.

ਗੁਰੂ ਗ੍ਰੰਥ ਸਾਹਿਬ ਤੋਂ ਬੇਮੁਖ ਹੋ ਕੇ ਵਿਵਾਦਿਤ ਦਸਮ ਗ੍ਰੰਥ ਦੇ ਉਪਾਸਕ ਬਣਨ ਵਾਲੇ ਵੀਰਾਂ ਵੱਲੋਂ ਦਿੱਤੀਆਂ ਜਾਂਦੀਆਂ ਕੁਝ ਜਜ਼ਬਾਤੀ ਦਲੀਲਾਂ `ਤੇ ਵਿਚਾਰ

ਜਦ ਤੋਂ ਪ੍ਰੋ: ਦਰਸ਼ਨ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਕਥਿਤ ਅਪਮਾਨ ਕਰਨ ਦੇ ਆਰੋਪ ਵਿੱਚ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ੀ ਲਈ ਸੱਦਿਆ ਗਿਆ ਹੈ, ਤਦ ਤੋਂ ਦਸਮ ਗ੍ਰੰਥ ਦੇ ਉਪਾਸਕਾਂ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਿੱਖਾਂ ਵਿਚਕਾਰ ਲਫ਼ਜ਼ੀ ਜੰਗ ਕਾਫੀ ਤੇਜ਼ ਹੋ ਗਈ ਹੈ। ਭਾਵੇਂ ਇਹ ਭਰਾ-ਮਾਰੂ ਜੰਗ ਬੜੀ ਅਫਸੋਸਜਨਕ ਹੈ, ਜਿਸਦਾ ਲਾਭ ਬ੍ਰਾਹਮਣਵਾਦੀ ਤਾਕਤਾਂ ਵੱਲੋਂ ਨੇੜਲੇ ਭਵਿੱਖ ਵਿੱਚ ਚੁੱਕਿਆ ਜਾਵੇਗਾ, ਪਰ ਦਸਮ ਗ੍ਰੰਥ ਦੇ ਉਪਾਸਕ ਦੁਸ਼ਮਣ ਦੀ ਇਸ ਰਣਨੀਤੀ ਨੂੰ ਸਮਝਣ ਵਿੱਚ ਅਸਫ਼ਲ ਰਹੇ ਹਨ। ਅਜਿਹੇ ਜਜ਼ਬਾਤੀ ਸੱਜਣਾਂ ਦੀ ਬਹੁਤਾਤ ਤਾਂ ਦਸਮ ਗ੍ਰੰਥ ਦੇ ਸਬੰਧ ਵਿੱਚ ਤੱਥ-ਭਰਪੂਰ ਜਾਣਕਾਰੀ ਦੇਣ ਵਾਲਾ ਕੋਈ ਲਿਟਰੇਚਰ ਪੜ੍ਹਨ ਤੋਂ ਹੀ ਇਨਕਾਰੀ ਹੋ ਜਾਂਦੀ ਹੈ। ਪਰ ਜਿਹੜੇ ਵਿਰਲੇ ਸੱਜਣ ਦਸਮ ਗ੍ਰੰਥ ਦੇ ਉਪਾਸਕ ਹੋਣ ਦੇ ਆਪਣੇ ਫੈਸਲੇ ਨੂੰ ਜਾਇਜ਼ ਠਹਿਰਾਉਣ (justify ਕਰਨ) ਲਈ ‘ਬਹਿਸ` ਕਰਨ ਲਈ ਤਿਆਰ ਹੁੰਦੇ ਹਨ, ਉਹ ਵੀ ਦਸਮ ਗ੍ਰੰਥ ਸਬੰਧੀ ਇਤਿਹਾਸਕ ਅਤੇ ਸਿਧਾਂਤਕ ਨੁਕਤਿਆਂ `ਤੇ ਵਿਚਾਰ-ਚਰਚਾ ਕਰਨ ਦੀ ਬਜਾਏ ਜਜ਼ਬਾਤੀ ਕਿਸਮ ਦੀਆਂ ਦਲੀਲਾਂ ਜਾਂ ਨਿਜੀ ਵਿਚਾਰਾਂ ਨਾਲ ਸਬੰਧਿਤ ਸਵਾਲ ਚੁੱਕਣ ਲੱਗ ਪੈਂਦੇ ਹਨ। ਅਜਿਹੇ ਕੁੱਝ ਸਵਾਲਾਂ ਬਾਰੇ ਚਰਚਾ ਹਥਲੇ ਲੇਖ ਵਿੱਚ ਕੀਤੀ ਜਾ ਰਹੀ ਹੈ। ਦਸਮ ਗ੍ਰੰਥ ਦੇ ਉਪਾਸਕਾਂ ਨੂੰ ਬੇਨਤੀ ਹੈ ਕਿ ਉਹ ਸ਼ਾਂਤ ਮਨ ਨਾਲ ਇਨ੍ਹਾਂ ਸਵਾਲਾਂ `ਤੇ ਕੀਤੀ ਗਈ ਚਰਚਾ ਨੂੰ ਪੜ੍ਹਨ ਦੀ ਕ੍ਰਿਪਾਲਤਾ ਕਰਨ। ਜੇਕਰ ਫਿਰ ਵੀ ਉਨ੍ਹਾਂ ਦੀ ਸੰਤੁਸ਼ਟੀ ਨਾ ਹੋਵੇ, ਜਾਂ ਉਨ੍ਹਾਂ ਨੂੰ ਲਗਦਾ ਹੋਵੇ ਕਿ ਉਨ੍ਹਾਂ ਵੱਲੋਂ ਬਹਿਸ ਦੌਰਾਨ ਪੇਸ਼ ਕੀਤਾ ਜਾਂਦਾ ਕੋਈ ਨੁਕਤਾ ਇਸ ਲੇਖ ਵਿੱਚ ਸ਼ਾਮਲ ਨਹੀਂ, ਤਾਂ ਉਹ ਆਪਣੇ ਵਿਚਾਰ/ਸਵਾਲ ਲਿਖਤੀ ਰੂਪ ਵਿੱਚ ਭੇਜਣ ਦੀ ਕ੍ਰਿਪਾਲਤਾ ਕਰਨ ਜੀ, ਤਾਂ ਜੋ ਉਨ੍ਹਾਂ ਬਾਬਤ ਵੀ ਚਰਚਾ ਕਰਕੇ ਦਸਮ ਗ੍ਰੰਥ ਸਬੰਧੀ ਕਿਸੇ ਨਿਰਣੇ `ਤੇ ਪਹੁੰਚ ਕੇ ਇਸ ਭਰਾ-ਮਾਰੂ ਜੰਗ ਨੂੰ ਜਲਦ ਤੋਂ ਜਲਦ ਖ਼ਤਮ ਕਰਨ ਦੀ ਦਿਸ਼ਾ ਵੱਲ ਵਧਿਆ ਜਾਵੇ।

ਦਲੀਲ 1) ਦਸਮ ਗ੍ਰੰਥ ਨੂੰ ਪੂਰੀ ਤਰ੍ਹਾਂ ਤਿਆਗ ਦੇਣ ਨਾਲ ਪਹਿਲਾਂ ‘ਅੰਮ੍ਰਿਤ` ਖ਼ਤਮ ਹੋ ਜਾਏਗਾ ਅਤੇ ਫਿਰ ‘ਅੰਮ੍ਰਿਤਧਾਰੀ` ਖ਼ਤਮ ਹੋ ਜਾਣਗੇ।

ਵਿਚਾਰ: ਦਸਮ ਗ੍ਰੰਥੀਆਂ ਦਾ ਕਹਿਣਾ ਹੈ ਕਿ ਜੇਕਰ ਸਿੱਖ ਕੌਮ ਪੂਰੀ ਤਰ੍ਹਾਂ ਦਸਮ ਗ੍ਰੰਥ ਦੀਆਂ ਰਚਨਾਵਾਂ ਨੂੰ ਤਿਆਗ ਦਿੰਦੀ ਹੈ, ਤਾਂ ਇਸ ਨਾਲ ਅੰਮ੍ਰਿਤ ਸੰਚਾਰ ਰਸਮ ਦੌਰਾਨ ਪੜ੍ਹੀਆਂ ਜਾਂਦੀਆਂ 3 ਰਚਨਾਵਾਂ ਯਾਨਿ ਜਾਪੁ ਸਾਹਿਬ, ਸਵੈਯੇ ਅਤੇ ਚੌਪਈ ਨੂੰ ਵੀ ਤਿਆਗਣਾ ਪਏਗਾ। ਜੇਕਰ ਇਸ ਤਰ੍ਹਾਂ ਕੀਤਾ ਜਾਂਦਾ ਹੈ ਕਿ ਤਾਂ ਸਿੱਖਾਂ ਦਾ ਵਿਰਸਾ ‘ਅੰਮ੍ਰਿਤ` ਹੀ ਖ਼ਤਮ ਹੋ ਜਾਏਗਾ।

ਇਨ੍ਹਾਂ ਵੀਰਾਂ ਨੂੰ ਬੇਨਤੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਥਾਪਿਤ ਕੀਤੀ ਗਈ ਪਰੰਪਰਾ ‘ਖੰਡੇ ਬਾਟੇ ਦੀ ਪਾਹੁਲ` ਸੀ ਅਤੇ ਸਮੁੱਚੀਆਂ ਪੁਰਾਤਨ ਸਿੱਖ ਲਿਖਤਾਂ ਵਿੱਚ ਇਸ ਬਾਬਤ ‘ਪਾਹੁਲ` ਲਫ਼ਜ਼ ਦੀ ਹੀ ਵਰਤੋਂ ਕੀਤੀ ਗਈ ਹੈ (ਪੀਵਹੁ ਪਾਹੁਲ ਖੰਡ ਧਾਰ ਹੋਇ ਜਨਮੁ ਸੁਹੇਲਾ।) ਨਿਰਮਲੇ/ਉਦਾਸੀ ਪ੍ਰਚਾਰਕਾਂ ਵੱਲੋਂ ਸਿੱਖੀ ਦੇ ਹਰ ਸੰਕਲਪ/ਰਵਾਇਤ ਨੂੰ ਬ੍ਰਾਹਮਣਵਾਦੀ ਰੰਗਤ ਦੇਣ ਲਈ ਇਸ ਪ੍ਰਥਾ ਦਾ ਨਾਮ ‘ਅੰਮ੍ਰਿਤ` ਪ੍ਰਚਾਰ ਦਿੱਤਾ ਗਿਆ ਕਿਉਂਕਿ ‘ਅੰਮ੍ਰਿਤ` ਲਫ਼ਜ਼ ਉਸ ਬ੍ਰਾਹਮਣਵਾਦੀ ਵਿਚਾਰਧਾਰਾ ਦਾ ਪ੍ਰਤੀਕ ਹੈ, ਜਿਸ ਵਿੱਚ ਇਹ ਧਾਰਨਾ ਹੈ ਕਿ ਪਾਣੀ ਵਿੱਚ (ਜਾਂ ਕਿਸੇ ਫਲ ਵਿੱਚ) ਪਵਿੱਤਰ ਸਮਝੇ ਜਾਂਦੇ ਮੰਤਰਾਂ ਆਦਿਕ ਦੇ ਉਚਾਰਨ ਨਾਲ ਅਜਿਹੀ ਅਦਿੱਖ ਤਾਕਤ ਭਰੀ ਜਾ ਸਕਦੀ ਹੈ ਕਿ ਉਹ ਪਾਣੀ ਪੀਣ ਨਾਲ ਇਨਸਾਨ ਦੀ ਮੌਤ ਨਹੀਂ ਹੁੰਦੀ। ਜਾਣੇ-ਅਨਜਾਣੇ ਵਿੱਚ ਬ੍ਰਾਹਮਣਵਾਦੀ ਮਾਨਸਿਕਤਾ ਤੋਂ ਪ੍ਰਭਾਵਿਤ ਹੋਣ ਕਾਰਨ ਦਸਮ ਗ੍ਰੰਥ ਨੂੰ ਗੁਰੂ ਮੰਨਣ ਵਾਲਿਆਂ ਦੀ ਦਿੱਕਤ ਇਹ ਹੈ ਕਿ ਉਨ੍ਹਾਂ ਨੇ ਪਾਹੁਲ ਨੂੰ ਬ੍ਰਾਹਮਣਵਾਦੀ ਵਿਚਾਰਧਾਰਾ ਵਿੱਚ ਪ੍ਰਚਲਿਤ ‘ਅੰਮ੍ਰਿਤ` ਵਰਗੀ ਕੋਈ ਜਾਦੂਈ ਸ਼ੈਅ ਸਮਝਿਆ ਹੋਇਆ ਹੈ। ਦਸਮ ਗ੍ਰੰਥੀਏ ਸੋਚਦੇ ਹਨ ਕਿ ਜੇਕਰ ਅਜਿਹੇ ‘ਅੰਮ੍ਰਿਤ` ਨੂੰ ਤਿਆਰ ਕਰਨ ਲੱਗਿਆਂ ਪੜ੍ਹੇ ਜਾਂਦੇ ਮੰਤਰ ਬਦਲ ਦਿੱਤੇ ਗਏ, ਤਾਂ ਫਿਰ ‘ਅੰਮ੍ਰਿਤ` ਦੀ ਕੁਆਲਿਟੀ ਵੀ ਬਦਲ ਜਾਏਗੀ।

ਪਰ ਜੇਕਰ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਤੋਂ ਸੇਧ ਲਈ ਜਾਵੇ ਅਤੇ ਸਿੱਖ ਇਤਿਹਾਸ ਦੀਆਂ ਲਿਖਤਾਂ ਤੋਂ ਪੜਚੋਲ ਕੀਤੀ ਜਾਵੇ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਧਾਰਨਾ ਬਿਲਕੁਲ ਗਲਤ ਹੈ। ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪਾਹੁਲ ਪਰੰਪਰਾ ਸਥਾਪਿਤ ਕੀਤੇ ਜਾਣ ਤੋਂ ਬਹੁਤ ਬਾਅਦ ਤੱਕ ਇਹ ਰਸਮ ‘ਖੰਡੇ ਬਾਟੇ ਦੀ ਪਾਹੁਲ ਛਕਣਾ` ਹੀ ਅਖਵਾਉਂਦੀ ਰਹੀ। ਗੁਰਦੁਆਰਿਆਂ ਵਿੱਚ ਨਿਰਮਲੇ/ਉਦਾਸੀ ਮਹੰਤਾਂ ਦੇ ਕਬਜ਼ੇ ਤੋਂ ਬਾਅਦ ਇਸ ਪਰੰਪਰਾ ਲਈ ‘ਅੰਮ੍ਰਿਤ` ਲਫ਼ਜ਼ ਪ੍ਰਚਲਿਤ ਕਰ ਦਿੱਤਾ ਗਿਆ, ਜੋ ਸਿੱਖ ਰਹਿਤ ਮਰਿਆਦਾ ਦਾ ਲਿਖਤੀ ਸਰੂਪ ਹੋਂਦ ਵਿੱਚ ਆਉਣ ਸਮੇਂ ਪੱਕਾ ਰੂਪ ਅਖ਼ਤਿਆਰ ਕਰ ਗਿਆ। ਪਰ ਗੁਰਬਾਣੀ ਕਿਸੇ ਅਜਿਹੇ ‘ਅੰਮ੍ਰਿਤ` ਦੇ ਸੰਕਲਪ ਨੂੰ ਰੱਦ ਕਰਦੀ ਹੈ, ਜਿਸ ਨੂੰ ਪੀਣ ਨਾਲ ਮਨੁੱਖ ਅਮਰ ਹੋ ਜਾਂਦਾ ਹੈ, ਜਾਂ ਜਿਸ ਨੂੰ ਪੀਣ ਨਾਲ ਇਨਸਾਨ ਦੇ ਆਤਮਕ ਵਿਕਾਰ ਦੂਰ ਹੋ ਜਾਂਦੇ ਹੋਣ। ਗੁਰਬਾਣੀ ਵਿੱਚ ਤਾਂ ਸਿਰਫ਼ ਪਰਮਾਤਮਾ ਦੇ ਗੁਣਾਂ ਰੂਪੀ ਪਵਿੱਤਰ ਨਾਮ ਅਤੇ ਉਸ ਨਾਮ ਨੂੰ ਯਾਦ (ਸਿਮਰਨ) ਕਰਨ ਦੇ ਪਵਿੱਤਰ ਵੇਲੇ ਨੂੰ ‘ਅੰਮ੍ਰਿਤ` ਕਿਹਾ ਗਿਆ ਹੈ। ਜਿਵੇਂ:

ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵਿਚਾਰੁ ॥

(ਜਪੁ ਜੀ ਸਾਹਿਬ)

ਭਾਵ, ਜਿਸ ਵੇਲੇ ਪਰਮਾਤਮਾ ਦੀਆਂ ਵਡਿਆਈਆਂ ਦੀ ਵਿਚਾਰ ਕੀਤੀ ਜਾਂਦੀ ਹੈ, ਉਹ ਵੇਲਾ ਅੰਮ੍ਰਿਤ ਸਮਾਨ ਪਵਿੱਤਰ ਹੁੰਦਾ ਹੈ।

ਗੁਰਮੁਖਿ ਸਬਦੁ ਪਛਾਣੀਐ ਹਰਿ ਅੰਮ੍ਰਿਤ ਨਾਮਿ ਸਮਾਇ ॥

(29)

ਭਾਵ, ਗੁਰੂ ਦੀ ਵਿਚਾਰਧਾਰਾ ਨੂੰ ਪਛਾਣ (ਅਪਣਾ) ਕੇ ਪਰਮਾਤਮਾ ਰੂਪੀ ਅੰਮ੍ਰਿਤ ਨਾਮ ਵਿੱਚ ਸਮਾ ਜਾਈਦਾ ਹੈ।

ਅੰਮ੍ਰਿਤੁ ਸਾਚਾ ਨਾਮੁ ਹੈ ਕਹਣਾ ਕਛੂ ਨ ਜਾਇ ॥ ਪੀਵਤ ਹੂ ਪਰਵਾਣੁ ਭਇਆ ਪੂਰੈ ਸਬਦਿ ਸਮਾਇ॥

(33)

ਭਾਵ, ਪਰਮਾਤਮਾ ਦਾ ਸਦਾ-ਥਿਰ ਨਾਮ ਆਤਮਕ ਜੀਵਨ ਦੇਣ ਵਾਲਾ ਰਸ ਹੈ, ਇਸ ਦਾ ਸੁਆਦ ਦੱਸਿਆ ਨਹੀਂ ਜਾ ਸਕਦਾ; ਪੂਰੇ ਗੁਰੂ ਦੇ ਉਪਦੇਸ਼ਾਂ ਵਿੱਚ ਲੀਨ ਹੋ ਕੇ ਨਾਮ-ਅੰਮ੍ਰਿਤ ਪੀਂਦਿਆਂ ਹੀ ਮਨੁੱਖ ਪ੍ਰਭੂ ਦੀ ਹਜ਼ੂਰੀ ਵਿੱਚ ਕਬੂਲ ਹੋ ਜਾਂਦਾ ਹੈ।

ਅੰਮ੍ਰਿਤ ਬਾਣੀ ਹਰਿ ਹਰਿ ਤੇਰੀ ॥

ਸੁਣਿ ਸੁਣਿ ਹੋਵੈ ਪਰਮ ਗਤਿ ਮੇਰੀ ॥

(103)

ਭਾਵ: ਹੇ ਹਰੀ, ਤੇਰੀ ਸਿਫ਼ਤਿ-ਸਲਾਹ ਦੀ ਬਾਣੀ ਆਤਮਕ ਜੀਵਨ ਦੇਣ ਵਾਲੀ ਹੈ, ਗੁਰੂ ਦੀ ਉਚਾਰੀ ਹੋਈ ਇਹ ਬਾਣੀ ਮੁੜ-ਮੁੜ ਸੁਣ ਕੇ ਮੇਰੀ ਉੱਚੀ ਆਤਮਕ ਅਵਸਥਾ ਬਣਦੀ ਜਾ ਰਹੀ ਹੈ।

ਅੰਮ੍ਰਿਤੁ ਏਕੋ ਸਬਦੁ ਹੈ ਨਾਨਕ ਗੁਰਮੁਖਿ ਪਾਇਆ ॥2॥

(644)

ਭਾਵ, ਹੇ ਨਾਨਕ! ਗੁਰੂ ਦਾ ਇੱਕ ਸ਼ਬਦ ਹੀ ਆਤਮਕ ਜੀਵਨ ਦੇਣ ਵਾਲਾ ਜਲ ਹੈ ਜੋ ਸਤਿਗੁਰੂ ਦੇ ਉਪਦੇਸ਼ਾਂ ਤੋਂ ਸੇਧ ਲੈਣ ਵਾਲੇ ਨੂੰ ਮਿਲਦਾ ਹੈ।

ਸਲੋਕ ਮਹਲਾ 2

ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ।।

ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ ॥

ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪਰਸਾਦਿ ॥

ਤਿਨੀ ਪੀਤਾ ਰੰਗ ਸਿਉ ਜਿਨ ਕਉ ਲਿਖਿਆ ਆਦਿ ॥

(1238)

ਭਾਵ, ਹੇ ਪ੍ਰਭੂ! ਜਿਨ੍ਹਾਂ ਮਨੁੱਖਾਂ ਨੂੰ ਤੇਰੇ ਨਾਮ ਦੀ ਸੋਭਾ ਕਰਨ ਦੀ ਸੁਭਾਗਤਾ ਮਿਲੀ ਹੈ, ਉਹ ਮਨੁੱਖ ਆਪਣੇ ਮਨ ਵਿੱਚ ਤੇਰੇ ਗੁਣਾਂ ਦੀ ਵਿਚਾਰ ਦੇ ਰੰਗ ਨਾਲ ਰੰਗੇ ਰਹਿੰਦੇ ਹਨ। ਹੇ ਨਾਨਕ! ਉਨ੍ਹਾਂ ਲਈ ਇੱਕ ਨਾਮ ਹੀ ਅੰਮ੍ਰਿਤ ਹੈ, ਹੋਰ ਕਿਸੇ ਚੀਜ਼ ਨੂੰ ਉਹ ਅੰਮ੍ਰਿਤ ਨਹੀਂ ਮੰਨਦੇ। ਹੇ ਨਾਨਕ! ਇਹ ਨਾਮ ਰੂਪੀ ਅੰਮ੍ਰਿਤ ਹਰੇਕ ਮਨੁੱਖ ਦੇ ਮਨ ਵਿੱਚ ਹੀ ਹੈ, ਪਰ ਮਿਲਦਾ ਹੈ ਗੁਰੂ ਦੀ ਕਿਰਪਾ ਨਾਲ; ਜਿਨ੍ਹਾਂ ਦੇ ਭਾਗਾਂ ਵਿੱਚ ਧੁਰੋਂ ਲਿਖਿਆ ਹੋਇਆ ਹੈ; ਉਨ੍ਹਾਂ ਨੇ ਹੀ ਸੁਆਦ ਨਾਲ ਪੀਤਾ ਹੈ।

ਗੁਰੂ ਗ੍ਰੰਥ ਸਾਹਿਬ ਦੇ ਉਕਤ ਅਤੇ ਹੋਰ ਬਹੁਤ ਸਾਰੇ ਫੁਰਮਾਨਾਂ ਤੋਂ ਸਾਬਿਤ ਹੁੰਦਾ ਹੈ ਕਿ ਸਿੱਖ ਫਲਸਫੇ ਵਿੱਚ ‘ਅੰਮ੍ਰਿਤ` ਲਫ਼ਜ਼ ਗੁਰਬਾਣੀ ਅਤੇ ਰੱਬੀ ਗੁਣਾਂ ਲਈ ਵਰਤਿਆ ਜਾਂਦਾ ਹੈ। ਖੰਡੇ-ਬਾਟੇ ਦੀ ਪਾਹੁਲ ਲਈ ‘ਅੰਮ੍ਰਿਤ` ਲਫ਼ਜ਼ ਇਸ ਵਾਸਤੇ ਤਾਂ ਵਰਤਿਆ ਜਾ ਸਕਦਾ ਹੈ ਕਿਉਂਕਿ ਇਹ ਪਾਹੁਲ ਛਕਣ ਵਾਲੇ ਇਨਸਾਨ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਤੋਂ ਸੇਧ ਲੈ ਕੇ ਰੱਬੀ ਗੁਣਾਂ ਰੂਪੀ ਅੰਮ੍ਰਿਤ ਨੂੰ ਆਪਣੇ ਅੰਦਰ ਧਾਰਨ ਕਰੇਗਾ ਪਰ ਇਹ ਸੋਚਣਾ ਕਿ ਅੰਮ੍ਰਿਤ (ਖੰਡੇ-ਬਾਟੇ ਦੀ ਪਾਹੁਲ) ਵਿੱਚ ਕੋਈ ਗੈਰ-ਕੁਦਰਤੀ ਚਮਤਕਾਰੀ ਸ਼ਕਤੀ ਹੈ, ਭਾਰੀ ਗਲਤੀ ਅਤੇ ਮਨਮਤਿ ਹੈ। ਇਹੀ ਮਨਮਤੀ ਧਾਰਨਾ ਦਸਮ ਗ੍ਰੰਥ ਦੇ ਉਪਾਸਕਾਂ ਦੇ ਮਨਾਂ ਵਿੱਚ ਇਹ ਖੌਫ ਪੈਦਾ ਕਰਦੀ ਹੈ ਕਿ ਜੇਕਰ ਖੰਡੇ-ਬਾਟੇ ਦੀ ਪਾਹੁਲ ਛਕਾਏ ਜਾਣ ਵੇਲੇ ਦਸਮ ਗ੍ਰੰਥ ਦੀਆਂ ਰਚਨਾਵਾਂ ਨਾ ਪੜ੍ਹੀਆਂ ਜਾਣ, ਤਾਂ ਉਨ੍ਹਾਂ ਨਾਲ ਅੰਮ੍ਰਿਤ ਦੀ ਇਹ ‘ਸ਼ਕਤੀ` ਘੱਟ ਜਾਏਗੀ ਜਾਂ ਬਿਲਕੁਲ ਨਹੀਂ ਰਹੇਗੀ। ਪਰ ਇਨ੍ਹਾਂ ਭੋਲੇ ਵੀਰਾਂ ਨੂੰ ਇਹ ਵਿਚਾਰਨਾ ਚਾਹੀਦਾ ਹੈ ਕਿ ਜੇਕਰ ਅੰਮ੍ਰਿਤ ਸੰਚਾਰ ਵੇਲੇ ਪੜ੍ਹੀਆਂ ਜਾਂਦੀਆਂ ਗੁਰੂ ਗ੍ਰੰਥ ਸਾਹਿਬ ਦੀਆਂ 2 ਰਚਨਾਵਾਂ (ਜਪੁ ਜੀ ਸਾਹਿਬ ਅਤੇ ਅਨੰਦ ਸਾਹਿਬ) ਨਾਲ ਬਾਕੀ 3 ਰਚਨਾਵਾਂ ਵੀ ਗੁਰੂ ਗ੍ਰੰਥ ਸਾਹਿਬ ਦੀਆਂ ਹੀ ਪੜ੍ਹ ਲਈਆਂ ਜਾਣ, ਤਾਂ ਪਾਹੁਲ ਸੰਸਕਾਰ ਨੂੰ ‘ਅੰਮ੍ਰਿਤ` ਦਾ ਦਰਜਾ ਦੇਣਾ ਵਧੇਰੇ ਬਿਹਤਰ ਹੋਵੇਗਾ (ਅੰਮ੍ਰਿਤ, ਅੰਮ੍ਰਿਤ ਹੀ ਰਹੇਗਾ, ਜ਼ਹਿਰ ਨਹੀਂ ਬਣ ਜਾਏਗਾ) ਕਿਉਂਕਿ ਸਿਰਫ਼ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੀ ਅੰਮ੍ਰਿਤ ਰੂਪੀ ਹੈ।

