ੴਸਤਿ
ਗੁਰ ਪ੍ਰਸਾਦਿ॥
ਹਉ ਆਇਆ
ਦੂਰਹੁ ਚਲਿ ਕੈ ਮੈ ਤਕੀ ਤਉ ਸਰਣਾਇ ਜੀਉ॥
ਗੁਣਿਵੰਤੀ॥ ਜੋ ਦੀਸੈ ਗੁਰਸਿਖੜਾ ਤਿਸ ਨਿਵਿ ਨਿਵਿ ਲਾਗਉ ਪਾਇ ਜੀਉ॥
ਆਖਾ ਬਿਰਥਾ ਜੀਅ ਕੀ ਗੁਰੁ ਸਜਣੁ ਦੇਹਿ ਮਿਲਾਇ ਜੀਉ॥
ਸੋਈ ਦਸਿ ਉਪਦੇਸੜਾ ਮੇਰਾ ਮਨੁ ਅਨਤ ਨ ਕਾਹੂ ਜਾਇ ਜੀਉ॥
ਇਹੁ ਮਨੁ ਤੈ ਕੂੰ ਡੇਵਸਾ ਮੈ ਮਾਰਗੁ ਦੇਹੁ ਬਤਾਇ ਜੀਉ॥
ਹਉ ਆਇਆ ਦੂਰਹੁ ਚਲਿ ਕੈ ਮੈ ਤਕੀ ਤਉ ਸਰਣਾਇ ਜੀਉ॥
ਮੈ ਆਸਾ ਰਖੀ ਚਿਤਿ ਮਹਿ ਮੇਰਾ ਸਭੋ ਦੁਖੁ ਗਵਾਇ ਜੀਉ॥
ਇਤੁ ਮਾਰਗਿ ਚਲੇ ਭਾਈਅੜੇ ਗੁਰੁ ਕਹੈ ਸੁ ਕਾਰ ਕਮਾਇ ਜੀਉ॥
ਤਿਆਗੇਂ ਮਨ ਕੀ ਮਤੜੀ ਵਿਸਾਰੇਂ ਦੂਜਾ ਭਾਉ ਜੀਉ॥
ਇਉ ਪਾਵਹਿ ਹਰਿ ਦਰਸਾਵੜਾ ਨਹ ਲਗੈ ਤਤੀ ਵਾਉ ਜੀਉ॥
ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ॥
ਹਰਿ ਭਗਤਿ ਖਜਾਨਾ ਬਖਸਿਆ ਗੁਰਿ ਨਾਨਕਿ ਕੀਆ ਪਸਾਉ ਜੀਉ॥
ਮੈ ਬਹੁੜਿ ਨ ਤ੍ਰਿਸਨਾ ਭੁਖੜੀ ਹਉ ਰਜਾ ਤ੍ਰਿਪਤਿ ਅਘਾਇ ਜੀਉ॥
ਜੋ ਗੁਰ ਦੀਸੈ ਸਿਖੜਾ ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ॥ ੩॥ (੭੬੩)
ਇਹ ਸ਼ਬਦ, ਰਾਗ ਸੂਹੀ ਵਿਚਲੇ ਤਿੰਨ ਸ਼ਬਦਾਂ ਦੇ ਸ਼ਬਦ ਸਮੂਹ ਦਾ ਆਖਰੀ (ਤੀਸਰਾ) ਸ਼ਬਦ ਹੈ। ਪਹਿਲੇ ਦੋ
ਸ਼ਬਦ, ਪਹਿਲੇ ਨਾਨਕ ਦੇ ਹਨ, ਅਤੇ ਇਹ ਤੀਸਰਾ, ਪੰਜਵੇਂ ਨਾਨਕ ਦਾ ਹੈ। ਇਹ ਤਿੰਨੋ ਸ਼ਬਦ ਇੱਕ ਦੂਸਰੇ
ਨਾਲ ਸਬੰਧਤ ਹਨ।
ਪਹਿਲੇ ਸ਼ਬਦ ਦਾ ਸਿਲੇਖ ਹੈ, ਕੁਚਜੀ, ਜਿਸ ਜੀਵ ਇਸਤ੍ਰੀ ਨੂੰ, ਸੁਚੱਜੀ ਜੀਵਨ ਜਾਂਚ ਦਾ ਪਤਾ ਨਾ
ਹੋਵੇ। ਉਸ ਵਿੱਚ ਦਸਿਆ ਹੈ ਕਿ ਕੁਚੱਜੀ ਜੀਵ ਇਸਤ੍ਰੀ, ਅਪਣੀ ਹਾਲਤ ਦਾ ਪਰਗਟਾਵਾ ਕਰਦੀ ਦਸਦੀ ਹੈ
ਕਿ, ਮੇਰੇ ਵਿੱਚ ਮੇਰੀ ਵਿਤੋਂ ਬਾਹਰੇ ਅਵਗੁਣ ਹਨ, ਜੋ ਮੇਰੇ ਵਿੱਚ ਸਮਾ ਹੀ ਨਹੀਂ ਪਾ ਰਹੇ। ਉਸ
ਪ੍ਰਭੂ ਦੇ ਦਰ ਤੇ ਇੱਕ ਤੋਂ ਇੱਕ ਸੁਚੱਜੀ ਇਸਤ੍ਰੀ ਹੈ, ਮੈ ਕਿਸ ਆਸਰੇ ਪ੍ਰਭੂ ਨੂੰ ਖੁਸ਼ ਕਰਨ ਦਾ
ਉਪਰਾਲਾ ਕਰਾਂ?
ਪਤੀ ਪਰਮਾਤਮਾ ਨੇ ਮੈਨੂੰ ਇੱਕ ਤੋਂ ਇੱਕ ਵਧੀਆ ਚੀਜ਼ ਦਿੱਤੀ ਹੈ, ਪਰ ਮੈ ਉਸ ਕਰਤਾਰ ਨੂੰ ਭੁਲ ਕੇ,
ਇਨ੍ਹਾਂ ਚੀਜ਼ਾਂ ਵਿੱਚ ਹੀ ਪਰਚ ਗਈ ਹਾਂ। ਜਿਸ ਜੀਵ ਇਸਤ੍ਰੀ ਦੇ ਸ਼ੁਭ ਗੁਣ ਉਸ ਤੋਂ ਦੂਰ ਚਲੇ ਗਏ
ਹੋਣ, ਅਤੇ ਉਸ ਵਿੱਚ ਨਿਰੇ ਕਰਮ ਕਾਂਡਾਂ ਦੇ ਪਖੰਡ ਹੀ ਇਕੱਠੇ ਹੋ ਜਾਣ, ਉਹ ਪਰਲੋਕ ਵਿੱਚ ਪ੍ਰਭੂ
ਨੂੰ ਕਿਹੜਾ ਮੂੰਹ ਵਿਖਾਵੇਗੀ?
