.

ਗੁਰਬਾਣੀ ਦਾ ਸੱਚ

(ਕਿਸ਼ਤ ਨੰ: 11)

ਗੁਰਬਾਣੀ ਦਾ ਸੱਚ (ਸੁਰਗ)

ਸੁਰਗ ਅਤੇ ਨਰਕ ਦਾ ਸੰਕਲਪ ਲਗਭਗ ਹਰੇਕ ਧਰਮ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਮਿਲਦਾ ਹੈ। ਇਸ ਵਿਸ਼ਵਾਸ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ ਮਨੁੱਖ (ਆਤਮਾ) ਨੂੰ ਸੰਸਾਰ ਵਿੱਚ ਕੀਤੇ ਚੰਗੇ-ਮੰਦੇ ਕਰਮਾਂ ਦੀ ਸਜ਼ਾ ਜਾਂ ਫਲ ਮਿਲਦਾ ਹੈ। ਸ਼ੁਭ ਕਰਮ ਕਰਨ ਵਾਲਿਆਂ ਨੂੰ ਸੁਰਗ `ਚ ਐਸ਼ੋ-ਅਰਾਮ ਦੇ ਰੂਪ ਵਿੱਚ ਫਲ ਅਤੇ ਭੈੜੇ ਕਰਮ ਕਰਨ ਵਾਲਿਆਂ ਨੂੰ ਨਰਕ `ਚ ਸਜ਼ਾ ਮਿਲਦੀ ਹੈ। ਭਿੰਨ ਭਿੰਨ ਧਰਮਾਂ ਵਿੱਚ ਕਈ ਤਰ੍ਹਾਂ ਦੇ ਆਪਸੀ ਮੱਤ-ਭੇਦ ਹੋਣ ਦੇ ਬਾਵਜੂਦ ਸੁਰਗ-ਨਰਕ ਬਾਰੇ ਕੁੱਝ ਕੁ ਗੱਲਾਂ ਸਾਂਝੀਆਂ ਹਨ। ਸੁਰਗ ਵਿੱਚ ਹਰੇਕ ਤਰ੍ਹਾਂ ਦੀਆਂ ਸੁਖ ਸੁਵਿਧਾਵਾਂ ਉਪਲਭਦ ਹਨ ਅਤੇ ਨਰਕ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਦਿਲ ਕੰਬਾਊ ਸਜ਼ਾਵਾਂ। ਨਰਕ ਵਿੱਚ ਮਿਲਦੀਆਂ ਸਜ਼ਾਵਾਂ ਤਾਂ ਲਗਭਗ ਮਿਲਦੀਆਂ ਜੁਲਦੀਆਂ ਹੀ ਹਨ ਪਰੰਤੂ ਸੁਰਗ ਵਿੱਚ ਉਪਲਭਦ ਸੁਖ-ਸੁਵਿਧਾਵਾਂ ਵਿੱਚ ਭਿੰਨਤਾ ਹੈ। ਇਸ ਭਿੰਨਤਾ ਦਾ ਆਧਾਰ ਭੁਗੋਲਕ ਸਥਿਤੀ ਹੈ। ਜਿਨ੍ਹਾਂ ਧਰਮਾਂ ਦੀ ਉਤਪਤੀ ਅਤੇ ਵਿਕਾਸ ਸਰਦ ਇਲਾਕੇ ਵਿੱਚ ਹੋਇਆ, ਉਨ੍ਹਾਂ ਦੇ ਮੰਨੇ ਹੋਏ ਸੁਰਗ ਵਿੱਚ ਮਿਲਣ ਵਾਲੀਆਂ ਸੁਵਿਧਾਵਾਂ, ਗਰਮ ਇਲਾਕਿਆਂ `ਚ ਪ੍ਰਫੁਲਤ ਹੋਣ ਵਾਲੇ ਧਰਮਾਂ ਦੇ ਸੁਰਗ `ਚ ਮਿਲਣ ਵਾਲੀਆਂ ਸੁਵਿਧਾਵਾਂ ਨਾਲੋਂ ਭਿੰਨ ਹਨ। ਹਾਂ, ਇਸ ਗੱਲ ਨਾਲ ਸਾਰੇ ਹੀ ਸਹਿਮਤ ਹਨ ਕਿ ਸੁਰਗ ਵਿੱਚ ਹਰੇਕ ਤਰ੍ਹਾਂ ਦੀਆਂ ਸੁਖ ਸੁਵਿਧਾਵਾਂ ਮਿਲਦੀਆਂ ਹਨ। ਇਸ ਸਬੰਧ ਵਿੱਚ ਸੰਖੇਪ ਵਿੱਚ ਇਤਨਾ ਕੁ ਹੀ ਕਿਹਾ ਜਾ ਸਕਦਾ ਹੈ ਕਿ, ਜੋ ਵਸਤੂ ਮਨੁੱਖ ਨੂੰ ਇਸ ਧਰਤੀ `ਤੇ ਹਾਸਲ ਨਹੀਂ, ਉਸ ਦੀ ਪ੍ਰਾਪਤੀ ਸੁਰਗ ਵਿੱਚ ਕਲਪੀ ਗਈ ਹੈ।
