.

(ਸਿੱਖ ਭਰਾਵੋ ਆਓ ਵੱਡੀ ਲਕੀਰ ਖਿੱਚੀਏ)

ਦਸੰਬਰ 2009 ਦੇ ਮਹੀਨੇ ਦੇ ਸ਼ੁਰੂ ਵਿੱਚ ਪੰਜਾਬ ਦੇ ਲੁਧਿਆਣੇ ਸ਼ਹਿਰ ਅੰਦਰ ਜੋ ਵਾਪਰਿਆ ਉਸ ਨੇ ਪੰਜਾਬ ਦੀ ਅਕਾਲੀ ਸਰਕਾਰ ਨੂੰ ਕਟਿਹਰੇ ਵਿੱਚ ਖੜਾ ਕਰ ਦਿੱਤਾ ਹੈ। 4 ਤਰੀਖ ਦਿਨ ਸ਼ੁੱਕਰਵਾਰ ਨੂੰ ਲੁਧਿਆਣਾ ਦੇ ਢੰਡਾਰੀ ਕਲ੍ਹਾਂ ਵਿਖੇ ਯੂ ਪੀ ਦੇ ਪ੍ਰਵਾਸੀ ਮਜਦੂਰਾਂ ਵੱਲੋ ਜੋ ਹੈਵਾਨੀਅਤ ਦਾ ਨੰਗਾ ਨਾਚ ਕੀਤਾ ਗਿਆ ਜਿਸ ਵਿੱਚ ਸਰਕਾਰੀ ਅਤੇ ਗੈਰ ਸਰਕਾਰੀ ਵਾਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ, ਘਰਾਂ ਤੋ ਬਾਹਰ ਕੰਮ ਕਾਰ ਲਈ ਨਿਕਲੇ ਪੰਜਾਬੀਆਂ ਅਤੇ ਸਕੂਲ ਕਾਲਜ ਵਿੱਚ ਪੜਨ ਵਾਲੇ ਲੜਕੇ ਲੜਕੀਆਂ ਨਾਲ ਬਿਹਾਰੀਆਂ ਨੇ ਬੜਾ ਮਾੜਾ ਸਲੂਕ ਕੀਤਾ। ਪੰਜਾਬ ਪੁਲਿਸ ਇਸ ਵੇਲੇ ਬਿਹਾਰੀਆਂ ਨੂੰ ਕੰਟਰੋਲ ਕਰਨ ਵਿੱਚ ਅਸਮਰੱਥ ਦਿਖਾਈ ਦੇ ਰਹੀ ਸੀ। ਜੇਕਰ ਲਾਗਲੇ ਪਿੰਡਾਂ ਦੇ ਨੌਜਵਾਨ ਇਨ੍ਹਾਂ ਭੂਤਰੇ ਬਿਹਾਰੀ ਭਈਆਂ ਨੂੰ ਕਾਬੂ ਨਾ ਕਰਦੇ ਤਾਂ ਇਨ੍ਹਾਂ ਨੇ ਸੈਂਕੜੇ ਪੁਲਿਸ ਵਾਲਿਆਂ ਨੂੰ ਵੀ ਮਾਰ ਮੁਕਾਣਾ ਸੀ। ਇਸ ਤੋਂ ਅਗਲੇ ਦਿਨ ਜਦੋਂ ਸਿੱਖ ਜੱਥੇਬੰਦੀਆਂ ਆਸ਼ੂਤੋਸ਼ ਨੂਰਮਹਿਲੀਏ ਦਾ ਸਮਾਗਮ ਰੁਕਵਾਉਣ ਲਈ ਅੱਗੇ ਆਈਆਂ ਤਾਂ ਇਸੇ ਪੰਜਾਬ ਪੁਲਿਸ ਨੇ ਸਿੱਖ ਨੌਜਵਾਨਾਂ ਤੇ ਗੋਲੀਆਂ ਚਲਾ ਦਿੱਤੀਆਂ। ਇਹਨਾਂ ਦੋਨੋਂ ਘਟਨਾਵਾਂ ਨੇ ਪੰਜਾਬ ਸਰਕਾਰ ਦੀ ਇਨਸਾਫ ਵਾਲੀ ਅੱਖ ਉਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਅਕਾਲੀ ਹਰ ਵੇਲੇ ਇਹ ਕਹਿੰਦੇ ਹਨ ਕਿ ਕਾਂਗਰਸ ਨੇ 1984 ਵਿੱਚ ਗੁਰਦੁਆਰਿਆਂ ਅਤੇ ਸਿੱਖਾਂ ਤੇ ਗੋਲੀ ਚਲਵਾਈ ਜਿਸ ਵਿੱਚ ਸਿੱਖਾਂ ਨੂੰ ਹਜਾਰਾਂ ਦੀ ਗਿਣਤੀ ਵਿੱਚ ਸ਼ਹੀਦ ਕੀਤਾ ਗਿਆ (ਜੋ ਕਿ ਠੀਕ ਵੀ ਹੈ) ਇਸ ਲਈ ਕਾਂਗਰਸ ਬੜੀ ਬੁਰੀ ਪਾਰਟੀ ਹੈ। ਹੁਣ ਅਕਾਲੀਆਂ ਨੇ ਵੀ ਸਿੱਖਾਂ ਉਤੇ ਗੋਲੀਆਂ ਵਰਾਈਆਂ ਹਰ ਸਿੱਖ ਇੱਕ ਚਲਦਾ ਫਿਰਦਾ ਗੁਰਦੁਆਰਾ ਹੁੰਦਾ ਹੈ, ਸਿੱਖ ਉਪਰ ਗੋਲੀਆਂ ਚਲਾਉਣੀਆਂ ਗੁਰਦੁਆਰੇ ਤੇ ਗੋਲੀ ਚਲਾਉਣ ਦੇ ਬਰਾਬਰ ਹੈ। ਇਸ ਕੀਤੇ ਕਾਰੇ ਦਾ ਖਾਮਿਆਜਾ ਸਰਕਾਰ ਨੂੰ ਭੁਗਤਣਾ ਹੀ ਪਵੇਗਾ।
ਇਸ ਵਾਰ ਵੀ ਜਦੋਂ ਬਿਹਾਰੀ ਭਈਆ ਆਸ਼ੂਤੋਸ਼ ਆਪਣਾ ਮੱਜ੍ਹਮਾ ਲਾਉਣ ਲਈ ਲੁਧਿਆਣੇ ਆਇਆ ਤਾਂ ਸਿੱਖ ਜੱਥੇਬੰਦੀਆਂ ਦਾ ਰੋਸ ਵਿੱਚ ਆਉਣਾ ਯਕੀਨੀ ਸੀ ਕਿਉਂਕਿ ਆਸ਼ੂਤੋਸ਼ ਸਿੱਖ ਗੁਰੂਆਂ ਅਤੇ ਸਿੱਖ ਕੱਕਾਰਾਂ ਬਾਰੇ ਬੇਦਲੀਲੀਆਂ ਇਤਰਾਜਯੋਗ ਟਿੱਪਣੀਆਂ ਕਰਦਾ ਰਹਿੰਦਾ ਹੈ। ਸਿੱਖਾਂ ਦੀ ਬਹੁਤ ਬੁਰੀ ਆਦਤ ਪੱਕ ਚੁੱਕੀ ਹੈ ਸਿੱਖ ਵੀਰ ਉਦੋਂ ਹੀ ਪੂਰੀ ਹੋਸ਼ ਵਿੱਚ ਆਉਂਦੇ ਹਨ ਜਦੋਂ ਕੋਈ ਉਹਨਾਂ ਦੀ ਪੱਗ ਜਾਂ ਦਾੜ੍ਹੀ ਨੂੰ ਹੱਥ ਪਾ ਲੈਂਦਾ ਹੈ ਅਤੇ ਸਮਾਂ ਲੰਘਣ ਤੋਂ ਬਾਅਦ ਇਹ ਫਿਰ ਸੌਂ ਜਾਂਦੇ ਹਨ। ਇਹ ਨਾ ਤਾਂ ਗੁਰਬਾਣੀ (ਜਿਸ ਵਿੱਚ ਅਜਿਹੇ ਪਖੰਡੀਆਂ ਬਾਰੇ ਬਹੁਤ ਕੁੱਝ ਲਿਖਿਆ ਹੈ) ਦਾ ਪ੍ਰਚਾਰ ਕਰਦੇ ਹਨ ਨਾ ਹੀ ਗਰੀਬਾਂ ਦੀ ਮਦਦ ਕਰਦੇ ਹਨ, ਬਸ ਕੀਰਤਨ ਦਰਬਾਰਾਂ ਤੇ ਲੱਖਾਂ ਰੁਪਏ ਖਰਚ ਕਰ ਸਕਦੇ ਹਨ। ਇਕੱਲੇ ਇਕੱਲੇ ਰਾਗੀ ਨੂੰ ਕਈ ਕਈ ਹਜਾਰ ਰੁਪਏ ਦਿੱਤੇ ਜਾਂਦੇ ਹਨ। ਇਹਨਾਂ ਸਾਰੇ ਰਾਗੀਆਂ ਦੀਆਂ ਕੈਸਟਾਂ ਅਤੇ ਸੀਡੀਆਂ ਪੰਜਾਹ ਸੱਠ ਰੁਪਏ ਤੱਕ ਮਿਲ ਜਾਂਦੀਆਂ ਹਨ। ਬਾਣੀ ਦੇ ਸ਼ਬਦ ਤਾਂ ਉਹਨਾਂ ਕੈਸਟਾਂ ਅਤੇ ਸੀਡੀਆਂ ਤੋਂ ਵੀ ਸੁਣੇ ਜਾ ਸਕਦੇ ਹਨ। ਫਿਰ ਕੀਰਤਨ ਦਰਬਾਰਾਂ ਦੇ ਨਾਮ ਤੇ ਗੋਲਕਾਂ ਜਾਂ ਦਸਵੰਧ ਦਾ ਪੈਸਾ ਕਿਉਂ ਇਹਨਾਂ ਨੂੰ ਲੁਟਾਇਆ ਜਾਂਦਾ ਹੈ? ਜੇ ਇਹੀ ਰੁਪਈਆਂ ਨੂੰ ਗਰੀਬਾਂ ਦੀਆਂ ਆਰਥਿਕ ਲੋੜਾਂ ਪੂਰੀਆਂ ਕਰਨ ਲਈ ਖਰਚ ਕੀਤਾ ਜਾਵੇ ਤਾਂ ਕੋਈ ਵੀ ਗਰੀਬ ਇਹਨਾਂ ਡੇਰਿਆਂ ਵੱਲ ਨਹੀਂ ਜਾਵੇਗਾ। ਪਹਿਲਾਂ ਗਰੀਬ ਦਾ ਪੇਟ ਭਰੋ ਅਤੇ ਫਿਰ ਉਸ ਨੂੰ ਗੁਰਬਾਣੀ ਦਾ ਉਪਦੇਸ਼ ਸਮਝਾਓ। ਕਿਵੇਂ ਲੋਕ ਬਾਣੀ ਸੁਣ ਕੇ ਪਖੰਡੀਆਂ ਨੂੰ ਛਡ ਕੇ ਪ੍ਰਮਾਤਮਾ ਦੇ ਲੜ ਨਹੀਂ ਲੱਗਣਗੇ? ਪਰ ਇਹ ਸਭ ਕੀਤਿਆਂ ਹੀ ਹੋਵੇਗਾ ਗੱਲਾਂ ਨਾਲ ਨਹੀਂ।
ਨੂਰਮਹਿਲੀਏ ਦੇ ਇਸ ਸਮਾਗਮ ਨੂੰ ਰੁਕਵਾਉਣ ਲਈ ਕਈ ਜੱਥੇਬੰਦੀਆਂ ਜੱਦੋਜਹਿਦ ਕਰ ਰਹੀਆਂ ਸਨ ਤਾਂ ਉਹਨਾਂ ਨੇ ਪ੍ਰਧਾਨ ਸ਼੍ਰੋਮਣੀ ਕਮੇਟੀ ਤੱਕ ਪਹੁੰਚਣ ਦਾ ਯਤਨ ਕੀਤਾ ਪਰ ਪ੍ਰਧਾਨ ਮੱਕੜ ਨੇ ਆਪਣੀ ਕੋਠੀ ਦੇ ਦਰਵਾਜੇ ਘੁੱਟ ਕੇ ਬੰਦ ਕਰ ਲਏ ਅਤੇ ਬਾਹਰ ਪੁਲਿਸ ਦਾ ਪਹਿਰਾ ਲਗਾ ਦਿੱਤਾ। ਕਿਉਂਕਿ ਵੱਡੇ ਬੀਬੀ ਜੀ ਨੇ ਉਹਨਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਹੋਵੇਗਾ ਕਿ ਜੇ ਤੂੰ ਮੇਰੇ ਮਹਾਰਾਜ ਦਾ ਸਮਾਗਮ ਰੁਕਵਾਉਣ ਵਾਲਿਆਂ ਦਾ ਸਾਥ ਦਿੱਤਾ ਤਾਂ ਤੇਰੀ ਨੌਕਰੀ ਗਈ, ਇਸ ਲਈ ਤੂੰ ਕੁੱਝ ਨਹੀਂ ਬੋਲਣਾ ਤੇ ਅੱਗੋਂ ਪ੍ਰਧਾਨ ਨੇ ਘਰੇਲੂ ਨੌਕਰ ਵਾਂਗ ਉਤਰ ਦਿੱਤਾ ਹੋਵੇਗਾ "ਜੀ ਬੀਬੀ ਜੀ"। ਸਿੱਖ ਭਰਾਵੋ ਅਜਿਹੇ ਜ਼ਮੀਰ ਮਰੇ ਆਦਮੀ ਨੂੰ ਮੁੜ ਕਦੇ ਵੋਟਾਂ ਨਾ ਪਾਇਓ ਜਿਸਦੇ ਆਪਣੇ ਸ਼ਹਿਰ ਵਿੱਚ ਇੰਨਾ ਵੱਡਾ ਸਿੱਖ ਵਿਰੋਧੀ ਸਮਾਗਮ ਹੋਇਆ ਹੈ। ਨੂਰਮਹਿਲੀਏ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਨੱਕ ਹੇਠ ਇਤਨਾ ਵੱਡਾ ਪ੍ਰੋਗਰਾਮ ਕਰ ਲਿਆ (ਭਾਂਵੇਂ ਅੱਧੇ ਘੰਟੇ ਲਈ) ਪ੍ਰਧਾਨ ਦੀ ਮਾੜੀ ਮੋਟੀ ਵੀ ਜਮੀਰ ਜਾਗਦੀ ਹੈ ਤਾਂ ਇਸਨੂੰ ਨੱਕ ਚੱਪਣੀ ਵਿੱਚ ਡੁਬੋ ਲੈਣਾ ਚਾਹੀਦਾ ਹੈ।
ਆਸ਼ੂਤੋਸ਼ ਦੇ ਸਮਾਗਮ ਨੂੰ ਰੁਕਵਾਉਣ ਲਈ ਸਿੱਖ ਹੀ ਅੱਗੇ ਆਏ। ਸਮਾਗਮ ਨੂੰ ਰੁਕਵਾਉਣ ਲਈ ਅੱਗੇ ਵਧ ਰਹੇ ਜੱਥੇ ਨੂੰ ਪੁਲਿਸ ਨੇ ਗੋਲੀਆਂ ਚਲਾ ਕੇ ਡਰਾਉਣ ਦਾ ਯਤਨ ਕੀਤਾ, ਪਰ ਵੀਹ ਕੁ ਸਾਲ ਦੇ ਵੀਰ ਗੁਰਜੰਟ ਸਿੰਘ ਨੇ ਪੁਲਿਸ ਵਾਲਿਆਂ ਨੂੰ ਵੰਗਾਰ ਕੇ ਕਹਿ ਦਿੱਤਾ ਕਿ ਅਸੀਂ ਅੱਗੇ ਵੱਧ ਰਹੇ ਹਾਂ।
ਇਹ ਵੀਰ ਆਪਣੇ ਦੋਨੋਂ ਹੱਥ ਉਪਰ ਕਰ ਕੇ ਅੱਗੇ ਵਧਦਾ ਰਿਹਾ। ਪੁਲਿਸ ਵਾਲਿਆਂ ਨੇ ਇੱਕ ਰਬੜ ਦੀ ਗੋਲੀ ਉਸ ਦੀ ਵੱਖੀ ਵਿੱਚ ਮਾਰੀ ਅਤੇ ਮੂੰਹ ਉਤੇ ਇੱਕ ਇੱਟ ਮਾਰੀ, ਇਹ ਵੀਰ ਸੜਕ ਉਤੇ ਹੀ ਡਿੱਗ ਪਿਆ। ਉਸ ਤੋਂ ਬਾਅਦ ਕੁੱਝ ਹੋਰ ਸਿੰਘ ਅੱਗੇ ਵਧੇ ਜਿਹੜੇ ਵੀਰ ਗੁਰਜੰਟ ਸਿੰਘ ਨੂੰ ਚੁੱਕ ਕੇ ਸਾਈਡ ਤੇ ਕਰਨ ਲੱਗੇ ਸਨ। ਉਹਨਾਂ ਨੂੰ ਪੁਲਿਸ ਦੀਆਂ ਡਾਂਗਾਂ ਅਤੇ ਗੋਲੀਆਂ ਦਾ ਸ਼ਿਕਾਰ ਹੋਣਾ ਪਿਆ। ਜਿਸ ਵਿੱਚ ਦਰਜਨਾਂ ਵੀਰ ਫੱਟੜ ਹੋ ਗਏ ਅਤੇ ਭਾਈ ਦਰਸ਼ਨ ਸਿੰਘ ਲੁਹਾਰਾ ਸ਼ਹੀਦੀ ਪ੍ਰਾਪਤ ਕਰ ਗਏ। ਗੋਲੀ ਚਲਦੀ ਦੇਖ ਕੇ ਵੱਡੇ ਵੱਡੇ ਕੰਬ ਜਾਂਦੇ ਹਨ ਪਰ ਧੰਨ ਹਨ ਇਹ ਵੀਰ ਜਿਹੜੇ ਚੱਲਦੀਆਂ ਗੋਲ਼ੀਆਂ ਵਿੱਚ ਛਾਤੀ ਤਾਣ ਕੇ ਅੱਗੇ ਵੱਧਦੇ ਰਹੇ, ਧੰਨ ਹਨ ਇਹਨਾਂ ਦੇ ਮਾਤਾ ਪਿਤਾ ਜਿੰਨ੍ਹਾਂ ਨੇ ਅਜਿਹਿਆਂ ਸੂਰਮਿਆਂ ਨੂੰ ਜਨਮ ਦਿੱਤਾ। ਇੱਕ ਵਾਰ ਫਿਰ ਸਿੱਖਾਂ ਨੇ ਆਪਣਾ ਪੁਰਾਤਨ ਇਤਿਹਾਸ ਦੋਹਰਾ ਦਿੱਤਾ। ਇਸ ਸਾਰੇ ਵਰਤਾਰੇ ਦੀ ਵੀਡਿਓ ਯੂ ਟਿਊਬ ਵੈਬਸਾਇਟ ਤੇ ਦੇਖੀ ਜਾ ਸਕਦੀ ਹੈ।
ਇਹਨਾਂ ਜਾਂਬਾਜ ਸੂਰਮਿਆਂ ਨੂੰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਕੀ ਸਾਡਾ ਕੰਮ ਸ਼ਹੀਦੀਆਂ ਪਾਉਣਾ ਹੀ ਰਹਿ ਗਿਆ ਹੈ? ਮੈਂ ਆਪ ਜੀ ਦੇ ਕੀਤੇ ਕੰਮ ਦੀ ਸ਼ਲਾਘਾ ਕਰਦਾ ਹਾਂ ਤੇ ਆਪ ਜੀ ਦੇ ਮਨੋਬਲ ਨੂੰ ਡੇਗਣ ਦੀ ਬਿਲਕੁਲ ਇੱਛਾ ਨਹੀਂ ਰੱਖਦਾ। ਪਰ ਵੀਰੋ ਸਾਡੇ ਪ੍ਰਚਾਰਕ ਲਾਲਚੀ ਜਾਂ ਡਰਪੋਕ ਹੋ ਚੁੱਕੇ ਹਨ। ਜਿਹੜੇ ਪੈਸੇ ਲੈ ਕੇ ਕਿਸੇ ਵੀ ਤਰ੍ਹਾਂ ਦਾ ਪ੍ਰਚਾਰ ਕਰ ਦਿੰਦੇ ਹਨ। ਪਰ ਬਾਣੀ ਜਿਥੋਂ ਕਿ ਗਿਆਨ ਮਿਲਣਾ ਹੈ, ਇਸ ਬਾਣੀ ਦੀ ਸ਼ੁੱਧ ਵਿਆਖਿਆ ਨਹੀਂ ਕਰਦੇ। ਜਿੰਨੀ ਨਿਡਰਤਾ ਨਾਲ ਤੁਸੀਂ ਚੱਲਦੀ ਗੋਲੀ ਦੇ ਸਾਹਮਣੇ ਆਏ ਹੋ ਜੇਕਰ ਉਨੀ ਹੀ ਨਿਡਰਤਾ ਨਾਲ ਗੁਰਬਾਣੀ ਦਾ ਪ੍ਰਚਾਰ ਕਰਨ ਲੱਗੋ ਤਾਂ ਬਹੁਤ ਵਧੀਆ ਗੱਲ ਬਣ ਸਕਦੀ ਹੈ। ਸਿੱਖ ਤਲਵਾਰਾਂ ਲਹਿਰਾਉਂਦੇ ਹਨ ਪਰ ਇਸ ਤਰ੍ਹਾਂ ਕਰਨ ਨਾਲ ਮਿਲਦਾ ਕੀ ਹੈ? ਤਲਵਾਰ ਕਿਸੇ ਜਮਾਨੇ ਵਿੱਚ ਵਧੀਆ ਹਥਿਆਰ ਹੁੰਦੀ ਸੀ ਉਦੋਂ ਦੇਸ਼ ਦੀਆਂ ਫੌਜਾਂ ਵੀ ਤਲਵਾਰਾਂ ਨਾਲ ਜੰਗ ਲੜਦੀਆਂ ਸਨ। ਪਰ ਅੱਜ ਕੱਲ ਹਥਿਆਰ ਬਦਲ ਚੁੱਕੇ ਹਨ। ਕਲਮ ਵੀ ਇੱਕ ਚੰਗਾ ਹਥਿਆਰ ਹੈ। ਕਲਮ ਅਤੇ ਦਲੀਲ ਨਾਲ ਵੀ ਲੜਾਈ ਜਿੱਤੀ ਜਾ ਸਕਦੀ ਹੈ। ਅਸੀਂ ਦੁਸ਼ਮਣ ਦੀ ਖਿੱਚੀ ਹੋਈ ਲਕੀਰ ਨੂੰ ਤੋੜ ਕੇ ਛੋਟਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪਰ ਉਸ ਲਕੀਰ ਨਾਲ ਟਕਰਾਉਣ ਨਾਲ ਸਾਡਾ ਆਪਣਾ ਵੱਧ ਨੁਕਸਾਨ ਹੋ ਜਾਂਦਾ ਹੈ।
ਜੇ ਦੁਸ਼ਮਣ ਦੀ ਲਕੀਰ ਨੂੰ ਛੋਟਾ ਕਰਨਾ ਹੈ ਤਾਂ ਉਸ ਦੀ ਲਕੀਰ ਨਾਲੋਂ ਵੱਡੀ ਲਕੀਰ ਖਿੱਚ ਕੇ ਵੀ ਦੁਸ਼ਮਣ ਨੂੰ ਛੋਟਾ ਕੀਤਾ ਜਾ ਸਕਦਾ ਹੈ। ਆਓ ਆਪਾਂ ਰਲ ਮਿਲ ਕੇ ਸੀਸ ਤਲੀ ਤੇ ਧਰ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦਾ ਪ੍ਰਚਾਰ ਕਰੀਏ ਅਤੇ ਗਰੀਬਾਂ ਦੀ ਆਰਥਿਕ ਤੌਰ ਤੇ ਮਦਦ ਕਰਨ ਦਾ ਕੋਈ ਉਪਰਾਲਾ ਕਰੀਏ। ਇਹ ਇੱਕ ਬਹੁਤ ਵੱਡੀ ਲਕੀਰ ਹੋਵੇਗੀ। ਕਿਉਂਕਿ ਜੋ ਗੁਰੂ ਗ੍ਰੰਥ ਸਾਹਿਬ ਤੋਂ ਮਿਲ ਸਕਦਾ ਹੈ ਉਹ ਹੋਰ ਕਿਤਿਓਂ ਵੀ ਨਹੀਂ ਮਿਲ ਸਕਦਾ। ਆਓ ਇਕੱਠੇ ਹੋ ਕੇ ਇਹ ਕਾਰਜ ਕਰੀਏ।
