.

ਗੁਰਮਤਿ ਪ੍ਰਚਾਰ ਦੇ ਰਾਹ ਵਿੱਚ ਰੁਕਾਵਟ ਪਾਉਣ ਵਾਲੇ ਅਸਲ ਲੋਗ ਕਉਣ

(ਭਾਗ-4)

(ਲੜੀ ਜੋੜਨ ਲਈ ਕ੍ਰਿਪਾ ਕਰਕੇ ਪਿਛਲਾ ਅੰਕ ਦੇਖੋ)

1. ਸਿਖ ਰਹਿਤ ਮਰਿਆਦਾ ਦੇ ਸਿਰਲੇਖ ਗੁਰਮਤਿ ਦੀ ਰਹਿਣੀ ਦੇ ਭਾਗ ‘ਙ’ ਵਿੱਚ ਅੰਕਿਤ ਹੈ ਸਿਖ ਭੰਗ, ਅਫੀਮ, ਸ਼ਰਾਬ, ਤਮਾਕੂ ਆਦਿ ਨਸ਼ੇ ਨਾ ਵਰਤੇ। ਅਮਲ ਪ੍ਰਸ਼ਾਦੇ ਦਾ ਹੀ ਰੱਖੇ। ਰਹਿਤ ਮਰਿਆਦਾ ਦੀ ਇਸ ਮੱਦ ਦਾ ਉਲੰਘਣ ਹੁੰਦਾ ਅਕਸਰ ਹੀ ਦੇਖਿਆ ਜਾ ਸਕਦਾ ਹੈ ਅੱਜ ਸਟੇਟਸ ਦੇ ਨਾਮ ਥੱਲੇ ਆਪਣੇ ਆਪ ਨੂੰ ਬੇਹਤਰੀਨ ਅਖਵਾਉਣ ਵਾਲਾ ਸਿਖ ਵੀ ਨਸ਼ਿਆ ਤੋਂ ਆਪਣੇ ਆਪ ਨੂੰ ਬਚਾਉਣ ਵਿੱਚ ਸੋ ਫੀਸਦੀ ਫੇਲ ਹੋਇਆ ਹੈ ਬਲਕਿ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਿਖ ਨੋਜਵਾਨਾਂ ਨੂੰ ਨਸ਼ੇ ਵਰਤਾਉਣ ਅਤੇ ਉਸਦੇ ਆਦੀ ਬਣਾਉਣ ਵਿੱਚ ਪੰਥਕ ਆਗੂਆਂ ਅਤੇ ਮੰਨੇ ਪ੍ਰਮੰਨੇ ਪ੍ਰਬੰਧਕਾਂ ਦਾ ਬਹੁਤ ਵਡਾ ਯੋਗਦਾਨ ਰਿਹਾ ਹੈ। ਗੁਰਦੁਆਰਾ ਪ੍ਰਬੰਧ ਨੂੰ ਚਲਾਉਣ ਵਾਲੇ ਕਈ ਆਗੂਆਂ ਨੇ ਤਾਂ ਸ਼ਰਾਬ ਦੇ ਠੇਕੇ ਵੀ ਖੋਲੇ ਹੋਏ ਹਨ। ਨਸ਼ਿਆਂ ਦੇ ਇਸ ਗੋਰਖ ਧੰਦੇ ਨੂੰ ਸਿਖ ਸਮਾਜ ਵਿੱਚ ਸਥਾਪਿਤ ਹੋ ਚੁੱਕੇ ਅਖੋਤੀ ਸਾਧ, ਸੰਤਾਂ ਨੇ ਇੱਕ ਹੱਦ ਤੋਂ ਵੱਧ ਫੈਲਾਉਣ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ ਜਿਸਦੀ ਪ੍ਰਤੱਖ ਉਦਾਹਰਣ ਨਗਰ ਕੀਰਤਨਾਂ ਵਿੱਚ ਨਸ਼ਿਆਂ ਦੇ ਪੈਕਿਟ ਵੰਡਦਿਆਂ ਦੀਆਂ ਤਸਵੀਰਾਂ ਕਈ ਅਖਬਾਰਾਂ ਵਿੱਚ ਛਪੀਆਂ ਹਨ। ਇਥੋਂ ਤੱਕ ਕਿ ਧਾਰਮਿਕ ਕਹੀ ਜਾਂਦੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਬੇਖੋਂਫ ਨਸ਼ਿਆਂ ਦੇ ‘ਲੰਗਰ’ ਵਰਤਾਏ ਜਾਂਦੇ ਹਨ, ਭੰਗ ਅਤੇ ਅਫੀਮ ਤਾਂ ਮਾਨੋ ਧਰਮ ਦਾ ਅਨਿਖੜਵਾਂ ਅੰਗ ਹੀ ਬਣ ਗਏ ਹਨ, ਗੁਰੂ ਦੀਆਂ ‘ਲਾਡਲੀਆਂ’ ਕਹਾਉਦੀਆਂ ਫੋਂਜਾਂ ਤਾਂ ਇਨ੍ਹਾਂ ਨੂੰ ਵਰਤਣ ਵਿੱਚ ਫਖਰ ਮਹਿਸੂਸ ਕਰਦੀਆਂ ਹਨ। ਇੱਕ ਸਮਾਂ ਐਸਾ ਸੀ ਜਦੋਂ ਤਮਾਕੂ ਖਾਣ ਨੂੰ ਬਹੁਤ ਬੁਰਾ ਮੰਨਿਆ ਜਾਂਦਾ ਸੀ ਅਤੇ ਇਸ ਦੇ ਪੂਰਨ ਤਿਆਗ ਬਾਰੇ ਕਿਹਾ ਜਾਂਦਾ ਸੀ ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਵਿੱਚ ਲਿਖਿਆਂ ਹੈ ਕਿ “ਗੁਰਮਤ ਵਿੱਚ ਇਸ ਦਾ ਪੂਰਨ ਤ੍ਯਾਗ ਹੈ ਅਰ ਇਸ ਦਾ ਨਾਮ ਜਗਤਜੂਠ, ਬਿਖ੍ਯਾ ਤਥਾ ਗੰਦਾਧੂਮ ਲਿਖਿਆ ਹੈ.”ਜਗਤਜੂਠ ਤੇ ਰਹਿਯੈ ਦੂਰ.” ਅਤਿ ਗਲਾਨਿ ਇਸ ਤੇ ਧਰ ਭਾਗਹੁ.” (ਗੁਰ ਪ੍ਰਤਾਪ ਸੂਰਿਆ) ਅਤੇ “ਕੁਜ਼ਠਾ ਹੁਜ਼ਕਾ ਚਰਸ ਤਮਾਕੁ. … ਇਨ ਕੀ ਓਰ ਨ ਕਬਹੂ ਦੇਖੈ,” (ਪ੍ਰਸ਼ਨੋਤਰ ਭਾਈ ਨੰਦ ਲਾਲ ਜੀ) ਭਾਵੇਂ ਕਿ ਗੁਰ ਪ੍ਰਤਾਪ ਸੂਰਿਆ ਵਿੱਚ ਬਹੁੱਤ ਕੁੱਝ ਗੁਰਮਤਿ ਅਨੁਸਾਰੀ ਨਹੀਂ ਫਿਰ ਵੀ ਇਸ ਜਗਤ ਜੂਠ ਤਮਾਕੂ ਤੋਂ ਦੂਰ ਰਹਿਣ ਲਈ ਪ੍ਰੇਰਿਆ ਗਿਆ ਹੈ। ਇਸ ਸੱਭ ਕੁੱਝ ਦੇ ਬਾਵਜ਼ੂਦ ਇਨ੍ਹਾਂ ਪੰਥਕ ਆਗੂਆਂ/ਪ੍ਰਬੰਧਕਾਂ ਨੇ ਪਤਾ ਨਹੀਂ ਕਿਸ ਗੁਰਮਤਿ ਦਾ ਪ੍ਰਚਾਰ ਕੀਤਾ ਹੈ ਕਿ ਵਿਰਲੇ ਉਗਲਾਂ ਉਤੇ ਗਿਨੇ ਜਾ ਸਕਣ ਵਾਲੇ ਕੁੱਝ ਕੂ ਸਿਖਾਂ ਨੂੰ ਛੱਡ ਕੇ ਹਰ ਕੋਈ ਇਨ੍ਹਾਂ ਦੇ ਸੇਵਨ ਦਾ ਪ੍ਰਯੋਗ ਬੜੇ ਫਖਰ ਅਤੇ ਉਤਸ਼ਾਹ ਨਾਲ ਕਰਦਾ ਹੈ ਸ਼ਾਇਦ ਏਸੇ ਲਈ ਪੰਥਕ ਕਹਾਉਦੀ ਸਰਕਾਰ ਨੇ ਸਮੁੱਚੇ ਪੰਜਾਬ ਵਿੱਚ ਹਰ ਗਲੀ ਮੁਹੱਲੇ ਵਿੱਚ ਇਨ੍ਹਾਂ ਨਸ਼ਿਆਂ ਦੇ ਕੇਂਦਰ ਖੋਲ ਦਿੱਤੇ ਹਨ। ਅਤੇ ਪੰਜਾਬ ਵਿੱਚ ਬਿਹਾਰੀ ਭਈਆਂ ਦੀ ਸੰਗਤ ਦੇ ਅਸਰ ਹੇਠ ਅੱਜ ਪੰਜਾਬ ਦਾ ਹਰ ਗਭਰੂ ਨੋਜਵਾਨ ਆਪਣੇ ਸਤਿਗੁਰ ਦੇ ਦਿੱਤੇ ਉਪਦੇਸ਼ਾਂ ਨੂੰ ਪੂਰਨ ਬੇਦਾਵਾ ਦੇ ਕੇ ਇਸ ਜਗਤ ਜੂਠ ਨੂੰ ਅਪਨਾ ਚੁੱਕੇ ਹਨ। ਹੇ ਸਤਿਗੁਰੂ ਜੀ ਕਦੇ ਰਹਿਤ ਮਰਿਆਦਾ ਦੀ ਇਸ ਮੱਦ ਨੂੰ ਲਾਗੂ ਕਰਨ ਲਈ ਇਸ ਪੰਥ ਦੇ ਕਹੇ ਜਾਂਦੇ ਆਗੂ ਕੋਈ ਸਾਰਥਕ ਭੂਮਿਕਾ ਨਿਭਾਉਣਗੇ?

2. ਸਿਖ ਰਹਿਤ ਮਰਿਆਦਾ ਦੀ ਇਸੇ ਮੱਦ ਦੇ ਭਾਗ `ਚ’ ਵਿੱਚ ਅੰਕਿਤ ਹੈ ਕਿ “ਸਿਖ ਮਰਦ ਅਥਵਾ ਇਸਤ੍ਰੀ ਨੂੰ ਨੱਕ, ਕੰਨ ਛੇਦਨਾ ਮਨ੍ਹਾਂ ਹੈ” ਪਰ ਪਤਾ ਨਹੀਂ ਕਿਉ ਸਿਖ ਬੀਬੀਆਂ ਅਤੇ ਬਚੀਆਂ ਰਹਿਤ ਮਰਿਆਦਾ ਦੀ ਇਸ ਮੱਦ ਨੂੰ ਕਿਸ ਕਾਰਣ ਵੰਸ਼ ਅਮਲੀ ਜੀਵਨ ਵਿੱਚ ਅਪਨਾਉਣ ਲਈ ਅਸਮਰੱਥ ਹਨ? ਪੁਰਾਤਨ ਸਮੇਂ ਵਿੱਚ ਗੁਲਾਮਾਂ ਦੇ ਨਿਸ਼ਾਨੀ ਵਜੋਂ ਨੱਕ ਕੰਨ ਵਿੰਨ ਦੇਣ ਦਾ ਰਿਵਾਜ ਸੀ ਜੋ ਅੱਜਕੱਲ ਫੈਸ਼ਨ ਦਾ ਰੂਪ ਧਾਰਨ ਕਰ ਚੁੱਕਾ ਹੈ ਕਿ ਧਾਰਮਿਕ ਆਗੂਆਂ ਨੇ ਇਸ ਸਬੰਧੀ ਸਿਖ ਸਮਾਜ ਨੂੰ ਜਾਗ੍ਰਤ ਕਰਨ ਲਈ ਕਦੇ ਕੋਈ ਉਪਰਾਲਾ ਕੀਤਾ ਹੈ? ਜਾਂ ਰਹਿਤ ਮਰਿਆਦਾ ਦੀ ਇਸ ਮੱਦ ਨੂੰ ਲਾਗੂ ਕਰਵਾਉਣ ਵਿੱਚ ਕੋਈ ਉਪਰਾਲਾ ਕਰਣਗੇ?

3. ਰਹਿਤ ਮਰਿਆਦਾ ਦੀ ਇਸੇ ਮੱਦ ਦੇ ਭਾਗ ‘ਛ’ ਵਿੱਚ ਅੰਕਿਤ ਹੈ ਕਿ “ਗੁਰੂ ਕਾ ਸਿਖ ਕੰਨਿਆ ਨਾ ਮਾਰੇ, ਕੁੜੀ ਮਾਰ ਨਾਲ ਨਾ ਵਰਤੇ” ਪਰ ਧਾਰਮਿਕ ਪ੍ਰਬੰਧਕਾਂ ਨੇ ਤਾਂ ਮਾਨੋ ਸੋਹ ਹੀ ਖਾ ਲਈ ਲਗਦੀ ਹੈ ਕਿ ਭਾਂਵੇਂ ਕੁੱਝ ਵੀ ਹੋ ਜਾਵੇ ਪਰ ਰਹਿਤ ਮਰਿਆਦਾ ਦੀ ਕਿਸੇ ਵੀ ਮੱਦ ਨੂੰ ਗੁਰੂ ਘਰ ਵਿੱਚ ਜਾਂ ਸਮਾਜ ਵਿੱਚ ਪ੍ਰਚਾਰਨ ਦੀ ਗੱਲ ਹੀ ਨਹੀ ਹੋਣ ਦੇਣੀ, ਜੇ ਕੋਈ ਪੰਥ ਦਰਦੀ ਕਦੇ ਇਸ ਬਾਰੇ ਚਾਨਣਾਂ ਪਾਉਣ ਦਾ ਯਤਨ ਵੀ ਕਰੇ ਤਾਂ ਕਹੇ ਜਾਂਦੇ ਇਹ ਪ੍ਰਬੰਧਕ ਉਨ੍ਹਾਂ ਦੀ ਮੁਖਾਲਫਤ ਕਰਨੀ ਸ਼ੁਰੂ ਕਰ ਦਿੰਦੇ ਹਨ ਜਿਸ ਦੇ ਨਤੀਜੇ ਵਜੋਂ ਅੱਜ ਇਹ ਹਾਲਤ ਹੋ ਗਏ ਹਨ ਕਿ ਯੂ. ਐਨ. ੳ. ਵਿੱਚ ਪੰਜਾਬੀਆਂ ਅਤੇ ਖਾਸ ਤੋਰ ਉਤੇ ਸਿਖਾਂ ਨੂੰ ਹੀ ਕੁੜੀ ਮਾਰ ਵਜੋਂ ਪੇਸ਼ ਕੀਤਾ ਜਾ ਰਿਹਾ ਹੈ ਇਨ੍ਹਾਂ ਤੱਥਾਂ ਸਬੰਧੀ ਜਦੋਂ ਡਾ. ਹਰਸ਼ਿੰਦਰ ਕੌਰ ਨੇ ਯੂ. ਐਨ. ੳ. ਵਿੱਚ ਭਾਸ਼ਨ ਦਿੱਤਾ ਤਾਂ ਭਾਰਤੀ ਅਧਿਕਾਰੀਆਂ ਨੇ ਖੁੱਲੇ ਆਮ ਡਾ. ਹਰਸ਼ਿੰਦਰ ਕੌਰ ਦੀ ਮੁਖਾਲਫਤ ਕੀਤੀ ਤੇ ਉਨ੍ਹਾਂ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ। ਪਰ ਇਨ੍ਹਾਂ ਧਮਕੀਆਂ ਦੀ ਪਰਵਾਹ ਨਾ ਕਰਦੇ ਹੋਏ ਡਾ. ਸਾਹਿਬਾਂ ਨੇ ਉਹ ਕੰਮ ਕੀਤਾ ਜੋ ਧਾਰਮਿਕ ਆਗੂਆਂ ਨੂੰ ਕਰਨਾ ਚਾਹੀਦਾ ਸੀ ਕਿਉਕਿ ਸਿਖ ਰਹਿਤ ਮਰਿਆਦਾ ਵਿੱਚ ਇਸ ਸਬੰਧੀ ਹਿਦਾਇਤ ਹੋਣ ਦੇ ਬਾਵਜ਼ੂਦ ਵੀ ਅੱਜ ਇਹ ਬੀਮਾਰੀ ਸਿਖਾਂ ਵਿੱਚ ਵੀ ਫੈਲਦੀ ਜਾ ਰਹੀ ਹੈ। ਜੇ ਚੰਗੇ ਅਸਰਦਾਰ ਢੰਗ ਨਾਲ ਇਸ ਮੱਦ ਨੂੰ ਪੰਥ ਅਤੇ ਸਮਾਜ ਵਿੱਚ ਪ੍ਰਚਾਰਨ ਲਈ ਇਨ੍ਹਾਂ ਆਗੂਆਂ ਨੇ ਕੋਈ ਸਾਰਥੱਕ ਭੂਮਿਕਾ ਨਿਭਾਈ ਹੁੰਦੀ ਤਾਂ ਇਹ ਕਲੰਕ ਸਿਖਾਂ ਦੇ ਮੱਥੇ ਲਗਾ, ਇਹ ਦੋਸ਼ ਨਾ ਮੜ੍ਹਿਆ ਜਾਂਦਾ ਕਿ ਸਿਖ ਸੱਭ ਤੋਂ ਜਾਲਮ ਹਨ ਕਿਉਕਿ ਉਹ ਸੱਭ ਤੋਂ ਵੱਧ ਆਪਣੀਆਂ ਕੁੜੀਆਂ ਦੀ ਭਰੁਣ ਹਤਿਆ ਕਰਦੇ ਹਨ। ਕੀ ਇਸ ਸੱਭ ਦੇ ਬਾਵਜ਼ੂਦ ਵੀ ਇਹ ਪ੍ਰਬੰਧਕ ਇਸ ਪਾਸੇ ਵੱਲ ਧਿਆਨ ਦਿੰਦੇ ਹੋਏ ਆਮ ਲੋਕਾਈ ਨੂੰ ਜਾਗਰਤ ਕਰਨ ਦਾ ਕੋਈ ਉਪਰਾਲਾ ਕਰਨਗੇ?

4. ਸਿਖ ਰਹਿਤ ਮਰਿਆਦਾ ਦੀ ਇਸੇ ਮੱਦ ਦੇ ਭਾਗ ‘ਜ’ ਵਿੱਚ ਅੰਕਿਤ ਹੈ ਕਿ ‘ਗੁਰੂ ਕਾ ਸਿਖ ਧਰਮ ਦੀ ਕਿਰਤ ਕਰਕੇ ਨਿਰਬਾਹ ਕਰੇ’ ਧਰਮ ਦੀ ਕਿਰਤ ਦੀ ਗੁਰਮਤਿ ਵਿੱਚ ਬੜੀ ਮਹਿਮਾ ਹੈ ਕਿਉਕਿ ਕਿਰਤੀ ਮਨੁੱਖ ਕਿਸੇ ਕੋਲੋਂ ਮੰਗ ਕੇ ਖਾਣ ਦੇ ਉਗਰ ਪਾਪ ਤੋਂ ਬਚਿਆ ਰਹਿੰਦਾ ਹੈ ਤੇ ਆਪਣੀ ਕਿਰਤ ਕਮਾਈ ਵਿੱਚੋਂ ਲੋੜਵੰਦਾਂ ਦੀ ਮਦਦ ਕਰਨੀ ਅਤੇ ਗੁਰਮਤਿ ਪ੍ਰਚਾਰ ਲਈ ਨੇਕ ਕਮਾਈ ਵਿੱਚੋਂ ਦਸਵੰਧ ਦੇਣਾ ਹੀ ਉਤੱਮ ਦਾਨ ਦਾ ਰੂਪ ਹੈ ਇਸੇ ਲਈ ਇਹ ਕਿਹਾ ਹੈ ਕਿ “ਘਾਲ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ”॥ ਭਾਵ ਜੋ ਮਨੂੰਖ ਮਹਿਨਤ ਨਾਲ ਕਮਾ ਕੇ ਆਪ ਖਾਂਦਾ ਹੈ ਤੇ ਉਸ ਕਮਾਈ ਵਿੱਚੋਂ ਕੁੱਝ ਲੋੜਵੰਦਾਂ ਨੂੰ ਵੀ ਦਿੰਦਾ ਹੈ, ਹੇ ਨਾਨਕ ਅਜਿਹੇ ਬੰਦੇ ਹੀ ਜਿੰਦਗੀ ਦਾ ਸਹੀ ਰਸਤਾ ਪਛਾਣਦੇ ਹਨ। ਪਰ ਧੰਨ ਹਨ ਮੇਰੀ ਇਸ ਕੌਮ ਦੇ ਪ੍ਰਬੰਧਕ ਜੋ ਦਸਵੰਧ ਤਾਂ ਮੰਗਦੇ ਹਨ ਪਰ ਉਸ ਦਸਵੰਧ ਵਿੱਚੋਂ ਕਿਸੇ ਲੋੜਵੰਦ ਦੀ ਮਦਦ ਨਹੀਂ ਕਰਨਾ ਚਾਹੁੰਦੇ ਦਸਵੰਧ ਦੀ ਉਗਰਾਹੀ ਹੋਈ ਇਸ ਮਾਇਆ ਨਾਲ ਗੁਰਦੁਆਰਿਆਂ ਦੀਆਂ ਇਮਾਰਤਾਂ ਤਾਂ ਉਸਾਰੀਆਂ ਜਾ ਸਕਦੀਆਂ ਹਨ, ਨਗਰ ਕੀਰਤਨ ਵੀ ਕਢੇ ਜਾ ਸਕਦੇ ਹਨ ਪਰ ਗੁਰਮਤਿ ਦੇ ਪ੍ਰਚਾਰ ਲਈ ਜਾਂ ਲੋੜਵੰਦਾ ਦੀ ਮਦਦ ਲਈ ਕੁੱਝ ਵੀ ਨਹੀਂ ਕੀਤਾ ਜਾ ਰਿਹਾ ਇਸੇ ਲਈ ਅੱਜ ਬਹੁਤਾਤ ਗਿਣਤੀ ਧਰਮ ਦੀ ਕਿਰਤ ਤੋਂ ਮੁੰਹ ਮੋੜਦੀ ਹੋਈ ਆਲਸੀ ਅਤੇ ਵਿਲਾਸੀ ਜੀਵਨ ਵੱਲ ਆਕਰਸ਼ਿਤ ਹੋ ਰਹੀ ਹੈ। ਕੀ ਇਸ ਮੱਦ ਦੇ ਪ੍ਰਚਾਰ ਅਤੇ ਪ੍ਰਸਾਰ ਵੱਲ ਇਹ ਪ੍ਰਬੰਧਕ ਕੋਈ ਧਿਆਨ ਦੇਣਗੇ?

