.

ਕੌਮ ਦੀ ਇਕੋ ਇੱਕ ਅਜ਼ਾਦ ਨਿਸ਼ਾਨੀ (ਨਾਨਕਸ਼ਾਹੀ ਕੈਲੰਡਰ) ਨੂੰ ਗ੍ਰਹਿਣ ਕਿਉਂ?

ਰਾਮ ਸਿੰਘ, ਗ੍ਰੇਵਜ਼ੈਂਡ

ਗੁਰੂ ਨਾਨਕ ਸਾਹਿਬ ਵਲੋਂ, ਭਾਈ ਗੁਰਦਾਸ ਦੇ, “ਸ਼ਬਦ ਜਿਤੀ ਸਿਧ ਮੰਡਲੀ ਕੀਤੋਸੁ ਆਪਣਾ ਪੰਥ ਨਿਰਾਲਾ।” (1-13) ਅਤੇ “ਵਾਲਹੁ ਨਿਕਾ ਆਖੀਐ ਗੁਰ ਪੰਥ ਨਿਰਾਲਾ।” (13-7) ਅਨੁਸਾਰ ਜਿਸ ਨਿਰਾਲੇ ਪੰਥ ਦੀ ਨੀਂਹ ਰੱਖੀ ਗਈ ਉਹ ਪੰਥ “ਡਗਮਗ ਚਾਲ ਸੁਢਾਲ ਹੈ ਗੁਰਮਤਿ ਨਿਰਾਲੀ।” (13-6) ਅਨੁਸਾਰ ਹੋਰ ਸਭ ਨਾਲੋਂ ਹਰ ਇੱਕ ਅਦਾ ਵਿੱਚ ਨਿਰਾਲਾ ਹੋ ਨਿਬੜਿਆ। ਅਤੇ ਅੰਤ ਨੂੰ ਦਸਵੇਂ ਜਮੇਂ ਵਿੱਚ ਉਸ ਨਿਰੰਕਾਰੀ ਜੋਤ ਨੇ ਤਕੜੇ ਸਬਦਾਂ ਵਿੱਚ ਤਾਕੀਦ ਕਰ ਦਿੱਤੀ “ਜਬ ਲਗ ਖਾਲਸਾ ਰਹੇ ਨਿਆਰਾ॥ ਤਬਲਗ ਤੇਜ ਦੀਉ ਮੈ ਸਾਰਾ॥ ਜਬ ਇਹ ਗਹੈ ਬਿਪਰਨ ਕੀ ਰੀਤਿ॥ ਮੈ ਨ ਕਰੂੰ ਇਨਕੀ ਪ੍ਰਤੀਤ॥” ਗੁਰੂ ਕਾਲ ਦੀ ਸਿੱਖਿਆ ਨੇ ਇਸ ਪੰਥ ਨੂੰ ਇਸ ਹੱਦ ਤੱਕ ਪ੍ਰਪੱਕ ਕਰ ਦਿੱਤਾ ਕਿ ਇਸ ਨਿਰਾਲੇ ਪੰਥ ਦੇ ਦੂਲਿਆਂ ਨੇ ਗੁਰੂ ਕਾਲ ਤੋਂ ਬਾਅਦ ਭੀ ਪੰਥ ਦੇ ਸਿਧਾਂਤ ਹਾਂ ਜੀ ਸਿਧਾਂਤ ਵਿੱਚ ਕਿਸੇ ਤਰਾਂ ਦੀ ਦਖਲ ਅੰਦਾਜ਼ੀ ਨਾ ਹੋਣ ਦਿੱਤੀ, ਵੱਧ ਤੋਂ ਵੱਧ ਤਸੀਹੇ ਤਾਂ ਝੱਲ ਲਏ। ਅਪਣੇ ਰਾਜ ਸਮੇਂ ਰਾਜ ਦਾ ਕੰਮ ਚਲਾਉਣ ਵਾਲਿਆਂ ਵਿੱਚ ਕਿਸੇ ਤਰਾਂ ਦੀ ਢਿੱਲ ਨੂੰ ਅਕਾਲੀ ਫੂਲਾ ਸਿੰਘ ਵਰਗੇ ਸੋਧਦੇ ਰਹੇ।
ਰਾਜ ਦੇ ਜਾਣ ਨਾਲ ਰਾਜ ਸ਼ਕਤੀ ਨਾ ਹੋਣ ਕਰਕੇ ਧਰਮ ਵਿੱਚ ਸਿੱਧੇ ਜਾ ਅਸਿੱਧੇ ਢੰਗ ਨਾਲ ਖਾਲਸਈ ਸਪਿਰਟ ਦੇ ਸਰੋਤ ਸ੍ਰੀ ਅਕਾਲ ਤਖਤ ਸਾਹਿਬ ਅਤੇ ਦਰਬਾਰ ਸਾਹਿਬ ਰਾਹੀਂ ਦਖਲ – ਅੰਦਾਜ਼ੀ ਸ੍ਰਕਾਰੀ ਤੌਰ ਤੇ ਪੂਰੇ ਜ਼ੋਰਾਂ ਨਾਲ ਸ਼ੁਰੂ ਹੋ ਗਈ। ਇਸ ਦਖਲ – ਅੰਦਾਜ਼ੀ ਨੂੰ ਖਤਮ ਕਰਨ ਲਈ ਸਿੰਘ ਸਭਾ ਲਹਿਰ ਨੇ ਕਾਫੀ ਸਫਲਤਾ ਪ੍ਰਾਪਤ ਕੀਤੀ। ਪਰ ਧਰਮ ਵਿੱਚ ਗੁਰਮਤਿ ਤੋਂ ਉਲਟ ਧਰਮ ਅਸਥਾਨਾਂ ਦਾ ਪ੍ਰਬੰਧ ਚਲਾਉਣ ਲਈ ਚਲਾਕ ਅੰਗ੍ਰੇਜ਼ ਨੇ ਵੋਟਾਂ ਰਾਹੀਂ ਚੁਣੇ (ਯੋਗ/ਅਯੋਗ) ਬੰਦਿਆਂ ਦੀ ਚੋਣ ਦਾ ਐਸਾ ਭਰਾ – ਮਾਰੂ ਪ੍ਰਬੰਧਕੀ ਢਾਂਚਾ ਸ਼ੁਰੂ ਕੀਤਾ ਕਿ ਇਸ ਰਾਂਹੀ ਧੜੇ ਬਾਜ਼ੀ ਹੀ ਨਹੀਂ ਡੇਰਾਵਾਦ ਭੀ ਪੈਦਾ ਹੋ ਗਿਆ। ਸਿੱਟੇ ਵਜੋਂ ਮਰਯਾਦਾ ਕਈ ਤਰਾਂ ਦਾ ਰੂਪ ਧਾਰ ਗਈ। ਬੇਸ਼ਕ 14/15 ਸਾਲ ਦੇ ਬੜੇ ਵਿਚਾਰ ਵਟਾਂਦਰੇ ਅਤੇ ਸਖਤ ਮਿਹਨਤ ਬਾਅਦ ਇੱਕ ਪੰਥਕ ਮਰਯਾਦਾ ਬਣਾ ਕੇ ਸ੍ਰੀ ਅਕਾਲ ਤਖਤ ਵਲੋਂ ਲਾਗੂ ਕਰ ਦਿੱਤੀ ਗਈ, ਪਰ ਸਨਾਤਨੀ ਸੋਚ ਦੇ ਧਾਰਨੀ ਡੇਰੇਦਾਰਾਂ ਨੇ ਆਪਣੀ ਆਪਣੀ ਮਰਯਾਦਾ ਦਾ ਢੰਡੋਰਾ ਐਸਾ ਪਿੱਟਿਆ ਕਿ ਉਹ ਪੰਥ ਵਲੋਂ ਬੜੀ ਸੋਚ ਵਿਚਾਰ ਬਾਅਦ ਚਾਲੂ ਕੀਤੇ ਕਿਸੇ ਭੀ ਕਾਰਜ ਦੀ ਵਿਰੋਧਤਾ ਕਰਨ ਦਾ ਮੁਖ ਫਰਜ਼, ਹਾਂ ਜੀ ਮੁਖ ਫਰਜ਼ ਸਮਝਦੇ ਹਨ।
