.

ਭਾਈ ਸਾਹਿਬ ਸਿੰਘ ਅਤੇ ਗੁਰਬਾਣੀ ਦੇ ਕੁੱਝ ਸ਼ਬਦਾਂ ਦੇ ਅਰਥ

ਸਰਜੀਤ ਸਿੰਘ ਸੰਧੂ ਯੂ ਐੱਸ ਏ

ਭਾਈ ਸਾਹਿਬ ਸਿੰਘ ਹਾਈ ਸਕੂਲ ਵਿੱਚ ਹੀ ਪੜ੍ਹਦਾ ਸੀ ਜਦੋਂ ਉਹ ਸਿੰਘ ਸਜ ਗਿਆ ਸੀ। ਸੰਮਤ ੧੯੧੭ ਤੋਂ ੧੯੨੯ ਈਸਵੀ ਤੱਕ ਉਹ ਗੁਰੂ ਨਾਨਕ ਖਾਲਸਾ ਕਾਲਜ, ਗੁਜਰਾਂਵਾਲੇ ਵਿੱਚ ਸੰਸਕ੍ਰਿਤ ਅਤੇ ਗੁਰਬਾਣੀ ਦੀ ਪੜ੍ਹਾਈ ਵਾਸਤੇ ਨਿਯੁਕਤ ਰਿਹਾ, ਪਰ ਇਸ ਅਰਸੇ ਦੁਰਾਨ ਉਹ ੧੯੨੧ ਤੋਂ ੧੯੨੭ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਤੀ ਦਾ ਮੀਤ ਸਕੱਤ੍ਰ ਰਿਹਾ। ਸੰਮਤ ੧੯੨੯ ਤੋਂ ਉਹ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਸੇਵਾ ਮੁਕਤ ਹੋਣ ਦੇ ਦਿਨ ਤੱਕ ਪ੍ਰੋਫੈੱਸਰ ਰਿਹਾ। ਬਾਕੀ ਕਹਾਣੀ ਉਸ ਬਾਰੇ ਉਸ ਦੀਆਂ ਦਸ ਕਿਤਾਬਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ, ਵਿੱਚੋਂ ਮਿਲ ਜਾਂਦੀ ਹੈ। ਦਾਸ ਨੇ ਉਸ ਦੇ ਆਚਰਨ ਬਾਰੇ ਜਾਣਕਾਰੀ ਇਕੱਠੀ ਕਰਕੇ ਆਪਣੇ ਵਿਚਾਰ ਹੇਠਾਂ ਦਿੱਤੇ ਹਨ।

ਸਾਹਿਬ ਸਿੰਘ ਦੀ ਸੱਚੀ ਸੁੱਚੀ ਸਿੱਖੀ ਦੀ ਪਹਿਚਾਨ;

ਕੀ ਗ੍ਰਿਹਣ ਕਰੇ ਗਾ? ਇੱਕਵੀਂ ਸਦੀ ਦਾ ਵਿਦਵਾਨ। ੧

ਭਾਈ ਸਾਹਿਬ ਸਿੰਘ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਵਿੱਚ ਆਪਣੇ ਬਾਰੇ ਦਿੱਤੇ ਵਿਚਾਰ ਹੇਠਾਂ ਦਿੱਤੇ ਗਏ ਹਨ। ਇਨ੍ਹਾਂ ਦਾ ਮੁਲਾਹਜ਼ਾ ਪਾਠਕ ਸੱਜਨ ਕਰ ਸਕਦੇ ਹਨ।

ਪੋਥੀ ਪਹਿਲੀ ਪੰਨਾ ੪, ਪਾਠਕਾਂ ਦੀ ਸੇਵਾ ਵਿੱਚ ਬੇਨਤੀ:

ਸਮੇਂ ਸਮੇਂ ਅਨੁਸਾਰ ਵਿਦਵਾਨ ਸੱਜਨ ਮੈਥੋਂ ਹੋਈਆਂ ਉਕਾਈਆਂ ਦੀ ਸੋਧ ਪੜਤਾਲ ਕਰ ਕੇ ਇਸ ਨਵੀਂ ਲੀਹ ਦੇ ਕੰਮ ਨੂੰ ਸਫਲ ਕਰਨ ਵਿੱਚ ਸਹਾਈ ਹੋਣ ਦੀ ਕਿਰਪਾ ਕਰਦੇ ਰਹਿਣਗੇ।

ਪੋਥੀ ਤੀਜੀ ਪੰਨਾ ੨, ਧੰਨਵਾਦ:

ਜਿਵੇਂ ਗੁਰੂ ਪਾਤਿਸ਼ਾਹ ਦੀ ਮਿਹਰ ਹੋਈ ਹੈ, ਮੈਂ ਗੁਰਬਾਣੀ ਦੇ ਅਰਥ ਅਤੇ ਹੋਰ ਵਿਚਾਰਾਂ ਪਾਠਕਾਂ ਦੇ ਸਾਹਮਣੇ ਰੱਖ ਰਹਿਾ ਹਾਂ। ਪਰ ਭੁਲਾਂ ਹੋ ਜਾਣੀਆਂ ਕੋਈ ਅਸੰਭਵ ਗੱਲ ਨਹੀਂ।

ਪੋਥੀ ਪੰਜਵੀਂ ਪੰਨਾ ੲ, ਪਾਠਕਾਂ ਨੂੰ ਪ੍ਰਰੇਨਾ:

ਇਹ ਕੰਮ ਨਵੀਆਂ ਲੀਹਾਂ `ਤੇ ਹੈ। ਇਸ ਵਿੱਚ ਕਈ ਉਕਾਈਆਂ ਹੋ ਸਕਦੀਆਂ ਹਨ। ਪਰ ਮੈਨੂੰ ਪੂਰੀ ਆਸ ਹੈ ਕਿ ਪੜ੍ਹੈ ਲਿਖੇ ਸੱਜਨਾਂ ਵਾਸਤੇ ਇਹ ਦਿਲਚਸਪੀ ਰੱਖ ਦਾ ਹੈ।

ਪੋਥੀ ਸਤਵੀਂ ਪੰਨਾਂ ਧੰਨਵਾਦ:

ਪਰ ਮੈਂ ਇਹ ਮਾਨ ਨਹੀਂ ਕਰਦਾ ਕਿ ਅਰਥ ਕਰਨ ਵੇਲੇ ਮੈਂ ਕਿਤੇ ਵੀ ਉਕਾਈ ਨਹੀਂ ਖਾਦੀ (ਕੀਤੀ)।

ਪੋਥੀ ਦਸਵੀਂ ਪੰਨਾ ੲ, ਖਿਮਾਂ ਦੀ ਮੰਗ:

ਇਹ ਬੜਾ ਮਹਾਨ ਕੰਮ ਸੀ। ਮੈਂ ਕਈ ਗ਼ਲਤੀਆਂ ਕੀਤੀਆਂ ਹੋਣ ਗੀਆਂ (ਕਰਦਾ ਗਿਆ ਹੋਵਾਂ ਗਾ)।

ਗੁਰੂ ਪੰਥ ਬਖਸ਼ਨਹਾਰ ਹੈ।

ਭਾਈ ਸਾਹਿਬ ਸਿੰਘ ਸਾਡੇ ਵਰਗਾ ਇਨਸਾਨ ਸੀ ਅਤੇ ਉਸ ਦੀ ਨਿਮਰਤਾ ਤੋਂ ਸਾਨੂੰ ਕੁੱਝ ਸਿੱਖਣ ਦੀ ਲੋੜ ਹੈ। ਰਹੀ ਗੱਲ ਭਾਈ ਸਾਹਿਬ ਸਿੰਘ ਤੋਂ ਹੋਈਆਂ ਗਲਤੀਆਂ ਦੀ, ਦਾਸ ਕੁੱਝ ਮਿਸਾਲਾਂ ਦੇ ਰਿਹਾ ਹੈ ਅਤੇ ਵਿਦਵਾਨਾਂ ਦੀ ਨਵੀਂ ਪੀੜ੍ਹੀ ਨੂੰ ਇਸ ਤੋਂ ਸਿਖਿਆ ਲੈ ਕੇ ਇਸ ਉੱਤਮ ਅਤੇ ਅਮੁੱਲ ਵਿਰਾਸਤ ਨੂੰ ਸਾਂਭਣ ਦੀ ਅਤੇ ਇਸ ਤੋਂ ਮਿਲੀ ਸਿਖਿਆ ਨੂੰ ਮਨ ਅੰਦਰ ਵਸਾ ਕੇ ਅੱਗੇ ਟੁਰਨ ਦੀ ਬੇਨਤੀ ਕਰ ਰਹਿਆ ਹੈ।

੧) ਸ਼ਬਦ ਤਾਮਿ.

ਆਸਾ ਦੀ ਵਾਰ ਵਿੱਚ ਆਏ ਸਲੋਕ ਦੇ ਸਾਹਿਬ ਸਿੰਘ {੧-ੳ} ਨੇ ਜੋ ਅਰਥ ਕੀਤੇ ਹਨ, ਉਹ ਹੇਠਾਂ ਦਿੱਤੇ ਗਏ ਹਨ।

ਦੁਖੁ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਮਿ ਨ ਹੋਈ॥

ਤੂੰ ਕਰਤਾ ਕਰਣਾ ਮੈ ਨਾਹੀ ਜਾ ਹਉ ਕਰੀ ਨ ਹੋਈ॥ ੧॥ ੧੧॥ ੨

ਸਲੋਕ ਮ: ੧ ਪੰਨਾ ੪੬੯

ਅਰਥ: (ਹੇ ਅਕਾਲਪੁਰਖ! ਤੇਰੀ ਅਜਬ ਕੁਦਰਤ ਹੈ ਕਿ) ਬਿਪਤਾ (ਜੀਵ ਦੇ ਰੋਗਾਂ ਦਾ) ਇਲਾਜ (ਬਣ ਜਾਂਦੀ) ਹੈ, ਅਤੇ ਸੁਖ (ਉਨ੍ਹਾਂ ਲਈ) ਦੁੱਖ ਦਾ (ਕਾਰਨ) ਹੋ ਜਾਂਦਾ ਹੈ। ਪਰ ਜੇ (ਅਸਲੀ ਆਤਮਕ) ਸੁਖ (ਜੀਵ ਨੂੰ) ਮਿਲ ਜਾਏ, ਤਾਂ (ਦੁੱਖ) ਨਹੀਂ ਰਹਿੰਦਾ। ਹੇ ਪ੍ਰਭੂ! ਤੂੰ ਕਰਨਹਾਰ ਕਰਤਾਰ ਹੈਂ (ਤੂੰ ਆਪ ਹੀ ਇਨ੍ਹਾਂ ਭੇਤਾਂ ਨੂੰ ਸਮਝਦਾ ਹੈਂ), ਮੇਰੀ ਸਮਰੱਥਾ ਨਹੀਂ ਹੈ (ਕਿ ਮੈਂ ਸਮਝ ਸਕਾਂ)। ਜੇ ਮੈਂ ਆਪਣੇ ਆਪ ਨੂੰ ਕੁੱਝ ਸਮਝ ਲਵਾਂ (ਭਾਵ, ਜੇ ਮੈਂ ਇਹ ਖ਼ਿਆਲ ਕਰਨ ਲੱਗ ਜਾਵਾਂ ਕਿ ਮੈਂ ਤੇਰੇ ਭੇਤ ਨੂੰ ਸਮਝ ਸਕਦਾ ਹਾਂ) ਤਾਂ ਇਹ ਗੱਲ ਫਬਦੀ ਨਹੀਂ। ੧।

ਇਸ ਸਲੋਕ ਦੇ ਅਰਥਾਂ ਨੂੰ ਸਮਝਣ ਵਾਸਤੇ ਗੁਰੂ ਤੇਗ਼ ਬਹਾਦਰ ਦੇ ਸਲੋਕ ਦੇ ਅਰਥਾਂ ਦੀ ਵਿਚਾਰ ਕਰਨੀ ਲਾਹੇਵੰਦ ਹੋਵੇ ਗੀ। ਇਹ ਸਲੋਕ ਅਰਥਾਂ ਸਮੇਤ ਹੇਠਾਂ ਦਿੱਤਾ ਗਿਆ ਹੈ।

ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ॥

ਹਰਖ ਸੋਗ ਤੇ ਰਹੈ ਅਤੀਤਾ ਤਿਨਿ ਜਗਿ ਤਤੁ ਪਛਾਨਾ॥ ੧॥ ੧॥ ੩

ਗਉੜੀ ਮ: ੯ ਅਗਗਸ ਪੰਨਾ ੨੧੯

ਅਰਥ: (ਹੇ ਸੰਤ ਜਨੋ! ਜੇਹੜਾ ਮਨੁੱਖ) ਸੁਖ ਅਤੇ ਦੁੱਖ ਦੋਹਾਂ ਨੂੰ ਇਕੋ ਜਿਹਾ ਜਾਣਦਾ ਹੈ, ਅਤੇ ਜੇਹੜਾ ਆਦਿਰ ਅਤੇ ਨਿਰਾਦਿਰ ਨੂੰ ਭੀ ਇੱਕ ਸਮਾਨ ਜਾਣਦਾ ਹੈ। ਜੇਹੜਾ ਮਨੁੱਖ ਖ਼ੁਸ਼ੀ ਅਤੇ ਗ਼ਮੀ ਦੋਹਾਂ ਤੋਂ ਨਿਰਲੇਪ ਰਹਿੰਦਾ ਹੈ, ਉਸ ਨੇ ਜਗਤ ਵਿੱਚ ਜੀਵਨ ਦਾ ਭੇਤ ਸਮਝ ਲਿਆ ਹੈ। ੧। ੧।

ਇਸ ਸਲੋਕ ਦੇ ਅਰਥ ਇੱਕ ਹੋਰ ਢੰਗ ਨਾਲ ਵੀ ਪੇਸ਼ ਕੀਤੇ ਜਾ ਸਕਦੇ ਹਨ। ਜੇ ਦੁੱਖ ਅਤੇ ਸੁਖ ਬਰਾਬਰ ਹਨ ਤਾਂ ਅਲਜਬਰੇ ਦੀ ਹੇਠ ਦਿੱਤੀ ਸਮੀਕਰਨ ਬਣ ਜਾਂਦੀ ਹੈ,

ਸੁਖ = ਦੁੱਖ,

ਇਸ ਤੋਂ ਉਪਜਦੀ ਹੈ ਹੇਠ ਦਿੱਤੀ ਸਮੀਕਰਨ,

ਸੁਖ - ਦੁੱਖ = ੦

ਭਾਵ ਦੁੱਖ ਸੁਖ ਨੂੰ ਅਤੇ ਸੁਖ ਦੁੱਖ ਨੂੰ ਕੱਟ ਜਾਂਦਾ ਹੈ। ਸਿੱਟਾ ਇਹ ਨਿਕਲਦਾ ਹੈ ਕਿ ਜੇ ਦੁੱਖ ਨਹੀਂ ਤਾਂ ਸੁਖ ਵੀ ਨਹੀਂ। ਜਾਂ ਇੰਜ ਕਹਿ ਲਉ ਕਿ ਦੁੱਖ ਅਤੇ ਸੁਖ ਮਨ ਦੀ ਅਵਸਥਾ ਦਾ ਹੀ ਪਰਗਟਾਵਾ ਕਰਦੇ ਹਨ। ਮਨ ਇਸ ਅਵਸਥਾ ਉੱਪਰ ਜੇ ਕਾਬੂ ਪਾ ਲਏ ਤਾਂ ਦੁੱਖ ਅਤੇ ਸੁਖ ਦੇ ਝਮੇਲੇ ਤੋਂ ਛੁਟਕਾਰਾ ਪਾ ਸਕਦਾ ਹੈ।

ਭਾਈ ਕਾਹਨ ਸਿੰਘ {੨-ੳ} ਨੇ ਸ਼ਬਦ ਤਾਮਿ ਦੇ ਅਰਥ ਮਹਾਨ ਕੋਸ਼ ਵਿੱਚ ‘ਤਦੋਂ’ ਦੇ ਕੀਤੇ ਹਨ। ਸਾਹਿਬ ਸਿੰਘ ਨੇ ਤਾਮਿ ਦੇ ਇਹ ਅਰਥ ਕਿਤੇ ਵੀ ਨਹੀਂ ਵਰਤੇ। ਸ਼ਾਇਦ ਕਾਹਨ ਸਿੰਘ ਅਤੇ ਸਾਹਿਬ ਸਿੰਘ ਦੋਵੇਂ ਉਕਾਈ ਕਰ ਗਏ ਹਨ। ਆਉ ਵੇਖੀਏ ਕਿ ਉਰਦੂ-ਅਰਬੀ-ਫ਼ਾਰਸੀ ਵਿੱਚ ਸਬਦ ‘ਤਾਮਿ’ ਦੇ ਕੀ ਅਰਥ ਹਨ। ਇਹ ਸ਼ਬਦ ਅਰਬੀ ਬੋਲੀ ਦਾ ਹੈ ਅਤੇ ਇਸ ਦੇ ਅਰਥ ਹਨ; ਭੋਜਨ, ਗ਼ਜ਼ਾ, ਖ਼ਾਣਾ ਆਦਿਕ {੩}। ਬੁਲ਼੍ਹੇ ਸ਼ਾਹ ਨੇ ਸ਼ਬਦ ਤਾਮਿ ਨੂੰ ‘ਰੋਟੀ’ ਦੇ ਅਰਥਾਂ ਵਿੱਚ ਵੀ ਵਰਤਿਆ ਹੈ।

ਬੁੱਲ੍ਹੇ ਨਾਲੋਂ ਚੁੱਲ੍ਹਾ ਚੰਗਾ ਜਿਸ ਤੇ ਤਾਮਿ ਪਕਾਈ ਦਾ। ੪

‘ਤਦੋਂ’ ਤੋਂ ‘ਤਾਮਿ’ ਦੇ ਅਰਥ ਭੋਜਨ ਆਦਿ ਦੇ ਹੋ ਜਾਣ ਨਾਲ ਬੁਨਿਆਦੀ ਸੇਧ ਅਤੇ ਸੋਧ ਹੀ ਬਦਲ ਗਈ ਹੈ।

ਅਸੀਂ ਇਸ ਸਲੋਕ ਦੇ ਅਰਥ ਇੰਜ ਕੀਤੇ ਹਨ ਜੋ ਗੁਰੂ ਤੇਗ਼ ਬਹਾਦਰ ਦੇ ਸਲੋਕ ਦੇ ਅਰਥਾਂ ਨਾਲ ਰਲ਼ਦੇ ਹਨ। ਜੇ ‘ਤਾਮਿ’ ਨੂੰ ‘ਤਾਂਘ’ ਜਾਂ ‘ਖਾਹਿਸ਼’ ਮੰਨ ਲਇਆ ਜਾਏ ਤਾਂ ਅਰਥ ਇਹ ਹਨ {੮-ੳ ਪੰਨਾ ੨੯}।

ਅਰਥ: ਹੇ ਇੱਕੋਓ! ਤੇਰਾ ਸਾਜਿਆ ਹੋਇਆ ਸੰਸਾਰ ਦੁਖਾਂ ਅਤੇ ਸੁਖਾਂ ਨਾਲ ਭਰਿਆ ਹੋਇਆ ਹੈ। ਇਸ ਵਿੱਚ ਵਿੱਚਰ ਰਹੇ ਵਿਅਕਤੀ ਆਪਣੇ ਮਨ ਨੂੰ ਜੇ ਇਹ ਸਮਝਾ ਲੈਣ ਕਿ ਦੁੱਖ ਦੇ ਦਾਰੂ ਦੁਆਰਾ ਸੁਖ ਦੀ ਤਾਂਘ ਤੇ ਕਾਬੂ ਪਾਉਣਾ ਜਰੂਰੀ ਹੈ ਤਾਂ ਸਾਰਾ ਝਗੜਾ ਹੀ ਮੁੱਕ ਜਾਂਦਾ ਹੈ। (ਭਾਵ ਸੁਖ ਨ ਮਿਲਣ ਕਾਰਨ ਹੀ ਦੁੱਖ ਦੀ ਪਹਿਚਾਨ ਹੁੰਦੀ ਹੈ। ਜੇ ਇਨ੍ਹਾਂ ਵਿੱਚੋਂ ਇੱਕ ਨਹੀਂ ਤਾਂ ਦੂਜੇ ਨੂੰ ਮਨ ਆਪਣੇ ਆਪ ਹੀ ਮਹਿਸੂਸ ਨਹੀਂ ਕਰਦਾ)। ਇੱਕੋਓ ਨੇ ਆਪ ਹੀ ਇਹ ਦੁੱਖ ਅਤੇ ਸੁਖ ਪੈਦਾ ਕੀਤੇ ਹਨ। ਵਿਅਕਤੀ ਦੇ ਹੱਥ ਵੱਸ ਕੁੱਝ ਨਹੀਂ। ਵਿਅਕਤੀ ਚਾਹਵੇ ਵੀ ਤਾਂ ਦੁੱਖ ਸੁਖ ਦੇ ਝਗੜੇ ਬਾਰੇ ਆਪ ਹੋਰ ਕੁੱਝ ਨਹੀਂ ਕਰ ਸਕਦਾ। ਕੇਵਲ ਸੁਖ ਦੀ ਤਾਂਘ ਉੱਤੇ ਕਾਬੂ ਪਾਉਣਾ ਹੀ ਉਸ ਵਾਸਤੇ ਦੁੱਖ ਉੱਪਰ ਕਾਬੂ ਪਾਉਣ ਦਾ ਵਾਜਿਬ ਰਾਹ ਮਿਲਦਾ ਹੈ। ੧. ੧੧।

੨) ਸ਼ਬਦ ਜੋਰੁ.

ਸਾਹਿਬ ਸਿੰਘ {੫-ੳ} ਨੇ ਸ਼ਬਦ ਜੋਰੁ ਦੇ ਅਰਥ ਜਪੁ ਬਾਣੀ ਵਿੱਚ ਇੰਜ ਕੀਤੇ ਹਨ:

ਪਹਿਲੀ ਵਾਰ ਇਹ ਸ਼ਬਦ ਸਲੋਕ ੧੬ ਵਿੱਚ ਆਇਆ ਹੈ ਅਤੇ ਇਸ ਵਿੱਚ ਉਸ ਨੇ ‘ਸਹਾਰੇ’ ਅਤੇ ‘ਆਸਰੇ’ ਦੇ ਅਰਥ ਕੀਤੇ ਹਨ।

ਧਰਤੀ ਹ+ਰ ਪਰੈ ਹ+ਰ॥ ਤਿਸ ਤੇ ਭਾਰੁ ਤਲੈ ਕਵਣੁ ਜੋਰੁ॥ ੧੬॥ ੫

ਦੂਜੀ ਵਾਰ ਇਹ ਸ਼ਬਦ ਸਲੋਕ ੩੩ ਵਿੱਚ ਦਸ ਵਾਰੀ ਆਇਆ ਹੈ। ਏਥੇ ਹਰ ਵਾਰੀ ਉਸ ਨੇ ਨਵੇਂ ਅਰਥ ਕੀਤੇ ਹਨ;

ਆਖਣਿ ਜੋਰੁ ਚੁਪੈ ਨਹ ਜੋਰੁ॥ ੬

ਅਰਥ: ਬੋਲਣ ਵਿੱਚ ਅਤੇ ਚੁੱਪ ਰਹਿਣ ਵਿੱਚ ਭੀ ਸਾਡਾ ਕੋਈ ਆਪਣਾ ਇਖ਼ੁਤਿਆਰ ਨਹੀਂ ਹੈ।

ਜੋਰੁ ਨ ਮੰਗਣਿ ਦੇਣਿ ਨ ਜੋਰੁ॥ ੭

ਅਰਥ: ਨਾ ਹੀ ਮੰਗਣ ਵਿੱਚ ਸਾਡੀ ਮਨ-ਮਰਜ਼ੀ ਚਲਦੀ ਹੈ ਅਤੇ ਨਾ ਹੀ ਦੇਣ ਵਿੱਚ।

ਜੋਰੁ ਨ ਜੀਵਣਿ ਮਰਣਿ ਨਹ ਜੋਰੁ॥ ੮

ਅਰਥ: ਜੀਵਣ ਵਿੱਚ ਤੇ ਮਰਨ ਵਿੱਚ ਭੀ ਸਾਡੀ ਕੋਈ ਸਮਰੱਥਾ (ਕੰਮ ਨਹੀਂ ਦੇਂਦੀ)।

ਜੋਰੁ ਨ ਰਾਜਿ ਮਾਲਿ ਮਨਿ ਸੋਰੁ॥ ੯

ਅਰਥ: ਰਾਜ ਅਤੇ ਮਾਲ ਦੇ ਪ੍ਰਾਪਤ ਕਰਨ ਵਿੱਚ ਵੀ ਸਾਡਾ ਕੋੲ ਜ਼ੋਰ ਨਹੀਂ ਚਲਦਾ।

ਜੋਰੁ ਨ ਸੁਰਤੀ ਗਿਆਨਿ ਵੀਚਾਰਿ॥ ੧੦

ਅਰਥ: ਆਤਮਕ ਜਾਗ ਵਿੱਚ, ਗਿਆਨ ਵਿੱਚ ਅਤੇ ਵੀਚਾਰ ਵਿੱਚ ਰਹਿਣ ਦੀ ਭੀ ਸਾਡੀ ਸਮਰੱਥਾ ਨਹੀਂ ਹੈ।

ਜੋਰੁ ਨ ਜੁਗਤੀ ਛੁਟੈ ਸੰਸਾਰੁ॥ ੧੧

ਅਰਥ: ਉਸ ਜੁਗਤੀ ਵਿੱਚ ਰਹਿਣ ਲਈ ਭੀ ਸਾਡਾ ਇਖ਼ਤਿਆਰ ਨਹੀਂ ਹੈ, ਜਿਸ ਕਰਕੇ ਜਨਮ ਮਰਨ ਮੁੱਕ ਜਾਂਦਾ ਹੈ।

