.

ਗੁਰਬਾਣੀ ਦਾ ਸੱਚ

(ਕਿਸ਼ਤ ਨੰ: 10)

ਗੁਰਬਾਣੀ ਦਾ ਸੱਚ (ਵਿਸ਼ਨੂੰ ਅਤੇ ਇਨ੍ਹਾਂ ਨਾਲ ਸਬੰਧਤ ਹਵਾਲੇ)

ਗੁਰੂ ਗ੍ਰੰਥ ਸਾਹਿਬ ਵਿੱਚ ਵਿਸ਼ਨੂੰ ਦਾ ਕਈ ਥਾਂਈ ਜ਼ਿਕਰ ਆਇਆ ਹੈ। ਜਿਸ ਤਰ੍ਹਾਂ ਬ੍ਰਹਮਾ ਅਤੇ ਸ਼ਿਵ ਨਾਲ ਸਬੰਧਤ ਕਥਾਵਾਂ ਬਾਰੇ ਕਈ ਸੱਜਣਾਂ ਦੀ ਧਾਰਨਾ ਹੈ ਕਿ ਇਹ ਗੁਰਮਤਿ ਦਾ ਅੰਗ ਹਨ, ਉਸੇ ਤਰ੍ਹਾਂ ਵਿਸ਼ਨੂੰ ਅਤੇ ਇਨ੍ਹਾਂ ਨਾਲ ਸਬੰਧਤ ਕਥਾਵਾਂ ਬਾਰੇ ਵੀ ਇਹੀ ਵਿਸ਼ਵਾਸ ਕਰਦੇ ਹਨ। ਵਿਸ਼ਨੂੰ ਬਾਰੇ ਬਾਣੀਕਾਰਾਂ ਦਾ ਮਤ ਸਮਝਣ ਤੋਂ ਪਹਿਲਾਂ, ਪੁਰਾਣ ਸਾਹਿਤ ਵਿੱਚ ਵਿਸ਼ਨੂੰ ਬਾਰੇ ਜੋ ਕਿਹਾ ਗਿਆ ਹੈ, ਉਸ ਦੀ ਸੰਖੇਪ ਵਿੱਚ ਚਰਚਾ ਕਰ ਰਹੇ ਹਾਂ ਤਾਂ ਕਿ ਪਾਠਕ ਪੁਰਾਣ ਸਾਹਿਤ ਵਿੱਚ ਵਿਸ਼ਨੂੰ ਦੀ ਮਨੌਤ ਤੋਂ ਜਾਣੂ ਹੋ ਕੇ ਗੁਰਮਤਿ ਦਾ ਇਨ੍ਹਾਂ ਕਥਾਵਾਂ ਬਾਰੇ ਦ੍ਰਿਸ਼ਟੀਕੋਣ ਸਮਝ ਸਕਣ। “ਹਿੰਦੂ ਮਨੌਤ ਅਨੁਸਾਰ.. ਵਿਸ਼ਨੂੰ ਉਹ ਦੇਵਤਾ ਹੈ ਜੋ ਸਭ ਦੀ ਪਾਲਣਾ ਕਰਦਾ ਹੈ। ਇਸੇ ਕਰਕੇ ਇਸ ਦੀ ਪੂਜਾ ਮਾਨਤਾ ਵਧੇਰੇ ਹੈ। ਖਿਆਲ ਹੈ, ਇਹ ਸ਼ੇਸ਼ ਨਾਗ ਉੱਤੇ ਬਿਰਾਜਮਾਨ ਹੈ.. । ਵਿਸ਼ਨੂੰ ਦੀਆਂ ਚਾਰ ਭੁਜਾਂ ਹਨ ਜਿਨ੍ਹਾਂ ਵਿੱਚ ਇਸ ਨੇ ਸੰਖ ਚਕ੍ਰ, ਗਦਾ ਤੇ ਪਦਮ ਧਾਰਣ ਕੀਤਾ ਹੋਇਆ ਹੈ। ਇਹ ਗਰੁੜ ਦੀ ਸਵਾਰੀ ਕਰਦਾ ਹੈ ਤੇ ਇਸ ਦਾ ਨਿਵਾਸ ਸਥਾਨ ‘ਬੈਕੁੰਠ’ ਕਹਾਉਂਦਾ ਹੈ।” (ਗੁਰੂ ਗ੍ਰੰਥ ਸੰਕੇਤ ਕੋਸ਼) ਧਰਤੀ ਤੇ ਸੰਕਟ ਨਿਵਾਰਨ ਲਈ ਵਿਸ਼ਨੂੰ ਹੀ ਅਵਤਾਰ ਧਾਰਦੇ ਹਨ। ਇਨ੍ਹਾਂ ਦੇ ਅਵਤਾਰਾਂ ਦੀ ਗਿਣਤੀ ੨੪ ਹੈ। ਵੈਸ਼ਣਵ ਪੁਰਾਣਾਂ ਵਿਚ, ਵਿਸ਼ਣੂ ਦੇ ਅਵਤਾਰਾਂ ਦੇ ਵਿਵਰਣ ਭਰੇ ਪਏ ਹਨ। ਮੁੱਖ ਤੌਰ `ਤੇ ਵਿਸ਼ਨੂੰ ਦੇ ਅਵਤਾਰਾਂ ਦੀ ਗਿਣਤੀ ਦਸ ਮੰਨੀ ਜਾਂਦੀ ਹੈ। ਇਨ੍ਹਾਂ ਦਸਾਂ ਵਿਚੋਂ ਪੰਜ-ਮੱਛ, ਕੱਛ, ਵਹਾਹ, ਨਰਸਿੰਘ, ਵਾਮਨ-ਸਤਯੁਗ ਵਿੱਚ ਹੋਏ ਦਸੇ ਜਾਂਦੇ ਹਨ। ਪਰਸ਼ੁਰਾਮ ਅਤੇ ਰਾਮ ਤ੍ਰੇਤਾ- ਯੁਗ ਵਿੱਚ ਹੋਏ ਸਨ। ਕ੍ਰਿਸ਼ਣ ਦੁਆਪਰ ਦੇ ਅਵਤਾਰ ਸਨ ਅਤੇ ਬੁੱਧ ਤੇ ਕਲਕੀ ਕਲਿਯੁਗ ਨਾਲ ਸੰਬੰਧ ਰਖਦੇ ਹਨ.. ਭਾਗਵਤ ਪੁਰਾਣ ਵਿੱਚ ਵਿਸ਼ਣੂ ਦੇ ਅਵਤਾਰਾਂ ਦੀ ਗਿਣਤੀ ੨੨ ਮੰਨੀ ਗਈ ਹੈ; ਕਿਤੇ –ਕਿਤੇ ੨੪ ਵੀ ਲਿਖੀ ਹੈ। ਇਥੋਂ ਤਕ ਵੀ ਕਿਹਾ ਗਿਆ ਹੈ ਕਿ ਜਿਵੇਂ ਸੂਰਜ ਵਿਚੋਂ ਬੇਸ਼ੁਮਾਰ ਕਿਰਣਾਂ ਨਿਕਲਦੀਆਂ ਹਨ, ਉਸੇ ਤਰ੍ਹਾਂ ਵਿਸ਼ਣੂ ਦੇ ਅਨੇਕ ਅਵਤਾਰੀ ਰੂਪ ਪ੍ਰਗਟ ਹੁੰਦੇ ਹਨ।” (ਗੁਰੂ ਗ੍ਰੰਥ ਵਿਸ਼ਵਕੋਸ਼) (ਨੋਟ: ਅਵਾਤਰਾਂ ਸਬੰਧੀ ਕੁੱਝ ਕੁ ਵਿਸਤਾਰ ਸਹਿਤ ਚਰਚਾ ਅਵਤਾਰਾਂ ਦੇ ਪ੍ਰਕਰਣ ਵਿੱਚ ਕਰਾਂਗੇ) ਵਿਸ਼ਨੂੰ ਦੀ ਸੁਪਤਨੀ ਲਛਮੀ ਹੈ। ਪੁਰਾਣਿਕ ਵਿਸ਼ਵਾਸ ਅਨੁਸਾਰ ਦੇਵਤਿਆਂ ਅਤੇ ਦੈਂਤਾਂ ਨੇ ਮਿਲ ਕੇ ਜਦ ਖੀਰੇ ਸਮੁੰਦਰ ਰਿੜਕਿਆ ਸੀ ਓਦੋਂ ਜਿਹੜੇ ਚੌਦਾਂ ਰਤਨ ਨਿਕਲੇ ਸਨ, ਉਨ੍ਹਾਂ ਵਿੱਚ ਇਹ ਲਛਮੀ ਵੀ ਸੀ। ਵਿਸ਼ਨੂੰ ਨੂੰ ਕਮਲਾਪਤਿ, ਚਤੁਰਭੁਜ ਆਦਿ ਵੀ ਆਖਿਆ ਜਾਂਦਾ ਹੈ।
ਨੋਟ: ਵੇਦਾਂ ਨੇ ਅਗਨੀ ਹਵਾ ਅਤੇ ਸੂਰਜ ਤਿੰਨ ਮੁਖੀ ਦੇਵਤੇ ਮੰਨੇ ਹਨ। ਵਡੇ ਦੇਵਤੇ ਗਿਆਰਾਂ ਹਵਾ ਵਿਚ, ਗਿਆਰਾਂ ਅਕਾਸ਼ ਵਿੱਚ ਤੇ ਗਿਆਰਾਂ ਪ੍ਰਿਥਵੀ ਪਰ ਦਸੇ ਹਨ, ਵਿਸ਼ਨੂੰ ਦੀ ਇਨ੍ਹਾਂ ਵਿੱਚ ਗਿਣਤੀ ਨਹੀਂ ਹੈ।
ਪੁਰਾਣ ਸਾਹਿਤ ਵਿੱਚ ਵਰਣਿਤ ਵਿਸ਼ਨੂੰ ਬਾਰੇ ਸੰਖੇਪ ਜੇਹੀ ਚਰਚਾ ਕਰਨ ਮਗਰੋਂ ਗੁਰੂ ਗ੍ਰੰਥ ਸਾਹਿਬ ਵਿੱਚ ਵਿਸ਼ਨੂੰ ਬਾਰੇ ਧਾਰਨਾ ਦਾ ਸੰਖੇਪ ਵਿੱਚ ਵਰਣਨ ਕਰ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਵਿੱਚ ਵਿਸ਼ਨੂੰ ਨੂੰ ਨਾ ਤਾਂ ਸ੍ਰਿਸ਼ਟੀ ਦਾ ਪਾਲਣਹਾਰ ਅਤੇ ਨਾ ਹੀ ਰੱਖਿਆ ਕਰਨ ਵਾਲਾ ਮੰਨਿਆ ਗਿਆ ਹੈ। ਬਾਣੀਕਾਰਾਂ ਨੇ ਪਾਲਣਹਾਰ ਅਤੇ ਰੱਖਿਅਕ ਕੇਵਲ ਅਕਾਲ ਪੁਰਖ ਨੂੰ ਹੀ ਮੰਨਿਆ ਹੈ। ਬਾਣੀਕਾਰ ਇਸ ਗੱਲ ਨਾਲ ਵੀ ਸਹਿਮਤ ਨਹੀਂ ਹਨ ਕਿ ਵਿਸ਼ਨੂੰ ਦੁਨੀਆਂ ਦਾ ਦੁਖ ਨਿਵਾਰਣ ਲਈ ਸਮੇਂ ਸਮੇਂ ਅਵਤਾਰ ਦੇ ਰੂਪ ਵਿੱਚ ਇਸ ਧਰਤੀ ਉੱਤੇ ਆਉਂਦਾ ਹੈ। ਇਹੀ ਕਾਰਨ ਹੈ ਕਿ ਬਾਣੀਕਾਰਾਂ ਨੇ ਜਿੱਥੇ ਵਿਸ਼ਨੂੰ ਦੇ ਅਵਤਾਰ ਧਾਰਨ ਦੀ ਮਿਥ ਦਾ ਵਰਣਨ ਕੀਤਾ ਹੈ, ਉੱਥੇ ਵਿਸ਼ਨੂੰ ਵਲੋਂ ਨਹੀਂ ਬਲਕਿ ਅਕਾਲ ਪੁਰਖ ਵਲੋਂ ਹੀ ਸਹਾਇਤਾ ਹੋਣ ਦਾ ਜ਼ਿਕਰ ਕੀਤਾ ਹੈ। ਜਿਵੇਂ: ਹਰਿ ਜੁਗੁ ਜੁਗੁ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ॥ ਹਰਣਾਖਸੁ ਦੁਸਟੁ ਹਰਿ ਮਾਰਿਆ ਪ੍ਰਹਲਾਦੁ ਤਰਾਇਆ॥ (ਪੰਨਾ ੪੫੧) ਅਰਥ: ਪਰਮਾਤਮਾ ਹਰੇਕ ਜੁਗ ਵਿੱਚ ਹੀ ਭਗਤ ਪੈਦਾ ਕਰਦਾ ਹੈ, ਤੇ, (ਭੀੜਾ ਸਮੇ) ਉਹਨਾਂ ਦੀ ਇੱਜ਼ਤ ਰੱਖਦਾ ਆ ਰਿਹਾ ਹੈ (ਜਿਵੇਂ ਕਿ, ਪ੍ਰਹਿਲਾਦ ਦੇ ਜ਼ਾਲਮ ਪਿਤਾ) ਚੰਦਰੇ ਹਰਣਾਖੁਸ਼ ਨੂੰ ਪਰਮਾਤਮਾ ਨੇ (ਆਖ਼ਰ ਜਾਨੋਂ) ਮਾਰ ਦਿੱਤਾ (ਤੇ ਆਪਣੇ ਭਗਤ) ਪ੍ਰਹਿਲਾਦ ਨੂੰ (ਪਿਉ ਦੇ ਦਿੱਤੇ ਕਸ਼ਟਾਂ ਤੋਂ) ਸਹੀ ਸਲਾਮਤਿ ਬਚਾ ਲਿਆ। (ਨੋਟ: ਬਾਣੀਕਾਰਾਂ ਨੇ ਅਵਤਾਰਵਾਦ ਦੇ ਸੰਕਲਪ ਨੂੰ ਸਵੀਕਾਰ ਨਹੀਂ ਕੀਤਾ ਹੈ। ਬਾਣੀਕਾਰਾਂ ਨੇ ਅਵਤਾਰਵਾਦ ਦੀ ਪ੍ਰਚਲਤ ਧਾਰਨਾ ਨੂੰ ਅਨਮਤ ਦੇ ਹੋਰ ਹਵਾਲਿਆਂ ਦੀ ਤਰ੍ਹਾਂ ਹੀ ਵਰਤਿਆ ਹੈ। ਇਸ ਦੀ ਕੁੱਝ ਕੁ ਵਿਸਤਾਰ ਸਹਿਤ ਚਰਚਾ ਅਵਤਾਰਵਾਦ ਦੇ ਪ੍ਰਕਰਣ ਵਿੱਚ ਕਰਾਂਗੇ।)