ਐਸਾ ਹੀ ਇਨ੍ਹਾਂ ਭੱਦਰ ਪੁਰਸ਼ ਡੇਰੇਦਾਰਾਂ ਦਾ ਇੱਕ ਕਾਰਨਾਮਾ ਹੈ। ਗੁਰਮਤਿ ਨਾਲ ਦਿਲੋ ਜਾਨ ਨਾਲ ਪਿਆਰ ਕਰਨ ਵਾਲੀਆਂ ਸੰਗਤਾਂ ਨੇ ਬੜੀ ਖੁਸ਼ੀ ਮਨਾਈ ਸੀ ਅਤੇ ਆਪਣੇ ਆਪ ਨੂੰ ਵਧਾਈ ਦਿੱਤੀ ਸੀ ਜਦ ਕਈ ਸਾਲਾਂ ਦੀ ਸੋਚ ਵਿਚਾਰ, ਵਿਚਾਰ ਵਟਾਂਦਰੇ ਅਤੇ ਮਿਹਨਤ ਨਾਲ ਬਣਾਏ ਗਏ ਇੱਕੋ ਇੱਕ ਅਜ਼ਾਦ ਨਿਸ਼ਾਨ, ਨਾਨਕ-ਸ਼ਾਹੀ ਕੈਲੰਡਰ (ਜੰਤਰੀ) ਜਾਰੀ ਕੀਤਾ ਗਿਆ। ਬੇਸ਼ਕ ਮਸੰਦ ਕਿਸਮ ਦੇ ਇਨ੍ਹਾਂ ਡੇਰੇਦਾਰਾਂ, ਅਤੇ ਆਪਣੇ ਆਪ ਨੂੰ ਲਵ-ਕੁਸ਼ ਦੀ ਔਲਾਦ ਦੱਸਣ ਵਾਲੇ ਹਿੰਦੂ ਸੋਚਣੀ ਦੇ ਕੇਸ਼ਾਧਾਰੀ ਭੱਦਰ ਪੁਰਸ਼ਾਂ ਨੇ ਹਿੰਦੂਤਵ ਦੇ ਕਟੜ ਸੋਚਣੀ ਦੇ ਮਾਲਕ ਆਰ, ਐਸ, ਐਸ ਦੇ ਇਸ਼ਾਰੇ ਤੇ ਇਸਦੀ ਵਿਰੋਧਤਾ ਸ਼ੁਰੂ ਕਰ ਦਿੱਤੀ, ਪਰ ਸਾਰੀ ਦੁਨੀਆਂ ਵਿੱਚ ਸਿੱਖ ਸੰਗਤਾਂ ਨੇ ਸਵਾਗਤੀ ਰੂਪ ਵਿੱਚ ਚਾਲੂ ਕਰ ਲਿਆ ਅਤੇ ਛੇ ਸਾਲਾਂ ਤੋਂ ਬੜੀ ਕਾਮਯਾਬੀ ਨਾਲ ਚਲ ਰਿਹਾ ਹੈ। ਭਾਵ ਇਸ ਕੈਲੰਡਰ ਅਨੁਸਾਰ ਗੁਰਮਤਿ ਦੇ ਸਾਰੇ ਕਾਰਜ ਨਿਭਾਏ ਜਾ ਰਹੇ ਹਨ ਅਤੇ ਆਮ ਸੰਗਤਾਂ ਬੜੀਆਂ ਖੁਸ਼ ਹਨ। ਕਿਉਂਕਿ ਬੜੀ ਸਥਿਰਤਾ (ਜੋ ਗੁਰਮਤਿ ਦੀ ਖਾਸ ਦੇਣ ਹੈ) ਨਾਲ ਬੱਝਵੇਂ ਰੂਪ ਵਿੱਚ ਸਾਰੇ ਪੁਰਬ ਮਨਾਏ ਜਾਂਦੇ ਹਨ।
