.

ਜਉ ਗੁਰਦੇਉ ਸਿਹਜ ਨਿਕਸਾਈ

ਜਉ ਗੁਰਦੇਉ ਤ ਮਿਲੈ ਮੁਰਾਰਿ॥ ਜਉ ਗੁਰਦੇਉ ਤ ਉਤਰੈ ਪਾਰਿ॥
ਜਉ ਗੁਰਦੇਉ ਤ ਬੈਕੁੰਠ ਤਰੈ॥ ਜਉ ਗੁਰਦੇਉ ਤ ਜੀਵਤ ਮਰੈ॥ 1॥
ਸਤਿ ਸਤਿ ਸਤਿ ਸਤਿ ਸਤਿ ਗੁਰਦੇਵ॥
ਝੂਠੁ ਝੂਠੁ ਝੂਠੁ ਝੂਠੁ ਆਨ ਸਭ ਸੇਵ॥ 1॥ ਰਹਾਉ॥
ਜਉ ਗੁਰਦੇਉ ਤ ਨਾਮੁ ਦ੍ਰਿੜਾਵੈ॥ ਜਉ ਗੁਰਦੇਉ ਨ ਦਹ ਦਿਸ ਧਾਵੈ॥
ਜਉ ਗੁਰਦੇਉ ਪੰਚ ਤੇ ਦੂਰਿ॥ ਜਉ ਗੁਰਦੇਉ ਨ ਮਰਿਬੋ ਝੂਰਿ॥ 2॥
ਜਉ ਗੁਰਦੇਉ ਤ ਅੰਮ੍ਰਿਤ ਬਾਨੀ॥ ਜਉ ਗੁਰਦੇਉ ਤ ਅਕਥ ਕਹਾਨੀ॥
ਜਉ ਗੁਰਦੇਉ ਤ ਅੰਮ੍ਰਿਤ ਦੇਹ॥ ਜਉ ਗੁਰਦੇਉ ਨਾਮੁ ਜਪਿ ਲੇਹਿ॥ 3॥
ਜਉ ਗੁਰਦੇਉ ਭਵਨ ਤ੍ਰੈ ਸੂਝੈ॥ ਜਉ ਗੁਰਦੇਉ ਊਚ ਪਦ ਬੂਝੈ॥
ਜਉ ਗੁਰਦੇਉ ਤ ਸੀਸੁ ਅਕਾਸਿ॥ ਜਉ ਗੁਰਦੇਉ ਸਦਾ ਸਾਬਾਸਿ॥ 4॥
ਜਉ ਗੁਰਦੇਉ ਸਦਾ ਬੈਰਾਗੀ॥ ਜਉ ਗੁਰਦੇਉ ਪਰ ਨਿੰਦਾ ਤਿਆਗੀ॥
ਜਉ ਗੁਰਦੇਉ ਬੁਰਾ ਭਲਾ ਏਕ॥ ਜਉ ਗੁਰਦੇਉ ਲਿਲਾਟਹਿ ਲੇਖ॥ 5॥
ਜਉ ਗੁਰਦੇਉ ਕੰਧੁ ਨਹੀ ਹਿਰੈ॥ ਜਉ ਗੁਰਦੇਉ ਦੇਹੁਰਾ ਫਿਰੈ॥
ਜਉ ਗੁਰਦੇਉ ਤ ਛਾਪਰਿ ਛਾਈ॥ ਜਉ ਗੁਰਦੇਉ ਸਿਹਜ ਨਿਕਸਾਈ॥ 6॥
ਜਉ ਗੁਰਦੇਉ ਤ ਅਠਸਠਿ ਨਾਇਆ॥ ਜਉ ਗੁਰਦੇਉ ਤਨਿ ਚਕ੍ਰ ਲਗਾਇਆ॥
ਜਉ ਗੁਰਦੇਉ ਤ ਦੁਆਦਸ ਸੇਵਾ॥ ਜਉ ਗੁਰਦੇਉ ਸਭੈ ਬਿਖੁ ਮੇਵਾ॥ 7॥
ਜਉ ਗੁਰਦੇਉ ਤ ਸੰਸਾ ਟੂਟੈ॥ ਜਉ ਗੁਰਦੇਉ ਤ ਜਮ ਤੇ ਛੂਟੈ॥
ਜਉ ਗੁਰਦੇਉ ਤ ਭਉਜਲ ਤਰੈ॥ ਜਉ ਗੁਰਦੇਉ ਤ ਜਨਮਿ ਨ ਮਰੈ॥ 8॥
ਜਉ ਗੁਰਦੇਉ ਅਠਦਸ ਬਿਉਹਾਰ॥ ਜਉ ਗੁਰਦੇਉ ਅਠਾਰਹ ਭਾਰ॥
ਬਿਨੁ ਗੁਰਦੇਉ ਅਵਰ ਨਹੀ ਜਾਈ॥ ਨਾਮਦੇਉ ਗੁਰ ਕੀ ਸਰਣਾਈ॥ 9॥ 1॥ 2॥ 11॥
ਗੁਰੂ ਗ੍ਰੰਥ ਸਾਹਿਬ, ਪੰਨਾ 1166 – 1167

ਪਦ ਅਰਥ
ਜਉ – ਜੇ, ਅਗਰ, ਜੇਕਰ
ਗੁਰਦੇਉ – ਬਖ਼ਸ਼ਿਸ਼, ਆਤਮਿਕ ਗਿਆਨ ਦੀ ਬਖ਼ਸ਼ਿਸ਼
ਸਤਿ ਸਤਿ ਸਤਿ ਸਤਿ ਸਤਿ ਗੁਰਦੇਵ – ਬਖ਼ਸ਼ਿਸ਼ ਕਰਨ ਵਾਲੇ ਦੀ ਬਖ਼ਸ਼ਿਸ਼ ਵੀ ਸੱਚੀ ਹੈ ਅਤੇ ਉਹ ਆਪ ਵੀ ਸੱਚਾ ਹੈ
ਝੂਠੁ ਝੂਠੁ ਝੂਠੁ ਝੂਠੁ ਆਨ ਸਭ ਸੇਵ – ਬਖ਼ਸ਼ਿਸ਼ ਕਰਨ ਵਾਲੇ ਤੋਂ ਬਗ਼ੈਰ ਕਿਸੇ ਹੋਰ ਦੀ ਸੇਵਾ ਸਭ ਝੂਠ ਹੈ, ਵਿਅਰਥ ਹੈ, ਨਿਹਫਲ ਹੈ
ਆਨ – ਕਿਸੇ ਹੋਰ ਦੂਸਰੇ ਦੀ
ਸੀਸੁ – ਸਿਰ
ਸੀਸੁ ਅਕਾਸਿ – ਉਸ ਦੀ ਬਖ਼ਸ਼ਿਸ਼ ਦਾ ਸਿਰ ਉੱਪਰ ਹੱਥ ਹੋਣਾ
ਸਾਬਾਸਿ – ਬਖ਼ਸ਼ਿਸ਼
ਗੁਰ ਪੂਰੇ ਸਾਬਾਸਿ ਚਲਣੁ ਜਾਣਿਆ॥
ਲਾਹਾ ਨਾਮੁ ਸੁ ਸਾਰੁ ਸਬਦਿ ਸਮਾਣਿਆ॥ 1॥
ਗੁਰੂ ਗ੍ਰੰਥ ਸਾਹਿਬ, ਪੰਨਾ 369
ਪੂਰੇ ਗੁਰੂ ਦੀ ਬਖ਼ਸ਼ਿਸ਼ ਨਾਲ ਚਲਣਾ
ਸਦਾ ਸਾਬਾਸਿ – ਸਦਾ ਰਹਿਣ ਵਾਲੀ ਬਖ਼ਸ਼ਿਸ਼
ਏਕ – ਏਕਾ ਹੋ ਜਾਣਾ ਭਾਵ ਇਤਿਫ਼ਾਕ ਹੋ ਜਾਣਾ, ਮੇਲ ਜੋਲ ਹੋ ਜਾਣਾ
ਨੋਟ – ਅਗਰ ਏਕ ਦੇ ਕੱਕੋ ਦੇ ਪੈਰ ਵਿੱਚ ਔਂਕੜ ਲੱਗੇ ਤਾਂ ਇਹ ਕਰਤਾਰ ਬੋਧਕ ਬਣ ਜਾਂਦਾ ਹੈ
ਬੁਰਾ ਭਲਾ ਏਕ – ਭਾਵ ਬੁਰਿਆਈ ਦਾ ਭਲਿਆਈ ਵਿੱਚ ਬਦਲ ਜਾਣਾ
