.

ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਅਤੇ ਬਾਦਲ-ਵਿਰੋਧੀਆਂ ਦੀ ਰਣਨੀਤੀ
--ਜਸਵੰਤ ਸਿੰਘ ‘ਅਜੀਤ’

ਭਾਵੇਂ ਅਜੇ ਤਕ ਇਹ ਸਪਸ਼ਟ ਨਹੀਂ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਦੋਂ ਤਕ ਹੋਣਗੀਆਂ, ਫਿਰ ਵੀ ਇਸ ਸੰਭਾਵਨਾ ਦੀ ਆਸ ਨਾਲ ਕਿ ਇਹ ਚੋਣਾਂ ਅਗਲੇ ਵਰ੍ਹੇ ਦੇ ਦੂਜੇ ਦਹਾਕੇ ਦੇ ਅਰੰਭ ਤਕ ਹੋ ਸਕਦੀਆਂ ਹਨ, ਅਕਾਲੀ ਰਾਜਨੀਤੀ ਵਿੱਚ ਸਰਗਰਮੀ ਆਉਣੀ ਸ਼ੁਰੂ ਹੋ ਗਈ, ਵਿਖਾਈ ਦੇਣ ਲਗ ਪਈ ਹੈ। ਪਰ ਇਹ ਸਰਗਰਮੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲੋਂ ਕਿਤੇ ਵਧੇਰੇ ਉਸਦੇ ਵਿਰੋਧੀਆਂ ਵਿੱਚ ਵੇਖਣ ਨੂੰ ਮਿਲ ਰਹੀ ਹੈ। ਉਹ ਦਿਨ-ਰਾਤ ਇਹ ਪ੍ਰਚਾਰ ਕਰਨ ਵਿੱਚ ਜੁਟੇ ਹੋਏ ਹਨ, ਕਿ ਜੇ ਸਿੱਖੀ ਅਤੇ ਉਸਦੀਆਂ ਮਰਿਆਦਾਵਾਂ ਤੇ ਉਸਦੇ ਇਤਿਹਾਸ ਨੂੰ ਬਚਾਣਾ ਹੈ ਤਾਂ ਸ਼੍ਰੋਮਣੀ ਕਮੇਟੀ ਨੂੰ ਸ਼੍ਰੋਮਣੀ ਅਕਾਲੀ ਦਲ {ਬਾਦਲ) ਦੇ ਪੰਜੇ ਵਿਚੋਂ ਆਜ਼ਾਦ ਕਰਵਾਉਣਾ ਹੀ ਹੋਵੇਗਾ।
ਇਸ ਵਿੱਚ ਕੋਈ ਸ਼ਕ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸੱਤਾ-ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖੀ ਦੀਆਂ ਮਰਿਅਦਾਵਾਂ, ਪਰੰਪਰਾਵਾਂ ਅਤੇ ਸਿੱਖ ਇਤਿਹਾਸ ਦੀਆਂ ਸਥਾਪਤ ਮਾਨਤਾਵਾਂ ਦੀ ਰਖਿਆ ਕਰਨ ਅਤੇ ਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਪ੍ਰਤੀ ਆਪਣੀ ਜ਼ਿਮੇਂਦਾਰੀ ਨਿਭਾਉਣ ਵਿੱਚ ਇਮਾਨਦਾਰ ਸਾਬਤ ਨਹੀਂ ਹੋ ਸਕੀ। ਉਹ ਪੂਰੀ ਤਰ੍ਹਾਂ ਰਾਜਨੀਤੀ ਦਾ ਅੱਡਾ ਬਣ ਕੇ ਰਹਿ ਗਈ ਹੋਈ ਹੈ।