ਪਰ ਇਥੇ ਇਹ ਨੁਕਤਾ ਬੜੀ ਗਹਿਰੀ ਸੋਚ ਦਾ ਮੁਥਾਜ ਹੈ ਕਿ ਗੁਰੂ ਸਾਹਿਬਾਨ ਦੇ ਪ੍ਰਕਾਸ਼ ਉਤਸ਼ਵ, ਦੇਹ ਰੂਪ ਵਿੱਚ ਨਹੀਂ ਜੋਤ ਰੂਪ ਵਿੱਚ ਮਨਾਉਣ ਦਾ ਅਸਲੀ ਵਿਧਾਨ ਹੈ। ਇਸ ਦੇ ਅਨੁਸਾਰ ਹੀ ਜੋਤ (ਸ਼ਬਦ) ਰੂਪ ਪ੍ਰਕਾਸ਼ ਮਨਾਉਣਾ ਤਾਂ ਗੁਰਮਤਿ ਨੂੰ ਦਿਲੋ ਜਾਨ ਨਾਲ (ਦਿਖਾਵੇ ਲਈ ਨਹੀਂ) ਮੰਨਣ ਵਾਲਾ ਹਰ ਗੁਰਸਿਖ “ਸੁਣਿਆ ਮੰਨਿਆ ਮਨਿ ਕੀਤਾ ਭਾਉ॥ ਅੰਤਰਗਤਿ ਤੀਰਥਿ ਮਲਿ ਨਾਉ॥” ਅਨੁਸਾਰ ਹਰ ਰੋਜ਼ ਅੰਮ੍ਰਿਤ ਵੇਲੇ ਤੋਂ ਸ਼ੁਰੂ ਕਰ ਦਿੰਦਾ ਹੈ ਤੇ ਹਰ ਸਮੇਂ ਗੁਰ ਉਪਦੇਸ਼ ਨੂੰ ਮਨ ਵਿੱਚ ਵਸਾ ਕੇ ਕੰਮ ਕਾਜ ਕਰਦਾ ਹੋਇਆ ਅੰਤ ਸੋਹਿਲੇ ਦੇ ਪਾਠ ਨਾਲ ਅਪਣੇ ਪਿਆਰੇ ਗੁਰੂ ਦੀ ਗੋਦ ਵਿੱਚ ਗੁਰੂ ਗੁਰੂ ਕਰਦਾ ਲੇਟ ਜਾਂਦਾ ਹੈ। ਕੀ ਐਸੇ ਗੁਰਮਤਿ ਗਾਡੀ ਰਾਹ ਦੇ ਪਾਂਧੀ ਨੂੰ ਕਿਸੇ ਖਾਸ ਥਿਤਿ ਵਾਰ ਦੀ ਲੋੜ ਹੈ ਕਿ ਉਹ ਪੂਰਨ ਮਾਸ਼ੀ, ਮੱਸਿਆ, ਕਿਸੇ ਸ਼ੁਦੀ ਵਦੀ ਆਦਿ (ਜੋ ਸਤਿਕਾਰਯੋਗ ਹਿੰਦੂ ਵੀਰਾਂ ਨੂੰ ਮੁਬਾਰਕ ਹੈ ਤੇ ਹੋਵੇ) ਨੂੰ ਮੁਖ ਰਖ ਕੇ ਕੋਈ ਦਿਨ ਦਿਹਾਰ ਜਾ ਪੁਰਬ ਮਨਾਏ? ਨਹੀਂ! ਨਹੀਂ! ! ਉਪਰ ਦੱਸੇ ਵਾਂਗ ਅੱਠੋ ਪਹਿਰ ਗੁਰ-ਉਪਦੇਸ਼ ਨੂੰ ਕਮਾਉਣ ਵਾਲੇ ਗੁਰਸਿਖ ਨੂੰ ਕਿਸੇ ਇਸ ਤਰਾਂ ਦੀ ਉਲਝਣ ਵਿੱਚ ਪੈਣ ਦੀ ਗੁਰੂ ਸਾਹਿਬ ਜੀ ਨੇ ਲੋੜ ਹੀ ਨਹੀਂ ਰਹਿਣ ਦਿੱਤੀ।
ਇਨ੍ਹਾਂ ਥਿਤਾਂ ਵਾਰਾਂ ਦੇ ਖਲਜਗਨ ਵਿਚੋਂ ਕੱਢਣ ਲਈ ਹੀ ਤਾਂ ਗੁਰੂ ਸਾਹਿਬ ਜੀ ਨੇ ‘ਜਿਨਿ ਦਿਨੁ ਕਰਿ ਕੈ ਕੀਤੀ ਰਾਤਿ॥’ ਮੁਖਵਾਕ ਰਾਹੀ ਦਰਸਾ ਦਿੱਤਾ ਕਿ ਪ੍ਰਮਾਤਮਾਂ ਨੇ ਦਿਨ ਤੇ ਰਾਤ ਹੀ ਬਣਾਏ ਹਨ ਅਤੇ ਸਭ ਦਿਨ (ਸਮੇਤ ਰਾਤ) ਠੀਕ ਹੀ ਬਣਾਏ ਹਨ। ਕਿਉਂਕਿ “ਪੂਰੇ ਕਾ ਕੀਆ ਸਭ ਕਿਛ ਪੂਰਾ॥” ਅਨੁਸਾਰ ਕੋਈ ਭੀ ਦਿਨ ਮਾੜਾ ਜਾ ਬਦ ਸ਼ਗਨੀ ਵਾਲਾ ਨਹੀਂ। ਇਸ ਲਈ ਇਹ ਥਿਤਿ ਵਾਰ ਅਦਿ ਜੋ ਮਨੁੱਖੀ ਸੋਚ ਦੀ ਚਲਾਕੀ ਭਰੀ ਬਣਤਰ ਹਨ, ਗੁਰਮਤਿ ਵਿੱਚ ਕੋਈ ਮਹੱਤਤਾ ਨਹੀਂ ਰੱਖਦੇ। ਹਾਂ ਮਹੱਤਤਾ ਰੱਖਦੇ ਹੋਣਗੇ ਉਨ੍ਹਾਂ ਭੱਦਰ ਪੁਰਸ਼ਾਂ ਲਈ ਜਿਨ੍ਹਾਂ ਨੇ ਇਹ ਥਿਤਿ ਵਾਰ ਬਣਾਏ ਹਨ ਅਤੇ ਉਨ੍ਹਾਂ ਦੇ ਪੈਰੋਕਾਰਾਂ ਲਈ, ਗੁਰੂ ਦੇ ਸਿਖਾਂ ਲਈ ਨਹੀਂ, ਗੁਰਸਿੱਖਾਂ ਲਈ ਸਭ ਹੀ ਦਿਨ ਸ਼ੁਭ ਹਨ। ਹਾਂ, ਉਹ ਸਮਾਂ, ਦਿਨ ਆਦਿ ਸ਼ੁਭ ਨਹੀਂ ਸਗੋਂ ਫਿਟਕਾਰ ਯੋਗ ਹੈ ਜਦੋਂ ਪਿਆਰੇ ਪ੍ਰੀਤਮ, ਵਾਹਿਗੁਰੂ ਜੀ ਦੀ ਯਾਦ ਵਿਸਰ ਜਾਂਦੀ ਹੈ। ਅਤੇ ਥਿਤਾਂ ਵਾਰਾਂ ਦੇ ਖਲਜਗਣ ਵਿੱਚ ਪੈਣ ਵਾਲੇ/ ਵਾਲਿਆਂ ਨੂੰ ਗੁਰੂ ਸਾਹਿਬ ਨੇ ਇਸ ਤਰਾਂ ਫਿਟਕਾਰ ਪਾਈ ਹੈ, “ਥਿਤੀ ਵਾਰ ਸੇਵਹਿ ਮੁਗਪ ਗਵਾਰ॥” (ਪੰ. 