5. ਸਿਖ ਰਹਿਤ ਮਰਿਆਦਾ ਦੀ ਇਸੇ ਮੱਦ ਦੇ ਭਾਗ ‘ਝ’ ਵਿੱਚ ਅੰਕਿਤ ਹੈ ਕਿ ‘ਗੁਰੂ ਕਾ ਸਿਖ ਗਰੀਬ ਦੀ ਰਸਨਾ ਨੂੰ ਗੁਰੂ ਕੀ ਗੋਲਕ ਜਾਣੇ’ ਕਿਨ੍ਹੀਆਂ ਹੀ ਖੂਬਸੂਰਤ ਸੇਧਾਂ ਦਿੱਤੀਆਂ ਗਈਆਂ ਹਨ ਇਸ ਰਹਿਤ ਮਰਿਆਦਾ ਵਿੱਚ ਪਰ ਜੇ ਕੋਈ ਪ੍ਰਬੰਧਕ ਇਨ੍ਹਾਂ ਨੂੰ ਠੀਕ ਢੰਗ ਨਾਲ ਮੰਨੇ ਅਤੇ ਪ੍ਰਚਾਰੇ। ਰਹਿਤ ਮਰਿਆਦਾ ਦੀ ਇਹ ਮੱਦ ਉਪਰਲੀ ਪਹਿਲੀ ਮੱਦ ਨਾਲ ਹੀ ਸਬੰਧਤ ਹੈ ਕਿ ਕਿਰਤ ਕਰਣੀ, ਦਸਵੰਧ ਕਢਣਾਂ ਤੇ ਗਰੀਬ ਦੀ ਰਸਨਾ ਨੂੰ ਗੁਰੂ ਕੀ ਗੋਲਕ ਜਾਨਣਾ ਭਾਵ ਹਰ ਤਰੀਕੇ ਨਾਲ ਲੋੜਵੰਦਾਂ ਦੀ ਮਦਦ ਕਰਨਾ। ਇਸ ਗੱਲ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਕੌਮ ਵਲੋਂ ਦਸਵੰਧ ਦੇਣ ਦੀ ਕੋਈ ਕਮੀ ਨਹੀਂ ਅਤੇ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਲੋੜਵੰਦਾ ਦੀ ਮਦਦ ਵੀ ਕੀਤੀ ਜਾਂਦੀ ਹੈ ਪਰ ਕੇਵਲ ਨਾ ਮਾਤਰ ਹੀ। ਕੋਮ ਵਲੋ ਦਿੱਤੀ ਦਸਵੰਧ ਦੀ ਮਾਇਆ ਦਾ ਵੱਡਾ ਹਿੱਸਾ ਤਾਂ ਇਹ ਪ੍ਰਬੰਧਕ ਗੁਰਦੁਆਰਿਆਂ ਦੀਆਂ ਉਸਾਰੀਆਂ ਅਤੇ ਗੁਰਦੁਆਰਿਆਂ ਦੇ ਕਿਸੇ ਨਾ ਕਿਸੇ ਝਗੜੇ ਨੂੰ ਲੈਕੇ ਕਚੈਹਰੀਆਂ ਵਿੱਚ ਹੀ ਖਰਚ ਕਰ ਦਿੰਦੇ ਹਨ ਬਾਕੀ ਬਚੀ ਹੋਈ ਮਾਇਆ ਨੂੰ ਜਲੂਸਾਂ/ਨਗਰ ਕੀਰਤਨਾਂ ਅਤੇ ਜਾਗ੍ਰਤੀ ਯਾਤਰਾ ਉਪਰ ਖਰਚ ਕਰਨ ਤੋਂ ਇਨ੍ਹਾਂ ਪ੍ਰਬੰਧਕਾਂ ਨੂੰ ਵੇਹਲ ਹੀ ਨਹੀਂ ਮਿਲਦਾ, ਗਰੀਬ ਦੀ ਰਸਨਾ ਨੂੰ ਗੁਰੂ ਕੀ ਗੋਲਕ ਤੱਕ ਪਹੁੰਚਾਉਣ ਦਾ ਸਮਾਂ ਇਨ੍ਹਾਂ ਪ੍ਰਭੰਧਕਾਂ ਕੋਲ ਕਿਥੇ? ਕਾਸ਼ ਬਾਕੀ ਸੱਭ ਗੱਲਾਂ ਨੂੰ ਛੱਡ ਕੇ ਕਿੱਤੇ ਇਨ੍ਹਾਂ ਪ੍ਰਬੰਧਕਾਂ ਨੂੰ ਇਸ ਮੱਦ ਦੀ ਗਹਿਰਾਈ ਸਮਝ ਆ ਜਾਂਦੀ ਤਾਂ ਅੱਜ ਦੇ ਪੈਦਾ ਹੋਏ ਹਾਲਾਤ ਬਦਲਣ ਵਿੱਚ ਕਾਫੀ ਮਦਦ ਮਿਲ ਸਕਦੀ ਸੀ ਅਤੇ ਇਸ ਤੋਂ ਹੈਰਾਨੀ ਜਨਕ ਸਿੱਟੇ ਵੀ ਕੱਢੇ ਜਾ ਸਕਦੇ ਹਨ।

6. ਸਿਖ ਰਹਿਤ ਮਰਿਆਦਾ ਦੀ ਇਸੇ ਮੱਦ ਦੇ ਭਾਗ ‘ਟ’ ਵਿੱਚ ਅੰਕਿਤ ਹੈ ਕਿ “ਪਰ ਬੇਟੀ ਕੋ ਬੇਟੀ ਜਾਨੇ। ਪਰ ਇਸਤ੍ਰੀ ਕੋ ਮਾਤ ਬਖਾਨੈ। ਅਪਨਿ ਇਸਤ੍ਰੀ ਸੋਂ ਰਤਿ ਹੋਈ। ਰਹਿਤਵੰਤ ਸਿੰਘ ਹੈ ਸੋਈ। ਇਸੇ ਤਰ੍ਹਾਂ ਸਿੱਖ ਇਸਤ੍ਰੀ ਆਪਣੇ ਪਤੀਬਰਤ ਧਰਮ `ਚ ਰਹੇ”। ਰਹਿਤ ਮਰਿਆਦਾ ਦੀ ਇਹ ਮੱਦ ਸਿਖ ਨੂੰ ਉੱਚੇ ਆਦ੍ਰਸ਼ਕ ਜੀਵਣ ਜੀਣ ਲਈ ਪ੍ਰਰੇਰਨਾ ਦਿੰਦੀ ਹੋਈ ਸਾਡੇ ਪੁਰਾਤਨ ਸਿੰਘਾਂ ਦੇ ਸੁੱਚੇ ਇਖਲਾਕ ਦੀ ਗਵਾਹੀ ਭਰਦੀ ਹੈ। ਇੱਕ ਐਸਾ ਸਮਾਂ ਸੀ ਜਦੋਂ ਸਿਖਾਂ ਦੇ ਵਿਰੋਧੀ ਵੀ ਸਿਖਾਂ ਦੇ ਉੱਚੇ ਸੁੱਚੇ ਆਚਰਨ ਅਤੇ ਸੰਜਮੀ ਜੀਵਣ ਦੀ ਹਾਮੀ ਭਰਦੇ ਹੋਏ ਸਿੰਘਾਂ ਦੀ ਤਾਰੀਫ ਕਰਨੋ ਨਹੀਂ ਸੀ ਰੁੱਕ ਪਾਉਦੇ, ਕਿ ਕਿਸ ਤਰ੍ਹਾਂ ਸਿਖ ਆਪਣੀ ਜਾਨ ਮਾਲ ਦੀ ਪਰਵਾਹ ਨਾਂ ਕਰਕੇ ਵੀ ਪਰਾਈ ਬੇਟੀ ਅਤੇ ਪਰਾਈ ਇਸਤ੍ਰੀ ਦੀ ਇਜੱਤ ਆਬਰੂ ਬਚਾਉਣ ਨੂੰ ਹੀ ਪਹਿਲ ਦਿੰਦੇ ਸਨ। ਪਰ ਅਫਸੋਸ ਅੱਜ ਸਿਖੀ ਦੇ ਭੇਸ ਵਿੱਚ ਕੁੱਝ ਆਚਰਣ ਤੋਂ ਡਿੱਗੇ ਹੋਏ ਲੋਗ ਸਿਖਾਂ ਦੀ ਸਿਰਮੋਰ ਕਹੀ ਜਾਂਦੀ ਧਾਰਮਕ ਜੱਥੇਬੰਦੀ (ਸ਼੍ਰੋਮਣੀ ਕਮੇਟੀ) ਵਿੱਚ ਕਾਬਜ ਹੋਣ ਵਿੱਚ ਸਫਲ ਹੁੰਦਿਆਂ ਨੋਜਵਾਨ ਸਿਖ ਬਚਿਆਂ ਨੂੰ ਆਤਮਕ ਜੀਵਣ ਤੋਂ ਸਖਣੇ ਇੱਕ ਵਿਕਾਰੀ ਜੀਵਣ ਜੀਣ ਲਈ ਆਕ੍ਰਸ਼ਿਤ ਕਰਨ ਵਿੱਚ ਵੱਡੀ ਭੂਮਿਕਾ ਨਿਭਾਉਦੇ ਹਨ। ਪਿਛਲੇ ਸਾਲਾਂ ਵਿੱਚ ਜਿੱਥੇ ਸ਼੍ਰੋਮਣੀ ਕਮੇਟੀ ਅੰਦਰ ਉੱਚੀਆਂ ਪਦਵੀਆਂ `ਤੇ ਬਿਰਾਜਣ ਵਾਲਿਆਂ ਦੀਆਂ ਪਰਾਈ ਇਸਤ੍ਰੀਆਂ ਨਾਲ ਸ਼ਰਮਨਾਕ ਤਸਵੀਰਾਂ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ, ਉੱਥੇ ਨਾਲ ਹੀ ਜਰਵਾਣਿਆ ਵਲੋਂ ਆਪਣੀ ਲੂਟੀ ਗਈ ਆਬਰੂ ਦੀ ਫਰਿਆਦ ਲੈ ਕੇ ਇੱਕ ਬੱਚੀ ਅਕਾਲ ਤਖਤ ਦੇ ਪੁਜਾਰੀ ਕੋਲ ਪਹੁੰਚੀ ਤਾਂ ਉਸ ਪੂਜਾਰੀ ਨੇ ਉਸ ਸਾਧ ਕੋਲੋਂ ਮੋਟੀ ਰਕਮ ਵੱਡੀ ਲੈਕੇ ਮਾਮਲੇ ਨੂੰ ਰਫਾ-ਦਫਾ ਕਰਨ ਦੀ ਕੋਸ਼ਿਸ਼ ਕੀਤੀ ਜਿਸਦੇ ਖਿਲਾਫ ਉਸ ਬੱਚੀ ਨੇ ਸਰਕਾਰੀ ਅਦਾਲਤ ਵਿੱਚ ਜਾ ਫਰਿਆਦ ਕੀਤੀ ਤਾਂ ਉਸ ਅਦਾਲਤ ਨੇ ਸਾਧ ਨੂੰ ਦੋਸ਼ੀ ਐਲਾਨਦਿਆਂ ਸਜਾ ਸੁਣਾ ਦਿੱਤੀ ਜਿਸ ਨੂੰ ਅੱਜ ਤੱਕ ਉਹ ਸਾਧ ਜੇਲ ਵਿੱਚ ਭੁਗਤ ਰਿਹਾ ਹੈ। ਇਸ ਤੋਂ ਵੀ ਅੱਗੇ ਜਾਂਦੇ ਹੋਏ ਇਨ੍ਹਾਂ ਤਖਤਾਂ ਦੇ ਪੁਜਾਰੀਆਂ ਵਿੱਚੋਂ ਇੱਕ ਤਾਂ ਬੇਸ਼ਰਮੀ ਦੀ ਹੱਦ ਟਪਦਿਆਂ ਇਹ ਕਹਿਣ ਵਿੱਚ ਵੀ ਵਡਿਆਈ ਸਮਝਦਾ ਹੈ ਕਿ ਜੇ ਦਸਵੇਂ ਨਾਨਕ ਇੱਕ ਤੌਂ ਵੱਧ ਇਸਤ੍ਰੀਆਂ ਰੱਖ ਸਕਦੇ ਸਨ ਤਾਂ ਮੈ ਕਿਉਂ ਨਹੀਂ ਰੱਖ ਸਕਦਾ? (ਭਾਵੇਂ ਕਿ ਐਸੀਆਂ ਸੱਭ ਗਲਾਂ ਨਾਲ ਇਤਿਹਾਸ ਵਿੱਚ ਰੱਲਾ ਪਾ ਕੇ ਨਾਨਕ ਸਰੂਪਾਂ ਨੂੰ ਬਦਨਾਮ ਕਰਨ ਦੀਆਂ ਕੁਚਾਲਾਂ ਹੀ ਚਲੀਆਂ ਗਈਆਂ ਸਨ) ਐਸੇ ਨੀਚ ਪੁਜਾਰੀਆਂ ਨੂੰ ਮਾਨਤਾ ਦੇ ਕੇ ਉਨ੍ਹਾਂ ਨੂੰ ਅਹਿਮ ਪੰਥਕ ਫੈਸਲਿਆਂ ਵਿੱਚ ਸ਼ਾਮਿਲ ਕਰਨਾ ਕਿਸੇ ਗਹਿਰੇ ਭੇਤ ਵੱਲ ਇਸ਼ਾਰਾ ਕਰਦਾ ਹੈ? ਅਤੇ ਇਸ ਮੱਦ ਤੋਂ ਉਲਟ ਇਹ ਪੂਜਾਰੀ/ਪ੍ਰਬੰਧਕ ਅਖੌਤੀ ਦਸਮ ਗ੍ਰੰਥ ਵਿਚਲੀਆਂ ਕਹਾਣੀਆਂ ਨੂੰ ਵੀ ਦਸਵੇਂ ਸਰੂਪ ਨਾਲ ਜੋੜ ਕੇ ਉਨ੍ਹਾਂ ਨੂੰ ਚਰਿੱਤਰ ਹੀਨ ਸਾਬਿਤ ਹੁੰਦਿਆਂ ਵੇਖਕੇ ਵੀ ਇਨ੍ਹਾਂ ਕਹਾਣੀਆਂ ਵਿੱਚ ਉਨ੍ਹਾਂ ਨੂੰ ਦਸਵੇਂ ਨਾਨਕ ਦੀਆਂ ਵਡਿਆਈਆਂ ਹੀ ਨਜ਼ਰ ਆਉਦੀਆਂ ਹਨ। ਇਸ ਅਖੋਤੀ ਗ੍ਰੰਥ ਦੇ ਪੰਨਾ 842-43 `ਤੇ ਦਰਜ਼ ਚਰਿੱਤਰ ਨੰਬਰ 21, 22 ਅਤੇ 23 ਵਿੱਚ ਜਿਸ ਤਰ੍ਹਾਂ ਅੰਕਿਤ ਕੀਤਾ ਗਿਆ ਹੈ ਪ੍ਰੋ. ਜੋਧ ਸਿੰਘ ਵਲੋਂ ਅਖੋਤੀ ਦਸਮ ਗ੍ਰੰਥ ਦੇ ਕੀਤੇ ਗਏ ਟੀਕੇ `ਤੇ ਆਧਾਰਿਤ ਕਹਾਣੀ ਇਸ ਤਰ੍ਹਾਂ ਹੈ ਕਿ “ਸਤਲੁਜ ਨਦੀ ਦੇ ਕੰਡੇ, ਆਨੰਦਪੁਰ ਨਾਮ ਦਾ ਇੱਕ ਪਿੰਡ ਸੀ, ਜੋ ਕਹਿਲੂਰ ਦੇ ਨੇੜੇ ਹੈ। ਉਸ ਥਾਂ ਸਿੱਖ ਬੜੀ ਖੁਸ਼ੀ ਪੂਰਵਕ ਆਉਦੇ ਅਤੇ ਆਪਣੇ ਮਨ ਦੀਆਂ ਮੁਰਾਦਾਂ ਪੂਰੀਆਂ ਕਰਕੇ ਸੁਖ ਪੂਰਵਕ ਆਪਣੇ ਘਰਾਂ ਨੂੰ ਜਾਂਦੇ ਸਨ। ਇੱਕ ਅਮੀਰ ਦੀ ਕੁੜੀ ਉਸ ਪਿੰਡ ਦੇ ਰਾਜਾ ਉੱਤੇ ਮੋਹਿਤ ਹੋ ਗਈ। ਉਸ ਦਾ ਇੱਕ ਸੇਵਕ ਸੀ ਮਗਨ ਦਾਸ, ਲੜਕੀ ਨੇ ਮਗਨ ਦਾਸ ਨੂੰ ਕਿਹਾ ਕਿ ਪਿੰਡ ਦੇ ਰਾਜੇ ਨਾਲ ਮੇਰਾ ਮਿਲਾਪ ਕਰਾੳਣ ਦੇ ਬਦਲੇ ਮੈ ਤੈਨੂੰ ਬਹੁਤ ਸਾਰਾ ਧਨ ਦੇਵਾਂਗੀ। ਮਗਨ ਦਾਸ ਨੇ ਰਾਜੇ ਦੇ ਚਰਨਾਂ ਵਿੱਚ ਡਿਗ ਕੇ ਬੇਨਤੀ ਕੀਤੀ ਕਿ ਜੋ ਮੰਤ੍ਰ ਤੁਸੀਂ ਸਿਖਣਾ ਚਾਹੁੰਦੇ ਸੀ ਉਹ ਮੇਰੇ ਹੱਥ ਆ ਗਿਆ ਹੈ ਉਸ ਨੂੰ ਜਾਨਣ ਲਈ ਤੁਸੀਂ ਉਵੇਂ ਹੀ ਕਰਨਾ ਜਿਵੇਂ ਮੈਂ ਤੁਹਾਨੂੰ ਕਹਾਂ। ਰਾਜਾ ਤਪਸਵੀ ਦਾ ਭੇਖ ਬਣਾਕੇ, ਮਨ ਵਿੱਚ ਭਗਉਤੀ ਨੂੰ ਯਾਦ ਕਰਦਾ, ਉਸ ਕੁੜੀ ਦੇ ਘਰ ਪਹੁੰਚ ਗਿਆ। ਰਾਜੇ ਨੂੰ ਵੇਖਕੇ ਕੁੜੀ ਬਹੁਤ ਖੁਸ਼ ਹੋਈ, ਅਤੇ ਰਾਜੇ ਨੂੰ ਅੱਗਲਵਾਂਢੀ ਲੈਣ ਗਈ। ਕੁੜੀ ਨੇ ਰਾਜੇ ਲਈ ਫੁੱਲ, ਪਾਨ, ਸ਼ਰਾਬ ਆਦਿ ਮੰਗਵਾਈ। ਰਾਜੇ ਨੇ ਤਪਸਵੀ ਦਾ ਭੇਖ ਉਤਾਰ ਕੇ, ਕੀਮਤੀ ਵਸਤ੍ਰ ਪਾ ਲਏ ਅਤੇ ਕੁੜੀ ਦੀ ਸੇਜ ਨੂੰ ਸ਼ੋਭਨਾਇਆ। ਕੁੜੀ ਨੇ ਕਿਹਾ ਕਿ ਮੈ ਕਾਮ ਤੋਂ ਦੁਖੀ ਹੋਕੇ ਤੁਹਾਡੇ ਹੱਥ ਵਿਕ ਚੁੱਕੀ ਹਾਂ, ਤੁਸੀਂ ਮੇਰੇ ਨਾਲ ਸੰਭੋਗ ਕਰੋ। ਰਾਜੇ ਨੇ ਮਨ ਵਿੱਚ ਸੋਚਿਆ, ਮੈਂ ਤਾਂ ਮੰਤ੍ਰ ਸਿੱਖਣ ਆਇਆ ਸੀ, ਇਥੇ ਤਾਂ ਹੋਰ ਹੀ ਗੱਲ ਬਣ ਗਈ ਹੈ। ਇਸ ਤੋਂ ਅਗੇ ਜੋ ਵਾਰਤਾਲਾਪ ਆਨੰਦਪੁਰ ਦੇ ਰਾਜੇ ਦਾ ਉਸ ਕੁੜੀ ਨਾਲ ਹੋਇਆ ਉਹ ਇਸ ਤਰਾਂ ਦਰਜ਼ ਹੈ। ਰਾਜਾ ਕੁੜੀ ਨੂੰ ਕਹਿੰਦਾ ਹੈ ਕਿ ਜੇ ਪੂਜੇ ਜਾਣ ਯੋਗ ਬਣ ਜਾਈਏ ਤਾਂ ਮਨ ਵਿੱਚ ਅਭਿਮਾਨ ਨਹੀਂ ਹੋਣਾ ਚਾਹੀਦਾ, ਸੁੰਦਰ ਹੋਕੇ ਆਕੜਨਾ ਨਹੀਂ ਚਾਹੀਦਾ, ਧਨ ਅਤੇ ਸੁੰਦਰਤਾ ਨੂੰ ਚਾਰ ਦਿਨਾਂ ਦਾ ਪ੍ਰਾਹੁਣਾ ਸਮਝਣਾ ਚਾਹੀਦਾ ਹੈ, ਇਸ ਜਨਮ ਵਿੱਚ ਧਰਮ ਦੇ ਕੰਮ ਕਰਨ ਨਾਲ ਸੁੰਦਰ ਦੇਹ ਮਿਲਦੀ ਹੈ, ਧਰਮ ਨਾਲ ਹੀ ਧਨ, ਮਹਲ ਅਤੇ ਰਾਜ ਸੋਭਾ ਪਾਉਂਦੇ ਹਨ। ਮੈਂ ਤੇਰਾ ਕਿਹਾ ਮੰਨ ਕੇ ਕਿਸ ਤਰ੍ਹਾਂ ਤੇਰੇ ਨਾਲ ਸੰਭੋਗ ਨਹੀਂ ਕਰਾਂਗਾ, ਤੇ ਆਪਣੀ ਕੁੱਲ ਨੂੰ ਕਲੰਕਤ ਕਰਨ ਤੋਂ ਜ਼ਰੂਰ ਡਰਾਂਗਾ। ਆਪਣੀ ਵਿਆਹੀ ਹੋਈ ਇਸਤ੍ਰੀ ਨੂੰ ਛੱਡਕੇ ਮੈਂ ਤੇਰੇ ਨਾਲ ਰਤੀ ਕਿਰਿਆ ਨਹੀਂ ਕਰਾਂਗਾ। ਜੇ ਮੈਂ ਅਜੇਹਾ ਕਰਾਂਗਾ ਤਾਂ ਮੈਨੂੰ ਧਰਮਰਾਜ ਦੀ ਸਭਾ ਵਿੱਚ ਥਾਂ ਕਿਵੇਂ ਮਿਲੇਗੀ?

ਕੁੜੀ ਕਹਿੰਦੀ ਹੈ ਕਿ ਕਾਮ ਵੱਸ ਹੋਈ ਇਸਤ੍ਰੀ ਨੂੰ ਜਦੋਂ ਕੋਈ ਪੁਰਸ਼ ਨਿਰਾਸ਼ ਕਰਕੇ ਭੇਜਦਾ ਹੈ ਤਾਂ ਉਸ ਪੁਰਸ਼ ਨੂੰ ਮਹਾਂ ਨਰਕ ਵਿੱਚ ਪਾਇਆ ਜਾਂਦਾ ਹੈ। ਰਾਜਾ ਕਹਿੰਦਾ ਹੈ ਲੋਕ ਮੇਰੇ ਚਰਨਾਂ ਵਿੱਚ ਡਿਗਕੇ ਮੇਰੀ ਪੂਜਾ ਕਰਦੇ ਹਨ। ਮੈਂ ਤੇਰੇ ਤੇ ਮੋਹਤ ਹੋਕੇ ਤੇਰੇ ਨਾਲ ਸੰਭੋਗ ਕਰਾਂ, ਕੀ ਅਜੇਹਾ ਕਹਿੰਦਿਆਂ ਤੈਨੂੰ ਸ਼ਰਮ ਨਹੀਂ ਆਉਦੀਂ? ਕੁੜੀ ਕਹਿੰਦੀ ਹੈ ਕ੍ਰਿਸ਼ਨ ਵੀ ਜਗਤ ਲਈ ਪੂਜਣ ਯੋਗ ਸੀ, ਪਰ ਉਨ੍ਹਾਂ ਨੇ ਵੀ ਰਾਸਲੀਲਾਵਾਂ ਕੀਤੀਆਂ, ਉਨ੍ਹਾਂ ਨੇ ਵੀ ਰਾਧਾ ਨਾਲ ਸੰਭੋਗ ਕੀਤਾ, ਉਹ ਤਾਂ ਨਰਕ ਵਿੱਚ ਨਹੀਂ ਗਏ। ਪਰਮਾਤਮਾ ਨੇ ਆਪ ਹੀ ਪੰਜਾਂ ਤੱਤਾਂ ਤੋਂ ਦੀ ਦੇਹ ਬਣਾਈ ਹੈ ਅਤੇ ਆਪ ਹੀ ਇਸਤ੍ਰੀ ਪੁਰਸ਼ ਦੀ ਆਪਸੀ ਖਿੱਚ ਪੈਦਾ ਕੀਤੀ ਹੈ। ਹੁਣ ਮੇਰੇ ਸ਼ਰੀਰ ਵਿੱਚ ਕਾਮ ਬਹੁਤ ਵੱਧ ਗਿਆ ਹੈ ਇਸ ਲਈ ਮੇਰੇ ਨਾਲ ਰਮਣ ਕਰੋ, ਅੱਜ ਮੈ ਤੁਹਾਡੇ ਨਾਲ ਸੰਭੋਗ ਕੀਤੇ ਬਿਨਾਂ ਬਿਰਹਾ ਦੀ ਅੱਗ ਵਿੱਚ ਸੜਕੇ ਮਰ ਜਾਵਾਂਗੀ। ਹੁਣ ਮੇਰਾ ਅੰਗ ਦੁਸਰੇ ਅੰਗ ਤੋਂ ਬਗੈਰ ਮੈਨੂੰ ਦੁਖੀ ਕਰ ਰਿਹਾ ਹੈ, ਸ਼ਾਇਦ ਏਸੇ ਲਈ ਸ਼ਿਵਜੀ ਨੇ ਇਸ ਨੂੰ ਸਾੜ ਦਿੱਤਾ ਸੀ। ਰਾਜਾ ਕਹਿੰਦਾ ਹੈ, ਹੇ ਸੁੰਦਰੀ ਤੂੰ ਮਨ ਵਿੱਚ ਧੀਰਜ ਰੱਖ, ਕਾਮਦੇਵ ਤੇਰਾ ਕੁੱਝ ਨਹੀਂ ਕਰ ਸਕੇਗਾ। ਮਹਾਂਕਾਲ ਦਾ ਮਨ ਵਿੱਚ ਧਿਆਨ ਧਰ, ਇਹ ਆਪੇ ਡਰ ਜਾਵੇਗਾ। ਮੈਂ ਤੇਰੇ ਨਾਲ ਸੰਭੋਗ ਨਹੀਂ ਕਰਾਂਗਾ ਅਤੇ ਆਪਣੀ ਪਤਨੀ ਨੂੰ ਛੱਡਕੇ ਤੈਨੂੰ ਨਹੀਂ ਅਪਨਾਵਾਂਗਾ। ਤੇਰਾ ਕਿਹਾ ਮਨ ਕੇ ਮੈਂ ਤੇਰੇ ਨਾਲ ਸੰਭੋਗ ਕਿਉਂ ਕਰਾਂ? ਮੈਨੂੰ ਘੋਰ ਨਰਕ ਵਿੱਚ ਪੈਣੋਂ ਡਰਨਾ ਚਾਹੀਦਾ ਹੈ। ਤੇਰੇ ਨਾਲ ਆਲਿੰਗਨ ਕਰਨਾ (ਜੱਫੀ ਪਾਉਣੀ) ਧਰਮ ਨੂੰ ਦੁਸ਼ਮਣ ਸਮਝਣ ਸਮਾਨ ਹੋਵੇਗਾ, ਜਿਸ ਕਾਰਨ ਮੇਰੀ ਬਦਨਾਮੀ ਸੰਸਾਰ ਵਿੱਚ ਹਮੇਂਸ਼ਾ ਹੁੰਦੀ ਰਹੇਗੀ। ਨਿੰਦਾ ਹੋਣ ਨਾਲ ਮੈਂ ਸੰਸਾਰ ਨੂੰ ਕੀ ਮੂੰਹ ਦਿਖਾਂਵਾਂਗਾ? ਇਸ ਕਰਕੇ ਹੇ ਸੁੰਦਰੀ ਤੂੰ ਮੇਰੇ ਨਾਲ ਆਪਣੀ ਦੋਸਤੀ ਦਾ ਖਿਆਲ ਛੱਡ ਦੇਹ। ਹੁਣ ਤੱਕ ਤੂੰ ਜੋ ਮੈਨੂੰ ਕਿਹਾ ਹੈ, ਉਸ ਬਾਰੇ ਹੋਰ ਕੁੱਝ ਨਾ ਆਖੀਂ। ਉਸ ਕੁੜੀ, ਅਨੂਪ ਕੁੰਵਰ ਨੇ ਕਿਹਾ, ਹੇ ਪਿਆਰੇ ਤੂੰ ਮੇਰੇ ਨਾਲ ਭੋਗ ਕਰ, ਤੂੰ ਇਸ ਗੱਲ ਤੋਂ ਨਾ ਡਰ ਕਿ ਤੂੰ ਨਰਕ ਨੂੰ ਜਾਵੇਂਗਾ। ਲੋਕ ਤੇਰਾ ਡਰ ਮੰਨਦੇ ਹਨ, ਉਹ ਕਿਵੇਂ ਤੇਰੀ ਨਿੰਦਾ ਕਰਨਗੇ? ਫਿਰ ਤੇਰੀ ਨਿੰਦਾ ਤਾਂ ਕੋਈ ਤੱਦ ਹੀ ਕਰੇਗਾ, ਜੇ ਉਹ ਤੇਰਾ ਭੇਦ ਜਾਣੇਗਾ, ਤੇ ਜੇ ਕੋਈ ਜਾਣ ਵੀ ਲਵੇਗਾ, ਤਾਂ ਉਹ ਤੇਰੇ ਡਰ ਦੇ ਮਾਰੇ ਚੁੱਪ ਹੀ ਰਹੇਗਾ। ਹੇ ਮਿਤ੍ਰ ਤੂੰ ਮੇਰੇ ਨਾਲ ਰੁਚੀ ਪੂਰਵਕ ਰਤੀ ਕ੍ਰੀੜਾ ਕਰ, ਨਹੀਂ ਤਾਂ ਮੇਰੀ ਟੰਗ ਥਲਿਉ ਦੀ ਨਿਕਲ ਜਾ। ਰਾਜਾ ਕਹਿੰਦਾ ਹੈ ਕਿ ਟੰਗ ਥਲਿਉ ਦੀ ਤਾਂ ਉਹ ਨਿਕਲੇ, ਜੋ ਨਾਮਰਦ ਹੋਵੇ, ਜਿਸ ਨੂੰ ਰਤੀ ਕ੍ਰੀੜਾ ਨਾ ਕਰਨੀ ਆਉਦੀਂ ਹੋਵੇ, ਰਾਤ ਭਰ ਬੈਠ ਕੇ ਰਾਤ ਦਾ ਉਪਯੋਗ ਨਾ ਕਰਨਾ ਆਉਂਦਾ ਹੋਵੇ। ਮੈਂ ਤਾਂ ਧਰਮ ਦਾ ਬੱਧਾ ਤੇਰੇ ਨਾਲ ਭੋਗ ਨਹੀਂ ਕਰ ਰਿਹਾ ਅਤੇ ਮੈਂ ਤਾਂ ਕੇਵਲ ਨੇਕਨਾਮੀ- ਬਦਨਾਮੀ ਤੋਂ ਬਹੁੱਤ ਡਰ ਰਿਹਾ ਹਾਂ। ਕੁੜੀ ਕਹਿੰਦੀ ਹੈ ਤੂੰ ਅਨੇਕਾਂ ਯਤਨ ਕਰ ਲੈ, ਮੈਂ ਅੱਜ ਤੈਨੂੰ ਭੋਗੇ ਬਗੈਰ ਨਹੀਂ ਛੱਡਾਂਗੀ। ਅੱਜ ਮੈਂ ਆਪਣੇ ਹੱਥਾਂ ਨਾਲ ਫੜ ਕੇ ਤੈਨੂੰ ਚੂਰ ਚੂਰ ਕਰਾਂਗੀ। ਹੇ ਮਿਤ੍ਰ ਮੈਂ ਤੇਰੇ ਲਈ ਕਾਸ਼ੀ ਵਾਲੇ ਆਰੇ ਥੱਲੇ ਚਿਰ ਜਾਵਾਂਗੀ, ਧਰਮਰਾਜ ਦੀ ਕਚਹਰੀ ਵਿੱਚ ਖੜੇ ਹੋਕੇ ਜਵਾਬ ਦੇਵਾਂਗੀ। ਹੇ ਪ੍ਰੀਤਮ ਅੱਜ ਤਾਂ ਮੈਂ ਤੇਰੇ ਨਾਲ ਰੁਚੀ ਪੂਰਵਕ ਹਮਬਿਸਤਰ ਹੋਵਾਂਗੀ, ਅਤੇ ਮਨ ਦੀ ਇੱਛਾ ਅਨੁਸਾਰ ਭੋਗ ਭੋਗਾਂਗੀ। ਅੱਜ ਰਾਤ ਤੇਰੇ ਨਾਲ ਸੰਭੋਗ ਕਰਕੇ ਤੇਰੀ ਸੁੰਦਰਤਾ ਨੂੰ ਹੋਰ ਵਧਾ ਦੇਵਾਂਗੀ ਅਤੇ ਤੇਰੇ ਨਾਲ ਮਿਲਕੇ ਕਾਮਦੇਵ ਦਾ ਹੰਕਾਰ ਤੋੜ ਦੇਵਾਂਗੀ। ਰਾਜਾ ਕਹਿੰਦਾ ਹੈ ਪਹਿਲਾਂ ਤਾਂ ਪਰਮਾਤਮਾ ਨੇ ਮੈਨੂੰ ਛੱਤ੍ਰੀ ਕੁਲ ਵਿੱਚ ਜਨਮ ਦਿੱਤਾ ਹੈ, ਫਿਰ ਸਾਡੀ ਕੁਲ ਦਾ ਸੰਸਾਰ ਵਿੱਚ ਬਹੁਤ ਆਦਰ ਹੈ। ਮੈਂ ਸਾਰਿਆਂ ਵਿੱਚ ਬੈਠਕੇ ਆਪਣੇ ਆਪ ਨੂੰ ਪੂਜਣ ਯੋਗ ਕਹਾਉਂਦਾ ਹਾਂ। ਜੇ ਮੈਂ ਤੇਰੇ ਨਾਲ ਭੋਗ ਕਰਦਾ ਹਾਂ ਤਾਂ ਨੀਚ ਕੁਲ ਵਿੱਚ ਜਨਮ ਲਵਾਂਗਾ। ਕੁੜੀ ਕਹਿੰਦੀ ਹੈ ਜਨਮ ਦੀ ਗੱਲ ਕਰਦੇ ਹੋ, ਇਹ ਤਾਂ ਸਾਰੇ ਤੁਹਾਡੇ ਹੀ ਬਣਾਏ ਹੋਏ ਹਨ। ਜੇ ਤੂੰ ਅੱਜ ਮੇਰੇ ਨਾਲ ਰਮਣ ਨਹੀਂ ਕਰੇਂਗਾ ਤਾਂ ਇਹ ਮੇਰੀ ਬਦ ਕਿਸਮਤੀ ਹੋਵੇਗੀ, ਮੈਂ ਤੇਰੇ ਵਿਛੋੜੇ ਵਿੱਚ, ਜ਼ਹਰ ਪੀ ਕੇ, ਜਾਂ ਅੱਗ ਵਿੱਚ ਸੜ ਕੇ ਮਰ ਜਾਵਾਂਗੀ। ਕੁੜੀ ਦੀ ਇਹ ਗੱਲ ਸੁਣਕੇ ਰਾਜਾ ਡਰ ਗਿਆ ਅਤੇ ਮਨ ਵਿੱਚ ਸੋਚਣ ਲੱਗਾ, ਜੇ ਇਸ ਨੇ ਮੈਨੂੰ ਭਗੋਤੀ ਦੀ ਸੌਂਹ ਦੇ ਦਿੱਤੀ ਤਾਂ ਮੈਨੂੰ ਇਸ ਨਾਲ ਭੋਗ ਕਰਨਾ ਹੀ ਪਵੇਗਾ, ਅਤੇ ਮੈਂ ਨਰਕ ਨੂੰ ਜਾਂਵਾਂਗਾ। …………ਇਵੇਂ ਹੀ ਗੱਲਾਂ ਕਰਦਿਆਂ ਰਾਜੇ ਨੇ ਕਿਹਾ ਕਿ ਹੇ ਸੁੰਦਰੀ, ਸਾਨੂੰ ਪੂਜਣ ਯੋਗ ਜਾਣ ਕੇ, ਜੋ ਕੁੜੀ ਸਾਡੇ ਕੋਲ ਆਉਂਦੀ ਹੈ ਉਹ ਗੁਰੂ ਦੀ ਪੁਤ੍ਰੀ ਦੇ ਸਮਾਨ ਮੰਨੀ ਜਾਂਦੀ ਹੈ। ਕੁੜੀਆਂ ਦੇ ਪਿਆਰ ਦਾ ਕੀ ਕਹਿਣਾ, ਉਹ ਕਦੀ ਵੀ ਪਿਆਰ ਨਹੀਂ ਨਿਭਾਉਦੀਆਂ, ਇੱਕ ਪੁਰਸ਼ ਨੂੰ ਛੱਡਕੇ ਦੂਸਰੇ ਦੀ ਕਾਮਨਾ ਕਰਨ ਲਗਦੀਆਂ ਹਨ। ਕਿਸੇ ਵੀ ਨੋਜਵਾਨ ਨਾਲ ਜਦ ਕੋਈ ਕੁੜੀ ਜ਼ਿਆਦਾ ਪਿਆਰ ਦਿਖਾਉਂਦੀ ਹੈ ਤਾਂ ਤੁਰੰਤ ਨਿਰਵਸਤ੍ਰ ਹੋਕੇ ਉਸਦੇ ਸਾਮ੍ਹਣੇ ਪੇਸ਼ ਹੋ ਜਾਂਦੀ ਹੈ (ਅਰਥਾਤ ਇਸਤ੍ਰੀ ਨੂੰ ਕੋਈ ਸ਼ਰਮ ਨਹੀਂ ਹੁੰਦੀ) ਰਾਜੇ ਨੇ ਮਨ ਵਿੱਚ ਸੋਚਿਆ, ਏਥੇ ਮੇਰਾ ਸਿੱਖ ਵੀ ਕੋਈ ਨਹੀਂ, ਜੇ ਮੈਂ ਇਸ ਨਾਲ ਭੋਗ ਕਰਦਾ ਹਾਂ ਤਾਂ ਧਰਮ ਜਾਂਦਾ ਹੈ ਤੇ ਜੇ ਇਥੋਂ ਦੋੜਦਾ ਹਾਂ ਤਾਂ ਇਹ ਰੌਲਾ ਪਾ ਕੇ ਫੜਵਾ ਦੇਵੇਗੀ। ………ਕੁੜੀ ਪ੍ਰੀਤਮ ਨਾਲ ਮਿਲਣ ਲਈ ਉਤਸੁਕ ਹੋਣ ਲੱਗੀ, ਕਿਉਂਕਿ ਕਾਮ ਦੇ ਕਾਰਨ ਉਸ ਦਾ ਅੰਗ-ਅੰਗ ਵਿਆਕੁਲ ਸੀ। ਰਾਜੇ ਨੇ ਕਿਹਾ ਜਦੋਂ ਤੋਂ ਮੈਂ ਹੋਸ਼ ਸੰਭਾਲਿਆ ਹੈ, ਮੈਨੂੰ ਮੇਰੇ ਗੁਰੁ ਨੇ ਉਪਦੇਸ਼ ਦਿੱਤਾ ਹੈ ਕਿ

“ਸੁਧ ਜਬ ਤੇ ਹਮ ਧਰੀ ਬਚਨ ਗੁਰਿ ਦਏ ਹਮਾਰ। ਪੂਤ ਇਹੈ ਪ੍ਰਣ ਤੋਹਿ ਪਰਾਣ ਜਬ ਲਗ ਘਟਿ ਥਾਰੇ। ਨਿਜ ਨਾਰੀ ਕੇ ਸੰਗ ਨੇਹੁ ਤੁਮ ਨਿਤ ਬੜੈਯਹੁ। ਪਰ ਨਾਰੀ ਕੀ ਸੇਜ ਭੂਲਿ ਸੁਪਨੇ ਹੂ ਨਾ ਜਯੀਹੁ”। ਰਾਜਾ ਕਹਿੰਦਾ ਹੈ ਹੇ ਸੁੰਦਰੀ ਮੇਰੇ ਕੋਲ ਦੇਸ਼ਾਂ ਵਿਦੇਸ਼ਾਂ ਤੋਂ ਇਸਤ੍ਰੀਆਂ ਆਉਦੀਆਂ ਹਨ, ਮਨ ਚਾਹੇ ਵਰਦਾਨ ਲੈਕੇ, ਮੈਨੂੰ ਗੁਰੂ ਮੰਨ ਕੇ ਸਿਰ ਝੁਕਾ ਕੇ ਜਾਂਦੀਆਂ ਹਨ। ਸਿੱਖ ਨੂੰ ਪੁਤ੍ਰ, ਇਸਤ੍ਰੀ ਨੂੰ ਪੁਤ੍ਰੀ ਸਮਝਣਾ ਚਾਹੀਦਾ ਹੈ। ਹੇ ਸੰਦਰੀ ਤੂੰ ਹੀ ਦੱਸ, ਉਨ੍ਹਾਂ ਨਾਲ ਭੋਗ ਕਿਵੇਂ ਕੀਤਾ ਜਾ ਸਕਦਾ ਹੈ? … …. ਰਾਜੇ ਦੇ ਇਹ ਬਚਨ ਸੁਣ ਕੇ ਇਸਤ੍ਰੀ ਮਨ ਵਿੱਚ ਕ੍ਰੋਧ ਨਾਲ ਭਰ ਗਈ, ਅਤੇ ਚੋਰ-ਚੋਰ ਦਾ ਰੌਲਾ ਪਾ ਕੇ ਸਿੱਖਾਂ ਨੂੰ ਜਗਾ ਦਿੱਤਾ। ਰਾਜਾ ਚੋਰ ਦੀ ਗੱਲ ਸੁਣ ਕੇ ਬਹੁਤ ਡਰ ਗਿਆ, ਅਤੇ ਜੁੱਤੀ ਉਥੇ ਹੀ ਛੱਡਕੇ ਭੱਜਿਆ। ਚੋਰ- ਚੋਰ ਦਾ ਰੌਲਾ ਸੁਣ ਕੇ ਸਾਰੇ ਭੱਜੇ, ਅਤੇ ਰਾਜੇ ਨੂੰ ਭੱਜਣ ਨਾ ਦਿੱਤਾ, ਪੰਜ ਸੱਤ ਕਰਮਾਂ ਤੇ ਹੀ ਉਸ ਰਾਜੇ ਨੂੰ ਫੜ ਲਿਆ। ਚੋਰ ਚੋਰ ਦੀ ਗੱਲ ਸੁਣਕੇ ਸੱਭ ਨੇ ਤਲਵਾਰਾਂ ਕੱਢ ਲਈਆਂ, ਅਤੇ ਰੌਲਾ ਪਾਉਣ ਲੱਗੇ ਕਿ ਹੇ ਚੋਰ ਤੈਨੂੰ ਜਾਣ ਨਹੀਂ ਦਿਆਂਗੇ, ਅਤੇ ਤੈਨੂੰ ਜਮ ਲੋਕ ਭੇਜ ਦਿਆਂਗੇ। ਇਹ ਕਹਿ ਕੇ ਰਾਜੇ ਨੂੰ ਚਾਰੇ ਪਾਸਿਉਂ ਘੇਰ ਲਿਆ, ਬਥੇਰੀ ਕੋਸ਼ਿਸ਼ ਕਰਨ ਤੇ ਵੀ ਰਾਜਾ ਭੱਜ ਨਾ ਸਕਿਆ। ਲੋਕਾਂ ਨੇ ਉਸ ਦੀ ਦਾੜ੍ਹੀ ਫੜ ਲਈ, ਉਸ ਦੀ ਪੱਗ ਲਾਹ ਦਿੱਤੀ। ਚੋਰ ਚੋਰ ਕਹਿਕੇ ਉਸਦੇ ਦੋ ਤਿਨ ਡੰਡੇ ਵੀ ਮਾਰ ਦਿੱਤੇ। ਡੰਡੇ ਲਗਣ ਨਾਲ ਰਾਜਾ ਧਰਤੀ ਤੇ ਡਿਗ ਕੇ ਬੇਹੋਸ਼ ਹੋ ਗਿਆ। ਲੋਕਾਂ ਵਿੱਚੋਂ ਕੋਈ ਵੀ ਇਸ ਭੇਦ ਨੂੰ ਜਾਣ ਨਾ ਸਕਿਆ, ਉਨ੍ਹਾਂ ਨੇ ਰਾਜਾ ਦੇ ਹੱਥ ਬੰਨ੍ਹ ਲਏ। ਇਸ ਤੋਂ ਅਗੇ ਮੂਲ ਰਚਨਾ ਇਸ ਤਰ੍ਹਾਂ ਹੈ:-

