.

ਇੱਕ ਪ੍ਰੋ: ਜੀ ਦਾ ਅਨੂਠਾ ਵਿਗਿਆਨ!

ਡਾ. ਭਗਵੰਤ ਸਿੰਘ ਸੰਧੂ

ਸ.ਇੱਕ ਵਿਗਿਆਨੀ ਜੀ ਆਪਣੇ ਲੇਖਾਂ ਵਿੱਚ ਵਿਗਿਆਨ ਦੀ ਕਾਫੀ ਜਾਣਕਾਰੀ ਦਿੰਦੇ ਮਹਿਸੂਸ ਹੁੰਦੇ ਹਨ। ਵਿਗਿਆਨ ਦੀ ਘੱਟ ਜਾਣਕਾਰੀ ਵਾਲੇ ਪਾਠਕ ਅਕਸਰ ਇਨ੍ਹਾਂ ਦੇ ਲੇਖਾਂ ਤੋਂ ਕਾਇਲ ਵੀ ਹੋ ਜਾਂਦੇ ਹਨ ਪਰ ਵਿਗਿਆਨ ਦੀ ਸੂਝ ਰੱਖਣ ਵਾਲੇ ਪਾਠਕਾਂ ਵਾਸਤੇ ਇਨ੍ਹਾਂ ਦੇ ਲੇਖ ਪੜ੍ਹਕੇ ਇਹ ਅੰਦਾਜਾ ਲਾਉਣਾ ਔਖਾ ਹੋ ਜਾਂਦਾ ਹੈ ਕਿ ਕੀ ਇਹ ਵਿਗਿਆਨ ਨੂੰ ਜਾਣ ਬੁੱਝ ਕੇ ਤੋੜ ਮਰੋੜ ਕੇ ਪੇਸ਼ ਕਰਦੇ ਹਨ ਜਾਂ ਅਣਜਾਣੇ ਵਿੱਚ। ਆਪਣੇ ਲੇਖ “ਸਮਾਂ” ਵਿੱਚ ਨਿਊਟ੍ਰਾਨ ਤਾਰਿਆਂ ਬਾਰੇ ਕੁੱਝ ਮੁਢਲੀ ਜਾਣਕਾਰੀ ਠੀਕ ਵੀ ਦਿੱਤੀ ਹੈ ਅਤੇ ਸਮੇਂ ਦੀ ਸਾਪੇਖਤਾ ਬਾਰੇ ਸਮਝਾਉਣ ਹਿਤ ਨਿਊਟ੍ਰਾਨ ਤਾਰੇ ਉੱਤੇ ਜੀਵਨ ਦੀ ਹੋਂਦ ਦੀ ਕਲਪਨਾ ਕਰਦੇ ਹਨ। ਅੱਗੇ ਸ਼ੁਰੂ ਹੁੰਦੀ ਹੈ ਗਲ੍ਹਤ ਬਿਆਨੀ। ਲਿਖਣ ਸ਼ੈਲੀ ਵੇਖੋ ਸ਼ੁਰੂ ਗੱਲ ਕਲਪਨਾ ਤੋਂ ਕਰਦੇ ਹਨ ਅਤੇ ਠੀਕਰ ਮੂਧਾ ਮਾਰ ਦਿੰਦੇ ਹਨ ਵਿਗਿਆਨੀਆਂ ਦੇ ਸਿਰ `ਤੇ। ਲਿਖਦੇ ਹਨ, “ਵਿਗਿਆਨੀਆਂ ਦੀ ਹੁਣ ਇਹ ਸੋਚ ਹੈ ਕਿ ਜੇ ਜੀਵਨ ਨਿਊਟ੍ਰਾਨ ਤਾਰੇ ਤੇ ਹੋਇਆ ਤਾਂ ਉਥੋਂ ਦੇ ਇਨਸਾਨ ਆਪਣੀ ਸਾਰੀ ਜ਼ਿੰਦਗੀ ਵਿੱਚ ਵੱਧ ਤੋਂ ਵੱਧ ਫਾਸਲਾ ਇੱਕ ਸੈਂਟੀਮੀਟਰ ਜਾਂ ਇਸ ਤੋਂ ਵੀ ਘੱਟ ਤਹਿ ਕਰ ਸਕਣਗੇ ਅਤੇ ਉਨ੍ਹਾਂ ਦਾ ਜੀਵਨ ਕਾਲ ਇੱਕ ਸੈਕਿੰਡ ਦੇ ਕਰੋੜੇਵੇਂ ਹਿਸੇ ਤੋਂ ਵੀ ਘੱਟ ਹੋਏਗਾ। ਸਾਡੇ ਇੱਕ ਸੈਕਿੰਡ ਦੇ ਸਮੇਂ ਵਿੱਚ ਉਨ੍ਹਾਂ ਦੀਆਂ ਕਈ ਕਰੋੜ ਪੀੜ੍ਹੀਆਂ ਲੰਘ ਜਾਣਗੀਆਂ”। ਮੈਨੂੰ ਨਹੀਂ ਸਮਝ ਆਈ ਕਿ ਇਹ ਕਿਹੜੇ ਵਿਗਿਆਨੀਆਂ ਦੀ ਗੱਲ ਕਰ ਰਹੇ ਹਨ? ਕੀ ਸ. ਤਰਲੋਚਨ ਸਿੰਘ ਜੀ ਦੇ ਵਿਗਿਆਨੀਆਂ ਨੂੰ ਇਹ ਵੀ ਨਹੀਂ ਪਤਾ ਕਿ ਨਿਊਟ੍ਰਾਨ ਤਾਰੇ ਉੱਤੇ ਤਾਪਮਾਨ ਕਿੰਨਾ ਹੈ ਅਤੇ ਉੱਥੇ ਪਾਣੀ ਵੀ ਨਹੀਂ ਹੈ? ਕੋਈ ਵਿਗਿਆਨੀ ਨਾਂ ਤਾਂ ਨਿਊਟ੍ਰਾਨ ਤਾਰੇ ਉੱਤੇ ਜੀਵਨ ਹੋਣ ਦੀ ਗੱਲ ਸੋਚ ਸਕਦਾ ਹੈ ਅਤੇ ਨਾਂ ਹੀ ਲਿਖ ਸਕਦਾ ਹੈ। ਜਦ ਜੀਵਨ ਦੇ ਹੋਣ ਦੀ ਹੀ ਗੱਲ ਸੰਭਵ ਨਹੀਂ, ਤਦ ਉਨ੍ਹਾਂ ਦੇ ਜੀਵਨ ਕਾਲ ਅਤੇ ਜੀਵਨ ਕਾਲ ਦੌਰਾਨ ਤਹਿ ਕੀਤੀਆਂ ਗਈਆਂ ਦੂਰੀਆਂ ਦੇ ਹਿਸਾਬ ਕਿਤਾਬ ਲਾਉਣਾ ਕਿਹੜੇ ਵਿਗਿਆਨੀਆਂ ਦਾ ਕੰਮ ਹੋ ਸਕਦਾ ਹੈ? ਅੱਗੇ ਲਿਖਦੇ ਹਨ, “ਤੁਸੀਂ ਸੋਚ ਰਹੇ ਹੋਵੋਗੇ ਕਿ ਐਨੇਂ ਥੋੜੇ ਸਮੇਂ ਲਈ ਜੀਵਨ ਦੇ ਹੋਣ ਦਾ ਕੀ ਫਾਇਦਾ? ਪਰ ਤੁਸੀ ਗਲਤ ਸੋਚ ਰਹੇ ਹੋ। ਸਾਡੇ ਲਈ ਇਹ ਸਮਾਂ ਬੇਹੱਦ ਥੋੜ੍ਹਾ ਹੈ ਪਰ ਜੋ ਇਨਸਾਨ ਨਿਊਟ੍ਰਾਨ ਤਾਰੇ ਤੇ ਰਹਿ ਰਹੇ ਹਨ ਉਨ੍ਹਾਂ ਲਈ ਇਹ ਸਮਾਂ ਥੋੜ੍ਹਾ ਨਹੀਂ ਬਲਕਿ ਕਾਫੀ ਹੈ”। ਗੱਲ ਸਿਰੇ ਹੀ ਲਾ ਦਿੱਤੀ। ਪੱਕਾ ਹੀ ਫੈਸਲਾ ਸੁਣਾ ਦਿੱਤਾ ਕਿ ਇਨਸਾਨ ਨਿਊਟ੍ਰਾਨ ਤਾਰੇ ਤੇ ਰਹਿ ਰਹੇ ਹਨ।

ਸਮੇਂ ਦੀ ਸਾਪੇਖਤਾ ਦੀ ਵਿਆਖਿਆ ਵਿੱਚ ਲਿਖਦੇ ਹਨ, “ਵਿਗਿਆਨ ਦੇ ਨਜਰੀਏ ਵਿੱਚ ਸਮਾਂ ਸਾਪੇਖਤ (ਰੈਲਟਿਵ) ਹੈ। ਪ੍ਰਸਿੱਧ ਵਿਗਿਆਨੀ ਆਈਨਸਟਾਈਨ ਮੁਤਾਬਿਕ ਜੇ ਇਸ ਦੇ ਮਾਪਣ ਦੇ ਸਥਾਨ ਨੂੰ ਬਦਲ ਦਿਤਾ ਜਾਏ ਤਾਂ ਇਹ ਬਦਲ ਜਾਂਦਾ ਹੈ। ਜੇ ਸਾਡੀ ਧਰਤੀ ਦੇ ਦਸ ਸਾਲਾਂ ਦੇ ਸਮੇਂ ਨੂੰ ਕਿਸੇ ਹੋਰ ਗ੍ਰਹਿ ਤੋਂ ਨਾਪਿਆ ਜਾਏ ਤਾਂ ਇਹ ਸਮਾਂ ਉਥੋਂ ਦੇ ਦਸ ਲੱਖ ਸਾਲਾਂ ਦੇ ਬਰਾਬਰ ਹੋ ਸਕਦਾ ਹੈ ਤੇ ਜੇ ਇਹੋ ਸਮਾਂ ਕਿਸੇ ਹੋਰ ਗ੍ਰਹਿ ਤੋਂ ਨਾਪਿਆ ਜਾਏ ਤਾਂ ਸਾਡੇ ਦਸ ਸਾਲ ਉਥੋਂ ਦੇ ਦਸ ਸੈਕਿੰਡ ਦੇ ਬਰਾਬਰ ਵੀ ਹੋ ਸਕਦੇ ਹਨ। ਇਸ ਲਈ ਜੋ ਸਮਾਂ ਅਸੀਂ ਮਹਿਸੂਸ ਕਰਦੇ ਹਾਂ ਉਹ ਜ਼ਰੂਰੀ ਨਹੀਂ ਕਿ ਉਹ ਅਸਲ ਵਿੱਚ ਉਨਾ ਹੀ ਹੋਵੇ”। ਸਮੇਂ ਦੀ ਸਾਪੇਖਤਾ ਬਾਰੇ ਕੋਈ ਦੋ ਰਾਵਾਂ ਨਹੀਂ ਪਰ ਜਿਹੜੇ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਉਹ ਭਟਕੀਂ ਪਾਉਣ ਵਾਲਾ ਹੀ ਹੈ। ਆਮ ਪਾਠਕ ਵਾਸਤੇ, ‘ਕਿਸੇ ਹੋਰ ਗ੍ਰਹਿ ‘ਦੀ ਕਲਪਨਾ ਧਰਤੀ ਨੂੰ ਛੱਡ ਕੇ ਸੂਰਜ ਮੰਡਲ ਦੇ ਕਿਸੇ ਵੀ ਹੋਰ ਗ੍ਰਹਿ ਤੱਕ ਸੀਮਿਤ ਹੈ। ਅਤੇ ਸੂਰਜ ਮੰਡਲ ਦੇ ਗ੍ਰਹਿਾਂ ਵਾਸਤੇ ਸਮਾਂ ਏਨਾਂ ਵੀ ਸਾਪੇਖਿਤ ਨਹੀਂ। ਜੇ ਆਪਾਂ ਸੂਰਜ ਮੰਡਲ ਤੋਂ ਦੂਰ ਕਿਸੇ ਤਾਰੇ ਦੁਆਲੇ ਘੁੰਮਦੇ ਗ੍ਰਹਿਾਂ ਦੀ ਗੱਲ ਕਰੀਏ ਤਾਂ ਸਮੇਂ ਦੀ ਸਾਪੇਖਤਾ ਬਾਰੇ ਗੱਲ ਕਰਨੀ ਬਣਦੀ ਹੈ। ਉੱਥੇ ਵੀ ਜਿਹੜੇ ਫਰਕ ਸ. ਤਰਲੋਚਨ ਸਿੰਘ ਜੀ ਵਿਖਾਉਂਦੇ ਹਨ, ਉਨ੍ਹਾਂ ਦੇ ਪੈਮਾਨੇ ਵੀ ਕਿਤੇ ਹੋਰ ਹੀ ਹਨ। ਆਪਣੇ ਦਸ ਸਾਲਾਂ ਦੇ ਸਮੇਂ ਨੂੰ ਨਾਂ ਤਾਂ ਕਿਤੇ ਹੋਰ ਦਸ ਲੱਖ ਸਾਲਾਂ ਜਿੱਡਾ ਮਿਣਿਆਂ ਜਾ ਸਕਦਾ ਹੈ ਅਤੇ ਨਾਂ ਹੀ ਕਿਤੇ ਹੋਰ ਦਸ ਸੈੰਿਕੰਡ ਜਿੱਡਾ। ਸਮੇਂ ਦੀ ਸਾਪੇਖਤਾ ਵਿਚਾਰ ਅਧੀਨ ਵਸਤਾਂ (ਜਿਵੇਂ ਸਾਡੀ ਧਰਤੀ ਅਤੇ ਕੋਈ ਹੋਰ ਧਰਤੀ ਜਿਨ੍ਹਾਂ `ਤੇ ਸਮਾਂ ਮਿਣਿਆਂ ਜਾਣਾ ਹੋਵੇ) ਦੀ ਗਤੀ ਦੀ ਰਫਤਾਰ ਤੇ ਨਿਰਭਰ ਕਰਦੀ ਹੈ। ਸਮੇਂ ਦੀ ਸਾਪੇਖਤਾ ਬਾਰੇ ਇੱਕ ਮਿਸਾਲ ਦਿੰਦਾ ਹਾਂ। ਮੰਨ ਲਉ ਤੁਸੀਂ ਰੂਸ ਦੇ ਮੀਰ ਨਾਮ ਦੀ ਪੁਲਾੜੀ ਪ੍ਰਯੋਗਸ਼ਾਲਾ ਵਿੱਚ ਸਵਾਰ ਹੋ ਜਿਹੜੀ 77 ਕਿਲੋਮੀਟਰ ਪ੍ਰਤੀ ਸਕਿੰਟ ਦੀ ਰਫਤਾਰ ਨਾਲ ਗਤੀ ਕਰ ਰਹੀ ਹੈ। ਰਫਤਾਰ ਦਾ ਅੰਦਾਜਾ ਇਸ ਤਰਾਂ ਲਗਾ ਸਕਦੇ ਹੋ ਕਿ ਦਿੱਲੀ ਤੋਂ ਟੋਰੌਂਟੋ ਦਾ ਸਫਰ ਤਕਰੀਬਨ ਢਾਈ ਮਿੰਟ ਵਿੱਚ ਪੂਰਾ ਕਰ ਲਉਗੇ। ਹੁਣ ਕਲਪਨਾ ਕਰੋ ਕਿ ਏਨੀ ਰਫਤਾਰ ਨਾਲ ਤੁਸੀਂ ਲਗਾਤਾਰ ਇੱਕ ਸਾਲ ਉੱਡਦੇ ਰਹਿੰਦੇ ਹੋ। ਤੁਹਾਡਾ ਸਮਾਂ ਧਰਤੀ ਦੇ ਸਮੇਂ ਨਾਲੋਂ ਤਕਰੀਬਨ ਚਾਰ ਸਕਿੰਟ ਪਿੱਛੇ ਹੋਵੇਗਾ। ਇਸ ਤਰਾਂ ਪਤਾ ਲੱਗਦਾ ਹੈ ਕਿ ਮਾਮੂਲੀ ਜਿਹੇ ਸਮੇਂ ਵਿੱਚ ਆਉਣ ਵਾਲੇ ਫਰਕ ਨੂੰ ਸ. ਤਰਲੋਚਨ ਸਿੰਘ ਜੀ ਪਹਾੜ ਜਿੱਡਾ ਬਣਾ ਕੇ ਪੇਸ਼ ਕਰਦੇ ਹਨ। ਜੋ ਕਿ ਵਿਗਿਆਨਕ ਨਜ਼ਰੀਏ ਤੋਂ ਨਿਹਾਇਤ ਹੀ ਮਾੜੀ ਗੱਲ ਹੈ।

