.

ਦਸਮ ਗ੍ਰੰਥ ਵਿਵਾਦ `ਤੇ ਲਕੀਰ ਦੇ ਆਰ ਜਾਂ ਪਾਰ ਜਾਣ ਦਾ ਫੈਸਲਾ ਕਰਨ ਦੀ ਲੋੜ

ਤਖ਼ਤਾਂ `ਤੇ ਬੈਠੇ ਪੁਜਾਰੀਆਂ ਵੱਲੋਂ ਸਿੱਖਾਂ ਨੂੰ ਬਿਪਰਵਾਦੀ ਗ੍ਰੰਥ ਤੋਂ ਬਚਾ ਕੇ ਰੱਬੀ ਗਿਆਨ ਦੇ ਇਕ-ਮਾਤਰ ਸ੍ਰੋਤ ‘ਗੁਰੂ ਗ੍ਰੰਥ ਸਾਹਿਬ’ ਨਾਲ ਜੋੜ ਰਹੇ ਪ੍ਰਚਾਰਕ ਪ੍ਰੋ: ਦਰਸ਼ਨ ਸਿੰਘ ਦੀਆਂ ਗਤੀਵਿਧੀਆਂ `ਤੇ ਰੋਕ ਲਗਾਉਣ ਲਈ 5 ਦਸੰਬਰ ਨੂੰ ਇੱਕ ਅਖੌਤੀ ‘ਆਦੇਸ਼’ ਜਾਰੀ ਕਰਨ ਤੋਂ ਬਾਅਦ ਸਿੱਖ ਮਸਲਿਆਂ ਨਾਲ ਸਬੰਧਿਤ ਅੰਗਰੇਜ਼ੀ ਤੇ ਪੰਜਾਬੀ ਵੈਬਸਾਈਟਾਂ `ਤੇ ਬਿਆਨਬਾਜ਼ੀ ਕਰਨ ਦਾ ਰੁਝਾਨ ਪੂਰੇ ਜੋਰਾਂ `ਤੇ ਹੈ। ਜਿਥੇ ਦਸਮ ਗ੍ਰੰਥ ਨੂੰ ਗੁਰੂ ਮੰਨਣ ਵਾਲੇ ਲੋਕ ਪੁਜਾਰੀਆਂ ਸਾਮਹਣੇ ਪੇਸ਼ ਨਾ ਹੋਣ ਲਈ ਪ੍ਰੋ: ਦਰਸ਼ਨ ਸਿੰਘ ਨੂੰ ਦੋਸ਼ੀ ਠਹਿਰਾ ਰਹੇ ਹਨ, ਉਥੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲੇ ਲੋਕ ਪੁਜਾਰੀਆਂ ਨੂੰ ਕੋਸ-ਕੋਸ ਕੇ ਆਪਣੀ ਭੜਾਸ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਪੁਜਾਰੀਆਂ ਵੱਲੋਂ ਗੱਦਾਰਾਂ ਦਾ ਰੂਪ ਧਾਰ ਕੇ ਕੀਤੇ ਗਏ ਇਸ ਕੌਮ-ਵਿਰੋਧੀ ਫੈਸਲੇ ਦੀ ਜਿੰਨੀ ਨਿਖੇਧੀ ਕੀਤੀ ਜਾਏ, ਓਨੀ ਘੱਟ ਹੈ। ਪਰ ਸਾਨੂੰ ਇਹ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਸਾਡੀ ਸਾਰੀ ਤਾਕਤ ਪੁਜਾਰੀਆਂ ਦੀ ਨਿਖੇਧੀ ਕਰਦੇ ਰਹਿਣ ਤੱਕ ਹੀ ਸੀਮਤ ਨਾ ਰਹੇ। ਇਸ ਚੇਤਾਵਨੀ ਦੇ ਕਈ ਕਾਰਨ ਹਨ।

ਪਹਿਲਾ, ਪੁਜਾਰੀਆਂ ਦੀ ਆਪਣੀ ਕੋਈ ਸੁਤੰਤਰ ਹੈਸੀਅਤ ਨਹੀਂ ਬਲਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੇ ਗੁਲਾਮ ਹਨ। ਸ਼੍ਰੋਮਣੀ ਗੁਰਦੁਆਰਾ ਕਮੇਟੀ `ਤੇ ਅਕਾਲੀ ਦਲ ਬਾਦਲ ਨਾਲ ਸਬੰਧਿਤ ਮੈਂਬਰਾਂ ਦਾ ਬਹੁਮਤ ਹੋਣ ਕਰਕੇ, ਇਸ ਕਮੇਟੀ ਦੀਆਂ ਨੀਤੀਆਂ ਬਾਦਲ ਪਾਰਟੀ ਦੀਆਂ ਗੁਲਾਮ ਅਤੇ ਉਨ੍ਹਾਂ ਦੇ ਹੱਕ ਵਿੱਚ ਪੁੱਗਣ ਵਾਲੀਆਂ ਹੁੰਦੀਆਂ ਹਨ। ਅਤੇ ਅਕਾਲੀ ਦਲ ਬਾਦਲ ਨੂੰ ਪੰਜਾਬ ਵਿੱਚ ਆਪਣੀ ਸਰਕਾਰ ਕਾਇਮ ਰੱਖਣ ਲਈ ਬੀਜੇਪੀ ਵਰਗੀ ਫਿਰਕੂ ਪਾਰਟੀ (ਜੋ ਰਾਸ਼ਟਰੀ ਸਵੰਯਸੇਵਕ ਸੰਘ, ਆਰ. ਐਸ. ਐਸ. , ਜਿਸਨੂੰ ਅਮਰੀਕਾ ਵੱਲੋਂ ਅੱਤਵਾਦੀ ਸੰਗਠਨ ਐਲਾਨਿਆ ਗਿਆ ਸੀ) ਦੇ ਇਸ਼ਾਰਿਆਂ `ਤੇ ਚੱਲਣਾ ਪੈਂਦਾ ਹੈ। ਇਸ ਤਰ੍ਹਾਂ, ਸਿੱਧੇ-ਅਸਿੱਧੇ ਢੰਗ ਨਾਲ ਤਖ਼ਤਾਂ ਦੇ ਪੁਜਾਰੀ ਆਰ. ਐਸ. ਐਸ. ਦੀਆਂ ਨੀਤੀਆਂ `ਤੇ ਅਮਲ ਕਰ ਰਹੇ ਹਨ ਅਤੇ ਇਹ ਫਿਰਕੂ ਸੰਗਠਨ ਸਿੱਖਾਂ ਨੂੰ ਕਦੇ ਵੀ ਬ੍ਰਾਹਮਣਵਾਦ ਰੂਪੀ ਅਜਗਰ ਦੇ ਮੂੰਹ ਵਿੱਚੋਂ ਨਿਕਲਣ ਨਹੀਂ ਦੇਣਾ ਚਾਹੁੰਦਾ। ਇਸਲਈ, ਇੱਕ ਚੰਗੀ ਤਰ੍ਹਾਂ ਸੋਚੇ-ਸਮਝੇ ਪਲਾਨ ਮੁਤਾਬਿਕ ਇਸ ਸੰਗਠਨ ਨੇ ਸਿੱਖਾਂ ਨੂੰ ਬ੍ਰਾਹਮਣਵਾਦੀ ਮਿਥਿਹਾਸ ਦੀ ਦਲਦਲ ਵਿੱਚ ਧਕੇਲਦੇ ਅਖੌਤੀ ‘ਦਸਮ ਗ੍ਰੰਥ’ ਦੇ ਪ੍ਰਚਾਰ ਦੀ ਰਾਹ ਵਿੱਚ ਰੁਕਾਵਟ ਬਣ ਰਹੇ ਉਘੇ ਪ੍ਰਚਾਰਕ ਪ੍ਰੋ: ਦਰਸ਼ਨ ਸਿੰਘ ਨੂੰ ‘ਤਨਖ਼ਾਹੀਆ’ ਕਰਾਰ ਦੇ ਕੇ ਉਨ੍ਹਾਂ ਦੀ ਪ੍ਰਚਾਰ ਮੁਹਿੰਮ `ਤੇ ਰੋਕ ਲਗਵਾ ਦਿੱਤੀ ਹੈ।

