.

ਗੁਰਬਾਣੀ ਦਾ ਸੱਚ

(ਕਿਸ਼ਤ ਨੰ: 12)

ਗੁਰਬਾਣੀ ਦਾ ਸੱਚ (ਸੁਰਗ 02)

ਗੁਰੂ ਗ੍ਰੰਥ ਸਾਹਿਬ ਵਿੱਚ ਜਿਨ੍ਹਾਂ ਸ਼ਬਦਾਂ ਵਿੱਚ ਸੁਰਗ, ਬੈਕੁੰਠ, ਬਹਿਸ਼ਤ ਅਤੇ ਭਿਸ਼ਤ ਸ਼ਬਦ ਆਇਆ ਹੈ, ਉਨ੍ਹਾਂ ਦੇ ਭਾਵਾਰਥ ਦੀ ਚਰਚਾ ਕਰਨ ਤੋਂ ਪਹਿਲਾਂ, ਸੁਰਗ ਦੀ ਕਲਪਣਾ ਦਾ ਮਨੋਰਥ ਅਤੇ ਇਸ ਦੀ (ਸੁਰਗ) ਹੋਂਦ ਨੂੰ ਮੰਨ ਲੈਣ ਨਾਲ ਨਿਕਲੇ/ਨਿਕਲਦੇ ਦੇ ਸਿੱਟਿਆਂ ਆਦਿ ਬਾਰੇ ਸੰਖੇਪ ਵਿੱਚ ਚਰਚਾ ਦੇ ਨਾਲ ਬਾਣੀਕਾਰਾਂ ਦੇ ਦ੍ਰਿਸ਼ਟੀਕੋਣ ਦਾ ਵਰਣਨ ਕਰ ਰਹੇ ਹਾਂ।
ਆਮ ਤੌਰ `ਤੇ ਇਹ ਮੰਨਿਆ/ਆਖਿਆ ਜਾਂਦਾ ਹੈ ਕਿ ਨਰਕ-ਸੁਰਗ ਦੀ ਧਾਰਨਾ ਦੀ ਕਲਪਣਾ ਅਥਵਾ ਪ੍ਰਚਾਰ ਕਰਨ ਵਾਲਿਆਂ ਨੇ ਮਾੜੀ ਨੀਅਤ ਨਾਲ ਇਸ ਦੀ ਕਲਪਣਾ ਨਹੀਂ ਕੀਤੀ। ਇਸ ਪਿੱਛੇ ਉਨ੍ਹਾਂ ਦੀ ਭਾਵਨਾ ਮਾੜੀ ਨਹੀਂ ਸੀ। ਸੁਰਗ-ਨਰਕ ਦੀ ਧਾਰਨਾ ਨੂੰ ਪ੍ਰਚਾਰਨ ਵਾਲਿਆਂ ਨੇ ਇਹ ਸਭ ਕੁੱਝ ਇਸ ਭਾਵਨਾ ਨਾਲ ਕੀਤਾ ਸੀ ਕਿ ਮਨੁੱਖ ਭੈੜੇ ਕੰਮਾਂ ਤੋਂ ਸੰਕੋਚ ਕਰਕੇ ਸ਼ੁਭ ਕੰਮ ਕਰਨ ਲਈ ਉਤਸ਼ਾਹਤ ਹੋਵੇ। ਪਰੰਤੂ ਜਦ ਅਸੀਂ ਸੁਰਗ-ਨਰਕ ਦੀ ਧਾਰਨਾ ਦਾ ਪ੍ਰਚਾਰ ਕਰਨ ਵਾਲਿਆਂ ਦੀਆਂ ਲਿਖਤਾਂ ਨੂੰ ਗਹੁ ਨਾਲ ਪੜ੍ਹਦੇ ਹਾਂ ਤਾਂ ਉਨ੍ਹਾਂ ਦੀ ਇਸ ਪਿੱਛੇ ਜੋ ਭਾਵਨਾ ਹੈ, ਉਹ ਭਲੀ ਪ੍ਰਕਾਰ ਉਘੜ ਕੇ ਸਾਹਮਣੇ ਆ ਜਾਂਦੀ ਹੈ। ਅਜਿਹੀ ਸ਼੍ਰੇਣੀ ਦੀ ਭਾਵਨਾ ਜੇਕਰ ਸੱਚ-ਮੁੱਚ ਹੀ ਸ਼ੁਭ ਹੁੰਦੀ ਹੈ ਤਾਂ ਧਾਰਮਿਕ ਦੁਨੀਆਂ ਵਿੱਚ ਪਾਖੰਡ ਦਾ ਬੋਲਬਾਲਾ ਨਾ ਹੁੰਦਾ।
ਇਸ ਵਿੱਚ ਕੋਈ ਸੰਦੇਹ ਨਹੀਂ ਹੈ ਕਿ ਸੁਰਗ ਦੀ ਕਲਪਣਾ ਕਰਨ ਵਾਲਿਆਂ ਨੇ ਸੁਰਗ ਦਾ ਇਹੋ ਜੇਹਾ ਮਨਮੋਹਕ ਨਕਸ਼ਾ ਉਲੀਕਿਆ ਕਿ ਹਰੇਕ ਮਨੁੱਖ ਦਾ ਇਹੋ ਜੇਹੇ ਸੁਰਗ ਵਿੱਚ ਨਿਵਾਸ ਲਈ ਮਨ ਲਲਚਾਉਣ ਲੱਗ ਪਿਆ। ਦੂਜੇ ਪਾਸੇ ਨਰਕ ਦਾ ਇਹੋ ਜੇਹਾ ਭਿਆਨਕ ਦਿਲ-ਕੰਬਾਊ ਦ੍ਰਿਸ਼ ਪੇਸ਼ ਕੀਤਾ ਕਿ ਮਨੁੱਖ ਇਸ ਬਾਰੇ ਪੜ੍ਹ ਸੁਣ ਕੇ ਹੀ ਕੰਬ ਉੱਠਿਆ। ਪਰ ਕੀ ਇਸ ਨਾਲ ਮਨੁੱਖ ਨੇ ਬੇਈਮਾਨੀ, ਹੇਰਾਫੇਰੀ, ਚੋਰੀ, ਜਾਰੀ, ਪਾਖੰਡ ਆਦਿ ਦਾ ਤਿਆਗ ਕਰਕੇ ਇਨਸਾਨੀਅਤ ਭਰਪੂਰ ਜੀਵਨ ਜਿਊਂਣ ਲਈ ਹੰਭਲਾ ਮਾਰਿਆ? ਨਹੀਂ, ਅਜਿਹਾ ਕੁੱਝ ਦਿਖਾਈ ਨਹੀਂ ਦੇਂਦਾ। ਚੂੰਕਿ ਸੁਰਗ-ਨਰਕ ਦੀ ਮੁਦਈ ਸ਼੍ਰੇਣੀ ਆਪ ਇਨ੍ਹਾਂ ਕਮਜ਼ੋਰੀਆਂ ਦਾ ਸ਼ਿਕਾਰ ਰਹੀ ਹੈ। ਅੱਜ ਵੀ ਇਸ ਦੇ (ਜ਼ਿਆਦਤਰ) ਮੁਦਈ, ਇਨ੍ਹਾਂ ਕਮਜ਼ੋਰੀਆਂ ਦਾ, ਕਿਸੇ ਨੇ ਕਿਸੇ ਰੂਪ ਵਿੱਚ ਸ਼ਿਕਾਰ ਹਨ।
ਹਾਂ, ਇਸ ਵਿੱਚ ਕੋਈ ਸ਼ੱਕ ਨਹੀ ਕਿ ਜਨ-ਸਾਧਾਰਨ ਮਨੁੱਖ, ਨਰਕ ਦੇ ਭਿਆਨਕ ਕਸ਼ਟਾਂ ਤੋਂ ਬਚਣ ਅਤੇ ਸੁਰਗ ਵਿੱਚ ਐਸ਼-ਅਰਾਮ ਦੀ ਜ਼ਿੰਦਗੀ ਜਿਊਂਣ ਲਈ ਆਪਣੇ ਵਰਤਮਾਨ ਨੂੰ ਨਰਕ ਬਣਾ ਕੇ ਨਰਕੀ ਜ਼ਿੰਦਗੀ ਗੁਜ਼ਾਰਨ ਲੱਗ ਪਿਆ। (ਇਹ ਵਰਤਾਰਾ ਅੱਜ ਵੀ ਜਾਰੀ ਹੈ। ਅਜੋਕੇ ਸਮੇਂ ਵਿੱਚ ਵੀ ਸਾਡੇ ਆਲੇ-ਦੁਆਲੇ ਕਈ ਅਜਿਹੇ ਪ੍ਰਾਣੀ ਮੌਜੂਦ ਹਨ, ਜੇਹੜੇ ਸੁਰਗ ਪ੍ਰਾਪਤੀ ਲਈ ਆਪਣੇ ਵਰਤਮਾਨ ਨੂੰ ਦਾਅ `ਤੇ ਲਗਾਈ ਬੈਠੇ ਹਨ।) ਇਸ ਧਾਰਨਾ ਨੂੰ ਪ੍ਰਚਾਰਨ ਵਾਲੀ ਸ਼੍ਰੇਣੀ ਮਨੁੱਖ ਨੂੰ ਸੁਰਗ ਦੇ ਸਰਸਬਜ਼ ਬਾਗ਼ ਦਿਖਾ ਕੇ ਸੁਰਗ `ਚ ਪਹੁੰਚਣ ਦੇ ਚਾਹਵਾਨ ਪ੍ਰਾਣੀਆਂ ਨੂੰ ਨਰਕ ਤੋਂ ਬਚਾਉਣ ਅਤੇ ਸੁਰਗਾਂ `ਚ ਪਹੁੰਚਾਉਣ ਦਾ ਪ੍ਰਬੰਧ ਕਰਨ ਦੇ ਪਰਉਪਕਾਰ ਵਿੱਚ ਜੁੱਟ ਪਈ (?)