ਹੇ ਪ੍ਰਭੂ ਏਸੇ ਹਾਲਤ ਵਿੱਚ ਮੈਨੂੰ ਬੁਢੇਪਾ ਆ ਗਿਆ ਹੈ, ਤੇਰੇ ਤੋਂ ਵਿਛੜ ਕੇ ਮੈਂ ਦੁਖ ਹੀ ਦੁਖ
ਸਹਾਰੇ ਹਨ। ਤੇਰੇ ਵਿੱਚ ਸਾਰੇ ਗੁਣ ਹੀ ਗੁਣ ਹਨ, ਮੇਰੇ ਵਿੱਚ ਸਾਰੇ ਅਵਗੁਣ ਹੀ ਅਵਗੁਣ ਹਨ, ਨਾਨਕ
ਦੀ ਬੇਨਤੀ ਹੈ ਕਿ ਹੇ ਪ੍ਰਭੂ, ਮੇਰੇ ਤੇ ਵੀ ਥੋੜ੍ਹੀ ਮਿਹਰ ਦੀ ਨਿਗਾਹ ਕਰ।
ਦੂਸਰੇ ਸ਼ਬਦ ਦਾ ਸਿਰਲੇਖ ਹੈ, ਸੁਚਜੀ, ਜਿਸ ਜੀਵ ਇਸਤ੍ਰੀ ਨੂੰ ਸੁਚੱਜੀ ਜੀਵਨ ਜਾਂਚ ਦਾ ਪਤਾ ਹੋਵੇ।
ਉਸ ਨੂੰ ਸੋਝੀ ਹੁੰਦੀ ਹੈ ਕਿ, ਪ੍ਰਭੂ ਹੀ ਸਭ ਦਾ ਮਾਲਕ ਹੈ, ਪਰਮਾਤਮਾ ਹੀ ਦਭ ਨੂੰ ਆਦਰ ਜਾਂ
ਨਿਰਾਦਰ (ਉਸ ਜੀਵ ਦੇ ਕਰਮਾਂ ੳਨੁਸਾਰ) ਦਿੰਦਾ ਹੈ। ਸਭ ਕੁੱਝ ਉਸ ਵਾਹਿਗੁਰੂ ਦੀ ਰਜ਼ਾ, ਹੁਕਮ ਵਿੱਚ
ਹੋ ਰਿਹਾ ਹੈ। ਉਹ, ਪਤੀ ਪ੍ਰਭੂ ਅੱਗੇ ਬੇਨਤੀ, ਅਰਜ਼ੋਈ ਕਰਦੀ ਹੈ ਕਿ ਹੇ ਅਕਾਲਪੁਰਖ ਮੈ ਤੇਰਾ ਹੀ
ਆਸਰਾ ਲਿਆ ਹੈ, ਮੈਨੂੰ ਤੇਰੇ ਦਰਸ਼ਣਾਂ ਦੀ ਭੁੱਖ ਹੈ, ਮੈ ਤੇਰੇ ਦਰ ਤੋਂ ਹੋਰ ਕੀ ਮੰਗਾਂ? ਤੂੰ ਸਦਾ
ਕਾਇਮ ਰਹਣ ਵਾਲਾ, ਖਸਮ ਪ੍ਰਭੂ ਗੁਰ ਸ਼ਬਦ ਰਾਹੀਂ ਮਿਲਦਾ ਹੈਂ, ਮੇਰੀ ਨਾਨਕ ਦੀ ਵੀ ਤੇਰੇ ਅੱਗੇ
ਬੇਨਤੀ ਹੈ ਕਿ ਮੇਰੇ ਤੇ ਵੀ ਮਿਹਰ ਕਰ, ਮੈਨੂੰ ਵੀ ਸ਼ਬਦ ਗੁਰੁ ਦੀ ਸ਼ਰਨ ਬਖਸ਼, ਜਿਸ ਆਸਰੇ ਮੈਂ ਵੀ
ਤੈਨੂੰ ਮਿਲ ਪਵਾਂ।