ਪਰ ਕਿਉਂਕਿ ਟਕਸਾਲੀਆਂ, ਜੱਥਿਆਂ ਜਾਂ ਡੇਰੇਦਾਰਾਂ ਵੱਲੋਂ ਸਾਰਾ ਜੋਰ ਸਿਰਫ਼ ਅੰਮ੍ਰਿਤ ਛਕਾਉਣ ਤੱਕ ਹੀ ਸੀਮਤ ਰਹਿੰਦਾ ਹੈ, ਗੁਰਬਾਣੀ ਦੇ ਸਿਧਾਂਤਾਂ ਦਾ ਪ੍ਰਚਾਰ ਕਰਨ ਲਈ ਨਹੀਂ, ਇਸੇ ਵਾਸਤੇ ਕਈ ਅਖੌਤੀ ਅੰਮ੍ਰਿਤਧਾਰੀ ਮੰਦਰਾਂ ਵਿੱਚ ਮੱਥੇ ਟੇਕਦੇ ਵੇਖੇ ਜਾਂਦੇ ਹਨ, ਕਈ ਘੱਟ ਉਮਰ ਦੇ ਡੇਰੇਦਾਰਾਂ ਨੂੰ ਮੱਥੇ ਟੇਕਦੇ ਅਤੇ ਉਨ੍ਹਾਂ ਨੂੰ ਚੈਨੀਆਂ ਭੇਟ ਕਰਦੇ ਵੇਖੇ ਜਾਂਦੇ ਹਨ, ਕਈ ਅੰਮ੍ਰਿਤ ਛਕਣ ਉਪਰੰਤ ਵੀ ਅਨੈਤਿਕ ਸੰਬਧਾਂ ਵਿੱਚ ਫਸੇ ਅਤੇ ਕਈ ਲੋਕਾਂ ਨਾਲ ਠੱਗੀਆਂ-ਬੇਈਮਾਨੀਆਂ ਕਰਦੇ ਵੇਖੇ ਜਾਂਦੇ ਹਨ। ਇਸਦਾ ਕਾਰਨ ਇਹੀ ਹੁੰਦਾ ਹੈ ਕਿ ਅਜਿਹੇ ਲੋਕ ਜਜ਼ਬਾਤੀ ਹੋ ਕੇ ਜਾਂ ਕਿਸੇ ਦੇ ਦਬਾਅ ਅਧੀਨ ਅੰਮ੍ਰਿਤ ਛਕਣ ਦੀ ਰਸਮ ਤਾਂ ਪੂਰੀ ਕਰ ਲੈਂਦੇ ਹਨ ਪਰ ਗੁਰਬਾਣੀ ਰੂਪੀ ਅੰਮ੍ਰਿਤ ਦੇ ਉਪਦੇਸ਼ਾਂ ਨੂੰ ਜ਼ਿੰਦਗੀ ਵਿੱਚ ਸਮਝਣ-ਅਪਣਾਉਣ ਦੀ ਕੋਈ ਕੋਸ਼ਿਸ਼ ਨਹੀਂ ਕਰਦੇ। ਇਸਲਈ ਅਜਿਹੀ ਰਸਮੀ ਪਾਹੁਲ ਛਕਣ ਵਾਲੇ ਲੋਕਾਂ ਨੂੰ ‘ਅੰਮ੍ਰਿਤਧਾਰੀਆਂ` ਵਿੱਚ ਗਿਣਨਾ ਭਾਰੀ ਗਲਤੀ ਹੈ। ਅਸਲ ਅਰਥਾਂ ਵਿੱਚ ਅੰਮ੍ਰਿਤਧਾਰੀ ਤਾਂ ਉਹੀ ਇਨਸਾਨ ਹੈ, ਜਿਹੜਾ ਗੁਰਬਾਣੀ ਦੇ ਉਪਦੇਸ਼ਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਉਣ ਦੀ ਦਿਸ਼ਾ ਵਿੱਚ ਸਰਗਰਮ ਹੈ।

ਇਸ ਸਭ ਚਰਚਾ ਤੋਂ ਸਪਸ਼ਟ ਹੈ ਕਿ ਦਸਮ ਗ੍ਰੰਥ ਨੂੰ ਤਿਆਗਣ ਨਾਲ ਅੰਮ੍ਰਿਤ ਸੰਸਕਾਰ ਖ਼ਤਮ ਹੋਣ ਜਾਂ ਅੰਮ੍ਰਿਤਧਾਰੀਆਂ ਦੇ ਖ਼ਤਮ ਹੋ ਜਾਣ ਦਾ ਪ੍ਰਗਟਾਇਆ ਜਾ ਰਿਹਾ ਖਦਸ਼ਾ ਬਿਲਕੁਲ ਨਿਰਮੂਲ ਅਤੇ ਭੋਲੇ-ਭਾਲੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਇੱਕ ਕੋਝੀ ਸਾਜਿਸ਼ ਹੈ।

ਦਲੀਲ 2) ਦਸਮ ਗ੍ਰੰਥ ਨੂੰ ਮੁਕੰਮਲ ਤੌਰ `ਤੇ ਰੱਦ ਕਰਨ ਨਾਲ ਨਿੱਤਨੇਮ ਦੀਆਂ ਬਾਣੀਆਂ ਦਾ ਕੀ ਹੋਵੇਗਾ?

ਇਹ ਸਵਾਲ ਵੀ ਪਹਿਲੇ ਖਦਸ਼ੇ ਦਾ ਹੀ ਬਦਲਿਆ ਹੋਇਆ ਰੂਪ ਹੈ। ਇਸ ਬਾਬਤ ਅਨਜਾਣ ਪਾਠਕਾਂ ਨੂੰ ਇਹ ਦੱਸਣਾ ਜਾਇਜ਼ ਰਹੇਗਾ ਕਿ ਨਿੱਤਨੇਮ ਦੀਆਂ ਮੂਲ ਬਾਣੀਆਂ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ 13 ਪੰਨਿਆਂ `ਤੇ ਦਰਜ ਹਨ। ਇਹ ਬਾਣੀਆਂ ਹਨ: ਜਪੁ (ਪ੍ਰਚਲਿਤ ਨਾਮ ਜਪੁਜੀ ਸਾਹਿਬ), ਸੋ ਦਰੁ, ਸੋ ਪੁਰਖੁ ਅਤੇ ਸੋਹਿਲਾ। ਇਨ੍ਹਾਂ ਵਿੱਚੋਂ ਬਾਣੀ ਜਪੁ ਨੂੰ ਸਵੇਰ ਵੇਲੇ ਪੜ੍ਹਿਆ ਜਾਂਦਾ ਹੈ, ਸੋ ਦੁਰ ਅਤੇ ਸੋ ਪੁਰਖੁ ਨੂੰ ਸ਼ਾਮ ਵੇਲੇ ਅਤੇ ਸੋਹਿਲਾ ਨੂੰ ਰਾਤੀਂ ਸੌਣ ਤੋਂ ਪਹਿਲਾਂ। ਆਪਣੇ ਆਪ ਨੂੰ ਗੁਰੂ ਸਾਹਿਬਾਨ ਤੋਂ ਵੱਧ ਸਿਆਣੇ ਸਮਝਣ ਵਾਲੇ ਸਿੱਖਾਂ ਨੇ ਹੌਲੀ-ਹੌਲੀ ਜਪੁਜੀ ਸਾਹਿਬ ਦੇ ਇਲਾਵਾ ਦਸਮ ਗ੍ਰੰਥ ਦੀਆਂ 3 ਰਚਨਾਵਾਂ (ਜਾਪੁ, ਸਵੈਯੇ ਤੇ ਚੌਪਈ) ਦੇ ਇਲਾਵਾ ਅਨੰਦ ਸਾਹਿਬ ਦੀ ਬਾਣੀ ਨੂੰ ‘ਨਿੱਤਨੇਮ` ਵਜੋਂ ਪ੍ਰਚਲਿਤ ਕਰ ਦਿੱਤਾ। ਪਰ ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਕਿਸੇ ਵੀ ਸਿੱਖ ਦੀ ਲਿਖਤ ਵਿੱਚ ਗੁਰੂ ਸਾਹਿਬ ਵੱਲੋਂ ਇਨ੍ਹਾਂ ਵਾਧੂ ਰਚਨਾਵਾਂ ਦੇ ਨਿੱਤਨੇਮ ਵਜੋਂ ਪੜ੍ਹਨ ਦੀ ਤਾਕੀਦ ਕੀਤੇ ਹੋਣ ਦਾ ਕੋਈ ਜ਼ਿਕਰ ਨਹੀਂ ਹੈ (ਦਸਮ ਗ੍ਰੰਥ ਜਾਂ ਬਚਿੱਤਰ ਨਾਟਕ ਗ੍ਰੰਥ ਤਾਂ ਉਸ ਸਮੇਂ ਹੋਂਦ ਵਿੱਚ ਵੀ ਨਹੀਂ ਆਇਆ ਸੀ)। ਰਹਿਤ ਮਰਿਆਦਾ ਤਿਆਰ ਕਰਨ ਵਾਲੇ ਸੱਜਣਾਂ ਨੇ ਉਕਤ ਪੰਜ ਵਿੱਚੋਂ ਪਹਿਲੀਆਂ ਤਿੰਨ ਰਚਨਾਵਾਂ ਨੂੰ ਸਵੇਰ ਵੇਲੇ ਦੀਆਂ ਨਿੱਤਨੇਮ ਦੀਆਂ ਬਾਣੀਆਂ ਵਜੋਂ ਮਨਜ਼ੂਰੀ ਦੇ ਦਿੱਤੀ ਜਦਕਿ ਸੋ ਦੁਰ ਅਤੇ ਸੋ ਪੁਰਖੁ ਬਾਣੀਆਂ ਨਾਲ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ ਦੀਆਂ ਕੁੱਝ ਰਚਨਾਵਾਂ ਨੂੰ ਮਿਲਾ ਕੇ ‘ਰਹਿਰਾਸ` ਨਾਂ ਤੋਂ ਨਵੀਂ ਰਚਨਾ ਦਾ ਪ੍ਰਚਲਨ ਕਰ ਦਿੱਤਾ। ਹੁਣ ਰਹਿਤ ਮਰਿਆਦਾ ਦੇ ਅਧਾਰ `ਤੇ ਇਨ੍ਹਾਂ ਰਚਨਾਵਾਂ ਦੇ ‘ਨਿੱਤਨੇਮ` ਵਜੋਂ ਪ੍ਰਚਲਿਤ ਹੋ ਜਾਣ ਕਾਰਨ, ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ‘ਘੱਟ` ਬਾਣੀਆਂ ਦਾ ਪਾਠ ਕਰਨ ਦੀ ਵਕਾਲਤ ਕਰਨ ਵਾਲੇ ਨੂੰ ‘ਨੀਵੇਂ ਪੱਧਰ` ਦਾ ਸਮਝਿਆ ਜਾਂਦਾ ਹੈ ਅਤੇ ਲਕੀਰ-ਦੇ-ਫਕੀਰ ਮਾਨਸਿਕਤਾ ਵਾਲੇ ਕਈ ਸੱਜਣ ਤਾਂ ਅਜਿਹੇ ਚੇਤੰਨ ਸਿੱਖਾਂ ਨੂੰ ‘ਪੰਥ-ਦੋਖੀ` ਵੀ ਗਰਦਾਨ ਦਿੰਦੇ ਹਨ। ਪਰ ਕੋਈ ਸੱਜਣ ਇਹ ਸੋਚਣ ਦਾ ਕਸ਼ਟ ਨਹੀਂ ਕਰਦਾ ਕਿ ਪ੍ਰਚਲਿਤ ਰਹਿਤ ਮਰਿਆਦਾ ਦੀ ਉਲੰਘਣਾ ਕਰਕੇ ‘ਪੰਥ-ਦੋਖੀ` ਬਣਨਾ ਵਧੇਰੇ ਮਾੜਾ ਹੈ ਜਾਂ ਗੁਰੂ ਸਾਹਿਬਾਨ ਦੇ ਹੁਕਮ ਦੀ ਉਲੰਘਣਾ ਕਰਕੇ (ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਦੀਆਂ ਰਚਨਾਵਾਂ ਨੂੰ ਗੁਰਬਾਣੀ ਸਮਾਨ ਸਮਝ ਕੇ) ‘ਗੁਰੂ-ਦੋਖੀ` ਬਣਨਾ ਵਧੇਰੇ ਮਾੜਾ ਹੈ?

