.

ੴ ਸਤਿ ਗੁਰ ਪ੍ਰਸਾਦਿ॥
ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ॥

ਇਸ ਬਾਰੇ ਸਮਝਣ ਦੀ ਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ, ਕੁੱਝ ਬੇਨਤੀਆਂ ਦੁਹਰਾਉਣਾ ਚਾਹਾਂਗਾ,
੧. ਕਿਸੇ ਵੀ ਸ਼ਬਦ ਦੀ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ, ਪੂਰਵਾਗ੍ਰਹ, ਸਮਾਜ ਵਿੱਚ ਪੂਰਵ ਸਥਾਪਤ ਮਾਨਤਾਵਾਂ ਤੋਂ ਦਿਮਾਗ ਖਾਲੀ, ਸਾਫ ਹੋਣਾ ਚਾਹੀਦਾ ਹੈ।
੨. ਵਿਚਾਰ ਦਾ ਧੁਰਾ, ਰਹਾਉ ਦੀ ਪੰਗਤੀ ਹੋਣਾ ਚਾਹੀਦਾ ਹੈ।
੩. ਵਿਚਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਚੌਹੱਦੀ ਦੇ ਵਿੱਚ ਹੀ ਰਹਣੇ ਚਾਹੀਦੇ ਹਨ।
੪. ਅੱਖਰਾਂ ਦੇ ਅਰਥ ਗੁਰਬਾਣੀ ਵਿਆਕਰਨ ਅਨੁਸਾਰ ਹੀ ਹੋਣੇ ਚਾਹੀਦੇ ਹਨ।
੫. ਅੱਖਰਾਂ ਦੇ ਅਰਥ ਵਿਸੇ ਅਨੁਸਾਰੀ ਹੀ ਲੈਣੇ ਚਾਹੀਦੇ ਹਨ।
ਇਹ ਤੁਕ ਪਹਿਲੇ ਨਾਨਕ ਦੇ ਆਸਾ ਰਾਗੁ ਵਿਲੇ ਸ਼ਬਦ ਦੀ ਹੈ, ਜਿਸ ਦੀ ਰਹਾਉ ਦੀ ਤੁਕ ਹੈ,
ਕਰਤਾ ਤੂੰ ਸਭਨਾ ਕਾ ਸੋਈ॥
ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ॥ ੧॥ ਰਹਾਉ॥ (੩੬੦)
(ਇਸ ਬਾਰੇ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ, ਇੱਕ ਗੱਲ ਹੋਰ ਸਮਝਣ ਵਾਲੀ ਹੈ ਕਿ ਸ੍ਰਿਸ਼ਟੀ ਵਿੱਚ ਸਿਰਫ ਬੰਦਾ ਹੀ ਅਜਿਹਾ ਜੀਵ ਹੈ, ਜੋ ਅਪਣੇ ਕੰਮ ਅਪਣੀ ਮਰਜ਼ੀ ਅਨੁਸਾਰ ਕਰਨ ਲਈ ਆਜ਼ਾਦ ਹੈ। ਦੁਨੀਆਂ ਦੇ ਸਾਰੇ ਜੀਵ ਅਪਣੀ ਜ਼ਿੰਦਗੀ ਵਿਚ, ਅਪਣੀਆਂ ਲੋੜਾਂ ਦੀ ਪੂਰਤੀ ਲਈ ਹੀ ਸਾਰੇ ਕੰਮ ਕਰਦੇ ਹੋਏ ਪਰਮਾਤਮਾ ਦੀ ਰਜ਼ਾ ਵਿੱਚ ਜੀਵਨ ਬਿਤਾਉਂਦੇ ਹਨ। ਕਿਉਂਕਿ ਮਨੁੱਖਾ ਜੂਨ ਹੀ ਅਜਿਹੀ ਹੈ ਜਿਸ ਵਿੱਚ ਬੰਦਾ ਸ਼ਬਦ ਗੁਰੂ ਦੀ ਸਿਖਿਆ ਅਨੁਸਾਰ ਚਲ ਕੇ, ਕਰਤਾਰ ਨਾਲ ਇਕ-ਮਿਕ ਹੋ ਕੇ, ਆਵਾਗਵਣ ਦੇ ਚੱਕਰ ਤੋਂ ਮੁਕਤ ਹੋ ਸਕਦਾ ਹੈ। ਇਸ ਪਊੜੀ ਤੋਂ ਥਿੜਕਿਆ ਬੰਦਾ ਫਿਰ ਜੂਨਾਂ ਦੇ ਚੱਕਰ ਵਿੱਚ ਪੈ ਜਾਂਦਾ ਹੈ। ਇਸ ਲਈ ਕਰਤਾਰ ਨੇ ਇਸ ਨੂੰ ਇਹ ਛੋਟ ਦਿੱਤੀ ਹੋਈ ਹੈ।)
ਰਹਾਉ ਦੀ ਇਸ ਤੁਕ ਵਿੱਚ ਗੁਰੂ ਸਾਹਿਬ ਸਮਝਾਉਂਦੇ ਹਨ ਕਿ, ਹੇ ਪਰਮਾਤਮਾ, ਤੂੰ ਹੀ ਸਭਨਾ ਦਾ ਕਰਤਾ, ਸਭ ਨੂੰ ਪੈਦਾ ਕਰਨ ਵਾਲਾ ਹੈਂ। ਸਭ ਦੀ ਸਾਰ ਸੰਭਾਲ ਕਰਨ ਵਾਲਾ ਹੈਂ। ਤੇਰੇ ਲਈ ਸਭ ਇਕੋ ਜਿਹੇ ਹਨ। ਇਸ ਕਰ ਕੇ ਜੇ ਕੋਈ, ਤਾਕਤਵਰ, ਕਿਸੇ ਤਾਕਤਵਰ ਨੂੰ ਮਾਰਦਾ ਹੈ ਤਾਂ ਤੇਰੇ ਮਨ ਵਿੱਚ ਕਿਸੇ ਤਰ੍ਹਾਂ ਦਾ ਕੋਈ ਰੋਸ, ਗੁੱਸਾ ਨਹੀਂ ਆਉਂਦਾ।
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ॥
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ॥
ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ॥ ੧॥

ਭਾਰਤ ਦੇ ਉਸ ਵੇਲੇ ਦੇ ਹਾਕਮ, ਬਤਦਸ਼ਾਹ (ਜਿਨ੍ਹਾਂ ਨੂੰ, ਪਰਮਾਤਮਾ ਦੇ ਨਮਾਇੰਦੇ, ਅਵਤਾਰ ਵਜੋਂ ਵੀ ਮਾਨਤਾ ਮਿਲੀ ਹੋਈ ਸੀ, ਜਿਨ੍ਹਾਂ ਨੂੰ ਜੰਤਾ ਤੇ ਕਰ, ਟੈਕਸ ਲਗਾਉਣ ਦਾ ਅਧਿਕਾਰ ਸੀ, ਜਿਸ ਦੇ ਬਦਲੇ ਉਹ ਜੰਤਾ ਦੀ ਰਖਵਾਲੀ ਲਈ ਵਚਨ ਬੱਧ ਸਨ) ਕਰ ਲਾਉਣ ਵਾਲੇ ਪਠਾਣਾਂ ਨੂੰ ਏਨੀ ਮਾਰ ਪੈਣ ਤੇ ਵੀ ਤੈਨੂੰ ਉਨ੍ਹਾਂ ਬਾਰੇ ਕੋਈ ਦਰਦ ਨਾ ਮਹਿਸੂਸ ਹੋਇਆ, ਕੋਈ ਤਰਸ ਨਾ ਆਇਆ। ਕਿਉਂ? (ਇਸ ਦਾ ਵੇਰਵਾ ਗੁਰੁ ਸਾਹਿਬ ਨੇ, ਬਾਬਰ ਨਾਲ ਸਬੰਧਤ, ਹੋਰ ਤਿੰਨਾਂ ਸ਼ਬਦਾਂ ਵਿੱਚ ਵੀ ਦਿੱਤਾ ਹੈ, ਜਿਸ ਨੂੰ ਆਪਾਂ ਅੱਗੇ ਚਲ ਕੇ ਵਿਚਾਰਾਂਗੇ। ਇਹ ਸ਼ਬਦ ਪ੍ਰਭੂ ਦੇ ਇੰਸਾਫ ਤੇ ਕਿੰਤੂ ਕਰਨ ਲਈ ਨਹੀਂ, ਬਲਕਿ ਲੋਕਾਂ ਨੂੰ ਇਹ ਸਮਝਾਉਣ ਲਈ ਹੈ ਕਿ ਅਜਿਹਾ ਕਿਉਂ ਹੋਇਆ)
ਪਰਮਾਤਮਾ ਨੇ ਆਪ ਹੀ, ਮੁਗਲ ਬਾਬਰ ਨੂੰ ਜਮ ਬਣਾ ਕੇ, ਭਾਰਤ ਦੇ ਪਠਾਣਾਂ ਤੇ ਚੜ੍ਹਾ ਦਿੱਤਾ, ਹਮਲਾ ਕਰਵਾ ਦਿੱਤਾ। ਪਰ ਕਿਸੇ ਵੀ ਗੱਲ ਲਈ ਪਰਮਾਤਮਾ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ, ਕਿਉਂਕਿ ਸਭ ਉਸ ਦੇ ਇਕੋ ਜਿਹੇ ਬੱਚੇ ਹਨ। ਉਸ ਦੇ ਨਿਯਮ ਸਾਰਿਆਂ ਤੇ ਇੱਕ ਸਮਾਨ ਲਾਗੂ ਹੁੰਦੇ ਹਨ। ਉਸ ਦੇ ਨਿਯਮਾਂ ਅਨੁਸਾਰ ਹੀ ਅਪਣੇ ਫਰਜ਼ਾਂ ਤੋਂ ਥਿੜਕੇ ਬੰਦਿਆਂ ਨੂੰ ਸਮੇ ਸਮੇ ਸਜ਼ਾ ਮਿਲਦੀ ਰਹਿੰਦੀ ਹੈ।
ਬਾਬਰ ਨੇ ਖੁਰਾਸਾਨ ਦੇਸ਼ ਦਾ ਪ੍ਰਬੰਧ, ਅਪਣੇ ਅਹਿਲਕਾਰਾਂ ਨੂੰ ਸੌਂਪ ਕੇ, ਆਪ ਹਿੰਦੁਸਤਾਨ ਨੂੰ ਆ ਡਰਾਇਆ, ਹਿੰਦੁਸਤਾਨ ਤੇ ਆ ਹਮਲਾ ਕੀਤਾ।
ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ॥
ਰਤਨ ਵਿਗਾੜਿ ਵਿਗੋਏ ਕੁਂਤੀ ਮੁਇਆ ਸਾਰ ਨ ਕਾਈ॥
ਆਪੇ ਜੋੜਿ ਵਿਛੋੜੇ ਆਪੇ ਵੇਖੁ ਤੇਰੀ ਵਡਿਆਈ॥ ੨॥