ਪੁਜਾਰੀਆਂ ਵੱਲੋਂ ਭਾਵੇਂ ਇਸ ਹੁਕਮਨਾਮੇ ਲਈ ਪ੍ਰੋ: ਦਰਸ਼ਨ ਸਿੰਘ ਵੱਲੋਂ ਉਨ੍ਹਾਂ ਸਾਹਮਣੇ ਸਕੱਤਰੇਤ ਵਿੱਚ ਪੇਸ਼ ਨਾ ਹੋਣ ਦਾ ਕਾਰਨ ਦੱਸਿਆ ਜਾ ਰਿਹਾ ਹੋਵੇ, ਪਰ ਸੱਚਾਈ ਇਹੀ ਹੈ ਕਿ ਉਘੇ ਪ੍ਰਚਾਰਕ ਨੂੰ ਕਿਸੇ ਨਾ ਕਿਸੇ ਬਹਾਨੇ ‘ਤਨਖ਼ਾਹੀਆ’ ਕਰਾਰ ਦੇਣਾ ਹੀ ਸੀ। ਜੇਕਰ ਪ੍ਰੋ: ਦਰਸ਼ਨ ਸਿੰਘ ਪੁਜਾਰੀਆਂ ਦੇ ਕਮਰੇ ਵਿੱਚ ਜਾ ਕੇ ਵੀ ਸਪਸ਼ਟੀਕਰਨ ਦੇ ਦਿੰਦੇ ਤਾਂ ਵੀ ਪੁਜਾਰੀਆਂ ਨੇ ਕਿਸੇ ਹੋਰ ਬਹਾਨੇ ਉਨ੍ਹਾਂ ਦੇ ਕੀਰਤਨ/ਵਿਆਖਿਆ ਪ੍ਰੋਗਰਾਮਾਂ `ਤੇ ਰੋਕ ਲਗਾ ਹੀ ਦੇਣੀ ਸੀ - ਇਨ੍ਹਾਂ ਵਿੱਚੋਂ ਸਭ ਤੋਂ ਵੱਧ ਪ੍ਰਬਲਤਾ ਗੁਰਚਰਨਜੀਤ ਲਾਂਬੇ ਵੱਲੋਂ ਤੋੜ-ਮਰੋੜ ਕੇ ਪੇਸ਼ ਕੀਤੀ ਗਈ ਵੀਡੀਓ ਸੀ. ਡੀ. ਦੇ ਅਧਾਰ `ਤੇ ਪ੍ਰੋ: ਦਰਸ਼ਨ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਅਪਮਾਨ ਕਰਨ ਦਾ ਦੋਸ਼ੀ ਠਹਿਰਾਉਣ ਦੀ ਸੀ। ਇਹ ਤੱਥ ਇਸ ਗੱਲ ਤੋਂ ਵੀ ਸਪਸ਼ਟ ਹੋ ਜਾਂਦਾ ਹੈ ਕਿ ਪੁਜਾਰੀਆਂ ਵੱਲੋਂ ਪ੍ਰੋ: ਦਰਸ਼ਨ ਸਿੰਘ ਦੇ ‘ਸੰਮਨ’ ਜਾਰੀ ਕਰਨ ਵਾਲਾ ਹੁਕਮਨਾਮਾ ਜਾਰੀ ਕਰਦਿਆਂ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਬਿਆਨ ਦਿੱਤਾ ਸੀ ਕਿ ਪ੍ਰੋ: ਦਰਸ਼ਨ ਸਿੰਘ ਨੂੰ ਹਰ ਹਾਲਤ ਵਿੱਚ ਤਨਖ਼ਾਹੀਆ ਕਰਾਰ ਦਿੱਤਾ ਜਾਏਗਾ (ਨੋਟ: ਮੱਕੜ ਨੇ ਪ੍ਰੋ: ਦਰਸ਼ਨ ਸਿੰਘ ਨੂੰ ਤਨਖ਼ਾਹੀਆ ਕਰਾਰ ਦੇਣ ਦੀ ਅਪੀਲ ਨਹੀਂ ਕੀਤੀ ਬਲਕਿ ਇੱਕ ਕਿਸਮ ਦਾ ਨਿਰਣਾ ਹੀ ਸੁਣਾ ਦਿੱਤਾ ਸੀ)। ਇਹ ਗੱਲ ਵੱਖਰੀ ਹੈ ਕਿ ਗੁਰਦਆਰਾ ਸਿਆਸਤ ਦੀਆਂ ਗੰਦੀਆਂ ਚਾਲਾਂ ਤੋਂ ਅਨਜਾਣ ਆਮ ਸ਼ਰਧਾਲੂਆਂ ਦੀਆਂ ਅੱਖਾਂ `ਚ ਧੂੜ ਝੋਕਣ ਲਈ ਇਹ ਫੈਸਲਾ ਪੁਜਾਰੀਆਂ ਦੇ ਦਸਤਖ਼ਤਾਂ ਹੇਠ ਜਾਰੀ ਕਰਵਾਇਆ ਅਤੇ ਉਨ੍ਹਾਂ ਤੋਂ ਹੀ ਪੜ੍ਹਵਾਇਆ ਗਿਆ ਹੈ।