। ਇਸ ਤਰ੍ਹਾਂ ਮਨੁੱਖਤਾ ਨੂੰ ਸੁਰਗ ਦਾ ਲਾਲਚ ਅਤੇ ਨਰਕ ਦਾ ਡਰ ਦੇਣ ਵਾਲੀ ਸ਼੍ਰੇਣੀ ਆਪ ਕਥਿਤ ਨਰਕ-ਦੇ ਡਰ ਅਤੇ ਸੁਰਗ ਦੀ ਚਾਹਤ ਤੋਂ ਉਪਰ ਉੱਠ ਕੇ ਐਸ਼-ਅਰਾਮ ਦੀ ਜ਼ਿੰਦਗੀ ਬਤੀਤ ਕਰਨ ਲੱਗ ਪਈ। ਇਹ ਸਿਲਸਿਲਾ ਸਦੀਆਂ ਤੋਂ ਤੁਰਿਆ ਆ ਰਿਹਾ ਹੈ ਅਤੇ ਅਜੇ ਵੀ ਤੁਰਿਆ ਜਾ ਰਿਹਾ ਹੈ। ਆਮ ਮਨੁੱਖ ਨੂੰ ਨਰਕ-ਸੁਰਗ ਦੇ ਸੰਕਲਪ ਨੂੰ ਪ੍ਰਚਾਰਨ ਵਾਲਿਆਂ ਦੀ ਨੀਅਤ ਉੱਤੇ ਸ਼ੱਕ ਇਸ ਲਈ ਨਹੀਂ ਹੋਇਆ ਕਿ ਇਨ੍ਹਾਂ ਨੇ ਇਹ ਸਭ ਕੁੱਝ ਆਪਣੇ ਰਹਿਬਰਾਂ ਦੇ ਮੁਖ਼ਾਰਬਿੰਦ `ਚੋਂ ਕਢਵਾਇਆ ਹੈ। ਜਨ-ਸਾਧਾਰਨ ਇਸ ਗੱਲ ਨੂੰ ਨਾ ਸਮਝ ਸਕਿਆ ਕਿ ਇਹ ਸਭ ਕੁੱਝ ਰੱਬ ਦੇ ਸੱਚੇ ਆਸ਼ਕਾਂ ਨੇ ਨਹੀਂ ਆਖਿਆ ਹੋਇਆ ਸਗੋਂ ਸੁਰਗ ਬਾਰੇ ਇਹੋ ਜੇਹਾ ਲਿਖਣ ਵਾਲਿਆਂ ਨੇ ਉਨ੍ਹਾਂ ਦੇ ਮੂੰਹੋਂ ਅਖਵਾਇਆ/ਕਢਵਾਇਆ ਹੈ। ਭਾਵ, ਨਰਕ-ਸੁਰਗ ਦੇ ਸੰਕਲਪ ਨੂੰ ਪ੍ਰਚਾਰਨ ਵਾਲਿਆਂ ਨੇ ਸਤਪੁਰਸ਼ਾਂ ਦੇ ਨਾਮ ਨੂੰ ਵਰਤਿਆ ਹੈ, ਜੋ ਕੁੱਝ ਲਿਖਿਆ /ਆਖਿਆ ਹੈ ਉਹ ਇਨ੍ਹਾਂ ਦੀ ਆਪਣੀ ਮੱਤ/ਸੋਚ ਦਾ ਹੀ ਚਮਤਕਾਰ ਹੈ। ਮਨੁੱਖਤਾ ਨੂੰ ਇਨਸਾਨੀਅਤ ਦਾ ਪਾਠ ਪੜ੍ਹਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਇਨ੍ਹਾਂ ਗੱਲਾਂ ਨਾਲ ਕੋਈ ਸਰੋਕਾਰ/ਸਬੰਧ ਨਹੀਂ ਹੈ।
ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਨੇ ਮਨੁੱਖ ਨੂੰ ਨਰਕ-ਸੁਰਗ ਦੇ ਡਰ ਅਤੇ ਲਾਲਚ ਤੋਂ ਉਪਰ ਉਠਾ ਕੇ ਸਪਸ਼ਟ ਕੀਤਾ ਕਿ ਇਹ ਧਾਰਨਾਂ ਤਾਂ ਮਨੁੱਖ ਨੂੰ ਬੰਧਨਾਂ ਵਿੱਚ ਪਾਉਣ ਵਾਲੀ ਹੈ। ਬਾਣੀਕਾਰਾਂ ਨੇ ਮਨੁੱਖ ਨੂੰ ਸਹੀ ਦਿਸ਼ਾ ਪ੍ਰਦਾਨ ਕਰਦਿਆਂ ਹੋਇਆਂ ਆਖਿਆ ਕਿ ਮਨੁੱਖ ਦੇ ਜੀਵਨ ਦਾ ਅਦਰਸ਼ ਮੌਤ ਮਗਰੋਂ ਨਰਕ ਤੋਂ ਆਪਣਾ ਬਚਾਓ ਕਰਨਾ ਅਤੇ ਸੁਰਗਾਂ ਵਿੱਚ ਵਾਸਾ ਨਹੀਂ ਹੈ। ਜੀਵਨ ਦਾ ਉਦੇਸ਼ ਤਾਂ ਸਤਿਗੁਰੂ ਦੇ ਗਿਆਨ ਦੁਆਰਾ ਅਕਾਲ ਪੁਰਖ ਦੀ ਰਜ਼ਾ ਨੂੰ ਸਮਝ ਕੇ, ਜੀਵਨ-ਮੁਕਤ ਹੋ ਕੇ ਇਨਸਾਨੀਅਤ ਭਰਪੂਰ ਜੀਵਨ ਜਿਉਂਣਾ ਹੈ।
ਜਿੱਥੋਂ ਤਕ ਇਸ ਗੱਲ ਦਾ ਸਵਾਲ ਹੈ ਕਿ ਸੁਰਗ-ਨਰਕ ਦੀ ਧਾਰਨਾ ਵਿੱਚ ਵਿਸ਼ਵਾਸ, ਮਨੁੱਖ ਨੂੰ ਮਾੜੇ ਕੰਮਾਂ ਤੋਂ ਤੋਬਾ ਕਰਕੇ ਸ਼ੁਭ ਕੰਮ ਕਰਨ ਲਈ ਉਤਸ਼ਾਹਤ ਕਰਦਾ ਹੈ। ਇਤਿਹਾਸ ਦੇ ਪੰਨਿਆਂ ਨੂੰ ਫਰੋਲਿਆਂ ਅਤੇ ਆਲੇ-ਦੁਆਲੇ ਵਲ ਝਾਤੀ ਮਾਰਿਆਂ ਅਜਿਹਾ ਕੁੱਝ ਦਿਖਾਈ ਨਹੀਂ ਦੇਂਦਾ। ਜਿਸ ਸੁਰਗ ਦੇ ਸੰਕਲਪ ਬਾਰੇ ਇਹ ਸਮਝਿਆ ਜਾ ਰਿਹਾ ਹੈ ਕਿ ਮਨੁੱਖ ਸ਼ੁਭ ਕਰਮ ਕਰਨ ਲਈ ਉਤਸ਼ਾਹਤ ਹੁੰਦਾ ਹੈ ਉਸੇ ਸੁਰਗ ਦੀ ਲਾਲਸਾ ਨੇ ਮਨੁੱਖ ਨੂੰ ਮਨੁੱਖ ਨਾਲੋਂ ਤੋੜਿਆ ਹੈ। ਮਨੁੱਖ ਨੇ ਇੱਕ ਦੂਜੇ ਦੇ ਨੇੜੇ ਹੋਣ ਦੀ ਥਾਂ ਦੂਰੀ ਬਣਾ ਲਈ ਹੈ। ਇਨਸਾਨ ਨੇ ਆਪਣੇ ਵਰਤਮਾਨ ਨੂੰ ਸੁਧਾਰਨ ਦੀ ਬਜਾਏ ਅੱਗਾ ਸਵਾਰਨ ਦੀ ਦੌੜ ਵਿੱਚ ਸ਼ਾਮਲ ਹੋ ਕੇ ਵਰਤਮਾਨ ਨੂੰ ਨਰਕ ਬਣਾ ਲਿਆ ਹੈ। ਮਨੁੱਖ ਨੇ ਸੱਚਾ ਧਰਮੀ ਬਣਨ ਦੀ ਥਾਂ ਕਰਮਕਾਂਡੀ ਬਣ ਕੇ ਧਰਮ ਤੋਂ ਮੂੰਹ ਮੋੜ ਲਿਆ। ਸਿੱਟੇ ਵਜੋਂ ਧਰਮ ਕਰਮ ਕਰਦਾ ਹੋਇਆ ਵੀ ਧਰਮੀ ਨਾ ਬਣ ਸਕਿਆ। ਸੰਸਾਰ ਦਾ ਇਤਿਹਾਸ ਇਸ ਗੱਲ ਦੀ ਭਲੀ ਪ੍ਰਕਾਰ ਗਵਾਹੀ ਭਰਦਾ ਹੈ। ਅਜੋਕੇ ਜੁਗ ਵਿੱਚ ਵੀ ਅਸੀਂ ਦੇਖਦੇ ਹਾਂ ਧਾਰਮਿਕ ਜਨੂੰਨ ਦਾ ਸ਼ਿਕਾਰ ਹੋਏ ਹੋਏ ਮਨੁੱਖ, ਜੇਕਰ ਦੂਜਿਆਂ ਧਰਮਾਂ ਦੇ ਪੈਰੋਕਾਰਾਂ ਨੂੰ ਤੰਗ-ਪ੍ਰੇਸ਼ਾਨ ਕਰਨ, ਮੌਤ ਦੇ ਘਾਟ ਉਤਾਰਨ ਆਦਿ ਜੇਹੇ ਕਰਮ ਕਰਦੇ ਹਨ ਜਾਂ ਇਹੋ ਜੇਹੇ ਕਰਮ ਕਰਨ ਲਈ ਉਤਸੁਕ ਹਨ, ਤਾਂ ਇਸ ਪਿੱਛੇ ਉਨ੍ਹਾਂ ਦੀ ਭਾਵਨਾ ਆਪਣੇ ਇਸ਼ਟ ਨੂੰ ਖ਼ੁਸ਼ ਕਰਕੇ ਸੁਰਗ `ਚ ਨਿਵਾਸ ਕਰਨ ਦੀ ਹੀ ਹੈ। ਇੱਥੇ ਅਸੀਂ ਇਤਿਹਾਸ `ਚੋਂ ਸਕੰਦਰ ਲੋਧੀ ਦੀ ਉਦਾਹਰਣ ਦੇਣਾ ਚਾਹੁੰਦੇ ਹਾਂ। ਇਹ ਕਹਿੰਦਾ ਹੈ ਕਿ “ਉਸ ਨੇ ਆਪਣੇ ਜੀਵਨ–ਕਾਲ ਵਿੱਚ ਚਾਰ ਲੱਖ ਬੱਤੀ ਹਜ਼ਾਰ ਮੋਮਨ ਤੇ ਦੋ ਲੱਖ ਤ੍ਰੈਪਨ ਹਜ਼ਾਰ ਹਿੰਦੂ ਕਤਲ ਕੀਤਾ ਹੈ ਜਿਸ ਤੋਂ ਇੱਕ ਮੇਰੇ ਵਾਸਤੇ ਕੀ ਮੇਰੀ ਉਲਾਦ ਵਾਸਤੇ ਭੀ ਖ਼ੁਦਾਵੰਦ ਕਰੀਮ ਹਮੇਸ਼ਾਂ ਬਹਿਸ਼ਤ ਦਾ ਦਰਵਾਜ਼ਾ ਖੁੱਲਾ ਰੱਖੇਗਾ।” (ਤਵਾਰੀਖ ਗੁਰੂ ਖ਼ਾਲਸਾ –ਗਿਆਨੀ ਗਿਆਨ ਸਿੰਘ) ਇਹੋ ਜੇਹੀ ਸੋਚ ਸਦਾ ਹੀ ਮਨੁੱਖ ਤੇ ਭਾਰੂ ਰਹੀ ਹੈ। ਅੱਜ ਵੀ ਇਹੀ ਕੁੱਝ ਹੋ ਰਿਹਾ ਹੈ। ਚੌਗਿਰਦੇ ਵਲ ਨਿਗਾਹ ਮਾਰਿਆਂ ਇਸ ਦੇ ਅਨੇਕਾਂ ਕੋਝੇ ਰੂਪ ਦਿਖਾਈ ਦੇਂਦੇ ਹਨ।
ਇਸ ਤੋਂ ਇਲਾਵਾ ਸੁਰਗ ਵਿੱਚ ਪਹੁਚੰਣ ਦੀ ਲਾਲਸਾ ਨੇ ਮਨੁੱਖ ਨੂੰ ਆਪਣੇ ਆਚਰਣ ਦੀ ਸੁੰਦਰ ਘਾੜਤ ਕਰਨ ਦੀ ਬਜਾਏ ਕਰਮਕਾਂਡ ਦਾ ਆਸਰਾ ਲੈਣ ਲਈ ਹੀ ਉਤਸ਼ਾਹਤ ਕੀਤਾ ਹੈ। ਜਿਸ ਦੇ ਫਲਸਰੂਪ ਧਾਰਮਿਕ ਦੁਨੀਆਂ ਵਿੱਚ ਧਰਮ ਤਾਂ ਘੱਟ ਹੀ ਦਿਖਾਈ ਦੇਂਦਾ ਹੈ, ਧਰਮ ਦੇ ਨਾਮ ਹੇਠਾਂ ਕਰਮਕਾਂਡਾਂ ਦੀ ਭਰਮਾਰ ਜ਼ਰੂਰ ਦਿਨ-ਪ੍ਰਤਿਦਿਨ ਪ੍ਰਫੁਲਤ ਹੁੰਦੀ ਨਜ਼ਰ ਆ ਰਹੀ ਹੈ। ਗੁਰੂ ਗ੍ਰੰਥ ਸਾਹਿਬ ਦਾ ਕਰਮਕਾਂਡ ਦੇ ਸਬੰਧ ਵਿੱਚ ਬੜਾ ਸਪਸ਼ਟ ਨਿਰਣਾ ਹੈ ਕਿ, “ਕਰਮੀ ਸਹਜੁ ਨ ਊਪਜੈ ਵਿਣੁ ਸਹਜੈ ਸਹਸਾ ਨ ਜਾਇ॥ ਨਹ ਜਾਇ ਸਹਸਾ ਕਿਤੈ ਸੰਜਮਿ ਰਹੇ ਕਰਮ ਕਮਾਏ॥” (ਪੰਨਾ 919) ਅਰਥ: ਆਤਮਕ ਆਨੰਦ ਬਾਹਰੋਂ ਧਾਰਮਿਕ ਜਾਪਦੇ ਕਰਮ ਕੀਤਿਆਂ ਪੈਦਾ ਨਹੀਂ ਹੋ ਸਕਦਾ। ਅਨੇਕਾਂ ਬੰਦੇ (ਅਜੇਹੇ) ਕਰਮ ਕਰ ਕਰ ਕੇ ਹਾਰ ਗਏ ਹਨ, ਪਰ ਮਨ ਦਾ ਤੌਖ਼ਲਾ-ਸਹਿਮ ਅਜੇਹੇ ਕਿਸੇ ਤਰੀਕੇ ਨਾਲ ਨਹੀਂ ਜਾਂਦਾ ।
ਭਾਈ ਗੁਰਦਾਸ ਜੀ ਗੁਰੂ ਨਾਨਕ ਸਾਹਿਬ ਬਾਰੇ ਲਿਖਦੇ ਹਨ ਕਿ, “ਗੁਰਮੁਖਿ ਕੋਇ ਨ ਦਿਸਈ ਢੂੰਡੇ ਤੀਰਥਿ ਜਾਤ੍ਰੀ ਮੇਲੇ।” (ਵਾਰ 1, ਪਉੜੀ 27) ਭਾਵ, ਗੁਰੂ ਨਾਨਕ ਸਾਹਿਬ ਜੀ ਨੇ ਤੀਰਥਾਂ ਦੇ ਮੇਲਿਆਂ `ਤੇ ਅਨੇਕਾਂ ਸ਼ਰਧਾਲੂਆਂ ਨੂੰ ਦੇਖਿਆ ਪਰੰਤੂ ਇਨ੍ਹਾਂ ਸ਼ਰਧਾਲੂਆਂ ਵਿੱਚ ਬਾਬਾ ਨਾਨਕ ਜੀ ਨੂੰ ਕੋਈ ਗੁਰਮੁਖ ਦਿਖਾਈ ਨਹੀਂ ਦਿੱਤਾ। ਜੇਕਰ ਰਸਮੀ ਧਰਮ ਕਰਮ ਕਰਨ ਵਾਲਿਆਂ ਵਿੱਚ ਕੋਈ ਗੁਰਮੁਖ ਹੁੰਦਾ ਤਾਂ ਉਹ ਗੁਰਦੇਵ ਦੀ ਨਜ਼ਰੀਂ ਜ਼ਰੂਰ ਪੈਂਦਾ। ਅੱਜ ਵੀ ਇਹ ਵਰਤਾਰਾ ਹੀ ਵਰਤ ਰਿਹਾ ਹੈ। ਧਾਰਮਿਕ ਸਥਾਨਾਂ ਦੀ ਯਾਤਰਾ ਕਰਨ ਵਾਲਿਆਂ ਦੀ ਭੀੜ ਦਿਨੋ-ਦਿਨ ਵੱਧਦੀ ਜਾ ਰਹੀ ਹੈ ਪਰ ਇਸ ਭੀੜ ਵਿੱਚ ਇਨਸਾਨੀਅਤ ਦੀ ਝਲਕ ਘਟ ਹੀ ਦਿਖਾਈ ਦੇਂਦੀ ਹੈ। ਧਾਰਮਿਕ ਸਥਾਨਾਂ ਵਿੱਚ ਧਰਮ ਦੀ ਆੜ ਵਿੱਚ ਜੋ ਕੁਛ ਹੋ ਰਿਹਾ ਹੈ ਉਹ ਵਧੇਰੇ ਵਿਆਖਿਆ ਦਾ ਮੁਥਾਜ਼ ਨਹੀਂ ਹੈ। ਆਮ ਮਨੁੱਖ ਜੇਕਰ ਸੰਸਾਰਕ ਭੋਗਾਂ ਦਾ ਤਿਆਗ ਕਰ ਰਿਹਾ ਹੈ ਤਾਂ ਇਸ ਆਸ ਨਾਲ ਕਿ ਅੱਗੇ ਸੁਰਗ ਵਿੱਚ ਉਸ ਨੂੰ ਨਾਨਾ ਤਰ੍ਹਾਂ ਦੇ ਭੋਗ ਭੋਗਣ ਨੂੰ ਨਸੀਬ ਹੋਣਗੇ। ਇਹ ਸੁਰਗ ਦੀ ਧਾਰਨਾ ਦਾ ਚਮਤਕਾਰ ਹੈ ਕਿ ਆਮ ਧਰਮੀ ਅਖਵਾਉਣ ਵਾਲਾ ਮਨੁੱਖ ਕਿਸੇ ਲੋੜਵੰਦ ਨੂੰ ਤਾਂ ਫੁੱਟੀ ਕੌਡੀ ਦੇ ਕੇ ਵੀ ਰਾਜ਼ੀ ਨਹੀਂ, ਪਰ ਇੱਕ ਰੁਪਏ ਦੇ ਬਦਲੇ ਅਗਾਂਹ ਸੱਤਰ ਗੁਣਾਂ ਵਧੀਕ ਦਾ ਭਰੋਸਾ ਦਿਵਾਉਣ ਵਾਲਿਆਂ ਨੂੰ ਆਪ ਭੁੱਖ ਨੰਗ ਸਹਿ ਕੇ ਵੀ ਦੇਣ ਲਈ ਉਤਾਵਲਾ ਹੁੰਦਾ ਹੈ। ਇਹੋ ਜੇਹੀ ਧਾਰਨਾ ਕਾਰਨ ਹੀ ਆਮ ਮਨੁੱਖ ਸਕੂਲ, ਕਾਲਜ, ਹਸਪਤਾਲ ਆਦਿ ਬਣਾਉਣ `ਚ ਯੋਗਦਾਨ ਪਾਉਣ ਤੋਂ ਤਾਂ ਕੰਨੀ ਕਤਰਾਉਂਦਾ ਹੈ ਪਰ ਕਿਸੇ ਧਾਰਮਕਿ ਸਥਾਨ ਵਿੱਚ ਆਪਣਾ ਯੋਗਦਾਨ ਪਾਉਣ ਸਮੇਂ ਦੇਰੀ ਨਹੀਂ ਲਉਂਦਾ। ਚੂੰਕਿ ਇਹੋ ਜੇਹੇ ਸਥਾਨਾਂ `ਚ ਪਾਇਆ ਹੋਇਆ ਯੋਗਦਾਨ ਕਈ ਗੁਣਾਂ ਵੱਧ ਸੁਰਗ ਲੋਕ ਵਿੱਚ ਮਿਲ ਜਾਣ ਦਾ ਭਰੋਸਾ ਜੁ ਹੋਇਆ! ਪਰ ਇਹੋ ਜੇਹਾ ਕਰਮ, ਧਰਮ-ਕਰਮ ਦਾ ਹਿੱਸਾ ਨਹੀਂ ਹੈ। (ਜੰਨਤ ਕੇ ਲਾਲਚ ਮੇਂ ਜੋ ਖ਼ੁਦਾ ਕਾ ਨਾਮ ਲੇਤੇ ਹੈਂ, ਸਚੀ ਬੰਦਗੀ ਨਹੀਂ ਮਹਿਜ ਏਕ ਤਜਾਰਤ ਹੈ। ਅਰ ਜੋ ਡਰਕੇ ਦੋਜਖ ਸੇ ਖ਼ੁਦਾ ਕਾ ਨਾਮ ਲੇਤੇ ਹੈਂ, ਸਚੀ ਬੰਦਗੀ ਨਹੀਂ ਬੁਜ਼ਦਿਲਾਨਾ ਸ਼ਿਕਾਇਤ ਹੈ। (ਡਾ: ਮੁਹੰਮਦ ਇਕਬਾਲ)
ਅਜਿਹੀ ਧਾਰਨਾ ਕਾਰਨ ਆਮ ਮਨੁੱਖ ਆਪਣੇ ਆਪ ਨੂੰ ਪਛਾਣਨ ਦੀ ਲੋੜ ਮਹਿਸੂਸ ਨਹੀ ਕਰਦਾ। ਬਸ! ਇਹੋ ਜੇਹੇ ਕਰਮਕਾਡਾਂ ਦੁਆਰਾ ਸੁਰਗ `ਚ ਮਿਲਣ ਵਾਲੇ ਫਲਾਂ ਦੀ ਆਸ ਵਿੱਚ ਹੀ ਧਰਮ ਕਰਮ ਕਰਦਾ ਰਹਿੰਦਾ ਹੈ। ਇਹੀ ਕਾਰਨ ਹੈ ਕਿ ਆਮ ਮਨੁੱਖ ਧਰਮ ਕਰਮ ਕਰਦਾ ਹੋਇਆ ਵੀ ਧਰਮ ਤੋਂ ਕੋਹਾਂ ਦੂਰ ਹੀ ਭਟਕਦਾ ਰਹਿੰਦਾ ਹੈ। ਅਖਾਉਤੀ/ਅਖੌਤੀ ਧਾਰਮਿਕ ਆਗੂਆਂ ਨੇ, ਸੁਰਗਾਂ `ਚ ਨਿਵਾਸ ਕਰਨ ਦੇ ਚਾਹਵਾਨਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦਿਆਂ ਹੋਇਆਂ, ਜਿਸ ਤਰ੍ਹਾਂ ਉਨ੍ਹਾਂ ਦਾ ਸੋਸ਼ਣ ਕੀਤਾ ਅਤੇ ਕਰ ਰਹੇ ਹਨ, ਇਹ ਗੱਲ ਵਧੇਰੇ ਵਿਆਖਿਆ ਦੀ ਮੁਥਾਜ਼ ਨਹੀਂ ਹੈ। ਸੁਰਗ ਦੇ ਸੰਕਲਪ ਦਾ ਕਿਨ੍ਹਾਂ ਲੋਕਾਂ ਨੂੰ ਲਾਭ ਹੋਇਆ ਜਾਂ ਹੋ ਰਿਹਾ ਹੈ? ਇਸ ਦਾ ਉੱਤਰ ਦੁਨੀਆਂ ਦਾ ਧਾਰਮਿਕ ਇਤਿਹਾਸ ਪੜ੍ਹਿਆਂ ਅਤੇ ਚੌਗਿਰਦੇ ਵਲ ਨਿਗਾਹ ਮਾਰਿਆਂ ਭਲੀ ਪ੍ਰਕਾਰ ਮਿਲ ਜਾਂਦਾ ਹੈ।
ਇਹ ਗੱਲ ਵੀ ਵਿਚਾਰਨ ਵਾਲੀ ਹੈ ਕਿ ਜੇਹੜੀ ਸ਼੍ਰੇਣੀ ਇਸ ਦਾ ਸਭ ਤੋਂ ਵੱਧ ਪ੍ਰਚਾਰ ਕਰਦੀ ਹੈ, ਉਨ੍ਹਾਂ `ਚੋਂ ਬਹੁ-ਗਿਣਤੀ ਆਪ ਅਜਿਹੇ ਕੁਕਰਮ ਕਰਦੀ ਹੈ, ਜਿਸ ਨੂੰ ਪੜ੍ਹ ਸੁਣ ਦੇਖ ਕੇ ਮਨੁੱਖ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਕਈ ਵਾਰ ਤਾਂ ਮਨੁੱਖ ਦਾ ਸਿਰ ਸ਼ਰਮ ਨਾਲ ਕੇਵਲ ਝੁਕਦਾ ਹੀ ਨਹੀਂ ਸਗੋਂ ਇਨਸਾਨੀਅਤ ਤੋਂ ਭਰੋਸਾ ਵੀ ਡਗਮਗਾ ਜਾਂਦਾ ਹੈ। ਇਸ ਸ਼੍ਰੇਣੀ ਦੇ ਅਜਿਹੇ ਕਿਰਦਾਰ ਤੋਂ ਤਾਂ ਇਹ ਗੱਲ ਹੀ ਸਪਸ਼ਟ ਹੁੰਦੀ ਹੈ ਕਿ ਅਸਲ ਵਿੱਚ ਇਸ ਤਰ੍ਹਾਂ ਦਾ ਪ੍ਰਚਾਰ ਕਰਨ ਵਾਲੀ ਸ਼੍ਰੇਣੀ, ਇਸ ਗੱਲ ਤੋਂ ਭਲੀ ਪ੍ਰਕਾਰ ਜਾਣੂੰ ਹੈ ਕਿ ਅੱਗੇ ਕੋਈ ਸੁਰਗ ਆਦਿ ਨਹੀਂ ਹੈ, ਇੱਥੇ ਹੀ ਜੋ ਮੌਜਾਂ ਮਾਣੀਆਂ ਜਾ ਸਕਦੀਆਂ ਹਨ, ਉਹ ਮਾਣੀਆਂ ਜਾਣ। ਤਾਹੀਓਂ ਤਾਂ ਉਹ ਆਪਣੇ ਮੰਦੀਆਂ ਵਾਸ਼ਨਾਵਾਂ ਆਦਿ ਦੀ ਪੂਰਤੀ ਲਈ ਕੁੱਝ ਵੀ ਕਰਨ ਲਈ ਤਿਆਰ ਹੋ ਜਾਂਦੇ ਹਨ। ਇਸ ਗੱਲ ਤੋਂ ਹੀ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਜੇਹੜੇ ਲੋਕ ਇਸ ਦੇ ਮੁਦਈ ਹਨ ਜਦ ਉਹ ਸ਼ੁਭ ਕਰਮ ਕਰਨ ਤੋਂ ਕੰਨੀ ਕਤਰਾ ਰਹੇ ਹਨ ਤਾਂ ਆਮ ਮਨੁੱਖ ਤੋਂ ਕੀ ਆਸ ਰੱਖੀ ਜਾ ਸਕਦੀ ਹੈ? ਇਸ ਕਾਰਨ ਹੀ ਭਾਵੇਂ ਸਦੀਆਂ ਤੋਂ ਸੁਰਗ ਦੀ ਇਹ ਧਾਰਨਾ ਪ੍ਰਚਲਤ ਹੈ, ਦੁਨੀਆਂ `ਚੋਂ ਪਾਪ ਘਟਣ ਦੀ ਬਜਾਏ ਵੱਧਦਾ ਹੀ ਜਾ ਰਿਹਾ ਹੈ। ਹਾਂ, ਕਰਮਕਾਂਡਾਂ ਵਿੱਚ ਵੀ ਜ਼ਰੂਰ ਵਾਧਾ ਹੋਇਆ ਹੈ ਅਤੇ ਲਗਾਤਾਰ ਇਸ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਕਰਮਕਾਂਡ ਵਿੱਚ ਵਾਧੇ ਦਾ ਮੁੱਖ ਕਾਰਨ ਇਹੀ ਹੈ ਕਿ ਅਖਾਉਤੀ ਧਾਰਮਿਕ ਆਗੂਆਂ ਨੇ ਮਨੁੱਖ ਨੂੰ ਇਹ ਗੱਲ ਸਮਝਾਈ ਅਤੇ ਸਮਝਾ ਰਹੇ ਹਨ ਕਿ ਜੇਕਰ ਤੁਸੀਂ ਕੋਈ ਗ਼ਲਤ ਕੰਮ ਕਰ ਬੈਠੇ ਹੋ ਤਾਂ ਘਬਰਾਉਣ ਦੀ ਲੋੜ ਨਹੀਂ। ਅਮਕੇ ਅਮਕੇ ਕਰਮ ਕਰਕੇ ਪਛੁਤਾਵਾ ਕਰਨ ਨਾਲ ਤੁਸੀਂ ਇਨ੍ਹਾਂ ਪਾਪਾਂ ਤੋਂ ਮੁਕਤ ਹੋ ਜਾਵੋਗੇ। ਪਾਪਾਂ ਤੋਂ ਮੁਕਤ ਹੋਣ ਵਾਲੇ ਕਰਮ ਉਨ੍ਹਾਂ ਦੀ ਵਿਚੋਲਗੀ ਦੁਆਰਾ ਹੀ ਸੰਭਵ ਹਨ। ਭਾਵ ਇਸ ਦਾ ਉਪਾਓ ਉਨ੍ਹਾਂ ਪਾਸ ਹੀ ਹੈ। ਇਸ ਤਰ੍ਹਾਂ ਦੀ ਸਿੱਖਿਆ ਦਾ ਹੀ ਇਹ ਸਿੱਟਾ ਹੈ ਕਿ ਆਪਣੀਆਂ ਨੀਚ ਖ਼ਾਹਿਸ਼ਾਂ ਨੂੰ ਪੂਰਿਆਂ ਕਰਨ ਦੇ ਚਾਹਵਾਨ ਇਨ੍ਹਾਂ ਦੀ ਪੂਰਤੀ ਕਰਨ ਸਮੇਂ ਰੰਚ-ਮਾਤਰ ਵੀ ਨਾ ਹਿਚਕੇ। ਝਿਝਕ ਤਾਂ ਹੁੰਦੀ, ਜੇਕਰ ਗੁਨਾਹਾਂ ਨੂੰ ਮਾਫ਼ ਕਰਾਉਣ ਦਾ ਕੋਈ ਉਪਾਓ ਨਾ ਹੁੰਦਾ।
ਮਨੁੱਖਤਾ ਨੂੰ ਗੁਮਰਾਹ ਕਰਨ ਵਾਲੀ ਇਸ ਸਿੱਖਿਆ ਨੂੰ ਪੱਲੇ ਬੰਨ੍ਹ ਕੇ ਮਨੁੱਖ ਆਪਣੇ ਆਪ ਨੂੰ ਬਦਲਣ ਦੀ ਥਾਂ ਇਨ੍ਹਾਂ ਕਰਮਕਾਂਡਾਂ ਵਿੱਚ ਪ੍ਰਵਿਰਤ ਹੋ ਰਿਹਾ ਸੀ/ਹੈ। ਇੱਕ ਸ਼ਾਇਰ ਨੇ ਮਨੁੱਖ ਦੀ ਇਸ ਸੋਚ ਉੱਤੇ ਹੀ ਵਿਅੰਗ ਕਰਦਿਆਂ ਹੋਇਆਂ ਲਿਖਿਆ ਹੈ: ਸ਼ਬ ਕੋ ਮੈ ਖ਼ੂਬ ਸੇ ਪੀ ਸੁਬਹ ਤੋਬਾ ਕਰ ਲੀ। ਰਿੰਦ ਕੇ ਰਿੰਦ ਰਹੇ ਹਾਥ ਸੇ ਜੰਨਤ ਨ ਗਈ।
ਗੁਰਦੇਵ ਮਨੁੱਖੀ ਆਚਰਨ ਨੂੰ ਕਮਜ਼ੋਰ ਬਣਾਕੇ ਪਾਖੰਡੀ, ਢੌਂਗੀ, ਫਰੇਬੀ ਬਣਾਉਣ ਵਾਲੀ ਕੁਰੀਤੀ ਦਾ ਵਰਣਨ ਕਰਦਿਆਂ ਹੋਇਆਂ ਕਹਿੰਦੇ ਹਨ ਕਿ ਮਨੁੱਖ ਮਨੁੱਖੀ ਕਮਜ਼ੋਰੀਆਂ ਦਾ ਸ਼ਿਕਾਰ ਹੋਕੇ ਮੰਦ-ਕਰਮ ਕਰਦਾ ਹੈ। ਮੰਦ-ਕਰਮ ਕਰਕੇ ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਧਾਰਮਿਕ ਸਥਾਨਾਂ ਦੀ ਯਾਤਰਾ ਆਦਿ ਕਰਕੇ ਆਪਣੇ ਆਪ ਨੂੰ ਇਹ ਤਸੱਲੀ ਦੇ ਲੈਂਦਾ ਹੈ ਕਿ ਹੁਣ ਉਸ ਦੇ ਪਾਪ ਕਰਮ ਧੋਤੇ ਗਏ ਹਨ। ਗੁਨਾਹਾ ਤੋਂ ਤੋਬਾ ਕਰਕੇ ਆਪਣੇ ਆਪ ਨੂੰ ਸੁਧਾਰਨ ਦੀ ਬਜਾਏ ਫਿਰ ਪਹਿਲਾਂ ਨਾਲੋਂ ਵੀ ਜ਼ਿਆਦਾ ਗੁਨਾਹ ਕਰਨ ਲੱਗ ਪੈਂਦਾ ਹੈ। ਚੂੰਕਿ ਹੁਣ ਇਸ ਦੇ ਹੱਥ ਚਾਬੀ ਲਗ ਗਈ ਹੈ। ਭਾਵ, ਤੀਰਥ ਇਸ਼ਨਾਨ ਆਦਿ ਕਰਕੇ ਮੰਦੇ-ਕਰਮਾਂ ਤੋਂ ਛੁਟਕਾਰਾ ਪਾਉਣ ਦੀ ਜੁਗਤੀ ਸਮਝ `ਚ ਆ ਗਈ ਹੈ। ਹੁਣ ਚਿੰਤਾ ਕਾਹਦੀ? ਸਤਿਗੁਰੂ ਜੀ ਮਨੁੱਖ ਨੂੰ ਇਸ ਭਰਮ ਤੋਂ ਬਾਹਰ ਕਢਦਿਆਂ ਹੋਇਆਂ ਇਸ ਤਰ੍ਹਾਂ ਕਹਿੰਦੇ ਹਨ:
ਪਾਪ ਕਰਹਿ ਪੰਚਾਂ ਕੇ ਬਸਿ ਰੇ॥ ਤੀਰਥਿ ਨਾਇ ਕਹਹਿ ਸਭਿ ਉਤਰੇ॥ ਬਹੁਰਿ ਕਮਾਵਹਿ ਹੋਇ ਨਿਸੰਕ॥ ਜਮ ਪੁਰਿ ਬਾਂਧਿ ਖਰੇ ਕਾਲੰਕ॥ (ਪੰਨਾ 1348) ਅਰਥ: ਹੇ ਭਾਈ! (ਜਿਹੜੇ ਮਨੁੱਖ ਕਾਮਾਦਿਕ) ਪੰਜਾਂ (ਵਿਕਾਰਾਂ) ਦੇ ਵੱਸ ਵਿੱਚ (ਰਹਿ ਕੇ) ਪਾਪ ਕਰਦੇ ਰਹਿੰਦੇ ਹਨ, (ਫਿਰ ਕਿਸੇ) ਤੀਰਥ ਉੱਤੇ ਇਸ਼ਨਾਨ ਕਰ ਕੇ ਆਖਦੇ ਹਨ (ਕਿ ਸਾਡੇ) ਸਾਰੇ (ਪਾਪ) ਲਹਿ ਗਏ ਹਨ, (ਤੇ) ਝਾਕਾ ਲਾਹ ਕੇ ਮੁੜ ਮੁੜ (ਉਹੀ ਪਾਪ) ਕਰੀ ਜਾਂਦੇ ਹਨ। (ਤੀਰਥ-ਇਸ਼ਨਾਨ ਉਹਨਾਂ ਨੂੰ ਜਮਰਾਜ ਤੋਂ ਬਚਾ ਨਹੀਂ ਸਕਦਾ, ਉਹ ਤਾਂ ਕੀਤੇ) ਪਾਪਾਂ ਦੇ ਕਾਰਨ ਬੰਨ੍ਹ ਕੇ ਜਮਰਾਜ ਦੇ ਦੇਸ ਵਿੱਚ ਅਪੜਾਏ ਜਾਂਦੇ ਹਨ।
ਇਹੀ ਕਾਰਨ ਹੈ ਕਿ ਹਰੇਕ ਧਰਮ ਦੇ ਜਾਗਰੂਕ ਵਿਅਕਤੀਆਂ ਨੇ, ਹਰੇਕ ਸਮੇਂ ਇਸ ਧਾਰਨਾ ਦੇ ਵਿਰੁੱਧ ਆਵਾਜ਼ ਉਠਾਈ ਹੈ। ਅਜਿਹੇ ਵਿਅਕਤੀਆਂ `ਚੋਂ ਕੇਵਲ ਇੱਕ ਦੀ ਲਿਖਤ ਹੀ ਪਾਠਕਾਂ ਨਾਲ ਸਾਂਝਿਆ ਕਰ ਰਹੇ ਹਾਂ:
ਬਹਿਸ਼ਤੋ ਹੂਰੋ ਗਿਲਿਮਾਂ ਇਵਜ਼ਿ ਤਾਇਤ ਮੈਂ ਨ ਮਾਨੂੰਗਾ।
ਇਨਹੀਂ ਬਾਤੋਂ ਸੇ ਐ ਜ਼ਾਹਿਦ! ਜ਼ਈਫ਼ ਈਮਾਨ ਹੋਤਾ ਹੈ। (ਡਾਕਟਰ ਮੁਹੰਮਦ ਇਕਬਾਲ)
(ਭਾਵ ਮੈਂ ਇਹ ਲਾਰਾ ਕਿ ਇਸਲਾਮੀ ਸ਼ਰ੍ਹਾ ਦੀ ਤਾਬੇਦਾਰੀ ਦੇ ਬਦਲੇ ਅੱਗੇ ਬਹਿਸ਼ਤ ਵਿੱਚ ਹੂਰਾਂ ਤੇ ਲੌਡੇਂ ਮਿਲਣਗੇ, ਕਦਾਚਿਤ ਨਹੀਂ ਮੰਨਦਾ, ਕਿਉਂਕਿ ਅਜਿਹੀਆਂ ਗੱਲਾਂ ਤੇ ਲਾਰਿਆਂ ਨਾਲ ਈਮਾਨ ਹੀ ਪਤਲਾ, ਕਮਜ਼ੋਰ ਪੈ ਜਾਂਦਾ ਹੈ।)
ਗੁਰੂ ਗ੍ਰੰਥ ਸਾਹਿਬ ਵਿੱਚ ਹਰੇਕ ਉਹ ਗੱਲ, ਜੇਹੜੀ ਮਨੁੱਖੀ ਆਚਰਨ ਲਈ ਗਿਰਾਵਟ ਦਾ ਕਾਰਨ ਬਣ ਸਕਦੀ ਹੈ, ਨੂੰ ਕਿਸੇ ਵੀ ਰੂਪ ਵਿੱਚ ਪ੍ਰਵਾਣ ਨਹੀਂ ਕੀਤਾ ਹੈ। ਇਸ ਲਈ ਸਾਨੂੰ ਸੁਰਗ ਦੇ ਪ੍ਰਚਲਤ ਸੰਕਲਪ ਤੋਂ ਉਪਰ ਉੱਠ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਆਸ਼ੇ ਨੂੰ ਹੀ ਸਮਝ ਕੇ ਇਸ ਨੂੰ ਅਪਣਾਉਣ ਦੀ ਲੋੜ ਹੈ।
ਕਈ ਵਿਦਵਾਨਾਂ ਦਾ ਇਹ ਕਹਿਣਾ/ਮੰਨਣਾ ਹੈ ਕਿ ਜੇਕਰ ਕੋਈ ਪ੍ਰਾਣੀ ਸੁਰਗ ਦੀ ਲਾਲਸਾ ਕਰਕੇ ਮੰਦੇ-ਕਰਮ ਕਰਦਾ ਹੈ ਤਾਂ ਇਸ ਕਾਰਨ ਸੁਰਗ ਦੇ ਸੰਕਲਪ ਨੂੰ ਮਾੜਾ ਕਿਵੇਂ ਕਿਹਾ ਜਾ ਸਕਦਾ ਹੈ? ਇਸ ਤਰ੍ਹਾਂ ਦੀ ਸੋਚ ਰਖਣ ਵਾਲੇ ਸੱਜਣਾਂ ਨੂੰ ਸਨਿਮਰ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਸਾਈ ਜੀਵਨ-ਜਾਚ ਨੂੰ ਅਪਣਾਉਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਕਿਸੇ ਵੀ ਅਜਿਹੇ ਵਿਸ਼ਵਾਸ ਤੋਂ ਉਪਰ ਉੱਠੀਏ, ਜਿਸ ਦੀ ਨੀਂਹ ਝੂਠ `ਤੇ ਟਿਕੀ ਹੋਈ ਹੈ। ਗੁਰੂ ਗ੍ਰੰਥ ਸਾਹਿਬ ਮਨੁੱਖ ਨੂੰ ਇਸ ਲਈ ਚੰਗਾ ਬਣਨ ਲਈ ਨਹੀਂ ਆਖ ਰਹੇ ਕਿ ਇਸ ਤਰ੍ਹਾਂ ਕਰਨ ਨਾਲ ਇਸ ਨੂੰ ਸੁਰਗ ਦੀ ਪ੍ਰਾਪਤੀ ਹੋਵੇਗੀ ਬਲਕਿ ਇਸ ਲਈ ਕਹਿ ਰਹੇ ਹਨ ਕਿ ਚੰਗਾ ਬਣਿਆਂ ਹੀ ਅਸੀਂ ਮਨੁੱਖ ਕਹਾਉਣ ਦੇ ਅਧਿਕਾਰੀ ਹਾਂ। ਅਰਥਾਤ ਚੰਗਾ ਜੀਵਨ ਜਿਊਣਾ ਹੀ ਮਨੁੱਖੀ ਜੀਵਨ ਦਾ ਅਦਰਸ਼/ਉਦੇਸ਼ ਹੈ। ਇਸ ਮਨੋਰਥ ਕਾਰਨ ਹੀ ਤਾਂ ਅਸੀਂ ਪਸ਼ੂ ਆਦਿ ਜੂਨੀਆਂ ਤੋਂ ਭਿੰਨ ਅਥਵਾ ਸ੍ਰੇਸ਼ਟ ਹਾਂ। ਮਹਾਰਾਜ ਮਨੁੱਖ ਨੂੰ ਇਸ ਲਈ ਕਿਸੇ ਤਰ੍ਹਾਂ ਦੇ ਲਾਲਚ ਦੇਣ `ਚ ਵਿਸ਼ਵਾਸ ਨਹੀਂ ਰੱਖਦੇ। ਚੂੰਕਿ ਜਦ ਇਨਸਾਨ ਕਿਸੇ ਲਾਲਚ ਜਾਂ ਇਨਾਮ ਦੀ ਪ੍ਰਾਪਤੀ ਲਈ ਕੋਈ ਕਰਮ ਕਰਦਾ ਹੈ ਤਾਂ ਉਹ ਇਸ ਦੇ ਜੀਵਨ ਦਾ ਅੰਗ ਨਹੀਂ ਬਣ ਸਕਦਾ। ਮਨੁੱਖ ਦੀ ਨਜ਼ਰ ਆਪਣੇ ਤੇ ਹੀ ਕੇਂਦਰਤ ਰਹਿੰਦੀ ਹੈ। ਜੇਕਰ ਇਸ ਨੂੰ ਇਹ ਲਾਭ ਕਿਸੇ ਉਸ ਕਰਮ ਤੋਂ ਉਲਟ ਕਰਨ ਵਿੱਚ ਮਿਲ ਰਿਹਾ ਹੋਵੇ ਤਾਂ ਝੱਟ ਹੀ ਉਹ ਕਰਮ ਕਰਨ ਲਈ ਤਿਆਰ ਹੋ ਜਾਂਦਾ ਹੈ। ਇਹੋ ਜੇਹੇ ਜੀਵਨ ਦੀ ਨੀਂਹ ਬੜੀ ਕਮਜ਼ੋਰ ਹੋਇਆ ਕਰਦੀ ਹੈ; ਮਾੜੇ ਜੇਹੇ ਹਵਾ ਦੇ ਬੁੱਲੇ ਨਾਲ ਹੀ ਇਹੋ ਜੇਹਾ ਜੀਵਨ ਤਹਿਸ਼-ਨਹਿਸ਼ ਹੋ ਜਾਂਦਾ ਹੈ। ਇਤਿਹਾਸ ਵਲ ਨਜ਼ਰ ਮਾਰਿਆਂ ਸਾਨੂੰ ਐਸੀਆਂ ਇੱਕ ਨਹੀਂ ਬੇਅੰਤ ਉਦਾਹਰਣਾਂ ਮਿਲ ਜਾਂਦੀਆਂ ਹਨ। ਇਸ ਵਿਸ਼ਵਾਸ ਅਨੁਸਾਰ ਜੇ ਕਿਸੇ ਇਨਸਾਨ ਨੇ ਦੂਜੇ ਪ੍ਰਾਣੀ ਦੀ ਮਦਦ ਕੀਤੀ ਤਾਂ ਇਸ ਕਰਕੇ ਇਸ ਦਾ ਇਸ ਨੂੰ ਪਰਲੋਕ ਵਿੱਚ ਫਲ ਮਿਲੇਗਾ। ਜੇਕਰ ਕਿਸੇ ਨੂੰ ਜਾਨੋਂ ਮਾਰ ਦਿੱਤਾ ਤਾਂ ਉਹ ਵੀ ਇਸ ਕਰਕੇ ਕਿ ਇਸ ਨਾਲ ਇਸ ਨੂੰ ਸੁਰਗ ਵਿੱਚ ਇਨਾਮ ਮਿਲੇਗਾ। ਦੋਹਾਂ ਹਾਲਤਾਂ ਵਿੱਚ ਮਨੁੱਖ ਦੀ ਨਜ਼ਰ ਆਪਣੇ ਤੇ ਹੀ ਕੇਂਦਰਤ ਹੈ; ਦੂਜੇ ਨਾਲ ਇਸ ਦਾ ਕੋਈ ਲੈਣ ਦੇਣ ਨਹੀਂ ਹੈ। ਮਨੁੱਖਤਾ ਨਾਲ ਸਾਂਝ ਪਿਆਰ ਵਾਲੀ ਕੋਈ ਸੋਚ ਨਹੀਂ ਹੈ। ਅਜਿਹੀ ਧਾਰਨਾ ਕਾਰਨ ਹੀ ਮਨੁੱਖ ਧਰਮੀ (ਰਸਮੀ ਧਰਮ ਕਰਮ ਕਰਨ ਵਿੱਚ ਹੀ ਵਿਸ਼ਵਾਸ ਰੱਖਣ ਵਾਲਾ) ਹੁੰਦਾ ਹੋਇਆ ਵੀ ਇੱਕ ਚੰਗਾ ਇਨਸਾਨ ਨਾ ਬਣ ਸਕਿਆ। ਇਸ ਵਿਸ਼ਵਾਸ ਨਾਲ ਮਨੁੱਖ ਆਪਣੇ ਆਚਰਨ ਨੂੰ ਉਚਿਆਉਣ ਦੀ ਬਜਾਏ ਕਰਮਕਾਂਡੀ ਬਣ ਕੇ ਹੀ ਰਹਿ ਗਿਆ ਹੈ। ਜਦ ਅਸੀਂ ਆਪਣੇ ਹੀ ਇਤਿਹਾਸ ਵਲ ਨਜ਼ਰ ਮਾਰਦੇ ਹਾਂ ਤਾਂ ਦੇਖਦੇ ਹਾਂ ਕਿ ਜਿਨ੍ਹਾਂ ਗੁਰਸਿੱਖਾਂ ਨੇ ਬੰਦ ਬੰਦ ਕਟਵਾਏ, ਚਰਖੜੀ ਤੇ ਚੜ੍ਹੇ, ਆਰਿਆਂ ਨਾਲ ਚੀਰੇ ਗਏ, ਦੇਗਾਂ ਵਿੱਚ ਉਬਾਲੇ ਗਏ, ਇਸ ਤਰ੍ਹਾਂ ਅਨੇਕਾਂ ਅਸਹਿ ਤੇ ਅਕਹਿ ਤਸੀਏ ਸਹੇ। ਇਨ੍ਹਾਂ ਗੁਰੂ ਦੇ ਸੱਚੇ ਆਸ਼ਕਾਂ ਨੇ ਕਿਸੇ ਸੁਰਗ ਦੇ ਲਾਲਚ ਵਿੱਚ ਇਨ੍ਹਾਂ ਤਸੀਹਿਆ ਨੂੰ ਸਹਿਆ। ਇਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਇਨ੍ਹਾਂ ਗੁਰਵਾਕਾਂ ਨੂੰ ਪੱਲੇ ਬੰਨਿਆ ਹੋਇਆ ਸੀ ਕਿ: ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ॥ (ਪੰਨਾ 534) ਅਰਥ: ਹੇ ਪਿਆਰੇ ਪ੍ਰਭੂ! ਮੈਂ ਰਾਜ ਨਹੀਂ ਮੰਗਦਾ, ਮੈਂ ਮੁਕਤੀ ਨਹੀਂ ਮੰਗਦਾ, (ਮੇਹਰ ਕਰ, ਸਿਰਫ਼ ਤੇਰੇ) ਸੋਹਣੇ ਕੋਮਲ ਚਰਨਾਂ ਦਾ ਪਿਆਰ ਮੇਰੇ ਮਨ ਵਿਚ ਟਿਕਿਆ ਰਹੇ।
ਗੁਰੂ ਗ੍ਰੰਥ ਸਾਹਿਬ ਵਿੱਚ ਨਰਕ-ਸੁਰਗ ਸ਼ਬਦ ਦੇ ਪ੍ਰਤੀਕ ਅਤੇ ਮੁਹਾਵਰੇ ਦੇ ਰੂਪ ਵਿੱਚ ਵਰਤੋਂ ਹੋਈ ਹੈ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਦਾ ਇਨ੍ਹਾਂ ਵਿੱਚ ਵਿਸ਼ਵਾਸ ਸੀ, ਉਨ੍ਹਾਂ ਨਾਲ ਗੱਲ –ਬਾਤ ਕਰਨ ਅਥਵਾ ਉਨ੍ਹਾਂ ਨੂੰ ਆਪਣੀ ਗੱਲ ਸਮਝਾਉਣ ਲਈ, ਉਨ੍ਹਾਂ `ਚ ਪ੍ਰਚਲਤ ਵਿਸ਼ਵਾਸ ਦਾ ਹਵਾਲਾ ਆਦਿ ਦੇ ਕੇ ਗੁਰਮਤਿ ਦ੍ਰਿੜ ਕਰਵਾਈ ਹੈ। ਬਾਣੀਕਾਰਾਂ ਨੇ ਨਰਕ ਜਾਂ ਸੁਰਗ ਦੀ ਭੁਗੋਲਕ ਹੋਂਦ ਨੂੰ ਨਹੀਂ ਮੰਨਿਆ। ਨਰਕ ਸੁਰਗ ਨੂੰ ਇਨ੍ਹਾਂ (ਬਾਣੀਕਾਰਾਂ) ਨੇ ਮਨੁੱਖੀ ਮਨ ਦੀ ਅਵਸਥਾ ਦੇ ਰੂਪ ਵਿੱਚ ਸਵੀਕਾਰ ਕਰਦਿਆਂ ਹੋਇਆਂ, ਇਨ੍ਹਾਂ ਦਾ ਸਬੰਧ ਮਰਨ ਮਗਰੋਂ ਨਹੀਂ ਸਗੋਂ ਇਸ ਜਨਮ ਵਿੱਚ ਹੀ ਦਰਸਾਇਆ ਹੈ। ਇਸ ਕਾਰਨ ਗੁਰੂ ਗ੍ਰੰਥ ਸਾਹਿਬ ਵਿੱਚ ਮਨੁੱਖ ਨੂੰ ਸ਼ੁਭ ਕਰਮ ਕਰਨ ਲਈ ਪ੍ਰੇਰਆ ਹੀ ਨਹੀਂ ਸਗੋਂ ਇਹ ਦਰਸਾਇਆ ਹੈ ਕਿ ਸਾਡੇ ਜੀਵਨ ਦਾ ਮਨੋਰਥ ਹੀ ਇਹੀ ਹੈ: ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥ ਅਵਰਿ ਕਾਜ ਤੇਰੈ ਕਿਤੈ ਨ ਕਾਮ॥ ਮਿਲੁ ਸਾਧਸੰਗਤਿ ਭਜੁ ਕੇਵਲ ਨਾਮ॥ 1॥ ਸਰੰਜਾਮਿ ਲਾਗੁ ਭਵਜਲ ਤਰਨ ਕੈ॥ ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ॥ 1॥ ਰਹਾਉ॥ (ਪੰਨਾ 12) ਅਰਥ: ਹੇ ਭਾਈ!) ਤੈਨੂੰ ਸੋਹਣਾ ਮਨੁੱਖਾ ਸਰੀਰ ਮਿਲਿਆ ਹੈ। ਪਰਮਾਤਮਾ ਨੂੰ ਮਿਲਣ ਦਾ ਤੇਰੇ ਲਈ ਇਹੀ ਮੌਕਾ ਹੈ। (ਜੇ ਪ੍ਰਭੂ ਨੂੰ ਮਿਲਣ ਲਈ ਕੋਈ ਉੱਦਮ ਨਾਹ ਕੀਤਾ, ਤਾਂ) ਹੋਰ ਸਾਰੇ ਕੰਮ ਤੇਰੇ ਆਪਣੇ ਕਿਸੇ ਭੀ ਅਰਥ ਨਹੀਂ (ਤੇਰੀ ਜਿੰਦ ਨੂੰ ਕੋਈ ਲਾਭ ਨਹੀਂ ਅਪੜਾਣਗੇ)। (ਇਸ ਵਾਸਤੇ) ਸਾਧ ਸੰਗਤਿ ਵਿੱਚ (ਭੀ) ਮਿਲ ਬੈਠਿਆ ਕਰ (ਸਾਧ ਸੰਗਤਿ ਵਿੱਚ ਬੈਠ ਕੇ ਭੀ) ਸਿਰਫ਼ ਪਰਮਾਤਮਾ ਦਾ ਨਾਮ ਸਿਮਰਿਆ ਕਰ (ਸਾਧ ਸੰਗਤਿ ਵਿੱਚ ਬੈਠਣ ਦਾ ਭੀ ਤਦੋਂ ਹੀ ਲਾਭ ਹੈ ਜੇ ਉਥੇ ਤੂੰ ਪਰਮਾਤਮਾ ਦੀ ਸਿਫ਼ਤਿ-ਸਾਲਹ ਵਿੱਚ ਜੁੜੇਂ)। (ਹੇ ਭਾਈ!) ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਦੇ (ਭੀ) ਆਹਰੇ ਲੱਗ। (ਨਿਰੇ) ਮਾਇਆ ਦੇ ਪਿਆਰ ਵਿੱਚ ਮਨੁੱਖਾ ਜਨਮ ਵਿਅਰਥ ਜਾ ਰਿਹਾ ਹੈ। 1. ਰਹਾਉ।