ਇਕ ਬੇਨਤੀ ਹੋਰ ਕਰਨੀ ਚਾਹੁੰਦਾ ਹਾਂ ਕਿ ਨੂਰਮਹਿਲੀਆ, ਭਨਿਆਰੇ ਵਾਲਾ ਜਾਂ ਸੋਦਾ ਸਾਧ ਸਾਡੇ ਦੁਸ਼ਮਣ ਹਨ, ਪਰ ਜਿਹੜੇ ਬੁੱਕਲ ਦੇ ਸੱਪ ਹਨ, ਕੀ ਉਹ ਸਾਡੇ ਸਕੇ ਹਨ? ਮੈਂ ਗੱਲ ਕਰ ਰਿਹਾ ਹਾਂ ਕਿ ਨੂਰਮਹਿਲੀਏ ਦੇ ਸਮਾਗਮ ਨੂੰ ਰੁਕਵਾਉਣ ਵੇਲੇ ਕੁੱਝ ਮਹਿੰਗੀਆਂ ਗੱਡੀਆਂ ਵਾਲੇ ਸਾਧ ਵੇਖੇ ਗਏ ਸਨ। ਇਹ ਸਾਧ ਆਪਣੇ ਡੇਰਿਆਂ ਵਿੱਚ ਕੀ ਕੁੱਝ ਕਰਦੇ ਨੇ? ਕੀ ਇਹ ਨੂਰਮਹਿਲੀਏ ਜਾਂ ਸੌਦਾ ਸਾਧ ਨਾਲੋਂ ਵੱਖਰੇ ਹਨ? ਇਹ ਸਾਧ ਉਸ ਵੇਲੇ ਆਪਣੇ ਨੰਬਰ ਬਣਾਉਣ ਲਈ ਆਏ ਸਨ। ਇਹ ਉਹੀ ਵਿਗੜੇ ਸਾਧ ਹਨ ਜਿਹੜੇ ਆਪਣੇ ਜਨਮ ਦਿਨ ਮਨਾਉਣ ਸਮੇਂ ਆਪਣੀ ਦਾਦੀ ਜਿੰਨੀ ਉਮਰ ਦੀਆਂ ਬਜੁਰਗ ਮਾਤਾਵਾਂ ਕੋਲੋਂ ਪੈਰਾਂ ਤੇ ਸਿਰ ਰਖਵਾ ਕੇ ਮੱਥੇ ਟਿਕਵਾਉਂਦੇ ਰਹੇ ਹਨ। ਇਹਨਾਂ ਨੂੰ ਤੁਸੀਂ ਕਿਸ ਕੈਟਾਗਰੀ ਵਿੱਚ ਰੱਖਦੇ ਹੋ? ਇੰਨਾਂ ਬਾਰੇ ਵੀ ਸੋਚੋ, ਕੀ ਇਹ ਬੁੱਕਲ ਦੇ ਸੱਪ ਪ੍ਰਵਾਨ ਹਨ? ਜੇ ਨਹੀਂ ਤਾਂ ਇਹਨਾਂ ਤੇ ਵੀ ਕੋਈ ਸਖਤ ਸਟੈਂਡ ਲਵੋ। ਇਹ ਸਾਧ ਬਾਬੇ ਚਾਰ ਚਾਰ ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਉਣ ਦਾ ਦਾਅਵਾ ਕਰਦੇ ਹਨ। ਕੀ ਇਹ ਦੱਸ ਸਕਦੇ ਹਨ ਕਿ ਨੂਰਮਹਿਲੀਏ ਦੇ ਸਮਾਗਮ ਨੂੰ ਰੁਕਵਾਉਣ ਸਮੇਂ ਉਹ ਚਾਰ ਲੱਖ ਦੀ ਫੌਜ਼ ਕਿੱਥੇ ਚਲੀ ਗਈ?
ਜਤਿੰਦਰ ਸਿੰਘ
ਸਾਹਿਬਜ਼ਾਦਾ ਅਜੀਤ ਸਿੰਘ ਨਗਰ,
ਲੁਧਿਆਣਾ।
ਮੋਬਾਇਲ: 98722-49615
.