ਪ੍ਰਚਲਿਤ ਰਹਿਤ ਮਰਿਆਦਾ ਗੁਰੂ ਗੋਬਿੰਦ ਸਿੰਘ ਜੀ ਨੇ ਤਿਆਰ ਨਹੀਂ ਕੀਤੀ ਸੀ ਬਲਕਿ ਇਸਨੂੰ ਵੀਹਵੀਂ ਸਦੀ ਵਿੱਚ ਖ਼ੁਦ ਸਿੱਖਾਂ ਨੇ ਤਿਆਰ ਕੀਤਾ ਸੀ। ਅਜਿਹੇ ਕਾਰਜਾਂ ਵਿੱਚ ਹਮੇਸ਼ਾ ਦਬਦਬਾ ਹੂੜਮਤੀਆਂ ਦਾ ਹੀ ਰਹਿੰਦਾ ਹੈ ਜਿਹੜੇ ਬਿਨ੍ਹਾਂ ਕਿਸੇ ਠੋਸ ਦਲੀਲ ਦੇ ਵੀ ਆਪਣੀ ਗਲਤ ਗੱਲ ਨੂੰ ਮੰਨਣ ਦਾ ਜ਼ੋਰ ਦਿੰਦੇ ਰਹਿੰਦੇ ਹਨ (ਮੌਜੂਦਾ ਸਮੇਂ ਵਿੱਚ ਨਾਨਕਸ਼ਾਹੀ ਕੈਲੰਡਰ ਦੇ ਮਸਲੇ `ਤੇ ਵੀ ਇਨ੍ਹਾਂ ਹੂੜਮਤੀਆਂ ਵੱਲੋਂ ਇਹੀ ਰਵਈਆ ਅਪਣਾਇਆ ਜਾ ਰਿਹਾ ਹੈ)। ਇਹੀ ਕਾਰਨ ਹੈ ਕਿ ਰਹਿਤ ਮਰਿਆਦਾ ਵਿੱਚ ਰਾਗਮਾਲਾ ਪੜ੍ਹਨ ਜਾਂ ਨਾ ਪੜ੍ਹਨ ਦੇ ਸਿੱਧੇ ਸਰਲ ਵਿਸ਼ੇ ਬਾਰੇ ਵੀ ਕੋਈ ਸਪਸ਼ਟ ਨਿਰਣਾ ਨਹੀਂ। ਇਸੇ ਕਾਰਨ ਹੀ ਰਹਿਤ ਮਰਿਆਦਾ ਦੀ ਤਿਆਰੀ ਦੌਰਾਨ ਨਿੱਤਨੇਮ ਦੀਆਂ ਬਾਣੀਆਂ ਵਿੱਚ ਭਰੋਸੇ-ਰਹਿਤ ਬਚਿੱਤਰ ਨਾਟਕ ਗ੍ਰੰਥ ਦੀਆਂ ਰਚਨਾਵਾਂ ਨੂੰ ਵੀ ਸ਼ਾਮਲ ਕਰ ਲਿਆ ਗਿਆ।

ਵੈਸੇ ਵੀ, ਅਸੀਂ ਸਭ ਜਾਣਦੇ ਹਾਂ ਕਿ ‘ਭੁਲਣੁ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ।।” ਭਾਵ ਹਰ ਇਨਸਾਨ ਗਲਤੀਆਂ ਕਰਦਾ ਹੀ ਹੈ। ਰਹਿਤ ਮਰਿਆਦਾ ਤਿਆਰ ਕਰਨ ਵਾਲੇ ਸੱਜਣ ਵੀ ਇਨਸਾਨ ਹੀ ਸਨ। ਜੇਕਰ ਉਨ੍ਹਾਂ ਨੇ ਗਲਤੀ ਨਾਲ ਜਾਂ ਹੂੜਮਤੀਆਂ ਦੇ ਦਬਾਅ ਅਧੀਨ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਦੀਆਂ ਰਚਨਾਵਾਂ ਨੂੰ ਵੀ ਨਿੱਤਨੇਮ ਦੀਆਂ ਬਾਣੀਆਂ ਵਜੋਂ ਮਾਨਤਾ ਦੇਣ ਦੀ ਗਲਤੀ ਕਰ ਦਿੱਤੀ ਸੀ, ਤਾਂ ਵੀ ਇਹ ਜ਼ਰੂਰੀ ਨਹੀਂ ਕਿ ਸਿੱਖ ਸਮਾਜ ਹਮੇਸ਼ਾ ਹੀ ਉਸ ਗਲਤੀ ਨੂੰ ਦੁਹਰਾਉਂਦਾ ਚਲਾ ਜਾਏ।

ਦਲੀਲ 3) ਦਸਮ ਗ੍ਰੰਥ ਨੂੰ ਤਿਆਗਣ ਦਾ ਮਤਲਬ ਗੁਰੂ ਗੋਬਿੰਦ ਸਿੰਘ ਜੀ ਨੂੰ ਤਿਆਗਣਾ ਹੈ।

ਦਸਮ ਗ੍ਰੰਥ ਦੇ ਉਪਾਸਕਾਂ ਵੱਲੋਂ ਆਮ ਸਿੱਖਾਂ ਨੂੰ ਭਰਮਾਉਣ ਲਈ ਇਹ ਦਲੀਲ ਵੀ ਦਿੱਤੀ ਜਾਂਦੀ ਹੈ ਕਿ ਦਸਮ ਗ੍ਰੰਥ ਨੂੰ ਤਿਆਗਣ ਦਾ ਅਰਥ ਹੈ ਗੁਰੂ ਗੋਬਿੰਦ ਸਿੰਘ ਜੀ ਨੂੰ ਤਿਆਗਣਾ। ਪਰ ਇਹ ਧਿਆਨ ਦੇਣ ਯੋਗ ਤੱਥ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਕਿਸੇ ਵੀ ਲੇਖਕ ਦੀ ਲਿਖਤ ਵਿੱਚ ‘ਦਸਮ ਗ੍ਰੰਥ` ਨਾਂਅ ਦੀ ਸ਼ੈਅ ਦਾ ਜ਼ਿਕਰ ਹੀ ਨਹੀਂ ਮਿਲਦਾ। ਅਜੋਕੇ ਸਮੇਂ ਵਿੱਚ ‘ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ` ਦੇ ਨਾਂ ਤੋਂ ਪ੍ਰਚਾਰੀ ਜਾ ਰਹੀ ਪੁਸਤਕ ਵੱਖ-ਵੱਖ ਸਾਕਤ ਮਤੀਏ (ਮਹਾਂਕਾਲ ਅਤੇ ਉਸਦੀ ਪਤਨੀ ਕਾਲਕਾ ਦੇ ਉਪਾਸਕ) ਕਵੀਆਂ ਵੱਲੋਂ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਬੇਮੁਖ ਕਰਕੇ ਸੰਸਿਆਂ ਵਿੱਚ ਪਾਉਣ ਲਈ ਲਿਖੀ ਗਈ ਸੀ, ਜਿਸਦਾ ਨਾਮ ‘ਬਚਿੱਤਰ ਨਾਟਕ ਗ੍ਰੰਥ` ਰੱਖਿਆ ਗਿਆ ਸੀ, ਜਿਸ ਬਾਰੇ ਜਾਗ੍ਰਿਤ ਸਿੱਖ ਹਮੇਸ਼ਾ ਹੀ ਇਤਰਾਜ਼ ਪ੍ਰਗਟਾਉਂਦੇ ਰਹੇ ਸਨ। 19ਵੀਂ ਸ਼ਤਾਬਦੀ ਦੇ ਅੰਤ ਵਿੱਚ ਅੰਗਰੇਜ਼ਾਂ ਵੱਲੋਂ ਆਪਣੇ ਏਜੰਟ ਰੂਪੀ ਸਿੱਖਾਂ ਵੱਲੋਂ ਇਸ ਗ੍ਰੰਥ ਬਾਰੇ ਇੱਕ ‘ਸੋਧਕ ਕਮੇਟੀ` ਦਾ ਗਠਨ ਕਰਵਾ ਦਿੱਤਾ, ਜਿਸਨੇ ਇਸ ਪੁਸਤਕ ਵਿਚਲੀਆਂ ਅਜਿਹੀਆਂ ਰਚਨਾਵਾਂ ਜਿਹੜੀਆਂ ਸਿੱਧੇ ਤੌਰ `ਤੇ ਇਸਦੇ ਲਿਖਾਰੀ ਦੀ ਬਿਪਰਵਾਦੀ ਸੋਚ ਦਾ ਪ੍ਰਗਟਾਵਾ ਕਰਦੀਆਂ ਸਨ, ਨੂੰ ਹਟਵਾ (delete ਕਰ) ਕੇ ਇਸਨੂੰ ‘ਦਸਮ ਗ੍ਰੰਥ` ਦੇ ਨਾਂ ਹੇਠ ਪ੍ਰਕਾਸ਼ਿਤ ਕਰਵਾ ਦਿੱਤਾ।

ਇਹ ਵਿਵਾਦਿਤ ਪੁਸਤਕ ਆਮ ਸਿੱਖਾਂ ਦੀ ਪਹੁੰਚ ਤੋਂ ਬਾਹਰ ਹੋਣ ਕਰਕੇ ਅਤੇ ਇਸਦਾ ਨਾਮ ਗੁਰੂ ਗੋਬਿੰਦ ਸਿੰਘ ਲਈ ਵਰਤੇ ਜਾਂਦੇ ਵਿਸ਼ੇਸ਼ਣ ‘ਦਸਮ` ਦੇ ਅਧਾਰ `ਤੇ ਰੱਖ ਦਿੱਤੇ ਜਾਣ ਕਾਰਨ, ਲੰਮੇਂ ਚਿਰ ਤੱਕ ਸਿੱਖ ਇਸ ਪੁਸਤਕ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਸਮਝਦੇ ਰਹੇ। ਪਰ ਮੌਜੂਦਾ ਸਮੇਂ ਵਿੱਚ ਚੇਤੰਨ ਸਿੱਖਾਂ ਵੱਲੋਂ ਇਤਿਹਾਸਕ ਤੱਥਾਂ ਦੀ ਪੜਚੋਲ ਕਰਨ ਅਤੇ ਬਚਿੱਤਰ ਨਾਟਕ ਗ੍ਰੰਥ ਦੀਆਂ ਰਚਨਾਵਾਂ ਦੀ ਗੁਰਬਾਣੀ ਨਾਲ ਤੁਲਨਾ ਕਰਕੇ ਸਾਬਿਤ ਕੀਤਾ ਹੈ ਕਿ ਇਸ ਗ੍ਰੰਥ ਦੀ ਕੋਈ ਵੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤ ਨਹੀਂ ਹੈ। ਕੋਈ ਵੀ ਨਿਰਪੱਖ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਅਧਿਐਨ ਕਰਕੇ ਅਤੇ ਫਿਰ ਬਚਿੱਤਰ ਨਾਟਕ ਗ੍ਰੰਥ ਦੀਆਂ ਰਚਨਾਵਾਂ ਨੂੰ ਗੁਰਬਾਣੀ ਦੀ ਦੀ ਕਸਵੱਟੀ `ਤੇ ਪਰਖ ਕੇ ਅਸਾਨੀ ਨਾਲ ਇਹ ਸਮਝ ਸਕਦਾ ਹੈ ਕਿ ਹਿੰਦੂ ਦੇਵੀ-ਦੇਵਤਿਆਂ ਦੀ ਉਸਤਤਿ ਕਰਨ ਵਾਲੀ, ਗੁਰਬਾਣੀ ਦੇ ਸਿਧਾਂਤਾਂ ਦਾ ਉਲੰਘਣਾ ਕਰਨ ਵਾਲੀਆਂ, ਗੁਰੂ ਸਾਹਿਬਾਨ ਨੂੰ ਲਵ-ਕੁਸ਼ ਦੀ ਔਲਾਦ ਦੱਸਣ ਵਾਲੀਆਂ ਅਤੇ ਸਿੱਖ ਇਤਿਹਾਸ ਨੂੰ ਬ੍ਰਾਹਮਣਵਾਦੀ ਰੰਗਤ ਦੇਣ ਵਾਲੀਆਂ ਇਨ੍ਹਾਂ ਰਚਨਾਵਾਂ ਦੇ ਲਿਖਾਰੀ ਗੁਰੂ ਗੋਬਿੰਦ ਸਿੰਘ ਜੀ ਨਹੀਂ ਹੋ ਸਕਦੇ।

ਜਦ ਗੁਰੂ ਗੋਬਿੰਦ ਸਿੰਘ ਜੀ ਇਨ੍ਹਾਂ ਰਚਨਾਵਾਂ ਦੇ ਲਿਖਾਰੀ ਹੀ ਨਹੀਂ, ਤਾਂ ਫਿਰ ਇਨ੍ਹਾਂ ਨੂੰ ਤਿਆਗਣ ਨਾਲ ਗੁਰੂ ਸਾਹਿਬ ਦਾ ਤਿਆਗ ਕਰਨ ਦਾ ਖਦਸ਼ਾ ਬਿਲਕੁਲ ਹੀ ਨਿਰਮੂਲ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਸਿੱਖਾਂ ਦਾ ਸਦੀਵੀ ਗੁਰੂ, ਗੁਰੂ ਗ੍ਰੰਥ ਸਾਹਿਬ ਨੂੰ ਮਨੋਨੀਤ ਕੀਤਾ ਸੀ, ਜਿਨ੍ਹਾਂ ਦੇ ਉਪਦੇਸ਼ਾਂ ਦੀ ਪਾਲਣਾ ਕਰਕੇ ਹੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹਾਂ। ਬਲਕਿ ਗੁਰੂ ਗ੍ਰੰਥ ਸਾਹਿਬ ਨੂੰ ਤਿਆਗਣਾ (ਉਨ੍ਹਾਂ ਦੀ ਪਵਿੱਤਰ ਬਾਣੀ ਦੀ ਬਜਾਏ ਇਸ ਵਿਵਾਦਿਤ ਕਿਤਾਬ ਦੀਆਂ ਰਚਨਾਵਾਂ `ਤੇ ਜ਼ਿਆਦਾ ਜਾਂ ਬਰਾਬਰ ਸ਼ਰਧਾ ਰੱਖਣਾ) ਹੀ ਗੁਰੂ ਗੋਬਿੰਦ ਸਿੰਘ ਜੀ ਨੂੰ ਤਿਆਗਣਾ ਹੈ ਤੇ ਇਹ ਕੰਮ ਦਮਦਮੀ ਟਕਸਾਲ, ਅਖੰਡ ਕੀਰਤਨੀ ਜੱਥਾ, ਨਿਹੰਗ ਜੱਥਿਆਂ ਅਤੇ ਬ੍ਰਾਹਮਣਵਾਦੀ ਮਾਨਸਿਕਤਾ ਵਾਲੇ ਕੁੱਝ ਹੋਰ ਸੰਗਠਨਾਂ ਵੱਲੋਂ ਸ਼ਰੇਆਮ ਕੀਤਾ ਜਾ ਰਿਹਾ ਹੈ। ਇਸ ਤੋਂ ਵੀ ਵੱਧ ਹੈਰਾਨੀ ਤੇ ਅਫ਼ਸੋਸ ਦੀ ਗੱਲ ਹੈ ਕਿ ਇਹ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਗੁਰੂ ਮੰਨਣ ਵਾਲੇ (ਸਿਰਫ਼ ਤੇ ਸਿਰਫ਼ ਗੁਰੂ ਗ੍ਰੰਥ ਸਾਹਿਬ `ਤੇ ਆਪਣੀ ਆਸਥਾ ਰੱਖਣ ਵਾਲੇ) ਸਿੱਖਾਂ ਨੂੰ ਨਾਸਤਿਕ, ਪੰਥ-ਵਿਰੋਧੀ ਆਦਿਕ ਵਿਸ਼ੇਸ਼ਣਾਂ ਨਾਲ ਸੰਬੋਧਿਤ ਕਰਕੇ ਆਪਣੀ ਅਕਲ ਦਾ ਦੀਵਾਲੀਆਪਨ ਖ਼ੁਦ ਜ਼ਾਹਿਰ ਕਰ ਰਹੇ ਹਨ।

ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਰੂਪ ਦੱਸਣ ਵਾਲੇ ਸੱਜਣਾਂ ਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਜੇਕਰ ਇਹ ਮੰਨ ਲਿਆ ਜਾਵੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕੋਈ ਕਾਵਿ-ਰਚਨਾ ਨਹੀਂ ਰਚੀ ਜਾਂ ਅਜਿਹੀ ਕੋਈ ਕਾਵਿ-ਰਚਨਾ ਨਹੀਂ ਰਚੀ ਜਿਸਨੂੰ ਗੁਰੂ ਸਾਹਿਬ ਸਿੱਖਾਂ ਨੂੰ ਗੁਰਬਾਣੀ ਵਾਂਗ ਪੜ੍ਹਾਉਣਾ ਚਾਹੁੰਦੇ - ਤਾਂ ਇਸ ਨਾਲ ਗੁਰੂ ਸਾਹਿਬ ਦੇ ਸਨਮਾਨ ਵਿੱਚ ਕੋਈ ਕਮੀ ਨਹੀਂ ਆ ਜਾਂਦੀ। ਜੇਕਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਤੋਂ ਪਹਿਲਾਂ ਦੇ ਗੁਰੂ ਸਾਹਿਬਾਨ ਦੀ ਤਰਜ਼ `ਤੇ ਗੁਰਬਾਣੀ ਰਚੀ ਹੁੰਦੀ, ਤਾਂ ਉਹ ਉਸਨੂੰ ਜ਼ਰੂਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਦਿੰਦੇ - ਜਿਵੇਂ ਗੁਰੂ ਅਰਜਨ ਸਾਹਿਬ ਨੇ ਸਿੱਖਾਂ ਨੂੰ ਰੱਬੀ ਗਿਆਨ ਬਖਸ਼ਣ ਲਈ ਆਪਣੀਆਂ ਮਹਾਨ ਰਚਨਾਵਾਂ ਦਰਜ ਕੀਤੀਆਂ ਸਨ। ਇਸਦੇ ਇਲਾਵਾ, ਜਿਨ੍ਹਾਂ ਗੁਰੂ ਸਾਹਿਬਾਨ ਵੱਲੋਂ ਕੋਈ ਕਾਵਿ ਰਚਨਾ ਨਾ ਰਚੇ ਜਾਣ ਬਾਰੇ ਕੋਈ ਸੰਸਾ ਨਹੀਂ ਜਿਵੇਂ ਗੁਰੂ ਹਰਿਗੋਬਿੰਦ ਸਾਹਿਬ, ਗੁਰੂ ਹਰਿਰਾਏ ਸਾਹਿਬ ਜਾਂ ਗੁਰੂ ਹਰਿਕ੍ਰਿਸ਼ਨ ਸਾਹਿਬ - ਕੀ ਸਿੱਖ ਉਨ੍ਹਾਂ ਨੂੰ ਗੁਰੂ ਨਹੀਂ ਮੰਨਦੇ (ਹੋ ਸਕਦਾ ਹੈ ਕਿ ਦਸਮ ਗ੍ਰੰਥ ਦੇ ਉਪਾਸਕ ਉਨ੍ਹਾਂ ਨੂੰ ਗੁਰੂ ਨਾ ਮੰਨਦੇ ਹੋਣ) ਜਾਂ, ਕੀ ਉਨ੍ਹਾਂ ਦੀ ਗੁਰਿਆਈ ਕਿਸੇ ਨੀਵੇਂ ਦਰਜੇ ਦੀ ਸੀ? ਗੱਲ ਸਿਰਫ਼ ਏਨੀ ਹੈ ਕਿ ਸਮੂਹ ਗੁਰੂ ਸਾਹਿਬਾਨ ਨੂੰ ਇਸ ਵਾਸਤੇ ਸਤਿਕਾਰਦੇ ਹਾਂ ਕਿ ਉਨ੍ਹਾਂ ਨੇ ਆਪਣੇ ਜੀਵਨ ਕਾਲ ਦੌਰਾਨ ਸਾਨੂੰ ਉੱਚੇ-ਸੁੱਚੇ ਰੱਬੀ ਗੁਣਾਂ ਦੇ ਧਾਰਨੀ ਹੋ ਕੇ ਵਿਖਾਇਆ - ਸਿਰਫ਼ ਕਾਵਿ-ਕਲਾ ਵਿੱਚ ਮੁਹਾਰਤ ਹੋਣ ਜਾਂ ਨਾ ਹੋਣ ਕਾਰਨ ਕਿਸੇ ਗੁਰ-ਵਿਅਕਤੀ ਦੀ ਗੁਰਿਆਈ `ਤੇ ਸ਼ੰਕਾ ਕਰਨਾ ਜਾਂ ਉਸ ਨੂੰ ਜ਼ਿਆਦਾ ਉੱਚੀ ਪੱਧਰ ਦਾ ਗੁਰੂ ਸਮਝਣਾ ਭਾਰੀ ਭੁੱਲ ਅਤੇ ਮਨਮਤਿ ਹੈ। ਸਮੂਹ ਗੁਰੂ ਸਾਹਿਬਾਨ ਇਕੋ ਜੋਤਿ (ਵਿਚਾਰਧਾਰਾ) ਦੇ ਹਾਮੀ ਅਤੇ ਧਾਰਨੀ ਸਨ ਅਤੇ ਉਨ੍ਹਾਂ ਦਾ ਇਕੋ ਜਿਹਾ ਸਤਿਕਾਰ ਕਰਨਾ ਬਣਦਾ ਹੈ।

ਦਲੀਲ 4) ਜਦ ਤੁਸੀਂ ਅੰਮ੍ਰਿਤ ਛਕਿਆ ਸੀ ਤਾਂ ਉਸ ਵੇਲੇ ਪੰਜ ਪਿਆਰਿਆਂ ਨੇ ਕਿਹੜੀਆਂ ਬਾਣੀਆਂ ਪੜ੍ਹੀਆਂ ਸਨ? ਹੁਣ ਵੀ ਜੇਕਰ ਇਹ ਬਾਣੀਆਂ ਪੜ੍ਹੀਆਂ ਜਾਂਦੀਆਂ ਰਹਿਣ ਤਾਂ ਕਿਸੇ ਨੂੰ ਕੀ ਇਤਰਾਜ਼ ਹੈ?

ਇਹ ਟਿਚਕਰ ਉਨ੍ਹਾਂ ਸਿੱਖਾਂ ਨੂੰ ਕੀਤੀ ਜਾਂਦੀ ਹੈ, ਜਿਹੜੇ ਦਸਮ ਗ੍ਰੰਥ ਨੂੰ ਪੂਰੀ ਤਰ੍ਹਾਂ ਨਕਾਰ ਕੇ ਸਿਰਫ਼ ਗੁਰੂ ਗ੍ਰੰਥ ਸਾਹਿਬ ਤੋਂ ਅਧਿਆਤਮਕ ਸੇਧ ਲੈਣ ਦੀ ਵਕਾਲਤ ਕਰਦੇ ਹਨ। ਪਰ ਇਹ ਸਵਾਲ ਕਰਨ ਵਾਲੇ ਵੀਰਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਅੰਮ੍ਰਿਤ ਸੰਚਾਰ ਵੇਲੇ ਪੜ੍ਹੀਆਂ ਜਾਂਦੀਆਂ ਰਚਨਾਵਾਂ ਦਾ ਅਧਾਰ ਸਿੱਖ ਰਹਿਤ ਮਰਿਆਦਾ ਹੈ ਅਤੇ ਪ੍ਰਚਲਿਤ ਰਹਿਤ ਮਰਿਆਦਾ ਗੁਰੂ ਗੋਬਿੰਦ ਸਿੰਘ ਜੀ ਨੇ ਨਹੀਂ ਬਣਾਈ ਸੀ ਬਲਕਿ ਸਿੱਖਾਂ ਨੇ ਖ਼ੁਦ ਬਣਾਈ ਸੀ। ਅਤੇ ਜਿਵੇਂ ਕਿ ਪਹਿਲਾਂ ਵੀ ਕਿਹਾ ਗਿਆ ਹੈ, ਹੋਰਨਾਂ ਭੁੱਲਣਹਾਰ ਇਨਸਾਨਾਂ ਦੀ ਤਰ੍ਹਾਂ ਰਹਿਤ ਮਰਿਆਦਾ ਤਿਆਰ ਕਰਨ ਵਾਲੇ ਸੱਜਣਾਂ ਨੇ ਵੀ ਅਨਜਾਣੇ ਵਿੱਚ ਜਾਂ ਹੂੜਮਤੀਆਂ ਦੇ ਦਬਾਅ ਅਧੀਨ ਅੰਮ੍ਰਿਤ ਸੰਚਾਰ ਦੌਰਾਨ ਪੜ੍ਹੀਆਂ ਜਾਣ ਵਾਲੀਆਂ ਰਚਨਾਵਾਂ ਵਿੱਚ 3 ਰਚਨਾਵਾਂ ਦਸਮ ਗ੍ਰੰਥ ਦੀਆਂ ਸ਼ਾਮਲ ਕਰ ਦਿੱਤੀਆਂ। ਇਸੇ ਵਾਸਤੇ ਹੁਣ ਵੀ ਇਹ ਪ੍ਰਚਲਨ ਜਾਰੀ ਹੈ ਅਤੇ ਹਰ ਪਾਹੁਲਧਾਰੀ ਦੇ ਪਾਹੁਲ ਛਕਣ ਸਮੇਂ ਦਸਮ ਗ੍ਰੰਥ ਦੀਆਂ ਰਚਨਾਵਾਂ ਵੀ ਪੜ੍ਹੀਆਂ ਜਾਂਦੀਆਂ ਹਨ। ਪਰ ਇਸਦਾ ਅਰਥ ਇਹ ਨਹੀਂ ਕਿ ਜੇਕਰ ਕੁੱਝ ਚੁਨਿੰਦਾ ਸਿੱਖਾਂ ਨੇ ਗਲਤੀ ਨਾਲ ‘ਦੋ ਤੇ ਦੋ ਪੰਜ` ਆਖ ਦਿੱਤਾ ਸੀ, ਤਾਂ ਹੁਣ ਵੀ ‘ਰਹਿਤ ਮਰਿਆਦਾ` ਦੇ ਨਾਮ `ਤੇ ਉਸ ਗਲਤ ਧਾਰਨਾ ਦੀ ਹੀ ਪਾਲਣਾ ਕੀਤੀ ਜਾਂਦੀ ਰਹੇ। ਜੇਕਰ ਰਹਿਤ ਮਰਿਆਦਾ ਦੇ ਅਧਾਰ `ਤੇ ਖੰਡੇ-ਬਾਟੇ ਦੀ ਪਾਹੁਲ ਰਸਮ ਦੌਰਾਨ ਪੰਜ ਸਿੱਖਾਂ (ਪਿਆਰਿਆਂ) ਵੱਲੋਂ ਦਸਮ ਗ੍ਰੰਥ ਦੀਆਂ 3 ਰਚਨਾਵਾਂ ਪੜ੍ਹੀਆਂ ਜਾ ਸਕਦੀਆਂ ਹਨ, ਤਾਂ ਫਿਰ ਅਜਿਹੇ ਹੀ ਜਾਗ੍ਰਿਤ ਪੰਜ ਸਿੱਖਾਂ (ਪਿਆਰਿਆਂ) ਵੱਲੋਂ ਸਾਰੀਆਂ 5 ਬਾਣੀਆਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਕਿਉਂ ਨਹੀਂ ਪੜ੍ਹੀਆਂ ਜਾ ਸਕਦੀਆਂ?