ਗੁਰੂ ਗ੍ਰੰਥ ਸਾਹਿਬ ਵਿੱਚ ਕਈ ਥਾਈਂ ਵਿਸ਼ਨੂੰ ਬਾਰੇ ਪ੍ਰਚਲਤ ਧਾਰਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ ਪਰੰਤੂ ਇਨ੍ਹਾਂ ਹਵਾਲਿਆਂ ਦੁਆਰਾ ਮਨੁੱਖ ਨੂੰ ਆਤਮਕ ਜੀਵਨ ਦੇ ਕਿਸੇ ਪੱਖ ਨੂੰ ਸਮਝਾਉਣ ਲਈ ਜਾਂ ਪ੍ਰਭੂ ਦੀ ਮਹਿਮਾ ਹੀ ਦ੍ਰਿੜ ਕਰਾਉਣ ਦਾ ਹੀ ਮਨੋਰਥ ਹੈ। ਚੂੰਕਿ ਜਿਨ੍ਹਾਂ ਨੂੰ ਗੁਰਮਤਿ ਦਾ ਸੱਚ ਦ੍ਰਿੜ ਕਰਵਾਇਆ ਜਾ ਰਿਹਾ ਹੈ, ਉਹ ਇਨ੍ਹਾਂ ਕਥਾਵਾਂ ਵਿੱਚ ਵਿਸ਼ਵਾਸ ਕਰਦੇ ਸਨ। ਹਾਂ, ਕਿਤੇ ਕਿਤੇ ਪ੍ਰਚਲਤ ਧਾਰਨਾ ਉੱਤੇ ਚੋਟ ਮਾਰ ਕੇ ਮਨੁੱਖ ਨੂੰ ਇਨ੍ਹਾਂ ਕਥਾਵਾਂ ਤੋਂ ਉਪਰ ਉਠਾਉਣ ਲਈ ਉਤਸ਼ਾਹਤ ਕੀਤਾ ਹੈ। ਜਿਵੇਂ: ਕਿਸਨੁ ਸਦਾ ਅਵਤਾਰੀ ਰੂਧਾ ਕਿਤੁ ਲਗਿ ਤਰੈ ਸੰਸਾਰਾ॥ ਗੁਰਮੁਖਿ ਗਿਆਨਿ ਰਤੇ ਜੁਗ ਅੰਤਰਿ ਚੂਕੈ ਮੋਹ ਗੁਬਾਰਾ॥ (ਪੰਨਾ ੫੫੯) ਅਰਥ: ਵਿਸ਼ਨੂੰ ਸਦਾ ਅਵਤਾਰ ਧਾਰਨ ਵਿਚ ਰੁੱਝਾ ਹੋਇਆ (ਦੱਸਿਆ ਜਾ ਰਿਹਾ) ਹੈ। (ਦੱਸੋ) ਜਗਤ ਕਿਸ ਦੇ ਚਰਨੀਂ ਲੱਗ ਕੇ ਸੰਸਾਰ-ਸਾਗਰ ਤੋਂ ਪਾਰ ਲੰਘੇ? (ਹਾਂ) ਜੇਹੜੇ ਮਨੁੱਖ ਜਗਤ ਵਿਚ ਗੁਰੂ ਦੀ ਸਰਨ ਪੈ ਕੇ (ਗੁਰੂ ਤੋਂ ਮਿਲੇ ਆਤਮ) ਗਿਆਨ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦੇ ਅੰਦਰੋਂ ਮੋਹ ਦਾ ਘੁੱਪ ਹਨੇਰਾ ਦੂਰ ਹੋ ਜਾਂਦਾ ਹੈ।
ਨੋਟ: ਇੱਥੇ ਵਿਸ਼ਨੂੰ ਵਲੋਂ ਅਵਤਾਰ ਧਾਰਨ ਦੀ ਪੁਰਾਣਿਕ ਧਾਰਨਾ ਵਲ ਹੀ ਸੰਕੇਤ ਕੀਤਾ ਗਿਆ ਹੈ। ਜਿਵੇਂ ਉਪਰ ਜ਼ਿਕਰ ਕੀਤਾ ਗਿਆ ਹੈ ਕਿ ਬਾਣੀਕਾਰ ਜਦ ਅਵਤਾਰਾਂ ਦੀ ਮਿਥ ਦੀ ਵਰਤੋਂ ਕਰਕੇ ਕੋਈ ਗੱਲ ਸਮਝਾਉਂਦੇ ਹਨ ਤਾਂ ਉਸ ਸਮੇਂ ਵਿਸ਼ਨੂੰ ਵਲੋਂ ਨਹੀਂ ਬਲਕਿ ਪ੍ਰਭੂ ਵਲੋਂ ਹੀ ਕਿਸੇ ਦੇ ਦੁੱਖ ਦਰਦ ਨੂੰ ਦੂਰ ਅਥਵਾ ਮਿਟਾਉਣ ਦੀ ਗੱਲ ਕਰਦੇ ਹਨ। ਬਾਣੀਕਾਰਾਂ ਨੇ ਵਿਸ਼ਨੂੰ ਨੂੰ ਵੀ ਆਮ ਮਨੁੱਖ ਵਾਂਗ ਆਤਮਕ ਰੋਗੀ ਅਤੇ ਮਾਇਆ ਦੇ ਮੋਹ ਵਿੱਚ ਗ਼ਲਤਾਨ ਦਰਸਾਇਆ ਹੈ। ਇਸ ਕਾਰਨ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਵਿਸ਼ਨੂੰ ਆਦਿ ਨਾਲ ਸਬੰਧਤ ਕਥਾਵਾਂ ਸੁਣਾਉਣ ਵਾਲਿਆਂ ਪ੍ਰਤੀ ਕਿਹਾ ਹੈ ਕਿ ਇਹ ਲੋਕ ਸਤਿਗੁਰੂ ਦੁਆਰਾ ਪ੍ਰਭੂ ਦੀ ਰਜ਼ਾ ਨੂੰ ਸਮਝਣ ਦੀ ਥਾਂ ਇਨ੍ਹਾਂ (ਵਿਸ਼ਨੂੰ ਆਦਿ) ਦੀਆਂ ਕਥਾਵਾਂ ਹੀ ਸੁਣਾਉਂਦੇ ਰਹਿੰਦੇ ਹਨ। ਸਿੱਟੇ ਵਜੋਂ ਆਪ ਅਤੇ ਆਪਣੇ ਸ਼੍ਰੋਤਿਆਂ ਨੂੰ ਮਾਇਆ ਦੇ ਪ੍ਰਭਾਵ ਤੋਂ ਮੁਕਤ ਕਰਨੋਂ ਅਸਮਰਥ ਰਹਿੰਦੇ ਹਨ:- ਵੇਦ ਪੜੈ ਪੜਿ ਵਾਦੁ ਵਖਾਣੈ ਬ੍ਰਹਮਾ ਬਿਸਨੁ ਮਹੇਸਾ॥ ਏਹ ਤ੍ਰਿਗੁਣ ਮਾਇਆ ਜਿਨਿ ਜਗਤੁ ਭੁਲਾਇਆ ਜਨਮ ਮਰਣ ਕਾ ਸਹਸਾ॥ ਗੁਰ ਪਰਸਾਦੀ ਏਕੋ ਜਾਣੈ ਚੂਕੈ ਮਨਹੁ ਅੰਦੇਸਾ॥ ੨॥ (ਪੰਨਾ ੧੨੫੭) ਅਰਥ: ਹੇ ਭਾਈ! ਗੁਰੂ ਦੀ ਸਰਨ ਪੈ ਕੇ ਪ੍ਰਭੂ ਦੀ ਰਜ਼ਾ ਨੂੰ ਸਮਝਣ ਦੇ ਥਾਂ, ਪੰਡਿਤ ਨਿਰੇ) ਵੇਦ (ਹੀ) ਪੜ੍ਹਦਾ ਰਹਿੰਦਾ ਹੈ, ਤੇ, ਪੜ੍ਹ ਕੇ (ਉਹਨਾਂ ਦੀ) ਚਰਚਾ ਹੀ (ਹੋਰਨਾਂ ਨੂੰ) ਸੁਣਾਂਦਾ ਰਹਿੰਦਾ ਹੈ; ਬ੍ਰਹਮਾ ਵਿਸ਼ਨੂੰ ਸ਼ਿਵ (ਆਦਿਕ ਦੇਵਤਿਆਂ ਦੀਆਂ ਕਥਾ-ਕਹਾਣੀਆਂ ਹੀ ਸੁਣਾਂਦਾ ਰਹਿੰਦਾ ਹੈ। ਇਸ ਦਾ ਸਿੱਟਾ ਇਹ ਹੁੰਦਾ ਹੈ ਕਿ) ਇਹ ਤ੍ਰਿਗੁਣੀ ਮਾਇਆ ਜਿਸ ਨੇ ਸਾਰੇ ਜਗਤ ਨੂੰ ਕੁਰਾਹੇ ਪਾ ਰਖਿਆ ਹੈ (ਉਸ ਦੇ ਅੰਦਰ) ਜੰਮਣ ਮਰਨ (ਦੇ ਗੇੜ) ਦਾ ਸਹਿਮ ਬਣਾਈ ਰੱਖਦੀ ਹੈ। ਹਾਂ, ਜਿਹੜਾ ਮਨੁੱਖ (ਗੁਰੂ ਦੀ ਸਰਨ ਆ ਕੇ) ਗੁਰੂ ਦੀ ਮਿਹਰ ਨਾਲ ਇੱਕ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ, ਉਸ ਦੇ ਮਨ ਵਿਚੋਂ (ਹਰੇਕ) ਫ਼ਿਕਰ ਦੂਰ ਹੋ ਜਾਂਦਾ ਹੈ।
ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਸਾਰੇ ਅਕਾਲ ਪੁਰਖ ਦੇ ਅਜਿਹੇ ਨਾਮ ਆਏ ਹਨ, ਜਿਨ੍ਹਾਂ ਨੂੰ ਪੁਰਾਣ ਸਾਹਿਤ ਵਿੱਚ ਵਿਸ਼ਨੂੰ ਜਾਂ ਉਨ੍ਹਾਂ ਦੇ ਅਵਤਾਰਾਂ ਲਈ ਵਰਤਿਆ ਗਿਆ ਹੈ। ਜਿਵੇਂ: (ੳ) ਹਰਿ ਕੇ ਨਾਮਹੀਨ ਮਤਿ ਥੋਰੀ॥ ਸਿਮਰਤ ਨਾਹਿ ਸਿਰੀਧਰ ਠਾਕੁਰ ਮਿਲਤ ਅੰਧ ਦੁਖ ਘੋਰੀ॥ (ਪੰਨਾ ੧੨੨੨) ਅਰਥ: ਹੇ ਭਾਈ! ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਤੋਂ ਵਾਂਝੇ ਰਹਿੰਦੇ ਹਨ, ਉਹਨਾਂ ਦੀ ਮਤਿ ਹੋਛੀ ਜਿਹੀ ਹੀ ਬਣ ਜਾਂਦੀ ਹੈ। ਉਹ ਲੱਖਮੀ-ਪਤੀ ਮਾਲਕ-ਪ੍ਰਭੂ ਦਾ ਨਾਮ ਨਹੀਂ ਸਿਮਰਦੇ। ਮਾਇਆ ਦੇ ਮੋਹ ਵਿੱਚ ਅੰਨ੍ਹੇ ਹੋ ਚੁਕੇ ਉਹਨਾਂ ਮਨੁੱਖਾਂ ਨੂੰ ਭਿਆਨਕ (ਆਤਮਕ) ਦੁੱਖ-ਕਲੇਸ ਵਾਪਰਦੇ ਰਹਿੰਦੇ ਹਨ। (ਅ) ਸ੍ਰੀਰੰਗ ਬੈਕੁੰਠ ਕੇ ਵਾਸੀ॥ ਮਛੁ ਕਛੁ ਕੂਰਮੁ ਆਗਿਆ ਅਉਤਰਾਸੀ॥ ਕੇਸਵ ਚਲਤ ਕਰਹਿ ਨਿਰਾਲੇ ਕੀਤਾ ਲੋੜਹਿ ਸੋ ਹੋਇਗਾ॥ (ਪੰਨਾ ੧੦੮੨) ਅਰਥ: ਹੇ ਲੱਛਮੀ ਦੇ ਪਤੀ! ਹੇ ਬੈਕੁੰਠ ਦੇ ਰਹਿਣ ਵਾਲੇ! ਮੱਛ ਤੇ ਕੱਛੂਕੁੰਮਾ (ਆਦਿਕ) ਤੇਰੀ ਹੀ ਆਗਿਆ ਵਿੱਚ ਅਵਤਾਰ ਹੋਇਆ। ਹੇ ਸੋਹਣੇ ਲੰਮੇ ਕੇਸਾਂ ਵਾਲੇ! ਤੂੰ (ਸਦਾ) ਅਨੋਖੇ ਕੌਤਕ ਕਰਦਾ ਹੈਂ। ਜੋ ਕੁੱਝ ਤੂੰ ਕਰਨਾ ਚਾਹੁੰਦਾ ਹੈਂ ਜ਼ਰੂਰ ਉਹੀ ਹੁੰਦਾ ਹੈ।