ਲਿਲਾਟਹਿ ਲੇਖ – ਮੱਥੇ ਦੀ ਤਕਦੀਰ, ਲੇਖ
ਕੰਧੁ – ਸਰੀਰ ਰੂਪੀ ਕੰਧ, ਜੀਵਨ ਰੂਪੀ ਕੰਧ
ਦੇਹੁਰਾ ਫਿਰੈ – ਮਨ ਰੂਪੀ ਦੇਹੁਰਾ ਫਿਰਨਾ, ਵੀਚਾਰਧਾਰਾ ਬਦਲ ਜਾਣੀ, ਦਹਦਿਸ ਨਾਂ ਖੋਜਣਾ, ਆਪਾ ਖੋਜਣਾ
ਛਾਪਰਿ ਛਾਈ – ਕ੍ਰਿਪਾ ਰੂਪੀ ਬਖ਼ਸ਼ਿਸ਼ ਦੇ ਛਾਪਰਿ ਦਾ ਛਾਇਆ ਹੋ ਜਾਣਾ
ਸਿਹਜ – ਸਹਿਜ ਅਵਸਥਾ
ਸਿਹਜ ਨਿਕਸਾਈ – ਸਹਿਜ ਅਵਸਥਾ ਪ੍ਰਾਪਤ ਹੋ ਜਾਣੀ
ਨਿਕਸਾਈ – ਨਿਕਲਣਾ, ਪ੍ਰਾਪਤੀ ਹੋਣੀ
ਅਠਸਠਿ – ਸਰਵ, 68 – ਭਾਵ ਸਾਰੇ
ਅਟਸਠਿ ਨਾਇਆ – ਸਰਵ ਤੀਰਥ ਇਸ਼ਨਾਨ ਭਾਵ ਨਾਮ ਰੂਪੀ ਉਸ ਵਾਹਿਗੁਰੂ ਦੀ ਬਖ਼ਸ਼ਿਸ਼ ਨਾਲ ਸਰਵ ਤੀਰਥ ਪ੍ਰਵਾਣ ਹੋ ਜਾਣਾ
ਤਨਿ ਚਕ੍ਰ – ਉਸ ਦੀ ਬਖਸ਼ਿਸ਼ ਦੇ ਚਿੰਨ ਪ੍ਰਗਟ ਹੋਣੇ
ਦੁਆ ਦਸ – ਫ਼ਾਰਸੀ ਦੇ ਦੋ ਵੱਖਰੇ ਵੱਖਰੇ ਸ਼ਬਦ ਹਨ। ਦੁਆ ਅਤੇ ਦਸ।
ਦੁਆ – ਇੱਛਾ ਪ੍ਰਗਟ ਹੋਣੀ, ਪ੍ਰਾਰਥਨਾ ਕਰਨੀ (ਪੰਜਾਬੀ ਫ਼ਾਰਸੀ ਕੋਸ਼)
ਦਸ – ਵਾਂਗੂੰ, ਵਰਗਾ, ਮਿਸਾਲ
ਬਿਖੁ – ਜ਼ਹਿਰ
ਮੇਵਾ – ਅੰਮ੍ਰਿਤ ਰੂਪੀ ਫਲ
ਅਠਾਰਹ ਭਾਰ – ਸਾਰੀ ਬਨਸਪਤੀ
ਅਠਦਸ ਬਿਉਹਾਰ – ਬਨਸਪਤੀ ਦੇ ਭਾਰ ਨਾਲ ਲੈਣ ਦੇਣ, ਭਾਵ ਪਦਾਰਥ ਨਾਲ ਲੈਣ ਦੇਣ
ਅਵਰ ਨਹੀਂ ਜਾਈ – ਵਾਹਿਗੁਰੂ ਦਾ ਦਰ ਛੱਡ ਕੇ ਕਿਸੇ ਹੋਰ ਦੇ ਦਰ ਨਾਂ ਜਾਣਾ
ਅਰਥ