ਜੇ ਤਾਕਤਵਰ ਸ਼ੇਰ, ਭੇਡਾਂ-ਬਕਰੀਆਂ ਦੇ ਇੱਜੜ ਨੂੰ ਪੈ ਜਾਵੇ ਤਾਂ ਉਨ੍ਹਾਂ ਨਤਾਣੇ ਜਾਨਵਰਾਂ ਨੂੰ ਬਚਾਉਣ ਦੀ ਜ਼ਿਮੇਵਾਰੀ, ਵੱਗ ਦੇ ਆਜੜੀ ਦੀ ਹੁੰਦੀ ਹੈ। ਇਵੇਂ ਹੀ ਜੇ ਤਾਕਤ ਦੇ ਨਸ਼ੇ ਵਿੱਚ ਚੂਰ ਕੋਈ ਬੰਦਾ, ਧਰਮੀ ਬੰਦਿਆਂ ਤੇ ਜ਼ੁਲਮ ਕਰਦਾ ਹੈ ਤਾਂ ਉਨ੍ਹਾਂ ਬੰਦਿਆਂ ਨੂੰ ਬਚਾਉਣ ਦੀ ਜ਼ਿਮੇਵਾਰੀ ਤੇਰੀ ਹੈ। ਪਰ ਜੇ ਕੋਈ ਬੰਦਾ ਹੀਰੇ ਵਰਗੇ ਦੁਰਲੱਭ, ਮਨੂੱਖਾ ਜਨਮ ਨੂੰ, ਕੁਤਿਆਂ ਸਮਾਨ, ਵਿਭਚਾਰ ਵਿੱਚ ਫਸ ਕੇ ਬਰਬਾਦ ਕਰੇ ਤਾਂ, ਉਸ ਦੀ ਤਾਂ ਮਰੇ ਦੀ ਵੀ ਕੋਈ ਸਾਰ ਨਹੀਂ ਲੈਂਦਾ। ਹੇ ਪ੍ਰਭੂ ਤੇਰੀ ਵਡਿਆਈ ਇਹੀ ਹੈ ਕਿ ਤੂੰ ਸਭ ਦੇ ਕਰਮਾਂ ਅਨੁਸਾਰ ਉਨ੍ਹਾਂ ਦੇ ਲੇਖੇ ਭੁਗਤਾਉਣ ਲਈ, ਆਪ ਹੀ ਸਾਰੀਆਂ ਵਿੱਧਾਂ ਬਣਾਉਂਦਾ ਹੈਂ। ਆਪੇ ਜੋੜ ਕੇ ਉਨ੍ਹਾਂ ਨੂੰ ਤਾਕਤਵਰ ਬਣਾਉਂਦਾ ਹੈਂ ਅਤੇ ਆਪ ਹੀ ਵਿਛੋੜੇ ਪਾ ਕੇ, ਕਮਜ਼ੋਰ ਕਰ ਕੇ, ਉਨ੍ਹਾਂ ਨੂੰ ਲੇਖੇ ਭੁਗਤਾਉਂਦਾ ਹੈਂ।
ਜੇ ਕੋ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ॥
ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ॥
ਮਰਿ ਮਰਿ ਜੀਵੈ ਤਾ ਕਿਛੁ ਪਾਏ ਨਾਨਕ ਨਾਮੁ ਵਖਾਣੇ॥ ੩॥ ੫॥ ੩੯॥ (੩੬੦)
ਧਨ-ਪਦਾਰਥ, ਹਕੂਮਤ ਆਦਿ ਦੇ ਨਸ਼ੇ ਵਿੱਚ ਮਨੁੱਖ ਅਪਣੀ ਹਸਤੀ ਨੂੰ ਭੁੱਲ ਕੇ, ਦੂਸਰਿਆਂ ਨੂੰ ਦੁੱਖ ਦਿੰਦਾ ਹੈ, ਪਰ ਉਹ ਇਹ ਭੁੱਲ ਜਾਂਦਾ ਹੈ ਕਿ ਕੋਈ ਬੰਦਾ ਅਪਣੇ ਆਪ ਨੂੰ ਜਿੰਨਾ ਮਰਜ਼ੀ ਵੱਡਾ ਅਖਵਾਵੇ, ਅਪਣੇ ਮਨ ਭਾਉਂਦੀਆਂ ਰੰਗ ਰਲੀਆਂ ਮਾਣੇ ਪਰ ਪ੍ਰਭੂ ਦੀ ਨਜ਼ਰ ਵਿੱਚ ਤਾਂ ਉਹ ਇੱਕ ਕੀੜੇ ਸਮਾਨ ਹੀ ਹੈ, ਜੋ ਧਰਤੀ ਦੀ ਕੁੱਖ `ਚੋਂ ਪੈਦਾ ਹੋਏ ਦਾਣੇ ਚੁਗ ਕੇ ਅਪਣਾ ਗੁਜ਼ਾਰਾ ਕਰਦਾ ਹੈ। ਉਹ ਵਿਕਾਰਾਂ ਵਿੱਚ ਹੀ ਅਪਣਾ, ਅਮੁੱਲਾ ਮਨੁੱਖਾ ਜੀਵਨ ਬਰਬਾਦ ਕਰ ਜਾਂਦਾ ਹੈ। (ਇਹੀ ਹਾਲਤ ਉਸ ਵੇਲੇ, ਪਠਾਣ ਹਾਕਮਾਂ ਦੀ ਸੀ)
ਹੇ ਨਾਨਕ, ਜੋ ਮਨੁੱਖ ਹਉਮੈ ਮਾਰ ਕੇ, ਵਿਕਾਰਾਂ ਵਲੋਂ ਮਰ ਕੇ ਜੀਵਨ ਜਿਊਂਦਾ ਹੈ, ਹਰ ਵੇਲੇ ਪ੍ਰਭੂ ਦੀ ਰਜ਼ਾ ਵਿੱਚ ਚਲਦਾ ਹੈ, ਉਹੀ ਇਸ ਸੰਸਾਰ ਵਿਚੋਂ ਕੁੱਝ ਹਾਸਲ ਕਰਦਾ ਹੈ।
ਪੁਜਾਰੀ ਜਮਾਤ ਵਲੋਂ ਇਸ ਸ਼ਬਦ ਵਿੱਚ ਪਾੲੈ ਭੁਲੇਖਿਆਂ ਦੇ ਨਿਵਾਰਨ, ਅਤੇ ਕੁੱਝ ਹੋਰ ਗਲਤ ਫਹਿਮੀਆਂ ਦੂਰ ਕਰਨ ਲਈ, ਗੁਰੁ ਗ੍ਰੰਥ ਸਾਹਿਬ ਵਿਚਲੇ, ਬਾਬਰ ਦੇ ਹਮਲੇ ਨਾਲ ਸਬੰਧਤ, ਤਿੰਨ ਹੋਰ ਸ਼ਬਦਾਂ ਦੀ ਵਿਚਾਰ, ਬਹੁਤ ਲਾਹੇਵੰਦ ਹੋਵੇਗੀ, ਆਉ ਵਿਚਾਰ ਕਰਦੇ ਹਾਂ। ਦੋ ਸ਼ਬਦ ੪੧੭ ਅੰਗ ਤੇ ਹਨ, ਜਿਨ੍ਹਾਂ ਵਿਚੋਂ ਪਹਿਲੇ ਦੀ ਰਹਾਉ ਦੀ ਤੁਕ ਹੈ,
ਆਦੇਸੁ ਬਾਬਾ ਆਦੇਸੁ॥
ਆਦਿ ਪੁਰਖ ਤੇਰਾ ਅੰਤੁ ਨ ਪਾਇਆ ਕਰਿ ਕਰਿ ਦੇਖਹਿ ਵੇਸ॥ ੧॥ ਰਹਾਉ॥

ਹੇ ਬਾਬਾ, ਹੇ ਪ੍ਰਭੂ ਤੈਨੂੰ ਹੀ ਆਦੇਸ ਹੈ, ਨਮਸਕਾਰ ਹੈ। ਹੇ ਇਸ ਸ੍ਰਿਸ਼ਟੀ ਦੇ ਮੁੱਢ, ਸੰਸਾਰ ਦੇ ਇਕੋ ਇੱਕ ਪੁਰਸ਼ (ਗੁਰਬਾਣੀ ਅਨੁਸਾਰ ਉਹੀ ਇੱਕ ਪੁਰਸ਼ ਹੈ ਬਾਕੀ ਸਬ ਉਸ ਦੀਆਂ ਜੀਵ ਇਸਤ੍ਰੀਆਂ ਹਨ) ਤੇਰੇ ਕੌਤਕਾਂ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ, ਤੂੰ ਆਪ ਹੀ ਇਹ ਸਾਰੇ ਕੌਤਕ ਕਰ ਕੇ, ਆਪ ਹੀ ਉਨ੍ਹਾਂ ਦੀ ਦੇਖ ਭਾਲ ਕਰਦਾ ਹੈਂ।
ਜਿਨ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ॥
ਸੇ ਸਿਰ ਕਾਤੀ ਮੁੰਨੀਅਨਿੑ ਗਲ ਵਿੱਚ ਆਵੈ ਧੂੜਿ॥
ਮਹਿਲਾ ਅੰਦਰਿ ਹੋਦੀਆ ਹੁਣਿ ਬਹਣਿ ਨ ਮਿਲਨਿੑ ਹਦੂਰਿ॥ ੧॥

ਜਿਨ੍ਹਾਂ ਸੁੰਦਰੀਆਂ ਦੇ ਸਿਰ ਦੇ ਵਾਲ, ਚੰਗੀ ਤਰ੍ਹਾਂ ਸਵਾਰ ਕੇ ਪੱਟੀਆਂ ਬਣਾਈਆਂ ਹੁੰਦੀਆਂ ਸਨ, ਚੀਰ ਦੇ ਵਿੱਚ ਸੰਧੂਰ ਪਾਇਆ ਹੁੰਦਾ ਸੀ, ਹੁਣ ਉਨ੍ਹਾਂ ਦੇ ਸਿਰਾਂ ਦੇ ਵਾਲ, ਕੈਂਚੀ ਨਾਲ ਮੁੰਨ (ਕੱਟ) ਦਿੱਤੇ ਗਏ ਹਨ ਅਤੇ ਉਨ੍ਹਾਂ ਦੇ ਸਿਰ ਮੂੰਹ ਤੇ ਧੂੜ, ਘੱਟਾ-ਮਿੱਟੀ ਪੈ ਰਿਹਾ ਹੈ। ਜਿਹੜੀਆਂ ਪਹਿਲਾਂ ਮਹਿਲਾਂ ਦੀਆਂ ਵਾਸੀ, ਮਹਿਲਾਂ ਦੀਆਂ ਮਾਲਕ ਸਨ, ਅੱਜ ਉਨ੍ਹਾਂ ਨੂੰ ਮਹਿਲਾਂ ਦੇ ਨੇੜੇ ਬੈਠਣ ਦੀ ਵੀ ਇਜਾਜ਼ਤ ਨਹੀਂ।
ਜਦਹੁ ਸੀਆ ਵੀਆਹੀਆ ਲਾੜੇ ਸੋਹਨਿ ਪਾਸਿ॥
ਹੀਡੋਲੀ ਚੜਿ ਆਈਆ ਦੰਦ ਖੰਡ ਕੀਤੇ ਰਾਸਿ॥
ਉਪਰਹੁ ਪਾਣੀ ਵਾਰੀਐ ਝਲੇ ਝਿਮਕਨਿ ਪਾਸਿ॥ ੨॥ (੪੧੭)

ਇਹ ਸੁੰਦਰੀਆਂ ਜਦ ਵਿਆਹ ਕੇ ਆਈਆਂ ਸਨ, ਇਨ੍ਹਾਂ ਦੇ ਪਤੀ ਇਨ੍ਹਾਂ ਕੋਲ ਸੋਭਦੇ ਸਨ। ਉਹ ਡੋਲੀ ਵਿੱਚ ਚੜ੍ਹ ਕੇ ਆਈਆਂ ਸਨ, ਉਨ੍ਹਾਂ ਦੀਆਂ ਬਾਹਾਂ ਵਿਚ, ਹਾਥੀ ਦੰਦ ਦੇ ਬਣੇ ਹੋਏ ਚੂੜੇ ਸਜਾਏ ਹੋਏ ਸਨ। ਉਨ੍ਹਾਂ ਦੇ ਉਤੋਂ ਦੀ ਪਾਣੀ ਵਾਰ ਹੁੰਦਾ ਸੀ, ਸ਼ੀਸ਼ਿਆਂ ਨਾਲ ਜੜੇ ਪੱਖੇ ਉਨ੍ਹਾਂ ਦੇ ਹੱਥਾਂ ਵਿੱਚ ਲਿਸ਼ਕਦੇ ਸਨ।
ਇਕੁ ਲਖੁ ਲਹਨਿੑ ਬਹਿਠੀਆ ਲਖੁ ਲਹਨਿੑ ਖੜੀਆ॥
ਗਰੀ ਛੁਹਾਰੇ ਖਾਂਦੀਆ ਮਾਣਨਿੑ ਸੇਜੜੀਆ॥
ਤਿਨੑ ਗਲਿ ਸਿਲਕਾ ਪਾਈਆ ਤੁਟਨਿੑ ਮੋਤਸਰੀਆ॥ ੩॥
ਜਿਨ੍ਹਾਂ ਸੁੰਦਰੀਆਂ ਨੂੰ ਸਹੁਰੇ ਘਰ ਆ ਕੇ ਉਠਦਿਆਂ ਬੈਠਦਿਆਂ ਸਗਨਾਂ ਵਜੋਂ ਲੱਖਾਂ ਰੁਪਏ ਦਿੱਤੇ ਜਾਂਦੇ ਸਨ। ਗਰੀ ਛੁਹਾਰੇ ਆਦਿ ਕੀਮਤੀ ਮੇਵੇ ਖਾਂਦੀਆਂ ਸਨ ਅਤੇ ਸੁਖਦਾਈ ਸੇਜਾਂ ਮਾਣਦੀਆਂ ਸਨ, ਅੱਜ ਉਨ੍ਹਾਂ ਦੇ ਗਲਾਂ ਵਿੱਚ ਰੱਸੀਆਂ, ਜ਼ੰਜੀਰਾਂ ਪਈਆਂ ਹੋਈਆਂ ਹਨ, ਉਨ੍ਹਾਂ ਦੇ ਗਲਾਂ ਵਿੱਚ ਪਏ ਹੋਏ ਮੋਤੀਆਂ ਦੇ ਹਾਰ ਟੁੱਟ ਰਹੇ ਹਨ।
ਧਨੁ ਜੋਬਨੁ ਦੁਇ ਵੈਰੀ ਹੋਏ ਜਿਨੀੑ ਰਖੇ ਰੰਗੁ ਲਾਇ॥
ਦੂਤਾ ਨੋ ਫੁਰਮਾਇਆ ਲੈ ਚਲੇ ਪਤਿ ਗਵਾਇ॥
ਜੇ ਤਿਸੁ ਭਾਵੈ ਦੇ ਵਡਿਆਈ ਜੇ ਭਾਵੈ ਦੇਇ ਸਜਾਇ॥ ੪॥

ਜਿਸ ਧਨ ਅਤੇ ਜੋਬਨ ਦਾ ਉਨ੍ਹਾਂ ਨੂੰ ਨਸ਼ਾ ਚੜ੍ਹਿਆ ਹੋਇਆ ਸੀ, ਜਿਨ੍ਹਾਂ ਕਾਰਨ ਉਹ ਰੰਗ ਰਲੀਆਂ ਮਾਣਦੀਆਂ ਸਨ, ਅੱਜ ਇਹ ਦੋਵੇਂ ਹੀ ਉਨ੍ਹਾਂ ਦੇ ਵੈਰੀ ਬਣੇ ਹੋਏ ਹਨ। ਅੱਜ ਬਾਬਰ ਦੇ ਸਿਪਾਹੀ, ਉਸ ਦੇ ਹੁਕਮ ਮੁਤਾਬਕ, ਉਨ੍ਹਾਂ ਸੁੰਦਰੀਆਂ ਨੂੰ ਲਿਜਾ ਕੇ ਉਨ੍ਹਾਂ ਦੀ ਪੱਤ ਰੋਲ ਰਹੇ ਹਨ। ਇਹ ਸਭ ਕੁੱਝ ਕਰਤਾਰ ਦੇ ਭਾਣੇ ਵਿੱਚ ਹੀ ਹੋ ਰਿਹਾ ਹੈ, ਜੇ ਉਸ ਨੂੰ ਚੰਗਾ ਲਗੇ, (ਬੰਦਾ ਉਸ ਦੇ ਭਾਣੇ ਵਿੱਚ ਚਲੇ) ਤਾਂ ਪ੍ਰਭੂ ਬੰਦੇ ਨੂੰ ਵਡਿਆਈ ਦਿੰਦਾ ਹੈ। ਜੇ ਉਸ ਨੂੰ ਭਾਵੇ, (ਬੰਦਾ ਉਸ ਦੀ ਰਜ਼ਾ ਵਿੱਚ ਨਾ ਚਲੇ) ਤਾਂ ਪ੍ਰਭੂ ਉਸ ਨੂੰ ਸਜ਼ਾ ਦਿੰਦਾ ਹੈ।
ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ॥
ਸਾਹਾਂ ਸੁਰਤਿ ਗਵਾਈਆ ਰੰਗਿ ਤਮਾਸੈ ਚਾਇ॥
ਬਾਬਰਵਾਣੀ ਫਿਰਿ ਗਈ ਕੁਇਰੁ ਨ ਰੋਟੀ ਖਾਇ॥ ੫॥