ਕੁਝ ਨਾਮ ਅਜਿਹੇ ਹਨ ਜੇਹੜੇ ਅਕਾਲ ਪੁਰਖ ਅਤੇ ਵਿਸ਼ਨੂੰ ਦੋਹਾਂ ਦੇ ਲਖਾਇਕ ਹਨ। ਜਿਵੇਂ: ਸਭਿ ਤੁਝੈ ਧਿਆਵਹਿ ਜੀਅ ਜੰਤ ਹਰਿ ਸਾਰਗ ਪਾਣਾ॥ (ਪੰਨਾ ੮੪) ਅਰਥ:- ਹੇ ਧਨੁਖ-ਧਾਰੀ ਪ੍ਰਭੂ! ਸਾਰੇ ਜੀਆ ਜੰਤ ਤੇਰਾ ਹੀ ਸਿਮਰਨ ਕਰਦੇ ਹਨ। ਇਸ ਪੰਗਤੀ ਵਿੱਚ ‘ਸਾਰਗਪਾਣਾ’ ਪ੍ਰਭੂ ਲਈ ਆਇਆ ਹੈ। ਪਰੰਤੂ ਨਿਮਨ ਲਿਖਤ ਪੰਗਤੀ ਵਿੱਚ ‘ਸਾਰਗ ਪਾਨ’ ਸ਼ਬਦ ਵਿਸ਼ਨੂੰ ਦੇ ਅਰਥ ਵਿੱਚ ਆਇਆ ਹੈ:- ਸੰਕਰਾ ਮਸਤਕਿ ਬਸਤਾ ਸੁਰਸਰੀ ਇਸਨਾਨ ਰੇ॥ ਕੁਲ ਜਨ ਮਧੇ ਮਿਲਿ੍ਯ੍ਯੋ ਸਾਰਗ ਪਾਨ ਰੇ॥ ਕਰਮ ਕਰਿ ਕਲੰਕੁ ਮਫੀਟਸਿ ਰੀ॥ (ਪੰਨਾ ੬੯੫) ਅਰਥ: (ਹੇ ਮੇਰੀ ਜਿੰਦੇ!) ਆਪਣੇ ਕੀਤੇ ਕਰਮਾਂ ਦੇ ਕਾਰਨ (ਚੰਦ੍ਰਮਾ ਦਾ) ਦਾਗ਼ ਨਾਹ ਹਟ ਸਕਿਆ; ਭਾਵੇਂ ਉਹ ਸ਼ਿਵ ਜੀ ਦੇ ਮੱਥੇ ਉੱਤੇ ਵੱਸਦਾ ਹੈ, ਨਿੱਤ ਗੰਗਾ ਵਿਚ ਇਸ਼ਨਾਨ ਕਰਦਾ ਹੈ, ਤੇ ਉਸੇ ਦੀ ਕੁਲ ਵਿਚ ਵਿਸ਼ਨੂੰ ਜੀ ਨੇ (ਕ੍ਰਿਸ਼ਨ-ਰੂਪ ਧਾਰ ਕੇ) ਜਨਮ ਲਿਆ।
ਇਸ ਸੰਖਿਪਤ ਚਰਚਾ ਮਗਰੋਂ ਗੁਰੂ ਗ੍ਰੰਥ ਸਾਹਿਬ ਵਿੱਚ ਵਿਸ਼ਨੂੰ ਨਾਲ ਸਬੰਧਤ ਹਵਾਲਿਆਂ ਵਿਚੋਂ ਕੁੱਝ ਕੁ ਦਾ ਜ਼ਿਕਰ ਕਰ ਰਹੇ ਹਾਂ।
ਪਾਲਣਹਾਰ ਕੇਵਲ ਅਕਾਲ ਪੁਰਖ ਹੈ, ਦੇ ਪ੍ਰਕਰਣ ਵਿਚ:-ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ॥ ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ॥ ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ॥ (ਪੰਨਾ ੭) ਅਰਥ: ਲੋਕਾਂ ਵਿੱਚ ਇਹ ਖ਼ਿਆਲ ਆਮ ਪ੍ਰਚੱਲਤ ਹੈ ਕਿ) ਇਕੱਲੀ ਮਾਇਆ (ਕਿਸੇ) ਜੁਗਤੀ ਨਾਲ ਪ੍ਰਸੂਤ ਹੋਈ ਤੇ ਪਰਤੱਖ ਤੌਰ `ਤੇ ਉਸ ਦੇ ਤਿੰਨ ਪੁੱਤਰ ਜੰਮ ਪਏ। ਉਹਨਾਂ ਵਿਚੋਂ ਇੱਕ (ਬ੍ਰਹਮਾ) ਘਰਬਾਰੀ ਬਣ ਗਿਆ (ਭਾਵ, ਜੀਵ-ਜੰਤਾਂ ਨੂੰ ਪੈਦਾ ਕਰਨ ਲੱਗ ਪਿਆ), ਇੱਕ (ਵਿਸ਼ਨੂੰ) ਭੰਡਾਰੇ ਦਾ ਮਾਲਕ ਬਣ ਗਿਆ (ਭਾਵ, ਜੀਵਾਂ ਨੂੰ ਰਿਜ਼ਕ ਅਪੜਾਣ ਦਾ ਕੰਮ ਕਰਨ ਲੱਗਾ), ਅਤੇ ਇੱਕ (ਸ਼ਿਵ) ਕਚਹਿਰੀ ਲਾਉਂਦਾ ਹੈ (ਭਾਵ, ਜੀਵਾਂ ਨੂੰ ਸੰਘਾਰਦਾ ਹੈ)। (ਪਰ ਅਸਲ ਗੱਲ ਇਹ ਹੈ ਕਿ) ਜਿਵੇਂ ਉਸ ਅਕਾਲ ਪੁਰਖ ਨੂੰ ਭਾਉਂਦਾ ਹੈ ਅਤੇ ਜਿਵੇਂ ਉਸ ਦਾ ਹੁਕਮ ਹੁੰਦਾ ਹੈ, ਤਿਵੇਂ ਹੀ ਉਹ ਆਪ ਸੰਸਾਰ ਦੀ ਕਾਰ ਚਲਾ ਰਿਹਾ ਹੈ, (ਇਹਨਾਂ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਦੇ ਕੁੱਝ ਹੱਥ ਨਹੀਂ।
ਇਸ ਪਉੜੀ ਦੀਆਂ ਪਹਿਲੀਆਂ ਪੰਗਤੀਆਂ (ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ॥ ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ॥) ਧਿਆਨ ਰਹੇ ਇਨ੍ਹਾਂ ਪੰਗਤੀਆਂ ਵਿੱਚ ਗੁਰੂ ਨਾਨਕ ਸਾਹਿਬ ਆਪਣਾ ਮਤ ਪ੍ਰਗਟ ਨਹੀਂ ਕਰ ਰਹੇ ਹਨ, ਬਲਕਿ ਪ੍ਰਚਲਤ ਖ਼ਿਆਲ ਦਾ ਹੀ ਵਰਣਨ ਕਰ ਰਹੇ ਹਨ। ਆਪਣਾ ਮਤ ਹਜ਼ੂਰ ਇਸ ਪਉੜੀ ਦੀਆਂ ਅੰਤਲੀਆਂ ਪੰਗਤੀਆਂ ਵਿੱਚ ਦਰਸਾਉਂਦਿਆਂ ਹੋਇਆਂ ਕਹਿੰਦੇ ਹਨ ਕਿ ਸੰਸਾਰ ਦੀ ਰਚਨਾ ਪ੍ਰਭੂ ਦੀ ਆਪਣੀ ਹੀ ਮੂਲ ਰੂਪ ਸੱਤਾ ਦੁਆਰਾ ਹੋਈ ਹੈ। ਜਿਵੇਂ ਉਸ ਨੂੰ ਭਾਉਂਦਾ ਹੈ ਤਿਵੇਂ ਹੀ ਹੁੰਦਾ ਚਲਦਾ ਆ ਰਿਹਾ ਹੈ। ਪਾਲਣਾ ਅਤੇ ਸੰਘਾਰ ਕਰਨ ਵਾਲਾ ਉਹ ਨਿਰੰਕਾਰ ਆਪ ਹੀ ਹੈ।
ਵਿਕਾਰਾਂ ਤੋਂ ਮੁਕਤੀ ਵਿਸ਼ਨੂੰ ਆਦਿ ਦੇਵਤਿਆਂ ਦੀ ਸ਼ਰਣ `ਚ ਨਹੀਂ ਹੈ, ਸਗੋਂ ਵਿਕਾਰਾਂ ਤੋਂ ਖਲਾਸੀ ਪ੍ਰਭੂ ਦੀ ਸ਼ਰਣ ਅਥਵਾ ਸਤਿਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਵਸਾਇਆਂ ਹੀ ਸੰਭਵ ਹੈ:-ਕਉਨੁ ਬਿਧਿ ਤਾ ਕੀ ਕਹਾ ਕਰਉ॥ ਧਰਤ ਧਿਆਨੁ ਗਿਆਨੁ ਸਸਤ੍ਰਗਿਆ ਅਜਰ ਪਦੁ ਕੈਸੇ ਜਰਉ॥ ੧॥ ਰਹਾਉ॥ ਬਿਸਨ ਮਹੇਸ ਸਿਧ ਮੁਨਿ ਇੰਦ੍ਰਾ ਕੈ ਦਰਿ ਸਰਨਿ ਪਰਉ॥ ੧॥ ਕਾਹੂ ਪਹਿ ਰਾਜੁ ਕਾਹੂ ਪਹਿ ਸੁਰਗਾ ਕੋਟਿ ਮਧੇ ਮੁਕਤਿ ਕਹਉ॥ ਕਹੁ ਨਾਨਕ ਨਾਮ ਰਸੁ ਪਾਈਐ ਸਾਧੂ ਚਰਨ ਗਹਉ॥ ੨॥ (ਪੰਨਾ ੧੩੨੨) ਅਰਥ: ਹੇ ਭਾਈ! (ਵਿਕਾਰਾਂ ਤੋਂ ਖ਼ਲਾਸੀ ਪਰਮਾਤਮਾ ਦੇ ਨਾਮ-ਰਸ ਦੀ ਬਰਕਤਿ ਨਾਲ ਹੀ ਹੋ ਸਕਦੀ ਹੈ। ਸੋ, ) ਉਸ (ਪਰਮਾਤਮਾ ਦੇ ਮਿਲਾਪ) ਦਾ ਮੈਂ ਕਿਹੜਾ ਤਰੀਕਾ ਵਰਤਾਂ, ਮੈਂ ਕਿਹੜਾ ਉੱਦਮ ਕਰਾਂ? (ਅਨੇਕਾਂ ਐਸੇ ਹਨ ਜੋ) ਸਮਾਧੀਆਂ ਲਾਂਦੇ ਹਨ, (ਅਨੇਕਾਂ ਐਸੇ ਹਨ ਜੋ) ਸ਼ਾਸਤ੍ਰ-ਵੇੱਤਾ ਸ਼ਾਸਤ੍ਰਾਰਥ ਕਰਦੇ ਰਹਿੰਦੇ ਹਨ (ਪਰ ਇਹਨਾਂ ਤਰੀਕਿਆਂ ਨਾਲ ਵਿਕਾਰਾਂ ਤੋਂ ਮੁਕਤੀ ਨਹੀਂ ਮਿਲਦੀ। ਵਿਕਾਰਾਂ ਦਾ ਦਬਾਉ ਪਿਆ ਹੀ ਰਹਿੰਦਾ ਹੈ, ਤੇ, ਇਹ) ਇੱਕ ਅਜਿਹੀ (ਨਿਘਰੀ ਹੋਈ) ਆਤਮਕ ਅਵਸਥਾ ਹੈ ਜੋ (ਹੁਣ) ਸਹਾਰੀ ਨਹੀਂ ਜਾ ਸਕਦੀ। ਮੈਂ ਇਸ ਨੂੰ ਸਹਾਰ ਨਹੀਂ ਸਕਦਾ (ਮੈਂ ਇਸ ਨੂੰ ਆਪਣੇ ਅੰਦਰ ਕਾਇਮ ਨਹੀਂ ਰਹਿਣ ਦੇ ਸਕਦਾ)। ੧। ਰਹਾਉ।
ਹੇ ਭਾਈ! ਵਿਸ਼ਨੂੰ, ਸ਼ਿਵ, ਸਿੱਧ, ਮੁਨੀ, ਇੰਦਰ ਦੇਵਤਾ (ਅਨੇਕਾਂ ਸੁਣੀਦੇ ਹਨ ਵਰ ਦੇਣ ਵਾਲੇ। ਪਰ ਵਿਕਾਰਾਂ ਤੋਂ ਮੁਕਤੀ ਹਾਸਲ ਕਰਨ ਲਈ ਇਹਨਾਂ ਵਿਚੋਂ) ਮੈਂ ਕਿਸ ਦੇ ਦਰ ਤੇ ਜਾਵਾਂ? ਮੈਂ ਕਿਸ ਦੀ ਸਰਨ ਪਵਾਂ?