ਖੰਡੇ-ਬਾਟੇ ਦੀ ਪਾਹੁਲ ਰਸਮ ਦੌਰਾਨ ਦਸਮ ਗ੍ਰੰਥ ਦੀਆਂ ਰਚਨਾਵਾਂ ਪੜ੍ਹੇ ਜਾਣ ਸਬੰਧੀ ਇਤਰਾਜ਼ ਇਹੀ ਹੈ ਕਿ ਇਹ ਰਵਾਇਤ ਅਜਿਹਾ ਸੰਕੇਤ ਦਿੰਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਸੰਪੂਰਨ ਅਤੇ ਸਰਬ-ਸਮਰੱਥਾਵਾਨ ਗੁਰੂ ਨਹੀਂ ਹਨ, ਜੋ ਸਿੱਖਾਂ ਨੂੰ ਆਪਣੀ ਮੁਢਲੀ ਧਾਰਮਕ ਰਸਮ ਅਦਾ ਕਰਨ ਲਈ ਕਿਸੇ ਹੋਰ ਗ੍ਰੰਥ ਦੀਆਂ ਰਚਨਾਵਾਂ ਪੜ੍ਹਨੀਆਂ ਪੈਂਦੀਆਂ ਹਨ। ਇਸਦੇ ਇਲਾਵਾ, ਸਿੱਖ ਵਿਦਵਾਨਾਂ ਨੇ ਹਿੰਦੂ ਮਿਥਿਹਾਸਕ ਗ੍ਰੰਥਾਂ ਨਾਲ ਤੁਲਨਾਤਮਕ ਅਧਿਐਨ ਕਰਕੇ ਸਾਬਿਤ ਕਰ ਦਿੱਤਾ ਹੈ ਕਿ ਇਸ ਵਿਵਾਦਿਤ ਪੁਸਤਕ (ਦਸਮ ਗ੍ਰੰਥ) ਦੀ ਕੋਈ ਵੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੀ ਲਿਖੀ ਹੋਈ ਨਹੀਂ। ਬਲਕਿ ਇਹ ਰਚਨਾਵਾਂ ਬਾਰ-ਬਾਰ ਅਸਿੱਧੇ ਤਰੀਕੇ ਨਾਲ ਗੁਰਬਾਣੀ ਦੇ ਉਪਦੇਸ਼ਾਂ ਦੀ ਉਲੰਘਣਾ ਅਤੇ ਗੁਰੂ ਸਾਹਿਬਾਨ ਦੀ ਸ਼ਖ਼ਸੀਅਤ ਦਾ ਅਪਮਾਨ ਕਰਦੀਆਂ ਹਨ। ਇਸ ਲਈ, ਸਿੱਖਾਂ ਨੂੰ ਆਪਣੇ ਸਾਰੇ ਰਸਮੋ-ਰਿਵਾਜ ਸਿਰਫ਼ ਤੇ ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦਾ ਓਟ-ਆਸਰਾ ਲੈ ਕੇ ਕਰਨੇ ਚਾਹੀਦੇ ਹਨ।

ਦਲੀਲ 5) ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਵੀ ਦਸਮ ਗ੍ਰੰਥ ਪੜ੍ਹਦੇ ਸਨ, ਸ਼ਹੀਦੀਆਂ ਦੇਣ ਵਾਲੇ ਸਿੰਘ ਵੀ ਦਸਮ ਗ੍ਰੰਥ ਪੜ੍ਹਦੇ ਰਹੇ ਹਨ।

ਕੁਝ ਜਜ਼ਬਾਤੀ ਵੀਰਾਂ ਕੋਲ ਜਦ ਦਸਮ ਗ੍ਰੰਥ ਦੇ ਹੱਕ ਵਿੱਚ ਸਾਰੀਆਂ ਦਲੀਲਾਂ ਖ਼ਤਮ ਹੋ ਜਾਂਦੀਆਂ ਹਨ, ਤਾਂ ਉਹ ਗੁਰੂ ਗ੍ਰੰਥ ਸਾਹਿਬ ਦੇ ਉਪਾਸਕ ਸਿੱਖਾਂ ਨੂੰ ਨੀਵਾਂ ਦਿਖਾਉਣ ਲਈ ਉਕਤ ਦਲੀਲ ਦੇ ਕੇ ਸਵਾਲ ਕਰਦੇ ਹਨ ਕਿ ਕੀ ਤੁਸੀਂ ਭਿੰਡਰਾਂਵਾਲਿਆਂ ਨਾਲੋਂ ਜ਼ਿਆਦਾ ਵੱਡੇ (ਸਿਆਣੇ) ਹੋ? ਕੀ ਤੁਸੀਂ ਦਰਬਾਰ ਸਾਹਿਬ ਕੰਪਲੈਕਸ ਵਿੱਚ ਫੌਜ ਨਾਲ ਲੜ ਕੇ ਸ਼ਹੀਦ ਹੋਣ ਵਾਲੇ ਜਾਂ ਖਾੜਕੂਵਾਦੀ ਲਹਿਰ ਦੌਰਾਨ ਸ਼ਹੀਦ ਹੋਣ ਵਾਲੇ ਸਿੰਘਾਂ (ਜੋ ਦਸਮ ਗ੍ਰੰਥ ਦੀਆਂ ਰਚਨਾਵਾਂ ਦਾ ਪਾਠ ਕਰਦੇ ਸਨ) ਨਾਲੋਂ ਜ਼ਿਆਦਾ ਕੁਰਬਾਨੀਆਂ ਕਰਨ ਵਾਲੇ ਹੋ?

ਇਥੇ ਦੋ ਨੁਕਤਿਆਂ ਵੱਲ ਧਿਆਨ ਦੇਣਾ ਬਣਦਾ ਹੈ। ਭਾਈ ਜਰਨੈਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ ਸਿਫ਼ਤਿ ਇਸ ਵਾਸਤੇ ਕੀਤੀ ਜਾਂਦੀ ਹੈ ਕਿਉਂਕਿ ਇਹ ਜਾਣਦਿਆਂ ਹੋਇਆਂ ਵੀ ਕਿ ਉਹ ਟੈਂਕਾਂ-ਤੋਪਾਂ, ਹੈਲੀਕਾਪਟਰਾਂ ਨਾਲ ਲੈਸ ਅਤਿ ਵੱਡੀ ਭਾਰਤੀ ਫੌਜ ਨੂੰ ਹਰਾਉਣਾ ਉਨ੍ਹਾਂ ਵਾਸਤੇ ਅਸੰਭਵ ਹੈ, ਉਨ੍ਹਾਂ ਨੇ ਨਿਡਰਤਾ ਨਾਲ ਆਪਣੀ ਜਾਨ ਰਹਿੰਦਿਆਂ ਤੱਕ ਫੌਜ ਦਾ ਟਾਕਰਾ ਕੀਤਾ। ਪਰ ਇਹ ਕਹਿਣਾ ਜਾਂ ਸੋਚਣਾ ਭਾਰੀ ਗਲਤੀ ਹੈ ਕਿ ਭਾਈ ਜਰਨੈਲ ਸਿੰਘ ਜਾਂ ਉਨ੍ਹਾਂ ਦੇ ਸਾਥੀਆਂ ਦੀ ਇਹ ਨਿਡਰਤਾ ‘ਦਸਮ ਗ੍ਰੰਥ` ਦੀ ਦੇਣ ਸੀ। ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ, ਖ਼ੁਦ ਗੁਰੂ ਸਾਹਿਬਾਨ ਅਤੇ ਸਿੱਖ ਸਰੀਰਕ ਮੌਤ ਦੇ ਖੌਫ਼ ਤੋਂ ਮੁਕਤ ਹੋ ਕੇ ਇਨਸਾਨੀਅਤ ਦੀ ਭਲਾਈ ਲਈ ਸੰਘਰਸ਼ ਕਰਦੇ ਰਹੇ। ਗੁਰਮਤਿ ਵਿਚਾਰਧਾਰਾ ਦਾ ਇੱਕ ਮੁੱਖ ਨੁਕਤਾ ਇਹੀ ਹੈ ਕਿ ਇਨਸਾਨ ਨੂੰ ਸਰੀਰਕ ਮੌਤ ਤੋਂ ਡਰਨ ਦੀ ਬਜਾਏ (ਕਿਉਂਕਿ ਰੱਬੀ ਨੇਮ ਮੁਤਾਬਿਕ ਹਰ ਇਨਸਾਨ ਦੀ ਦੇਹ ਤਾਂ ਇੱਕ ਦਿਨ ਖ਼ਤਮ ਹੋ ਹੀ ਜਾਣੀ ਹੈ) ਆਤਮਕ ਮੌਤ (ਵਿਕਾਰਾਂ ਵਿੱਚ ਗ੍ਰਸਤ ਹੋਣ) ਤੋਂ ਬਚਣ ਦੀ ਰਾਹ ਅਪਣਾਉਣੀ ਚਾਹੀਦੀ ਹੈ। ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਤੋਂ ਹੀ ਸਿੱਖਾਂ ਦੀ ਮੁਗਲ ਫੌਜਾਂ ਨਾਲ ਹਥਿਆਰਬੰਦ ਜੰਗਾਂ ਵੀ ਅਰੰਭ ਹੋ ਗਈਆਂ ਸਨ। ਸਿੱਖਾਂ ਨੇ ਬੇਹੱਦ ਬਹਾਦਰੀ ਨਾਲ ਲੜ ਕੇ ਇਹ ਸਭ ਜੰਗਾਂ ਜਿੱਤੀਆਂ, ਤਾਂ ਇਸਦਾ ਕਾਰਨ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਉਪਦੇਸ਼ਾਂ `ਤੇ ਅਮਲ ਕਾਰਨ ਵਿਕਸਿਤ ਹੋਇਆ ਉਨ੍ਹਾਂ ਦਾ ਉੱਚਾ-ਸੁੱਚਾ ਕਿਰਦਾਰ ਸੀ - ਬਚਿੱਤਰ ਨਾਟਕ ਗ੍ਰੰਥ ਤਾਂ ਉਸ ਵੇਲੇ ਹੋਂਦ ਵਿੱਚ ਵੀ ਨਹੀਂ ਆਇਆ ਸੀ ਅਤੇ ਨਾ ਹੀ ਸਿੱਖਾਂ ਵਿੱਚ ਸੱਚੇ ਗੁਰੂ ਤੋਂ ਬੇਮੁਖ ਹੋ ਕੇ ਬ੍ਰਾਹਮਣਵਾਦੀ ਗ੍ਰੰਥਾਂ ਦੇ ਉਪਾਸਕ ਬਣਨ ਦੀ ਪ੍ਰਵਿਰਤੀ ਪ੍ਰਚਲਿਤ ਹੋਈ ਸੀ।

ਇਹ ਵੀ ਗੌਰਤਲਬ ਹੈ ਕਿ ਭਾਰਤ ਦੀਆਂ ਵੱਖ-ਵੱਖ ਰਿਆਸਤਾਂ `ਤੇ ਰਾਜ ਕਰ ਰਹੀ ਮੁਗਲ ਹਕੂਮਤ ਦੀਆਂ ਫੌਜਾਂ ਏਨੀਆਂ ਕਮਜ਼ੋਰ ਵੀ ਨਹੀਂ ਸਨ ਕਿ ਉਨ੍ਹਾਂ ਨੂੰ ਅਸਾਨੀ ਨਾਲ ਹਰਾਇਆ ਜਾ ਸਕੇ। ਇਸਲਈ ਯਕੀਨੀ ਹੈ ਕਿ ਇਨ੍ਹਾਂ ਜੰਗਾਂ ਵਿੱਚ ਘੱਟ ਜਾਂ ਵੱਧ ਗਿਣਤੀ ਵਿੱਚ ਸਿੱਖ ਸ਼ਹੀਦ ਵੀ ਹੋਏ ਹੋਣਗੇ। ਹੁਣ ਵਿਚਾਰਨ ਦੀ ਗੱਲ ਇਹ ਹੈ ਕਿ ਕੀ ਇਨ੍ਹਾਂ ਸਿੱਖਾਂ ਨੇ ਭਗੌਤੀ ਨੂੰ ਸਿਮਰ ਕੇ ਜੰਗ ਲੜਨ ਦੀ ਹਿੰਮਤ ਜੁਟਾਈ ਸੀ, ਜਿਵੇਂ ਕਿ ਦਸਮ ਗ੍ਰੰਥ ਦੇ ਉਪਾਸਕ ਲੋਕ, ਖਾੜਕੂ ਸਿੰਘਾਂ ਦੀ ‘ਹਿੰਮਤ` ਲਈ ਇਸ ਵਿਵਾਦਿਤ ਪੁਸਤਕ ਨੂੰ ਪ੍ਰੇਰਣਾ-ਸ੍ਰੋਤ ਦੱਸਦੇ ਹਨ? ਜ਼ਾਹਿਰ ਹੈ ਕਿ ਅਜਿਹਾ ਕੁੱਝ ਨਹੀਂ ਸੀ। ਬਲਕਿ ਛਲ-ਕਪਟ ਅਤੇ ਅਵੱਲ ਦਰਜੇ ਦੀਆਂ ਅਸ਼ਲੀਲ ਕਥਾਵਾਂ ਵਾਲੀਆਂ ਰਚਨਾਵਾਂ ਪੜ੍ਹ ਕੇ ਤਾਂ ਚੰਗੇ ਕਿਰਦਾਰ ਵਾਲਾ ਵਿਅਕਤੀ ਵੀ ਵਿਕਾਰਾਂ ਵਿੱਚ ਗ੍ਰਸਤ ਹੋ ਕੇ ਆਪਣੀ ਹਿੰਮਤ ਗੁਆ ਬੈਠਦਾ ਹੈ।

ਜਿਥੋਂ ਤੱਕ ਭਾਈ ਜਰਨੈਲ ਸਿੰਘ ਜਾਂ ਕਿਸੇ ਖਾੜਕੂ ਵੱਲੋਂ ਦਸਮ ਗ੍ਰੰਥ ਪੜ੍ਹੇ ਜਾਣ ਦੀ ਗੱਲ ਹੈ, ਇਹ ਤੱਥ ਸਭ ਦਸਮ ਗ੍ਰੰਥੀਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਭਾਈ ਜਰਨੈਲ ਸਿੰਘ ਜਾਂ ਹੋਰ ਸਿੰਘਾਂ ਨੂੰ ਉਨ੍ਹਾਂ ਦੀ ਬਹਾਦਰੀ ਲਈ ਭਾਵੇਂ ਕਿੰਨਾ ਵੀ ਸਤਿਕਾਰਿਆ ਜਾਵੇ, ਇਹ ਸਭ ਸਿੱਖ ਹੀ ਸਨ, ਸਿੱਖਾਂ ਦੇ ਗੁਰੂ ਨਹੀਂ ਜੋ ਇਨ੍ਹਾਂ ਵੱਲੋਂ ਕੀਤੇ ਜਾਂਦੇ ਰਹੇ ਕਾਰਜ ਦੀ ਅੰਨ੍ਹੇਵਾਹ ਨਕਲ ਕਰਨੀ ਅਰੰਭ ਕਰ ਦਿੱਤੀ ਜਾਏ। ਅਤੇ ਜਿਵੇਂ ਕਿ ਪਹਿਲਾਂ ਵੀ ਜ਼ਿਕਰ ਕੀਤਾ ਗਿਆ ਹੈ, ਬਾਕੀ ਇਨਸਾਨਾਂ ਦੀ ਤਰ੍ਹਾਂ ਸਿੱਖ ਵੀ ਭੁਲਣਹਾਰ ਹਨ ਅਤੇ ਗਲਤੀਆਂ ਕਰਦੇ ਹਨ ਤੇ ਭਾਈ ਜਰਨੈਲ ਸਿੰਘ ਜਾਂ ਉਨ੍ਹਾਂ ਦੇ ਸਾਥੀ ਵੀ ਇਸਦਾ ਅਪਵਾਦ (exception) ਨਹੀਂ ਹਨ। ਡੇਰਾ ਦਮਦਮੀ ਟਕਸਾਲ ਤੋਂ ਧਾਰਮਕ ਸਿੱਖਿਆ ਲੈਣ ਕਾਰਨ ਹੋ ਸਕਦਾ ਹੈ ਕਿ ਭਾਈ ਜਰਨੈਲ ਸਿੰਘ ਵੀ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਦੀ ਲਿਖਤ ਸਮਝ ਕੇ ਇਸ ਦੀਆਂ ਪ੍ਰਚਲਿਤ ਰਚਨਾਵਾਂ ਦਾ ਪਾਠ ਕਰਦੇ ਹੋਣ ਪਰ ਜੇਕਰ ਉਹ ਤ੍ਰੀਆ-ਚਰਿੱਤਰਾਂ ਵਿਚਲੀਆਂ ਗੰਦੀਆਂ ਕਹਾਣੀਆਂ ਅਤੇ ਹੋਰਨਾਂ ਰਚਨਾਵਾਂ ਵਿੱਚ ਗੁਰੂ ਸਾਹਿਬਾਨ ਵਿਰੋਧੀ ਤੱਥਾਂ ਤੋਂ ਜਾਣੂ ਹੋ ਜਾਂਦੇ, ਤਾਂ ਯਕੀਨੀ ਤੌਰ `ਤੇ ਉਨ੍ਹਾਂ ਨੇ ਇਸ ਵਿਵਾਦਿਤ ਪੁਸਤਕ ਨੂੰ ਪੜ੍ਹਨਾ ਛੱਡ ਦੇਣਾ ਸੀ।

ਦਲੀਲ 6) ਕਾਇਰ ਤੇ ਬੁਜ਼ਦਿਲ ਲੋਕ ਦਸਮ ਗ੍ਰੰਥ ਪੜ੍ਹ ਹੀ ਨਹੀਂ ਸਕਦੇ! ! ਇਸੇ ਕਰਕੇ ਉਹ ਦਸਮ ਗ੍ਰੰਥ ਦੀ ਮੁਖ਼ਾਲਫਤ ਕਰਦੇ ਹਨ।

ਦਸਮ ਗ੍ਰੰਥ ਦੇ ਕੁੱਝ ਉਪਾਸਕ, ਖ਼ਾਸਕਰ ਡੇਰਾ ਦਮਦਮੀ ਟਕਸਾਲ ਤੋਂ ਸਿੱਖਿਆ ਲੈਣ ਵਾਲੇ, ਉਕਤ ਹਾਸੋਹੀਣੀ ਤੇ ਤਰਕ-ਰਹਿਤ ਦਲੀਲ ਦਿੰਦੇ ਹਨ। ਵੈਸੇ ਤਾਂ ਇਹ ਆਮ ਸੂਝ (common sense) ਦੀ ਗੱਲ ਹੈ ਕਿ ਕਿਸੇ ਕਿਤਾਬ/ਗ੍ਰੰਥ ਨੂੰ ਪੜ੍ਹਨ ਵਾਸਤੇ ਸਿਰਫ਼ ਉਸਦੀ ਲਿਪੀ ਪੜ੍ਹਨੀ ਆਉਣੀ ਚਾਹੀਦੀ ਹੈ (ਜਿਵੇਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਵਾਸਤੇ ਗੁਰਮੁਖੀ ਲਿਪੀ ਪੜ੍ਹਨੀ ਆਉਣੀ ਚਾਹੀਦੀ ਹੈ)। ਇਸ ਵਿੱਚ ‘ਹਿੰਮਤ` ਜਾਂ ‘ਬਹਾਦਰੀ` ਦਾ ਕੋਈ ਕੰਮ ਨਹੀਂ ਹੁੰਦਾ। ਜਿਹੜੇ ਲੋਕ ਇਹ ਕਹਿੰਦੇ ਹਨ ਕਿ ਦਸਮ ਗ੍ਰੰਥ ਨੂੰ ਪੜ੍ਹਨ ਵਾਸਤੇ ਬਹੁਤ ਹਿੰਮਤ ਦੀ ਜ਼ਰੂਰਤ ਹੈ (ਪਰ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਵਾਸਤੇ ਹਿੰਮਤ ਦੀ ਲੋੜ ਨਹੀਂ, ਯਾਨੀ ਦਸਮ ਗ੍ਰੰਥ ਦੇ ਉਪਾਸਕ ਗੁਰੂ ਗ੍ਰੰਥ ਸਾਹਿਬ ਨੂੰ ‘ਆਮ` ਜਿਹਾ ਗ੍ਰੰਥ ਮੰਨਦੇ ਹਨ ਅਤੇ ਦਸਮ ਗ੍ਰੰਥ ਨੂੰ ‘ਖ਼ਾਸ` ਗ੍ਰੰਥ) ਉਨ੍ਹਾਂ ਨੂੰ ਇਹ ਵਿਚਾਰ ਕਰਨਾ ਚਾਹੀਦਾ ਹੈ ਕਿ ਕਿਸੇ ਅਧਿਆਤਮਕ ਗ੍ਰੰਥ ਨੂੰ ਪੜ੍ਹਨ-ਸਮਝਣ ਵਾਸਤੇ ਭਾਸ਼ਾ-ਵਿਗਿਆਨ `ਤੇ ਮੁਹਾਰਤ ਦੀ ਲੋੜ ਹੁੰਦੀ ਹੈ ਜਾਂ ਲੜਾਕੂਪੁਣੇ ਦੀ? ਕੀ ਦਸਮ ਗ੍ਰੰਥ ਕੋਈ ਡਰਾਵਨੀ ਫਿਲਮ (horror movie) ਹੈ, ਜਿਸ ਨੂੰ ਕਥਿਤ ਤੌਰ `ਤੇ ਕਮਜ਼ੋਰ ਸਿੱਖ (ਜਿਨ੍ਹਾਂ ਨੂੰ ਦਸਮ ਗ੍ਰੰਥ ਦੇ ਉਪਾਸਕ ਬਦੋਬਦੀ ‘ਮਿਸ਼ਨਰੀ` ਜਾਂ ‘ਕਾਲੇ ਅਫਗਾਨੀਏ` ਕਹਿ ਕੇ ਆਪਣੀ ਬੌਖਲਾਹਟ ਘੱਟ ਕਰਨ ਦੀ ਕੋਸ਼ਿਸ਼ ਕਰਦੇ ਹਨ) ਪੜ੍ਹ ਨਹੀਂ ਸਕਦੇ?

ਫਿਰ ਜਿਥੋਂ ਤੱਕ ਦਸਮ ਗ੍ਰੰਥ ਦੇ ਤ੍ਰਿਆ-ਚਰਿੱਤਰਾਂ (ਸਮੁੱਚੇ ‘ਗ੍ਰੰਥ` ਦਾ ਇਕ-ਤਿਹਾਈ ਤੋਂ ਵੱਧ ਹਿੱਸਾ) ਦਾ ਸਵਾਲ ਹੈ, ਇਸਨੂੰ ਪੜ੍ਹਨ ਦੀ ਹਿੰਮਤ ਤਾਂ ਵਾਕਈ ਇਨ੍ਹਾਂ ਕੇਸਾਧਾਰੀ ਹਿੰਦੂਆਂ, ਜਿਨ੍ਹਾਂ ਦਾ ਬਾਹਰੀ ਸਰੂਪ ਸਿੱਖਾਂ ਵਰਗਾ ਹੈ, ਵਿੱਚ ਹੀ ਹੋ ਸਕਦੀ ਹੈ। ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਤੋਂ ਸੇਧ ਲੈ ਕੇ ਉੱਚੇ-ਸੁੱਚੇ ਕਿਰਦਾਰ ਵਿਕਸਿਤ ਕਰਨ ਲਈ ਜਤਨਸ਼ੀਲ ਕਿਸੇ ਸਿੱਖ ਵਿੱਚ ਏਨੀ ਹਿੰਮਤ ਨਹੀਂ ਹੋਵੇਗੀ ਕਿ ਉਹ ਤ੍ਰੀਆ-ਚਰਿੱਤਰਾਂ ਦੀਆਂ ਗੰਦੀਆਂ ਕਹਾਣੀਆਂ ਪੜ੍ਹ ਸਕੇ। ਪਰ ਕਿਉਂਕਿ ਟਕਸਾਲਾਂ ਜਾਂ ਜਥੇ ਦੇ ਸਿੰਘਾਂ ਵਿੱਚੋਂ ਹਿੰਮਤ ਡੁੱਲ-ਡੁੱਲ ਕੇ ਬਾਹਰ ਪੈਂਦੀ ਹੈ, ਇਸ ਵਾਸਤੇ ਉਹ ਇਨ੍ਹਾਂ ਚਰਿੱਤਰਾਂ ਨੂੰ ਬਾਰ-ਬਾਰ ਜ਼ਰੂਰ ਪੜ੍ਹਦੇ ਹੋਣਗੇ। ਸਾਡੀ ਇਨ੍ਹਾਂ ‘ਬਹਾਦਰ` ਵੀਰਾਂ ਨੂੰ ਸਲਾਹ ਹੈ ਕਿ ਉਹ ਇਸ ‘ਖ਼ਾਸ ਗ੍ਰੰਥ` ਦੀਆਂ ਅਜਿਹੀਆਂ ‘ਸਿੱਖਿਆਦਾਇਕ` ਕਹਾਣੀਆਂ ਆਪਣੀਆਂ ਮਾਂਵਾਂ, ਭੈਣਾਂ, ਪਤਨੀਆਂ, ਭਰਜਾਈਆਂ, ਧੀਆਂ ਨੂੰ ਅਰਥਾਂ ਸਮੇਤ ਸੁਣਾਉਣ ਦੀ ਖੇਚਲ ਕਰਨ, ਤਾਂ ਜੋ ਉਨ੍ਹਾਂ ਦੇ ਮੁਕੰਮਲ ਪਰਵਾਰ ਵਿੱਚ ‘ਹਿੰਮਤ` ਵਿਕਸਿਤ ਹੋ ਸਕੇ।

ਦਲੀਲ 7) ਜੇਕਰ ਰਾਗਮਾਲਾ ਕਾਰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ `ਤੇ ਸ਼ੰਕਾ ਨਹੀਂ ਹੁੰਦੀ, ਤਾਂ ਚਰਿੱਤਰਾਂ ਕਾਰਨ ਦਸਮ ਗ੍ਰੰਥ ਦੀਆਂ ਬਾਣੀਆਂ `ਤੇ ਸ਼ੰਕਾ ਕਿਉਂ ਕੀਤੀ ਜਾਂਦੀ ਹੈ?