ਵਾਕੀ ਕਰ ਦਾਰੀ ਧਰੀ ਪਗਿਯਾ ਲਈ ਉਤਾਰਿ॥ ਚੋਰ ਚੋਰ ਕਰਿ ਤਿਹ ਗਹਯੋ ਦੇਕ ਮੁਤਹਰੀ ਝਾਰਿ॥ 5॥ ਲਗੇ ਮੁਤਹਰੀ ਕੇ ਗਿਰਯੋ ਭੂਮਿ ਮੂਰਛਨਾ ਖਾਇ॥ ਭੇਦ ਨ ਕਾਹੂੰ ਨਰ ਲਹਿਯੋ ਮੁਸਕੈਂ ਲਈ ਚੜ੍ਹਾਇ॥ 6॥ ਲ਼ਾਤ ਮੁਸਟ ਬਾਜਨ ਲਗੀ ਸਿੱਖ ਪਹੁੰਚੇ ਆਇ। ਭ੍ਰਾਤ ਭ੍ਰਾਤ ਤ੍ਰਿਯ ਕਹਿ ਰਹੀ ਕੋਊ ਨ ਸਕਿਉ ਛੁੜਾਇ। 7. ਜੂਤੀ ਬਹੁ ਤਿਹ ਮੂੰਡ ਲਗਾਈ। ਮੁਸਕੈਂ ਤਾ ਕੀ ਏਂਠ ਚੜਾਈ। ਬੰਦਸਾਲ ਤਿਹ ਦੀਆ ਪਠਾਈ। ਆਨ ਅਪਨੀ ਸੇਜ ਸਹਾਈ। 8. ਇਹ ਛਲ ਖੇਲ ਰਾਇ ਭਜ ਆਯੋ। ਬੰਦਸਾਲ ਤ੍ਰਿਯ ਭ੍ਰਾਤ ਪਠਾਯੋ। ਸਿੱਖਨ ਭੇਦ ਅਭੇਦ ਨ ਪਾਯੋ। ਵਾਹੀ ਕੌ ਤਸਕਰ ਠਹਿਰਾਯੋ। 9. ਸਵੇਰੇ ਸਾਰੇ ਜਾਗੇ ਅਤੇ ਆਪਣੇ ਆਪਣੇ ਕੰਮਾਂ ਵਿੱਚ ਲੱਗ ਗਏ। ਰਾਜਾ ਵੀ ਆਪਣੇ ਭਵਨ ਤੋਂ ਬਾਹਰ ਆਇਆ ਅਤੇ ਸਭਾ ਵਿੱਚ ਬੈਠ ਕੇ ਦੀਵਾਨ ਲਗਾਇਆ। ਸਵੇਰੇ ਉਸ ਇਸਤ੍ਰੀ ਨੇ ਵੀ ਪ੍ਰੇਮ ਤਿਆਗ ਕੇ, ਕੋਧ ਵਸ ਜੁੱਤੀ ਸਾਰਿਆ ਨੂੰ ਵਿਖਾ ਦਿੱਤੀ। ਇਧਰ ਰਾਜਾ ਨੇ ਸਭਾ ਵਿੱਚ ਆਖਿਆ ਕਿ ਕੋਈ ਮੇਰੀ ਜੁੱਤੀ ਚੋਰੀ ਕਰ ਕੇ ਲੈ ਗਿਆ ਹੈ। ਜੋ ਸਿੱਖ ਉਸ ਬੰਦੇ ਬਾਰੇ ਦਸੇਗਾ, ਮੌਤ ਉਸ ਦੇ ਨੇੜੇ ਨਹੀਂ ਆਵੇਗੀ। ਗੁਰੂ ਦੇ ਮੂੰਹ ਤੋਂ ਇਹ ਬਚਨ ਸੁਣ ਕੇ ਸਿੱਖ ਛੁਪਾ ਨਾ ਸਕੇ ਅਤੇ ਜੁੱਤੀ ਕੰਬਲ ਸਮੇਤ ਉਸ ਜਨਾਨੀ ਦਾ ਪਤਾ ਦੱਸ ਦਿੱਤਾ। ਤੱਦ ਰਾਜਾ ਨੇ ਕਿਹਾ ਕਿ ਉਸ ਨੂੰ ਫੜ ਕੇ ਸਾਡੇ ਕੋਲ ਲੈ ਆਉ, ਕੰਬਲ ਅਤੇ ਜੁੱਤੀ ਨਾਲ ਲੈ ਆਉਣਾ ਅਤੇ ਸਾਡੇ ਕਹੇ ਬਗੈਰ ਉਸ ਨੂੰ ਡਰਾਉਣਾ ਧਮਕਾਉਣਾ ਨਹੀਂ। ਰਾਜੇ ਦੇ ਬਚਨ ਸੁਣ ਕੇ ਲੋਕ ਟੁੱਟ ਕੇ ਪੈ ਗਏ ਕੰਬਲ ਅਤੇ ਜੁੱਤੀ ਸਮੇਤ ਉਸ ਜਨਾਨੀ ਨੂੰ ਫੜ ਕੇ ਲੈ ਆਏ। ਰਾਜੇ ਨੇ ਕਿਹਾ ਕਿ ਹੇ ਸੁੰਦਰੀ, ਤੂੰ ਮੇਰੇ ਵਸਤ੍ਰ ਕਿਉਂ ਚੋਰੀ ਕੀਤੇ ਹਨ? ਇਨ੍ਹਾਂ ਪਹਿਰੇਦਾਰਾਂ ਨੂੰ ਵੇਖ ਕੇ ਵੀ ਤੈਨੂੰ ਡਰ ਨਹੀਂ ਲਗਾ? ਜਿਹੜਾ ਚੋਰੀ ਕਰੇ ਉਸ ਨੂੰ ਕੀ ਸਜਾ ਦੇਣੀ ਚਾਹੀਦੀ ਹੈ? ਤੈਨੂੰ ਇਸਤ੍ਰੀ ਜਾਣ ਕੇ ਛੱਡ ਦਿੰਦਾ ਹਾਂ, ਨਹੀਂ ਤਾਂ ਤੈਨੂੰ ਮਾਰ ਦੇਣਾ ਚਾਹੀਦਾ ਹੈ। ਇਹ ਸੁਣ ਕੇ ਕੁੜੀ ਦਾ ਰੰਗ ਪੀਲਾ ਪੈ ਗਿਆ, ਉਹ ਅੱਖਾਂ ਪਾੜ ਪਾੜ ਕੇ ਵੇਖਣ ਲਗੀ, ਉਸ ਦੀ ਛਾਤੀ ਧੜਕਣ ਲੱਗੀ ਅਤੇ ਉਸ ਦੇ ਮੂੰਹ ਤੋਂ ਬੋਲ ਨਹੀਂ ਨਿਕਲ ਰਹੇ ਸਨ। ਰਾਜੇ ਨੇ ਫਿਰ ਕਿਹਾ, ਅਸੀਂ ਤੇਰੇ ਕੋਲੋਂ ਪੁੱਛ ਰਹੇ ਹਾਂ ਪਰ ਤੂੰ ਬੋਲ ਨਹੀਂ ਰਹੀ। ਠੀਕ ਹੈ ਤੇਰਾ ਫੈਸਲਾ ਇਕਾਂਤ ਵਿੱਚ ਕੀਤਾ ਜਾਵੇਗਾ ਅਤੇ ਤੈਨੂੰ ਬਿਨਾ ਕਿਸੇ ਕਸ਼ਟ ਦੇ ਜਾਣ ਦਿੱਤਾ ਜਾਵੇਗਾ।