843) ਗੁਰੂ ਸਾਹਿਬ ਵਲੋਂ ਐਸੇ ਹੁਕਮ ਦੇ ਹੁੰਦੇ ਹੋਏ ਭੀ ਜੇ ਕੋਈ ਇਨ੍ਹਾਂ ਥਿਤਾਂ ਵਾਰਾਂ ਦੀਆਂ ਭੂਲ ਭੁਲਈਆਂ ਵਿੱਚ ਆਪ ਪਏ ਰਹਿਣ ਤੇ ਹੋਰ ਸਭ ਭਾਵ ਸਾਰੀ ਕੌਮ ਨੂੰ ਹੀ ਪਾਉਣ ਲਈ ਉਤਾਵਲੇ ਹੋਈ ਫਿਰਨ ਤਾਂ ਉਨ੍ਹਾਂ ਬਾਰੇ ਕੀ ਕਿਹਾ ਜਾਵੇ?
ਹਾਂ ਦੁਨੀਆਵੀ ਤੌਰ ਤੇ ਗੁਰੂ ਸਾਹਿਬਾਨ ਦੇ ਅਤੇ ਹੋਰ ਪੁਰਬ ਮਨਾਉਣ ਲਈ, ਸਿੱਖੀ ਨਾਲ ਦਿਲੋਂ ਪਿਆਰ ਕਰਨ ਵਾਲੇ ਗੁਰਸਿੱਖਾਂ ਨੇ ਕਈ ਸਾਲਾਂ ਦੀ ਮਿਹਨਤ ਅਤੇ ਡੂੰਘੀ ਸੋਚ ਵਿਚਾਰ ਬਾਅਦ ਕਿਸੇ ਤਰਾਂ ਦੀ ਥਿਤਾਂ ਵਾਰਾਂ ਆਦਿ ਦੀ ਖਲਜਗਣ ਵਿੱਚ ਪੈਣ ਦੀ ਥਾਂ ਜੋ ਸਥਿਰ ਤੇ ਬੱਝਵੇਂ ਰੂਪ ਵਿੱਚ ਕੈਲੰਡਰ (ਜੰਤਰੀ) ਬਣਾਇਆ ਹੈ ਤੇ ਬੜੀ ਆਸਾਨੀ ਨਾਲ ਸਮਝ ਆਉਣ ਵਾਲਾ ਹੈ ਤੇ ਬੜੀ ਕਾਮਯਾਬੀ ਨਾਲ ਲਾਗੂ ਹੋ ਚੁੱਕਾ ਹੈ ਉਸ ਨਾਲ ਕੁਛ ਕੁ ਨੂੰ ਛੱਡ ਕੇ ਸਾਰੇ ਖੁਸ਼ ਹਨ। ਪਰ ਉਪਰ ਲਿਖੇ, “ਪੰਥ ਵਲੋਂ ਬੜੀ ਸੋਚ ਵਿਚਾਰ ਬਾਅਦ ਚਾਲੂ ਕੀਤੇ ਕਿਸੇ ਕਾਰਜ ਦੀ ਵਿਰੋਧਤਾ ਕਰਨ ਦਾ ਅਪਣਾ ਮੁਖ ਫਰਜ਼ ਹਾਂ ਜੀ ਮੁਖ ਫਰਜ਼ ਸਮਝਦੇ ਹਨ” ਵਾਂਗ ਐਸੇ ਸਰਲ ਤੇ ਸਥਿਰ ਕੈਲੰਡਰ ਨੂੰ ਥਿਤਾਂ ਵਾਰਾਂ ਦੇ ਪੂਜਨੀਕ, ਗੁਰੂ ਸਾਹਿਬ ਜੀ ਦੇ ਮੁਖਵਾਕ “ਥਿਤੀ ਵਾਰ ਸੇਵਹਿ ਮੁਗਧ ਗਵਾਰ॥” (ਪੰ. 