧੂਫਾਂ ਦੇਣ ਦਾ ਰਿਵਾਜ਼ ਵੀ ਤੋਰਿਆ ਹੋਇਆ ਹੈ। ਹੁਣ ਤਾਂ ਹਾਲਤ ਇਥੋਂ ਤਕ ਨਿੱਘਰ ਗਈ ਹੈ ਕਿ ਅਜੋਕਾ ਸਿੱਖ ਇਨ੍ਹਾਂ ਮਨੋਕਲਪਤ ਤਸਵੀਰਾਂ ਅੱਗੇ ਮੱਥੇ ਟੇਕਣ ਤੇ ਅਰਦਾਸਾਂ ਵੀ ਕਰਨ ਲੱਗ ਪਿਆ ਹੈ।
ਉਧਰ ਪੰਥ ਦੇ ਇੱਕ ਮਸ਼ਹੂਰ ਜਥੇ ਨੇ ‘ਬਿਬੇਕੀ ਸਿੰਘਾਂ’ ਦੀ ਇੱਕ ਵੱਖਰੀ ਸ਼੍ਰੇਣੀ ਪੈਦਾ ਕੀਤੀ ਹੋਈ ਹੈ। ਇਨ੍ਹਾਂ ਵਿੱਚ ਵਧੇਰੇ ਕਰਕੇ ਸਰਬਲੋਹ ਦੇ ਭਾਂਡਿਆਂ ਵਿੱਚ ਛਕਣ-ਛਕਾਉਣ ਵਾਲਿਆਂ ਨੂੰ ਹੀ ‘ਬਿਬੇਕੀ’ ਸਮਝਣ ਦਾ ਭਰਮ ਬਣਿਆ ਹੋਇਆ ਹੈ। ਇਨ੍ਹਾਂ ਵਿੱਚ ਸੁੱਚ-ਜੂਠ ਦਾ ਵਹਿਮ-ਭਰਮ ਵੀ ਹੈ। ਇਹ ਆਪਣੇ ਕਿਸੇ ‘ਬਿਬੇਕੀ ਸਿੰਘ’ ਕੋਲੋਂ ਲੈ ਕੇ ਹੀ ਕੁੱਝ ਖਾਣਾ ਪਸੰਦ ਕਰਦੇ ਹਨ! ਇਨ੍ਹਾਂ ਦੀਆਂ ਕੁੱਝ ਕੁ ਬਿਬੇਕ ਗਿਆਨ ਤੋਂ ਸੱਖਣੀਆਂ ਗੱਲਾਂ ਵੱਲ ਨਜ਼ਰ ਮਾਰੀਏ ਤਾਂ ਉਹ ਇਸ ਤਰ੍ਹਾਂ ਹਨ: ਜਿਸ ਘਰ ਵਿੱਚ ਕੀਰਤਨ ਕਰਨਗੇ, ਉਸ ਘਰ ਵਿੱਚ ਲੰਗਰ-ਪਾਣੀ ਇਹ ਆਪ ਹੀ ਤਿਆਰ ਕਰਨਗੇ। ਉਸ ਘਰ ਵਾਲੇ ਭਾਵੇਂ ਕਿੰਨੇ ਵੀ ਗੁਰਸਿੱਖ ਹੋਣ; ਇਹ ਉਨ੍ਹਾਂ ਨੂੰ ‘ਗੁਰਸਿੱਖ’ ਹੀ ਨਹੀਂ ਮੰਨਦੇ? ਉਸ ਘਰ ਦਾ ਪਾਣੀ ਤਕ ਨਹੀਂ ਪੀਣਗੇ! ਇਨ੍ਹਾਂ ਦਾ ਲੰਗਰ ਦੇਸੀ ਘਿਓ ਤੋਂ ਬਿਨਾਂ ਤਿਆਰ ਨਹੀਂ ਹੁੰਦਾ। ਜਦਕਿ ਆਮ ਕਿਰਤੀ ਸਿੱਖ ਕਿਥੋਂ ਦੇਸੀ ਘਿਓ ਦਾ ਲੰਗਰ ਤਿਆਰ ਕਰ ਸਕੇਗਾ? ਫੇਰ ਲੰਗਰ ਵਿੱਚ ਘਰ ਦਾ ਕੋਈ ਮੈਂਬਰ ਸੇਵਾ ਨਹੀਂ ਕਰ ਸਕਦਾ ਤੇ ਸੇਵਾ ਵੀ ਪਜਾਮਾ ਜਾਂ ਪੈਂਟ ਲਾਹ ਕੇ ਕਰਨੀ ਪੈਂਦੀ ਹੈ।
