.

ਕਠਪੁਤਲੀ ਤਮਾਸ਼ਾ

ਸੂਤਰਧਾਰਾ-ਅਣਗੌਲੇ ਜਿਹੇ ਪਿੰਡਾਂ `ਚ ਪੈਦਾ ਹੋਏ, ਘਰਾਂ ਦੀਆਂ ਤੰਗੀਆਂ ਤੁਰਸ਼ੀਆਂ `ਚ ਪਲੇ, ਆਪਣੀ ਰੋਟੀ ਜੋਗੇ ਹੋਣ ਦੀ ਝਾਕ `ਚ ਬੀ. ਏ ਐਮ. ਏ ਕਰ, ਫੋਰ ਫਿਗਰ (4 figure) ਨੌਕਰੀ ਦੀ ਤਲਾਸ `ਚ ਭਟਕਦੇ ਅਸੀਂ ਲੋਕ ਜੇ ਕਿਸੇ ਸਿਅਸੀ ਸੂਝ ਦਾ ਦਾਅਵਾ ਕਰੀਏ ਤਾਂ ਆਪੇ ਨਾਲ ਮਜਾਕ ਹੀ ਹੋਵੇਗਾ। ਆਪਣੀ ਹੋਣੀਂ ਜਾਨਣ ਲਈ ਬਚਪਨ ਤੋਂ ਇੱਕ ਉਤਸੁਕਤਾ ਸਵਾਲਾਂ `ਚ ਜਾਹਿਰ ਹੁੰਦੀ ਕਿ ਮਨੁੱਖ ਦੀਆਂ ਬੁਨਿਆਦੀ ਲੋੜਾਂ ਸਾਡੇ ਲਈ ਮਸਲੇ ਤੇ ਮੁੱਦੇ ਕਿਵੇਂ ਬਣ ਗਏ? ਜਿੰਨਾਂ ਲਈ ਸੰਘਰਸ਼ ਕਰਨਾਂ ਪੈਦਾਂ ਹੈ, ਧਰਨਿਆਂ, ਮੁਜਾਹਰਿਆਂ ਤੋਂ ਚੱਲੀ ਗੱਲ ਗੋਲੀਕਾਂਡਾਂ ਤੇ ਪੁਲਿਸ ‘ਮੁਕਾਬਲਿਆਂ’ ਤੱਕ ਜਾਦੀ ਹੈ? ਕਿਸੇ ਸਿਆਣੇ ਨੇ 47 ਤੋਂ 94 ਤੱਕ ਦਾ ਇਤਿਹਾਸ ਸੁਣਾਉਦਿਆਂ ਦੱਸਿਆਂ ਸੀ ਕਿ ‘ਅਸੀ ਤਾਂ ਬੱਸ ਕਠਪੁਤਲੀਆਂ ਹੀ ਹਾਂ ਡੋਰਾਂ ਤੇ ਉਨ੍ਹਾਂ ਡਾਢਿਆਂ ਹੱਥ ਨੇ ਜੋ ਤਖਤਾਂ ਤੇ ਬੈਠੇ ਰਾਜ ਕਰਦੇ ਨੇ’। ਆਪਣੀ ਹੋਸ਼ ਹਵਾਸ਼ ਦੀ ਥੋੜੀ ਜਿਹੀ ਜ਼ਿੰਦਗੀ `ਚ ਕਠਪੁਤਲੀ ਤਮਾਸ਼ੇ ਦੇਖਦੇ ਰਹੇ ਹਾਂ ਤੇ ਆਸ ਹੈ ਕਿ ‘ਜੇ ਹਵਾ ਇਹੀ ਰਹੀ’ ਤਾਂ ਅੱਗੇ ਵੀ ਦੇਖਦੇ ਰਹਾਗੇ।
ਕਾਂਡ ਇੱਕ
(ਇਤਿਹਾਸ ਬੋਲਦਾ ਹੈ) ਰੋਜੀ-ਰੋਟੀ ਲਈ ਹੱਡਾਂ ਦਾ ਹੱਲ ਵਾਹੁੰਦੇ ਲੋਕਾਂ ਨੂੰ ਇਹ ਕਹਿ ਕੇ ਵਰਗਲਾ ਲਿਆ ਗਿਆ ਕਿ ਆਜ਼ਾਦੀ ਨਾਂ ਦੀ ਇੱਕ ਐਸੀ ਚੀਜ ਲਿਆਵਾਗੇ ਜੋ ਤੁਹਾਡੇ ਘਰਾਂ ਤੇ ਪਿੰਡਾਂ ਨੂੰ ਰੌਸ਼ਨ ਕਰ ਦੇਵੇਗੀ। ਪਰ ਪਹਿਲਾਂ ਆਜ਼ਾਦੀ ਦੀ ਮਿਸ਼ਾਲ ਤੁਹਾਡਾ ਖੂਨ ਮੰਗਦੀ ਹੈ ਜਦੋ ਜਗ ਪਈ ਤਾਂ ਚੁਫੇਰਾ ਰੁਸ਼ਨਾਂ ਦੇਵੇਗੀ। ਭੋਲੇ ਲੋਕਾਂ ਲਗਦੀ ਵਾਹ ਲਾ ਦਿਤੀ ਤੇ ਅਜ਼ਾਦੀ ਦੇਸ਼ ਦੇ ਵਿਹੜੇ ਲਿਆ ਖੜੀ ਕੀਤੀ। ਸਭ ਨੂੰ ਆਸ ਸੀ ਕਿ ਹੁਣ ਅਜ਼ਾਦੀ ਉਨ੍ਹਾਂ ਦੇ ਪਿੰਡੀ ਫੇਰਾਂ ਪਾ ਕੇ ਪਿੰਡ ਰੁਸ਼ਨਾਂ ਦੇਵੇਗੀ। ਪਰ ਆਜ਼ਾਦੀ ਤਾਂ ਭੈੜੀ ਬੜੀ ਮੂੰਹ-ਜ਼ੋਰ ਨਿਕਲੀ, ਲੱਗੀ ਮਾਰਨ ਛੱੜਪੇ, ਪਿੰਡਾਂ ਦੇ ਉੱਤੋਂ ਦੀ ਟੱਪਦੀ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ। ਅਜ਼ਾਦੀ ਨੇ ਸਿਰਫ ਉਨਾਂ ਮਹਿਲਾਂ `ਚ ਹੀ ਚਾਨਣ ਕੀਤਾਂ ਜਿਥੇ ਪਹਿਲਾਂ ਹੀ ਲੋਕਾਂ ਦੇ ਲਹੂ ਦੇ ਦੀਵੇ ਬਲਦੇ ਸਨ। ਜਿਸ ਆਜ਼ਾਦੀ ਦੀ ਰੋਸਨੀ ਦਿੱਲੀ ਦਾ ਬੈਰੀਅਰ ਟੱਪ ਯੂ. ਪੀ `ਚ ਨਾਂ ਵੜ੍ਹੀ ਉਨ੍ਹੇ ਬਿਹਾਰ, ਬੰਗਾਲ ਕਿਥੋਂ ਪਹੁੰਚਣਾਂ ਸੀ। ਚਾਨਣ ਲੱਭਦੇ ਲੋਕ ਇਧਰ ਉਧਰ ਭੱਜੇ, ਅਜ਼ਾਦੀ ਦੇ ਬਹੁਤੇ ਦੀਵਾਨੇ ਪੰਜਾਬੀ ਲੋਕ ‘ਪੱਛੀ ਲਾਉ ਏਸ ਅਜਾਦੀ ਨੂੰ’ ਕਹਿ ਉਧਰ ਨੂੰ ਹੋ ਤੁਰੇ ਜਿਧਰ ਨੂੰ ਉਨ੍ਹਾਂ ਗੁਲਾਮੀ ਤੋਰੀ ਸੀ। ਦੇਸ਼ ਨੂੰ ਚਕਾਚੌਂਧ ਕਰਦਿਆਂ ਕਈ ਹੋਰਨਾਂ ਸੂਬਿਆਂ ਸਣੇ ਯੂ. ਪੀ ਬਿਹਾਰ ਦੇ ਕਈਆਂ ਘਰਾਂ `ਚ ਹਨੇਰਾਂ ਛਾਂ ਗਿਆ। ਪਤਾਂ ਨਹੀਂ ਕਿਸੇ ਨੇ ਪਰਦੇ ਉਹਲਿਓ ਉਗਲਾਂ ਹਿਲਾਈਆਂ ਜਾਂ ਰਿਜ਼ਕ ਭਾਲਦੇ ਇਹ ਹਨੇਰੀਆਂ ਕੋਠੜੀਆਂ ਦੇ ਵਾਸੀ ਆਪ ਮੁਹਾਰੇ ਹੀ ਧੁੰਦਲੇ ਪੰਜਾਬ `ਚ ਆ ਵੜ੍ਹੇ।
(ਅੱਜ ਦੱਸਦਾ ਹੈ) ਕਿ ਕਠਪੁਤਲੀਆਂ ਦੀ ਖੇਡ `ਚ ਇਹ (ਬਈਏ) ਅਹਿਮ ਕਠਪੁਤਲੀ ਏ ਜੋ ਸਭ ਦੀ ਅੱਖ ਵਿੱਚ ਹੈ (ਕਿਉਕਿ ਪਹਿਲੇ ਕਾਂਡ `ਚ ਉਹ ਸੜਕਾਂ ਤੇ ਸੀ)। ਸਰਬੱਤ ਦਾ ਭਲਾ, ਮਨੁੱਖਤਾ ਨਾਤੇ, ਰੱਬ ਤਰਸੀ, ਜੀਅ ਤਰਸੀ ਸਭ ਕੁੱਝ ਧਿਆਨ `ਚ ਰੱਖ ਕੇ ਵੀ ਬਈਆਂ ਦਾ ਪੰਜਾਬ `ਚ ਪੱਕਾ ਵਸੇਬਾ ਕਿਸੇ ਤਰਾਂ ਵੀ ਪੰਜਾਬ ਦੇ ਹੱਕ `ਚ ਨਹੀਂ। ਕਿਉਕਿ ਪਰਦੇ ਉਹਲੇ ਸ਼ਰਾਰਤੀ ਹੱਥ ਕਦੇ ਸੱਖਣੇ ਨਹੀਂ ਰਹਿੰਦੇ। ਅਸੀ ਨਿੱਤ ਮਾਰਾਂ ਸਹਿੰਦੇ, ਖੇਤੀ ਤੋਂ ਅਵਾਜਾਰ ਹੋਏ, ਥੁੜਦੇ ਸਾਧਨਾਂ ਦੇ ਭੰਨੇ, ਸਟੇਟ ਦੀਆਂ ਵਧੀਕੀਆਂ ਦੇ ਸਤਾਏ, ਬਈਆਂ ਦਾ ਖਲਲ ਬਰਦਾਸ਼ਤ ਨਹੀਂ ਕਰ ਸਕਦੇ।
ਸੂਬੇ `ਚ ਮਜ਼ਦੂਰੀ ਕਰਨ ਜਾ ਕਿਸੇ ਵੀ ਕੰਮ ਆਏ ਕਿਸੇ ਬਾਹਰਲੇ ਦੇ ਜਾਨ ਮਾਲ ਦੀ ਰਾਖੀ ਸੂਬਾ ਸਰਕਾਰ ਦਾ ਤੇ ਸੂਬਾ ਵਾਸੀਆਂ ਦਾ ਫਰਜ਼ ਹੈ। ਪਰ ਜਾਨ ਮਾਲ ਦੀ ਰਾਖੀ ਨੂੰ ਮੁੱਦੇ ਬਣਾ ਕਿ ਕਿਵੇਂ ਸਿਆਸੀ ਲੋਕ ਬਈਆਂ ਨੂੰ ਵਰਤ ਗਏ। ਇਹ ਸਾਰਾ ਕਠਪੁਤਲੀ ਤਮਾਸ਼ਾ ਭਵਿਖ ਦੀ ਇੱਕ ਝਲਕੀ ਹੈ ਕਿ ਬਈਏ ਕਿਵੇਂ ਕਿਵੇਂ ਵਰਤੇ ਜਾਣਗੇ। ਮਸਲਾ ਬਈਆਂ ਦਾ ਨਹੀਂ (ਕਿਉਕਿ ਕੰਮ ਸੱਭਿਆਚਾਰ ਨੂੰ ਤਿਆਗ ਰਹੇ ਪੰਜਾਬੀਆ ਤੇ ਵਿਕਾਸ ਲਈ ਮਜ਼ਦੂਰ ਦੀ ਲੋੜ ਤਾਂ ਸਦਾ ਬਣੀ ਰਹੇਗੀ) ਬਈਆਂ ਦੇ ਪਿਛਲੀ ਸਿਆਸਤ ਦਾ ਹੈ। ਜਿਸ ਸਬੰਧੀ ਕਿਸੇ ਰਣਨੀਤੀ ਲਈ ਪਿੜ੍ਹ `ਚ ਪੰਜਾਬੀਆਂ ਦੀ ਧਿਰ, ਆਗੂ ਸਮਝ ਤੇ ਦੂਰ ਦੀ ਸੋਚ ਤੋਂ ਸੱਖਣੀ ਹੈ।
ਕਾਂਡ 2
ਪੰਜਾਬ `ਚ ਸਿੱਖੀ ਭੇਖ ਵਾਲੇ ਤੇ ਸਰਬ ਧਰਮ ਸਾਂਝੀ ਦਿੱਖ ਵਾਲੇ ਵੱਡੇ ਡੇਰਿਆਂ ਤੇ ਰਸੂਖਦਾਰ ਸਾਧਾਂ ਪਿਛਲੀ ਸਜਿਸ਼ ਬਾਰੇ ਸ਼ਾਇਦ ਕਿਸੇ ਨੂੰ ਭੁਲੇਖਾਂ ਤਾਂ ਨਹੀਂ ਹੋਵੇਗਾ। ਡੇਰਿਆਂ ਦੇ ਹੋਰਨਾਂ ਲੁਕਵੇ ਮਨਸੂਬਿਆਂ ਤੋਂ ਇਲਾਵਾਂ ਇੱਕ ਵਡਾ ਮਨਸੂਬਾ ਸਿੱਖ ਭਾਵਨਾਵਾਂ ਨੂੰ ਭੜਕਾ ਕੇ ਸਿੱਖਾਂ ਤੇ ਦਲਿਤਾਂ `ਚ ਅਪਸੀ ਪਾੜਾ ਬਣਾਉਣਾਂ ਹੈ। ਕਿਉ ਕਿ ਇਸ ਨਾਲ ਸਟੇਟ ਦੇ ਕਈ ਮਕਸਦ ਹੱਲ ਹੰਦੇ ਹਨ। ਹਿੰਦੂ–ਸਿੱਖ ਫਿਰਕਾਪ੍ਰਸਤੀ `ਚ ਕੀ ਪੰਜਾਬੀ ਸਿੱਖਾਂ ਜਾਂ ਹਿੰਦੂਆਂ ਨੂੰ ਕੋਈ ਲਾਭ ਹੋਇਆ? ਅਸੂਤੋਸ਼ ਆਰ. ਐਸ. ਐਸ ਦੀ ਪਿਉਂਦ ਤੇ ਬੀਜੇਪੀ-ਬਾਦਲ ਲਾ ਲਾਇਆ ਬੂਟਾ ਹੈ। ਜਿਸ ਨੂੰ ਦਰਬਾਰ ਸਾਹਿਬ ਤੋਂ ਗੁਰਬਾਣੀ ਦਿਖਾਉਣ ਵਾਲਾ ਚੈਨਲ ਆਸੂਤੋਸ਼ ਮਾਹਰਾਜ ਕਹਿ ਰਿਹਾ ਹੈ। ਸਿਤਮਜ਼ਰੀਫੀ ਦੇਖੋ ਜਿਸ ਚੈਨਲ ਦਾ ਤੋਰੀ ਫੁਲਕਾ ਗੁਰੂ ਘਰ ਤੋਂ ਚੱਲਦਾ ਹੈ ਉਹ ਸਿਅਸੀ ਅਕਾਵਾਂ ਦੇ ਅਕੀਦੇ ਤਹਿਤ ਗਰੂ ਘਰ ਦੇ ਵਿਰੋਧੀ ਨੂੰ ਵਡਿਆ ਰਿਹਾ ਹੈ। ਅਸੂਤੋਸ਼ ਦੇ ਪ੍ਰੋਗਰਾਮ ਨੂੰ ਰੋਕਣ ਲਈ ਸਿੱਖ ਜਥੇਬੰਦੀਆ ਨੇ ਪ੍ਰਸ਼ਾਸਨ ਤੇ ਸਰਕਾਰ ਦੇ ਕਈ ਦਿਨਾਂ ਤੱਕ ਤਰਲੇ ਕੱਢੇ। ਪਰ ਸੁਖਬੀਰ ਨੇ ਪ੍ਰੋਗਰਾਮ ਰੁਕਵਾਉਣ ਦੀ ਥਾਂ ਤੇ ਬਈਆਂ ਨੂੰ ਵਰਤਿਆਂ। ਪਰਚਾ ਨਾਂ ਦਰਜ਼ ਹੋਣ ਦੀ ਸਿਕਾਇਤ ਨੂੰ ਸੁਖਬੀਰ ਬਾਦਲ ਦੀ ਐੱਸ. ਓ. ਆਈ. ਤੇ ਅਕਾਲੀ ਦਲ ਦੇ ਯੂਥ ਵਿੰਗ ਨੇ ਏਨਾਂ ਚੱਕਿਆਂ ਕਿ ਸ਼ਹਿਰ `ਚ ਸਾੜ-ਫੂਕ ਤੋਂ ਬਾਅਦ ਗੱਲ ਕਰਫਿਊ ਤੇ ਸੀ. ਆਰ. ਪੀ ਐੱਫ ਤੱਕ ਆ ਗਈ। ਬਈਆਂ ਨੂੰ ਵਰਤ ਕੇ ਮਾਮਲੇ ਨੂੰ ਏਨਾਂ ਵਧਾਉਣਾ ਪਲੈਨ ਕੀਤਾ ਹੋਇਆ ਪ੍ਰੋਗਰਾਮ ਸੀ। ਜਿਸ ਦਾ ਮਕਸਦ ਪੁਲਿਸ ਦੀ ਨਫਰੀ ਵਧਾ ਕੇ ਆਸੂਤੋਸ਼ ਦੇ ਪ੍ਰੋਗਰਾਮ ਨੂੰ ਕਰਵਾਉਣਾਂ ਹੀ ਸੀ। ਜਿਸ ਲਈ ਵੱਡੇ ਰੈਂਕਾਂ ਦੇ ਕਈ ਪੁਲਸ ਅਫਸਰ ਤਾਇਨਾਤ ਕੀਤੇ ਗਏ। ਲੁਦਿਆਣੇ ਦੀਆਂ ਸੜਕਾਂ ਤੇ ਲਗਾਤਾਰ ਦੋ ਦਿਨ ਕਠਪੁਤਲੀ ਨਾਚ ਹੋਇਆ ਤੇ ਤਮਾਸ਼ੇ ਪਿਛੋਂ ਪੈਸੇ ਵੀ ਸੁੱਟੇ ਗਏ। ਭਾਈਵਾਲਾਂ ਦੇ ਏਜੰਡੇ ਨੂੰ ਲਾਗੂ ਕਰਨ ਦਾ ਆਹਿਦ ਕਰ ਚੁਕੀ ਬਾਦਲ ਪਾਰਟੀ ਦੀ ਪਨਾਹਗਾਹ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਤੇ ਸਰਕਾਰ ਨੇ ਸਾਰੇ ਤਮਾਸੇ ਪਿਛੋਂ ਲਾਸ਼ `ਤੇ ਪੈਸੇ ਵਾਰੇ।
ਦੂਜੇ ਪਾਸੇ ਡੇਰਵਾਦ ਵਿੱਰੁਧ ਸੰਨ 78 ਵਾਲ ਰਵਾਇਤੀ ਢੰਗ ਨਾਲ ਲੜ੍ਹ ਰਹੇ ਦੂਰ ਦੀ ਸੋਚ ਤੋਂ ਹੀਣੇ ਸਿੱਖ ਆਗੂਆਂ ਕੋਲ ਵੀ ਲੋਕਾਂ ਨੂੰ ਬਲਦੀ ਦੇ ਬੂਥੇ ਦੇ ਕੇ ਆਪਣੇ ਬੰਦੇ ਮਰਵਾਉਣ ਤੋਂ ਬਾਅਦ ਬਾਦਲਕਿਆਂ ਦੀ ਸਰਕਾਰ ਬਚਾਉਣ ਲਈ ਸਮਝੋਤਾ ਕਰ ਲੈਣ ਤੋਂ ਅਗਲੀ ਕੋਈ ਸੋਚ ਨਜ਼ਰੀ ਨਹੀਂ ਆਉਦੀ। ਕਿਉਕਿ ਡੋਰਾਂ ਤਾਂ ਏਨਾਂ ਦੀਆਂ ਵੀ ਅੱਖਾਂ ਤੋਂ ਉਹਲੇ ਹੀ ਕਿਸੇ ਫੜੀਆਂ ਹੋਈਆ ਹਨ।
ਕਾਂਡ 3
ਇਹਨਾਂ ਨਚਦੀਆਂ ਕਠਪੁਤਲੀਆਂ ਚੋਂ ਸਭ ਤੋਂ ਦਿਲਚਸਪ ਖੇਡ ਜਥੇਦਾਰਾਂ ਦਾ ਨਾਚ ਹੁੰਦੀ ਹੈ। ਸੱਚੇ ਸੌਦੇ ਵਾਰੀ ਪੰਥ ਇਨਾਂ ਦਾ ਨਾਚ ਬੜੀ ਚੰਗੀ ਤਰਾਂ ਦੇਖ ਚੁਕਾ ਹੈ। ਜਥੇਦਾਰ ਐਸੀ ਕਠਪੁਤਲੀ ਹੈ ਜਿਸ ਨੂੰ ਪੰਜਾਬ ਦੇ ਧਰਾਤਲ ਤੇ ਖੇਡੀ ਜਾਣ ਵਾਲੀ ਕਿਸੇ ਵੀ ਖੇਡ `ਚ ਦਮੂਹਰੀਏ ਵਾਂਗੂ ਪਾਇਆ ਜਾ ਸਕਦਾ ਹੈ। ਜਦੋਂ ਲੋਕ ਅਸੂਤੋਸ਼ ਵਿਰੁੱਧ ਮਰ ਰਹੇ ਸਨ ਤਾਂ ਜਥੇਦਾਰਾਂ ਨੇ 3-4 ਸੌ ਲੱਟਮਾਰ ਆਪਣੇ ਹੀ ਲੋਕਾਂ ਵਿਰੁਧ ਇਕੱਠਾ ਕੀਤਾ ਹੋਇਆ ਸੀ। ਚੰਡੀਗੜ੍ਹ ਤੋਂ ਆਏ ਹੁਕਮਨਾਮੇ ਨੂੰ ਸੁਣਾਉਣ ਲਈ ਕੌਮ ਦਾ ਕੀਮਤੀ ਸਮਾਂ ਨਸਟ ਕੀਤਾ। ਸਵਾਲ ਇਹ ਹੈ ਕਿ ਕੀ ਦਸਮ ਗ੍ਰੰਥ ਦੀ ਅਸਲੀਅਤ ਤਖਤਾਂ ਵਾਲੇ ਜਥੇਦਾਰ ਨਹੀਂ ਜਾਣਦੇ? ਸਭ ਜਾਣਦੇ ਹਨ। ਪਰ ਮਸਲਾ ਤਾਂ ਰਾਗੀ ਦਰਸ਼ਨ ਸਿੰਘ ਦਾ ਮੂੰਹ ਬੰਦ ਕਰਵਾਉਣ ਦਾ ਏ ਤਾਂ ਜੋ ਉਹ ਦਿੱਲੀ ਕਮੇਟੀ ਦੀਆਂ ਚੋਣਾਂ ਵਾਂਗ ਸ੍ਰੌਮਣੀ ਕਮੇਟੀ ਦੀਆਂ ਚੋਣਾਂ `ਚ ਬਾਦਲਾਂ ਦੀ ਸਿਰਦਰਦੀ ਨਾਂ ਬਣਿਆ ਰਹੇ। ਉਹ ਜਥੇਦਾਰਾਂ ਦੇ ਪੈਰੀਂ ਵੀ ਪੈ ਜਾਦਾਂ ਤਾਂ ਵੀ ਛੇਕਣਾਂ ਸੀ। ਹੁਣ ਵੀ ਛੇਕਣਾਂ ਏ ਕਿਉਕਿ ਉਹ ਇਤਿਹਾਸ ਦੇ ਸੱਚ ਨੂੰ ਵੀ ਬਾਖੂਬੀ ਕਹਿੰਦਾ ਹੈ ਤੇ ਅੱਜ ਦੇ ਸੱਚ ਨੂੰ ਵੀ। 5 ਦਸੰਬਰ ਦੇ ਅਹਿਮ ਦਿਨ ਕਠਪੁਤਲੀ ਤਮਾਸ਼ਾ ਅਕਾਲ ਤਖਤ ਤੇ ਵੀ ਖੇਡਿਆ ਗਿਆ। ਦਰਸ਼ਨ ਸਿੰਘ ਅਕਾਲ ਤਖਤ ਦੇ ਵਿਹੜੇ `ਚ ਬੈਠਾਂ ਉਡੀਕਦਾ ਰਿਹਾ ਤੇ ਜਥੇਦਾਰ ਉਹਨੂੰ ਤਖਤ ਤੋਂ ਬਾਹਰ ਨੂੰ ਜਾਂਦੀ ਗਲੀ ਦੇ ਇੱਕ ਕਮਰੇ `ਚ। ਜਦੋਂ ਦਰਸ਼ਨ ਸਿੰਘ ਹੋਰੀਂ ਚਲੇ ਗਏ ਤਾਂ ਕਮੇਟੀ ਦੇ ਮੁਲਾਜ਼ਮਾਂ ਨੂੰ ਇਕੱਠੇ ਕਰ ਕੇ ਹੁਕਮਨਾਮਾਂ ਸੁਣਾਂ ਦਿੱਤਾ ਗਿਆ ਤੇ ਜੈਕਾਰੇ ਗੂਜੇ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ।
ਕਾਠ ਕੀ ਪੁਤਰੀ ਕਹਾ ਕਰੈ ਬਪੁਰੀ ਖਿਲਾਵਨਹਾਰੋ ਜਾਨੈ
ਜੈਸਾ ਭੇਖ ਕਰਾਵੈ ਬਾਜੀਗਰ ਓਹ ਤੈਸੋ ਹੀ ਸਾਜੁ ਆਨੈ
ਰਾਗ ਗਾਉੜੀ ਮਹਲਾ 5

ਚਰਨਜੀਤ ਸਿੰਘ ਤੇਜਾ
.