ਤੀਸਰੇ, ਵਿਚਾਰ ਅਧੀਨ ਸ਼ਬਦ ਦੀ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਸੁਹਿਰਦ ਪਾਠਕਾਂ ਨਾਲ ਦੋ ਗੱਲਾਂ
ਸਾਂਝੀਆਂ ਕਰਨੀਆਂ ਚਾਹਾਂਗਾ।
ਦੁਨੀਆਂ ਦਾ ਸਾਰਾ ਪਸਾਰਾ ਮਾਇਆ ਅਧੀਨ ਹੈ, ਜਿਸ ਵਿਚਲੀ ਕਿਸੇ ਚੀਜ਼ ਨਾਲ ਜੁੜਨਾ, ਮਾਇਆ ਨਾਲ ਜੁੜਨਾ
ਹੈ, ਭਾਵੇਂ ਉਹ ਚੀਜ਼ ਕਿਸੇ ਭਵਨ ਦੇ ਰੂਪ ਵਿੱਚ ਹੋਵੇ ਜਾਂ ਕਿਸੇ ਮੰਦਰ, ਮਸਜਿਦ, ਗਿਰਜੇ, ਗੁਰਦਵਾਰੇ
ਦੇ ਰੂਪ ਵਿੱਚ ਹੋਵੇ। ਕਿਸੇ ਤਖਤ, ਕਿਸੇ ਮੁਲਕ, ਕਿਸੇ ਰਾਜ ਦੇ ਰੂਪ ਵਿੱਚ ਹੋਵੇ। ਕਿਸੇ ਗੁਰੂ,
ਕਿਸੇ ਪੈਗੰਬਰ, ਕਿਸੇ ਔਲੀਆ, ਕਿਸੇ ਮਹਾਂਪੁਰਖ, ਕਿਸੇ ਸੰਤ, ਕਿਸੇ ਬ੍ਰਹਮਗਿਆਨੀ, ਕਿਸੇ ਡੇਰੇਦਾਰ
ਦੇ ਸਰੀਰ ਦੇ ਰੂਪ ਵਿੱਚ ਹੋਵੇ। ਇਨ੍ਹਾਂ ਸਾਰੀਆਂ ਚੀਜ਼ਾਂ ਵਿੱਚ ਵਿਚਰਦੇ, ਸਾਰਿਆਂ ਨਾਲ ਵਰਤੋਂ
ਵਿਹਾਰ ਕਰਦੇ, ਪਰਮਾਤਮਾ ਨਾਲ ਜੁੜੇ ਰਹਣਾ ਹੀ ਮਾਇਆ ਮੋਹ ਤੋਂ ਬਾਹਰ ਰਹਿਣਾ ਹੈ। ਗੁਰੂ ਸਾਹਿਬ ਨੇ
ਹਰ ਮਨੁੱਖ ਨੂੰ, ਦੁਨਿਆਵੀ ਪਦਾਰਥਾਂ ਦੀ ਸਹੀ ਵਰਤੋਂ ਕਰਦੇ ਹੋਏ, ਉਨ੍ਹਾਂ ਦੀ ਪਕੜ ਤੋਂ ਬਚਦੇ ਹੋਏ,
ਹਰੀ ਨਾਲ ਜੁੜਨ ਦਾ ਉਪਦੇਸ਼ ਦਿੱਤਾ ਹੈ। ਏਸੇ ਸੰਦਰਭ ਵਿੱਚ ਗੁਰਬਾਣੀ ਦਾ ਵਿਚਾਰ ਕਰਨਾ ਚਾਹੀਦਾ ਹੈ।
ਪਰ ਸਿੱਖਾਂ ਵਿੱਚ ਕਾਂਘਿਆਰੀ (ਨਦੀਣ) ਵਾਙ ਜੰਮ ਪਈ ਪੁਜਾਰੀ ਸ਼੍ਰੇਣੀ ਨੇ ਸਿੱਖਾਂ ਨੂੰ, ਹਰ ਮੋੜ ਤੇ
ਗੁਰਬਾਣੀ ਨਾਲੋਂ ਤੋੜ ਕੇ ਪਦਾਰਥਾਂ ਨਾਲ ਜੋੜਿਆ ਹੈ। (ਜੋ ਕੁਚੱਜੀ ਜੀਵ ਇਸਤ੍ਰੀ ਦਾ ਕੰਮ ਹੈ)
ਭਾਵੇਂ ਉਹ ਦਰਬਾਰ ਸਾਹਿਬ ਦੀ ਬਿਲਡਿੰਗ ਹੋਵੇ ਜਾਂ ਓਥੋਂ ਦੇ ਪੁਜਾਰੀ, ਅਕਾਲ ਤਖਤ ਸਾਹਿਬ ਜਾਂ ਆਪੂੰ
ਘੜ ਲਏ ਤਖਤਾਂ ਦੀ ਬਿਲਡਿੰਗ ਹੋਵੇ ਜਾਂ ਉਨ੍ਹਾਂ ਦੇ ਆਪੂੰ ਬਣ ਬੈਠੇ ਸਿੰਘ ਸਾਹਿਬ (ਸਿੰਘਾਂ ਦੇ
ਮਾਲਕ) ਜਾਂ ਕੋਈ ਗੁਰਦਵਾਰੇ ਦੀ ਬਿਲਡਿੰਗ ਅਤੇ ਉਸ ਦੇ ਪ੍ਰਬੰਧਕ, ਇਨ੍ਹਾਂ ਦੀ ਮਹੱਤਤਾ ਤਦ ਹੀ ਹੈ,
ਜੇ ਇਨ੍ਹਾਂ ਵਿਚੋਂ ਗੁਰਮਤ ਦੇ ਸਿਧਾਂਤਾਂ ਦੀ ਸੋਝੀ ਹੋਵੇ। (ਕਿਸੇ ਵਿਅਕਤੀ ਦੀ ਵਡਿਆਈ ਨਹੀਂ)
ਇਨ੍ਹਾਂ ਵਿਚੋਂ ਸਿੱਖੀ ਨੂੰ ਪਰਫੁੱਲਤ ਕਰਨ ਦੀਆਂ ਵਿਉਂਤਾਂ ਬਣਦੀਆਂ ਹੋਣ। (ਆਰ, ਐਸ, ਐਸ, ਦੇ
ਏਜੰਡੇ ਲਾਗੂ ਕਰਨ ਦੀਆਂ ਨਹੀਂ) ਇਨ੍ਹਾਂ ਨਾਲ ਜੁੜ ਕੇ ਸਿੱਖ, ਇੱਕ ਦੂਸਰੇ ਦੇ ਦੁਖ ਸੁਖ ਦੇ ਭਾਈਵਾਲ
ਹੋਣ। (ਇਕ ਦੂਸਰੇ ਦੇ ਦੁਸ਼ਮਣ ਨਹੀਂ) ਇਨ੍ਹਾਂ ਵਿੱਚ ਇਕੱਠਾ ਹੁੰਦਾ ਸਿੱਖਾਂ ਦਾ ਦਸਵੰਧ, ਲੋੜਵੰਦਾਂ
ਦੀਆਂ ਲੋੜਾਂ ਪੂਰੀਆਂ ਕਰਨ ਤੇ ਲਗਦਾ ਹੋਵੇ। (ਵਿਖਾਵੇ ਤੇ ਜਾਂ ਪ੍ਰਬੰਧਕਾਂ ਦੀਆਂ ਚੌਧਰਾਂ ਤੇ
ਨਹੀਂ)
ਜੇ ਇਨ੍ਹਾਂ ਥਾਵਾਂ ਤੋਂ ਇਹ ਕੁੱਝ ਨਹੀਂ ਹੁੰਦਾ ਤਾਂ ਇਨ੍ਹਾਂ ਥਾਵਾਂ ਦਾ ਮਹੱਤਵ ਆਮ ਥਾਵਾਂ ਨਾਲੋਂ
