.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਬਾਂਸੁ ਸੁਗੰਧੁ ਨ ਹੋਇ

ਪੰਜਾਬੀ ਵਾਲੇ ਅਧਿਆਪਕ ਨੇ ਕਿਹਾ, ਕਿ ‘ਪਿਆਰੇ ਬੱਚਿਓ! ਅੱਜ ਤੁਹਾਡਾ ਸਿਲੇਬਸ ਖਤਮ ਹੁੰਦਾ ਹੈ, ਹੁਣ ਅਸੀਂ ਦੁਰਾਈ ਕਰਨ ਲਈ ਲਿਖਤੀ ਟੈਸਟ ਤੇ ਜ਼ਬਾਨੀ ਸੁਣਨ ਦਾ ਅਭਿਆਸ ਸ਼ੁਰੂ ਕਰਾਂਗੇ’। ਦੀਸ਼ੇ ਨੇ ਕਦੇ ਵੀ ਪੰਜਾਬੀ ਵਾਲੇ ਅਧਿਆਪਕ ਦਾ ਧਿਆਨ ਨਾਲ ਪੀਰਅਡ ਨਹੀਂ ਲਗਾਇਆ ਸੀ। ਸਗੋਂ ਵੱਧ ਤੋਂ ਵੱਧ ਅਧਿਆਪਕ ਨੂੰ ਸਤਾਉਣ ਵਿੱਚ ਹੀ ਲੱਗਾ ਰਹਿੰਦਾ ਸੀ। ਜਮਾਤ ਵਿੱਚ ਖੜਾ ਹੋ ਕੇ ਕਹਿਣ ਲੱਗਾ, ‘ਮਾਸਟਰ ਜੀ! ਇਹ ਸਿਲੇਬਸ ਸ਼ੁਰੂ ਕਦੋਂ ਕੀਤਾ ਸੀ ਜਿਹੜਾ ਸਮਾਪਤ ਹੋ ਗਿਆ ਹੈ’। ਜਮਾਤ ਵਿੱਚ ਹਾਸਾ ਪੈ ਗਿਆ। ਅਧਿਆਪਕ ਨੇ ਆਪਣਾ ਫ਼ਰਜ਼ ਸਮਝਦਿਆਂ ਸਾਨੂੰ ਸਾਰਿਆਂ ਨੂੰ ਆਪਣੀ ਵਿਤ ਮੁਤਾਬਕ ਅਕਲ ਦੇਣ ਦਾ ਯਤਨ ਕੀਤਾ। ਉਹਨਾਂ ਨੇ ਕਿਹਾ, ‘ਬੱਚਿਓ! ਦੁਨੀਆਂ ਦੇ ਖੇਤਰ ਵਿੱਚ ਜਾ ਕੇ ਤੁਸੀਂ ਪੈਸਾ ਤਾਂ ਜ਼ਰੂਰ ਕਮਾ ਸਕਦੇ ਹੋ ਪਰ ਜੇ ਤੁਆਨੂੰ ਸੰਸਾਰ ਵਿੱਚ ਵਿਚਰਨ ਦਾ ਸਲੀਕਾ ਨਾ ਆਇਆ ਤਾਂ ਤੁਸੀਂ ਆਪਣੇ ਜੀਵਨ ਤੇ ਸਮਾਜ ਨਾਲ ਇਨਸਾਫ਼ ਨਹੀਂ ਕਰ ਰਹੇ ਹੋਵੋਗੇ’। ਦੀਸ਼ੇ ਨੇ ਜਵਾਨੀ ਵਿੱਚ ਪੈਰ ਰੱਖਦਿਆਂ ਹੀ ਪੁਲੀਸ ਦੀਆਂ ਵਾਰੀ ਵਾਰੀ ਸਾਰੀਆਂ ਜਮਾਤਾਂ ਪਾਸ ਕਰਨੀਆਂ ਸ਼ੁਰੂ ਕਰ ਦਿੱਤੀਆਂ। ਅੱਜ ਕਲ੍ਹ ਧੜ੍ਹਲੇਦਾਰ ਲੀਡਰ ਤਾਂ ਜ਼ਰੂਰ ਹੈ ਪਰ ਮਨੁੱਖਤਾ ਵਾਲੀ ਸੁਗੰਧੀ ਸ਼ਾਇਦ ਹੀ ਦੀਸ਼ੇ ਦੇ ਸੁਭਾਅ ਵਿੱਚ ਹੋਵੇ। ਨਜੈਜ ਕਬਜ਼ੇ ਕਰਨੇ ਜਾਂ ਕਰਾਉਣੇ, ਪੁਲੀਸ ਨੂੰ ਬੰਦਾ ਫੜਾਉਣਾ ਜਾਂ ਛਡਾਉਣ ਉਹਦੀ ਲੀਡਰੀ ਦਾ ਇੱਕ ਅੰਗ ਬਣ ਚੁੱਕਿਆ ਹੈ। ਸਾਂਝੀ ਪਾਰਕ ਵਿੱਚ ਉਹਦੇ ਬੱਚਿਆਂ ਤੇ ਉਹਦੇ ਜੋਟੀਦਾਰ ਬੱਚਿਆਂ ਵਲੋਂ ਕ੍ਰਿਕਟ ਖੇਡਣਾ ਉਹਨਾਂ ਦਾ ਬੁਨਿਆਦੀ ਹੱਕ ਹੈ। ਖੂਬਸੂਰਤ ਪਾਰਕ ਵਿੱਚ ਤੜਕੇ ਆਈ ਪ੍ਰਭਾਤ ਫੇਰੀ ਨੂੰ ਚਾਹ ਪਿਲਾ ਕੇ ਪੂਰਾ ਗੰਦ ਪਾਉਣ ਨੂੰ ਉਹ ਸਭ ਤੋਂ ਵੱਧ ਧਰਮ ਕਰਮ ਸਮਝਦਾ ਹੈ। ਇਸ ਪਬਲਿਕ ਪਾਰਕ ਵਿੱਚ ਜਲਸਾ ਕਰਨਾ ਉਹ ਕਦੇ ਵੀ ਨਹੀਂ ਭੁੱਲਦਾ।
ਚੰਗੀਆਂ ਥਾਵਾਂ `ਤੇ ਚੰਗੇ ਮੌਕੇ ਮਿਲਣ `ਤੇ ਵੀ ਮਨੁੱਖ ਕਈ ਵਾਰੀ ਲਾਭ ਨਹੀਂ ਲੈ ਸਕਦਾ ਕਿਉਂਕਿ ਮਨ ਹੰਕਾਰ ਨਾਲ ਭਰਿਆ ਪਿਆ ਹੈ। ਮਨੁੱਖੀ ਭਾਈ ਚਾਰੇ ਦੇ ਖਾਨੇ ਵਿੱਚ ਗੱਲ ਪਾਉਂਦਿਆਂ ਕਬੀਰ ਸਾਹਿਬ ਜੀ ਬਾਂਸ ਦੀ ਉਦਾਹਰਣ ਦੇ ਕੇ ਸਮਝਾ ਰਹੇ ਹਨ---
ਕਬੀਰ ਬਾਂਸੁ ਬਡਾਈ ਬੂਡਿਆ, ਇਉ ਮਤ ਡੂਬਹੁ ਕੋਇ॥
ਚੰਦਨ ਕੈ ਨਿਕਟੇ ਬਸੈ, ਬਾਂਸੁ ਸੁਗੰਧੁ ਨ ਹੋਇ॥ 12॥
ਸਲੋਕ ਕਬੀਰ ਜੀ ਪੰਨਾ ੧੩੬੫

ਬਾਂਸ ਆਪਣੀ ਲੰਬਾਈ ਦੇ ਹੰਕਾਰ ਵਿੱਚ ਡੁੱਬਿਆ ਪਿਆ ਹੋਣ ਕਰਕੇ ਕਦੇ ਵੀ ਚੰਦਨ ਦੀ ਸੁਗੰਧੀ ਨਹੀਂ ਲੈ ਸਕਦਾ। ਦੂਸਰਾ ਬਾਂਸ ਅੰਦਰੋਂ ਖਾਲੀ ਹੋਣ ਕਰਕੇ ਖਾਲੀ ਹੀ ਰਹਿੰਦਾ ਹੈ। ਬਾਂਸ ਨੂੰ ਭਾਵੇਂ ਬਿਲਕੁਲ ਹੀ ਪਤਾ ਨਾ ਹੋਵੇ, ਕਿ ਮੇਰੀ ਇਸ ਕਮੀ ਤੇ ਵਿਅੰਗ ਕਸਿਆ ਜਾ ਰਿਹਾ ਹੈ, ਕਿ ਮੈਂ ਚੰਦਨ ਦੀ ਸੁਗੰਧੀ ਦਾ ਅਨੰਦ ਨਹੀਂ ਮਾਣ ਰਿਹਾ ਹਾਂ। ਉਹਨੂੰ ਤੇ ਇਹ ਵੀ ਨਹੀਂ ਪਤਾ ਕਿ ਲੋਕਾਂ ਵਲੋਂ ਮੇਰੇ ਅੰਦਰਲੇ ਖਾਲੀਪਨ ਦੀਆਂ ਉਦਾਹਰਣਾਂ ਦਿੱਤੀਆਂ ਜਾ ਰਹੀਆਂ ਹਨ। ਤੇਜ਼ ਹਨੇਰੀਆਂ ਜਦੋਂ ਆਉਂਦੀਆਂ ਹਨ ਤਾਂ ਬਾਂਸ ਆਪਸ ਵਿੱਚ ਘਸਰਨ ਕਰਕੇ ਆਪਣੇ ਆਪ ਨੂੰ ਅੱਗ ਵੀ ਲਗਾ ਲੈਂਦੇ ਹਨ। ਬਾਂਸ ਦੇ ਇਸ ਕੁਲਘਾਤਕ ਔਗੁਣ ਨੂੰ ਤੋਂ ਵੀ ਸਾਨੂੰ ਸਿੱਖਿਆ ਮਿਲਦੀ ਹੈ ਕਿ ਅਸੀਂ ਕੁਲਘਾਤਕ ਜਾਂ ਕੌਮੀਘਾਤਕ ਨਾ ਹੋਈਏ।
ਇਕ ਵਿਚਾਰ ਪਰਤੱਖ ਨਜ਼ਰ ਆਉਂਦਾ ਹੈ ਕਿ ਜੇ ਗੁਣ ਵਾਲੇ ਇਨਸਾਨ ਪਾਸ ਬੈਠਕੇ ਵੀ ਗੁਣ ਨਹੀਂ ਲਿਆ ਜਾ ਰਿਹਾ ਤਾਂ ਨੁਕਸ ਸਾਡੇ ਵਿੱਚ ਹੈ। ਗੁਰਦੁਆਰਿਆਂ ਵਿੱਚ ਰੋਜ਼ਮਰਾ ਦੀ ਜ਼ਿੰਦਗੀ ਨੂੰ ਦੇਖਿਆ ਜਾਏ ਤਾਂ ਪ੍ਰਬੰਧਕ ਕਮੇਟੀ ਵਿੱਚ ਆਉਣ ਲਈ ਅੱਡੀ ਚੋਟੀ ਦਾ ਜ਼ੋਰ ਲੱਗ ਜਾਂਦਾ ਹੈ ਪਰ ਜਿਉਂ ਹੀ ਪ੍ਰਬੰਧਕੀ ਢਾਂਚੇ ਵਿੱਚ ਫਿੱਟ ਹੋ ਗਏ ਫਿਰ ਕਦੇ ਵੀ ਗੁਰਦੁਆਰੇ ਦੀ ਹਾਜ਼ਰੀ ਨਹੀਂ ਭਰੀ ਨਾ ਹੀ ਇਹ ਦੇਖਣ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਕੋਈ ਪਰਚਾਰਕ ਕੀ ਬੋਲ ਰਿਹਾ ਹੈ।
ਕਨੇਡਾ, ਸ੍ਰ. ਰਘਬੀਰ ਸਿੰਘ ਜੀ ‘ਸਮੱਗ’ ਹੁਰਾਂ ਨਾਲ ਟੀ ਵੀ ਤੇ ਗੁਰਬਾਣੀ ਵਿਚਾਰ ਸੁਣ ਕੇ ਮੇਰੇ ਪੁਰਾਣੇ ਦੋਸਤਾਂ ਤੇ ਪੜ੍ਹ ਚੁੱਕੇ ਵਿਦਿਆਰਥੀਆਂ ਦੇ ਬਹੁਤ ਸਾਰੇ ਟੈਲੀਫੂਨ ਆਏ। ਕਈਆਂ ਵਿਦਿਆਰਥੀਆਂ ਦੇ ਦੱਸਣ `ਤੇ ਹੀ ਪਤਾ ਲੱਗਿਆ ਕਿ ਪਿੱਛਲੇ ਲੰਬੇ ਸਮੇਂ ਤੋਂ ਕਨੇਡਾ ਵਿੱਚ ਸੈਟਲ ਹਨ। ਉਹਨਾਂ ਵਿਚੋਂ ਇੱਕ ਪੱਚੀ ਸਾਲ ਪੁਰਾਣੇ ਦੋਸਤ ਦਾ ਟੈਲੀਫੂਨ ਆਇਆ ਜੋ ਉਹਨਾਂ ਨੇ ਹੱਡ ਬੀਤੀਆਂ ਜਾਂ ਵਾਪਰ ਰਹੀਆਂ ਘਟਨਾਵਾਂ ਸੁਣਾਈਆਂ। ਜੋ ਬਹੁਤੀਆਂ ਹੈਰਾਨ ਕਰਨ ਵਾਲੀਆਂ ਨਹੀਂ ਸਨ ਪਰ ਸੋਚਣ ਲਈ ਮਜ਼ਬੂਰ ਜ਼ਰੂਰ ਕਰਦੀਆਂ ਹਨ। ਕਹਿੰਦੇ ਭਾਅ ਜੀ ਗੁਰਦੁਆਰੇ ਦੀਆਂ ਦੋਨਾਂ ਕਮੇਟੀਆਂ ਨੇ ਡੇੜ ਡੇੜ ਲੱਖ ਵਕੀਲਾਂ ਦੀ ਝੋਲ਼ੀ ਵਿੱਚ ਪਾਇਆ ਹੈ। ਉਸ ਵੀਰ ਨੇ ਕਿਹਾ ਕਿ ਭਾਅ ਜੀ ਮੈਂ ਤੇ ਇਹੀ ਕਹਾਂਗਾ ਕਿ ਇਹ ਸਾਰੇ ਬਾਂਸ ਵਰਗੇ ਹਨ। ਮੈਨੂੰ ਇਹਨਾਂ ਦੇ ਜੀਵਨ ਵਿਚੋਂ ਬਾਂਸ ਦੀਆਂ ਤਿੰਨਾਂ ਗੱਲਾਂ ਪ੍ਰਤੱਖ ਦਿਸ ਦੀਆਂ ਹਨ। ਪਹਿਲੀ ਗੱਲ ਕੇ ਹੰਕਾਰ ਨਾਲ ਨੱਕੋ ਨੱਕ ਭਰ ਪਏ ਹਨ ਕਿ ਅਸੀਂ ਕਿਸੇ ਨਾਲੋਂ ਘੱਟ ਨਹੀਂ ਹਾਂ। ਦੂਜਾ ਅੰਮ੍ਰਿਤਧਾਰੀ ਤਾਂ ਜ਼ਰੂਰ ਹਨ ਜਦੋਂ ਗਾਲੀ ਗਲੋਚ ਤੇ ਉੱਤਰਦੇ ਹਨ ਮੈਂ ਕਹਿੰਦਾ ਹਾਂ ਇਹ ਅੰਦਰੋਂ ਵੀ ਖਾਲੀ ਹਨ। ਤੀਜਾ ਕੌਮੀ ਸਰਮਾਏ ਨੂੰ ਅਦਾਲਤਾਂ ਵਿੱਚ ਉਜਾੜ ਰਹੇ ਹਨ ਜਿਸ ਨਾਲ ਇੱਕ ਮਿਸ਼ਨਰੀ ਕਾਲਜ ਚਲਾਇਆ ਜਾ ਸਕਦਾ ਹੈ ਇਸ ਲਈ ਇਹ ਕੌਮਘਾਤਕ ਵੀ ਹਨ।
ਕਬੀਰ ਸਾਹਿਬ ਜੀ ਨੇ ਬਾਂਸ ਦਾ ਇੱਕ ਪ੍ਰਮਾਣ ਦੇ ਕੇ ਮਨੁੱਖ ਨੂੰ ਸਮਝਾਇਆ ਹੈ ਕਿ ਬੰਦਿਆ ਮਾਣ ਵਿੱਚ ਡੁੱਬਿਆਂ ਜਿਥੇ ਅੰਦਰੋਂ ਖਾਲੀ ਰਹੀਦਾ ਹੈ ਓੱਥੇ ਅਸੀਂ ਆਪਣੇ ਆਪ ਵਿੱਚ ਵੀ ਸੜਦੇ ਹਾਂ ਤੇ ਇਸ ਸੇਕ ਨਾਲ ਹੋਰਨਾਂ ਨੂੰ ਵੀ ਲੂੰਹਦੇ ਹਾਂ। ਗੁਰੂ ਜੀ ਦੇ ਉਪਦੇਸ਼ ਦੀ ਸੁਗੰਧੀ ਹਰ ਵੇਲੇ ਤਰੋ-ਤਾਜ਼ਾ ਹੈ ਪਰ ਅਸੀਂ ਈਰਖਾ ਤੇ ਹਉਮੇ ਭਾਵ ਵਿੱਚ ਗ੍ਰਸੇ ਹੋਣ ਕਰਕੇ ਚਿੰਤਾ ਦੀ ਅੱਗ ਵਿੱਚ ਸੜ ਰਹੇ ਹਾਂ---
ਮਨਮੁਖੁ ਅਹੰਕਾਰੀ ਮਹਲੁ ਨ ਜਾਣੈ ਖਿਨੁ ਆਗੈ ਖਿਨੁ ਪੀਛੈ॥
ਸਦਾ ਬੁਝਾਈਐ ਮਹਲਿ ਨ ਆਵੈ ਕਿਉ ਕਰਿ ਦਰਗਹ ਸੀਝੈ॥
ਸਲੋਕ ਮ: ੩ ਪੰਨਾ ੩੧੪
.