.

ਨਾ ਤੂ ਆਵਹਿ ਵਸਿ

ਨਾ ਤੂ ਆਵਹਿ ਵਸਿ ਬਹੁਤੁ ਘਿਣਾਵਣੇ॥
ਨਾ ਤੂ ਆਵਹਿ ਵਸਿ ਬੇਦ ਪੜਾਵਣੇ॥
ਨਾ ਤੂ ਆਵਹਿ ਵਸਿ ਤੀਰਥਿ ਨਾਈਐ॥
ਨਾ ਤੂ ਆਵਹਿ ਵਸਿ ਧਰਤੀ ਧਾਈਐ॥
ਨਾ ਤੂ ਆਵਹਿ ਵਸਿ ਕਿਤੈ ਸਿਆਣਪੈ॥
ਨਾ ਤੂ ਆਵਹਿ ਵਸਿ ਬਹੁਤਾ ਦਾਨੁ ਦੇ॥
ਸਭੁ ਕੋ ਤੇਰੈ ਵਸਿ ਅਗਮ ਅਗੋਚਰਾ॥
ਤੂ ਭਗਤਾ ਕੈ ਵਸਿ ਭਗਤਾ ਤਾਣੁ ਤੇਰਾ॥ 10॥
ਗੁਰੂ ਗ੍ਰੰਥ ਸਾਹਿਬ, ਪੰਨਾ 962