ਵੀ ਘੱਟ ਹੈ।
ਆਉ ਹੁਣ ਵਿਚਾਰ ਅਧੀਨ ਸ਼ਬਦ ਦਾ ਵਿਚਾਰ ਕਰੀਏ।
ਇਸ ਸ਼ਬਦ ਦਾ ਸਿਰਲੇਖ ਹੈ, ਗੁਣਵੰਤੀ, ਜਿਸ ਵਿੱਚ ਜੀਵ ਇਸਤ੍ਰੀ, ਇਹ ਪਤਾ ਲੱਗਣ ਪਿਛੋਂ ਕਿ ਪਰਮਾਤਮਾ
ਗੁਰ ਸ਼ਬਦ ਰਾਹੀਂ ਹੀ ਮਿਲਦਾ ਹੈ, ਅਤੇ ਵਾਹਿਗੁਰੂ ਅੱਗੇ ਅਰਦਾਸ ਕਰਨ ਮਗਰੋਂ ਕਿਸੇ ਅਜਿਹੇ ਗੁਰਸਿੱਖ
ਦੀ ਭਾਲ ਵਿੱਚ ਹੈ, ਜੋ ਸ਼ਬਦ ਗੁਰੂ ਦੀ ਸਿਖਿਆ ਪ੍ਰਤੀ ਵਚਨ ਬੱਧ ਹੋਵੇ। ਤਾਂ ਜੋ ਉਹ ਵੀ ਉਸ ਤੋਂ
ਸਿਖਿਆ ਲੈ ਕੇ ਪਰਭੂ ਨੂੰ ਮਿਲਣ ਦਾ ਉਪਰਾਲਾ ਕਰ ਸਕੇ।
ਸਿਖੜਾ = ਸਿਖਿਆ ਪ੍ਰਤੀ ਵਚਨ ਬੱਧ। (ਮਹਾਨ ਕੋਸ਼, ਪੱਨਾ ੧੯੨) ਗੁਰਸਿਖੜਾ = ਸ਼ਬਦ ਗੁਰੂ ਦੀ ਸਿਖਿਆ
ਪ੍ਰਤੀ ਵਚਨ ਬੱਧ।
ਉਹ ਕਹਿੰਦੀ ਹੈ ਕਿ ਮੈਨੂੰ ਜੋ ਵੀ ਸ਼ਬਦ ਗੁਰੁ ਦੀ ਸਿਖਿਆ ਪ੍ਰਤੀ ਵਚਨ ਬੱਧ ਦਿਸ ਆਉਂਦਾ ਹੈ, ਮੈਂ
ਨਿਮਰਤਾ ਸਹਿਤ ਉਸ ਦੇ ਚਰਨ ਪਰਸਦੀ ਹਾਂ, ਉਸ ਅੱਗੇ ਅਪਣੇ ਮਨ ਦੀ ਹਾਲਤ, ਮਨ ਦੀ ਤਾਂਘ ਫੋਲਦੀ ਹਾਂ।
ਤਾਂ ਜੋ ਉਹ ਗੁਰੁ ਸਜਣ, ਪਰਮਾਤਮਾ ਨੂੰ ਮਿਲਣ ਦਾ ਰਸਤਾ ਦੱਸ ਕੇ ਮੈਨੂੰ ਪਰਮਾਤਮਾ ਨਾਲ ਮਿਲਾ ਦੇਵੇ।
ਮੈਨੂੰ ਅਜਿਹਾ ਉਪਦੇਸ਼ ਦੇਵੇ, ਜਿਸ ਨਾਲ ਮੇਰਾ ਮਨ, ਪਰਮਾਤਮਾ ਦੀ ਯਾਦ ਤੋਂ ਇਲਾਵਾ ਹੋਰ ਕਿਸੇ ਪਾਸੇ
ਨਾ ਭਟਕੇ।