ਇਸਲਈ ਜਾਗਰੁਕ ਸਿੱਖਾਂ ਨੂੰ ਕਠਪੁਤਲੀ ਰੂਪੀ ਪੁਜਾਰੀਆਂ ਦੇ ਵਿਰੋਧ `ਤੇ ਆਪਣੀ ਤਾਕਤ ਜ਼ਾਇਆ ਕਰਨ ਦੀ ਬਜਾਏ ਉਨ੍ਹਾਂ ਦਾ ਗਲਤ ਇਸਤੇਮਾਲ ਕਰ ਰਹੀਆਂ ਤਾਕਤਾਂ ਨਾਲ ਨਜਿੱਠਣ ਲਈ ਆਪਣੀ ਤਾਕਤ ਸੰਗਠਿਤ ਕਰਨੀ ਚਾਹੀਦੀ ਹੈ। ਦੂਜਾ, ਜਨਤਾ ਦੀ ਯਾਦਦਾਸ਼ਤ ਥੁੜ-ਚਿਰੀ ਹੁੰਦੀ ਹੈ। ਅੱਜ ਭਾਵੇਂ ਅਖ਼ਬਾਰਾਂ ਜਾਂ ਇੰਟਰਨੈੱਟ `ਤੇ ਦਿੱਤੇ ਜਾ ਰਹੇ ਬਿਆਨਾਂ ਕਾਰਨ ਥੋੜੇ ਜਿਹੇ ਸਿੱਖਾਂ ਦਾ ਧਿਆਨ ਪੁਜਾਰੀਆਂ ਦੀਆਂ ਮਾੜੀਆਂ ਕਾਰਵਾਈਆਂ ਵੱਲ ਗਿਆ ਹੋਵੇ, ਪਰ ਕਿਸੇ ਵੀ ਵਿਵਾਦ ਤੋਂ ਉਪਜਿਆ ਤਣਾਅ ਥੋੜੇ ਚਿਰ ਬਾਅਦ ਖ਼ਤਮ ਹੋ ਜਾਂਦਾ ਹੈ ਜਾਂ ਕਾਫੀ ਠੰਡਾ ਪੈ ਜਾਂਦਾ ਹੈ, ਭਾਵੇਂ ਕਿ ਵਿਵਾਦ ਨਾਲ ਸਬੰਧਿਤ ਪਹਿਲੂਆਂ `ਤੇ ਬਹਿਸ ਜਿੰਨੀ ਮਰਜ਼ੀ ਹੁੰਦੀ ਰਹੇ। ਸਿਆਸਤਦਾਨ ਅਤੇ ਪੁਜਾਰੀ ਇਸ ਤੱਥ ਤੋਂ ਚੰਗੀ ਤਰ੍ਹਾਂ ਵਾਕਿਫ਼ ਹਨ। ਉਹ ਜਾਣਦੇ ਹਨ ਕਿ ਪ੍ਰੋ: ਦਰਸ਼ਨ ਸਿੰਘ ਦੇ ਹੱਕ ਅਤੇ ਪੁਜਾਰੀਆ ਦੇ ਵਿਰੋਧ ਵਿੱਚ ਇੱਕ ਵਾਰ ਤਾਂ ਹੋ-ਹੱਲਾ ਹੋਵੇਗਾ, ਭਾਵ ਕੁੱਝ ਜਾਗਰੁਕ ਸਿੱਖ ਪੰਜਾਬੀ ਅਖ਼ਬਾਰਾਂ ਜਾਂ ਇੰਟਰਨੈੱਟ ਦੀਆਂ ਵੈਬਸਾਈਆਂ `ਤੇ ਆਪਣੀਆਂ ਟਿੱਪਣੀਆਂ/ਲੇਖਾਂ ਰਾਹੀਂ ਪੁਜਾਰੀਆਂ ਤੇ ਉਨ੍ਹਾਂ ਦੇ ਸਰਪ੍ਰਸਤ ਸਿਆਸਤਦਾਨਾਂ ਦੀਆਂ ਕਰਤੂਤਾਂ ਦਾ ਪਾਜ ਉਘਾੜਨਗੇ ਪਰ ਇਨ੍ਹਾਂ ਤੱਥਾਂ ਨੂੰ ਪੜ੍ਹਨ-ਵਿਚਾਰਨ ਵਾਲਿਆਂ ਦੀ ਗਿਣਤੀ ਏਨੀ ਘੱਟ ਹੋਵੇਗੀ ਕਿ ਇਸ ਨਾਲ ਸਿਆਸਤਦਾਨਾਂ ਅਤੇ ਪੁਜਾਰੀਆਂ ਦੀ ਰੀੜ੍ਹ ਦੀ ਹੱਡੀ ਯਾਨੀ ਅਗਿਆਨ ਵਿੱਚ ਗ੍ਰਸਤ ਲੋਕ (ਕਥਿਤ ‘ਸੰਗਤ’ ) ਅਤੇ ਵੋਟਰਾਂ ਦੀ ਬਹੁਗਿਣਤੀ `ਤੇ ਇਸਦਾ ਕੋਈ ਅਮਲੀ ਪ੍ਰਭਾਵ ਨਹੀਂ ਪਏਗਾ ਅਤੇ ਗੁਰਦੁਆਰਿਆਂ ਅਤੇ ਸਿੱਖ ਕੌਮ `ਤੇ ਉਨ੍ਹਾਂ ਦਾ ਕਬਜ਼ਾ ਬਰਕਰਾਰ ਰਹੇਗਾ।