ਇਸੇ ਦਾ ਹੀ ਨਤੀਜਾ ਹੈ ਕਿ ਜਿਸ ਪੰਜਾਬ ਦੀ ਧਰਤੀ ਨੂੰ ਗੁਰੂ ਸਾਹਿਬਾਂ ਦੀ ਚਰਨ-ਛਹੁ ਪ੍ਰਾਪਤ ਹੈ ਅਤੇ ਜਿਥੇ ਉਨ੍ਹਾਂ ਨੇ ਨਾ ਕੇਵਲ ਸਿੱਖੀ ਦਾ ਬੂਟਾ ਲਾਇਆ, ਸਗੋਂ ਉਸਨੂੰ ਆਪਣੇ ਖ਼ੂਨ ਨਾਲ ਸਿੰਜ ਕੇ ਪ੍ਰਵਾਨ ਵੀ ਚੜ੍ਹਾਇਆ, ਉਥੇ ਹੀ ਸਿੱਖੀ ਨੂੰ ਘੁਣ ਲਗ ਗਿਆ ਹੋਇਆ ਹੈ, ਜੋ ਲਗਾਤਾਰ ਉਸਨੂੰ ਖਾਈ ਜਾ ਰਿਹਾ ਹੈ। ਸਿੱਖੀ ਦਾ ਆਧਾਰ ਖ਼ੁਰਦਾ ਜਾ ਰਿਹਾ ਹੈ, ਸਿੱਖੀ ਦੇ ਦੁਸ਼ਮਣ ਡੇਰੇਦਾਰਾਂ ਦਾ ਫੈਲਾਅ ਹੁੰਦਾ ਜਾ ਰਿਹਾ ਹੈ ਅਤੇ ਆਰ ਐਸ ਐਸ ਵਰਗੀਆਂ ਸਿੱਖੀ-ਵਿਰੋਧੀ ਸ਼ਕਤੀਆਂ, ਰਾਸ਼ਟਰੀ ਸਿੱਖ ਸੰਗਤ ਰਾਹੀਂ ਸਿੱਖੀ ਵਿੱਚ ਘੁਸਪੈਠ ਕਰ ਕੇ ਸਿੱਖੀ ਨੂੰ ਅੰਦਰੋਂ ਖੋਖਲਾ ਕਰਨ ਤੇ ਤੁਲ ਗਈਆਂ ਹੋਈਆਂ ਹਨ। ਇਹੀ ਨਹੀਂ ਆਪਣੇ ਸਿੱਖੀ ਦੀ ਗੁੜ੍ਹਤੀ ਲੈ ਕੇ ਜਨਮੇ ਅਤੇ ਸਿੱਖ ਇਤਿਹਾਸ ਤੇ ਧਾਰਮਕ ਮਰਿਆਦਾਵਾਂ ਦੇ ਸਭ ਤੋਂ ਵਧ ਜਾਣੂ ਅਤੇ ਰਾਖੇ ਹੋਣ ਦਾ ਦਾਅਵੇਦਾਰ ਕਰਨ ਕੁੱਝ ਸਿੱਖੀ-ਸਰੂਪ ਦੇ ਧਾਰਨੀ ਵੀ ਆਏ ਦਿਨ ਨਵੇਂ ਤੋਂ ਨਵੇਂ ਵਿਵਾਦ ਪੈਦਾ ਕਰ ਸਿੱਖਾਂ ਵਿੱਚ ਦੁਬਿਧਾ ਪੈਦਾ ਕਰ ਉਨ੍ਹਾਂ ਨੂੰ ਸਿੱਖੀ ਤੋਂ ਦੂਰ ਧਕ ਕੇ ਡੇਰੇਦਾਰਾਂ ਦੀ ਮਦਦ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੇ।
ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੱਤਾ ਪੁਰ ਕਾਬਜ਼ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਆਪਣੀ ਮਜਬੂਰੀ ਹੈ ਕਿ ਉਹ ਭਾਜਪਾ ਦੇ ਠੁਮ੍ਹਣੇ ਤੋਂ ਬਿਨਾਂ, ਸੱਤਾ ਪੂਰ ਨਾ ਤਾਂ ਕਾਬਜ਼ ਹੋ ਸਕਦਾ ਹੈ ਅਤੇ ਨਾ ਹੀ ਕਾਬਜ਼ ਬਣਿਆ ਰਹਿ ਸਕਦਾ ਹੈ। ਇਸੇ ਕਾਰਣ ਉਸਨੇ ਆਪਣੇ-ਆਪ ਪੂਰੀ ਤਰ੍ਹਾਂ ਉਸਦੇ ਸਾਹਮਣੇ ਸਮਰਪਿਤ ਕਰ ਦਿਤਾ ਹੋਇਆ ਹੈ। ਜਿਸ ਕਾਰਣ ਉਸਦੇ ਮੁੱਖੀ ਤਾਂ ਕੀ ਆਮ ਵਰਕਰ ਤਕ ਵੀ ਭਾਜਪਾ ਅਤੇ ਉਸਦੀ ਸਹਿਯੋਗੀ ਆਰ ਐਸ ਐਸ ਦੇ ਮੁੱਖੀਆਂ ਵਲੋਂ ਸਿੱਖੀ ਨੂੰ ਢਾਹ ਲਾਉਣ ਦੇ ਕੀਤੇ ਜਾ ਰਹੇ ਜਤਨਾਂ ਦਾ ਵਿਰੋਧ ਕਰਨ ਦੀ ਹਿੰਮਤ ਤਕ ਨਹੀਂ ਜੁਟਾ ਪਾਂਦੇ ਪਏ। ਹੋਰ ਤਾਂ ਹੋਰ ਜਦੋਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਧਾਰਮਕ ਸਟੇਜਾਂ ਪੁਰ ਆ ਕੇ, ਉਨ੍ਹਾਂ ਦੀ ਮੌਜੂਦਗੀ ਵਿੱਚ ਹੀ ਸਿੱਖ ਇਤਿਹਾਸ ਨੂੰ ਵਿਗਾੜਦੇ, ਸਿੱਖ ਧਰਮ ਦੀਆਂ ਸ਼ਥਾਪਤ ਮਰਿਆਦਾਵਾਂ ਅਤੇ ਪਰੰਪਰਾਵਾਂ ਦੇ ਨਾਲ ਹੀ ਸਿੱਖੀ ਦੀ ਸੁਤੰਤਰ ਹੋਂਦ ਤੇ ਸਿੱਖਾਂ ਦੀ ਅੱਡਰੀ ਪਛਾਣ ਪੁਰ ਸੁਆਲੀਆ ਨਿਸ਼ਾਨ ਲਾਂਦਿਆਂ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਹੀ ਅੰਗ ਹੋਣ ਦਾ ਦਾਅਵਾ ਕਰਦੇ ਹਨ, ਤਾਂ ਉਹ ਉਨ੍ਹਾਂ ਨੂੰ ਨਾ ਤਾਂ ਰੋਕ ਸਕਦੇ ਹਨ ਅਤੇ ਨਾ ਹੀ ਉਨ੍ਹਾਂ ਦੇ ਸਾਹਮਣੇ ਆਪਣਾ ਵਿਰੋਧ ਦਰਜ ਕਰਵਾ ਪਾਂਦੇ ਹਨ। ਜਿਸਤੋਂ ਆਮ ਸਿੱਖਾਂ ਵਿੱਚ ਇਹ ਸੰਕੇਤ ਜਾਣਾ ਕੁਦਰਤੀ ਹੈ ਕਿ ਬਾਦਲ ਦਲ ਦੇ ਮੁਖੀਆਂ ਦੀ ਨਿਸ਼ਠਾ ਸਿੱਖੀ ਨੂੰ ਬਚਾਣ ਦੀ ਬਜਾਏ, ਆਪਣੀ ਸੱਤਾ-ਲਾਲਸਾ ਪੂਰਿਆਂ ਕਰਨ ਪ੍ਰਤੀ ਹੀ ਸਮਰਪਿਤ ਹੈ।
ਇਨ੍ਹਾਂ ਹਾਲਾਤ ਵਿੱਚ ਜੇ ਇਮਾਨਦਾਰੀ ਦੇ ਨਾਲ ਸਿੱਖੀ ਨੂੰ ਬਚਾਣ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪੰਜੇ ਵਿਚੋਂ ਆਜ਼ਾਦ ਕਰਾਣ ਦਾ ਨਾਹਰਾ ਲਾਇਆ ਅਤੇ ਸੰਘਰਸ਼ ਕੀਤਾ ਜਾਂਦਾ ਹੈ, ਤਾਂ ਇਹ ਕਿਸੇ ਹਦ ਤਕ ਸਾਰਥਕ ਸਾਬਤ ਹੋ ਸਕਦਾ ਹੈ। ਪ੍ਰੰਤੂ ਇਸਦੇ ਲਈ ਸਭ ਤੋਂ ਵਧ ਜ਼ਰੂਰੀ ਰਾਜਨੈਤਿਕ ਸੁਆਰਥ ਤੋਂ ਉਪਰ ਉਠ ਕੇ ਨਿਰੋਲ ਧਾਰਮਕ ਆਧਾਰ ਤੇ ਹੀ ਸੰਘਰਸ਼ ਕਰਨ ਦੀ ਲੋੜ ਹੋਵੇਗੀ।
ਪਰ ਕੀ ਅਜਿਹਾ ਸੰਭਵ ਹੋ ਸਕੇਗਾ?