ਸਾਰਾ ਸ਼ਬਦ ਬਹੁਤ ਸਪਸ਼ਟ ਹੈ ਅਤੇ ਬਹੁਤ ਹੀ ਸਰਲ ਹੈ। “ਨਾ ਤੂ ਆਵਹਿ ਵਸਿ ਬਹੁਤਾ ਦਾਨੁ ਦੇ” ਵਾਲੀ ਪੰਗਤੀ ਬਲਿ ਰਾਜੇ ਦੇ ਦਾਨ ਦੇਣ ਵਾਲੀ ਕਹਾਣੀ ਨੂੰ ਰੱਦ ਕਰਦੀ ਹੈ।
ਸਭੁ ਕੋ ਤੇਰੈ ਵਸਿ ਅਗਮ ਅਗੋਚਰਾ॥
ਤੂ ਭਗਤਾ ਕੈ ਵਸਿ ਭਗਤਾ ਤਾਣੁ ਤੇਰਾ॥ 10॥
ਗੁਰੂ ਗ੍ਰੰਥ ਸਾਹਿਬ, ਪੰਨਾ 962
ਪਦ ਅਰਥ
ਸਭੁ – ਸਾਰੀ ਕਾਇਨਾਤ, ਸ੍ਰਿਸ਼ਟੀ
ਤੇਰੈ ਵਸਿ – ਤੇਰੇ ਆਪਣੇ ਵਸਿ ਵਿੱਚ ਹੈ
ਅਗਮ ਅਗੋਚਰਾ – ਕਿਸੇ ਦੇ ਵਸਿ ਵਿੱਚ ਨਾਂ ਆਉਣ ਵਾਲਾ ਵਾਹਿਗੁਰੂ
ਤੂ ਭਗਤਾ – ਤੂ ਆਪਣੀ ਵਡਿਆਈ ਆਪ ਜਾਨਣ ਵਾਲਾ ਹੈ
ਕੈ – (ਫ਼ਾਰਸੀ ਦਾ ਸ਼ਬਦ ਹੈ) ਸ਼ਾਨ ਵਾਲਾ ਬਾਦਸ਼ਾਹ, ਉਹ ਬਾਦਸ਼ਾਹ ਜੋ ਸਮਕਾਲੀ ਬਾਦਸ਼ਾਹ ਤੋਂ ਉੱਪਰ ਸਰਵ ਸਰੇਸ਼ਠ ਹੋਵੇ, ਪਾਕ, ਪਵਿੱਤਰ (ਪੰਜਾਬੀ ਫ਼ਾਰਸੀ ਕੋਸ਼, ਪੰਨਾ 573)
ਸੋ ਇਥੇ ਕੈ ਦੇ ਅਰਥ ਪਾਕ ਪਵਿਤਰ ਸਰਵ ਸਰੇਸ਼ਠ ਪ੍ਰਮਾਤਮਾ ਲੈਣੇ ਹਨ।
ਤਾਣੁ – ਸਮਰੱਥਾ (ਮਹਾਨ ਕੋਸ਼)
ਅਰਥ
ਸਾਰੀ ਦੀ ਸਾਰੀ ਸ੍ਰਿਸਟੀ ਤੇਰੇ ਵਸਿ ਵਿੱਚ ਹੈ। ਤੂੰ ਆਪ ਅਗਮ ਅਗੋਚਰ ਹੈਂ, ਅਤੇ ਕਿਸੇ ਦੇ ਵਸਿ ਵਿੱਚ ਆਉਣ ਵਾਲਾ ਨਹੀਂ ਹੈਂ। ਤੂੰ ਆਪਣੀ ਵਡਿਆਈ ਆਪ ਜਾਨਣ ਵਾਲਾ ਹੈਂ, ਕਿਉਂਕਿ ਤੂੰ ਸਰਵ ਸਰੇਸ਼ਠ ਹੈਂ। ਤੈਨੂੰ ਕੋਈ ਕਿਵੇਂ ਵਸਿ ਕਰ ਸਕਦਾ ਹੈ?
ਤੂੰ ਆਪਣਾ ਭਗਤਾ ਆਪ ਹੈਂ। ਤੈਨੂੰ ਤੇਰੀ ਸਮਰੱਥਾ ਦਾ ਆਪ ਹੀ ਪਤਾ ਹੈ। ਤੇਰਾ ਕੋਈ ਅੰਤ ਨਹੀਂ ਪਾ ਸਕਦਾ। ਤੈਨੂੰ ਕੋਈ ਵੱਸ ਨਹੀਂ ਕਰ ਸਕਦਾ, ਕਿਉਂਕਿ ਤੇਰੇ ਤੋਂ ਵੱਡਾ ਹੋਰ ਕੋਈ ਹੈ ਹੀ ਨਹੀਂ।
ਆਪੇ ਭਗਤਾ ਆਪਿ ਸੁਆਮੀ ਆਪਨ ਸੰਗਿ ਰਤਾ॥
ਨਾਨਕ ਕੋ ਪ੍ਰਭੁ ਪੂਰਿ ਰਹਿਓ ਹੈ ਪੇਖਿਓ ਜਤ੍ਰ ਕਤਾ॥ 2॥ 2॥ 11॥
ਗੁਰੂ ਗ੍ਰੰਥ ਸਾਹਿਬ, ਪੰਨਾ 498

ਸੋ ਗੁਰਬਾਣੀ ਦਾ ਫ਼ੈਸਲਾ ਹੈ ਕਿ ਉਹ ਆਪਣਾ ਭਗਤਾ ਵੀ ਆਪ ਹੀ ਹੈ, ਆਪਣਾ ਸੁਆਮੀ ਵੀ ਆਪ ਹੈ ਅਤੇ ਉਸ ਤੋਂ ਉੱਪਰ ਹੋਰ ਕੋਈ ਉਸਦਾ ਸੁਆਮੀ ਨਹੀਂ ਹੈ। ਉਹ ਆਪਣੇ ਰੰਗ ਵਿੱਚ ਆਪ ਹੀ ਰੰਗਿਆ ਹੈ ਕਿਉਂਕਿ ਉਸ ਤੋਂ ਉੱਪਰ ਹੋਰ ਕੋਈ ਹੈ ਹੀ ਨਹੀਂ। ਉਹ ਆਪਣੇ ਰੰਗ ਵਿੱਚ ਹੀ ਰੱਤਾ ਹੈ; ਕਿਸੇ ਦੇ ਰੰਗ ਵਿੱਚ ਨਹੀਂ ਰੱਤਾ। ਇਸ ਕਰਕੇ ਉਹ ਆਪਣੇ ਵਸਿ ਵਿੱਚ ਆਪ ਹੀ ਹੈ ਅਤੇ ਕਿਸੇ ਦੇ ਵਸਿ ਵਿੱਚ ਨਹੀਂ। ਉਸ ਨੂੰ ਕਿਸੇ ਦੀ ਮੁਥਾਜੀ ਨਹੀਂ ਕਰਨੀ ਪੈਂਦੀ।
ਅੱਗੇ ਵਿਸ਼ਾ ਤੋਰਨ ਤੋਂ ਪਹਿਲਾਂ - ਇਹ ਸੋਚਣੀ ਕਿ ਉਹ ਵਸਿ ਵਿੱਚ ਆ ਜਾਂਦਾ ਹੈ, ਵਿੱਚੋਂ ਨਿਕਲਣ ਵਾਸਤੇ ਇਸ ਸ਼ਬਦ ਉੱਪਰ ਵੀ ਸਹੀ ਵਿਆਖਿਆ ਕਰਨੀ ਬਣਦੀ ਹੈ।
ਮੇਰੀ ਬਾਂਧੀ ਭਗਤੁ ਛਡਾਵੈ
ਮੇਰੀ ਬਾਂਧੀ ਭਗਤੁ ਛਡਾਵੈ ਬਾਂਧੈ ਭਗਤੁ ਨ ਛੂਟੈ ਮੋਹਿ॥
ਏਕ ਸਮੈ ਮੋ ਕਉ ਗਹਿ ਬਾਂਧੈ ਤਉ ਫੁਨਿ ਮੋ ਪੈ ਜਬਾਬੁ ਨ ਹੋਇ॥ 1॥
ਮੈ ਗੁਨ ਬੰਧ ਸਗਲ ਕੀ ਜੀਵਨਿ ਮੇਰੀ ਜੀਵਨਿ ਮੇਰੇ ਦਾਸ॥
ਨਾਮਦੇਵ ਜਾ ਕੇ ਜੀਅ ਐਸੀ ਤੈਸੋ ਤਾ ਕੈ ਪ੍ਰੇਮ ਪ੍ਰਗਾਸ॥ 2॥ 3॥
ਗੁਰੂ ਗ੍ਰੰਥ ਸਾਹਿਬ, ਪੰਨਾ 1252 – 1253