ਅਜਿਹੇ ਹਾਲਾਤ ਦੇ ਮੱਦੇਨਜ਼ਰ ਜ਼ਰੂਰੀ ਹੈ ਕਿ ਖ਼ੁਦ ਨੂੰ ‘ਜਾਗਰੁਕ’ ਸ਼੍ਰੇਣੀ ਵਿੱਚ ਸਮਝਦੇ ਸਿੱਖ ਪੁਜਾਰੀਆਂ ਪ੍ਰਤੀ ਵਿਰੋਧ ਜਤਾਉਣ ਦੀ ਬਜਾਏ ਭਵਿੱਖ ਦੀ ਰਣਨੀਤੀ ਤੈਅ ਕਰਨ। ਕਿਉਂਕਿ ਭਾਵੇਂ ਪ੍ਰੋ: ਦਰਸ਼ਨ ਸਿੰਘ 7 ਜਨਵਰੀ 09 ਨੂੰ ਦੁਬਾਰਾ ਅਕਾਲ ਤਖ਼ਤ ਸਾਹਿਬ ‘ਤ ਜਾ ਕੇ ਆਪਣਾ ਸਪਸ਼ਟੀਕਰਨ ਦੇਣਾ ਚਾਹੁਣ, ਪਰ ਪੁਜਾਰੀਆਂ ਨੇ ਨਾ ਤਾਂ ਅਕਾਲ ਤਖ਼ਤ ਸਾਹਿਬ ਵਿਖੇ ਆ ਕੇ ਉਨ੍ਹਾਂ ਦੀ ਗੱਲ ਸੁਣਨੀ ਹੈ ਅਤੇ ਨਾ ਹੀ ਕੋਈ ਨਿਰਪੱਖ ਫੈਸਲਾ ਪੇਸ਼ ਕਰਨਾ ਹੈ - ਉਨ੍ਹਾਂ ਦਾ ਮਕਸਦ ਹਰ ਹੀਲੇ ਦਸਮ ਗ੍ਰੰਥ ਵਿਰੁੱਧ ਪੈਦਾ ਹੋ ਰਹੀ ਜਾਗਰੁਕਤਾ ਨੂੰ ਰੋਕਣਾ ਅਤੇ ਇਸ ਮੁਹਿੰਮ ਵਿੱਚ ਜੁਟੇ ਪ੍ਰਚਾਰਕਾਂ ਦੇ ਪ੍ਰਚਾਰ `ਤੇ ਰੋਕ ਲਗਾਉਣਾ ਹੈ। ਇਸ ਲਈ ਬਹੁਤ ਸੰਭਾਵਨਾ ਹੈ ਕਿ ਪ੍ਰੋ: ਦਰਸ਼ਨ ਸਿੰਘ ਨੂੰ ਪੰਥ `ਚੋਂ ਛੇਕਿਆ ਗਿਆ ਕਰਾਰ ਦੇ ਦਿੱਤਾ ਜਾਵੇ। ਜੇਕਰ ਕਿਸੇ ਦਬਾਅ ਅਧੀਨ ਆ ਕੇ ਪ੍ਰੋ: ਦਰਸ਼ਨ ਸਿੰਘ ਪੁਜਾਰੀਆਂ ਕੋਲ ਸਕੱਤਰੇਤ ਵਿੱਚ ਜਾ ਕੇ ਕਿਸੇ ਕਿਸਮ ਦਾ ਸਮਝੌਤਾ ਕਰਨਾ ਚਾਹੁਣ, ਤਾਂ ਵੀ ਪੁਜਾਰੀਆਂ ਦੀ ਸ਼ਰਤ ਇਹੋ ਹੋਵੇਗੀ ਕਿ ਭਵਿੱਖ ਵਿੱਚ ਆਪਣੇ ਕੀਰਤਨ/ਵਖਿਆਨ ਦੌਰਾਨ ਪ੍ਰੋ: ਦਰਸ਼ਨ ਸਿੰਘ ਦਸਮ ਗ੍ਰੰਥ ਵਿਚਲੀਆਂ ਗੁਰਮਤਿ-ਵਿਰੋਧੀ ਲਿਖਤਾਂ ਬਾਰੇ ਸੰਗਤਾਂ ਨੂੰ ਜਾਗਰੁਕ ਕਰਨਾ ਛੱਡ ਦੇਣ (ਜੇਕਰ ਅਜਿਹਾ ਹੁੰਦਾ ਹੈ, (ਜਿਸਦੀ ਕੋਈ ਜ਼ਿਆਦਾ ਗੁੰਜਾਇਸ਼ ਨਹੀਂ, ਤਾਂ ਫਿਰ ਕੌਮ ਨੂੰ ਪ੍ਰੋ: ਦਰਸ਼ਨ ਸਿੰਘ ਦੀਆਂ ਸੇਵਾਵਾਂ ਦੀ ਲੋੜ ਨਹੀਂ ਰਹੇਗੀ)। ਇਸ ਤਰ੍ਹਾਂ, ‘ਪੰਥ-ਦਰਦੀਆਂ’ ਨੂੰ ਪ੍ਰੋ: ਦਰਸ਼ਨ ਸਿੰਘ ਖਿਲਾਫ਼ ਜਾਰੀ ਕੀਤੇ ਗਏ ਹੁਕਮਨਾਮੇ ਪ੍ਰਤੀ ਜਜ਼ਬਾਤੀ ਹੋਣ ਦੀ ਬਜਾਏ ‘ਐਕਸ਼ਨ ਪਲਾਨ’ ਤਿਆਰ ਕਰਨ ਵੱਲ ਧਿਆਣ ਦੇਣਾ ਚਾਹੀਦਾ ਹੈ।

ਹਾਲ ਦੀ ਘੜੀ ਦੁਨੀਆ ਭਰ ਵਿੱਚ ਵਸਦੇ ਸਿਰਫ਼ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲੇ ਸਮੂਹ ਸਿੱਖਾਂ ਨੂੰ ਹੇਠ ਲਿਖੇ ਨੁਕਤਿਆਂ ਵੱਲ ਕਾਰਜਸ਼ੀਲ ਹੋਣਾ ਚਾਹੀਦਾ ਹੈ:

1) ਸਮੂਹ ਸਿੱਖਾਂ ਲਈ ਇਹ ਸਮਾਂ ਆ ਗਿਆ ਹੈ ਕਿ ਉਹ ਦਸਮ ਗ੍ਰੰਥ ਜਾਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਕਿਸੇ ਇੱਕ ਨੂੰ ਆਪਣਾ ਗੁਰੂ ਮੰਨਣ ਸਬੰਧੀ ਨਿਰਣਾ ਲੈ ਲੈਣ। ਜਿਹੜੇ ਲੋਕ ਦਸਮ ਗ੍ਰੰਥ ਨੂੰ ਗੁਰੂ ਮੰਨਦੇ ਹਨ (ਜਿਵੇਂ ਅਖੰਡ ਕੀਰਤਨੀ ਜਥਾ, ਦਮਦਮੀ ਟਕਸਾਲ, ਨਿਹੰਗ ਸੰਪਰਦਾਵਾਂ ਆਦਿਕ), ਉਹ ਤਾਂ ਦੋਗਲੀ ਨੀਤੀ ਅਪਣਾਉਂਦੇ ਹੀ ਰਹਿਣਗੇ (ਭਾਵ, ਬਿਲਕੁਲ ਵੱਖਰੀ ਵਿਚਾਰਧਾਰਾਵਾਂ ਵਾਲੇ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ, ਦੋਹਾਂ ਨੂੰ 50-50 ਫੀਸਦੀ ਗੁਰੂ ਕਹਿੰਦੇ ਰਹਿਣਗੇ ਅਤੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਸ਼ੁੱਧ ਰੂਪ ਵਿੱਚ ਅਪਣਾਉਣ ਦੀ ਬਜਾਏ ਇਸਨੂੰ ਬ੍ਰਾਹਮਣਵਾਦੀ ਸੰਕਲਪਾਂ ਮੁਤਾਬਿਕ ਤਰੋੜ-ਮਰੋੜ ਕੇ ਪ੍ਰਚਾਰਦੇ ਰਹਿਣਗੇ) ਪਰ ਜਿਹੜੇ ਵਿਰਲੇ ਸੱਜਣ ਕਿਸੇ ਵੀ ਜਥੇਬੰਦੀ/ਸੰਪਰਦਾ ਦੀ ਬਜਾਏ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਨੂੰ ਵਧੇਰੇ ਅਹਿਮੀਅਤ ਦਿੰਦੇ ਹਨ, ਉਨ੍ਹਾਂ ਲਈ ਦਸਮ ਗ੍ਰੰਥ ਵਿਚਲੇ ਮਹਾਂਕਾਲ/ਕਾਲਕਾ ਦੀ ਉਪਾਸਨਾ, ਹਿੰਦੂ ਮਿਥਿਹਾਸਕ ਗ੍ਰੰਥਾਂ ਦੇ ਅਨੁਵਾਦਾਂ ਅਤੇ ਗੰਦੀਆਂ ਕਹਾਣੀਆਂ ਵਾਲੇ ‘ਗ੍ਰੰਥ’ ਤੋਂ ਹਮੇਸ਼ਾ ਲਈ ਤੋੜ-ਵਿਛੋੜਾ ਕਰਨਾ ਕੋਈ ਮੁਸ਼ਕਿਲ ਨਹੀਂ ਹੋਵੇਗਾ। ਦੂਜੇ ਲਫ਼ਜ਼ਾਂ ਵਿੱਚ, ਸਿੱਖ ਧਰਮ ਨੂੰ ਮੌਲਿਕ ਗੁਰਮਤਿ ਸਿਧਾਂਤਾਂ ਮੁਤਾਬਿਕ ਜ਼ਿੰਦਾ ਰੱਖਣ ਦੇ ਚਾਹਵਾਨਾਂ ਨੂੰ ਦੋ-ਟੂਕ ਫੈਸਲਾ ਲੈ ਕੇ ਸਿਰਫ਼ `ਤੇ ਸਿਰਫ਼ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਤੋਂ ਹੀ ਆਤਮਕ ਸੇਧ ਲੈਣ ਦਾ ਨਿਰਣਾ ਕਰਨਾ ਪਏਗਾ।

2) ਪ੍ਰਚਲਿਤ ਸਿੱਖ ਰਹਿਤ ਮਰਿਆਦਾ ਦੀ ਸ਼ਬਦਾਵਲਈ ਕਈ ਤਰ੍ਹਾਂ ਦੇ ਭੁਲੇਖੇ ਪੈਦਾ ਕਰਦੀ ਹੈ। ਜਿਵੇਂ ਸਿੱਖ ਦੀ ਪਰਿਭਾਸ਼ਾ ਵਾਲੇ ਭਾਗ ਵਿੱਚ ਸਿੱਖ ਨੂੰ ‘ਦਸਾਂ ਗੁਰੂਆਂ ਦੀ ਬਾਣੀ `ਤੇ ਨਿਸ਼ਚਾ’ ਕਰਨ ਵਾਲਾ ਮੰਨਿਆ ਗਿਆ ਹੈ, ਜਦਕਿ ਗੁਰੂ ਨਾਨਕ ਜੋਤਿ ਦੇ ਸਮੁੱਚੇ 10 ਸਰੂਪਾਂ ਨੇ ਗੁਰਬਾਣੀ ਉਚਾਰੀ ਹੀ ਨਹੀਂ (ਗੁਰੂ ਗ੍ਰੰਥ ਸਾਹਿਬ ਵਿੱਚ 6 ਗੁਰੂ ਸਾਹਿਬਾਨ ਦੀਆਂ ਪਵਿੱਤਰ ਰਚਨਾਵਾਂ ਦਰਜ ਹਨ)। ਇਸੇ ਸ਼ਬਦਾਵਲੀ ਤੋਂ ਇਹ ਭੁਲੇਖਾ ਵੀ ਪੈਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕੋਈ ‘ਬਾਣੀ’ ਰਚੀ ਸੀ (ਹਾਲਾਂਕਿ ਸਮੁੱਚੀ ਰਹਿਤ ਮਰਿਆਦਾ ਵਿੱਚ ‘ਦਸਮ ਗ੍ਰੰਥ’ ਨਾਂ ਦੀ ਕਿਸੇ ਸ਼ੈਅ ਦਾ ਜ਼ਿਕਰ ਨਹੀਂ)। ਰਹਿਤ ਮਰਿਆਦਾ ਵਿੱਚ ਹੋਰ ਵੀ ਬਹੁਤ ਸਾਰੀਆਂ ਕਮੀਆਂ ਹਨ, ਜਿਨ੍ਹਾਂ ਬਾਰੇ ਇੰਡੀਆ ਅਵੇਅਰਨੈੱਸ ਰਸਾਲੇ ਦੇ ਜੁਲਾਈ 09 ਅਤੇ ਅਗਸਤ 09 ਅੰਕਾਂ ਵਿੱਚ ਤਫ਼ਸੀਲ ਨਾਲ ਜਾਣਕਾਰੀ ਦਿੱਤੀ ਗਈ ਸੀ। ਇਸਲਈ ‘ਦਸਮ ਗ੍ਰੰਥ’ ਤੋਂ ਹਮੇਸ਼ਾ ਲਈ ਪਿੱਛਾ ਛੁਡਾਉਣ ਵਾਸਤੇ ਚੇਤੰਨ ਸਿੱਖਾਂ ਨੂੰ ਇੱਕ ਵੱਖਰੀ ਰਹਿਤ ਮਰਿਆਦਾ ਤਿਆਰ ਕਰਕੇ ਖ਼ੁਦ ਉਸ `ਤੇ ਅਮਲ ਅਤੇ ਹੋਰਨਾਂ ਸਿੱਖਾਂ ਵਿੱਚ ਇਸਦੇ ਬਿਹਤਰ ਦਿਸ਼ਾ-ਨਿਰਦੇਸ਼ਾਂ ਬਾਬਤ ਪ੍ਰਚਾਰ ਕਰਨਾ ਚਾਹੀਦਾ ਹੈ।