ਦਸਮ ਗ੍ਰੰਥ ਦੇ ਉਪਾਸਕਾਂ ਵਿੱਚ ਥੋੜ੍ਹੀ ਜਿਹੀ ਖੁੱਲ੍ਹੀ ਮਾਨਸਿਕਤਾ ਵਾਲੇ ਲੋਕ, ਜਿਹੜੇ ਇਹ ਮੰਨਦੇ ਹਨ ਕਿ “ਤ੍ਰੀਆ-ਚਰਿੱਤਰ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਨਹੀਂ ਹੋ ਸਕਦੇ ਪਰ ਜਾਪੁ ਸਾਹਿਬ, ਸਵੈਯੇ ਆਦਿਕ ਰਚਨਾਵਾਂ ਤਾਂ ਯਕੀਨਨ ਗੁਰੂ ਗੋਬਿੰਦ ਸਿੰਘ ਜੀ ਦੀਆਂ ਲਿਖਤਾਂ ਹਨ, “ ਇਹ ਦਲੀਲ ਦਿੰਦੇ ਹਨ ਕਿ ਦਸਮ ਗ੍ਰੰਥ ਮੁਢਲੇ ਤੌਰ `ਤੇ ਤਾਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲਿਖਿਆ ਗਿਆ ਸੀ ਪਰ ਬ੍ਰਾਹਮਣਵਾਦੀ ਲਿਖਾਰੀਆਂ ਨੇ ਉਸ ਵਿੱਚ ‘ਤ੍ਰੀਆ-ਚਰਿੱਤਰਾਂ` ਦੀ ਮਿਲਾਵਟ ਕਰ ਦਿੱਤੀ। ਅਜਿਹੇ ਵੀਰਾਂ ਦਾ ਕਹਿਣਾ ਹੁੰਦਾ ਹੈ ਕਿ ਦਸਮ ਗ੍ਰੰਥ ਵਿੱਚੋਂ ਤ੍ਰੀਆ-ਚਰਿੱਤਰਾਂ ਨੂੰ ਹਟਾ ਦਿੱਤਾ ਜਾਏ ਅਤੇ ਬਾਕੀ ਰਚਨਾਵਾਂ ਜਾਂ ਘੱਟੋ-ਘੱਟ ‘ਅੰਮ੍ਰਿਤ` ਦੀਆਂ ਬਾਣੀਆਂ` ਉੱਤੇ ਕਿੰਤੂ-ਪ੍ਰੰਤੂ ਨਾ ਕੀਤਾ ਜਾਏ (ਨੋਟ: ਪ੍ਰੋ: ਦਰਸ਼ਨ ਸਿੰਘ ਨੇ ਵੀ ਦਸਮ ਗ੍ਰੰਥ ਖਿਲਾਫ਼ ਆਪਣੀ ਪ੍ਰਚਾਰ ਮੁਹਿੰਮ ਵਿੱਚ ਕਥਿਤ ‘ਪੰਥ-ਪ੍ਰਵਾਣਿਤ` ਰਚਨਾਵਾਂ ਨੂੰ ਪੜ੍ਹਦੇ ਰਹਿਣ ਦੀ ਤਾਕੀਦ ਕੀਤੀ ਸੀ, ਜੋ ਜ਼ਾਹਿਰੀ ਤੌਰ `ਤੇ ਇੱਕ ਸਮਝੌਤਾਵਾਦੀ ਜਾਂ ਬਚਾਵਵਾਦੀ ਨੀਤੀ ਸੀ)। ਇਨ੍ਹਾਂ ਸੱਜਣਾ ਦਾ ਕਹਿਣਾ ਹੁੰਦਾ ਹੈ ਕਿ ਥੋੜੀ ਜਿਹੀ ਮਾੜੀ ਚੀਜ਼ ਪਿੱਛੇ ਬਾਕੀ ਸਾਰੀ ਚੰਗੀ ਚੀਜ਼ ਦਾ ਤਿਆਗ ਕਰ ਦੇਣਾ ਅਕਲਮੰਦੀ ਨਹੀਂ ਹੈ। ਇਸੇ ਪ੍ਰਕਰਣ ਵਿੱਚ ਉਹ ਮਿਸਾਲ ਦਿੰਦੇ ਹਨ ਕਿ ਜਿਵੇਂ ਹਰ ਜਾਗਰੁਕ ਸਿੱਖ ਨੂੰ ਪਤਾ ਹੈ ਕਿ ਰਾਗਮਾਲਾ ਗੁਰਬਾਣੀ ਨਹੀਂ ਬਲਕਿ ਗੁਰੂ ਗ੍ਰੰਥ ਸਾਹਿਬ ਵਿੱਚ ਕੀਤੀ ਗਈ ਮਿਲਾਵਟ ਹੈ ਪਰ ਇਸ ਮਿਲਾਵਟ ਤੋਂ ਨਰਾਜ਼ ਹੋ ਕੇ ਕੋਈ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਪੜ੍ਹਨ ਤੋਂ ਇਨਕਾਰੀ ਨਹੀਂ ਹੁੰਦਾ। ਉਸੇ ਤਰ੍ਹਾਂ, ਤ੍ਰੀਆ-ਚਰਿੱਤਰਾਂ ਰੂਪੀ ਮਿਲਾਵਟ ਦੇ ਅਧਾਰ `ਤੇ ਬਾਕੀ ਦਸਮ ਗ੍ਰੰਥ ਦੀਆਂ ਰਚਨਾਵਾਂ ਦਾ ਤਿਆਗ ਕਰਨਾ ਵੀ ਸਿਆਣਪ ਨਹੀਂ।

ਪਰ ਇਨ੍ਹਾਂ ਵੀਰਾਂ ਨੂੰ ਚਾਹੀਦਾ ਹੈ ਕਿ ਉਹ ਨਿਰਪੱਖਤਾ ਅਤੇ ਖੁੱਲੇ ਦਿਲੋ-ਦਿਮਾਗ ਨਾਲ ਦਸਮ ਗ੍ਰੰਥ ਦੀਆਂ ਸਾਰੀਆਂ ਰਚਨਾਵਾਂ ਦਾ ਅਧਿਐਨ ਹਿੰਦੂ ਮਿਥਿਹਾਸਕ ਗ੍ਰੰਥਾਂ ਨਾਲ ਕਰਨ ਦੀ ਖੇਚਲ ਕਰਨ। ਜੇਕਰ ਉਨ੍ਹਾਂ ਕੋਲ ਅਜਿਹਾ ਕਰਨ ਦਾ ਵਕਤ ਨਾ ਹੋਵੇ ਤਾਂ ਉਹ ਸ੍ਰ: ਦਲਬੀਰ ਸਿੰਘ ਐਮ. ਐਸ. ਸੀ. ਦੀ ਲਿਖੀ ਪੁਸਤਕ “ਦਸਮ ਗ੍ਰੰਥ ਦੀ ਅਸਲੀਯਤ” ਹੀ ਪੜ੍ਹ ਲੈਣ ਜਿਸ ਵਿੱਚ ਵਿਦਵਾਨ ਲੇਖਕ ਨੇ ਦਸਮ ਗ੍ਰੰਥ ਦੀਆਂ ਸਮੁੱਚੀਆਂ ਰਚਨਾਵਾਂ ਦੇ ਮੌਲਿਕ ਹਿੰਦੂਵਾਦੀ ਗ੍ਰੰਥਾਂ ਦਾ ਬਿਉਰਾ ਦਿੱਤਾ ਹੈ। ਇਸ ਦੇ ਨਾਲ-ਨਾਲ ਲੇਖਕ ਨੇ ਉਨ੍ਹਾਂ ਹਿੰਦੂਵਾਦੀ ਗ੍ਰੰਥਾਂ ਦੇ ਕੁੱਝ ਪੰਨਿਆਂ ਦੀਆਂ ਪ੍ਰਤੀਆਂ ਵੀ ਪੁਸਤਕ ਵਿੱਚ ਜਿਉਂ ਦੀਆਂ ਤਿਉਂ ਪ੍ਰਕਾਸ਼ਿਤ ਕਰਵਾਈਆਂ ਹਨ, ਤਾਂ ਜੋ ਪਾਠਕ ਖ਼ੁਦ ਸੱਚ ਤੇ ਝੂਠ ਦਾ ਫੈਸਲਾ ਕਰ ਸਕਣ। ਅਜਿਹਾ ਅਧਿਐਨ ਕਰਨ `ਤੇ ਇਨ੍ਹਾਂ ਵੀਰਾਂ ਨੂੰ ਸਪਸ਼ਟ ਹੋ ਜਾਏਗਾ ਕਿ ਦਸਮ ਗ੍ਰੰਥ ਦੀ ਕੋਈ ਵੀ ਰਚਨਾ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਅਨੁਕੂਲ ਨਹੀਂ ਹੈ। ਇਸਲਈ ਦਸਮ ਗ੍ਰੰਥ ਤੋਂ ਪੂਰੀ ਤਰ੍ਹਾਂ ਪਿੱਛਾ ਛੁਡਾ ਕੇ ਸਿਰਫ਼ `ਤੇ ਸਿਰਫ਼ ਗੁਰੂ ਗ੍ਰੰਥ ਸਾਹਿਬ `ਤੇ ਟੇਕ ਰੱਖਣ ਦੀ ਨੀਤੀ ਹੀ ਸਿੱਖਾਂ ਦਾ ਭਲਾ ਕਰ ਸਕਦੀ ਹੈ।

ਜਿਥੋਂ ਤੱਕ ਰਾਗਮਾਲਾ ਦੀ ਗੱਲ ਹੈ, ਉਹ ਗੁਰੂ ਗ੍ਰੰਥ ਸਾਹਿਬ ਦੇ ਸਵਾ ਪੰਨਿਆਂ ਤੋਂ ਵੀ ਘੱਟ ਥਾਂ ਵਿੱਚ ਅਤੇ ਅੰਤ ਵਿੱਚ ਆਉਂਦੀ ਹੈ। ਜਾਗਰੁਕ ਸਿੱਖ ਅਖੰਡ ਪਾਠ ਜਾਂ ਸਹਿਜ ਪਾਠ ਦੌਰਾਨ ਇਸ ਰਚਨਾ ਨੂੰ ਪੜ੍ਹਨ ਦੀ ਬਜਾਏ ਪਾਠ ਦਾ ਭੋਗ ਮੁੰਦਾਵਣੀ ਦੇ ਸਲੋਕ `ਤੇ ਹੀ ਪਾਉਂਦੇ ਆ ਰਹੇ ਹਨ। ਦੂਜਾ, ਰਾਗਮਾਲਾ ਵਿੱਚ ਸਿਰਫ਼ ਕੁੱਝ ਰਾਗਾਂ ਦੇ ਨਾਮ ਹਨ। ਭਾਵੇਂ ਇਨ੍ਹਾਂ ਰਾਗਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਉਪਯੋਗ ਕੀਤੇ ਗਏ ਰਾਗਾਂ ਦੀ ਤਰਤੀਬ ਮੁਤਾਬਿਕ ਨਹੀਂ ਅਤੇ ਨਾ ਹੀ ਇਨ੍ਹਾਂ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਵਰਤੇ ਗਏ ਸਮੁੱਚੇ ਰਾਗਾਂ ਦਾ ਜ਼ਿਕਰ ਹੈ (ਬਲਕਿ ਕੁੱਝ ਵਾਧੂ ਰਾਗਾਂ ਦਾ ਜ਼ਿਕਰ ਜਰੂਰ ਹੈ, ਜਿਨ੍ਹਾਂ ਦਾ ਉਪਯੋਗ ਗੁਰੂ ਗ੍ਰੰਥ ਸਾਹਿਬ ਵਿੱਚ ਕੀਤਾ ਹੀ ਨਹੀਂ ਗਿਆ)। ਇਸਲਈ ਰਾਗਮਾਲਾ ਨੂੰ ਪੜ੍ਹਨਾ ਅਗਿਆਨਤਾ ਤਾਂ ਦਰਸਾਉਂਦੀ ਹੈ ਪਰ ਇਸ ਨਾਲ ਕੁੱਝ ਖ਼ਾਸ ਸਿਧਾਂਤਕ ਨੁਕਸਾਨ ਨਹੀਂ ਹੁੰਦਾ। ਦੂਜੇ ਪਾਸੇ, ਦਸਮ ਗ੍ਰੰਥ ਦੀਆਂ ਗੁਰਮਤਿ ਵਿਰੋਧੀ ਰਚਨਾਵਾਂ ਪੜ੍ਹਨ `ਤੇ ਗੁਰਮਤਿ ਦੇ ਮੁਢਲੇ ਅਸੂਲਾਂ ਤੋਂ ਚੰਗੀ ਤਰ੍ਹਾਂ ਵਾਕਿਫ਼ ਨਾ ਹੋਣ ਵਾਲਾ ਵਿਅਕਤੀ ਮਨਮਤਿ ਦਾ ਸ਼ਿਕਾਰ ਜ਼ਰੂਰ ਹੋ ਸਕਦਾ ਹੈ। ਉਹ ਮਹਾਂਕਾਲ ਦਾ ਉਪਾਸਕ ਵੀ ਬਣ ਸਕਦਾ ਹੈ ਅਤੇ ਹਰ ਕੰਮ ਕਰਨ ਤੋਂ ਪਹਿਲਾਂ ਭਗੌਤੀ ਨੂੰ ਸਿਮਰਨਾ ਵੀ ਜ਼ਰੂਰੀ ਸਮਝ ਸਕਦਾ ਹੈ। ਇਸਲਈ ਤ੍ਰੀਆ-ਚਰਿੱਤਰਾਂ ਦੀ ਤੁਲਨਾ ਰਾਗਮਾਲਾ ਨਾਲ ਕਰਨਾ ਬਿਲਕੁਲ ਤਰਕਹੀਨ ਹੈ।

ਸਿੱਖਾਂ ਦੇ ਸੰਪੂਰਨ ਗੁਰੂ, ਗੁਰੂ ਗ੍ਰੰਥ ਸਾਹਿਬ ਹਨ ਜਿਸ ਵਿੱਚ ਗੁਰਬਾਣੀ ਦਾ ਅਤਿ ਵਿਸ਼ਾਲ ਖ਼ਜ਼ਾਨਾ ਮੌਜੂਦ ਹੈ ਅਤੇ ਸਿੱਖਾਂ ਨੂੰ ਅਧਿਆਤਮਕ ਗਿਆਨ ਵਾਸਤੇ ਹੋਰ ਕੋਈ ਵੀ ਗ੍ਰੰਥ ਪੜ੍ਹਨ ਦੀ ਲੋੜ ਨਹੀਂ। ਏਨੀ ਸਿੱਧੀ ਤੇ ਸਪਸ਼ਟ ਗੱਲ ਵੀ ਜਿਸ ‘ਸਿੱਖ` ਦੀ ਸਮਝ ਵਿੱਚ ਨਾ ਆਉਂਦੀ ਹੋਵੇ, ਉਸਨੂੰ ਹੋਰ ਕੁੱਝ ਵੀ ਨਹੀਂ ਸਮਝਾਇਆ ਜਾ ਸਕਦਾ। ਬਲਕਿ ਉਹ ਸਿੱਖ ਨਹੀਂ ਸਿੱਖੀ ਵੇਸ ਵਿੱਚ ਬ੍ਰਾਹਮਣਵਾਦੀ ਬਹਿਰੂਪੀਆ ਜਾਂ ਮੱਕਾਰ ਬ੍ਰਾਹਮਣਵਾਦੀ ਵਿਚਾਰਧਾਰਾ ਤੋਂ ਪੀੜਤ ਕੋਈ ਮਾਨਸਿਕ ਰੋਗੀ ਹੈ।

ਸਰਬਜੀਤ ਸਿੰਘ ਸੰਪਾਦਕ ਇੰਡੀਆ ਅਵੇਅਰਨੈੱਸ
.