ਸਾਡਾ ਮਨੋਰਥ ਚੂੰਕਿ ਗੁਰੂ ਗ੍ਰੰਥ ਸਾਹਿਬ `ਚੋਂ ਗੁਰਬਾਣੀ ਦੇ ਸੱਚ ਨੂੰ ਸਮਝਣਾ ਅਥਵਾ ਦੇਖਣਾ ਹੀ ਹੈ, ਇਸ ਲਈ ਅਸੀਂ ਨਰਕ ਸੁਰਗ ਬਾਰੇ ਅਨਮਤੀ ਧਾਰਨਾ ਦੀ ਵਿਸਤ੍ਰਿਤ ਚਰਚਾ ਕਰਨ ਤੋਂ ਸੰਕੋਚ ਕਰਦੇ ਹੋਏ ਕੇਵਲ ਬਾਣੀਕਾਰਾਂ ਵਲੋਂ ਵਰਤੇ ਸ਼ਬਦਾਂ (ਸੁਰਗ, ਬੈਕੁੰਠ, ਬਹਿਸ਼ਤ ਅਤੇ ਭਿਸ਼ਤ) ਦੀ ਹੀ ਚਰਚਾ ਕਰ ਰਹੇ ਹਾਂ।
ਸੁਰਗ/ਸਵਰਗ
ਸੁਰਗ/ਸਵਰਗ ਨੂੰ ਦੇਵਪੁਰੀ, ਇੰਦ੍ਰਪੁਰੀ, ਦੇਵਭਵਨ, ਸੇਵਾਲਯ, ਦੇਵਲੋਕ ਆਦਿ ਵੀ ਆਖਿਆ ਜਾਂਦਾ ਹੈ। ਇਸ ਦਾ ਸੁਆਮੀ ਦੇਵਤਿਆਂ ਦੇ ਰਾਜਾ ਇੰਦ੍ਰ ਦੇਵਤੇ ਨੂੰ ਮੰਨਿਆ ਗਿਆ ਹੈ। ਸੁਰਗ ਅਥਵਾ ਇੰਦ੍ਰਪੁਰੀ ਤੋਂ ਇਲਾਵਾ ਕੁੱਝ ਹੋਰ ਪੁਰੀਆਂ/ਲੋਕ ਵੀ ਮੰਨੇ ਗਏ ਹਨ। ਜਿਵੇਂ ਬ੍ਰਹਮ ਪੁਰੀ, ਸ਼ਿਵ ਪੁਰੀ ਆਦਿ। ਹਰੇਕ ਦੇਵਤੇ ਦੀ ਆਪਣੀ ਵੱਖਰੀ ਪੁਰੀ ਮੰਨੀ ਗਈ ਹੈ। ਆਪੋ ਆਪਣੇ ਦੇਵਤੇ/ਇਸ਼ਟ ਦੀ ਪੁਰੀ/ਲੋਕ ਵਿੱਚ ਪਹੁੰਚਣ ਲਈ ਸ਼ਰਧਾਲੂ ਆਪਣੇ ਇਸ਼ਟ ਨੂੰ ਪ੍ਰਸੰਨ ਕਰਕੇ ਉਸ ਨਾਲ ਸਬੰਧਤ ਲੋਕ/ਪੁਰੀ ਵਿੱਚ ਜਾਣ ਦੀ ਇੱਛਾ ਰੱਖਦੇ ਹਨ।
ਵੇਦਾਂ (ਰਿਗ, ਯਜੁਰ ਅਤੇ ਸਾਮ) ਵਿੱਚ ਸੁਰਗ-ਨਰਕ ਦਾ ਸੰਕਲਪ ਨਹੀਂ ਹੈ। ਸੁਰਗ -ਨਰਕ ਦੀ ਧਾਰਨਾ ਕਾਫ਼ੀ ਬਾਅਦ ਵਿਚ, ਪਹਿਲਾਂ ਉਪਨਿਸ਼ਦਾਂ ਅਤੇ ਫਿਰ ਪੁਰਾਣ ਸਾਹਿਤ ਵਿੱਚ ਪ੍ਰਚਲਤ ਹੋਈ ਹੈ। “ਉਪਨਿਸ਼ਦਾਂ ਅਨੁਸਾਰ ਜਿਨ੍ਹਾਂ ਲੋਕਾਂ ਨੂੰ ਪੂਰਣ-ਗਿਆਨ ਪਰਾਪਤ ਹੋ ਜਾਂਦਾ ਹੈ, ਉਹ ਬ੍ਰਹਮ–ਲੋਕ ਵਿੱਚ ਜਾਂਦੇ ਹਨ। ਜਿਨ੍ਹਾਂ ਪ੍ਰਾਣੀਆਂ ਦਾ ਗਿਆਨ ਅਪੂਰਣ ਹੁੰਦਾ ਹੈ, ਉਹ ਸਵਰਗ ਵਿੱਚ ਜਾਂਦੇ ਹਨ ਅਤੇ ਆਪਣੇ ਸ਼ੁਭ ਕਰਮਾਂ ਅਨੁਸਾਰ ਫਲ ਭੋਗ ਕੇ ਫਿਰ ਸੰਸਾਰ ਵਿੱਚ ਜਨਮ ਲੈਂਦੇ ਹਨ। ਪਰ ਜੋ ਲੋਕ ਅਗਿਆਨੀ ਹਨ, ਉਹ ਨਰਕਾਂ ਵਿੱਚ ਦੁਖ ਭੋਗਦੇ ਹਨ ਜਾਂ ਫਿਰ ਜਨਮ ਧਾਰਣ ਕਰਦੇ ਹਨ।