3) ਚੇਤੰਨ ਸਿੱਖਾਂ ਨੂੰ ‘ਏਕਾ ਬਾਣੀ ਏਕੁ ਗੁਰ’ ਕੇਂਦਰ-ਬਿੰਦੂ ਵਾਲੀ ਇੱਕ ਮੁਹਿੰਮ ਚਲਾਉਣੀ ਪਏਗੀ। ਇਸ ਮੁਹਿੰਮ ਤਹਿਤ ਆਮ ਸਿੱਖਾਂ ਨੂੰ ਇਹ ਸਮਝਾਉਣਾ ਪਏਗਾ ਕਿ ਉਨ੍ਹਾਂ ਦੀਆਂ ਸਾਰੀਆਂ ਧਾਰਮਕ ਸਮੱਸਿਆਵਾਂ ਜਿਵੇਂ ਡੇਰੇਦਾਰਾਂ ਦਾ ਵੱਧਦਾ ਪ੍ਰਭਾਵ, ਕੇਸ ਕਤਲ ਕਰਾਉਣ ਦਾ ਰੁਝਾਨ, ਨਸ਼ਿਆਂ ਦਾ ਵਧਦਾ ਪ੍ਰਚਲਨ, ਅਨੈਤਿਕ ਸਬੰਧਾਂ ਵਿੱਚ ਵਾਧਾ, ਜਾਤ-ਪਾਤ/ਬਿਰਾਦਰੀਵਾਦ ਕਾਰਨ ਵੱਧ ਰਹੀ ਫੁੱਟ ਆਦਿਕ ਦਾ ਕਾਰਨ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾ ਤੋਂ ਬੇਮੁਖ ਹੋਣਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਏਨੇ ਵਿਸਥਾਰ ਵਿੱਚ ਅਤੇ ਸਰਲ ਢੰਗ ਨਾਲ ਆਤਮਕ ਉਪਦੇਸ਼ ਦਿੱਤੇ ਗਏ ਹਨ ਕਿ ਉਨ੍ਹਾਂ ਨੂੰ ਪੜ੍ਹਨ-ਵਿਚਾਰਨ-ਅਪਣਾਉਣ ਤੋਂ ਬਾਅਦ ਕਿਸੇ ਹੋਰ ਗ੍ਰੰਥ ਨੂੰ ਪੜ੍ਹਨ ਦੀ ਲੋੜ ਨਹੀਂ ਪੈਂਦੀ। ਇਸਲਈ ਕਿਸੇ ਵੀ ਹੋਰ ਗ੍ਰੰਥ ਦੇ ਝਮੇਲੇ ਵਿੱਚ ਪੈ ਕੇ ‘ਸਚੀ ਬਾਣੀ’ ਤੋਂ ਬੇਮੁਖ ਹੋਣਾ ਭਾਰੀ ਗਲਤੀ ਹੈ। ਜਿਥੋਂ ਤੱਕ ਖੰਡੇ-ਬਾਟੇ (ਅੰਮ੍ਰਿਤ ਸੰਚਾਰ) ਦੀ ਪਾਹੁਲ ਦੀ ਪ੍ਰਕ੍ਰਿਆ ਦਾ ਸਵਾਲ ਹੈ, ਜੇਕਰ ਅੰਮ੍ਰਿਤ ਸੰਚਾਰ ਦੌਰਾਨ ਪੜ੍ਹੀਆਂ ਜਾਂਦੀਆਂ ਦਸਮ ਗ੍ਰੰਥ ਦੀਆਂ 3 ਰਚਨਾਵਾਂ ਦੀ ਥਾਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਕੋਈ 3 ਰਚਨਾਵਾਂ ਪੜ੍ਹ ਲਈਆਂ ਜਾਣ, ਤਾਂ ਵੀ ਇਹ ‘ਅੰਮ੍ਰਿਤ’ ਹੀ ਰਹੇਗਾ, ਜ਼ਹਿਰ ਨਹੀਂ ਬਣ ਜਾਏਗਾ। ਸਿੱਖਾਂ ਨੂੰ ਇਹ ਵੀ ਸਮਝਾਉਣ ਦੀ ਜਰੂਰਤ ਹੈ ਕਿ ਸਾਡਾ ‘ਗੁਰੂ’ ਕਿਸੇ ਹੋਰ ਗ੍ਰੰਥ ਨੂੰ ਕਹਿਣਾ ਪਰ ਪਾਠ/ਕੀਰਤਨ ਕਿਸੇ ਹੋਰ ਗ੍ਰੰਥ ਵਿੱਚੋਂ ਕਰਨਾ ਸਾਡਾ ਦੋਗਲਾਪਨ ਦਰਸਾਉਂਦਾ ਹੈ, ਉਥੇ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਅਧੂਰੇ ਗੁਰੂ ਦੇ ਰੂਪ ਵਿੱਚ ਪੇਸ਼ ਕਰਦਾ ਹੈ।

4) ਪੁਜਾਰੀਆਂ ਵੱਲੋਂ ਤੱਤ ਗੁਰਮਤਿ ਦੇ ਪ੍ਰਚਾਰਕਾਂ ਨੂੰ ਬਦਨਾਮ ਅਤੇ ਉਨ੍ਹਾਂ ਦੀ ਪ੍ਰਚਾਰ ਮੁਹਿੰਮ ਵਿੱਚ ਰੋੜੇ ਸੁੱਟਣ ਲਈ ਜਾਰੀ ਕੀਤੇ ਜਾਂਦੇ ਫਤਵਿਆਂ ਨੂੰ ਬੇਅਰਥ ਕਰ ਦੇਣਾ ਚਾਹੀਦਾ ਹੈ। ਇਸਦੇ ਵਾਸਤੇ ਸਿਰਫ਼ ਅਜਿਹੇ ਫਤਵਿਆਂ ਖਿਲਾਫ਼ ਬਿਆਨਬਾਜ਼ੀ ਕਰਨਾ ਕਾਫੀ ਨਹੀਂ ਬਲਕਿ ਇਨ੍ਹਾਂ ਦੇ ਉਲਟ ਕਾਰਵਾਈਆਂ ਕਰਨਾ ਵਧੇਰੇ ਬਿਹਤਰ ਹੋਵੇਗਾ। ਜਿਵੇਂ ਕਿ ਪ੍ਰੋ: ਦਰਸ਼ਨ ਸਿੰਘ ਦੇ ਮਾਮਲੇ ਵਿੱਚ, ਉਨ੍ਹਾਂ ਦੇ ਕੀਰਤਨ-ਵਖਿਆਨਾਂ ਦੀਆਂ ਸੀ. ਡੀਆਂ/ਡੀ. ਵੀ. ਡੀਆਂ ਅਤੇ ਪੁਸਤਕਾਂ ਜ਼ਿਆਦਾ ਤੋਂ ਜ਼ਿਆਦਾ ਸੰਗਤਾਂ ਵਿੱਚ ਵੰਡਣ ਦੇ ਇਲਾਵਾ ਵੱਧ ਤੋਂ ਵੱਧ ਗੁਰਦੁਆਰਿਆਂ ਜਾਂ ਆਡੀਟੋਰੀਅਮਾਂ ਵਿੱਚ ਉਨ੍ਹਾਂ ਦੇ ਵਖਿਆਨ ਕਰਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸਦੇ ਇਲਾਵਾ, ਦਸਮ ਗ੍ਰੰਥ ਵਿਚਲੀਆਂ ਗੁਰਮਤਿ ਵਿਰੋਧੀ ਰਚਨਾਵਾਂ ਬਾਰੇ ਸੰਗਤਾਂ ਨੂੰ ਜਾਣਕਾਰੀ ਦੇਣਾ ਅਤੇ ਇਸ ਬਾਬਤ ਹਿੰਦੂਵਾਦੀ ਮਾਨਸਿਕਤਾ ਵਾਲੇ ਸੰਗਠਨਾਂ ਦੇ ਪ੍ਰਚਾਰ ਦਾ ਤੱਥ-ਭਰਪੂਰ ਜਾਣਕਾਰੀ ਨਾਲ ਖੰਡਨ ਕਰਨਾ ਵੀ ਜਾਰੀ ਰਹਿਣਾ ਚਾਹੀਦਾ ਹੈ।