ਜਿਸੁ ਹਥਿ ਜੋਰੁ ਕਰ ਵੇਖੇ ਸੋਇ॥ ੧੨

ਅਰਥ: ਉਹੀ ਅਕਾਲ ਪੁਰਖ ਰਚਨਾ ਰਚ ਕੇ (ਉਸ ਦੀ ਹਰ ਪਰਕਾਰ ਦੀ) ਸੰਭਾਲ ਕਰਦਾ ਹੈ, ਜਿਸ ਦੇ ਹੱਥ ਵਿੱਚ ਸਮਰੱਥ ਹੈ।

ਨਾਨਕ ਉਤਮੁ ਨੀਚੁ ਨ ਕੋਇ॥ ੩੩॥ ੧੩

ਅਰਥ: ਹੇ ਨਾਨਕ! ਆਪਣੇ ਆਪ ਵਿੱਚ ਨਾ ਕੋਈ ਮਨੂੱਖ ਉੱਤਮ ਹੈ ਅਤੇ ਨਾ ਹੀ ਨੀਚ ਹੈ। ੩੩।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗੁਰਬਾਣੀ ਵਿੱਚ ਜ਼ੋਰ ਅਤੇ ਜ਼ੋਰੁ ਵੱਖ਼ਰੇ ਵੱਖ਼ਰੇ ਅਰਥਾਂ ਵਿੱਚ ਵਰਤੇ ਗਏ ਹਨ। ਪਰ ਕੀ ਸ਼ਬਦ ਜ਼ੋਰੁ ਆਪਣੇ ਆਪ ਵਿੱਚ ਵੱਖ਼ਰੇ ਵੱਖ਼ਰੇ ਅਰਥਾਂ ਵਿੱਚ ਵਰਤਿਆ ਜਾ ਸਕਦਾ ਹੈ? ਯਾਦ ਰਹੇ ਕਿ ਸਲੋਕ ੧੬ ਵਿੱਚ ਇਹ ਸ਼ਬਦ “ਆਸਰੇ” ਅਤੇ “ਸਹਾਰੇ” ਦੇ ਅਰਥਾਂ ਵਿੱਚ ਵਰਤਿਆਂ ਗਿਆ ਹੈ। ਇਹ ਵੀ ਯਾਦ ਰਹੇ ਕਿ ਓਥੇ ਇਹ “ਆਸਰਾ” ਜਾਂ “ਸਹਾਰਾ” ਅੰਤ ਵਿੱਚ ਅਕਾਲ ਪੁਰਖ, ਭਾਵ ਇੱਕੋਓ ਦਾ ਹੀ ਹੋ ਸਕਦਾ ਹੈ ਜੋ ਸਿਰਜਨਹਾਰ ਹੈ। ਇਸ ਮਸਲੇ ਬਾਰੇ ਹੋਰ ਵਿਸਥਾਰ ਵਿੱਚ ਵਿਚਾਰ ਕਰਨ ਤੋਂ ਪਹਿਲਾਂ ਅਸੀਂ ਸ਼ਬਦ “ਜ਼ੋਰੁ” ਦੀ ਵਰਤੋਂ ਜਪੁ ਦੇ ਸਲੋਕ ੩੭ ਦੀ ਪਹਿਲੀ ਸਤਰ ਵਿੱਚ ਕੀਤੀ ਵੱਲ ਧਿਆਨ ਦੇਈਏ।

ਕਰਮ ਖੰਡ ਕੀ ਬਾਣੀ ਜੋਰੁ॥ ੩੭॥ ੧੪

ਅਰਥ: ਬਖ਼ਸ਼ਸ਼ ਵਾਲੀ ਅਵਸਥਾ ਦੀ ਬਨਾਵਟ ਬਲ ਹੈ, (ਭਾਵ, ਜਦੋਂ ਅਜਿਹਾ ਬਲ ਪੈਦਾ ਹੁੰਦਾ ਹੈ ਕਿ ਵਿਸ਼ੇ-ਵਿਕਾਰ ਉਸ ਉੱਤੇ ਆਪਣਾ ਪਰਭਾਵ ਨਹੀਂ ਪਾ ਸਕਦੇ), ਕਿਉਂਕਿ ਉਸ ਅਵਸਥਾ ਵਿੱਚ (ਮਨੁੱਖ ਦੇ ਅੰਦਰ) ਅਕਾਲਪੁਰਖ ਤੋਂ ਬਿਨਾ ਕੋਈ ਦੂਜਾ ਉੱਕਾ ਹੀ ਨਹੀਂ ਰਹਿੰਦਾ।

ਜਪੁ ਦੇ ਸਲੋਕ ੧੮ ਵਿੱਚ ਸ਼ਬਦ “ਜੋਰ” ਵਰਤਿਆ ਗਿਆ ਹੈ। ਇਸ ਸਲੋਕ ਦੇ ਅਰਥਾਂ ਵੱਲ ਧਿਆਨ ਦੇਣ ਦੀ ਲੋੜ ਹੈ।

ਅਸੰਖ ਅਮਰ ਕਰਿ ਜਾਹਿ ਜੋਰ॥ ੧੮॥ ੧੫

ਅਰਥ: ਅਨੇਕਾਂ ਹੀ ਇਹੋ ਜਿਹੇ ਮਨੁੱਖ ਹਨ ਜੋ (ਦੂਜਿਆਂ ਉੱਤੇ) ਹੁਕਮ ਤੇ ਵਧੀਕੀਆਂ ਕਰਕੇ (ਅੰਤ ਨੂੰ ਸੰਸਾਰ ਤੋਂ ਚਲੇ) ਜਾਂਦੇ ਹਨ। ੧੮।

ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਸਾਹਿਬ ਸਿੰਘ ਸ਼ਬਦ “ਜ਼ੋਰੁ” ਅਤੇ “ਜੋਰ” ਦੇ ਅਰਥਾਂ ਵਿੱਚ ਬਲ ਦੀ ਗੱਲ ਕਰਦਾ ਹੈ ਪਰ ਇਸ ਵਿੱਚ ਕੋਈ ਫ਼ਰਕ ਨਹੀਂ ਸਮਝਦਾ। ਇਸ ਤੋਂ ਦੋਵਾਂ ਸ਼ਬਦਾਂ ਦੇ ਆਪਸੀ ਵਿਰੋਧਤਾ ਭਰਪੂਰ ਅਰਥ ਉਤਪੰਨ ਹੋ ਜਾਂਦੇ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਦੋਵੇਂ ਸ਼ਬਦ ਆਪਣੇ ਨਿਰੋਲ ਅਰਥਾਂ ਦੀ ਵਰਤੋਂ ਦੇ ਹੱਕਦਾਰ ਹਨ। ਇਸ ਪਰੌਬਲੱਮ ਨੂੰ ਸੁਲਝਾਉਣ ਲਈ ਹੇਠਾਂ ਉਪਰਾਲਾ ਕੀਤਾ ਗਿਆ ਹੈ ਜਿਸ ਰਾਹੀਂ ਇਨ੍ਹਾਂ ਦੋਵਾਂ ਸ਼ਬਦਾਂ ਦੀ ਸਵਤੰਤਰਤਾ ਨੂੰ ਕਾਇਮ ਰੱਖਿਆ ਗਿਆ ਹੈ।

ਗੁਰੂ ਨਾਨਕ ਨੇ ਸ਼ਬਦ ‘ਜੋਰੁ’ ਸਲੋਕ ੧੬ ਵਿੱਚ ‘ਆਸਰੇ’ ਦੇ ਅਰਥਾਂ ਵਿੱਚ ਵਰਤਿਆ ਹੈ। ਕੀ ਗੁਰੂ ਨਾਨਕ ਦੀ ਸ਼ਬਦਾਵਲੀ ਵਿੱਚ ਸ਼ਬਦ ‘ਆਸਰਾ’ ਨਹੀਂ ਸੀ? ਆਦਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਪੜਾਲ ਕਰਨ ਤੇ ਪਤਾ ਲੱਗ ਦਾ ਹੈ ਕਿ ਪਹਿਲੀ ਵਾਰੀ ਸ਼ਬਦ ‘ਆਸਰਾ’ ਗੁਰੂ ਅਰਜਨ ਨੇ ਹੀ ਵਰਤਿਆ ਹੈ। ਇਸ ਤੋਂ ਸਾਫ਼ ਸਮਝ ਆ ਜਾਂਦੀ ਹੈ ਕਿ ਗੁਰੂ ਨਾਨਕ ਦੀ ਸ਼ਬਦਾਵਲੀ ਵਿੱਚ ਸ਼ਬਦ ‘ਆਸਰਾ’ ਨਹੀਂ ਸੀ, ਇਸ ਕਾਰਨ ਉਸ ਨੇ ਸ਼ਬਦ ‘ਜੋਰੁ” ਸ਼ਬਦ ‘ਆਸਰੇ’ ਦੇ ਅਰਥਾਂ ਵਿੱਚ ਵਰਤਿਆ ਹੈ।

ਗੁਰੂ ਅਰਜਨ ਨੇ ਸ਼ਬਦ ‘ਆਸਰਾ ‘੨੪ ਵਾਰੀ, ਅਤੇ ਸ਼ਬਦ ‘ਜੋਰੁ’ ਗੁਰੂ ਨਾਨਕ, ਗੁਰੂ ਅਮਰਦਾਸ ਅਤੇ ਗੁਰੂ ਅਰਜਨ ਨੇ ਕਈ ਵਾਰੀ ਆਪਣੀ ਬਾਣੀ ਵਿੱਚ ਵਰਤਿਆ ਹੈ। ਇਸ ਦੇ ਸਬੂਤ ਵਜੋਂ ਇਨਾਂ ਦੇ ਰਚੇ ਸਲੋਕਾਂ ਦੀਆਂ ਮਿਸਾਲਾਂ ਅਰਥਾਂ ਸਮੇਤ ਹੇਠਾਂ ਦਿੱਤੀਆਂ ਗਈਆਂ ਹਨ।

ਸਭਨਾ ਤੇਰਾ ਜੋਰੁ ਹੈ ਜਿਉ ਭਾਵੈ ਤਿਵ ਚਲਾਹੀ॥

ਤੁਧੁ ਜੇਵਡੁ ਮੈ ਨਾਹਿ ਕੋ ਕਿਸੁ ਆਖਿ ਸੁਣਾਈ॥ ੨॥ ੧੬

ਸ਼ਲੋਕੁ ਮ: ੩ ਅਗਗਸ ਪੰਨਾ ੯੪੭

ਅਰਥ: ਹੇ ਇੱਕੋਓ! ਤੂੰ ਸਾਰਿਆਂ ਨੂੰ ਆਸਰਾ ਦੇਂਦਾ ਹੈਂ ਅਤੇ ਸਾਰੇ ਪਰਾਣੀ ਤੇਰੇ ਵਖਾਏ ਰਾਹ ਉੱਪਰ ਚਲਦੇ ਹਨ। ਉਹ ਕਿਸੇ ਹੋਰ ਦੀ ਪਨਾਹ ਨਹੀਂ ਢੂੰਡਦੇ। ੨।

ਤੇਰਾ ਜੋਰੁ ਤੇਰੀ ਮਨਿ ਟੇਕ॥

ਸਦਾ ਸਦਾ ਜਪੁ ਨਾਨਕ ਏਕ॥ ੧॥ ੪॥ ੧੭

ਤਿਲੰਗ ਮ ੫ ਅਗਗਸ ਪੰਨਾ ੭੨੩

ਅਰਥ: (ਅਸਾਂ ਜੀਵਾਂ ਨੂੰ) ਤੇਰਾ ਹੀ ਆਸਰਾ ਹੈ॥ ਹੇ ਨਾਨਕ! ਸਦਾ ਹੀ ਇੱਕ ਪਰਮਾਤਮਾ ਦਾ ਨਾਮ ਜਪਦਾ ਰਹੁ। ੧। ੪।

ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ॥

ਨਾਨਕ ਜੋਰੁ ਗੋਵਿੰਦ ਕਾ ਪੂਰਨ ਗੁਣਤਾਸਿ॥ ੨॥ ੧੩॥ ੭੭॥ ੧੮

ਬਿਲਾਵਲ ਮ ੫ ਅਗਗਸ ਪੰਨਾ ੮੧੯

ਅਰਥ: ਹੇ ਨਾਨਕ! ਸੇਵਕ ਦੀ ਅਰਦਾਸ ਇੱਕੋਓ ਦੇ ਦਰ ਤੇ ਕਦੇ ਖ਼ਾਲੀ ਨਹੀਂ ਜਾਂਦੀ। ਮੈਨੂੰ ਤਾਂ ਉਸ ਇੱਕੋਓ ਦਾ ਹੀ ਆਸਰਾ ਹੈ। ੨. ੧੩. ੭੭।

ਕਰਣ ਕਾਰਣ ਸਮਰਥੁ ਹੈ ਤਿਸੁ ਬਿਨੁ ਨਹੀ ਹੋਰ॥

ਨਾਨਕ ਪ੍ਰਭ ਸਰਣਾਗਤੀ ਸਾਚਾ ਮਨਿ ਜੋਰੁ॥ ੨॥ ੫॥ ੬੯॥ ੧੯

ਮ: ੫ ਅਗਗਸ ਪੰਨਾ ੮੧੮

ਅਰਥ: ਸਰਬ ਸ਼ਕਤੀਮਾਨ ਇੱਕੋਓ ਤੋਂ ਬਿਨਾ ਕੋਈ ਹੋਰ ਨਹੀਂ ਹੈ। ਨਾਨਕ ਨੇ ਉਸ ਇੱਕੋਓ ਦੀ ਸ਼ਰਨ ਵਿੱਚ ਜਾ ਕੇ ਉਸ ਦੀ ਸੱਤਿਆ ਦਾ ਆਪਣੇ ਮਨ ਨੂੰ ਆਸਰਾ ਦਿੱਤਾ ਹੋਇਆ ਹੈ। ੨. ੫. ੬੯।

ਅੰਬਰ ਧਰਤਿ ਵਿਛੋੜਿਨੁ ਸਚਾ ਅਸਰਾਉ॥ ੬॥ ੨੦

ਮ: ੫ ਅਗਗਸ ਪੰਨਾ ੯੪੯

ਅਰਥ: ਅਸਮਾਨ ਅਤੇ ਧਰਤੀ ਨੂੰ ਇੱਕ ਦੂਜੇ ਨਾਲੋਂ ਵੱਖਰੇ ਕਰਕੇ ਅੰਦਰੋਂ ਇੱਕੋਓ ਨੇ ਦੋਵਾਂ ਨੂੰ ਆਸਰਾ ਦਿੱਤਾ ਹੋਇਆ ਹੈ। ੬।

ਸਾਧਸੰਗਤਿ ਕੈ ਆਸਰੈ ਪ੍ਰਭ ਸਿਉ ਰੰਗ ਲਾਏ॥ ੨੧

ਮ: ੫ ਅਗਗਸ ਪੰਨਾ ੯੬੬

ਅਰਥ: ਸਾਧਾਂ ਦੀ ਸੰਗਤ ਦੇ ਆਸਰੇ ਨਾਲ ਵਿਅਕਤੀ ਇੱਕੋਓ ਨਾਲ ਪਰੇਮ ਅਤੇ ਪਿਆਰ ਦਾ ਰਿਸ਼ਤਾ ਕਾਇਮ ਕਰਦਾ ਹੈ।

ਗੁਰੂ ਅਰਜਨ ਨੇ ਆਪਣੇ ਸਲੋਕਾਂ ਵਿੱਚ ਸ਼ਬਦ ‘ਜੋਰੁ’ ਅਤੇ ‘ਆਸਰਾ’ ਵਰਤ ਕੇ ਗੁਰੂ ਨਾਨਕ ਦੇ ਸਲੋਕ ੧੬ ਜਪੁ ਵਿਚਲੇ ‘ਜੋਰੁ’ ਦੇ ਅਰਥਾਂ ਦੀ ਪ੍ਰੋੜਤਾ ਕੀਤੀ ਹੈ। ਯਾਦ ਰਹੇ ਭਗਤ ਨਾਮਦੇਵ ਦੇ ਵਰਤੇ ਸ਼ਬਦ ‘ਬੀਠਲ’ ਨੂੰ ਵੀ ਗੁਰੂ ਅਰਜਨ ਨੇ ਆਪਣੀ ਬਾਣੀ ਵਿੱਚ ਵਰਤ ਕੇ ਨਾਮਦੇਵ ਦੇ ਬੀਠਲ ਦੇ ਇੱਕੋਓ ਦੇ ਅਰਥਾਂ ਦੀ ਪ੍ਰੋੜਤਾ ਕੀਤੀ ਮਿਲਦੀ ਹੈ। ਪਾਠਕਾਂ ਨੂੰ ਇਹ ਸੁਝਾਉ ਦਿੱਤਾ ਜਾਂਦਾ ਹੈ ਕਿ ਅਰਥ ਕਰਨ ਲਗਿਆਂ ਬਾਣੀ ਵਿਚੋਂ ਆਸਰਾ ਲੈਣ ਨਾਲ ਕੋਈ ਉਕਾਈ ਹੋਣ ਦੀ ਸੰਭਾਵਣਾ ਘਟ ਜਾਂਦੀ ਹੈ ਅਤੇ ਅਰਥਾਂ ਦੇ ਠੀਕ ਹੋਣ ਦੀ ਸੰਭਾਵਣਾ ਅਤੇ ਵਿਸ਼ਵਾਸ ਵੀ ਵੱਧ ਜਾਂਦਾ ਹੈ।

ਹੁਣ ਗੱਲ ਸਾਹਿਬ ਸਿੰਘ ਦੇ ਸ਼ਬਦ ‘ਜੋਰੁ’ ਦੇ ਅਰਥ ਕਰਨ ਬਾਰੇ ਮੁੜ ਟੁਰਦੀ ਹੈ। ਸਲੋਕ ੩੩ ਅਤੇ ੩੭ ਵਿੱਚ ਸ਼ਬਦ ‘ਜੋਰੁ’ ਦੇ ਅਰਥ ਇੱਕੋਓ ਦੇ ਆਸਰੇ ਦੇ ਹੀ ਹੋਣੇ ਜ਼ਰੂਰੀ ਹਨ ਤਾ ਕਿ ਕੋਈ ਵਿਅਕਤੀ ਘਪਲਾ ਨ ਖਾਵੇ। ਇਹ ਅਰਥ ‘ਇੱਕੋਓ ਦੇ ਸ਼ਕਤੀ ਸ਼ਾਲੀ ਆਸਰੇ’ ਦੇ ਹੀ ਹੋ ਸਕਦੇ ਹਨ, ਜਿਨਾਂ ਬਾਰੇ ਸਾਰੇ ਸਬੂਤ ਪੇਸ਼ ਕੀਤੇ ਜਾ ਚੁੱਕੇ ਹਨ ਉਪਰੋਕਤ ਪੰਨਿਆਂ ਵਿੱਚ।

੩) ਸ਼ਬਦ ਗੈਲਿ.

ਸਾਹਿਬ ਸਿੰਘ {੧-ਅ} ਨੇ ਸ਼ਬਦ ‘ਗੈਲਿ’ ਦੇ ਅਰਥ ‘ਵਾਦੀ’ ਜਾਂ ‘ਆਦਿੱਤ’ ਦੇ ਕੀਤੇ ਹਨ। ਪਰ ਕਾਹਨ ਸਿੰਘ {੨-ਅ} ਨੇ ਮਹਾਨ ਕੋਸ਼ ਵਿੱਚ ਇਸ ਸ਼ਬਦ ਦੇ ਅਰਥ ‘ਰੀਸ’ ਜਾਂ ‘ਪਿੱਛਾ ਕਰਨ’ ਦੇ ਕੀਤੇ ਹਨ। ਇਹ ਸਲੋਕ ਅਤੇ ਇਸ ਦੇ ਸਾਹਿਬ ਸਿੰਘ ਦੇ ਕੀਤੇ ਅਰਥ ਹੇਠਾਂ ਦਿੱਤੇ ਗਏ ਹਨ।

ਘੂੰਘਟ ਕਾਢਿ ਗਈ ਤੇਰੀ ਆਗੈ॥

ਉਨ ਕੀ ਗੈਲਿ ਤੋਹਿ ਜਿਨ ਲਾਗੈ॥ ੧॥ ੨੨

ਆਸਾ ਕਬੀਰ ਅਗਗਸ ਪੰਨਾ ੪੮੪

ਅਰਥ: ਤੇਥੋਂ ਪਹਿਲਾਂ (ਇਸ ਜਗਤ ਵਿੱਚੋਂ ਕਈ ਜਿੰਦ ਵਹੁਟੀਆਂ ਪ੍ਰਭੂ ਵਲੋਂ) ਘੂੰਡ ਕੱਢ ਕੇ ਤੁਰ ਗਈਆਂ ਹਨ। (ਵੇਖੀਂ!) ਕਿਤੇ ਉਨਾਂ ਵਾਲੀ ਵਾਦੀ ਤੈਨੂੰ ਨ ਪੈ ਜਾਏ। ੧।

ਮਨਮੋਹਨ ਸਿੰਘ {੪} ਨੇ ਇਸ ਸਲੋਕ ਦੇ ਅਰਥ ਕਰਨ ਲਗਿਆਂ ਕਾਹਨ ਸਿੰਘ {੨-ਅ} ਦੇ ਕੀਤੇ ਸ਼ਬਦ ‘ਗੈਲਿ’ ਦੇ ਅਰਥ ‘ਰੀਸ’ ਵਰਤੇ ਹਨ ਜੋ ਹੇਠਾਂ ਦਿੱਤੇ ਗਏ ਹਨ।

ਅਰਥ: ਤੇਰੇ ਤੋਂ ਮੂਹਰਲੀ ਘੁੰਡ ਕੱਡਿਆ ਕਰਦੀ ਸੀ। ਤੂੰ ਉਸ ਦੀ ਰੀਸ ਨ ਕਰ। ੧। ੨੩

ਇਨਾਂ ਅਰਥਾਂ ਤੋਂ ਸਾਹਿਬ ਸਿੰਘ ਦੇ ਆਪਣੇ ਕਹੇ ਸ਼ਬਦ “ਮੇਰੇ ਕੋਲੋਂ ਵੀ ਉਕਾਈਆਂ ਹੋ ਗਈਆਂ ਹੋਣ ਗੀਆਂ” ਉਸ ਦੀ ਇਨਸਾਨੀਅੱਤ, ਉਸ ਦੀ ਈਮਾਨਦਾਰੀ ਅਤੇ ਸਿੱਖੀ ਦੀਆਂ ਕਦਰਾਂ ਕੀਮਤਾਂ ਦੀ ਰੱਖਵਾਲੀ, ਉਸ ਨੂੰ ਸ਼ਲਾਗਾ ਦਾ ਪਾਤਰ ਬਣਾਉਂਦੇ ਹਨ। ਇਨਾਂ ਗੁਣਾਂ ਤੋਂ ਅਸੀਂ ਸਾਰੇ ਸਿੱਖ ਬਹੁਤ ਕੁੱਝ ਸਿੱਖ ਸਕਦੇ ਹਾਂ।

੪) ਸ਼ਬਦ ਪੰਚ ਜਪੁ ਵਿੱਚ.

ਗੁਰਬਾਣੀ ਵਿੱਚ ਸ਼ਬਦ ਪੰਚ ਇੱਕ ਤੋਂ ਜ਼ਿਆਦਾ ਅਰਥਾਂ ਵਿੱਚ ਵਰਤਿਆ ਗਿਆ ਹੈ। ਮਿਸਾਲ ਵਜੋਂ ਇਹ ਗਿਣਤੀ ਦਾ ਪੰਜ ਹੈ। ਪੁਰਾਣੇ ਸਮੇਂ ਵਿੱਚ ਹਰ ਕਬੀਲੇ ਦਾ ਮਹਾਂ ਪੁਰਸ਼ ਹੁੰਦਾ ਸੀ ਜੋ ਲੋਕਾਂ ਦੇ ਆਪਸੀ ਝਗੜੇ ਸਲਝਾਉਂਦਾ ਸੀ ਅਤੇ ਉਸ ਨੂੰ ਪੰਚ ਵਰਗੇ ਸ਼ਬਦ ਨਾਲ ਨਿਵਾਜਿਆ ਜਾਂਦਾ ਸੀ। ਅਜਕੱਲ ਪਿੰਡਾਂ ਵਿੱਚ ਪੰਚ ਹਰ ਪੰਚਾਇਤ ਦੇ ਮੈਂਬਰ ਲਈ ਵਰਤਿਆ ਜਾਂਦਾ ਹੈ। ਪਰ ਗੁਰਬਾਣੀ ਵਿੱਚ ਇਹ ਸ਼ਬਦ ਕਈ ਪਰਕਾਰ ਦੇ ਅਰਥਾਂ ਵਿੱਚ ਵਰਤਿਆ ਗਿਆ ਹੈ। ਇਸ ਬਾਰੇ ਜਾਣਕਾਰੀ ਮਹਾਨ ਕੋਸ਼ ਵਿੱਚ ਦਿੱਤੀ ਮਿਲਦੀ ਹੈ {੨-ੲ}। ਸਾਹਿਬ ਸਿੰਘ {੫-ਅ} ਨੇ ਇਸ ਸਲੋਕ ਦੇ ਅਰਥ ਜੋ ਕੀਤੇ ਹਨ ਉਹ ਹੇਠ ਦਿੱਤੇ ਗਏ ਹਨ।

