.

ਜਦੋਂ ਉਹ ਡਿੱਗੇ ਪਏ ਬੇਹੋਸ਼ ਸਿੰਘਾਂ ਦੇ ਸਿਰਾਂ ਤੇ ਡਾਂਗਾਂ ਮਾਰ ਮਾਰ ਲੰਘਦੇ ਰਹੇ!
ਡਾ. ਗੁਰਮੀਤ ਸਿੰਘ ਬਰਸਾਲ

ਹਜ਼ਾਰਾਂ ਲੋਕਾਂ ਨੇ ਯੂ ਟਿਊਬ ਤੇ ਪਏ ਇਸ ਕਲਿਪ ਨੂੰ ਦੇਖਿਆ ਹੋਵੇਗਾ। ਅਖੌਤੀ ਪੰਥਕ ਸਰਕਾਰ ਦੇ ਪਾਲੇ ਗੁੰਡੇ-ਨੁਮਾ ਸੈਨਿਕ ਕਨੂੰਨ-ਵਿਵਸਥਾ ਦੀ ਆੜ ਵਿੱਚ ਕਨੂੰਨ ਦੇ ਹੁੰਦੇ ਘਾਣ ਵਾਂਗ ਨਾਗਰਿਕਾਂ ਦਾ ਘਾਣ ਕਰਦੇ ਸਭ ਨੇ ਕਚੀਚੀਆਂ ਵਟਦੇ ਦੇਖੇ ਹੋਣਗੇ। ਰਾਜਨੀਤਕਾਂ ਅਤੇ ਧਰਮ ਦੇ ਠੇਕੇਦਾਰਾ ਦੀ ਮਿਲੀ ਭੁਗਤ ਦੇ ਨਤੀਜੇ ਭਲਾ ਹੋਰ ਹੋ ਵੀ ਕੀ ਸਕਦੇ ਹਨ। ਰਾਜੇ ਤੇ ਰਾਜ ਪ੍ਰੋਹਿਤਾਂ ਦੀ ਜੋੜੀ ਇੱਕ ਦੂਜੇ ਦੀ ਪੂਰਕ ਬਣ ਕੇ ਸਦਾ ਹੀ ਅਜਿਹਾ ਕਰਦੀ ਆਈ ਹੈ। ਧਰਮ ਨੂੰ ਮਜ਼ਹਬਾਂ ਵਿੱਚ ਵੰਡਣ ਤੋਂ ਬਾਅਦ ਸਬ ਡਵੀਜ਼ਨਾਂ ਕਰਨੀਆਂ ਹਮੇਸ਼ਾਂ ਹੀ ਰਾਜਨੀਤਿਕ ਲੋਕਾਂ ਦਾ ਲਾਹੇਵੰਦ ਸੌਦਾ ਰਿਹਾ ਹੈ। ਪਹਿਲਾਂ ਵੱਡੇ ਡੇਰੇਦਾਰ ਫਿਰ ਛੋਟੇ ਡੇਰੇ। ਵੱਡੇ ਡੇਰੇਦਾਰ ਆਪ ਨੂੰ ਸਤਿਗੁਰੂ ਮਹਾਂਰਾਜ ਤੇ ਛੋਟੇ ਆਪ ਨੂੰ ਬ੍ਰਹਮ ਗਿਆਨੀ ਸੰਤ ਆਦਿ ਅਖਵਾਉਂਦੇ ਹਨ। ਨੀਤ ਛੋਟਿਆਂ ਦੀ ਵੀ ਹਮੇਸ਼ਾਂ ਵੱਡੇ ਬਣਨ ਦੀ ਹੁੰਦੀ ਹੈ ਭਾਵੇਂ ਉਹ ਵੱਡਿਆਂ ਵਿਰੁੱਧ ਵਿਖਾਵਾ ਕਰਕੇ ਭੋਲੀ ਸੰਗਤ ਦੇ ਅਥਰੂ ਪੂੰਝਣ ਦਾ ਢੌਂਗ ਕਰ ਰਹੇ ਹੁੰਦੇ ਹਨ। ਰਾਜਨੀਤਕ ਇਨ੍ਹਾਂ ਨੂੰ ਪ੍ਰੋਟੈਕਸ਼ਨ ਦਿੰਦਾ ਹੈ ਅਤੇ ਇਹ ਉਸਨੂੰ ਵੋਟਾਂ। ਇਹ ਖੇਡ ਸਦਾ ਚਲਦੀ ਆਈ ਹੈ ਕਿਹਾ ਜਾਂਦਾ ਹੈ ਕਿ ਕਈ ਵਾਰ ਅਮਨ ਕਨੂੰਨ ਦੀ ਬਹਾਲੀ ਲਈ ਸਰਕਾਰਾਂ ਨੂੰ ਸਖਤੀ ਵਰਤਣੀ ਪੈਂਦੀ ਹੈ ਪਰ ਉਸ ਸਖਤੀ ਦਾ ਵੀ ਕੋਈ ਤਰੀਕਾ ਹੁੰਦਾ ਹੈ। ਜਿਨਾ ਚਿਰ ਐਜੀਟੇਸ਼ਨ ਸ਼ਾਤਮਈ ਹੁੰਦਾ ਹੈ ਪੁਲਿਸ ਕੇਵਲ ਨਿਗਰਾਨ ਦਾ ਕੰਮ ਕਰਦੀ ਹੈ। ਐਜੀਟੇਸ਼ਨ ਵਿੱਚ ਹਿੰਸਾ ਆ ਜਾਣ ਤੇ ਪਹਿਲਾਂ ਲਾਠੀਚਾਰਜ (ਜਿਸ ਵਿੱਚ ਵੀ ਮਾਰਿਆ ਘੱਟ ਜਾਂਦਾ ਹੈ ਤੇ ਜ਼ਮੀਨ ਤੇ ਮਾਰ ਕੇ ਖੜਕਾ ਜਿਆਦਾ ਕੀਤਾ ਜਾਂਦਾ ਹੈ) ਫਿਰ ਭੀੜ ਨੂੰ ਖਿੰਡਾਉਣ ਲਈ ਅਥਰੂ ਗੈਸ, ਪਾਣੀ ਦੀਆਂ ਬੁਛਾੜਾਂ ਆਦਿ ਵਰਤੋਂ ਵਿੱਚ ਲਿਆਂਦੀਆਂ ਜਾਂਦੀਆਂ ਹਨ। ਫਿਰ ਹਵਾਈ ਫਾਇਰ ਕਰਕੇ ਚਿਤਾਵਨੀ ਦਿੱਤੀ ਜਾਂਦੀ ਹੈ। ਉਸ ਤੋਂ ਬਾਅਦ ਪਲਾਸਟਿਕ ਦੀਆਂ ਗੋਲੀਆਂ (ਜੋ ਕੇਵਲ ਸੱਟ ਮਾਰਦੀਆਂ ਹਨ) ਵਰਤੀਆਂ ਜਾਂਦੀਆਂ ਹਨ। ਜੇ ਅਸਲੀ ਗੋਲੀ ਚਲਾਉਣ ਦੀ ਜ਼ਰੂਰਤ ਵੀ ਪਵੇ ਤਾਂ ਗੋਲੀਆਂ ਲੱਤਾਂ ਆਦਿ ਵਿੱਚ ਮਾਰੀਆਂ ਜਾਂਦੀਆਂ ਹਨ ਤਾਂ ਕਿ ਜਾਨੀ ਨੁਕਸਾਨ ਨਾਂ ਹੋਵੇ।
ਅੱਜ ਜਦੋਂ ਅਸੀਂ ਲੁਧਿਆਨੇ ਦੀ ਘਟਨਾਂ ਦਾ ਮੁਲਾਂਕਣ ਕਰਦੇ ਹਾਂ ਤਾਂ ਬਿਨਾ ਕਿਸੇ ਅਗਾਊਂ ਚਿਤਾਵਨੀ ਦੇ ਸਿੱਖਾਂ ਦੇ ਢਿੱਡਾਂ ਵਿੱਚ ਗੋਲੀਆਂ ਮਾਰਨੀਆਂ, ਉਹ ਵੀ ਓਦੋਂ ਜਦੋਂ ਉਨ੍ਹਾਂ ਕੋਈ ਵੀ ਸਰਕਾਰੀ ਸੰਪਤੀ ਦਾ ਨੁਕਸਾਨ ਨਾਂ ਕੀਤਾ ਹੋਵੇ ਇਸ ਗੱਲ ਦਾ ਸਬੂਤ ਹਨ ਕਿ ਪੰਜਾਬ ਵਿੱਚ ਵੀ ਸਿੱਖਾਂ ਨੂੰ ਪ੍ਰੋਟੈਸਟ ਦੀ ਇਜ਼ਾਜਤ ਕਿਸੇ ਵੀ ਹਾਲਤ ਵਿੱਚ ਨਹੀਂ ਦਿੱਤੀ ਜਾ ਸਕਦੀ। ਦੂਜਾ ਇਹ ਕਿ ਪੰਜਾਬ ਸਰਕਾਰ ਦਾ ਕੰਮ ਅਮਨ ਕਨੂੰਨ ਦੀ ਬਹਾਲੀ ਨਹੀਂ ਸਗੋਂ ਸਿੱਖਾਂ ਨੂੰ ਮਾਰਨਾ ਹੀ ਹੈ। ਸਰਕਾਰ ਦੇ ਪਾਲੇ ਗੁੰਡੇ ਇੰਨੇ ਗਿਰ ਗਏ ਹਨ ਕਿ ਡਿੱਗੇ ਪਏ ਬੇਹੋਸ਼ ਸਿੰਘਾਂ ਦੇ ਸਿਰਾਂ ਵਿੱਚ ਵੀ ਲਾਠੀਆਂ ਮਾਰ ਮਾਰ ਲੰਘਦੇ ਯੂ ਟਿਊਬ ਇੰਟ੍ਰਨੈਟ ਤੇ ਦੇਖੇ ਜਾ ਸਕਦੇ ਹਨ। ਇਹ ਤਾਂ ਨਨਕਾਣਾ ਸਾਹਿਬ ਵਾਲੇ ਮਹੰਤ ਨਰਾਇਣੂ ਤੋਂ ਵੀ ਨੀਚ ਜਾਪਦੇ ਹਨ। ਇਸ ਤੋਂ ਉਲਟ ਜਦੋਂ ਲੁਧਿਆਨੇ ਵਿੱਚ ਉਤਰ ਪ੍ਰਦੇਸ਼ ਤੇ ਬਿਹਾਰ ਦੇ ਮਜਦੂਰ ਸਰਕਾਰੀ ਸੰਪਤੀ ਤੋੜ ਰਹੇ ਸਨ ਜਾਂ ਬਾਬਾ ਰਾਮਾਨੰਦ ਦੇ ਚੇਲੇ ਕਰੋੜਾਂ ਦੀ ਸਰਕਾਰੀ ਤੇ ਗੈਰ ਸਰਕਾਰੀ ਸੰਪਤੀ ਜਲਾ ਰਹੇ ਸਨ ਤਾਂ ਉਸ ਵੇਲੇ ਪੰਜਾਬ ਸਰਕਾਰ ਦੀਆਂ ਗੋਲੀਆਂ ਕਿੱਥੇ ਸਨ? ਇਸ ਤੋਂ ਸਾਫ ਜ਼ਾਹਿਰ ਹੈ ਕਿ ਪੰਜਾਬ ਸਰਕਾਰ ਦੀ ਜ਼ਮੀਰ ਦਸਮ ਗ੍ਰੰਥੀਆਂ (ਰਾਮਾ ਅਵਤਾਰ, ਕ੍ਰਿਸ਼ਨ ਅਵਤਾਰ, ਚੌਬੀਸ ਅਵਤਾਰ ਅਤੇ ਪਸ਼ੂ ਪੰਛੀਆਂ ਸਮੇਤ ਦੇ ਵਾਰਸਾਂ) ਕੋਲ ਗਹਿਣੇ ਪਈ ਹੈ। ਜਿਨਾ ਚਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਦਸਮ ਗ੍ਰੰਥੀਆਂ ਦੇ ਮਿਲਗੋਭੇ ਤੋਂ ਵੱਖਰਾ ਨਹੀਂ ਕੀਤਾ ਜਾਂਦਾ ਓਨਾ ਚਿਰ ਦਸਮ ਗ੍ਰੰਥੀਏ ਕਿਸੇ ਨਾ ਕਿਸੇ ਰੂਪ ਵਿੱਚ ਕਦੇ ਡੇਰੇਦਾਰ ਬਣਕੇ, ਕਦੇ ਰਾਜਨੀਤਕ ਅਤੇ ਕਦੇ ਜੋਟੀਦਾਰ ਗੁਰੂ ਗ੍ਰੰਥ ਸਾਹਿਬ ਵਿਚਲੀ ਸਰਬਤ ਦੇ ਭਲੇ ਦੀ ਵਿਚਾਰਧਾਰਾ ਨਾਲ ਜੁੜੇ ਸਿੱਖਾਂ ਦੇ ਢਿੱਡਾਂ ਵਿੱਚ ਗੋਲੀਆਂ ਮਾਰਦੇ ਹੀ ਰਹਿਣਗੇ।

(ਟਿੱਪਣੀ:- ਡਾ: ਬਰਸਾਲ ਜੀ ਤੁਸੀਂ ਤਾਂ ਬਹੁਤ ਸਿਆਣੋ ਹੋ ਅਤੇ ਇਹ ਯੂ-ਟਿਊਬ ਤੇ ਪ੍ਰੋਟੈਸਟ ਵਾਲੀ ਵੀਡੀਓ ਤਾਂ ਇੱਕ ਮੈਂ ਵੀ ਦੇਖੀ ਸੀ ਜਿਸ ਵਿੱਚ ਕਿ ਪੁਲੀਸ ਵਾਲੇ ਬੇਹੋਸ਼ ਪਏ ਸਿੰਘਾਂ ਤੇ ਡਾਂਗਾਂ ਮਾਰਦੇ ਦਿਸਦੇ ਸਨ। ਪੁਲੀਸ ਅਤੇ ਸਰਕਾਰ ਨੇ ਤਾਂ ਬੇਹੱਦ ਧੱਕਾ ਕੀਤਾ ਹੀ ਹੈ। ਪਰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਸਿੱਖ ਹਰ ਵੇਲੇ ਨੰਗੀਆਂ ਕਿਰਪਾਨਾ ਲੈ ਕੇ ਹੀ ਪ੍ਰੋਟੈਸਟ ਕਰਕੇ ਬਾਕੀ ਦੁਨੀਆਂ ਨੂੰ ਆਪਣੇ ਹਿੰਸਕ ਹੋਣ ਦਾ ਪ੍ਰਗਟਾਵਾ ਕਿਉਂ ਕਰਦੇ ਰਹਿੰਦੇ ਹਨ-ਸੰਪਾਦਕ)
.