843) ਦੀ ਬਿਲਕੁਲ ਪ੍ਰਵਾਹ ਨਾ ਕਰਦੇ ਹੋਏ ਇਹ ਡੇਰੇਦਾਰ ਯੂਨੀਅਨ (ਸੰਤ ਸਮਾਜ – ਪਤਾ ਨਹੀਂ ਇਹ ਕੀ ਬਲਾ ਹੈ?) ਬਣਾ ਕੇ ਇਸ ਕੈਲੰਡਰ ਦੀ ਖੁਰ ਪੈਰ ਮਾਰ ਕੇ ਵਿਰੋਧਤਾ ਕਰ ਰਹੇ ਹਨ। ਕਿਸੇ ਵਿਦਵਾਨ ਨੇ ਕਿਹਾ ਹੈ, “ਸ੍ਰੀ ਅਕਾਲ ਤਖਤ ਨੂੰ ਇਨ੍ਹਾਂ ਡੇਰੇਦਾਰਾਂ ਦੀ ਕੋਈ ਪ੍ਰਵਾਹ ਨਹੀਂ ਕਰਨੀ ਚਾਹੀਦੀ, ਕਿਉਂਕਿ ਇਨ੍ਹਾਂ ਨੇ ਆਪਣੇ ਬਾਬਿਆਂ ਦੀਆਂ ਬਰਸੀਆਂ ਹਿੰਦੂ ਰੀਤੀ ਅਨੁਸਾਰ ਬਿਕਰਮੀ ਸੰਮਤ ਨਾਲ ਥਿਤਾਂ ਵਾਰਾਂ ਨੂੰ ਮੁਖ ਰੱਖ ਕੇ ਮਨਾਉਣੀਆਂ ਹੁੰਦੀਆਂ ਹਨ, ਇਹ ਮਨਾਈ ਜਾਣ, ਸ੍ਰੀ ਅਕਾਲ ਤਖਤ ਨੂੰ ਇਨ੍ਹਾਂ ਅੱਗੇ ਝੁਕਣਾ ਨਹੀਂ ਚਾਹੀਦਾ, ਕੈਲੰਡਰ ਇਸੇ ਤਰਾਂ ਜਾਰੀ ਰਹਿਣਾ ਚਾਹੀਦਾ ਹੈ।” ਇਹ ਬਿਲਕੁਲ ਠੀਕ ਹੈ। ਸਿੱਖ ਕੌਮ ਕੋਲ ਸਿਰਫ ਇਹ ਹੀ ਤਾਂ ਇਕੋ ਇੱਕ ਅਜ਼ਾਦ ਨਿਸ਼ਾਨੀ ਹੈ ਜਿਸ ਤੇ ਕੌਮ ਨੂੰ ਮਾਣ ਬਰਕਰਾਰ ਰੱਖਣਾ ਚਾਹੀਦਾ ਹੈ, ਕਿਸੇ ਤਰਾਂ ਦਾ ਗ੍ਰਹਿਣ ਲਗਣ ਤੋਂ ਬਚਾਈ ਰੱਖਣਾ ਚਾਹੀਦਾ ਹੈ। ਇਸ ਵਿੱਚ ਕਿਸੇ, ਇਨ੍ਹਾਂ ਡੇਰੇਦਾਰਾਂ ਜਾਂ ਹੋਰ ਕਿਸੇ ਅਨਮਤੀਆਂ ਆਦਿ, ਦਾ ਦਬਾ ਨਹੀਂ ਹੋਣਾ ਚਾਹੀਦਾ। ਤਾਕਿ ਗੁਰੂ ਨਾਨਕ ਸਾਹਿਬ ਦਾ ਨਿਆਰਾ ਤੇ ਨਿਰਾਲਾ ਪੰਥ ਨਿਆਰੇ ਰੂਪ ਵਿੱਚ ਵਿਚਰਦਾ ਰਹੇ। ਇਹ ਨਾਨਕਸ਼ਾਹੀ ਕੈਲੰਡਰ ਹੀ ਕਿਉਂ ਸਿਰਫ ਇਕੋ ਇੱਕ ਅਜ਼ਾਦ ਨਿਸ਼ਾਨੀ ਹੈ? ਇਸ ਕਰਕੇ ਕਿ ਇਨ੍ਹਾਂ ਡੇਰੇਦਾਰਾਂ ਵਿਚੋਂ ਕਾਰ ਸੇਵਾ ਦਾ ਪਟਕਾ ਬੰਨ੍ਹ ਕੇ ਅਪਣੇ ਸਨਾਤਨੀ ਹਾਕਮਾਂ ਦੇ ਇਸ਼ਾਰੇ ਤੇ ਗੁਰੂ ਕਾਲ ਦੀਆਂ ਮਹਾਨ ਇਤਿਹਾਸਿਕ ਨਿਸ਼ਾਨੀਆਂ, ਅਨੰਦਪੁਰ ਸਾਹਿਬ ਦੇ ਕਿਲ੍ਹੇ, ਚਮਕੌਰ ਦੀ ਗੜ੍ਹੀ, ਸਰਹੰਦ ਦੀ ਕੰਧ, ਠੰਡਾ ਬੁਰਜ ਅਦਿ ਨੂੰ ਢੁਆ ਚੁੱਕੇ ਹਨ। ਜਦ ਕਿ ਸਨਾਤਨੀ ਮਾਲਕ ਤਾਂ ਅਪਣੇ ਲੱਖਾਂ ਸਾਲਾਂ ਪਹਿਲਾਂ ਤ੍ਰੇਤੇ ਤੇ ਦੁਆਪਰ ਦੇ ਮਿਥਿਹਾਸਿਕ ਅਵਤਾਰਾਂ ਦੀਆਂ ਕੁਦਰਤੀ ਪਰਲੋ ਆਦਿ ਰਾਹੀਂ ਮਿਟ ਤੇ ਬਰਬਾਦ ਹੋ ਚੁੱਕੀਆਂ ਸਥਾਨਾਂ ਦੀ ਮੁੜ ਉਸਾਰੀ ਕਰਵਾ ਕੇ ਅਸਲੀ ਅਸਥਾਨਾਂ ਹੋਣ ਦੀ ਪ੍ਰਵਾਨਗੀ ਦੇ ਚੁੱਕੇ ਹਨ। ਕੀ ਸਿੱਖ ਜਗਤ ਅਪਣੀ ਸਿਰਫ ਇਸ ਇੱਕੋ ਇੱਕ ਅਜ਼ਾਦ ਨਿਸ਼ਾਨੀ ਨਾਨਕਸ਼ਾਹੀ ਕੈਲੰਡਰ ਨੂੰ ਇਸ ਅਸਲੀ ਰੂਪ ਵਿੱਚ ਭੀ ਨਹੀਂ ਸਾਂਭ ਸਕਦਾ?
ਸਗੋਂ ਉਪਰ ਦੱਸੀਆਂ ਮਿਟਾ ਦਿੱਤੀਆਂ ਗੁਰੂ ਕਾਲ ਦੀਆਂ ਇਤਿਹਾਸਿਕ ਮਹਾਨ ਸਥਾਨਾਂ ਦੀ ਮੁੜ ਉਸਾਰੀ ਕਰ ਲੈਣੀ ਚਾਹੀਦੀ ਹੈ। ਸਿੱਖ ਜਗਤ ਲਈ ਇਹ ਇੱਕ ਮਹਾਨ ਚੈਲੰਜ ਹੈ।




.