ਪੰਚ ਪਰਵਾਣ ਪੰਚ ਪਰਧਾਨੁ॥ ਪੰਚੇ ਪਾਵਿਹ ਦਰਗਹਿ ਮਾਨੁ॥

ਪੰਚਹਿ ਸੋਹਹਿ ਦਰਿ ਰਾਜਾਨੁ॥ ਪੰਚਾ ਕਾ ਗੁਰੁ ਏਕੁ ਧਿਆਨੁ॥ ੧੬॥ ੨੪

ਜਪੁ ਅਗਗਸ ਪੰਨਾ

ਅਰਥ: ਜਿਨਾਂ ਵਿਅਕਤੀਆਂ ਦੀ ਸੁਰਤ ਨਾਮ ਨਾਲ ਜੁੜੀ ਰਹਿੰਦੀ ਹੈ ਅਤੇ ਜਿਨਾਂ ਦੇ ਅੰਦਰ ਪ੍ਰਭੂ ਵਾਸਤੇ ਲਗਣ ਬਣ ਜਾਂਦੀ ਹੈ, ਉਹੀ ਵਿਅਕਤੀ (ਏਥੇ ਜਗਤ ਵਿੱਚ) ਮੰਨੇ ਪਰਮੰਨੇ ਜਾਂਦੇ ਹਨ ਅਤੇ ਸਭ ਦੇ ਆਗੂ ਹੁੰਦੇ ਹਨ। ਅਕਾਲਪੁਰਖ ਦੀ ਦਰਗਾਹ ਵਿੱਚ ਵੀ ਉਹ ਪੰਚ ਜਨ ਹੀ ਆਦਰ ਪਾਉਂਦੇ ਹਨ। ਰਾਜ ਦਰਬਾਰਾਂ ਵਿੱਚ ਵੀ ਉਹ ਪੰਚ ਜਨ ਹੀ ਸੋਭਦੇ ਹਨ। ਇਨਾਂ ਪੰਚ ਜਨਾਂ ਦੀ ਸੁਰਤ ਦਾ ਨਿਸ਼ਾਨਾ ਕੇਵਲ ਇੱਕ ਗੁਰੂ ਹੀ ਹੈ (ਭਾਵ, ਇਨਾਂ ਦੀ ਸੁਰਤ ਗੁਰ-ਸ਼ਬਦ ਵਿੱਚ ਜੁੜੀ ਰਹਿੰਦੀ ਹੈ)। ੧੬।

ਤਾਮਲ ਲੋਕਾਂ ਨੂੰ ਬ੍ਰਹਮਨਵਾਦ ਨੇ ਕਿਸੇ ਜ਼ਮਾਨੇ ਵਿੱਚ ਬਹੁਤ ਤੰਗ ਕੀਤਾ ਸੀ। ਹਿੰਦੂ ਧਰਮ ਅਨੁਸਾਰ ਚਾਰ ਵਰਨ ਹਨ। ਇਨਾਂ ਦੇ ਵੱਖਰੇ ਵੱਖਰੇ ਕਿੱਤੇ ਨਿਸਚਤ ਕੀਤੇ ਹੋਇ ਹਨ। ਜੇਹੜੇ ਲੋਕ ਇਸ ਵਰਨ-ਵੰਡ ਨਾਲ ਸਹਿਮਤ ਨਹੀਂ ਸਨ ਉਨਾਂ ਬਾਗ਼ੀ ਲੋਕਾਂ ਨੂੰ ਬਹੁਤ ਦੁਖੀ ਕੀਤਾ ਜਾਂਦਾ ਸੀ। ਬਾਗ਼ੀ ਤਾਮਲ ਲੋਕਾਂ ਨੂੰ ‘ਪੰਚਮਾ’ ਕਿਹਾ ਜਾਂਦਾ ਸੀ ਅਤੇ ਉਨਾਂ ਨੂੰ ਪਿੰਡ ਦੀ ਜੂਹ ਤੋਂ ਬਾਹਿਰ ਰਹਿਣ ਲਈ ਮਜਬੂਰ ਕੀਤਾ ਜਾਂਦਾ ਸਨ। ਹਿੰਦੂ ਸੋਸਇਟੀ ਦੀ ਕਿਸੇ ਵੀ ਪਾਬੰਦੀ ਦੀ ਉਲੰਘਣਾ ਕਰਨ ਉਪਰੰਤ ਸਖ਼ਤ ਸਜ਼ਾਵਾਂ ਵੀ ਦਿੱਤੀਆਂ ਜਾਂਦੀਆਂ ਸਨ {੬}।

ਗੁਰੂ ਨਾਨਕ ਨੇ ਆਪਣੀ ਬਾਣੀ ਵਿੱਚ ਇਨਾਂ ਲੋਕਾਂ ਬਾਰੇ ਪੰਜਵਾਂ ਵਰਗ, ਪਹਿਲੇ ਚਾਰ ਵਰਗਾਂ ਵਿੱਚ ਸ਼ਾਮਿਲ ਕਰਕੇ, ਇਸ ਗੱਲ ਦੀ ਪ੍ਰੋੜਤਾ ਕੀਤੀ ਹੈ ਕਿ ਸਾਰੇ ਇਨਸਾਨ ਇੱਕਓ ਦੇ ਦਰਬਾਰ ਵਿੱਚ ਆਦਰ ਤੇ ਮਾਨ ਪ੍ਰਾਪਤ ਕਰਦੇ ਹਨ ਜੇ ਉਹ ਇੱਕੋਓ ਦੀ ਸ਼ਰਨ ਵਿੱਚ ਆ ਕੇ ਉਹ ਸੱਚੇ ਅਤੇ ਸੁੱਚੇ ਇਨਸਾਨੀ ਜੀਵਨ ਦੇ ਅਸੂਲ਼ਾਂ ਦੀ ਪਾਲਣਾ ਕਰਦੇ ਹਨ। ਭਾਵ ਪ੍ਰੇਮ ਪਿਆਰ ਨਾਲ ਇੱਕ ਦੂਜੇ ਨਾਲ ਰਲ਼ ਮਿਲ਼ ਕੇ ਰਹਿੰਦੇ ਹਨ ਅਤੇ ਇੱਕੋਓ ਨੂੰ ਆਪਣਾ ਆਸਰਾ ਸਮਝ ਦੇ ਹਨ। ਉਸ ਦੇ ਬਣਾਏ ਸੰਸਾਰ ਵਿੱਚ ਉਸਦੇ ਕਾਇਦੇ ਕਾਨੂੰਨਾਂ ਦੀ ਪਾਲਣਾ ਕਰਦੇ ਹਨ। ਸਰਬ ਵਿਆਪੀ ਅਤੇ ਸਰਬ ਸ਼ਕਤੀ ਮਾਨ ਨੂੰ ਆਪਣਾ ਇਸ਼ਟ ਅਤੇ ਰਖਵਾਲਾ ਮੰਨ ਦੇ ਹਨ। ਇਸ ਪੰਚ ਵਰਗੀ ਲੋਕਾਂ ਨਾਲ ਸੰਬੰਧਿਤ ਸਲੋਕ ਹਨ ਅਤੇ ਇਨਾਂ ਦੇ ਅਰਥ ਹੇਠਾਂ ਦਿੱਤੇ ਗਏ ਹਨ।

ਪੰਚ ਪਰਵਾਨੁ ਪੰਚ ਪਰਧਾਨੁ॥ ਪੰਚੇ ਪਾਵਹਿ ਦਰਗਹਿ ਮਾਨੁ॥

ਪੰਚੇ ਸੋਹਹਿ ਦਰਿ ਰਾਜਾਨੁ॥ ਪੰਚਾ ਕਾ ਗੁਰੁ ਏਕੁ ਧਿਆਨੁ॥ ੧੬॥ ੨੫

ਜਪੁ ਅਗਗਸ ਪੰਨਾ

ਪੰਜ ਵਰਨਾਂ (ਹਿੰਦੂ ਧਰਮ ਦੇ ਚਾਰ ਵਰਨ ਅਤੇ ਪੰਜਵਾ ਬਾਗ਼ੀ ਲੋਕਾਂ ਦਾ ਵਰਨ) ਦੇ ਲੋਕ ਇੱਕੋਓ ਦੀ ਕਚਹਿਰੀ ਵਿੱਚ ਨਿਵਾਜੇ ਅਤੇ ਸਨਮਾਨੇ ਜਾਂਦੇ ਹਨ ਅਤੇ ਸੋਸਾਇਟੀ ਵਿੱਚ ਕੋਈ ਵੀ ਪਦਵੀ ਹਾਸਲ ਕਰ ਦੇ ਹਨ। ਲੋਕਾਂ ਵਿੱਚ ਇਹ ਮਾਨ ਪ੍ਰਾਪਤ ਕਰਦੇ ਹਨ। ਲੋਕ ਇਨਾਂ ਦਾ ਇੱਕੋਓ ਨਾਲ ਪ੍ਰੇਮ ਪਿਆਰ ਅਤੇ ਸਿਅਣਪ ਦੇਖ ਕੇ ਦਾਦ ਦੇਂਦੇ ਹਨ। ੧੬।

ਤਿਥੈ ਸੋਹਨਿ ਪੰਚ ਪਰਵਾਣੁ॥ ਨਦਰੀ ਕਰਮਿ ਪਵੈ ਨੀਸਾਣੁ॥ ੩੫॥ ੨੬

ਜਪੁ ਅਗਗਸ ਪੰਨਾ

ਜਿੱਥੇ ਵੀ ਖ਼ੂਬਸੂਰਤ ਪੰਜਾਂ ਵਰਗਾਂ ਦੇ ਲੋਕ ਸਨਮਾਨੇ ਜਾਂਦੇ ਹਨ, ਓਥੈ ਨੇਕ ਕਮਾਈ ਅਤੇ ਮੁਸ਼ੱਕਤ ਦਾ ਨਜ਼ਾਰਾ ਨਜ਼ਰ ਆੳਂਦਾ ਹੈ। ਇੱਕੋਓ ਨਾਲ ਪ੍ਰੇਮ ਪਿਆਰ ਅਤੇ ਉਹਦੇ ਹੁਕਮ ਦੀ ਪਹਿਚਾਨ ਅਤੇ ਉਸ ਦੀ ਪਾਲਣਾ ਪ੍ਰਤੱਖ਼ ਨਜ਼ਰ ਆਉਂਦੀ ਹੈ। ੩੫।

੫) ਸ਼ਬਦ ਤਿਨਿ ਗੁਰਬਾਣੀ ਵਿੱਚ.

ਸਾਹਿਬ ਸਿੰਘ {੫-ੲ} ਨੇ ਸ਼ਬਦ ‘ਤਿਨਿ’ ਤੇ ਟੀਕਾ ਟਿਪਕਣੀ ਕਰ ਦਿਆਂ ਦੱਸਿਆ ਹੈ ਕਿ ਸ਼ਬਦ ‘ਤਿਨਿ’ ਦਾ ਅਰਥ ‘ਤ੍ਰੈ’ ਹੈ। ਸ਼ਬਦ ‘ਤਿਨ’ ਪੜਨਾਵ ਬਹੁ-ਵਚਨ ਅਤੇ ਸ਼ਬਦ ‘ਤਿਨਿ’ ਪੜਨਾਵ ਇੱਕ-ਵਚਨ ਹੈ।

ਸਾਹਿਬ ਸਿੰਘ ਦੇ ਜਪ ਦੇ ਸਲੋਕ ੩੦ ਦੀਆਂ ਪਹਿਲੀਆਂ ਦੋ ਸਤਰਾਂ ਦੇ ਕੀਤੇ ਅਰਥ ਹੇਠਾਂ ਦਿੱਤੇ ਗਏ ਹਨ।

ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ॥

ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ॥ ੩੦॥ ੨੭

ਅਰਥ: (ਲੋਕਾਂ ਵਿੱਚ ਇਹ ਖ਼ਿਆਲ ਆਮ ਪਰਚੱਲਤ ਹੈ ਕਿ) ਇਕੱਲੀ ਮਾਇਆ (ਕਿਸੇ) ਜੁਗਤੀ ਨਾਲ ਪ੍ਰਸੂਤ ਹੋਈ ਤੇ ਪਰਤੱਖ ਤੌਰ ਤੇ ਉਸ ਨੂੰ ਤਿੰਨ ਪੁੱਤਰ ਜੰਮ ਪਏ। ੳਹਨਾਂ ਵਿੱਚ ਇੱਕ (ਬ੍ਰਹਮਾ) ਘਰ-ਬਾਰੀ ਬਣ ਗਿਆ। (ਭਾਵ ਜੀਵ-ਜੰਤਾ ਨੂੰ ਪੈਦਾ ਕਰਨ ਲਗ ਪਿਆ), ਇੱਕ (ਵਿਸ਼ਨੂ) ਭੰਡਾਰੇ ਦਾ ਮਾਲਕ ਬਣ ਗਿਆ (ਭਾਵ, ਜੀਵਾਂ ਨੂੰ ਰਿਜ਼ਕ ਅਪੜਾਣ ਦਾ ਕੰਮ ਕਰਨ ਲੱਗਾ, ਅਤੇ ਇੱਕ (ਸ਼ਿਵ) ਕਚਹਿਰੀ ਲਾਉਂਦਾ ਹੈ (ਭਾਵ, ਜੀਵਾਂ ਨੂੰ ਸੰਗਾਰਦਾ ਹੈ)। ੩੦।