ਸਵਰਗ ਅਤੇ ਨਰਕ ਦਾ ਸੰਕਲਪ ਪੁਰਾਣਾਂ ਵਿੱਚ ਅਧਿਕ ਵਿਕਸਿਤ ਹੋਇਆ ਹੈ। ‘ਪਦਮ-ਪੁਰਾਣ’ (ਸਵਰਗ-ਖੰਡ) ਵਿੱਚ ਸਵਰਗ ਦਾ ਵਰਣਨ ਕਰਦਿਆਂ ਲਿਖਿਆ ਗਿਆ ਹੈ ਕਿ ਇਸ ਵਿੱਚ ਬਹੁਤ ਸੁੰਦਰ ਬਾਗ਼ ਅਤੇ ਉਪਵਨ ਹਨ। ਹਰ ਪਾਸੇ ਫੁੱਲਾਂ ਨਾਲ ਲੱਦੇ ਬ੍ਰਿਛ ਲਹਿਰਾ ਰਹੇ ਹਨ। ਬੈਠਣ ਲਈ ਚਾਂਦੀ ਦੇ ਆਸਣ ਅਤੇ ਸੌਣ ਲਈ ਸੁਨਹਿਰੀ ਪਲੰਘ ਹਨ। ਰਹਿਣ ਲਈ ਸੁੰਦਰ ਮਹੱਲ ਹਨ, ਸੇਵਾ ਲਈ ਮਨਮੋਹਣੀਆਂ ਅਪਛਰਾਵਾਂ ਹਨ। (ਨੋਟ: ਕਈਆਂ ਅਨੁਸਾਰ ਅਪਸਰਾਂ ਕੇਵਲ ਉਨ੍ਹਾਂ ਸ਼ੂਰਬੀਰ ਯੋਧਿਆਂ ਨੂੰ ਹੀ ਮਿਲਦੀਆਂ ਹਨ, ਜਿਨ੍ਹਾਂ ਨੇ ਯੁੱਧ ਵਿੱਚ ਨਿਰਭੈ ਲੜਦਿਆਂ ਹੋਇਆਂ ਆਪਣੇ ਪ੍ਰਾਣ ਤਿਆਗੇ ਹਨ।) ਮਨੋਰੰਜਨ ਲਈ ਗੰਧਰਵਾਂ ਦੀ ਵਿਵਸਥਾ ਹੈ। ਅਸਲੋਂ ਸਵਰਗ ਵਿੱਚ ਹਰ ਪ੍ਰਕਾਰ ਦੀਆਂ ਸੁਵਿਧਾਵਾਂ ਉਪਲਬਧ ਹਨ। ਇਸ ਵਿੱਚ ਕਿਸੇ ਕਿਸਮ ਦੀ ਕੋਈ ਬੀਮਾਰੀ ਜਾਂ ਦੁਖ-ਸੰਤਾਪ ਨਹੀਂ। ਸ਼ੁਭ ਕਰਮਾਂ ਕਰਕੇ ਹੀ ਵਿਅਕਤੀ ਇਥੇ ਪਹੁੰਚ ਸਕਦਾ ਹੈ। ਕੁੱਝ ਲੋਕ ਇਸ ਦਾ ਟਿਕਾਣਾ ਮੇਰੂ ਪਰਬਤ ਤੇ ਮੰਨਦੇ ਹਨ, ਕੁੱਝ ਇਸ ਨੂੰ ਸੂਰਜ ਲੋਕ ਤੋਂ ਲੈ ਕੇ ਧਰੂ ਲੋਕ ਤੱਕ ਦੱਸਦੇ ਹਨ। ਨੰਦਨ ਬਾਗ਼ ਵਰਗੇ ਸੁੰਦਰ, ਬਗੀਚਿਆਂ, ਸੋਹਣੇ ਮਹਲ ਮੰਦਰਾਂ, ਮਨਮੋਹਨੀਆਂ ਅਪੱਸਰਾਂ ਤੇ ਗੰਧਰਬਾਂ ਦੀ ਗਵੈਸ਼ ਇਸ ਨੂੰ ਰਮਣੀਕ ਬਣਾਉਂਦੀ ਹੈ।
ਇਸ ਦੀ ਸਥਿਤੀ ਬਾਰੇ ਵੀ ਕਈ ਪ੍ਰਕਾਰ ਦੇ ਵਿਵਰਣ ਮਿਲਦੇ ਹਨ। ਇੱਕ ਮਤ ਅਨੁਸਾਰ ਇਹ ਧਰਤੀ ਤੋਂ ਉਪਰ, ਸੂਰਜ ਲੋਕ ਤੋਂ ਪਰੇ, ਸੂਰਜ ਅਤੇ ਧਰੂ ਲੋਕ ਦੇ ਵਿਚਕਾਰ ਸਥਿਤ ਹੈ। ਦੂਜੇ ਮਤ ਅਨੁਸਾਰ ਇਹ ਇਲਾਵ੍ਰਿਤ ਦੀਪ (ਜੰਬੂ ਦੀਪ ਦੇ ਨੌਂ ਭਾਗਾਂ ਵਿਚੋਂ ਇਕ) ਵਿੱਚ ਸੁਮੇਰ ਪਰਬਤ ਦੇ ਉੱਤਰ ਵਲ ਹੈ। ਸਾਧਾਰਣ ਰੂਪ ਵਿੱਚ ਇੰਦ੍ਰ ਨੂੰ ਸਵਰਗ ਦਾ ਸੁਆਮੀ ਮੰਨਿਆ ਜਾਂਦਾ ਹੈ। ਇੰਦ੍ਰ-ਪਦ ਵਿਅਕਤੀ ਸੂਚਕ ਨਹੀਂ, ਉਪਾਧੀ ਦਾ ਲਖਾਇਕ ਹੈ। ਹਰ ਸੌ ਦੈਵੀ –ਵਰ੍ਹਿਆਂ ਬਾਦ ਇੰਦ੍ਰ ਦੀ ਬਦਲੀ ਹੁੰਦੀ ਹੈ। ਇਸ ਪਦ ਨੂੰ ਪ੍ਰਾਪਤ ਕਰਨ ਲਈ ਰਿਸ਼ੀਆਂ, ਮੁਨੀਆਂ, ਰਾਜਿਆਂ, ਦੈਂਤਾਂ ਨੇ ਵੀ ਯੱਗ ਅਤੇ ਤਪਸਿਆ ਕੀਤੀ ਹੈ।
ਪੁਰਾਣ-ਸਾਹਿਤ ਵਿੱਚ ਸੰਪਰਦਾਇਕ ਵਿਚਾਰਧਾਰਾ ਦੇ ਵਿਕਸਿਤ ਹੋ ਜਾਣ ਤੋਂ ਬਾਦ ਹਰ ਪ੍ਰਮੁਖ ਦੇਵਤੇ ਦੇ ਅਨੁਯਾਈਆਂ ਨੇ ਆਪਣੇ ਆਪਣੇ ਦੇਵਤੇ ਦੇ ਸਵਰਗ ਵਿੱਚ ਜਾਣ ਦੀ ਗੱਲ ਕੀਤੀ ਹੈ। ਇਸ ਤਰ੍ਹਾਂ ਸਵਰਗਾਂ ਦੇ ਵੀ ਕਈ ਸਰੂਪ ਅਤੇ ਭੇਦ ਪ੍ਰਚਲਿਤ ਹੋ ਗਏ ਹਨ। ‘ਪਦਮ-ਪੁਰਾਣ’ ਵਿੱਚ ਮੁੱਖ ਤੌਰ ਤੇ ਪੰਜ ਸਵਰਗ ਦਸੇ ਗਏ ਹਨ। ਜਿਵੇਂ ਇੰਦ੍ਰ-ਪੁਰੀ, ਬੈਕੁੰਠ-ਪੁਰੀ, ਕੈਲਾਸ਼-ਪੁਰੀ, ਅਲਕਾ ਪੁਰੀ ਅਤੇ ਬ੍ਰਹਮ-ਲੋਕ (ਬ੍ਰਹਮ-ਪੁਰੀ)। ‘ਨਰਸਿੰਹ ਪੁਰਾਣ’ ਵਿੱਚ ਸਮੇਰ ਪਰਬਤ ਦੀਆਂ ਤਿੰਨ ਚੋਟੀਆਂ ਨੂੰ ਹੀ ਸਵਰਗ ਮੰਨਿਆ ਗਿਆ ਹੈ।
ਤਿੰਨ –ਲੋਕਾਂ ਦੀ ਕਲਪਨਾ ਅਨੁਸਾਰ ‘ਸਵਰਗ-ਲੋਕ’ ਆਕਾਸ਼ ਵਿੱਚ ਹੈ,’ ਪਾਤਾਲ-ਲੋਕ’ ਧਰਤੀ ਦੇ ਹੇਠਾਂ ਹੈ ਅਤੇ ‘ਮਾਤ–ਲੋਕ’ ਧਰਤੀ ਉਪਰ ਹੈ। ਪੁਰਾਣਾਂ ਅਨੁਸਾਰ ਸਵਰਗ ਦੀ ਸਥਾਨਗਤ/ਸਥਾਨਕ ਹੋਂਦ ਹੈ।” (ਸਿੱਖ ਪੰਥ ਵਿਸ਼ਵਕੋਸ਼-ਭਾਗ ਪਹਿਲਾ)
ਜਿਵੇਂ ਪੁਰਾਣਾਂ ਵਿੱਚ ਸੁਰਗ ਲੋਕ ਦੇ ਸਥਾਨ ਬਾਰੇ ਇੱਕ ਮਤ ਨਹੀਂ ਹੈ ਉਸੇ ਤਰ੍ਹਾਂ ਸੁਰਗਾਂ ਦੀ ਗਿਣਤੀ ਬਾਰੇ ਮਤਭੇਦ ਹਨ। ਸ਼੍ਰੀ ਨਰ ਸਿੰਹ ਪੁਰਾਣ ਅਨੁਸਾਰ, ਮੇਰੂਗਿਰੀ ਦੇ ਉਪਰੀ ਭਾਗ ਵਿੱਚ ਤਿੰਨ ਸ਼ਿਖਰ ਹਨ, ਜਿੱਥੇ ਸਵਰਗ ਲੋਕ ਵਸਿਆ ਹੋਇਆ ਹੈ। ਮੇਰੂ ਦੇ ਉਹ ਸਵਰਗੀਯ ਸ਼ਿਖਰ ਕਈ ਪ੍ਰਕਾਰ ਦੇ ਬ੍ਰਿਛ ਅਤੇ ਲਤਾਵਾਂ (ਬੇਲਾਂ) ਨਾਲ ਆਵ੍ਰਿਤ (ਢਕਿਆ/ਘਿਰਿਆ) ਤਥਾ ਭਾਂਤ–ਭਾਂਤ ਦੇ ਫੁਲਾਂ ਨਾਲ ਸੁਸ਼ੋਭਤ ਹਨ। … “ਮੇਰੂ ਪਰਬਤ ਦੀ ਚੋਟੀ `ਤੇ ਕੁਲ ਇੱਕੀ ਸਵਰਗ ਵਸੇ ਹੋਏ ਹਨ।” ਇਸੇ ਪੁਰਾਣ ਅਨੁਸਾਰ ਇਨ੍ਹਾਂ ਇੱਕੀ ਸੁਰਗਾਂ ਦੇ ਨਾਮ ਇਸ ਤਰ੍ਹਾਂ ਹਨ: ਅਨੰਦ, ਪ੍ਰਮੋਦ, ਸੌਖਯ, ਨਿਰਮਲ ਜਾਂ ਅਤਿਨਿਰਮਲ, ਤ੍ਰਿਵਿਸ਼ਟ, ਨਾਕਪ੍ਰਿਸ਼ਟ, ਨਿਵ੍ਰਿਤੀ, ਪੌਸ਼ਟਕ, ਸੌਭਾਗਯ, ਅਪਸਰਾ, ਨਿਰਹੰਕਾਰ, ਸ਼ਾਂਤੀਕ, ਨਿਰਮਲ, ਪੁਨੰਯਾਹ, ਮੰਗਲ, ਸ਼੍ਰੇਤ, ਪਰਮਾਰਥ, ਮਨਮੰਥ, ਉਪਸ਼ੋਭਨ, ਸਵਰਗਰਾਜ, ਸ਼ੁਭ, ਨਿਰਮਲ, ਨਿਰਹੰਕਾਰ। (ਅਧਿਆਏ 30) ਨੋਟ: ਸ਼੍ਰੀ ਨਰ ਸਿੰਹ ਪੁਰਾਣ ਅਨੁਸਾਰ ਹੀ ਮੇਰੂਗਿਰੀ ਦੇ ਵਿਚਕਾਰਲੇ ਭਾਗ ਵਿੱਚ ਬ੍ਰਹਮਪੁਰੀ ਹੈ, ਪੂਰਵੀ ਭਾਗ ਵਿੱਚ ਇੰਦ੍ਰ ਦੀ ਪੁਰੀ ਅਮਰਾਵਤੀ ਹੈ, ਅਗਨਿਕੋਣ ਵਿੱਚ ਤੇਜੋਵਤੀ ਪੁਰੀ ਹੈ, ਦਖਣ ਵਿੱਚ ਯਮਰਾਜ ਦੀ ਸੰਯਮਨੀ ਆਦਿ ਪੁਰੀਆਂ ਹਨ। ਨੋਟ: ਸ਼੍ਰੀ ਨਰਸਿੰਹੁ ਪੁਰਾਣ ਦੇ ਲੇਖਕ ਦਾ ਇਹ ਮੰਣਨਾ ਹੈ ਕਿ “ਸੁਰਗ ਕੇਵਲ ਭਾਰਤ ਵਰਸ਼ ਵਿੱਚ ਹੀ ਕਰਮ ਕਰਨ ਵਾਲੇ ਮਨੁੱਖ ਪ੍ਰਾਪਤ ਕਰਨਗੇ. . ਜਿਨ੍ਹਾਂ ਨੇ ਭਾਰਤਵਰਸ਼ ਵਿੱਚ ਰਹਿ ਕੇ ਪੁੰਨ ਕਰਮ ਕੀਤੇ ਹਨ, ਉਨ੍ਹਾਂ ਦਾ ਤਥਾ ਦੇਵਤਿਆਂ ਦਾ ਉੱਥੇ (ਸੁਰਗ) ਨਿਵਾਸ ਹੈ।”
ਇਹ ਵੀ ਦੱਸਿਆ ਗਿਆ ਹੈ ਕਿ ਮਨੁੱਖ ਕੇਹੜੇ ਕਰਮ ਨਾਲ ਕਿਸ ਸੁਰਗ ਵਿੱਚ ਜਾਂਦਾ ਹੈ। ਜਿਵੇਂ: “ਸੋਨਾ ਅਤੇ ਗਉ ਦਾਨ ਕਰਨ ਨਾਲ ਦਾਨੀ ‘ਨਿਰਹੰਕਾਰ’ ਨਾਮ ਵਾਲੇ ਸੁਰਗ ਨੂੰ ਪਾਉਂਦਾ ਹੈ। ਸ਼ੁੱਧ ਭਾਵ ਨਾਲ ਭੂਮੀ ਦਾਨ ਕਰਕੇ ਮਨੁੱਖ ‘ਸ਼ਾਂਤੀ’ ਨਾਮਕ ਪ੍ਰਸਿੱਧ ਸੁਰਗਧਾਮ ਨੂੰ ਪਾਉਂਦਾ ਹੈ। ਚਾਂਦੀ ਦਾਨ ਕਰਨ ਨਾਲ ਮਨੁੱਖ ਨੂੰ ‘ਨਿਰਮਲ’ ਨਾਮਕ ਸੁਰਗ ਦੀ ਪ੍ਰਾਪਤੀ ਹੁੰਦੀ ਹੈ। … ਬ੍ਰਹਾਮਣਾਂ ਨੂੰ ਤ੍ਰਿਪਤ ਕਰਕੇ ਉਨ੍ਹਾਂ ਨੂੰ ਭਗਤੀ ਭਾਵ ਨਾਲ ਵਸਤ੍ਰ ਦਾਨ ਕਰਨ ਵਾਲਾ ‘ਸ਼ਵੇਤ’ ਨਾਮਕ ਸੁਰਗ ਨੂੰ ਪਾਉਂਦਾ ਹੈ।” (ਸ਼੍ਰੀ ਨਰ ਸਿੰਹ ਪੁਰਾਣ)