ਇਹ ਵੀ ਵਚਨ ਦਿੰਦੀ ਹੈ ਕਿ ਜੇ ਤੂੰ ਮੈਨੂੰ ਕਰਤਾਰ ਨੂੰ ਮਿਲਣ ਦਾ ਰਾਹ ਦੱਸ ਦੇਵੇਂ ਤਾਂ ਮੈਂ ਤੈਨੂੰ
ਅਪਣਾ ਮਨ ਦੇ ਦੇਵਾਂਗੀ। ਇਹ ਵੀ ਬੇਨਤੀ ਕਰਦੀ ਹੈ ਕਿ ਮੈਂ ਬਹੁਤ ਦੂਰੋਂ ਆਈ ਹਾਂ, ਅਣਗਿਣਤ ਜੂਨਾਂ
ਦੇ ਗੇੜ ਕਟਦੀ, ਬੜੀ ਮੁਸ਼ਕਲ ਨਾਲ ਇਸ ਮਨੁਖਾ ਜੂਨ ਵਿੱਚ ਆਈ ਹਾਂ। ਮੈਂ ਮਨ ਵਿੱਚ ਆਸ ਕਰਦੀ ਹਾਂ ਕਿ
ਤੂੰ ਮੈਨੂੰ, ਕਰਤਾਰ ਨੂੰ ਮਿਲਣ ਦਾ ਰਾਹ ਦੱਸ ਕੇ, ਮੇਰੇ ਸਾਰੇ ਦੁਖ ਦੂਰ ਕਰ ਦੇਵੇਂਗਾ।
ਏਥੇ ਤਕ ਜੀਵ ਇਸਤ੍ਰੀ ਦੀ, ਗੁਰੂ ਦੀ ਸਿਖਿਆ ਪ੍ਰਤੀ ਵਚਨ ਬੱਧ ਗੁਰਸਿੱਖ ਅੱਗੇ ਬੇਨਤੀ ਸੀ। ਹੁਣ
ਗੁਰਸਿੱਖ ਦਾ ਉਸ ਨੂੰ ਜਵਾਬ ਹੈ।
ਹੇ ਭਾਈ ਇਸ ਰਸਤੇ ਤੇ ਚਲਣ ਵਾਲੇ, ਗੁਰੁ, ਪਰਮਾਤਮਾ ਦੀ ਰਜ਼ਾ ਵਿੱਚ ਉਸ ਦੇ ਹੁਕਮ ਅਨੁਸਾਰ ਹੀ ਕੰਮ
ਕਰਦੇ ਹਨ, ਤੂੰ ਵੀ ਇਵੇਂ ਹੀ ਕਰ। ਜੇ ਤੂੰ ਅਪਣੇ ਮਨ ਦੀ ਭੈੜੀ ਮੱਤ ਤਿਆਗ ਦੇਵੇਂ, ਪਰਮਾਤਮਾ ਤੋਂ
ਇਲਾਵਾ ਹੋਰ ਕਿਸੇ ਨਾਲ ਪਿਆਰ ਨਾ ਪਾਵੇਂ, ਤਾਂ ਇਸ ਤਰ੍ਹਾਂ ਤੂੰ, ਪ੍ਰਭੂ ਦਾ ਦਰਸ਼ਨ ਕਰ ਲਵੇਂਗਾ,
ਤੈਨੂੰ ਤੱਤੀ ਵਾ, ਕੋਈ ਦੁਖ ਨਹੀਂ ਲੱਗੇਗਾ। ਮੈਂ ਜੋ ਕੁੱਝ ਤੈਨੂੰ ਦੱਸਿਆ ਹੈ, ਉਹ ਗੁਰੁ ਦਾ ਹੁਕਮ
ਹੀ ਦੱਸਿਆ ਹੈ, ਇਸ ਵਿੱਚ ਮੇਰੀ ਅਪਣੀ ਅਕਲ ਦੀ ਕੋਈ ਗੱਲ ਨਹੀਂ, ਮੈਂ ਆਪ ਇਸ ਬਾਰੇ ਕੁੱਝ ਵੀ ਕਹਣ
ਜੋਗਾ ਨਹੀਂ ਹਾਂ।