ਇਹ ਸੁਆਲ ਉਠਣ ਦਾ ਮੁਖ ਕਾਰਣ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਵਿਰੋਧੀ ਇੱਕ ਆਪ ਹੀ ਕਈ ਗੁਟਾਂ ਵਿੱਚ ਵੰਡੇ ਹੋਏ ਹਨ ਅਤੇ ਆਪੋ-ਆਪਣੀ ਵਖਰੀ ਡਫਲੀ ਵਜਾਂਦੇ ਅਤੇ ਮਜਮੇਂ ਲਾਉਂਦੇ ਚਲੇ ਆ ਰਹੇ ਹਨ। ਉਹ ਕਦੀ ਵੀ ਇਹ ਪ੍ਰਭਾਵ ਦੇਣ ਵਿੱਚ ਸਫਲ ਨਹੀਂ ਹੋ ਸਕੇ ਕਿ ਉਨ੍ਹਾਂ ਦਾ ਸੰਘਰਸ਼ ਕੇਵਲ ਧਰਮ-ਅਧਾਰਤ ਹੈ ਅਤੇ ਉਹ ਸਿੱਖੀ ਨੂੰ ਬਚਾਣ ਲਈ ਇਕ-ਜੁਟ ਹੋ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ. ਬਾਦਲ ਦੇ ਰਾਜਸੀ ਪੰਜੇ ਵਿਚੋਂ ਆਜ਼ਾਦ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ। ਜਿਸ ਤੋਂ ਇਉਂ ਜਾਪਦਾ ਹੈ ਕਿ ਜੇ ਕਿਸੇ ਨੇ ਉਨ੍ਹਾਂ ਨੂੰ ਇੱਕ ਕਰਨ ਵਿੱਚ ਸਫਲਤਾ ਪ੍ਰਾਪਤ ਕਰ ਵੀ ਲਈ ਤਾਂ ਵੀ ਉਹ ਉਨ੍ਹਾਂ ਦੀਆਂ ਪਿਠਾਂ ਮਿਲਾਉਣ ਤਕ ਸਫਲ ਹੋ ਸਕੇਗਾ. ਉਨ੍ਹਾਂ ਦੇ ਦਿਲਾਂ ਨੂੰ ਕਦੀ ਵੀ ਨਹੀਂ ਮਿਲਾ ਸਕੇਗਾ। ਇਸਦਾ ਕਾਰਣ ਇਹ ਹੈ ਕਿ ਇਨ੍ਹਾਂ ਦੇ ਦਿਲ ਵਿੱਚ ਭੈ ਬਣਿਆ ਹੋਇਆ ਹੈ ਜੇ ਇਨ੍ਹਾਂ ਨੇ ਦਿਲ ਮਿਲਾ ਲਏ ਤਾਂ ਇਹ ਨਾ ਤਾਂ ਵਖਰੀ ਡਫ਼ਲੀ ਵਜਾ ਸਕਣਗੇ ਤੇ ਨਾ ਹੀ ਆਪਣੇ ਨਿਜੀ ਸੁਆਰਥ ਦੇ ਆਧਾਰ ਤੇ ਕੋਈ ਸਮਝੌਤਾ ਕਰਨ ਦੇ ਸਮਰਥ ਰਹਿ ਜਾਣਗੇ।