ਹੇ ਭਾਈ! ਕਿਸੇ ਪਾਸ ਰਾਜ (ਦੇਣ ਦੀ ਤਾਕਤ ਸੁਣੀਦੀ) ਹੈ, ਕਿਸੇ ਪਾਸ ਸੁਰਗ (ਦੇਣ ਦੀ ਸਮਰਥਾ ਸੁਣੀ ਜਾ ਰਹੀ) ਹੈ। ਪਰ ਕ੍ਰੋੜਾਂ ਵਿਚੋਂ ਕੋਈ ਵਿਰਲਾ ਹੀ (ਐਸਾ ਹੋ ਸਕਦਾ ਹੈ, ਜਿਸ ਪਾਸ ਜਾ ਕੇ) ਮੈਂ (ਇਹ) ਆਖਾਂ (ਕਿ) ਵਿਕਾਰਾਂ ਤੋਂ ਖ਼ਲਾਸੀ (ਮਿਲ ਜਾਏ)। ਹੇ ਨਾਨਕ! ਆਖ— (ਮੁਕਤੀ ਹਰਿ-ਨਾਮ ਤੋਂ ਹੀ ਮਿਲਦੀ ਹੈ, ਤੇ) ਨਾਮ ਦਾ ਸੁਆਦ (ਤਦੋਂ ਹੀ) ਮਿਲ ਸਕਦਾ ਹੈ (ਜਦੋਂ) ਮੈਂ ਗੁਰੂ ਦੇ ਚਰਨ (ਜਾ) ਫੜਾਂ। ੨।
ਪ੍ਰਭੂ ਨੂੰ ਮਿਲਣ ਵਾਲਿਆਂ ਦੀ ਤਾਂਘ ਰੱਖਣ ਵਾਲਿਆਂ ਦੇ ਵਰਣਨ ਦੇ ਪ੍ਰਕਰਣ ਵਿਚ:-ਕੋਟਿ ਬਿਸਨ ਅਵਤਾਰ ਸੰਕਰ ਜਟਾਧਾਰ॥ ਚਾਹਹਿ ਤੁਝਹਿ ਦਇਆਰ ਮਨਿ ਤਨਿ ਰੁਚ ਅਪਾਰ॥ (ਪੰਨਾ ੪੫੫) ਅਰਥ: ਹੇ ਦਇਆਲ ਹਰੀ! ਵਿਸ਼ਨੂੰ ਦੇ ਕ੍ਰੋੜਾਂ ਅਵਤਾਰ ਅਤੇ ਕ੍ਰੋੜਾਂ ਜਟਾਧਾਰੀ ਸ਼ਿਵ ਤੈਨੂੰ (ਮਿਲਣਾ) ਲੋਚਦੇ ਹਨ, ਉਹਨਾਂ ਦੇ ਮਨ ਵਿੱਚ ਉਹਨਾਂ ਦੇ ਹਿਰਦੇ ਵਿੱਚ (ਤੇਰੇ ਮਿਲਣ ਦੀ) ਤਾਂਘ ਰਹਿੰਦੀ ਹੈ॥ ਮਾਇਆ ਦੀ ਪ੍ਰਬਲਤਾ ਦੇ ਪ੍ਰਕਰਣ ਵਿਚ:-ਸਰਪਨੀ ਤੇ ਊਪਰਿ ਨਹੀ ਬਲੀਆ॥ ਜਿਨਿ ਬ੍ਰਹਮਾ ਬਿਸਨੁ ਮਹਾਦੇਉ ਛਲੀਆ॥ (ਪੰਨਾ ੪੮੦) ਅਰਥ: ਜਿਸ ਮਾਇਆ ਨੇ ਬ੍ਰਹਮਾ, ਵਿਸ਼ਨੂੰ ਤੇ ਸ਼ਿਵ (ਵਰਗੇ ਵੱਡੇ ਦੇਵਤੇ) ਛਲ ਲਏ ਹਨ, ਉਸ (ਮਾਇਆ) ਤੋਂ ਵਧੀਕ ਬਲ ਵਾਲਾ (ਜਗਤ ਵਿੱਚ ਹੋਰ ਕੋਈ) ਨਹੀਂ ਹੈ।
ਗੁਰੂ ਦੀ ਸ਼ਰਨ ਤੋਂ ਬਿਨਾਂ ਸਹੀ ਜੀਵਨ-ਜਾਚ ਦੀ ਸਮਝ ਨਹੀਂ ਆਉਦੀ, ਦੇ ਪ੍ਰਸੰਗ ਵਿਚ:-ਬ੍ਰਹਮਾ ਬਿਸਨੁ ਮਹਾਦੇਉ ਤ੍ਰੈ ਗੁਣ ਭੁਲੇ ਹਉਮੈ ਮੋਹੁ ਵਧਾਇਆ॥ (ਪੰਨਾ ੮੫੨) ਅਰਥ: (ਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ) ਬ੍ਰਹਮਾ, ਵਿਸ਼ਨੂ, ਸ਼ਿਵ ਜੀ (ਵਰਗੇ ਵੱਡੇ ਵੱਡੇ ਦੇਵਤੇ ਭੀ) ਮਾਇਆ ਦੇ ਤਿੰਨ ਗੁਣਾਂ ਦੇ ਕਾਰਨ ਸਹੀ ਜੀਵਨ-ਰਾਹ ਤੋਂ ਖੁੰਝਦੇ ਰਹੇ (ਉਹਨਾਂ ਦੇ ਅੰਦਰ) ਹਉਮੈ ਵਧਦੀ ਰਹੀ (ਮਾਇਆ ਦਾ) ਮੋਹ ਵਧਦਾ ਰਿਹਾ।
ਅਕਾਲ ਪੁਰਖ ਹੀ ਸਾਰਿਆਂ ਦਾ ਮੁੱਢ ਹੈ, ਦੇ ਪ੍ਰਸੰਗ `ਚ:-ਸੁੰਨਹੁ ਬ੍ਰਹਮਾ ਬਿਸਨੁ ਮਹੇਸੁ ਉਪਾਏ॥ (ਪੰਨਾ ੧੦੩੭) ਅਰਥ: ਬ੍ਰਹਮਾ, ਵਿਸ਼ਨੂ ਸ਼ਿਵ ਨਿਰੋਲ ਆਪਣੇ ਆਪੇ ਤੋਂ ਹੀ ਪਰਮਾਤਮਾ ਨੇ ਪੈਦਾ ਕੀਤੇ।
ਪ੍ਰਭੂ ਦਾ ਹੁਕਮ ਮੰਨਣ ਵਾਲਾ ਹੀ ਆਤਮਕ ਜੀਵਨ ਦਾ ਅਨੰਦ ਮਾਣਦਾ ਹੈ, ਦੇ ਪ੍ਰਸੰਗ ਵਿਚ:-ਬ੍ਰਹਮਾ ਬਿਸਨੁ ਰਿਖੀ ਮੁਨੀ ਸੰਕਰੁ ਇੰਦੁ ਤਪੈ ਭੇਖਾਰੀ॥ ਮਾਨੈ ਹੁਕਮੁ ਸੋਹੈ ਦਰਿ ਸਾਚੈ ਆਕੀ ਮਰਹਿ ਅਫਾਰੀ॥ (ਪੰਨਾ ੯੯੨) ਅਰਥ: ਬ੍ਰਹਮਾ ਵਿਸ਼ਨੂੰ ਸ਼ਿਵ ਇੰਦਰ ਹੋਰ ਅਨੇਕਾਂ ਰਿਸ਼ੀ ਮੁਨੀ, ਚਾਹੇ ਕੋਈ ਤਪ ਕਰਦਾ ਹੈ ਚਾਹੇ ਕੋਈ ਤਿਆਗੀ ਹੈ, ਉਹੀ ਪਰਮਾਤਮਾ ਦੇ ਦਰ ਤੇ ਸੋਭਾ ਪਾਂਦਾ ਹੈ ਜੋ ਪਰਮਾਤਮਾ ਦਾ ਹੁਕਮ ਮੰਨਦਾ ਹੈ (ਜੋ ਪਰਮਾਤਮਾ ਦੀ ਰਜ਼ਾ ਵਿੱਚ ਆਪਣੀ ਮਰਜ਼ੀ ਲੀਨ ਕਰਦਾ ਹੈ), ਆਪਣੀ ਮਨ-ਮਰਜ਼ੀ ਕਰਨ ਵਾਲੇ ਅਹੰਕਾਰੀ ਆਤਮਕ ਮੌਤੇ ਮਰਦੇ ਹਨ।