ਹਿੰਦੁਸਤਾਨ ਦੇ ਸ਼ਾਹਾਂ, ਹਾਕਮਾਂ, ਬਾਦਸ਼ਾਹਾਂ ਨੇ ਰੰਗ ਤਮਾਸ਼ਿਆਂ ਵਿੱਚ ਅਪਣੀ ਹੋਸ਼ ਭੁਲਾਈ ਹੋਈ ਸੀ, ਉਹ ਇਹ ਭੁੱਲੀ ਬੈਠੇ ਸਨ ਕਿ ਜਿਨ੍ਹਾਂ ਕੋਲੋਂ ਅਸੀਂ ਕਰ ਵਸੂਲਦੇ ਹਾਂ ਉਨ੍ਹਾਂ ਦੀ ਹਿਫਾਜ਼ਤ ਕਰਨਾ ਵੀ ਸਾਡਾ ਫਰਜ਼ ਹੈ। ਜੇ ਉਹ ਅਪਣੇ ਫਰਜ਼ ਪ੍ਰਤੀ ਪਹਿਲਾਂ ਹੀ ਸੁਚੇਤ ਹੁੰਦੇ ਤਾਂ, ਉਨ੍ਹਾਂ ਨੂੰ ਇਹ ਸਜ਼ਾ ਕਿਉਂ ਮਿਲਦੀ? ਹੁਣ ਜਦ ਬਾਬਰਵਾਣੀ ਫਿਰ ਗਈ ਹੈ, ਬਾਬਰ ਦਾ ਹੁਕਮ ਲਾਗੂ ਹੋ ਗਿਆ ਹੈ, ਅਜਿਹੀ ਹਾਲਤ ਵਿਚ, ਬੀਤੇ ਕੱਲ ਦੇ ਸ਼ਹਿਜ਼ਾਦਿਆਂ ਨੂੰ ਰੋਟੀ ਮਿਲਣੀ ਵੀ ਮੁਸ਼ਕਲ ਹੋ ਰਹੀ ਹੈ।
ਇਕਨਾ ਵਖਤ ਖੁਆਈਅਹਿ ਇਕਨਾੑ ਪੂਜਾ ਜਾਇ॥
ਚਉਕੇ ਵਿਣੁ ਹਿੰਦਵਾਣੀਆ ਕਿਉ ਟਿਕੇ ਕਢਹਿ ਨਾਇ॥
ਰਾਮ ਨ ਕਬਹੂ ਚੇਤਿਓ ਹੁਣਿ ਕਹਣਿ ਨ ਮਿਲੈ ਖੁਦਆਇ॥ ੬॥

ਇਸ ਹਾਲਤ ਵਿੱਚ ਮੁਸਲਮਾਨੀਆਂ ਦੇ ਨਮਾਜ਼ ਦੇ ਵੇਲੇ ਖੁੰਞ ਰਹੇ ਹਨ, ਹਿੰਦੂ ਜਨਾਨੀਆਂ ਦੇ ਪੂਜਾ ਦੇ ਵੇਲੇ ਖੁੰਞ ਰਹੇ ਹਨ। ਜੋ ਹਿੰਦੂ ਔਰਤਾਂ, ਨਹਾ ਕੇ, ਟਿੱਕੇ ਲਗਾ ਕੇ ਸੁੱਚੇ ਚੌਂਕੈ ਵਿੱਚ ਬੈਠਦੀਆਂ ਸਨ, ਹੁਣ ਨਾ ਤਾਂ ਉਹ ਨਹਾ ਧੋ ਕੇ ਟਿੱਕੇ ਲਗਾਉਣ ਜੋਗੀਆਂ ਰਹਿ ਗਈਆਂ ਹਨ, ਨਾ ਸੁੱਚੇ ਚੌਂਕੇ ਹੀ ਰਹਿ ਗਏ ਹਨ। ਜਿਨ੍ਹਾਂ ਨੂੰ ਧਨ ਜੋਬਨ ਦੇ ਮਾਣ ਵਿੱਚ ਕਦੇ ਰਾਮ ਦਾ ਨਾਮ ਵੀ ਚੇਤੇ ਨਹੀਂ ਆਉਂਦਾ ਸੀ, ਹੁਣ ਬਾਬਰ ਦੇ ਸਿਪਾਹੀਆਂ ਨੂੰ ਖੁਸ਼ ਕਰਨ ਲਈ ਉਨ੍ਹਾਂ ਕੋਲੋਂ ਖੁਦਾ ਵੀ ਨਹੀਂ ਕਹਿਆ ਜਾਂਦਾ।
ਇਕਿ ਘਰਿ ਆਵਹਿ ਆਪਣੈ ਇਕਿ ਮਿਲਿ ਮਿਲਿ ਪੁਛਹਿ ਸੁਖ॥
ਇਕਨਾੑ ਏਹੋ ਲਿਖਿਆ ਬਹਿ ਬਹਿ ਰੋਵਹਿ ਦੁਖ॥
ਜੋ ਤਿਸ ਭਾਵੈ ਸੋ ਥੀਐ ਨਾਨਕ ਕਿਆ ਮਾਨੁਖ॥ ੭॥ ੧੧॥

ਇਸ ਕਾਰੇ `ਚੋਂ ਬਚੇ ਜੋ ਲੋਕ ਅਪਣੇ ਘਰ ਆਉਂਦੇ ਹਨ, ਉਹ ਇੱਕ ਦੂਸਰੇ ਨੂੰ ਮਿਲ ਮਿਲ ਕੇ ਸੁਖ ਸਾਂਦ ਪੁਛਦੇ ਹਨ। ਜਿਨ੍ਹਾਂ ਦੇ ਘਰ ਵਾਲੇ ਮਾਰੇ ਗਏ, ਜਾਂ ਕੈਦ ਕਰ ਲਏ ਗਏ ਹਨ, ਉਨ੍ਹਾਂ ਦੀ ਕਿਸਮਤ ਵਿੱਚ ਇਹ ਬਿਪਤਾ ਹੀ ਲਿਖੀ ਹੋਈ ਸੀ, ਉਹ ਇੱਕ ਦੂਸਰੇ ਕੋਲ ਬੈਠ ਕੇ ਅਪਣੇ ਦੁਖ ਰੋਂਦੇ ਹਨ।
ਹੇ ਨਾਨਕ ਮਨੁੱਖ ਵਿਚਾਰੇ ਕੀ ਕਰਨ ਜੋਗੇ ਹਨ? ਉਹੀ ਕੁੱਝ ਵਾਪਰਦਾ ਹੈ ਜੋ ਉਸ ਮਾਲਕ ਨੂੰ ਭਾਉਂਦਾ ਹੈ।
ਇਸ ਪੂਰੇ ਸ਼ਬਦ ਵਿਚ, ਕਿਤੇ ਕਿਸੇ ਲਾਚਾਰ ਮਜਬੂਰ ਬੰਦੇ ਦੀ ਗੱਲ ਨਹੀਂ ਹੈ, ਬਲਕਿ ਉਨ੍ਹਾਂ ਦੀ ਗੱਲ ਹੈ ਜੋ ਰਾਜ ਨਾਲ ਸਬੰਧਤ ਮੌਜਾਂ ਮਾਣਦੀਆਂ ਸਨ, ਜਿਨ੍ਹਾਂ ਨੂੰ ਸਗਨਾਂ ਵਜੋਂ ਹੀ ਲੱਖਾਂ ਰੁਪਏ ਮਿਲਦੇ ਸਨ। ਧਨ ਤੇ ਜੋਬਨ ਵਿੱਚ ਮਸਤ ਸਨ। ਜਿਨ੍ਹਾਂ ਨੇ ਸੁਚੇਤ ਹੋ ਕੇ ਕਦੇ ਅਪਣਾ ਫਰਜ਼ ਨ੍ਹੀਂ ਨਿਭਾਇਆ। ਉਨ੍ਹਾਂ ਦੀ ਗੱਲ ਹੈ, ਜਿਨ੍ਹਾਂ ਨੂੰ ਅਪਣੇ ਕਰਮ ਕਾਂਡਾਂ ਵਿਚੋਂ ਕਦੇ ਰੱਬ ਨੂੰ ਯਾਦ ਕਰਨ ਦਾ ਵੀ ਵੇਹਲ ਨਹੀਂ ਮਿਲਦਾ ਸੀ। ਗੁਰੂ ਸਾਹਿਬ ਸਪੱਸ਼ਟ ਕਰਦੇ ਹਨ ਕਿ ਉਹੀ ਹੁੰਦਾ ਹੈ ਜੋ ਪਰਮਾਤਮਾ ਨੂੰ ਭਾਉਂਦਾ ਹੈ, ਫਿਰ ਰੱਬ ਨੂੰ ਨਿਹੋਰਾ ਮਾਰਨ ਦੀ ਗੱਲ ਕਿਵੇਂ?
ਦੂਸਰੇ ਸ਼ਬਦ ਦੀ ਰਹਾਉ ਦੀ ਤੁਕ ਹੈ,
ਇਹੁ ਜਗੁ ਤੇਰਾ ਤੂ ਗੋਸਾਈ॥
ਏਕ ਘੜੀ ਮਹਿ ਥਾਪਿ ਉਥਾਪੇ ਜਰੁ ਵੰਡਿ ਦੇਵੈ ਭਾਂਈ॥ ੧॥ ਰਹਾਉ॥

ਹੇ ਪ੍ਰਭੂ ਇਹ ਸਾਰਾ ਜਗਤ ਤੇਰਾ ਹੈ, ਤੂੰ ਹੀ ਇਸ ਦਾ ਇਕੋ ਇੱਕ ਮਾਲਕ ਹੈਂ, ਤੇਰੇ ਬਗੈਰ ਹੋਰ ਕਿਸੇ ਦਾ ਕੋਈ ਵਜੂਦ ਨਹੀਂ। ਇਹ ਤੇਰੀ ਅਸਚਰਜ ਸਮਰਥਾ ਹੈ ਕਿ ਤੂੰ ਇੱਕ ਘੜੀ ਵਿਚ, ਜਗਤ ਵਿਚਲੇ ਜੀਵਾਂ ਨੂੰ ਮਾਇਆ ਬਖਸ਼ ਕੇ ਸਥਾਪਤ ਕਰ ਦਿੰਦਾ ਹੈਂ, ਉਹ ਮਾਇਆ ਦੇ ਰੰਗਾਂ ਵਿੱਚ ਤੈਨੂੰ ਵੀ ਭੁੱਲ ਜਾਂਦੇ ਹਨ, ਫਿਰ ਤੂੰ ਇੱਕ ਪਲ ਵਿੱਚ ਹੀ, ਉਨ੍ਹਾਂ ਜੀਵਾਂ ਨੂੰ ਖਤਮ ਕਰ ਕੇ, ਜਿਸ ਮਾਇਆ ਆਸਰੇ ਉਹ ਤੈਨੂੰ ਵੀ ਭੁੱਲ ਗਏ ਸਨ, ਉਸ ਮਾਇਆ ਨੂੰ ਦੂਸਰਿਆਂ ਵਿੱਚ ਵੰਡ ਦਿੰਦਾ ਹੈਂ।
ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ॥
ਕਹਾ ਸੁ ਤੇਗਬੰਦ ਗਾਡੇਰੜਿ ਕਹਾ ਸੁ ਲਾਲ ਕਵਾਈ॥
ਕਹਾ ਸੁ ਆਰਸੀਆ ਮੁਹ ਬੰਕੇ ਐਥੈ ਦਿਸਹਿ ਨਾਹੀ॥ ੧॥ (੪੧੭)

ਕਿੱਥੇ ਹਨ ਪਠਾਣਾਂ ਦੇ ਖੇਡ ਤਮਾਸ਼ੇ? ਕਿੱਥੇ ਹਨ ਘੋੜੇ ਅਤੇ ਉਨ੍ਹਾਂ ਦੇ ਤਬੇਲੇ? ਕਿੱਥੇ ਗਏ ਨਗਾਰੇ ਤੇ ਤੂਤੀਆਂ? ਕਿੱਥੇ ਹਨ ਪਸ਼ਮੀਨੇ ਦੇ ਗਾਤਰੇ ਅਤੇ ਫੌਜੀਆਂ ਦੀਆਂ ਲਾਲ ਵਰਦੀਆਂ? ਕਿੱਥੇ ਹਨ ਸ਼ੀਸ਼ੇ ਅਤੇ ਉਨ੍ਹਾਂ ਵਿੱਚ ਵੇਖੇ ਜਾਣ ਵਾਲੇ ਸੋਹਣੇ ਮੂੰਹ? ਹੁਣ ਇਨ੍ਹਾਂ ਵਿਚੋਂ ਕੁੱਝ ਵੀ ਏਥੇ ਨਜ਼ਰ ਨਹੀਂ ਆਉਂਦਾ।
ਕਹਾਂ ਸੁ ਘਰ ਦਰ ਮੰਡਪ ਮਹਲਾ ਕਹਾ ਸੁ ਬੰਕ ਸਰਾਈ॥
ਕਹਾਂ ਸੁ ਸੇਜ ਸੁਖਾਲੀ ਕਾਮਣਿ ਜਿਸ ਵੇਖਿ ਨੀਦ ਨ ਪਾਈ॥
ਕਹਾ ਸੁ ਪਾਨ ਤੰਬੋਲੀ ਹਰਮਾ ਹੋਈਆ ਛਾਈ ਮਾਈ॥ ੨॥

ਉਹ ਸੋਹਣੇ ਘਰ, ਮਹਲ ਮਾੜੀਆਂ, ਸੋਹਣੀਆਂ ਸਰਾਵਾਂ ਕਿੱਥੇ ਹਨ? ਉਹ ਸੋਹਣੀ ਸੇਜ, ਉਸ ਤੇ ਸੁਖ ਦੇਣ ਵਾਲੀ ਸੋਹਣੀ ਇਸਤ੍ਰੀ, ਜਿਸ ਨੂੰ ਵੇਖ ਕੇ ਨੀਂਦ ਉੜ ਜਾਂਦੀ ਸੀ, ਕਿੱਥੇ ਹੈ? ਉਹ ਪਾਨ, ਪਾਨ ਵੇਚਣ ਵਾਲੀਆਂ, ਹਰਮਾਂ ਦੇ ਪਰਦੇ ਵਿੱਚ ਰਹਣ ਵਾਲੀਆਂ ਪਰਦੇਦਾਰ ਜਨਾਨੀਆਂ ਕਿੱਥੇ ਹਨ? ਇਹ ਸਭ ਕੁੱਝ ਪਲਾਂ ਵਿੱਚ ਪਰਛਾਵੇਂ ਵਾਙ ਅਲੋਪ ਹੋ ਗਿਆ ਹੈ।
ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ॥
ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ॥
ਜਿਸ ਨੋ ਆਪਿ ਖੁਆਇ ਕਰਤਾ ਖੁਸਿ ਲਏ ਚੰਗਿਆਈ॥ ੩॥

ਇਸ ਧਨ ਦੀ ਖਾਤਰ ਬਹੁਤ ਲੋਕਾਈ ਖੁਆਰ ਹੁੰਦੀ ਹੈ, ਇਸ ਦੌਲਤ ਨੇ ਦੁਨੀਆ ਨੂੰ ਬਹੁਤ ਖੁਆਰ ਕੀਤਾ ਹੈ। ਮਜ਼ੇ ਦੀ ਗੱਲ ਹੈ ਕਿ ਇਹ ਦੌਲਤ ਪਾਪ ਕੀਤੇ ਬਗੈਰ, ਦੂਸਰਿਆਂ ਦਾ ਹੱਕ ਮਾਰੇ ਬਗੈਰ ਇਕੱਠੀ ਨਹੀਂ ਹੁੰਦੀ, ਅਤੇ ਮਰਨ ਵੇਲੇ ਕਿਸੇ ਦੇ ਨਾਲ ਨਹੀਂ ਜਾਂਦੀ। ਏਥੇ ਦੁਨੀਆਂ ਵਿੱਚ ਹੀ ਰਹ ਜਾਂਦੀ ਹੈ, ਇਸ ਖਾਤਰ ਕੀਤੇ ਪਾਪ, ਲੇਖਾ ਦੇਣ ਲਈ ਨਾਲ ਜਾਂਦੇ ਹਨ। ਪਰ ਜੀਵ ਵੀ ਵਿਚਾਰਾ ਕੀ ਕਰੇ, ਪਰਮਾਤਮਾ ਜਿਸ ਬੰਦੇ ਨੂੰ ਉਸ ਦੇ ਕੀਤੇ ਕਰਮਾਂ ਦਾ ਲੇਖਾ ਭੁਗਤਾਉਣ ਲਈ ਕੁਰਾਹੇ ਪਾਉਂਦਾ ਹੈ, ਪਹਿਲਾਂ ਉਸ ਦੀ ਚੰਗਿਆਈ ਖੋਹ ਲੈਂਦਾ ਹੈ।
ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ॥
ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ॥
ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ॥ ੪॥