ਇਸਦਾ ਸਬੂਤ: ਡੇਰਾ ਸੱਚਾ ਸੌਦਾ ਦੇ ਮੁਖੀ ਵਿਰੁਧ ਸੰਘਰਸ਼ ਦੌਰਾਨ ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ, ਦਿੱਲੀ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਵਿਰੋਧੀਆਂ ਨੂੰ ਇਕ-ਜੁਟ ਕਰਨ ਵਿੱਚ ਮੁੱਖ ਭੂਮਿਕਾ ਅਦਾ ਕੀਤੀ ਸੀ, ਪ੍ਰੰਤੂ ਜਦੋਂ ਇੱਕ ਜੁਟ ਹੋਇਆਂ ਦੇ ਆਪਸੀ ਹਿਤ ਟਕਰਾਏ, ਤਾਂ ਉਨ੍ਹਾਂ ਨਾ ਕੇਵਲ ਸ. ਸਰਨਾ ਨੂੰ ਹੀ ਕਿਨਾਰੇ ਕਰ ਦਿਤਾ, ਸਗੋਂ ਆਪ ਵੀ ਵਖਰੀ-ਵਖਰੀ ਡਫ਼ਲੀ ਵਜਾਣ ਲਗ ਪਏ।
ਖਾਲਿਸਤਾਨ ਦੇ ਪੈਰੋਕਾਰ: ਸ. ਸਿਮਰਨਜੀਤ ਸਿੰਘ ਮਾਨ ਲੁਧਿਆਣਾ ਕਾਂਡ ਵਿੱਚ ਪੁਲਿਸ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਦਰਸ਼ਨ ਸਿੰਘ ਨਮਿਤ ਹੋਈ ਅਰਦਾਸ ਦੇ ਸਮੇਂ ਵੀ ਆਪਣੀ ਰਾਜਨੈਤਿਕ ਲਾਲਸਾ ਨੂੰ ਪ੍ਰਗਟ ਕੀਤੇ ਬਿਨਾਂ ਨਹੀਂ ਰਹਿ ਸਕੇ। ਉਥੇ ਵੀ ਉਨ੍ਹਾਂ ਨੇ ਨਾ ਕੇਵਲ ਖ਼ਾਲਿਸਤਾਨ ਦਾ ਜ਼ਿਕਰ ਕੀਤਾ, ਸਗੋਂ ਉਸਦੇ ਨਾਹਰੇ ਵੀ ਲਗਵਾਏ। ਇਸੇ ਤਰ੍ਹਾਂ ਦੋ-ਇਕ ਹੋਰ ਅਜਿਹੀਆਂ ਜਥੇਬੰਦੀਆਂ ਦੇ ਮੁਖੀ ਹਨ, ਜੋ ਆਪਣੀ ਹੋਂਦ ਦਾ ਅਹਿਸਾਸ ਕਰਵਾਉਣ ਲਈ ਸਮੇਂ-ਸਮੇਂ ਭੜਕਾਊ ਨਾਹਰੇ ਲਾ ਕੇ ਸਿੱਖ ਨੌਜਵਾਨਾਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਕਰਦੇ ਰਹਿੰਦੇ ਹਨ। ਇਨ੍ਹਾਂ ਲੋਕਾਂ ਦਾ ਪਿਛੋਕੜ ਕੀ ਹੈ? ਜੇ ਇਸਤੋਂ ਪਰਦਾ ਚੁਕਿਆ ਜਾਏ ਤਾਂ ਇਹ ਤਿਲਮਿਲਾ ਉਠਣਗੇ। ਇਨ੍ਹਾਂ ਦੇ ਦਿਲ ਵਿੱਚ ਨਾ ਤਾਂ ਸਿੱਖੀ ਦਾ ਦਰਦ ਹੈ, ਅਤੇ ਨਾ ਹੀ ਸਿੱਖ ਧਰਮ ਤੇ ਇਤਿਹਾਸ ਦਾ ਗਿਆਨ। ਇਨ੍ਹਾਂ ਨੇ ਆਪਣੀ ਦੁਕਾਨਦਾਰੀ ਚਲਾਉਣ ਤੇ ਚਮਕਾਉਣ ਲਈ ਇਕੋ ਰਟ ਲਾਈ ਹੋਈ ਹੈ- ‘ਰਾਜ ਬਿਨਾ ਨਹਿੰ ਧਰਮ ਚਲੇ ਹੈਂ’। ਪ੍ਰੰਤੂ ਇਨ੍ਹਾਂ ਪਾਸ ਕੋਈ ਅਜਿਹਾ ਪ੍ਰਮਾਣ ਨਹੀਂ ਹੈ, ਜਿਸਤੋਂ ਇਹ ਸਾਬਤ ਕਰ ਸਕਣ ਕਿ ਜਦੋਂ-ਕਦੀ ਵੀ ਸਿੱਖ ਸੱਤਾਧਾਰੀ ਬਣੇ ਓਦੋਂ ਸਿੱਖੀ ਦਾ ਪਸਾਰ ਹੋਇਆ ਹੋਵੇ।
ਇਥੋਂ ਤਕ ਕਿ ਮਹਾਰਾਜਾ ਰਣਜੀਤ ਸਿੰਘ ਦੇ ਸੱਤਾ-ਕਾਲ ਦੌਰਾਨ ਸਿੱਖਾਂ ਦੀ ਗਿਣਤੀ ਵਿੱਚ ਜੋ ਭਾਰੀ ਵਾਧਾ ਹੋਣ ਦੀ ਗਲ ਕੀਤੀ ਜਾਦੀ ਹੈ, ਉਹ ਵੀ ਸਿੱਖੀ ਪ੍ਰਤੀ ਵਿਸ਼ਵਾਸ ਦੇ ਆਧਾਰ ਤੇ ਨਹੀਂ ਸੀ ਹੋਇਆ, ਸਗੋਂ ਸੱਤਾ-ਸੁਖ ਦੀ ਲਾਲਸਾ ਦੇ ਅਧੀਨ ਹੋਇਆ ਸੀ। ਮਹਾਰਾਜਾ ਰਣਜੀਤ ਸਿੰਘ ਦੇ ਅੱਖਾਂ ਮੀਟਦਿਆਂ ਹੀ ਨਾ ਤਾਂ ਸਿੱਖ ਰਾਜ ਰਿਹਾ ਅਤੇ ਨਾ ਹੀ ਉਸਦੇ ਰਾਜ ਦੌਰਾਨ ਸਿੱਖੀ ਸਰੂਪ ਧਾਰਣ ਕਰਨ ਵਾਲੇ। ਜਿਉਂ ਹੀ ਰਾਜ ਗਿਆ ਤਿਉਂ ਹੀ ਉਹ ਵੀ, ਜੋ ਸੱਤਾ-ਸੁਖ ਪ੍ਰਾਪਤੀ ਦੀ ਲਾਲਸਾ ਵਿੱਚ ਸਿੱਖ ਬਣੇ ਸਨ, ਸਿੱਖੀ-ਸਰੂਪ ਤਿਆਗ ਗਏ।
ਅਜ ਤਾਂ ਉਹ ਵੀ ਸਥਿਤੀ ਨਹੀਂ। ਆਜ਼ਾਦੀ ਅਤੇ ਪੰਜਾਬ ਦੇ ਪੁਨਰਗਠਨ ਤੋਂ ਬਾਅਦ ਕਿਤਨੀ ਹੀ ਵਾਰ ਅਕਾਲੀ ਪੰਜਾਬ ਦੀ ਰਾਜ-ਸੱਤਾ ਪੁਰ ਕਾਬਜ਼ ਹੋਏ ਅਤੇ ਕੇਂਦਰੀ ਸੱਤਾ ਵਿੱਚ ਵੀ ਭਾਈਵਾਲ ਰਹੇ। ਜ਼ਰਾ ਘੋਖ ਕੇ ਵੇਖੋ ਇਸ ਸਮੇਂ ਦੌਰਾਨ ਸਿੱਖੀ ਦਾ ਪਸਾਰ ਹੋਇਆ ਹੈ ਜਾਂ ਘਾਣ? ਜੇ ਪਸਾਰ ਹੋਇਆ ਹੁੰਦਾ ਤਾਂ ਅਜ ਪੰਜਾਬ ਦਾ ਸਿੱਖ ਨੌਜਵਾਨ ਅੱਸੀ ਪ੍ਰਤੀਸ਼ਤ ਤੋਂ ਵੀ ਵਧ ਪਤਿਤ ਹੋਇਆ ਵਿਖਾਈ ਨਾ ਦਿੰਦਾ ਅਤੇ ਉਸਦੀ ਹਵਾ ਪੰਜਾਬ ਤੋਂ ਬਾਹਰ ਵੀ ਨਾ ਵਗ ਤੁਰਦੀ!