ਗੁਰੂ ਗ੍ਰੰਥ ਸਾਹਿਬ ਵਿੱਚ ਸੁਰਗ ਸ਼ਬਦ ਤੋਂ ਇਲਾਵਾ ਇਸ ਸ਼ਬਦ ਦੇ ਸਮਾਨਾਰਥ ਸ਼ਬਦ ਬੈਕੁੰਠ, ਬਹਿਸ਼ਤ, ਭਿਸ਼ਤ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਬਹਿਸ਼ਤ ਅਤੇ ਭਿਸ਼ਤ ਇਸਲਾਮਿਕ ਸ਼ਬਦਾਵਲੀ ਹੈ ਅਤੇ ਇਸ ਦਾ ਭਾਵ-ਅਰਥ ਸੁਰਗ ਹੀ ਹੈ। ਗੁਰਮਤਿ ਦਾ ਸੁਰਗ ਆਦਿ ਬਾਰੇ ਦ੍ਰਿਸ਼ਟੀਕੋਣ ਜਾਣਨ ਤੋਂ ਪਹਿਲਾਂ ਬੈਕੁੰਠ ਅਤੇ ਬਹਿਸ਼ਤ/ਭਿਸਤ ਬਾਰੇ ਵੀ ਸੰਖੇਪ ਵਿੱਚ ਚਰਚਾ ਕਰ ਰਹੇ ਹਾਂ।
ਬੈਕੁੰਠ
ਵਿਸ਼ਨੂੰ, ਜੋ ਪੁਰਾਣਾਂ ਅਨੁਸਾਰ ਜਗਤ ਦੇ ਪਾਲਣਹਾਰ ਹਨ, ਦੀ ਪੁਰੀ ਦਾ ਨਾਮ ‘ਵਿਸ਼ਨੂੰਪੁਰੀ’ ਹੈ। ਇਸ ਵਿਸ਼ਨੂੰਪੁਰੀ ਨੂੰ ਹੀ ਬੈਕੁੰਠ ਕਿਹਾ ਗਿਆ ਹੈ। ਪਿੱਛੋਂ ਆ ਕੇ ਇਸ ਸ਼ਬਦ (ਬੈਕੁੰਠ) ਲਈ ਸੁਰਗ ਸ਼ਬਦ ਦੀ ਵਰਤੋਂ ਹੋਣ ਲਗ ਪਈ। ਇਸ ਦਾ ਟਿਕਾਣਾ ਕਈ ਸੁਮੇਰ ਪਰਬਤ ਉਤੇ ਅਤੇ ਕਈ ਉੱਤਰੀ ਸਾਗਰ ਵਿੱਚ ਮੰਨਦੇ ਹਨ।
ਨੋਟ: ਵਿਸ਼ਨੂੰ ਪੁਰਾਣ ਅਨੁਸਾਰ ਸੁਮੇਰ ਪਰਬਤ ਉੱਤਰਾ ਖੰਡ ਦਾ ਇੱਕ ਬਹੁਤ ਉੱਚਾ ਪਰਬਤ ਹੈ, ਜੋ ਦਰਿਆ ਗੰਗਾ ਦਾ ਨਿਕਾਸ-ਸਥਾਨ ਹੋਣ ਕਰ ਕੇ ਰੁਦ੍ਰ ਹਿਮਾਲਯ ਦੇ ਨਾਂ ਨਾਲ ਮਸ਼ਹੂਰ ਹੈ। ਇਸ ਪਰਬਤ ਦੀਆਂ ਪੰਜ ਚੋਟੀਆਂ ਹਨ-ਰੁਦ੍ਰ ਹਿਮਲਯ, ਵਿਸ਼ਨੂੰ ਪੁਰੀ, ਬ੍ਰਹਮ ਪੁਰੀ, ਉਦਗਾਰੀ ਕੰਠ ਅਤੇ ਸਵਰਗਾਰੋਹਣ।
ਗੁਰੂ ਗ੍ਰੰਥ ਵਿਸ਼ਵਕੋਸ਼ ਦੇ ਕਰਤਾ ਡਾਕਟਰ ਰਤਨ ਸਿੰਘ ਜੱਗੀ ਅਨੁਸਾਰ, “ਹਿੰਦੂ ਧਰਮ ਵਿੱਚ ਇਹ ਸਵਰਗ ਦਾ ਹੀ ਇੱਕ ਭੇਦ ਮੰਨਿਆ ਜਾਂਦਾ ਹੈ। ਭਾਰਤੀ ਮਿਥਿਹਾਸ ਵਿੱਚ ਕਈ ਪ੍ਰਕਾਰ ਦੇ ਸਵਰਗਾਂ ਦੀ ਕਲਪਨਾ ਕੀਤੀ ਗਈ ਹੈ। ਅਸਲ ਵਿਚ, ਪੁਰਾਣ–ਯੁਗ ਵਿੱਚ ਜਦੋਂ ਸੰਪਰਦਾਇਕ ਰੁਚੀਆਂ ਦਾ ਵਿਕਾਸ ਹੋਇਆ ਤਾਂ ਜਿਗਿਆਸੂਆਂ ਨੇ ਆਪਣੇ –ਆਪਣੇ ਇਸ਼ਟਦੇਵ ਅਨੁਸਾਰ ਸਵਰਗ ਦੀ ਕਲਪਨਾ ਸ਼ੁਰੂ ਕਰ ਦਿੱਤੀ। ਫਲਸਰੂਪ ਵੱਖਰੇ –ਵੱਖਰੇ ਸਵਰਗ ਵਿਚਾਰੇ ਗਏ। ਉਨ੍ਹਾਂ ਸਾਰਿਆ ਸਵਰਗਾਂ ਵਿਚੋਂ ‘ਬੈਕੁੰਠ’ (ਵੈਕੁੰਠ) ਸਰਵ-ਸ੍ਰੇਸ਼ਠ ਹੈ। ਇਥੇ ਵਿਸ਼ਣੂ ਦਾ ਨਿਵਾਸ ਦਸਿਆ ਜਾਂਦਾ ਹੈ।
ਪੁਰਾਣਾਂ ਵਿੱਚ ਵਰਣਿਤ ਆਖਿਆਨਾਂ (ਕਥਾ) ਵਿੱਚ ਬੈਕੁੰਠ ਨੂੰ ਅੱਸੀ ਹਜ਼ਾਰ ਮੀਲ ਦੇ ਘੇਰੇ ਵਿੱਚ ਪਸਰਿਆ ਹੋਇਆ ਦਸਿਆ ਗਿਆ ਹੈ। ਇਸ ਦਾ ਵਾਤਾਵਰਣ ਸੁੰਦਰ ਅਤੇ ਸ਼ਾਂਤ ਹੈ। ਧਰਤੀ ਸੋਨਰੰਗੀ ਹੈ ਜਿਸ ਉਤੇ ਕੀਮਤੀ ਪੱਥਰਾਂ ਨਾਲ ਜੜ੍ਹੇ ਹੋਏ ਆਵਾਸ (ਘਰ, ਰਹਿਣ ਦੀ ਥਾਂ) ਬਣੇ ਹੋਏ ਹਨ। ਬੈਕੁੰਠ ਵਿੱਚ ਪੰਜ ਸਰੋਵਰ ਵੀ ਹਨ ਜਿਨ੍ਹਾਂ ਵਿੱਚ ਚਿੱਟੇ, ਲਾਲ, ਅਤੇ ਨੀਲੇ ਕਮਲ ਸੁਭਾਇਮਾਨ ਹਨ ਅਤੇ ਉਨ੍ਹਾਂ ਦੇ ਸੱਜੇ ਪਾਸੇ ਲਕਸ਼ਮੀ ਬੈਠੀ ਹੋਈ ਹੈ। ਵਿਸ਼ਣੂ ਦੀ ਆਭਾ ਨਾਲ ਬੈਕੁੰਠ ਪ੍ਰਕਾਸ਼ਿਤ ਰਹਿੰਦਾ ਹੈ ਅਤੇ ਲਕਸ਼ਮੀ ਦੇ ਸਰੀਰ ਦੀ ਸੁਗੰਧੀ ਨਾਲ ਮਹਿਕਦਾ ਰਹਿੰਦਾ ਹੈ।
ਧਰਮ-ਸ਼ਾਸਤ੍ਰ ਅਨੁਸਾਰ ਕੋਈ ਜੀਵਾਤਮਾ ਗਿਆਨ ਦਾ ਲਾਭ ਅਤੇ ਮੋਕਸ਼ ਦੀ ਪ੍ਰਾਪਤੀ ਈਸ਼ਵਰ ਦੀ ਕ੍ਰਿਪਾ ਤੋਂ ਬਿਨਾ ਨਹੀਂ ਕਰ ਸਕਦੀ। ਜਦੋਂ ਉਸ ਉਤੇ ਈਸ਼ਵਰ ਦੀ ਕ੍ਰਿਪਾ ਹੋ ਜਾਂਦੀ ਹੈ ਅਤੇ ਉਹ ਉਸ ਦੀ ਭਗਤੀ ਵਿੱਚ ਮਗਨ ਹੋ ਜਾਂਦੀ ਹੈ ਤਾਂ ਉਸ ਨੂੰ ਈਸ਼ਵਰ ਵਿੱਚ ਵਿਲੀਨਤਾ ਪ੍ਰਾਪਤ ਨਹੀਂ ਹੁੰਦੀ ਸਗੋਂ ਬੈਕੁੰਠ ਵਿੱਚ ਈਸ਼ਵਰ ਦਾ ‘ਸਾਯੁਜਯ (ਅਭੇਦਤਾ, ਇਕਮਿਕਤਾ ਦੀ ਅਵਸਥਾ) ਪ੍ਰਾਪਤ ਹੁੰਦਾ ਹੈ।”
ਬਹਿਸ਼ਤ