5) ਇਹ ਸਭ ਕਾਰਜ ਤਦ ਹੀ ਸੰਭਵ ਹੋ ਸਕਦੇ ਹਨ, ਜੇਕਰ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਗੁਰੂ ਮੰਨ ਕੇ ਹੋਰ ਕਿਸੇ ਵੀ ਗ੍ਰੰਥ ਦੇ ਫੇਰ ਵਿੱਚ ਨਾ ਪੈਣ ਵਾਲੇ ਵਿਦਵਾਨਾਂ/ਪ੍ਰਚਾਰਕਾਂ ਦਾ ਇੱਕ ਪੈਨਲ ਯੋਜਨਾਬੱਧ ਢੰਗ ਨਾਲ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਬਾਰੇ ਸਮੁੱਚੀ ਲੋਕਾਈ ਨੂੰ ਜਾਗ੍ਰਿਤ ਕਰਨ ਦਾ ਬੀੜਾ ਚੁੱਕੇ। ਇਹ ਵੀ ਗੌਰਤਲਬ ਹੈ ਕਿ ਅਜਿਹੀ ਲਹਿਰ ਦੀ ਅਗਵਾਈ, ਪਹਿਲਾਂ ਯੋਗ ਅਗਵਾਈ ਦੇਣ ਵਿੱਚ ਅਸਫ਼ਲ ਰਹੇ (ਜਾਂ ਧੋਖਾ ਦੇ ਚੁੱਕੇ) ਜਾਂ ਮਸਲੇ ਨੂੰ ਆਪਣੀ ਮਰਜ਼ੀ ਮੁਤਾਬਿਕ ਰੰਗਤ ਦੇ ਕੇ ਨਿਜੀ ਸ਼ੋਹਰਤ ਅਤੇ ਹੋਰ ਲਾਭ ਖੱਟਣ ਵਾਲੇ ਲੇਖਕਾਂ/ਪ੍ਰਚਾਰਕਾਂ ਕੋਲ ਮੁੜ ਤੋਂ ਨਾ ਜਾ ਸਕੇ। ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਦੇ ਪੱਖ ਦਾ ਪ੍ਰਚਾਰ ਕਰਨ ਵਿੱਚ ਦਿਲਚਸਪੀ ਰੱਖਣ ਵਾਲੇ ਅਜਿਹੇ ਲਗਭਗ 90 ਵਿਦਵਾਨਾਂ/ਪ੍ਰਚਾਰਕਾਂ ਦੀ ਇੱਕ ਆਰਜ਼ੀ ਸੂਚੀ (provisional list) ਰੁਦਰਪੁਰ (ਉਤਰਾਖੰਡ, ਭਾਰਤ) ਵਾਸੀ ਸ੍ਰ: ਅਮਰਜੀਤ ਸਿੰਘ ਚੰਦੀ ਨੇ ਤਿਆਰ ਕੀਤੀ ਹੈ। ਜਿਹੜੇ ਸੱਜਣ ਅਜਿਹੀ ਕਮੇਟੀ ਦੇ ਸੰਕਲਪ (concept) ਨੂੰ ਅਮਲੀ ਜਾਮਾ ਪਹਿਣਾਉਣ ਦੇ ਇਛੁੱਕ ਹੋਣ, ਉਹ ਸ੍ਰ: ਅਮਰਜੀਤ ਸਿੰਘ ਚੰਦੀ ਨਾਲ ਉਨ੍ਹਾਂ ਦੇ ਫੋਨ 9756264621 `ਤੇ ਸੰਪਰਕ ਕਰ ਸਕਦੇ ਹਨ।

ਮੁੱਕਦੀ ਗੱਲ, ਹੁਣ ਤਖ਼ਤਾਂ `ਤੇ ਬੈਠੇ ਪੁਜਾਰੀਆਂ ਤੇ ਕੇਸਾਧਾਰੀ ਹਿੰਦੂਆਂ ਦਾ ਰੂਪ ਧਾਰ ਚੁੱਕੇ ਡੇਰੇਵਾਦੀ ਸਿੱਖਾਂ ਨੂੰ ਕੋਸਦੇ ਰਹਿਣ ਦੀ ਬਜਾਏ ਅਮਲੀ ਕਾਰਵਾਈ ਕਰਨ ਦਾ ਸਮਾਂ ਆ ਗਿਆ ਹੈ। ਇਹ ਸੱਚ ਹੈ ਕਿ ਜਦ ਵੀ ਕਿਸੇ ਪ੍ਰਚਾਰਕ ਨੇ ਸਿੱਖੀ ਨੂੰ ਹਿੰਦੂਵਾਦ ਤੋਂ ਨਿਖੇੜਨ ਦੀ ਕੋਸ਼ਿਸ਼ ਕੀਤੀ, ਉਸਨੂੰ ਆਪਣੀ ਇਸ ਕੋਸ਼ਿਸ਼ ਦੀ ਭਾਰੀ ਕੀਮਤ ਤਾਰਨੀ ਪਈ, ਜਿਵੇਂ ਸਿੱਖਾਂ ਨੂੰ ਬੇਦੀ ਦੇ ਫੇਰਿਆਂ ਤੋਂ ਅਨੰਦ ਕਾਰਜ ਦੀ ਰਸਮ ਤੱਕ ਲਿਜਾਉਣ ਵਾਲੇ ਸੱਜਣ ਬਾਬਾ ਦਿਆਲ ਨੂੰ ਪੰਥ ਵਿੱਚੋਂ ਹੀ ਛੇਕ ਦਿੱਤਾ ਗਿਆ! ! ! ਪਿਛਲੇ ਸਮਿਆਂ ਵਿੱਚ ਵੀ ਜਿਹੜੇ-ਜਿਹੜੇ ਵਿਅਕਤੀ ਨੇ ਸਿੱਖਾਂ ਵਿੱਚ ਪ੍ਰਚਲਿਤ ਬ੍ਰਾਹਮਣਵਾਦੀ ਕਰਮ-ਕਾਂਡਾਂ ਬਾਰੇ ਸੰਗਤਾਂ ਨੂੰ ਜਾਗ੍ਰਿਤ ਕਰਨ ਦਾ ਬੀੜਾ ਚੁੱਕਿਆ, ਉਸਨੂੰ ਸਹਿਯੋਗ ਦੇਣ ਦੀ ਥਾਂ ਪੰਥ ਵਿੱਚੋਂ ਛੇਕ ਦਿੱਤਾ ਗਿਆ। ਸਿੱਖਾਂ ਦੀ ਵੱਖਰੀ ਹੋਂਦ ਦਰਸਾਉਣ ਵਾਲੇ ਨਾਨਕਸ਼ਾਹੀ ਕੈਲੰਡਰ ਵਿੱਚ ਕਈ ਸਿਧਾਂਤਕ ਕਮੀਆਂ ਹੋਣ ਦੇ ਬਾਵਜੂਦ ਇਸਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਸਿੱਖ ਮੁੜ ਤੋਂ ਹਿੰਦੂ ਸਮਾਜ ਵਿੱਚ ਪ੍ਰਚਲਿਤ ‘ਬਿਕਰਮੀ ਕੈਲੰਡਰ’ ਉਤੇ ਨਿਰਭਰ ਹੋ ਜਾਣ। ਬ੍ਰਾਹਮਣਵਾਦੀ ਮਾਨਸਿਕਤਾ ਪਰ ਸਿੱਖਾਂ ਜਿਹਾ ਸਰੂਪ ਰੱਖਣ ਵਾਲੇ ਅਤੇ ਸਿੱਖ ਸਮਾਜ ਦੀਆਂ ਅਹਿਮ ਸੰਸਥਾਵਾਂ `ਤੇ ਕਾਬਿਜ਼ ਮਾਨਸਿਕ ਰੋਗੀਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਅਧਾਰ `ਤੇ ਜੀਵਨ-ਸ਼ੈਲੀ ਵਿਕਸਿਤ ਕਰਨ ਦੀ ਕੋਸ਼ਿਸ਼ ਕਰ ਰਹੇ ਸਿੱਖਾਂ ਨੂੰ ‘ਕਾਮਰੇਡ’ ਅਤੇ ‘ਨਾਸਤਿਕ’ ਕਹਿ ਕੇ ਬਦਨਾਮ ਕਰਨ ਦੀ ਮੁਹਿੰਮ ਚਲਾਈ ਜਾ ਰਹੀ ਹੈ।