ਕਦੀ ਸਿੱਖ ਇਤਿਹਾਸ ਦੀ ਘੋਖ ਕੀਤੀ ਗਈ ਹੈ? ਗੁਰੂ ਸਾਹਿਬਾਂ ਪਾਸ ਕਿਹੜੀ ਰਾਜ-ਸੱਤਾ ਸੀ? ਉਸ ਸਮੇਂ ਤਾਂ ਨਾ ਅਜ ਵਰਗੇ ਯਾਤਰਾ ਸਾਧਨ ਸਨ ਤੇ ਨਾ ਹੀ ਪ੍ਰਚਾਰ ਸਾਧਨ। ਫਿਰ ਵੀ ਨਾ ਕੇਵਲ ਸਿੱਖੀ ਦਾ ਪ੍ਰਚਾਰ ਤੇ ਪਸਾਰ ਹੀ ਹੋਇਆ, ਸਗੋਂ ਸਿੱਖੀ ਦੀ ਖ਼ੁਸ਼ਬੂ ਵੀ ਸੰਸਾਰ ਭਰ ਵਿੱਚ ਦੂਰ-ਦੁਰਾਡੇ ਤਕ ਫੈਲੀ।
ਇਹ ਜ਼ਰੂਰ ਹੈ ਕਿ ਰਾਜਸੀ ਸ਼ਕਤੀ ਦੀ ਵਰਤੋਂ ਕਰ ਕੇ ਧਾਰਮਕ ਸੰਸਥਾਵਾਂ ਪੁਰ ਕਬਜ਼ਾ ਕੀਤਾ ਜਾ ਸਕਦਾ ਹੈ, ਅਤੇ ੇ ਉਨ੍ਹਾਂ ਦੇ ਸਾਧਨਾਂ ਦੀ ਵਰਤੋਂ ਰਾਜ-ਸੱਤਾ ਤਕ ਪੁਜਣ ਲਈ ਪੌੜੀ ਵਜੋਂ ਕੀਤੀ ਜਾ ਸਕਦੀ ਹੈ, ਜਿਸਦਾ ਭਰਪੂਰ ਲਾਭ ਅਜ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁਖੀ ਉਠਾ ਹੀ ਰਹੇ ਹਨ।
ਇਕ ਕੌੜੀ ਸੱਚਾਈ, ਜੋ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਵਿਰੋਧੀਆਂ ਦੇ ਗਲੇ ਨਹੀਂ ਉਤਰੇਗੀ, ਉਹ ਇਹ ਹੈ ਕਿ ਉਹ ਆਪਣੀ ਸਮੁਚੀ ਸ਼ਕਤੀ ਸਿੱਖੀ ਦੇ ਪ੍ਰਚਾਰ ਰਾਹੀਂ ਸਿੱਖੀ ਦੀ ਸੰਭਾਲ ਕਰਨ ਵਿੱਚ ਲਾ ਕੇ ਉਸਦਾ ਪ੍ਰਸਾਰ ਕਰਨ ਦੀ ਬਜਾਏ, ਵਿਰੋਧ ਕਰਨ ਵਿੱਚ ਹੀ ਬਰਬਾਦ ਕਰ ਰਹੇ ਹਨ, ਜਦਕਿ ਜਿਨ੍ਹਾਂ ਦਾ ਉਹ ਵਿਰੋਧ ਕਰ ਰਹੇ ਹਨ, ਉਹ ਉਨ੍ਹਾਂ ਦੇ ਵਿਰੋਧ ਦਾ ਨੋਟਿਸ ਲੈਣ ਦੀ ਬਜਾਏ ਆਪਣੀ ਸ਼ਕਤੀ ਨੂੰ ਆਪਣਾ ਘੇਰਾ ਵਧਾਉਣ ਵਿੱਚ ਵਰਤ ਰਹੇ ਹਨ। ਨਤੀਜਾ ਇਹ ਹੋ ਰਿਹਾ ਹੈ ਕਿ ਸਿੱਖੀ ਦੇ ਵਿਰੋਧੀਆਂ ਦਾ ਘੇਰਾ ਫੈਲਦਾ ਜਾ ਰਿਹਾ ਹੈ ਅਤੇ ਸਿੱਖੀ ਦਾ ਘੇਰਾ ਸਿੰਘੁੜਦਾ ਜਾ ਰਿਹਾ ਹੈ।
ਕੀ ਇਸ ਗਲ ਤੋਂ ਕੋਈ ਇਨਕਾਰ ਕਰ ਸਕਦਾ ਹੈ ਕਿ ਇਸ ਸਥਿਤੀ ਦਾ ਲਾਭ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਹੀ ਮਿਲੇਗਾ।
…ਅਤੇ ਅੰਤ ਵਿਚ: ਵਿਰੋਧ ਕਰਨ ਵਿੱਚ ਹੀ ਸਮੁਚੀ ਸ਼ਕਤੀ ਝੌਂਕ ਦੇਣ ਦੇ ਫਲਸਰੂਪ ਹੀ ਸਿੱਖਾਂ ਦੀ ਛੱਬੀ ਉਹੀ ਬਣਦੀ ਜਾ ਰਹੀ ਹੈ ਜਿਵੇਂ ਨਿਹੰਗ ਸਿੰਘ ਆਮ ਤੌਰ ਤੇ ਅਤੇ ਹੋਰ ਕਟੜਪੰਥੀ ਕਦੀ-ਕਦੀ ਕਿਹਾ ਕਰਦੇ ਹਨ, ‘ਖਾਲਸਾ ਉਹ ਜੋ ਕਰੇ ਨਿਤ ਜੰਗ’ ਜੇ ਕੋਈ ਹੋਰ ਨਾ ਮਿਲੇ ਤਾਂ ਆਪੋ ਵਿੱਚ ਹੀ ਲੜ ਮਰਨ ਲਈ ਜੁਟ ਜਾਣ। ਪਰ ਉਨ੍ਹਾਂ ਨੇ ਕਦੀ ਇਸਦੇ ਮੂਲ ਭਾਵ, ਕਿ ਸੱਚਾ ਖ਼ਾਲਸਾ ਉਹ ਹੈ, ਜੋ ਅਪਣੇ ਅੰਦਰ ਦੇ ਦੁਸ਼ਮਣਾਂ--- ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਦੇ ਨਾਲ ਸਦਾ ਜੰਗ, ਲੜਾਈ ਕਰਦਾ ਅਤੇ ਉਨ੍ਹਾਂ ਨੂੰ ਪਛਾੜਦਾ ਰਹੇ, ਨਾ ਕਿ ਲਠ ਲੈ ਕੇ ਦੂਜਿਆਂ ਦੇ ਜਾਂ ਆਪਣਿਆਂ ਦੇ ਹੀ ਗਲ ਪੈ ਜਾਏ।

Mobile: +91 98 68 91 77 31
Address: Jaswant Singh ‘Ajit’, 64-C, U&V / B, Shalimar Bagh, DELHI-110088




.