ਬਖ਼ਸ਼ਿਸ਼ ਕਰਨ ਵਾਲਾ ਮੁਰਾਰਿ ਬਖ਼ਸ਼ਿਸ਼ ਕਰੇ ਤਾਂ ਬਖ਼ਸ਼ਿਸ਼ ਕਰਨ ਵਾਲੇ ਨੂੰ ਮਿਲਿਆ ਜਾ ਸਕਦਾ ਹੈ ਭਾਵ ਉਸ ਦੀ ਬਖ਼ਸ਼ਿਸ਼ ਨਾਲ ਸੰਸਾਰ ਸਮੁੰਦਰ ਤੋਂ ਪਾਰ ਜਾਇਆ ਜਾ ਸਕਦਾ ਹੈ। ਅਗਰ ਬਖ਼ਸ਼ਿਸ਼ ਕਰੇ ਤਾਂ ਆਤਮਿਕ ਗਿਆਨ ਦੀ ਬਖ਼ਸ਼ਿਸ਼ ਨਾਲ ਮਨ ਸਿਮਰਨ ਵਿੱਚ (ਤਰੈ) ਭਿੱਜਦਾ ਹੈ। ਉਸ ਦੀ ਬਖਸ਼ਿਸ਼ ਨਾਲ ‘ਜੀਵਤ ਮਰੈ’ ਭਾਵ ਆਪਾ ਖ਼ਤਮ ਹੁੰਦਾ ਹੈ।
ਸਤਿ ਸਤਿ ਸਤਿ ਸਤਿ ਸਤਿ ਗੁਰਦੇਵ॥
ਝੂਠੁ ਝੂਠੁ ਝੂਠੁ ਝੂਠੁ ਆਨ ਸਭ ਸੇਵ॥ 1॥ ਰਹਾਉ॥

ਜਦੋਂ ਆਪਾ ਖ਼ਤਮ ਹੁੰਦਾ ਹੈ ਤਾਂ ਫਿਰ ਆਪੁ ਮੁਹਾਰੇ ਉਸ ਦੀ ਬਖ਼ਸ਼ਿਸ਼ ਨਾਲ ਇਹ ਸਮਝ ਪੈਂਦੀ ਹੈ ਕਿ ਉਹ ਬਖ਼ਸ਼ਿਸ਼ ਕਰਨ ਵਾਲਾ ਮੁਰਾਰਿ ਇੱਕ ਹੈ, ਸਤਿ ਹੈ। ਉਸ ਬਖ਼ਸ਼ਿਸ਼ ਕਰਨ ਵਾਲੇ ਮੁਰਾਰਿ ਦੀ ਸੇਵਾ ਸਿਮਰਨ ਤੋਂ ਬਗ਼ੈਰ ਕਿਸੇ ਹੋਰ ਦੂਸਰੇ ਦੀ ਸੇਵਾ ਸਭ ਝੂਠ ਹੈ, ਭਾਵ ਨਿਹਫਲ ਹੈ।
ਅਗਰ ਉਹ ਬਖ਼ਸ਼ਿਸ਼ ਕਰੇ ਤਾਂ ਨਾਮ ਸਿਮਰਨ ਵਿੱਚ ਦ੍ਰਿੜ ਵਿਸ਼ਵਾਸ ਬਣਦਾ ਹੈ। ਫਿਰ ਉਸ ਦੀ ਬਖ਼ਸ਼ਿਸ਼ ਨਾਲ ਦਹਦਿਸ ਨਹੀਂ ਧਾਉਂਦਾ ਭਾਵ ਬਾਹਰ ਭਾਲਣ ਦੀ ਜ਼ਰੂਰਤ ਨਹੀਂ ਰਹਿੰਦੀ। ਉਸ ਦੀ ਬਖ਼ਸ਼ਿਸ਼ ਨਾਲ ਪੰਜਾਂ ਤੋਂ ਦੂਰਿ ਭਾਵ ਛੁਟਕਾਰਾ ਮਿਲਦਾ ਹੈ। ਉਸ ਦੀ ਬਖ਼ਸ਼ਿਸ਼ ਨਾਲ ਨਿੱਤ-ਨਿੱਤ ਦਾ ਝੂਰਿ-ਝੂਰਿ ਕੇ ਮਰਨਾ ਖ਼ਤਮ ਹੋ ਜਾਂਦਾ ਹੈ।
ਅਗਰ ਕ੍ਰਿਪਾ ਕਰੇ ਤਾਂ ਅੰਮ੍ਰਿਤ ਬਾਣੀ ਦੀ ਸੂਝ ਪ੍ਰਾਪਤ ਹੁੰਦੀ ਹੈ ਅਤੇ ਆਤਮਿਕ ਗਿਆਨ ਦੀ ਸੂਝ ਮਿਲਦੀ ਹੈ। ਉਹ ਅੰਮ੍ਰਿਤ ਕੀ ਹੈ?
ਲਾਹਾ ਨਾਮੁ ਸੁ ਸਾਰੁ ਸਬਦਿ ਸਮਾਣਿਆ॥ 1॥
ਗੁਰੂ ਗ੍ਰੰਥ ਸਾਹਿਬ, ਪੰਨਾ 369

ਬੰਦਾ ਇਹ ਨਾਮ ਸਿਮਰਨ ਰੂਪੀ ਦਾਤ ਪ੍ਰਾਪਤ ਕਰਦਾ ਹੈ।
ਅਗਰ ਬਖ਼ਸ਼ਿਸ਼ ਕਰੇ ਤਾਂ ਇਸ ਨਾਮ ਰੂਪੀ ਦਾਤ ਦੀ ਪ੍ਰਾਪਤੀ ਨਾਲ “ਭਵਨ ਤ੍ਰੈ ਸੂਝੈ” ਦੀ ਸੋਝੀ ਪ੍ਰਾਪਤ ਹੋ ਜਾਂਦੀ ਹੈ। ਇਹ ਸਮਝ ਪੈ ਜਾਂਦੀ ਹੈ ਕਿ ਪਹਿਲਾਂ ਵੀ ਓਹੀ ਬਖ਼ਸ਼ਿਸ਼ ਕਰਦਾ ਸੀ, ਹੁਣ ਵੀ ਓਹੀ ਕਰਦਾ ਹੈ ਅਤੇ ਅੱਗੇ ਵੀ ਓਹੀ ਕਰਨ ਵਾਲਾ ਹੈ। ਜੇਕਰ ਕਿਸੇ ਉਪਰ ਪਹਿਲਾਂ ਬਖ਼ਸ਼ਿਸ਼ ਕੀਤੀ ਹੈ ਤਾਂ ਵਾਹਿਗੁਰੂ ਨੇ ਹੀ ਕੀਤੀ ਹੈ ਅਤੇ ਤਿੰਨਾਂ ਕਾਲਾਂ ਵਿੱਚ ਜੇ ਕਰ ਕੋਈ ਬਖ਼ਸ਼ਿਸ਼ ਕਰਨ ਵਾਲਾ ਹੈ ਤਾਂ ਉਹ ਕੇਵਲ ਵਾਹਿਗੁਰੂ ਹੀ ਹੈ।
ਅਗਰ ਬਖ਼ਸ਼ਿਸ਼ ਕਰੇ ਤਾਂ ਉਸ ਦੀ ਬਖਸ਼ਿਸ਼ ਨਾਲ ਹੀ ਇਹ ਊਚ ਪਦ ਬੁੱਝਿਆ ਜਾ ਸਕਦਾ ਹੈ। ਅਗਰ ਬਖ਼ਸ਼ਿਸ਼ ਕਰਨ ਵਾਲਾ ਬਖ਼ਸ਼ਿਸ਼ ਕਰੇ ਤਾਂ ਉਹ ਆਪਣੀ ਬਖ਼ਸ਼ਿਸ਼ ਦਾ ਹੱਥ ਸਿਰ ਉੱਪਰ ਰਖਦਾ ਹੈ। ਉਹ ਬਖ਼ਸ਼ਿਸ਼ ਦਾ ਹੱਥ ਜਿਸ ਉੱਪਰ ਰੱਖ ਦੇਵੇ, ਸਦਾ ਲਈ ਰੱਖਦਾ ਹੈ। ਉਸ ਦੀ ਬਖ਼ਸ਼ਿਸ਼ ਸਦੀਵੀ ਹੈ।
ਹਰਿ ਜੁਗੁ ਜੁਗੁ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ॥
ਗੁਰੂ ਗ੍ਰੰਥ ਸਾਹਿਬ, ਪੰਨਾ 451

ਜੇ ਉਸ ਦੀ ਬਖ਼ਸ਼ਿਸ਼ ਹੋਵੇ ਤਾਂ ਵਿਅਕਤੀ ਸੰਸਾਰਕ ਜੀਵਨ ਵਿੱਚ ਵਿਚਰਦਾ ਹੋਇਆ ਵੀ ਸਦਾ ਵੈਰਾਗੀ ਹੈ। ਉਸ ਦੀ ਬਖ਼ਸ਼ਿਸ਼ ਨਾਲ ਹੀ ਪਰਾਈ ਨਿੰਦਾ ਦਾ ਤਿਆਗ ਹੁੰਦਾ ਹੈ। ਅਗਰ ਉਹ ਬਖਸ਼ਿਸ਼ ਕਰੇ ਤਾਂ ਬੁਰਿਆਈ ਦਾ ਭਲਾਈ ਨਾਲ ਇੱਤਫਾਕ ਹੋ ਜਾਂਦਾ ਹੈ ਭਾਵ ਬੁਰਿਆਈ ਭਲਿਆਈ ਵਿੱਚ ਬਦਲ ਜਾਂਦੀ ਹੈ। ਅਉਗਣ ਗੁਣਾਂ ਵਿੱਚ ਬਦਲ ਜਾਂਦੇ ਹਨ।
ਜੇ ਉਹ ਬਖ਼ਸ਼ਿਸ਼ ਕਰੇ ਤਾਂ ਮੱਥੇ ਦੇ ਲੇਖ ਉਸ ਦੀ ਬਖ਼ਸ਼ਿਸ਼ ਨਾਲ ਬਦਲ ਜਾਂਦੇ ਹਨ ਭਾਵ ਅਉਗਣਾਂ ਦਾ ਗੁਣਾਂ ਵਿੱਚ ਬਦਲਨਾ ਹੀ ਮੱਥੇ ਦੇ ਲੇਖਾਂ ਦਾ ਬਦਲਣਾ ਹੈ। ਅਗਰ ਉਹ ਬਖ਼ਸ਼ਿਸ਼ ਕਰੇ ਤਾਂ ਉਸ ਦੀ ਬਖ਼ਸ਼ਿਸ਼ ਨਾਲ ਸਰੀਰ ਰੂਪੀ ਕੰਧ ਨੂੰ ਵਿਕਾਰ ਰੂਪੀ ਢਾਅ ਨਹੀਂ ਲਗਦੀ। ਢਾਅ ਕਿਉਂ ਨਹੀਂ ਲਗਦੀ? ਉਹ ਇਸ ਕਰਕੇ ਕਿ ਉਸ ਦੀ ਬਖਸ਼ਿਸ਼ ਨਾਲ ਮਨ ਰੂਪੀ ਦੇਹੁਰਾ ਫਿਰ ਜਾਂਦਾਂ ਹੈ ਭਾਵ ਬੁਰੇ ਕੰਮਾਂ ਵਲੋਂ ਮੁੜ ਆਉਂਦਾ ਹੈ। ਫਿਰ ਸੋਚ ਸੱਚੇ ਵਾਹਿਗੁਰੂ ਨਾਲ ਜੁੜ ਜਾਂਦੀ ਹੈ।
ਇਸੇ ਤਰ੍ਹਾਂ ਉਹ ਬਖ਼ਸ਼ਿਸ਼ ਕਰੇ ਤਾਂ ਉਸ ਦੀ ਬਖ਼ਸ਼ਿਸ਼ ਸਦਕਾ ਉਸ ਦੀ ਬਖ਼ਸ਼ਿਸ਼ ਦਾ ਕ੍ਰਿਪਾ ਰੂਪੀ ਛੱਪਰ ਹੋ ਜਾਂਦਾ ਹੈ। ਜਦੋਂ ਬਖ਼ਸ਼ਿਸ਼ ਰੂਪੀ ਛਾਂ ਹੋ ਜਾਂਦੀ ਹੈ ਤਾਂ ਸਹਿਜ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਜਦੋਂ ਸਹਿਜ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਤਾਂ ਫਿਰ ਉਸ ਦੀ ਬਖ਼ਸ਼ਿਸ਼ ਨਾਲ ਸਰਵ ਤੀਰਥ ਰੂਪੀ ਨਾਮ ਸਿਮਰਨ ਅੰਦਰ ਠਹਿਰ ਜਾਂਦਾ ਹੈ, ਭਾਵ ਤੀਰਥਾਂ ਬਗ਼ੈਰਾ ਤੇ ਜਾਣ ਦੀ ਭਟਕਣਾ ਨਹੀਂ ਰਹਿੰਦੀ। ਜਦੋਂ ਭਟਕਣਾਂ ਨਹੀਂ ਰਹਿੰਦੀ ਤਾਂ ਉਸ ਦੀ ਬਖ਼ਸ਼ਿਸ਼ ਨਾਲ ਸਰੀਰ ਅੰਦਰ ਨਾਮ ਦੇ ਸਿਮਰਨ ਰੂਪੀ ਚਿੰਨ ਪ੍ਰਗਟ ਹੁੰਦੇ ਹਨ ਭਾਵ ਬਾਹਰੀ ਚਿੰਨਾਂ ਨਾਲ ਮੋਹ ਨਹੀਂ ਰਹਿੰਦਾ।
ਜੇ ਉਹ ਬਖ਼ਸ਼ਿਸ਼ ਕਰੇ ਤਾਂ ਉਸ ਦੀ ਬਖ਼ਸ਼ਿਸ਼ ਨਾਲ ਹੀ ਉਸ ਅੱਗੇ ਪ੍ਰਾਰਥਨਾ ਕੀਤੀ ਜਾ ਸਕਦੀ ਹੈ। ਉਸ ਦੀ ਬਖ਼ਸ਼ਿਸ਼ (ਆਤਮਿਕ ਗਿਆਨ) ਨਾਲ ਬਿਖੁ (ਵਿਕਾਰਾਂ ਰੂਪੀ ਜ਼ਹਿਰ) ਖ਼ਤਮ ਹੋ ਜਾਂਦੀ ਹੈ। ਅੰਮ੍ਰਿਤ ਰੂਪੀ ਫਲ ਪ੍ਰਾਪਤ ਹੋ ਜਾਂਦਾ ਹੈ, ਅਤੇ ਉਸ ਦੀ ਬਖ਼ਸ਼ਿਸ਼ ਨਾਲ ਹੀ ਸਾਰੇ ਵਿਕਾਰਾਂ ਰੂਪੀ ਜ਼ਹਿਰ ਖ਼ਤਮ ਹੋ ਜਾਣ ਵਾਂਗ ਸਾਰੇ ਸੰਸੇ ਵੀ ਖ਼ਤਮ ਹੋ ਜਾਂਦੇ ਹਨ। ਵਿਕਾਰਾਂ ਰੂਪੀ ਜਮਾਂ ਤੋਂ ਖ਼ਲਾਸੀ ਹੋ ਜਾਂਦੀ ਹੈ। ਇਹ ਉਸ ਨੂੰ ਪ੍ਰਾਪਤੀ ਹੁੰਦੀ ਹੈ, ਜੋ ਵਾਹਿਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ।