ਯਾਦ ਰਹੇ ਕਿ ਸ਼ਬਦ ‘ਤਿਨਿ’ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ੧੭੬ ਵਾਰੀ ਵਰਤਿਆ ਗਿਆ ਹੈ। ਇਹ ‘ਉਹ’ ਜਾਂ ‘ਉਸ’ ਆਦਿਕ ਅਰਥਾਂ ਵਿੱਚ ਹੀ ਵਰਤਿਆ ਗਿਆ ਹੈ। ਇਸ ਸਲੋਕ ਦੇ ਨਵੇਂ ਕੀਤੇ ਅਰਥ ਹੇਠਾਂ ਦਿੱਤੇ ਗਏ ਹਨ।

ਅਰਥ: ਪੁਰਣੇ ਧਰਮ ਅਨੁਸਾਰ ਇਹ ਸੰਸਾਰ ਮਾਇਆ ਦਾ ਖੇਲ੍ਹ ਹੈ। ਕਿਹਾ ਜਾਂਦਾ ਹੈ ਕਿ ਮਾਇਆ ਨੇ ਆਪਣੀ ਸਹਾਇਤਾ ਵਾਸਤੇ ਸੇਵਾਦਾਰ ਭਰਤੀ ਕੀਤੇ ਹੋਏ ਹਨ ਜੋ ਇਸ ਦੇ ਹੁਕਮ ਅਨੁਸਾਰ ਜਗਤ ਦਾ ਕਾਰ ਵਿਹਾਰ ਚਲਾ ਰਹੇ ਹਨ। ਪ੍ਰੰਤੂ ਗੁਰਬਾਣੀ ਅਨੁਸਾਰ ਇੱਕੋਓ ਆਪ ਹੀ ਸੰਸਾਰ ਦੀ ਰਚਣਾ ਕਰਨ ਵਾਲਾ ਹੈ, ਆਪ ਹੀ ਇਸ ਵਿੱਚ ਵਸਦੇ ਜੀਵਾਂ ਦੀ ਪਾਲਣਾ ਕਰਦਾ ਹੈ ਅਤੇ ਆਪ ਹੀ ਉਨਾਂ ਲਈ ਕਾਇਦੇ ਕਾਨੂੰਨ ਬਣਾਉਨ ਵਾਲਾ ਅਤੇ ਇਸ ਸਾਰੇ ਨਿਜ਼ਾਮ ਨੂੰ ਚਲਾਉਣ ਵਾਲਾ ਹੈ। ੩੦।

੬) ਸ਼ਬਦ ਮੂਲਿਆ ਆਦਿ ਗੁਰੂ ਗਰੰਥ ਸਾਹਿਬ ਵਿੱਚ.

ਸਾਹਿਬ ਸਿੰਘ {੧-ੲ} ਨੇ ਹੇਠ ਦਿੱਤੇ ਸਲੋਕ ਦੇ ਅਰਥ ਕਰਨ ਤੋਂ ਪਹਿਲਾ ਕਿਸੇ ਮੂਲੇ ਨਾੳਂ ਦੇ ਵਿਅਕਤੀ ਬਾਰੇ ਕਹਾਣੀਆਂ ਪਾਈਆਂ ਹਨ। ਜਿਨਾਂ ਦੀ ਕੋਈ ਲੋੜ ਨਹੀਂ ਜਾਪਦੀ।

ਨਾਲਿ ਕਿਰਾੜਾ ਦੋਸਤੀ ਕੂੜੈ ਕੂੜੀ ਪਾਇ॥

ਮਰਣੁ ਨ ਜਾਪੈ ਮੂਲਿਆ ਆਵੈ ਕਿਤੈ ਥਾਇ॥ ੨੧॥ ੨੮

ਮ: ੧ ਅਗਗਸ ਪੰਨਾ ੧੪੧੧

ਅਰਥ: ਹੇ ਭਾਈ! ਜੇ ਹਰ ਵੇਲੇ ਮਾਇਆ ਦੀਆਂ ਗਿਣਤੀਆਂ ਗਿਣਨ ਵਾਲੇ ਵਿਅਕਤੀ ਨਾਲ ਦੋਸਤੀ ਪਾਈ ਜਾਏ (ਤਾਂ ਉਸ ਕਿਰਾੜ ਦੇ ਅੰਦਰਲੇ) ਮਾਇਆ ਦੇ ਮੋਹ ਦੇ ਕਾਰਨ (ਉਸਦੀ ਦੋਸਤੀ ਦੀ) ਪਾਂਇਆਂ ਵੀ ਇਤਿਬਾਰ ਯੋਗ ਨਹੀਂ ਹੁੰਦੀ। ਹੇ ਮੂਲਿਆ! (ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਵਿਅਕਤੀ ਸਦਾ ਮੌਤ ਤੋਂ ਬਚੇ ਰਹਿਣ ਦੇ ਉਪਰਾਲੇ ਕਰਦਾ ਹੈ, ਪਰ ਉਸ ਨੂੰ ਇਹ ਗੱਲ) ਸੁੱਝਦੀ ਹੀ ਨਹੀਂ ਕਿ ਮੌਤ ਕਿਸੇ ਵੀ ਥਾਂ ਤੇ ਅਤੇ (ਕਿਸੇ ਵੀ ਵੇਲੇ) ਆ ਸਕਦੀ ਹੈ। ੨੧।

ਅਸੀਂ ਜੇ ਸ਼ਬਦ ‘ਮੂਲਿਆ’ ਦੀ ਪਦ-ਛੇਦ ਦੁਬਾਰਾ ਕਰਕੇ ਵੇਖੀਏ ਤਾਂ ਦੋ ਸ਼ਬਦ ਪਰਾਪਤ ਹੁੰਦੇ ਹਨ ‘ਮੂਲਿ’ ਅਤੇ ‘ਆ’ {੧-ੲ}। ਇਸ ਸਲੋਕ ਨੂੰ ਨਵੇਂ ਸਿਰਿਉਂ ਲਿਖਿਣ ਨਾਲ ਅਤੇ ਦੁਬਾਰਾ ਅਰਥ ਕਰਨ ਨਾਲ ਅਰਥਾਂ ਦੀ ਸਥਿੱਤੀ ਹੀ ਬਦਲ ਜਾਂਦੀ ਹੈ।

ਨਾਲਿ ਕਿਰਾੜਾ ਦੋਸਤੀ ਕੂੜੈ ਕੂੜੀ ਪਾਇ॥

ਮਰਣੁ ਨ ਜਾਪੈ ਮੂਲਿ ਆ ਆਵੈ ਕਿਤੈ ਥਾਇ॥ ੨੧॥ ੨੯

ਮ: ੧ ਅਗਗਸ ਪੰਨਾ ੧੪੧੨

ਅਰਥ: ਕਿਰਾੜਾਂ ਨਾਲ ਕੀਤੀ ਦੋਸਤੀ ਝੂਠੀ ਹੁੰਦੀ ਹੈ; ਕਿਉਂਕਿ ਸਭਾਵਿਕ ਤੌਰ ਤੇ ਉਨਾਂ ਦਾ ਮਾਇਆ ਨਾਲ ਪਿਆਰ ਬਹੁਤ ਜ਼ਿਆਦਾ ਹੂੰਦਾ ਹੈ। ਉਹ ਮਇਆ ਦੇ ਮੋਹ ਵਿੱਚ ਫੱਸ ਕੇ ਬਾਕੀ ਸਭ ਕੁੱਝ ਭੁੱਲ ਜਾਂਦੇ ਹਨ। ਏਥੋਂ ਤੱਕ ਕਿ ਉਨਾਂ ਨੂੰ ਮੌਤ ਵੀ ਯਾਦ ਨਹੀਂ ਰਹਿੰਦੀ, ਜੋ ਕਿਤੇ ਵੀ ਅਤੇ ਕਦੇ ਵੀ ਕਿਸੇ ਵੀ ਵਿਅਕਤੀ ਨੂੰ ਆ ਘੇਰਦੀ ਹੈ। ੨੧।

੭) ਸਬਦ ਅਤੇ ਚਿਨ੍ਹ ੴ ਸਿੱਖ ਧਰਮ ਵਿੱਚ.

ਸਾਹਿਬ ਸਿੰਘ {੫-ਸ} ਇਸ ਸ਼ਬਦ ਨੂੰ ਸਮਝਣ ਲੱਗਿਆਂ, ਨਿਰਮਲਾ ਪੰਥੀ ਸਿੱਖਾਂ ਦੇ ਅਸਰ ਹੇਠਾਂ, ਇਸ ਦੇ ਤਿੰਨ ਹਿੱਸੇ ਕਰ ਗਿਆ ਹੈ। ੧, ਓ, ਅਤੇ ਲਕੀਰ; ਇਸ ਦਾ ਉਚਾਰਨ ਕਰਦਾ ਹੈ ਇੱਕ ਓਅੰਕਾਰ। ਅੱਗੋਂ ਜਾ ਕਿ ਉਹ ਕਹਿੰਦਾ ਹੈ ਕਿ ਤਿੰਨ ਹਿੱਸੇ ਵੱਖੋ ਵੱਖਰੇ ਉੱਚਾਰਿਆਂ ਇਉਂ ਬਣਦੇ ਹਨ।

੧=ਇੱਕ। ਓ=ਓਅੰ। ਲਕੀਰ = ਕਾਰ।

ਸਾਹਿਬ ਸਿੰਘ ਮੁਤਾਬਿਕ ‘ਓਂ’ ਸੰਸਕ੍ਰਿਤ ਦਾ ਸ਼ਬਦ ਹੈ। ਹੁਣ ਉਹ ਅਮਰ ਕੋਸ਼ ਆਦਿਕ ਨੂੰ ਲੈ ਆਉਂਦਾ ਹੈ ਅਤੇ ਸ਼ਬਦ ‘ਓਂ’ ਨੂੰ ਘਸੀਟ ਕੇ ‘ਓਮ’ ਵਿੱਚ ਬਦਲ ਦੇਂਦਾ ਹੈ ਅਤੇ ਹਿੰਦੂ ਧਰਮ ਦੀ ਪੁਸ਼ਾਕ ਪਾ ਦੇਂਦਾ ਹੈ {੫-ਸ}। ਡਾ ਜਸਬੀਰ ਸਿੰਘ ਆਹਲੂਵਾਲੀਏ {੭-ੳ} ਅਨੁਸਾਰ ਸ਼ਬਦ ‘ਓਮ’ ਹਿੰਦੂ ਧਰਮ ਦਾ ਧੁਰਆ ਹੈ ਜਿਸ ਨੂੰ ਤ੍ਰੈ ਮੂਰਤੀ ਕਹਿ ਕੇ ‘ਅਕਾਰ, ਮਕਾਰ ਅਤੇ ਉਤਾਰ’ ਰਾਹੀਂ ਅੱਗੋਂ ਇਹ ਕਿਹਾ ਜਾਂਦਾ ਹੈ ਕਿ ਇਹ ਇੱਕ ਅਵਾਜ਼ ਹੈ ਜਿਸ ਤੋਂ ਜਗਤ ਰਚਨਾ ਹੋਈ ਸੀ। ਕਈ ਸਿੱਖ ਵਿਦਵਾਨ ਇਸ ਉਂਕਾਰ ਨੂੰ ਵੀ ਉਸ ਆਵਾਜ਼ ਨਾਲ ਜੋੜਦੇ ਹਨ। ਮੁੱਕਦੀ ਗੱਲ ਸਿੱਖ ਧਰਮ ਦਾ ਫਲਸਫਾ ਇਨਾਂ ਕਹਾਣੀਆਂ ਵਿੱਚ ਉੱਕਾ ਹੀ ਵਿਸ਼ਵਾਸ ਨਹੀਂ ਰੱਖਦਾ ਅਤੇ ਇਹ ਸਾਰਾ ਅਡੰਬਰ ਨਿਰਮਲ ਪੰਥੀ ਸਿੱਖਾਂ ਨੇ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਅੰਗ ਬਣਾਉਨ ਵਾਸਤੇ ਹੀ ਕਤਿਾ ਹੈ। ਡਾ ਆਹਲੂਵਾਲੀਆ {੭-ੳ} ਅਤੇ ਡਾ ਸੰਧੂ {੮-ੳ} ਇਸ ਸੋਚਣੀ ਅਤੇ ਸੇਧ ਨਾਲ ਸਹਿਮਤ ਨਹੀਂ।