ਪਤਾ ਨਹੀਂ ਸ. ਤਰਲੋਚਨ ਸਿੰਘ ਜੀ ਹਮੇਸ਼ਾ ਵਿਗਿਆਨ ਨੂੰ ਨੀਂਵਾਂ ਦਿਖਾ ਕੇ ਕੀ ਸਿੱਧ ਕਰਨਾ ਚਹੁੰਦੇ ਹਨ? ਇਨ੍ਹਾਂ ਦੇ ਲੇਖ “ਕੀ ਜੀਵਨ ਧਰਤੀ ਤੋਂ ਇਲਾਵਾ ਕਿਤੇ ਹੋਰ ਵੀ ਹੋ ਸਕਦਾ ਹੈ?” `ਤੇ ਵਿਚਾਰ ਕਰਨ ਤੋਂ ਪਹਿਲਾਂ ਮੈਂ ਇਹ ਸਪਸ਼ਟ ਕਰਨਾ ਜਰੂਰੀ ਸਮਝਦਾ ਹਾਂ ਕਿ ਜਦੋਂ ਵਿਗਿਆਨੀ ਧਰਤੀ ਤੋਂ ਪਰ੍ਹੇ ਕਿਤੇ ਹੋਰ ਜੀਵਨ ਦੀ ਗੱਲ ਕਰਦੇ ਹਨ ਤਾਂ ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਮਾਨਵ ਜੀਵਨ ਦੀ ਗੱਲ ਕਰਦੇ ਹਨ। ਆਪਣੇ ਲੇਖ ਵਿੱਚ ਸ. ਤਰਲੋਚਨ ਸਿੰਘ ਜੀ ਲਿਖਦੇ ਹਨ, “ਸਾਡਾ ਸੌਰ ਮੰਡਲ ਸੂਰਜ ਸਮੇਤ ਕੁੱਝ ਗ੍ਰਹਿਆਂ, ਉਪਗ੍ਰਹਿਆਂ, ਧੂਮਕੇਤੂਆਂ ਆਦਿ ਦਾ ਇਕੱਠ ਹੈ। ਕੁੱਝ ਗ੍ਰਹਿ ਸੂਰਜ ਦੇ ਕੋਲ ਹਨ ਅਤੇ ਕੁੱਝ ਦੂਰ, ਜਿਵੇਂ ਪਲੂਟੋ (ਯਮ ਗ੍ਰਹਿ) ਸੂਰਜ ਤੋਂ ਇਸ ਦਾ ਫਾਸਲਾ ਤਕਰੀਬਨ ੩, ੭੨, ੮੧, ੬੦, ੦੦੦ ਮੀਲ ਹੈ। ਜੇ ਅਸੀਂ ਇੱਕ ਬੇਹੱਦ ਤੇਜ ਜਹਾਜ਼ (ਜਿਸਦੀ ਰਫਤਾਰ ਅਵਾਜ਼ ਦੀ ਰਫਤਾਰ ਦੇ ਬਰਾਬਰ ਹੋਏ) ਤੇ ਸਵਾਰ ਹੋ ਕੇ ਪਲੂਟੋ ਦੀ ਸੈਰ ਕਰਨ ਦਾ ਪਲਾਨ ਬਣਾਈਏ ਤਾਂ ਵੀ ਉਸ ਨੂੰ ਪਲੂਟੋ ਤਕ ਜਾਣ ਆਉਣ ਲਈ ਤਕਰੀਬਨ ੧੧੫ ਸਾਲ ਲੱਗਣਗੇ। ਐਨੇ ਸਮੇਂ ਵਿੱਚ ਸਾਰੇ ਸਵਾਰ ਪਰਲੋਕ ਸਿਧਾਰ ਜਾਣਗੇ। ਇਸ ਲਈ ਮਨੁੱਖ ਇਸ ਸੌਰ ਮੰਡਲ ਤੋਂ ਬਾਹਰ ਨਿਕਲਣ ਬਾਰੇ ਸੋਚ ਵੀ ਨਹੀ ਸਕਦਾ। ਹਾਂ, ਮਨੁੱਖ ਆਪਣੇ ਆਸ ਪਾਸ ਦੇ ਕੁੱਝ ਗ੍ਰਹਿਆਂ ਅਤੇ ਉਪਗ੍ਰਹਿਆਂ ਦੀ ਛਾਣਬੀਣ ਜਰੂਰ ਕਰ ਸਕਦਾ ਹੈ ਤੇ ਉਹ ਕਰ ਵੀ ਰਿਹਾ ਹੈ। ਮਨੁੱਖ ਜੀਵਨ ਲੱਭਣ ਦੀ ਕੋਸ਼ਿਸ਼ ਕਰਦਾ ਹੈ ਉਸ ਸੌਰ ਮੰਡਲ ਵਿਚੋਂ, ਜਿਸ ਦੀ ਹੈਸੀਅਤ ਇਸ ਬ੍ਰਹਿਮੰਡ ਵਿੱਚ ਇੱਕ ਨਿੱਕੇ ਜਿਹੇ ਬਿੰਦੂ ਤੋਂ ਵੀ ਘੱਟ ਹੈ”। ਅਵਾਜ਼ ਦੀ ਰਫਤਾਰ ਕੋਈ ਬਹੁਤ ਜਿਆਦਾ ਤੇਜ ਰਫਤਾਰੀ ਦੀ ਨੁਮਾਇੰਦਗੀ ਨਹੀਂ ਕਰਦੀ। ਇੰਨੀ ਕੁ ਰਫਤਾਰ ਤਾਂ ਆਮ ਹੀ ਹਵਾਈ ਜਹਾਜਾਂ ਦੀ ਹੈ। ਲੜਾਕੂ ਜਹਾਜ ਇਸ ਤੋਂ ਦੋ ਤਿੰਨ ਗੁਣਾ ਰਫਤਾਰ ਨਾਲ ਉੱਡਦੇ ਹਨ। ਜਿੰਨੀ ਕੁ ਰਫਤਾਰ ਨਾਲ ਸ. ਤਰਲੋਚਨ ਸਿੰਘ ਜੀ ਪਲੂਟੋ ਦੀ ਸੈਰ ਦੀ ਯੋਜਨਾ ਬਣਾ ਰਹੇ ਹਨ, ਇਨ੍ਹਾਂ ਨੂੰ ਵਾਪਿਸ ਮੁੜਨ ਤੱਕ ਤਕਰੀਬਨ ਗਿਆਰਾਂ ਸੌ ਸਾਲ ਲੱਗ ਜਾਣਗੇ। ਇਸ ਜਹਾਜ ਦੇ ਸਵਾਰ ਹੀ ਨਹੀਂ ਮਰ ਚੁੱਕੇ ਹੋਣਗੇ ਬਲਕਿ 40-50 ਪੀੜ੍ਹੀਆਂ ਅੱਗੇ ਚੱਲ ਚੁੱਕੀਆਂ ਹੋਣਗੀਆਂ।

