.

ਕੀ ਅਖੰਡ ਪਾਠ ਜਾਂ ਸਧਾਰਣ ਪਾਠ ਕੀਤਾ ਜਾ ਸਕਦਾ ਹੈ?

ਇਤਹਾਸ ਦੇ ਪੰਨੇ ਫਰੋਲਿਆਂ ਪਤਾ ਚੱਲਦਾ ਹੈ ਕਿ ਛੇਵੇਂ ਪਾਤਸ਼ਾਹ ਗਰੂ ਹਰਿਗੋਬਿੰਦ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤਕ ਕਿਸੇ ਵੀ ਗੁਰੂ ਵਿਆਕਤੀ ਨੇ ਕਿਸੇ ਵੀ ਖੁਸ਼ੀ ਜਾਂ ਗਮੀ ਦੇ ਵੇਲੇ ਅਖੰਡ ਪਾਠ ਜਾਂ ਸਾਧਾਰਣ ਪਾਠ ਨਹੀਂ ਕਰਵਾਇਆ ਤੇ ਨਾ ਹੀ ਕਿਧਰੇ ਕਿਸੇ ਇਤਹਾਸ ਦੇ ਪੰਨੇ ਤੋਂ ਇਹ ਹਵਾਲਾ ਮਿਲਦਾ ਹੈ ਕਿ ਕਿਸੇ ਗੁਰੂ ਵਿਆਕਤੀ ਨੇ ਸਿੱਖਾਂ ਨੂੰ ਇਸ ਤਰ੍ਹਾਂ ਦੇ ਪਾਠ ਕਰਵਾਉਣ ਦਾ ਉਪਦੇਸ਼ ਹੀ ਕੀਤਾ ਹੋਵੇ। ਗੁਰੂ ਅਰਜਨ ਪਾਤਸ਼ਾਹ ਦੇ ਅਕਾਲ ਚਲਾਣੇ ਸਮੇਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਹੈ ਪਰ ਛੇਵੇਂ ਪਾਤਸ਼ਾਹ ਨੇ ਕੋਈ ਅਖੰਡ ਪਾਠ ਜਾਂ ਸਾਧਾਰਣ ਪਾਠ ਨਹੀਂ ਕਰਵਾਇਆ ਤੇ ਨਾ ਹੀ ਗੁਰੂ ਤੇਗਬਹਾਦਰ ਸਾਹਿਬ ਦੇ ਸ਼ਹੀਦੀ ਸਮੇਂ ਕੋਈ ਇਸ ਤਰ੍ਹਾਂ ਦੀ ਗਤ ਕਰਵਾਈ ਗਈ।
ਪੁਆੜੇ ਦੀ ਜੜ੍ਹ ਹੈ ਕਿਤਾਬ ਗੁਰਬਿਲਾਸ ਪਾਤਸ਼ਾਹੀ ਛੇਵੀਂ ਜਿਹੜੀ ਭਾਈ ਕਾਹਨ ਸਿੰਘ ਨਾਭਾ ਦੇ ਗੁਰਮਤਿ ਪ੍ਰਭਾਕਰ ਦੇ ਪੰਨਾ 353 ਮੁਤਾਬਕ ਭਾਈ ਗੁਰਮੁਖ ਸਿੰਘ ਅਕਾਲਬੁੰਗੀਏ ਅਤੇ ਭਾਈ ਦਰਬਾਰਾ ਸਿੰਘ ਚੌਂਕੀ ਵਾਲੇ ਅੰਮ੍ਰਿਤਸਰ ਨਿਵਾਸੀ ਲਿਖਾਰੀ ਹਨ। ਇਨ੍ਹਾਂ ਨੇ ਇਹ ਗ੍ਰੰਥ 1890 ਵਿੱਚ ਅਰੰਭ ਕਰਕੇ 1900 ਵਿੱਚ ਸੰਪੂਰਨ ਕੀਤਾ। ਇਸਦਾ ਲਿਖਣ ਸਮਾਂ ਤੇ ਲਿਖਾਰੀਆਂ ਬਾਰੇ ਸਾਨੂੰ ਤਾਂ ਕੋਈ ਛੱਕ ਨਹੀਂ ਪਰ ਇਸ ਕਿਤਾਬ ਤੇ ਲਿਖਾਰੀ ਦਾ ਨਾਮ ਨਾ ਹੋਣ ਕਰਕੇ ਅਸਲੀਅਤ ਵਿੱਚ ਲਿਖਾਰੀ ਗੁਮਨਾਮ ਹੈ, ਜਿਸਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਕੋਲੋਂ ਗੁਰੂ ਅਰਜਨ ਪਾਤਸ਼ਾਹ ਨਮਿਤ ਪਾਠ ਕਰਵਾ ਦਿੱਤਾ ਤੇ ਸਾਰੇ ਸਿੱਖ ਜਗਤ ਨੂੰ ਗੁੰਮਰਾਹ ਕਰਨ ਲਈ ਦਮਦਮੀ ਟਕਸਾਲ ਨੇ ਇਸ ਕਿਤਾਬ ਦੇ ਅਧਾਰ ਤੇ ਇਸ ਦਾ ਪ੍ਰਚਾਰ ਕਰ ਦਿੱਤਾ। ਇਸ ਤਰ੍ਹਾਂ ਕਰਕੇ ਹੁਣ ਤਕ ਸਾਰਾ ਸਿੱਖ ਜਗਤ ਇਸ ਵਹਿਮ ਦਾ ਸ਼ਿਕਾਰ ਹੋ ਕੇ ਲੁਟੀਂਦਾ ਜਾ ਰਿਹਾ ਹੈ। ਹਿੰਦੂ ਵੀਰ ਮਰਣੇ-ਪਰਨੇ ਗਰੁੜ ਪਰਾਣ ਦਾ ਪਾਠ ਕਰਵਾਉਂਦੇ ਸਨ ਤੇ ਸਿੱਖ ਜਗਤ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਵਾ ਕਰਵਾ ਕੇ ਥੱਕ ਚੁਕਿਆ ਹੈ ਪਰ ਮਰੇ ਵਿਆਕਤੀ ਦੀ ਗਤ ਅੱਜ ਤਕ ਨਹੀਂ ਹੋਈ।
ਅਸੀਂ ਵਿਚਾਰ ਹੁਣ ਇਹ ਕਰਣੀ ਹੈ ਕਿ ਕੀ ਗੁਰੁ ਗ੍ਰੰਥ ਸਾਹਿਬ ਸਾਨੁੰ ਇਜਾਜਤ ਦਿੰਦੇ ਹਨ ਅਖੰਡ ਪਾਠ ਜਾਂ ਸਾਧਾਰਣ ਪਾਠ ਕਰਨ ਦੀ? ਗੁਰੁ ਗ੍ਰੰਥ ਸਾਹਿਬ ਜੀ ਵਿੱਚ 2685 ਵਾਰੀ “ਰਹਾੳ” ਦਾ ਸਬਦ ਆਉਂਦਾ ਹੈ ਤੇ “ਰਹਾੳ” ਦਾ ਮਤਲਬ ਹੈ “ਠਹਿਰੋ”। ਜਿਸ ਪਾਠ ਕਰਨ ਵਾਲੇ ਨੂੰ “ਰਹਾੳ” ਦੇ ਮਤਲਬ ਦਾ ਪਤਾ ਹੈ ਤੇ ਉਹ ਗੁਰੂ ਦੇ ਇਸ ਹੁਕਮ ਦੀ ਉਲੰਙਣਾ ਕਰਦਾ ਹੈ ਤੇ ਫਿਰ ਵੀ ਪਾਠ ਕਰੀ ਜਾ ਰਿਹਾ ਹੈ। ਕੀ ਉਹ ਇਸ ਤਰ੍ਹਾਂ ਕਰਕੇ ਗੁਰੁ ਦੀ ਖੁਸ਼ੀ ਪ੍ਰਾਪਤ ਕਰਨ ਦਾ ਹੱਕਦਾਰ ਬਣਦਾ ਹੈ ਜਾਂ ਸਜਾ ਦਾ ਭਾਗੀਦਾਰ? ਕੋਈ ਪਿਤਾ ਆਪਣੇ ਬੱਚੇ ਨੂੰ ਕੋਈ ਹੁਕਮ ਕਰਦਾ ਹੈ ਪਰ ਬੱਚਾ ਮੰਨਦਾ ਨਹੀਂ। ਪਿਤਾ ਇੱਕ ਜਾਂ ਦੋ ਵਾਰ ਸ਼ਾਂਤੀ ਨਾਲ ਦੇਖੇਗਾ। ਜੇ ਕਰ ਬੱਚੇ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਤੂੰ ਇਹ ਕੰਮ ਨਾ ਕਰ ਤੇ ਬੱਚਾ ਫਿਰ ਵੀ ਨਹੀਂ ਹੱਟਦਾ ਤਾਂ ਪਿਤਾ ਸਖਤੀ ਨਾਲ ਪੇਸ਼ ਆਵੇਗਾ ਤੇ ਬੱਚੇ ਨੂੰ ਅਵੱਗਿਆ ਕਰਨ ਤੋਂ ਰੋਕ ਦੇਵੇਗਾ।
ਹੁਣ ਸੋਚਣਾ ਅਸੀਂ ਇਹ ਹੈ ਕਿ ਕੀ ਅਸੀਂ ਪਾਠ ਕਰਦੇ ਸਮੇਂ ਗੁਰੂ ਜੀ ਦੇ ਹੁਕਮ ਦੀ ਪਾਲਣਾ ਕਰ ਰਹੇ ਹਾਂ ਜਾਂ ਅਵੱਗਿਆ। ਗੁਰੂ ਦਾ ਹੁਕਮ ਹੈ, ਐ ਬੰਦੇ! ਰੁਕ। ਪਹਿਲੀਆਂ ਆ ਚੁਕੀਆਂ ਪੰਗਤੀਆਂ ਦੀ ਵਿਚਾਰ ਕਰ। ਗੁਰਬਾਣੀ ਦਾ ਫੁਰਮਾਣ ਹੈ:
ਗਣਿ ਗਣਿ ਜੋਤਕੁ ਕਾਂਡੀ ਕੀਨੀ॥ ਪੜੈ ਸੁਣਾਵੈ ਤਤੁ ਨ ਚੀਨੀ॥ ਸਭਸੈ ਊਪਰਿ ਗੁਰ ਸਬਦੁ ਬੀਚਾਰੁ॥ ਹੋਰ ਕਥਨੀ ਬਦਉ ਨ, ਸਗਲੀ ਛਾਰੁ॥ 2॥ ਨਾਵਹਿ ਧੋਵਹਿ ਪੂਜਹਿ ਸੈਲਾ॥ ਬਿਨੁ ਹਰਿ ਰਾਤੇ ਮੈਲੋ ਮੈਲਾ॥ ਗਰਬੁ ਨਿਵਾਰਿ ਮਿਲੈ ਪ੍ਰਭੁ ਸਾਰਥਿ॥ ਮੁਕਤਿ ਪ੍ਰਾਨ ਜਪਿ ਹਰਿ ਕਿਰਤਾਰਥਿ॥ 3॥
(ਪੰਡਿਤ) ਜੋਤਸ਼ (ਦੇ ਲੇਖੇ) ਗਿਣ ਗਿਣ ਕੇ (ਕਿਸੇ ਜਜਮਾਨ ਦੇ ਪੁੱਤਰ ਦੀ) ਜਨਮ ਪੱਤ੍ਰੀ ਬਣਾਂਦਾ ਹੈ, (ਜੋਤਸ਼ ਦਾ ਹਿਸਾਬ ਆਪ) ਪੜ੍ਹਦਾ ਹੈ ਤੇ (ਜਜਮਾਨ ਨੂੰ) ਸੁਣਾਂਦਾ ਹੈ ਪਰ ਅਸਲੀਅਤ ਨੂੰ ਨਹੀਂ ਪਛਾਣਦਾ। (ਸ਼ੁਭ ਮੁਹੂਰਤ ਆਦਿਕ ਦੀਆਂ) ਸਾਰੀਆਂ ਵਿਚਾਰਾਂ ਤੋਂ ਸ੍ਰੇਸ਼ਟ ਵਿਚਾਰ ਇਹ ਹੈ ਕਿ ਮਨੁੱਖ ਗੁਰੂ ਦੇ ਸ਼ਬਦ ਨੂੰ ਮਨ ਵਿੱਚ ਵਸਾਏ। ਮੈਂ (ਗੁਰ-ਸ਼ਬਦ ਦੇ ਟਾਕਰੇ ਤੇ ਸ਼ੁਭ ਮੁਹੂਰਤ ਤੇ ਜਨਮ-ਪੱਤ੍ਰੀ ਆਦਿਕ ਦੀ ਕਿਸੇ) ਹੋਰ ਗੱਲ ਦੀ ਪਰਵਾਹ ਨਹੀਂ ਕਰਦਾ, ਹੋਰ ਸਾਰੀਆਂ ਵਿਚਾਰਾਂ ਵਿਅਰਥ ਹਨ। 2.
(ਪੰਡਿਤ) ਵੇਦ (ਆਦਿਕ ਧਰਮ-ਪੁਸਤਕਾਂ) ਨੂੰ (ਜੀਵਨ ਦੀ ਅਗਵਾਈ ਵਾਸਤੇ) ਨਹੀਂ ਵਿਚਾਰਦਾ, (ਅਰਥ ਤੇ ਕਰਮ ਕਾਂਡ ਆਦਿਕ ਦੀ) ਬਹਿਸ ਨੂੰ ਹੀ ਪੜ੍ਹਦਾ ਹੈ (ਇਸ ਤਰ੍ਹਾਂ ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਵਿੱਚ ਡੁੱਬਾ ਰਹਿੰਦਾ ਹੈ), ਜੇਹੜਾ ਮਨੁੱਖ ਆਪ ਡੁੱਬਿਆ ਰਹੇ ਉਹ ਆਪਣੇ (ਬੀਤ ਚੁਕੇ) ਬਜ਼ੁਰਗਾਂ ਨੂੰ (ਸੰਸਾਰ-ਸਮੁੰਦਰ ਵਿਚੋਂ) ਕਿਵੇਂ ਪਾਰ ਲੰਘਾ ਸਕਦਾ ਹੈ ? ਕੋਈ ਵਿਰਲਾ ਮਨੁੱਖ ਪਛਾਣਦਾ ਹੈ ਕਿ ਪਰਮਾਤਮਾ ਹਰੇਕ ਸਰੀਰ ਵਿੱਚ ਮੌਜੂਦ ਹੈ। ਜਿਸ ਮਨੁੱਖ ਨੂੰ ਗੁਰੂ ਮਿਲ ਪਏ, ਉਸ ਨੂੰ ਇਹ ਸਮਝ ਆਉਂਦੀ ਹੈ। 4.
ਗੱਲ ਤਾਂ ਬਾਣੀ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਲਾਗੂ ਕਰਨ ਦੀ ਸੀ ਪਰ ਸਾਧਾਂ ਸੰਤਾਂ ਦੇ ਲਾਣੇ ਨੇ ਇਸਦੇ ਤਵੀਜ਼ ਬਣਾ ਕੇ ਲੋਕਾਂ ਦੇ ਘਰਾਂ ਵਿੱਚ ਮਸੀਬਤਾਂ ਨੂੰ ਕੱਟਣ ਲਈ ਟੰਗ ਦਿੱਤੇ। ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਨੂੰ ਸਮਝਣ ਸਮਝਾਉਣ ਦੀ ਥਾਂਵੇ ਖੱਟੀ ਕਰਨ ਲਈ ਪਾਠਾਂ ਦੀਆਂ ਇਕੋਤ੍ਰੀਆਂ ਚਲਾ ਦਿੱਤੀਆਂ, ਲੜੀਆਂ ਚਲਾ ਦਿੱਤੀਆ ਤੇ ਲੋਕਾਂ ਨੇ ਸਾਧਾਂ ਦੇ ਕਹੇ ਮਾਇਆ ਦੀਆਂ ਝੜੀਆਂ ਲਾ ਦਿਤੀਆਂ। 1990-91 ਵਿੱਚ ਸੱਤੋ ਦੀ ਗਲੀ ਵਾਲੇ ਸੰਤ ਮੱਖਣ ਸਿੰਘ ਨਾਲ ਮੇਰੀ ਮੁਲਾਕਾਤ ਹੋਈ। ਮੈਂ ਕਿਹਾ ਜੀ ਤੁਸੀਂ ਤਾਂ ਮਾਇਆ ਨੂੰ ਨਿੰਦ ਰਹੇ ਸੀ ਪਰ ਤੁਸੀਂ ਆਪ ਚੜ੍ਹਾਵੇ ਦੀ ਮਾਇਆ ਆਪਣੇ ਖੀਸੇ ਵਿੱਚ ਪਾ ਲਈ। ਜੇ ਮਾਇਆ ਮਾੜੀ ਹੈ ਤਾਂ ਤੁਹਾਡੇ ਲਈ ਵੀ ਮਾੜੀ ਹੋਣੀ ਚਾਹੀਦੀ ਹੈ। ਪਰ ਗੁਰੁ ਜੀ ਦਾ ਫੁਰਮਾਣ ਤਾਂ ਇਉਂ ਹੈ:
ਮਾਇਆ ਮਮਤਾ ਕਰਤੈ ਲਾਈ॥ ਏਹੁ ਹੁਕਮੁ ਕਰਿ ਸ੍ਰਿਸਟਿ ਉਪਾਈ॥ ਗੁਰ ਪਰਸਾਦੀ ਬੂਝਹੁ ਭਾਈ॥ ਸਦਾ ਰਹਹੁ ਹਰਿ ਕੀ ਸਰਣਾਈ॥ 2॥ (ਪੰਨਾ 1261)
ਮਾਇਆ ਦਾ ਮੋਹ ਅਸੀਂ ਆਪ ਨਹੀਂ ਪੈਦਾ ਕੀਤਾ। ਕਰਤੇ ਦੇ ਹੁਕਮ ਅਨੁਸਾਰ ਹੀ ਇਸ ਮਨੁੱਖ ਨੂੰ ਮਇਆ ਦਾ ਮੋਹ ਲੱਗਾ ਹੈ ਤੇ ਕਰਤੇ ਦੇ ਹੁਕਮ ਵਿੱਚ ਹੀ ਇਹ ਸਾਰੀ ਕਇਨਾਤ ਪੈਦਾ ਹੋਈ ਹੈ। ਹੁਣ ਮਨੁੱਖ ਨੇ ਕਰਨਾ ਕੀ ਹੈ? ਗੁਰੁ ਦੀ ਮੱਤ ਲੈ ਕੇ ਸੱਚ ਦੇ ਗਿਆਨ ਅਨੁਸਾਰ ਜਿੰਦਗੀ ਜਿਉਣ ਨੂੰ ਹੀ ਗੁਰੁ ਦੀ ਬਖਸ਼ਿਸ਼ ਕਿਹਾ ਗਿਆ ਹੈ। ਗੁਰੁ ਦੇ ਉਪਦੇਸ ਮੁਤਾਬਕ ਜਿੰਦਗੀ ਜਿਉਣਾ ਹੀ ਗੁਰੁ ਦੀ ਸ਼ਰਨ ਵਿੱਚ ਰਹਿਣਾ ਹੈ। ਸੰਤ ਮੱਖਣ ਸਿੰਘ ਕਹਿਣ ਲੱਗੇ ਇਹ ਗੁਰਬਾਣੀ ਦੀ ਪੰਗਤੀ ਹੈ? ਮੈਂ ਕਿਹਾ ਜੀ ਇਹ ਇੱਕ ਹੀ ਪੰਗਤੀ ਨਹੀਂ ਸਗੋਂ ਐਸੀਆਂ ਹੋਰ ਬਹੁਤ ਪੰਗਤੀਆਂ ਹਨ। ਪੈਸਾ ਕਮਾਉਣਾ ਮਾੜਾ ਕੰਮ ਨਹੀਂ। ਗੁਰੁ ਜੀ ਆਪਣੇ ਸਿੱਖਾਂ ਨੂੰ ਘੋੜਿਆਂ ਦੇ ਵਪਾਰ ਵਿੱਚ ਆਪ ਪਾਉਂਦੇ ਹਨ। ਇਤਹਾਸ ਇਸ ਗੱਲ ਦਾ ਗਵਾਹ ਹੈ। ਗੁਰੁ ਜੀ ਦਾ ਸਿੱਖ ਭੁੱਖਾ ਕਿਉਂ ਮਰੇ? ਭੁੱਖੇ ਮਰਨਾ ਕੀ ਸਿੱਖਾਂ ਦੇ ਹਿਸੇ ਆਇਆ ਹੈ? ਨਹੀਂ। ਗੁਰਬਾਣੀ ਤਾਂ ਸਿੱਖਾਂ ਦੇ ਮਹਿਲ-ਮਾੜੀਆਂ ਵੇਖਣਾ ਚਾਹੁੰਦੀ ਹੈ।
ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ॥ ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ॥ ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ॥ 1॥ ਹਰਿ ਬਿਨੁ ਜੀਉ ਜਲਿ ਬਲਿ ਜਾਉ॥ ਮੈ ਆਪਣਾ ਗੁਰੁ ਪੂਛਿ ਦੇਖਿਆ ਅਵਰੁ ਨਾਹੀ ਥਾਉ॥ 1॥ ਰਹਾਉ॥ ਧਰਤੀ ਤ ਹੀਰੇ ਲਾਲ ਜੜਤੀ ਪਲਘਿ ਲਾਲ ਜੜਾਉ॥ ਮੋਹਣੀ ਮੁਖਿ ਮਣੀ ਸੋਹੈ ਕਰੇ ਰੰਗਿ ਪਸਾਉ॥ ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ॥ {ਪੰਨਾ 14}
ਗੁਰੁ ਪਾਤਸ਼ਾਹ ਫੁਰਮਾਉਂਦੇ ਹਨ ਕਿ ਐ ਸਿੱਖ! ਭਾਂਵੇ ਤੇਰੇ ਮਹਿਲ ਕੀਮਤੀ ਤੋਂ ਕੀਮਤੀ ਵੀ ਕਿਉਂ ਨਾ ਹੋਣ, ਪਲੰਘ ਵੀ ਹੀਰਿਆਂ ਨਾਲ ਜੜੇ ਕਿਉਂ ਨਾ ਹੋਣ, ਕਸਤੂਰੀ ਤੇ ਚੰਦਨ ਦੀ ਸੁਗੰਧੀ ਵੀ ਕਿਉਂ ਨਾ ਆਉਂਦੀ ਹੋਵੇ, ਹੋਰ ਬਹੁਤ ਕੁੱਝ ਹੋਵੇ ਪਰ ਅਸਲ ਗੱਲ ਇਹ ਹੈ ਕਿ ਮੈਨੂੰ ਗਿਆਨ ਰਾਹੀਂ ਇਸ ਗੱਲ ਦਾ ਪਤਾ ਚੱਲਿਆ ਹੈ ਕਿ ਮਨੁੱਖ ਦੀ ਯਾਦ ਸ਼ਕਤੀ ਵਿਚੋਂ ‘ਸੱਚ’ ਨਿਕਲਣਾ ਨਹੀਂ ਚਾਹੀਦਾ, ਤੂੰ ਆਪਣੇ ਮਾਲਕ ਨੂੰ ਨਾ ਭੁੱਲ ਜਾਈਂ।
ਗੁਰੁ ਪਿਆਰਿਓ! ਆਓ ਇਸ ਬਿਮਾਰੀ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰੀਏ। ਆਪਣੇ ਆਪਣੇ ਗੁਆਂਢੀਆਂ ਨਾਲ ਗੱਲਬਾਤ ਦੇ ਜ਼ਰੀਏ ਕੁੱਝ ਸਮਝਣ ਸਮਝਾਉਣ ਦੀ ਗੱਲ ਤੋਰੀਏ।
ਗੁਰੁ ਦੇ ਪੰਥ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ।
.