ਹੁਣ ਸਵਾਲ ਉੱਠਦਾ ਹੈ ਕਿ ਕੀ ਗੁਰਬਾਣੀ ਸੰਸਕ੍ਰਿਤ ਵਿੱਚ ਲਿਖੀ ਹੋਈ ਹੈ ਕਿ ਸੰਤ ਭਾਸ਼ਾ ਦੀ ਪੰਜਾਬੀ ਵਿੱਚ? ਨਿਰਮਲੇ ਸਿੱਖ ਬ੍ਰਾਹਮਨ ਸਨ ਜੋ ਬਨਾਰਸ ਤੋਂ ਹਿੰਦੂ ਮਤਿ ਬਾਰੇ ਪੜਾਈ ਕਰਕੇ ਆਏ ਸਨ ਅਤੇ ਰੋਟੀ ਕਮਾੳਣ ਵਾਸਤੇ ਸਿੱਖ ਰਾਜਿਆਂ ਤੋਂ ਜਗੀਰਾਂ ਲੈ ਕੇ ਸਿੱਖੀ ਪੜਾਉਣ ਦੇ ਬਹਾਨੇ ਧਰਮਸਾਲਾਂ ਵਿੱਚ ਬੈਠ ਗਏ ਸਨ। ਸਿੱਖ ਧਰਮ ਨੂੰ ਵੇਦਾਂ ਦੇ ਜਾਮੇ ਵਿੱਚ ਪੇਸ਼ ਕਰਕੇ ਸਿੱਖ ਧਰਮ ਦੀ ਰੂਪ ਰੇਖਾ ਹੀ ਬਦਲ ਦਿੱਤੀ {੭-ਅ}। ੧੮੮੧ ਈਸਵੀ ਦੀ ਮਰਦਮ ਸ਼ੁਮਾਰੀ, ਜੋ ਅੰਗ੍ਰੇਜ਼ ਹਕੂਮਤ ਦੇ ਅਹਿਦ ਵਿੱਚ ਹੋਈ ਸੀ, ਅਨੁਸਾਰ ਸਿੱਖ ਹੀ ਸਭ ਤੋਂ ਘਟ ਪੜ੍ਹੇ ਦੱਸੇ ਜਾਂਦੇ ਹਨ। ਉਨਾਂ ਦੇ ਧਰਮ ਦੇ ਆਗੂ ਬਣ ਬੈਠੇ ਬਰਾਹਮਨ, ਜਿਨਾਂ ਤੋਂ ਗੁਰੂ ਨਾਨਕ ਨੇ ਸਿੱਖਾਂ ਨੂੰ ਰਿਹਾਈ ਬਖ਼ਸ਼ੀ ਸੀ। ਸਾਹਿਬ ਸਿੰਘ ਵੀ ਇਨ੍ਹਾਂ ਦੀਆਂ ਪਾੲਆਂ ਲੀਹਾਂ ਉੱਪਰ ਚਲਣ ਦਾ ਸ਼ਿਕਾਰ ਹੋਇਆ ਜਾਪਦਾ ਹੈ।

ਗੁਰਬਾਣੀ ਦਾ ਸ਼ਬਦ ੴਸਿੱਖ ਧਰਮ ਦਾ ਚਿੰਨ੍ਹ ਅਤੇ ਸ਼ਬਦ ਹੈ। ਜੋ ਪੰਜਾਬੀ ਬੋਲੀ ਵਿੱਚ ਹੋਰ ਕਿਸੇ ਥਾਂ ਕਿਤੇ ਵੀ ਵਰਤਿਆ ਨਹੀਂ ਮਿਲਦਾ। ਇਸ ਦਾ ਕਿਸੇ ਹੋਰ ਧਰਮ ਨਾਲ ਕੋਈ ਰਿਸ਼ਤਾ ਵੀ ਨਹੀਂ ਹੈ। ਇਹ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ੫੬੬ ਵਾਰੀ ਵਰਤਿਆ ਮਿਲਦਾ ਹੈ ਅਤੇ ਗੁਰੂ ਨਾਨਕ ਨੇ ਇਹ ਖਾਸ ਮੰਤਵ ਵਾਸਤੇ ਘੜਿਆ ਜਾਪਦਾ ਹੈ। ਇਹ ਮੰਤਵ ਗੁਰਬਾਣੀ ਨੂੰ ਪੜਿਆਂ ਅਤੇ ਵਿਚਾਰਿਆਂ ਲੱਭ ਜਾਂਦਾ ਹੈ। ਆਉ ਇਸ ਨਾਲ ਸੰਬੰਧਿਤ ਕੁੱਝ ਸਲੋਕ ਵਿਚਾਰੀਏ।

ਸਾਹਿਬੁ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ॥ ੧॥ ਰਹਾਉ॥ ੫॥ ੩੦

ਮ: ੧ ਅਗਗਸ ਪੰਨਾ ੩੫੦

ਮੇਰਾ ਸਵਾਮੀ ਇੱਕ ਹੈ। ਹੇ ਭਾਈ! ਉਹ ਇੱਕ ਹੈ। ਮੈਂ ਫਿਰ ਕਹਿੰਦਾ ਹਾਂ ਉਹ ਇੱਕ ਹੈ। ੧। ਰਹਾਉ। ੫।

ਸਭ ਮਹਿ ਸਚਾ ਏਕੋ ਸੋਈ ਤਿਸ ਕਾ ਕੀਆ ਸਭੁ ਕਛੁ ਹੋਈ॥

ਹੁਕਮੁ ਪਛਾਣੈ ਏਕੋ ਜਾਨੈ ਬੰਦਾ ਕਹੀਐ ਸੋਈ॥ ੩॥ ੩॥ ੩੧

ਕਬੀਰ ਅਗਗਸ ਪੰਨਾ ੧੩੫੦

ਸਾਰਿਆਂ ਜੀਵਾਂ ਵਿੱਚ ਇੱਕੋਓ ਸੱਚਾ ਪਾਤਸ਼ਾਹ ਹਾਜ਼ਰ ਹੈ। ਹਰ ਥਾਂ ਉਸਦਾ ਹੁਕਮ ਮੰਨਿਆਂ ਜਾਂਦਾ ਹੈ। ਜੋ ਵਿਅਕਤੀ ਉਸਦੇ ਹੁਕਮ ਨੂੰ ਵਿਚਾਰਦਾ ਹੈ ਉਹੀ ਉਸ ਦੀ ਪਛਾਣ ਕਰ ਸਕਦਾ ਹੈ। ੩। ੩।

ਸੰਖੇਪ ਸ਼ਬਦਾਂ ਵਿੱਚ ਇਹ ਸਲੋਕ ਇੱਕੋਓ ਵਾਸਤੇ ਹੀ ਹਨ ਅਤੇ ਉਸਦੀ ਪਛਾਣ ਵਾਸਤੇ ਗੁਰਬਾਣੀ ਵਿੱਚ ਅੰਕਤ ਹੋਏ ਹਨ। ਇਹ ਇੱਕੋਓ ਦੀਆਂ ਕੁੱਝ ਖ਼ੂਬੀਆ ਨੂੰ ਸਮਾਉਂਦੇ ਹਨ ਜੋ ਅਣਗਿਨਤ ਹਨ। ਇਨਾਂ ਵਿੱਚੋਂ ਕੁੱਝ ਖ਼ਾਸ ਖੂਬੀਆਂ ਗੁਰਬਾਣੀ ਦੇ ਪ੍ਰਥਮ ਸਲੋਕ ਵਿੱਚ ਮਿਲ ਜਾਂਦੀਆਂ ਹਨ। ਇਹ ਸਲੋਕ ਅਤੇ ਇਸ ਦੇ ਅਰਥ ਹੇਠਾਂ ਦਿੱਤੇ ਗਏ ਹਨ।

ੴਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੇਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥

ਜਪੁ॥ ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ॥ ਨਾਨਕ ਹੋਸੀ ਭੀ ਸਚੁ॥ ੧॥ ੩੨

ਜਪੁ ਅਗਗਸ ਪੰਨਾ ੧

ਇੱਕੋਓ ਅਤੇ ਉਸਦਾ ਨਾਮ ਹਮੇਸ਼ਾਂ ਮੌਜੂਦ ਹੈ। ਜਿਸ ਨੇ ਇਹ ਸ੍ਰਿਸ਼ਟੀ ਰਚੀ ਹੈ, ਜੋ ਸਭ ਵਿੱਚ ਵਿਆਪਕ ਹੈ। ਭੈ ਰਹਿਤ ਹੈ, ਵੈਰ ਵਿਰੋਧ ਤੋਂ ਵੀ ਰਹਿਤ ਹੈ। ਜੋ ਸਮੇਂ ਅਤੇ ਕਾਲ ਤੋਂ ਵੀ ਰਹਿਤ ਹੈ। ਉਹ ਜੂਨਾਂ ਵਿੱਚ ਨਹੀਂ ਆਉਂਦਾ। ਉਸ ਦਾ ਪਰਕਾਸ਼ ਆਪਣੇ ਆਪਿ ਤੋਂ ਹੋਇਆ ਹੈ। ਉਸ ਨੂੰ ਸਤਿਗੁਰੂ ਦੀ ਕ੍ਰਿਪਾ ਦੁਆਰਾ ਸਮਝਿਆ ਅਤੇ ਵਿਚਾਰਿਆ ਜਾਂਦਾ ਹੈ। ਹੇ ਨਾਨਕ! ਅਕਾਲ ਪੁਰਖ ਮੁੱਢ ਕਦੀਮ ਤੋਂ ਹੀ ਮੌਜੂਦ ਹੈ। ਜੁਗਾਂ ਜਗਾਂਤਰਾਂ ਤੋਂ ਮੌਜੁਦ ਹੈ। ਇਸ ਵੇਲੇ ਵੀ ਮੌਜੂਦ ਹੈ ਅਤੇ ਅੱਗੋਂ ਵਾਸਤੇ ਵੀ ਮੌਜੂਦ ਰਹੇ ਗਾ। ੧।

ਸਿੱਖ ਧਰਮ ਦਾ ਇੱਕੋਓ ਸਭ ਧਰਮਾਂ ਦੇ ਪ੍ਰਭੂ ਤੋਂ ਵੱਖਰਾ ਅਤੇ ਨਿਆਰਾ ਹੈ। ਬਹੁਤ ਸਾਰੇ ਧਰਮ ਆਪਣੇ ਪ੍ਰਭੂ ਦੇ ਜਨਮ ਮਰਨ ਵਿੱਚ ਸਿੱਧਾ ਜਾਂ ਅਸਿੱਧਾ ਵਿਸ਼ਵਾਸ ਰੱਖਦੇ ਹਨ ਪਰ ਸਿੱਖ ਧਰਮ ਦਾ ਇੱਕੋਓ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦਾ। ਉਹ ਇਨਸਾਨ ਨੂੰ ਆਪਣੇ ਫ਼ਰਜ਼ ਪਹਿਚਾਨਣ ਵਿੱਚ ਸੇਧ ਅਤੇ ਸੋਝੀ ਬਖਸ਼ਦਾ ਹੈ ਅਤੇ ਉਸ ਨੂੰ ਆਪਣੀ ਮਿਹਨਤ ਮੁਸ਼ੱਕਤ ਦਾ ਪੂਰਾ ਇਵਜ਼ਾਨਾ ਦਵਾਉਂਦਾ ਹੈ। ਉਸਦੇ ਅਣਗਿਣਤ ਗੁਣ ਸ਼ਬਦ ਅਤੇ ਚਿਨ੍ਹ ੴਵਿੱਚ ਸਮਾਏ ਹੋਏ ਹਨ। ਜਿਵੇਂ ਪਹਿਲੋਂ ਦੱਸਿਆ ਗਿਆ ਹੈ ਇਸ ਨੂੰ ਪੰਜਾਬੀ ਵਿੱਚ ਬੋਲਣ ਅਤੇ ਲਿਖਣ ਲਈ ਨਿਆਰਾ ਸ਼ਬਦ ਇੱਕੋਓ ਵਰਤਿਆ ਜਾਂਦਾ ਹੈ {੮-ਅ}।

੮-ਸਬਦ ਅੰਮ੍ਰਿਤੁ ਅਤੇ ਸਾਹਿਬ ਸਿੰਘ ਦੇ ਜਪੁ ਦੇ ਸਲੋਕ ੩੮ ਦੇ ਅਰਥ.

ਸਾਹਿਬ ਸਿੰਘ {੫-ਹ} ਦੇ ਜਪ ਦੇ ਸਲੋਕ ੩੮ ਦੇ ਕੀਤੇ ਅਰਥ ਹੇਠਾਂ ਦਿੱਤੇ ਗਏ ਹਨ।

ਜਤੁ ਪਾਹਾਰਾ ਧੀਰਜੁ ਸੁਨਿਆਰੁ॥ ਅਹਰਣਿ ਮਤਿ ਵੇਦੁ ਹਥੀਆਰੁ॥ ਭਉ ਖਲਾ ਅਗਨਿ ਤਪ ਤਾਉ॥

ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ॥ ਘੜੀਐ ਸਬਦੁ ਸਚੀ ਟਕਸਾਲ॥ ੩੮॥ ੩੩

ਅਰਥ: (ਜੇ) ਜਤ-ਰੂਪ ਦੁਕਾਨ (ਹੋਵੇ), ਧੀਰਜ ਸੁਨਿਆਰਾ ਬਣੇ, ਮਨੁੱਖ ਦੀ ਆਪਣੀ ਮਤ ਅਹਿਰਣ ਹੋਵੇ, (ਉਸ ਮਤ-ਅਹਿਰਣ ਉੱਤੇ) ਗਿਆਨ ਹਥੋੜਾ ਵੱਜੇ। ਜੇ ਅਕਾਲਪੁਰਖ ਦਾ ਡਰ ਧੌਂਕਣੀ (ਹੋਵੇ), ਘਾਲ-ਕਮਾਈ ਅੱਗ (ਹੋਵੇ), ਪ੍ਰੇਮ ਕੁਠਾਲੀ ਹੋਵੇ, ਤਾਂ (ਹੇ ਭਾਈ), ਉਸ (ਕੁਠਾਲੀ) ਵਿੱਚ ਅਕਾਲਪੁਰਖ ਦਾ ਅੰਮ੍ਰਿਤ ਨਾਮ ਗਲਾਵੇ, (ਕਿਉਂਕਿ ਇਹੋ ਜਿਹੀ ਹੀ) ਸੱਚੀ ਟਕਸਾਲ ਵਿੱਚ (ਗੁਰੂ ਦਾ) ਸਬਦ ਘੜਿਆ ਜਾਂਦਾ ਹੈਾ। ੩੮।

ਨਵੇਂ ਅਰਥ {੮-ੲ}: ਦੁਕਾਨ ਵਿੱਚ ਸਲੀਕੇ ਨਾਲ ਸੰਭਾਲੇ ਸਮਾਨ ਦੇ ਪਰਬੰਧ ਨੂੰ (੧) ਜੱਤ ਬਣਾਉ; ਸੁਨਿਆਰੇ ਵਰਗੀ (੨) ਧੀਰਜ ਹੋਵੇ; ਆਪਣੀ (੩) ਮੱਤ ਨੂੰ ਅਹਿਰਣ ਬਣਾ ਕੇ; ਉਸ ਉੱਪਰ (੪) ਗਿਆਨ ਦਾ ਹਥੌੜਾ ਮਾਰੋ; (੫) ਇੱਕੋਓ ਦੇ ਡਰ ਦੀ ਧੌਂਕਣੀ ਵਰਤੋ; (੬) ਘਾਲ ਕਮਾਈ ਨੂੰ ਅੱਗ ਵਰਗੀ ਤਪੱਸਿਆ ਸਮਝੋ; (੭) ਇੱਕੋਓ ਦੇ ਪ੍ਰੇਮ ਦੀ ਕੁਠਾਲੀ ਵਿੱਚ ਸਭ ਕੁੱਝ ਰੱਖ ਕੇ ਗਾਲ੍ਹੋ ਤਾਂ ਇਸ ਤੋਂ ਅੰਮ੍ਰਿਤ ਉਪਜੇ ਗਾ। ਜਿਸ ਨੂੰ ਪਰਾਪਤ ਕਰਨ ਨਾਲ ਸਬਦ {ਭਾਵ ਗੁਰਬਾਣੀ ਨਾਲ ਸਾਂਝ} ਦੀ ਸੱਚੀ ਟਕਸਾਲ ਹਾਸਲ ਹੋਵੇ ਗੀ। ੩੮।

ਸਿੱਖ ਧਰਮ ਦਾ ਅੰਮ੍ਰਿਤ ਅੱਜਕਲ ਡੇਰਾਵਾਦਾਂ ਦੇ ਹੱਥਾਂ ਵਿੱਚ ਕਮਾਈ ਦਾ ਸਾਧਨ ਬਣ ਗਿਆ ਹੈ ਅਤੇ ਸਿੱਖੀ ਦੇ ਸੱਚ ਨੂੰ ਝੂਠ ਦੇ ਰਮਾਲਿਆਂ ਨਾਲ ਢਕਿਆ ਜਾ ਰਿਹਾ ਹੈ। ਖੰਡੇ ਦੀ ਪਾਹੁਲ ਨੂੰ ਅੰਮ੍ਰਿਤ ਕਹਿਣਾ ਸਰਾਸਰ ਗੁਰਬਾਣੀ ਬਾਰੇ ਅਗਿਆਨਤਾ ਦਾ ਸਬੂਤ ਦੇਣਾ ਹੈ। ਸਿੱਖਾਂ ਨੂੰ ਆਦਿ ਗੁਰੂ ਗ੍ਰੰਥ ਸਾਹਿਬ ਨੂੰ ਆਪ ਪੜ੍ਹਣ ਦੀ ਲੋੜ ਹੈ ਅਤੇ ਇਸ ਤੋਂ ਵੀ ਜਰੂਰੀ ਸਮਝਣ ਦੀ ਲੋੜ ਹੈ। ਇਹ ਤਦ ਹੀ ਹੋ ਸਕਦਾ ਹੈ ਜੇ ਹਰ ਸਿੱਖ ਗੁਰਬਾਣੀ ਆਪੂੰ ਪੜਹਣ ਦਾ ਯਤਨ ਕਰੇ ਅਤੇ ਕਿਰਾਏ ਤੇ ਆਏ ਨੀਮਪੜ੍ਹੇ ਗਰੰਥੀਆਂ ਤੋਂ ਬਚਣ ਦੀ ਕੋਸ਼ਿਸ਼ ਕਰੇ।

ਦਾਸ ਨੇ ਪਹਿਲੋਂ ਵੀ ਕੁੱਝ ਲੇਖ ਸਿੱਖ ਮਾਰਗ ਵਿੱਚ ਇਸ ਵਿਸ਼ੇ ਨਾਲ ਸੰਬੰਧਿਤ ਛਾਪੇ ਹਨ। ਭਾਈ ਸਾਹਿਬ ਸਿੰਘ ਦੇ ਸ਼ਰਧਾਲੂ ਕਈ ਵਾਰੀ ਉਸ ਦੀਆਂ ਲਿਖਤਾਂ ਨੂੰ ਪੂਰੇ ਧਿਆਨ ਨਾਲ ਨਹੀਂ ਪੜ੍ਹਦੇ ਅਤੇ ਵਾਦਵਿਵਾਦ ਵਿੱਚ ਉਲਝ ਕੇ ਪੇਂਡੂ ਪਾਰਟੀਬਾਜ਼ੀ ਦੇ ਭੁਲ਼ੱਥੇ ਦੇ ਹਥਿਆਰ ਵਰਤਦੇ ਹਨ। ਇਸ ਤਰ੍ਹਾਂ ਵਿਚਾਰ ਵਟਾਂਦਰੇ ਦਾ ਮਹੌਲ ਸੁਖਾਵਾਂ ਨਹੀਂ ਰਹਿ ਸਕਦਾ। ਅੱਜੋਕੇ ਸਿੱਖ ਭਾਈਚਾਰੇ ਨੂੰ ਸੂਝ ਅਤੇ ਸਮਝ ਵਰਤਣ ਦੀ ਬਹੁਤ ਜ਼ਰੂਰਤ ਹੈ। ਕਿਸੇ ਦੀ ਗੱਲ ਨੂੰ ਨ ਮੰਨਣਾ ਕੋਈ ਬੁਰਾਈ ਨਹੀਂ, ਪਰ ਆਪਣੀ ਹੀ ਗੱਲ ਨੂੰ ਦਲੀਲ਼ ਅਤੇ ਤਰਕ ਦੀ ਹੱਦ ਤੋਂ ਦੂਰ ਲੈ ਜਾਣਾ ਕੋਈ ਵਡਿਆਈ ਵੀ ਨਹੀਂ। ਹਰ ਵਿਸ਼ੇ ਨੂੰ ਤਰਕ ਅਤੇ ਦਲੀਲ਼ ਦੇ ਸਹਾਰੇ ਪੈਸ਼ ਕਰਨਾ ਹੀ ਸਿੱਖੀ ਦੀ ਸਿਖਿਆ ਹੈ।

ਹਵਾਲੇ:

੧-ਸਾਹਿਬ ਸਿੰਘ; ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਨ, ਰਾਜ ਪਬਸ਼ਿਰਜ਼, ਜਾਲੰਧਰ; {੧-ੳ, ੩, ਪੰਨਾ ੬੫੫ ਤਾਮਿ;

੧-ਅ ੩ ਪੰਨਾ ੭੫੪ ਗੇਲਿ; ੧-ੲ ੧੦ ਪੰਨਾ ੫੮੪ ਮੂਲਿਆ}

੨- ਕਾਹਨ ਸਿੰਘ; ਮਹਾਨ ਕੋਸ਼, ਨੈਸ਼ਨਲ ਬੁਕ ਸ਼ਾਪ, ਦਿੱਲੀ, ੨੦੦੦, {੨-ੳ, ਪੰਨਾ ੫੮੬; -ਤਾਮਿ; ੨ -ਅ, ਪੰਨਾ ੪੨੭ ਗੈਲਿ; ੨-ੲ ਪੰਨਾ ੭੮੨-੭੯੧ ਪੰਚ; }

੩-ਮੌਲਵੀ ਫ਼ਿਰੋਜ਼ ਉਲ ਦੀਨ; ਜਾਮੇ ਫ਼ਿਰੋਜ਼ ਅੱਲ ਲੁਗ਼ਾਤ; ਐਜੂਕੇਸ਼ਨਲ ਪਬਸ਼ਿੰਗ ਹਾਉਸ, ਦਿੱਲੀ, ਸੰਮਤ, ੧੯੯੪, ਪੰਨਾ ੮੭੮।

੪-ਮਨਮੋਹਣ ਸਿੰਘ; ਸਿਰੀ ਗੁਰੂ ਗ੍ਰੰਥ ਸਾਹਿਬ - ਪੰਜਾਬੀ ਅਤੇ ਇੰਗਲਿਸ਼; ਗੁਰਦੁਆਰਾ ਪ੍ਰਬੰਧਿਕ ਕਮੇਟੀ, ਅੰਮ੍ਰਿਤਸਰ, ਪੰਜਾਬ, ਸੰਮਤ ੧੯੮੯, ਪੰਨਾ ੧੫੪੮।

੫- ਸਾਹਿਬ ਸਿੰਘ; ਨਿਤਨੇਮ ਸਟੀਕਕ, ਸਿੰਘ ਬਰਦ੍ਰਜ, ਅੰਮ੍ਰਿਤਸਰ, ੧੯੮੬, {੫-ੳ ਪੰਨਾ ੪੪, ੪੮, ੮੮, ੯੮ ਜੋਰੁ; ੫-ਅ ਪੰਨਾ ੪੨, ੯੧ ਪਚ, ; ੫-ੲ ਪੰਨਾ ੮੩ ਤਿਨਿ; ੫-ਸ ਪੰਨਾ ੯-੧੨ ੴ; ੫-ਹ ਪੰਨਾ ੧੨੧ ਸਲੋਕ ੩੮}

੬-ਤਾਮਿਲਨਾਦੂ ਦੇ ਲੋਕਾਂ ਦੀ ਇੰਨਟਰਨੈੱਟ <tricities.com>

੭-ਜਸਬੀਰ ਸਿੰਘ ਆਹਲੂਵਾਲੀਆ; ਦੀ ਸੌਵਰਨਟੀ ਔਫ ਦੀ ਸਿੱਖ ਡੌਕਟਰਿਨ, ਬਾਹਰੀ ਪਬਲੀਕੇਸ਼ਨਜ਼, ਨੀਊ ਦਿੱਲੀ, ੧੯੮੩, {੭-ੳ ਪੰਨਾ ੧੫-੧੬; ੭-ਅ ਪੰਨਾ ੧੦-੧੨}।

੮-ਸਰਜੀਤ ਸਿੰਘ ਸੰਧੂ; ਸਿੱਖਇਜ਼ਮ: ਏ ਯੂਨੀਕੁ ਰਿਲਿਜਨ, ਇੰਟਰਨੈਸ਼ਲ ਸਿੱਖ ਇਨਸਟੀਟੂਟ ਫਾਰ ਰੀਸਰਚ ਐਂਡ ਟੀਚਇਨਗ, ਹਰਕੂਲੀਸ, ਕੈਲਿਫੋਰਨੀਆ, ੨੦੦੮। {੮-ੳ ਪੰਨਾ ੨੯ ਤਾਮਿੁ; ੮-ਅ ਪੰਨਾ ੨੪ ੴ; ੮-ੲ ਪੰਨਾ ੪੯ ਸਲੋਕ ੩੮}।
.