ਗੁਰੂ ਗ੍ਰੰਥ ਵਿਸ਼ਵਕੋਸ਼ ਵਿੱਚ ਇਸ ਦੇ ਸਬੰਧ ਵਿੱਚ ਇਉਂ ਲਿਖਿਆ ਹੋਇਆ ਹੈ, “ਹਿੰਦੂ ਧਰਮ ਵਿਚਲੀ ਸਵਰਗ ਦੀ ਕਲਪਨਾ ਦੇ ਸਮਾਨਾਂਤਰ ਇਸਲਾਮ ਵਿੱਚ ‘ਬਹਿਸ਼ਤ’ ਦੀ ਕਲਪਨਾ ਹੋਈ ਹੈ. . ਇਸ ਦਾ ਇੱਕ ਨਾਮਾਂਤਰ ‘ਜੰਨਤ’ ਵੀ ਹੈ। (ਪੁਰਾਣ ਸਾਹਿਤ ਵਿੱਚ ਜਿਵੇਂ ਇੱਕ ਤੋਂ ਵਧੀਕ ਸੁਰਗ ਲੋਕਾਂ ਦੀ ਹੋਂਦ ਮੰਨੀ ਗਈ ਹੈ ਉਸੇ ਤਰ੍ਹਾਂ ਬਹਿਸ਼ਤ `ਚ ਵਿਸ਼ਵਾਸ ਕਰਨ ਵਾਲਿਆਂ ਅਨੁਸਾਰ ਵੀ ਇਹ ਇੱਕ ਤੋਂ ਵਧੀਕ ਹਨ) ਇਨ੍ਹਾਂ ਦੀ ਗਿਣਤੀ ਅੱਠ ਮੰਨੀ ਗਈ ਹੈ–ਖੁਲਦ, ਦਾਰੁੱਸਲਾਮ, ਦਾਰੁਲਕਰਾਰ, ਜੰਨਤਿਲਅਦਨ, ਜੰਨਤੁਲਮਾਵਾ, ਜੰਨਤੁਨਈਮ, ਅਲਈਅਨ ਅਤੇ ਫ਼ਿਰਦੌਸ. . ਬਹਿਸ਼ਤ ਬਾਰੇ ਇਹ ਵੀ ਸੰਕਲਪ ਹੈ ਕਿ ਉਥੇ ਖ਼ੂਬਸੂਰਤ ਹੂਰਾਂ, ਗਿਲਮਾਨ ਅਤੇ ਹੋਰ ਅਨੇਕ ਸੁਖਦਾਇਕ ਵਸਤੂਆਂ ਪ੍ਰਾਪਤ ਹੁੰਦੀਆਂ ਹਨ।” ਜਿਸ ਤਰ੍ਹਾਂ ਪੁਰਾਣ ਸਾਹਿਤ ਵਿੱਚ ਸੁਰਗਾਂ ਵਿੱਚ ਮਿਲਣ ਵਾਲੀਆਂ ਸੁਵਿਧਾਵਾਂ ਦਾ ਵਰਣਨ ਹੈ, ਉਸੇ ਤਰ੍ਹਾਂ ਬਹਿਸ਼ਤ ਬਾਰੇ ਵੀ ਇਸੇ ਤਰ੍ਹਾਂ ਦੀ ਧਾਰਨਾ ਪ੍ਰਚਲਤ ਹੈ। ਇਹ ਵੀ ਵਿਸ਼ਵਾਸ ਹੈ ਕਿ ਇਹ ਮੋਮਨਾਂ ਨੂੰ ਹੀ ਨਸੀਬ ਹੋਵੇਗੀ।
ਭਿਸ਼ਤ
ਫ਼ਾਰਸੀ ‘ਬਹਿਸ਼ਤ’ ਸ਼ਬਦ ਦਾ ਦੇਸੀ ਰੂਪ ‘ਭਿਸ਼ਤ’ ਹੈ, ਜਿਸ ਦਾ ਭਾਵ ਹੈ ਸੁਰਗ। ਸਾਮੀ ਮਜ਼੍ਹਬਾਂ ਅਨੁਸਾਰ ਮਰਨ ਪਿਛੋਂ ਬਹਿਸ਼ਤ ਨੇਕ ਆਤਮਾਵਾਂ ਲਈ ਹੈ ਤੇ ਦੋਜ਼ਖ ਬਦੀ ਕਰਨ ਵਾਲਿਆਂ ਲਈ। ਇਸ ਵਿੱਚ ਸੁੰਦਰ ਹੂਰਾਂ, ਗਿਲਮਾਨ (ਗ਼ੁਲਾਮ ਦਾ ਬਹੁਵਚਨ; ਜਵਾਨ ਲੜਕੇ।) ਤੇ ਚੰਗੀ ਸ਼ਰਾਬ ਦੀਆਂ ਨਦੀਆਂ ਵਹਿੰਦੀਆਂ ਦਸੀਆਂ ਜਾਂਦੀਆਂ ਹਨ। (ਗੁਰੂ ਗ੍ਰੰਥ ਸੰਕੇਤ ਕੋਸ਼)
ਜਿਵੇਂ ਅਨਮਤਾਂ ਵਿੱਚ ਮਰਨ ਮਗਰੋਂ ਨੇਕੀ ਦਾ ਫਲ ਭੋਗਣ ਲਈ ਸੁਰਗ/ਬਹਿਸ਼ਤ ਆਦਿ ਸਥਾਨਾਂ ਦੀ ਹੋਂਦ ਮੰਨੀ ਗਈ ਹੈ, ਸਿੱਖ ਜਗਤ ਨਾਲ ਸਬੰਧ ਰੱਖਣ ਵਾਲੇ ਕਈ ਵਿਦਵਾਨਾਂ ਨੇ ਵੀ ਸਚਖੰਡ ਦੀ ਹੋਂਦ ਮੰਨੀ ਹੋਈ ਹੈ। ਇਸ ਦੀ ਚਰਚਾ ਸਚਖੰਡ ਦੇ ਪ੍ਰਕਰਣ ਵਿੱਚ ਕਰਾਂਗੇ। (ਚੱਲਦਾ)
ਜਸਬੀਰ ਸਿੰਘ ਵੈਨਕੂਵਰ




.