.

ਆਓ ਸਿਖ ਪੰਥ ਨੂੰ ਕੁਰੱਪਟ ਸਿਆਸਤਦਾਨਾਂ, ਭ੍ਰਿਸ਼ਟ ਆਗੂਆਂ ਤੇ ਅਗਿਆਨੀ ਪੁਜਾਰੀਆਂ ਤੋਂ ਮੁਕਤ ਕਰਾਈਏ
ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥

ਦੇ ਹੁਕਮ ਅਨੁਸਾਰ ਅੱਜ ਸਚ ਗਿਆਨ ਤੇ ਸ਼ਬਦ ਗੁਰੂ ਦੇ ਮਾਰਗ ਉਤੇ ਚਲਣ ਵਾਲੇ ਪੰਥ ਦਰਦੀਆਂ ਨੂੰ ਗੁਰੁ ਨਾਨਕ ਦੇ ਨਿਰਮਲ ਪੰਥ ਨੂੰ ਕੁਰੱਪਟ ਸਿਆਸਤਦਾਨਾਂ, ਭ੍ਰਿਸ਼ਟ ਆਗੂਆਂ ਤੇ ਅਗਿਆਨੀ ਪੁਜਾਰੀਆਂ ਤੋਂ ਮੁਕਤ ਕਰਾਉਣ ਲਈ ਇੱਕ ਮੰਚ ਉਤੇ ਇਕੱਠੇ ਹੋਣ ਦੀ ਸਮੇਂ ਦੀ ਮੁੱਖ ਮੰਗ ਹੈ। ਅੱਜ ਗੁਰੂ ਨਾਨਕ ਦੇ ਨਿਰਮਲ ਪੰਥ ਨੂੰ ਅੰਦਰੋਂ ਤੇ ਬਾਹਰੋਂ ਦੁਪਾਸੜ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇ ਅਸੀਂ ਇਕੱਠੇ ਹੋ ਕੇ ਕੋਈ ਹੰਭਲਾ ਨਾ ਮਾਰਿਆ ਤਾਂ ਜਿਥੇ ਦਸ ਗਰੂਆਂ ਤੇ ਹੋਰ ਧਰਮੀ ਮਰਜੀਵੜਿਆਂ ਦੀਆਂ ਕੁਰਬਾਨੀਆਂ ਨੂੰ ਵਿਸਾਰਨ ਵਾਲੀ ਗੱਲ ਹੋਵੇਗੀ ਉਥੇ ਗਿਆਨੀ ਦਿੱਤ ਸਿੰਘ ਤੇ ਭਾਈ ਗੁਰਮੁੱਖ ਸਿੰਘ ਵਰਗੇ ਸਿਰੜੀ ਪੰਥ ਦਰਦੀਆਂ ਵਲੋਂ ਵਿੱਢੇ ਸੰਘਰਸ ਨੂੰ ਪਿੱਠ ਦੇਣ ਵਾਲੀ ਵੱਡੀ ਭੁੱਲ ਹੋਵੇਗੀ। ਜਿੰਨਾਂ ਨੇ ਪੰਥ ਵਿਰੋਧੀ ਤਾਕਤਾਂ ਨਾਲ ਨੰਗੇ ਧੜ ਟੱਕਰ ਲੈ ਕੇ ਪੰਥ ਪ੍ਰਤੀ ਫ਼ਰਜਾਂ ਦੀ ਪਾਲਣਾ ਕੀਤੀ।
ਜੇ ਅਸੀਂ ਸਿਖ ਪੰਥ ਤੇ ਹੋ ਰਹੇ ਦੁਪਾਸੜ ਹਮਲਿਆਂ ਨੂੰ ਠੱਲ ਪਾਉਣ ਲਈ ਇਕੱਠੇ ਹੋ ਕੇ ਯਤਨ ਕਰੀਏ ਤਾਂ ਗੁਰੁ ਕਿਰਪਾ ਨਾਲ ਸਿੰਘ ਸਭਾ ਲਹਿਰ ਦੀ ਸਿਰਜਨਾ ਹੋ ਸਕਦੀ ਹੈ। ਬਸ ਲੋੜ ਹੈ ਸੱਚੇ ਸੁੱਚੇ ਤੇ ਗੁਰਮਤਿ ਦੇ ਮਾਰਗ ਤੇ ਚਲਣ ਵਾਲੇ ਪੰਥ ਦਰਦੀ ਵਿਦਵਾਨਾਂ ਦੀ ਅਗਵਾਈ ਦੀ। ਕਈ ਵਾਰੀ ਅਸੀਂ ਸੋਚਦੇ ਹਾਂ ਕਿ ਸ਼ਾਇਦ ਸਿੱਖਾਂ ਵਿੱਚ ਅਜਿਹੇ ਆਗੂਆਂ ਦੀ ਕਮੀ ਹੈ ਪਰ ਅਜਿਹਾ ਨਹੀਂ, ਲੋੜ ਸਿਰਫ਼ ਉਪਰਾਲਾ ਕਰਨ ਦੀ ਹੈ। ਉਹਨਾਂ ਤਕ ਪਹੁੰਚ ਕਰਨ ਦੀ ਹੈ। ਅਜ ਅਸੀਂ ਅਨਗਿਣਤ ਛੋਟੀਆਂ ਛੋਟੀਆਂ ਜਥੇਬੰਦੀਆਂ ਬਣਾਂ ਕੇ ਸਿੱਖ ਪੰਥ ਲਈ ਕੁੱਝ ਨਾ ਕੁੱਝ ਕਰ ਤਾਂ ਰਹੇ ਹਾਂ ਪਰ ਵਧੀਆ ਨਤੀਜੇ ਨਹੀ ਪ੍ਰਾਪਤ ਹੋ ਰਹੇ ਕਿਉਂਕਿ ਸਾਡਾ ਸਭਦਾ ਸਾਂਝਾ ਨੈੱਟ ਵਰਕ ਨਹੀਂ, ਸਾਡੀ ਕੋਈ ਇੰਟਰਨੈਸ਼ਨਲ ਪੱਧਰ ਦੀ ਜਥੇਬੰਦੀ ਨਹੀ ਹੈ। ਦੂਸਰੇ ਪਾਸੇ ਸਾਨੂੰ ਨੁਕਸਾਨ ਪਹੁੰਚਾਉਣ ਵਾਲੇ ਯੋਜਨਾਬੰਦ ਤਰੀਕਿਆਂ ਨਾਲ ਕੰਮ ਕਰ ਰਹੇ ਹਨ। ਇਸ ਕੰਮ ਵਿੱਚ ਸਾਡੇ ਆਪਣੇ ਭੀ ਜਾਣੇ ਅਣਜਾਣੇ ਵਿੱਚ ਮੋਹਰਿਆਂ ਦਾ ਰੋਲ ਨਿਭਾ ਰਹੇ ਹਨ।
ਇਹਨਾਂ ਦੇ ਹਮਲਿਆਂ ਨੂੰ ਪਿਛਾੜਨ ਲਈ ਸਮੁੱਚੇ ਪੰਥ ਦਰਦੀਆਂ ਨੂੰ ਇਕੱਠੇ ਹੋ ਕੇ ਇੰਟਰਨੈਸ਼ਨਲ ਪੱਧਰ ਦੀ ਜਥੇਬੰਦੀ ਬਣਾਉਣ ਦੀ ਸ਼ਖਤ ਜਰੂਰਤ ਹੈ। ਇਹ ਸੰਸਥਾ ਬਿਨਾਂ ਹੋਰ ਦੇਰ ਕੀਤਿਆਂ ਹੋਂਦ ਵਿੱਚ ਲਿਆਂਦੀ ਜਾਵੇ ਤੇ ਪੰਥ ਵਿਰੋਧੀ ਤਾਕਤਾਂ ਨਾਲ ਜੂਝਣ ਦਾ ਕਾਰਜ ਸੰਭਾਲੇ। ਇਸ ਸੰਸਥਾ ਦੀਆਂ ਸ਼ਾਖਾਵਾਂ ਹਰ ਦੇਸ਼ ਵਿੱਚ ਕਾਇਮ ਕੀਤੀਆਂ ਜਾਣ। ਜਦੋਂ ਵੀ ਕੋਈ ਪੰਥ ਉਤੇ ਅੰਦਰੋਂ ਜਾਂ ਬਾਹਰੋਂ ਹਮਲਾ ਹੋਵੇ ਇਹ ਸੰਸਥਾ ਬਿਨਾ ਕਿਸੇ ਦੇਰ ਢੁਕਵਾਂ ਜਵਾਬ ਦੇ ਕੇ ਉਸ ਨੂੰ ਅਸਫ਼ਲ ਬਣਾ ਦੇਵੇ।
ਇਸ ਕਾਰਜ ਨੂੰ ਨੇਪਰੇ ਚਾੜਣ ਲਈ ਪੰਥ ਦਰਦੀਆਂ ਦੇ ਸਹਿਯੋਗ ਦੀ ਲੋੜ ਹੈ। ਸਮੂਹ ਪੰਥ ਦਰਦੀ ਹੇਠ ਲਿਖੇ ਮੁੱਦਿਆਂ ਬਾਰੇ ਆਪਣ ਬਡਮੁੱਲੇ ਸੁਝਾਉ ਭੇਜਣ।
1. ਸੰਸਥਾ ਦਾ ਨਾਂ ਕੀ ਰੱਖਿਆ ਜਾਵੇ?
2. ਕਾਰਜ ਖੇਤਰ ਕੀ ਹੋਵੇ?
3. ਮੈਂਬਰ ਬਣਨ ਲਈ ਕੀ ਸ਼ਰਤਾਂ ਹੋਣ?
4. ਸੰਵਿਧਾਨਕ ਢਾਂਚਾ ਕੀ ਹੋਵੇ?
5. ਤੁਸੀਂ ਕੀ ਯੋਗਦਾਨ ਪਾ ਸਕਦੇ ਹੋ?
6. ਹੋਰ ਕੋਈ ਸੁਝਾਉ?
ਗੁਰੂ ਪੰਥ ਦਾ ਦਾਸਰਾ
ਨਰਿੰਦਰਪਾਲ ਸਿੰਘ
ਬਰਿਸਬਨ ਆਸਟਰੇਲੀਆ

0434348453
gavosachibani@hotmail.com
.