ਜਦੋਂ ਪਠਾਣ ਹਾਕਮਾਂ ਨੇ ਸੁਣਿਆ ਕਿ ਬਾਬਰ ਬਾਦਸ਼ਾਹ ਹਮਲਾ ਕਰ ਕੇ ਆ ਰਿਹਾ ਹੈ, ਤਾਂ ਉਨ੍ਹਾਂ ਨੇ ਫੌਜੀ ਤਿਆਰੀ ਕਰਨ ਦੀ ਥਾਂ, ਅਨੇਕਾਂ ਹੀ ਪੀਰਾਂ ਨੂੰ, ਜਾਦੂ ਟੂਣੇ ਕਰਨ ਲਈ ਸੱਦ ਕੇ ਰੋਕ ਲਿਆ। ਉਨ੍ਹਾਂ ਦੇ ਤਸਬੀਹਾਂ ਫੇਰਨ ਦਾ, ਜਾਦੂ ਟੂਣੇ ਕਰਨ ਦਾ ਕੋਈ ਫਾਇਦਾ ਨਾ ਹੋਇਆ, ਕੋਈ ਕਰਾਮਾਤ ਨਾ ਵਾਪਰੀ, ਕੋਈ ਇੱਕ ਵੀ ਮੁਗਲ ਅੰਨ੍ਹਾ ਨਾ ਹੋਇਆ। ਉਨ੍ਹਾਂ ਦੇ ਸਾਮ੍ਹਣੇ ਹੀ, ਪੱਕੇ ਅਸਥਾਨ ਮਹਲ, ਸੜ ਕੇ ਸੁਆਹ ਹੋ ਗਏ, ਸ਼ਹਿਜ਼ਾਦੇ ਟੋਟੇ ਟੋਟੇ ਹੋ ਕੇ, ਮਿੱਟੀ ਵਿੱਚ ਰੁੱਲ ਗਏ।
ਮੁਗਲ ਪਠਾਣਾ ਭਈ ਲੜਾਈ ਰਣ ਮਹਿ ਤੇਗ ਵਗਾਈ॥
ਓਨੀੑ ਤੁਪਕ ਤਾਣਿ ਚਲਾਈ ਓਨੀੑ ਹਸਤਿ ਚਿੜਾਈ॥
ਜਿਨੑ ਕੀ ਚੀਰੀ ਦਰਗਹ ਪਾਟੀ ਤਿਨਾੑ ਮਰਣਾ ਭਾਈ॥ ੫॥

ਜਦੋਂ ਮੁਗਲਾਂ ਅਤੇ ਪਠਾਣਾਂ ਵਿੱਚ ਲੜਾਈ ਹੋਈ, ਤਾਂ ਲੜਾਈ ਵਿੱਚ ਦੋਵਾਂ ਨੇ ਮੈਦਾਨ ਵਿੱਚ ਚੰਗੀ ਤੇਗ ਵਾਹੀ, ਪਰ ਜਿੱਥੇ ਗੱਲ ਬੰਦੂਕਾਂ ਦੀ ਆ ਗਈ ਤਾਂ ਮੁਗਲਾਂ ਨੇ ਤਾਣ ਤਾਣ ਕੇ ਬੰਦੂਕਾਂ ਚਲਾਈਆਂ (ਕਿਉਂਕਿ ਉਨ੍ਹਾਂ ਕੋਲ ਲੜਾਈ ਦੀ ਤਿਆਰੀ ਵਜੋਂ ਬੰਦੂਕਾਂ ਸਾਫ ਸੁਥਰੀਆਂ ਅਤੇ ਕਾਰਤੂਸ ਨਵੇਂ ਸਨ।) ਪਰ ਪਠਾਣਾਂ ਦੀਆਂ ਬੰਦੂਕਾਂ, ਉਨ੍ਹਾਂ ਦੇ ਹੱਥਾਂ ਵਿੱਚ ਹੀ ਚਿੜ ਚਿੜ ਕਰ ਕੇ ਰਹ ਗਈਆਂ। (ਕਿਉਂਕਿ ਉਨ੍ਹਾਂ ਨੇ ਲੜਾਈ ਦੀ ਤਿਆਰੀ ਲਈ ਹਥਿਆਰ ਸੰਭਾਲਣ ਨਾਲੋਂ ਜਾਦੂ ਟੂਣਿਆਂ ਤੇ ਜ਼ਿਆਦਾ ਭਰੋਸਾ ਕੀਤਾ ਸੀ। ਉਨ੍ਹਾਂ ਦੀਆਂ ਬੰਦੂਕਾਂ ਅਣਗੌਲੀਆਂ ਅਤੇ ਕਾਰਤੂਸ ਪੁਰਾਣੇ ਸਨ।) ਜਿਨ੍ਹਾਂ ਦੀ ਜ਼ਿੰਦਗੀ ਦੀ ਚਿੱਠੀ ਦਰਗਾਹ ਤੋਂ ਹੀ ਪਾਟ ਜਾਂਦੀ ਹੈ, ਉਨ੍ਹਾਂ ਨੇ ਤਾਂ ਮਰਨਾ ਹੀ ਹੁੰਦਾ ਹੈ।
ਇੱਕ ਹਿੰਦਵਾਣੀ ਅਵਰ ਤੁਰਕਾਣੀ ਭਟਿਆਣੀ ਠਕੁਰਾਣੀ॥
ਇਕਨਾੑ ਪੇਰਣ ਸਿਰ ਖੁਰ ਪਾਟੇ ਇਕਨਾੑ ਵਾਸ ਮਸਾਣੀ॥
ਜਿਨੑ ਕੇ ਬੰਕੇ ਘਰੀ ਨ ਆਇਆ ਤਿਨੑ ਕਿਉ ਰੈਣਿ ਵਿਹਾਣੀ॥ ੬॥ (੪੧੮)

ਕੀ ਹਿੰਦੂ ਜਨਾਨਅਿਾਂ ਤੇ ਕੀ ਮੁਸਲਮਾਨੀਆਂ, ਕੀ ਪੰਡਤਾਣੀਆਂ ਤੇ ਕੀ ਠੁਕਰਾਣੀਆਂ, ਸਭ ਦਾ ਇਕੋ ਹਾਲ ਸੀ। ਕਈਆਂ ਦੇ ਤਾਂ ਬੁਰਕੇ, ਪਹਿਨਣ ਵਾਲੇ ਕਪੜੇ, ਸਿਰ ਤੋਂ ਪੈਰਾਂ ਤਕ ਪਾਟੇ ਹੋਏ ਸਨ, ਇਜ਼ਤ ਲੀਰੋ ਲੀਰ ਹੋ ਰਹੀ ਸੀ। ਕਈ ਮਰ ਕੇ ਮਸਾਣਾਂ ਦੀਆਂ ਵਾਸੀ ਹੋ ਗਈਆਂ ਸਨ। ਜਿਹੜੀਆਂ ਬਚ ਗਈਆਂ ਉਹ ਵੀ ਵਿਚਾਰੀਆਂ ਕੀ ਬਚੀਆਂ, ਜਿਨ੍ਹਾਂ ਦੇ ਪਤੀ, ਮੁੜ ਕੇ ਘਰ ਹੀ ਨਹੀਂ ਆਏ ਉਨ੍ਹਾਂ ਦੀ ਜ਼ਿੰਦਗੀ ਦੀ ਕਾਲੀ ਰਾਤ ਕਿਵੇਂ ਬੀਤੇਗੀ।
ਆਪੇ ਕਰੇ ਕਰਾਏ ਕਰਤਾ ਕਿਸ ਨੋ ਆਖਿ ਸੁਣਾਈਐ॥
ਦੁਖੁ ਸੁਖੁ ਤੇਰੈ ਭਾਣੈ ਹੋਵੈ ਕਿਸ ਥੈ ਜਾਇ ਰੂਆਈਐ॥
ਹੁਕਮੀ ਹੁਕਮਿ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ॥ ੭॥ ੧੨॥

ਇਹ ਸਭ ਕੁੱਝ ਕਰਨ ਕਰਾਉਣ ਵਾਲਾ ਤਾਂ ਪ੍ਰਭੂ ਆਪ ਹੀ ਹੈ, ਫਿਰ ਇਸ ਬਾਰੇ ਫਰਿਆਦ ਕਿਸ ਕੋਲ ਕੀਤੀ ਜਾ ਸਕਦੀ ਹੈ? ਹੇ ਪ੍ਰਭੂ ਸਾਰਾ ਦੁਖ ਸੁਖ ਤਾਂ ਤੇਰੇ ਭਾਣੇ, ਤੇਰੀ ਰਜ਼ਾ ਵਿੱਚ ਹੀ ਵਾਪਰਦਾ ਹੈ, ਫਿਰ ਇਸ ਬਾਰੇ ਕਿਸ ਕੋਲ ਰੋਣਾ ਰੋਇਆ ਜਾ ਸਕਦਾ ਹੈ? ਹੇ ਨਾਨਕ ਹੁਕਮ ਦਾ ਮਾਲਕ ਪ੍ਰਭੂ, ਸਭ ਨੂੰ ਅਪਣੇ ਹੁਕਮ ਵਿੱਚ ਚਲਾਉਂਦਾ ਹੈ, ਅਤੇ ਅਪਣੇ ਹੁਕਮ ਦੀ ਪਾਲਣਾ ਹੁੰਦੀ ਵੇਖ ਕੇ ਖੁਸ਼ ਹੁੰਦਾ ਹੈ। ਇਸ ਵਿੱਚ ਪ੍ਰਭੂ ਦੀ ਸਮਰੱਥਾ ਦੀ ਗੱਲ ਹੈ, ਫੌਜਾਂ, ਰਾਜਸੀ ਠਾਠ ਦੀ ਗੱਲ ਹੈ। ਮਹਿਲਾਂ, ਸੁਹਣੀਆਂ ਸਰਾਵਾਂ, ਉਨ੍ਹਾਂ ਵਿੱਚ ਰਾਜਸੀ ਠਾਠ ਨਾਲ ਐਸ਼ ਕਰਨ ਵਾਲੀਆਂ ਜਨਾਨੀਆਂ ਦੀ ਗੱਲ ਹੈ। ਧਨ ਖਾਤਰ ਪਾਪ ਕਰ ਕੇ ਖੁਆਰ ਹੋਣ ਵਾਲਿਆਂ ਦੀ ਗੱਲ ਹੈ। ਇੱਕ ਰਾਜੇ ਦੇ, ਦੂਸਰੇ ਰਾਜੇ ਵਲੋਂ ਹਮਲਾ ਕਰਨ ਦੀ ਗੱਲ ਸੁਣ ਕੇ, ਅਪਣੇ ਫਰਜ਼ ਤੋਂ ਅਵੇਸਲੇ ਹੋ ਕੇ ਕਰਮ ਕਾਂਡਾਂ ਦਾ ਆਸਰਾ ਲੈਣ ਦੀ ਗੱਲ ਹੈ, ਜਿਸ ਕਾਰਨ ਉਹ ਹਾਰੇ। ਰਾਜ ਮਹਿਲਾਂ ਵਿੱਚ ਰਹਣ ਵਾਲੀਆਂ ਜਨਾਨੀਆਂ ਦੀ ਗੱਲ ਹੈ, ਜਿਸ ਵਿੱਚ ਵੇਰਵਾ ਦਿੰਦਿਆਂ ਵੀ ਕਿਸੇ ਗਰੀਬ ਲਾਚਾਰ ਦੀ ਗੱਲ ਨਹੀਂ। ਫਿਰ ਗੁਰੂ ਸਾਹਿਬ ਸਾਫ ਕਹਿੰਦੇ ਹਨ ਕਿ ਪਰਮਾਤਮਾ ਆਪ ਹੀ ਸਭ ਕੁੱਝ ਕਰਨ ਕਰਾਉਣ ਵਾਲਾ ਹੈ, ਇਸ ਬਾਰੇ ਵੀ ਉਹ ਆਪ ਹੀ ਖਿਆਲ ਰੱਖਦਾ ਹੈ ਕਿ ਹਰ ਕਿਸੇ ਤੇ ਉਸ ਦਾ ਹੁਕਮ ਇੱਕ ਸਮਾਨ ਲਾਗੂ ਹੋਵੇ। ਫਿਰ ਉਸ ਨੂੰ ਕਿਸੇ ਤਰ੍ਹਾਂ ਦਾ ਉਲਾਮ੍ਹਾ ਦੇਣ ਦੀ ਗੱਲ ਕਿਥੋਂ ਪੈਦਾ ਹੋ ਗਈ?
ਆਉ ਹੁਣ ੭੨੨ ਅੰਗ ਵਾਲਾ ਸ਼ਬਦ ਵੀ ਜ਼ਰਾ ਵਿਚਾਰ ਵੇਖੀਐ,
ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ॥
ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ॥
ਸਰਮ ਧਰਮ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ॥
ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸ਼ੈਤਾਨ ਵੇ ਲਾਲੋ॥
ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ॥
ਜਾਤਿ ਸਨਾਤੀ ਹੋਰ ਹਿੰਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ॥

ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ॥ ੧॥
ਹੇ ਲਾਲੋ ਮੈਨੂੰ ਪਰਮਾਤਮਾ ਵਲੋਂ ਜੈਸਾ ਗਿਆਨ ਪਰਾਪਤ ਹੁੰਦਾ ਹੈ, ਮੈਂ ਉਸ ਅਨੁਸਾਰ ਹੀ ਲੋਕਾਂ ਨੂੰ ਸੋਝੀ ਦਿੰਦਾ ਹਾਂ, ਤੂੰ ਵੀ ਮੇਰੀ ਗੱਲ ਧਿਆਨ ਨਾਲ ਸੁਣ। ਪਾਪ ਦੀ ਜੰਞ, ਧਰਮ ਹੀਣ ਫੌਜੀਆਂ ਦਾ ਟੋਲਾ ਲੈ ਕੇ, ਬਾਬਰ ਕਾਬਲ ਤੋਂ ਚੜ੍ਹ ਪਿਆ, ਧੱਕੇ ਨਾਲ ਹਿੰਦੁਸਤਾਨ ਦੀ ਹਕੂਮਤ ਰੂਪੀ ਕੰਨਿਆ ਦਾ ਦਾਨ ਮੰਗ ਰਿਹਾ ਹੈ। (ਇਹ ਸ਼ਬਦ ਵਿਆਹ ਦਾ ਅਲੰਕਾਰ ਲੈ ਕੇ ਲਿਖਿਆ ਹੈ)
ਇਸ ਵਿਆਹ ਵਿੱਚ ਆਮ ਵਿਆਹਾਂ ਵਾਲੇ ਸ਼ਰਮ ਤੇ ਧਰਮ ਦੇ ਦੋਵੇਂ ਕੰਮ ਗਾਇਬ ਹਨ। ਇਸ ਵਿੱਚ ਹਰ ਥਾਂ ਝੂਠ ਹੀ ਝੂਠ ਪ੍ਰਧਾਨ ਹੋ ਕੇ ਵਰਤ ਰਿਹਾ ਹੈ। ਇਸ ਵਿਆਹ ਵਿੱਚ ਕਾਜ਼ੀਆਂ ਅਤੇ ਬ੍ਰਾਹਮਣਾਂ ਵਲੋਂ ਵਿਆਹ ਕਰਵਾਉਣ ਦੀ ਰੀਤ ਦਾ ਭੋਗ ਪਾ ਦਿੱਤਾ ਗਿਆ ਹੈ, ਹੁਣ ਤਾਂ ਸ਼ੈਤਾਨ ਹੀ ਨਿਕਾਹ ਕਰਵਾ ਰਿਹਾ ਹੈ। ਬਗੈਰ ਰਜ਼ਾਮੰਦੀ, ਜ਼ੋਰ-ਜ਼ਬਰਦਸਤੀ ਹੀ ਸ੍ਰੀਰਕ ਸਬੰਧ ਜੋੜੇ ਜਾ ਰਹੇ ਹਨ। ਮੁਸਲਮਾਨੀਆਂ ਇਹ ਸਮਝ ਕੇ ਕਿ ਖੁਦਾ, ਅਲ੍ਹਾ ਨੇ ਵਖਤ ਪਾ ਦਿੱਤਾ ਹੈ, ਧਰਮ ਪੁਸਤਕਾਂ ਪੜ੍ਹ ਰਹੀਆਂ ਹਨ। ਹੇ ਲਾਲੋ ਹਿੰਦੂ ਔਰਤਾਂ ਵੀ ਬਿਨਾ ਕਿਸੇ ਉਚੀ ਨੀਵੀਂ ਜਾਤ ਦੇ ਵਿਤਕਰੇ ਦਾ ਖਿਆਲ ਕੀ ਤਾਂ ਏਸੇ ਲੇਖੇ ਵਿੱਚ ਸਮਝ। ਹੇ ਨਾਨਕ ਇਸ ਵਿਆਹ ਵਿੱਚ ਖੁਸ਼ੀ ਦੇ ਗੀਤਾਂ ਦੀ ਥਾਂ, ਖੁਨ ਦੇ ਸੋਹਲੇ, ਫੜ ਲਵੋ, ਮਾਰ ਦਿਉ ਗਾਏ ਜਾ ਰਹੇ ਹਨ। ਅਤੇ ਆਪਸ ਵਿੱਚ ਮਿਲਣ ਸਮੇ ਕੇਸਰ ਛਿੜਕਣ ਦੀ ਥਾਂ, ਖੂਨ ਛਿੜਕਿਆ ਜਾ ਰਿਹਾ ਹੈ।
ਸਾਹਿਬ ਕੇ ਗੁਣ ਨਾਨਕੁ ਗਾਵੈ ਮਾਸ ਪੁਰੀ ਵਿਚਿ ਆਖੁ ਮਸੋਲਾ॥
ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ॥
ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇਗੁ ਮਸੋਲਾ॥
ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੋਸਤਾਨੁ ਸਮਾਲਸੀ ਬੋਲਾ॥
ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ॥
ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ॥ ੨॥ ੩॥ ੫॥