ਪ੍ਰਭੂ ਦੀ ਅਟਲੱਤਾ ਦੇ ਮੁਕਾਬਲੇ `ਤੇ ਹੋਰ ਸਭ ਕੁੱਝ ਹੀ ਨਾਸਮਾਨ ਹੈ, ਦਾ ਭਾਵ ਦਰਸਾਉਂਣ ਦੇ ਹਵਾਲੇ ਦੇ ਰੂਪ ਵਿਚ:-ਸਿਵ ਪੁਰੀ ਬ੍ਰਹਮ ਇੰਦ੍ਰ ਪੁਰੀ ਨਿਹਚਲੁ ਕੋ ਥਾਉ ਨਾਹਿ॥ (ਪੰਨਾ ੨੧੪) ਅਰਥ: (ਹੇ ਮਿੱਤਰ! ਹਵਨ ਜੱਗ ਤੀਰਥ ਆਦਿਕ ਕਰਮ ਕਰ ਕੇ ਲੋਕ ਸ਼ਿਵ-ਪੁਰੀ ਬ੍ਰਹਮ-ਪੁਰੀ ਇੰਦਰ-ਪੁਰੀ ਆਦਿਕ ਦੀ ਪ੍ਰਾਪਤੀ ਦੀਆਂ ਆਸਾਂ ਬਣਾਂਦੇ ਹਨ, ਪਰ) ਸ਼ਿਵ-ਪੁਰੀ, ਬ੍ਰਹਮ-ਪੁਰੀ, ਇੰਦ੍ਰ-ਪੁਰੀ—ਇਹਨਾਂ ਵਿਚੋਂ ਕੋਈ ਭੀ ਥਾਂ ਸਦਾ ਟਿਕੇ ਰਹਿਣ ਵਾਲਾ ਨਹੀਂ ਹੈ।
ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਨੇ ਵਿਸ਼ਨੂੰ ਸਬੰਧੀ ਪੁਰਾਣਿਕ ਮਿਥਾਂ ਦੀ ਵਰਤੋਂ ਅਕਾਲ ਪੁਰਖ ਦੀ ਮਹਿਮਾਂ ਦ੍ਰਿੜ ਕਰਾਉਣ, ਗੁਰਮਤਿ ਦੀ ਜੀਵਨ-ਜੁਗਤਿ ਦਾ ਕੋਈ ਪੱਖ ਆਦਿ ਸਮਝਾਉਣ ਲਈ ਕੀਤੀ ਹੈ। ਮਨੁੱਖ ਨੂੰ ਇਨ੍ਹਾਂ ਮਿਥਾਂ ਤੋਂ ਉਪਰ ਉੱਠ ਕੇ, ਸਤਿਗੁਰੂ ਦੇ ਗਿਆਨ ਦੀ ਬਰਕਤ ਨਾਲ, ਕੇਵਲ ਅਕਾਲ ਪੁਰਖ ਦੇ ਲੜ ਲਗਣ ਦੀ ਪ੍ਰੇਰਿਨਾ ਕੀਤੀ ਗਈ ਹੈ।
ਇਸ ਲਈ ਗੁਰੂ ਗ੍ਰੰਥ ਸਾਹਿਬ ਵਿੱਚ ਵਿਸ਼ਨੂੰ ਨਾਲ ਸਬੰਧਤ ਪੁਰਾਣ ਕਥਾਵਾਂ ਨੂੰ ਇਲਾਹੀ ਸੱਚ ਦੇ ਰੂਪ ਵਿੱਚ ਨਹੀਂ, ਬਲਕਿ ਹਵਾਲਿਆਂ ਦੇ ਰੂਪ ਵਿੱਚ ਹੀ ਵਰਤਿਆ ਗਿਆ ਹੈ। ਇਸ ਕਰਕੇ ਇਨ੍ਹਾਂ ਪੁਰਾਣਿਕ ਕਥਾਵਾਂ ਦੇ ਹਵਾਲਿਆਂ ਨੂੰ ਗੁਰਬਾਣੀ ਦਾ ਸੱਚ ਦੇ ਰੂਪ ਵਿੱਚ ਨਹੀਂ ਕੇਵਲ ਹਵਾਲਿਆਂ ਦੇ ਰੂਪ ਵਿੱਚ ਹੀ ਦੇਖਣ ਦੀ ਲੋੜ ਹੈ। ਇਨ੍ਹਾਂ ਹਵਾਲਿਆਂ ਦੁਆਰਾ ਜੋ ਜੀਵਨ ਦਾ ਸੱਚ ਦ੍ਰਿੜ ਕਰਵਾਇਆ ਹੈ, ਉਸ ਨੂੰ ਸਮਝਕੇ ਪੱਲੇ ਬਨ੍ਹਣ ਦੀ ਲੋੜ ਹੈ। ਜੇਕਰ ਇਨ੍ਹਾਂ ਪੁਰਾਣਿਕ ਹਵਾਲਿਆਂ ਨੂੰ ਅਸੀਂ ਗੁਰਬਾਣੀ ਦਾ ਸੱਚ ਮੰਨਦੇ ਹਾਂ ਤਾਂ, ਅਸੀਂ ਜਾਣੇ-ਅਣਜਾਣੇ ਉਨ੍ਹਾਂ ਲੋਕਾਂ ਨਾਲ ਆਪਣੀ ਸਹਿਮਤੀ ਪ੍ਰਗਟ ਕਰ ਰਹੇ ਹੋਵਾਂਗੇ, ਜੇਹੜੇ ਇਹ ਕਹਿੰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਇਕੋ ਗੱਲ ਬਾਰੇ ਬਾਣੀਕਾਰ ਭਿੰਨ ਭਿੰਨ ਰਾਏ ਰੱਖਦੇ ਹਨ; ਅਰਥਾਤ ਬਾਣੀਕਾਰਾਂ ਦੇ ਕਥਨਾਂ ਵਿੱਚ ਆਪਾ-ਵਿਰੋਧ ਹੈ। ਗੁਰਬਾਣੀ ਵਿੱਚ ਕਿਧਰੇ ਵੀ ਸਵੈ–ਵਿਰੋਧ ਨਹੀਂ ਹੈ; ਗੁਰਬਾਣੀ ਦੇ ਸੱਚ ਦਾ ਇੱਕ ਹੀ ਰੂਪ ਹੈ, ਦੋ, ਤਿੰਨ ਜਾਂ ਚਾਰ ਨਹੀਂ।
ਜਸਬੀਰ ਸਿੰਘ ਵੈਨਕੂਵਰ




.