ਬਾਣੀ ਵਿੱਚ ਮਨੁੱਖ ਨੂੰ ਮਨੁੱਖ ਦਾ ਮਨੋਰਥ ਦਰਸਾਉਂਣ ਦੇ ਨਾਲ ਇਹ ਵੀ ਸਪਸ਼ਟ ਕੀਤਾ ਹੈ ਕਿ ਇਸ ਜੀਵਨ ਆਸ਼ੇ ਨੂੰ ਜਨਮ ਵਸਾਰਿਆਂ ਜਨਮ ਬਿਰਥਾ ਚਲਾ ਜਾਵੇਗਾ: ਆਇਓ ਸੁਨਨ ਪੜਨ ਕਉ ਬਾਣੀ॥ ਨਾਮੁ ਵਿਸਾਰਿ ਲਗਹਿ ਅਨ ਲਾਲਚਿ ਬਿਰਥਾ ਜਨਮੁ ਪਰਾਣੀ॥ (ਪੰਨਾ 1219) ਅਰਥ: ਹੇ ਭਾਈ! (ਜਗਤ ਵਿੱਚ ਜੀਵ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਨ ਪੜ੍ਹਨ ਵਾਸਤੇ ਆਇਆ ਹੈ (ਇਹੀ ਹੈ ਇਸ ਦਾ ਅਸਲ ਜਨਮ-ਮਨੋਰਥ)। ਪਰ ਜਿਹੜੇ ਪ੍ਰਾਣੀ (ਪਰਮਾਤਮਾ ਦਾ) ਨਾਮ ਭੁਲਾ ਕੇ ਹੋਰ ਲਾਲਚ ਵਿੱਚ ਲੱਗੇ ਰਹਿੰਦੇ ਹਨ, ਉਹਨਾਂ ਦਾ ਮਨੁੱਖਾ ਜਨਮ ਵਿਅਰਥ ਚਲਾ ਜਾਂਦਾ ਹੈ।
ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਮਨੁੱਖ ਨੂੰ ਗੁਰਮਤਿ ਦਾ ਧਾਰਨੀ ਬਣ ਕੇ ਜੀਵਨ ਬਤੀਤ ਕਰਨ ਦੀ ਪ੍ਰੇਰਨਾ ਹੈ। ਇਸ ਵਿੱਚ ਸੁਰਗ ਦੀ ਲਾਲਸਾ ਅਤੇ ਨਰਕ ਦੇ ਡਰ ਵਾਲਾ ਭਾਵ ਨਹੀਂ ਹੈ: ਕਬੀਰ ਸੁਰਗ ਨਰਕ ਤੇ ਮੈ ਰਹਿਓ ਸਤਿਗੁਰ ਕੇ ਪਰਸਾਦਿ॥ ਚਰਨ ਕਮਲ ਕੀ ਮਉਜ ਮਹਿ ਰਹਉ ਅੰਤਿ ਅਰੁ ਆਦਿ॥ (ਪੰਨਾ 1370) ਅਰਥ: ਹੇ ਕਬੀਰ! ਮੈਂ ਤਾਂ ਸਦਾ ਹੀ ਪਰਮਾਤਮਾ ਦੇ ਸੋਹਣੇ ਚਰਨਾਂ (ਦੀ ਯਾਦ) ਦੇ ਹੁਲਾਰੇ ਵਿੱਚ ਰਹਿੰਦਾ ਹਾਂ; (ਤੇ ਇਸ ਤਰ੍ਹਾਂ) ਆਪਣੇ ਸਤਿਗੁਰੂ ਦੀ ਕਿਰਪਾ ਨਾਲ ਮੈਂ ਸੁਰਗ (ਦੀ ਲਾਲਸਾ) ਅਤੇ ਨਰਕ (ਦੇ ਡਰ) ਤੋਂ ਬਚ ਗਿਆ ਹਾਂ।
ਗੁਰੂ ਗ੍ਰੰਥ ਸਾਹਿਬ ਵਿੱਚ ਇਸ ਲਈ ਉਨ੍ਹਾਂ ਪ੍ਰਾਣੀਆਂ ਨੂੰ ਧੰਨਤਾ ਯੋਗ ਕਿਹਾ ਹੈ ਜੇਹੜੇ ਇਹੋ ਜੇਹੇ ਸੁਰਗਾਂ ਦੀ ਚਾਹਤ ਤੋਂ ਉਪਰ ਉੱਠ ਕੇ ਕੇਵਲ ਗੁਰੂ ਦੇ ਚਰਨਾਂ ਦੀ ਧੂੜ ਮੰਗਦੇ ਹਨ, ਅਰਥਾਤ ਆਪਣਾ ਆਪ ਤਿਆਗ ਕੇ ਗੁਰੂ ਉਪਦੇਸ਼/ਸਿਖਿਆ ਨੂੰ ਹਿਰਦੇ ਵਿੱਚ ਵਸਾਉਂਦੇ ਹਨ: ਧਧਾ ਧੂਰਿ ਪੁਨੀਤ ਤੇਰੇ ਜਨੂਆ॥ ਧਨਿ ਤੇਉ ਜਿਹ ਰੁਚ ਇਆ ਮਨੂਆ॥ ਧਨੁ ਨਹੀ ਬਾਛਹਿ ਸੁਰਗ ਨ ਆਛਹਿ॥ ਅਤਿ ਪ੍ਰਿਅ ਪ੍ਰੀਤਿ ਸਾਧ ਰਜ ਰਾਚਹਿ॥ (ਪੰਨਾ 251) ਅਰਥ: ਹੇ ਪ੍ਰਭੂ! ਤੇਰੇ ਸੇਵਕਾਂ ਦੇ ਚਰਨਾਂ ਦੀ ਧੂੜ ਪਵਿਤ੍ਰ (ਕਰਨ ਵਾਲੀ ਹੁੰਦੀ) ਹੈ। ਉਹ ਬੰਦੇ ਭਾਗਾਂ ਵਾਲੇ ਹਨ, ਜਿਨ੍ਹਾਂ ਦੇ ਮਨ ਵਿੱਚ ਇਸ ਧੂੜ ਦੀ ਤਾਂਘ ਹੈ। (ਅਜੇਹੇ ਮਨੁੱਖ ਇਸ ਚਰਨ-ਧੂੜ ਦੇ ਟਾਕਰੇ ਤੇ ਦੁਨੀਆ ਵਾਲਾ) ਧਨ ਨਹੀਂ ਲੋੜਦੇ, ਸੁਰਗ ਦੀ ਭੀ ਤਾਂਘ ਨਹੀਂ ਰੱਖਦੇ, ਉਹ ਤਾਂ ਆਪਣੇ ਅਤਿ ਪਿਆਰੇ ਪ੍ਰਭੂ ਦੀ ਪ੍ਰੀਤ ਵਿੱਚ ਅਤੇ ਗੁਰਮੁਖਾਂ ਦੀ ਚਰਨ-ਧੂੜ ਵਿੱਚ ਹੀ ਮਸਤ ਰਹਿੰਦੇ ਹਨ।
ਭਾਈ ਗੁਰਦਾਸ ਜੀ ਗੁਰਬਾਣੀ ਦੀ ਰੌਸ਼ਨੀ ਵਿੱਚ ਹੀ ਗੁਰਸਿੱਖਾਂ ਦੀ ਰਹਿਣੀ ਦਾ ਵਰਣਨ ਕਰਦਿਆਂ ਲਿਖਦੇ ਹਨ: ਬਾਛੈ ਨ ਸੁਵਰਗ ਬਾਸ ਮਾਨੈ ਨ ਨਰਕ ਤ੍ਰਾਸ ਆਸਾ ਨ ਕਰਤ ਚਿਤ ਹੋਨਹਾਰ ਹੋਇ ਹੈ। ਅਰਥ:- (ਸਤਿਗੁਰੂ ਦਾ ਆਗਿਆਕਾਰੀ ਸਿੱਖ) ਸੁਰਗ ਦਾ ਵਾਸ ਨਹੀਂ ਮੰਗਦਾ ਅਤੇ ਨਰਕਾਂ ਦੇ ਡਰ ਨੂੰ ਨਹੀਂ ਮੰਨਦਾ ਹੈ, ਨਾ ਹੀ ਉਹ ਚਿਤ ਵਿੱਚ ਕੋਈ (ਦੁਨਿਆਵੀ) ਆਸਾ ਤ੍ਰਿਸ਼ਨਾ ਕਰਦਾ ਹੈ, (ਸਗੋਂ ਇਹ ਹੀੰ ਮੰਨਦਾ ਹੈ ਕਿ ਪ੍ਰਭੂ ਵਲੋਂ) ਜੋ ਹੋਣਾ ਹੈ, ਸੋਈ ਠੀਕ ਹੈ।
ਜਸਬੀਰ ਸਿੰਘ ਵੈਨਕੂਵਰ
.