ਇਸ ਤਰ੍ਹਾਂ ਉਸ ਦੀ ਬਖ਼ਸ਼ਿਸ਼ ਨਾਲ ਹੀ ਇਹ ਭਵਜਲ ਤਰਿਆ ਜਾ ਸਕਦਾ ਹੈ। ਜੇ ਉਹ ਇਸ ਤਰ੍ਹਾਂ ਦੀ ਬਖ਼ਸ਼ਿਸ਼ ਕਰੇ ਤਾਂ ਜਨਮ ਮਰਨ ਮੁੱਕ ਜਾਂਦਾ ਹੈ। ਇਸੇ ਤਰ੍ਹਾਂ ਜੇ ਕ੍ਰਿਪਾ ਕਰੇ ਤਾਂ ਭਾਰ ਅਠਾਰਹ (ਸਾਰੀ ਬਨਸਪਤੀ) ਅਤੇ ਸਾਰੇ ਪਦਾਰਥਾਂ ਨਾਲ ਖਚਿਤ ਹੋਣ ਦਾ ਵਾਸਤਾ ਨਹੀਂ ਰਹਿ ਜਾਂਦਾ। ਜਦੋਂ ਮਨੁੱਖ ਪਦਾਰਥਾਂ ਵਿੱਚ ਖਚਿਤ ਨਹੀਂ ਹੁੰਦਾ ਤਾਂ ਜਨਮ ਮਰਨ ਦਾ ਗੇੜ ਖ਼ਤਮ ਹੋ ਜਾਂਦਾ ਹੈ।
ਜੇਕਰ ਸਾਰਾ ਕੁੱਝ ਪ੍ਰਾਪਤ ਉਸ ਮੁਰਾਰਿ ਦੀ ਬਖ਼ਸ਼ਿਸ਼ ਨਾਲ ਹੀ ਹੁੰਦਾ ਹੈ ਤਾਂ ਨਾਮਦੇਵ ਜੀ ਕਹਿੰਦੇ ਹਨ ਕਿ “ਬਿਨੁ ਗੁਰਦੇਉ ਅਵਰ ਨਹੀ ਜਾਈ”। ਫਿਰ ਉਸ ਬਖ਼ਸ਼ਿਸ਼ਾਂ ਕਰਨ ਵਾਲੇ ਮੁਰਾਰਿ ਦੀ ਬਖ਼ਸ਼ਿਸ਼ ਛੱਡ ਕੇ ਹੋਰ ਕਿਸੇ ‘ਅਵਰ’ ਦੇ ਦਰ ਜਾਣ ਦੀ ਲੋੜ ਹੀ ਨਹੀਂ ਰਹਿੰਦੀ। ਉਸ ਵਾਹਿਗੁਰੂ ਦੀ ਸ਼ਰਨ ਵਿੱਚ ਹੀ ਰਹਿਣਾ ਚਾਹੀਦਾ ਹੈ। ਉਸ ਦੀ ਸ਼ਰਨ ਛੱਡ ਕੇ ਕਿਸੇ ਹੋਰ ਦੀ ਸ਼ਰਨ ਵਿੱਚ ਜਾਣਾ “ਝੂਠੁ ਝੂਠੁ ਝੂਠੁ ਝੂਠੁ ਆਨ ਸਭ ਸੇਵ” ਹੈ ਅਤੇ ਸਰਾਸਰ ਗ਼ਲਤ ਹੈ। ਇਸ ਕਰਕੇ ਨਾਮਦੇਵ ਉਸ “ਸਤਿ ਸਤਿ ਸਤਿ ਸਤਿ ਸਤਿ ਗੁਰਦੇਵ”, ਉਸ ਸੱਚੇ ਦੀ ਸ਼ਰਨ ਦਾ ਹੀ ਓਟ ਆਸਰਾ ਤੱਕਦੇ ਹਨ। ਹਮੇਸ਼ਾਂ ਹੀ ਉਸ ਦੀ ਸ਼ਰਨ ਵਿੱਚ ਰਹਿੰਦੇ ਹਨ ਜੋ ਸੱਚਾ ਹੈ ਅਤੇ ਬਖ਼ਸ਼ਿਸ਼ ਕਰਨ ਵਾਲਾ ਹੈ।
ਬਲਦੇਵ ਸਿੰਘ ਟੋਰਾਂਟੋ




.