ਦੂਜਾ ਪੱਖ ਇਹ ਹੈ ਕਿ ਇਨ੍ਹਾਂ ਨੂੰ ਪਿਛਲੀ ਸਦੀ ਵਿੱਚ ਪੁਲਾੜ ਵਿੱਚ ਭੇਜੇ ਗਏ ਪੁਲਾੜੀ ਜਹਾਜਾਂ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਹੈ। ਅੱਜ ਤੋਂ ਕੋਈ 32 ਕੁ ਸਾਲ ਪਹਿਲਾਂ ਸੰਨ 1977 ਦੇ ਅਗਸਤ ਅਤੇ ਸਤੰਬਰ ਵਿੱਚ ਅਮਰੀਕਾ ਨੇ ਦੋ ਖਲਾਈ ਜਹਾਜ (Voyager 2, Voyager 1) ਪੁਲਾੜ ਵਿੱਚ ਭੇਜੇ ਸਨ। ਮਾਰਚ 1979 ਵਿੱਚ Voyager 1 ਅਤੇ ਜੁਲਾਈ 1979 ਵਿੱਚ Voyager 2 ਜੁਪੀਟਰ ਤੇ ਪਹੁੰਚੇ। Voyager 1 ਨਵੰਬਰ 1980 ਵਿੱਚ ਸ਼ਨੀ ਤੋਂ ਹੁੰਦਾ ਹੋਇਆ ਸੂਰਜ ਮੰਡਲ ਤੋਂ ਬਾਹਰ ਵੱਲ ਕੂਚ ਕਰ ਗਿਆ। ਜਦ ਕਿ Voyager 2 ਅਗਸਤ 1981 ਵਿੱਚ ਸ਼ਨੀ ਤੋਂ ਹੋ ਕੇ ਜਨਵਰੀ 1986 ਵਿੱਚ Uranus ਤੋਂ ਹੁੰਦਾ ਹੋਇਆ ਅਗਸਤ 1989 ਵਿੱਚ Neptune ਨਾਲ ਮੁਲਾਕਾਤ ਕਰਕੇ ਸੂਰਜ ਮੰਡਲ ਤੋਂ ਬਾਹਰ ਵੱਲ ਤੁਰ ਗਿਆ। Voyager 2 ਤਕਰੀਬਨ ਛਪੰਜਾ ਹਜਾਰ ਤਿੰਨ ਸੌ ਕਿਲੋਮੀਟਰ ਫੀ ਘੰਟੇ ਦੀ ਰਫਤਾਰ ਨਾਲ ਧਰਤੀ ਤੋਂ ਚੱਲਕੇ ਬਾਰਾਂ ਸਾਲ ਅਤੇ ਪੰਜ ਦਿਨ ਦਾ ਸਫਰ ਕਰਕੇ Neptune ਤੱਕ ਪਹੁੰਚਿਆ। Neptune ਅਤੇ Pluto ਦੀ ਧਰਤੀ ਤੋਂ ਦੂਰੀ ਵਿੱਚ ਬਹੁਤਾ ਫਰਕ ਨਹੀਂ ਹੈ। Pluto ਕਈ ਵਾਰੀ Neptune ਨਾਲੋਂ ਧਰਤੀ ਦੇ ਨੇੜੇ ਹੁੰਦਾ ਹੈ। ਸੋ ਪਲੂਟੋ ਤੱਕ ਪਹੁੰਚਣਾ ਮਨੁੱਖ ਵਾਸਤੇ ਕੋਈ ਬਹੁਤ ਵੱਡਾ ਕੰਮ ਨਹੀਂ ਹੈ। ਜਦ ਕਿ ਅਜਿਹਾ ਕਰਨਾ ਕੋਈ ਜਰੂਰੀ ਵੀ ਨਹੀਂ ਹੈ ਕਿਉਂਕਿ ਜਾਣਕਾਰੀ ਇਕੱਤਰ ਕਰਨ ਵਾਸਤੇ ਅਤੇ ਤਜਰਬੇ ਕਰਨ ਵਾਸਤੇ ਮਨੁੱਖ ਦਾ ਕਿਸੇ ਜਗਾਹ `ਤੇ ਹਾਜਰ ਹੋਣਾ ਜਰੂਰੀ ਨਹੀਂ ਹੈ। ਸਾਰਾ ਕੰਮ ਉਪਕਰਣ ਹੀ ਕਰ ਲੈਂਦੇ ਹਨ। ਇੱਕ ਗੱਲ ਹੋਰ ਸ. ਤਰਲੋਚਨ ਸਿੰਘ ਜੀ ਲਿਖਦੇ ਹਨ, “ਇਸ ਲਈ ਮਨੁੱਖ ਇਸ ਸੌਰ ਮੰਡਲ ਤੋਂ ਬਾਹਰ ਨਿਕਲਣ ਬਾਰੇ ਸੋਚ ਵੀ ਨਹੀਂ ਸਕਦਾ”। ਇਨ੍ਹਾਂ ਦੀ ਅਤੇ ਪਾਠਕਾਂ ਦੀ ਜਾਣਕਾਰੀ ਵਾਸਤੇ ਇਹ ਲਿਖਣਾ ਜਰੂਰੀ ਸਮਝਦਾ ਹਾਂ ਕਿ Voyager 1 ਅਗਸਤ 2009 ਵਿੱਚ ਸੂਰਜ ਤੋਂ ਤਕਰੀਬਨ 16, 41, 50, 00, 000 ਕਿੱਲੋਮੀਟਰ ਦੂਰ ਜਾ ਚੁੱਕਿਆ ਸੀ ਜੋ ਕਿ ਸੂਰਜ ਅਤੇ ਪਲੂਟੋ ਵਿਚਲੀ ਦੂਰੀ ਤੋਂ ਤਕਰੀਬਨ ਤਿੰਨ ਗੁਣਾ ਹੈ।

ਸ. ਤਰਲੋਚਨ ਸਿੰਘ ਜੀ ਦਾ ਲੇਖ “ਕੁਦਰਤ ਨਾਲ ਛੇੜ ਛਾੜ! “ਸ਼ੁਰੂ ਵਿੱਚ ਚੰਗੇ ਹੋਣ ਦਾ ਭੁਲੇਖਾ ਜਰੂਰ ਪਉਂਦਾ ਹੈ। ਮੋਬਾਇਲ ਫੋਨ ਬਿਨਾਂ ਸ਼ੱਕ ਸਾਡੀ ਸਿਹਤ ਵਾਸਤੇ ਖਤਰਨਾਕ ਸਾਬਤ ਹੋ ਸਕਦਾ ਹੈ ਪਰ ਇਸ ਦਾ ਹੱਲ ਕੀ ਹੈ? ਸਿਰਫ ਦੂਜਿਆਂ ਨੂੰ ਉਪਦੇਸ਼ ਦੇਣ ਨਾਲ ਕਿ ਮੋਬਾਇਲ ਫੋਨ ਖਤਰਨਾਕ ਹੋ ਸਕਦਾ ਹੈ ਅਤੇ ਖੁਦ ਮੋਬਾਇਲ ਫੋਨ ਦੀ ਵਰਤੋਂ ਕਰੀ ਜਾਣ ਨਾਲ ਤਾਂ ਕੋਈ ਸਮੱਸਿਆ ਹੱਲ ਨਹੀਂ ਹੋਣੀ। ਦੂਸਰੀ ਗੱਲ ਇਹ ਹੈ ਕਿ ਕਿਹੜੀ ਤਸਵੀਰ ਦੇ ਦੋ ਪਾਸੇ ਨਹੀਂ ਹੁੰਦੇ? ਵਿਗਿਆਨ ਦੀ ਬਣਾਈ ਹੋਈ ਐਸੀ ਕਿਹੜੀ ਚੀਜ ਹੈ ਜਿਸ ਦੇ ਸਿਰਫ ਫਾਇਦੇ ਹੀ ਫਾਇਦੇ ਹੋਣ, ਨੁਕਸਾਨ ਕੋਈ ਹੋਵੇ ਹੀ ਨਾਂ? ਜਦੋਂ ਟੈਲੀਵਿਯਨ ਹੋਂਦ ਵਿੱਚ ਆਇਆ ਉਦੋਂ ਵੀ ਰੌਲਾ ਪਿਆ ਕਿ ਇਹ ਸਿਹਤ ਵਾਸਤੇ ਹਾਨੀਕਾਰਕ ਹੋ ਸਕਦਾ ਹੈ। ਜਦੋਂ ਰੰਗੀਨ ਟੀ. ਵੀ. ਆਇਆ ਉਦੋਂ ਫੇਰ ਰੌਲਾ ਪਿਆ ਕਿ ਇਸ ਦਾ ਸਾਡੀ ਸਿਹਤ ਤੇ ਕਾਲੇ ਚਿੱਟੇ ਟੀ. ਵੀ. ਨਾਲੋਂ ਜਿਆਦਾ ਮਾੜਾ ਅਸਰ ਪਵੇਗਾ। ਕੋਈ ਵੀ ਫੈਕਟਰੀ ਲੱਗਦੀ ਹੈ ਧੂੰਏਂ ਦੇ ਕਾਲੇ ਬੱਦਲ ਸਾਡੀ ਸਿਹਤ ਦੇ ਦੁਸ਼ਮਣ, ਅਸਮਾਨ ਵਿੱਚ ਉੱਚੇ ਉੱਠ ਉੱਠ ਡਰਾਉਣਾ ਸ਼ੁਰੂ ਕਰ ਦਿੰਦੇ ਹਨ। ਗੱਡੀ ਚਲਾਉਗੇ ਕਾਰਬਨ ਡਾਈ ਆਕਸਾਈਡ ਵਾਤਾਵਰਨ ਨੂੰ ਪਰਦੂਸ਼ਤ ਕਰੇਗੀ। ਹਵਾਈ ਜਹਾਜ, ਓਜ਼ੋਨ ਪਰਤ ਦਾ ਸਭ ਤੋਂ ਘਾਤਕ ਦੁਸ਼ਮਣ। ਕੁਦਰਤ ਨਾਲ ਅਜਿਹੀਆਂ ਛੇੜ ਛਾੜਾਂ ਤੋਂ ਆਪਾਂ ਖਹਿੜਾ ਨਹੀਂ ਛੁਡਾ ਸਕਦੇ ਕਿਉਂਕਿ ਕੋਈ ਵੀ ਇਨਸਾਨ ਸਹੂਲਤਾਂ ਛੱਡਣ ਨੂੰ ਤਿਆਰ ਨਹੀਂ। ਜਿੱਥੋਂ ਤੱਕ ਐਟਮੀਂ ਹਥਿਆਰਾਂ ਦਾ ਸਵਾਲ ਹੈ ਇਹ ਅਸਲੋਂ ਹੀ ਅਣਲੋੜੀ ਚੀਜ ਹੈ ਦੁਨੀਆਂ ਵਾਸਤੇ। ਇੱਕ ਬਹੁਤ ਵੱਡਾ ਅਣਲੋੜਿਆ ਬੋਝ ਸਾਡੀ ਇਸ ਦੁਨੀਆਂ ਦੇ ਅਰਥ ਚਾਰੇ ਤੇ। ਪਰ ਮਜਬੂਰੀ ਹੈ, ਜੇ ਗੁਆਂਢੀ ਬਣਾ ਰਿਹਾ ਹੈ, ਸਾਨੂੰ ਵੀ ਬਣਾਉਣਾ ਪਵੇਗਾ, ਨਹੀਂ ਤਾਂ ਸਾਡੀ ਸਮੁੱਚੀ ਹੋਂਦ ਨੂੰ ਹੀ ਖਤਰਾ ਬਣ ਜਾਵੇਗਾ। ਅਫਸੋਸ ਕਿ ਇਸ ਦੁਨੀਆਂ ਕੋਲ ਕੋਈ ਕੌਮਾਂਤਰੀ ਜਥੇਬੰਦੀ ਨਹੀਂ ਹੈ ਜਿਹੜੀ ਸਾਰੀ ਦੁਨੀਆਂ ਦੇ ਐਟਮੀਂ ਹਥਿਆਰਾਂ ਤੇ ਕਾਬੂ ਰੱਖ ਸਕਦੀ ਅਤੇ ਇਸ ਦੇ ਪਸਾਰੇ ਨੂੰ ਰੋਕ ਸਕਦੀ।

ਸ. ਤਰਲੋਚਨ ਸਿੰਘ ਜੀ ਨੇ ਵਿਗਿਆਨੀਆਂ ਦੇ ਪੂਛਲ ਤਾਰੇ Tempel ਵਾਲੇ ਤਜਰਬੇ ਨੂੰ ਬੜੀ ਕੁੜੱਤੋਂ ਨਾਲ ਵੇਖਿਆ ਹੈ ਅਤੇ ਇਸ ਨੂੰ ਕੁਦਰਤ ਨਾਲ ਛੇੜ ਛਾੜ ਦੱਸਿਆ ਹੈ। ਖਗੋਲ ਵਿਗਿਆਨੀਆਂ ਦਾ ਵਿਸ਼ਵਾਸ ਹੈ ਕਿ ਪੂਛਲ ਤਾਰੇ ਸਾਡੇ ਸੌਰ ਮੰਡਲ ਦਾ ਇੱਕੋ ਇੱਕ ਅਜਿਹਾ ਅੰਗ ਹਨ ਜਿਹੜੇ ਆਪਣੇ ਅੰਦਰ ਉਹ ਪਦਾਰਥ ਸਾਂਭੀ ਬੈਠੇ ਹਨ ਜਿਹੜਾ ਅੱਜ ਵੀ ਉਸੇ ਅਵਸਥਾ ਵਿੱਚ ਹੈ ਜਿਹੜੀ ਅਵਸਥਾ ਵਿੱਚ ਸੂਰਜ ਮੰਡਲ ਦੇ ਬਨਣ ਵੇਲੇ ਸੀ। ਇਸ ਤਰਾਂ ਜੇ ਅਸੀਂ ਕਿਸੇ ਪੂਛਲ ਤਾਰੇ ਦਾ ਢਿੱਡ ਪਾੜ ਕੇ ਉਹਦੇ ਵਿੱਚੋਂ ਇਹ ਪਦਾਰਥ ਹਾਸਲ ਕਰ ਲਈਏ ਤਾਂ ਸਾਨੂੰ ਸੂਰਜ ਮੰਡਲ ਦੇ ਮੈਂਬਰਾਂ ਦੇ ਅੰਦਰਲੇ ਪਦਾਰਥ ਬਾਰੇ ਹੀ ਨਹੀਂ ਬਲਕਿ ਸੂਰਜ ਮੰਡਲ ਦੀ ਪੈਦਾਇਸ਼ ਬਾਰੇ ਵੀ ਕਾਫੀ ਜਾਣਕਾਰੀ ਮਿਲ ਜਾਵੇਗੀ। ਅਜਿਹਾ ਕਰਨ ਵਾਸਤੇ ਕੋਈ ਨਾਂ ਕੋਈ ਪੂਛਲ ਤਾਰਾ ਤਾਂ ਚੁਨਣਾ ਹੀ ਪੈਣਾ ਸੀ। ਟੈਂਪਲ ਤੋਂ ਵਧੀਆ ਕੋਈ ਹੋਰ ਪੂਛਲ ਤਾਰਾ ਹੋ ਹੀ ਨਹੀਂ ਸੀ ਸਕਦਾ ਕਿਉਂਕਿ ਇਸ ਦਾ ਸੂਰਜ ਦੇ ਗਿਰਦ ਘੁੰਮਣ ਦਾ ਰਾਹ ਵਿਗਿਆਨੀਆਂ ਨੂੰ ਬਹੁਤ ਚੰਗੀ ਤਰਾਂ ਪਤਾ ਹੈ। ਸ. ਤਰਲੋਚਨ ਸਿੰਘ ਜੀ ਕਦੇ ਵੀ ਸਿਫਤ ਨਹੀਂ ਕਰ ਸਕਦੇ ਭਾਵੇਂ ਕਿ ਵਿਗਿਆਨੀਆਂ ਨੇ ਕਿੱਡਾ ਵੀ ਮਾਅਰਕਾ ਕਿਉਂ ਨਾਂ ਮਾਰਿਆ ਹੋਵੇ। ਵੇਖਣ ਵਾਲੀ ਗੱਲ ਇਹ ਹੈ ਕਿ ਇਹ ਯੰਤਰ (370 ਕਿੱਲੋਗ੍ਰਾਮ ਵਜ਼ਨ ਦਾ ‘Smart Impactor’ ਨਾਂ ਦਾ ਉਪਕਰਨ ਜਿਹਨੇ ਪੂਛਲ ਤਾਰੇ ਨਾਲ ਟਕਰਾਉਣਾ ਸੀ) 42 ਕਰੋੜ 90 ਲੱਖ ਕਿਲੋਮੀਟਰ ਦੀ ਦੂਰੀ ਤਕਰੀਬਨ ਇੱਕ ਲੱਖ ਤਿੰਨ ਹਜਾਰ ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੈਅ ਕਰਕੇ 174 ਦਿਨਾਂ ਦੇ ਸਫਰ ਤੋਂ ਬਾਅਦ ਆਪਣੀ ਮੰਜ਼ਲ ਤੇ ਪੁੱਜਾ। ਜੇ 174 ਦਿਨਾਂ ਦੇ ਸਫਰ ਵਿੱਚ ਦਸ ਮਿੰਟ ਅੱਗੇ ਪਿੱਛੇ ਕਰ ਬਹਿੰਦਾ ਤਾਂ ਆਪਣੀ ਮੰਜਿਲ ਤੋਂ ਤਕਰੀਬਨ ਸਤਾਰਾਂ ਹਜਾਰ ਕਿਲੋਮੀਟਰ ਦੂਰ ਦੀ ਲੰਘ ਜਾਂਦਾ ਅਤੇ ਜੇ ਅੱਧੇ ਸਕਿੰਟ ਦਾ ਵੀ ਫਰਕ ਪੈ ਜਾਂਦਾ ਤਾਂ ਵੀ ਇਹ ਆਪਣਾ ਨਿਸ਼ਾਨਾ ਖੁੰਝਾ ਬੈਠਦਾ ਅਤੇ ਪੂਛਲ ਤਾਰੇ ਨਾਲ ਨਾ ਟਕਰਾ ਸਕਦਾ। ਤਜਰਬਾ ਕਾਮਯਾਬ ਰਿਹਾ। ਇਸ ਤਜਰਬੇ ਨਾਲ ਪੂਛਲ ਤਾਰੇ ਦੀ ਸਤ੍ਹਾ ਉੱਪਰ ਤਕਰੀਬਨ ਇੱਕ ਸੌ ਮੀਟਰ ਵਿਆਸ ਦਾ ਗੋਲ ਟੋਆ ਪੁੱਟਿਆ ਗਿਆ ਜੋ ਕਿ ਤਕਰੀਬਨ ਤੀਹ ਮੀਟਰ ਡੂੰਘਾ ਸੀ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਤਜਰਬੇ ਨਾਲ ਪੂਛਲ ਤਾਰੇ ਦੀ ਚਾਲ ਢਾਲ ਤੇ ਕੋਈ ਫਰਕ ਨਹੀਂ ਪਵੇਗਾ ਪਰ ਸ. ਤਰਲੋਚਨ ਸਿੰਘ ਜੀ ਨੂੰ ਵਿਗਿਆਨੀਆਂ ਤੇ ਬਿਲਕੁਲ ਭਰੋਸਾ ਨਹੀਂ।

ਅੱਗੇ ਇੱਕ ਬੜੀ ਮਜ਼ੇਦਾਰ ਘਟਨਾ ਦਾ ਜ਼ਿਕਰ ਕਰਦੇ ਹਨ, ਜੀਵ ਵਿਗਿਆਨੀਆਂ ਬਾਰੇ। ਲਿਖਦੇ ਹਨ, “ਪੁਰਾਣੇ ਸਮੇਂ ਦੀ ਗੱਲ ਹੈ, ਇੱਕ ਪਿੰਡ ਤੋਂ ਦੂਜੇ ਪਿੰਡ ਜਾਣ ਲਈ ਵੀ ਜੰਗਲ ਵਿਚੋਂ ਲੰਘ ਕੇ ਜਾਣਾ ਪੈਂਦਾ ਸੀ। ਦੋ ਰਾਹਗੀਰ ਤੁਰੇ ਜਾ ਰਹੇ ਸਨ। ਦੂਰ ਉਨ੍ਹਾਂ ਨੂੰ ਇੱਕ ਸ਼ੇਰ ਵਿਖਾਈ ਦਿੱਤਾ, ਪਹਿਲਾਂ ਤਾਂ ਉਹ ਥੋੜ੍ਹਾ ਡਰੇ ਪਰ ਫਿਰ ਉਹ ਖੁਸ਼ ਵੀ ਹੋਏ। ਡਰੇ ਇਸ ਲਈ ਕਿ ਉਹ ਇੱਕ ਸ਼ੇਰ ਸੀ, ਖੁਸ਼ ਇਸ ਲਈ ਹੋਏ ਕਿ ਉਹ ਰਾਹਗੀਰ ਅਸਲ ਵਿੱਚ ਜੀਵ ਵਿਗਿਆਨੀ ਸਨ ਅਤੇ ਉਹ ਤਜ਼ਰਬਾ ਕਰਨਾ ਚਾਹੁੰਦੇ ਸਨ ਕਿ ਸ਼ੇਰ ਦੇ ਵਾਲ ਕਿਹੜੇ ਤੱਤਾਂ ਤੋਂ ਬਣੇ ਹੁੰਦੇ ਹਨ, ਉਸ ਦੀ ਖੱਲ ਕਿੰਨੀ ਕੁ ਮੋਟੀ ਹੁੰਦੀ ਹੈ, ਉਸ ਦੇ ਢਿੱਡ ਵਿੱਚ ਕਿਹੜੀ ਤਾਕਤ ਲੁਕੀ ਹੋਈ ਹੈ? ਇਤ ਆਦਿ। ਪਰ ਸ਼ੇਰ ਕੋਲ ਜਾਣਾ ਔਖਾ ਸੀ ਆਖਿਰ ਕਈ ਮੀਟਿੰਗਾਂ ਉਪਰੰਤ ਉਨ੍ਹਾਂ ਨੇ ਇੱਕ ਵਿਉਂਤ ਬਣਾਈ ਕਿ ਇੱਕ ਬੰਦਾ ਸ਼ੇਰ ਦੀ ਪੂਛ ਤੇ ਪੱਥਰ ਮਾਰੇਗਾ ਅਤੇ ਦੂਜਾ ਬੰਦਾ ਸ਼ੇਰ ਦੀ ਚਾਲ ਤੇ ਨਿਗਾਹ ਰੱਖੇਗਾ। ਜੇ ਸ਼ੇਰ ਸ਼ਾਂਤ ਤੁਰ ਗਿਆ ਤਾਂ ਉਹ ਉਸ ਦੀ ਪੂਛ ਦੇ ਵਾਲ ਇਕੱਠੇ ਕਰਨਗੇ ਅਤੇ ਉਸ ਦੇ ਵਾਲਾਂ ਉਤੇ ਖੂਰਦਬੀਨ ਦੀ ਮਦਦ ਨਾਲ ਤਜਰਬੇ ਕਰਨਗੇ ਤਾਂ ਕਿ ਉਹ ਇਸ ਭੇਤ ਤੋਂ ਪਰਦਾ ਚੁਕ ਸਕਣ ਕਿ ਸ਼ੇਰ ਦੀ ਤਾਕਤ ਉਸ ਦੇ ਅੰਦਰ ਕਿਥੇ ਲੁਕੀ ਹੋਈ ਹੈ। ਸ਼ੇਰ ਨੂੰ ਨਿਸ਼ਾਨਾ ਬਣਾਉਣ ਲਈ ਸਮਾਂ ਅਤੇ ਉਸ ਤੋਂ ਦੂਰੀ ਮਿਥ ਲਈ ਗਈ । ਅਖੀਰ ਉਹ ਘੜੀ ਆ ਹੀ ਗਈ। ਨਿਸ਼ਾਨਾ ਲਾਇਆ ਗਿਆ। ਇੱਕ ਵਾਰ ਤਾਂ ਉਨ੍ਹਾਂ ਨੂੰ ਆਪਣੇ ਦਿਲ ਦੀ ਧੜਕਣ ਰੁਕਦੀ ਹੋਈ ਜਾਪੀ, ਪਰ ਅਗਲੇ ਹੀ ਪਲ ਖੁਸ਼ੀ ਦਾ ਟਿਕਾਣਾ ਨਾ ਰਿਹਾ ਜਦੋਂ ਉਨ੍ਹਾਂ ਨੂੰ ਲਗਿਆ ਕਿ ਸਭ ਠੀਕ ਠਾਕ ਹੋ ਗਿਆ ਹੈ। ਸ਼ੇਰ ਸ਼ਾਂਤ ਚਿਤ ਚਲਦਾ ਜਾ ਰਿਹਾ ਸੀ। ਇਉਂ ਲਗ ਰਿਹਾ ਸੀ ਕਿ ਜਿਵੇਂ ਉਸ ਉਤੇ ਇਸ ਛੇੜਛਾੜ ਦਾ ਕੋਈ ਅਸਰ ਨਹੀਂ ਹੋਇਆ ਹੈ। ੳਨ੍ਹਾਂ ਫਟਾ-ਫਟ ਉਸ ਦੀ ਪੂਛ ਦੇ ਵਾਲ ਇਕੱਠੇ ਕਰ ਕੇ ਪੋਟਲੀ ਵਿੱਚ ਬੰਨੇ ਜਿਉਂ ਹੀ ਉਨ੍ਹਾਂ ਨੇ ਆਪਣੇ ਪਿੰਡ ਵੱਲ ਰੁਖ ਕੀਤਾ ਤਾਂ ਸ਼ੇਰ ਨੇ ਪਿਛੋਂ ਆ ਝਪੱਟਾ ਮਾਰਿਆ ਅਤੇ ਉਨ੍ਹਾਂ ਦੋਵਾਂ ਨੂੰ ਉਥੇ ਹੀ ਚਿੱਤ ਕਰ ਦਿਤਾ”। ਦਰਅਸਲ ਜਿਹੜੇ ਵਿਗਿਆਨੀਆਂ ਦੀ ਗੱਲ ਸ. ਤਰਲੋਚਨ ਸਿੰਘ ਜੀ ਨੇ ਸੁਣਾਈ ਹੈ, ਮੈਂ ਅੱਜ ਤੱਕ ਅਜਿਹੇ ਜੀਵ ਵਿਗਿਆਨੀਆਂ ਦੇ ਦਰਸ਼ਨ ਨਹੀਂ ਕੀਤੇ। ਕੀ ਕਿਸੇ ਹੋਰ ਨੇ ਵਿਅਕਤੀ ਨੇ ਕਦੇ ਅਜਿਹੇ ਜੀਵ ਵਿਗਿਆਨੀ ਵੇਖੇ ਹਨ? ਜੰਗਲ ਵਿੱਚ ਸ਼ੇਰ ਨੂੰ ਵੇਖਣ ਤੋਂ ਬਾਅਦ ਵਿਗਿਆਨੀਆਂ ਨੇ ਕਈ ਮੀਟਿੰਗਾਂ ਵੀ ਕਰ ਲਈਆਂ ਅਤੇ ਸ਼ੇਰ ਉਵੇਂ ਹੀ ਖੜ੍ਹਾ ਰਿਹਾ! ਚੰਗਾ ਹੁੰਦਾ ਜੇ ਸ਼ੇਰ ਨੂੰ ਵੀ ਮੀਟਿੰਗਾਂ ਵਿੱਚ ਸ਼ਾਮਲ ਕਰ ਲੈਂਦੇ। ਸ. ਤਰਲੋਚਨ ਸਿੰਘ ਜੀ ਤੁਸੀਂ ਕਾਲਜ ਦੇ ਲੈਕਚਰਾਰ ਹੋ, ਪ੍ਰਾਇਮਰੀ ਦੇ ਜੁਆਕਾਂ ਵਾਲੀਆਂ ਕਹਾਣੀਆਂ ਕਿਉਂ ਸੁਣਾਉਂਦੇ ਹੋ? ਜੇ ਵਿਗਿਆਨੀਆਂ ਦਾ ਇਹ ਅਕਸ ਹੈ ਤੁਹਾਡੇ ਦਿਮਾਗ ਵਿੱਚ ਤਦੇ ਤਾਂ ਹਮੇਸ਼ਾ ਵਿਗਿਆਨੀਆਂ ਦੀ ਬੁਰਾਈ ਕਰਦੇ ਹੋ।

ਅੱਗੇ ਚੱਲਕੇ ਤੁਸੀਂ ਵਿਗਿਆਨ ਦੀ ਇੱਕ ਵਾਰ ਫੇਰ ਬੜੀ ਤਕੜੀ ਨੁਕਤਾਚੀਨੀ ਕੀਤੀ ਹੈ, “ਵਿਗਿਆਨੀਆਂ ਨੇ ਮੈਡੀਕਲ ਖੇਤਰ ਵਿੱਚ ਕਲੋਨ ਬਣਾ ਕੇ ਸਾਰੇ ਵਿਸ਼ਵ ਵਿੱਚ ਤਰਥੱਲੀ ਮਚਾ ਦਿੱਤੀ। ਜਿਥੇ ਇੱਕ ਮਹਾਤਮਾ ਤੋਂ ਕਈ ਮਹਾਤਮਾ ਬਣਾਉਣ ਦੇ ਸੁਪਨੇ ਲਏ ਜਾਣ ਲੱਗੇ, ਉਥੇ ਇੱਕ ਹਿਟਲਰ ਤੋਂ ਕਈ ਹਿਟਲਰ ਵੀ ਬਣਨੇ ਸੰਭਵ ਸਨ। ਸਾਰਿਆਂ ਪੱਖਾਂ ਤੋਂ ਹਮਸ਼ਕਲ ਦੀ ਪੈਦਾਇਸ਼ ਸੰਭਵ ਹੋ ਗਈ। ਪਹਿਲਾ ਕਲੋਨ ਭੇਡ ਤੋਂ ਤਿਆਰ ਹੋਇਆ, ਡੌਲੀ ਨਾਮ ਰਖਿਆ ਗਿਆ। ਕਿਉਂਕਿ ਕਲੋਨ ਬਣਾਉਣ ਦੀ ਪ੍ਰਕਿਰਿਆ ਕੁਦਰਤ ਦੇ ਕੰਮ ਵਿੱਚ ਸਿੱਧੀ ਦਖਲ-ਅੰਦਾਜ਼ੀ ਸੀ ਇਸ ਲਈ ਇਹ ਡੌਲੀ ਕੋਸ਼ਿਸ਼ਾਂ ਦੇ ਬਾਵਜੂਦ ਵੀ ਬਹੁਤੀ ਦੇਰ ਜ਼ਿੰਦਾ ਨਾ ਰਹਿ ਸਕੀ”। ਜਦੋਂ ਵਿਗਿਆਨੀਆਂ ਨੇ ਸਰਜਰੀ ਬਾਰੇ ਤਜਰਬੇ ਕਰਨੇ ਸ਼ੁਰੂ ਕੀਤੇ ਸਨ ਉਦੋਂ ਵੀ ਤੁਹਾਡੇ ਵਰਗੇ ਵਿਦਵਾਨਾਂ ਨੇ ਇਸ ਨੂੰ ਕੁਦਰਤ ਦੇ ਕੰਮ ਵਿੱਚ ਸਿੱਧੀ ਦਖ਼ਲ ਅੰਦਾਜੀ ਕਹਿ ਕੇ ਵਿਰੋਧ ਕੀਤਾ ਸੀ। ਅੱਜ ਕੈਂਸਰ ਦਾ ਅਪਰੇਸ਼ਨ ਕਰਵਾਉਣ ਹਰ ਕੋਈ ਤੁਰ ਪੈਂਦਾ ਹੈ। ਹੁਣ ਇਹ ਕਿਉਂ ਕੁਦਰਤ ਦੇ ਕੰਮ ਵਿੱਚ ਦਖਲ ਅੰਦਾਜੀ ਲੱਗਣੋ ਹਟ ਗਈ? ਡੌਲੀ ਦੀ ਮੌਤ ਜੇ ਕੁਦਰਤ ਦੇ ਕੰਮ ਵਿੱਚ ਸਿੱਧੀ ਦਖਲ ਅੰਦਾਜੀ ਦਾ ਨਤੀਜਾ ਸੀ ਤਾਂ ਉਹ ਭੇਡ 6 ਸਾਲ ਲੰਬੀ ਜਿੰਦਗੀ ਕਿਵੇਂ ਬਿਤਾ ਗਈ? ਕੀ ਕੁਦਰਤ ਸੁੱਤੀ ਪਈ ਸੀ ਕਿ ਛੇ ਸਾਲ ਤੱਕ ਉਸ ਨੂੰ ਪਤਾ ਹੀ ਨਹੀਂ ਲੱਗਿਆ ਕਿ ਉਸ ਦੇ ਕੰਮ ਵਿੱਚ ਦਖਲ ਅੰਦਾਜੀ ਹੋ ਗਈ ਹੈ? ਸ. ਤਰਲੋਚਨ ਸਿੰਘ ਜੀ ਨੇ ਇਹ ਪਤਾ ਲਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਡੌਲੀ ਦੇ ਮਰਨ ਦਾ ਕਾਰਨ ਕੀ ਸੀ? ਦਰਅਸਲ ਛੇ ਸਾਲ ਦੀ ਉਮਰ ਤੱਕ ਛੇ ਬੱਚੇ ਪੈਦਾ ਕਰਨ ਤੋਂ ਬਾਅਦ ਡੌਲੀ ਫੇਫੜਿਆਂ ਦਾ ਕੈਂਸਰ ਹੋ ਜਾਣ ਕਾਰਨ ਮਰੀ ਸੀ। ਇਸ ਭੇਡ ਦੀ ਉਮਰ ਆਮ ਤੌਰ ਤੇ ਗਿਆਰਾਂ ਤੋਂ ਬਾਰਾਂ ਸਾਲ ਤੱਕ ਹੀ ਹੁੰਦੀ ਹੈ। ਫੇਫੜਿਆਂ ਦਾ ਕੈਂਸਰ ਇਨ੍ਹਾਂ ਭੇਡਾਂ ਵਿੱਚ ਆਮ ਹੈ। ਤੁਹਾਡਾ ਇਹ ਬਿਆਨ ਕਿ, “ਕਲੋਨ ਦੀ ਖੋਜ ਵਿੱਚ ਹੋਰ ਪੇਚੀਦਗੀਆਂ ਆਉਣ ਨਾਲ ਇਸ ਖੋਜ-ਕਾਰਜ ਨੂੰ ਇਥੇ ਹੀ ਰੋਕ ਦਿੱਤਾ ਗਿਆ”। ਵੀ ਇੱਕ ਕੋਰਾ ਝੂਠ ਹੈ। ਦਰਅਸਲ ਕਲੋਨ ਦੀ ਖੋਜ ਬਾਰੇ ਹਾਲੇ ਸਰਕਾਰਾਂ ਕੋਈ ਫੈਸਲਾ ਲੈ ਸਕਣ ਤੋਂ ਅਸਮਰਥ ਹਨ ਕਿ ਇਸ ਤੇ ਖੋਜ ਹੋਣੀ ਚਾਹੀਦੀ ਹੈ ਜਾਂ ਨਹੀਂ? ਪੈਸਾ ਸਰਕਾਰਾਂ ਦੇ ਹੱਥ ਵਿੱਚ ਹੈ। ਵਿਗਿਆਨੀ ਪੇਚੀਦਗੀਆਂ ਆਉਣ ਕਾਰਨ ਖੋਜ ਕਰਨੀ ਨਹੀਂ ਛੱਡ ਦਿੰਦੇ ਹੁੰਦੇ।

ਜਦੋਂ ਪਹਿਲੀ ਵਾਰ ਟੈਸਟ ਟਿਊਬ ਬੇਬੀ ਵਾਸਤੇ ਤਜਰਬੇ ਸ਼ੁਰੂ ਕੀਤੇ ਗਏ ਸਨ ਉਦੋਂ ਵੀ ਸ. ਤਰਲੋਚਨ ਸਿੰਘ ਜੀ ਵਰਗੇ ਅਧਿਆਤਮਕ ਵਿਦਵਾਨਾਂ ਨੇ ਇਸ ਨੂੰ ਰੱਬ ਦੇ ਕੰਮ ਵਿੱਚ ਵਿਗਿਆਨੀਆਂ ਵੱਲੋਂ ਕੀਤੀ ਜਾ ਰਹੀ ਦਖਲ ਅੰਦਾਜੀ ਦੱਸਿਆ ਸੀ ਅਤੇ ਇਹ ਭਵਿੱਖ ਬਾਣੀ ਵੀ ਕੀਤੀ ਸੀ ਕਿ ਵਿਗਿਆਨੀ ਆਪਣੇ ਮਨਸੂਬਿਆਂ ਵਿੱਚ ਕਦੇ ਕਾਮਯਾਬ ਨਹੀਂ ਹੋ ਸਕਣਗੇ। ਵਿਗਿਆਨੀਆਂ ਨੇ ਕਦੇ ਵੀ ਕਿਸੇ ਰੱਬ ਨੂੰ ਚੁਣੌਤੀ ਨਹੀਂ ਦਿੱਤੀ ਅਤੇ ਨਾਂ ਹੀ ਟੈਸਟ ਟਿਊਬ ਬੇਬੀ ਪੈਦਾ ਕਰ ਕੇ ਰੱਬ ਦੇ ਖਿਲਾਫ ਕੋਈ ਜਿੱਤ ਪਰਾਪਤ ਕਰਨ ਦੀ ਗੱਲ ਕੀਤੀ ਹੈ। ਉਨ੍ਹਾਂ ਨੇ ਤਾਂ ਸਿਰਫ ਬੇ-ਔਲਾਦ ਜੋੜਿਆਂ ਨੂੰ ਇੱਕ ਆਸ ਦੀ ਕਿਰਨ ਦਾ ਤੋਹਫਾ ਪ੍ਰਦਾਨ ਕੀਤਾ ਹੈ। ਪੁੱਛ ਕੇ ਵੇਖੋ ਅਜਿਹੇ ਅਭਾਗੇ ਜੋੜਿਆਂ ਤੋਂ, ਜਿਹੜਾ ਬੇ-ਔਲਾਦ ਸਨ ਅਤੇ ਟੈਸਟ ਟਿਊਬ ਤਜਰਬੇ ਦੀ ਬਦੌਲਤ ਜਿਨ੍ਹਾਂ ਦੇ ਭਾਗ ਖੁੱਲ੍ਹ ਗਏ ਕਿ ਉਹ ਵਿਗਿਆਨੀਆਂ ਦੇ ਇਸ ਕਾਰਜ ਨੂੰ ਕਿਵੇਂ ਵੇਖਦੇ ਹਨ? ਕੀ ਉਹ ਇਸ ਕਾਰਜ ਨੂੰ ਵਿਗਿਆਨੀਆਂ ਦੀ ਕੁਦਰਤ ਦੇ ਕੰਮ ਵਿੱਚ ਦਖਲ ਅੰਦਾਜੀ ਸਮਝਦੇ ਹਨ ਜਾਂ ਅਭਾਗਿਆਂ ਦੇ ਭਾਗ ਖੋਹਲਣ ਦਾ ਪੁੰਨ? ਮੇਰਾ ਖਿਆਲ ਹੈ ਕਿ ਮੈਂ ਬਹੁਤ ਸਰਲ ਅਤੇ ਸਪਸ਼ਟ ਸ਼ਬਦਾਂ ਵਿੱਚ ਲਿਖਿਆ ਹੈ ਅਤੇ ਉਮੀਦ ਕਰਦਾ ਹਾਂ ਕਿ ਪਾਠਕਾਂ ਨੂੰ ਥੋਹੜੀ ਬਹੁਤ ਜਾਣਕਾਰੀ ਜਰੂਰ ਪ੍ਰਾਪਤ ਹੋਈ ਹੋਵੇਗੀ ਕਿ ਕਿਵੇਂ ਸ. ਤਰਲੋਚਨ ਸਿੰਘ ਜੀ ਵਿਗਿਆਨ ਦੇ ਨਾਂ `ਤੇ ਪਾਠਕਾਂ ਨੂੰ ਭਟਕੀਂ ਪਾਉਂਦੇ ਹਨ। ਇਸ ਲੇਖ ਦੇ ਅੰਤ ਵਿੱਚ ਮੈਂ ਸ. ਤਰਲੋਚਨ ਸਿੰਘ ਜੀ ਨੂੰ ਬੇਨਤੀ ਕਰਦਾ ਹਾਂ ਕਿ ਬਹੁਤ ਹੀ ਚੰਗੀ ਗੱਲ ਹੈ ਜੇ ਉਹ ਵਿਗਿਆਨ ਦੇ ਨਾਂ ਤੇ ਪਾਠਕਾਂ ਨੂੰ ਭਟਕੀਂ ਪਾਉਣਾ ਛੱਡ ਦੇਣ।
.