ਦਾਸ ਅਕਸਰ ਹੀ ਇਸ ਜਥੇ ਦੇ ਸਮਾਗਮਾਂ ਵਿੱਚ ਜਾਂਦਾ ਰਹਿੰਦਾ ਹੈ। ਪਿਛੇ ਜਿਹੇ ਮੇਰੇ ਇੱਕ ਦੋਸਤ ਦਾ ਅਨੰਦ ਕਾਰਜ ਇਸ ਜਥੇ ਨਾਲ ਸਬੰਧਤ ਬੀਬੀ ਨਾਲ ਹੋਇਆ। ਜਦੋਂ ਅਨੰਦ ਕਾਰਜ ਤੋਂ ਬਾਅਦ ਬੀਬੀ ਸਹੁਰੇ ਪਰਿਵਾਰ ਵਿੱਚ ਪਹੁੰਚੀ ਤਾਂ ਸੱਸ ਨੇ ਪਾਣੀ ਦਾ ਗਿਲਾਸ ਪੀਣ ਨੂੰ ਦਿਤਾ। ਪਰ ਬੀਬੀ ਨੇ ਪਾਣੀ ਪੀਣ ਤੋਂ ਨਾਂਹ ਕਰ ਦਿਤੀ। ਫਿਰ ਰੋਟੀ ਖਾਣ ਦੀ ਗੱਲ ਆਈ ਤਾਂ ਰੋਟੀ ਤੋਂ ਵੀ ਨਾਂਹ ਕਰ ਦਿਤੀ। ਅਗਲੇ ਦਿਨ ਘਰਦਿਆਂ ਨੂੰ ਪਤਾ ਲੱਗਾ ਕਿ ਬੀਬੀ ਜੀ ਨੇ ‘ਬਿਬੇਕ’ ਧਾਰਨ ਕੀਤਾ ਹੋਇਆ ਹੈ। ਇਸ ਬਿਬੇਕ ਨੇ ਆਉਣ ਸਾਰ ਹੀ ਬੀਬੀ ਤੋਂ ‘ਕਿਚਨ’ ਵੱਖਰਾ ਕਰਵਾਇਆ ਤੇ ਮਗਰੋਂ ਘਰ ਵਿੱਚ ਕਲੇਸ਼ ਪਵਾ ਦਿਤਾ ਤੇ ਫੇਰ ਘਰ ਵਿੱਚ ਭਾਂਡੇ ਵੀ ਖੜਕਣੇ ਸ਼ੁਰੂ ਹੋ ਗਏ? ਕੀ ਇਹ ਬਿਬੇਕ ਹੈ? ਕੀ ਗੁਰਮਤਿ ਅਜਿਹੇ ਕਿਸੇ ਬਿਬੇਕ ਨੂੰ ਕੋਈ ਮਾਨਤਾ ਦਿੰਦੀ ਹੈ?
ਦਰਅਸਲ ਅਸੀਂ ਗੁਰਮਤਿ ਤੋਂ ਕਾਫੀ ਦੂਰ ਜਾ ਚੁੱਕੇ ਹਾਂ। ਅਸੀਂ ‘ਬਿਬੇਕ’ ਸ਼ਬਦ ਨੂੰ ਸਮਝਣ ਤੋਂ ਬਿਨਾਂ ਹੀ ਇਸਨੂੰ ਧਾਰਨ ਦਾ ਦਾਅਵਾ ਕੀਤਾ ਹੋਇਆ ਹੈ। ਗੁਰਬਾਣੀ ਵਿੱਚ ਤਾਂ ‘ਬਿਬੇਕੀ’ ਸ਼ਬਦ ਵਿਚਾਰਵਾਨ ਮਨੁੱਖ ਲਈ ਵਰਤਿਆ ਗਿਆ ਹੈ ਤੇ ਇਹ ਬਿਬੇਕ ਬੁੱਧੀ ਦੀ ਬਖਸ਼ਿਸ਼ ਵੀ ਗੁਰੂ ਸਾਹਿਬ ਜੀ ਤੋਂ ਹੀ ਹੁੰਦੀ ਹੈ:
-ਬਿਬੇਕ ਬੁਧਿ ਸਤਿਗੁਰ ਤੇ ਪਾਈ
ਗੁਰ ਗਿਆਨੁ ਗੁਰੂ ਪ੍ਰਭ ਕੇਰਾ॥ (ਪੰਨਾ 711)

ਗੁਰਸਿੱਖ ਬਿਬੇਕ ਬੁੱਧੀ ਹਾਸਲ ਕਰਨ ਲਈ ਆਪਣੇ ਗੁਰੂ ਅੱਗੇ ਅਰਦਾਸ ਵੀ ਕਰਦਾ ਹੈ:
-ਪਿਆਰੇ ਇਨ ਬਿਧਿ ਮਿਲਣੁ ਨ ਜਾਈ
ਮੈ ਕੀਏ ਕਰਮ ਅਨੇਕਾ॥
ਹਾਰਿ ਪਰਿਓ ਸੁਆਮੀ ਕੈ ਦੁਆਰੈ
ਦੀਜੈ ਬੁਧਿ ਬਿਬੇਕਾ॥ (ਪੰਨਾ 641)

ਜਦਕਿ ਅਸੀਂ ਤਾਂ ਸਰਬਲੋਹ ਦੇ ਭਾਂਡੇ ਵਰਤਕੇ ਹੀ ‘ਬਿਬੇਕੀ’ ਹੋਣ ਦਾ ਦਾਅਵਾ ਕਰੀ ਜਾ ਰਹੇ ਹਾਂ! ਗੱਲ ਸਿਰਫ ਇਹ ਹੈ ਕਿ ਅਸੀਂ ਆਪਣੀਆਂ ਸਿਆਣਪਾਂ ਅਤੇ ਚਤੁਰਾਈਆਂ ਨੂੰ ਹੀ ਮੂਹਰੇ ਰੱਖਿਆ ਹੋਇਆ ਹੈ। ਜਦਕਿ ਇਸ ਸਬੰਧੀ ਗੁਰਬਾਣੀ ਦਾ ਸਪੱਸ਼ਟ ਫੈਸਲਾ ਹੈ:
-ਸਹਸ ਸਿਆਣਪਾ ਲਖ ਹੋਹਿ
ਤ ਇੱਕ ਨਾ ਚਲੈ ਨਾਲਿ॥ (ਜਪੁਜੀ ਸਾਹਿਬ)
-ਏ ਮਨ ਚੰਚਲਾ ਚਤੁਰਾਈ ਕਿਨੈ ਨ ਪਾਇਆ॥ (ਅਨੰਦ ਸਾਹਿਬ)

ਇਸ ਲਈ ਲੋੜ ਗੁਰਮਤਿ ਤੇ ਗੁਰਬਾਣੀ ਤੋਂ ਸੇਧ ਲੈ ਕੇ ਆਪਣੇ ਆਪ ਨੂੰ ਵਿਚਾਰਸ਼ੀਲ ਤੇ ਬਿਬੇਕਸ਼ੀਲ ਬਣਾਉਣ ਦੀ ਹੈ ਨਾ ਕਿ ਬਿਬੇਕੀ ਹੋਣ ਦਾ ਪਖੰਡ ਕਰਨ ਦੀ! ਬਿਬੇਕੀ ਹੋਣ ਦਾ ਸਬੰਧ ਬੁੱਧੀ ਨਾਲ ਹੈ, ਭਾਂਡਿਆਂ ਨਾਲ ਨਹੀਂ! ਜੀਵਨ ਦਾ ਹਰ ਪਲ ਕੀਮਤੀ ਹੈ; ਇਸ ਲਈ ਜੀਵਨ ਸਫਲ ਬਣਾਉਣ ਲਈ ਗੁਰਮਤਿ ਨੂੰ ਰੋਮ-ਰੋਮ ਵਿੱਚ ਵਸਾਉਣ ਦੀ ਲੋੜ ਹੈ। ਇਸ ਲਈ ਆਓ ਗੁਰੂ ਪਾਤਸ਼ਾਹ ਅੱਗੇ ਅਰਦਾਸ ਬੇਨਤੀ ਕਰੀਏ ਕਿ ਉਹ ਸਾਨੂੰ ਬਿਬੇਕਸ਼ੀਲ ਹੋਣ ਦੀ ਸੁਮੱਤ ਬਖਸ਼ਿਸ਼ ਕਰਨ ਤਾਂ ਕਿ ਸਾਨੂੰ ਗੁਰੂ ਦੀ ਮੱਤ ਅਨੁਸਾਰ ਸੁਚੱਜਾ ਜੀਵਨ ਜਿਊਣ ਦੀ ਸਹੀ ਜਾਚ ਆ ਜਾਵੇ!
***
-ਇਛਪਾਲ ਸਿੰਘ ਰਤਨ, ਨਵੀਂ ਦਿੱਲੀ # 093118-87100
(ਪ੍ਰੋ: ਗੁਰਮੁਖ ਸਿੰਘ ਐਜੁਕੇਸ਼ਨਲ ਸੁਸਾਇਟੀ – ਨਵੀਂ ਦਿੱਲੀ)
.