ਇਸ ਮਾਸਪੁਰੀ ਵਿਚ, ਜਿੱਥੇ ਹਰ ਪਾਸੇ ਮਾਸ ਹੀ ਮਾਸ ਖਿਲਰਿਆ ਪਿਆ ਹੈ, ਉਸ ਸ਼ਹਿਰ ਵਿੱਚ ਬੈਠ ਕੇ ਨਾਨਕ, ਉਸ ਪ੍ਰਭੂ ਦੇ ਗੁਣ ਗਾਉਂਦਾ ਹੈ। ਹੇ ਲਾਲੋ ਤੂੰ ਵੀ ਇਹੀ ਅਸੂਲ਼ ਦੀ ਗੱਲ ਆਖ, ਉਸ ਪ੍ਰਭੂ ਦੇ ਗੁਣ ਗਾ। ਜਿਸ ਪ੍ਰਭੂ ਨੇ ਇਹ ਸ੍ਰਿਸ਼ਟੀ ਰਚੀ ਹੈ, ਇਸ ਨੂੰ ਮਾਇਆ ਮੋਹ ਦੇ ਰੰਗ ਵਿੱਚ ਰੰਗਿਆ ਹੈ, ਉਹ ਆਪ ਇਸ ਮਾਇਆ ਮੋਹ ਤੋਂ ਨਿਰਲੇਪ ਰਹ ਕੇ ਇਹ ਸਾਰਾ ਕੁੱਝ ਵੇਖ ਰਿਹਾ ਹੈ। ਉਹ ਸਾਹਿਬ, ਮਾਲਿਕ, ਸਚੇ, ਅਟੱਲ ਨਿਯਮਾਂ ਵਾਲਾ ਹੈ, ਉਸ ਦਾ ਨਿਆਂ ਵੀ ਸਚਾ ਹੈ। ਉਹ ਇਸ ਮਸਲ੍ਹੇ ਦਾ ਇੰਸਾਫ ਵੀ ਅਟੱਲ ਨਿਯਮਾਂ ਦੇ ਅਧਾਰ ਤੇ ਕਰੇਗਾ। ਇਹ ਜੋ ਕਾਇਆ, ਸ੍ਰੀਰ ਰੂਪੀ ਕਪੜੇ ਦੇ ਟੁਕੜੇ ਟੁਕੜੇ ਹੋ ਰਹੇ ਹਨ, ਇਸ ਨੂੰ ਹਿੰਦੁਸਤਾਨ ਦੀ ਤਾਰੀਖ ਸੰਭਾਲ ਕੇ ਰੱਖੇਗੀ, ਹਮੇਸ਼ਾ ਯਾਦ ਰੱਖੇਗੀ। ਜਿਸ ਤਰ੍ਹਾਂ ਇਹ ਸੇਰ ਨੂੰ ਸਵਾ ਸੇਰ ਹੋਕੇ ਟੱਕਰਿਆ ਹੈ, ਇਵੇਂ ਹੀ ਕੋਈ ਹੋਰ, ਮਰਦ, ਪ੍ਰਭੂ (ਸਿੱਖੀ ਅਨੁਸਾਰ ਸ੍ਰਿਸ਼ਟੀ ਵਿੱਚ ਪ੍ਰਭੂ ਹੀ ਇਕੋ ਇੱਕ ਮਰਦ ਹੈ) ਦਾ ਚੇਲਾ, ਭਗਤ ਉਠੇ ਗਾ, ਜੋ ਇਸ ਨੂੰ ਵੀ ਟਕਰੇ ਗਾ, ਇਸ ਦਾ ਰਾਜ ਵੀ ਖਤਮ ਕਰੇ ਗਾ। ਇਹ ਆਉਣ ਜਾਣ ਦਾ ਚੱਕਰ ਹਮੇਸ਼ਾ ਚਲਦਾ ਰਹੇਗਾ। ਨਾਨਕ ਤਾਂ ਸਦਾ ਕਾਇਮ ਰਹਣ ਵਾਲੇ ਪ੍ਰਭੂ ਦੀ ਸਿਫਤ ਸਾਲਾਹ ਕਰਦਾ ਹੈ, ਹਮੇਸ਼ਾ ਉਸ ਦੀ ਹੀ ਸਿਫਤ ਸਾਲਾਹ ਕਰਦਾ ਰਹੇਗਾ ਕਿਉਂਕਿ ਇਹ ਮਨੁੱਖਾ ਜਨਮ ਤਾਂ ਮਿਲਿਆ ਹੀ ਉਸ ਦੀ ਸਿਫਤ ਸਾਲਾਹ ਕਰਨ ਲਈ ਹੈ।
ਇਸ ਵਿੱਚ ਕਰਤਾਰ ਵਲੋਂ ਮਿਲੇ ਗਿਆਨ ਦੀ ਗੱਲ ਹੈ, ਮਾਸ ਪੁਰੀ ਵਿੱਚ ਬੈਠ ਕੇ ਵੀ, ਉਸ ਪ੍ਰਭੂ ਦੇ ਗੁਣ ਗਾਉਣ, ਉਸ ਦੀ ਰਜ਼ਾ ਵਿੱਚ ਚੱਲਣ ਦੀ ਗੱਲ ਹੈ। ਉਸ ਬਾਰੇ ਇਸ ਵਿਸ਼ਵਾਸ ਦੀ ਗੱਲ ਹੈ ਕਿ ਉਹ ਇਸ ਮੁਆਮਲੇ ਵਿੱਚ ਵੀ, ਅਪਣੇ ਅਟੱਲ ਨਿਯਮਾਂ ਅਨੁਸਾਰ ਹੀ ਇੰਸਾਫ ਕਰੇਗਾ। ਇਹ ਸੋਝੀ ਦਿੱਤੀ ਹੈ ਕਿ ਹਰ ਹਾਲਤ ਵਿੱਚ ਉਸ ਦੀ ਰਜ਼ਾ ਵਿੱਚ ਚਲਦਿਆਂ ਉਸ ਦੀ ਸਿਫਤ ਸਾਲਾਹ ਕਰਨੀ ਚਾਹੀਦੀ ਹੈ। ਇਸ ਹਾਲਤ ਵਿੱਚ ਪ੍ਰਭੂ ਨੂੰ ਉਲਾਮ੍ਹਾ ਦੇਣ ਜਾਂ ਉਸ ਨੂੰ ਨਿਹੋਰਾ ਮਾਰਨ ਦੀ ਕੀ ਗੱਲ?
ਇਸ ਗੱਲ ਨੂੰ ਖਾਲੀ ਆਖਿਆ ਹੀ ਨਹੀਂ ਬਲਕਿ ੨੪੦ ਸਾਲ ਕਰੀਬ ਪੰਜਵੇਂ ਨਾਨਕ ਦੇ ਰੂਪ ਵਿਚ, ਛੇਵੇਂ ਨਾਨਕ ਦੇ ਰੂਪ ਵਿਚ, ਨੌਵੇਂ ਨਾਨਕ ਦੇ ਰੂਪ ਵਿੱਚ ਦਸਵੇਂ ਨਾਨਕ ਦੇ ਰੂਪ ਵਿਚ, ਅਪਣੇ ਪਿੰਡੇ ਤੇ ਅੱਤ ਦੇ ਤਸੀਹੇ ਝੱਲ ਕੇ ਵੀ, ਉਸ ਦਾ ਸ਼ੁਕਰ, ਉਸ ਦੀ ਸਿਫਤ ਸਾਲਾਹ ਹੀ ਕੀਤੀ ਹੈ। ਇਸ ਦਾ ਅਨੁਸਰਨ ਕਰਦਿਆਂ ਹੀ ਸਿੱਖਾਂ ਨੇ ਵੀ, ਗਿਣਤੀ ਤੋਂ ਬਾਹਰੀਆਂ ਕੁਰਬਾਨੀਆਂ ਦੇ ਕੇ ਵੀ, ਪਰਮਾਤਮਾ ਦਾ ਸ਼ੁਕਰ ਹੀ ਕੀਤਾ ਹੈ, ਕਦੀ ਕੋਈ ਗਿਲ੍ਹਾ ਸ਼ਿਕਵਾ ਨਹੀਂ ਕੀਤਾ, ਕਦੀ ਵੀ ਡੋਲੇ ਨਹੀਂ।
ਜਦੋਂ ਤੋਂ ਉਦਾਸੀਆਂ, ਨਿਰਮਲਿਆਂ ਨੇ ਬਾਣੀ ਦੀ ਗਲਤ ਵਿਆਖਿਆ ਕਰਦਿਆਂ, ਬਾਬਾ ਨਾਨਕ ਜੀ ਨੂੰ ਹੀ, ਰੱਬ ਦੇ ਵਿਸ਼ਵਾਸ ਤੋਂ ਥਿੜਕਿਆ, ਅਕਾਲ ਪੁਰਖ ਨੂੰ ਉਲ੍ਹਾਮੇ ਦਿੰਦੇ ਵਿਖਾਇਆ ਹੈ, ਤਦ ਤੋਂ ਹੀ ਸਿੱਖਾਂ ਦਾ ਵਿਸ਼ਵਾਸ ਇੱਕ ਅਕਾਲ ਵਲੋਂ ਥਿੜਕ ਕੇ, ਗੰਦ ਭਰੇ ਪੁਤਲਿਆਂ ਤੇ ਟਿਕਿਆ ਹੈ, ਜਿਸ ਦਾ ਫੱਲ ਸਿੱਖ ਭੁਗਤ ਰਹੇ ਹਨ।
ਜਦ ਤਕ ਇੱਕ ਅਕਾਲ, ਉਸ ਦੇ ਅਟੱਲ ਨਿਯਮਾਂ ਤੇ ਪੂਰਨ ਵਿਸ਼ਵਾਸ ਨਹੀਂ ਹੁੰਦਾ, ਉਸ ਦੀ ਰਜ਼ਾ, ਉਸ ਦੇ ਹੁਕਮ ਵਿੱਚ ਚਲਣਾ ਹੀ, ਬੰਦੇ ਲਈ ਲਾਹੇਵੰਦ ਹੋਣ ਤੇ ਭਰੋਸਾ ਨਹੀਂ ਹੁੰਦਾ। ਵਿਖਾਵੇ ਦੇ ਕਰਮ ਕਾਂਡਾਂ ਤੋਂ ਜਾਨ ਨਹੀਂ ਛਡਾਉਂਦੇ, ਤਦ ਤਕ ਇਹ ਨਿਘਾਰ, ਨਿਰੰਤਰ ਜਾਰੀ ਰਹਣਾ ਹੈ। ਭਲਾ ਏਸੇ ਵਿੱਚ ਹੀ ਹੈ ਕਿ ਅਸੀਂ ਇਸ ਅਟੱਲ ਸਚਾਈ ਤੇ ਛੇਤੀ ਤੋਂ ਛੇਤੀ ਭਰੋਸਾ ਕਰ ਕੇ, ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨਾਲ ਅਤੇ ਉਸ ਦੇ ਸਹੀ ਅਰਥਾਂ ਨਾਲ ਜੁੜੀਏ।
ਅਮਰ ਜੀਤ ਸਿੰਘ ਚੰਦੀ
ਫੋਨ: ੯੭੫੬੨੬੪੬੨੧.




.