ਇਸ ਲਈ ਹੁਣ ਵੀ ਜੇਕਰ ਕਿਸੇ ਸਿੱਖ ਪ੍ਰਚਾਰਕ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਬਾਰੇ ਸੰਗਤਾਂ ਨੂੰ ਜਾਗਰੁਕ ਕਰਨ ਦੀ ਮੁਹਿੰਮ ਚਲਾਈ, ਤਾਂ ਕੇਸਾਧਾਰੀ ਹਿੰਦੂਆਂ (ਕਿਉਂਕਿ ਇਹ ਸਿੱਖ ਕਹਿਲਾਉਣ ਦੇ ਲਾਇਕ ਹੀ ਨਹੀਂ) ਵੱਲੋਂ ਉਸ ਖਿਲਾਫ਼ ਭੰਡੀ ਪ੍ਰਚਾਰ ਕਰਨ ਅਤੇ ਆਪਣੇ ਪਾਲਤੂ ਪੁਜਾਰੀਆਂ ਕੋਲੋਂ ਫ਼ਤਵੇ ਜਾਰੀ ਕਰਵਾਉਣ ਦੇ ਇਲਾਵਾ ਗੁੰਡਾਗਰਦੀ ਅਤੇ ਬੁਰਛਾਗਰਦੀ ਵੀ ਕਰਨਗੇ। ਇਸ ਲਈ ਇਸ ਖੇਤਰ ਵਿੱਚ ਸਿਰਫ਼ ਉਨ੍ਹਾਂ ਹੀ ਪ੍ਰਚਾਰਕਾਂ/ਵਿਦਵਾਨਾਂ ਨੂੰ ਲਕੀਰ ਦੇ ਪਾਰ ਪੈਰ ਧਰਨਾ ਚਾਹੀਦਾ ਹੈ ਜੋ ਆਪਣੀ ‘ਸ਼ਹੀਦੀ’ ਦੇ ਸਕਣ ਲਈ ਵੀ ਤਿਆਰ ਹੋਣ। ਅਖੀਰ, ਇਹ ਇੱਕ ਕੌੜੀ ਸੱਚਾਈ ਹੈ ਕਿ ਸਿੱਖਾਂ ਨੇ ਧਾਰਮਕ-ਸਿਆਸੀ ਮੋਰਚਿਆਂ ਵਿੱਚ ਤਾਂ ਬੇਅੰਤ ਸ਼ਹੀਦੀਆਂ ਦਿੱਤੀਆਂ ਹਨ ਪਰ ਧਰਮ ਪ੍ਰਚਾਰ ਕਰਦਿਆਂ ਕੋਈ ਸ਼ਹੀਦੀ ਨਹੀਂ ਦਿੱਤੀ। ਜਾਪਦਾ ਹੈ ਕਿ ਦਸਮ ਗ੍ਰੰਥ ਦੇ ਸਿੱਖ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਿੱਖਾਂ ਵਿਚਕਾਰ ਵੱਧ ਰਿਹਾ ਟਕਰਾਅ ਅਜਿਹੀ ਸ਼ਹੀਦੀਆਂ ਨੂੰ ਵੀ ਅੰਜਾਮ ਦੇ ਕੇ ਹੀ ਰਹੇਗਾ। ਪਰ ਜਾਣਦਿਆਂ-ਬੁਝਦਿਆਂ ਬਿਪਰਵਾਦੀ ਵਿਚਾਰਧਾਰਾ ਅਪਣਾ ਕੇ ਆਤਮਕ ਮੌਤ ਸਹੇੜਨ ਨਾਲੋਂ ਸਰੀਰਕ ਮੌਤ ਹੀ ਚੰਗੀ ਹੋਵੇਗੀ। ਵੇਖਣਾ ਹੁਣ ਇਹ ਹੈ ਕਿ ਕਿੰਨੇ ਕੁ ‘ਗੁਰੂ (ਗ੍ਰੰਥ) ਕੇ ਸਿੱਖ’ ਇਸ ‘ਖੰਨਿਅਹੁ ਤਿਖੀ ਵਾਲਹੁ ਨਿਕੀ’ ਮਾਰਗ ਨੂੰ ਅਪਣਾਉਣ ਦੀ ਹਿੰਮਤ ਜੁਟਾ ਪਾਉਂਦੇ ਹਨ।

ਬੇਨਤੀ ਕਰਤਾ: ਸਰਬਜੀਤ ਸਿੰਘ

ਇੰਡੀਆ ਅਵੇਰਨੈੱਸ
.