ਦੂਸਰੇ ਦਿਨ ਉਸ ਇਸਤ੍ਰੀ ਨੂੰ ਫਿਰ ਬੁਲਾਇਆ, ਉਸ ਨੂੰ ਸਭ ਕੁੱਝ ਦਸਿਆ, ਤੂੰ ਸਾਨੂੰ ਜਾਲ ਵਿੱਚ ਫਸਾਇਆ ਸੀ, ਅਸੀਂ ਤੈਨੂੰ ਚੱਕਰ ਵਿੱਚ ਪਾ ਦਿੱਤਾ। ਤੱਦ ਉਸ ਦਾ ਭਰਾ ਵੀ ਕੈਦਖਾਨੇ ਵਿੱਚੋਂ ਛੱਡ ਦਿੱਤਾ। ਉਸ ਨੂੰ ਕਈ ਤਰੀਕਿਆ ਨਾਲ ਸਮਝਾਇਆ। ਉਸ ਨੂੰ ਰਾਜੇ ਨੇ ਕਿਹਾ ਕਿ ਮੇਰਾ ਅਪਰਾਧ ਮੁਆਫ ਕਰੋ ਅਤੇ ਦੁਬਾਰਾ ਐਸਾ ਵਿਚਾਰ ਕਦੀ ਮਨ ਵਿੱਚ ਨਾ ਲਿਆਈਂ। ਹੇ ਇਸਤ੍ਰੀ ਹੁਣ ਤੂੰ ਮੈਨੂੰ ਮੁਆਫ ਕਰ, ਮੈਂ ਵੀ ਇਸ ਝਗੜੇ ਨੂੰ ਹੋਰ ਨਹੀਂ ਵਧਾਉਣਾ ਚਾਹੁੰਦਾ। ਇਸ ਮਗਰੋਂ ਉਸ ਜ਼ਨਾਨੀ ਦਾ ਵਜੀਫਾ, ਛੇ ਮਹੀਨੇ ਦਾ ਵੀਹ ਹਜ਼ਾਰ ਰੁਪਏ ਬੰਨ੍ਹ ਦਿੱਤਾ ਗਿਆ।

ਇਸ ਕਹਾਣੀ ਨੂੰ ਪੜ੍ਹਣ ਤੋਂ ਬਾਦ ਵੀ ਜੇ ਕੋਈ ਸਮਝਦਾ ਹੋਵੇ ਕਿ ਇਹ ਰਚਨਾ ਦਸਵੇਂ ਨਾਨਕ ਦੀ ਹੈ ਤਾਂ ਉਸ ਨੂੰ ਹੇਠ ਲਿਖੇ ਸਵਾਲਾਂ ਬਾਰੇ ਵਿਚਾਰ ਕਰਨਾ ਚਾਹੀਦਾ ਹੈ:-

1. ਕਹਿਲੂਰ ਦੇ ਕੋਲ ਆਨੰਦਪੁਰ ਦਾ ਰਾਜਾ, ਜਿਸ ਕੋਲ ਸਿੱਖ ਖੁਸ਼ੀ ਪੂਰਵਕ ਆਉਦੇਂ ਸਨ ਆਪਣੀਆਂ ਮੁਰਾਦਾਂ ਪੂਰੀਆਂ ਕਰ ਕੇ ਖੁਸ਼ੀ ਪੂਰਵਕ ਘਰਾਂ ਨੂੰ ਵਾਪਸ ਜਾਂਦੇ ਸਨ, ਉਹ ਰਾਜਾ ਕੌਣ ਸੀ?

2. ਆਨੰਦਪੁਰ ਦੇ ਕਿਸ ਰਾਜੇ ਨੂੰ ਲੋਕ ਪੂਜਦੇ ਸਨ ਅਤੇ ਉਸਦੇ ਚਰਣਾਂ ਵਿੱਚ ਡਿਗਦੇ ਸਨ?

3. ਆਨੰਦਪੁਰ ਦੇ ਕਿਸ ਰਾਜੇ ਦਾ ਜਨਮ ਖੱਤ੍ਰੀ ਕੁਲ ਵਿੱਚ ਹੋਇਆ ਸੀ? ਕਿਸ ਦੀ ਕੁਲ ਦਾ ਸੰਸਾਰ ਵਿੱਚ ਬਹੁਤ ਆਦਰ ਸੀ? ਕੌਣ ਸਾਰਿਆ ਵਿੱਚ ਪੂਜਣ ਯੋਗ ਕਹਾਉਦਾ ਸੀ?

4. ਕਿਸ ਰਾਜੇ ਨਾਲ ਜੁੜੇ ਲੋਕ ਸਿੱਖ ਅਖਵਾਉਦੇ ਸਨ?

5. ਕਿਸ ਰਾਜੇ ਕੋਲ ਆਉਣ ਵਾਲੇ ਸਿੱਖ ਗੁਰੂ ਦੇ ਪੁਤ੍ਰ ਅਤੇ ਇਸਤ੍ਰੀਆਂ ਗੁਰੂ ਦੀਆਂ ਪੁਤ੍ਰੀਆਂ ਕਹਾਉਦੀਆਂ ਸਨ?

6. ਇਹ ਦੋਹਰਾ ਕਿਸ ਨਾਲ ਸਬੰਧਤ ਸਮਝਿਆ ਜਾਂਦਾ ਹੈ? “ਸੁਧ ਜਬ ਤੇ ਹਮ ਧਰੀ ਬਚਨ ਗੁਰਿ ਦਏ ਹਮਾਰ। ਪੂਤ ਇਹੈ ਪ੍ਰਣ ਤੋਹਿ ਪਰਾਣ ਜਬ ਲਗ ਘਟਿ ਥਾਰੇ। ਨਿਜ ਨਾਰੀ ਕੇ ਸੰਗ ਨੇਹੁ ਤੁਮ ਨਿਤ ਬੜੈਯਹੁ। ਪਰ ਨਾਰੀ ਕੀ ਸੇਜ ਭੂਲਿ ਸੁਪਨੇ ਹੂ ਨਾ ਜਯੀਹੁ”। ਨਿਸ਼ਚਿਤ ਰੂਪ ਵਿੱਚ ਇਹ ਦਸਵੇਂ ਨਾਨਕ ਤੋਂ ਇਲਾਵਾ ਕੋਈ ਹੋਰ ਹੋ ਹੀ ਨਹੀਂ ਸਕਦਾ ਜੇ ਅਜੇ ਵੀ ਕੋਈ ਇਹ ਕਹਿੰਦਾ ਹੈ ਕਿ ਇਹ ਦਸਵੇਂ ਨਾਨਕ ਦੀ ਆਪ ਬੀਤੀ ਲਿਖੀ ਹੈ ਤਾਂ ਯਕੀਨਨ ਉਨ੍ਹਾਂ ਨੂੰ ਇਹ ਵੀ ਮੰਨਣਾ ਪਵੇਗਾ ਕਿ:-

1 ਦਸਵੇਂ ਨਾਨਕ ਡਰਦੇ ਮਾਰੇ ਉਸ ਕੁੜੀ ਕੋਲ ਜੁੱਤੀ ਛੱਡ ਕੇ ਭੱਜੇ ਸਨ।

2 ਰਾਹ ਵਿੱਚ ਘੇਰ ਕੇ ਲੋਕਾਂ ਨੇ ਉਨ੍ਹਾਂ ਨੂੰ ਡੰਡੇ ਵੀ ਮਾਰੇ ਸਨ, ਜਿਸ ਕਾਰਨ ਉਹ ਬੇਹੋਸ਼ ਵੀ ਹੋ ਗਏ ਸਨ।

3 ਲੋਕਾਂ ਨੇ ਉਨ੍ਹਾਂ ਦੀ ਦਾੜ੍ਹੀ ਵੀ ਫੜੀ ਸੀ ਅਤੇ ਪੱਗ ਵੀ ਲਾਹੀ ਸੀ।

4 ਇਹ ਵੀ ਮੰਨਣਾ ਪਵੇਗਾ ਕਿ ਉਨ੍ਹਾਂ ਤੇ ਲੋਕਾਂ ਨੇ ਮੁਕਿਆਂ ਦੀ ਬਾਰਸ਼ ਵੀ ਕੀਤੀ ਸੀ ਉਹ ਵੀ ਆਨੰਦਪੁਰ ਸਾਹਿਬ ਵਿੱਚ।

ਇਸ ਸੱਭ ਕੁੱਝ ਨੂੰ ਪੜ੍ਹਨ ਤੋਂ ਬਾਦ ਵੀ ਜੇ ਕੋਈ ਇਸ ਨੂੰ ਦਸਵੇਂ ਨਾਨਕ ਦੀ ਆਤਮ ਕਥਾ ਹੀ ਕਹੀ ਜਾਣ ਅਤੇ ਐਸਾ ਕਹਿਣ ਅਤੇ ਮੰਨਣ ਵਾਲਿਆਂ ਦਾ ਨਾਨਕ ਸਰੂਪਾਂ ਨਾਲ ਕਿਨ੍ਹਾਂ ਕੁ ਜਿਤ ਹੋ ਸਕਦਾ ਹੈ? ਉਹ ਇਸ ਗੰਦ ਦੇ ਢੇਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸ ਆਸ਼ੇ ਨਾਲ ਪ੍ਰਕਾਸ਼ ਕਰ ਰਹੇ ਹਨ? ਇਹੋ ਜਹੀਆਂ ਰਚਨਾਵਾਂ ਨੂੰ ਕਿਸੇ ਵੀ ਤਰੀਕੇ ਨਾਨਕ ਸਰੂਪਾਂ ਦੀ ਉਸਤਤਿ ਸਿੱਧ ਨਹੀਂ ਕੀਤਾ ਜਾ ਸਕਦਾ ਅਤੇ ਜੇ ਇਸ ਸੱਭ ਕੁੱਝ ਨੂੰ ਪੜ੍ਹਣ ਸਮਝਣ ਦੇ ਬਾਦ ਵੀ ਐਸੀਆਂ ਰਚਨਾਵਾਂ ਨੂੰ ਦਸਵੇ ਨਾਨਕ ਦੀਆਂ ਹੀ ਸਾਬਤ ਕਰਨਾ ਹੈ ਤਾਂ ਫਿਰ ਉਨ੍ਹਾਂ ਨੂੰ ਉਸ ਨੂੰ ਵੀ ਫਰੋਲ ਦੇਖਣਾ ਪਵੇਗਾ ਜਿਸ ਨੂੰ ਮੰਨਣ ਤੋਂ ਪਹਿਲਾਂ ਹੀ ਸਿੱਖ ਨੂੰ ਮਰ ਜਾਣਾ ਚਾਹੀਦਾ ਹੈ ਅਤੇ ਜੇ ਐਸੀ ਕਹਾਣੀਆਂ ਨੂੰ ਬੇਪਰਦ ਕਰਦੇ ਹੋਏ ਪ੍ਰੋਫੈਸਰ ਦਰਸ਼ਨ ਸਿੰਘ ਜੀ ਸੰਗਤਾਂ ਨੂੰ ਸੁਚੇਤ ਕਰਨ ਤਾਂ ਸਾਡੇ ਕਹੇ ਜਾਂਦੇ ਇਹ ਜੱਥੇਦਾਰ (ਪੂਜਾਰੀ) ਉਨ੍ਹਾਂ ਨੂੰ ਤਨਖਾਈਆ ਕਰਾਰ ਦੇਣ ਲਗਿਆ ਵੀ ਸ਼ਰਮ ਮਹਿਸੂਸ ਨਹੀਂ ਕਰਦੇ। ਕੀ ਇਨ੍ਹਾਂ ਨੂੰ ਕਦੇ ਸਮਝ ਆਵੇਗੀ? (ਚਲਦਾ)

ਮਨਜੀਤ ਸਿੰਘ ਖਾਲਸਾ, ਮੋਹਾਲੀ

ਮੋਬਾਈਲ ਨੰ: 09417440779
.