ਜਿਹੜਾ ਹਰੀ ਦੀ ਭਗਤੀ ਦਾ ਖਜ਼ਾਨਾ ਗੁਰਿ, ਸ਼ਬਦ ਗੁਰੂ ਨੇ ਨਾਨਕ ਨੂੰ ਬਖਸ਼ਿਆ ਸੀ, ਨਾਨਕ ਨੇ, ਗੁਰੁ
ਗ੍ਰੰਥ ਸਾਹਿਬ ਵਿੱਚ ਸਾਰਾ ਵਿਸਤਾਰ, ਸਾਰਾ ਪਸਾਰਾ ਓਸੇ ਦਾ ਹੀ ਕੀਤਾ ਹੈ। ਉਸ ਤੋਂ ਸਿਖਿਆ ਲੈ ਕੇ,
ਹੁਣ ਮੈਂ ਪੂਰੀ ਤਰ੍ਹਾਂ ਰੱਜ ਗਿਆ ਹਾਂ। ਹੁਣ ਮੈਨੂੰ ਮਾਇਆ ਦੀ ਤ੍ਰਿਸ਼ਨਾ, ਮਾਇਆ ਦੀ ਭੁੱਖ ਬਿਲਕੁਲ
ਨਹੀਂ ਸਤਾਉਂਦੀ।
ਅੰਤਲੀ ਤੁਕ ਵਿਚ, ਉਸ ਜੀਵ ਇਸਤ੍ਰੀ ਦੀ ਮੌਜੂਦਾ ਹਾਲਤ ਬਿਆਨ ਕੀਤੀ ਹੈ, ਉਹ ਕਹਿੰਦੀ ਹੈ ਕਿ ਇਹ
ਸੋਝੀ ਹੋਣ ਤੇ ਹੁਣ ਮੈਂ, ਉਸ ਗੁਰੂ ਦੇ, ਜੋ ਸ਼ਬਦ ਦੀ ਸਿਖਿਆ ਪ੍ਰਤੀ ਵਚਨ ਬੱਧ ਹੈ, ਗੁਰੂ ਗ੍ਰੰਥ
ਸਾਹਿਬ ਜੀ ਦੇ ਹਰ ਵੇਲੇ ਨਿਮਰਤਾ ਸਹਿਤ ਚਰਨ ਪਰਸਦੀ ਹਾਂ।
ਇਸ ਵਿੱਚ ਕਿੱਥੇ ਕਿਸੇ ਗੁਰਦਵਾਰੇ, ਕਿਸੇ ਤਖਤ, ਕਿਸੇ ਹੋਰ ਬਿਲਡਿੰਗ ਦੀ ਗੱਲ ਹੈ? ਕਿਥੋਂ ਦੂਰੋਂ
ਆਉਣ ਦੀ ਗੱਲ ਹੈ? ਫਿਲਮ ਬਨਾਉਣ ਵਾਲੇ ਨੇ ਤਾਂ, ਅਪਣੀ ਫਿਲਮ ਮੁਤਾਬਕ ਇਸ ਤੁਕ ਦੀ ਦੁਰਵਰਤੋਂ ਕਰ
ਲਈ, ਪਰ ਸ਼ਬਦ ਗੁਰੂ ਦੀ ਸਿਖਿਆ ਦੇਣ ਦੇ ਠੇਕੇਦਾਰ, ਉਸ ਨੂੰ ਰੋਕਣ ਉਸ ਨੂੰ ਸੁਧਾਰਨ ਦੀ ਥਾਂ, ਆਪ ਹੀ
ਓਸੇ ਵਹਿਣ ਵਿੱਚ ਰੁੜ੍ਹ ਗਏ। ਇਹ ਉਨ੍ਹਾਂ ਦੇ ਗੁਰਸਿਖੜੇ ਹੋਣ ਬਾਰੇ ਪ੍ਰਸ਼ਨ ਚਿਨ੍ਹ ਹੈ॥
ਅਮਰ ਜੀਤ ਸਿੰਘ ਚੰਦੀ
ਫੋਨ: 9756264621.