ਸਭ ਤੋਂ ਪਹਿਲਾਂ ਆਪਾਂ ਇਸ ਸ਼ਬਦ ਅੰਦਰ ਜੋ ਮੇਰੀ ਬਾਂਧੀ ਹੈ, ਉਸ ਉੱਪਰ ਵੀਚਾਰ ਕਰੀਏ। ਇਹ ਸ਼ਬਦ ਸ਼੍ਰੋਮਣੀ ਭਗਤ ਨਾਮਦੇਵ ਜੀ ਵਲੋਂ ਉਚਾਰਣ ਹੈ। ਸਮਝਣ ਦੀ ਲੋੜ ਹੈ ਕਿ ਨਾਮਦੇਵ ਜੀ ਦਾ ਕਹਿਣ ਦਾ ਕੀ ਭਾਵ ਹੈ, ਕਿ “ਮੇਰੀ ਬਾਂਧੀ ਭਗਤੁ ਛਡਾਵੈ”।
ਕਬੀਰ ਜੀ ਨੇ ਵੀ ਰਾਗ ਗਉੜੀ ਅੰਦਰ ਸਪਸ਼ਟ ਕੀਤਾ ਹੈ ਕਿ ਬਾਂਧੀ ਕੀ ਹੈ ਅਤੇ ਕਿਵੇਂ ਟੁੱਟਦੀ ਹੈ।
ਦੇਖੌ ਭਾਈ ਗ੍ਯ੍ਯਾਨ ਕੀ ਆਈ ਆਂਧੀ॥
ਸਭੈ ਉਡਾਨੀ ਭ੍ਰਮ ਕੀ ਟਾਟੀ ਰਹੈ ਨ ਮਾਇਆ ਬਾਂਧੀ॥ 1॥
ਗੁਰੂ ਗ੍ਰੰਥ ਸਾਹਿਬ, ਪੰਨਾ 331
ਹੇ ਭਾਈ ਦੇਖੋ ਗਿਆਨ ਦੀ ਕੈਸੀ ਤੇਜ਼ ਹਵਾ ਆਈ ਹੈ। ਭਰਮ ਦੇ ਜੋ ਸਾਰੇ ਛੱਪਰ ਸਨ, ਉਹ ਉੱਡ ਗਏ ਹਨ। ਹੁਣ ਮਾਇਆ ਦਾ ਬੰਧਨ ਰਿਹਾ ਹੀ ਕੋਈ ਨਹੀਂ।
ਇਹ ਗੱਲ ਭਗਤ ਨਾਮਦੇਵ ਜੀ ਮੈਂ, ਮੇਰੀ ਵਾਲੇ ਬੰਧਨ ਦੀ ਕਰ ਰਹੇ ਹਨ। ‘ਭਗਤੁ ਛਡਾਵੈ’ ਭਾਵ ਬੰਦਗੀ ਰਾਹੀਂ ਛੁੱਟ ਗਿਆ ਹੈ ਅਤੇ ਹੁਣ ਗਿਆਨ ਦੇ ਬੰਧਨ ਵਿੱਚ ਬੱਝ ਗਿਆ ਹਾਂ। ਹੁਣ ਅਗਿਆਨਤਾ ਆਪਣਾ ਪ੍ਰਭਾਵ ਪਾ ਹੀ ਨਹੀਂ ਸਕਦੀ।
ਨੋਟ – ਗਿਆਨ ਅਗਿਆਨਤਾ ਤੋਂ ਛੁਡਾ ਸਕਦਾ ਹੈ ਅਤੇ ਮੁੜ ਕੇ ਅਗਿਆਨਤਾ ਗਿਆਨ ਤੋਂ ਨਹੀਂ ਛੁਡਾ ਸਕਦੀ ਭਾਵ ਗਿਆਨ ਦੇ ਮੋਹ ਤੋਂ ਅਗਿਆਨਤਾ ਦਾ ਮੋਹ ਨਹੀਂ ਛੁਡਾ ਸਕਦਾ। ਅਗਿਆਨਤਾ ਦੇ ਮੋਹ ਤੋਂ ਗਿਆਨ ਛੁਡਾ ਸਕਦਾ ਹੈ।
ਸੰਡੈ ਮਰਕੈ ਕੀਈ ਪੂਕਾਰ॥ ਸਭੇ ਦੈਤ ਰਹੇ ਝਖ ਮਾਰਿ॥
ਗੁਰੂ ਗ੍ਰੰਥ ਸਾਹਿਬ, ਪੰਨਾ 1154

ਪ੍ਰਹਿਲਾਦ ਵਰਗੇ ਗਿਆਨਵਾਨ ਪੁਰਸ਼ ਉੱਪਰ ਅਗਿਆਨੀਆਂ, ਕਰਮਕਾਂਡੀਆਂ, ਦੀਆਂ ਫੋਕੀਆਂ ਦਲੀਲਾਂ ਝੱਖ ਮਾਰਨ ਦੇ ਬਰਾਬਰ ਹਨ।
ਭਗਤ ਹੇਤਿ ਮਾਰਿਓ ਹਰਨਾਖਸੁ
ਗੁਰੂ ਗ੍ਰੰਥ ਸਾਹਿਬ, ਪੰਨਾ 1105
ਉਪਰ ਵਾਲਾ ਸਾਰਾ ਸ਼ਬਦ ਗਹੁ ਨਾਲ ਵੀਚਾਰੀਏ ਤਾਂ ਗੁਰਮਤਿ ਦੀ ਸ਼ਬਦ ਅੰਦਰੋਂ ਸਮਝ ਪੈਂਦੀ ਹੈ।

ਬਲਦੇਵ ਸਿੰਘ ਟੋਰਾਂਟੋ
.